Skip to content

Skip to table of contents

ਅਧਿਐਨ ਲੇਖ 18

ਗੀਤ 1 ਯਹੋਵਾਹ ਦੇ ਗੁਣ

‘ਸਾਰੀ ਦੁਨੀਆਂ ਦੇ ਦਇਆਵਾਨ ਨਿਆਂਕਾਰ’ ਉੱਤੇ ਭਰੋਸਾ ਰੱਖੋ!

‘ਸਾਰੀ ਦੁਨੀਆਂ ਦੇ ਦਇਆਵਾਨ ਨਿਆਂਕਾਰ’ ਉੱਤੇ ਭਰੋਸਾ ਰੱਖੋ!

“ਕੀ ਸਾਰੀ ਦੁਨੀਆਂ ਦਾ ਨਿਆਂਕਾਰ ਸਹੀ ਨਿਆਂ ਨਹੀਂ ਕਰੇਗਾ?”​—ਉਤ. 18:25.

ਕੀ ਸਿੱਖਾਂਗੇ?

ਇਸ ਲੇਖ ਵਿਚ ਸਾਨੂੰ ਯਹੋਵਾਹ ਦੀ ਦਇਆ ਅਤੇ ਨਿਆਂ ਦੇ ਗੁਣਾਂ ਬਾਰੇ ਡੂੰਘੀ ਸਮਝ ਮਿਲੇਗੀ। ਨਾਲੇ ਅਸੀਂ ਜਾਣਾਂਗੇ ਕਿ ਜਦੋਂ ਨਵੀਂ ਦੁਨੀਆਂ ਵਿਚ ਕੁਧਰਮੀ ਲੋਕਾਂ ਨੂੰ ਦੁਬਾਰਾ ਜੀਉਂਦਾ ਕੀਤਾ ਜਾਵੇਗਾ, ਤਾਂ ਅਸੀਂ ਕੀ ਉਮੀਦ ਰੱਖ ਸਕਦੇ ਹਾਂ।

1. ਯਹੋਵਾਹ ਨੇ ਅਬਰਾਹਾਮ ਨੂੰ ਕਿਹੜੀ ਗੱਲ ਸਿਖਾਈ ਜਿਸ ਤੋਂ ਉਸ ਨੂੰ ਦਿਲਾਸਾ ਮਿਲਿਆ?

 ਹਜ਼ਾਰਾਂ ਸਾਲ ਪਹਿਲਾਂ ਯਹੋਵਾਹ ਨਾਲ ਹੋਈ ਗੱਲਬਾਤ ਅਬਰਾਹਾਮ ਕਦੇ ਨਹੀਂ ਭੁੱਲਿਆ ਹੋਣਾ। ਪਰਮੇਸ਼ੁਰ ਨੇ ਆਪਣੇ ਵਫ਼ਾਦਾਰ ਸੇਵਕ ਅਬਰਾਹਾਮ ਨੂੰ ਦੱਸਿਆ ਕਿ ਉਹ ਸਦੂਮ ਅਤੇ ਗਮੋਰਾ ਦੇ ਸ਼ਹਿਰਾਂ ਦਾ ਨਾਸ਼ ਕਰਨ ਵਾਲਾ ਹੈ। ਇਹ ਸੁਣ ਕੇ ਅਬਰਾਹਾਮ ਬਹੁਤ ਪਰੇਸ਼ਾਨ ਹੋ ਗਿਆ। ਇਸ ਲਈ ਉਸ ਨੇ ਪਰਮੇਸ਼ੁਰ ਨੂੰ ਪੁੱਛਿਆ: “ਕੀ ਤੂੰ ਸੱਚੀਂ ਦੁਸ਼ਟ ਲੋਕਾਂ ਦੇ ਨਾਲ ਧਰਮੀਆਂ ਨੂੰ ਵੀ ਖ਼ਤਮ ਕਰ ਦੇਵੇਂਗਾ? . . . ਕੀ ਸਾਰੀ ਦੁਨੀਆਂ ਦਾ ਨਿਆਂਕਾਰ ਸਹੀ ਨਿਆਂ ਨਹੀਂ ਕਰੇਗਾ?” ਫਿਰ ਯਹੋਵਾਹ ਨੇ ਬੜੇ ਧੀਰਜ ਨਾਲ ਆਪਣੇ ਪਿਆਰੇ ਦੋਸਤ ਅਬਰਾਹਾਮ ਨੂੰ ਇਕ ਜ਼ਰੂਰੀ ਗੱਲ ਸਿਖਾਈ ਜਿਸ ਤੋਂ ਅੱਜ ਸਾਨੂੰ ਵੀ ਬਹੁਤ ਫ਼ਾਇਦਾ ਹੁੰਦਾ ਹੈ ਅਤੇ ਦਿਲਾਸਾ ਮਿਲਦਾ ਹੈ। ਉਹ ਇਹ ਹੈ ਕਿ ਯਹੋਵਾਹ ਕਦੇ ਵੀ ਧਰਮੀ ਲੋਕਾਂ ਦਾ ਨਾਸ਼ ਨਹੀਂ ਕਰੇਗਾ।​—ਉਤ. 18:23-33.

2. ਅਸੀਂ ਕਿਉਂ ਕਹਿ ਸਕਦੇ ਹਾਂ ਕਿ ਯਹੋਵਾਹ ਸਹੀ ਨਿਆਂ ਕਰਨ ਦੇ ਨਾਲ-ਨਾਲ ਦਇਆ ਵੀ ਦਿਖਾਉਂਦਾ ਹੈ?

2 ਅਸੀਂ ਕਿਉਂ ਯਕੀਨ ਰੱਖ ਸਕਦੇ ਹਾਂ ਕਿ ਯਹੋਵਾਹ ਸਹੀ ਨਿਆਂ ਕਰਨ ਦੇ ਨਾਲ-ਨਾਲ ਦਇਆ ਵੀ ਦਿਖਾਉਂਦਾ ਹੈ? ਕਿਉਂਕਿ ਅਸੀਂ ਜਾਣਦੇ ਹਾਂ ਕਿ “ਯਹੋਵਾਹ ਦਿਲ ਦੇਖਦਾ ਹੈ।” (1 ਸਮੂ. 16:7) ਉਹ “ਹਰ ਇਨਸਾਨ ਦੇ ਦਿਲ ਨੂੰ ਚੰਗੀ ਤਰ੍ਹਾਂ ਜਾਣਦਾ” ਹੈ। (1 ਰਾਜ. 8:39; 1 ਇਤਿ. 28:9) ਇਹ ਕਿੰਨੀ ਸ਼ਾਨਦਾਰ ਸੱਚਾਈ ਹੈ! ਯਹੋਵਾਹ ਸਾਡੇ ਸਾਰਿਆਂ ਨਾਲੋਂ ਕਿਤੇ ਜ਼ਿਆਦਾ ਬੁੱਧੀਮਾਨ ਹੈ। ਇਸ ਲਈ ਅਸੀਂ ਯਹੋਵਾਹ ਦੇ ਕੁਝ ਫ਼ੈਸਲਿਆਂ ਨੂੰ ਪੂਰੀ ਤਰ੍ਹਾਂ ਸਮਝ ਨਹੀਂ ਸਕਦੇ। ਇਸੇ ਕਰਕੇ ਪੌਲੁਸ ਰਸੂਲ ਨੇ ਪਰਮੇਸ਼ੁਰ ਦੀ ਪ੍ਰੇਰਣਾ ਨਾਲ ਇਹ ਲਿਖਿਆ: “ਉਸ ਦੇ ਫ਼ੈਸਲਿਆਂ ਨੂੰ ਕੌਣ ਜਾਣ ਸਕਦਾ ਹੈ?”​—ਰੋਮੀ. 11:33.

3-4. (ੳ) ਕਦੀ-ਕਦਾਈਂ ਸ਼ਾਇਦ ਸਾਡੇ ਮਨ ਵਿਚ ਕਿਹੜੇ ਸਵਾਲ ਆਉਣ? (ਅ) ਇਸ ਲੇਖ ਵਿਚ ਅਸੀਂ ਕੀ ਦੇਖਾਂਗੇ? (ਯੂਹੰਨਾ 5:28, 29)

3 ਇਹ ਜਾਣਨ ਤੋਂ ਬਾਅਦ ਵੀ ਸ਼ਾਇਦ ਸਾਡੇ ਮਨ ਵਿਚ ਅਬਰਾਹਾਮ ਵਾਂਗ ਸਵਾਲ ਆਉਣ। ਅਸੀਂ ਸ਼ਾਇਦ ਸੋਚੀਏ: ‘ਯਹੋਵਾਹ ਨੇ ਜਿਨ੍ਹਾਂ ਲੋਕਾਂ ਦਾ ਨਾਸ਼ ਕੀਤਾ ਸੀ, ਕੀ ਉਨ੍ਹਾਂ ਲਈ ਵੀ ਕੋਈ ਉਮੀਦ ਹੈ, ਜਿਵੇਂ ਸਦੂਮ ਤੇ ਗਮੋਰਾ ਦੇ ਲੋਕਾਂ ਲਈ? ਜਦੋਂ ਯਹੋਵਾਹ “ਕੁਧਰਮੀ ਲੋਕਾਂ ਨੂੰ ਦੁਬਾਰਾ ਜੀਉਂਦਾ ਕਰੇਗਾ,” ਤਾਂ ਕੀ ਉਨ੍ਹਾਂ ਵਿਚ ਉਹ ਲੋਕ ਵੀ ਹੋਣਗੇ ਜਿਨ੍ਹਾਂ ਦਾ ਪਰਮੇਸ਼ੁਰ ਨੇ ਨਾਸ਼ ਕੀਤਾ ਸੀ?’​—ਰਸੂ. 24:15.

4 ਆਓ ਆਪਾਂ ਦੇਖੀਏ ਕਿ ਮਰੇ ਹੋਇਆਂ ਦੇ ਦੁਬਾਰਾ ਜੀਉਂਦਾ ਕੀਤੇ ਜਾਣ ਬਾਰੇ ਅਸੀਂ ਕੀ ਜਾਣਦੇ ਹਾਂ। ਹਾਲ ਹੀ ਵਿਚ ਯੂਹੰਨਾ 5:28, 29 ਬਾਰੇ ਸਾਡੀ ਸਮਝ ਵਿਚ ਸੁਧਾਰ ਕੀਤਾ ਗਿਆ ਸੀ। (ਪੜ੍ਹੋ।) ਸਾਨੂੰ ਸਮਝਾਇਆ ਗਿਆ ਸੀ ਕਿ ਇਸ ਦਾ ਕੀ ਮਤਲਬ ਹੈ ਕਿ ਕੁਝ ਲੋਕਾਂ ਨੂੰ “ਜ਼ਿੰਦਗੀ ਪਾਉਣ ਲਈ ਜੀਉਂਦਾ ਕੀਤਾ ਜਾਵੇਗਾ” ਅਤੇ ਕੁਝ ਨੂੰ “ਨਿਆਂ ਲਈ ਜੀਉਂਦਾ ਕੀਤਾ ਜਾਵੇਗਾ।” a ਇਸ ਨੂੰ ਧਿਆਨ ਵਿਚ ਰੱਖਦੇ ਹੋਏ ਸਾਡੀ ਸਮਝ ਵਿਚ ਕੁਝ ਹੋਰ ਸੁਧਾਰ ਕੀਤੇ ਗਏ ਹਨ। ਇਨ੍ਹਾਂ ਬਾਰੇ ਅਸੀਂ ਇਸ ਲੇਖ ਵਿਚ ਅਤੇ ਅਗਲੇ ਲੇਖ ਵਿਚ ਦੇਖਾਂਗੇ। ਅਸੀਂ ਜਾਣਾਂਗੇ ਕਿ ਅਸੀਂ ਯਹੋਵਾਹ ਦੇ ਨਿਆਂ ਬਾਰੇ ਕੀ ਨਹੀਂ ਜਾਣਦੇ ਅਤੇ ਕੀ ਜਾਣਦੇ ਹਾਂ।

ਅਸੀਂ ਕੀ ਨਹੀਂ ਜਾਣਦੇ?

5. ਸਾਡੇ ਪ੍ਰਕਾਸ਼ਨਾਂ ਵਿਚ ਉਨ੍ਹਾਂ ਲੋਕਾਂ ਬਾਰੇ ਕੀ ਕਿਹਾ ਗਿਆ ਸੀ ਜਿਨ੍ਹਾਂ ਨੂੰ ਯਹੋਵਾਹ ਨੇ ਸਦੂਮ ਤੇ ਗਮੋਰਾ ਵਿਚ ਨਾਸ਼ ਕਰ ਦਿੱਤਾ ਸੀ?

5 ਪਹਿਲਾਂ ਸਾਡੇ ਪ੍ਰਕਾਸ਼ਨਾਂ ਵਿਚ ਇਸ ਬਾਰੇ ਦੱਸਿਆ ਗਿਆ ਸੀ ਕਿ ਉਨ੍ਹਾਂ ਕੁਧਰਮੀ ਲੋਕਾਂ ਦਾ ਕੀ ਹੋਵੇਗਾ ਜਿਨ੍ਹਾਂ ਦਾ ਯਹੋਵਾਹ ਨੇ ਨਾਸ਼ ਕੀਤਾ ਸੀ। ਅਸੀਂ ਕਿਹਾ ਸੀ ਕਿ ਅਜਿਹੇ ਲੋਕਾਂ ਲਈ ਕੋਈ ਉਮੀਦ ਨਹੀਂ ਹੈ, ਜਿਵੇਂ ਸਦੂਮ ਤੇ ਗਮੋਰਾ ਦੇ ਲੋਕਾਂ ਲਈ। ਪਰ ਹੋਰ ਜ਼ਿਆਦਾ ਗਹਿਰਾਈ ਨਾਲ ਅਧਿਐਨ ਕਰਨ ਅਤੇ ਬਹੁਤ ਪ੍ਰਾਰਥਨਾ ਕਰਨ ਤੋਂ ਬਾਅਦ ਅਸੀਂ ਜਾਣਿਆ ਹੈ ਕਿ ਅਸੀਂ ਇੱਦਾਂ ਪੱਕੇ ਤੌਰ ਤੇ ਨਹੀਂ ਕਹਿ ਸਕਦੇ। ਕਿਉਂ?

6. (ੳ) ਕੁਝ ਬਿਰਤਾਂਤ ਦੱਸੋ ਜਿਨ੍ਹਾਂ ਵਿਚ ਦੱਸਿਆ ਗਿਆ ਹੈ ਕਿ ਯਹੋਵਾਹ ਨੇ ਕੁਧਰਮੀ ਲੋਕਾਂ ਦਾ ਨਾਸ਼ ਕੀਤਾ ਸੀ। (ਅ) ਇਨ੍ਹਾਂ ਬਿਰਤਾਂਤਾਂ ਬਾਰੇ ਅਸੀਂ ਕੀ ਨਹੀਂ ਜਾਣਦੇ ਹਾਂ?

6 ਬਾਈਬਲ ਵਿਚ ਅਜਿਹੇ ਕਈ ਬਿਰਤਾਂਤ ਦਰਜ ਹਨ ਜਿਨ੍ਹਾਂ ਵਿਚ ਦੱਸਿਆ ਗਿਆ ਹੈ ਕਿ ਯਹੋਵਾਹ ਨੇ ਕੁਧਰਮੀ ਲੋਕਾਂ ਦਾ ਨਾਸ਼ ਕੀਤਾ ਸੀ। ਮਿਸਾਲ ਲਈ, ਯਹੋਵਾਹ ਨੇ ਨੂਹ ਅਤੇ ਉਸ ਦੇ ਪਰਿਵਾਰ ਨੂੰ ਛੱਡ ਕੇ ਸਾਰੇ ਲੋਕਾਂ ਨੂੰ ਜਲ-ਪਰਲੋ ਵਿਚ ਨਾਸ਼ ਕਰ ਦਿੱਤਾ ਸੀ। ਉਸ ਨੇ ਵਾਅਦਾ ਕੀਤੇ ਹੋਏ ਦੇਸ਼ ਵਿਚ ਵੱਸੀਆਂ ਸੱਤ ਕੌਮਾਂ ਨੂੰ ਮਾਰ-ਮੁਕਾਇਆ ਸੀ। ਨਾਲੇ ਉਸ ਨੇ ਆਪਣੇ ਇਕ ਦੂਤ ਰਾਹੀਂ ਇਕ ਹੀ ਰਾਤ ਵਿਚ 1,85,000 ਅੱਸ਼ੂਰੀ ਫ਼ੌਜੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ। (ਉਤ. 7:23; ਬਿਵ. 7:1-3; ਯਸਾ. 37:36, 37) ਪਰ ਸਵਾਲ ਇਹ ਹੈ, ਕੀ ਬਾਈਬਲ ਵਿਚ ਇਸ ਗੱਲ ਦਾ ਕੋਈ ਸਬੂਤ ਹੈ ਕਿ ਪਰਮੇਸ਼ੁਰ ਨੇ ਇਨ੍ਹਾਂ ਲੋਕਾਂ ਨੂੰ ਹਮੇਸ਼ਾ-ਹਮੇਸ਼ਾ ਲਈ ਨਾਸ਼ ਕਰ ਦਿੱਤਾ ਸੀ ਅਤੇ ਉਹ ਇਨ੍ਹਾਂ ਵਿੱਚੋਂ ਕਿਸੇ ਨੂੰ ਵੀ ਦੁਬਾਰਾ ਜੀਉਂਦਾ ਨਹੀਂ ਕਰੇਗਾ? ਨਹੀਂ, ਬਾਈਬਲ ਵਿਚ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ। ਆਓ ਆਪਾਂ ਇਸ ਬਾਰੇ ਹੋਰ ਜਾਣੀਏ।

7. ਜਲ-ਪਰਲੋ ਅਤੇ ਕਨਾਨ ਦੇਸ਼ ਵਿਚ ਨਾਸ਼ ਹੋਏ ਦੁਸ਼ਟ ਲੋਕਾਂ ਬਾਰੇ ਅਸੀਂ ਕਿਹੜੀ ਗੱਲ ਨਹੀਂ ਜਾਣਦੇ? (ਮੁੱਖ ਸਫ਼ੇ ਉੱਤੇ ਦਿੱਤੀ ਤਸਵੀਰ ਦੇਖੋ।)

7 ਅਸੀਂ ਨਹੀਂ ਜਾਣਦੇ ਕਿ ਯਹੋਵਾਹ ਨੇ ਉਨ੍ਹਾਂ ਦਾ ਕਿਵੇਂ ਨਿਆਂ ਕੀਤਾ ਸੀ ਜਿਨ੍ਹਾਂ ਦਾ ਉਸ ਨੇ ਨਾਸ਼ ਕੀਤਾ ਸੀ। ਨਾ ਹੀ ਅਸੀਂ ਇਹ ਜਾਣਦੇ ਹਾਂ ਕਿ ਉਨ੍ਹਾਂ ਦੇ ਨਾਸ਼ ਤੋਂ ਪਹਿਲਾਂ ਉਨ੍ਹਾਂ ਨੂੰ ਯਹੋਵਾਹ ਬਾਰੇ ਜਾਣਨ ਅਤੇ ਤੋਬਾ ਕਰਨ ਦਾ ਮੌਕਾ ਮਿਲਿਆ ਸੀ ਜਾਂ ਨਹੀਂ। ਬਾਈਬਲ ਵਿਚ ਜਿੱਥੇ ਜਲ-ਪਰਲੋ ਬਾਰੇ ਗੱਲ ਕੀਤੀ ਗਈ ਹੈ, ਉੱਥੇ ਦੱਸਿਆ ਗਿਆ ਹੈ ਕਿ ਨੂਹ ‘ਧਾਰਮਿਕਤਾ ਦਾ ਪ੍ਰਚਾਰਕ ਸੀ।’ (2 ਪਤ. 2:5) ਪਰ ਬਾਈਬਲ ਵਿਚ ਇਹ ਨਹੀਂ ਦੱਸਿਆ ਗਿਆ ਕਿ ਇੰਨੀ ਵੱਡੀ ਕਿਸ਼ਤੀ ਬਣਾਉਂਦਿਆਂ ਨੂਹ ਨੇ ਧਰਤੀ ʼਤੇ ਹਰੇਕ ਇਨਸਾਨ ਨੂੰ ਇਸ ਨਾਸ਼ ਬਾਰੇ ਦੱਸਿਆ ਸੀ ਜਾਂ ਨਹੀਂ। ਇਸੇ ਤਰ੍ਹਾਂ ਅਸੀਂ ਕਨਾਨ ਦੇਸ਼ ਦੀਆਂ ਉਨ੍ਹਾਂ ਸੱਤ ਕੌਮਾਂ ਬਾਰੇ ਵੀ ਨਹੀਂ ਜਾਣਦੇ ਕਿ ਉੱਥੇ ਦੇ ਸਾਰੇ ਦੁਸ਼ਟ ਲੋਕਾਂ ਨੂੰ ਪਰਮੇਸ਼ੁਰ ਬਾਰੇ ਜਾਣਨ ਅਤੇ ਖ਼ੁਦ ਨੂੰ ਬਦਲਣ ਦਾ ਮੌਕਾ ਮਿਲਿਆ ਸੀ ਜਾਂ ਨਹੀਂ।

ਨੂਹ ਅਤੇ ਉਸ ਦਾ ਪਰਿਵਾਰ ਮਿਲ ਕੇ ਵੱਡੀ ਸਾਰੀ ਕਿਸ਼ਤੀ ਬਣਾ ਰਹੇ ਹਨ। ਅਸੀਂ ਨਹੀਂ ਜਾਣਦੇ ਕਿ ਜਲ-ਪਰਲੋ ਆਉਣ ਤੋਂ ਪਹਿਲਾਂ ਨੂਹ ਨੇ ਕਿਸ਼ਤੀ ਬਣਾਉਣ ਦੇ ਨਾਲ-ਨਾਲ ਧਰਤੀ ʼਤੇ ਰਹਿਣ ਵਾਲੇ ਸਾਰੇ ਲੋਕਾਂ ਨੂੰ ਪ੍ਰਚਾਰ ਕੀਤਾ ਸੀ ਜਾਂ ਨਹੀਂ (ਪੈਰਾ 7 ਦੇਖੋ)


8. ਸਦੂਮ ਅਤੇ ਗਮੋਰਾ ਦੇ ਲੋਕਾਂ ਬਾਰੇ ਅਸੀਂ ਕੀ ਨਹੀਂ ਜਾਣਦੇ?

8 ਸਦੂਮ ਅਤੇ ਗਮੋਰਾ ਦੇ ਲੋਕਾਂ ਬਾਰੇ ਕੀ ਕਿਹਾ ਜਾ ਸਕਦਾ ਹੈ? ਲੂਤ ਉਨ੍ਹਾਂ ਲੋਕਾਂ ਵਿਚ ਹੀ ਰਹਿੰਦਾ ਸੀ। ਉਹ ਇਕ ਧਰਮੀ ਇਨਸਾਨ ਸੀ। ਪਰ ਕੀ ਅਸੀਂ ਜਾਣਦੇ ਹਾਂ ਕਿ ਲੂਤ ਨੇ ਸਾਰੇ ਲੋਕਾਂ ਨੂੰ ਪ੍ਰਚਾਰ ਕੀਤਾ ਸੀ? ਨਹੀਂ। ਇਹ ਤਾਂ ਸੱਚ ਹੈ ਕਿ ਉੱਥੇ ਦੇ ਲੋਕ ਦੁਸ਼ਟ ਸਨ, ਪਰ ਕੀ ਉਨ੍ਹਾਂ ਵਿੱਚੋਂ ਹਰ ਕੋਈ ਇਹ ਜਾਣਦਾ ਸੀ ਕਿ ਉਹ ਜੋ ਕਰ ਰਹੇ ਹਨ, ਉਹ ਗ਼ਲਤ ਹੈ? ਯਾਦ ਕਰੋ, ਜਦੋਂ ਸਦੂਮ ਦੇ ਆਦਮੀ ਲੂਤ ਦੇ ਘਰ ਆਏ ਮਹਿਮਾਨਾਂ ਨਾਲ ਗ਼ਲਤ ਕੰਮ ਕਰਨਾ ਚਾਹੁੰਦੇ ਸਨ, ਤਾਂ ਇਸ ਬਾਰੇ ਬਾਈਬਲ ਵਿਚ ਲਿਖਿਆ ਹੈ ਕਿ ਉਨ੍ਹਾਂ ਆਦਮੀਆਂ ਵਿਚ “ਮੁੰਡਿਆਂ ਤੋਂ ਲੈ ਕੇ ਬੁੱਢੇ ਤਕ” ਸਨ। ਇਸ ਤੋਂ ਪਤਾ ਲੱਗਦਾ ਹੈ ਕਿ ਉਨ੍ਹਾਂ ਦੀ ਪਰਵਰਿਸ਼ ਬੁਰੇ ਤੇ ਗੰਦੇ ਮਾਹੌਲ ਵਿਚ ਹੋਈ ਸੀ। ਇਸ ਲਈ ਉਨ੍ਹਾਂ ਨੂੰ ਅਹਿਸਾਸ ਹੀ ਨਹੀਂ ਸੀ ਕਿ ਉਹ ਜੋ ਕਰ ਰਹੇ ਸਨ, ਉਹ ਕਿੰਨਾ ਗ਼ਲਤ ਸੀ। (ਉਤ. 19:4; 2 ਪਤ. 2:7) ਕੀ ਅਸੀਂ ਇਹ ਜਾਣਦੇ ਹਾਂ ਕਿ ਦਇਆ ਕਰਨ ਵਾਲੇ ਪਰਮੇਸ਼ੁਰ ਯਹੋਵਾਹ ਨੇ ਇਹ ਫ਼ੈਸਲਾ ਕੀਤਾ ਹੈ ਕਿ ਉਹ ਉਨ੍ਹਾਂ ਵਿੱਚੋਂ ਇਕ ਨੂੰ ਵੀ ਦੁਬਾਰਾ ਜੀਉਂਦਾ ਨਹੀਂ ਕਰੇਗਾ? ਇਹ ਸੱਚ ਹੈ ਕਿ ਯਹੋਵਾਹ ਨੇ ਅਬਰਾਹਾਮ ਨੂੰ ਭਰੋਸਾ ਦਿਵਾਇਆ ਸੀ ਕਿ ਉਸ ਸ਼ਹਿਰ ਵਿਚ 10 ਧਰਮੀ ਵੀ ਨਹੀਂ ਹਨ। (ਉਤ. 18:32) ਉਹ ਸਾਰੇ ਕੁਧਰਮੀ ਸਨ। ਇਸੇ ਕਰਕੇ ਯਹੋਵਾਹ ਨੇ ਉਨ੍ਹਾਂ ਦਾ ਨਾਸ਼ ਕਰ ਕੇ ਸਹੀ ਕੀਤਾ। ਤਾਂ ਫਿਰ ਕੀ ਅਸੀਂ ਪੂਰੇ ਯਕੀਨ ਨਾਲ ਕਹਿ ਸਕਦੇ ਹਾਂ ਕਿ ਜਦੋਂ ਨਵੀਂ ਦੁਨੀਆਂ ਵਿਚ “ਕੁਧਰਮੀ ਲੋਕਾਂ ਨੂੰ ਦੁਬਾਰਾ ਜੀਉਂਦਾ” ਕੀਤਾ ਜਾਵੇਗਾ, ਤਾਂ ਉਨ੍ਹਾਂ ਵਿਚ ਸਦੂਮ ਦਾ ਇਕ ਵੀ ਵਿਅਕਤੀ ਨਹੀਂ ਹੋਵੇਗਾ? ਨਹੀਂ, ਅਸੀਂ ਇਹ ਗੱਲ ਪੱਕੇ ਤੌਰ ਤੇ ਨਹੀਂ ਕਹਿ ਸਕਦੇ।

9. ਅਸੀਂ ਸੁਲੇਮਾਨ ਬਾਰੇ ਕਿਹੜੀ ਗੱਲ ਨਹੀਂ ਜਾਣਦੇ?

9 ਬਾਈਬਲ ਵਿਚ ਕੁਝ ਅਜਿਹੇ ਲੋਕਾਂ ਬਾਰੇ ਵੀ ਦੱਸਿਆ ਗਿਆ ਹੈ ਜੋ ਪਹਿਲਾਂ ਧਰਮੀ ਸਨ, ਪਰ ਬਾਅਦ ਵਿਚ ਕੁਧਰਮੀ ਬਣ ਗਏ। ਜ਼ਰਾ ਰਾਜਾ ਸੁਲੇਮਾਨ ਬਾਰੇ ਸੋਚੋ। ਉਹ ਯਹੋਵਾਹ ਦੇ ਹੁਕਮਾਂ ਨੂੰ ਚੰਗੀ ਤਰ੍ਹਾਂ ਜਾਣਦਾ ਸੀ ਅਤੇ ਯਹੋਵਾਹ ਨੇ ਉਸ ਨੂੰ ਬੇਸ਼ੁਮਾਰ ਬਰਕਤਾਂ ਦਿੱਤੀਆਂ ਸਨ। ਪਰ ਬਾਅਦ ਵਿਚ ਉਹ ਝੂਠੇ ਦੇਵੀ-ਦੇਵਤਿਆਂ ਦੀ ਭਗਤੀ ਕਰਨ ਲੱਗ ਪਿਆ। ਇਸ ਕਰਕੇ ਯਹੋਵਾਹ ਨੂੰ ਬਹੁਤ ਗੁੱਸਾ ਆਇਆ ਅਤੇ ਪੂਰੀ ਇਜ਼ਰਾਈਲ ਕੌਮ ਨੂੰ ਕਈ ਸਦੀਆਂ ਤਕ ਇਸ ਦੇ ਬੁਰੇ ਅੰਜਾਮ ਭੁਗਤਣੇ ਪਏ। ਪਰ ਬਾਈਬਲ ਵਿਚ ਲਿਖਿਆ ਹੈ ਕਿ ਸੁਲੇਮਾਨ “ਆਪਣੇ ਪਿਉ-ਦਾਦਿਆਂ ਨਾਲ ਮੌਤ ਦੀ ਨੀਂਦ ਸੌਂ ਗਿਆ।” ਉਸ ਦੇ ਪਿਓ-ਦਾਦੇ ਯਹੋਵਾਹ ਦੇ ਵਫ਼ਾਦਾਰ ਸਨ ਤੇ ਦਾਊਦ ਵੀ ਉਨ੍ਹਾਂ ਵਿੱਚੋਂ ਇਕ ਸੀ। (1 ਰਾਜ. 11:5-9, 43; 2 ਰਾਜ. 23:13) ਇਸ ਕਰਕੇ ਕਈ ਸਾਲਾਂ ਤਕ ਅਸੀਂ ਮੰਨਦੇ ਸੀ ਕਿ ਸੁਲੇਮਾਨ ਨੂੰ ਜੀਉਂਦਾ ਕੀਤਾ ਜਾਵੇਗਾ। ਪਰ ਕੀ ਸੁਲੇਮਾਨ ਦਾ ਉਸ ਦੇ ਪਿਓ-ਦਾਦਿਆਂ ਨਾਲ ਦਫ਼ਨਾਇਆ ਜਾਣਾ ਇਸ ਗੱਲ ਦੀ ਗਾਰੰਟੀ ਹੈ ਕਿ ਯਹੋਵਾਹ ਉਸ ਨੂੰ ਜ਼ਰੂਰ ਦੁਬਾਰਾ ਜੀਉਂਦਾ ਕਰੇਗਾ? ਬਾਈਬਲ ਵਿਚ ਇਸ ਬਾਰੇ ਕੁਝ ਨਹੀਂ ਦੱਸਿਆ ਗਿਆ। ਪਰ ਕੁਝ ਲੋਕ ਸ਼ਾਇਦ ਸੋਚਣ ਕਿ “ਜਿਹੜਾ ਮਰ ਜਾਂਦਾ ਹੈ, ਉਸ ਨੂੰ ਉਸ ਦੇ ਪਾਪਾਂ ਤੋਂ ਬਰੀ ਕਰ ਦਿੱਤਾ ਜਾਂਦਾ ਹੈ।” (ਰੋਮੀ. 6:7) ਮੰਨਿਆ ਇਹ ਸੱਚ ਹੈ, ਪਰ ਇਸ ਦਾ ਇਹ ਮਤਲਬ ਨਹੀਂ ਹੈ ਕਿ ਜਿਨ੍ਹਾਂ ਦੀ ਮੌਤ ਹੋ ਗਈ ਹੈ, ਉਨ੍ਹਾਂ ਨੂੰ ਦੁਬਾਰਾ ਜੀਉਂਦਾ ਕੀਤਾ ਹੀ ਜਾਵੇਗਾ। ਕਿਉਂ? ਕਿਉਂਕਿ ਜਦੋਂ ਇਕ ਵਿਅਕਤੀ ਮਰ ਜਾਂਦਾ ਹੈ, ਤਾਂ ਇਸ ਦਾ ਇਹ ਮਤਲਬ ਨਹੀਂ ਕਿ ਉਸ ਨੂੰ ਦੁਬਾਰਾ ਜੀਉਂਦੇ ਹੋਣ ਦਾ ਹੱਕ ਮਿਲ ਗਿਆ ਹੈ। ਦੁਬਾਰਾ ਜੀਉਂਦੇ ਕੀਤੇ ਜਾਣ ਦੀ ਉਮੀਦ ਸਾਡੇ ਪਿਆਰੇ ਪਰਮੇਸ਼ੁਰ ਯਹੋਵਾਹ ਵੱਲੋਂ ਤੋਹਫ਼ਾ ਹੈ। ਉਹ ਜਿਸ ਨੂੰ ਚਾਹੇ, ਉਸ ਨੂੰ ਇਹ ਤੋਹਫ਼ਾ ਦਿੰਦਾ ਹੈ ਤਾਂਕਿ ਉਹ ਹਮੇਸ਼ਾ ਉਸ ਦੀ ਸੇਵਾ ਕਰ ਸਕੇ। (ਅੱਯੂ. 14:13, 14; ਯੂਹੰ. 6:44) ਕੀ ਯਹੋਵਾਹ ਸੁਲੇਮਾਨ ਨੂੰ ਇਹ ਤੋਹਫ਼ਾ ਦੇਵੇਗਾ? ਅਸੀਂ ਇਸ ਬਾਰੇ ਨਹੀਂ ਜਾਣਦੇ, ਸਿਰਫ਼ ਯਹੋਵਾਹ ਹੀ ਜਾਣਦਾ ਹੈ। ਪਰ ਅਸੀਂ ਇੰਨਾ ਜ਼ਰੂਰ ਜਾਣਦੇ ਹਾਂ ਕਿ ਯਹੋਵਾਹ ਜੋ ਵੀ ਕਰੇਗਾ, ਉਹ ਬਿਲਕੁਲ ਸਹੀ ਕਰੇਗਾ।

ਅਸੀਂ ਕੀ ਜਾਣਦੇ ਹਾਂ?

10. ਇਨਸਾਨਾਂ ਦਾ ਨਿਆਂ ਕਰਦਿਆਂ ਯਹੋਵਾਹ ਨੂੰ ਕਿੱਦਾਂ ਲੱਗਦਾ ਹੈ? (ਹਿਜ਼ਕੀਏਲ 33:11) (ਤਸਵੀਰ ਵੀ ਦੇਖੋ।)

10 ਹਿਜ਼ਕੀਏਲ 33:11 ਪੜ੍ਹੋ। ਯਹੋਵਾਹ ਨੇ ਸਾਨੂੰ ਦੱਸਿਆ ਹੈ ਕਿ ਇਨਸਾਨਾਂ ਦਾ ਨਿਆਂ ਕਰਦਿਆਂ ਉਸ ਨੂੰ ਕਿੱਦਾਂ ਲੱਗਦਾ ਹੈ। ਪਤਰਸ ਰਸੂਲ ਨੇ ਪਰਮੇਸ਼ੁਰ ਦੀ ਸ਼ਕਤੀ ਦੀ ਪ੍ਰੇਰਣਾ ਨਾਲ ਹਿਜ਼ਕੀਏਲ ਦੇ ਸ਼ਬਦਾਂ ਨੂੰ ਦੁਹਰਾਇਆ: “[ਯਹੋਵਾਹ] ਨਹੀਂ ਚਾਹੁੰਦਾ ਕਿ ਕਿਸੇ ਦਾ ਨਾਸ਼ ਹੋਵੇ।” (2 ਪਤ. 3:9) ਇਹ ਜਾਣ ਕੇ ਸਾਨੂੰ ਕਿੰਨਾ ਦਿਲਾਸਾ ਮਿਲਦਾ ਹੈ! ਅਸੀਂ ਜਾਣਦੇ ਹਾਂ ਕਿ ਯਹੋਵਾਹ ਉਦੋਂ ਤਕ ਕਿਸੇ ਦਾ ਹਮੇਸ਼ਾ ਲਈ ਨਾਸ਼ ਨਹੀਂ ਕਰਦਾ ਜਦ ਤਕ ਉਸ ਕੋਲ ਇੱਦਾਂ ਕਰਨ ਦਾ ਕੋਈ ਜਾਇਜ਼ ਕਾਰਨ ਨਹੀਂ ਹੁੰਦਾ। ਯਹੋਵਾਹ ਦਇਆ ਨਾਲ ਭਰਪੂਰ ਹੈ ਅਤੇ ਜਦੋਂ ਵੀ ਮੁਮਕਿਨ ਹੋਵੇ, ਉਹ ਦਇਆ ਕਰਦਾ ਹੈ।

ਜਦੋਂ ਕੁਧਰਮੀ ਲੋਕਾਂ ਨੂੰ ਦੁਬਾਰਾ ਜੀਉਂਦਾ ਕੀਤਾ ਜਾਵੇਗਾ, ਤਾਂ ਉਨ੍ਹਾਂ ਵਿਚ ਅਲੱਗ-ਅਲੱਗ ਦੇਸ਼ਾਂ ਅਤੇ ਭਾਸ਼ਾਵਾਂ ਦੇ ਲੋਕ ਹੋਣਗੇ। ਸਾਨੂੰ ਉਨ੍ਹਾਂ ਨੂੰ ਯਹੋਵਾਹ ਬਾਰੇ ਸਿਖਾਉਣ ਦਾ ਮੌਕਾ ਮਿਲੇਗਾ (ਪੈਰਾ 10 ਦੇਖੋ)


11. ਕਿਨ੍ਹਾਂ ਲੋਕਾਂ ਨੂੰ ਦੁਬਾਰਾ ਜੀਉਂਦਾ ਨਹੀਂ ਕੀਤਾ ਜਾਵੇਗਾ ਅਤੇ ਅਸੀਂ ਇਹ ਕਿਵੇਂ ਜਾਣਦੇ ਹਾਂ?

11 ਅਸੀਂ ਉਨ੍ਹਾਂ ਲੋਕਾਂ ਬਾਰੇ ਕੀ ਜਾਣਦੇ ਹਾਂ ਜਿਨ੍ਹਾਂ ਨੂੰ ਦੁਬਾਰਾ ਜੀਉਂਦਾ ਨਹੀਂ ਕੀਤਾ ਜਾਵੇਗਾ? ਬਾਈਬਲ ਵਿਚ ਅਜਿਹੇ ਕੁਝ ਹੀ ਲੋਕਾਂ ਬਾਰੇ ਦੱਸਿਆ ਗਿਆ ਹੈ ਜਿਨ੍ਹਾਂ ਨੂੰ ਦੁਬਾਰਾ ਜੀਉਂਦਾ ਨਹੀਂ ਕੀਤਾ ਜਾਵੇਗਾ। b ਯਿਸੂ ਦੀਆਂ ਗੱਲਾਂ ਤੋਂ ਪਤਾ ਲੱਗਦਾ ਹੈ ਕਿ ਯਹੂਦਾ ਇਸਕਰਿਓਤੀ ਨੂੰ ਦੁਬਾਰਾ ਜੀਉਂਦਾ ਨਹੀਂ ਕੀਤਾ ਜਾਵੇਗਾ। ਉਸ ਨੇ ਜਾਣ-ਬੁੱਝ ਕੇ ਯਹੋਵਾਹ ਪਰਮੇਸ਼ੁਰ ਅਤੇ ਉਸ ਦੇ ਪੁੱਤਰ ਖ਼ਿਲਾਫ਼ ਪਾਪ ਕੀਤਾ ਸੀ। c (ਮਰ. 3:29 ਅਤੇ ਹਿੰਦੀ ਦੀ ਅਧਿਐਨ ਬਾਈਬਲ ਵਿਚ ਇਸ ਆਇਤ ਨਾਲ ਦਿੱਤਾ ਸਟੱਡੀ ਨੋਟ ਦੇਖੋ; ਮਰ. 14:21; ਯੂਹੰ. 17:12) ਯਿਸੂ ਨੇ ਕੁਝ ਧਾਰਮਿਕ ਗੁਰੂਆਂ ਬਾਰੇ ਵੀ ਇਹੀ ਕਿਹਾ ਸੀ ਕਿ ਉਨ੍ਹਾਂ ਨੂੰ ਦੁਬਾਰਾ ਜੀਉਂਦਾ ਨਹੀਂ ਕੀਤਾ ਜਾਵੇਗਾ ਕਿਉਂਕਿ ਉਨ੍ਹਾਂ ਨੇ ਉਸ ਦਾ ਵਿਰੋਧ ਕੀਤਾ ਸੀ। d (ਮੱਤੀ 23:33; ਯੂਹੰ. 19:11) ਨਾਲੇ ਪੌਲੁਸ ਰਸੂਲ ਨੇ ਵੀ ਦੱਸਿਆ ਸੀ ਕਿ ਉਨ੍ਹਾਂ ਧਰਮ-ਤਿਆਗੀਆਂ ਨੂੰ ਦੁਬਾਰਾ ਜੀਉਂਦਾ ਨਹੀਂ ਕੀਤਾ ਜਾਵੇਗਾ ਜਿਨ੍ਹਾਂ ਨੇ ਤੋਬਾ ਨਹੀਂ ਕੀਤੀ ਸੀ।​—ਇਬ. 6:4-8; 10:29.

12. ਅਸੀਂ ਯਹੋਵਾਹ ਦੀ ਦਇਆ ਬਾਰੇ ਕੀ ਜਾਣਦੇ ਹਾਂ? ਕੁਝ ਮਿਸਾਲਾਂ ਦਿਓ।

12 ਪਰ ਹੁਣ ਆਓ ਆਪਾਂ ਯਹੋਵਾਹ ਦੀ ਦਇਆ ਬਾਰੇ ਗੱਲ ਕਰੀਏ। ਅਸੀਂ ਇਸ ਬਾਰੇ ਕੀ ਜਾਣਦੇ ਹਾਂ? ਅਸੀਂ ਦੇਖਿਆ ਸੀ ਕਿ “[ਯਹੋਵਾਹ] ਨਹੀਂ ਚਾਹੁੰਦਾ ਕਿ ਕਿਸੇ ਦਾ ਨਾਸ਼ ਹੋਵੇ।” ਉਸ ਨੇ ਇਹ ਗੱਲ ਕਿਵੇਂ ਸਾਬਤ ਕੀਤੀ ਹੈ? ਜ਼ਰਾ ਗੌਰ ਕਰੋ ਕਿ ਉਹ ਉਨ੍ਹਾਂ ਲੋਕਾਂ ਨਾਲ ਕਿਵੇਂ ਪੇਸ਼ ਆਇਆ ਜਿਨ੍ਹਾਂ ਨੇ ਗੰਭੀਰ ਪਾਪ ਕੀਤੇ ਸਨ। ਰਾਜਾ ਦਾਊਦ ਨੇ ਹਰਾਮਕਾਰੀ ਕੀਤੀ ਸੀ ਅਤੇ ਉਸ ਨੇ ਇਕ ਆਦਮੀ ਦਾ ਕਤਲ ਵੀ ਕਰਵਾਇਆ ਸੀ। ਪਰ ਫਿਰ ਉਸ ਨੇ ਦਿਲੋਂ ਤੋਬਾ ਕੀਤੀ। ਇਸ ਲਈ ਯਹੋਵਾਹ ਨੇ ਉਸ ʼਤੇ ਦਇਆ ਕੀਤੀ ਅਤੇ ਉਸ ਨੂੰ ਮਾਫ਼ ਕਰ ਦਿੱਤਾ। (2 ਸਮੂ. 12:1-13) ਰਾਜਾ ਮਨੱਸ਼ਹ ਨੇ ਪੂਰੀ ਜ਼ਿੰਦਗੀ ਬਹੁਤ ਬੁਰੇ ਕੰਮ ਕੀਤੇ ਸਨ। ਪਰ ਜਦੋਂ ਉਸ ਨੇ ਤੋਬਾ ਕੀਤੀ, ਤਾਂ ਯਹੋਵਾਹ ਨੇ ਉਸ ਦਾ ਦਿਲ ਦੇਖਿਆ ਅਤੇ ਉਸ ʼਤੇ ਦਇਆ ਕੀਤੀ ਤੇ ਉਸ ਨੂੰ ਮਾਫ਼ ਕਰ ਦਿੱਤਾ। (2 ਇਤਿ. 33:9-16) ਇਨ੍ਹਾਂ ਮਿਸਾਲਾਂ ਤੋਂ ਪਤਾ ਲੱਗਦਾ ਹੈ ਕਿ ਜਦੋਂ ਵੀ ਯਹੋਵਾਹ ਨੂੰ ਦਇਆ ਦਿਖਾਉਣ ਦਾ ਜਾਇਜ਼ ਕਾਰਨ ਮਿਲਦਾ ਹੈ, ਤਾਂ ਉਹ ਜ਼ਰੂਰ ਦਇਆ ਦਿਖਾਉਂਦਾ ਹੈ। ਇਸ ਕਰਕੇ ਅਸੀਂ ਯਕੀਨ ਰੱਖ ਸਕਦੇ ਹਾਂ ਕਿ ਯਹੋਵਾਹ ਉਨ੍ਹਾਂ ਲੋਕਾਂ ਨੂੰ ਜ਼ਰੂਰ ਦੁਬਾਰਾ ਜੀਉਂਦਾ ਕਰੇਗਾ ਜਿਨ੍ਹਾਂ ਨੇ ਆਪਣੇ ਪਾਪ ਕਬੂਲ ਕਰ ਕੇ ਦਿਲੋਂ ਤੋਬਾ ਕੀਤੀ ਸੀ।

13. (ੳ) ਯਹੋਵਾਹ ਨੇ ਨੀਨਵਾਹ ਦੇ ਲੋਕਾਂ ʼਤੇ ਦਇਆ ਕਿਉਂ ਕੀਤੀ? (ਅ) ਬਾਅਦ ਵਿਚ ਯਿਸੂ ਨੇ ਨੀਨਵਾਹ ਦੇ ਲੋਕਾਂ ਬਾਰੇ ਕੀ ਕਿਹਾ?

13 ਅਸੀਂ ਇਹ ਵੀ ਜਾਣਦੇ ਹਾਂ ਕਿ ਯਹੋਵਾਹ ਨੇ ਨੀਨਵਾਹ ਦੇ ਲੋਕਾਂ ʼਤੇ ਦਇਆ ਕੀਤੀ ਸੀ। ਉਸ ਨੇ ਯੂਨਾਹ ਨੂੰ ਨੀਨਵਾਹ ਸ਼ਹਿਰ ਬਾਰੇ ਕਿਹਾ ਸੀ: ‘ਉੱਠ, ਅਤੇ ਉੱਥੇ ਦੇ ਲੋਕਾਂ ਨੂੰ ਸਜ਼ਾ ਸੁਣਾ ਕਿਉਂਕਿ ਮੈਂ ਉਨ੍ਹਾਂ ਦੀ ਬੁਰਾਈ ਵੱਲ ਧਿਆਨ ਦਿੱਤਾ ਹੈ।’ ਪਰ ਜਦੋਂ ਨੀਨਵਾਹ ਦੇ ਲੋਕਾਂ ਨੇ ਆਪਣੇ ਪਾਪਾਂ ਤੋਂ ਤੋਬਾ ਕੀਤੀ, ਤਾਂ ਯਹੋਵਾਹ ਨੇ ਉਨ੍ਹਾਂ ਨੂੰ ਮਾਫ਼ ਕਰ ਦਿੱਤਾ। ਪਰਮੇਸ਼ੁਰ ਯੂਨਾਹ ਨਾਲੋਂ ਕਿਤੇ ਜ਼ਿਆਦਾ ਦਇਆਵਾਨ ਸੀ। ਯੂਨਾਹ ਗੁੱਸੇ ਨਾਲ ਭਰਿਆ ਹੋਇਆ ਸੀ। ਇਸ ਲਈ ਯਹੋਵਾਹ ਨੇ ਉਸ ਨੂੰ ਯਾਦ ਕਰਾਇਆ ਕਿ ਨੀਨਵਾਹ ਦੇ ਲੋਕ “ਸਹੀ ਅਤੇ ਗ਼ਲਤ ਵਿਚ ਫ਼ਰਕ ਕਰਨਾ ਨਹੀਂ ਜਾਣਦੇ।” (ਯੂਨਾ. 1:1, 2; 3:10; 4:9-11) ਬਾਅਦ ਵਿਚ ਯਿਸੂ ਨੇ ਇਹੀ ਮਿਸਾਲ ਵਰਤ ਕੇ ਲੋਕਾਂ ਨੂੰ ਸਿਖਾਇਆ ਕਿ ਯਹੋਵਾਹ ਇਕ ਦਿਆਲੂ ਪਰਮੇਸ਼ੁਰ ਹੈ ਅਤੇ ਉਸ ਦਾ ਨਿਆਂ ਹਮੇਸ਼ਾ ਸਹੀ ਹੁੰਦਾ ਹੈ। ਨੀਨਵਾਹ ਦੇ ਲੋਕਾਂ ਨੇ ਤੋਬਾ ਕੀਤੀ ਸੀ। ਇਸ ਲਈ ਯਿਸੂ ਨੇ ਕਿਹਾ ਕਿ ਉਨ੍ਹਾਂ ਨੂੰ ‘ਨਿਆਂ ਦੇ ਦਿਨ ਦੁਬਾਰਾ ਜੀਉਂਦਾ ਕੀਤਾ ਜਾਵੇਗਾ।’​—ਮੱਤੀ 12:41.

14. ਜਦੋਂ ਕੁਧਰਮੀ ਲੋਕਾਂ ਨੂੰ “ਨਿਆਂ ਲਈ ਜੀਉਂਦਾ ਕੀਤਾ ਜਾਵੇਗਾ,” ਤਾਂ ਨੀਨਵਾਹ ਦੇ ਲੋਕਾਂ ਦਾ ਕੀ ਹੋਵੇਗਾ?

14 ਨੀਨਵਾਹ ਦੇ ਲੋਕਾਂ ਨੂੰ “ਨਿਆਂ ਲਈ ਜੀਉਂਦਾ ਕੀਤਾ ਜਾਵੇਗਾ।” ਇੱਥੇ ਕਿਸ “ਨਿਆਂ” ਦੀ ਗੱਲ ਕੀਤੀ ਗਈ ਹੈ? ਯਿਸੂ ਨੇ ਦੱਸਿਆ ਸੀ ਕਿ ਭਵਿੱਖ ਵਿਚ ਮਰ ਚੁੱਕੇ ਲੋਕਾਂ ਨੂੰ ‘ਦੁਬਾਰਾ ਜੀਉਂਦਾ ਕੀਤਾ ਜਾਵੇਗਾ ਤਾਂਕਿ ਉਨ੍ਹਾਂ ਦਾ ਨਿਆਂ ਕੀਤਾ ਜਾਵੇ।’ (ਯੂਹੰ. 5:29) ਯਿਸੂ ਇੱਥੇ ਉਸ ਸਮੇਂ ਦੀ ਗੱਲ ਕਰ ਰਿਹਾ ਸੀ ਜਦੋਂ ਉਸ ਦੇ ਹਜ਼ਾਰ ਸਾਲ ਦੇ ਰਾਜ ਦੌਰਾਨ “ਧਰਮੀ ਅਤੇ ਕੁਧਰਮੀ ਲੋਕਾਂ” ਨੂੰ ਦੁਬਾਰਾ ਜੀਉਂਦਾ ਕੀਤਾ ਜਾਵੇਗਾ। (ਰਸੂ. 24:15) ਕੁਧਰਮੀ ਲੋਕਾਂ ਨੂੰ “ਨਿਆਂ ਲਈ ਜੀਉਂਦਾ ਕੀਤਾ ਜਾਵੇਗਾ।” ਇਸ ਦਾ ਮਤਲਬ ਹੈ ਕਿ ਨਵੀਂ ਦੁਨੀਆਂ ਵਿਚ ਦੁਬਾਰਾ ਜੀਉਂਦਾ ਕੀਤੇ ਜਾਣ ਤੋਂ ਬਾਅਦ ਉਨ੍ਹਾਂ ਨੂੰ ਪਰਮੇਸ਼ੁਰ ਬਾਰੇ ਸਿਖਾਇਆ ਜਾਵੇਗਾ ਅਤੇ ਫਿਰ ਉਨ੍ਹਾਂ ਦਾ ਨਿਆਂ ਕੀਤਾ ਜਾਵੇਗਾ। ਯਹੋਵਾਹ ਅਤੇ ਯਿਸੂ ਇਹ ਦੇਖਣਗੇ ਕਿ ਇਨ੍ਹਾਂ ਲੋਕਾਂ ਦਾ ਰਵੱਈਆ ਕਿਹੋ ਜਿਹਾ ਹੈ ਅਤੇ ਉਹ ਖ਼ੁਦ ਨੂੰ ਬਦਲ ਰਹੇ ਹਨ ਕਿ ਨਹੀਂ। ਫਿਰ ਉਸ ਮੁਤਾਬਕ ਉਹ ਉਨ੍ਹਾਂ ਦਾ ਨਿਆਂ ਕਰਨਗੇ। ਪਰ ਜੇ ਨੀਨਵਾਹ ਦਾ ਕੋਈ ਵਿਅਕਤੀ ਯਹੋਵਾਹ ਦੀ ਭਗਤੀ ਕਰਨ ਤੋਂ ਇਨਕਾਰ ਕਰਦਾ ਹੈ, ਤਾਂ ਉਸ ਨੂੰ ਦੋਸ਼ੀ ਠਹਿਰਾਇਆ ਜਾਵੇਗਾ ਅਤੇ ਉਸ ਦਾ ਨਾਸ਼ ਕੀਤਾ ਜਾਵੇਗਾ। (ਯਸਾ. 65:20) ਪਰ ਜਿਹੜੇ ਯਹੋਵਾਹ ਦੀ ਭਗਤੀ ਕਰਨ ਦਾ ਫ਼ੈਸਲਾ ਕਰਨਗੇ, ਉਹ ਹਮੇਸ਼ਾ ਦੀ ਜ਼ਿੰਦਗੀ ਪਾਉਣਗੇ।​—ਦਾਨੀ. 12:2.

15. (ੳ) ਇਹ ਕਹਿਣਾ ਸਹੀ ਕਿਉਂ ਨਹੀਂ ਹੋਵੇਗਾ ਕਿ ਜਿਨ੍ਹਾਂ ਲੋਕਾਂ ਦਾ ਸਦੂਮ ਤੇ ਗਮੋਰਾ ਵਿਚ ਨਾਸ਼ ਹੋਇਆ ਸੀ, ਉਨ੍ਹਾਂ ਵਿੱਚੋਂ ਕਿਸੇ ਨੂੰ ਵੀ ਜੀਉਂਦਾ ਨਹੀਂ ਕੀਤਾ ਜਾਵੇਗਾ? (ਅ) ਯਹੂਦਾਹ 7 ਵਿਚ ਲਿਖੀ ਗੱਲ ਦਾ ਕੀ ਮਤਲਬ ਹੈ? (“ ਕੀ ਯਹੂਦਾਹ 7 ਆਇਤ ਵਿਚ ਯਹੂਦਾਹ ਯਿਸੂ ਤੋਂ ਉਲਟ ਗੱਲ ਕਹਿ ਰਿਹਾ ਸੀ?” ਨਾਂ ਦੀ ਡੱਬੀ ਦੇਖੋ।)

15 ਯਿਸੂ ਨੇ ਕਿਹਾ ਸੀ ਕਿ “ਨਿਆਂ ਦੇ ਦਿਨ” ਉਨ੍ਹਾਂ ਲੋਕਾਂ ਨਾਲੋਂ ਸਦੂਮ ਤੇ ਗਮੋਰਾ ਦੇ ਲੋਕਾਂ ਦਾ ਹਾਲ ਕਿਤੇ ਵਧੀਆ ਹੋਵੇਗਾ ਜਿਨ੍ਹਾਂ ਨੇ ਉਸ ਨੂੰ ਅਤੇ ਉਸ ਦੀਆਂ ਸਿੱਖਿਆਵਾਂ ਨੂੰ ਠੁਕਰਾ ਦਿੱਤਾ ਸੀ। (ਮੱਤੀ 10:14, 15; 11:23, 24; ਲੂਕਾ 10:12) ਕੀ ਯਿਸੂ ਨੇ ਸਦੂਮ ਅਤੇ ਗਮੋਰਾ ਦੇ ਲੋਕਾਂ ਦਾ ਜ਼ਿਕਰ ਬੱਸ ਇਹ ਦੱਸਣ ਲਈ ਕੀਤਾ ਸੀ ਕਿ ਉਸ ਦੇ ਦਿਨਾਂ ਵਿਚ ਲੋਕ ਕਿੰਨੇ ਬੁਰੇ ਸਨ? ਸ਼ਾਇਦ ਸਾਨੂੰ ਇੱਦਾਂ ਹੀ ਲੱਗੇ। ਪਰ ਯਿਸੂ ਦੇ ਸ਼ਬਦਾਂ ਤੋਂ ਪਤਾ ਲੱਗਦਾ ਹੈ ਕਿ ਸਦੂਮ ਤੇ ਗਮੋਰਾ ਦੇ ਲੋਕਾਂ ਲਈ ਸੱਚ-ਮੁੱਚ ਉਮੀਦ ਹੈ। ਉਨ੍ਹਾਂ ਬਾਰੇ ਗੱਲ ਕਰਦਿਆਂ ਯਿਸੂ ਨੇ ‘ਨਿਆਂ ਦੇ ਦਿਨ’ ਦੀ ਗੱਲ ਕੀਤੀ। ਨਾਲੇ ਯਾਦ ਕਰੋ ਕਿ ਯਿਸੂ ਨੇ ਨੀਨਵਾਹ ਦੇ ਲੋਕਾਂ ਬਾਰੇ ਦੱਸਦਿਆਂ ਵੀ ‘ਨਿਆਂ ਦੇ ਦਿਨ’ ਦਾ ਜ਼ਿਕਰ ਕੀਤਾ ਸੀ ਅਤੇ ਕਿਹਾ ਸੀ ਕਿ ਉਹ ਸੱਚ-ਮੁੱਚ ਦੁਬਾਰਾ ਜੀਉਂਦੇ ਕੀਤੇ ਜਾਣਗੇ। ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਸਦੂਮ ਤੇ ਗਮੋਰਾ ਦੇ ਕੁਝ ਲੋਕਾਂ ਨੂੰ ਵੀ ਜੀਉਂਦਾ ਕੀਤਾ ਜਾ ਸਕਦਾ ਹੈ। ਇਕ ਹੋਰ ਗੱਲ ʼਤੇ ਗੌਰ ਕਰੋ। ਨੀਨਵਾਹ ਦੇ ਲੋਕਾਂ ਵਾਂਗ ਸਦੂਮ ਤੇ ਗਮੋਰਾ ਦੇ ਲੋਕ ਵੀ ਬੁਰੇ ਕੰਮ ਕਰਦੇ ਸਨ। ਨੀਨਵਾਹ ਦੇ ਲੋਕਾਂ ਨੂੰ ਤੋਬਾ ਕਰਨ ਦਾ ਮੌਕਾ ਮਿਲਿਆ ਸੀ, ਪਰ ਸਦੂਮ ਤੇ ਗਮੋਰਾ ਦੇ ਲੋਕਾਂ ਨੂੰ ਨਹੀਂ। ਨਾਲੇ ਯਿਸੂ ਨੇ ਕਿਹਾ ਸੀ ਕਿ “ਜਿਹੜੇ ਨੀਚ ਕੰਮਾਂ ਵਿਚ ਲੱਗੇ ਰਹੇ, ਉਨ੍ਹਾਂ ਨੂੰ ਨਿਆਂ ਲਈ ਜੀਉਂਦਾ ਕੀਤਾ ਜਾਵੇਗਾ।” (ਯੂਹੰ. 5:29) ਇਸ ਕਰਕੇ ਅਸੀਂ ਕਹਿ ਸਕਦੇ ਹਾਂ ਕਿ ਸਦੂਮ ਤੇ ਗਮੋਰਾ ਦੇ ਕੁਝ ਲੋਕਾਂ ਨੂੰ ਦੁਬਾਰਾ ਜੀਉਂਦਾ ਕੀਤਾ ਜਾਵੇਗਾ। ਹੋ ਸਕਦਾ ਹੈ ਕਿ ਸਾਨੂੰ ਉਨ੍ਹਾਂ ਨੂੰ ਯਹੋਵਾਹ ਤੇ ਯਿਸੂ ਬਾਰੇ ਸਿਖਾਉਣ ਦਾ ਮੌਕਾ ਮਿਲੇ।

16. ਯਹੋਵਾਹ ਇਹ ਕਿਵੇਂ ਫ਼ੈਸਲਾ ਕਰੇਗਾ ਕਿ ਉਹ ਕਿਸੇ ਨੂੰ ਦੁਬਾਰਾ ਜੀਉਂਦਾ ਕਰੇਗਾ ਜਾਂ ਨਹੀਂ? (ਯਿਰਮਿਯਾਹ 17:10)

16 ਯਿਰਮਿਯਾਹ 17:10 ਪੜ੍ਹੋ। ਇਸ ਆਇਤ ਵਿਚ ਇਕ ਹੋਰ ਗੱਲ ਦੱਸੀ ਗਈ ਹੈ ਜੋ ਅਸੀਂ ਜਾਣਦੇ ਹਾਂ। ਉਹ ਇਹ ਹੈ ਕਿ ‘ਯਹੋਵਾਹ, ਦਿਲਾਂ ਨੂੰ ਪਰਖਦਾ ਅਤੇ ਮਨ ਦੀਆਂ ਸੋਚਾਂ ਨੂੰ ਜਾਂਚਦਾ ਹੈ।’ ਇਸ ਲਈ ਭਵਿੱਖ ਵਿਚ ਜਦੋਂ ਯਹੋਵਾਹ ਇਹ ਫ਼ੈਸਲਾ ਕਰੇਗਾ ਕਿ ਕਿਸ ਨੂੰ ਦੁਬਾਰਾ ਜੀਉਂਦਾ ਕੀਤਾ ਜਾਣਾ ਚਾਹੀਦਾ ਹੈ, ਤਾਂ ਉਹ ‘ਹਰੇਕ ਨੂੰ ਉਸ ਦੇ ਚਾਲ-ਚਲਣ ਮੁਤਾਬਕ ਫਲ ਦੇਵੇਗਾ।’ ਜਦੋਂ ਯਹੋਵਾਹ ਨੂੰ ਸਖ਼ਤੀ ਨਾਲ ਪੇਸ਼ ਆਉਣ ਦੀ ਲੋੜ ਪਵੇਗੀ, ਤਾਂ ਉਹ ਜ਼ਰੂਰ ਸਖ਼ਤੀ ਨਾਲ ਪੇਸ਼ ਆਵੇਗਾ। ਪਰ ਜਦੋਂ ਵੀ ਦਇਆ ਦਿਖਾਉਣੀ ਮੁਮਕਿਨ ਹੋਵੇਗੀ, ਤਾਂ ਉਹ ਜ਼ਰੂਰ ਦਇਆ ਦਿਖਾਵੇਗਾ। ਇਸ ਕਰਕੇ ਜੇ ਬਾਈਬਲ ਕਿਸੇ ਵਿਅਕਤੀ ਬਾਰੇ ਇਹ ਸਾਫ਼-ਸਾਫ਼ ਨਹੀਂ ਕਹਿੰਦੀ ਕਿ ਉਸ ਨੂੰ ਦੁਬਾਰਾ ਜੀਉਂਦਾ ਨਹੀਂ ਕੀਤਾ ਜਾਵੇਗਾ, ਤਾਂ ਸਾਨੂੰ ਵੀ ਕਿਸੇ ਵਿਅਕਤੀ ਬਾਰੇ ਇੱਦਾਂ ਨਹੀਂ ਕਹਿਣਾ ਚਾਹੀਦਾ।

‘ਸਾਰੀ ਦੁਨੀਆਂ ਦਾ ਨਿਆਂਕਾਰ ਸਹੀ ਨਿਆਂ ਕਰੇਗਾ’

17. ਮਰ ਚੁੱਕੇ ਲੋਕਾਂ ਨਾਲ ਕੀ ਹੋਵੇਗਾ?

17 ਜਦੋਂ ਤੋਂ ਆਦਮ ਤੇ ਹੱਵਾਹ ਨੇ ਸ਼ੈਤਾਨ ਨਾਲ ਮਿਲ ਕੇ ਯਹੋਵਾਹ ਪਰਮੇਸ਼ੁਰ ਖ਼ਿਲਾਫ਼ ਬਗਾਵਤ ਕੀਤੀ ਹੈ, ਉਦੋਂ ਤੋਂ ਲੈ ਕੇ ਹੁਣ ਤਕ ਕਰੋੜਾਂ ਹੀ ਲੋਕ ਮੌਤ ਦੇ ਮੂੰਹ ਵਿਚ ਚਲੇ ਗਏ ਹਨ। ਮੌਤ ਸਾਡੀ “ਦੁਸ਼ਮਣ” ਹੈ ਅਤੇ ਇਸ ਨੇ ਅਣਗਿਣਤ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਇਆ ਹੈ। (1 ਕੁਰਿੰ. 15:26) ਮਰ ਚੁੱਕੇ ਲੋਕਾਂ ਲਈ ਕੀ ਉਮੀਦ ਹੈ? 1,44,000 ਮਸੀਹੀਆਂ ਨੂੰ ਉਨ੍ਹਾਂ ਦੀ ਮੌਤ ਤੋਂ ਬਾਅਦ ਸਵਰਗ ਵਿਚ ਅਮਰ ਜੀਵਨ ਮਿਲਦਾ ਹੈ। (ਪ੍ਰਕਾ. 14:1) ਹੋਰ ਬਹੁਤ ਸਾਰੇ ਵਫ਼ਾਦਾਰ ਅਤੇ ਯਹੋਵਾਹ ਨੂੰ ਪਿਆਰ ਕਰਨ ਵਾਲੇ ਆਦਮੀਆਂ ਤੇ ਔਰਤਾਂ ਨੂੰ “ਧਰਮੀਆਂ” ਵਜੋਂ ਧਰਤੀ ʼਤੇ ਜੀਉਂਦਾ ਕੀਤਾ ਜਾਵੇਗਾ। ਜੇ ਉਹ ਮਸੀਹ ਦੇ ਹਜ਼ਾਰ ਸਾਲ ਦੇ ਰਾਜ ਅਤੇ ਆਖ਼ਰੀ ਪਰੀਖਿਆ ਦੌਰਾਨ ਵਫ਼ਾਦਾਰ ਰਹਿਣਗੇ, ਤਾਂ ਉਨ੍ਹਾਂ ਨੂੰ ਧਰਤੀ ʼਤੇ ਹਮੇਸ਼ਾ ਲਈ ਰਹਿਣ ਦਾ ਮੌਕਾ ਮਿਲੇਗਾ। (ਦਾਨੀ. 12:13; ਇਬ. 12:1) ਨਾਲੇ ਹਜ਼ਾਰ ਸਾਲ ਦੇ ਰਾਜ ਦੌਰਾਨ “ਕੁਧਰਮੀ” ਲੋਕਾਂ ਨੂੰ ਆਪਣੇ ਰਾਹ ਬਦਲਣ ਅਤੇ ਯਹੋਵਾਹ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਜਾਵੇਗਾ। ਇਨ੍ਹਾਂ ਵਿਚ ਉਹ ਲੋਕ ਹੋਣਗੇ ਜਿਨ੍ਹਾਂ ਨੇ ਕਦੇ ਵੀ ਯਹੋਵਾਹ ਦੀ ਸੇਵਾ ਨਹੀਂ ਕੀਤੀ ਅਤੇ ਉਹ ਲੋਕ ਵੀ ਹੋਣਗੇ “ਜਿਹੜੇ ਨੀਚ ਕੰਮਾਂ ਵਿਚ ਲੱਗੇ ਰਹੇ।” (ਲੂਕਾ 23:42, 43) ਪਰ ਕੁਝ ਲੋਕ ਇੰਨੇ ਦੁਸ਼ਟ ਸਨ ਕਿ ਉਨ੍ਹਾਂ ਨੇ ਯਹੋਵਾਹ ਅਤੇ ਉਸ ਦੇ ਮਕਸਦ ਖ਼ਿਲਾਫ਼ ਬਗਾਵਤ ਕੀਤੀ। ਇਸ ਕਰਕੇ ਯਹੋਵਾਹ ਨੇ ਉਨ੍ਹਾਂ ਨੂੰ ਕਦੇ ਵੀ ਦੁਬਾਰਾ ਜੀਉਂਦਾ ਨਾ ਕਰਨ ਦਾ ਫ਼ੈਸਲਾ ਕੀਤਾ ਹੈ।​—ਲੂਕਾ 12:4, 5.

18-19. (ੳ) ਅਸੀਂ ਕਿਉਂ ਭਰੋਸਾ ਰੱਖ ਸਕਦੇ ਹਾਂ ਕਿ ਯਹੋਵਾਹ ਮਰੇ ਹੋਇਆਂ ਦਾ ਸਹੀ ਨਿਆਂ ਕਰੇਗਾ? (ਯਸਾਯਾਹ 55:8, 9) (ਅ) ਅਗਲੇ ਲੇਖ ਵਿਚ ਅਸੀਂ ਕਿਨ੍ਹਾਂ ਸਵਾਲਾਂ ਦੇ ਜਵਾਬ ਜਾਣਾਂਗੇ?

18 ਕੀ ਅਸੀਂ ਯਕੀਨ ਰੱਖ ਸਕਦੇ ਹਾਂ ਕਿ ਯਹੋਵਾਹ ਜਦੋਂ ਵੀ ਨਿਆਂ ਕਰਦਾ ਹੈ, ਉਹ ਸਹੀ ਹੁੰਦਾ ਹੈ? ਬਿਲਕੁਲ। ਅਬਰਾਹਾਮ ਵੀ ਇਹ ਗੱਲ ਚੰਗੀ ਤਰ੍ਹਾਂ ਸਮਝ ਗਿਆ ਸੀ ਕਿ “ਸਾਰੀ ਦੁਨੀਆਂ ਦਾ ਨਿਆਂਕਾਰ” ਯਹੋਵਾਹ ਪਰਮੇਸ਼ੁਰ ਦਇਆਵਾਨ ਹੈ, ਸਭ ਤੋਂ ਜ਼ਿਆਦਾ ਬੁੱਧੀਮਾਨ ਹੈ ਅਤੇ ਹਮੇਸ਼ਾ ਉਹੀ ਕਰਦਾ ਹੈ, ਜੋ ਸਹੀ ਹੁੰਦਾ ਹੈ। ਉਸ ਨੇ ਆਪਣੇ ਪੁੱਤਰ ਨੂੰ ਸਿਖਲਾਈ ਦਿੱਤੀ ਹੈ ਅਤੇ ਨਿਆਂ ਕਰਨ ਦੀ ਸਾਰੀ ਜ਼ਿੰਮੇਵਾਰੀ ਉਸ ਨੂੰ ਸੌਂਪੀ ਹੈ। (ਯੂਹੰ. 5:22) ਉਹ ਦੋਵੇਂ ਇਨਸਾਨਾਂ ਦੇ ਦਿਲ ਪੜ੍ਹ ਸਕਦੇ ਹਨ ਅਤੇ ਜਾਣ ਸਕਦੇ ਹਨ ਕਿ ਹਰ ਇਨਸਾਨ ਅੰਦਰੋਂ ਕਿਹੋ ਜਿਹਾ ਹੈ। (ਮੱਤੀ 9:4) ਇਸ ਲਈ ਉਹ ਹਮੇਸ਼ਾ ‘ਸਹੀ ਨਿਆਂ ਕਰਨਗੇ।’

19 ਆਓ ਆਪਾਂ ਪੂਰਾ ਭਰੋਸਾ ਰੱਖੀਏ ਕਿ ਯਹੋਵਾਹ ਸਾਰਾ ਕੁਝ ਜਾਣਦਾ ਹੈ। ਨਾਲੇ ਯਾਦ ਰੱਖੀਏ ਕਿ ਅਸੀਂ ਕਿਸੇ ਦਾ ਨਿਆਂ ਨਹੀਂ ਕਰ ਸਕਦੇ, ਸਗੋਂ ਯਹੋਵਾਹ ਹੀ ਕਰ ਸਕਦਾ ਹੈ। (ਯਸਾਯਾਹ 55:8, 9 ਪੜ੍ਹੋ।) ਅਸੀਂ ਯਕੀਨ ਰੱਖ ਸਕਦੇ ਹਾਂ ਕਿ ਯਹੋਵਾਹ ਅਤੇ ਯਿਸੂ ਇਕਦਮ ਸਹੀ ਨਿਆਂ ਕਰਨਗੇ। ਸਾਡਾ ਰਾਜਾ ਯਿਸੂ ਮਸੀਹ ਹੂ-ਬਹੂ ਆਪਣੇ ਪਿਤਾ ਵਰਗਾ ਹੈ। ਇਸ ਕਰਕੇ ਉਹ ਸਹੀ ਨਿਆਂ ਕਰਨ ਦੇ ਨਾਲ-ਨਾਲ ਦਇਆ ਵੀ ਕਰੇਗਾ। (ਯਸਾ. 11:3, 4) ਪਰ ਯਹੋਵਾਹ ਤੇ ਯਿਸੂ ਮਹਾਂਕਸ਼ਟ ਦੌਰਾਨ ਲੋਕਾਂ ਦਾ ਨਿਆਂ ਕਿਵੇਂ ਕਰਨਗੇ? ਇਸ ਬਾਰੇ ਅਸੀਂ ਕੀ ਨਹੀਂ ਜਾਣਦੇ ਹਾਂ? ਨਾਲੇ ਅਸੀਂ ਕੀ ਜਾਣਦੇ ਹਾਂ? ਅਗਲੇ ਲੇਖ ਵਿਚ ਇਨ੍ਹਾਂ ਸਵਾਲਾਂ ਦੇ ਜਵਾਬ ਦਿੱਤੇ ਜਾਣਗੇ।

ਗੀਤ 57 ਹਰ ਤਰ੍ਹਾਂ ਦੇ ਲੋਕਾਂ ਨੂੰ ਪ੍ਰਚਾਰ ਕਰੋ

b ਆਦਮ, ਹੱਵਾਹ ਅਤੇ ਕਾਇਨ ਨੂੰ ਜੀਉਂਦਾ ਕੀਤਾ ਜਾਵੇਗਾ ਜਾਂ ਨਹੀਂ, ਇਸ ਬਾਰੇ ਜਾਣਨ ਲਈ 1 ਜਨਵਰੀ 2013 ਦੇ ਪਹਿਰਾਬੁਰਜ ਦੇ ਸਫ਼ੇ 12 ʼਤੇ ਫੁਟਨੋਟ ਦੇਖੋ।

c ਯੂਹੰਨਾ 17:12 ਵਿਚ ਯਹੂਦਾਹ ਨੂੰ “ਵਿਨਾਸ਼ ਦਾ ਪੁੱਤਰ” ਕਿਹਾ ਗਿਆ ਹੈ। ਇਸ ਦਾ ਮਤਲਬ ਹੈ ਕਿ ਮਰਨ ਤੋਂ ਬਾਅਦ ਉਸ ਦਾ ਹਮੇਸ਼ਾ ਲਈ ਨਾਸ਼ ਹੋ ਚੁੱਕਾ ਹੈ ਅਤੇ ਉਸ ਨੂੰ ਮਰੇ ਹੋਇਆਂ ਵਿੱਚੋਂ ਦੁਬਾਰਾ ਜੀਉਂਦਾ ਨਹੀਂ ਕੀਤਾ ਜਾਵੇਗਾ।