Skip to content

Skip to table of contents

ਪਰਾਹੁਣਚਾਰੀ ਕਰਨੀ ਜ਼ਰੂਰੀ ਕਿਉਂ ਹੈ?

ਪਰਾਹੁਣਚਾਰੀ ਕਰਨੀ ਜ਼ਰੂਰੀ ਕਿਉਂ ਹੈ?

“ਬਿਨਾਂ ਬੁੜ-ਬੁੜ ਕੀਤੇ ਇਕ-ਦੂਜੇ ਦੀ ਪਰਾਹੁਣਚਾਰੀ ਕਰੋ।”​—1 ਪਤ. 4:9.

ਗੀਤ: 50, 20

1. ਪਹਿਲੀ ਸਦੀ ਦੇ ਮਸੀਹੀਆਂ ਨੇ ਕਿਹੜੀਆਂ ਮੁਸ਼ਕਲਾਂ ਦਾ ਸਾਮ੍ਹਣਾ ਕੀਤਾ?

ਲਗਭਗ 62 ਅਤੇ 64 ਈਸਵੀ ਦੇ ਵਿਚਕਾਰ ਪਤਰਸ ਰਸੂਲ ਨੇ “ਪੁੰਤੁਸ, ਗਲਾਤੀਆ, ਕੱਪਦੋਕੀਆ, ਏਸ਼ੀਆ ਅਤੇ ਬਿਥੁਨੀਆ ਵਿਚ ਪਰਦੇਸੀਆਂ ਵਜੋਂ ਰਹਿ ਰਹੇ ਚੁਣੇ ਹੋਇਆਂ” ਨੂੰ ਚਿੱਠੀ ਲਿਖੀ (1 ਪਤ. 1:1) ਇਹ ਭੈਣ-ਭਰਾ ਅਲੱਗ-ਅਲੱਗ ਥਾਵਾਂ ਤੋਂ ਆਏ ਸਨ। ਉਹ “ਅਗਨੀ ਪਰੀਖਿਆਵਾਂ” ਯਾਨੀ ਸਤਾਹਟਾਂ ਦਾ ਸਾਮ੍ਹਣਾ ਕਰ ਰਹੇ ਸਨ। ਇਸ ਲਈ ਉਨ੍ਹਾਂ ਨੂੰ ਹੌਸਲੇ ਅਤੇ ਅਗਵਾਈ ਦੀ ਲੋੜ ਸੀ। ਨਾਲੇ ਉਹ ਬਹੁਤ ਹੀ ਖ਼ਤਰਨਾਕ ਸਮੇਂ ਵਿਚ ਰਹਿ ਰਹੇ ਸਨ। ਪਤਰਸ ਨੇ ਲਿਖਿਆ: “ਸਾਰੀਆਂ ਚੀਜ਼ਾਂ ਦਾ ਅੰਤ ਨੇੜੇ ਆ ਗਿਆ ਹੈ।” ਦਸ ਤੋਂ ਵੀ ਘੱਟ ਸਾਲਾਂ ਵਿਚ ਯਰੂਸ਼ਲਮ ਸ਼ਹਿਰ ਦਾ ਨਾਸ਼ ਹੋ ਜਾਣਾ ਸੀ। ਹਰ ਥਾਂ ’ਤੇ ਰਹਿਣ ਵਾਲੇ ਮਸੀਹੀ ਇਨ੍ਹਾਂ ਮੁਸ਼ਕਲ ਹਾਲਾਤਾਂ ਦਾ ਸਾਮ੍ਹਣਾ ਕਿਵੇਂ ਕਰ ਸਕੇ?​—1 ਪਤ. 4:4, 7, 12.

2, 3. ਪਤਰਸ ਨੇ ਭੈਣਾਂ-ਭਰਾਵਾਂ ਨੂੰ ਪਰਾਹੁਣਚਾਰੀ ਦਿਖਾਉਣ ਦੀ ਹੱਲਾਸ਼ੇਰੀ ਕਿਉਂ ਦਿੱਤੀ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।)

2 ਹੋਰ ਗੱਲਾਂ ਦੇ ਨਾਲ-ਨਾਲ, ਪਤਰਸ ਨੇ ਭੈਣਾਂ-ਭਰਾਵਾਂ ਨੂੰ ਹੱਲਾਸ਼ੇਰੀ ਦਿੱਤੀ ਕਿ ਉਹ ‘ਇਕ-ਦੂਜੇ ਦੀ ਪਰਾਹੁਣਚਾਰੀ ਕਰਨ।’ (1 ਪਤ. 4:9) ਪਤਰਸ ਨੇ ਇੱਥੇ “ਪਰਾਹੁਣਚਾਰੀ” ਲਈ ਜਿਹੜਾ ਯੂਨਾਨੀ ਸ਼ਬਦ ਵਰਤਿਆ ਉਸ ਦਾ ਮਤਲਬ ਹੈ, “ਅਜਨਬੀਆਂ ਲਈ ਪਿਆਰ ਦਿਖਾਉਣਾ।” ਪਰ ਜ਼ਰਾ ਗੌਰ ਕਰੋ ਕਿ ਇੱਥੇ ਪਤਰਸ ਆਪਣੇ ਭੈਣਾਂ-ਭਰਾਵਾਂ ਨੂੰ “ਇਕ-ਦੂਜੇ ਦੀ ਪਰਾਹੁਣਚਾਰੀ” ਕਰਨ ਦੀ ਹੱਲਾਸ਼ੇਰੀ ਦੇ ਰਿਹਾ ਸੀ ਜਿਨ੍ਹਾਂ ਨੂੰ ਉਹ ਪਹਿਲਾਂ ਹੀ ਜਾਣਦੇ ਸਨ ਅਤੇ ਜਿਨ੍ਹਾਂ ਨਾਲ ਮਿਲ ਕੇ ਕੰਮ ਕਰ ਰਹੇ ਸਨ। ਪਰਾਹੁਣਚਾਰੀ ਦਿਖਾਉਣ ਨਾਲ ਉਨ੍ਹਾਂ ਦੀ ਮਦਦ ਕਿਵੇਂ ਹੋਈ?

3 ਇਸ ਤਰ੍ਹਾਂ ਕਰਨ ਕਰਕੇ ਉਨ੍ਹਾਂ ਦਾ ਰਿਸ਼ਤਾ ਹੋਰ ਵੀ ਮਜ਼ਬੂਤ ਹੋਇਆ ਸੀ। ਤੁਹਾਡੇ ਬਾਰੇ ਕੀ? ਕੀ ਤੁਹਾਨੂੰ ਯਾਦ ਹੈ ਜਦੋਂ ਕਿਸੇ ਨੇ ਤੁਹਾਨੂੰ ਆਪਣੇ ਘਰ ਬੁਲਾਇਆ ਅਤੇ ਤੁਸੀਂ ਇਕੱਠਿਆ ਬਹੁਤ ਵਧੀਆ ਸਮਾਂ ਬਿਤਾਇਆ ਸੀ? ਨਾਲੇ ਜਦੋਂ ਤੁਸੀਂ ਕਿਸੇ ਨੂੰ ਆਪਣੇ ਘਰ ਬੁਲਾਇਆ, ਤਾਂ ਕੀ ਤੁਹਾਡਾ ਰਿਸ਼ਤਾ ਹੋਰ ਵੀ ਮਜ਼ਬੂਤ ਨਹੀਂ ਹੋਇਆ ਸੀ? ਆਪਣੇ ਭੈਣਾਂ-ਭਰਾਵਾਂ ਨੂੰ ਜਾਣਨ ਦਾ ਇਕ ਵਧੀਆ ਤਰੀਕਾ ਹੈ, ਪਰਾਹੁਣਚਾਰੀ ਕਰਨੀ। ਮੁਸ਼ਕਲਾਂ ਵਧਣ ਕਰਕੇ ਪਤਰਸ ਦੇ ਜ਼ਮਾਨੇ ਦੇ ਮਸੀਹੀਆਂ ਨੂੰ ਇਕ-ਦੂਜੇ ਨਾਲ ਆਪਣਾ ਰਿਸ਼ਤਾ ਹੋਰ ਵੀ ਮਜ਼ਬੂਤ ਕਰਨ ਦੀ ਲੋੜ ਸੀ। ਇਨ੍ਹਾਂ ‘ਆਖ਼ਰੀ ਦਿਨਾਂ’ ਵਿਚ ਸਾਨੂੰ ਵੀ ਇੱਦਾਂ ਕਰਨ ਦੀ ਲੋੜ ਹੈ।​—2 ਤਿਮੋ. 3:1.

4. ਇਸ ਲੇਖ ਵਿਚ ਅਸੀਂ ਕਿਹੜੇ ਸਵਾਲਾਂ ’ਤੇ ਗੌਰ ਕਰਾਂਗੇ?

4 ਸਾਡੇ ਕੋਲ “ਇਕ-ਦੂਜੇ” ਦੀ ਪਰਾਹੁਣਚਾਰੀ ਕਰਨ ਦੇ ਕਿਹੜੇ ਮੌਕੇ ਹਨ? ਕਿਹੜੀਆਂ ਗੱਲਾਂ ਪਰਾਹੁਣਚਾਰੀ ਕਰਨ ਦੇ ਰਾਹ ਵਿਚ ਰੁਕਾਵਟ ਬਣ ਸਕਦੀਆਂ ਹਨ ਅਤੇ ਅਸੀਂ ਇਨ੍ਹਾਂ ਨੂੰ ਕਿਵੇਂ ਪਾਰ ਕਰ ਸਕਦੇ ਹਾਂ? ਅਸੀਂ ਚੰਗੇ ਮਹਿਮਾਨ ਕਿਵੇਂ ਬਣ ਸਕਦੇ ਹਾਂ?

ਪਰਾਹੁਣਚਾਰੀ ਦਿਖਾਉਣ ਦੇ ਮੌਕੇ

5. ਅਸੀਂ ਸਭਾਵਾਂ ’ਤੇ ਪਰਾਹੁਣਚਾਰੀ ਕਿੱਦਾਂ ਦਿਖਾ ਸਕਦੇ ਹਾਂ?

5 ਸਭਾਵਾਂ ’ਤੇ: ਯਹੋਵਾਹ ਅਤੇ ਉਸ ਦਾ ਸੰਗਠਨ ਸਾਨੂੰ ਸਭਾਵਾਂ ’ਤੇ ਆਉਣ ਦਾ ਸੱਦਾ ਦਿੰਦਾ ਹੈ। ਅਸੀਂ ਸਭਾਵਾਂ ’ਤੇ ਆਉਣ ਵਾਲੇ ਹਰੇਕ ਵਿਅਕਤੀ ਦਾ ਸੁਆਗਤ ਕਰਦੇ ਹਾਂ, ਖ਼ਾਸ ਕਰਕੇ ਨਵੇਂ ਲੋਕਾਂ ਦਾ। (ਰੋਮੀ. 15:7) ਉਹ ਵੀ ਯਹੋਵਾਹ ਦੇ ਮਹਿਮਾਨ ਹਨ, ਇਸ ਲਈ ਅਸੀਂ ਨਹੀਂ ਚਾਹੁੰਦੇ ਕਿ ਉਹ ਓਪਰਾ ਮਹਿਸੂਸ ਕਰਨ। ਚਾਹੇ ਉਹ ਦੇਖਣ ਨੂੰ ਜਿੱਦਾਂ ਦੇ ਮਰਜ਼ੀ ਲੱਗਦੇ ਹੋਣ ਜਾਂ ਉਨ੍ਹਾਂ ਨੇ ਕਿਸੇ ਵੀ ਤਰ੍ਹਾਂ ਦੇ ਕੱਪੜੇ ਪਾਏ ਹੋਣ, ਅਸੀਂ ਸਾਰਿਆਂ ਦਾ ਸੁਆਗਤ ਕਰਦੇ ਹਾਂ। (ਯਾਕੂ. 2:1-4) ਜੇ ਤੁਸੀਂ ਕਿਸੇ ਨਵੇਂ ਵਿਅਕਤੀ ਨੂੰ ਇਕੱਲਾ ਦੇਖਦੇ ਹੋ, ਤਾਂ ਕਿਉਂ ਨਾ ਉਸ ਨੂੰ ਆਪਣੇ ਨਾਲ ਬੈਠਣ ਲਈ ਕਹੋ? ਜੇ ਤੁਸੀਂ ਸਭਾਵਾਂ ਨੂੰ ਸਮਝਣ ਅਤੇ ਪੜ੍ਹੀਆਂ ਜਾ ਰਹੀਆਂ ਆਇਤਾਂ ਲੱਭਣ ਵਿਚ ਉਸ ਦੀ ਮਦਦ ਕਰਦੇ ਹੋ, ਤਾਂ ਉਹ ਇਸ ਗੱਲ ਲਈ ਬਹੁਤ ਸ਼ੁਕਰਗੁਜ਼ਾਰ ਹੋਵੇਗਾ। ‘ਪਰਾਹੁਣਚਾਰੀ ਕਰਨ ਵਿਚ ਲੱਗੇ ਰਹਿਣ’ ਦਾ ਇਹ ਸਭ ਤੋਂ ਵਧੀਆ ਤਰੀਕਾ ਹੈ।​—ਰੋਮੀ. 12:13.

6. ਸਾਨੂੰ ਸਭ ਤੋਂ ਜ਼ਿਆਦਾ ਕਿਨ੍ਹਾਂ ਦੀ ਪਰਾਹੁਣਚਾਰੀ ਕਰਨੀ ਚਾਹੀਦੀ ਹੈ?

6 ਚਾਹ-ਪਾਣੀ ਜਾਂ ਖਾਣੇ ’ਤੇ: ਬਾਈਬਲ ਜ਼ਮਾਨੇ ਵਿਚ ਅਕਸਰ ਲੋਕ ਮਹਿਮਾਨਾਂ ਨੂੰ ਖਾਣਾ ਖਿਲਾ ਕੇ ਪਰਾਹੁਣਚਾਰੀ ਕਰਦੇ ਸਨ। ਇੱਦਾਂ ਕਰ ਕੇ ਉਹ ਦਿਖਾਉਂਦੇ ਸਨ ਕਿ ਉਹ ਉਨ੍ਹਾਂ ਨਾਲ ਦੋਸਤੀ ਅਤੇ ਸ਼ਾਂਤੀ ਕਾਇਮ ਕਰਨੀ ਚਾਹੁੰਦੇ ਸਨ। (ਉਤ. 18:1-8; ਨਿਆ. 13:15; ਲੂਕਾ 24:28-30) ਸਾਨੂੰ ਸਭ ਤੋਂ ਜ਼ਿਆਦਾ ਕਿਨ੍ਹਾਂ ਦੀ ਪਰਾਹੁਣਚਾਰੀ ਕਰਨੀ ਚਾਹੀਦੀ ਹੈ? ਆਪਣੀ ਮੰਡਲੀ ਦੇ ਭੈਣਾਂ-ਭਰਾਵਾਂ ਦੀ। ਦੁਨੀਆਂ ਦੇ ਹਾਲਾਤ ਵਿਗੜਦੇ ਜਾਣ ਕਰਕੇ ਸਾਨੂੰ ਆਪਣੇ ਭੈਣਾਂ-ਭਰਾਵਾਂ ਨਾਲ ਦੋਸਤੀ ਅਤੇ ਸ਼ਾਂਤੀ ਕਾਇਮ ਰੱਖਣ ਦੀ ਲੋੜ ਹੈ। ਸਾਲ 2011 ਵਿਚ ਪ੍ਰਬੰਧਕ ਸਭਾ ਨੇ ਅਮਰੀਕਾ ਦੇ ਬੈਥਲ ਵਿਚ ਪਹਿਰਾਬੁਰਜ ਅਧਿਐਨ ਦਾ ਸਮਾਂ ਬਦਲ ਕੇ ਸ਼ਾਮ 6:45 ਦੀ ਬਜਾਇ 6:15 ਕਰ ਦਿੱਤਾ। ਕਿਉਂ? ਕਿਉਂਕਿ ਘੋਸ਼ਣਾ ਵਿਚ ਦੱਸਿਆ ਗਿਆ ਕਿ ਸਭਾ ਛੇਤੀ ਖ਼ਤਮ ਹੋਣ ਕਰਕੇ ਬੈਥਲ ਦੇ ਭੈਣ-ਭਰਾ ਸੌਖਿਆਂ ਹੀ ਪਰਾਹੁਣਚਾਰੀ ਦਾ ਸੱਦਾ ਕਬੂਲ ਕਰ ਸਕਣਗੇ ਅਤੇ ਆਪ ਵੀ ਉਨ੍ਹਾਂ ਨੂੰ ਪਰਾਹੁਣਚਾਰੀ ਦਿਖਾ ਸਕਣਗੇ। ਹੋਰ ਸ਼ਾਖ਼ਾ ਦਫ਼ਤਰਾਂ ਨੇ ਵੀ ਇੱਦਾਂ ਹੀ ਕੀਤਾ। ਇਸ ਪ੍ਰਬੰਧ ਕਰਕੇ ਬੈਥਲ ਦੇ ਭੈਣਾਂ-ਭਰਾਵਾਂ ਦਾ ਇਕ-ਦੂਜੇ ਨਾਲ ਰਿਸ਼ਤਾ ਹੋਰ ਵੀ ਮਜ਼ਬੂਤ ਹੋਇਆ ਹੈ।

7, 8. ਅਸੀਂ ਆਪਣੇ ਕਿੰਗਡਮ ਹਾਲ ਵਿਚ ਆਉਣ ਵਾਲੇ ਭਾਸ਼ਣਕਾਰਾਂ ਦੀ ਪਰਾਹੁਣਚਾਰੀ ਕਿਵੇਂ ਕਰ ਸਕਦੇ ਹਾਂ?

7 ਸਾਨੂੰ ਸਾਰਿਆਂ ਨੂੰ ਬਹੁਤ ਖ਼ੁਸ਼ੀ ਹੁੰਦੀ ਹੈ ਜਦੋਂ ਕੋਈ ਭਰਾ ਸਾਡੀ ਮੰਡਲੀ ਵਿਚ ਭਾਸ਼ਣ ਦੇਣ ਆਉਂਦਾ ਹੈ। ਇਹ ਭਰਾ ਕਿਸੇ ਹੋਰ ਮੰਡਲੀ ਤੋਂ, ਸਫ਼ਰੀ ਨਿਗਾਹਬਾਨ ਜਾਂ ਕਈ ਵਾਰ ਬੈਥਲ ਤੋਂ ਆਇਆ ਹੋ ਸਕਦਾ ਹੈ। ਅਸੀਂ ਇਨ੍ਹਾਂ ਮੌਕਿਆਂ ’ਤੇ ਇਨ੍ਹਾਂ ਭਰਾਵਾਂ ਦੀ ਪਰਾਹੁਣਚਾਰੀ ਕਰ ਸਕਦੇ ਹਾਂ। (3 ਯੂਹੰਨਾ 5-8 ਪੜ੍ਹੋ।) ਪਰਾਹੁਣਚਾਰੀ ਕਰਨ ਦਾ ਇਕ ਤਰੀਕਾ ਹੈ, ਉਨ੍ਹਾਂ ਨੂੰ ਚਾਹ-ਪਾਣੀ ਜਾਂ ਖਾਣੇ ’ਤੇ ਬੁਲਾਉਣਾ।

8 ਅਮਰੀਕਾ ਵਿਚ ਰਹਿਣ ਵਾਲੀ ਇਕ ਭੈਣ ਯਾਦ ਕਰਦੀ ਹੈ: “ਮੈਨੂੰ ਅਤੇ ਮੇਰੇ ਪਤੀ ਨੂੰ ਕਾਫ਼ੀ ਸਾਲ ਬਹੁਤ ਸਾਰੇ ਭਾਸ਼ਣਕਾਰਾਂ ਅਤੇ ਉਨ੍ਹਾਂ ਦੀਆਂ ਪਤਨੀਆਂ ਦੀ ਪਰਾਹੁਣਚਾਰੀ ਕਰਨ ਦੇ ਮੌਕੇ ਮਿਲੇ। ਹਰ ਵਾਰ ਸਾਨੂੰ ਬਹੁਤ ਮਜ਼ਾ ਆਉਂਦਾ ਸੀ ਅਤੇ ਸਭ ਤੋਂ ਵਧੀਆ ਗੱਲ ਸੀ ਕਿ ਸਾਡੀ ਨਿਹਚਾ ਮਜ਼ਬੂਤ ਹੁੰਦੀ ਸੀ। ਸਾਨੂੰ ਇਸ ਤਰ੍ਹਾਂ ਕਰਨ ਦਾ ਕਦੀ ਕੋਈ ਪਛਤਾਵਾ ਨਹੀਂ ਹੋਇਆ।”

9, 10. (ੳ) ਕਿਨ੍ਹਾਂ ਨੂੰ ਸ਼ਾਇਦ ਸਾਡੇ ਘਰ ਕਾਫ਼ੀ ਸਮਾਂ ਰਹਿਣ ਦੀ ਲੋੜ ਪਵੇ? (ਅ) ਕੀ ਉਹ ਭੈਣ-ਭਰਾ ਵੀ ਮਦਦ ਕਰ ਸਕਦੇ ਹਨ ਜਿਨ੍ਹਾਂ ਦੇ ਘਰ ਛੋਟੇ ਹਨ? ਸਮਝਾਓ।

9 ਕਾਫ਼ੀ ਸਮਾਂ ਰਹਿਣ ਵਾਲੇ ਮਹਿਮਾਨ: ਬਾਈਬਲ ਜ਼ਮਾਨੇ ਵਿਚ ਕੁਝ ਪਰਦੇਸੀਆਂ ਨੂੰ ਰਹਿਣ ਲਈ ਜਗ੍ਹਾ ਦੇਣੀ ਆਮ ਗੱਲ ਸੀ। (ਅੱਯੂ. 31:32; ਫਿਲੇ. 22) ਅੱਜ ਸਾਨੂੰ ਵੀ ਇਸੇ ਤਰ੍ਹਾਂ ਕਰਨਾ ਚਾਹੀਦਾ ਹੈ। ਮੰਡਲੀਆਂ ਦਾ ਦੌਰਾ ਕਰਦਿਆਂ ਸਫ਼ਰੀ ਨਿਗਾਹਬਾਨਾਂ ਨੂੰ ਅਕਸਰ ਰਹਿਣ ਲਈ ਜਗ੍ਹਾ ਦੀ ਲੋੜ ਹੁੰਦੀ ਹੈ। ਸੰਗਠਨ ਵੱਲੋਂ ਚਲਾਏ ਜਾਂਦੇ ਸਕੂਲਾਂ ਦੇ ਵਿਦਿਆਰਥੀਆਂ ਅਤੇ ਉਸਾਰੀ ਦਾ ਕੰਮ ਕਰਨ ਵਾਲੇ ਭੈਣਾਂ-ਭਰਾਵਾਂ ਦੀ ਵੀ ਸ਼ਾਇਦ ਇਹੋ ਲੋੜ ਹੋਵੇ। ਨਾਲੇ ਉਨ੍ਹਾਂ ਬਾਰੇ ਕੀ ਜੋ ਕੁਦਰਤੀ ਆਫ਼ਤਾਂ ਕਰਕੇ ਘਰੋਂ-ਬੇਘਰ ਹੋ ਗਏ ਹਨ? ਘਰ ਬਣਨ ਤਕ ਉਨ੍ਹਾਂ ਨੂੰ ਵੀ ਸ਼ਾਇਦ ਰਹਿਣ ਲਈ ਜਗ੍ਹਾ ਦੀ ਲੋੜ ਹੋਵੇ। ਸਾਨੂੰ ਇਹ ਨਹੀਂ ਸੋਚ ਲੈਣਾ ਚਾਹੀਦਾ ਕਿ ਉਹੀ ਉਨ੍ਹਾਂ ਨੂੰ ਆਪਣੇ ਘਰ ਰੱਖ ਸਕਦੇ ਹਨ ਜਿਨ੍ਹਾਂ ਦੇ ਘਰ ਵੱਡੇ ਹਨ। ਉਨ੍ਹਾਂ ਨੇ ਸ਼ਾਇਦ ਬਹੁਤ ਵਾਰ ਕਈਆਂ ਨੂੰ ਆਪਣੇ ਘਰ ਰੱਖਿਆ ਹੋਵੇ। ਕੀ ਤੁਸੀਂ ਕਿਸੇ ਨੂੰ ਆਪਣੇ ਘਰ ਰੱਖ ਸਕਦੇ ਹੋ ਭਾਵੇਂ ਕਿ ਤੁਹਾਡਾ ਘਰ ਛੋਟਾ ਹੈ?

10 ਦੱਖਣੀ ਕੋਰੀਆ ਦਾ ਰਹਿਣ ਵਾਲਾ ਇਕ ਭਰਾ ਉਸ ਸਮੇਂ ਨੂੰ ਯਾਦ ਕਰਦਾ ਹੈ ਜਦੋਂ ਸੰਗਠਨ ਵੱਲੋਂ ਚਲਾਏ ਜਾਂਦੇ ਸਕੂਲਾਂ ਦੇ ਵਿਦਿਆਰਥੀ ਉਸ ਦੇ ਘਰ ਰਹੇ। ਉਸ ਨੇ ਲਿਖਿਆ: “ਮੈਂ ਪਹਿਲਾਂ-ਪਹਿਲ ਹਿਚਕਿਚਾਉਂਦਾ ਸੀ ਕਿਉਂਕਿ ਸਾਡਾ ਨਵਾਂ-ਨਵਾਂ ਵਿਆਹ ਹੋਇਆ ਸੀ ਅਤੇ ਸਾਡਾ ਘਰ ਬਹੁਤ ਛੋਟਾ ਸੀ। ਪਰ ਵਿਦਿਆਰਥੀਆਂ ਨੂੰ ਆਪਣੇ ਘਰ ਰੱਖਣ ਕਰਕੇ ਸਾਨੂੰ ਬਹੁਤ ਖ਼ੁਸ਼ੀ ਹੋਈ। ਨਵ-ਵਿਆਹੇ ਜੋੜੇ ਵਜੋਂ ਅਸੀਂ ਦੇਖ ਸਕਦੇ ਸੀ ਕਿ ਉਹ ਜੋੜੇ ਕਿੰਨੀ ਖ਼ੁਸ਼ੀ ਪਾ ਸਕਦੇ ਹਨ ਜੋ ਮਿਲ ਕੇ ਪਰਮੇਸ਼ੁਰ ਦੀ ਸੇਵਾ ਕਰਦੇ ਹਨ ਅਤੇ ਜੋ ਉਸ ਦੀ ਸੇਵਾ ਵਿਚ ਰੱਖੇ ਟੀਚਿਆਂ ਨੂੰ ਹਾਸਲ ਕਰਨ ਦੀ ਕੋਸ਼ਿਸ਼ ਕਰਦੇ ਹਨ।”

11. ਸਾਨੂੰ ਮੰਡਲੀ ਵਿਚ ਆਏ ਨਵੇਂ ਭੈਣਾਂ-ਭਰਾਵਾਂ ਦੀ ਪਰਾਹੁਣਚਾਰੀ ਕਿਉਂ ਕਰਨੀ ਚਾਹੀਦੀ ਹੈ?

11 ਮੰਡਲੀ ਵਿਚ ਆਏ ਨਵੇਂ ਭੈਣ-ਭਰਾ: ਕੁਝ ਭੈਣ-ਭਰਾ ਜਾਂ ਪਰਿਵਾਰ ਸ਼ਾਇਦ ਹੋਰ ਇਲਾਕੇ ਤੋਂ ਤੁਹਾਡੀ ਮੰਡਲੀ ਵਿਚ ਆਏ ਹੋਣ। ਉਹ ਸ਼ਾਇਦ ਇਸ ਲਈ ਆਏ ਹੋਣ ਕਿਉਂਕਿ ਤੁਹਾਡੀ ਮੰਡਲੀ ਵਿਚ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਹੈ। ਜਾਂ ਸ਼ਾਇਦ ਉਹ ਪਾਇਨੀਅਰ ਹੋਣ ਜਿਨ੍ਹਾਂ ਨੂੰ ਤੁਹਾਡੀ ਮੰਡਲੀ ਵਿਚ ਭੇਜਿਆ ਗਿਆ ਹੋਵੇ। ਉਨ੍ਹਾਂ ਲਈ ਇਹ ਇਕ ਵੱਡੀ ਤਬਦੀਲੀ ਹੈ। ਉਨ੍ਹਾਂ ਨੂੰ ਨਵੇਂ ਇਲਾਕੇ, ਨਵੀਂ ਮੰਡਲੀ ਅਤੇ ਨਵੇਂ ਸਭਿਆਚਾਰ ਮੁਤਾਬਕ ਢਲ਼ਣਾ ਪਵੇਗਾ। ਇੱਥੋਂ ਤਕ ਕਿ ਉਨ੍ਹਾਂ ਨੂੰ ਸ਼ਾਇਦ ਨਵੀਂ ਭਾਸ਼ਾ ਵੀ ਸਿੱਖਣੀ ਪਵੇ। ਕੀ ਤੁਸੀਂ ਉਨ੍ਹਾਂ ਨੂੰ ਚਾਹ-ਪਾਣੀ ’ਤੇ, ਖਾਣੇ ’ਤੇ ਜਾਂ ਆਪਣੇ ਨਾਲ ਕਿਤੇ ਘੁੰਮਣ-ਫਿਰਨ ਲਈ ਬੁਲਾ ਸਕਦੇ ਹੋ? ਇੱਦਾਂ ਉਨ੍ਹਾਂ ਦੀ ਨਵੇਂ ਦੋਸਤ ਬਣਾਉਣ ਅਤੇ ਨਵੇਂ ਹਾਲਾਤਾਂ ਅਨੁਸਾਰ ਢਲ਼ਣ ਵਿਚ ਮਦਦ ਹੋਵੇਗੀ।

12. ਕਿਸ ਤਜਰਬੇ ਤੋਂ ਪਤਾ ਲੱਗਦਾ ਹੈ ਕਿ ਪਰਾਹੁਣਚਾਰੀ ਦਿਖਾਉਣ ਲਈ ਤੁਹਾਨੂੰ ਜ਼ਿਆਦਾ ਚੀਜ਼ਾਂ ਬਣਾਉਣ ਦੀ ਲੋੜ ਨਹੀਂ ਹੈ?

12 ਪਰਾਹੁਣਚਾਰੀ ਦਿਖਾਉਣ ਲਈ ਤੁਹਾਨੂੰ ਜ਼ਿਆਦਾ ਚੀਜ਼ਾਂ ਬਣਾਉਣ ਦੀ ਲੋੜ ਨਹੀਂ ਹੈ। (ਲੂਕਾ 10:41, 42 ਪੜ੍ਹੋ।) ਇਕ ਭਰਾ ਯਾਦ ਕਰਦਾ ਹੈ ਜਦੋਂ ਉਸ ਨੇ ਅਤੇ ਉਸ ਦੀ ਪਤਨੀ ਨੇ ਮਿਸ਼ਨਰੀਆਂ ਵਜੋਂ ਸੇਵਾ ਕਰਨੀ ਸ਼ੁਰੂ ਕੀਤੀ ਸੀ। ਉਹ ਕਹਿੰਦਾ ਹੈ: “ਸਾਡੀ ਉਮਰ ਬਹੁਤੀ ਨਹੀਂ ਸੀ, ਸਾਨੂੰ ਕੋਈ ਤਜਰਬਾ ਨਹੀਂ ਸੀ ਅਤੇ ਸਾਨੂੰ ਘਰ ਦੀ ਯਾਦ ਸਤਾਉਂਦੀ ਸੀ। ਇਕ ਸ਼ਾਮ ਮੇਰੀ ਪਤਨੀ ਨੂੰ ਘਰ ਦੀ ਬਹੁਤ ਯਾਦ ਆ ਰਹੀ ਸੀ। ਮੈਂ ਉਸ ਦਾ ਧਿਆਨ ਵਟਾਉਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਕੋਈ ਫ਼ਾਇਦਾ ਨਹੀਂ ਹੋਇਆ। ਫਿਰ ਲਗਭਗ ਸ਼ਾਮ 7:30 ਵਜੇ ਕਿਸੇ ਨੇ ਸਾਡੇ ਘਰ ਦਾ ਦਰਵਾਜ਼ਾ ਖੜਕਾਇਆ। ਦਰਵਾਜ਼ੇ ’ਤੇ ਇਕ ਬਾਈਬਲ ਵਿਦਿਆਰਥਣ ਸੀ ਜੋ ਤਿੰਨ ਸੰਤਰੇ ਲੈ ਕੇ ਆਈ। ਉਹ ਨਵੇਂ ਮਿਸ਼ਨਰੀਆਂ ਦਾ ਸੁਆਗਤ ਕਰਨ ਆਈ ਸੀ। ਅਸੀਂ ਉਸ ਨੂੰ ਅੰਦਰ ਬੁਲਾਇਆ ਤੇ ਪਾਣੀ ਦਿੱਤਾ। ਫਿਰ ਅਸੀਂ ਚਾਹ ਅਤੇ ਹਾਟ ਚਾਕਲੇਟ ਬਣਾਇਆ। ਸਾਨੂੰ ਅਜੇ ਸਹੇਲੀ ਭਾਸ਼ਾ ਨਹੀਂ ਆਉਂਦੀ ਸੀ ਅਤੇ ਉਸ ਨੂੰ ਅੰਗ੍ਰੇਜ਼ੀ ਨਹੀਂ ਆਉਂਦੀ ਸੀ।” ਭਰਾ ਨੇ ਕਿਹਾ ਕਿ ਇਸ ਤਜਰਬੇ ਕਰਕੇ ਉਨ੍ਹਾਂ ਦੀ ਮੰਡਲੀ ਦੇ ਭੈਣਾਂ-ਭਰਾਵਾਂ ਨਾਲ ਦੋਸਤੀ ਕਰਨ ਅਤੇ ਹੋਰ ਖ਼ੁਸ਼ ਰਹਿਣ ਵਿਚ ਮਦਦ ਹੋਈ।

ਪਰਾਹੁਣਚਾਰੀ ਦਿਖਾਉਣ ਦੇ ਰਾਹ ਵਿਚ ਆਉਂਦੀਆਂ ਰੁਕਾਵਟਾਂ ਪਾਰ ਕਰੋ

13. ਪਰਾਹੁਣਚਾਰੀ ਕਰਨ ਦੇ ਕੀ ਫ਼ਾਇਦੇ ਹਨ?

13 ਕੀ ਤੁਸੀਂ ਕਦੇ ਪਰਾਹੁਣਚਾਰੀ ਕਰਨ ਤੋਂ ਹਿਚਕਿਚਾਏ ਹੋ? ਜੇ ਹਾਂ, ਤਾਂ ਸ਼ਾਇਦ ਤੁਸੀਂ ਭੈਣਾਂ-ਭਰਾਵਾਂ ਦੀ ਸੰਗਤੀ ਕਰਨ ਤੇ ਅਜਿਹੇ ਦੋਸਤ ਬਣਾਉਣ ਦੇ ਮੌਕਿਆਂ ਨੂੰ ਹੱਥੋਂ ਗੁਆਇਆ ਹੋਵੇ ਜਿਨ੍ਹਾਂ ਨਾਲ ਤੁਹਾਡੀ ਦੋਸਤੀ ਹਮੇਸ਼ਾ ਲਈ ਬਣੀ ਰਹਿ ਸਕਦੀ ਸੀ। ਇਕੱਲੇਪਣ ਤੋਂ ਬਚਣ ਦਾ ਇਕ ਵਧੀਆ ਤਰੀਕਾ ਹੈ, ਪਰਾਹੁਣਚਾਰੀ ਕਰਨੀ। ਪਰ ਸ਼ਾਇਦ ਕੋਈ ਪਰਾਹੁਣਚਾਰੀ ਕਰਨ ਤੋਂ ਕਿਉਂ ਹਿਚਕਿਚਾਏ? ਇਸ ਦੇ ਕੁਝ ਕਾਰਨ ਹੋ ਸਕਦੇ ਹਨ।

14. ਅਸੀਂ ਉਦੋਂ ਕੀ ਕਰ ਸਕਦੇ ਹਾਂ ਜਦੋਂ ਸਾਡੇ ਕੋਲ ਪਰਾਹੁਣਚਾਰੀ ਕਰਨ ਅਤੇ ਕਿਸੇ ਦਾ ਸੱਦਾ ਕਬੂਲ ਕਰਨ ਲਈ ਸਮਾਂ ਅਤੇ ਤਾਕਤ ਨਾ ਹੋਵੇ?

14 ਸਮਾਂ ਅਤੇ ਤਾਕਤ: ਯਹੋਵਾਹ ਦੇ ਲੋਕ ਬਹੁਤ ਵਿਅਸਤ ਹਨ ਅਤੇ ਉਨ੍ਹਾਂ ਦੀਆਂ ਕਈ ਜ਼ਿੰਮੇਵਾਰੀਆਂ ਹਨ। ਕਈਆਂ ਨੂੰ ਸ਼ਾਇਦ ਲੱਗੇ ਕਿ ਉਨ੍ਹਾਂ ਕੋਲ ਪਰਾਹੁਣਚਾਰੀ ਕਰਨ ਲਈ ਸਮਾਂ ਅਤੇ ਤਾਕਤ ਨਹੀਂ ਹੈ। ਜੇ ਤੁਹਾਨੂੰ ਵੀ ਇੱਦਾਂ ਲੱਗਦਾ ਹੈ, ਤਾਂ ਸ਼ਾਇਦ ਤੁਹਾਨੂੰ ਪਰਾਹੁਣਚਾਰੀ ਕਰਨ ਅਤੇ ਕਿਸੇ ਦਾ ਸੱਦਾ ਕਬੂਲ ਕਰਨ ਲਈ ਆਪਣੇ ਕੰਮਾਂ ਵਿਚ ਥੋੜ੍ਹਾ-ਬਹੁਤਾ ਫੇਰ-ਬਦਲ ਕਰਨ ਦੀ ਲੋੜ ਹੋਵੇ। ਇਸ ਤਰ੍ਹਾਂ ਕਰਨਾ ਜ਼ਰੂਰੀ ਹੈ ਕਿਉਂਕਿ ਬਾਈਬਲ ਸਾਨੂੰ ਪਰਾਹੁਣਚਾਰੀ ਕਰਨ ਦੀ ਹੱਲਾਸ਼ੇਰੀ ਦਿੰਦੀ ਹੈ। (ਇਬ. 13:2) ਪਰਾਹੁਣਚਾਰੀ ਕਰਨੀ ਵਧੀਆ ਗੱਲ ਹੈ। ਪਰ ਇਸ ਤਰ੍ਹਾਂ ਕਰਨ ਲਈ ਸ਼ਾਇਦ ਤੁਹਾਨੂੰ ਉਨ੍ਹਾਂ ਕੰਮਾਂ-ਕਾਰਾਂ ਵਿਚ ਘੱਟ ਸਮਾਂ ਲਾਉਣਾ ਪਵੇ ਜੋ ਜ਼ਿਆਦਾ ਜ਼ਰੂਰੀ ਨਹੀਂ ਹਨ।

15. ਸ਼ਾਇਦ ਕਈਆਂ ਨੂੰ ਕਿਉਂ ਲੱਗੇ ਕਿ ਉਹ ਪਰਾਹੁਣਚਾਰੀ ਨਹੀਂ ਕਰ ਸਕਦੇ?

15 ਤੁਸੀਂ ਆਪਣੇ ਬਾਰੇ ਕਿੱਦਾਂ ਮਹਿਸੂਸ ਕਰਦੇ ਹੋ: ਕੀ ਤੁਸੀਂ ਕਦੀ ਪਰਾਹੁਣਚਾਰੀ ਕਰਨੀ ਚਾਹੁੰਦੇ ਸੀ, ਪਰ ਤੁਹਾਨੂੰ ਲੱਗਾ ਕਿ ਤੁਸੀਂ ਨਹੀਂ ਕਰ ਸਕਦੇ? ਸ਼ਾਇਦ ਤੁਸੀਂ ਸ਼ਰਮੀਲੇ ਸੁਭਾਅ ਦੇ ਹੋ ਅਤੇ ਤੁਹਾਨੂੰ ਇਹ ਚਿੰਤਾ ਹੈ ਕਿ ਤੁਹਾਡੇ ਮਹਿਮਾਨਾਂ ਨੂੰ ਮਜ਼ਾ ਨਹੀਂ ਆਵੇਗਾ। ਸ਼ਾਇਦ ਤੁਹਾਡੇ ਕੋਲ ਜ਼ਿਆਦਾ ਪੈਸੇ ਨਹੀਂ ਹਨ ਅਤੇ ਤੁਹਾਨੂੰ ਚਿੰਤਾ ਹੈ ਕਿ ਤੁਸੀਂ ਦੂਸਰੇ ਭੈਣਾਂ-ਭਰਾਵਾਂ ਵਾਂਗ ਉਨ੍ਹਾਂ ਦੀ ਚੰਗੀ ਤਰ੍ਹਾਂ ਪਰਾਹੁਣਚਾਰੀ ਨਹੀਂ ਕਰ ਸਕਦੇ। ਯਾਦ ਰੱਖੋ ਕਿ ਘਰ ਆਲੀਸ਼ਾਨ ਹੋਣਾ ਜ਼ਰੂਰੀ ਨਹੀਂ ਹੈ। ਜੇ ਘਰ ਸਾਫ਼-ਸੁਥਰਾ ਹੈ ਅਤੇ ਤੁਸੀਂ ਉਨ੍ਹਾਂ ਨਾਲ ਦੋਸਤਾਨਾ ਤਰੀਕੇ ਨਾਲ ਪੇਸ਼ ਆਉਂਦੇ ਹੋ, ਤਾਂ ਤੁਹਾਡੇ ਮਹਿਮਾਨ ਖ਼ੁਸ਼ ਹੋਣਗੇ।

16, 17. ਤੁਸੀਂ ਉਦੋਂ ਕੀ ਕਰ ਸਕਦੇ ਹੋ, ਜਦੋਂ ਤੁਹਾਨੂੰ ਮਹਿਮਾਨਾਂ ਦੇ ਆਉਣ ਦੀ ਚਿੰਤਾ ਹੋਵੇ?

16 ਜੇ ਤੁਹਾਨੂੰ ਮਹਿਮਾਨਾਂ ਦੇ ਆਉਣ ਦੀ ਚਿੰਤਾ ਹੈ, ਤਾਂ ਸਿਰਫ਼ ਤੁਸੀਂ ਹੀ ਇੱਦਾਂ ਮਹਿਸੂਸ ਨਹੀਂ ਕਰਦੇ। ਬਰਤਾਨੀਆ ਵਿਚ ਰਹਿਣ ਵਾਲਾ ਇਕ ਬਜ਼ੁਰਗ ਦੱਸਦਾ ਹੈ: “ਮਹਿਮਾਨਾਂ ਦੇ ਆਉਣ ਦੀ ਤਿਆਰੀ ਕਰਦਿਆਂ ਥੋੜ੍ਹੀ-ਬਹੁਤੀ ਚਿੰਤਾ ਹੁੰਦੀ ਹੈ। ਯਹੋਵਾਹ ਦੀ ਸੇਵਾ ਕਰਦਿਆਂ ਸਾਨੂੰ ਚਿੰਤਾ ਹੋ ਸਕਦੀ ਹੈ, ਪਰ ਸੇਵਾ ਕਰ ਕੇ ਸਾਨੂੰ ਜੋ ਬਰਕਤਾਂ ਅਤੇ ਖ਼ੁਸ਼ੀ ਮਿਲਦੀ ਹੈ, ਉਹ ਕਿਸੇ ਵੀ ਚਿੰਤਾ ਨਾਲੋਂ ਜ਼ਿਆਦਾ ਹੁੰਦੀ ਹੈ। ਪਰਾਹੁਣਚਾਰੀ ਦੇ ਮਾਮਲੇ ਬਾਰੇ ਵੀ ਇਹ ਗੱਲ ਸੱਚ ਹੈ। ਮੈਨੂੰ ਮਹਿਮਾਨਾਂ ਨਾਲ ਬੈਠ ਕੇ ਕੌਫ਼ੀ ਪੀਣੀ ਅਤੇ ਗੱਲਾਂ ਕਰਨੀਆਂ ਬਹੁਤ ਪਸੰਦ ਹਨ।” ਆਪਣੇ ਮਹਿਮਾਨਾਂ ਵਿਚ ਨਿੱਜੀ ਦਿਲਚਸਪੀ ਲੈਣੀ ਹਮੇਸ਼ਾ ਵਧੀਆ ਹੁੰਦੀ ਹੈ। (ਫ਼ਿਲਿ. 2:4) ਬਹੁਤ ਸਾਰੇ ਮਸੀਹੀਆਂ ਨੂੰ ਆਪਣੀ ਜ਼ਿੰਦਗੀ ਵਿਚ ਹੋਏ ਤਜਰਬੇ ਸੁਣਾਉਣੇ ਪਸੰਦ ਹਨ। ਅਸੀਂ ਉਨ੍ਹਾਂ ਨੂੰ ਆਪਣੇ ਘਰ ਬੁਲਾ ਕੇ ਉਨ੍ਹਾਂ ਦੇ ਤਜਰਬੇ ਸੁਣ ਸਕਦੇ ਹਾਂ। ਇਕ ਹੋਰ ਬਜ਼ੁਰਗ ਲਿਖਦਾ ਹੈ: “ਜਦੋਂ ਮੈਂ ਭੈਣਾਂ-ਭਰਾਵਾਂ ਨੂੰ ਆਪਣੇ ਘਰ ਬੁਲਾਉਂਦਾ ਹਾਂ, ਤਾਂ ਮੈਂ ਇਹ ਜਾਣ ਪਾਉਂਦਾ ਹਾਂ ਕਿ ਉਹ ਸੱਚਾਈ ਵਿਚ ਕਿਵੇਂ ਆਏ। ਨਾਲੇ ਉਨ੍ਹਾਂ ਨਾਲ ਸਮਾਂ ਬਿਤਾ ਕੇ ਮੈਂ ਉਨ੍ਹਾਂ ਨੂੰ ਹੋਰ ਵੀ ਚੰਗੀ ਤਰ੍ਹਾਂ ਸਮਝ ਪਾਉਂਦਾ ਹਾਂ।” ਮਹਿਮਾਨਾਂ ਵਿਚ ਨਿੱਜੀ ਦਿਲਚਸਪੀ ਲੈਣ ਕਰਕੇ ਤੁਸੀਂ ਪੱਕਾ ਭਰੋਸਾ ਰੱਖ ਸਕਦੇ ਹੋ ਕਿ ਸਾਰਿਆਂ ਨੂੰ ਮਜ਼ਾ ਆਵੇਗਾ।

17 ਇਕ ਪਾਇਨੀਅਰ ਭੈਣ ਦੇ ਘਰ ਵਿਚ ਸੰਗਠਨ ਵੱਲੋਂ ਚਲਾਏ ਜਾਂਦੇ ਸਕੂਲਾਂ ਦੇ ਵਿਦਿਆਰਥੀ ਅਕਸਰ ਆ ਕੇ ਰਹਿੰਦੇ ਸਨ। ਉਹ ਕਹਿੰਦੀ ਹੈ: “ਪਹਿਲਾਂ-ਪਹਿਲ ਮੈਨੂੰ ਬਹੁਤ ਚਿੰਤਾ ਹੁੰਦੀ ਸੀ ਕਿਉਂਕਿ ਮੇਰਾ ਘਰ ਛੋਟਾ ਸੀ ਅਤੇ ਸਮਾਨ ਵਗੈਰਾ ਵੀ ਦੂਜਿਆਂ ਦਾ ਦਿੱਤਾ ਹੋਇਆ ਸੀ। ਸਕੂਲ ਵਿਚ ਸਿਖਲਾਈ ਦੇਣ ਵਾਲੇ ਇਕ ਭਰਾ ਦੀ ਪਤਨੀ ਨੇ ਮੇਰੀ ਚਿੰਤਾ ਹੀ ਖ਼ਤਮ ਕਰ ਦਿੱਤੀ। ਉਸ ਨੇ ਮੈਨੂੰ ਦੱਸਿਆ ਕਿ ਉਹ ਅਤੇ ਉਸ ਦਾ ਪਤੀ ਸਫ਼ਰੀ ਕੰਮ ਕਰਦੇ ਹਨ। ਉਨ੍ਹਾਂ ਲਈ ਸਭ ਤੋਂ ਵਧੀਆ ਸਮਾਂ ਉਹ ਹੁੰਦਾ ਹੈ ਜੋ ਉਹ ਉਨ੍ਹਾਂ ਪਰਿਵਾਰਾਂ ਨਾਲ ਬਿਤਾਉਂਦੇ ਹਨ ਜਿਨ੍ਹਾਂ ਦਾ ਯਹੋਵਾਹ ਨਾਲ ਵਧੀਆ ਰਿਸ਼ਤਾ ਹੈ। ਭਾਵੇਂ ਕਿ ਉਨ੍ਹਾਂ ਕੋਲ ਜ਼ਿਆਦਾ ਚੀਜ਼ਾਂ ਨਹੀਂ ਹੁੰਦੀਆਂ, ਪਰ ਉਨ੍ਹਾਂ ਦੇ ਟੀਚੇ ਸਾਡੇ ਵਰਗੇ ਹੁੰਦੇ ਹਨ, ਜਿਵੇਂ ਯਹੋਵਾਹ ਦੀ ਸੇਵਾ ਕਰਨੀ ਅਤੇ ਆਪਣੀ ਜ਼ਿੰਦਗੀ ਸਾਦੀ ਰੱਖਣੀ। ਇਸ ਤੋਂ ਮੈਨੂੰ ਬਚਪਨ ਵਿਚ ਦੱਸੀ ਮੇਰੇ ਮੰਮੀ ਜੀ ਦੀ ਇਹ ਗੱਲ ਯਾਦ ਆਈ: ‘ਸਾਗ ਪੱਤ ਦਾ ਖਾਣਾ ਜਿੱਥੇ ਪ੍ਰੇਮ ਹੈ, ਚੰਗਾ ਹੈ।’” (ਕਹਾ. 15:17) ਚਿੰਤਾ ਕਰਨ ਦੀ ਬਜਾਇ ਜ਼ਰੂਰੀ ਹੈ ਕਿ ਅਸੀਂ ਆਪਣੇ ਮਹਿਮਾਨਾਂ ਨੂੰ ਪਿਆਰ ਦਿਖਾਈਏ।

18, 19. ਪਰਾਹੁਣਚਾਰੀ ਕਰ ਕੇ ਦੂਜਿਆਂ ਬਾਰੇ ਸਾਡੀ ਸੋਚ ਵਿਚ ਸੁਧਾਰ ਕਿਵੇਂ ਹੋ ਸਕਦਾ ਹੈ?

18 ਤੁਸੀਂ ਦੂਜਿਆਂ ਬਾਰੇ ਕਿਵੇਂ ਮਹਿਸੂਸ ਕਰਦੇ ਹੋ: ਕੀ ਮੰਡਲੀ ਵਿਚ ਕੋਈ ਭੈਣ ਜਾਂ ਭਰਾ ਹੈ ਜਿਸ ਨਾਲ ਤੁਹਾਡੀ ਨਹੀਂ ਬਣਦੀ? ਜੇ ਤੁਸੀਂ ਉਸ ਭੈਣ ਜਾਂ ਭਰਾ ਬਾਰੇ ਬੁਰਾ ਸੋਚਦੇ ਰਹੋਗੇ, ਤਾਂ ਹਾਲਾਤ ਸੁਧਰਨਗੇ ਨਹੀਂ। ਜੇ ਤੁਸੀਂ ਕਿਸੇ ਨੂੰ ਪਸੰਦ ਨਹੀਂ ਕਰਦੇ, ਤਾਂ ਸ਼ਾਇਦ ਤੁਸੀਂ ਉਸ ਨੂੰ ਆਪਣੇ ਘਰ ਨਾ ਬੁਲਾਉਣਾ ਚਾਹੋ। ਜਾਂ ਸ਼ਾਇਦ ਕਿਸੇ ਨੇ ਪਹਿਲਾਂ ਤੁਹਾਡਾ ਦਿਲ ਦੁਖਾਇਆ ਹੋਵੇ ਜਿਸ ਕਰਕੇ ਤੁਹਾਡੇ ਲਈ ਉਸ ਨੂੰ ਮਾਫ਼ ਕਰਨਾ ਔਖਾ ਹੋਵੇ।

19 ਬਾਈਬਲ ਕਹਿੰਦੀ ਹੈ ਕਿ ਪਰਾਹੁਣਚਾਰੀ ਕਰ ਕੇ ਤੁਸੀਂ ਦੂਜਿਆਂ ਨਾਲ, ਇੱਥੋਂ ਤਕ ਕਿ ਆਪਣੇ ਦੁਸ਼ਮਣਾਂ ਨਾਲ ਵੀ ਰਿਸ਼ਤਾ ਸੁਧਾਰ ਸਕਦੇ ਹੋ। (ਕਹਾਉਤਾਂ 25:21, 22 ਪੜ੍ਹੋ।) ਕਿਸੇ ਨੂੰ ਆਪਣੇ ਘਰ ਬੁਲਾ ਕੇ ਤੁਸੀਂ ਆਪਣੇ ਮਨ-ਮੁਟਾਵ ਘਟਾ ਸਕਦੇ ਹੋ ਅਤੇ ਸ਼ਾਂਤੀ ਭਰਿਆ ਰਿਸ਼ਤਾ ਕਾਇਮ ਕਰ ਸਕਦੇ ਹੋ। ਤੁਸੀਂ ਵੀ ਸ਼ਾਇਦ ਉਸ ਵਿਚ ਉਹ ਗੁਣ ਦੇਖਣੇ ਸ਼ੁਰੂ ਕਰ ਦੇਵੋ ਜੋ ਯਹੋਵਾਹ ਨੇ ਉਸ ਨੂੰ ਸੱਚਾਈ ਵੱਲ ਖਿੱਚਣ ਵੇਲੇ ਦੇਖੇ ਸਨ। (ਯੂਹੰ. 6:44) ਪਿਆਰ ਹੋਣ ਕਰਕੇ ਜਦੋਂ ਤੁਸੀਂ ਉਸ ਵਿਅਕਤੀ ਨੂੰ ਆਪਣੇ ਘਰ ਬੁਲਾਉਂਦੇ ਹੋ ਜਿਸ ਨੇ ਉਮੀਦ ਹੀ ਨਾ ਕੀਤੀ ਹੋਵੇ, ਤਾਂ ਦੋਸਤੀ ਦੀ ਵਧੀਆ ਸ਼ੁਰੂਆਤ ਹੋ ਸਕਦੀ ਹੈ। ਤੁਸੀਂ ਇਹ ਕਿਵੇਂ ਜਾਣ ਸਕਦੇ ਹੋ ਕਿ ਪਿਆਰ ਕਰਕੇ ਤੁਸੀਂ ਪਰਾਹੁਣਚਾਰੀ ਕਰਦੇ ਹੋ? ਫ਼ਿਲਿੱਪੀਆਂ 2:3 ਵਿਚ ਦਿੱਤੀ ਸਲਾਹ ਤੁਹਾਡੀ ਮਦਦ ਕਰੇਗੀ ਜਿਸ ਵਿਚ ਲਿਖਿਆ ਹੈ: “ਨਿਮਰ ਬਣ ਕੇ ਦੂਸਰਿਆਂ ਨੂੰ ਆਪਣੇ ਨਾਲੋਂ ਚੰਗੇ ਸਮਝੋ।” ਅਸੀਂ ਸੋਚ ਸਕਦੇ ਹਾਂ ਕਿ ਸਾਡੇ ਭੈਣ-ਭਰਾ ਕਿਨ੍ਹਾਂ ਗੱਲਾਂ ਵਿਚ ਸਾਡੇ ਨਾਲੋਂ ਚੰਗੇ ਹਨ। ਸ਼ਾਇਦ ਅਸੀਂ ਉਨ੍ਹਾਂ ਦੀ ਨਿਹਚਾ, ਧੀਰਜ ਜਾਂ ਉਨ੍ਹਾਂ ਦੇ ਹੋਰ ਮਸੀਹੀ ਗੁਣਾਂ ਤੋਂ ਸਿੱਖ ਸਕਦੇ ਹਾਂ। ਉਨ੍ਹਾਂ ਦੇ ਚੰਗੇ ਗੁਣਾਂ ’ਤੇ ਸੋਚ-ਵਿਚਾਰ ਕਰਨ ਨਾਲ ਉਨ੍ਹਾਂ ਲਈ ਸਾਡਾ ਪਿਆਰ ਹੋਰ ਵੀ ਗੂੜ੍ਹਾ ਹੋਵੇਗਾ ਅਤੇ ਸਾਡੇ ਲਈ ਉਨ੍ਹਾਂ ਦੀ ਪਰਾਹੁਣਚਾਰੀ ਕਰਨੀ ਹੋਰ ਸੌਖੀ ਹੋਵੇਗੀ।

ਚੰਗੇ ਮਹਿਮਾਨ ਬਣੋ

ਮੇਜ਼ਬਾਨ ਆਪਣੇ ਮਹਿਮਾਨਾਂ ਦੀ ਪਰਾਹੁਣਚਾਰੀ ਕਰਨ ਦੀ ਚੰਗੀ ਤਿਆਰੀ ਕਰਦਾ ਹੈ (ਪੈਰਾ 20 ਦੇਖੋ)

20. ਜਦੋਂ ਅਸੀਂ ਕਿਸੇ ਸੱਦੇ ਨੂੰ ਕਬੂਲ ਕਰਦੇ ਹਾਂ, ਤਾਂ ਸਾਨੂੰ ਕਿਉਂ ਅਤੇ ਕਿਵੇਂ ਦਿਖਾਉਣਾ ਚਾਹੀਦਾ ਹੈ ਕਿ ਅਸੀਂ ਆਪਣੇ ਵਾਅਦੇ ’ਤੇ ਪੱਕੇ ਹਾਂ?

20 ਜ਼ਬੂਰਾਂ ਦੇ ਲਿਖਾਰੀ ਨੇ ਪੁੱਛਿਆ: “ਹੇ ਯਹੋਵਾਹ, ਤੇਰੇ ਡੇਹਰੇ ਵਿੱਚ ਕੌਣ ਟਿਕੇਗਾ?” (ਜ਼ਬੂ. 15:1) ਇਸ ਤੋਂ ਬਾਅਦ, ਦਾਊਦ ਨੇ ਕੁਝ ਗੁਣ ਦੱਸੇ ਜੋ ਯਹੋਵਾਹ ਆਪਣੇ ਮਹਿਮਾਨਾਂ ਵਿਚ ਚਾਹੁੰਦਾ ਹੈ। ਇਨ੍ਹਾਂ ਵਿੱਚੋਂ ਇਕ ਗੁਣ ਹੈ, ਆਪਣੇ ਵਾਅਦੇ ’ਤੇ ਪੱਕੇ ਰਹਿਣਾ: “ਜਿਹੜਾ ਸੌਂਹ ਖਾ ਕੇ ਮੁੱਕਰਦਾ ਨਹੀਂ, ਭਾਵੇਂ ਉਹ ਨੂੰ ਘਾਟਾ ਵੀ ਪਵੇ।” (ਜ਼ਬੂ. 15:4) ਜੇ ਅਸੀਂ ਕਿਸੇ ਦਾ ਸੱਦਾ ਕਬੂਲ ਕਰਦੇ ਹਾਂ, ਤਾਂ ਸਾਨੂੰ ਬਿਨਾਂ ਵਜ੍ਹਾ ਸੱਦੇ ਨੂੰ ਰੱਦ ਨਹੀਂ ਕਰਨਾ ਚਾਹੀਦਾ। ਮੇਜ਼ਬਾਨ ਨੇ ਸ਼ਾਇਦ ਪਹਿਲਾਂ ਹੀ ਤਿਆਰੀ ਕਰ ਲਈ ਹੋਵੇ। ਇਸ ਲਈ ਜੇ ਅਸੀਂ ਮਨ੍ਹਾ ਕਰ ਦੇਵਾਂਗੇ, ਤਾਂ ਉਸ ਦੀਆਂ ਕੀਤੀਆਂ ਕੋਸ਼ਿਸ਼ਾਂ ਬੇਕਾਰ ਹੋ ਜਾਣਗੀਆਂ। (ਮੱਤੀ 5:37) ਕੁਝ ਲੋਕ ਹੋਰ ਵਧੀਆ ਸੱਦੇ ਨੂੰ ਕਬੂਲ ਕਰਨ ਲਈ ਪਹਿਲੇ ਸੱਦੇ ਨੂੰ ਰੱਦ ਕਰ ਦਿੰਦੇ ਹਨ। ਕੀ ਇਸ ਤਰ੍ਹਾਂ ਕਰਕੇ ਤੁਸੀਂ ਮੇਜ਼ਬਾਨ ਲਈ ਪਿਆਰ ਤੇ ਮਾਣ ਦਿਖਾ ਰਹੇ ਹੁੰਦੇ ਹੋ? ਸਾਨੂੰ ਮੇਜ਼ਬਾਨ ਵੱਲੋਂ ਕੀਤੀ ਕਿਸੇ ਵੀ ਤਰ੍ਹਾਂ ਦੀ ਪਰਾਹੁਣਚਾਰੀ ਲਈ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ। (ਲੂਕਾ 10:7) ਜੇ ਸਾਡੇ ਕੋਲ ਮਨ੍ਹਾ ਕਰਨ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਹੈ, ਤਾਂ ਵਧੀਆ ਹੋਵੇਗਾ ਕਿ ਅਸੀਂ ਛੇਤੀ ਤੋਂ ਛੇਤੀ ਮੇਜ਼ਬਾਨ ਨੂੰ ਇਸ ਬਾਰੇ ਦੱਸ ਦੇਈਏ।

21. ਹਰ ਥਾਂ ਦੇ ਰਿਵਾਜਾਂ ਲਈ ਆਦਰ ਦਿਖਾ ਕੇ ਅਸੀਂ ਚੰਗੇ ਮਹਿਮਾਨ ਕਿਵੇਂ ਬਣ ਸਕਦੇ ਹਾਂ?

21 ਹਰ ਥਾਂ ਦੇ ਰਿਵਾਜਾਂ ਲਈ ਆਦਰ ਦਿਖਾਉਣਾ ਵੀ ਜ਼ਰੂਰੀ ਹੈ। ਕੁਝ ਸਭਿਆਚਾਰਾਂ ਵਿਚ ਬਿਨ-ਬੁਲਾਏ ਮਹਿਮਾਨਾਂ ਦਾ ਸੁਆਗਤ ਕੀਤਾ ਜਾਂਦਾ ਹੈ। ਹੋਰ ਸਭਿਆਚਾਰਾਂ ਵਿਚ ਜਾਣ ਤੋਂ ਪਹਿਲਾਂ ਦੱਸਣਾ ਜ਼ਰੂਰੀ ਹੁੰਦਾ ਹੈ। ਕੁਝ ਥਾਵਾਂ ’ਤੇ ਮਹਿਮਾਨਾਂ ਨੂੰ ਪਹਿਲਾਂ ਖਾਣਾ ਦਿੱਤਾ ਜਾਂਦਾ ਹੈ ਅਤੇ ਮੇਜ਼ਬਾਨ ਦਾ ਪਰਿਵਾਰ ਬਾਅਦ ਵਿਚ ਖਾਂਦਾ ਹੈ। ਹੋਰ ਥਾਵਾਂ ’ਤੇ ਸਾਰੇ ਇਕੱਠੇ ਬੈਠ ਕੇ ਖਾਣਾ ਖਾਂਦੇ ਹਨ। ਕੁਝ ਇਲਾਕਿਆਂ ਵਿਚ ਮਹਿਮਾਨ ਕੁਝ-ਨਾ-ਕੁਝ ਲੈ ਕੇ ਆਉਂਦੇ ਹਨ। ਪਰ ਹੋਰ ਥਾਵਾਂ ’ਤੇ ਮੇਜ਼ਬਾਨ ਨਹੀਂ ਚਾਹੁੰਦਾ ਹੈ ਕਿ ਮਹਿਮਾਨ ਕੁਝ ਲੈ ਕੇ ਆਉਣ। ਕੁਝ ਸਭਿਆਚਾਰਾਂ ਵਿਚ ਪਹਿਲੀ ਵਾਰ ਜਾਂ ਦੂਜੀ ਵਾਰ ਸੱਦੇ ਤੋਂ ਇਨਕਾਰ ਕਰਨ ’ਤੇ ਬੁਰਾ ਨਹੀਂ ਮੰਨਿਆ ਜਾਂਦਾ ਜਦ ਕਿ ਹੋਰ ਸਭਿਆਚਾਰਾਂ ਵਿਚ ਇੱਦਾਂ ਕਰਨਾ ਬੁਰਾ ਸਮਝਿਆ ਜਾਂਦਾ ਹੈ। ਸਾਨੂੰ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ ਤਾਂਕਿ ਮੇਜ਼ਬਾਨ ਨੂੰ ਸਾਡੇ ਆਉਣ ਕਰਕੇ ਖ਼ੁਸ਼ੀ ਹੋਵੇ।

22. “ਇਕ-ਦੂਜੇ ਦੀ ਪਰਾਹੁਣਚਾਰੀ” ਕਰਨੀ ਇੰਨੀ ਜ਼ਰੂਰੀ ਕਿਉਂ ਹੈ?

22 ਪਤਰਸ ਨੇ ਕਿਹਾ: “ਸਾਰੀਆਂ ਚੀਜ਼ਾਂ ਦਾ ਅੰਤ ਨੇੜੇ ਆ ਗਿਆ ਹੈ।” (1 ਪਤ. 4:7) ਹੁਣ ਸਾਰੀਆਂ ਚੀਜ਼ਾਂ ਦਾ ਅੰਤ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਨੇੜੇ ਹੈ। ਅਸੀਂ ਬਹੁਤ ਜਲਦੀ ਮਹਾਂਕਸ਼ਟ ਦਾ ਸਾਮ੍ਹਣਾ ਕਰਾਂਗੇ। ਉਸ ਦੌਰਾਨ ਇੱਦਾਂ ਦੀਆਂ ਮੁਸ਼ਕਲਾਂ ਆਉਣਗੀਆਂ ਜਿਨ੍ਹਾਂ ਦਾ ਸਾਮ੍ਹਣਾ ਪਹਿਲਾਂ ਕਦੀ ਵੀ ਕਿਸੇ ਨੇ ਨਹੀਂ ਕੀਤਾ। ਜਿੱਦਾਂ-ਜਿੱਦਾਂ ਇਸ ਦੁਨੀਆਂ ਦੇ ਹਾਲਾਤ ਖ਼ਰਾਬ ਹੋ ਰਹੇ ਹਨ, ਉੱਦਾਂ-ਉੱਦਾਂ ਸਾਨੂੰ ਆਪਣੇ ਭੈਣਾਂ-ਭਰਾਵਾਂ ਲਈ ਪਿਆਰ ਹੋਰ ਵੀ ਗੂੜ੍ਹਾ ਕਰਨ ਦੀ ਲੋੜ ਹੈ। ਅੱਜ ਮਸੀਹੀਆਂ ਨੂੰ ਪਤਰਸ ਦੀ ਇਹ ਸਲਾਹ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਲਾਗੂ ਕਰਨ ਦੀ ਲੋੜ ਹੈ: “ਇਕ-ਦੂਜੇ ਦੀ ਪਰਾਹੁਣਚਾਰੀ ਕਰੋ।” (1 ਪਤ. 4:9) ਜੀ ਹਾਂ, ਪਰਾਹੁਣਚਾਰੀ ਕਰਨ ਨਾਲ ਹਮੇਸ਼ਾ ਖ਼ੁਸ਼ੀ ਮਿਲਦੀ ਹੈ ਅਤੇ ਇਸ ਤਰ੍ਹਾਂ ਕਰਨਾ ਹੁਣ ਅਤੇ ਹਮੇਸ਼ਾ ਲਈ ਜ਼ਰੂਰੀ ਹੈ।