ਪੁਰਾਣੇ ਜ਼ਮਾਨੇ ਦੇ ਭਾਂਡੇ ਉੱਤੇ ਬਾਈਬਲ ਪਾਤਰ ਦਾ ਨਾਂ
2012 ਵਿਚ ਪੁਰਾਤੱਤਵ-ਵਿਗਿਆਨੀਆਂ ਨੂੰ 3,000 ਸਾਲ ਪੁਰਾਣੇ ਮਿੱਟੀ ਦੇ ਭਾਂਡੇ ਦੇ ਕੁਝ ਟੁਕੜੇ ਮਿਲੇ। ਇਹ ਪੁਰਾਤੱਤਵ-ਵਿਗਿਆਨੀ ਬਹੁਤ ਖ਼ੁਸ਼ ਸਨ। ਪਰ ਕਿਉਂ? ਟੁਕੜੇ ਮਿਲਣ ਕਰਕੇ ਨਹੀਂ, ਸਗੋਂ ਉਨ੍ਹਾਂ ਉੱਤੇ ਜੋ ਕੁਝ ਲਿਖਿਆ ਸੀ ਉਸ ਕਰਕੇ ਖ਼ੁਸ਼ ਸਨ।
ਜਦੋਂ ਪੁਰਾਤੱਤਵ-ਵਿਗਿਆਨੀਆਂ ਨੇ ਇਹ ਸਾਰੇ ਟੁਕੜੇ ਜੋੜੇ, ਤਾਂ ਉਹ ਇਸ ਉੱਤੇ ਲਿਖੀ ਕਨਾਨੀ ਭਾਸ਼ਾ ਪੜ੍ਹ ਸਕੇ। ਇਸ ਉੱਤੇ ਲਿਖਿਆ ਸੀ: “ਅਸ਼ਬਆਲ ਬੇਨ ਬੀਡਾ” ਜਿਸ ਦਾ ਮਤਲਬ ਹੈ, “ਬੀਡਾ ਦਾ ਪੁੱਤਰ, ਅਸ਼ਬਆਲ।” ਪੁਰਾਤੱਤਵ-ਵਿਗਿਆਨੀਆਂ ਨੂੰ ਪਹਿਲੀ ਵਾਰ ਇਹ ਨਾਂ ਕਿਸੇ ਪੁਰਾਣੇ ਜ਼ਮਾਨੇ ਦੀ ਚੀਜ਼ ’ਤੇ ਲਿਖਿਆ ਮਿਲਿਆ।
ਬਾਈਬਲ ਵਿਚ ਵੀ ਅਸ਼ਬਆਲ ਨਾਂ ਦੇ ਆਦਮੀ ਦਾ ਜ਼ਿਕਰ ਆਉਂਦਾ ਹੈ। ਉਹ ਰਾਜੇ ਸ਼ਾਊਲ ਦਾ ਪੁੱਤਰ ਸੀ। (1 ਇਤ. 8:33; 9:39) ਜਿਨ੍ਹਾਂ ਪੁਰਾਤੱਤਵ-ਵਿਗਿਆਨੀਆਂ ਨੂੰ ਇਹ ਟੁਕੜੇ ਮਿਲੇ, ਉਨ੍ਹਾਂ ਵਿੱਚੋਂ ਪ੍ਰੋਫ਼ੈਸਰ ਯੌਸਫ਼ ਗਾਰਫਿੰਕਲ ਨੇ ਕਿਹਾ: “ਇਹ ਦਿਲਚਸਪ ਗੱਲ ਹੈ ਕਿ ਇਹ ਨਾਂ ਬਾਈਬਲ ਦੇ ਸਿਰਫ਼ ਉਸ ਹਿੱਸੇ ਵਿਚ ਮਿਲਦਾ ਹੈ ਜਦੋਂ ਦਾਊਦ ਰਾਜ ਕਰਦਾ ਸੀ। ਨਾਲੇ ਹੁਣ ਇਤਿਹਾਸ ਦੇ ਰਿਕਾਰਡ ਵਿਚ ਮਿਲਿਆ ਹੈ।” ਕੁਝ ਲੋਕਾਂ ਦਾ ਮੰਨਣਾ ਹੈ ਕਿ ਇਹ ਨਾਂ ਸਿਰਫ਼ ਉਸ ਜ਼ਮਾਨੇ ਵਿਚ ਰੱਖਿਆ ਜਾਂਦਾ ਸੀ। ਇਹ ਇਕ ਹੋਰ ਸਬੂਤ ਹੈ ਕਿ ਬਾਈਬਲ ਇਤਿਹਾਸਕ ਤੌਰ ’ਤੇ ਸੱਚੀ ਹੈ।
ਬਾਈਬਲ ਵਿਚ ਰਾਜਾ ਸ਼ਾਊਲ ਦੇ ਪੁੱਤਰ ਅਸ਼ਬਆਲ ਨੂੰ ਈਸ਼ਬੋਸ਼ਥ ਵੀ ਕਿਹਾ ਗਿਆ ਹੈ। (2 ਸਮੂ. 2:10) “ਬਆਲ” ਦੀ ਜਗ੍ਹਾ “ਬੋਸ਼ਥ” ਕਿਉਂ ਲਿਖਿਆ ਗਿਆ ਸੀ? ਖੋਜਕਾਰ ਸਮਝਾਉਂਦੇ ਹਨ ਕਿ ਦੂਜੇ ਸਮੂਏਲ ਦੇ ਲਿਖਾਰੀ ਨੇ ਸ਼ਾਇਦ ਅਸ਼ਬਆਲ ਨਾਂ ਇਸ ਲਈ ਨਹੀਂ ਵਰਤਿਆ ਕਿਉਂਕਿ ਇਸ ਨਾਲ ਇਜ਼ਰਾਈਲੀਆਂ ਨੂੰ ਬਆਲ ਦੀ ਯਾਦ ਆਉਣੀ ਸੀ। ਬਆਲ ਨੂੰ ਕਨਾਨੀ ਲੋਕ ਤੂਫ਼ਾਨ ਦਾ ਦੇਵਤਾ ਮੰਨਦੇ ਸਨ। ਪਰ ਬਾਈਬਲ ਦੀ ਇਤਿਹਾਸ ਦੀ ਪਹਿਲੀ ਕਿਤਾਬ ਵਿਚ ਅਸ਼ਬਆਲ ਦਾ ਨਾਂ ਪੜ੍ਹਿਆ ਜਾ ਸਕਦਾ ਹੈ।