Skip to content

Skip to table of contents

ਯਹੋਵਾਹ ਆਪਣੇ ਲੋਕਾਂ ਨੂੰ ਸੇਧ ਦਿੰਦਾ ਹੈ

ਯਹੋਵਾਹ ਆਪਣੇ ਲੋਕਾਂ ਨੂੰ ਸੇਧ ਦਿੰਦਾ ਹੈ

“ਤੁਹਾਡਾ ਰਾਹ ਏਹੋ ਈ ਹੈ, ਏਸ ਵਿੱਚ ਚੱਲੋ।”​—ਯਸਾ. 30:21.

ਗੀਤ: 32, 48

1, 2. (ੳ) ਕਿਸ ਚੇਤਾਵਨੀ ਕਰਕੇ ਬਹੁਤ ਲੋਕਾਂ ਦੀਆਂ ਜਾਨਾਂ ਬਚੀਆਂ ਹਨ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।) (ਅ) ਪਰਮੇਸ਼ੁਰ ਦੇ ਲੋਕਾਂ ਕੋਲ ਜਾਨ ਬਚਾਉਣ ਵਾਲੀ ਕਿਹੜੀ ਸੇਧ ਹੈ?

“ਰੁਕੋ, ਦੇਖੋ, ਸੁਣੋ।” 100 ਤੋਂ ਜ਼ਿਆਦਾ ਸਾਲ ਪਹਿਲਾਂ ਇਹ ਚੇਤਾਵਨੀ ਭਰੇ ਸ਼ਬਦ ਉੱਤਰੀ ਅਮਰੀਕਾ ਦੇ ਫਾਟਕਾਂ ਦੇ ਨੇੜੇ ਵੱਡੇ ਅੱਖਰਾਂ ਵਿਚ ਲਿਖੇ ਗਏ ਸਨ। ਤੇਜ਼ ਰਫ਼ਤਾਰ ਨਾਲ ਆਉਂਦੀਆਂ ਰੇਲ ਗੱਡੀਆਂ ਦੀ ਕਾਰਾਂ ਨਾਲ ਟੱਕਰ ਹੋਣ ਤੋਂ ਬਚਾਉਣ ਲਈ ਇਹ ਸ਼ਬਦ ਲਿਖੇ ਗਏ ਸਨ। ਇਨ੍ਹਾਂ ਸ਼ਬਦਾਂ ਵੱਲ ਧਿਆਨ ਦੇਣ ਨਾਲ ਬਹੁਤ ਲੋਕਾਂ ਦੀਆਂ ਜਾਨਾਂ ਬਚੀਆਂ ਹਨ।

2 ਪਰ ਯਹੋਵਾਹ ਜਗ੍ਹਾ-ਜਗ੍ਹਾ ’ਤੇ ਚੇਤਾਵਨੀ ਭਰੇ ਸ਼ਬਦ ਲਿਖਣ ਦੀ ਬਜਾਇ ਖ਼ੁਦ ਆਪਣੇ ਲੋਕਾਂ ਨੂੰ ਖ਼ਤਰਿਆਂ ਨਾਲ ਭਰੇ ਰਸਤਿਆਂ ਤੋਂ ਬਚਾਉਂਦਾ ਹੈ ਅਤੇ ਉਨ੍ਹਾਂ ਨੂੰ ਹਮੇਸ਼ਾ ਦੀ ਜ਼ਿੰਦਗੀ ਦਾ ਰਾਹ ਦਿਖਾਉਂਦਾ ਹੈ। ਇਸ ਤੋਂ ਵੀ ਵੱਧ, ਯਹੋਵਾਹ ਪਿਆਰ ਕਰਨ ਵਾਲੇ ਚਰਵਾਹੇ ਵਾਂਗ ਹੈ ਜੋ ਆਪਣੀਆਂ ਭੇਡਾਂ ਨੂੰ ਮੁਸੀਬਤਾਂ ਤੋਂ ਬਚਾਉਣ ਲਈ ਸੇਧ ਅਤੇ ਚੇਤਾਵਨੀਆਂ ਦਿੰਦਾ ਹੈ।​—ਯਸਾਯਾਹ 30:21 ਪੜ੍ਹੋ।

ਯਹੋਵਾਹ ਨੇ ਹਮੇਸ਼ਾ ਆਪਣੇ ਲੋਕਾਂ ਨੂੰ ਸੇਧ ਦਿੱਤੀ

3. ਮਨੁੱਖਜਾਤੀ ਉਸ ਰਾਹੇ ਕਿਵੇਂ ਪੈ ਗਈ ਜਿਸ ਦੇ ਅੰਤ ਵਿਚ ਮੌਤ ਹੈ?

3 ਮਨੁੱਖੀ ਇਤਿਹਾਸ ਦੇ ਸ਼ੁਰੂ ਤੋਂ ਹੀ ਯਹੋਵਾਹ ਨੇ ਲੋਕਾਂ ਨੂੰ ਖ਼ਾਸ ਹਿਦਾਇਤਾਂ ਜਾਂ ਸੇਧ ਦਿੱਤੀ ਹੈ। ਮਿਸਾਲ ਲਈ, ਅਦਨ ਦੇ ਬਾਗ਼ ਵਿਚ ਯਹੋਵਾਹ ਨੇ ਸਾਫ਼-ਸਾਫ਼ ਹਿਦਾਇਤਾਂ ਦਿੱਤੀਆਂ ਸਨ ਜਿਨ੍ਹਾਂ ਦੀ ਮਦਦ ਨਾਲ ਇਨਸਾਨ ਹਮੇਸ਼ਾ ਦੀ ਜ਼ਿੰਦਗੀ ਅਤੇ ਖ਼ੁਸ਼ੀ ਪਾ ਸਕਦੇ ਸਨ। (ਉਤਪਤ 2:15-17) ਪਰ ਆਦਮ ਤੇ ਹੱਵਾਹ ਨੇ ਆਪਣੇ ਪਿਆਰੇ ਪਿਤਾ ਦੀਆਂ ਹਿਦਾਇਤਾਂ ਨੂੰ ਨਹੀਂ ਮੰਨਿਆ। ਹੱਵਾਹ ਨੇ ਇਕ ਮਾਮੂਲੀ ਜਿਹੇ ਜਾਨਵਰ ਦੀ ਗੱਲ ਸੁਣੀ ਅਤੇ ਆਦਮ ਨੇ ਆਪਣੀ ਪਤਨੀ ਦੀ। ਇਸ ਦਾ ਕੀ ਨਤੀਜਾ ਨਿਕਲਿਆ? ਉਨ੍ਹਾਂ ਦੋਵਾਂ ਨੇ ਦੁੱਖਾਂ ਦਾ ਸਾਮ੍ਹਣਾ ਕੀਤਾ ਅਤੇ ਬਿਨਾਂ ਕਿਸੇ ਉਮੀਦ ਮਰ ਗਏ। ਨਾਲੇ ਉਨ੍ਹਾਂ ਦੀ ਅਣਆਗਿਆਕਾਰੀ ਕਰਕੇ ਸਾਰੀ ਮਨੁੱਖਜਾਤੀ ਉਸ ਰਾਹੇ ਪੈ ਗਈ ਜਿਸ ਦੇ ਅੰਤ ਵਿਚ ਮੌਤ ਹੈ।

4. (ੳ) ਜਲ-ਪਰਲੋ ਤੋਂ ਬਾਅਦ ਨਵੀਆਂ ਹਿਦਾਇਤਾਂ ਦੀ ਲੋੜ ਕਿਉਂ ਪਈ? (ਅ) ਬਦਲੇ ਹਾਲਾਤਾਂ ਤੋਂ ਪਰਮੇਸ਼ੁਰ ਦੀ ਕਿਹੜੀ ਸੋਚ ਦਾ ਪਤਾ ਲੱਗਾ?

4 ਪਰਮੇਸ਼ੁਰ ਨੇ ਨੂਹ ਨੂੰ ਹਿਦਾਇਤਾਂ ਦਿੱਤੀਆਂ ਜਿਨ੍ਹਾਂ ਨਾਲ ਜਾਨਾਂ ਬਚੀਆਂ। ਜਲ-ਪਰਲੋ ਤੋਂ ਬਾਅਦ ਯਹੋਵਾਹ ਨੇ ਇਨਸਾਨਾਂ ਨੂੰ ਹੁਕਮ ਦਿੱਤਾ ਕਿ ਉਹ ਨਾ ਤਾਂ ਲਹੂ ਖਾਣ ਅਤੇ ਨਾ ਹੀ ਲਹੂ ਪੀਣ। ਕਿਉਂ? ਕਿਉਂਕਿ ਯਹੋਵਾਹ ਨੇ ਹੁਣ ਇਨਸਾਨਾਂ ਨੂੰ ਮਾਸ ਖਾਣ ਦੀ ਇਜਾਜ਼ਤ ਦੇਣੀ ਸੀ। ਇਨ੍ਹਾਂ ਬਦਲੇ ਹਾਲਾਤਾਂ ਕਰਕੇ ਉਨ੍ਹਾਂ ਨੂੰ ਨਵੀਆਂ ਹਿਦਾਇਤਾਂ ਦੀ ਲੋੜ ਸੀ: “ਮਾਸ ਉਹ ਦੀ ਜਾਨ ਸਣੇ ਅਰਥਾਤ ਲਹੂ ਸਣੇ ਤੁਸੀਂ ਨਾ ਖਾਇਓ।” (ਉਤ. 9:1-4) ਇਸ ਹੁਕਮ ਤੋਂ ਸਾਨੂੰ ਜ਼ਿੰਦਗੀ ਬਾਰੇ ਪਰਮੇਸ਼ੁਰ ਦੀ ਸੋਚ ਪਤਾ ਲੱਗਦੀ ਹੈ। ਜੀਵਨਦਾਤਾ ਅਤੇ ਕਰਤਾਰ ਹੋਣ ਕਰਕੇ ਸਿਰਫ਼ ਉਸ ਕੋਲ ਹੀ ਜ਼ਿੰਦਗੀ ਬਾਰੇ ਕਾਨੂੰਨ ਬਣਾਉਣ ਦਾ ਹੱਕ ਹੈ। ਮਿਸਾਲ ਲਈ, ਪਰਮੇਸ਼ੁਰ ਨੇ ਕਤਲ ਨਾ ਕਰਨ ਦਾ ਹੁਕਮ ਦਿੱਤਾ ਹੈ। ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਲਹੂ ਅਤੇ ਜ਼ਿੰਦਗੀ ਪਵਿੱਤਰ ਹਨ ਅਤੇ ਜੋ ਵੀ ਇਨ੍ਹਾਂ ਦਾ ਗ਼ਲਤ ਇਸਤੇਮਾਲ ਕਰਦਾ ਹੈ, ਪਰਮੇਸ਼ੁਰ ਉਸ ਤੋਂ ਲੇਖਾ ਲਵੇਗਾ।​—ਉਤ. 9:5, 6.

5. ਅਸੀਂ ਇਸ ਲੇਖ ਵਿਚ ਕਿਸ ਗੱਲ ’ਤੇ ਗੌਰ ਕਰਾਂਗੇ ਅਤੇ ਕਿਉਂ?

5 ਨੂਹ ਦੇ ਦਿਨਾਂ ਤੋਂ ਬਾਅਦ ਵੀ ਪਰਮੇਸ਼ੁਰ ਆਪਣੇ ਲੋਕਾਂ ਨੂੰ ਸੇਧ ਦਿੰਦਾ ਰਿਹਾ। ਆਓ ਆਪਾਂ ਕੁਝ ਉਦਾਹਰਣਾਂ ’ਤੇ ਗੌਰ ਕਰੀਏ ਕਿ ਪਰਮੇਸ਼ੁਰ ਨੇ ਆਪਣੇ ਲੋਕਾਂ ਦੀ ਅਗਵਾਈ ਕਿਵੇਂ ਕੀਤੀ। ਇਨ੍ਹਾਂ ਨੂੰ ਪੜ੍ਹ ਕੇ ਸਾਡਾ ਇਰਾਦਾ ਹੋਰ ਪੱਕਾ ਹੋਵੇਗਾ ਕਿ ਅਸੀਂ ਨਵੀਂ ਦੁਨੀਆਂ ਵਿਚ ਵੀ ਯਹੋਵਾਹ ਦੀਆਂ ਹਿਦਾਇਤਾਂ ਮੰਨਦੇ ਰਹਾਂਗੇ।

ਨਵੀਂ ਕੌਮ, ਨਵੀਆਂ ਹਿਦਾਇਤਾਂ

6. ਪਰਮੇਸ਼ੁਰ ਨੇ ਇਜ਼ਰਾਈਲੀਆਂ ਨੂੰ ਮੂਸਾ ਦਾ ਕਾਨੂੰਨ ਕਿਉਂ ਦਿੱਤਾ ਅਤੇ ਉਨ੍ਹਾਂ ਨੂੰ ਕੀ ਕਰਨ ਦੀ ਲੋੜ ਸੀ?

6 ਮੂਸਾ ਦੇ ਦਿਨਾਂ ਵਿਚ ਯਹੋਵਾਹ ਨੇ ਆਪਣੇ ਲੋਕਾਂ ਨੂੰ ਚਾਲ-ਚਲਣ ਅਤੇ ਭਗਤੀ ਬਾਰੇ ਸਾਫ਼-ਸਾਫ਼ ਹਿਦਾਇਤਾਂ ਦਿੱਤੀਆਂ। ਕਿਉਂ? ਕਿਉਂਕਿ ਹਾਲਾਤ ਫਿਰ ਬਦਲ ਗਏ ਸਨ। 200 ਤੋਂ ਜ਼ਿਆਦਾ ਸਾਲਾਂ ਤਕ ਇਜ਼ਰਾਈਲੀ ਮਿਸਰ ਵਿਚ ਗ਼ੁਲਾਮ ਰਹੇ। ਉੱਥੇ ਲੋਕ ਹਰ ਪਾਸੇ ਮੂਰਤੀਆਂ ਅਤੇ ਮਰੇ ਹੋਇਆਂ ਦੀ ਪੂਜਾ ਕਰਨ ਦੇ ਨਾਲ-ਨਾਲ ਹੋਰ ਵੀ ਕਈ ਕੰਮ ਕਰਦੇ ਸਨ ਜਿਨ੍ਹਾਂ ਕਰਕੇ ਪਰਮੇਸ਼ੁਰ ਦਾ ਨਿਰਾਦਰ ਹੁੰਦਾ ਸੀ। ਜਦੋਂ ਪਰਮੇਸ਼ੁਰ ਦੇ ਲੋਕਾਂ ਨੂੰ ਮਿਸਰ ਤੋਂ ਆਜ਼ਾਦ ਕੀਤਾ ਗਿਆ, ਤਾਂ ਉਨ੍ਹਾਂ ਨੂੰ ਨਵੀਆਂ ਹਿਦਾਇਤਾਂ ਦੀ ਲੋੜ ਸੀ। ਆਜ਼ਾਦ ਹੋਏ ਇਜ਼ਰਾਈਲੀਆਂ ਨੇ ਹੁਣ ਕੌਮ ਵਜੋਂ ਸਿਰਫ਼ ਯਹੋਵਾਹ ਦੇ ਕਾਨੂੰਨਾਂ ਦੀ ਪਾਲਣਾ ਕਰਨੀ ਸੀ। ਕੁਝ ਕਿਤਾਬਾਂ ਦੱਸਦੀਆਂ ਹਨ ਕਿ “ਕਾਨੂੰਨ” ਲਈ ਵਰਤੇ ਗਏ ਇਬਰਾਨੀ ਸ਼ਬਦ ਦਾ ਮਤਲਬ ਹੈ, “ਸੇਧ, ਅਗਵਾਈ ਜਾਂ ਹਿਦਾਇਤ ਦੇਣੀ।” ਮੂਸਾ ਦੇ ਕਾਨੂੰਨ ਨੇ ਇਜ਼ਰਾਈਲੀਆਂ ਨੂੰ ਆਲੇ-ਦੁਆਲੇ ਦੀਆਂ ਕੌਮਾਂ ਦੀਆਂ ਝੂਠੀਆਂ ਸਿੱਖਿਆਵਾਂ ਅਤੇ ਅਨੈਤਿਕਤਾ ਤੋਂ ਬਚਾ ਕੇ ਰੱਖਿਆ। ਜਦੋਂ ਇਜ਼ਰਾਈਲ ਕੌਮ ਯਹੋਵਾਹ ਦੇ ਕਹਿਣੇ ਵਿਚ ਰਹਿੰਦੀ ਸੀ, ਤਾਂ ਉਹ ਉਸ ਨੂੰ ਬਰਕਤ ਦਿੰਦਾ ਸੀ। ਪਰ ਜਦੋਂ ਉਹ ਯਹੋਵਾਹ ਦਾ ਕਹਿਣਾ ਨਹੀਂ ਮੰਨਦੀ ਸੀ, ਤਾਂ ਉਸ ਨੂੰ ਬੁਰੇ ਨਤੀਜੇ ਭੁਗਤਣੇ ਪੈਂਦੇ ਸਨ।​—ਬਿਵਸਥਾ ਸਾਰ 28:1, 2, 15 ਪੜ੍ਹੋ।

7. (ੳ) ਸਮਝਾਓ ਕਿ ਯਹੋਵਾਹ ਨੇ ਹੋਰ ਕਿਹੜੀ ਵਜ੍ਹਾ ਕਰਕੇ ਆਪਣੇ ਲੋਕਾਂ ਨੂੰ ਹਿਦਾਇਤਾਂ ਦਿੱਤੀਆਂ। (ਅ) ਕਾਨੂੰਨ ਨੇ ਇਜ਼ਰਾਈਲੀਆਂ ਲਈ ਇਕ ‘ਰਖਵਾਲੇ’ ਦਾ ਕੰਮ ਕਿਵੇਂ ਕੀਤਾ?

7 ਇਕ ਹੋਰ ਵਜ੍ਹਾ ਕਰਕੇ ਵੀ ਹਿਦਾਇਤਾਂ ਦੀ ਲੋੜ ਪਈ। ਇਜ਼ਰਾਈਲੀਆਂ ਨੂੰ ਦਿੱਤੇ ਮੂਸਾ ਦੇ ਕਾਨੂੰਨ ਨੇ ਉਨ੍ਹਾਂ ਨੂੰ ਮਸੀਹ ਦੇ ਆਉਣ ਦੀ ਉਡੀਕ ਕਰਨ ਲਈ ਤਿਆਰ ਕੀਤਾ। ਮੂਸਾ ਦਾ ਕਾਨੂੰਨ ਇਜ਼ਰਾਈਲੀਆਂ ਨੂੰ ਯਾਦ ਕਰਾਉਂਦਾ ਸੀ ਕਿ ਉਹ ਪਾਪੀ ਹਨ। ਇਸ ਕਾਨੂੰਨ ਨੇ ਉਨ੍ਹਾਂ ਨੂੰ ਇਸ ਗੱਲ ਦਾ ਵੀ ਅਹਿਸਾਸ ਕਰਵਾਇਆ ਕਿ ਉਨ੍ਹਾਂ ਨੂੰ ਰਿਹਾਈ ਦੀ ਕੀਮਤ ਯਾਨੀ ਇਕ ਸੰਪੂਰਣ ਬਲੀਦਾਨ ਦੀ ਲੋੜ ਸੀ। ਇਸ ਬਲੀਦਾਨ ਨਾਲ ਉਨ੍ਹਾਂ ਦੇ ਪਾਪ ਪੂਰੀ ਤਰ੍ਹਾਂ ਮਾਫ਼ ਹੋਣੇ ਸਨ। (ਗਲਾ. 3:19; ਇਬ. 10:1-10) ਨਾਲੇ ਜਿਸ ਪੀੜ੍ਹੀ ਵਿੱਚੋਂ ਯਿਸੂ ਨੇ ਆਉਣਾ ਸੀ, ਉਸ ਪੀੜ੍ਹੀ ਨੂੰ ਮੂਸਾ ਦੇ ਕਾਨੂੰਨ ਨੇ ਬਚਾ ਕੇ ਰੱਖਣ ਅਤੇ ਮਸੀਹ ਦੀ ਪਛਾਣ ਕਰਾਉਣ ਵਿਚ ਵੀ ਮਦਦ ਕੀਤੀ। ਹਾਂ, ਕਾਨੂੰਨ ਨੇ ਇਕ ‘ਰਖਵਾਲੇ’ ਦਾ ਕੰਮ ਕੀਤਾ ਜੋ ਕੌਮ ਨੂੰ ਮਸੀਹ ਕੋਲ ਲੈ ਕੇ ਆਇਆ।​—ਗਲਾ. 3:23, 24.

8. ਸਾਨੂੰ ਮੂਸਾ ਦੇ ਕਾਨੂੰਨ ਵਿਚ ਦਿੱਤੇ ਅਸੂਲਾਂ ਤੋਂ ਸੇਧ ਕਿਉਂ ਲੈਣੀ ਚਾਹੀਦੀ ਹੈ?

8 ਮਸੀਹੀਆਂ ਵਜੋਂ ਅਸੀਂ ਵੀ ਇਜ਼ਰਾਈਲ ਕੌਮ ਨੂੰ ਦਿੱਤੇ ਮੂਸਾ ਦੇ ਕਾਨੂੰਨ ਤੋਂ ਫ਼ਾਇਦਾ ਲੈ ਸਕਦੇ ਹਾਂ। ਕਿਵੇਂ? ਜਿਵੇਂ ਫਾਟਕ ਪਾਰ ਕਰਦਿਆਂ ਅਸੀਂ ਧਿਆਨ ਨਾਲ ਦੇਖਦੇ ਹਾਂ, ਉਵੇਂ ਹੀ ਸਾਨੂੰ ਇਸ ਕਾਨੂੰਨ ਵਿਚ ਦਿੱਤੇ ਅਸੂਲਾਂ ਵੱਲ ਧਿਆਨ ਦੇਣ ਦੀ ਲੋੜ ਹੈ। ਭਾਵੇਂ ਕਿ ਅਸੀਂ ਹੁਣ ਇਨ੍ਹਾਂ ਕਾਨੂੰਨਾਂ ਦੇ ਅਧੀਨ ਨਹੀਂ ਹਾਂ, ਪਰ ਫਿਰ ਵੀ ਅਸੀਂ ਇਨ੍ਹਾਂ ਵਿੱਚੋਂ ਬਹੁਤ ਸਾਰੇ ਕਾਨੂੰਨਾਂ ’ਤੇ ਭਰੋਸਾ ਰੱਖ ਸਕਦੇ ਹਾਂ। ਇਹ ਸਾਨੂੰ ਹਰ ਰੋਜ਼ ਦੀ ਜ਼ਿੰਦਗੀ ਅਤੇ ਯਹੋਵਾਹ ਦੀ ਭਗਤੀ ਕਰਨ ਬਾਰੇ ਸੇਧ ਦਿੰਦੇ ਹਨ। ਯਹੋਵਾਹ ਨੇ ਇਹ ਕਾਨੂੰਨ ਇਸ ਲਈ ਲਿਖਵਾਏ ਸਨ ਤਾਂਕਿ ਅਸੀਂ ਇਨ੍ਹਾਂ ਤੋਂ ਸਿੱਖ ਸਕੀਏ ਅਤੇ ਇਨ੍ਹਾਂ ਵਿਚ ਦਿੱਤੇ ਅਸੂਲਾਂ ਤੋਂ ਸੇਧ ਲੈ ਸਕੀਏ। ਨਾਲੇ ਅਸੀਂ ਯਿਸੂ ਵੱਲੋਂ ਦਿੱਤੇ ਉੱਚੇ ਨੈਤਿਕ ਮਿਆਰਾਂ ਦੀ ਕਦਰ ਕਰ ਸਕੀਏ। ਧਿਆਨ ਦਿਓ ਕਿ ਯਿਸੂ ਨੇ ਕੀ ਕਿਹਾ ਸੀ: “ਤੁਸੀਂ ਸੁਣਿਆ ਹੈ ਕਿ ਇਹ ਕਿਹਾ ਗਿਆ ਸੀ: ‘ਤੂੰ ਹਰਾਮਕਾਰੀ ਨਾ ਕਰ।’ ਪਰ ਮੈਂ ਤੁਹਾਨੂੰ ਕਹਿੰਦਾ ਹਾਂ ਕਿ ਜੇ ਕੋਈ ਕਿਸੇ ਔਰਤ ਵੱਲ ਗੰਦੀ ਨਜ਼ਰ ਨਾਲ ਦੇਖਦਾ ਰਹਿੰਦਾ ਹੈ, ਤਾਂ ਉਹ ਉਸ ਨਾਲ ਆਪਣੇ ਦਿਲ ਵਿਚ ਹਰਾਮਕਾਰੀ ਕਰ ਚੁੱਕਾ ਹੈ।” ਇਸ ਲਈ ਸਾਨੂੰ ਸਿਰਫ਼ ਹਰਾਮਕਾਰੀ ਤੋਂ ਹੀ ਨਹੀਂ, ਪਰ ਅਨੈਤਿਕ ਵਿਚਾਰਾਂ ਅਤੇ ਇੱਛਾਵਾਂ ਤੋਂ ਵੀ ਬਚਣਾ ਚਾਹੀਦਾ ਹੈ।​—ਮੱਤੀ 5:27, 28.

9. ਕਿਹੜੇ ਨਵੇਂ ਹਾਲਾਤਾਂ ਕਰਕੇ ਪਰਮੇਸ਼ੁਰ ਨੇ ਆਪਣੇ ਲੋਕਾਂ ਨੂੰ ਨਵੀਆਂ ਹਿਦਾਇਤਾਂ ਦਿੱਤੀਆਂ?

9 ਯਿਸੂ ਨੂੰ ਮਸੀਹ ਵਜੋਂ ਚੁਣਨ ਤੋਂ ਬਾਅਦ ਯਹੋਵਾਹ ਨੇ ਨਵੀਆਂ ਹਿਦਾਇਤਾਂ ਦਿੱਤੀਆਂ ਅਤੇ ਆਪਣੇ ਮਕਸਦ ਬਾਰੇ ਹੋਰ ਗੱਲਾਂ ਪ੍ਰਗਟ ਕੀਤੀਆਂ। ਇਹ ਲੋੜ ਕਿਉਂ ਪਈ? ਕਿਉਂਕਿ 33 ਈਸਵੀ ਵਿਚ ਯਹੋਵਾਹ ਨੇ ਇਜ਼ਰਾਈਲ ਕੌਮ ਨੂੰ ਛੱਡ ਦਿੱਤਾ ਅਤੇ ਮਸੀਹੀ ਮੰਡਲੀ ਨੂੰ ਆਪਣੇ ਲੋਕਾਂ ਵਜੋਂ ਚੁਣ ਲਿਆ। ਸੋ ਪਰਮੇਸ਼ੁਰ ਦੇ ਲੋਕਾਂ ਦੇ ਹਾਲਾਤ ਫਿਰ ਤੋਂ ਬਦਲ ਗਏ।

ਪਰਮੇਸ਼ੁਰ ਦੀ ਨਵੀਂ ਕੌਮ ਲਈ ਸੇਧ

10. ਮਸੀਹੀ ਮੰਡਲੀ ਨੂੰ ਨਵੇਂ ਕਾਨੂੰਨ ਕਿਉਂ ਦਿੱਤੇ ਗਏ ਸਨ? ਇਜ਼ਰਾਈਲੀਆਂ ਨੂੰ ਦਿੱਤੇ ਕਾਨੂੰਨਾਂ ਤੋਂ ਇਹ ਕਾਨੂੰਨ ਕਿਵੇਂ ਵੱਖਰੇ ਸਨ?

10 ਪਹਿਲੀ ਸਦੀ ਵਿਚ ਪਰਮੇਸ਼ੁਰ ਦੇ ਲੋਕਾਂ ਲਈ ਮੰਡਲੀ ਦਾ ਪ੍ਰਬੰਧ ਕੀਤਾ ਗਿਆ। ਇਨ੍ਹਾਂ ਮਸੀਹੀਆਂ ਨੂੰ ਜ਼ਿੰਦਗੀ ਜੀਉਣ ਅਤੇ ਸੱਚੀ ਭਗਤੀ ਕਰਨ ਲਈ ਨਵੀਆਂ ਹਿਦਾਇਤਾਂ ਦਿੱਤੀਆਂ ਗਈਆਂ। ਇਨ੍ਹਾਂ ਮਸੀਹੀਆਂ ਨਾਲ ਇਕ ਨਵਾਂ ਇਕਰਾਰ ਕੀਤਾ ਗਿਆ। ਮੂਸਾ ਦਾ ਕਾਨੂੰਨ ਸਿਰਫ਼ ਇਜ਼ਰਾਈਲ ਕੌਮ ਨੂੰ ਹੀ ਦਿੱਤਾ ਗਿਆ ਸੀ ਜਦ ਕਿ ਪਹਿਲੀ ਸਦੀ ਦੇ ਮਸੀਹੀ ਅਲੱਗ-ਅਲੱਗ ਦੇਸ਼ਾਂ ਅਤੇ ਪਿਛੋਕੜਾਂ ਤੋਂ ਸਨ। ਵਾਕਈ, “ਪਰਮੇਸ਼ੁਰ ਕਿਸੇ ਨਾਲ ਪੱਖਪਾਤ ਨਹੀਂ ਕਰਦਾ, ਪਰ ਹਰ ਕੌਮ ਵਿਚ ਜਿਹੜਾ ਵੀ ਇਨਸਾਨ ਉਸ ਤੋਂ ਡਰਦਾ ਹੈ ਅਤੇ ਸਹੀ ਕੰਮ ਕਰਦਾ ਹੈ, ਪਰਮੇਸ਼ੁਰ ਉਸ ਨੂੰ ਕਬੂਲ ਕਰਦਾ ਹੈ।” (ਰਸੂ. 10:34, 35) ਮੂਸਾ ਦੇ ਕਾਨੂੰਨ ਨੇ ਇਜ਼ਰਾਈਲ ਕੌਮ ਨੂੰ ਵਾਅਦਾ ਕੀਤੇ ਹੋਏ ਦੇਸ਼ ਵਿਚ ਸੇਧ ਦਿੱਤੀ। ਇਹ ਕਾਨੂੰਨ ਪੱਥਰਾਂ ’ਤੇ ਲਿਖੇ ਹੋਏ ਸਨ। ਪਰ “ਮਸੀਹ ਦਾ ਕਾਨੂੰਨ” ਮੁੱਖ ਤੌਰ ’ਤੇ ਅਸੂਲਾਂ ਉੱਤੇ ਆਧਾਰਿਤ ਸੀ ਜੋ ਮਸੀਹੀਆਂ ਦੇ ਦਿਲਾਂ ’ਤੇ ਲਿਖੇ ਗਏ ਸਨ। ਭਾਵੇਂ ਮਸੀਹੀਆਂ ਨੇ ਜਿੱਥੇ ਮਰਜ਼ੀ ਰਹਿਣਾ ਸੀ, ਪਰ ਇਨ੍ਹਾਂ ਕਾਨੂੰਨਾਂ ਨੇ ਉਨ੍ਹਾਂ ਨੂੰ ਸੇਧ ਅਤੇ ਫ਼ਾਇਦਾ ਦੇਣਾ ਸੀ।​—ਗਲਾ. 6:2.

11. ‘ਮਸੀਹ ਦੇ ਕਾਨੂੰਨ’ ਨੇ ਮਸੀਹੀਆਂ ਦੀ ਜ਼ਿੰਦਗੀ ਦੀਆਂ ਕਿਹੜੀਆਂ ਦੋ ਗੱਲਾਂ ’ਤੇ ਅਸਰ ਪਾਉਣਾ ਸੀ?

11 ਯਹੋਵਾਹ ਨੇ ਆਪਣੀ ਨਵੀਂ ਕੌਮ ਨੂੰ ਯਿਸੂ ਦੁਆਰਾ ਸੇਧ ਦਿੱਤੀ ਜਿਸ ਤੋਂ ਕੌਮ ਨੂੰ ਬਹੁਤ ਫ਼ਾਇਦਾ ਹੋਇਆ। ਯਿਸੂ ਨੇ ਨਵਾਂ ਇਕਰਾਰ ਕਰਨ ਤੋਂ ਪਹਿਲਾਂ ਦੋ ਵੱਡੇ ਹੁਕਮ ਦਿੱਤੇ। ਪਹਿਲਾ, ਪ੍ਰਚਾਰ ਦੇ ਕੰਮ ਬਾਰੇ ਸੀ। ਦੂਜਾ, ਮਸੀਹੀਆਂ ਦੇ ਚਾਲ-ਚਲਣ ਅਤੇ ਦੂਜਿਆਂ ਨਾਲ ਪੇਸ਼ ਆਉਣ ਦੇ ਤਰੀਕੇ ਬਾਰੇ ਸੀ। ਇਹ ਹੁਕਮ ਸਾਰੇ ਮਸੀਹੀਆਂ ਲਈ ਸਨ। ਇਸ ਲਈ ਇਹ ਅੱਜ ਸਾਡੇ ਉੱਤੇ ਵੀ ਲਾਗੂ ਹੁੰਦੇ ਹਨ, ਭਾਵੇਂ ਸਾਡੀ ਉਮੀਦ ਸਵਰਗੀ ਜਾਣ ਦੀ ਹੈ ਜਾਂ ਧਰਤੀ ਉੱਤੇ ਹਮੇਸ਼ਾ ਰਹਿਣ ਦੀ।

12. ਸਿਖਾਉਣ ਦੇ ਕੰਮ ਵਿਚ ਕਿਹੜਾ ਵੱਡਾ ਬਦਲਾਅ ਆਇਆ?

12 ਪੁਰਾਣੇ ਜ਼ਮਾਨੇ ਵਿਚ ਯਹੋਵਾਹ ਬਾਰੇ ਸਿੱਖਣ ਲਈ ਅਲੱਗ-ਅਲੱਗ ਕੌਮਾਂ ਦੇ ਲੋਕਾਂ ਨੂੰ ਇਜ਼ਰਾਈਲ ਜਾਣਾ ਪੈਂਦਾ ਸੀ। (1 ਰਾਜ. 8:41-43) ਪਰ ਯਿਸੂ ਨੇ ਮੱਤੀ 28:19, 20 (ਪੜ੍ਹੋ।) ਵਿਚ ਜੋ ਹੁਕਮ ਦਿੱਤਾ ਸੀ, ਉਸ ਨਾਲ ਇਕ ਵੱਡਾ ਬਦਲਾਅ ਆਇਆ। ਯਿਸੂ ਨੇ ਆਪਣੇ ਚੇਲਿਆਂ ਨੂੰ ਸਾਰਿਆਂ ਲੋਕਾਂ ਕੋਲ ‘ਜਾਣ’ ਦਾ ਹੁਕਮ ਦਿੱਤਾ। ਪੰਤੇਕੁਸਤ 33 ਈਸਵੀ ਵਿਚ 120 ਜਣਿਆਂ ਉੱਤੇ ਪਵਿੱਤਰ ਸ਼ਕਤੀ ਆਈ ਅਤੇ ਉਨ੍ਹਾਂ ਨੇ ਯਹੂਦੀ ਅਤੇ ਯਹੂਦੀ ਧਰਮ ਅਪਣਾਉਣ ਵਾਲੇ ਲੋਕਾਂ ਨੂੰ ਵੱਖੋ-ਵੱਖਰੀਆਂ ਭਾਸ਼ਾਵਾਂ ਵਿਚ ਪ੍ਰਚਾਰ ਕੀਤਾ। ਇਸ ਤੋਂ ਜ਼ਾਹਰ ਹੋਇਆ ਕਿ ਯਹੋਵਾਹ ਚਾਹੁੰਦਾ ਹੈ ਕਿ ਖ਼ੁਸ਼ ਖ਼ਬਰੀ ਦਾ ਪ੍ਰਚਾਰ ਧਰਤੀ ਦੇ ਕੋਨੇ-ਕੋਨੇ ਤਕ ਕੀਤਾ ਜਾਵੇ। (ਰਸੂ. 2:4-11) ਇਸ ਤੋਂ ਬਾਅਦ ਉਨ੍ਹਾਂ ਨੇ ਸਾਮਰੀ ਲੋਕਾਂ ਨੂੰ ਪ੍ਰਚਾਰ ਕਰਨਾ ਸ਼ੁਰੂ ਕੀਤਾ। ਫਿਰ 36 ਈਸਵੀ ਵਿਚ ਉਹ ਬੇਸੁੰਨਤੇ ਗ਼ੈਰ ਯਹੂਦੀਆਂ ਨੂੰ ਪ੍ਰਚਾਰ ਕਰਨ ਲੱਗੇ। ਸੋ ਇਸ ਦਾ ਮਤਲਬ ਸੀ ਕਿ ਮਸੀਹੀਆਂ ਨੇ ਪੂਰੀ ਦੁਨੀਆਂ ਵਿਚ ਪ੍ਰਚਾਰ ਕਰਨਾ ਸੀ!

13, 14. (ੳ) ਯਿਸੂ ਵੱਲੋਂ ਦਿੱਤੇ ‘ਨਵੇਂ ਹੁਕਮ’ ਵਿਚ ਕੀ ਸ਼ਾਮਲ ਹੈ? (ਅ) ਅਸੀਂ ਯਿਸੂ ਦੀ ਮਿਸਾਲ ਤੋਂ ਕੀ ਸਿੱਖਦੇ ਹਾਂ?

13 ਆਓ ਆਪਾਂ ਦੇਖੀਏ ਕਿ ਸਾਨੂੰ ਆਪਣੇ ਭੈਣਾਂ-ਭਰਾਵਾਂ ਨਾਲ ਕਿਵੇਂ ਪੇਸ਼ ਆਉਣ ਚਾਹੀਦਾ ਹੈ। ਇਸ ਬਾਰੇ ਯਿਸੂ ਨੇ “ਇਕ ਨਵਾਂ ਹੁਕਮ” ਦਿੱਤਾ ਸੀ। (ਯੂਹੰਨਾ 13:34, 35 ਪੜ੍ਹੋ।) ਇਸ ਹੁਕਮ ਦਾ ਸਿਰਫ਼ ਇਹੀ ਮਤਲਬ ਨਹੀਂ ਹੈ ਕਿ ਸਾਨੂੰ ਛੋਟੀਆਂ-ਮੋਟੀਆਂ ਗੱਲਾਂ ਵਿਚ ਹੀ ਆਪਣੇ ਭੈਣਾਂ-ਭਰਾਵਾਂ ਨੂੰ ਪਿਆਰ ਦਿਖਾਉਣਾ ਚਾਹੀਦਾ ਹੈ, ਸਗੋਂ ਸਾਨੂੰ ਆਪਣੀ ਜਾਨ ਦੇਣ ਲਈ ਵੀ ਤਿਆਰ ਰਹਿਣਾ ਚਾਹੀਦਾ ਹੈ। ਪਰ ਮੂਸਾ ਦੇ ਕਾਨੂੰਨ ਵਿਚ ਇਸ ਗੱਲ ਦੀ ਮੰਗ ਨਹੀਂ ਕੀਤੀ ਗਈ ਸੀ।​—ਮੱਤੀ 22:39; 1 ਯੂਹੰ. 3:16.

14 ਯਿਸੂ ਨੇ ਨਿਰਸੁਆਰਥ ਪਿਆਰ ਦਿਖਾਉਣ ਵਿਚ ਸਭ ਤੋਂ ਵੱਡੀ ਮਿਸਾਲ ਰੱਖੀ। ਉਸ ਨੇ ਆਪਣੇ ਚੇਲਿਆਂ ਨਾਲ ਇੰਨਾ ਪਿਆਰ ਕੀਤਾ ਕਿ ਉਸ ਨੇ ਖ਼ੁਸ਼ੀ-ਖ਼ੁਸ਼ੀ ਉਨ੍ਹਾਂ ਲਈ ਆਪਣੀ ਜਾਨ ਵਾਰ ਦਿੱਤੀ। ਉਹ ਆਪਣੇ ਸਾਰੇ ਚੇਲਿਆਂ ਤੋਂ ਇਹੀ ਕਰਨ ਦੀ ਉਮੀਦ ਰੱਖਦਾ ਹੈ। ਸਾਨੂੰ ਆਪਣੇ ਭੈਣਾਂ-ਭਰਾਵਾਂ ਦੀ ਖ਼ਾਤਰ ਦੁੱਖ ਸਹਿਣ ਦੇ ਨਾਲ-ਨਾਲ ਉਨ੍ਹਾਂ ਲਈ ਆਪਣੀ ਜਾਨ ਦੇਣ ਲਈ ਵੀ ਤਿਆਰ ਰਹਿਣਾ ਚਾਹੀਦਾ ਹੈ।​—1 ਥੱਸ. 2:8.

ਅੱਜ ਅਤੇ ਭਵਿੱਖ ਲਈ ਸੇਧ

15, 16. ਅੱਜ ਸਾਡੇ ਕਿਹੜੇ ਨਵੇਂ ਹਾਲਾਤ ਹਨ ਅਤੇ ਹੁਣ ਪਰਮੇਸ਼ੁਰ ਸਾਨੂੰ ਕਿਵੇਂ ਹਿਦਾਇਤਾਂ ਦਿੰਦਾ ਹੈ?

15 ਯਿਸੂ ਨੇ ਆਪਣੇ ਚੇਲਿਆਂ ਨੂੰ “ਸਹੀ ਸਮੇਂ ਤੇ ਭੋਜਨ” ਦੇਣ ਲਈ “ਵਫ਼ਾਦਾਰ ਅਤੇ ਸਮਝਦਾਰ ਨੌਕਰ” ਨੂੰ ਚੁਣਿਆ ਹੈ। (ਮੱਤੀ 24:45-47) ਇਸ ਜ਼ਿੰਮੇਵਾਰੀ ਵਿਚ ਬਦਲਦੇ ਹਾਲਾਤਾਂ ਅਨੁਸਾਰ ਪਰਮੇਸ਼ੁਰ ਦੇ ਲੋਕਾਂ ਨੂੰ ਨਵੀਆਂ ਹਿਦਾਇਤਾਂ ਦੇਣੀਆਂ ਵੀ ਸ਼ਾਮਲ ਹਨ।

16 ਅਸੀਂ ‘ਆਖ਼ਰੀ ਦਿਨਾਂ’ ਵਿਚ ਜੀ ਰਹੇ ਹਾਂ ਅਤੇ ਬਹੁਤ ਜਲਦੀ ਇਕ ਅਜਿਹਾ ਕਸ਼ਟ ਆਉਣ ਵਾਲਾ ਹੈ ਜੋ ਪਹਿਲਾਂ ਕਦੇ ਨਹੀਂ ਆਇਆ। (2 ਤਿਮੋ. 3:1; ਮਰ. 13:19) ਨਾਲੇ ਸ਼ੈਤਾਨ ਅਤੇ ਉਸ ਦੇ ਦੁਸ਼ਟ ਦੂਤਾਂ ਨੂੰ ਸਵਰਗ ਤੋਂ ਧਰਤੀ ’ਤੇ ਸੁੱਟਿਆ ਗਿਆ ਹੈ। ਇਸ ਕਰਕੇ ਲੋਕ ਇੰਨੇ ਦੁਖੀ ਹਨ। (ਪ੍ਰਕਾ. 12:9, 12) ਇਸ ਤੋਂ ਇਲਾਵਾ, ਅਸੀਂ ਯਿਸੂ ਦਾ ਹੁਕਮ ਮੰਨਦਿਆਂ ਦੁਨੀਆਂ ਭਰ ਵਿਚ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਲੋਕਾਂ ਨੂੰ ਅਤੇ ਕਿਤੇ ਜ਼ਿਆਦਾ ਭਾਸ਼ਾਵਾਂ ਵਿਚ ਪ੍ਰਚਾਰ ਕਰ ਰਹੇ ਹਾਂ।

17, 18. ਹਿਦਾਇਤਾਂ ਮਿਲਣ ’ਤੇ ਸਾਨੂੰ ਕੀ ਕਰਨਾ ਚਾਹੀਦਾ ਹੈ?

17 ਪਰਮੇਸ਼ੁਰ ਦੇ ਸੰਗਠਨ ਨੇ ਸਾਨੂੰ ਪ੍ਰਚਾਰ ਕਰਨ ਲਈ ਬਹੁਤ ਸਾਰੇ ਔਜ਼ਾਰ ਦਿੱਤੇ ਹਨ। ਕੀ ਤੁਸੀਂ ਉਨ੍ਹਾਂ ਨੂੰ ਵਰਤਦੇ ਹੋ? ਸਾਨੂੰ ਸਭਾਵਾਂ ਵਿਚ ਸੇਧ ਮਿਲਦੀ ਹੈ ਕਿ ਅਸੀਂ ਇਨ੍ਹਾਂ ਨੂੰ ਪ੍ਰਚਾਰ ਵਿਚ ਕਿਵੇਂ ਵਧੀਆ ਤਰੀਕੇ ਨਾਲ ਵਰਤ ਸਕਦੇ ਹਾਂ। ਕੀ ਤੁਸੀਂ ਮੰਨਦੇ ਹੋ ਕਿ ਇਹ ਸੇਧ ਯਹੋਵਾਹ ਵੱਲੋਂ ਹੈ?

18 ਪਰਮੇਸ਼ੁਰ ਦੀਆਂ ਬਰਕਤਾਂ ਪਾਉਣ ਲਈ ਸਾਨੂੰ ਸਭਾਵਾਂ ਵਿਚ ਦਿੱਤੀਆਂ ਹਿਦਾਇਤਾਂ ਨੂੰ ਧਿਆਨ ਨਾਲ ਸੁਣਨ ਦੀ ਲੋੜ ਹੈ। ਜੇ ਅਸੀਂ ਹੁਣ ਕਹਿਣਾ ਮੰਨਾਂਗੇ, ਤਾਂ ਸਾਡੇ ਲਈ “ਮਹਾਂਕਸ਼ਟ” ਦੌਰਾਨ ਹਿਦਾਇਤਾਂ ਨੂੰ ਮੰਨਣਾ ਸੌਖਾ ਹੋਵੇਗਾ ਜਦੋਂ ਸ਼ੈਤਾਨ ਦੀ ਦੁਸ਼ਟ ਦੁਨੀਆਂ ਦਾ ਪੂਰੀ ਤਰ੍ਹਾਂ ਨਾਸ਼ ਕੀਤਾ ਜਾਵੇਗਾ। (ਮੱਤੀ 24:21) ਇਸ ਤੋਂ ਬਾਅਦ, ਸਾਨੂੰ ਨਵੀਂ ਦੁਨੀਆਂ ਵਿਚ ਰਹਿਣ ਲਈ ਨਵੀਆਂ ਹਿਦਾਇਤਾਂ ਦੀ ਲੋੜ ਹੋਵੇਗੀ। ਉਸ ਨਵੀਂ ਦੁਨੀਆਂ ’ਤੇ ਸ਼ੈਤਾਨ ਦਾ ਕੋਈ ਅਸਰ ਨਹੀਂ ਹੋਵੇਗਾ।

ਨਵੀਂ ਦੁਨੀਆਂ ਵਿਚ ਰਹਿਣ ਲਈ ਸਾਨੂੰ ਨਵੀਆਂ ਕਿਤਾਬਾਂ ਤੋਂ ਹਿਦਾਇਤਾਂ ਦਿੱਤੀਆਂ ਜਾਣਗੀਆਂ (ਪੈਰੇ 19, 20 ਦੇਖੋ)

19, 20. ਕਿਹੜੀਆਂ ਕਿਤਾਬਾਂ ਖੋਲ੍ਹੀਆਂ ਜਾਣਗੀਆਂ ਅਤੇ ਇਸ ਦੇ ਕੀ ਨਤੀਜੇ ਨਿਕਲਣਗੇ?

19 ਮੂਸਾ ਦੇ ਦਿਨਾਂ ਵਿਚ ਇਜ਼ਰਾਈਲ ਕੌਮ ਨੂੰ ਨਵੀਆਂ ਹਿਦਾਇਤਾਂ ਦੀ ਲੋੜ ਸੀ। ਇਸ ਕਰਕੇ ਪਰਮੇਸ਼ੁਰ ਨੇ ਉਨ੍ਹਾਂ ਨੂੰ ਮੂਸਾ ਦਾ ਕਾਨੂੰਨ ਦਿੱਤਾ। ਮਸੀਹੀ ਮੰਡਲੀ ਬਣਨ ਤੋਂ ਬਾਅਦ ਇਸ ਨੂੰ ‘ਮਸੀਹ ਦਾ ਕਾਨੂੰਨ’ ਦਿੱਤਾ ਗਿਆ। ਇਸੇ ਤਰ੍ਹਾਂ ਬਾਈਬਲ ਦੱਸਦੀ ਹੈ ਕਿ ਨਵੀਂ ਦੁਨੀਆਂ ਵਿਚ ਸਾਨੂੰ ਨਵੀਆਂ ਕਿਤਾਬਾਂ ਵਿਚ ਨਵੀਆਂ ਹਿਦਾਇਤਾਂ ਮਿਲਣਗੀਆਂ। (ਪ੍ਰਕਾਸ਼ ਦੀ ਕਿਤਾਬ 20:12 ਪੜ੍ਹੋ।) ਲੱਗਦਾ ਹੈ ਕਿ ਇਨ੍ਹਾਂ ਕਿਤਾਬਾਂ ਵਿਚ ਦੱਸਿਆ ਜਾਵੇਗਾ ਕਿ ਯਹੋਵਾਹ ਉਸ ਵੇਲੇ ਆਪਣੇ ਲੋਕਾਂ ਤੋਂ ਕੀ ਚਾਹੁੰਦਾ ਹੈ। ਸਾਰੇ ਲੋਕ, ਜਿਨ੍ਹਾਂ ਵਿਚ ਜੀਉਂਦੇ ਕੀਤੇ ਗਏ ਲੋਕ ਵੀ ਹੋਣਗੇ, ਇਨ੍ਹਾਂ ਦੀ ਸਟੱਡੀ ਕਰ ਕੇ ਜਾਣ ਸਕਣਗੇ ਕਿ ਪਰਮੇਸ਼ੁਰ ਉਨ੍ਹਾਂ ਤੋਂ ਕੀ ਚਾਹੁੰਦਾ ਹੈ। ਇਨ੍ਹਾਂ ਕਿਤਾਬਾਂ ਤੋਂ ਸਾਨੂੰ ਯਹੋਵਾਹ ਦੀ ਸੋਚ ਬਾਰੇ ਹੋਰ ਪਤਾ ਲੱਗੇਗਾ। ਅਸੀਂ ਬਾਈਬਲ ਨੂੰ ਵੀ ਹੋਰ ਚੰਗੀ ਤਰ੍ਹਾਂ ਸਮਝ ਪਾਵਾਂਗੇ। ਇਨ੍ਹਾਂ ਗੱਲਾਂ ਕਰਕੇ ਸਾਰੇ ਲੋਕ ਨਵੀਂ ਦੁਨੀਆਂ ਵਿਚ ਇਕ-ਦੂਜੇ ਨਾਲ ਪਿਆਰ, ਆਦਰ ਅਤੇ ਇੱਜ਼ਤ ਨਾਲ ਪੇਸ਼ ਆਉਣਗੇ। (ਯਸਾ. 26:9) ਜ਼ਰਾ ਕਲਪਨਾ ਕਰੋ ਕਿ ਅਸੀਂ ਆਪਣੇ ਰਾਜੇ ਯਿਸੂ ਮਸੀਹ ਅਧੀਨ ਕਿੰਨੀਆਂ ਗੱਲਾਂ ਸਿੱਖਾਂਗੇ ਅਤੇ ਦੂਜਿਆਂ ਨੂੰ ਸਿਖਾਵਾਂਗੇ!

20 ਜੇ ਅਸੀਂ ‘ਇਨ੍ਹਾਂ ਕਿਤਾਬਾਂ ਵਿਚ ਲਿਖੀਆਂ ਗੱਲਾਂ’ ਮੰਨਾਂਗੇ ਅਤੇ ਆਖ਼ਰੀ ਪਰੀਖਿਆ ਦੌਰਾਨ ਯਹੋਵਾਹ ਦੇ ਵਫ਼ਾਦਾਰ ਰਹਾਂਗੇ, ਤਾਂ ਸਾਡੇ ਨਾਂ ਹਮੇਸ਼ਾ ਲਈ “ਜੀਵਨ ਦੀ ਕਿਤਾਬ” ਵਿਚ ਲਿਖੇ ਜਾਣਗੇ। ਸਾਨੂੰ ਹਮੇਸ਼ਾ ਦੀ ਜ਼ਿੰਦਗੀ ਮਿਲ ਸਕਦੀ ਹੈ! ਜਿਵੇਂ ਅਮਰੀਕਾ ਦੇ ਫਾਟਕਾਂ ’ਤੇ ਲਿਖੇ ਸ਼ਬਦਾਂ ਨੂੰ ਪੜ੍ਹ ਕੇ ਲੋਕਾਂ ਦੀਆਂ ਜਾਨਾਂ ਬਚੀਆਂ, ਉਸੇ ਤਰ੍ਹਾਂ ਅਸੀਂ ਵੀ ਮਹਾਂਕਸ਼ਟ ਵਿੱਚੋਂ ਬਚ ਸਕਦੇ ਹਾਂ ਜੇ ਅਸੀਂ ਬਾਈਬਲ ਨੂੰ ਧਿਆਨ ਨਾਲ ਪੜ੍ਹਦੇ ਹਾਂ, ਇਸ ਦਾ ਮਤਲਬ ਸਮਝਦੇ ਹਾਂ ਅਤੇ ਯਹੋਵਾਹ ਦੀਆਂ ਹਿਦਾਇਤਾਂ ਮੰਨਦੇ ਹਾਂ। ਨਾਲੇ ਅਸੀਂ ਆਪਣੇ ਬੁੱਧੀਮਾਨ ਅਤੇ ਪਿਆਰੇ ਪਰਮੇਸ਼ੁਰ ਯਹੋਵਾਹ ਬਾਰੇ ਹਮੇਸ਼ਾ ਸਿੱਖਦੇ ਰਹਿ ਸਕਦੇ ਹਾਂ।​—ਉਪ. 3:11; ਰੋਮੀ. 11:33.