Skip to content

Skip to table of contents

ਭਲਾਈ—ਤੁਸੀਂ ਇਹ ਗੁਣ ਕਿਵੇਂ ਪੈਦਾ ਕਰ ਸਕਦੇ ਹੋ?

ਭਲਾਈ—ਤੁਸੀਂ ਇਹ ਗੁਣ ਕਿਵੇਂ ਪੈਦਾ ਕਰ ਸਕਦੇ ਹੋ?

ਹਰ ਕੋਈ ਚਾਹੁੰਦਾ ਹੈ ਕਿ ਸਾਰੇ ਲੋਕ ਉਨ੍ਹਾਂ ਨੂੰ ਭਲਾਈ ਕਰਨ ਵਾਲੇ ਸਮਝਣ। ਪਰ ਅੱਜ ਦੇ ਜ਼ਮਾਨੇ ਵਿਚ ਭਲਾਈ ਕਰਨੀ ਮੁਸ਼ਕਲ ਹੈ। ਇਸ ਦਾ ਇਕ ਕਾਰਨ ਹੈ ਕਿ ਬਹੁਤ ਸਾਰੇ ਲੋਕ “ਭਲਾਈ ਨਾਲ ਪਿਆਰ ਨਾ ਕਰਨ ਵਾਲੇ” ਹਨ। (2 ਤਿਮੋ. 3:3) ਉਹ ਯਹੋਵਾਹ ਦੇ ਮਿਆਰਾਂ ਨੂੰ ਨਹੀਂ ਮੰਨਦੇ। ਅਸਲ ਵਿਚ ਪਰਮੇਸ਼ੁਰ ਜਿਸ ਨੂੰ “ਭਲਿਆਈ” ਕਹਿੰਦਾ ਹੈ, ਉਹ ਉਸ ਨੂੰ “ਬੁਰਿਆਈ” ਕਹਿੰਦੇ ਹਨ ਅਤੇ ਉਹ ਜਿਸ ਨੂੰ “ਬੁਰਿਆਈ” ਕਹਿੰਦਾ ਹੈ, ਉਹ ਉਸ ਨੂੰ “ਭਲਿਆਈ” ਕਹਿੰਦੇ ਹਨ। (ਯਸਾ. 5:20) ਆਪਣੇ ਪਿਛੋਕੜ ਅਤੇ ਆਪਣੀਆਂ ਕਮੀਆਂ-ਕਮਜ਼ੋਰੀਆਂ ਕਰਕੇ ਵੀ ਸਾਡੇ ਲਈ ਭਲਾਈ ਕਰਨੀ ਮੁਸ਼ਕਲ ਹੈ। ਇਸ ਲਈ ਅਸੀਂ ਸ਼ਾਇਦ ਐੱਨ * ਵਾਂਗ ਮਹਿਸੂਸ ਕਰੀਏ ਜੋ ਬਹੁਤ ਸਾਲਾਂ ਤੋਂ ਯਹੋਵਾਹ ਦੀ ਸੇਵਾ ਕਰ ਰਹੀ ਹੈ। ਉਹ ਕਹਿੰਦੀ ਹੈ: “ਮੇਰੇ ਲਈ ਇਹ ਯਕੀਨ ਕਰਨਾ ਬਹੁਤ ਮੁਸ਼ਕਲ ਹੈ ਕਿ ਮੈਂ ਵੀ ਭਲਾਈ ਕਰ ਸਕਦੀ ਹਾਂ।”

ਖ਼ੁਸ਼ੀ ਦੀ ਗੱਲ ਹੈ ਕਿ ਅਸੀਂ ਸਾਰੇ ਭਲਾਈ ਦਾ ਗੁਣ ਪੈਦਾ ਕਰ ਸਕਦੇ ਹਾਂ। ਇਹ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਦਾ ਗੁਣ ਹੈ ਅਤੇ ਉਸ ਦੀ ਸ਼ਕਤੀ ਕਿਸੇ ਵੀ ਰੁਕਾਵਟ ਨਾਲੋਂ ਕਿਤੇ ਜ਼ਿਆਦਾ ਤਾਕਤਵਰ ਹੈ। ਆਓ ਆਪਾਂ ਦੇਖੀਏ ਕਿ ਭਲਾਈ ਹੈ ਕੀ ਅਤੇ ਅਸੀਂ ਇਹ ਗੁਣ ਹੋਰ ਜ਼ਿਆਦਾ ਕਿੱਦਾਂ ਦਿਖਾ ਸਕਦੇ ਹਾਂ।

ਭਲਾਈ ਹੈ ਕੀ?

ਭਲਾਈ ਕਰਨ ਵਿਚ ਸ਼ਾਮਲ ਹੈ, ਨੈਤਿਕਤਾ ਦੇ ਉੱਚੇ-ਸੁੱਚੇ ਅਸੂਲਾਂ ਉੱਤੇ ਚੱਲਣਾ। ਦੂਜਿਆਂ ਦਾ ਫ਼ਾਇਦਾ ਕਰ ਕੇ ਹੀ ਭਲਾਈ ਦਾ ਸਬੂਤ ਮਿਲਦਾ ਹੈ। ਭਲਾਈ ਕਰਨ ਵਾਲਾ ਵਿਅਕਤੀ ਹਮੇਸ਼ਾ ਦੇਖਦਾ ਹੈ ਕਿ ਉਹ ਦੂਜਿਆਂ ਦੀ ਮਦਦ ਕਿਵੇਂ ਕਰ ਸਕਦਾ ਹੈ ਅਤੇ ਉਨ੍ਹਾਂ ਲਈ ਕਿਹੜੇ ਚੰਗੇ ਕੰਮ ਕਰ ਸਕਦਾ ਹੈ।

ਤੁਸੀਂ ਦੇਖਿਆ ਹੋਣਾ ਕਿ ਬਹੁਤ ਸਾਰੇ ਲੋਕ ਆਪਣੇ ਪਰਿਵਾਰ ਅਤੇ ਦੋਸਤਾਂ ਲਈ ਚੰਗੇ ਕੰਮ ਕਰਦੇ ਹਨ, ਪਰ ਕੀ ਸਿਰਫ਼ ਇਨ੍ਹਾਂ ਨਾਲ ਹੀ ਭਲਾਈ ਕੀਤੀ ਜਾਣੀ ਚਾਹੀਦੀ ਹੈ? ਬਿਨਾਂ ਸ਼ੱਕ, ਅਸੀਂ ਹਮੇਸ਼ਾ ਭਲਾਈ ਨਹੀਂ ਕਰ ਸਕਦੇ ਕਿਉਂਕਿ ਬਾਈਬਲ ਕਹਿੰਦੀ ਹੈ ਕਿ “ਧਰਤੀ ਉੱਤੇ ਅਜਿਹਾ ਸਚਿਆਰ ਆਦਮੀ ਤਾਂ ਕੋਈ ਨਹੀਂ, ਜੋ ਭਲਿਆਈ ਹੀ ਕਰੇ ਅਤੇ ਪਾਪ ਨਾ ਕਰੇ।” (ਉਪ. 7:20) ਪੌਲੁਸ ਰਸੂਲ ਨੇ ਵੀ ਈਮਾਨਦਾਰੀ ਨਾਲ ਇਹ ਗੱਲ ਮੰਨੀ: “ਮੈਂ ਜਾਣਦਾ ਹਾਂ ਕਿ ਮੇਰੇ ਸਰੀਰ ਵਿਚ ਯਾਨੀ ਮੇਰੇ ਅੰਦਰ ਕੁਝ ਵੀ ਚੰਗਾ ਨਹੀਂ ਹੈ।” (ਰੋਮੀ. 7:18) ਸੋ ਇਸ ਤੋਂ ਇਹ ਗੱਲ ਸਾਫ਼ ਹੈ ਕਿ ਇਹ ਗੁਣ ਪੈਦਾ ਕਰਨ ਲਈ ਸਾਨੂੰ ਭਲਾਈ ਦੇ ਸੋਮੇ ਯਹੋਵਾਹ ਤੋਂ ਸਿੱਖਣ ਦੀ ਲੋੜ ਹੈ।

“ਯਹੋਵਾਹ ਭਲਾ ਹੈ”

ਯਹੋਵਾਹ ਪਰਮੇਸ਼ੁਰ ਨੇ ਭਲਾਈ ਦੇ ਮਿਆਰ ਠਹਿਰਾਏ ਹਨ। ਬਾਈਬਲ ਯਹੋਵਾਹ ਬਾਰੇ ਕਹਿੰਦੀ ਹੈ: “ਤੂੰ ਭਲਾ ਹੈਂ ਅਤੇ ਭਲਿਆਈ ਕਰਦਾ ਹੈਂ, ਆਪਣੀਆਂ ਬਿਧੀਆਂ ਮੈਨੂੰ ਸਿਖਲਾ।” (ਜ਼ਬੂ. 119:68) ਆਓ ਆਪਾਂ ਇਸ ਆਇਤ ਵਿਚ ਯਹੋਵਾਹ ਦੀ ਭਲਾਈ ਬਾਰੇ ਦੱਸੇ ਦੋ ਪਹਿਲੂਆਂ ’ਤੇ ਗੌਰ ਕਰੀਏ।

ਯਹੋਵਾਹ ਭਲਾ ਹੈ। ਭਲਾਈ ਯਹੋਵਾਹ ਦੇ ਸੁਭਾਅ ਦਾ ਹਿੱਸਾ ਹੈ। ਗੌਰ ਕਰੋ ਕਿ ਉਦੋਂ ਕੀ ਹੋਇਆ ਜਦੋਂ ਯਹੋਵਾਹ ਨੇ ਮੂਸਾ ਨੂੰ ਕਿਹਾ: “ਮੈਂ ਆਪਣੀ ਸਾਰੀ ਭਲਿਆਈ ਤੇਰੇ ਅੱਗੋਂ ਦੀ ਲੰਘਾਵਾਂਗਾ।” ਜਦੋਂ ਯਹੋਵਾਹ ਨੇ ਮੂਸਾ ਨੂੰ ਆਪਣੀ ਮਹਿਮਾ ਦਿਖਾਈ ਸੀ, ਤਾਂ ਉਸ ਨੇ ਯਹੋਵਾਹ ਦੀ ਆਵਾਜ਼ ਸੁਣੀ: “ਯਹੋਵਾਹ, ਯਹੋਵਾਹ ਦਿਆਲੂ ਅਤੇ ਕਿਰਪਾਲੂ ਪਰਮੇਸ਼ੁਰ ਹੈ ਕਰੋਧ ਵਿੱਚ ਧੀਰਜੀ ਅਰ ਭਲਿਆਈ ਅਤੇ ਸਚਿਆਈ ਨਾਲ ਭਰਪੂਰ ਹੈ। ਅਤੇ ਹਜਾਰਾਂ ਲਈ ਭਲਿਆਈ ਰੱਖਣ ਵਾਲਾ ਹੈ ਅਤੇ ਕੁਧਰਮ ਅਪਰਾਧ ਅਰ ਪਾਪ ਦਾ ਬਖ਼ਸ਼ਣ ਹਾਰ ਅਤੇ ਕੁਧਰਮੀ ਨੂੰ ਏਵੇਂ ਨਹੀਂ ਛੱਡਦਾ।” (ਕੂਚ 33:19; 34:6, 7) ਇਸ ਤੋਂ ਸਾਫ਼-ਸਾਫ਼ ਪਤਾ ਲੱਗਦਾ ਹੈ ਕਿ ਯਹੋਵਾਹ ਹਰ ਪੱਖੋਂ ਪੂਰੀ ਤਰ੍ਹਾਂ ਭਲਾ ਹੈ। ਭਾਵੇਂ ਕਿ ਯਿਸੂ ਨੇ ਇਕ ਇਨਸਾਨ ਵਜੋਂ ਹਮੇਸ਼ਾ ਭਲੇ ਕੰਮ ਕੀਤੇ, ਪਰ ਫਿਰ ਵੀ ਉਸ ਨੇ ਕਿਹਾ: “ਪਰਮੇਸ਼ੁਰ ਤੋਂ ਇਲਾਵਾ ਹੋਰ ਕੋਈ ਚੰਗਾ ਨਹੀਂ।”​—ਲੂਕਾ 18:19.

ਅਸੀਂ ਸ੍ਰਿਸ਼ਟੀ ਤੋਂ ਯਹੋਵਾਹ ਦੀ ਭਲਾਈ ਦਾ ਸਬੂਤ ਦੇਖ ਸਕਦੇ ਹਾਂ

ਯਹੋਵਾਹ ਦੇ ਕੰਮ ਭਲੇ ਹਨ। ਯਹੋਵਾਹ ਦੇ ਹਰ ਕੰਮ ਤੋਂ ਜ਼ਾਹਰ ਹੁੰਦਾ ਹੈ ਕਿ ਉਹ ਭਲਾ ਹੈ। “ਯਹੋਵਾਹ ਸਭਨਾਂ ਦੇ ਲਈ ਭਲਾ ਹੈ, ਅਤੇ ਉਹ ਦੀਆਂ ਰਹਮਤਾਂ ਉਹ ਦੇ ਸਾਰੇ ਕੰਮਾਂ ਉੱਤੇ ਹਨ।” (ਜ਼ਬੂ. 145:9) ਯਹੋਵਾਹ ਭਲਾ ਹੈ ਅਤੇ ਪੱਖਪਾਤ ਨਹੀਂ ਕਰਦਾ ਜਿਸ ਕਰਕੇ ਉਹ ਇਨਸਾਨਾਂ ਨੂੰ ਜ਼ਿੰਦਗੀ ਦੇਣ ਦੇ ਨਾਲ-ਨਾਲ ਜ਼ਿੰਦਗੀ ਜੀਉਣ ਲਈ ਹਰ ਲੋੜੀਂਦੀ ਚੀਜ਼ ਦਿੰਦਾ ਹੈ। (ਰਸੂ. 14:17) ਉਹ ਸਾਨੂੰ ਮਾਫ਼ ਕਰ ਕੇ ਵੀ ਜ਼ਾਹਰ ਕਰਦਾ ਹੈ ਕਿ ਉਹ ਭਲਾ ਹੈ। ਜ਼ਬੂਰਾਂ ਦੇ ਲਿਖਾਰੀ ਨੇ ਲਿਖਿਆ: “ਤੂੰ ਭਲਾ ਅਤੇ ਮਾਫ਼ ਕਰਨ ਵਾਲਾ ਹੈਂ।” (ਜ਼ਬੂ. 86:5, CL) ਅਸੀਂ ਭਰੋਸਾ ਰੱਖ ਸਕਦੇ ਹਾਂ ਕਿ “ਉਹ ਸਿਧਿਆਈ ਵਿੱਚ ਚੱਲਣ ਵਾਲਿਆਂ ਤੋਂ ਕੋਈ ਚੰਗੀ ਚੀਜ਼ ਨਾ ਰੋਕੇਗਾ।”​—ਜ਼ਬੂ. 84:11.

“ਭਲਾ ਕਰਨਾ ਸਿੱਖੋ”

ਪਰਮੇਸ਼ੁਰ ਨੇ ਸਾਨੂੰ ਆਪਣੇ ਸਰੂਪ ’ਤੇ ਬਣਾਇਆ ਹੈ। ਇਸ ਲਈ ਅਸੀਂ ਵੀ ਚੰਗੇ ਇਨਸਾਨ ਬਣ ਸਕਦੇ ਹਾਂ ਅਤੇ ਭਲੇ ਕੰਮ ਕਰ ਸਕਦੇ ਹਾਂ। (ਉਤ. 1:27) ਪਰ ਅਸੀਂ ਆਪਣੇ ਆਪ ਹੀ ਇੱਦਾਂ ਦੇ ਨਹੀਂ ਬਣ ਜਾਵਾਂਗੇ। ਯਹੋਵਾਹ ਕਹਿੰਦਾ ਹੈ ਕਿ ਸਾਨੂੰ “ਭਲੇ ਕੰਮ” ਕਰਨੇ ਸਿੱਖਣੇ ਚਾਹੀਦੇ ਹਨ। (ਯਸਾ. 1:17, CL) ਪਰ ਅਸੀਂ ਭਲੇ ਕੰਮ ਕਰਨੇ ਕਿੱਦਾਂ ਸਿੱਖ ਸਕਦੇ ਹਾਂ? ਆਓ ਆਪਾਂ ਤਿੰਨ ਤਰੀਕਿਆਂ ’ਤੇ ਗੌਰ ਕਰੀਏ।

ਪਹਿਲਾ, ਅਸੀਂ ਪਵਿੱਤਰ ਸ਼ਕਤੀ ਲਈ ਪ੍ਰਾਰਥਨਾ ਕਰ ਸਕਦੇ ਹਾਂ ਜੋ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਚੰਗੇ ਕੰਮ ਕਰਨ ਵਿਚ ਸਾਡੀ ਮਦਦ ਕਰੇਗੀ। (ਗਲਾ. 5:22) ਜੀ ਹਾਂ, ਪਰਮੇਸ਼ੁਰ ਦੀ ਸ਼ਕਤੀ ਭਲੇ ਕੰਮਾਂ ਨੂੰ ਪਿਆਰ ਕਰਨ ਅਤੇ ਬੁਰੇ ਕੰਮਾਂ ਨੂੰ ਤਿਆਗਣ ਵਿਚ ਸਾਡੀ ਮਦਦ ਕਰੇਗੀ। (ਰੋਮੀ. 12:9) ਦਰਅਸਲ, ਬਾਈਬਲ ਕਹਿੰਦੀ ਹੈ ਕਿ ਯਹੋਵਾਹ ਸਾਨੂੰ ਤਕੜਾ ਕਰ ਸਕਦਾ ਹੈ ਤਾਂਕਿ ਅਸੀਂ ਹਮੇਸ਼ਾ ‘ਉਹੀ ਕਰੀਏ ਅਤੇ ਕਹੀਏ ਜੋ ਚੰਗਾ ਹੈ।’​—2 ਥੱਸ. 2:16, 17.

ਦੂਸਰਾ, ਸਾਨੂੰ ਪਰਮੇਸ਼ੁਰ ਦਾ ਬਚਨ ਪੜ੍ਹਨਾ ਚਾਹੀਦਾ ਹੈ। ਜਦੋਂ ਅਸੀਂ ਬਾਈਬਲ ਪੜ੍ਹਦੇ ਹਾਂ, ਤਾਂ ਯਹੋਵਾਹ ਸਾਨੂੰ “ਹਰੇਕ ਭਲੇ ਰਾਹ” ਬਾਰੇ ਸਿਖਾਉਂਦਾ ਹੈ ਅਤੇ ‘ਹਰੇਕ ਭਲਾ ਕੰਮ’ ਕਰਨ ਲਈ ਤਿਆਰ ਕਰਦਾ ਹੈ। (ਕਹਾ. 2:9; 2 ਤਿਮੋ. 3:17) ਬਾਈਬਲ ਪੜ੍ਹ ਕੇ ਅਤੇ ਪੜ੍ਹੀਆਂ ਗੱਲਾਂ ’ਤੇ ਸੋਚ-ਵਿਚਾਰ ਕਰ ਕੇ ਅਸੀਂ ਆਪਣੇ ਦਿਲ ਵਿਚ ਪਰਮੇਸ਼ੁਰ ਤੇ ਉਸ ਦੀ ਇੱਛਾ ਬਾਰੇ ਚੰਗੀਆਂ ਚੀਜ਼ਾਂ ਭਰਦੇ ਹਾਂ। ਇਸ ਤਰ੍ਹਾਂ ਅਸੀਂ ਆਪਣੇ ਦਿਲ ਨੂੰ ਅਨਮੋਲ ਖ਼ਜ਼ਾਨੇ ਨਾਲ ਭਰਦੇ ਹਾਂ ਜਿਸ ਦਾ ਬਾਅਦ ਵਿਚ ਸਾਨੂੰ ਫ਼ਾਇਦਾ ਹੋਵੇਗਾ।​—ਲੂਕਾ 6:45; ਅਫ਼. 5:9.

ਤੀਜਾ, ਅਸੀਂ “ਚੰਗਿਆਂ ਦੀ ਰੀਸ” ਕਰਨ ਦੀ ਪੂਰੀ ਕੋਸ਼ਿਸ਼ ਕਰ ਸਕਦੇ ਹਾਂ। (3 ਯੂਹੰ. 11) ਅਸੀਂ ਬਾਈਬਲ ਵਿਚ ਦਿੱਤੀਆਂ ਚੰਗੀਆਂ ਮਿਸਾਲਾਂ ਦੀ ਰੀਸ ਕਰ ਸਕਦੇ ਹਾਂ। ਬਿਨਾਂ ਸ਼ੱਕ, ਯਹੋਵਾਹ ਅਤੇ ਯਿਸੂ ਸਭ ਤੋਂ ਵਧੀਆ ਮਿਸਾਲਾਂ ਹਨ। ਪਰ ਅਸੀਂ ਉਨ੍ਹਾਂ ਦੀਆਂ ਮਿਸਾਲਾਂ ’ਤੇ ਵੀ ਗੌਰ ਕਰ ਸਕਦੇ ਹਾਂ ਜੋ ਆਪਣੇ ਭਲੇ ਕੰਮਾਂ ਕਰਕੇ ਜਾਣੇ ਜਾਂਦੇ ਸਨ। ਸ਼ਾਇਦ ਸਾਡੇ ਮਨ ਵਿਚ ਦੋ ਜਣੇ ਆਉਣ, ਤਬਿਥਾ ਅਤੇ ਬਰਨਬਾਸ। (ਰਸੂ. 9:36; 11:22-24) ਬਾਈਬਲ ਵਿੱਚੋਂ ਇਨ੍ਹਾਂ ਸ਼ਾਨਦਾਰ ਮਿਸਾਲਾਂ ਬਾਰੇ ਪੜ੍ਹ ਕੇ ਸਾਨੂੰ ਬਹੁਤ ਫ਼ਾਇਦਾ ਹੋ ਸਕਦਾ ਹੈ। ਅਧਿਐਨ ਕਰਦਿਆਂ ਗੌਰ ਕਿ ਉਨ੍ਹਾਂ ਨੇ ਦੂਜਿਆਂ ਦੀ ਮਦਦ ਕਰਨ ਲਈ ਕੀ ਕੀਤਾ। ਸੋਚੋ ਕਿ ਤੁਸੀਂ ਆਪਣੇ ਪਰਿਵਾਰ ਅਤੇ ਮੰਡਲੀ ਵਿਚ ਕਿਸੇ ਦੀ ਮਦਦ ਕਰਨ ਵਿਚ ਪਹਿਲ ਕਿਵੇਂ ਕਰ ਸਕਦੇ ਹੋ। ਨਾਲੇ ਗੌਰ ਕਰੋ ਕਿ ਦੂਜਿਆਂ ਦਾ ਭਲਾ ਕਰਨ ਕਰਕੇ ਤਬਿਥਾ ਅਤੇ ਬਰਨਬਾਸ ਨੂੰ ਕੀ ਫ਼ਾਇਦਾ ਹੋਇਆ। ਤੁਹਾਨੂੰ ਵੀ ਫ਼ਾਇਦਾ ਹੋ ਸਕਦਾ ਹੈ।

ਅਸੀਂ ਅੱਜ ਦੇ ਭੈਣਾਂ-ਭਰਾਵਾਂ ਬਾਰੇ ਵੀ ਸੋਚ ਸਕਦੇ ਹਾਂ ਜੋ ਭਲੇ ਕੰਮ ਕਰਦੇ ਹਨ। ਮਿਸਾਲ ਲਈ, ਮੰਡਲੀ ਵਿਚ ਸਖ਼ਤ ਮਿਹਨਤ ਕਰਨ ਵਾਲੇ ਬਜ਼ੁਰਗਾਂ ਬਾਰੇ ਸੋਚੋ ਜੋ “ਚੰਗੇ ਕੰਮ ਕਰਨ” ਵਾਲੇ ਹਨ। ਉਨ੍ਹਾਂ ਵਫ਼ਾਦਾਰ ਭੈਣਾਂ ਨੂੰ ਵੀ ਨਾ ਭੁੱਲੋ ਜੋ ਆਪਣੀ ਕਹਿਣੀ ਤੇ ਕਰਨੀ ਰਾਹੀਂ ‘ਦੂਜਿਆਂ ਨੂੰ ਚੰਗੀਆਂ ਗੱਲਾਂ ਸਿਖਾਉਂਦੀਆਂ’ ਹਨ। (ਤੀਤੁ. 1:8; 2:3) ਰੋਸਲੀਨ ਨਾਂ ਦੀ ਇਕ ਭੈਣ ਕਹਿੰਦੀ ਹੈ: “ਮੇਰੀ ਇਕ ਸਹੇਲੀ ਮੰਡਲੀ ਵਿਚ ਦੂਜਿਆਂ ਦੀ ਮਦਦ ਕਰਨ ਅਤੇ ਉਨ੍ਹਾਂ ਨੂੰ ਹੌਸਲਾ ਦੇਣ ਦੀ ਬਹੁਤ ਕੋਸ਼ਿਸ਼ ਕਰਦੀ ਹੈ। ਉਹ ਉਨ੍ਹਾਂ ਦੇ ਹਾਲਾਤਾਂ ਬਾਰੇ ਸੋਚਦੀ ਹੈ ਅਤੇ ਅਕਸਰ ਉਨ੍ਹਾਂ ਨੂੰ ਛੋਟੇ-ਛੋਟੇ ਤੋਹਫ਼ੇ ਦਿੰਦੀ ਹੈ ਜਾਂ ਹੋਰ ਤਰੀਕਿਆਂ ਨਾਲ ਉਨ੍ਹਾਂ ਦੀ ਮਦਦ ਕਰਦੀ ਹੈ। ਮੈਨੂੰ ਲੱਗਦਾ ਹੈ ਕਿ ਉਹ ਸੱਚੀਂ ਭਲਾ ਕਰਨ ਵਾਲੀ ਹੈ।”

ਯਹੋਵਾਹ ਆਪਣੇ ਲੋਕਾਂ ਨੂੰ ਹੱਲਾਸ਼ੇਰੀ ਦਿੰਦਾ ਹੈ: “ਭਲਾ ਭਾਲੋ।” (ਆਮੋ. 5:14) ਇੱਦਾਂ ਕਰਨ ਕਰਕੇ ਅਸੀਂ ਸਿਰਫ਼ ਯਹੋਵਾਹ ਦੇ ਮਿਆਰਾਂ ਨੂੰ ਪਿਆਰ ਹੀ ਨਹੀਂ ਕਰਾਂਗੇ, ਸਗੋਂ ਚੰਗੇ ਕੰਮ ਕਰਨ ਦਾ ਸਾਡਾ ਇਰਾਦਾ ਵੀ ਹੋਰ ਮਜ਼ਬੂਤ ਹੋਵੇਗਾ।

ਅਸੀਂ ਚੰਗੇ ਇਨਸਾਨ ਬਣਨ ਅਤੇ ਭਲੇ ਕੰਮ ਕਰਨ ਦੀ ਕੋਸ਼ਿਸ਼ ਕਰਦੇ ਹਾਂ

ਭਲੇ ਕੰਮ ਕਰਨ ਲਈ ਜ਼ਰੂਰੀ ਨਹੀਂ ਹੈ ਕਿ ਅਸੀਂ ਦੂਜਿਆਂ ਲਈ ਵੱਡੇ-ਵੱਡੇ ਕੰਮ ਕਰੀਏ ਜਾਂ ਉਨ੍ਹਾਂ ਨੂੰ ਮਹਿੰਗੇ-ਮਹਿੰਗੇ ਤੋਹਫ਼ੇ ਦੇਈਏ। ਮਿਸਾਲ ਲਈ, ਇਕ ਪੌਦੇ ਨੂੰ ਵਧਾਉਣ ਲਈ ਅਸੀਂ ਸਿਰਫ਼ ਇਕ ਵਾਰ ਹੀ ਬਹੁਤ ਸਾਰਾ ਪਾਣੀ ਨਹੀਂ ਦਿੰਦੇ। ਇਸ ਦੀ ਬਜਾਇ, ਅਸੀਂ ਕਈ ਵਾਰ ਥੋੜ੍ਹਾ-ਥੋੜ੍ਹਾ ਪਾਣੀ ਦਿੰਦੇ ਹਾਂ। ਇਸੇ ਤਰ੍ਹਾਂ ਦੂਜਿਆਂ ਲਈ ਛੋਟੇ-ਛੋਟੇ ਕੰਮ ਕਰ ਕੇ ਅਸੀਂ ਦੂਜਿਆਂ ਲਈ ਭਲਾਈ ਜ਼ਾਹਰ ਕਰਾਂਗੇ।

ਬਾਈਬਲ ਸਾਨੂੰ ਹਮੇਸ਼ਾ ਭਲੇ ਕੰਮ ਕਰਨ ਲਈ “ਤਿਆਰ” ਰਹਿਣ ਦੀ ਹੱਲਾਸ਼ੇਰੀ ਦਿੰਦੀ ਹੈ। (2 ਤਿਮੋ. 2:21; ਤੀਤੁ. 3:1) ਦੂਜਿਆਂ ਦੇ ਹਾਲਾਤਾਂ ਵੱਲ ਧਿਆਨ ਦੇ ਕੇ ਅਸੀਂ ਉਨ੍ਹਾਂ ਦਾ “ਭਲਾ” ਕਰਨ ਅਤੇ “ਉਨ੍ਹਾਂ ਨੂੰ ਮਜ਼ਬੂਤ” ਕਰਨ ਦੇ ਤਰੀਕੇ ਦੇਖ ਸਕਾਂਗੇ। (ਰੋਮੀ. 15:2) ਇਸ ਵਿਚ ਦੂਜਿਆਂ ਨੂੰ ਆਪਣੀਆਂ ਚੀਜ਼ਾਂ ਦੇਣੀਆਂ ਵੀ ਸ਼ਾਮਲ ਹਨ। (ਕਹਾ. 3:27) ਅਸੀਂ ਸ਼ਾਇਦ ਕਿਸੇ ਨੂੰ ਆਪਣੇ ਘਰ ਖਾਣੇ ’ਤੇ ਜਾਂ ਹੌਸਲਾ ਦੇਣ ਲਈ ਬੁਲਾ ਸਕਦੇ ਹਾਂ। ਜੇ ਸਾਨੂੰ ਪਤਾ ਹੈ ਕਿ ਕੋਈ ਬੀਮਾਰ ਹੈ, ਤਾਂ ਅਸੀਂ ਉਸ ਨੂੰ ਕਾਰਡ ਭੇਜ ਸਕਦੇ ਹਾਂ, ਉਸ ਨੂੰ ਮਿਲਣ ਜਾ ਸਕਦੇ ਹਾਂ ਜਾਂ ਫ਼ੋਨ ਕਰ ਸਕਦੇ ਹਾਂ। ਜੀ ਹਾਂ, ਅਸੀਂ ਬਹੁਤ ਸਾਰੇ ਮੌਕੇ ਲੱਭ ਸਕਦੇ ਹਾਂ “ਜਿਸ ਨਾਲ ਸੁਣਨ ਵਾਲਿਆਂ ਦਾ ਹੌਸਲਾ ਵਧੇ ਅਤੇ ਉਨ੍ਹਾਂ ਨੂੰ ਫ਼ਾਇਦਾ ਹੋਵੇ।”​—ਅਫ਼. 4:29.

ਯਹੋਵਾਹ ਵਾਂਗ ਅਸੀਂ ਵੀ ਸਾਰੇ ਲੋਕਾਂ ਦਾ ਭਲਾ ਕਰਨਾ ਚਾਹੁੰਦੇ ਹਾਂ। ਇਸ ਲਈ ਅਸੀਂ ਦੂਸਰਿਆਂ ਨਾਲ ਪੱਖਪਾਤ ਨਹੀਂ ਕਰਦੇ। ਪੱਖਪਾਤ ਨਾ ਕਰਨ ਦਾ ਇਕ ਸਭ ਤੋਂ ਵਧੀਆ ਤਰੀਕਾ ਹੈ, ਸਾਰਿਆਂ ਨੂੰ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼-ਖ਼ਬਰੀ ਸੁਣਾਉਣੀ। ਯਿਸੂ ਦੇ ਹੁਕਮ ਮੁਤਾਬਕ ਅਸੀਂ ਉਨ੍ਹਾਂ ਲੋਕਾਂ ਦਾ ਵੀ ਭਲਾ ਕਰਨਾ ਚਾਹੁੰਦੇ ਹਾਂ ਜੋ ਸਾਡੇ ਨਾਲ ਨਫ਼ਰਤ ਕਰਦੇ ਹਨ। (ਲੂਕਾ 6:27) ਦਇਆ ਕਰਨੀ ਅਤੇ ਭਲਾ ਕਰਨਾ ਕਦੇ ਗ਼ਲਤ ਨਹੀਂ ਹੁੰਦਾ ਕਿਉਂਕਿ “ਅਜਿਹੇ ਗੁਣਾਂ ਖ਼ਿਲਾਫ਼ ਕੋਈ ਕਾਨੂੰਨ ਨਹੀਂ ਹੈ।” (ਗਲਾ. 5:22, 23) ਵਿਰੋਧਤਾ ਜਾਂ ਅਜ਼ਮਾਇਸ਼ਾਂ ਦੌਰਾਨ ਵੀ ਆਪਣਾ ਚਾਲ-ਚਲਣ ਵਧੀਆ ਬਣਾਈ ਰੱਖਣ ਕਰਕੇ ਸ਼ਾਇਦ ਲੋਕ ਸੱਚਾਈ ਵੱਲ ਖਿੱਚੇ ਆਉਣ ਅਤੇ ਪਰਮੇਸ਼ੁਰ ਦੀ ਮਹਿਮਾ ਕਰਨ।​—1 ਪਤ. 3:16, 17.

ਭਲਾਈ ਕਰਨ ਦੇ ਫ਼ਾਇਦੇ

“ਸਰਮੁਖ [ਯਾਨੀ ਚੰਗਾ ਇਨਸਾਨ] ਆਪਣੀ ਕੀਤੀ ਦਾ ਫਲ ਭੋਗੇਗਾ।” (ਕਹਾ. 14:14) ਭਲਾਈ ਕਰਨ ਦੇ ਕਿਹੜੇ ਕੁਝ ਫ਼ਾਇਦੇ ਹੁੰਦੇ ਹਨ? ਜੇ ਅਸੀਂ ਦੂਜਿਆਂ ਦਾ ਭਲਾ ਕਰਦੇ ਹਾਂ, ਤਾਂ ਬਦਲੇ ਵਿਚ ਉਹ ਵੀ ਸਾਡਾ ਭਲਾ ਹੀ ਕਰਨਗੇ। (ਕਹਾ. 14:22) ਜੇ ਉਹ ਸਾਡੇ ਨਾਲ ਵਧੀਆ ਤਰੀਕੇ ਨਾਲ ਪੇਸ਼ ਨਾ ਵੀ ਆਉਣ, ਤਾਂ ਵੀ ਸਾਨੂੰ ਉਨ੍ਹਾਂ ਨਾਲ ਵਧੀਆ ਤਰੀਕੇ ਨਾਲ ਪੇਸ਼ ਆਉਣਾ ਚਾਹੀਦਾ ਹੈ। ਨਤੀਜੇ ਵਜੋਂ, ਉਹ ਸ਼ਾਇਦ ਆਪਣਾ ਰਵੱਈਆ ਬਦਲ ਲੈਣ ਅਤੇ ਸਾਡੇ ਨਾਲ ਵਧੀਆ ਤਰੀਕੇ ਨਾਲ ਪੇਸ਼ ਆਉਣ।​—ਰੋਮੀ. 12:20.

ਜਦੋਂ ਅਸੀਂ ਚੰਗੇ ਕੰਮ ਕਰਦੇ ਹਾਂ ਅਤੇ ਬੁਰੇ ਕੰਮ ਕਰਨੇ ਛੱਡ ਦਿੰਦੇ ਹਾਂ, ਤਾਂ ਵੀ ਸਾਨੂੰ ਫ਼ਾਇਦਾ ਹੁੰਦਾ ਹੈ। ਬਹੁਤ ਸਾਰੇ ਭੈਣਾਂ-ਭਰਾਵਾਂ ਨੇ ਕਿਹਾ ਕਿ ਉਨ੍ਹਾਂ ਨਾਲ ਵੀ ਇੱਦਾਂ ਹੋਇਆ। ਜ਼ਰਾ ਨੈਨਸੀ ਦੇ ਤਜਰਬੇ ’ਤੇ ਗੌਰ ਕਰੋ। “ਛੋਟਿਆਂ ਹੁੰਦਿਆਂ ਤੋਂ ਹੀ ਮੈਂ ਲਾਪਰਵਾਹ ਸੀ, ਅਨੈਤਿਕ ਜ਼ਿੰਦਗੀ ਜੀਉਂਦੀ ਸੀ ਅਤੇ ਕਿਸੇ ਦਾ ਆਦਰ ਨਹੀਂ ਸੀ ਕਰਦੀ।” ਉਹ ਮੰਨਦੀ ਹੈ: “ਪਰ ਜਦੋਂ ਮੈਂ ਭਲਾਈ ਸੰਬੰਧੀ ਯਹੋਵਾਹ ਦੇ ਮਿਆਰਾਂ ਬਾਰੇ ਸਿੱਖਿਆ ਤੇ ਉਨ੍ਹਾਂ ਨੂੰ ਲਾਗੂ ਕੀਤਾ, ਤਾਂ ਮੈਂ ਜ਼ਿਆਦਾ ਖ਼ੁਸ਼ ਰਹਿਣ ਲੱਗ ਪਈ। ਹੁਣ ਮੈਂ ਆਪਣੀਆਂ ਨਜ਼ਰਾਂ ਵਿਚ ਨੀਵਾਂ ਮਹਿਸੂਸ ਨਹੀਂ ਕਰਦੀ।”

ਆਪਣੇ ਵਿਚ ਭਲਾਈ ਦਾ ਗੁਣ ਪੈਦਾ ਕਰਨ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਇਸ ਨਾਲ ਯਹੋਵਾਹ ਨੂੰ ਖ਼ੁਸ਼ੀ ਹੁੰਦੀ ਹੈ। ਭਾਵੇਂ ਬਹੁਤ ਸਾਰੇ ਲੋਕ ਸਾਡੇ ਚੰਗੇ ਕੰਮ ਨਹੀਂ ਦੇਖਦੇ, ਪਰ ਯਹੋਵਾਹ ਦੇਖਦਾ ਹੈ। ਉਹ ਸਾਡੇ ਹਰ ਚੰਗੇ ਕੰਮ ਅਤੇ ਚੰਗੀ ਸੋਚ ਨੂੰ ਜਾਣਦਾ ਹੈ। (ਅਫ਼. 6:7, 8) ਉਹ ਸਾਨੂੰ ਕਿਵੇਂ ਇਨਾਮ ਦਿੰਦਾ ਹੈ? “ਭਲੇ ਮਾਨਸ ਤੋਂ ਯਹੋਵਾਹ ਪਰਸੰਨ ਹੁੰਦਾ ਹੈ।” (ਕਹਾ. 12:2) ਸੋ ਆਓ ਆਪਾਂ ਭਲਾਈ ਦਾ ਗੁਣ ਵਧਾਉਂਦੇ ਰਹੀਏ। ਯਹੋਵਾਹ ਵਾਅਦਾ ਕਰਦਾ ਹੈ ਕਿ “ਚੰਗੇ ਕੰਮ ਕਰਨ ਵਾਲੇ ਹਰ ਇਨਸਾਨ ਨੂੰ ਮਹਿਮਾ, ਆਦਰ ਤੇ ਸ਼ਾਂਤੀ ਮਿਲੇਗੀ।”​—ਰੋਮੀ. 2:10.

^ ਪੈਰਾ 2 ਕੁਝ ਨਾਂ ਬਦਲੇ ਗਏ ਹਨ।