Skip to content

Skip to table of contents

ਮਾਪਿਓ—ਆਪਣੇ ਬੱਚਿਆਂ ਦੀ ਬਪਤਿਸਮਾ ਲੈਣ ਵਿਚ ਮਦਦ ਕਰੋ

ਮਾਪਿਓ—ਆਪਣੇ ਬੱਚਿਆਂ ਦੀ ਬਪਤਿਸਮਾ ਲੈਣ ਵਿਚ ਮਦਦ ਕਰੋ

“ਤੂੰ ਹੁਣ ਦੇਰ ਕਿਉਂ ਲਾ ਰਿਹਾ ਹੈਂ? ਉੱਠ ਕੇ ਬਪਤਿਸਮਾ ਲੈ।”​—ਰਸੂ. 22:16.

ਗੀਤ: 7, 11

1. ਬੱਚੇ ਦੇ ਬਪਤਿਸਮੇ ਤੋਂ ਪਹਿਲਾਂ ਸਮਝਦਾਰ ਮਾਪੇ ਕੀ ਜਾਣਨਾ ਚਾਹੁੰਦੇ ਹਨ?

ਜਦੋਂ ਬਲਾਸਮ ਬ੍ਰਾਂਟ ਨੇ ਬਪਤਿਸਮਾ ਲੈਣ ਦਾ ਫ਼ੈਸਲਾ ਕੀਤਾ, ਤਾਂ ਉਹ ਦੱਸਦੀ ਹੈ ਕਿ ਕੀ ਹੋਇਆ: “ਮੈਂ ਕਈ ਮਹੀਨਿਆਂ ਤੋਂ ਆਪਣੇ ਮੰਮੀ-ਡੈਡੀ ਨੂੰ ਕਹਿ ਰਹੀ ਸੀ ਕਿ ਮੈਂ ਬਪਤਿਸਮਾ ਲੈਣਾ ਚਾਹੁੰਦੀ ਹਾਂ ਅਤੇ ਉਹ ਅਕਸਰ ਇਸ ਬਾਰੇ ਮੇਰੇ ਨਾਲ ਗੱਲ ਕਰਦੇ ਸਨ। ਉਹ ਜਾਣਨਾ ਚਾਹੁੰਦੇ ਸਨ ਕਿ ਮੈਂ ਇਸ ਫ਼ੈਸਲੇ ਦੀ ਗੰਭੀਰਤਾ ਨੂੰ ਸਮਝਦੀ ਸੀ। 31 ਦਸੰਬਰ 1934 ਨੂੰ ਮੇਰੀ ਜ਼ਿੰਦਗੀ ਵਿਚ ਇਹ ਅਹਿਮ ਦਿਨ ਆ ਹੀ ਗਿਆ।” ਇਸੇ ਤਰ੍ਹਾਂ ਅੱਜ ਵੀ ਮਾਪੇ ਆਪਣੇ ਬੱਚਿਆਂ ਦੀ ਵਧੀਆ ਫ਼ੈਸਲੇ ਕਰਨ ਵਿਚ ਮਦਦ ਕਰਨੀ ਚਾਹੁੰਦੇ ਹਨ। ਜੇ ਉਹ ਆਪਣੇ ਬੱਚੇ ਨੂੰ ਬਿਨਾਂ ਵਜ੍ਹਾ ਬਪਤਿਸਮਾ ਲੈਣ ਲਈ ਇੰਤਜ਼ਾਰ ਕਰਨ ਨੂੰ ਕਹਿੰਦੇ ਹਨ, ਤਾਂ ਬੱਚੇ ਦਾ ਯਹੋਵਾਹ ਨਾਲ ਰਿਸ਼ਤਾ ਖ਼ਰਾਬ ਹੋ ਸਕਦਾ ਹੈ। (ਯਾਕੂ. 4:17) ਪਰ ਬੱਚੇ ਦੇ ਬਪਤਿਸਮੇ ਤੋਂ ਪਹਿਲਾਂ ਸਮਝਦਾਰ ਮਾਪੇ ਇਹ ਤਸੱਲੀ ਕਰਨੀ ਚਾਹੁੰਦੇ ਹਨ ਕਿ ਉਨ੍ਹਾਂ ਦਾ ਬੱਚਾ ਮਸੀਹ ਦਾ ਚੇਲਾ ਬਣਨ ਲਈ ਤਿਆਰ ਹੈ ਕਿ ਨਹੀਂ।

2. (ੳ) ਕੁਝ ਸਫ਼ਰੀ ਨਿਗਾਹਬਾਨਾਂ ਨੇ ਕੀ ਦੇਖਿਆ ਹੈ? (ਅ) ਇਸ ਲੇਖ ਵਿਚ ਅਸੀਂ ਕੀ ਦੇਖਾਂਗੇ?

2 ਕੁਝ ਸਫ਼ਰੀ ਨਿਗਾਹਬਾਨਾਂ ਨੇ ਦੇਖਿਆ ਹੈ ਕਿ ਭਾਵੇਂ ਕਿ ਬਹੁਤ ਸਾਰੇ ਅੱਲ੍ਹੜ ਉਮਰ ਦੇ ਅਤੇ 21-22 ਸਾਲਾਂ ਦੇ ਨੌਜਵਾਨਾਂ ਦੀ ਪਰਵਰਿਸ਼ ਸੱਚਾਈ ਵਿਚ ਹੋਈ ਹੈ, ਪਰ ਉਨ੍ਹਾਂ ਨੇ ਅਜੇ ਤਕ ਬਪਤਿਸਮਾ ਨਹੀਂ ਲਿਆ। ਇਨ੍ਹਾਂ ਵਿੱਚੋਂ ਬਹੁਤ ਜਣੇ ਸਭਾਵਾਂ ਅਤੇ ਪ੍ਰਚਾਰ ’ਤੇ ਜਾਂਦੇ ਹਨ ਅਤੇ ਆਪਣੇ ਆਪ ਨੂੰ ਯਹੋਵਾਹ ਦੇ ਗਵਾਹ ਮੰਨਦੇ ਹਨ। ਪਰ ਕੁਝ ਕਾਰਨਾਂ ਕਰਕੇ ਉਨ੍ਹਾਂ ਨੇ ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰ ਕੇ ਬਪਤਿਸਮਾ ਨਹੀਂ ਲਿਆ। ਕੁਝ ਮਾਮਲਿਆਂ ਵਿਚ ਮਾਪੇ ਸੋਚਦੇ ਹਨ ਕਿ ਉਨ੍ਹਾਂ ਦੇ ਬੱਚੇ ਅਜੇ ਬਪਤਿਸਮਾ ਲੈਣ ਲਈ ਤਿਆਰ ਨਹੀਂ ਹਨ। ਇਸ ਲੇਖ ਵਿਚ ਅਸੀਂ ਚਾਰ ਗੱਲਾਂ ਦੇਖਾਂਗੇ ਜਿਨ੍ਹਾਂ ਕਰਕੇ ਕੁਝ ਮਾਪੇ ਆਪਣੇ ਬੱਚਿਆਂ ਨੂੰ ਬਪਤਿਸਮਾ ਲੈਣ ਦੀ ਹੱਲਾਸ਼ੇਰੀ ਨਹੀਂ ਦਿੰਦੇ।

ਕੀ ਮੇਰੇ ਬੱਚੇ ਦੀ ਉਮਰ ਬਪਤਿਸਮਾ ਲੈਣ ਦੀ ਹੈ?

3. ਬਲਾਸਮ ਦੇ ਮਾਪੇ ਫ਼ਿਕਰਮੰਦ ਕਿਉਂ ਸਨ?

3 ਬਲਾਸਮ ਦੇ ਮਾਪੇ, ਜਿਨ੍ਹਾਂ ਦਾ ਜ਼ਿਕਰ ਪਹਿਲੇ ਪੈਰੇ ਵਿਚ ਕੀਤਾ ਗਿਆ ਸੀ, ਫ਼ਿਕਰਮੰਦ ਸਨ ਕਿਉਂਕਿ ਉਹ ਜਾਣਨਾ ਚਾਹੁੰਦੇ ਸਨ ਕਿ ਉਨ੍ਹਾਂ ਦੀ ਧੀ ਇਸ ਉਮਰ ਵਿਚ ਬਪਤਿਸਮੇ ਦਾ ਮਤਲਬ ਅਤੇ ਇਸ ਦੀ ਗੰਭੀਰਤਾ ਸਮਝਦੀ ਹੈ। ਮਾਪੇ ਕਿਵੇਂ ਜਾਣ ਸਕਦੇ ਹਨ ਕਿ ਉਨ੍ਹਾਂ ਦਾ ਬੱਚਾ ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰਨ ਲਈ ਤਿਆਰ ਹੈ ਜਾਂ ਨਹੀਂ?

4. ਮੱਤੀ 28:19, 20 ਵਿਚ ਦਿੱਤਾ ਯਿਸੂ ਦਾ ਹੁਕਮ ਮਾਪਿਆਂ ਦੀ ਕਿਵੇਂ ਮਦਦ ਕਰ ਸਕਦਾ ਹੈ?

4 ਮੱਤੀ 28:19, 20 ਪੜ੍ਹੋ। ਬਾਈਬਲ ਵਿਚ ਬਪਤਿਸਮਾ ਲੈਣ ਦੀ ਕੋਈ ਉਮਰ ਨਹੀਂ ਦੱਸੀ ਗਈ। ਪਰ ਮਾਪਿਆਂ ਨੂੰ ਧਿਆਨ ਨਾਲ ਸੋਚ-ਵਿਚਾਰ ਕਰਨਾ ਚਾਹੀਦਾ ਹੈ ਕਿ ਚੇਲੇ ਬਣਾਉਣ ਦਾ ਕੀ ਮਤਲਬ ਹੈ। ਮੱਤੀ 28:19 ਵਿਚ “ਚੇਲੇ ਬਣਾਓ” ਲਈ ਵਰਤੇ ਗਏ ਯੂਨਾਨੀ ਸ਼ਬਦ ਦਾ ਮਤਲਬ ਹੈ ਕਿ ਕਿਸੇ ਨੂੰ ਇਹ ਟੀਚਾ ਰੱਖ ਕੇ ਸਿਖਾਉਣਾ ਕਿ ਉਹ ਅਗਾਂਹ ਜਾ ਕੇ ਚੇਲਾ ਬਣ ਸਕੇ। ਚੇਲਾ ਉਸ ਵਿਅਕਤੀ ਨੂੰ ਕਿਹਾ ਜਾਂਦਾ ਹੈ ਜੋ ਯਿਸੂ ਦੀਆਂ ਸਿੱਖਿਆਵਾਂ ਸਿੱਖਦਾ, ਸਮਝਦਾ ਅਤੇ ਉਨ੍ਹਾਂ ਅਨੁਸਾਰ ਚੱਲਣਾ ਚਾਹੁੰਦਾ ਹੈ। ਇਸ ਲਈ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਛੋਟੇ ਹੁੰਦਿਆਂ ਤੋਂ ਹੀ ਇਹ ਟੀਚਾ ਰੱਖ ਕੇ ਸਿਖਾਉਣਾ ਚਾਹੀਦਾ ਹੈ ਕਿ ਬੱਚੇ ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰ ਸਕਣ ਅਤੇ ਮਸੀਹ ਦੇ ਚੇਲੇ ਬਣ ਸਕਣ। ਬਿਨਾਂ ਸ਼ੱਕ, ਬਹੁਤ ਛੋਟੇ ਬੱਚੇ ਬਪਤਿਸਮਾ ਲੈਣ ਦੇ ਯੋਗ ਨਹੀਂ ਹੁੰਦੇ। ਪਰ ਬਾਈਬਲ ਤੋਂ ਪਤਾ ਲੱਗਦਾ ਹੈ ਕਿ ਛੋਟੀ ਉਮਰ ਵਿਚ ਵੀ ਬੱਚੇ ਸੱਚਾਈ ਨੂੰ ਸਮਝ ਸਕਦੇ ਅਤੇ ਇਸ ਅਨੁਸਾਰ ਚੱਲ ਸਕਦੇ ਹਨ।

5, 6. (ੳ) ਬਾਈਬਲ ਤਿਮੋਥਿਉਸ ਦੇ ਬਪਤਿਸਮੇ ਬਾਰੇ ਜੋ ਦੱਸਦੀ ਹੈ, ਉਸ ਤੋਂ ਅਸੀਂ ਕੀ ਸਿੱਖ ਸਕਦੇ ਹਾਂ? (ਅ) ਸਮਝਦਾਰ ਮਾਪੇ ਕਿਹੜੇ ਵਧੀਆ ਤਰੀਕੇ ਨਾਲ ਆਪਣੇ ਬੱਚਿਆਂ ਦੀ ਮਦਦ ਕਰ ਸਕਦੇ ਹਨ?

5 ਤਿਮੋਥਿਉਸ ਨਾਂ ਦੇ ਇਕ ਚੇਲੇ ਨੇ ਛੋਟੀ ਉਮਰ ਵਿਚ ਹੀ ਯਹੋਵਾਹ ਦੀ ਸੇਵਾ ਕਰਨ ਦਾ ਫ਼ੈਸਲਾ ਕੀਤਾ। ਪੌਲੁਸ ਰਸੂਲ ਨੇ ਕਿਹਾ ਕਿ ਤਿਮੋਥਿਉਸ ਨੇ ਛੋਟੇ ਹੁੰਦਿਆਂ ਤੋਂ ਹੀ ਪਰਮੇਸ਼ੁਰ ਦੇ ਬਚਨ ਦੀ ਸੱਚਾਈ ਸਿੱਖਣੀ ਸ਼ੁਰੂ ਕੀਤੀ ਸੀ। ਤਿਮੋਥਿਉਸ ਦਾ ਪਿਤਾ ਯਹੋਵਾਹ ਦੀ ਸੇਵਾ ਨਹੀਂ ਕਰਦਾ ਸੀ, ਪਰ ਉਸ ਦੀ ਮਾਤਾ ਤੇ ਨਾਨੀ ਨੇ ਪਰਮੇਸ਼ੁਰ ਦੇ ਬਚਨ ਨਾਲ ਪਿਆਰ ਕਰਨ ਵਿਚ ਉਸ ਦੀ ਮਦਦ ਕੀਤੀ। ਨਤੀਜੇ ਵਜੋਂ, ਉਸ ਦੀ ਨਿਹਚਾ ਬਹੁਤ ਮਜ਼ਬੂਤ ਹੋਈ। (2 ਤਿਮੋ. 1:5; 3:14, 15) ਜਦੋਂ ਉਹ 20 ਕੁ ਸਾਲਾਂ ਦਾ ਸੀ, ਤਾਂ ਉਹ ਮੰਡਲੀ ਵਿਚ ਖ਼ਾਸ ਜ਼ਿੰਮੇਵਾਰੀਆਂ ਸੰਭਾਲਣ ਦੇ ਕਾਬਲ ਸੀ।​—ਰਸੂ. 16:1-3.

6 ਹਰ ਬੱਚੇ ਦੀ ਕਾਬਲੀਅਤ ਵੱਖਰੀ ਹੁੰਦੀ ਹੈ। ਸਾਰੇ ਜਣੇ ਇੱਕੋ ਉਮਰ ਵਿਚ ਸਮਝਦਾਰ ਨਹੀਂ ਬਣਦੇ। ਕੁਝ ਬੱਚੇ ਛੋਟੀ ਉਮਰ ਵਿਚ ਹੀ ਸੱਚਾਈ ਨੂੰ ਸਮਝਦੇ ਹਨ, ਵਧੀਆ ਫ਼ੈਸਲੇ ਕਰਦੇ ਹਨ ਅਤੇ ਬਪਤਿਸਮਾ ਲੈਣਾ ਚਾਹੁੰਦੇ ਹਨ। ਪਰ ਸ਼ਾਇਦ ਕੁਝ ਜਣੇ ਥੋੜ੍ਹੇ ਵੱਡੇ ਹੋ ਕੇ ਬਪਤਿਸਮਾ ਲੈਣ ਲਈ ਤਿਆਰ ਹੋਣ। ਸਮਝਦਾਰ ਮਾਪੇ ਆਪਣੇ ਬੱਚਿਆਂ ’ਤੇ ਬਪਤਿਸਮਾ ਲੈਣ ਦਾ ਦਬਾਅ ਨਹੀਂ ਪਾਉਂਦੇ। ਇਸ ਦੀ ਬਜਾਇ, ਉਹ ਆਪਣੇ ਬੱਚੇ ਨੂੰ ਸੱਚਾਈ ਵਿਚ ਤਰੱਕੀ ਕਰਨ ਲਈ ਸਮਾਂ ਦਿੰਦੇ ਹਨ। ਮਾਪੇ ਕਹਾਉਤਾਂ 27:11 (ਪੜ੍ਹੋ।) ਵਿਚ ਲਿਖੀ ਗੱਲ ਕਰਕੇ ਖ਼ੁਸ਼ ਹੋ ਸਕਦੇ ਹਨ ਜਦੋਂ ਉਨ੍ਹਾਂ ਦਾ ਬੱਚਾ ਤਰੱਕੀ ਕਰਦਾ ਹੈ। ਪਰ ਮਾਪਿਆਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਆਪਣੇ ਬੱਚਿਆਂ ਦੀ ਚੇਲੇ ਬਣਨ ਵਿਚ ਮਦਦ ਕਰਨੀ ਉਨ੍ਹਾਂ ਦਾ ਟੀਚਾ ਹੈ। ਇਹ ਗੱਲ ਮਨ ਵਿਚ ਰੱਖਦਿਆਂ ਉਨ੍ਹਾਂ ਨੂੰ ਆਪਣੇ ਆਪ ਤੋਂ ਪੁੱਛਣਾ ਚਾਹੀਦਾ ਹੈ, ‘ਕੀ ਮੇਰੇ ਬੱਚੇ ਨੂੰ ਇੰਨਾ ਕੁ ਗਿਆਨ ਹੈ ਕਿ ਉਹ ਪਰਮੇਸ਼ੁਰ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰਨ ਅਤੇ ਬਪਤਿਸਮਾ ਲੈਣ ਦਾ ਮਤਲਬ ਸਮਝਦਾ ਹੈ?’

ਕੀ ਮੇਰੇ ਬੱਚੇ ਨੂੰ ਲੋੜੀਂਦਾ ਗਿਆਨ ਹੈ?

7. ਕੀ ਬਪਤਿਸਮਾ ਲੈਣ ਤੋਂ ਪਹਿਲਾਂ ਇਕ ਵਿਅਕਤੀ ਨੂੰ ਬਾਈਬਲ ਦੀ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ? ਸਮਝਾਓ।

7 ਮਾਪੇ ਚਾਹੁੰਦੇ ਹਨ ਕਿ ਉਨ੍ਹਾਂ ਦੇ ਬੱਚੇ ਸੱਚਾਈ ਬਾਰੇ ਚੰਗੀ ਤਰ੍ਹਾਂ ਜਾਣਨ। ਇਸ ਗਿਆਨ ਕਰਕੇ ਬੱਚੇ ਪਰਮੇਸ਼ੁਰ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰਨੀ ਚਾਹੁਣਗੇ। ਪਰ ਇਸ ਦਾ ਇਹ ਮਤਲਬ ਨਹੀਂ ਕਿ ਸਮਰਪਣ ਕਰਨ ਅਤੇ ਬਪਤਿਸਮਾ ਲੈਣ ਤੋਂ ਪਹਿਲਾਂ ਬੱਚੇ ਨੂੰ ਬਾਈਬਲ ਦੀ ਹਰ ਗੱਲ ਬਾਰੇ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ। ਮਸੀਹ ਦੇ ਹਰ ਚੇਲੇ ਨੂੰ ਬਪਤਿਸਮੇ ਤੋਂ ਬਾਅਦ ਵੀ ਸਿੱਖਦੇ ਰਹਿਣ ਦੀ ਲੋੜ ਹੈ। (ਕੁਲੁੱਸੀਆਂ 1:9, 10 ਪੜ੍ਹੋ।) ਸੋ ਬਪਤਿਸਮਾ ਲੈਣ ਤੋਂ ਪਹਿਲਾਂ ਇਕ ਵਿਅਕਤੀ ਨੂੰ ਕਿੰਨੀ ਕੁ ਜਾਣਕਾਰੀ ਹੋਣੀ ਚਾਹੀਦੀ ਹੈ?

8, 9. ਫ਼ਿਲਿੱਪੈ ਸ਼ਹਿਰ ਦੇ ਜੇਲ੍ਹਰ ਨਾਲ ਕੀ ਹੋਇਆ ਅਤੇ ਅਸੀਂ ਉਸ ਦੇ ਤਜਰਬੇ ਤੋਂ ਕੀ ਸਿੱਖ ਸਕਦੇ ਹਾਂ?

8 ਪਹਿਲੀ ਸਦੀ ਦੇ ਇਕ ਪਰਿਵਾਰ ਦਾ ਤਜਰਬਾ ਅੱਜ ਮਾਪਿਆਂ ਦੀ ਮਦਦ ਕਰ ਸਕਦਾ ਹੈ। (ਰਸੂ. 16:25-33) 50 ਈਸਵੀ ਵਿਚ ਪੌਲੁਸ ਆਪਣੇ ਦੂਜੇ ਦੌਰੇ ’ਤੇ ਫ਼ਿਲਿੱਪੈ ਨਾਂ ਦੇ ਸ਼ਹਿਰ ਵਿਚ ਗਿਆ। ਉੱਥੇ ਪੌਲੁਸ ਅਤੇ ਸੀਲਾਸ ’ਤੇ ਝੂਠੇ ਦੋਸ਼ ਲਾਏ ਗਏ ਤੇ ਉਨ੍ਹਾਂ ਨੂੰ ਗਿਰਫ਼ਤਾਰ ਕਰ ਕੇ ਕੈਦ ਵਿਚ ਸੁੱਟ ਦਿੱਤਾ ਗਿਆ। ਰਾਤ ਨੂੰ ਇਕ ਜ਼ਬਰਦਸਤ ਭੁਚਾਲ਼ ਆਇਆ ਜਿਸ ਕਰਕੇ ਜੇਲ੍ਹ ਦੇ ਸਾਰੇ ਦਰਵਾਜ਼ੇ ਖੁੱਲ੍ਹ ਗਏ। ਜੇਲ੍ਹਰ ਨੇ ਸੋਚਿਆ ਕਿ ਸਾਰੇ ਕੈਦੀ ਭੱਜ ਗਏ ਸਨ। ਇਸ ਕਰਕੇ ਉਹ ਆਪਣੇ ਆਪ ਨੂੰ ਜਾਨੋਂ ਮਾਰਨਾ ਚਾਹੁੰਦਾ ਸੀ। ਪਰ ਪੌਲੁਸ ਨੇ ਉਸ ਨੂੰ ਇਸ ਤਰ੍ਹਾਂ ਕਰਨ ਤੋਂ ਰੋਕਿਆ। ਫਿਰ ਪੌਲੁਸ ਅਤੇ ਸੀਲਾਸ ਨੇ ਜੇਲ੍ਹਰ ਅਤੇ ਉਸ ਦੇ ਪਰਿਵਾਰ ਨੂੰ ਯਿਸੂ ਬਾਰੇ ਸੱਚਾਈ ਸਿਖਾਈ। ਉਨ੍ਹਾਂ ਨੇ ਯਿਸੂ ਬਾਰੇ ਸਿੱਖੀਆਂ ਗੱਲਾਂ ’ਤੇ ਵਿਸ਼ਵਾਸ ਕੀਤਾ ਅਤੇ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਉਸ ਦਾ ਕਹਿਣਾ ਮੰਨਣਾ ਕਿੰਨਾ ਜ਼ਰੂਰੀ ਹੈ। ਇਸ ਲਈ ਉਨ੍ਹਾਂ ਨੇ ਉਸੇ ਸਮੇਂ ਬਪਤਿਸਮਾ ਲੈ ਲਿਆ। ਅਸੀਂ ਉਨ੍ਹਾਂ ਦੇ ਤਜਰਬੇ ਤੋਂ ਕੀ ਸਿੱਖ ਸਕਦੇ ਹਾਂ?

9 ਜੇਲ੍ਹਰ ਸ਼ਾਇਦ ਰੋਮੀ ਫ਼ੌਜੀ ਵਜੋਂ ਰੀਟਾਇਰ ਹੋਇਆ ਸੀ। ਉਸ ਨੂੰ ਪਰਮੇਸ਼ੁਰ ਦੇ ਬਚਨ ਬਾਰੇ ਕੁਝ ਨਹੀਂ ਪਤਾ ਸੀ। ਇਸ ਲਈ ਮਸੀਹੀ ਬਣਨ ਲਈ ਉਸ ਨੂੰ ਬਾਈਬਲ ਦੀਆਂ ਬੁਨਿਆਦੀ ਸਿੱਖਿਆਵਾਂ ਬਾਰੇ ਸਿੱਖਣ ਦੇ ਨਾਲ-ਨਾਲ ਇਹ ਵੀ ਜਾਣਨ ਦੀ ਲੋੜ ਸੀ ਕਿ ਯਹੋਵਾਹ ਆਪਣੇ ਸੇਵਕਾਂ ਤੋਂ ਕੀ ਮੰਗ ਕਰਦਾ ਹੈ। ਇਸ ਲਈ ਉਸ ਨੇ ਯਿਸੂ ਦੀਆਂ ਸਿੱਖਿਆਵਾਂ ਅਨੁਸਾਰ ਚੱਲਣ ਦਾ ਪੱਕਾ ਇਰਾਦਾ ਕੀਤਾ। ਉਸ ਨੇ ਥੋੜ੍ਹੇ ਸਮੇਂ ਵਿਚ ਜੋ ਸਿੱਖਿਆ, ਉਸ ਕਰਕੇ ਉਹ ਬਪਤਿਸਮਾ ਲੈ ਸਕਿਆ। ਬਿਨਾਂ ਸ਼ੱਕ, ਬਪਤਿਸਮਾ ਲੈਣ ਤੋਂ ਬਾਅਦ ਉਹ ਇਸ ਬਾਰੇ ਲਗਾਤਾਰ ਸਿੱਖਦਾ ਰਿਹਾ। ਇਸ ਲਈ ਜਦੋਂ ਤੁਹਾਡਾ ਬੱਚਾ ਤੁਹਾਨੂੰ ਦੱਸਦਾ ਹੈ ਕਿ ਉਹ ਬਪਤਿਸਮਾ ਲੈਣਾ ਚਾਹੁੰਦਾ ਹੈ ਕਿਉਂਕਿ ਉਹ ਯਹੋਵਾਹ ਨੂੰ ਪਿਆਰ ਕਰਦਾ ਅਤੇ ਉਸ ਦਾ ਕਹਿਣਾ ਮੰਨਣਾ ਚਾਹੁੰਦਾ ਹੈ, ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ? ਤੁਸੀਂ ਸ਼ਾਇਦ ਉਸ ਨੂੰ ਬਜ਼ੁਰਗਾਂ ਨਾਲ ਗੱਲ ਕਰਨ ਲਈ ਕਹੋ ਤਾਂਕਿ ਉਹ ਫ਼ੈਸਲਾ ਕਰ ਸਕਣ ਕਿ ਉਹ ਬਪਤਿਸਮਾ ਲੈਣ ਦੇ ਯੋਗ ਹੈ ਜਾਂ ਨਹੀਂ। * ਸਾਰੇ ਬਪਤਿਸਮਾ-ਪ੍ਰਾਪਤ ਮਸੀਹੀਆਂ ਵਾਂਗ ਉਹ ਆਪਣੀ ਪੂਰੀ ਜ਼ਿੰਦਗੀ, ਇੱਥੋਂ ਤਕ ਕਿ ਹਮੇਸ਼ਾ-ਹਮੇਸ਼ਾ ਲਈ ਯਹੋਵਾਹ ਬਾਰੇ ਸਿੱਖਦਾ ਰਹੇਗਾ।​—ਰੋਮੀ. 11:33, 34.

ਮੇਰੇ ਬੱਚੇ ਲਈ ਸਭ ਤੋਂ ਵਧੀਆ ਸਿੱਖਿਆ ਕਿਹੜੀ ਹੈ?

10, 11. (ੳ) ਕੁਝ ਮਾਪੇ ਕੀ ਸੋਚਦੇ ਹਨ? (ਅ) ਇਕ ਬੱਚੇ ਨੂੰ ਸੁਰੱਖਿਆ ਕਿਵੇਂ ਮਿਲ ਸਕਦੀ ਹੈ?

10 ਕੁਝ ਮਾਪੇ ਸੋਚਦੇ ਹਨ ਕਿ ਉੱਚ ਸਿੱਖਿਆ ਲੈਣ ਅਤੇ ਚੰਗੀ ਨੌਕਰੀ ਕਰਨ ਤੋਂ ਬਾਅਦ ਹੀ ਉਨ੍ਹਾਂ ਦੇ ਬੱਚੇ ਨੂੰ ਬਪਤਿਸਮਾ ਲੈਣਾ ਚਾਹੀਦਾ ਹੈ। ਸ਼ਾਇਦ ਇਨ੍ਹਾਂ ਮਾਪਿਆਂ ਦੇ ਇਰਾਦੇ ਨੇਕ ਹਨ, ਪਰ ਉਨ੍ਹਾਂ ਨੂੰ ਆਪਣੇ ਆਪ ਤੋਂ ਪੁੱਛਣਾ ਚਾਹੀਦਾ ਹੈ: ‘ਕੀ ਇਹ ਗੱਲ ਮੇਰੇ ਬੱਚੇ ਦੀ ਸਫ਼ਲ ਹੋਣ ਵਿਚ ਵਾਕਈ ਮਦਦ ਕਰੇਗੀ? ਕੀ ਇਹ ਗੱਲ ਬਾਈਬਲ ਦੀਆਂ ਗੱਲਾਂ ਨਾਲ ਮੇਲ ਖਾਂਦੀ ਹੈ? ਯਹੋਵਾਹ ਦਾ ਬਚਨ ਸਾਨੂੰ ਕਿਸ ਤਰ੍ਹਾਂ ਦੀ ਜ਼ਿੰਦਗੀ ਜੀਉਣ ਦੀ ਹੱਲਾਸ਼ੇਰੀ ਦਿੰਦਾ ਹੈ?’​—ਉਪਦੇਸ਼ਕ ਦੀ ਪੋਥੀ 12:1 ਪੜ੍ਹੋ।

11 ਸਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਦੁਨੀਆਂ ਅਤੇ ਇਸ ਦੀਆਂ ਚੀਜ਼ਾਂ ਯਹੋਵਾਹ ਦੀ ਮਰਜ਼ੀ ਅਤੇ ਸੋਚ ਦੇ ਖ਼ਿਲਾਫ਼ ਹਨ। (ਯਾਕੂ. 4:7, 8; 1 ਯੂਹੰ. 2:15-17; 5:19) ਬੱਚੇ ਦਾ ਯਹੋਵਾਹ ਨਾਲ ਕਰੀਬੀ ਰਿਸ਼ਤਾ ਉਸ ਨੂੰ ਸ਼ੈਤਾਨ, ਇਸ ਦੁਨੀਆਂ ਅਤੇ ਇਸ ਦੀ ਬੁਰੀ ਸੋਚ ਤੋਂ ਸੁਰੱਖਿਅਤ ਰੱਖਦਾ ਹੈ। ਜੇ ਮਾਪੇ ਪੜ੍ਹਾਈ-ਲਿਖਾਈ ਅਤੇ ਵਧੀਆ ਨੌਕਰੀ ਨੂੰ ਪਹਿਲੀ ਥਾਂ ’ਤੇ ਰੱਖਣਗੇ, ਤਾਂ ਉਨ੍ਹਾਂ ਦਾ ਬੱਚਾ ਸ਼ਾਇਦ ਸੋਚੇ ਕਿ ਯਹੋਵਾਹ ਨਾਲ ਰਿਸ਼ਤਾ ਹੋਣ ਨਾਲੋਂ ਇਸ ਦੁਨੀਆਂ ਦੀਆਂ ਚੀਜ਼ਾਂ ਜ਼ਿਆਦਾ ਜ਼ਰੂਰੀ ਹਨ। ਇਹ ਸੋਚ ਖ਼ਤਰਨਾਕ ਹੈ। ਪਿਆਰ ਕਰਨ ਵਾਲੇ ਮਾਪਿਆਂ ਵਜੋਂ, ਕੀ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਬੱਚੇ ਨੂੰ ਇਹ ਦੁਨੀਆਂ ਸਿਖਾਵੇ ਕਿ ਕਿਹੜੀਆਂ ਚੀਜ਼ਾਂ ਤੋਂ ਉਸ ਨੂੰ ਖ਼ੁਸ਼ੀ ਮਿਲ ਸਕਦੀ ਹੈ? ਸਫ਼ਲ ਹੋਣ ਅਤੇ ਸੱਚੀ ਖ਼ੁਸ਼ੀ ਪਾਉਣ ਦਾ ਇੱਕੋ-ਇਕ ਤਰੀਕਾ ਹੈ, ਯਹੋਵਾਹ ਨੂੰ ਆਪਣੀ ਜ਼ਿੰਦਗੀ ਵਿਚ ਪਹਿਲੀ ਥਾਂ ਦੇਣੀ।​—ਜ਼ਬੂਰਾਂ ਦੀ ਪੋਥੀ 1:2, 3 ਪੜ੍ਹੋ।

ਉਦੋਂ ਕੀ ਜੇ ਮੇਰਾ ਬੱਚਾ ਪਾਪ ਕਰ ਬੈਠੇ?

12. ਕੁਝ ਮਾਪੇ ਇੱਦਾਂ ਕਿਉਂ ਸੋਚਦੇ ਹਨ ਕਿ ਵਧੀਆ ਹੋਵੇਗਾ ਕਿ ਉਨ੍ਹਾਂ ਦਾ ਬੱਚਾ ਬਪਤਿਸਮਾ ਲੈਣ ਲਈ ਇੰਤਜ਼ਾਰ ਕਰੇ?

12 ਇਕ ਮਾਂ ਦੱਸਦੀ ਹੈ ਕਿ ਉਹ ਕਿਉਂ ਨਹੀਂ ਚਾਹੁੰਦੀ ਸੀ ਕਿ ਉਸ ਦੀ ਧੀ ਬਪਤਿਸਮਾ ਲਵੇ। ਉਹ ਕਹਿੰਦੀ ਹੈ: “ਮੈਨੂੰ ਇਹ ਦੱਸਣ ਵਿਚ ਸ਼ਰਮ ਆਉਂਦੀ ਹੈ ਕਿ ਆਪਣੀ ਧੀ ਨੂੰ ਬਪਤਿਸਮਾ ਲੈਣ ਤੋਂ ਰੋਕਣ ਦਾ ਮੁੱਖ ਕਾਰਨ ਛੇਕੇ ਜਾਣ ਦਾ ਪ੍ਰਬੰਧ ਸੀ।” ਇਸ ਭੈਣ ਦੀ ਤਰ੍ਹਾਂ, ਕੁਝ ਮਾਪਿਆਂ ਨੂੰ ਲੱਗਦਾ ਹੈ ਕਿ ਵਧੀਆ ਹੋਵੇਗਾ ਕਿ ਉਨ੍ਹਾਂ ਦਾ ਬੱਚਾ ਉਦੋਂ ਤਕ ਬਪਤਿਸਮਾ ਨਾ ਲਵੇ ਜਦੋਂ ਤਕ ਉਹ ਇੰਨਾ ਵੱਡਾ ਨਹੀਂ ਹੋ ਜਾਂਦਾ ਕਿ ਉਹ ਨਿਆਣਪੁਣੇ ਦੀਆਂ ਗੱਲਾਂ ਛੱਡ ਦੇਵੇ। (ਉਤ. 8:21; ਕਹਾ. 22:15) ਇਹ ਮਾਪੇ ਸ਼ਾਇਦ ਇਸ ਲਈ ਇੱਦਾਂ ਸੋਚਦੇ ਹਨ ਕਿ ਜੇ ਉਨ੍ਹਾਂ ਦੇ ਬੱਚੇ ਨੇ ਬਪਤਿਸਮਾ ਨਹੀਂ ਲਿਆ ਹੋਵੇਗਾ, ਤਾਂ ਉਸ ਨੂੰ ਛੇਕਿਆ ਨਹੀਂ ਜਾ ਸਕੇਗਾ। ਪਰ ਇਸ ਤਰ੍ਹਾਂ ਦੀ ਸੋਚ ਗ਼ਲਤ ਕਿਉਂ ਹੈ?​—ਯਾਕੂ. 1:22.

13. ਜੇ ਬੱਚੇ ਨੇ ਬਪਤਿਸਮਾ ਨਹੀਂ ਲਿਆ, ਤਾਂ ਕੀ ਇਸ ਦਾ ਇਹ ਮਤਲਬ ਹੈ ਕਿ ਉਹ ਯਹੋਵਾਹ ਅੱਗੇ ਜਵਾਬਦੇਹ ਨਹੀਂ ਹੈ? ਸਮਝਾਓ।

13 ਬਿਨਾਂ ਸ਼ੱਕ, ਮਾਪੇ ਨਹੀਂ ਚਾਹੁੰਦੇ ਕਿ ਜੇ ਉਨ੍ਹਾਂ ਦਾ ਬੱਚਾ ਅਜੇ ਆਪਣੀ ਜ਼ਿੰਦਗੀ ਯਹੋਵਾਹ ਨੂੰ ਸਮਰਪਿਤ ਕਰਨ ਲਈ ਤਿਆਰ ਨਹੀਂ ਹੈ, ਤਾਂ ਉਹ ਬਪਤਿਸਮਾ ਲਵੇ। ਪਰ ਇਹ ਸੋਚ ਰੱਖਣੀ ਗ਼ਲਤ ਕਿਉਂ ਹੈ ਕਿ ਬਪਤਿਸਮੇ ਤੋਂ ਬਾਅਦ ਹੀ ਬੱਚਾ ਯਹੋਵਾਹ ਅੱਗੇ ਜਵਾਬਦੇਹ ਹੈ? ਕਿਉਂਕਿ ਇਕ ਬੱਚਾ ਯਹੋਵਾਹ ਅੱਗੇ ਉਦੋਂ ਹੀ ਜਵਾਬਦੇਹ ਬਣ ਜਾਂਦਾ ਹੈ, ਜਦੋਂ ਉਸ ਨੂੰ ਪਤਾ ਲੱਗ ਜਾਂਦਾ ਹੈ ਕਿ ਯਹੋਵਾਹ ਦੀਆਂ ਨਜ਼ਰਾਂ ਵਿਚ ਕੀ ਸਹੀ ਹੈ ਤੇ ਕੀ ਗ਼ਲਤ। (ਯਾਕੂਬ 4:17 ਪੜ੍ਹੋ।) ਸਮਝਦਾਰ ਮਾਪੇ ਆਪਣੇ ਬੱਚੇ ਨੂੰ ਬਪਤਿਸਮਾ ਲੈਣ ਤੋਂ ਨਹੀਂ ਰੋਕਦੇ। ਜਦੋਂ ਬੱਚਾ ਅਜੇ ਛੋਟਾ ਹੀ ਹੁੰਦਾ ਹੈ, ਤਾਂ ਮਾਪੇ ਉਸ ਨੂੰ ਉਨ੍ਹਾਂ ਗੱਲਾਂ ਨਾਲ ਪਿਆਰ ਕਰਨਾ ਸਿਖਾਉਂਦੇ ਹਨ ਜਿਨ੍ਹਾਂ ਨੂੰ ਯਹੋਵਾਹ ਪਿਆਰ ਕਰਦਾ ਹੈ ਅਤੇ ਉਨ੍ਹਾਂ ਗੱਲਾਂ ਨਾਲ ਨਫ਼ਰਤ ਕਰਨਾ ਸਿਖਾਉਂਦੇ ਹਨ ਜਿਨ੍ਹਾਂ ਨੂੰ ਯਹੋਵਾਹ ਨਫ਼ਰਤ ਕਰਦਾ ਹੈ। ਨਾਲੇ ਉਹ ਖ਼ੁਦ ਇੱਦਾਂ ਕਰ ਕੇ ਆਪਣੇ ਬੱਚੇ ਲਈ ਇਕ ਚੰਗੀ ਮਿਸਾਲ ਬਣਦੇ ਹਨ। (ਲੂਕਾ 6:40) ਯਹੋਵਾਹ ਨਾਲ ਪਿਆਰ ਹੋਣ ਕਰਕੇ ਬੱਚਾ ਗੰਭੀਰ ਪਾਪ ਕਰਨ ਤੋਂ ਬਚੇਗਾ ਕਿਉਂਕਿ ਉਹ ਅਜਿਹੇ ਕੰਮ ਕਰਨਾ ਚਾਹੇਗਾ ਜੋ ਯਹੋਵਾਹ ਦੀਆਂ ਨਜ਼ਰਾਂ ਵਿਚ ਸਹੀ ਹਨ।​—ਯਸਾ. 35:8.

ਦੂਜੇ ਵੀ ਮਦਦ ਕਰ ਸਕਦੇ ਹਨ

14. ਬਜ਼ੁਰਗ ਉਨ੍ਹਾਂ ਮਾਪਿਆਂ ਦੀ ਕਿਵੇਂ ਮਦਦ ਕਰ ਸਕਦੇ ਹਨ ਜੋ ਆਪਣੇ ਬੱਚਿਆਂ ਦੀ ਬਪਤਿਸਮੇ ਤਕ ਪਹੁੰਚਣ ਵਿਚ ਮਦਦ ਕਰ ਰਹੇ ਹਨ?

14 ਜਦੋਂ ਮਾਪੇ ਆਪਣੇ ਬੱਚਿਆਂ ਦੀ ਬਪਤਿਸਮੇ ਤਕ ਪਹੁੰਚਣ ਵਿਚ ਮਦਦ ਕਰਦੇ ਹਨ, ਤਾਂ ਮਾਪਿਆਂ ਦੁਆਰਾ ਯਹੋਵਾਹ ਦੀ ਸੇਵਾ ਵਿਚ ਰੱਖੇ ਟੀਚਿਆਂ ਦੀ ਬਜ਼ੁਰਗ ਤਾਰੀਫ਼ ਕਰ ਸਕਦੇ ਹਨ। ਇਕ ਭੈਣ ਦੱਸਦੀ ਹੈ ਕਿ ਜਦੋਂ ਉਹ ਛੇ ਸਾਲਾਂ ਦੀ ਸੀ, ਤਾਂ ਭਰਾ ਰਸਲ ਨੇ ਉਸ ਨਾਲ ਗੱਲ ਕੀਤੀ। ਉਸ ਨੇ ਦੱਸਿਆ: “ਉਨ੍ਹਾਂ ਨੇ ਯਹੋਵਾਹ ਦੀ ਸੇਵਾ ਵਿਚ ਰੱਖੇ ਮੇਰੇ ਟੀਚਿਆਂ ਬਾਰੇ 15 ਮਿੰਟ ਤਕ ਮੇਰੇ ਨਾਲ ਗੱਲ ਕੀਤੀ।” ਇਸ ਦਾ ਕੀ ਨਤੀਜਾ ਨਿਕਲਿਆ? ਬਾਅਦ ਵਿਚ ਇਹ ਭੈਣ ਪਾਇਨੀਅਰਿੰਗ ਕਰਨ ਲੱਗ ਪਈ ਅਤੇ ਉਸ ਨੇ 70 ਤੋਂ ਜ਼ਿਆਦਾ ਸਾਲਾਂ ਤਕ ਪਾਇਨੀਅਰਿੰਗ ਕੀਤੀ। ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਹੱਲਾਸ਼ੇਰੀ ਅਤੇ ਵਧੀਆ ਸ਼ਬਦਾਂ ਦਾ ਇਕ ਵਿਅਕਤੀ ਦੀ ਸਾਰੀ ਜ਼ਿੰਦਗੀ ’ਤੇ ਅਸਰ ਪੈ ਸਕਦਾ ਹੈ। (ਕਹਾ. 25:11) ਨਾਲੇ ਬਜ਼ੁਰਗ ਕਿੰਗਡਮ ਹਾਲ ਵਿਚ ਚੱਲ ਰਹੇ ਕੰਮਾਂ ਵਿਚ ਮਦਦ ਕਰਨ ਲਈ ਮਾਪਿਆਂ ਅਤੇ ਬੱਚਿਆਂ ਨੂੰ ਵੀ ਬੁਲਾ ਸਕਦੇ ਹਨ। ਉਹ ਬੱਚਿਆਂ ਨੂੰ ਉਨ੍ਹਾਂ ਦੀ ਉਮਰ ਅਤੇ ਕਾਬਲੀਅਤ ਮੁਤਾਬਕ ਕੰਮ ਦੇ ਸਕਦੇ ਹਨ।

15. ਮੰਡਲੀ ਦੇ ਹੋਰ ਭੈਣ-ਭਰਾ ਕਿਵੇਂ ਮਦਦ ਕਰ ਸਕਦੇ ਹਨ?

15 ਮੰਡਲੀ ਦੇ ਹੋਰ ਭੈਣ-ਭਰਾ ਕਿਵੇਂ ਮਦਦ ਕਰ ਸਕਦੇ ਹਨ? ਉਹ ਛੋਟੇ ਬੱਚਿਆਂ ਵਿਚ ਢੁਕਵੀਂ ਦਿਲਚਸਪੀ ਲੈ ਸਕਦੇ ਹਨ। ਮਿਸਾਲ ਲਈ, ਉਹ ਧਿਆਨ ਦੇ ਸਕਦੇ ਹਨ ਕਿ ਬੱਚੇ ਯਹੋਵਾਹ ਦੇ ਹੋਰ ਨੇੜੇ ਜਾਣ ਲਈ ਕੀ ਕਰ ਰਹੇ ਹਨ। ਕੀ ਬੱਚੇ ਨੇ ਸਭਾ ਵਿਚ ਵਧੀਆ ਜਵਾਬ ਦਿੱਤਾ ਜਾਂ ਕੀ ਉਸ ਨੇ ਹਫ਼ਤੇ ਦੌਰਾਨ ਹੋਣ ਵਾਲੀ ਸਭਾ ਵਿਚ ਕੋਈ ਭਾਗ ਪੇਸ਼ ਕੀਤਾ? ਕੀ ਉਸ ਨੇ ਸਕੂਲ ਵਿਚ ਕਿਸੇ ਨੂੰ ਗਵਾਹੀ ਦਿੱਤੀ ਸੀ ਜਾਂ ਕੀ ਉਸ ਨੇ ਉਦੋਂ ਸਹੀ ਕਦਮ ਚੁੱਕਿਆ ਸੀ ਜਦੋਂ ਉਸ ਨੂੰ ਗ਼ਲਤ ਕੰਮ ਕਰਨ ਲਈ ਭਰਮਾਇਆ ਗਿਆ ਸੀ? ਜੇ ਹਾਂ, ਤਾਂ ਉਸ ਦੀ ਤਾਰੀਫ਼ ਕਰਨ ਵਿਚ ਢਿੱਲ ਨਾ ਕਰੋ। ਅਸੀਂ ਸਭਾ ਤੋਂ ਪਹਿਲਾਂ ਅਤੇ ਬਾਅਦ ਵਿਚ ਬੱਚਿਆਂ ਨਾਲ ਗੱਲ ਕਰਨ ਦਾ ਟੀਚਾ ਰੱਖ ਸਕਦੇ ਹਾਂ। ਜਦੋਂ ਅਸੀਂ ਇੱਦਾਂ ਕਰਾਂਗੇ, ਤਾਂ ਉਨ੍ਹਾਂ ਨੂੰ ਲੱਗੇਗਾ ਕਿ ਉਹ “ਮਹਾ ਸਭਾ” ਯਾਨੀ ਮੰਡਲੀ ਦਾ ਹਿੱਸਾ ਹਨ।​—ਜ਼ਬੂ. 35:18.

ਬਪਤਿਸਮਾ ਲੈਣ ਵਿਚ ਆਪਣੇ ਬੱਚਿਆਂ ਦੀ ਮਦਦ ਕਰੋ

16, 17. (ੳ) ਬੱਚਿਆਂ ਲਈ ਬਪਤਿਸਮਾ ਲੈਣਾ ਜ਼ਰੂਰੀ ਕਿਉਂ ਹੈ? (ਅ) ਮਾਪਿਆਂ ਨੂੰ ਕਿਹੜੀ ਖ਼ੁਸ਼ੀ ਮਿਲ ਸਕਦੀ ਹੈ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।)

16 ਮਾਪਿਆਂ ਕੋਲ ਇਕ ਵੱਡਾ ਸਨਮਾਨ ਹੈ ਕਿ ਉਹ ਆਪਣੇ ਬੱਚਿਆਂ ਨੂੰ ਯਹੋਵਾਹ ਨਾਲ ਪਿਆਰ ਕਰਨਾ ਸਿਖਾਉਣ। (ਅਫ਼. 6:4; ਜ਼ਬੂ. 127:3) ਇਜ਼ਰਾਈਲ ਕੌਮ ਵਿਚ ਬੱਚੇ ਪੈਦਾ ਹੁੰਦਿਆਂ ਹੀ ਯਹੋਵਾਹ ਨੂੰ ਸਮਰਪਿਤ ਹੁੰਦੇ ਸਨ। ਪਰ ਸਾਡੇ ਬੱਚਿਆਂ ਨਾਲ ਇੱਦਾਂ ਨਹੀਂ ਹੁੰਦਾ। ਜੇ ਮਾਪੇ ਯਹੋਵਾਹ ਨੂੰ ਪਿਆਰ ਕਰਦੇ ਹਨ ਅਤੇ ਸੱਚਾਈ ਦੇ ਰਾਹ ’ਤੇ ਚੱਲਦੇ ਹਨ, ਤਾਂ ਇਸ ਦਾ ਇਹ ਮਤਲਬ ਨਹੀਂ ਕਿ ਉਨ੍ਹਾਂ ਦੇ ਬੱਚੇ ਵੀ ਇੱਦਾਂ ਹੀ ਕਰਨਗੇ। ਮਾਪਿਆਂ ਦਾ ਟੀਚਾ ਹੋਣਾ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਦੇ ਜਨਮ ਤੋਂ ਹੀ ਉਨ੍ਹਾਂ ਦੀ ਚੇਲੇ ਬਣਨ, ਪਰਮੇਸ਼ੁਰ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰਨ ਅਤੇ ਬਪਤਿਸਮਾ ਲੈਣ ਵਿਚ ਮਦਦ ਕਰਨ। ਮਾਪਿਆਂ ਲਈ ਇਸ ਤੋਂ ਵਧੀਆ ਟੀਚਾ ਹੋਰ ਕਿਹੜਾ ਹੋ ਸਕਦਾ ਹੈ? ਇਕ ਵਿਅਕਤੀ ਸਮਰਪਣ ਕਰ ਕੇ, ਬਪਤਿਸਮਾ ਲੈ ਕੇ ਅਤੇ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕਰ ਕੇ ਮਹਾਂਕਸ਼ਟ ਵਿੱਚੋਂ ਬਚ ਸਕਦਾ ਹੈ।​—ਮੱਤੀ 24:13.

ਮਾਪਿਆਂ ਦਾ ਟੀਚਾ ਹੋਣਾ ਚਾਹੀਦਾ ਹੈ ਕਿ ਉਹ ਆਪਣੇ ਬੱਚੇ ਦੀ ਚੇਲਾ ਬਣਨ ਵਿਚ ਮਦਦ ਕਰਨ (ਪੈਰੇ 16, 17 ਦੇਖੋ)

17 ਜਦੋਂ ਬਲਾਸਮ ਬ੍ਰਾਂਟ ਬਪਤਿਸਮਾ ਲੈਣਾ ਚਾਹੁੰਦੀ ਸੀ, ਤਾਂ ਉਸ ਦੇ ਮਾਪੇ ਤਸੱਲੀ ਕਰਨੀ ਚਾਹੁੰਦੇ ਸਨ ਕਿ ਉਹ ਇਸ ਲਈ ਤਿਆਰ ਸੀ ਕਿ ਨਹੀਂ। ਜਦੋਂ ਉਨ੍ਹਾਂ ਨੂੰ ਲੱਗਾ ਕਿ ਉਹ ਤਿਆਰ ਸੀ, ਤਾਂ ਉਨ੍ਹਾਂ ਨੇ ਉਸ ਦੇ ਫ਼ੈਸਲੇ ਪ੍ਰਤੀ ਹਾਮੀ ਭਰੀ। ਬਲਾਸਮ ਦੱਸਦੀ ਹੈ ਕਿ ਬਪਤਿਸਮੇ ਤੋਂ ਇਕ ਰਾਤ ਪਹਿਲਾਂ ਉਸ ਦੇ ਪਿਤਾ ਨੇ ਕੀ ਕੀਤਾ: “ਉਨ੍ਹਾਂ ਨੇ ਸਾਨੂੰ ਸਾਰਿਆਂ ਨੂੰ ਗੋਡਿਆਂ ਭਾਰ ਬੈਠਣ ਲਈ ਕਿਹਾ ਅਤੇ ਫਿਰ ਉਨ੍ਹਾਂ ਨੇ ਪ੍ਰਾਰਥਨਾ ਕੀਤੀ। ਉਨ੍ਹਾਂ ਨੇ ਯਹੋਵਾਹ ਨੂੰ ਕਿਹਾ ਕਿ ਉਹ ਆਪਣੀ ਧੀ ਦੇ ਫ਼ੈਸਲੇ ਤੋਂ ਖ਼ੁਸ਼ ਸਨ ਕਿ ਉਸ ਨੇ ਪਰਮੇਸ਼ੁਰ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰਨ ਦਾ ਫ਼ੈਸਲਾ ਕੀਤਾ ਸੀ।” 60 ਤੋਂ ਜ਼ਿਆਦਾ ਸਾਲਾਂ ਬਾਅਦ ਬਲਾਸਮ ਨੇ ਕਿਹਾ: “ਮੈਂ ਕਦੇ ਵੀ ਉਸ ਰਾਤ ਨੂੰ ਨਹੀਂ ਭੁੱਲ ਸਕਦੀ।” ਮਾਪਿਓ, ਸਾਡੀ ਦੁਆ ਹੈ ਕਿ ਤੁਹਾਨੂੰ ਵੀ ਆਪਣੇ ਬੱਚਿਆਂ ਨੂੰ ਯਹੋਵਾਹ ਨੂੰ ਜ਼ਿੰਦਗੀ ਸਮਰਪਿਤ ਕਰਨ ਅਤੇ ਬਪਤਿਸਮਾ ਲੈਂਦਿਆਂ ਦੇਖ ਕੇ ਖ਼ੁਸ਼ੀ ਮਿਲੇ।

^ ਪੈਰਾ 9 ਮਾਪੇ ਆਪਣੇ ਬੱਚਿਆਂ ਨਾਲ ਨੌਜਵਾਨਾਂ ਦੇ ਸਵਾਲ—ਵਿਵਹਾਰਕ ਜਵਾਬ, ਭਾਗ 2 (ਅੰਗ੍ਰੇਜ਼ੀ) ਨਾਂ ਦੀ ਕਿਤਾਬ ਦੇ ਸਫ਼ੇ 304-310 ’ਤੇ ਜਾਣਕਾਰੀ ਸਾਂਝੀ ਕਰ ਸਕਦੇ ਹਨ। ਨਾਲੇ ਅਪ੍ਰੈਲ 2011 ਦੀ ਸਾਡੀ ਰਾਜ ਸੇਵਕਾਈ ਦੇ ਸਫ਼ੇ 2 ’ਤੇ “ਪ੍ਰਸ਼ਨ ਡੱਬੀ” ਵੀ ਦੇਖੋ।