Skip to content

Skip to table of contents

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

ਯਹੋਵਾਹ ਦੇ ਗਵਾਹਾਂ ਦੇ ਪ੍ਰਕਾਸ਼ਨਾਂ ਵਿਚ ਪੌਲੁਸ ਰਸੂਲ ਨੂੰ ਬਿਨਾਂ ਵਾਲ਼ਾਂ ਜਾਂ ਥੋੜ੍ਹੇ ਵਾਲ਼ਾਂ ਵਾਲਾ ਕਿਉਂ ਦਿਖਾਇਆ ਜਾਂਦਾ ਹੈ?

ਇਹ ਗੱਲ ਸਹੀ ਹੈ ਕਿ ਅੱਜ ਕੋਈ ਵੀ ਪੱਕੀ ਤਰ੍ਹਾਂ ਇਹ ਨਹੀਂ ਕਹਿ ਸਕਦਾ ਕਿ ਪੌਲੁਸ ਦੇਖਣ ਨੂੰ ਕਿੱਦਾਂ ਦਾ ਲੱਗਦਾ ਸੀ। ਸਾਡੇ ਪ੍ਰਕਾਸ਼ਨਾਂ ਵਿਚ ਦਿੱਤੀਆਂ ਤਸਵੀਰਾਂ ਚਿੱਤਰਕਾਰਾਂ ਦੁਆਰਾ ਬਣਾਈਆਂ ਜਾਂਦੀਆਂ ਹਨ ਜੋ ਪੁਰਾਤੱਤਵੀ ਖੋਜਾਂ ’ਤੇ ਆਧਾਰਿਤ ਨਹੀਂ ਹੁੰਦੀਆਂ।

ਪਰ ਪੌਲੁਸ ਦੀ ਦਿੱਖ ਬਾਰੇ ਕੁਝ ਗੱਲਾਂ ਬਾਰੇ ਦੱਸਿਆ ਗਿਆ ਸੀ। ਮਿਸਾਲ ਲਈ, 1 ਮਾਰਚ 1902 ਦੇ ਜ਼ਾਇਨਸ ਵਾਚ ਟਾਵਰ ਵਿਚ ਦੱਸਿਆ ਗਿਆ ਸੀ: ‘ਲਗਭਗ 150 ਈਸਵੀ ਵਿਚ ਲਿਖੇ ਗਏ ਦ ਐਕਟਸ ਆਫ਼ ਪੌਲ ਐਂਡ ਦਾਕਲਾ ਵਿਚ ਪੌਲੁਸ ਦੀ ਦਿੱਖ ਬਾਰੇ ਦੱਸਿਆ ਗਿਆ ਹੈ। ਇਸ ਵਿਚ ਪੌਲੁਸ ਦੀ ਦਿੱਖ ਬਾਰੇ ਦਿੱਤੀ ਜਾਣਕਾਰੀ ਸਭ ਤੋਂ ਵਧੀਆ ਹੈ ਅਤੇ ਉਹ ਗੱਲਾਂ ਹਨ ਜੋ ਲੋਕ ਪੌਲੁਸ ਬਾਰੇ ਲੰਬੇ ਸਮੇਂ ਤੋਂ ਮੰਨਦੇ ਆ ਰਹੇ ਸਨ। ਇਸ ਵਿਚ ਦੱਸਿਆ ਗਿਆ ਹੈ ਕਿ ਉਸ ਦਾ ਕੱਦ ਛੋਟਾ ਸੀ, ਉਸ ਦੇ ਸਿਰ ’ਤੇ ਵਾਲ਼ ਨਹੀਂ ਸਨ, ਉਸ ਦੀਆਂ ਲੱਤਾਂ ਵਿੰਗੀਆਂ ਸਨ, ਉਹ ਤਕੜਾ ਸੀ, ਉਸ ਦੇ ਭਰਵੱਟਿਆਂ ਵਿਚ ਵਿਹਲ ਨਹੀਂ ਸੀ ਅਤੇ ਉਸ ਦਾ ਨੱਕ ਲੰਬਾ ਸੀ।’

ਇਸ ਪੁਰਾਣੀ ਲਿਖਤ ਬਾਰੇ ਦ ਆਕਸਫ਼ੋਰਡ ਡਿਕਸ਼ਨਰੀ ਆਫ਼ ਦ ਕ੍ਰਿਸਚਨ ਚਰਚ (1997 ਐਡੀਸ਼ਨ) ਦੱਸਦਾ ਹੈ: “ਇਹ ਮੁਮਕਿਨ ਹੈ ਕਿ ‘ਐਕਟਸ’ ਵਿਚ ਕੁਝ-ਨਾ-ਕੁਝ ਇਤਿਹਾਸਕ ਸੱਚਾਈ ਜ਼ਰੂਰ ਹੈ।” ਦ ਐਕਟਸ ਆਫ਼ ਪੌਲ ਐਂਡ ਦਾਕਲਾ ਦੇ ਲਿਖਣ ਤੋਂ ਕਈ ਸਦੀਆਂ ਬਾਅਦ ਵੀ ਲੋਕ ਇਸ ਦੀਆਂ ਗੱਲਾਂ ਨੂੰ ਸੱਚ ਮੰਨਦੇ ਸਨ। ਅਸੀਂ ਇਹ ਗੱਲ ਇਸ ਲਈ ਕਹਿ ਸਕਦੇ ਹਾਂ ਕਿਉਂਕਿ ਯੂਨਾਨੀ ਭਾਸ਼ਾ ਵਿਚ ਇਸ ਦੀਆਂ 80 ਹੱਥ-ਲਿਖਤਾਂ ਮੌਜੂਦ ਹਨ ਅਤੇ ਇਸ ਦਾ ਹੋਰ ਭਾਸ਼ਾਵਾਂ ਵਿਚ ਵੀ ਅਨੁਵਾਦ ਕੀਤਾ ਗਿਆ ਸੀ। ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਸਾਡੇ ਪ੍ਰਕਾਸ਼ਨਾਂ ਵਿਚ ਦਿੱਤੀਆਂ ਪੌਲੁਸ ਦੀਆਂ ਤਸਵੀਰਾਂ ਪੁਰਾਣੀਆਂ ਲਿਖਤਾਂ ਦੇ ਵੇਰਵਿਆਂ ਅਨੁਸਾਰ ਬਣਾਈਆਂ ਜਾਂਦੀਆਂ ਹਨ।

ਪਰ ਯਾਦ ਰੱਖੋ ਕਿ ਕੁਝ ਹੋਰ ਗੱਲਾਂ ਹਨ ਜੋ ਪੌਲੁਸ ਦੀ ਦਿੱਖ ਨਾਲੋਂ ਜ਼ਿਆਦਾ ਅਹਿਮ ਹਨ। ਭਾਵੇਂ ਕਿ ਪੌਲੁਸ ਪਰਮੇਸ਼ੁਰ ਦੇ ਕੰਮਾਂ ਵਿਚ ਲੱਗਾ ਹੋਇਆ ਸੀ, ਫਿਰ ਵੀ ਕੁਝ ਆਲੋਚਕਾਂ ਨੇ ਦੋਸ਼ ਲਾਇਆ ਕਿ ‘ਉਹ ਮਾਮੂਲੀ ਜਿਹਾ ਲੱਗਦਾ ਸੀ ਅਤੇ ਬੇਕਾਰ ਦੀਆਂ ਗੱਲਾਂ ਕਰਦਾ ਸੀ।’ (2 ਕੁਰਿੰ. 10:10) ਪਰ ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਉਹ ਯਿਸੂ ਦੇ ਚਮਤਕਾਰੀ ਤਰੀਕੇ ਨਾਲ ਦਰਸ਼ਣ ਦੇਣ ਕਰਕੇ ਹੀ ਮਸੀਹੀ ਬਣਿਆ ਸੀ। ਅਸੀਂ ਇਸ ’ਤੇ ਵੀ ਸੋਚ-ਵਿਚਾਰ ਕਰ ਸਕਦੇ ਹਾਂ ਕਿ ਪੌਲੁਸ ਨੇ ਚੁਣੇ ਹੋਏ ਵਿਅਕਤੀ ਵਜੋਂ ਯਿਸੂ ਦਾ ਨਾਂ ਗ਼ੈਰ-ਯਹੂਦੀ ਲੋਕਾਂ ਤਕ ਪਹੁੰਚਾਇਆ। (ਰਸੂ. 9:3-5, 15; 22:6-8) ਨਾਲੇ ਇਸ ਗੱਲ ’ਤੇ ਵੀ ਗੌਰ ਕਰੋ ਕਿ ਪੌਲੁਸ ਨੇ ਯਹੋਵਾਹ ਦੀ ਪਵਿੱਤਰ ਸ਼ਕਤੀ ਅਧੀਨ ਜੋ ਕਿਤਾਬਾਂ ਲਿਖੀਆਂ, ਉਨ੍ਹਾਂ ਤੋਂ ਸਾਨੂੰ ਕਿੰਨਾ ਫ਼ਾਇਦਾ ਹੋ ਸਕਦਾ ਹੈ।

ਪੌਲੁਸ ਨੇ ਮਸੀਹੀ ਬਣਨ ਤੋਂ ਪਹਿਲਾਂ ਜੋ ਕੁਝ ਵੀ ਕੀਤਾ, ਉਨ੍ਹਾਂ ਗੱਲਾਂ ਉੱਤੇ ਉਸ ਨੇ ਕਦੀ ਵੀ ਘਮੰਡ ਨਹੀਂ ਕੀਤਾ ਅਤੇ ਨਾ ਹੀ ਇਹ ਦੱਸਿਆ ਕਿ ਉਹ ਦੇਖਣ ਨੂੰ ਕਿੱਦਾਂ ਦਾ ਲੱਗਦਾ ਸੀ। (ਰਸੂ. 26:4, 5; ਫ਼ਿਲਿ. 3:4-6) ਉਸ ਨੇ ਕਿਹਾ: “ਮੈਂ ਸਾਰੇ ਰਸੂਲਾਂ ਵਿੱਚੋਂ ਛੋਟਾ ਰਸੂਲ ਹਾਂ ਅਤੇ ਮੈਂ ਤਾਂ ਰਸੂਲ ਕਹਾਉਣ ਦੇ ਲਾਇਕ ਵੀ ਨਹੀਂ ਹਾਂ।” (1 ਕੁਰਿੰ. 15:9) ਬਾਅਦ ਵਿਚ ਉਸ ਨੇ ਲਿਖਿਆ: “ਭਾਵੇਂ ਮੈਂ ਸਾਰੇ ਪਵਿੱਤਰ ਸੇਵਕਾਂ ਵਿਚ ਛੋਟਿਆਂ ਨਾਲੋਂ ਵੀ ਛੋਟਾ ਹਾਂ, ਫਿਰ ਵੀ ਮੇਰੇ ਉੱਤੇ ਅਪਾਰ ਕਿਰਪਾ ਕੀਤੀ ਗਈ ਸੀ ਤਾਂਕਿ ਮੈਂ ਗ਼ੈਰ-ਯਹੂਦੀ ਕੌਮਾਂ ਨੂੰ ਮਸੀਹ ਦੇ ਬੇਸ਼ੁਮਾਰ ਖ਼ਜ਼ਾਨੇ ਬਾਰੇ ਖ਼ੁਸ਼ ਖ਼ਬਰੀ ਸੁਣਾਵਾਂ।” (ਅਫ਼. 3:8) ਯਕੀਨਨ, ਇਹ ਗੱਲ ਇਸ ਤੋਂ ਜ਼ਿਆਦਾ ਅਹਿਮੀਅਤ ਰੱਖਦੀ ਹੈ ਕਿ ਪੌਲੁਸ ਦੇਖਣ ਨੂੰ ਕਿੱਦਾਂ ਦਾ ਲੱਗਦਾ ਸੀ।