Skip to content

Skip to table of contents

ਜੀਵਨੀ

ਯਹੋਵਾਹ ਨੇ ਹਮੇਸ਼ਾ ਮੈਨੂੰ ਸੰਭਾਲਿਆ!

ਯਹੋਵਾਹ ਨੇ ਹਮੇਸ਼ਾ ਮੈਨੂੰ ਸੰਭਾਲਿਆ!

ਮੈਂ ਉਨ੍ਹਾਂ ਚਾਰ ਕੁੜੀਆਂ ਵਿੱਚੋਂ ਇਕ ਸੀ ਜਿਨ੍ਹਾਂ ਨੂੰ ਅਡੌਲਫ਼ ਹਿਟਲਰ ਦਾ ਸੁਆਗਤ ਕਰਨ ਲਈ ਚੁਣਿਆ ਗਿਆ ਸੀ। ਉਸ ਦੇ ਭਾਸ਼ਣ ਤੋਂ ਬਾਅਦ ਅਸੀਂ ਫੁੱਲ ਦੇ ਕੇ ਉਸ ਦਾ ਸੁਆਗਤ ਕਰਨਾ ਸੀ। ਪਰ ਮੈਨੂੰ ਕਿਉਂ ਚੁਣਿਆ ਗਿਆ ਸੀ? ਮੇਰੇ ਪਿਤਾ ਜੀ ਦਾ ਨਾਜ਼ੀਆਂ ਨਾਲ ਬਹੁਤ ਮੇਲ-ਜੋਲ ਸੀ ਅਤੇ ਉਹ ਨਾਜ਼ੀ ਪਾਰਟੀ ਦੇ ਨੇਤਾ ਦੇ ਡਰਾਈਵਰ ਸਨ। ਮੇਰੇ ਮੰਮੀ ਜੀ ਕੈਥੋਲਿਕ ਧਰਮ ਨੂੰ ਬਹੁਤ ਮੰਨਦੇ ਸਨ ਅਤੇ ਉਹ ਚਾਹੁੰਦੇ ਸਨ ਕਿ ਮੈਂ ਨਨ ਬਣਾਂ। ਇਨ੍ਹਾਂ ਗੱਲਾਂ ਦੇ ਬਾਵਜੂਦ ਵੀ, ਮੈਂ ਨਾ ਤਾਂ ਨਾਜ਼ੀ ਬਣੀ ਤੇ ਨਾ ਹੀ ਨਨ। ਆਓ ਮੈਂ ਤੁਹਾਨੂੰ ਦੱਸਾਂ ਕਿ ਇੱਦਾਂ ਕਿਉਂ ਹੋਇਆ।

ਮੇਰਾ ਪਾਲਣ-ਪੋਸ਼ਣ ਆਸਟ੍ਰੀਆ ਦੇਸ਼ ਦੇ ਗ੍ਰਾਟਸ ਸ਼ਹਿਰ ਵਿਚ ਹੋਇਆ ਸੀ। ਸੱਤ ਸਾਲ ਦੀ ਉਮਰ ਵਿਚ ਮੈਨੂੰ ਧਾਰਮਿਕ ਸਿੱਖਿਆ ਲੈਣ ਲਈ ਸਕੂਲ ਭੇਜਿਆ ਗਿਆ। ਉੱਥੇ ਮੈਂ ਆਪਣੀ ਅੱਖੀਂ ਪਾਦਰੀਆਂ ਤੇ ਨਨਾਂ ਨੂੰ ਆਪਸ ਵਿਚ ਬਹੁਤ ਹੀ ਗੰਦੇ ਕੰਮ ਕਰਦੇ ਦੇਖਿਆ। ਇਸ ਕਰਕੇ ਮੰਮੀ ਜੀ ਨੇ ਇਕ ਸਾਲ ਦੇ ਅੰਦਰ-ਅੰਦਰ ਹੀ ਮੈਨੂੰ ਸਕੂਲੋਂ ਹਟਾ ਲਿਆ।

ਮੇਰੇ ਪਿਤਾ ਜੀ ਫ਼ੌਜੀ ਵਰਦੀ ਪਾਏ ਹੋਏ ਪਰਿਵਾਰ ਨਾਲ

ਬਾਅਦ ਵਿਚ, ਮੈਨੂੰ ਬੋਰਡਿੰਗ ਸਕੂਲ ਭੇਜ ਦਿੱਤਾ ਗਿਆ। ਇਕ ਰਾਤ ਪਿਤਾ ਜੀ ਮੈਨੂੰ ਲੈਣ ਆਏ ਕਿਉਂਕਿ ਗ੍ਰਾਟਸ ਸ਼ਹਿਰ ਉੱਤੇ ਭਾਰੀ ਬੰਬ ਬਾਰੀ ਹੋ ਰਹੀ ਸੀ। ਇਸ ਲਈ ਅਸੀਂ ਸ਼ਲੈਡਮਿੰਗ ਕਸਬੇ ਵਿਚ ਪਨਾਹ ਲਈ। ਉੱਥੇ ਪਹੁੰਚ ਕੇ ਪੁਲ ਪਾਰ ਕਰਦਿਆਂ ਹੀ ਉਸ ਪੁਲ ਨੂੰ ਉਡਾ ਦਿੱਤਾ ਗਿਆ। ਇਕ ਵਾਰ ਮੈਂ ਤੇ ਨਾਨੀ ਜੀ ਵਿਹੜੇ ਵਿਚ ਖੜ੍ਹੇ ਸੀ ਕਿ ਸਾਡੇ ਸਿਰ ਉੱਪਰੋਂ ਲੜਾਕੂ ਜਹਾਜ਼ ਲੰਘੇ ਅਤੇ ਉਨ੍ਹਾਂ ਨੇ ਸਾਡੇ ’ਤੇ ਗੋਲੀਆਂ ਚਲਾਈਆਂ। ਯੁੱਧ ਦੇ ਅਖ਼ੀਰ ਵਿਚ ਸਾਨੂੰ ਅਹਿਸਾਸ ਹੋਇਆ ਕਿ ਚਰਚ ਅਤੇ ਸਰਕਾਰ ਨੇ ਸਾਡੇ ਲਈ ਕੁਝ ਵੀ ਨਹੀਂ ਕੀਤਾ।

ਸੱਚੇ ਪਰਮੇਸ਼ੁਰ ਬਾਰੇ ਸਿੱਖਣਾ

1950 ਵਿਚ ਯਹੋਵਾਹ ਦੀ ਇਕ ਗਵਾਹ ਮੇਰੇ ਮੰਮੀ ਜੀ ਨਾਲ ਬਾਈਬਲ ਦਾ ਸੰਦੇਸ਼ ਸਾਂਝਾ ਕਰਨ ਲੱਗੀ। ਮੈਂ ਉਨ੍ਹਾਂ ਦੀ ਗੱਲਬਾਤ ਸੁਣਦੀ ਸੀ ਅਤੇ ਕਦੀ-ਕਦੀ ਮੈਂ ਵੀ ਮੰਮੀ ਜੀ ਨਾਲ ਸਭਾਵਾਂ ’ਤੇ ਜਾਂਦੀ ਸੀ। ਜਦੋਂ ਮੰਮੀ ਜੀ ਨੂੰ ਵਿਸ਼ਵਾਸ ਹੋ ਗਿਆ ਕਿ ਯਹੋਵਾਹ ਦੇ ਗਵਾਹ ਹੀ ਸੱਚਾਈ ਸਿਖਾਉਂਦੇ ਹਨ, ਤਾਂ ਉਨ੍ਹਾਂ ਨੇ 1952 ਵਿਚ ਬਪਤਿਸਮਾ ਲੈ ਲਿਆ।

ਸਾਡੇ ਲਾਗੇ ਵਾਲੀ ਮੰਡਲੀ ਵਿਚ ਜਾ ਕੇ ਮੈਨੂੰ ਮਜ਼ਾ ਨਹੀਂ ਆਉਂਦਾ ਸੀ ਕਿਉਂਕਿ ਉੱਥੇ ਜ਼ਿਆਦਾਤਰ ਬਜ਼ੁਰਗ ਆਂਟੀਆਂ ਹੀ ਆਉਂਦੀਆਂ ਸਨ। ਪਰ ਕਿਸੇ ਹੋਰ ਮੰਡਲੀ ਵਿਚ ਜਾ ਕੇ ਮੈਨੂੰ ਬਹੁਤ ਚੰਗਾ ਲੱਗਾ ਕਿਉਂਕਿ ਉੱਥੇ ਬਹੁਤ ਸਾਰੇ ਨੌਜਵਾਨ ਸਨ। ਗ੍ਰਾਟਸ ਸ਼ਹਿਰ ਵਿਚ ਵਾਪਸ ਜਾ ਕੇ ਮੈਂ ਸਾਰੀਆਂ ਸਭਾਵਾਂ ’ਤੇ ਜਾਣ ਲੱਗੀ ਅਤੇ ਛੇਤੀ ਹੀ ਮੈਨੂੰ ਵੀ ਇਹ ਵਿਸ਼ਵਾਸ ਹੋ ਗਿਆ ਕਿ ਮੈਂ ਜੋ ਵੀ ਸਿੱਖ ਰਹੀ ਸੀ, ਉਹ ਸੱਚਾਈ ਸੀ। ਮੈਨੂੰ ਇਹ ਵੀ ਪਤਾ ਲੱਗਾ ਕਿ ਯਹੋਵਾਹ ਆਪਣੇ ਲੋਕਾਂ ਨੂੰ ਹਮੇਸ਼ਾ ਸੰਭਾਲਦਾ ਹੈ। ਉਹ ਉਦੋਂ ਵੀ ਸੰਭਾਲਦਾ ਹੈ, ਜਦੋਂ ਸਾਨੂੰ ਮੁਸ਼ਕਲਾਂ ਵਿੱਚੋਂ ਨਿਕਲਣ ਦਾ ਕੋਈ ਰਾਹ ਨਜ਼ਰ ਨਹੀਂ ਆਉਂਦਾ।​—ਜ਼ਬੂ. 3:5, 6.

ਮੈਂ ਦੂਜਿਆਂ ਨੂੰ ਵੀ ਸੱਚਾਈ ਦੱਸਣੀ ਚਾਹੁੰਦੀ ਸੀ। ਮੈਂ ਸਭ ਤੋਂ ਪਹਿਲਾਂ ਆਪਣੇ ਭੈਣਾਂ-ਭਰਾਵਾਂ ਨੂੰ ਸੱਚਾਈ ਦੱਸੀ। ਮੇਰੀਆਂ ਚਾਰ ਵੱਡੀਆਂ ਭੈਣਾਂ ਅਧਿਆਪਕ ਸਨ ਅਤੇ ਉਹ ਹੋਰ ਪਿੰਡਾਂ ਵਿਚ ਰਹਿੰਦੀਆਂ ਸਨ। ਮੈਂ ਚਾਹੁੰਦੀ ਸੀ ਕਿ ਉਹ ਵੀ ਬਾਈਬਲ ਦਾ ਅਧਿਐਨ ਕਰਨ। ਇਸ ਲਈ ਮੈਂ ਉਨ੍ਹਾਂ ਨੂੰ ਮਿਲਣ ਗਈ। ਅਖ਼ੀਰ, ਮੇਰੇ ਸਾਰੇ ਭੈਣ-ਭਰਾ ਵੀ ਸੱਚਾਈ ਸਿੱਖ ਕੇ ਯਹੋਵਾਹ ਦੇ ਗਵਾਹ ਬਣ ਗਏ।

ਮੈਨੂੰ ਪ੍ਰਚਾਰਕ ਬਣੀ ਨੂੰ ਸਿਰਫ਼ ਦੋ ਹਫ਼ਤੇ ਹੀ ਹੋਏ ਸਨ ਕਿ ਘਰ-ਘਰ ਪ੍ਰਚਾਰ ਕਰਦਿਆਂ ਮੈਨੂੰ ਇਕ 30 ਕੁ ਸਾਲਾਂ ਦੀ ਔਰਤ ਮਿਲੀ। ਮੈਂ ਉਸ ਨੂੰ ਬਾਈਬਲ ਅਧਿਐਨ ਕਰਾਉਣਾ ਸ਼ੁਰੂ ਕੀਤਾ। ਉਸ ਨੇ ਬਪਤਿਸਮਾ ਲੈ ਲਿਆ ਅਤੇ ਬਾਅਦ ਵਿਚ ਉਸ ਦੇ ਪਤੀ ਅਤੇ ਦੋ ਮੁੰਡਿਆਂ ਨੇ ਵੀ ਬਪਤਿਸਮਾ ਲੈ ਲਿਆ। ਉਸ ਔਰਤ ਨੂੰ ਅਧਿਐਨ ਕਰਾਉਣ ਕਰ ਕੇ ਮੇਰੀ ਨਿਹਚਾ ਵੀ ਬਹੁਤ ਮਜ਼ਬੂਤ ਹੋਈ। ਪਰ ਕਿਉਂ? ਕਿਉਂਕਿ ਮੇਰੇ ਨਾਲ ਕਿਸੇ ਨੇ ਵੀ ਬਾਈਬਲ ਅਧਿਐਨ ਨਹੀਂ ਕੀਤਾ। ਮੈਨੂੰ ਹਰੇਕ ਅਧਿਆਇ ਦੀ ਚੰਗੀ ਤਰ੍ਹਾਂ ਤਿਆਰੀ ਕਰਨੀ ਪੈਂਦੀ ਸੀ। ਉਸ ਔਰਤ ਨੂੰ ਚੰਗੀ ਤਰ੍ਹਾਂ ਸਿਖਾਉਣ ਲਈ, ਪਹਿਲਾਂ ਖ਼ੁਦ ਮੈਨੂੰ ਚੰਗੀ ਤਰ੍ਹਾਂ ਸਿੱਖਣਾ ਪੈਂਦਾ ਸੀ। ਇਸ ਤਰ੍ਹਾਂ ਕਰਨ ਨਾਲ ਮੈਨੂੰ ਸੱਚਾਈ ਦੀ ਡੂੰਘੀ ਸਮਝ ਹਾਸਲ ਹੋਈ। ਅਪ੍ਰੈਲ 1954 ਵਿਚ ਮੈਂ ਯਹੋਵਾਹ ਨੂੰ ਸਮਰਪਣ ਕਰ ਕੇ ਬਪਤਿਸਮਾ ਲੈ ਲਿਆ।

ਅਤਿਆਚਾਰ ਹੋਏ, ਪਰ ‘ਬੇਸਹਾਰਾ ਨਹੀਂ ਛੱਡੇ ਗਏ’

1955 ਵਿਚ ਮੈਂ ਜਰਮਨੀ, ਫਰਾਂਸ ਅਤੇ ਇੰਗਲੈਂਡ ਵਿਚ ਅੰਤਰਰਾਸ਼ਟਰੀ ਸੰਮੇਲਨਾਂ ’ਤੇ ਗਈ। ਲੰਡਨ ਵਿਚ, ਮੈਂ ਐਲਬਰਟ ਸ਼੍ਰੋਡਰ ਨੂੰ ਮਿਲੀ। ਉਹ ਗਿਲੀਅਡ ਸਕੂਲ ਵਿਚ ਸਿਖਲਾਈ ਦਿੰਦਾ ਸੀ ਅਤੇ ਬਾਅਦ ਵਿਚ ਉਹ ਪ੍ਰਬੰਧਕ ਸਭਾ ਦਾ ਮੈਂਬਰ ਬਣਿਆ। ਬ੍ਰਿਟਿਸ਼ ਮਿਊਜ਼ੀਅਮ ਦਾ ਦੌਰਾ ਕਰਦਿਆਂ ਭਰਾ ਸ਼੍ਰੋਡਰ ਨੇ ਸਾਨੂੰ ਬਾਈਬਲ ਦੀਆਂ ਕੁਝ ਹੱਥ-ਲਿਖਤਾਂ ਦਿਖਾਈਆਂ। ਉਨ੍ਹਾਂ ਵਿਚ ਪਰਮੇਸ਼ੁਰ ਦਾ ਨਾਂ ਇਬਰਾਨੀ ਅੱਖਰਾਂ ਵਿਚ ਲਿਖਿਆ ਹੋਇਆ ਸੀ। ਭਰਾ ਨੇ ਸਾਨੂੰ ਉਨ੍ਹਾਂ ਹੱਥ-ਲਿਖਤਾਂ ਦੀ ਅਹਿਮੀਅਤ ਸਮਝਾਈ। ਇਨ੍ਹਾਂ ਗੱਲਾਂ ਕਰਕੇ ਯਹੋਵਾਹ ਅਤੇ ਸੱਚਾਈ ਲਈ ਮੇਰਾ ਪਿਆਰ ਹੋਰ ਵੀ ਗਹਿਰਾ ਹੋਇਆ। ਹੁਣ ਮੈਂ ਪਰਮੇਸ਼ੁਰ ਦੇ ਬਚਨ ਤੋਂ ਹੋਰ ਵੀ ਜ਼ੋਰਾਂ-ਸ਼ੋਰਾਂ ਨਾਲ ਪ੍ਰਚਾਰ ਕਰਨਾ ਚਾਹੁੰਦੀ ਸੀ।

ਮਿਸਟਲਬੈਕ, ਆਸਟ੍ਰੀਆ ਵਿਚ ਮੈਂ ਆਪਣੀ ਪਾਇਨੀਅਰ ਸਾਥਣ ਨਾਲ (ਸੱਜੇ) ਸਪੈਸ਼ਲ ਪਾਇਨੀਅਰ ਵਜੋਂ

1 ਜਨਵਰੀ 1956 ਵਿਚ ਮੈਂ ਪਾਇਨੀਅਰਿੰਗ ਕਰਨੀ ਸ਼ੁਰੂ ਕੀਤੀ। ਚਾਰ ਮਹੀਨਿਆਂ ਬਾਅਦ, ਮੈਨੂੰ ਮਿਸਟਲਬਾਕ, ਆਸਟ੍ਰੀਆ ਵਿਚ ਸਪੈਸ਼ਲ ਪਾਇਨੀਅਰਿੰਗ ਕਰਨ ਦਾ ਸੱਦਾ ਮਿਲਿਆ ਜਿੱਥੇ ਕੋਈ ਯਹੋਵਾਹ ਦਾ ਗਵਾਹ ਨਹੀਂ ਸੀ। ਮੈਨੂੰ ਇਕ ਖ਼ਾਸ ਚੁਣੌਤੀ ਦਾ ਸਾਮ੍ਹਣਾ ਕਰਨਾ ਪਿਆ। ਮੈਂ ਤੇ ਮੇਰੀ ਪਾਇਨੀਅਰ ਸਾਥਣ ਇਕ-ਦੂਜੇ ਤੋਂ ਬਹੁਤ ਵੱਖਰੀਆਂ ਸੀ। ਮੈਂ ਲਗਭਗ 19 ਸਾਲਾਂ ਦੀ ਸੀ ਅਤੇ ਉਹ 25 ਸਾਲਾਂ ਦੀ ਸੀ। ਮੈਂ ਸ਼ਹਿਰ ਤੋਂ ਸੀ ਤੇ ਉਹ ਪਿੰਡ ਤੋਂ। ਮੈਨੂੰ ਸਵੇਰੇ ਜਲਦੀ ਉੱਠਣਾ ਪਸੰਦ ਨਹੀਂ ਸੀ, ਪਰ ਉਹ ਤੜਕੇ-ਤੜਕੇ ਹੀ ਉੱਠ ਜਾਂਦੀ ਸੀ। ਮੈਂ ਰਾਤ ਨੂੰ ਦੇਰ ਤਕ ਜਾਗਦੀ ਸੀ, ਪਰ ਉਹ ਛੇਤੀ ਹੀ ਸੌਂ ਜਾਂਦੀ ਸੀ। ਪਰ ਬਾਈਬਲ ਦੀ ਸਲਾਹ ਲਾਗੂ ਕਰ ਕੇ ਅਸੀਂ ਇਨ੍ਹਾਂ ਮਸਲਿਆਂ ਨੂੰ ਸੁਲਝਾਇਆ ਅਤੇ ਇਕੱਠੇ ਪਾਇਨੀਅਰਿੰਗ ਕਰਨ ਦਾ ਮਜ਼ਾ ਲਿਆ।

ਦਰਅਸਲ, ਅਸੀਂ ਇਨ੍ਹਾਂ ਤੋਂ ਵੀ ਵੱਡੀਆਂ ਚੁਣੌਤੀਆਂ ਦਾ ਸਾਮ੍ਹਣਾ ਕੀਤਾ। ਚਾਹੇ ਸਾਡੇ ਉੱਤੇ ਅਤਿਆਚਾਰ ਹੋਏ, ਪਰ ਅਸੀਂ “ਬੇਸਹਾਰਾ ਨਹੀਂ” ਸੀ। (2 ਕੁਰਿੰ. 4:7-9) ਇਕ ਵਾਰ ਪਿੰਡ ਵਿਚ ਪ੍ਰਚਾਰ ਕਰਦਿਆਂ ਲੋਕਾਂ ਨੇ ਸਾਡੇ ਪਿੱਛੇ ਕੁੱਤੇ ਛੱਡ ਦਿੱਤੇ। ਵੱਡੇ-ਵੱਡੇ ਕੁੱਤੇ ਸਾਨੂੰ ਘੇਰਾ ਪਾ ਕੇ ਗੁਰਰਾਉਣ ਲੱਗੇ। ਅਸੀਂ ਇਕ-ਦੂਜੇ ਦਾ ਹੱਥ ਫੜ ਲਿਆ ਤੇ ਯਹੋਵਾਹ ਨੂੰ ਪ੍ਰਾਰਥਨਾ ਕੀਤੀ, “ਹੇ ਯਹੋਵਾਹ, ਜਦੋਂ ਹੀ ਕੁੱਤੇ ਸਾਨੂੰ ਵੱਢਣ, ਉਦੋਂ ਹੀ ਅਸੀਂ ਮਰ ਜਾਈਏ।” ਸਾਡੇ ਤੋਂ ਇਕ ਬਾਂਹ ਦੀ ਦੂਰੀ ’ਤੇ ਹੀ ਅਚਾਨਕ ਕੁੱਤੇ ਰੁਕ ਗਏ, ਚੁੱਪ ਹੋ ਗਏ ਅਤੇ ਪੂਛਾਂ ਹਿਲਾਉਂਦੇ ਹੋਏ ਚਲੇ ਗਏ। ਸਾਨੂੰ ਮਹਿਸੂਸ ਹੋਇਆ ਕਿ ਯਹੋਵਾਹ ਨੇ ਹੀ ਸਾਨੂੰ ਬਚਾਇਆ ਸੀ। ਇਸ ਤੋਂ ਬਾਅਦ, ਅਸੀਂ ਸਾਰੇ ਪਿੰਡ ਵਿਚ ਪ੍ਰਚਾਰ ਕੀਤਾ ਅਤੇ ਸਾਨੂੰ ਬਹੁਤ ਖ਼ੁਸ਼ੀ ਹੋਈ ਕਿ ਲੋਕਾਂ ਨੇ ਸਾਡੀ ਗੱਲ ਬਹੁਤ ਧਿਆਨ ਨਾਲ ਸੁਣੀ। ਉਹ ਸ਼ਾਇਦ ਇਸ ਕਰਕੇ ਹੈਰਾਨ ਸਨ ਕਿ ਕੁੱਤਿਆਂ ਨੇ ਸਾਨੂੰ ਰਤੀ ਭਰ ਵੀ ਨੁਕਸਾਨ ਨਹੀਂ ਪਹੁੰਚਾਇਆ ਜਾਂ ਇਸ ਕਰਕੇ ਕਿ ਇਸ ਭਿਆਨਕ ਘਟਨਾ ਤੋਂ ਬਾਅਦ ਵੀ ਅਸੀਂ ਪ੍ਰਚਾਰ ਕਰਨ ਤੋਂ ਹਟੀਆਂ ਨਹੀਂ। ਅਖ਼ੀਰ, ਉਸ ਪਿੰਡ ਦੇ ਕੁਝ ਲੋਕ ਯਹੋਵਾਹ ਦੇ ਗਵਾਹ ਬਣ ਗਏ।

ਸਾਡੇ ਨਾਲ ਇਕ ਹੋਰ ਦਿਲ ਦਹਿਲਾਉਣ ਵਾਲੀ ਘਟਨਾ ਵਾਪਰੀ। ਇਕ ਦਿਨ ਸਾਡੇ ਘਰ ਦਾ ਮਾਲਕ ਸ਼ਰਾਬੀ ਹੋ ਕੇ ਸਾਨੂੰ ਮਾਰਨ ਦੀਆਂ ਧਮਕੀਆਂ ਦੇ ਰਿਹਾ ਸੀ ਤੇ ਕਹਿ ਰਿਹਾ ਸੀ ਕਿ ਅਸੀਂ ਗੁਆਂਢੀਆਂ ਦੇ ਨੱਕ ਵਿਚ ਦਮ ਕੀਤਾ ਹੋਇਆ ਸੀ। ਉਸ ਦੀ ਪਤਨੀ ਨੇ ਉਸ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ, ਪਰ ਕੋਈ ਫ਼ਾਇਦਾ ਨਹੀਂ ਹੋਇਆ। ਸਾਨੂੰ ਚੁਬਾਰੇ ਤੋਂ ਉਨ੍ਹਾਂ ਦੀਆਂ ਸਾਰੀਆਂ ਗੱਲਾਂ ਸੁਣ ਰਹੀਆਂ ਸਨ। ਅਸੀਂ ਦਰਵਾਜ਼ੇ ਅੱਗੇ ਕੁਰਸੀਆਂ ਰੱਖ ਕੇ ਛੇਤੀ-ਛੇਤੀ ਆਪਣਾ ਸਾਮਾਨ ਸਮੇਟਣਾ ਸ਼ੁਰੂ ਕਰ ਦਿੱਤਾ। ਜਦੋਂ ਹੀ ਅਸੀਂ ਦਰਵਾਜ਼ਾ ਖੋਲ੍ਹਿਆ, ਤਾਂ ਘਰ ਦਾ ਮਾਲਕ ਵੱਡਾ ਸਾਰਾ ਚਾਕੂ ਲੈ ਕੇ ਸਭ ਤੋਂ ਉਪਰਲੇ ਪੌਡੇ ਉੱਪਰ ਖੜ੍ਹਾ ਸੀ। ਅਸੀਂ ਪਿਛਲੇ ਦਰਵਾਜ਼ੇ ਰਾਹੀਂ ਆਪਣੇ ਸਾਮਾਨ ਸਣੇ ਛਾਲ ਮਾਰ ਕੇ ਬਗ਼ੀਚੇ ਵਿੱਚੋਂ ਦੀ ਦੌੜ ਗਈਆਂ। ਅਸੀਂ ਦੁਬਾਰਾ ਕਦੇ ਉੱਥੇ ਪੈਰ ਨਹੀਂ ਰੱਖਿਆ।

ਫਿਰ ਅਸੀਂ ਹੋਟਲ ਵਿਚ ਰਹਿਣ ਲੱਗੀਆਂ। ਅਸੀਂ ਉੱਥੇ ਲਗਭਗ ਇਕ ਸਾਲ ਰਹੀਆਂ। ਉੱਥੇ ਰਹਿਣ ਨਾਲ ਸਾਨੂੰ ਬਹੁਤ ਫ਼ਾਇਦਾ ਹੋਇਆ। ਉਹ ਕਿਵੇਂ? ਹੋਟਲ ਸ਼ਹਿਰ ਦੇ ਵਿਚਕਾਰ ਸੀ ਅਤੇ ਸਾਡੇ ਕੁਝ ਬਾਈਬਲ ਵਿਦਿਆਰਥੀ ਉੱਥੇ ਅਧਿਐਨ ਕਰਨਾ ਚਾਹੁੰਦੇ ਸਨ। ਛੇਤੀ ਹੀ ਅਸੀਂ ਆਪਣੇ ਹੋਟਲ ਦੇ ਕਮਰੇ ਵਿਚ ਮੰਡਲੀ ਦੀ ਬਾਈਬਲ ਸਟੱਡੀ ਅਤੇ ਪਹਿਰਾਬੁਰਜ ਅਧਿਐਨ ਕਰਨਾ ਸ਼ੁਰੂ ਕਰ ਦਿੱਤਾ। ਸਭਾਵਾਂ ਵਿਚ ਲਗਭਗ 15 ਜਣੇ ਆਉਂਦੇ ਸਨ।

ਅਸੀਂ ਮਿਸਟਲਬਾਕ ਵਿਚ ਇਕ ਸਾਲ ਤੋਂ ਜ਼ਿਆਦਾ ਸਮਾਂ ਰਹੀਆਂ। ਫਿਰ ਮੈਨੂੰ ਗ੍ਰਾਟਸ ਸ਼ਹਿਰ ਦੇ ਦੱਖਣ-ਪੂਰਬੀ ਫੈਲਟਬਾਕ ਕਸਬੇ ਵਿਚ ਭੇਜ ਦਿੱਤਾ ਗਿਆ। ਮੈਨੂੰ ਨਵੀਂ ਪਾਇਨੀਅਰ ਸਾਥਣ ਮਿਲੀ, ਪਰ ਉੱਥੇ ਵੀ ਕੋਈ ਮੰਡਲੀ ਨਹੀਂ ਸੀ। ਲੱਕੜੀ ਦੇ ਬਣੇ ਘਰ ਦੀ ਦੂਜੀ ਮੰਜ਼ਲ ’ਤੇ ਸਾਡਾ ਛੋਟਾ ਜਿਹਾ ਕਮਰਾ ਸੀ। ਝੀਤਾਂ ਵਿੱਚੋਂ ਹਵਾ ਸ਼ੂਕਦੀ ਅੰਦਰ ਆਉਂਦੀ ਸੀ। ਇਸ ਲਈ ਅਸੀਂ ਝੀਤਾਂ ਵਿਚ ਅਖ਼ਬਾਰਾਂ ਫਸਾ ਦਿੱਤੀਆਂ। ਅਸੀਂ ਖੂਹ ਤੋਂ ਪਾਣੀ ਭਰ ਕੇ ਲਿਆਉਂਦੀਆਂ ਸੀ। ਭਾਵੇਂ ਅਸੀਂ ਔਖੇ ਸਮੇਂ ਕੱਟੇ, ਪਰ ਸਾਡੀਆਂ ਕੁਰਬਾਨੀਆਂ ਬੇਕਾਰ ਨਹੀਂ ਗਈਆਂ। ਕੁਝ ਹੀ ਮਹੀਨਿਆਂ ਬਾਅਦ ਉੱਥੇ ਇਕ ਗਰੁੱਪ ਬਣ ਗਿਆ। ਇਕ ਪਰਿਵਾਰ ਜਿਸ ਨੂੰ ਅਸੀਂ ਅਧਿਐਨ ਕਰਵਾਉਂਦੀਆਂ ਸੀ, ਉਸ ਦੇ 30 ਜੀਅ ਸੱਚਾਈ ਵਿਚ ਆ ਗਏ।

ਇਹੋ ਜਿਹੇ ਤਜਰਬਿਆਂ ਕਰਕੇ ਮੇਰੀ ਇਸ ਗੱਲ ਲਈ ਕਦਰ ਹੋਰ ਵਧੀ ਕਿ ਯਹੋਵਾਹ ਹਮੇਸ਼ਾ ਉਨ੍ਹਾਂ ਨੂੰ ਸੰਭਾਲਦਾ ਹੈ ਜੋ ਰਾਜ ਨੂੰ ਪਹਿਲ ਦਿੰਦੇ ਹਨ। ਭਾਵੇਂ ਸਾਡੀ ਮਦਦ ਕਰਨੀ ਕਿਸੇ ਇਨਸਾਨ ਦੀ ਪਹੁੰਚ ਤੋਂ ਬਾਹਰ ਹੋਵੇ, ਪਰ ਯਹੋਵਾਹ ਸਾਨੂੰ ਹਮੇਸ਼ਾ ਸੰਭਾਲਦਾ ਹੈ।​—ਜ਼ਬੂ. 121:1-3.

ਪਰਮੇਸ਼ੁਰ ਦੇ “ਫਤਹਮੰਦ ਸੱਜੇ ਹੱਥ” ਦਾ ਸਹਾਰਾ

1958 ਵਿਚ ਨਿਊਯਾਰਕ ਦੇ ਯੈਂਕੀ ਸਟੇਡੀਅਮ ਅਤੇ ਪੋਲੋ ਗਰਾਉਂਡਸ ਵਿਚ ਅੰਤਰਰਾਸ਼ਟਰੀ ਸੰਮੇਲਨ ਹੋਇਆ। ਮੈਂ ਉੱਥੇ ਜਾਣ ਲਈ ਫ਼ਾਰਮ ਭਰਿਆ ਅਤੇ ਆਸਟ੍ਰੀਆ ਦੇ ਸ਼ਾਖ਼ਾ ਦਫ਼ਤਰ ਨੇ ਮੈਨੂੰ ਪੁੱਛਿਆ ਕਿ ਮੈਂ ਗਿਲੀਅਡ ਸਕੂਲ ਦੀ 32ਵੀਂ ਕਲਾਸ ਵਿਚ ਜਾਣਾ ਚਾਹੁੰਦੀ ਸੀ। ਮੈਂ ਇੰਨਾ ਵੱਡਾ ਸਨਮਾਨ ਲੈਣ ਤੋਂ ਇਨਕਾਰ ਕਿੱਦਾਂ ਕਰ ਸਕਦੀ ਸੀ! ਮੈਂ ਇਕਦਮ “ਹਾਂ” ਕਹਿ ਦਿੱਤੀ।

ਗਿਲੀਅਡ ਕਲਾਸ ਵਿਚ ਮਾਰਟਿਨ ਪੋਇਟਸਿੰਗਰ ਮੇਰੇ ਨਾਲ ਦੀ ਕੁਰਸੀ ’ਤੇ ਬੈਠਦਾ ਸੀ। ਉਸ ਨੇ ਨਾਜ਼ੀ ਤਸ਼ੱਦਦ ਕੈਂਪ ਵਿਚ ਡਾਢੇ ਅਤਿਆਚਾਰ ਸਹੇ ਸਨ। ਬਾਅਦ ਵਿਚ ਉਸ ਨੇ ਪ੍ਰਬੰਧਕ ਸਭਾ ਦੇ ਮੈਂਬਰ ਵਜੋਂ ਵੀ ਕੰਮ ਕੀਤਾ। ਕਈ ਵਾਰ ਕਲਾਸ ਦੇ ਦੌਰਾਨ ਭਰਾ ਮਾਰਟਿਨ ਹੌਲੀ ਜਿਹੀ ਆਵਾਜ਼ ਵਿਚ ਪੁੱਛਦਾ ਸੀ ਕਿ “ਐਰਿਕਾ, ਜਰਮਨ ਬੋਲੀ ਵਿਚ ਇਸ ਦਾ ਕੀ ਮਤਲਬ ਹੈ?”

ਸਕੂਲ ਦੇ ਅੱਧ ਵਿਚ, ਭਰਾ ਨੇਥਨ ਨੌਰ ਨੇ ਸਾਨੂੰ ਦੱਸਿਆ ਕਿ ਅਸੀਂ ਸਾਰਿਆਂ ਨੇ ਕਿਹੜੇ-ਕਿਹੜੇ ਦੇਸ਼ ਵਿਚ ਜਾ ਕੇ ਸੇਵਾ ਕਰਨੀ ਸੀ। ਮੈਨੂੰ ਪੈਰਾਗੂਵਾਏ ਭੇਜਿਆ ਗਿਆ। ਮੈਂ ਉਸ ਸਮੇਂ ਛੋਟੀ ਸੀ ਜਿਸ ਕਰਕੇ ਮੈਨੂੰ ਉੱਥੇ ਜਾਣ ਲਈ ਆਪਣੇ ਪਿਤਾ ਜੀ ਦੀ ਇਜਾਜ਼ਤ ਲੈਣੀ ਪੈਣੀ ਸੀ। ਇਜਾਜ਼ਤ ਮਿਲਣ ਤੋਂ ਬਾਅਦ, ਮੈਂ ਮਾਰਚ 1959 ਵਿਚ ਪੈਰਾਗੂਵਾਏ ਚਲੀ ਗਈ। ਅਸੁਨਸੀਅਨ ਸ਼ਹਿਰ ਵਿਚ ਮੈਂ ਆਪਣੀ ਨਵੀਂ ਸਾਥਣ ਨਾਲ ਮਿਸ਼ਨਰੀ ਘਰ ਵਿਚ ਰਹਿਣ ਲੱਗੀ।

ਇਸ ਤੋਂ ਛੇਤੀ ਬਾਅਦ, ਮੈਂ ਵੌਲਟਰ ਬ੍ਰੀਟ ਨੂੰ ਮਿਲੀ ਜੋ ਕਿ ਗਿਲਿਅਡ ਕਲਾਸ ਦੀ 30ਵੀਂ ਕਲਾਸ ਵਿਚ ਗ੍ਰੈਜੂਏਟ ਹੋਇਆ ਸੀ। ਕੁਝ ਸਮੇਂ ਬਾਅਦ, ਸਾਡਾ ਵਿਆਹ ਹੋ ਗਿਆ ਅਤੇ ਅਸੀਂ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਮ੍ਹਣਾ ਕੀਤਾ। ਜਦੋਂ ਵੀ ਸਾਨੂੰ ਕਿਸੇ ਮੁਸ਼ਕਲ ਦਾ ਸਾਮ੍ਹਣਾ ਕਰਨਾ ਪੈਂਦਾ ਸੀ, ਤਾਂ ਅਸੀਂ ਯਸਾਯਾਹ 41:10 ਵਿਚ ਲਿਖਿਆ ਪਰਮੇਸ਼ੁਰ ਦਾ ਵਾਅਦਾ ਪੜ੍ਹ ਲੈਂਦੇ ਸੀ: “ਨਾ ਡਰ, ਮੈਂ ਤੇਰੇ ਅੰਗ ਸੰਗ ਜੋ ਹਾਂ, ਨਾ ਘਾਬਰ, ਮੈਂ ਤੇਰਾ ਪਰਮੇਸ਼ੁਰ ਜੋ ਹਾਂ, ਮੈਂ ਤੈਨੂੰ ਜ਼ੋਰ ਬਖ਼ਸ਼ਾਂਗਾ।” ਇਸ ਤੋਂ ਸਾਨੂੰ ਦਿਲਾਸਾ ਮਿਲਦਾ ਸੀ ਕਿ ਜਿੰਨੀ ਦੇਰ ਤਕ ਅਸੀਂ ਪਰਮੇਸ਼ੁਰ ਪ੍ਰਤੀ ਵਫ਼ਾਦਾਰ ਰਹਾਂਗੇ ਅਤੇ ਉਸ ਦੇ ਰਾਜ ਨੂੰ ਪਹਿਲ ਦੇਵਾਂਗੇ, ਉਦੋਂ ਤਕ ਉਹ ਸਾਨੂੰ ਸੰਭਾਲੇਗਾ।

ਕੁਝ ਸਮੇਂ ਬਾਅਦ ਸਾਨੂੰ ਉਸ ਇਲਾਕੇ ਵਿਚ ਸੇਵਾ ਕਰਨ ਲਈ ਭੇਜਿਆ ਗਿਆ ਜੋ ਬ੍ਰਾਜ਼ੀਲ ਦੀ ਹੱਦ ਦੇ ਨੇੜੇ ਸੀ। ਉਸ ਇਲਾਕੇ ਦੇ ਪਾਦਰੀ ਨੇ ਨੌਜਵਾਨਾਂ ਨੂੰ ਸਾਡੇ ਘਰ ’ਤੇ ਪੱਥਰ ਮਾਰਨ ਲਈ ਉਕਸਾਇਆ। ਉਸ ਘਰ ਦੀ ਹਾਲਤ ਤਾਂ ਪਹਿਲਾਂ ਹੀ ਖ਼ਸਤਾ ਸੀ। ਬਾਅਦ ਵਿਚ ਵੌਲਟਰ ਨੇ ਪੁਲਿਸ ਦੇ ਇਕ ਮੁਖੀ ਨਾਲ ਬਾਈਬਲ ਅਧਿਐਨ ਕਰਨਾ ਸ਼ੁਰੂ ਕਰ ਦਿੱਤਾ। ਉਸ ਨੇ ਸਾਡੇ ਘਰ ਦੇ ਮੋਹਰੇ ਇਕ ਹਫ਼ਤੇ ਲਈ ਪੁਲਿਸ ਅਫ਼ਸਰ ਖੜ੍ਹੇ ਕੀਤੇ। ਇਸ ਕਰਕੇ ਸਤਾਉਣ ਵਾਲੇ ਸਾਡੇ ਲਈ ਹੋਰ ਮੁਸ਼ਕਲਾਂ ਖੜ੍ਹੀਆਂ ਨਹੀਂ ਕਰ ਸਕੇ। ਥੋੜ੍ਹੇ ਸਮੇਂ ਬਾਅਦ ਅਸੀਂ ਬ੍ਰਾਜ਼ੀਲ ਦੀ ਹੱਦ ਤੋਂ ਪਾਰ ਇਕ ਵਧੀਆ ਘਰ ਵਿਚ ਰਹਿਣ ਚਲੇ ਗਏ। ਇਸ ਦਾ ਫ਼ਾਇਦਾ ਸਾਨੂੰ ਇਹ ਹੋਇਆ ਕਿ ਅਸੀਂ ਬ੍ਰਾਜ਼ੀਲ ਅਤੇ ਪੈਰਾਗੂਵਾਏ ਵਿਚ ਸਭਾਵਾਂ ਕਰ ਪਾਏ। ਜਦੋਂ ਤਕ ਅਸੀਂ ਆਪਣੀ ਸੇਵਾ ਇੱਥੇ ਪੂਰੀ ਕੀਤੀ, ਉਦੋਂ ਤਕ ਇੱਥੇ ਦੋ ਛੋਟੀਆਂ ਮੰਡਲੀਆਂ ਬਣ ਗਈਆਂ।

ਅਸੁਨਸੀਅਨ, ਪੈਰਾਗੂਵਾਏ ਵਿਚ ਮੈਂ ਤੇ ਵੌਲਟਰ ਮਿਸ਼ਨਰੀਆਂ ਵਜੋਂ

ਯਹੋਵਾਹ ਨੇ ਹਮੇਸ਼ਾ ਮੈਨੂੰ ਸੰਭਾਲਿਆ

ਡਾਕਟਰਾਂ ਨੇ ਮੈਨੂੰ ਦੱਸਿਆ ਕਿ ਮੈਂ ਕਦੀ ਵੀ ਮਾਂ ਨਹੀਂ ਬਣ ਸਕਦੀ। ਸਾਨੂੰ 1962 ਵਿਚ ਬਹੁਤ ਹੈਰਾਨੀ ਹੋਈ ਜਦੋਂ ਸਾਨੂੰ ਪਤਾ ਲੱਗਾ ਕਿ ਮੈਂ ਮਾਂ ਬਣਨ ਵਾਲੀ ਹਾਂ। ਅਸੀਂ ਫਲੋਰਿਡਾ, ਹਾਲੀਵੁੱਡ ਵਿਚ ਵੌਲਟਰ ਦੇ ਪਰਿਵਾਰ ਲਾਗੇ ਚਲੇ ਗਏ। ਅਸੀਂ ਕਾਫ਼ੀ ਸਾਲਾਂ ਤਕ ਪਾਇਨੀਅਰਿੰਗ ਨਹੀਂ ਕਰ ਸਕੇ ਕਿਉਂਕਿ ਮੈਨੂੰ ਆਪਣੇ ਮਾਪਿਆਂ ਦੀ ਦੇਖ-ਭਾਲ ਕਰਨੀ ਪੈਂਦੀ ਸੀ। ਪਰ ਅਸੀਂ ਰਾਜ ਨੂੰ ਪਹਿਲੀ ਥਾਂ ਦਿੰਦੇ ਰਹੇ।​—ਮੱਤੀ 6:33.

ਅਸੀਂ ਨਵੰਬਰ 1962 ਵਿਚ ਫਲੋਰਿਡਾ ਪਹੁੰਚੇ। ਉੱਥੇ ਦੇ ਲੋਕ ਇਕ-ਦੂਜੇ ਨਾਲ ਪੱਖਪਾਤ ਕਰਦੇ ਸਨ। ਸਾਨੂੰ ਇਹ ਦੇਖ ਕੇ ਹੈਰਾਨੀ ਹੋਈ ਕਿ ਇਸ ਪੱਖਪਾਤ ਕਰਕੇ ਕਾਲੇ-ਗੋਰੇ ਭੈਣ-ਭਰਾ ਵੱਖ-ਵੱਖ ਸਭਾਵਾਂ ਕਰਦੇ ਸਨ। ਉਹ ਪ੍ਰਚਾਰ ਵੀ ਅਲੱਗ-ਅਲੱਗ ਇਲਾਕਿਆਂ ਵਿਚ ਕਰਦੇ ਸਨ। ਪਰ ਯਹੋਵਾਹ ਇਕ ਕੌਮ ਨੂੰ ਦੂਜੀ ਕੌਮ ਤੋਂ ਉੱਚੀ ਨਹੀਂ ਸਮਝਦਾ, ਇਸ ਲਈ ਛੇਤੀ ਹੀ ਕਾਲੇ-ਗੋਰੇ ਭੈਣ-ਭਰਾ ਇਕੱਠੇ ਸਭਾਵਾਂ ਕਰਨ ਲੱਗ ਪਏ। ਇਸ ਗੱਲ ਪਿੱਛੇ ਯਹੋਵਾਹ ਦਾ ਹੱਥ ਹੋਣ ਕਰਕੇ ਅੱਜ ਇਸ ਇਲਾਕੇ ਵਿਚ ਕਈ ਮੰਡਲੀਆਂ ਹਨ।

ਦੁੱਖ ਦੀ ਗੱਲ ਹੈ ਕਿ ਦਿਮਾਗ਼ ਦਾ ਕੈਂਸਰ ਹੋਣ ਕਰਕੇ ਵੌਲਟਰ 2015 ਵਿਚ ਮੌਤ ਦੀ ਨੀਂਦ ਸੌਂ ਗਿਆ। ਅਸੀਂ ਇਕੱਠਿਆਂ 55 ਸਾਲ ਬਿਤਾਏ। ਵੌਲਟਰ ਬਹੁਤ ਚੰਗਾ ਪਤੀ ਸੀ ਜੋ ਯਹੋਵਾਹ ਨੂੰ ਬਹੁਤ ਪਿਆਰ ਕਰਦਾ ਸੀ ਅਤੇ ਭੈਣ-ਭਰਾਵਾਂ ਦੀ ਦਿਲੋਂ ਮਦਦ ਕਰਦਾ ਸੀ। ਮੈਂ ਉਸ ਸਮੇਂ ਦਾ ਇੰਤਜ਼ਾਰ ਕਰ ਰਹੀ ਹਾਂ ਜਦੋਂ ਉਸ ਨੂੰ ਦੁਬਾਰਾ ਜੀਉਂਦਾ ਕੀਤਾ ਜਾਵੇਗਾ ਅਤੇ ਉਹ ਪੂਰੀ ਤਰ੍ਹਾਂ ਤੰਦਰੁਸਤ ਹੋਵੇਗਾ।​—ਰਸੂ. 24:15.

ਮੈਂ ਖ਼ੁਸ਼ ਹਾਂ ਕਿ ਮੈਂ 40 ਤੋਂ ਜ਼ਿਆਦਾ ਸਾਲਾਂ ਤੋਂ ਪੂਰੇ ਸਮੇਂ ਦੀ ਸੇਵਾ ਕਰ ਰਹੀ ਹਾਂ। ਇਸ ਕਰਕੇ ਸਾਨੂੰ ਬਹੁਤ ਬਰਕਤਾਂ ਮਿਲੀਆਂ। ਮਿਸਾਲ ਲਈ, ਅਸੀਂ ਆਪਣੇ 136 ਬਾਈਬਲ ਵਿਦਿਆਰਥੀਆਂ ਦਾ ਬਪਤਿਸਮਾ ਆਪਣੀ ਅੱਖੀਂ ਦੇਖਿਆ। ਬਿਨਾਂ ਸ਼ੱਕ, ਅਸੀਂ ਕਈ ਦੁੱਖ ਵੀ ਦੇਖੇ। ਪਰ ਇਨ੍ਹਾਂ ਮੁਸ਼ਕਲਾਂ ਕਰਕੇ ਅਸੀਂ ਕਦੀ ਨਹੀਂ ਸੋਚਿਆ ਕਿ ਅਸੀਂ ਆਪਣੇ ਵਫ਼ਾਦਾਰ ਪਰਮੇਸ਼ੁਰ ਦੀ ਸੇਵਾ ਕਰਨੀ ਛੱਡ ਦੇਈਏ। ਇਸ ਦੀ ਬਜਾਇ, ਅਸੀਂ ਉਸ ’ਤੇ ਪੂਰਾ ਭਰੋਸਾ ਰੱਖਿਆ ਕਿ ਉਹ ਆਪਣੇ ਸਮੇਂ ਅਤੇ ਆਪਣੇ ਤਰੀਕੇ ਨਾਲ ਇਨ੍ਹਾਂ ਦਾ ਕੋਈ-ਨਾ-ਕੋਈ ਹੱਲ ਜ਼ਰੂਰ ਕੱਢੇਗਾ। ਪਰਮੇਸ਼ੁਰ ਨੇ ਇੱਦਾਂ ਕੀਤਾ ਵੀ! ਇਸ ਕਰਕੇ ਅਸੀਂ ਉਸ ਦੇ ਹੋਰ ਨੇੜੇ ਹੁੰਦੇ ਗਏ।​—2 ਤਿਮੋ. 4:16, 17.

ਮੈਨੂੰ ਵੌਲਟਰ ਦੀ ਬਹੁਤ ਯਾਦ ਆਉਂਦੀ ਹੈ, ਪਰ ਪਾਇਨੀਅਰਿੰਗ ਕਰਨ ਕਰਕੇ ਮੈਂ ਨਿਰਾਸ਼ ਨਹੀਂ ਹੁੰਦੀ। ਮੈਨੂੰ ਲੋਕਾਂ ਨੂੰ ਸੱਚਾਈ ਸਿਖਾ ਕੇ ਅਤੇ ਮੁੜ ਜੀਉਂਦੇ ਕੀਤੇ ਜਾਣ ਦੀ ਉਮੀਦ ਸਾਂਝੀ ਕਰ ਕੇ ਬਹੁਤ ਫ਼ਾਇਦਾ ਹੁੰਦਾ ਹੈ। ਯਹੋਵਾਹ ਨੇ ਅਣਗਿਣਤ ਤਰੀਕਿਆਂ ਨਾਲ ਮੇਰੀ ਮਦਦ ਕੀਤੀ ਹੈ। ਪਰਮੇਸ਼ੁਰ ਨੇ ਆਪਣਾ ਵਾਅਦਾ ਨਿਭਾਉਂਦਿਆਂ ਹੋਇਆ ਹਮੇਸ਼ਾ ਮੈਨੂੰ ਸੰਭਾਲਿਆ, ਤਕੜੀ ਕੀਤਾ ਅਤੇ ਆਪਣੇ “ਫਤਹਮੰਦ ਸੱਜੇ ਹੱਥ” ਨਾਲ ਫੜੀ ਰੱਖਿਆ।​—ਯਸਾ. 41:10.