Skip to content

Skip to table of contents

ਨੌਜਵਾਨੋ​—⁠ਤੁਸੀਂ ਬਪਤਿਸਮੇ ਲਈ ਤਿਆਰੀ ਕਿਵੇਂ ਕਰ ਸਕਦੇ ਹੋ?

ਨੌਜਵਾਨੋ​—⁠ਤੁਸੀਂ ਬਪਤਿਸਮੇ ਲਈ ਤਿਆਰੀ ਕਿਵੇਂ ਕਰ ਸਕਦੇ ਹੋ?

“ਭਈ ਤੇਰੀ ਇੱਛਿਆ ਨੂੰ ਪੂਰਿਆਂ ਕਰਨ ਵਿੱਚ, ਹੇ ਮੇਰੇ ਪਰਮੇਸ਼ੁਰ, ਮੈਂ ਪਰਸੰਨ ਹਾਂ।”​—ਜ਼ਬੂ. 40:8.

ਗੀਤ: 51, 45

1, 2. (ੳ) ਸਮਝਾਓ ਕਿ ਬਪਤਿਸਮਾ ਲੈਣਾ ਇਕ ਗੰਭੀਰ ਫ਼ੈਸਲਾ ਕਿਉਂ ਹੈ। (ਅ) ਇਕ ਵਿਅਕਤੀ ਨੂੰ ਕਦੋਂ ਬਪਤਿਸਮਾ ਲੈਣਾ ਚਾਹੀਦਾ ਹੈ?

ਕੀ ਤੁਸੀਂ ਨੌਜਵਾਨ ਹੋ ਜੋ ਬਪਤਿਸਮਾ ਲੈਣ ਬਾਰੇ ਸੋਚ ਰਹੇ ਹੋ? ਜੇ ਹਾਂ, ਤਾਂ ਇਸ ਤੋਂ ਵੱਡਾ ਸਨਮਾਨ ਹੋਰ ਕੋਈ ਹੋ ਹੀ ਨਹੀਂ ਸਕਦਾ। ਪਿਛਲੇ ਲੇਖ ਵਿਚ ਦੱਸਿਆ ਗਿਆ ਸੀ ਕਿ ਬਪਤਿਸਮਾ ਲੈਣਾ ਇਕ ਗੰਭੀਰ ਫ਼ੈਸਲਾ ਹੈ। ਬਪਤਿਸਮਾ ਲੈ ਕੇ ਤੁਸੀਂ ਦੂਸਰਿਆਂ ਨੂੰ ਦਿਖਾਉਂਦੇ ਹੋ ਕਿ ਤੁਸੀਂ ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕੀਤੀ ਹੈ। ਕਹਿਣ ਦਾ ਮਤਲਬ, ਤੁਸੀਂ ਯਹੋਵਾਹ ਨਾਲ ਵਾਅਦਾ ਕੀਤਾ ਹੈ ਕਿ ਤੁਸੀਂ ਹਮੇਸ਼ਾ ਉਸ ਦੀ ਸੇਵਾ ਕਰਦੇ ਰਹੋਗੇ ਅਤੇ ਉਸ ਦੀ ਇੱਛਾ ਨੂੰ ਆਪਣੀ ਜ਼ਿੰਦਗੀ ਵਿਚ ਪਹਿਲੀ ਥਾਂ ਦਿਓਗੇ। ਇਹ ਵਾਅਦਾ ਗੰਭੀਰ ਹੋਣ ਕਰਕੇ ਤੁਹਾਨੂੰ ਉਦੋਂ ਹੀ ਬਪਤਿਸਮਾ ਲੈਣਾ ਚਾਹੀਦਾ ਹੈ: (1) ਜਦੋਂ ਤੁਸੀਂ ਸਮਝਦਾਰੀ ਦਾ ਸਬੂਤ ਦਿੰਦੇ ਹੋ, (2) ਜਦੋਂ ਤੁਸੀਂ ਬਪਤਿਸਮਾ ਲੈਣ ਦਾ ਫ਼ੈਸਲਾ ਦਿਲੋਂ ਕਰਦੇ ਹੋ ਅਤੇ (3) ਜਦੋਂ ਤੁਸੀਂ ਪਰਮੇਸ਼ੁਰ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰਨ ਦਾ ਮਤਲਬ ਸਮਝਦੇ ਹੋ।

2 ਪਰ ਸ਼ਾਇਦ ਤੁਹਾਨੂੰ ਲੱਗੇ ਕਿ ਤੁਸੀਂ ਅਜੇ ਬਪਤਿਸਮਾ ਲੈਣ ਲਈ ਤਿਆਰ ਨਹੀਂ ਹੋ। ਜਾਂ ਤੁਸੀਂ ਬਪਤਿਸਮਾ ਲੈਣਾ ਚਾਹੁੰਦੇ ਹੋ, ਪਰ ਤੁਹਾਡੇ ਮਾਪਿਆਂ ਨੂੰ ਲੱਗਦਾ ਹੈ ਕਿ ਤੁਸੀਂ ਅਜੇ ਛੋਟੇ ਹੋ। ਫਿਰ ਤੁਹਾਨੂੰ ਕੀ ਕਰਨਾ ਚਾਹੀਦਾ ਹੈ? ਹਾਰ ਨਾ ਮੰਨੋ, ਸਗੋਂ ਤਰੱਕੀ ਕਰਨ ਲਈ ਇਸ ਸਮੇਂ ਨੂੰ ਚੰਗੀ ਤਰ੍ਹਾਂ ਵਰਤੋ ਤਾਂਕਿ ਤੁਸੀਂ ਬਪਤਿਸਮਾ ਲੈਣ ਲਈ ਤਿਆਰ ਹੋ ਸਕੋ। ਇਨ੍ਹਾਂ ਗੱਲਾਂ ਨੂੰ ਧਿਆਨ ਵਿਚ ਰੱਖਦਿਆਂ ਸੋਚੋ ਕਿ ਤੁਸੀਂ ਇਨ੍ਹਾਂ ਮਾਮਲਿਆਂ ਵਿਚ ਕਿਹੜੇ ਟੀਚੇ ਰੱਖ ਸਕਦੇ ਹੋ: (1) ਤੁਹਾਡੇ ਵਿਸ਼ਵਾਸ, (2) ਤੁਹਾਡੇ ਕੰਮ ਅਤੇ (3) ਤੁਹਾਡੀ ਕਦਰਦਾਨੀ।

ਤੁਹਾਡੇ ਵਿਸ਼ਵਾਸ

3, 4. ਤਿਮੋਥਿਉਸ ਦੀ ਮਿਸਾਲ ਤੋਂ ਨੌਜਵਾਨ ਕੀ ਸਿੱਖ ਸਕਦੇ ਹਨ?

3 ਸੋਚੋ ਕਿ ਤੁਸੀਂ ਇਨ੍ਹਾਂ ਸਵਾਲਾਂ ਦੇ ਕੀ ਜਵਾਬ ਦਿਓਗੇ: ਮੈਂ ਕਿਉਂ ਵਿਸ਼ਵਾਸ ਕਰਦਾ ਹਾਂ ਕਿ ਰੱਬ ਹੈ? ਮੈਂ ਕਿਉਂ ਯਕੀਨ ਕਰਦਾ ਹਾਂ ਕਿ ਬਾਈਬਲ ਪਰਮੇਸ਼ੁਰ ਦਾ ਬਚਨ ਹੈ? ਮੈਂ ਦੁਨੀਆਂ ਦੇ ਨੈਤਿਕ ਮਿਆਰਾਂ ’ਤੇ ਚੱਲਣ ਦੀ ਬਜਾਇ ਪਰਮੇਸ਼ੁਰ ਦੇ ਹੁਕਮ ਕਿਉਂ ਮੰਨਦਾ ਹਾਂ? ਇਹ ਸਵਾਲ ਤੁਹਾਡੇ ਮਨ ਵਿਚ ਸ਼ੱਕ ਪੈਦਾ ਕਰਨ ਲਈ ਨਹੀਂ ਪੁੱਛੇ ਗਏ, ਸਗੋਂ ਇਹ ਪੌਲੁਸ ਦੀ ਸਲਾਹ ਮੰਨਣ ਵਿਚ ਤੁਹਾਡੀ ਮਦਦ ਕਰਨਗੇ: “ਤੁਸੀਂ ਆਪ ਦੇਖ ਸਕੋ ਕਿ ਪਰਮੇਸ਼ੁਰ ਦੀ ਚੰਗੀ, ਮਨਜ਼ੂਰਯੋਗ ਅਤੇ ਪੂਰੀ ਇੱਛਾ ਕੀ ਹੈ।” (ਰੋਮੀ. 12:2) ਇੱਦਾਂ ਕਰਨਾ ਜ਼ਰੂਰੀ ਕਿਉਂ ਹੈ?

4 ਤਿਮੋਥਿਉਸ ਦੀ ਮਿਸਾਲ ’ਤੇ ਗੌਰ ਕਰੋ। ਉਹ ਬਾਈਬਲ ਨੂੰ ਚੰਗੀ ਤਰ੍ਹਾਂ ਜਾਣਦਾ ਸੀ ਕਿਉਂਕਿ ਉਸ ਦੀ ਮਾਂ ਅਤੇ ਨਾਨੀ ਨੇ ਉਸ ਨੂੰ “ਛੋਟੇ ਹੁੰਦਿਆਂ ਤੋਂ” ਸੱਚਾਈ ਸਿਖਾਈ ਸੀ। ਪਰ ਪੌਲੁਸ ਨੇ ਤਿਮੋਥਿਉਸ ਨੂੰ ਕਿਹਾ: “ਤੂੰ ਜਿਹੜੀਆਂ ਗੱਲਾਂ ਸਿੱਖੀਆਂ ਹਨ ਅਤੇ ਜਿਨ੍ਹਾਂ ਬਾਰੇ ਤੈਨੂੰ ਸਮਝਾ ਕੇ ਯਕੀਨ ਦਿਵਾਇਆ ਗਿਆ ਹੈ, ਉਨ੍ਹਾਂ ਗੱਲਾਂ ਉੱਤੇ ਚੱਲਦਾ ਰਹਿ।” (2 ਤਿਮੋ. 3:14, 15) ਸੋ ਤਿਮੋਥਿਉਸ ਨੂੰ ਯਕੀਨ ਸੀ ਕਿ ਇਹੀ ਸੱਚਾਈ ਹੈ। ਉਸ ਨੇ ਆਪਣੀ ਮਾਂ ਅਤੇ ਨਾਨੀ ਦੇ ਕਹਿਣੇ ਤੇ ਸੱਚਾਈ ਕਬੂਲ ਨਹੀਂ ਕੀਤੀ, ਪਰ ਉਸ ਨੇ ਸਿੱਖੀਆਂ ਗੱਲਾਂ ’ਤੇ ਖ਼ੁਦ ਸੋਚ-ਵਿਚਾਰ ਕੀਤਾ ਅਤੇ ਇਸ ਸਿੱਟੇ ’ਤੇ ਪਹੁੰਚਿਆ ਕਿ ਇਹੀ ਸੱਚਾਈ ਹੈ।​—ਰੋਮੀਆਂ 12:1 ਪੜ੍ਹੋ।

5, 6. ਤੁਹਾਡੇ ਲਈ ਜਵਾਨੀ ਵਿਚ ਹੀ ਆਪਣੀ “ਸੋਚਣ-ਸਮਝਣ ਦੀ ਕਾਬਲੀਅਤ” ਨੂੰ ਵਰਤਣਾ ਸਿੱਖਣਾ ਕਿਉਂ ਜ਼ਰੂਰੀ ਹੈ?

5 ਤੁਹਾਡੇ ਬਾਰੇ ਕੀ? ਤੁਸੀਂ ਸ਼ਾਇਦ ਸੱਚਾਈ ਬਾਰੇ ਕਾਫ਼ੀ ਸਮੇਂ ਤੋਂ ਜਾਣਦੇ ਹੋਵੋ। ਜੇ ਇਹ ਸੱਚ ਹੈ, ਤਾਂ ਇਸ ਗੱਲ ’ਤੇ ਸੋਚ-ਵਿਚਾਰ ਕਰਨ ਦਾ ਟੀਚਾ ਰੱਖੋ ਕਿ ਤੁਸੀਂ ਜੋ ਵੀ ਮੰਨਦੇ ਹੋ, ਉਹ ਕਿਉਂ ਮੰਨਦੇ ਹੋ। ਇੱਦਾਂ ਕਰਨ ਨਾਲ ਤੁਹਾਡੀ ਨਿਹਚਾ ਮਜ਼ਬੂਤ ਹੋਵੇਗੀ। ਨਾਲੇ ਤੁਸੀਂ ਆਪਣੀਆਂ ਭਾਵਨਾਵਾਂ ਵਿਚ ਵਹਿ ਕੇ, ਹਾਣੀਆਂ ਦੇ ਦਬਾਅ ਜਾਂ ਦੁਨੀਆਂ ਦੀ ਸੋਚ ਕਰਕੇ ਗ਼ਲਤ ਫ਼ੈਸਲੇ ਲੈਣ ਤੋਂ ਬਚੇ ਰਹੋਗੇ।

6 ਜੇ ਤੁਸੀਂ ਜਵਾਨੀ ਵਿਚ ਹੀ ਆਪਣੀ “ਸੋਚਣ-ਸਮਝਣ ਦੀ ਕਾਬਲੀਅਤ” ਵਰਤਣੀ ਸਿੱਖੋਗੇ, ਤਾਂ ਤੁਸੀਂ ਆਪਣੇ ਹਾਣੀਆਂ ਦੇ ਸਵਾਲਾਂ ਦੇ ਜਵਾਬ ਦੇ ਸਕੋਗੇ, ਜਿਵੇਂ: ‘ਤੁਹਾਨੂੰ ਕਿਉਂ ਯਕੀਨ ਹੈ ਕਿ ਪਰਮੇਸ਼ੁਰ ਸੱਚ-ਮੁੱਚ ਹੈ? ਜੇ ਪਰਮੇਸ਼ੁਰ ਪਿਆਰ ਕਰਨ ਵਾਲਾ ਹੈ, ਤਾਂ ਉਹ ਬੁਰਾਈ ਕਿਉਂ ਹੋਣ ਦਿੰਦਾ ਹੈ? ਇਹ ਕਿੱਦਾਂ ਹੋ ਸਕਦਾ ਹੈ ਕਿ ਪਰਮੇਸ਼ੁਰ ਹਮੇਸ਼ਾ ਤੋਂ ਹੈ?’ ਜਦੋਂ ਤੁਸੀਂ ਇੱਦਾਂ ਦੇ ਸਵਾਲਾਂ ਦੇ ਜਵਾਬ ਦੇਣ ਦੀ ਤਿਆਰੀ ਕਰਦੇ ਹੋ, ਤਾਂ ਇਹ ਤੁਹਾਡੇ ਮਨ ਵਿਚ ਸ਼ੱਕ ਪੈਦਾ ਨਹੀਂ ਕਰਨਗੇ, ਸਗੋਂ ਤੁਹਾਨੂੰ ਹੋਰ ਵੀ ਧਿਆਨ ਨਾਲ ਬਾਈਬਲ ਦੀ ਸਟੱਡੀ ਕਰਨ ਦੀ ਹੱਲਾਸ਼ੇਰੀ ਦੇਣਗੇ।

7-9. ਦੱਸੋ ਕਿ “ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ?” ਲੜੀਵਾਰ ਲੇਖ ਤੁਹਾਡੇ ਵਿਸ਼ਵਾਸ ਮਜ਼ਬੂਤ ਕਰਨ ਵਿਚ ਤੁਹਾਡੀ ਕਿੱਦਾਂ ਮਦਦ ਕਰ ਸਕਦੇ ਹਨ।

7 ਧਿਆਨ ਨਾਲ ਬਾਈਬਲ ਸਟੱਡੀ ਕਰ ਕੇ ਤੁਸੀਂ ਦੂਸਰਿਆਂ ਨੂੰ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਦੇ ਸਕੋਗੇ। ਨਾਲੇ ਜੇ ਤੁਹਾਡੇ ਮਨ ਵਿਚ ਸ਼ੱਕ ਹਨ, ਤਾਂ ਤੁਸੀਂ ਇਨ੍ਹਾਂ ਨੂੰ ਦੂਰ ਕਰ ਸਕੋਗੇ ਅਤੇ ਆਪਣੇ ਵਿਸ਼ਵਾਸਾਂ ਨੂੰ ਪੱਕਾ ਕਰ ਸਕੋਗੇ। (ਰਸੂ. 17:11) ਸਾਡੇ ਕੋਲ ਬਹੁਤ ਸਾਰੇ ਪ੍ਰਕਾਸ਼ਨ ਹਨ ਜੋ ਤੁਹਾਡੀ ਇੱਦਾਂ ਕਰਨ ਵਿਚ ਮਦਦ ਕਰ ਸਕਦੇ ਹਨ। ਬਹੁਤ ਜਣਿਆਂ ਦੀ ਅਕਤੂਬਰ-ਦਸੰਬਰ 2006 ਦੇ ਜਾਗਰੂਕ ਬਣੋ! ਦੇ ਵਿਸ਼ੇਸ਼ ਅੰਕ “ਕੀ ਕੋਈ ਸਿਰਜਣਹਾਰ ਹੈ?,” ਜੀਵਨ ਦੀ ਸ਼ੁਰੂਆਤ ਬਾਰੇ ਪੰਜ ਜ਼ਰੂਰੀ ਸਵਾਲ (ਹਿੰਦੀ) ਨਾਂ ਦਾ ਬਰੋਸ਼ਰ ਅਤੇ ਕੀ ਕੋਈ ਸ੍ਰਿਸ਼ਟੀਕਰਤਾ ਹੈ ਜੋ ਤੁਹਾਡੀ ਪਰਵਾਹ ਕਰਦਾ ਹੈ? (ਅੰਗ੍ਰੇਜ਼ੀ) ਪੜ੍ਹ ਕੇ ਮਦਦ ਹੋਈ ਹੈ। ਨਾਲੇ ਬਹੁਤ ਸਾਰੇ ਨੌਜਵਾਨਾਂ ਨੂੰ jw.org ’ਤੇ ਅੰਗ੍ਰੇਜ਼ੀ ਵਿਚ “ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ?” ਲੇਖਾਂ ਦੀ ਲੜੀ ਤੋਂ ਫ਼ਾਇਦਾ ਹੋਇਆ ਹੈ। ਇਹ ਜਾਣਕਾਰੀ BIBLE TEACHINGS > TEENAGERS ਹੇਠਾਂ ਦੇਖੀ ਜਾ ਸਕਦੀ ਹੈ। ਇਸ ਲੜੀ ਦਾ ਹਰ ਲੇਖ ਬਾਈਬਲ ਦੇ ਅਲੱਗ-ਅਲੱਗ ਵਿਸ਼ਿਆਂ ਬਾਰੇ ਤੁਹਾਡੇ ਵਿਸ਼ਵਾਸ ਨੂੰ ਮਜ਼ਬੂਤ ਕਰਨ ਲਈ ਤਿਆਰ ਕੀਤਾ ਗਿਆ ਹੈ।

8 ਤੁਹਾਨੂੰ ਬਾਈਬਲ ਬਾਰੇ ਪਹਿਲਾਂ ਤੋਂ ਹੀ ਜਾਣਕਾਰੀ ਹੋਣ ਕਰਕੇ ਸ਼ਾਇਦ ਤੁਸੀਂ ਉਨ੍ਹਾਂ ਲੜੀਵਾਰ ਲੇਖਾਂ ਦੇ ਕੁਝ ਸਵਾਲਾਂ ਦੇ ਜਵਾਬ ਝੱਟ-ਪੱਟ ਲਿਖ ਲਓ। ਪਰ ਤੁਹਾਨੂੰ ਪੱਕਾ ਯਕੀਨ ਕਿਉਂ ਹੈ ਕਿ ਤੁਸੀਂ ਜੋ ਲਿਖਿਆ ਹੈ, ਉਹ ਸਹੀ ਹੈ? ਇਹ ਲੇਖ ਬਾਈਬਲ ਦੀਆਂ ਅਲੱਗ-ਅਲੱਗ ਆਇਤਾਂ ’ਤੇ ਧਿਆਨ ਨਾਲ ਸੋਚ-ਵਿਚਾਰ ਕਰਨ ਵਿਚ ਤੁਹਾਡੀ ਮਦਦ ਕਰਨਗੇ। ਨਾਲੇ ਤੁਹਾਨੂੰ ਆਪਣੇ ਵਿਚਾਰ ਲਿਖਣ ਲਈ ਪ੍ਰੇਰਣਗੇ ਕਿ ਤੁਸੀਂ ਕਿਸੇ ਗੱਲ ’ਤੇ ਕਿਉਂ ਵਿਸ਼ਵਾਸ ਕਰਦੇ ਹੋ। ਇਹ ਲੇਖ ਦੂਸਰਿਆਂ ਨੂੰ ਆਪਣੇ ਵਿਸ਼ਵਾਸਾਂ ਬਾਰੇ ਸਮਝਾਉਣ ਵਿਚ ਤੁਹਾਡੀ ਮਦਦ ਕਰਨਗੇ। ਜੇ ਤੁਹਾਡੇ ਕੋਲ ਇੰਟਰਨੈੱਟ ਹੈ, ਤਾਂ “ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ?” ਲੇਖਾਂ ਦੀ ਲੜੀ ਦੀ ਸਟੱਡੀ ਕਰ ਕੇ ਤੁਸੀਂ ਆਪਣੇ ਵਿਸ਼ਵਾਸ ਮਜ਼ਬੂਤ ਕਰ ਸਕਦੇ ਹੋ।

9 ਆਪਣੇ ਵਿਸ਼ਵਾਸ ਮਜ਼ਬੂਤ ਕਰਨ ਨਾਲ ਤੁਸੀਂ ਬਪਤਿਸਮਾ ਲੈਣ ਦੀ ਤਿਆਰੀ ਕਰ ਰਹੇ ਹੋ। ਇਕ ਅੱਲ੍ਹੜ ਉਮਰ ਦੀ ਭੈਣ ਕਹਿੰਦੀ ਹੈ: “ਬਪਤਿਸਮਾ ਲੈਣ ਤੋਂ ਪਹਿਲਾਂ ਮੈਂ ਬਾਈਬਲ ਦੀ ਸਟੱਡੀ ਕੀਤੀ ਅਤੇ ਦੇਖਿਆ ਕਿ ਇਹੀ ਸੱਚਾਈ ਹੈ। ਮੇਰਾ ਵਿਸ਼ਵਾਸ ਦਿਨ-ਬਦਿਨ ਹੋਰ ਮਜ਼ਬੂਤ ਹੁੰਦਾ ਜਾ ਰਿਹਾ ਹੈ।”

ਤੁਹਾਡੇ ਕੰਮ

10. ਇਕ ਬਪਤਿਸਮਾ-ਪ੍ਰਾਪਤ ਮਸੀਹੀ ਤੋਂ ਇਹ ਉਮੀਦ ਰੱਖਣੀ ਜਾਇਜ਼ ਕਿਉਂ ਹੈ ਕਿ ਉਹ ਕੰਮਾਂ ਰਾਹੀਂ ਆਪਣੀ ਨਿਹਚਾ ਦਿਖਾਵੇ?

10 ਬਾਈਬਲ ਕਹਿੰਦੀ ਹੈ: “ਜੇ ਤੁਸੀਂ ਨਿਹਚਾ ਰੱਖਣ ਦੇ ਨਾਲ-ਨਾਲ ਇਸ ਮੁਤਾਬਕ ਕੰਮ ਨਹੀਂ ਕਰਦੇ, ਤਾਂ ਤੁਹਾਡੀ ਨਿਹਚਾ ਮਰੀ ਹੋਈ ਹੈ।” (ਯਾਕੂ. 2:17) ਜੇ ਤੁਹਾਡਾ ਵਿਸ਼ਵਾਸ ਮਜ਼ਬੂਤ ਹੈ, ਤਾਂ ਤੁਹਾਡੇ ਤੋਂ ਇਹ ਉਮੀਦ ਰੱਖਣੀ ਜਾਇਜ਼ ਹੈ ਕਿ ਤੁਸੀਂ ਕੰਮਾਂ ਰਾਹੀਂ ਆਪਣੀ ਨਿਹਚਾ ਦਿਖਾਓ। ਤੁਹਾਨੂੰ ਕਿਹੋ ਜਿਹੇ ਕੰਮ ਕਰਨੇ ਚਾਹੀਦੇ ਹਨ? ਬਾਈਬਲ ਕਹਿੰਦੀ ਹੈ: “ਤੁਹਾਨੂੰ ਆਪਣਾ ਚਾਲ-ਚਲਣ ਸ਼ੁੱਧ ਰੱਖਣਾ ਚਾਹੀਦਾ ਹੈ ਅਤੇ ਭਗਤੀ ਦੇ ਕੰਮ ਕਰਨੇ ਚਾਹੀਦੇ ਹਨ।”​—2 ਪਤਰਸ 3:11 ਪੜ੍ਹੋ।

11. “ਚਾਲ-ਚਲਣ ਸ਼ੁੱਧ” ਰੱਖਣ ਦਾ ਕੀ ਮਤਲਬ ਹੈ?

11 “ਚਾਲ-ਚਲਣ ਸ਼ੁੱਧ” ਰੱਖਣ ਦਾ ਮਤਲਬ ਹੈ ਕਿ ਤੁਸੀਂ ਨੈਤਿਕ ਤੌਰ ’ਤੇ ਸ਼ੁੱਧ ਰਹੋ। ਮਿਸਾਲ ਲਈ, ਪਿਛਲੇ ਛੇ ਮਹੀਨਿਆਂ ਬਾਰੇ ਸੋਚੋ। ਕੀ ਤੁਸੀਂ ਦਿਖਾਇਆ ਹੈ ਕਿ ਤੁਸੀਂ ਆਪਣੀ “ਸੋਚਣ-ਸਮਝਣ ਦੀ ਕਾਬਲੀਅਤ” ਇਸਤੇਮਾਲ ਕਰ ਕੇ ਸਹੀ ਤੇ ਗ਼ਲਤ ਵਿਚ ਫ਼ਰਕ ਪਛਾਣਦੇ ਹੋ? (ਇਬ. 5:14) ਕੀ ਤੁਹਾਨੂੰ ਉਹ ਸਮਾਂ ਯਾਦ ਹੈ ਜਦੋਂ ਤੁਸੀਂ ਕੋਈ ਗ਼ਲਤ ਕੰਮ ਕਰਨ ਤੋਂ ਨਾਂਹ ਕੀਤੀ ਸੀ ਜਾਂ ਆਪਣੇ ਹਾਣੀਆਂ ਦੇ ਦਬਾਅ ਹੇਠ ਨਹੀਂ ਆਏ ਸੀ? ਕੀ ਸਕੂਲ ਵਿਚ ਤੁਹਾਡਾ ਚਾਲ-ਚਲਣ ਦੂਜਿਆਂ ਲਈ ਵਧੀਆ ਮਿਸਾਲ ਹੈ? ਕੀ ਤੁਸੀਂ ਯਹੋਵਾਹ ਦੇ ਵਫ਼ਾਦਾਰ ਰਹਿੰਦੇ ਹੋ ਜਾਂ ਕੀ ਤੁਸੀਂ ਹਾਣੀਆਂ ਦੇ ਮਜ਼ਾਕ ਤੋਂ ਬਚਣ ਲਈ ਉਨ੍ਹਾਂ ਵਰਗੇ ਬਣਨ ਦੀ ਕੋਸ਼ਿਸ਼ ਕਰਦੇ ਹੋ? (1 ਪਤ. 4:3, 4) ਇਹ ਸੱਚ ਹੈ ਕਿ ਅਸੀਂ ਸਾਰੇ ਗ਼ਲਤੀਆਂ ਕਰਦੇ ਹਾਂ। ਬਹੁਤ ਸਾਲਾਂ ਤੋਂ ਯਹੋਵਾਹ ਦੀ ਸੇਵਾ ਕਰਨ ਵਾਲੇ ਵੀ ਸ਼ਾਇਦ ਕਈ ਵਾਰ ਦੂਜਿਆਂ ਨੂੰ ਆਪਣੇ ਵਿਸ਼ਵਾਸ ਦੱਸਣ ਤੋਂ ਸ਼ਰਮਾਉਣ। ਪਰ ਜਿਸ ਵਿਅਕਤੀ ਨੇ ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕੀਤੀ ਹੈ, ਉਸ ਨੂੰ ਯਹੋਵਾਹ ਦਾ ਗਵਾਹ ਹੋਣ ’ਤੇ ਮਾਣ ਹੈ ਅਤੇ ਇਹ ਉਸ ਦੇ ਸ਼ੁੱਧ ਚਾਲ-ਚਲਣ ਤੋਂ ਨਜ਼ਰ ਆਉਂਦਾ ਹੈ।

12. ‘ਭਗਤੀ ਦੇ ਕੁਝ ਕੰਮ’ ਕੀ ਹਨ ਅਤੇ ਤੁਹਾਨੂੰ ਇਨ੍ਹਾਂ ਬਾਰੇ ਕਿੱਦਾਂ ਸੋਚਣਾ ਚਾਹੀਦਾ ਹੈ?

12 “ਭਗਤੀ ਦੇ ਕੰਮ” ਕੀ ਹਨ? ਇਸ ਵਿਚ ਮੰਡਲੀ ਦੇ ਕੰਮਾਂ ਵਿਚ ਹਿੱਸਾ ਲੈਣਾ ਸ਼ਾਮਲ ਹੈ, ਜਿਵੇਂ ਸਭਾਵਾਂ ਅਤੇ ਪ੍ਰਚਾਰ ਵਿਚ ਜਾਣਾ। ਪਰ ਇਸ ਵਿਚ ਉਹ ਕੰਮ ਵੀ ਸ਼ਾਮਲ ਹਨ ਜਿਨ੍ਹਾਂ ਨੂੰ ਕਰਦਿਆਂ ਤੁਹਾਨੂੰ ਕੋਈ ਨਹੀਂ ਦੇਖਦਾ, ਜਿਵੇਂ ਪ੍ਰਾਰਥਨਾ ਕਰਨੀ ਅਤੇ ਆਪਣੀ ਸਟੱਡੀ ਕਰਨੀ। ਪਰ ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰਨ ਵਾਲੇ ਇਨ੍ਹਾਂ ਕੰਮਾਂ ਨੂੰ ਬੋਝ ਨਹੀਂ ਸਮਝਦੇ। ਉਹ ਰਾਜਾ ਦਾਊਦ ਵਾਂਗ ਮਹਿਸੂਸ ਕਰਦੇ ਹਨ ਜਿਸ ਨੇ ਕਿਹਾ: “ਭਈ ਤੇਰੀ ਇੱਛਿਆ ਨੂੰ ਪੂਰਿਆਂ ਕਰਨ ਵਿੱਚ, ਹੇ ਮੇਰੇ ਪਰਮੇਸ਼ੁਰ, ਮੈਂ ਪਰਸੰਨ ਹਾਂ, ਅਤੇ ਤੇਰੀ ਬਿਵਸਥਾ ਮੇਰੇ ਰਿਦੇ ਦੇ ਅੰਦਰ ਹੈ।”​—ਜ਼ਬੂ. 40:8.

13, 14. “ਭਗਤੀ ਦੇ ਕੰਮ” ਕਰਨ ਲਈ ਤੁਸੀਂ ਕਿੱਥੋਂ ਮਦਦ ਲੈ ਸਕਦੇ ਹੋ? ਇਸ ਨਾਲ ਕਈ ਨੌਜਵਾਨਾਂ ਦੀ ਕਿੱਦਾਂ ਮਦਦ ਹੋਈ?

13 ਨੌਜਵਾਨਾਂ ਦੇ ਸਵਾਲ—ਵਿਵਹਾਰਕ ਜਵਾਬ, ਭਾਗ 2 (ਅੰਗ੍ਰੇਜ਼ੀ) ਨਾਂ ਦੀ ਕਿਤਾਬ ਦੇ ਸਫ਼ੇ 308 ਅਤੇ 309 ’ਤੇ ਕੁਝ ਸਵਾਲ ਦਿੱਤੇ ਗਏ ਹਨ ਜੋ ਤੁਹਾਡੀ ਟੀਚੇ ਰੱਖਣ ਵਿਚ ਮਦਦ ਕਰ ਸਕਦੇ ਹਨ। ਤੁਸੀਂ ਉਨ੍ਹਾਂ ਸਫ਼ਿਆਂ ’ਤੇ ਦਿੱਤੇ ਸਵਾਲਾਂ ਦੇ ਜਵਾਬ ਲਿਖ ਸਕਦੇ ਹੋ, ਜਿਵੇਂ: “ਕੀ ਤੁਸੀਂ ਯਹੋਵਾਹ ਨੂੰ ਆਪਣੀ ਹਰ ਇਕ ਛੋਟੀ-ਛੋਟੀ ਗੱਲ ਅਤੇ ਦੂਸਰਿਆਂ ਦੀਆਂ ਖ਼ਾਸ ਲੋੜਾਂ ਬਾਰੇ ਪ੍ਰਾਰਥਨਾ ਕਰਦੇ ਹੋ ਅਤੇ ਤੁਹਾਡੀਆਂ ਪ੍ਰਾਰਥਨਾਵਾਂ ਤੋਂ ਯਹੋਵਾਹ ਲਈ ਤੁਹਾਡੇ ਪਿਆਰ ਬਾਰੇ ਕੀ ਪਤਾ ਲੱਗਦਾ ਹੈ?” “ਤੁਸੀਂ ਕਿਨ੍ਹਾਂ ਗੱਲਾਂ ਬਾਰੇ ਸਟੱਡੀ ਕਰਦੇ ਹੋ?” “ਕੀ ਤੁਸੀਂ ਉਦੋਂ ਵੀ ਪ੍ਰਚਾਰ ’ਤੇ ਜਾਂਦੇ ਹੋ ਜਦੋਂ ਤੁਹਾਡੇ ਮਾਪੇ ਨਹੀਂ ਜਾਂਦੇ?” ਇਨ੍ਹਾਂ ਸਫ਼ਿਆਂ ’ਤੇ ਕੁਝ ਜਗ੍ਹਾ ਦਿੱਤੀ ਗਈ ਹੈ ਜਿੱਥੇ ਤੁਸੀਂ ਉਨ੍ਹਾਂ ਟੀਚਿਆਂ ਬਾਰੇ ਲਿਖ ਸਕਦੇ ਹੋ ਜੋ ਤੁਸੀਂ ਪ੍ਰਾਰਥਨਾ, ਸਟੱਡੀ ਅਤੇ ਪ੍ਰਚਾਰ ਸੰਬੰਧੀ ਰੱਖਣੇ ਚਾਹੁੰਦੇ ਹੋ।

14 ਬਪਤਿਸਮਾ ਲੈਣ ਬਾਰੇ ਸੋਚ ਰਹੇ ਬਹੁਤ ਸਾਰੇ ਨੌਜਵਾਨਾਂ ਨੂੰ ਇਸ ਜਾਣਕਾਰੀ ਤੋਂ ਬਹੁਤ ਫ਼ਾਇਦਾ ਹੋਇਆ ਹੈ। ਇਕ ਨੌਜਵਾਨ ਭੈਣ ਟਿਲਡਾ ਨੇ ਕਿਹਾ: “ਮੈਂ ਇਨ੍ਹਾਂ ਦੋ ਸਫ਼ਿਆਂ ’ਤੇ ਆਪਣੇ ਟੀਚੇ ਲਿਖੇ। ਮੈਂ ਇਕ ਤੋਂ ਬਾਅਦ ਇਕ ਟੀਚਾ ਹਾਸਲ ਕਰਦੀ ਗਈ ਅਤੇ ਲਗਭਗ ਇਕ ਸਾਲ ਬਾਅਦ ਮੈਂ ਬਪਤਿਸਮਾ ਲੈਣ ਲਈ ਤਿਆਰ ਸੀ।” ਪੈਟਰਿਕ ਨਾਂ ਦੇ ਨੌਜਵਾਨ ਭਰਾ ਨੂੰ ਵੀ ਫ਼ਾਇਦਾ ਹੋਇਆ। ਉਹ ਦੱਸਦਾ ਹੈ: “ਮੈਂ ਪਹਿਲਾਂ ਤੋਂ ਹੀ ਜਾਣਦਾ ਸੀ ਕਿ ਮੇਰੇ ਕਿਹੜੇ ਟੀਚੇ ਸਨ, ਪਰ ਲਿਖਣ ਨਾਲ ਮੈਂ ਇਨ੍ਹਾਂ ਨੂੰ ਹਾਸਲ ਕਰਨ ਵਿਚ ਹੋਰ ਵੀ ਜ਼ਿਆਦਾ ਮਿਹਨਤ ਕੀਤੀ।”

ਕੀ ਤੁਸੀਂ ਉਦੋਂ ਵੀ ਯਹੋਵਾਹ ਦੀ ਸੇਵਾ ਰਦੇ ਰਹੋਗੇ ਜਦੋਂ ਤੁਹਾਡੇ ਮਾਪੇ ਉਸ ਦੀ ਸੇਵਾ ਕਰਨੀ ਛੱਡ ਦੇਣਗੇ? (ਪੈਰਾ 15 ਦੇਖੋ)

15. ਸਮਝਾਓ ਕਿ ਸਮਰਪਣ ਕਰਨ ਦਾ ਫ਼ੈਸਲਾ ਤੁਹਾਡਾ ਆਪਣਾ ਕਿਉਂ ਹੋਣਾ ਚਾਹੀਦਾ ਹੈ।

15 ਉਨ੍ਹਾਂ ਸਫ਼ਿਆਂ ’ਤੇ ਇਕ ਸਵਾਲ ਇਹ ਹੈ: “ਕੀ ਤੁਸੀਂ ਯਹੋਵਾਹ ਦੀ ਉਦੋਂ ਵੀ ਸੇਵਾ ਕਰਦੇ ਰਹੋਗੇ ਜਦੋਂ ਤੁਹਾਡੇ ਮਾਪੇ ਅਤੇ ਤੁਹਾਡੇ ਦੋਸਤ ਉਸ ਦੀ ਸੇਵਾ ਕਰਨੀ ਛੱਡ ਦੇਣਗੇ?” ਯਾਦ ਰੱਖੋ ਕਿ ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਣ ਕਰਨ ਅਤੇ ਬਪਤਿਸਮਾ ਲੈਣ ਵਾਲੇ ਨੇ ਯਹੋਵਾਹ ਨੂੰ ਖ਼ੁਦ ਲੇਖਾ ਦੇਣਾ ਹੈ। ਇਸ ਲਈ ਤੁਹਾਨੂੰ ਦੂਸਰਿਆਂ ਜਾਂ ਆਪਣੇ ਮਾਪਿਆਂ ਕਰਕੇ ਯਹੋਵਾਹ ਦੀ ਸੇਵਾ ਨਹੀਂ ਕਰਨੀ ਚਾਹੀਦੀ। ਤੁਹਾਡਾ ਸ਼ੁੱਧ ਚਾਲ-ਚਲਣ ਅਤੇ ਭਗਤੀ ਦੇ ਕੰਮ ਦਿਖਾਉਂਦੇ ਹਨ ਕਿ ਤੁਹਾਨੂੰ ਪੱਕਾ ਯਕੀਨ ਹੈ ਕਿ ਇਹੀ ਸੱਚਾਈ ਹੈ ਅਤੇ ਤੁਸੀਂ ਬਪਤਿਸਮੇ ਵੱਲ ਕਦਮ ਵਧਾ ਰਹੇ ਹੋ।

ਤੁਹਾਡੀ ਕਦਰਦਾਨੀ

16, 17. (ੳ) ਇਕ ਵਿਅਕਤੀ ਨੂੰ ਕਿਹੜੀ ਗੱਲ ਕਰਕੇ ਮਸੀਹੀ ਬਣਨ ਲਈ ਪ੍ਰੇਰਿਤ ਹੋਣਾ ਚਾਹੀਦਾ ਹੈ? (ਅ) ਰਿਹਾਈ ਦੀ ਕੀਮਤ ਪ੍ਰਤੀ ਅਸੀਂ ਜੋ ਕਦਰ ਦਿਖਾਉਂਦੇ ਹਾਂ, ਉਸ ਨੂੰ ਮਿਸਾਲ ਦੁਆਰਾ ਸਮਝਾਓ।

16 ਮੂਸਾ ਦੇ ਕਾਨੂੰਨ ਦੇ ਮਾਹਰ ਇਕ ਫ਼ਰੀਸੀ ਨੇ ਯਿਸੂ ਨੂੰ ਪੁੱਛਿਆ: “ਮੂਸਾ ਦੇ ਕਾਨੂੰਨ ਵਿਚ ਸਭ ਤੋਂ ਵੱਡਾ ਹੁਕਮ ਕਿਹੜਾ ਹੈ?” ਯਿਸੂ ਨੇ ਜਵਾਬ ਦਿੱਤਾ: “ਤੂੰ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਆਪਣੇ ਪੂਰੇ ਦਿਲ ਨਾਲ, ਆਪਣੀ ਪੂਰੀ ਜਾਨ ਨਾਲ ਅਤੇ ਆਪਣੀ ਪੂਰੀ ਸਮਝ ਨਾਲ ਪਿਆਰ ਕਰ।” (ਮੱਤੀ 22:35-37) ਯਿਸੂ ਨੇ ਸਮਝਾਇਆ ਕਿ ਯਹੋਵਾਹ ਲਈ ਪਿਆਰ ਹੋਣ ਕਰਕੇ ਇਕ ਵਿਅਕਤੀ ਨੂੰ ਬਪਤਿਸਮਾ ਲੈ ਕੇ ਮਸੀਹੀ ਬਣਨਾ ਚਾਹੀਦਾ ਹੈ। ਯਹੋਵਾਹ ਲਈ ਆਪਣੇ ਪਿਆਰ ਨੂੰ ਮਜ਼ਬੂਤ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ ਕਿ ਤੁਸੀਂ ਉਸ ਵੱਲੋਂ ਦਿੱਤੇ ਰਿਹਾਈ ਦੀ ਕੀਮਤ ਦੇ ਬੇਸ਼ਕੀਮਤੀ ਤੋਹਫ਼ੇ ’ਤੇ ਸੋਚ-ਵਿਚਾਰ ਕਰੋ। (2 ਕੁਰਿੰਥੀਆਂ 5:14, 15; 1 ਯੂਹੰਨਾ 4:9, 19 ਪੜ੍ਹੋ।) ਜਦੋਂ ਤੁਸੀਂ ਇੱਦਾਂ ਕਰੋਗੇ, ਤਾਂ ਤੁਸੀਂ ਇਸ ਤੋਹਫ਼ੇ ਲਈ ਆਪਣੀ ਕਦਰਦਾਨੀ ਦਿਖਾਉਣ ਲਈ ਪ੍ਰੇਰਿਤ ਹੋਵੋਗੇ।

17 ਰਿਹਾਈ ਦੀ ਕੀਮਤ ਪ੍ਰਤੀ ਤੁਹਾਡੀ ਕਦਰਦਾਨੀ ਨੂੰ ਇਸ ਮਿਸਾਲ ਦੁਆਰਾ ਸਮਝਾਇਆ ਜਾ ਸਕਦਾ ਹੈ: ਸੋਚੋ ਕਿ ਤੁਸੀਂ ਡੁੱਬ ਰਹੇ ਹੋ ਅਤੇ ਕੋਈ ਤੁਹਾਨੂੰ ਬਚਾ ਲੈਂਦਾ ਹੈ। ਕੀ ਤੁਸੀਂ ਆਰਾਮ ਨਾਲ ਘਰ ਜਾ ਕੇ ਆਪਣੇ ਕੱਪੜੇ ਸੁਕਾ ਕੇ ਬੈਠ ਜਾਓਗੇ ਅਤੇ ਭੁੱਲ ਜਾਓਗੇ ਕਿ ਉਸ ਇਨਸਾਨ ਨੇ ਤੁਹਾਡੇ ਲਈ ਕੀ ਕੀਤਾ? ਬਿਲਕੁਲ ਨਹੀਂ! ਤੁਸੀਂ ਹਮੇਸ਼ਾ ਉਸ ਇਨਸਾਨ ਦੇ ਅਹਿਸਾਨਮੰਦ ਰਹੋਗੇ। ਇਸੇ ਤਰ੍ਹਾਂ ਸਾਨੂੰ ਵੀ ਰਿਹਾਈ ਦੀ ਕੀਮਤ ਲਈ ਯਹੋਵਾਹ ਅਤੇ ਯਿਸੂ ਨੂੰ ਆਪਣੀ ਕਦਰਦਾਨੀ ਦਿਖਾਉਣੀ ਚਾਹੀਦੀ ਹੈ। ਅਸੀਂ ਆਪਣੀ ਜ਼ਿੰਦਗੀ ਲਈ ਉਨ੍ਹਾਂ ਦੇ ਕਰਜ਼ਦਾਰ ਹਾਂ! ਉਨ੍ਹਾਂ ਨੇ ਸਾਨੂੰ ਪਾਪ ਅਤੇ ਮੌਤ ਤੋਂ ਬਚਾਇਆ ਹੈ। ਉਨ੍ਹਾਂ ਦੇ ਪਿਆਰ ਕਰਕੇ ਹੀ ਹੁਣ ਸਾਨੂੰ ਨਵੀਂ ਦੁਨੀਆਂ ਵਿਚ ਹਮੇਸ਼ਾ ਲਈ ਜੀਉਣ ਦੀ ਉਮੀਦ ਮਿਲੀ ਹੈ!

18, 19. (ੳ) ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰਨ ਤੋਂ ਤੁਹਾਨੂੰ ਕਿਉਂ ਨਹੀਂ ਡਰਨਾ ਚਾਹੀਦਾ? (ਅ) ਯਹੋਵਾਹ ਦੀ ਸੇਵਾ ਕਰ ਕੇ ਤੁਹਾਡੀ ਜ਼ਿੰਦਗੀ ਖ਼ੁਸ਼ੀਆਂ ਭਰੀ ਕਿਵੇਂ ਹੋਵੇਗੀ?

18 ਯਹੋਵਾਹ ਨੇ ਤੁਹਾਡੇ ਲਈ ਜੋ ਕੁਝ ਕੀਤਾ ਹੈ, ਕੀ ਤੁਸੀਂ ਉਸ ਲਈ ਸ਼ੁਕਰਗੁਜ਼ਾਰ ਨਹੀਂ ਹੋ? ਜੇ ਹਾਂ, ਤਾਂ ਤੁਹਾਡੇ ਲਈ ਸਮਰਪਣ ਕਰ ਕੇ ਬਪਤਿਸਮਾ ਲੈਣਾ ਸਹੀ ਕਦਮ ਹੈ। ਸਮਰਪਣ ਕਰਨ ਦਾ ਮਤਲਬ ਹੈ ਕਿ ਤੁਸੀਂ ਯਹੋਵਾਹ ਨਾਲ ਵਾਅਦਾ ਕਰਦੇ ਹੋ ਕਿ ਤੁਸੀਂ ਹਮੇਸ਼ਾ ਉਸ ਦੀ ਸੇਵਾ ਕਰੋਗੇ। ਕੀ ਤੁਹਾਨੂੰ ਇਹ ਵਾਅਦਾ ਕਰਨ ਤੋਂ ਡਰਨਾ ਚਾਹੀਦਾ ਹੈ? ਬਿਲਕੁਲ ਨਹੀਂ! ਯਹੋਵਾਹ ਤੁਹਾਡਾ ਭਲਾ ਚਾਹੁੰਦਾ ਹੈ ਅਤੇ ਉਹ “ਉਨ੍ਹਾਂ ਸਾਰਿਆਂ ਨੂੰ ਇਨਾਮ ਦਿੰਦਾ ਹੈ ਜਿਹੜੇ ਜੀ-ਜਾਨ ਨਾਲ ਉਸ ਦੀ ਇੱਛਾ ਪੂਰੀ ਕਰਨ ਦੀ ਕੋਸ਼ਿਸ਼ ਕਰਦੇ ਹਨ।” (ਇਬ. 11:6) ਜਦੋਂ ਤੁਸੀਂ ਪਰਮੇਸ਼ੁਰ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰ ਕੇ ਬਪਤਿਸਮਾ ਲਓਗੇ, ਤਾਂ ਤੁਹਾਡੀ ਜ਼ਿੰਦਗੀ ਖ਼ੁਸ਼ੀਆਂ ਭਰੀ ਹੋਵੇਗੀ ਅਤੇ ਯਹੋਵਾਹ ਨਾਲ ਤੁਹਾਡਾ ਰਿਸ਼ਤਾ ਗੂੜ੍ਹਾ ਹੋਵੇਗਾ। ਇਕ 24 ਸਾਲਾਂ ਦਾ ਭਰਾ, ਜਿਸ ਨੇ ਅੱਲ੍ਹੜ ਉਮਰ ਤੋਂ ਪਹਿਲਾਂ ਬਪਤਿਸਮਾ ਲਿਆ ਸੀ, ਦੱਸਦਾ ਹੈ: “ਜੇ ਮੈਂ ਥੋੜ੍ਹਾ ਹੋਰ ਵੱਡਾ ਹੋ ਕੇ ਬਪਤਿਸਮਾ ਲੈਂਦਾ, ਤਾਂ ਸ਼ਾਇਦ ਮੈਨੂੰ ਬਾਈਬਲ ਦੀ ਜ਼ਿਆਦਾ ਸਮਝ ਹੁੰਦੀ। ਪਰ ਛੋਟੀ ਉਮਰ ਵਿਚ ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰਨ ਨਾਲ ਮੈਂ ਦੁਨੀਆਂ ਦੇ ਪ੍ਰਭਾਵ ਤੋਂ ਬਚਿਆ ਰਿਹਾ।”

19 ਯਹੋਵਾਹ ਅਤੇ ਸ਼ੈਤਾਨ ਵਿਚ ਜ਼ਮੀਨ-ਆਸਮਾਨ ਦਾ ਫ਼ਰਕ ਹੈ। ਯਹੋਵਾਹ ਤੋਂ ਉਲਟ, ਸ਼ੈਤਾਨ ਸਿਰਫ਼ ਆਪਣੇ ਬਾਰੇ ਹੀ ਸੋਚਦਾ ਹੈ। ਉਸ ਨੂੰ ਤੁਹਾਡੀ ਕੋਈ ਪਰਵਾਹ ਨਹੀਂ। ਉਹ ਦੇ ਮਗਰ ਲੱਗ ਕੇ ਤੁਹਾਨੂੰ ਕੁਝ ਨਹੀਂ ਮਿਲਣਾ। ਸ਼ੈਤਾਨ ਤੁਹਾਨੂੰ ਕੀ ਦੇ ਸਕਦਾ ਹੈ ਜਿਸ ਕੋਲ ਆਪ ਹੀ ਕੁਝ ਨਹੀਂ। ਸ਼ੈਤਾਨ ਕੋਲ ਆਉਣ ਵਾਲੇ ਸਮੇਂ ਲਈ ਕੋਈ ਉਮੀਦ ਨਹੀਂ ਹੈ। ਉਹ ਤੁਹਾਨੂੰ ਸਿਰਫ਼ ਅਨ੍ਹੇਰ ਭਰਿਆ ਭਵਿੱਖ ਹੀ ਦੇ ਸਕਦਾ ਹੈ ਕਿਉਂਕਿ ਉਸ ਦਾ ਆਪਣਾ ਭਵਿੱਖ ਮਾੜਾ ਹੈ।​—ਪ੍ਰਕਾ. 20:10.

20. ਸਮਰਪਣ ਅਤੇ ਬਪਤਿਸਮੇ ਲਈ ਇਕ ਨੌਜਵਾਨ ਕਿਵੇਂ ਤਿਆਰੀ ਕਰ ਸਕਦਾ ਹੈ? (“ ਸੱਚਾਈ ਵਿਚ ਤਰੱਕੀ ਕਰਨ ਲਈ ਕੁਝ ਸੁਝਾਅ” ਨਾਂ ਦੀ ਡੱਬੀ ਦੇਖੋ।)

20 ਇਸ ਤੋਂ ਵਧੀਆ ਹੋਰ ਕਿਹੜਾ ਫ਼ੈਸਲਾ ਹੋ ਸਕਦਾ ਹੈ ਕਿ ਤੁਸੀਂ ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰੋ। ਪਰ ਕੀ ਤੁਸੀਂ ਇਹ ਫ਼ੈਸਲਾ ਕਰਨ ਲਈ ਤਿਆਰ ਹੋ? ਜੇ ਹਾਂ, ਤਾਂ ਇਹ ਫ਼ੈਸਲਾ ਲੈਣ ਤੋਂ ਪਿੱਛੇ ਨਾ ਹਟੋ। ਪਰ ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਅਜੇ ਤਿਆਰ ਨਹੀਂ ਹੋ, ਤਾਂ ਤਰੱਕੀ ਕਰਦੇ ਰਹਿਣ ਲਈ ਇਸ ਲੇਖ ਵਿਚ ਦੱਸੇ ਸੁਝਾਅ ਮੰਨੋ। ਪੌਲੁਸ ਨੇ ਫ਼ਿਲਿੱਪੀਆਂ ਦੇ ਭੈਣਾਂ-ਭਰਾਵਾਂ ਨੂੰ ਲਿਖਿਆ: “ਜੋ ਵੀ ਹੈ, ਜਿੱਥੋਂ ਤਕ ਅਸੀਂ ਤਰੱਕੀ ਕੀਤੀ ਹੈ, ਆਓ ਆਪਾਂ ਹੋਰ ਤਰੱਕੀ ਕਰਦੇ ਜਾਈਏ।” (ਫ਼ਿਲਿ. 3:16) ਜੇ ਤੁਸੀਂ ਇਹ ਸਲਾਹ ਮੰਨੋਗੇ, ਤਾਂ ਤੁਸੀਂ ਜਲਦ ਹੀ ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰ ਕੇ ਬਪਤਿਸਮਾ ਲੈਣਾ ਚਾਹੋਗੇ।