Skip to content

Skip to table of contents

ਮਸੀਹੀਆਂ ਲਈ ਬਪਤਿਸਮਾ ਲੈਣਾ ਕਿਉਂ ਜ਼ਰੂਰੀ ਹੈ?

ਮਸੀਹੀਆਂ ਲਈ ਬਪਤਿਸਮਾ ਲੈਣਾ ਕਿਉਂ ਜ਼ਰੂਰੀ ਹੈ?

“ਬਪਤਿਸਮਾ . . . ਹੁਣ ਤੁਹਾਨੂੰ ਵੀ ਬਚਾ ਰਿਹਾ ਹੈ।”​—1 ਪਤ. 3:21.

ਗੀਤ: 7, 6

1, 2. (ੳ) ਬਹੁਤ ਸਾਰੇ ਮਾਪੇ ਉਦੋਂ ਕਿਵੇਂ ਮਹਿਸੂਸ ਕਰਦੇ ਹਨ ਜਦੋਂ ਉਨ੍ਹਾਂ ਦੇ ਬੱਚੇ ਬਪਤਿਸਮਾ ਲੈਣਾ ਚਾਹੁੰਦੇ ਹਨ? (ਅ) ਬਪਤਿਸਮਾ ਲੈਣ ਵਾਲਿਆਂ ਤੋਂ ਕਿਉਂ ਪੁੱਛਿਆ ਜਾਂਦਾ ਹੈ ਕਿ ਉਨ੍ਹਾਂ ਨੇ ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕੀਤੀ ਹੈ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।)

ਮਾਰੀਆ ਦੇ ਮਾਪੇ ਆਪਣੀ ਧੀ ਨੂੰ ਬਪਤਿਸਮਾ ਲੈਣ ਵਾਲਿਆਂ ਵਿਚ ਖੜ੍ਹੀ ਦੇਖ ਰਹੇ ਸਨ। ਭਾਸ਼ਣਕਾਰ ਨੇ ਦੋ ਸਵਾਲ ਪੁੱਛੇ। ਮਾਰੀਆ ਨੇ ਸਾਫ਼-ਸਾਫ਼ ਤੇ ਉੱਚੀ ਜਵਾਬ ਦਿੱਤਾ। ਇਸ ਤੋਂ ਥੋੜ੍ਹੀ ਦੇਰ ਬਾਅਦ ਉਸ ਦਾ ਬਪਤਿਸਮਾ ਹੋ ਗਿਆ।

2 ਮਾਰੀਆ ਦੇ ਮਾਪਿਆਂ ਨੂੰ ਬੜਾ ਮਾਣ ਸੀ ਕਿ ਉਨ੍ਹਾਂ ਦੀ ਧੀ ਨੇ ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰ ਕੇ ਬਪਤਿਸਮਾ ਲੈ ਲਿਆ ਸੀ। ਪਰ ਇਸ ਤੋਂ ਪਹਿਲਾਂ ਉਸ ਦੀ ਮੰਮੀ ਥੋੜ੍ਹੀ-ਬਹੁਤ ਚਿੰਤਾ ਵਿਚ ਸੀ। ਉਹ ਸੋਚਦੀ ਸੀ: ‘ਕੀ ਮਾਰੀਆ ਬਪਤਿਸਮਾ ਲੈਣ ਲਈ ਅਜੇ ਛੋਟੀ ਨਹੀਂ ਹੈ? ਕੀ ਉਹ ਵਾਕਈ ਸਮਝਦੀ ਹੈ ਕਿ ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰਨ ਦਾ ਫ਼ੈਸਲਾ ਕਿੰਨਾ ਗੰਭੀਰ ਹੈ? ਕੀ ਬਪਤਿਸਮਾ ਲੈਣ ਲਈ ਉਸ ਨੂੰ ਹੋਰ ਇੰਤਜ਼ਾਰ ਨਹੀਂ ਕਰਨਾ ਚਾਹੀਦਾ?’ ਪਿਆਰ ਕਰਨ ਵਾਲੇ ਬਹੁਤ ਸਾਰੇ ਮਾਪੇ ਇਹੀ ਸਵਾਲ ਪੁੱਛਦੇ ਹਨ ਜਦੋਂ ਉਨ੍ਹਾਂ ਦੇ ਬੱਚੇ ਬਪਤਿਸਮਾ ਲੈਣਾ ਚਾਹੁੰਦੇ ਹਨ। (ਉਪ. 5:5) ਉਹ ਇਹ ਸਵਾਲ ਇਸ ਲਈ ਪੁੱਛਦੇ ਹਨ ਕਿਉਂਕਿ ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰ ਕੇ ਬਪਤਿਸਮਾ ਲੈਣਾ ਇਕ ਬਹੁਤ ਅਹਿਮ ਫ਼ੈਸਲਾ ਹੈ।​—“ ਕੀ ਤੁਸੀਂ ਆਪਣੀ ਜ਼ਿੰਦਗੀ ਯਹੋਵਾਹ ਨੂੰ ਸਮਰਪਿਤ ਕੀਤੀ ਹੈ?” ਨਾਂ ਦੀ ਡੱਬੀ ਦੇਖੋ।

3, 4. (ੳ) ਪਤਰਸ ਰਸੂਲ ਨੇ ਕਿਵੇਂ ਸਮਝਾਇਆ ਕਿ ਬਪਤਿਸਮਾ ਲੈਣਾ ਬਹੁਤ ਜ਼ਰੂਰੀ ਹੈ? (ਅ) ਪਤਰਸ ਰਸੂਲ ਨੇ ਬਪਤਿਸਮੇ ਦੀ ਤੁਲਨਾ ਨੂਹ ਦੇ ਦਿਨਾਂ ਵਿਚ ਬਣਾਈ ਕਿਸ਼ਤੀ ਨਾਲ ਕਿਉਂ ਕੀਤੀ?

3 ਪਤਰਸ ਰਸੂਲ ਨੇ ਬਪਤਿਸਮੇ ਦੀ ਤੁਲਨਾ ਨੂਹ ਵੱਲੋਂ ਬਣਾਈ ਕਿਸ਼ਤੀ ਨਾਲ ਕੀਤੀ ਸੀ। ਉਸ ਨੇ ਕਿਹਾ: “ਬਪਤਿਸਮਾ . . . ਹੁਣ ਤੁਹਾਨੂੰ ਵੀ ਬਚਾ ਰਿਹਾ ਹੈ।” (1 ਪਤਰਸ 3:20, 21 ਪੜ੍ਹੋ।) ਕਿਸ਼ਤੀ ਤੋਂ ਲੋਕਾਂ ਨੂੰ ਸਾਫ਼-ਸਾਫ਼ ਸਬੂਤ ਮਿਲਿਆ ਕਿ ਨੂਹ ਪੂਰੇ ਦਿਲ ਨਾਲ ਪਰਮੇਸ਼ੁਰ ਦੀ ਇੱਛਾ ਪੂਰੀ ਕਰ ਰਿਹਾ ਸੀ। ਨੂਹ ਨੇ ਯਹੋਵਾਹ ਵੱਲੋਂ ਮਿਲਿਆ ਕੰਮ ਵਫ਼ਾਦਾਰੀ ਨਾਲ ਪੂਰਾ ਕੀਤਾ। ਨੂਹ ਦੀ ਨਿਹਚਾ ਕਰਕੇ ਯਹੋਵਾਹ ਨੇ ਜਲ-ਪਰਲੋ ਵਿੱਚੋਂ ਉਸ ਨੂੰ ਤੇ ਉਸ ਦੇ ਪਰਿਵਾਰ ਨੂੰ ਬਚਾਇਆ। ਪਤਰਸ ਇੱਥੇ ਕੀ ਸਮਝਾ ਰਿਹਾ ਸੀ?

4 ਕਿਸ਼ਤੀ ਨੂੰ ਦੇਖ ਕੇ ਲੋਕਾਂ ਨੂੰ ਪਤਾ ਲੱਗਾ ਕਿ ਨੂਹ ਨੂੰ ਪਰਮੇਸ਼ੁਰ ’ਤੇ ਨਿਹਚਾ ਸੀ। ਇਸੇ ਤਰ੍ਹਾਂ, ਜਦੋਂ ਲੋਕ ਕਿਸੇ ਨੂੰ ਬਪਤਿਸਮਾ ਲੈਂਦੇ ਦੇਖਦੇ ਹਨ, ਤਾਂ ਉਨ੍ਹਾਂ ਨੂੰ ਪਤਾ ਹੁੰਦਾ ਹੈ ਕਿ ਉਸ ਵਿਅਕਤੀ ਨੇ ਪਰਮੇਸ਼ੁਰ ਨੂੰ ਆਪਣੀ ਜ਼ਿੰਦਗੀ ਸਮਰਪਿਤ ਕੀਤੀ ਹੈ ਕਿਉਂਕਿ ਉਸ ਨੂੰ ਨਿਹਚਾ ਹੈ ਕਿ ਮਸੀਹ ਨੂੰ ਜੀਉਂਦਾ ਕੀਤਾ ਗਿਆ ਹੈ। ਬਪਤਿਸਮਾ-ਪ੍ਰਾਪਤ ਮਸੀਹੀ ਨੂਹ ਵਾਂਗ ਪਰਮੇਸ਼ੁਰ ਦਾ ਕਹਿਣਾ ਮੰਨਦੇ ਹਨ ਅਤੇ ਉਸ ਵੱਲੋਂ ਦਿੱਤਾ ਕੰਮ ਪੂਰਾ ਕਰਦੇ ਹਨ। ਜਿੱਦਾਂ ਯਹੋਵਾਹ ਨੇ ਜਲ-ਪਰਲੋ ਵੇਲੇ ਨੂਹ ਨੂੰ ਬਚਾਇਆ ਸੀ, ਉੱਦਾਂ ਹੀ ਉਹ ਦੁਸ਼ਟ ਦੁਨੀਆਂ ਦੇ ਨਾਸ਼ ਵੇਲੇ ਆਪਣੇ ਬਪਤਿਸਮਾ-ਪ੍ਰਾਪਤ ਵਫ਼ਾਦਾਰ ਸੇਵਕਾਂ ਨੂੰ ਵੀ ਬਚਾਵੇਗਾ। (ਮਰ. 13:10; ਪ੍ਰਕਾ. 7:9, 10) ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰ ਕੇ ਬਪਤਿਸਮਾ ਲੈਣਾ ਕਿੰਨਾ ਜ਼ਰੂਰੀ ਹੈ। ਜੇ ਇਕ ਵਿਅਕਤੀ ਬਪਤਿਸਮਾ ਲੈਣ ਵਿਚ ਦੇਰ ਕਰ ਰਿਹਾ ਹੈ, ਤਾਂ ਉਹ ਹਮੇਸ਼ਾ ਦੀ ਜ਼ਿੰਦਗੀ ਪਾਉਣ ਦਾ ਮੌਕਾ ਹੱਥੋਂ ਗੁਆ ਸਕਦਾ ਹੈ।

5. ਅਸੀਂ ਇਸ ਲੇਖ ਵਿਚ ਕੀ ਦੇਖਾਂਗੇ?

5 ਹੁਣ ਅਸੀਂ ਬਪਤਿਸਮੇ ਦੀ ਗੰਭੀਰਤਾ ਨੂੰ ਸਮਝ ਗਏ ਹਾਂ। ਇਸ ਲਈ ਸਾਨੂੰ ਇਨ੍ਹਾਂ ਤਿੰਨ ਸਵਾਲਾਂ ’ਤੇ ਗੌਰ ਕਰਨਾ ਚਾਹੀਦਾ ਹੈ: ਬਾਈਬਲ ਬਪਤਿਸਮੇ ਬਾਰੇ ਕੀ ਦੱਸਦੀ ਹੈ? ਬਪਤਿਸਮਾ ਲੈਣ ਤੋਂ ਪਹਿਲਾਂ ਇਕ ਵਿਅਕਤੀ ਨੂੰ ਕਿਹੜੇ ਕਦਮ ਚੁੱਕਣੇ ਚਾਹੀਦੇ ਹਨ? ਇਕ ਮਸੀਹੀ ਨੂੰ ਆਪਣੇ ਬੱਚਿਆਂ ਅਤੇ ਬਾਈਬਲ ਵਿਦਿਆਰਥੀਆਂ ਨੂੰ ਸਿਖਾਉਂਦਿਆਂ ਬਪਤਿਸਮੇ ਦੀ ਗੰਭੀਰਤਾ ਨੂੰ ਹਮੇਸ਼ਾ ਧਿਆਨ ਵਿਚ ਕਿਉਂ ਰੱਖਣਾ ਚਾਹੀਦਾ ਹੈ?

ਬਾਈਬਲ ਬਪਤਿਸਮੇ ਬਾਰੇ ਕੀ ਦੱਸਦੀ ਹੈ?

6, 7. (ੳ) ਯੂਹੰਨਾ ਬਪਤਿਸਮਾ ਕਿਉਂ ਦਿੰਦਾ ਸੀ? (ਅ) ਕਿਸ ਦਾ ਬਪਤਿਸਮਾ ਦੂਜਿਆਂ ਤੋਂ ਵੱਖਰਾ ਸੀ ਅਤੇ ਕਿਉਂ?

6 ਬਾਈਬਲ ਵਿਚ ਦੱਸਿਆ ਗਿਆ ਹੈ ਕਿ ਯੂਹੰਨਾ ਬਪਤਿਸਮਾ ਦੇਣ ਵਾਲਾ ਪਹਿਲਾ ਵਿਅਕਤੀ ਸੀ ਜਿਸ ਨੇ ਦੂਜਿਆਂ ਨੂੰ ਬਪਤਿਸਮਾ ਦਿੱਤਾ। (ਮੱਤੀ 3:1-6) ਲੋਕ ਉਸ ਕੋਲ ਬਪਤਿਸਮਾ ਲੈਣ ਕਿਉਂ ਆਉਂਦੇ ਸਨ? ਕਿਉਂਕਿ ਇੱਦਾਂ ਕਰ ਕੇ ਉਹ ਦਿਖਾਉਂਦੇ ਸਨ ਕਿ ਉਨ੍ਹਾਂ ਨੇ ਆਪਣੇ ਪਾਪਾਂ ਤੋਂ ਤੋਬਾ ਕੀਤੀ ਸੀ ਯਾਨੀ ਉਹ ਮੰਨਦੇ ਸਨ ਕਿ ਉਨ੍ਹਾਂ ਨੇ ਮੂਸਾ ਦਾ ਕਾਨੂੰਨ ਤੋੜਿਆ ਸੀ ਜਿਸ ਕਰਕੇ ਉਹ ਸ਼ਰਮਿੰਦੇ ਸਨ। ਪਰ ਗੌਰ ਕਰਨ ਵਾਲੀ ਗੱਲ ਹੈ ਕਿ ਯੂਹੰਨਾ ਨੇ ਜੋ ਸਭ ਤੋਂ ਅਹਿਮ ਬਪਤਿਸਮਾ ਦਿੱਤਾ, ਉਸ ਦਾ ਤੋਬਾ ਕਰਨ ਨਾਲ ਕੋਈ ਸੰਬੰਧ ਨਹੀਂ ਸੀ। ਯੂਹੰਨਾ ਨੂੰ ਪਰਮੇਸ਼ੁਰ ਦੇ ਮੁਕੰਮਲ ਪੁੱਤਰ ਯਿਸੂ ਨੂੰ ਬਪਤਿਸਮਾ ਦੇਣ ਦਾ ਸ਼ਾਨਦਾਰ ਸਨਮਾਨ ਮਿਲਿਆ। (ਮੱਤੀ 3:13-17) ਯਿਸੂ ਨੂੰ ਤੋਬਾ ਕਰਨ ਦੀ ਕੋਈ ਲੋੜ ਨਹੀਂ ਸੀ ਕਿਉਂਕਿ ਉਸ ਨੇ ਕਦੇ ਵੀ ਕੋਈ ਪਾਪ ਨਹੀਂ ਕੀਤਾ ਸੀ। (1 ਪਤ. 2:22) ਫਿਰ ਯਿਸੂ ਨੇ ਬਪਤਿਸਮਾ ਕਿਉਂ ਲਿਆ? ਇਹ ਜ਼ਾਹਰ ਕਰਨ ਲਈ ਕਿ ਉਹ ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਲਈ ਤਿਆਰ ਸੀ।​—ਇਬ. 10:7.

7 ਜਦੋਂ ਯਿਸੂ ਨੇ ਪ੍ਰਚਾਰ ਕਰਨਾ ਸ਼ੁਰੂ ਕੀਤਾ, ਤਾਂ ਉਸ ਦੇ ਚੇਲੇ ਦੂਜਿਆਂ ਨੂੰ ਬਪਤਿਸਮਾ ਦੇਣ ਲੱਗੇ। (ਯੂਹੰ. 3:22; 4:1, 2) ਚੇਲਿਆਂ ਤੋਂ ਬਪਤਿਸਮਾ ਲੈਣ ਵਾਲੇ ਲੋਕ ਵੀ ਮੂਸਾ ਦੇ ਕਾਨੂੰਨ ਖ਼ਿਲਾਫ਼ ਕੀਤੇ ਆਪਣੇ ਪਾਪਾਂ ਤੋਂ ਤੋਬਾ ਕਰਨੀ ਚਾਹੁੰਦੇ ਸਨ। ਪਰ ਯਿਸੂ ਦੀ ਮੌਤ ਅਤੇ ਜੀਉਂਦੇ ਕੀਤੇ ਜਾਣ ਤੋਂ ਬਾਅਦ ਜੋ ਯਿਸੂ ਦੇ ਚੇਲੇ ਬਣਨਾ ਚਾਹੁੰਦੇ ਸਨ, ਉਨ੍ਹਾਂ ਦੇ ਬਪਤਿਸਮਾ ਲੈਣ ਦਾ ਕਾਰਨ ਵੱਖਰਾ ਹੋਣਾ ਸੀ।

8. (ੳ) ਜੀ ਉਠਾਏ ਜਾਣ ਤੋਂ ਬਾਅਦ ਯਿਸੂ ਨੇ ਕਿਹੜਾ ਹੁਕਮ ਦਿੱਤਾ? (ਅ) ਮਸੀਹੀਆਂ ਨੂੰ ਬਪਤਿਸਮਾ ਕਿਉਂ ਲੈਣਾ ਚਾਹੀਦਾ ਹੈ?

8 33 ਈਸਵੀ ਵਿਚ ਜੀ ਉਠਾਏ ਜਾਣ ਤੋਂ ਛੇਤੀ ਬਾਅਦ ਯਿਸੂ 500 ਤੋਂ ਜ਼ਿਆਦਾ ਆਦਮੀਆਂ ਤੋਂ ਇਲਾਵਾ ਔਰਤਾਂ ਅਤੇ ਬੱਚਿਆਂ ਸਾਮ੍ਹਣੇ ਵੀ ਪ੍ਰਗਟ ਹੋਇਆ। ਸ਼ਾਇਦ ਇਸ ਸਮੇਂ ਯਿਸੂ ਨੇ ਕਿਹਾ: “ਇਸ ਲਈ, ਜਾਓ ਅਤੇ ਸਾਰੀਆਂ ਕੌਮਾਂ ਦੇ ਲੋਕਾਂ ਨੂੰ ਚੇਲੇ ਬਣਾਓ ਅਤੇ ਉਨ੍ਹਾਂ ਨੂੰ ਪਿਤਾ ਦੇ ਨਾਂ ’ਤੇ, ਪੁੱਤਰ ਦੇ ਨਾਂ ’ਤੇ ਅਤੇ ਪਵਿੱਤਰ ਸ਼ਕਤੀ ਦੇ ਨਾਂ ’ਤੇ ਬਪਤਿਸਮਾ ਦਿਓ, ਅਤੇ ਉਨ੍ਹਾਂ ਨੂੰ ਸਾਰੇ ਹੁਕਮਾਂ ਦੀ ਪਾਲਣਾ ਕਰਨੀ ਸਿਖਾਓ ਜਿਹੜੇ ਹੁਕਮ ਮੈਂ ਤੁਹਾਨੂੰ ਦਿੱਤੇ ਹਨ।” (ਮੱਤੀ 28:19, 20; 1 ਕੁਰਿੰ. 15:6) ਯਿਸੂ ਨੇ ਆਪਣੇ ਚੇਲਿਆਂ ਨੂੰ ਹੋਰ ਚੇਲੇ ਬਣਾਉਣ ਦਾ ਹੁਕਮ ਦਿੱਤਾ। ਨਾਲੇ ਉਸ ਨੇ ਕਿਹਾ ਕਿ ਜਿਹੜਾ ਵੀ ਉਸ ਦਾ ਚੇਲਾ ਬਣਨਾ ਜਾਂ ਉਸ ਦਾ “ਜੂਲਾ” ਚੁੱਕਣਾ ਚਾਹੁੰਦਾ ਹੈ, ਉਸ ਨੂੰ ਬਪਤਿਸਮਾ ਲੈਣਾ ਚਾਹੀਦਾ ਹੈ। (ਮੱਤੀ 11:29, 30) ਜਿਹੜਾ ਵਿਅਕਤੀ ਯਹੋਵਾਹ ਨੂੰ ਖ਼ੁਸ਼ ਕਰਨ ਲਈ ਉਸ ਦੀ ਸੇਵਾ ਕਰਨੀ ਚਾਹੁੰਦਾ ਹੈ, ਉਸ ਨੂੰ ਇਹ ਗੱਲ ਮੰਨਣੀ ਚਾਹੀਦੀ ਹੈ ਕਿ ਪਰਮੇਸ਼ੁਰ ਯਿਸੂ ਨੂੰ ਆਪਣੀ ਇੱਛਾ ਪੂਰੀ ਕਰਨ ਲਈ ਵਰਤ ਰਿਹਾ ਹੈ। ਫਿਰ ਉਹ ਵਿਅਕਤੀ ਬਪਤਿਸਮਾ ਲੈ ਸਕਦਾ ਹੈ। ਇਹੀ ਇਕ ਪਾਣੀ ਦਾ ਬਪਤਿਸਮਾ ਹੈ ਜਿਸ ਨੂੰ ਪਰਮੇਸ਼ੁਰ ਕਬੂਲ ਕਰਦਾ ਹੈ। ਬਾਈਬਲ ਤੋਂ ਬਹੁਤ ਸਾਰੇ ਸਬੂਤ ਮਿਲਦੇ ਹਨ ਕਿ ਯਿਸੂ ਦੇ ਪਹਿਲੀ ਸਦੀ ਦੇ ਚੇਲਿਆਂ ਨੂੰ ਬਪਤਿਸਮਾ ਲੈਣ ਦੀ ਅਹਿਮੀਅਤ ਬਾਰੇ ਪਤਾ ਸੀ। ਉਨ੍ਹਾਂ ਨੇ ਬਪਤਿਸਮਾ ਲੈਣ ਵਿਚ ਬਿਨਾਂ ਵਜ੍ਹਾ ਦੇਰ ਨਹੀਂ ਕੀਤੀ।​—ਰਸੂ. 2:41; 9:18; 16:14, 15, 32, 33.

ਬਪਤਿਸਮਾ ਲੈਣ ਵਿਚ ਦੇਰ ਨਾ ਕਰੋ

9, 10. ਅਸੀਂ ਇਥੋਪੀਆ ਦੇ ਮੰਤਰੀ ਅਤੇ ਸੌਲੁਸ ਦੇ ਬਪਤਿਸਮੇ ਤੋਂ ਕੀ ਸਿੱਖ ਸਕਦੇ ਹਾਂ?

9 ਰਸੂਲਾਂ ਦੇ ਕੰਮ 8:35, 36 ਪੜ੍ਹੋ। ਜ਼ਰਾ ਇਥੋਪੀਆ ਦੇ ਇਕ ਮੰਤਰੀ ਦੀ ਮਿਸਾਲ ’ਤੇ ਗੌਰ ਕਰੋ ਜਿਸ ਨੇ ਯਹੂਦੀ ਧਰਮ ਅਪਣਾਇਆ ਸੀ। ਜਦੋਂ ਉਹ ਯਰੂਸ਼ਲਮ ਦੇ ਮੰਦਰ ਵਿਚ ਭਗਤੀ ਕਰ ਕੇ ਘਰ ਜਾ ਰਿਹਾ ਸੀ, ਤਾਂ ਯਹੋਵਾਹ ਦੇ ਦੂਤ ਨੇ ਫ਼ਿਲਿੱਪੁਸ ਨੂੰ ਭੇਜਿਆ ਕਿ ਉਹ ਉਸ ਨੂੰ ਪ੍ਰਚਾਰ ਕਰੇ। ਫ਼ਿਲਿੱਪੁਸ ਨੇ ਉਸ ਨੂੰ ‘ਯਿਸੂ ਬਾਰੇ ਖ਼ੁਸ਼ ਖ਼ਬਰੀ ਸੁਣਾਈ।’ ਇਥੋਪੀਆ ਦੇ ਮੰਤਰੀ ਨੇ ਕੀ ਕੀਤਾ? ਉਹ ਸਮਝ ਗਿਆ ਸੀ ਕਿ ਯਿਸੂ ਨੂੰ ਪ੍ਰਭੂ ਵਜੋਂ ਕਬੂਲ ਕਰਨਾ ਕਿੰਨਾ ਜ਼ਰੂਰੀ ਸੀ। ਨਾਲੇ ਉਹ ਯਹੋਵਾਹ ਦੇ ਪ੍ਰਬੰਧ ਮੁਤਾਬਕ ਕੰਮ ਕਰਨਾ ਚਾਹੁੰਦਾ ਸੀ। ਇਸ ਲਈ ਉਸ ਨੇ ਬਿਨਾਂ ਦੇਰ ਕੀਤਿਆਂ ਬਪਤਿਸਮਾ ਲੈ ਲਿਆ।

10 ਦੂਸਰੀ ਮਿਸਾਲ ਸੌਲੁਸ ਨਾਂ ਦੇ ਇਕ ਯਹੂਦੀ ਦੀ ਹੈ। ਪੂਰੀ ਯਹੂਦੀ ਕੌਮ ਪਰਮੇਸ਼ੁਰ ਨੂੰ ਸਮਰਪਿਤ ਸੀ, ਪਰ ਯਹੋਵਾਹ ਨੇ ਯਹੂਦੀਆਂ ਨੂੰ ਰੱਦ ਕਰ ਦਿੱਤਾ ਸੀ ਕਿਉਂਕਿ ਉਨ੍ਹਾਂ ਨੇ ਪਰਮੇਸ਼ੁਰ ਦਾ ਕਹਿਣਾ ਨਹੀਂ ਮੰਨਿਆ। ਸੌਲੁਸ ਮੰਨਦਾ ਸੀ ਕਿ ਯਹੂਦੀ ਅਜੇ ਵੀ ਸਹੀ ਤਰੀਕੇ ਨਾਲ ਪਰਮੇਸ਼ੁਰ ਦੀ ਭਗਤੀ ਕਰ ਰਹੇ ਸਨ। ਇਸ ਲਈ ਉਹ ਮਸੀਹੀਆਂ ਨੂੰ ਸਤਾਉਂਦਾ ਸੀ। ਪਰ ਦੁਬਾਰਾ ਜੀ ਉਠਾਏ ਯਿਸੂ ਨੇ ਇਕ ਦਿਨ ਸੌਲੁਸ ਨਾਲ ਸਵਰਗ ਤੋਂ ਗੱਲ ਕੀਤੀ ਜਿਸ ਬਾਰੇ ਸੌਲੁਸ ਸੋਚਦਾ ਸੀ ਕਿ ਉਹ ਮਰਿਆ ਹੋਇਆ ਹੈ। ਸੌਲੁਸ ਨੇ ਕੀ ਕੀਤਾ? ਉਸ ਨੇ ਹਨਾਨਿਆ ਨਾਂ ਦੇ ਮਸੀਹੀ ਚੇਲੇ ਤੋਂ ਖ਼ੁਸ਼ੀ-ਖ਼ੁਸ਼ੀ ਮਦਦ ਸਵੀਕਾਰ ਕੀਤੀ। ਬਾਈਬਲ ਦੱਸਦੀ ਹੈ: “ਉਸ ਨੇ ਉੱਠ ਕੇ ਬਪਤਿਸਮਾ ਲਿਆ।” (ਰਸੂ. 9:17, 18; ਗਲਾ. 1:14) ਬਾਅਦ ਵਿਚ ਉਹ ਪੌਲੁਸ ਰਸੂਲ ਦੇ ਨਾਂ ਨਾਲ ਜਾਣਿਆ ਜਾਣ ਲੱਗਾ। ਗੌਰ ਕਰੋ ਕਿ ਜਦੋਂ ਹੀ ਸੌਲੁਸ ਨੂੰ ਪਤਾ ਲੱਗਾ ਕਿ ਪਰਮੇਸ਼ੁਰ ਯਿਸੂ ਨੂੰ ਆਪਣੀ ਇੱਛਾ ਪੂਰੀ ਕਰਨ ਲਈ ਵਰਤ ਰਿਹਾ ਸੀ, ਤਾਂ ਉਸ ਨੇ ਬਿਨਾਂ ਦੇਰ ਕੀਤਿਆਂ ਬਪਤਿਸਮਾ ਲੈ ਲਿਆ।​—ਰਸੂਲਾਂ ਦੇ ਕੰਮ 22:12-16 ਪੜ੍ਹੋ।

11. (ੳ) ਅੱਜ ਬਾਈਬਲ ਵਿਦਿਆਰਥੀ ਬਪਤਿਸਮਾ ਲੈਣ ਦਾ ਫ਼ੈਸਲਾ ਕਿਉਂ ਕਰਦੇ ਹਨ? (ਅ) ਜਦੋਂ ਕੋਈ ਬਪਤਿਸਮਾ ਲੈਂਦਾ ਹੈ, ਤਾਂ ਸਾਨੂੰ ਕਿੱਦਾਂ ਲੱਗਦਾ ਹੈ?

11 ਅੱਜ ਵੀ ਬਹੁਤ ਸਾਰੇ ਬਾਈਬਲ ਵਿਦਿਆਰਥੀ, ਚਾਹੇ ਉਹ ਜੁਆਨ ਹਨ ਜਾਂ ਬਜ਼ੁਰਗ, ਇਸੇ ਤਰ੍ਹਾਂ ਕਰਦੇ ਹਨ। ਨਿਹਚਾ ਅਤੇ ਬਾਈਬਲ ਦੀਆਂ ਸੱਚਾਈਆਂ ਦੀ ਦਿਲੋਂ ਕਦਰ ਕਰਨ ਵਾਲੇ ਵਿਅਕਤੀ ਬਿਨਾਂ ਦੇਰ ਕੀਤਿਆਂ ਯਹੋਵਾਹ ਨੂੰ ਆਪਣੀਆਂ ਜ਼ਿੰਦਗੀਆਂ ਸਮਰਪਿਤ ਕਰ ਕੇ ਬਪਤਿਸਮਾ ਲੈਣਾ ਚਾਹੁੰਦੇ ਹਨ। ਸੰਮੇਲਨਾਂ ਵਿਚ ਬਪਤਿਸਮੇ ਦਾ ਭਾਸ਼ਣ ਹਮੇਸ਼ਾ ਖ਼ਾਸ ਹੁੰਦਾ ਹੈ। ਜਦੋਂ ਬਾਈਬਲ ਵਿਦਿਆਰਥੀ ਸੱਚਾਈ ਨੂੰ ਕਬੂਲ ਕਰ ਕੇ ਬਪਤਿਸਮਾ ਲੈਣ ਦਾ ਫ਼ੈਸਲਾ ਕਰਦੇ ਹਨ, ਤਾਂ ਯਹੋਵਾਹ ਦੇ ਗਵਾਹਾਂ ਨੂੰ ਬਹੁਤ ਖ਼ੁਸ਼ੀ ਹੁੰਦੀ ਹੈ। ਮਾਪਿਆਂ ਨੂੰ ਵੀ ਖ਼ੁਸ਼ੀ ਹੁੰਦੀ ਹੈ ਜਦੋਂ ਬੱਚੇ ਵੀ ਇਹੀ ਫ਼ੈਸਲਾ ਕਰਦੇ ਹਨ। 2017 ਸੇਵਾ ਸਾਲ ਦੌਰਾਨ 2,84,000 ਤੋਂ ਜ਼ਿਆਦਾ ਜਣਿਆਂ ਨੇ ਬਪਤਿਸਮਾ ਲੈ ਕੇ ਜ਼ਾਹਰ ਕੀਤਾ ਕਿ ਉਨ੍ਹਾਂ ਨੇ ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕੀਤੀ ਹੈ। (ਰਸੂ. 13:48) ਇਸ ਤੋਂ ਸਾਫ਼ ਪਤਾ ਲੱਗਦਾ ਹੈ ਉਨ੍ਹਾਂ ਨੇ ਇਹ ਗੱਲ ਸਮਝੀ ਹੈ ਕਿ ਮਸੀਹੀਆਂ ਲਈ ਬਪਤਿਸਮਾ ਲੈਣਾ ਕਿੰਨਾ ਜ਼ਰੂਰੀ ਹੈ। ਪਰ ਬਪਤਿਸਮਾ ਲੈਣ ਤੋਂ ਪਹਿਲਾਂ ਉਨ੍ਹਾਂ ਨੇ ਕਿਹੜੇ ਕਦਮ ਚੁੱਕੇ ਸਨ?

12. ਬਾਈਬਲ ਵਿਦਿਆਰਥੀ ਨੂੰ ਬਪਤਿਸਮਾ ਲੈਣ ਤੋਂ ਪਹਿਲਾਂ ਕਿਹੜੇ ਕਦਮ ਚੁੱਕਣੇ ਚਾਹੀਦੇ ਹਨ?

12 ਬਪਤਿਸਮਾ ਲੈਣ ਤੋਂ ਪਹਿਲਾਂ ਬਾਈਬਲ ਵਿਦਿਆਰਥੀਆਂ ਲਈ ਪਰਮੇਸ਼ੁਰ ਬਾਰੇ ਸੱਚਾਈ ਅਤੇ ਇਨਸਾਨਾਂ ਤੇ ਧਰਤੀ ਲਈ ਰੱਖੇ ਉਸ ਦੇ ਮਕਸਦ ਬਾਰੇ ਜਾਣਨਾ ਜ਼ਰੂਰੀ ਹੈ। ਨਾਲੇ ਇਹ ਵੀ ਜਾਣਨਾ ਜ਼ਰੂਰੀ ਹੈ ਕਿ ਉਸ ਨੇ ਮਨੁੱਖਜਾਤੀ ਨੂੰ ਬਚਾਉਣ ਲਈ ਕੀ ਕੀਤਾ ਹੈ। (1 ਤਿਮੋ. 2:3-6) ਫਿਰ ਉਨ੍ਹਾਂ ਨੂੰ ਨਿਹਚਾ ਪੈਦਾ ਕਰਨ ਦੀ ਲੋੜ ਹੈ ਜਿਸ ਦੀ ਮਦਦ ਨਾਲ ਉਹ ਪਰਮੇਸ਼ੁਰ ਦੇ ਹੁਕਮਾਂ ਦੀ ਪਾਲਣਾ ਕਰ ਸਕਣਗੇ ਅਤੇ ਉਹ ਕੰਮ ਕਰਨ ਤੋਂ ਹਟ ਸਕਣਗੇ ਜਿਨ੍ਹਾਂ ਤੋਂ ਪਰਮੇਸ਼ੁਰ ਨਫ਼ਰਤ ਕਰਦਾ ਹੈ। (ਰਸੂ. 3:19) ਇਸ ਤਰ੍ਹਾਂ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਪਰਮੇਸ਼ੁਰ ਉਨ੍ਹਾਂ ਦੇ ਸਮਰਪਣ ਨੂੰ ਕਬੂਲ ਨਹੀਂ ਕਰਦਾ ਜਿਹੜੇ ਉਹ ਕੰਮ ਕਰਦੇ ਰਹਿੰਦੇ ਹਨ ਜਿਨ੍ਹਾਂ ਤੋਂ ਪਰਮੇਸ਼ੁਰ ਨਫ਼ਰਤ ਕਰਦਾ ਹੈ। (1 ਕੁਰਿੰ. 6:9, 10) ਪਰ ਯਹੋਵਾਹ ਦੇ ਧਾਰਮਿਕ ਮਿਆਰਾਂ ’ਤੇ ਚੱਲਣ ਦੇ ਨਾਲ-ਨਾਲ ਉਨ੍ਹਾਂ ਨੂੰ ਕੁਝ ਹੋਰ ਵੀ ਕਰਨ ਦੀ ਲੋੜ ਹੈ। ਜਿਹੜੇ ਲੋਕ ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰਨੀ ਚਾਹੁੰਦੇ ਹਨ, ਉਨ੍ਹਾਂ ਨੂੰ ਲਗਾਤਾਰ ਸਭਾਵਾਂ ’ਤੇ ਜਾਣਾ ਚਾਹੀਦਾ ਹੈ, ਪ੍ਰਚਾਰ ਕਰਨਾ ਅਤੇ ਦੂਜਿਆਂ ਨੂੰ ਸਿਖਾਉਣਾ ਚਾਹੀਦਾ ਹੈ। ਮਸੀਹ ਦੀ ਰੀਸ ਕਰਨ ਵਾਲਿਆਂ ਲਈ ਇਸ ਤਰ੍ਹਾਂ ਕਰਨਾ ਜ਼ਰੂਰੀ ਹੈ। (ਰਸੂ. 1:8) ਇਹ ਸਾਰੇ ਕੰਮ ਕਰਨ ਤੋਂ ਬਾਅਦ ਹੀ ਬਾਈਬਲ ਵਿਦਿਆਰਥੀ ਪ੍ਰਾਰਥਨਾ ਰਾਹੀਂ ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰ ਕੇ ਬਪਤਿਸਮਾ ਲੈ ਸਕਦਾ ਹੈ

ਬਾਈਬਲ ਵਿਦਿਆਰਥੀਆਂ ਲਈ ਟੀਚਾ

ਕੀ ਦੂਜਿਆਂ ਨੂੰ ਸਿਖਾਉਂਦਿਆਂ ਤੁਸੀਂ ਉਨ੍ਹਾਂ ਨੂੰ ਬਪਤਿਸਮੇ ਦੀ ਅਹਿਮੀਅਤ ਬਾਰੇ ਦੱਸਦੇ ਹੋ? (ਪੈਰਾ 13 ਦੇਖੋ)

13. ਦੂਜਿਆਂ ਨੂੰ ਸਿਖਾਉਂਦਿਆਂ ਸਾਨੂੰ ਇਹ ਗੱਲ ਯਾਦ ਕਿਉਂ ਰੱਖਣੀ ਚਾਹੀਦੀ ਹੈ ਕਿ ਸੱਚੇ ਮਸੀਹੀ ਬਣਨ ਲਈ ਬਪਤਿਸਮਾ ਲੈਣਾ ਜ਼ਰੂਰੀ ਹੈ?

13 ਜਦੋਂ ਅਸੀਂ ਆਪਣੇ ਬੱਚਿਆਂ ਅਤੇ ਬਾਈਬਲ ਵਿਦਿਆਰਥੀਆਂ ਨੂੰ ਇਹ ਜ਼ਰੂਰੀ ਕਦਮ ਚੁੱਕਣੇ ਸਿਖਾਉਂਦੇ ਹਾਂ, ਤਾਂ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਯਿਸੂ ਦੇ ਸੱਚੇ ਚੇਲੇ ਬਣਨ ਲਈ ਬਪਤਿਸਮਾ ਲੈਣਾ ਜ਼ਰੂਰੀ ਹੈ। ਜੇ ਅਸੀਂ ਇਹ ਗੱਲ ਧਿਆਨ ਵਿਚ ਰੱਖਾਂਗੇ, ਤਾਂ ਅਸੀਂ ਸਹੀ ਸਮੇਂ ’ਤੇ ਉਨ੍ਹਾਂ ਨੂੰ ਸਮਰਪਣ ਅਤੇ ਬਪਤਿਸਮੇ ਦੀ ਅਹਿਮੀਅਤ ਬਾਰੇ ਦੱਸਣ ਤੋਂ ਨਹੀਂ ਝਿਜਕਾਂਗੇ। ਅਸੀਂ ਚਾਹੁੰਦੇ ਹਾਂ ਕਿ ਸਾਡੇ ਬੱਚੇ ਅਤੇ ਵਿਦਿਆਰਥੀ ਤਰੱਕੀ ਕਰਨ ਤੇ ਬਪਤਿਸਮਾ ਲੈਣ।

14. ਸਾਨੂੰ ਕਿਸੇ ਨੂੰ ਵੀ ਬਪਤਿਸਮਾ ਲੈਣ ਲਈ ਮਜਬੂਰ ਕਿਉਂ ਨਹੀਂ ਕਰਨਾ ਚਾਹੀਦਾ?

14 ਬਿਨਾਂ ਸ਼ੱਕ, ਕਿਸੇ ਨੂੰ ਵੀ ਆਪਣੇ ਬੱਚੇ ਅਤੇ ਬਾਈਬਲ ਵਿਦਿਆਰਥੀ ਨੂੰ ਬਪਤਿਸਮਾ ਲੈਣ ਲਈ ਮਜਬੂਰ ਨਹੀਂ ਕਰਨਾ ਚਾਹੀਦਾ। ਯਹੋਵਾਹ ਵੀ ਕਿਸੇ ਨੂੰ ਆਪਣੀ ਸੇਵਾ ਕਰਨ ਲਈ ਮਜਬੂਰ ਨਹੀਂ ਕਰਦਾ। (1 ਯੂਹੰ. 4:8) ਦੂਜਿਆਂ ਨੂੰ ਸਿਖਾਉਂਦਿਆਂ ਅਸੀਂ ਉਨ੍ਹਾਂ ਦੀ ਇਹ ਸਮਝਣ ਵਿਚ ਮਦਦ ਕਰਾਂਗੇ ਕਿ ਯਹੋਵਾਹ ਨਾਲ ਨਿੱਜੀ ਰਿਸ਼ਤਾ ਬਣਾਉਣਾ ਕਿੰਨਾ ਜ਼ਰੂਰੀ ਹੈ। ਫਿਰ ਜੇ ਬਾਈਬਲ ਵਿਦਿਆਰਥੀ ਸੱਚਾਈ ਲਈ ਦਿਲੋਂ ਕਦਰ ਦਿਖਾਉਂਦਾ ਹੈ ਅਤੇ ਉਹ ਸਾਰੇ ਕੰਮ ਕਰਨੇ ਚਾਹੁੰਦਾ ਹੈ ਜੋ ਸੱਚੇ ਮਸੀਹੀਆਂ ਲਈ ਕਰਨੇ ਜ਼ਰੂਰੀ ਹਨ, ਤਾਂ ਉਹ ਬਪਤਿਸਮਾ ਲੈਣ ਲਈ ਕਦਮ ਜ਼ਰੂਰ ਚੁੱਕੇਗਾ।​—2 ਕੁਰਿੰ. 5:14, 15.

15, 16. (ੳ) ਕੀ ਬਪਤਿਸਮਾ ਲੈਣ ਲਈ ਕੋਈ ਉਮਰ ਤੈਅ ਕੀਤੀ ਗਈ ਹੈ? ਸਮਝਾਓ। (ਅ) ਚਾਹੇ ਕਿਸੇ ਬਾਈਬਲ ਵਿਦਿਆਰਥੀ ਨੇ ਪਹਿਲਾਂ ਕਿਸੇ ਚਰਚ ਵਿਚ ਬਪਤਿਸਮਾ ਲਿਆ ਹੋਵੇ, ਪਰ ਫਿਰ ਵੀ ਉਸ ਨੂੰ ਯਹੋਵਾਹ ਦਾ ਗਵਾਹ ਬਣਨ ਲਈ ਬਪਤਿਸਮਾ ਕਿਉਂ ਲੈਣਾ ਚਾਹੀਦਾ ਹੈ?

15 ਬਪਤਿਸਮਾ ਲੈਣ ਲਈ ਕੋਈ ਉਮਰ ਤੈਅ ਨਹੀਂ ਕੀਤੀ ਗਈ। ਸਾਰਿਆਂ ਦੀ ਕਾਬਲੀਅਤ ਵੱਖੋ-ਵੱਖਰੀ ਹੁੰਦੀ ਹੈ। ਕੋਈ ਛੇਤੀ ਤਰੱਕੀ ਕਰਦਾ ਹੈ ਅਤੇ ਕਿਸੇ ਨੂੰ ਸਮਾਂ ਲੱਗਦਾ ਹੈ। ਬਹੁਤ ਸਾਰੇ ਲੋਕ ਛੋਟੀ ਉਮਰ ਵਿਚ ਬਪਤਿਸਮਾ ਲੈ ਲੈਂਦੇ ਹਨ ਅਤੇ ਉਹ ਪੂਰੀ ਉਮਰ ਯਹੋਵਾਹ ਦੀ ਵਫ਼ਾਦਾਰੀ ਨਾਲ ਸੇਵਾ ਕਰਦੇ ਰਹਿੰਦੇ ਹਨ। ਪਰ ਕਈਆਂ ਨੂੰ ਵੱਡੀ ਉਮਰ ਵਿਚ ਬਾਈਬਲ ਦੀ ਸੱਚਾਈ ਪਤਾ ਲੱਗਦੀ ਹੈ ਅਤੇ ਉਹ ਬਪਤਿਸਮੇ ਦੀ ਅਹਿਮੀਅਤ ਨੂੰ ਸਮਝਦਿਆਂ ਬਪਤਿਸਮਾ ਲੈ ਲੈਂਦੇ ਹਨ। ਕਈਆਂ ਨੇ ਤਾਂ ਸੌ ਤੋਂ ਜ਼ਿਆਦਾ ਸਾਲ ਦੀ ਉਮਰ ਵਿਚ ਬਪਤਿਸਮਾ ਲਿਆ।

16 ਬਾਈਬਲ ਅਧਿਐਨ ਕਰਨ ਵਾਲੀ ਇਕ ਬਜ਼ੁਰਗ ਔਰਤ ਨੇ ਪਹਿਲਾਂ ਹੀ ਅਲੱਗ-ਅਲੱਗ ਚਰਚਾਂ ਵਿਚ ਬਪਤਿਸਮਾ ਲਿਆ ਸੀ। ਇਸ ਲਈ ਉਸ ਨੇ ਬਾਈਬਲ ਅਧਿਐਨ ਕਰਾਉਣ ਵਾਲੀ ਭੈਣ ਤੋਂ ਪੁੱਛਿਆ ਕਿ ਉਸ ਲਈ ਫਿਰ ਤੋਂ ਬਪਤਿਸਮਾ ਲੈਣਾ ਜ਼ਰੂਰੀ ਹੈ। ਉਸ ਦੇ ਸਵਾਲ ਦਾ ਜਵਾਬ ਦੇਣ ਲਈ ਭੈਣ ਨੇ ਬਾਈਬਲ ਵਿੱਚੋਂ ਕੁਝ ਆਇਤਾਂ ਦਿਖਾਈਆਂ। ਜਦੋਂ ਉਸ ਬਜ਼ੁਰਗ ਔਰਤ ਨੂੰ ਸਮਝ ਲੱਗੀ ਕਿ ਬਾਈਬਲ ਵਿਚ ਇਹ ਮੰਗ ਦੱਸੀ ਗਈ ਹੈ, ਤਾਂ ਉਸ ਨੇ ਜਲਦੀ ਬਪਤਿਸਮਾ ਲੈ ਲਿਆ। ਭਾਵੇਂ ਉਹ ਲਗਭਗ 80 ਸਾਲਾਂ ਦੀ ਸੀ, ਪਰ ਉਸ ਨੇ ਇਹ ਨਹੀਂ ਸੋਚਿਆ ਕਿ ਉਸ ਲਈ ਬਪਤਿਸਮਾ ਲੈਣਾ ਜ਼ਰੂਰੀ ਨਹੀਂ ਹੈ। ਅਸੀਂ ਇਸ ਮਿਸਾਲ ਤੋਂ ਕੀ ਸਿੱਖਦੇ ਹਾਂ? ਯਹੋਵਾਹ ਸਾਡੇ ਬਪਤਿਸਮੇ ਨੂੰ ਤਾਂ ਹੀ ਕਬੂਲ ਕਰਦਾ ਹੈ ਜੇ ਸਾਨੂੰ ਉਸ ਦੀ ਇੱਛਾ ਬਾਰੇ ਸਹੀ ਗਿਆਨ ਹੈ। ਇਸ ਲਈ ਚਾਹੇ ਅਸੀਂ ਹੋਰ ਚਰਚਾਂ ਵਿਚ ਬਪਤਿਸਮਾ ਲਿਆ ਹੋਵੇ, ਪਰ ਫਿਰ ਵੀ ਸਾਨੂੰ ਯਹੋਵਾਹ ਦੇ ਗਵਾਹ ਬਣਨ ਲਈ ਬਪਤਿਸਮਾ ਲੈਣਾ ਚਾਹੀਦਾ ਹੈ।​—ਰਸੂਲਾਂ ਦੇ ਕੰਮ 19:3-5 ਪੜ੍ਹੋ।

17. ਆਪਣੇ ਬਪਤਿਸਮੇ ਵਾਲੇ ਦਿਨ ਇਕ ਵਿਅਕਤੀ ਨੂੰ ਕਿਸ ਗੱਲ ’ਤੇ ਸੋਚ-ਵਿਚਾਰ ਕਰਨਾ ਚਾਹੀਦਾ ਹੈ?

17 ਬਪਤਿਸਮੇ ਦਾ ਦਿਨ ਇਕ ਵਿਅਕਤੀ ਲਈ ਖ਼ੁਸ਼ੀ ਦਾ ਦਿਨ ਹੁੰਦਾ ਹੈ। ਪਰ ਇਸ ਸਮੇਂ ਉਸ ਨੂੰ ਗੰਭੀਰਤਾ ਨਾਲ ਸੋਚਣਾ ਚਾਹੀਦਾ ਕਿ ਸਮਰਪਣ ਕਰਨ ਅਤੇ ਬਪਤਿਸਮਾ ਲੈਣ ਵਿਚ ਕੀ ਕੁਝ ਸ਼ਾਮਲ ਹੈ। ਇਸ ਮੁਤਾਬਕ ਆਪਣੀ ਜ਼ਿੰਦਗੀ ਜੀਉਣ ਲਈ ਸੱਚੇ ਮਸੀਹੀ ਨੂੰ ਸਖ਼ਤ ਮਿਹਨਤ ਕਰਨ ਦੀ ਲੋੜ ਹੈ। ਯਿਸੂ ਦੇ ਚੇਲਿਆਂ ਲਈ ਜ਼ਰੂਰੀ ਹੈ ਕਿ ਉਹ “ਅੱਗੇ ਤੋਂ ਆਪਣੇ ਲਈ ਨਾ ਜੀਉਣ, ਸਗੋਂ ਉਸ ਲਈ ਜੀਉਣ ਜੋ ਉਨ੍ਹਾਂ ਦੀ ਖ਼ਾਤਰ ਮਰਿਆ ਅਤੇ ਦੁਬਾਰਾ ਜੀਉਂਦਾ ਕੀਤਾ ਗਿਆ ਸੀ।”​—2 ਕੁਰਿੰ. 5:15; ਮੱਤੀ 16:24.

18. ਅਗਲੇ ਲੇਖ ਵਿਚ ਅਸੀਂ ਕਿਹੜੇ ਸਵਾਲਾਂ ’ਤੇ ਚਰਚਾ ਕਰਾਂਗੇ?

18 ਜਿਵੇਂ ਅਸੀਂ ਇਸ ਲੇਖ ਵਿਚ ਸਿੱਖਿਆ ਹੈ ਕਿ ਬਪਤਿਸਮੇ ਦਾ ਫ਼ੈਸਲਾ ਸੱਚੇ ਮਸੀਹੀਆਂ ਲਈ ਬਹੁਤ ਗੰਭੀਰ ਫ਼ੈਸਲਾ ਹੁੰਦਾ ਹੈ। ਇਸੇ ਲਈ ਮਾਰੀਆ ਦੀ ਮੰਮੀ ਨੇ ਆਪਣੇ ਆਪ ਨੂੰ ਲੇਖ ਦੇ ਸ਼ੁਰੂ ਵਿਚ ਦਿੱਤੇ ਸਵਾਲ ਪੁੱਛੇ। ਜੇ ਤੁਹਾਡੇ ਬੱਚੇ ਹਨ, ਤਾਂ ਤੁਸੀਂ ਸ਼ਾਇਦ ਇਹ ਸਵਾਲ ਪੁੱਛੇ ਹੋਣ: ‘ਕੀ ਮੇਰਾ ਬੱਚਾ ਬਪਤਿਸਮਾ ਲੈਣ ਲਈ ਤਿਆਰ ਹੈ? ਕੀ ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰਨ ਤੋਂ ਪਹਿਲਾਂ ਉਹ ਉਸ ਬਾਰੇ ਚੰਗੀ ਤਰ੍ਹਾਂ ਜਾਣਦਾ ਹੈ? ਕੀ ਬਪਤਿਸਮਾ ਲੈਣ ਤੋਂ ਪਹਿਲਾਂ ਉਸ ਨੂੰ ਵਧੀਆ ਪੜ੍ਹਾਈ ਅਤੇ ਨੌਕਰੀ ਕਰਨੀ ਚਾਹੀਦੀ ਹੈ? ਉਦੋਂ ਕੀ, ਜੇ ਉਹ ਬਪਤਿਸਮਾ ਲੈਣ ਤੋਂ ਬਾਅਦ ਕੋਈ ਗੰਭੀਰ ਪਾਪ ਕਰ ਬੈਠੇ?’ ਅਗਲੇ ਲੇਖ ਵਿਚ ਅਸੀਂ ਇਨ੍ਹਾਂ ਸਵਾਲਾਂ ’ਤੇ ਚਰਚਾ ਕਰਾਂਗੇ। ਨਾਲੇ ਸਿੱਖਾਂਗੇ ਕਿ ਮਸੀਹੀ ਮਾਪੇ ਬਪਤਿਸਮੇ ਬਾਰੇ ਸਹੀ ਨਜ਼ਰੀਆ ਕਿਵੇਂ ਰੱਖ ਸਕਦੇ ਹਨ।