Skip to content

Skip to table of contents

ਤੁਸੀਂ ਮੰਡਲੀ ਦੀ ਏਕਤਾ ਕਿਵੇਂ ਮਜ਼ਬੂਤ ਕਰ ਸਕਦੇ ਹੋ?

ਤੁਸੀਂ ਮੰਡਲੀ ਦੀ ਏਕਤਾ ਕਿਵੇਂ ਮਜ਼ਬੂਤ ਕਰ ਸਕਦੇ ਹੋ?

‘ਮਸੀਹ ਦੇ ਰਾਹੀਂ ਸਰੀਰ ਦਾ ਹਰ ਅੰਗ ਇਕ-ਦੂਜੇ ਨਾਲ ਠੀਕ-ਠੀਕ ਜੁੜਿਆ ਹੋਇਆ ਹੈ ਅਤੇ ਇਕ-ਦੂਜੇ ਨਾਲ ਮਿਲ ਕੇ ਕੰਮ ਕਰਦਾ ਹੈ।’—ਅਫ਼. 4:16.

ਗੀਤ: 53, 16

1. ਸ਼ੁਰੂ ਤੋਂ ਹੀ ਯਹੋਵਾਹ ਦੇ ਕੰਮ ਕਰਨ ਦੇ ਤਰੀਕੇ ਤੋਂ ਕਿਹੜੀ ਗੱਲ ਦਾ ਪਤਾ ਲੱਗਦਾ ਹੈ?

ਯਹੋਵਾਹ ਅਤੇ ਯਿਸੂ ਵਿਚ ਸ਼ੁਰੂ ਤੋਂ ਹੀ ਏਕਤਾ ਹੈ। ਯਹੋਵਾਹ ਨੇ ਸਾਰੀਆਂ ਚੀਜ਼ਾਂ ਬਣਾਉਣ ਤੋਂ ਪਹਿਲਾਂ ਯਿਸੂ ਨੂੰ ਬਣਾਇਆ। ਫਿਰ ਯਿਸੂ ਨੇ ਆਪਣੇ ਪਿਤਾ ਨਾਲ ਬਾਕੀ ਸਾਰੀਆਂ ਚੀਜ਼ਾਂ ਬਣਾਉਣ ਵਿਚ ਹੱਥ ਵਟਾਇਆ ਅਤੇ ਉਹ ‘ਰਾਜ ਮਿਸਤਰੀ ਦੇ ਸਮਾਨ ਪਰਮੇਸ਼ੁਰ ਦੇ ਨਾਲ ਸੀ।’ (ਕਹਾ. 8:30) ਇਸੇ ਤਰ੍ਹਾਂ ਯਹੋਵਾਹ ਦੇ ਸੇਵਕਾਂ ਨੇ ਵੀ ਇਕ-ਦੂਜੇ ਨਾਲ ਮਿਲ ਕੇ ਕੰਮ ਕੀਤਾ ਸੀ। ਮਿਸਾਲ ਲਈ, ਨੂਹ ਅਤੇ ਉਸ ਦੇ ਪਰਿਵਾਰ ਨੇ ਇਕੱਠੇ ਮਿਲ ਕੇ ਕਿਸ਼ਤੀ ਬਣਾਈ ਸੀ। ਨਾਲੇ ਇਜ਼ਰਾਈਲੀਆਂ ਨੇ ਤੰਬੂ ਲਾਉਣ ਅਤੇ ਲਾਹ ਕੇ ਇਸ ਨੂੰ ਇਕ ਥਾਂ ਤੋਂ ਦੂਜੀ ਥਾਂ ਲਿਜਾਣ ਦਾ ਕੰਮ ਮਿਲ ਕੇ ਕੀਤਾ। ਮੰਦਰ ਵਿਚ ਯਹੋਵਾਹ ਦੀ ਮਹਿਮਾ ਕਰਨ ਲਈ ਇਜ਼ਰਾਈਲੀ ਇਕੱਠੇ ਮਿਲ ਕੇ ਸਾਜ਼ ਵਜਾਉਂਦੇ ਸਨ ਅਤੇ ਗੀਤ ਗਾਉਂਦੇ ਸਨ। ਯਹੋਵਾਹ ਦੇ ਲੋਕ ਇਹ ਸਭ ਕੁਝ ਇਸ ਲਈ ਕਰ ਸਕੇ ਕਿਉਂਕਿ ਉਹ ਮਿਲ-ਜੁਲ ਕੇ ਕੰਮ ਕਰਦੇ ਸਨ।​—ਉਤ. 6:14-16, 22; ਗਿਣ. 4:4-32; 1 ਇਤ. 25:1-8.

2. (ੳ) ਪਹਿਲੀ ਸਦੀ ਦੇ ਮਸੀਹੀਆਂ ਵਿਚ ਕਿਹੜੀ ਖ਼ਾਸ ਗੱਲ ਸੀ? (ਅ) ਅਸੀਂ ਕਿਸ ਸਵਾਲ ’ਤੇ ਗੌਰ ਕਰਾਂਗੇ?

2 ਪਹਿਲੀ ਸਦੀ ਦੇ ਮਸੀਹੀ ਵੀ ਆਪਣੇ ਆਗੂ ਯਿਸੂ ਮਸੀਹ ਦੇ ਅਧੀਨ ਰਹਿ ਕੇ ਮਿਲ ਕੇ ਕੰਮ ਕਰਦੇ ਸਨ। ਪੌਲੁਸ ਰਸੂਲ ਨੇ ਸਮਝਾਇਆ ਕਿ ਭਾਵੇਂ ਹਰ ਚੁਣੇ ਹੋਏ ਮਸੀਹੀ ਕੋਲ ‘ਵੱਖੋ-ਵੱਖਰੀਆਂ ਦਾਤਾਂ’ ਅਤੇ “ਵੱਖੋ-ਵੱਖਰੇ ਸੇਵਾ ਦੇ ਕੰਮ” ਸਨ, ਪਰ ਫਿਰ ਵੀ ਉਹ “ਇਕ ਸਰੀਰ” ਸਨ। (1 ਕੁਰਿੰਥੀਆਂ 12:4-6, 12 ਪੜ੍ਹੋ।) ਪਰ ਅੱਜ ਸਾਡੇ ਬਾਰੇ ਕੀ? ਅਸੀਂ ਪ੍ਰਚਾਰ, ਮੰਡਲੀ ਅਤੇ ਪਰਿਵਾਰ ਵਿਚ ਇਕ-ਦੂਜੇ ਨਾਲ ਮਿਲ ਕੇ ਕੰਮ ਕਿਵੇਂ ਕਰ ਸਕਦੇ ਹਾਂ?

ਪ੍ਰਚਾਰ ਵਿਚ ਮਿਲ ਕੇ ਕੰਮ ਕਰਨਾ

3. ਯੂਹੰਨਾ ਰਸੂਲ ਨੇ ਕਿਹੜਾ ਦਰਸ਼ਨ ਦੇਖਿਆ?

3 ਪਹਿਲੀ ਸਦੀ ਵਿਚ ਯੂਹੰਨਾ ਰਸੂਲ ਨੇ ਦਰਸ਼ਨ ਵਿਚ ਸੱਤ ਦੂਤਾਂ ਨੂੰ ਤੁਰ੍ਹੀ ਵਜਾਉਂਦੇ ਦੇਖਿਆ। ਜਦੋਂ ਪੰਜਵੇਂ ਦੂਤ ਨੇ ਆਪਣੀ ਤੁਰ੍ਹੀ ਵਜਾਈ, ਤਾਂ ਯੂਹੰਨਾ ਨੇ “ਇਕ ਤਾਰਾ ਦੇਖਿਆ ਜੋ ਆਕਾਸ਼ੋਂ ਧਰਤੀ ਉੱਤੇ ਡਿਗਿਆ ਸੀ।” ਇਸ ‘ਤਾਰੇ’ ਦੇ ਹੱਥ ਵਿਚ ਚਾਬੀ ਸੀ ਜਿਸ ਨਾਲ ਉਸ ਨੇ ਅਥਾਹ ਕੁੰਡ ਨੂੰ ਖੋਲ੍ਹਿਆ। ਅਥਾਹ ਕੁੰਡ ਵਿੱਚੋਂ ਪਹਿਲਾਂ ਕਾਲਾ ਧੂੰਆਂ ਨਿਕਲਿਆ ਅਤੇ ਫਿਰ ਟਿੱਡੀਆਂ ਦਾ ਝੁੰਡ ਧੂੰਏਂ ਵਿੱਚੋਂ ਨਿਕਲਿਆ। ਇਹ ਟਿੱਡੀਆਂ ਦਰਖ਼ਤਾਂ ਜਾਂ ਪੇੜ-ਪੌਦਿਆਂ ਨੂੰ ਨੁਕਸਾਨ ਪਹੁੰਚਾਉਣ ਦੀ ਬਜਾਇ ਉਨ੍ਹਾਂ ਲੋਕਾਂ ’ਤੇ ਹਮਲਾ ਕਰਦੀਆਂ ਹਨ “ਜਿਨ੍ਹਾਂ ਦੇ ਮੱਥੇ ਉੱਤੇ ਪਰਮੇਸ਼ੁਰ ਦੀ ਮੁਹਰ ਨਹੀਂ ਲੱਗੀ” ਹੋਈ ਹੈ। (ਪ੍ਰਕਾ. 9:1-4) ਯੂਹੰਨਾ ਜਾਣਦਾ ਸੀ ਕਿ ਟਿੱਡੀਆਂ ਦਾ ਝੁੰਡ ਬਹੁਤ ਨੁਕਸਾਨ ਕਰ ਸਕਦਾ ਹੈ ਜਿਵੇਂ ਮੂਸਾ ਦੇ ਜ਼ਮਾਨੇ ਵਿਚ ਕੀਤਾ ਸੀ। (ਕੂਚ 10:12-15) ਯੂਹੰਨਾ ਨੇ ਜੋ ਟਿੱਡੀਆਂ ਦੇਖੀਆਂ, ਉਹ ਚੁਣੇ ਹੋਏ ਮਸੀਹੀਆਂ ਨੂੰ ਦਰਸਾਉਂਦੀਆਂ ਹਨ ਜੋ ਝੂਠੇ ਧਰਮਾਂ ਦੇ ਖ਼ਿਲਾਫ਼ ਬਹੁਤ ਜ਼ਬਰਦਸਤ ਸੰਦੇਸ਼ ਸੁਣਾ ਰਹੇ ਹਨ। ਨਾਲੇ ਧਰਤੀ ’ਤੇ ਰਹਿਣ ਦੀ ਉਮੀਦ ਰੱਖਣ ਵਾਲੇ ਲੱਖਾਂ ਹੀ ਲੋਕ ਉਨ੍ਹਾਂ ਨਾਲ ਮਿਲ ਕੇ ਇਹ ਸੰਦੇਸ਼ ਸੁਣਾ ਰਹੇ ਹਨ। ਇਸ ਕੰਮ ਕਰਕੇ ਬਹੁਤ ਸਾਰੇ ਲੋਕ ਝੂਠੇ ਧਰਮਾਂ ਅਤੇ ਸ਼ੈਤਾਨ ਦੇ ਚੁੰਗਲ਼ ਤੋਂ ਆਜ਼ਾਦ ਹੋਏ ਹਨ।

4. ਪਰਮੇਸ਼ੁਰ ਦੇ ਲੋਕਾਂ ਨੂੰ ਕਿਹੜੀ ਜ਼ਿੰਮੇਵਾਰੀ ਦਿੱਤੀ ਗਈ ਹੈ ਅਤੇ ਇਸ ਨੂੰ ਪੂਰਾ ਕਰਨ ਲਈ ਕੀ ਕਰਨਾ ਜ਼ਰੂਰੀ ਹੈ?

4 ਸਾਨੂੰ ਇਹ ਜ਼ਿੰਮੇਵਾਰੀ ਦਿੱਤੀ ਗਈ ਹੈ ਕਿ ਅਸੀਂ ਅੰਤ ਆਉਣ ਤੋਂ ਪਹਿਲਾਂ ਦੁਨੀਆਂ ਭਰ ਵਿਚ ਸਾਰੇ ਲੋਕਾਂ ਨੂੰ “ਖ਼ੁਸ਼ ਖ਼ਬਰੀ” ਸੁਣਾਈਏ। ਇਹ ਕੋਈ ਮਾੜਾ-ਮੋਟਾ ਕੰਮ ਨਹੀਂ। (ਮੱਤੀ 24:14; 28:19, 20) ਅਸੀਂ ‘ਪਿਆਸੇ’ ਲੋਕਾਂ ਨੂੰ “ਅੰਮ੍ਰਿਤ ਜਲ ਮੁਫ਼ਤ” ਪੀਣ ਦਾ ਸੱਦਾ ਦਿੰਦੇ ਹਾਂ ਯਾਨੀ ਅਸੀਂ ਉਨ੍ਹਾਂ ਲੋਕਾਂ ਨੂੰ ਬਾਈਬਲ ਦੀਆਂ ਸੱਚਾਈਆਂ ਸਿਖਾਉਂਦੇ ਹਾਂ ਜੋ ਇਨ੍ਹਾਂ ਨੂੰ ਸਮਝਣਾ ਚਾਹੁੰਦੇ ਹਨ। (ਪ੍ਰਕਾ. 22:17) ਪਰ ਅਸੀਂ ਇਹ ਕੰਮ ਤਾਂ ਹੀ ਕਰ ਸਕਦੇ ਹਾਂ ਜੇ ਅਸੀਂ “ਇਕ-ਦੂਜੇ ਨਾਲ ਮਿਲ ਕੇ ਕੰਮ” ਕਰਦੇ ਹਾਂ।​—ਅਫ਼. 4:16.

5, 6. ਅਸੀਂ ਇਕੱਠੇ ਮਿਲ ਕੇ ਕਿਹੜੇ ਕੰਮ ਕਰਦੇ ਹਾਂ?

5 ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤਕ ਪਹੁੰਚਣ ਲਈ ਸਾਨੂੰ ਪ੍ਰਚਾਰ ਦਾ ਕੰਮ ਸਹੀ ਢੰਗ ਨਾਲ ਕਰਨਾ ਚਾਹੀਦਾ ਹੈ। ਮੰਡਲੀ ਵੱਲੋਂ ਮਿਲਦੀ ਸੇਧ ਸਾਡੀ ਇੱਦਾਂ ਕਰਨ ਵਿਚ ਮਦਦ ਕਰਦੀ ਹੈ। ਪ੍ਰਚਾਰ ਲਈ ਰੱਖੀ ਸਭਾ ਤੋਂ ਬਾਅਦ ਅਸੀਂ ਲੋਕਾਂ ਨਾਲ ਰਾਜ ਦੀ ਖ਼ੁਸ਼ ਖ਼ਬਰੀ ਸਾਂਝੀ ਕਰਨ ਜਾਂਦੇ ਹਾਂ ਅਤੇ ਉਨ੍ਹਾਂ ਨੂੰ ਬਾਈਬਲ-ਆਧਾਰਿਤ ਪ੍ਰਕਾਸ਼ਨ ਵੀ ਦਿੰਦੇ ਹਾਂ। ਦਰਅਸਲ ਅਸੀਂ ਦੁਨੀਆਂ ਭਰ ਵਿਚ ਲੱਖਾਂ-ਕਰੋੜਾਂ ਹੀ ਪ੍ਰਕਾਸ਼ਨ ਦਿੱਤੇ ਹਨ। ਕਈ ਵਾਰ ਸਾਨੂੰ ਖ਼ਾਸ ਮੁਹਿੰਮਾਂ ਵਿਚ ਹਿੱਸਾ ਲੈਣ ਲਈ ਕਿਹਾ ਜਾਂਦਾ ਹੈ। ਖ਼ਾਸ ਮੁਹਿੰਮਾਂ ਵਿਚ ਹਿੱਸਾ ਲੈ ਕੇ ਤੁਸੀਂ ਲੱਖਾਂ ਭੈਣਾਂ-ਭਰਾਵਾਂ ਨਾਲ ਮਿਲ ਕੇ ਇੱਕੋ ਸੰਦੇਸ਼ ਸੁਣਾਉਂਦੇ ਹੋ। ਨਾਲੇ ਤੁਸੀਂ ਦੂਤਾਂ ਨਾਲ ਮਿਲ ਕੇ ਕੰਮ ਕਰਦੇ ਹੋ ਜੋ ਪਰਮੇਸ਼ੁਰ ਦੇ ਲੋਕਾਂ ਦੀ ਖ਼ੁਸ਼ ਖ਼ਬਰੀ ਸੁਣਾਉਣ ਵਿਚ ਮਦਦ ਕਰ ਰਹੇ ਹਨ।​—ਪ੍ਰਕਾ. 14:6.

6 ਸਾਨੂੰ ਕਿੰਨੀ ਜ਼ਿਆਦਾ ਖ਼ੁਸ਼ੀ ਹੁੰਦੀ ਹੈ ਜਦੋਂ ਅਸੀਂ ਪੂਰੀ ਦੁਨੀਆਂ ਵਿਚ ਪ੍ਰਚਾਰ ਕੰਮ ਦੇ ਨਤੀਜਿਆਂ ਬਾਰੇ ਯੀਅਰ ਬੁੱਕ ਵਿੱਚੋਂ ਪੜ੍ਹਦੇ ਹਾਂ! ਨਾਲੇ ਇਹ ਵੀ ਸੋਚੋ ਕਿ ਅਸੀਂ ਉਦੋਂ ਵੀ ਮਿਲ ਕੇ ਕੰਮ ਕਰਦੇ ਹਾਂ ਜਦੋਂ ਅਸੀਂ ਲੋਕਾਂ ਨੂੰ ਵੱਡੇ ਸੰਮੇਲਨ ’ਤੇ ਆਉਣ ਦਾ ਸੱਦਾ ਦਿੰਦੇ ਹਾਂ। ਭਾਸ਼ਣਾਂ, ਡਰਾਮਿਆਂ ਅਤੇ ਪ੍ਰਦਰਸ਼ਨਾਂ ਰਾਹੀਂ ਸਾਨੂੰ ਹੱਲਾਸ਼ੇਰੀ ਮਿਲਦੀ ਹੈ ਕਿ ਅਸੀਂ ਤਨ-ਮਨ ਲਾ ਕੇ ਯਹੋਵਾਹ ਦੀ ਸੇਵਾ ਕਰੀਏ। ਅਸੀਂ ਉਦੋਂ ਵੀ ਦੁਨੀਆਂ ਭਰ ਦੇ ਭੈਣਾਂ-ਭਰਾਵਾਂ ਨਾਲ ਏਕਤਾ ਵਿਚ ਬੱਝਦੇ ਹਾਂ ਜਦੋਂ ਅਸੀਂ ਹਰ ਸਾਲ ਯਿਸੂ ਦੀ ਮੌਤ ਦੀ ਯਾਦਗਾਰ ਮਨਾਉਣ ਲਈ ਹਾਜ਼ਰ ਹੁੰਦੇ ਹਾਂ। (1 ਕੁਰਿੰ. 11:23-26) ਅਸੀਂ ਸਾਰੇ ਜਣੇ 14 ਨੀਸਾਨ ਨੂੰ ਸੂਰਜ ਛਿਪਣ ਤੋਂ ਬਾਅਦ ਇਹ ਦਿਖਾਉਣ ਲਈ ਇਕੱਠੇ ਹੁੰਦੇ ਹਾਂ ਕਿ ਯਹੋਵਾਹ ਨੇ ਸਾਡੇ ਲਈ ਜੋ ਕੀਤਾ, ਅਸੀਂ ਉਸ ਲਈ ਕਿੰਨੇ ਸ਼ੁਕਰਗੁਜ਼ਾਰ ਹਾਂ! ਨਾਲੇ ਇਹ ਵੀ ਦਿਖਾਉਣ ਲਈ ਕਿ ਅਸੀਂ ਯਿਸੂ ਦਾ ਕਹਿਣਾ ਮੰਨਦੇ ਹਾਂ। ਇਸ ਤੋਂ ਇਲਾਵਾ, ਯਿਸੂ ਦੀ ਮੌਤ ਦੀ ਯਾਦਗਾਰ ਮਨਾਉਣ ਤੋਂ ਕਈ ਹਫ਼ਤੇ ਪਹਿਲਾਂ ਅਸੀਂ ਮਿਲ ਕੇ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਇਸ ਖ਼ਾਸ ਮੌਕੇ ’ਤੇ ਆਉਣ ਦਾ ਸੱਦਾ ਦਿੰਦੇ ਹਾਂ।

7. ਮਿਲ ਕੇ ਕੰਮ ਕਰਨ ਦਾ ਕੀ ਨਤੀਜਾ ਨਿਕਲਦਾ ਹੈ?

7 ਜਿਸ ਤਰ੍ਹਾਂ ਇਕੱਲੀ ਟਿੱਡੀ ਜ਼ਿਆਦਾ ਕੁਝ ਨਹੀਂ ਕਰ ਸਕਦੀ, ਉਸੇ ਤਰ੍ਹਾਂ ਅਸੀਂ ਇਕੱਲਿਆਂ ਹੀ ਸਾਰੇ ਲੋਕਾਂ ਨੂੰ ਪ੍ਰਚਾਰ ਨਹੀਂ ਕਰ ਸਕਦੇ। ਪਰ ਇਕੱਠੇ ਮਿਲ ਕੇ ਅਸੀਂ ਲੱਖਾਂ ਹੀ ਲੋਕਾਂ ਨੂੰ ਯਹੋਵਾਹ ਬਾਰੇ ਦੱਸ ਸਕਦੇ ਹਾਂ। ਨਾਲੇ ਅਸੀਂ ਯਹੋਵਾਹ ਦੀ ਮਹਿਮਾ ਅਤੇ ਆਦਰ ਕਰਨ ਵਿਚ ਦੂਜਿਆਂ ਦੀ ਮਦਦ ਕਰ ਸਕਦੇ ਹਾਂ।

ਮੰਡਲੀ ਨਾਲ ਮਿਲ ਕੇ ਕੰਮ ਕਰਨਾ

8, 9. (ੳ) ਪੌਲੁਸ ਨੇ ਕਿਹੜੀ ਮਿਸਾਲ ਦੇ ਕੇ ਸਿਖਾਇਆ ਕਿ ਮੰਡਲੀ ਨੂੰ ਏਕਤਾ ਵਿਚ ਰਹਿਣਾ ਚਾਹੀਦਾ ਹੈ? (ਅ) ਅਸੀਂ ਮੰਡਲੀ ਨਾਲ ਮਿਲ ਕੇ ਕਿਵੇਂ ਕੰਮ ਕਰ ਸਕਦੇ ਹਾਂ?

8 ਪੌਲੁਸ ਨੇ ਅਫ਼ਸੀਆਂ ਦੇ ਭੈਣਾਂ-ਭਰਾਵਾਂ ਨੂੰ ਸਮਝਾਇਆ ਕਿ ਮੰਡਲੀ ਵਿਚ ਕਿਵੇਂ ਪ੍ਰਬੰਧ ਕੀਤੇ ਜਾਣੇ ਚਾਹੀਦੇ ਹਨ। ਨਾਲੇ ਉਸ ਨੇ ਦੱਸਿਆ ਕਿ ਮੰਡਲੀ ਵਿਚ ਸਾਰਿਆਂ ਨੂੰ “ਸਾਰੀਆਂ ਗੱਲਾਂ ਵਿਚ ਵਧਦੇ-ਫੁੱਲਦੇ” ਰਹਿਣ ਦੀ ਲੋੜ ਹੈ। (ਅਫ਼ਸੀਆਂ 4:15, 16 ਪੜ੍ਹੋ।) ਪੌਲੁਸ ਨੇ ਸਰੀਰ ਦੀ ਮਿਸਾਲ ਦੇ ਕੇ ਸਮਝਾਇਆ ਕਿ ਹਰ ਮਸੀਹੀ ਮੰਡਲੀ ਦੇ ਸਿਰ ਯਾਨੀ ਯਿਸੂ ਮਸੀਹ ਅਧੀਨ ਰਹਿ ਕੇ ਮੰਡਲੀ ਦੀ ਏਕਤਾ ਨੂੰ ਮਜ਼ਬੂਤ ਕਰਨ ਵਿਚ ਮਦਦ ਕਰ ਸਕਦਾ ਹੈ। ਪੌਲੁਸ ਨੇ ਕਿਹਾ ਕਿ ਸਰੀਰ ਦੇ ਸਾਰੇ ਅੰਗ ‘ਜੋੜਾਂ ਦੀ ਮਦਦ ਨਾਲ ਇਕ-ਦੂਜੇ ਨਾਲ ਮਿਲ ਕੇ ਕੰਮ ਕਰਦੇ ਹਨ।’ ਪਰ ਅਸੀਂ ਸਾਰੇ ਜਣੇ, ਨਿਆਣੇ-ਸਿਆਣੇ, ਕਮਜ਼ੋਰ-ਸਿਹਤਮੰਦ, ਕਿਵੇਂ ਮੰਡਲੀ ਦੀ ਏਕਤਾ ਅਤੇ ਇਕ-ਦੂਜੇ ਦੀ ਨਿਹਚਾ ਮਜ਼ਬੂਤ ਰੱਖਣ ਵਿਚ ਮਦਦ ਕਰ ਸਕਦੇ ਹਾਂ?

9 ਯਿਸੂ ਨੇ ਮੰਡਲੀ ਵਿਚ ਅਗਵਾਈ ਕਰਨ ਲਈ ਬਜ਼ੁਰਗਾਂ ਨੂੰ ਚੁਣਿਆ ਹੈ। ਉਹ ਚਾਹੁੰਦਾ ਹੈ ਕਿ ਅਸੀਂ ਉਨ੍ਹਾਂ ਦਾ ਆਦਰ ਕਰੀਏ ਅਤੇ ਉਨ੍ਹਾਂ ਵੱਲੋਂ ਮਿਲਦੀਆਂ ਹਿਦਾਇਤਾਂ ਮੰਨੀਏ। (ਇਬ. 13:7, 17) ਇਸ ਤਰ੍ਹਾਂ ਕਰਨਾ ਹਮੇਸ਼ਾ ਸੌਖਾ ਨਹੀਂ ਹੁੰਦਾ। ਪਰ ਅਸੀਂ ਯਹੋਵਾਹ ਤੋਂ ਮਦਦ ਮੰਗ ਸਕਦੇ ਹਾਂ। ਉਸ ਦੀ ਪਵਿੱਤਰ ਸ਼ਕਤੀ ਬਜ਼ੁਰਗਾਂ ਦਾ ਕਹਿਣਾ ਮੰਨਣ ਵਿਚ ਸਾਡੀ ਮਦਦ ਕਰ ਸਕਦੀ ਹੈ। ਨਾਲੇ ਸੋਚੋ ਕਿ ਅਸੀਂ ਨਿਮਰ ਹੋ ਕੇ ਅਤੇ ਬਜ਼ੁਰਗਾਂ ਦਾ ਸਾਥ ਦੇ ਕੇ ਆਪਣੀ ਮੰਡਲੀ ਦੀ ਕਿੰਨੀ ਮਦਦ ਕਰ ਸਕਦੇ ਹਾਂ! ਸਾਡੀ ਮੰਡਲੀ ਵਿਚ ਏਕਤਾ ਹੋਵੇਗੀ ਅਤੇ ਇਕ-ਦੂਜੇ ਲਈ ਸਾਡਾ ਪਿਆਰ ਹੋਰ ਮਜ਼ਬੂਤ ਹੋਵੇਗਾ।

10. ਸਹਾਇਕ ਸੇਵਕ ਮੰਡਲੀ ਦੀ ਏਕਤਾ ਬਣਾਈ ਰੱਖਣ ਵਿਚ ਕਿਵੇਂ ਮਦਦ ਕਰਦੇ ਹਨ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।)

10 ਸਹਾਇਕ ਸੇਵਕ ਵੀ ਮੰਡਲੀ ਦੀ ਏਕਤਾ ਬਣਾਈ ਰੱਖਣ ਵਿਚ ਮਦਦ ਕਰਦੇ ਹਨ। ਉਹ ਬਜ਼ੁਰਗਾਂ ਦੀ ਮਦਦ ਕਰਨ ਲਈ ਸਖ਼ਤ ਮਿਹਨਤ ਕਰਦੇ ਹਨ ਅਤੇ ਅਸੀਂ ਉਨ੍ਹਾਂ ਦੇ ਕੰਮਾਂ ਲਈ ਸ਼ੁਕਰਗੁਜ਼ਾਰ ਹਾਂ। ਮਿਸਾਲ ਲਈ, ਸਹਾਇਕ ਸੇਵਕ ਇਸ ਗੱਲ ਦਾ ਧਿਆਨ ਰੱਖਦੇ ਹਨ ਕਿ ਪ੍ਰਚਾਰ ਲਈ ਸਾਡੇ ਕੋਲ ਕਾਫ਼ੀ ਪ੍ਰਕਾਸ਼ਨ ਹਨ ਅਤੇ ਉਹ ਮੀਟਿੰਗ ਵਿਚ ਆਏ ਨਵੇਂ ਲੋਕਾਂ ਦਾ ਸੁਆਗਤ ਕਰਦੇ ਹਨ। ਉਹ ਕਿੰਗਡਮ ਹਾਲ ਦੀ ਮੁਰੰਮਤ ਅਤੇ ਸਾਫ਼-ਸਫ਼ਾਈ ਕਰਨ ਵਿਚ ਵੀ ਬਹੁਤ ਮਿਹਨਤ ਕਰਦੇ ਹਨ। ਜਦੋਂ ਅਸੀਂ ਇਨ੍ਹਾਂ ਭਰਾਵਾਂ ਦਾ ਸਾਥ ਦਿੰਦੇ ਹਾਂ, ਤਾਂ ਅਸੀਂ ਏਕਤਾ ਵਿਚ ਰਹਿੰਦੇ ਹਾਂ ਅਤੇ ਯਹੋਵਾਹ ਦੀ ਸੇਵਾ ਵਧੀਆ ਤਰੀਕੇ ਨਾਲ ਕਰਦੇ ਹਾਂ।​—ਰਸੂ. 6:3-6 ਵਿਚ ਨੁਕਤਾ ਦੇਖੋ।

11. ਨੌਜਵਾਨ ਮੰਡਲੀ ਵਿਚ ਏਕਤਾ ਬਣਾਈ ਰੱਖਣ ਵਿਚ ਕਿਵੇਂ ਮਦਦ ਕਰ ਸਕਦੇ ਹਨ?

11 ਕੁਝ ਬਜ਼ੁਰਗਾਂ ਨੇ ਬਹੁਤ ਸਾਲਾਂ ਤੋਂ ਮੰਡਲੀ ਵਿਚ ਸਖ਼ਤ ਮਿਹਨਤ ਕੀਤੀ ਹੈ। ਪਰ ਵਧਦੀ ਉਮਰ ਕਰਕੇ ਸ਼ਾਇਦ ਉਹ ਹੁਣ ਪਹਿਲਾਂ ਵਾਂਗ ਕੰਮ ਨਹੀਂ ਕਰ ਸਕਦੇ। ਨੌਜਵਾਨ ਭਰਾ ਉਨ੍ਹਾਂ ਦੀ ਮਦਦ ਕਰ ਸਕਦੇ ਹਨ। ਜੇ ਨੌਜਵਾਨ ਭਰਾਵਾਂ ਨੂੰ ਸਿਖਲਾਈ ਦਿੱਤੀ ਜਾਵੇ, ਤਾਂ ਉਹ ਮੰਡਲੀ ਵਿਚ ਜ਼ਿਆਦਾ ਜ਼ਿੰਮੇਵਾਰੀਆਂ ਸੰਭਾਲ ਸਕਣਗੇ। ਜਦੋਂ ਸਹਾਇਕ ਸੇਵਕ ਸਖ਼ਤ ਮਿਹਨਤ ਕਰਦੇ ਹਨ, ਤਾਂ ਉਹ ਭਵਿੱਖ ਵਿਚ ਸ਼ਾਇਦ ਬਜ਼ੁਰਗਾਂ ਵਜੋਂ ਸੇਵਾ ਕਰ ਸਕਣ। (1 ਤਿਮੋ. 3:1, 10) ਕੁਝ ਭਰਾਵਾਂ ਨੇ ਛੋਟੀ ਉਮਰ ਵਿਚ ਇੰਨੀ ਜ਼ਿਆਦਾ ਤਰੱਕੀ ਕੀਤੀ ਹੈ ਕਿ ਉਹ ਸਫ਼ਰੀ ਨਿਗਾਹਬਾਨਾਂ ਵਜੋਂ ਸੇਵਾ ਕਰ ਰਹੇ ਹਨ ਅਤੇ ਬਹੁਤ ਸਾਰੀਆਂ ਮੰਡਲੀਆਂ ਵਿਚ ਭੈਣਾਂ-ਭਰਾਵਾਂ ਦੀ ਮਦਦ ਕਰ ਰਹੇ ਹਨ। ਕੀ ਅਸੀਂ ਉਨ੍ਹਾਂ ਨੌਜਵਾਨਾਂ ਦੇ ਸ਼ੁਕਰਗੁਜ਼ਾਰ ਨਹੀਂ ਹਾਂ ਜੋ ਖ਼ੁਸ਼ੀ-ਖ਼ੁਸ਼ੀ ਭੈਣਾਂ-ਭਰਾਵਾਂ ਦੀ ਸੇਵਾ ਕਰਨ ਲਈ ਤਿਆਰ ਹਨ?​—ਜ਼ਬੂਰਾਂ ਦੀ ਪੋਥੀ 110:3; ਉਪਦੇਸ਼ਕ ਦੀ ਪੋਥੀ 12:1 ਪੜ੍ਹੋ।

ਪਰਿਵਾਰ ਨਾਲ ਮਿਲ ਕੇ ਕੰਮ ਕਰਨਾ

12, 13. ਅਸੀਂ ਆਪਣੇ ਪਰਿਵਾਰ ਦੀ ਇਕ-ਜੁੱਟ ਰਹਿਣ ਵਿਚ ਕਿਵੇਂ ਮਦਦ ਸਕਦੇ ਹਾਂ?

12 ਅਸੀਂ ਆਪਣੇ ਪਰਿਵਾਰ ਦੀ ਇਕ-ਜੁੱਟ ਰਹਿਣ ਵਿਚ ਕਿਵੇਂ ਮਦਦ ਸਕਦੇ ਹਾਂ? ਇਕ ਤਰੀਕਾ ਹੈ, ਹਰ ਹਫ਼ਤੇ ਪਰਿਵਾਰਕ ਸਟੱਡੀ ਕਰ ਕੇ। ਜਦੋਂ ਮਾਪੇ ਅਤੇ ਬੱਚੇ ਯਹੋਵਾਹ ਬਾਰੇ ਸਿੱਖਣ ਲਈ ਇਕ-ਦੂਜੇ ਨਾਲ ਸਮਾਂ ਬਿਤਾਉਂਦੇ ਹਨ, ਤਾਂ ਇਕ-ਦੂਜੇ ਲਈ ਉਨ੍ਹਾਂ ਦਾ ਪਿਆਰ ਮਜ਼ਬੂਤ ਹੁੰਦਾ ਹੈ। ਇਸ ਸਮੇਂ ਦੌਰਾਨ ਉਹ ਪ੍ਰਚਾਰ ਦੀ ਤਿਆਰੀ ਕਰ ਸਕਦੇ ਹਨ। ਇਸ ਤਰ੍ਹਾਂ ਕਰਨ ਨਾਲ ਉਹ ਵਧੀਆ ਤਰੀਕੇ ਨਾਲ ਪ੍ਰਚਾਰ ਕਰ ਸਕਣਗੇ। ਨਾਲੇ ਜਦੋਂ ਉਹ ਇਕ-ਦੂਜੇ ਦੇ ਮੂੰਹੋਂ ਸੱਚਾਈ ਦੀਆਂ ਗੱਲਾਂ ਸੁਣਦੇ ਹਨ ਅਤੇ ਦੇਖਦੇ ਹਨ ਕਿ ਪਰਿਵਾਰ ਦੇ ਸਾਰੇ ਮੈਂਬਰ ਯਹੋਵਾਹ ਨੂੰ ਪਿਆਰ ਕਰਦੇ ਹਨ ਅਤੇ ਉਸ ਨੂੰ ਖ਼ੁਸ਼ ਕਰਨਾ ਚਾਹੁੰਦੇ ਹਨ, ਤਾਂ ਉਹ ਇਕ-ਦੂਜੇ ਦੇ ਹੋਰ ਨੇੜੇ ਆਉਂਦੇ ਹਨ।

13 ਯਹੋਵਾਹ ਚਾਹੁੰਦਾ ਹੈ ਕਿ ਪਤੀ-ਪਤਨੀ ਇਕ-ਦੂਜੇ ਦਾ ਸਾਥ ਦੇਣ। ਜਦੋਂ ਉਹ ਦੋਵੇਂ ਯਹੋਵਾਹ ਨੂੰ ਪਿਆਰ ਕਰਨਗੇ ਅਤੇ ਮਿਲ ਕੇ ਉਸ ਦੀ ਸੇਵਾ ਕਰਨਗੇ, ਤਾਂ ਉਨ੍ਹਾਂ ਨੂੰ ਖ਼ੁਸ਼ੀ ਹੋਵੇਗੀ ਅਤੇ ਉਨ੍ਹਾਂ ਦਾ ਵਿਆਹੁਤਾ ਰਿਸ਼ਤਾ ਮਜ਼ਬੂਤ ਹੋਵੇਗਾ। ਉਨ੍ਹਾਂ ਨੂੰ ਇਕ-ਦੂਜੇ ਲਈ ਆਪਣਾ ਪਿਆਰ ਜ਼ਾਹਰ ਕਰਨਾ ਚਾਹੀਦਾ ਹੈ, ਜਿਵੇਂ ਅਬਰਾਹਾਮ ਤੇ ਸਾਰਾਹ, ਇਸਹਾਕ ਤੇ ਰਿਬਕਾਹ ਅਤੇ ਅਲਕਾਨਾਹ ਤੇ ਹੰਨਾਹ ਨੇ ਕੀਤਾ ਸੀ। (ਉਤ. 26:8; 1 ਸਮੂ. 1:5, 8; 1 ਪਤ. 3:5, 6) ਜਦੋਂ ਪਤੀ-ਪਤਨੀ ਇਸ ਤਰ੍ਹਾਂ ਕਰਨਗੇ, ਤਾਂ ਉਨ੍ਹਾਂ ਵਿਚ ਏਕਤਾ ਹੋਵੇਗੀ ਅਤੇ ਉਹ ਯਹੋਵਾਹ ਦੇ ਹੋਰ ਨੇੜੇ ਆਉਣਗੇ।​—ਉਪਦੇਸ਼ਕ ਦੀ ਪੋਥੀ 4:12 ਪੜ੍ਹੋ।

ਪਰਿਵਾਰਕ ਸਟੱਡੀ ਕਰ ਕੇ ਨਿਆਣੇ-ਸਿਆਣੇ ਇਕ-ਦੂਜੇ ਦੇ ਨੇੜੇ ਆਉਂਦੇ ਹਨ (ਪੈਰੇ 12, 15 ਦੇਖੋ)

14. ਜੇ ਤੁਹਾਡਾ ਜੀਵਨ ਸਾਥੀ ਸੱਚਾਈ ਵਿਚ ਨਹੀਂ ਹੈ, ਤਾਂ ਤੁਸੀਂ ਆਪਣੇ ਵਿਆਹੁਤਾ ਰਿਸ਼ਤੇ ਨੂੰ ਕਿਵੇਂ ਮਜ਼ਬੂਤ ਰੱਖ ਸਕਦੇ ਹੋ?

14 ਬਾਈਬਲ ਸਾਫ਼-ਸਾਫ਼ ਦੱਸਦੀ ਹੈ ਕਿ ਸਾਨੂੰ ਅਵਿਸ਼ਵਾਸੀ ਨਾਲ ਵਿਆਹ ਨਹੀਂ ਕਰਾਉਣਾ ਚਾਹੀਦਾ। (2 ਕੁਰਿੰ. 6:14) ਉਨ੍ਹਾਂ ਭੈਣਾਂ-ਭਰਾਵਾਂ ਬਾਰੇ ਕੀ, ਜਿਨ੍ਹਾਂ ਦੇ ਜੀਵਨ ਸਾਥੀ ਸੱਚਾਈ ਵਿਚ ਨਹੀਂ ਹਨ? ਕਈਆਂ ਨੇ ਵਿਆਹ ਤੋਂ ਬਾਅਦ ਸੱਚਾਈ ਸਿੱਖੀ ਹੈ, ਪਰ ਉਨ੍ਹਾਂ ਦੇ ਜੀਵਨ ਸਾਥੀ ਸੱਚਾਈ ਵਿਚ ਨਹੀਂ ਆਏ। ਸ਼ਾਇਦ ਕਈ ਮਸੀਹੀਆਂ ਨੇ ਯਹੋਵਾਹ ਦੇ ਕਿਸੇ ਸੇਵਕ ਨਾਲ ਵਿਆਹ ਕਰਾਇਆ ਹੋਵੇ, ਪਰ ਫਿਰ ਉਨ੍ਹਾਂ ਦੇ ਪਤੀ ਜਾਂ ਪਤਨੀ ਨੇ ਯਹੋਵਾਹ ਦੀ ਸੇਵਾ ਕਰਨੀ ਛੱਡ ਦਿੱਤੀ ਹੋਵੇ। ਇਨ੍ਹਾਂ ਹਾਲਾਤਾਂ ਵਿਚ ਵੀ ਮਸੀਹੀ ਬਾਈਬਲ ਦੀ ਹਰ ਸਲਾਹ ਮੰਨਦੇ ਹਨ ਤਾਂਕਿ ਉਹ ਆਪਣਾ ਵਿਆਹੁਤਾ ਰਿਸ਼ਤਾ ਮਜ਼ਬੂਤ ਰੱਖ ਸਕਣ। ਸ਼ਾਇਦ ਇਸ ਤਰ੍ਹਾਂ ਕਰਨਾ ਹਮੇਸ਼ਾ ਸੌਖਾ ਨਾ ਹੋਵੇ। ਮਿਸਾਲ ਲਈ, ਮੈਰੀ ਅਤੇ ਡੇਵਿਡ ਇਕੱਠੇ ਯਹੋਵਾਹ ਦੀ ਸੇਵਾ ਕਰਦੇ ਸਨ। ਫਿਰ ਡੇਵਿਡ ਨੇ ਸਭਾਵਾਂ ’ਤੇ ਜਾਣਾ ਛੱਡ ਦਿੱਤਾ। ਪਰ ਮੈਰੀ ਵੀ ਚੰਗੀ ਪਤਨੀ ਬਣਨ ਅਤੇ ਮਸੀਹੀ ਗੁਣ ਦਿਖਾਉਣ ਦੀ ਕੋਸ਼ਿਸ਼ ਕਰਦੀ ਰਹੀ। ਨਾਲੇ ਉਸ ਨੇ ਆਪਣੇ ਛੇ ਬੱਚਿਆਂ ਨੂੰ ਵੀ ਯਹੋਵਾਹ ਬਾਰੇ ਸਿਖਾਇਆ ਅਤੇ ਉਹ ਲਗਾਤਾਰ ਸਭਾਵਾਂ ਅਤੇ ਵੱਡੇ ਸੰਮੇਲਨਾਂ ’ਤੇ ਜਾਂਦੀ ਰਹੀ। ਸਾਲਾਂ ਬਾਅਦ ਜਦੋਂ ਬੱਚੇ ਵੱਡੇ ਹੋ ਗਏ ਅਤੇ ਅਲੱਗ ਰਹਿਣ ਲੱਗ ਪਏ, ਉਦੋਂ ਵੀ ਮੈਰੀ ਯਹੋਵਾਹ ਦੀ ਸੇਵਾ ਕਰਦੀ ਰਹੀ ਭਾਵੇਂ ਕਿ ਇਸ ਤਰ੍ਹਾਂ ਕਰਨਾ ਉਸ ਲਈ ਸੌਖਾ ਨਹੀਂ ਸੀ। ਪਰ ਫਿਰ ਡੇਵਿਡ ਨੇ ਰਸਾਲੇ ਪੜ੍ਹਨੇ ਸ਼ੁਰੂ ਕਰ ਦਿੱਤੇ ਜੋ ਮੈਰੀ ਉਸ ਲਈ ਪੜ੍ਹਨ ਲਈ ਰੱਖਦੀ ਸੀ। ਸਮੇਂ ਦੇ ਬੀਤਣ ਨਾਲ ਉਸ ਨੇ ਦੁਬਾਰਾ ਸਭਾਵਾਂ ’ਤੇ ਜਾਣਾ ਸ਼ੁਰੂ ਕਰ ਦਿੱਤਾ। ਉਸ ਦਾ ਛੇ ਸਾਲਾਂ ਦਾ ਪੋਤਾ ਹਮੇਸ਼ਾ ਉਸ ਲਈ ਸਭਾ ਵਿਚ ਸੀਟ ਰੱਖਦਾ ਸੀ ਅਤੇ ਜੇ ਡੇਵਿਡ ਸਭਾ ’ਤੇ ਨਹੀਂ ਆਉਂਦਾ ਸੀ, ਤਾਂ ਉਸ ਦਾ ਪੋਤਾ ਕਹਿੰਦਾ ਸੀ: “ਦਾਦਾ ਜੀ, ਤੁਸੀਂ ਅੱਜ ਮੀਟਿੰਗ ’ਤੇ ਨਹੀਂ ਆਏ।” 25 ਸਾਲਾਂ ਬਾਅਦ ਡੇਵਿਡ ਯਹੋਵਾਹ ਵੱਲ ਮੁੜਿਆ। ਉਹ ਅਤੇ ਉਸ ਦੀ ਪਤਨੀ ਖ਼ੁਸ਼ ਹਨ ਕਿ ਉਹ ਹੁਣ ਦੁਬਾਰਾ ਮਿਲ ਕੇ ਯਹੋਵਾਹ ਦੀ ਸੇਵਾ ਕਰ ਰਹੇ ਹਨ।

15. ਕਾਫ਼ੀ ਸਮੇਂ ਤੋਂ ਵਿਆਹੇ ਜੋੜੇ ਨਵੇਂ ਵਿਆਹੇ ਜੋੜਿਆਂ ਦੀ ਕਿਵੇਂ ਮਦਦ ਕਰ ਸਕਦੇ ਹਨ?

15 ਅੱਜ ਪਰਿਵਾਰ ਸ਼ੈਤਾਨ ਦੇ ਨਿਸ਼ਾਨੇ ’ਤੇ ਹਨ। ਇਸੇ ਕਰਕੇ ਵਿਆਹੇ ਮਸੀਹੀਆਂ ਨੂੰ ਮਿਲ ਕੇ ਕੰਮ ਕਰਨ ਦੀ ਲੋੜ ਹੈ। ਇਸ ਗੱਲ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਤੁਸੀਂ ਕਿੰਨੇ ਚਿਰ ਤੋਂ ਵਿਆਹੇ ਹੋ। ਸੋਚੋ ਕਿ ਤੁਸੀਂ ਆਪਣੀ ਕਹਿਣੀ ਤੇ ਕਰਨੀ ਰਾਹੀਂ ਆਪਣੇ ਵਿਆਹੁਤਾ ਰਿਸ਼ਤੇ ਨੂੰ ਕਿਵੇਂ ਮਜ਼ਬੂਤ ਕਰ ਸਕਦੇ ਹੋ। ਜੇ ਤੁਸੀਂ ਸਿਆਣੀ ਉਮਰ ਦੇ ਹੋ ਅਤੇ ਤੁਹਾਡੇ ਵਿਆਹ ਨੂੰ ਕਾਫ਼ੀ ਸਾਲ ਹੋ ਗਏ ਹਨ, ਤਾਂ ਤੁਸੀਂ ਨਵੇਂ ਵਿਆਹੇ ਜੋੜਿਆਂ ਲਈ ਚੰਗੀ ਮਿਸਾਲ ਬਣ ਸਕਦੇ ਹੋ। ਸ਼ਾਇਦ ਤੁਸੀਂ ਉਨ੍ਹਾਂ ਨੂੰ ਪਰਿਵਾਰਕ ਸਟੱਡੀ ਲਈ ਬੁਲਾ ਸਕਦੇ ਹੋ। ਉਹ ਦੇਖ ਸਕਣਗੇ ਕਿ ਇਸ ਗੱਲ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਚਾਹੇ ਕਿਸੇ ਦੇ ਵਿਆਹ ਨੂੰ ਜਿੰਨੇ ਮਰਜ਼ੀ ਸਾਲ ਹੋ ਗਏ ਹੋਣ, ਫਿਰ ਵੀ ਆਪਣੇ ਵਿਆਹੁਤਾ ਰਿਸ਼ਤੇ ਵਿਚ ਇਕ-ਦੂਜੇ ਨੂੰ ਪਿਆਰ ਦਿਖਾਉਣਾ ਅਤੇ ਇਕ-ਦੂਜੇ ਨਾਲ ਮਿਲ ਕੇ ਕੰਮ ਕਰਨਾ ਚਾਹੀਦਾ ਹੈ।​—ਤੀਤੁ. 2:3-7.

‘ਆਓ, ਅਸੀਂ ਯਹੋਵਾਹ ਦੇ ਪਰਬਤ ਉੱਤੇ ਚੜ੍ਹੀਏ’

16, 17. ਯਹੋਵਾਹ ਦੇ ਸੇਵਕ ਕਿਸ ਗੱਲ ਦਾ ਇੰਤਜ਼ਾਰ ਕਰ ਰਹੇ ਹਨ?

16 ਜਦੋਂ ਇਜ਼ਰਾਈਲੀ ਯਰੂਸ਼ਲਮ ਵਿਚ ਤਿਉਹਾਰ ਮਨਾਉਣ ਜਾਂਦੇ ਸਨ, ਤਾਂ ਉਹ ਇਕ-ਦੂਜੇ ਦਾ ਸਾਥ ਦਿੰਦੇ ਸਨ। ਉਹ ਇਕੱਠੇ ਸਫ਼ਰ ਕਰਦੇ ਸਨ, ਸਫ਼ਰ ਦੌਰਾਨ ਇਕ-ਦੂਜੇ ਦੀ ਮਦਦ ਕਰਦੇ ਸਨ ਅਤੇ ਮੰਦਰ ਵਿਚ ਮਿਲ ਕੇ ਭਗਤੀ ਕਰਦੇ ਸਨ। (ਲੂਕਾ 2:41-44) ਨਵੀਂ ਦੁਨੀਆਂ ਵਿਚ ਰਹਿਣ ਦੀ ਤਿਆਰੀ ਕਰਦਿਆਂ ਅੱਜ ਸਾਨੂੰ ਏਕਾ ਬਣਾਈ ਰੱਖਣ ਅਤੇ ਇਕ-ਦੂਜੇ ਦਾ ਸਾਥ ਦੇਣ ਦੀ ਲੋੜ ਹੈ। ਕੀ ਤੁਹਾਨੂੰ ਇਨ੍ਹਾਂ ਮਾਮਲਿਆਂ ਵਿਚ ਸੁਧਾਰ ਕਰਨ ਦੀ ਲੋੜ ਹੈ?

17 ਦੁਨੀਆਂ ਦੇ ਲੋਕ ਇਕ-ਦੂਜੇ ਨਾਲ ਸਹਿਮਤ ਨਹੀਂ ਹਨ ਅਤੇ ਉਹ ਬਹੁਤ ਸਾਰੇ ਮਾਮਲਿਆਂ ’ਤੇ ਲੜਾਈ-ਝਗੜੇ ਕਰਦੇ ਹਨ। ਪਰ ਅਸੀਂ ਕਿੰਨੇ ਸ਼ੁਕਰਗੁਜ਼ਾਰ ਹਾਂ ਕਿ ਯਹੋਵਾਹ ਨੇ ਸਾਨੂੰ ਸ਼ਾਂਤੀ ਅਤੇ ਸੱਚਾਈ ਦੀ ਸਮਝ ਦਿੱਤੀ ਹੈ! ਦੁਨੀਆਂ ਭਰ ਵਿਚ ਯਹੋਵਾਹ ਦੇ ਲੋਕ ਉਸ ਦੀ ਇੱਛਾ ਮੁਤਾਬਕ ਉਸ ਦੀ ਭਗਤੀ ਕਰਦੇ ਹਨ। ਇਨ੍ਹਾਂ ਅੰਤ ਦੇ ਦਿਨਾਂ ਵਿਚ ਯਹੋਵਾਹ ਦੇ ਲੋਕਾਂ ਵਿਚ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਏਕਤਾ ਹੈ। ਅਸੀਂ ਯਸਾਯਾਹ ਅਤੇ ਮੀਕਾਹ ਦੀ ਭਵਿੱਖਬਾਣੀ ਅਨੁਸਾਰ “ਯਹੋਵਾਹ ਦੇ ਪਰਬਤ” ’ਤੇ ਇਕੱਠੇ ਚੜ੍ਹ ਰਹੇ ਹਾਂ। (ਯਸਾ. 2:2-4; ਮੀਕਾਹ 4:2-4 ਪੜ੍ਹੋ।) ਅਸੀਂ ਉਸ ਸਮੇਂ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਾਂ ਜਦੋਂ ਧਰਤੀ ’ਤੇ ਸਾਰੇ ਲੋਕ ਖ਼ੁਸ਼ੀ-ਖ਼ੁਸ਼ੀ “ਇਕ-ਦੂਜੇ ਨਾਲ ਮਿਲ ਕੇ” ਯਹੋਵਾਹ ਦੀ ਭਗਤੀ ਕਰਨਗੇ!