ਅਧਿਐਨ ਲੇਖ 10
ਮੈਨੂੰ ਬਪਤਿਸਮਾ ਲੈਣ ਤੋਂ ਕਿਹੜੀ ਗੱਲ ਰੋਕਦੀ ਹੈ?
“ਉਹ ਦੋਵੇਂ ਪਾਣੀ ਵਿਚ ਚਲੇ ਗਏ ਅਤੇ ਫ਼ਿਲਿੱਪੁਸ ਨੇ ਮੰਤਰੀ ਨੂੰ ਬਪਤਿਸਮਾ ਦੇ ਦਿੱਤਾ।”—ਰਸੂ. 8:38.
ਗੀਤ 7 ਸਮਰਪਣ ਦਾ ਵਾਅਦਾ
ਖ਼ਾਸ ਗੱਲਾਂ *
1. ਆਦਮ ਤੇ ਹੱਵਾਹ ਨੇ ਕੀ ਕੁਝ ਗੁਆਇਆ ਅਤੇ ਇਸ ਦੇ ਕੀ ਨਤੀਜੇ ਨਿਕਲੇ?
ਤੁਹਾਡੇ ਖ਼ਿਆਲ ਵਿਚ ਕਿਸ ਨੂੰ ਸਹੀ-ਗ਼ਲਤ ਬਾਰੇ ਮਿਆਰ ਠਹਿਰਾਉਣੇ ਚਾਹੀਦੇ ਹਨ। ਆਦਮ ਤੇ ਹੱਵਾਹ ਨੇ ਭਲੇ ਬੁਰੇ ਦੇ ਸਿਆਣ ਦੇ ਦਰਖ਼ਤ ਤੋਂ ਫਲ ਖਾ ਕੇ ਸਾਫ਼-ਸਾਫ਼ ਦਿਖਾਇਆ ਕਿ ਉਨ੍ਹਾਂ ਨੂੰ ਯਹੋਵਾਹ ਅਤੇ ਉਸ ਦੇ ਮਿਆਰਾਂ ਉੱਤੇ ਭਰੋਸਾ ਨਹੀਂ ਸੀ। ਉਨ੍ਹਾਂ ਨੇ ਸਹੀ-ਗ਼ਲਤ ਬਾਰੇ ਖ਼ੁਦ ਮਿਆਰ ਠਹਿਰਾਉਣ ਦਾ ਫ਼ੈਸਲਾ ਕੀਤਾ। (ਉਤ. 3:22) ਪਰ ਸੋਚੋ ਕਿ ਉਨ੍ਹਾਂ ਨੇ ਕੀ ਕੁਝ ਗੁਆ ਲਿਆ। ਉਨ੍ਹਾਂ ਨੇ ਯਹੋਵਾਹ ਨਾਲ ਆਪਣੀ ਦੋਸਤੀ ਗੁਆ ਲਈ। ਉਨ੍ਹਾਂ ਨੇ ਹਮੇਸ਼ਾ ਜੀਉਂਦੇ ਰਹਿਣ ਦਾ ਮੌਕਾ ਗੁਆ ਲਿਆ ਅਤੇ ਉਨ੍ਹਾਂ ਨੇ ਆਪਣੇ ਬੱਚਿਆਂ ਨੂੰ ਵੀ ਵਿਰਸੇ ਵਿਚ ਪਾਪ ਤੇ ਮੌਤ ਦਿੱਤੀ। (ਰੋਮੀ. 5:12) ਆਦਮ ਤੇ ਹੱਵਾਹ ਦੇ ਫ਼ੈਸਲੇ ਦੇ ਦੁਖਦਾਈ ਨਤੀਜੇ ਨਿਕਲੇ।
2-3. (ੳ) ਇਥੋਪੀਆ ਦੇ ਮੰਤਰੀ ਨੇ ਕੀ ਕੀਤਾ ਜਦੋਂ ਫ਼ਿਲਿੱਪੁਸ ਨੇ ਉਸ ਨੂੰ ਪ੍ਰਚਾਰ ਕੀਤਾ ਸੀ? (ਅ) ਬਪਤਿਸਮਾ ਲੈ ਕੇ ਸਾਨੂੰ ਕਿਹੜੀਆਂ ਬਰਕਤਾਂ ਮਿਲਦੀਆਂ ਹਨ ਅਤੇ ਅਸੀਂ ਕਿਨ੍ਹਾਂ ਸਵਾਲਾਂ ’ਤੇ ਗੌਰ ਕਰਾਂਗੇ?
2 ਜ਼ਰਾ ਦੇਖੋ ਕਿ ਆਦਮ ਤੇ ਹੱਵਾਹ ਤੋਂ ਉਲਟ ਇਥੋਪੀਆ ਦੇ ਮੰਤਰੀ ਨੇ ਕੀ ਕੀਤਾ ਜਦੋਂ ਫ਼ਿਲਿੱਪੁਸ ਨੇ ਉਸ ਨੂੰ ਪ੍ਰਚਾਰ ਕੀਤਾ ਸੀ। ਯਹੋਵਾਹ ਤੇ ਯਿਸੂ ਨੇ ਮੰਤਰੀ ਲਈ ਜੋ ਕੁਝ ਕੀਤਾ ਸੀ ਉਹ ਉਸ ਲਈ ਬਹੁਤ ਸ਼ੁਕਰਗੁਜ਼ਾਰ ਸੀ। ਇਸ ਲਈ ਉਸ ਨੇ ਉਸੇ ਵੇਲੇ ਬਪਤਿਸਮਾ ਲੈ ਲਿਆ। (ਰਸੂ. 8:34-38) ਜਦੋਂ ਅਸੀਂ ਆਪਣੇ ਆਪ ਨੂੰ ਪਰਮੇਸ਼ੁਰ ਨੂੰ ਸਮਰਪਿਤ ਕਰਦੇ ਹਾਂ ਅਤੇ ਮੰਤਰੀ ਵਾਂਗ ਬਪਤਿਸਮਾ ਲੈਂਦੇ ਹਾਂ, ਤਾਂ ਅਸੀਂ ਸਾਫ਼-ਸਾਫ਼ ਦਿਖਾਉਂਦੇ ਹਾਂ ਕਿ ਅਸੀਂ ਯਹੋਵਾਹ ਅਤੇ ਯਿਸੂ ਵੱਲੋਂ ਕੀਤੇ ਸਾਰੇ ਕੰਮਾਂ ਲਈ ਸ਼ੁਕਰਗੁਜ਼ਾਰ ਹਾਂ। ਅਸੀਂ ਇਹ ਵੀ ਦਿਖਾਉਂਦੇ ਹਾਂ ਕਿ ਸਾਨੂੰ ਯਹੋਵਾਹ ’ਤੇ ਭਰੋਸਾ ਹੈ ਅਤੇ ਇਹ ਕਬੂਲ ਕਰਦੇ ਹਾਂ ਕਿ ਸਿਰਫ਼ ਉਹੀ ਹੈ ਜੋ ਸਹੀ-ਗ਼ਲਤ ਬਾਰੇ ਮਿਆਰ ਠਹਿਰਾ ਸਕਦਾ ਹੈ।
3 ਜ਼ਰਾ ਉਨ੍ਹਾਂ ਬਰਕਤਾਂ ਬਾਰੇ ਸੋਚੋ ਜੋ ਯਹੋਵਾਹ ਦੀ ਸੇਵਾ ਕਰ ਕੇ ਮਿਲਦੀਆਂ ਹਨ। ਇਕ ਬਰਕਤ ਹੈ ਕਿ ਅਖ਼ੀਰ ਸਾਨੂੰ ਉਹ ਸਾਰੀਆਂ ਬਰਕਤਾਂ ਮਿਲਣਗੀਆਂ ਜੋ ਆਦਮ ਤੇ ਹੱਵਾਹ ਨੇ ਗੁਆ ਦਿੱਤੀਆਂ ਸਨ। ਇਨ੍ਹਾਂ ਬਰਕਤਾਂ ਵਿਚ ਹਮੇਸ਼ਾ ਦੀ ਜ਼ਿੰਦਗੀ ਵੀ ਸ਼ਾਮਲ ਹੈ। ਯਹੋਵਾਹ ਸਾਡੇ ਪਾਪ ਮਾਫ਼ ਕਰਦਾ ਹੈ ਅਤੇ ਸਾਨੂੰ ਸਾਫ਼ ਮੱਤੀ 20:28; ਰਸੂ. 10:43) ਅਸੀਂ ਯਹੋਵਾਹ ਦੇ ਪਰਿਵਾਰ ਦਾ ਹਿੱਸਾ ਬਣਦੇ ਹਾਂ ਜਿਨ੍ਹਾਂ ਨੂੰ ਉਹ ਕਬੂਲ ਕਰਦਾ ਹੈ। ਸਾਡਾ ਭਵਿੱਖ ਬਹੁਤ ਸ਼ਾਨਦਾਰ ਹੋਵੇਗਾ। (ਯੂਹੰ. 10:14-16; ਰੋਮੀ. 8:20, 21) ਪਰ ਇਨ੍ਹਾਂ ਬਰਕਤਾਂ ਦੇ ਬਾਵਜੂਦ ਵੀ ਯਹੋਵਾਹ ਨੂੰ ਜਾਣਨ ਵਾਲੇ ਕੁਝ ਲੋਕ ਇਥੋਪੀਆ ਦੇ ਮੰਤਰੀ ਦੀ ਮਿਸਾਲ ’ਤੇ ਚੱਲਣ ਤੋਂ ਝਿਜਕਦੇ ਹਨ। ਸ਼ਾਇਦ ਕਿਹੜੀ ਗੱਲ ਉਨ੍ਹਾਂ ਨੂੰ ਬਪਤਿਸਮਾ ਲੈਣ ਤੋਂ ਰੋਕਦੀ ਹੈ? ਨਾਲੇ ਉਹ ਉਨ੍ਹਾਂ ਰੁਕਾਵਟਾਂ ਨੂੰ ਕਿਵੇਂ ਪਾਰ ਕਰ ਸਕਦੇ ਹਨ?
ਜ਼ਮੀਰ ਦਿੰਦਾ ਹੈ ਕਿਉਂਕਿ ਅਸੀਂ ਯਿਸੂ ਮਸੀਹ ’ਤੇ ਨਿਹਚਾ ਕਰਦੇ ਹਾਂ। (ਬਪਤਿਸਮਾ ਲੈਣ ਦੇ ਰਾਹ ਵਿਚ ਆਉਂਦੀਆਂ ਰੁਕਾਵਟਾਂ
4-5. ਨੌਜਵਾਨ ਮੁੰਡੇ ਏਵਰੀ ਅਤੇ ਨੌਜਵਾਨ ਕੁੜੀ ਹੈਨਾ ਦੇ ਰਾਹ ਵਿਚ ਕਿਹੜੀਆਂ ਰੁਕਾਵਟਾਂ ਸਨ?
4 ਆਪਣੇ ’ਤੇ ਭਰੋਸੇ ਦੀ ਕਮੀ। ਏਵਰੀ ਦੇ ਮਾਪੇ ਯਹੋਵਾਹ ਦੇ ਗਵਾਹ ਹਨ। ਲੋਕ ਜਾਣਦੇ ਹਨ ਕਿ ਉਸ ਦਾ ਪਿਤਾ ਆਪਣੇ ਬੱਚਿਆਂ ਦੀ ਕਿੰਨੀ ਪਰਵਾਹ ਕਰਦਾ ਹੈ ਅਤੇ ਉਹ ਚੰਗੇ ਬਜ਼ੁਰਗ ਵਜੋਂ ਜਾਣਿਆ ਜਾਂਦਾ ਹੈ। ਪਰ ਏਵਰੀ ਬਪਤਿਸਮਾ ਲੈਣ ਤੋਂ ਝਿਜਕ ਰਿਹਾ ਸੀ। ਕਿਉਂ? ਉਹ ਦੱਸਦਾ ਹੈ, “ਮੈਂ ਸੋਚਦਾ ਸੀ ਕਿ ਮੈਂ ਆਪਣੇ ਪਿਤਾ ਜਿੰਨਾ ਚੰਗਾ ਨਹੀਂ ਬਣ ਸਕਦਾ।” ਏਵਰੀ ਇਹ ਵੀ ਸੋਚਦਾ ਸੀ ਕਿ ਉਹ ਉਨ੍ਹਾਂ ਜ਼ਿੰਮੇਵਾਰੀਆਂ ਨੂੰ ਸੰਭਾਲਣ ਦੇ ਕਾਬਲ ਨਹੀਂ ਸੀ ਜੋ ਸ਼ਾਇਦ ਉਸ ਨੂੰ ਭਵਿੱਖ ਵਿਚ ਮਿਲਣੀਆਂ ਸਨ। “ਮੈਨੂੰ ਡਰ ਲੱਗਦਾ ਸੀ ਕਿ ਜੇ ਮੈਨੂੰ ਸਾਰਿਆਂ ਸਾਮ੍ਹਣੇ ਪ੍ਰਾਰਥਨਾ ਕਰਨ, ਭਾਸ਼ਣ ਦੇਣ ਜਾਂ ਪ੍ਰਚਾਰ ਦੇ ਗਰੁੱਪ ਦੀ ਅਗਵਾਈ ਕਰਨ ਲਈ ਕਿਹਾ ਗਿਆ, ਤਾਂ ਮੈਂ ਕੀ ਕਰਾਂਗਾ।”
5 18 ਸਾਲਾਂ ਦੀ ਹੈਨਾ ਨੂੰ ਆਪਣੇ ’ਤੇ ਬਿਲਕੁਲ ਭਰੋਸਾ ਨਹੀਂ ਸੀ। ਉਸ ਦੀ ਪਰਵਰਿਸ਼ ਯਹੋਵਾਹ ਦੀ ਸੇਵਾ ਕਰਨ ਵਾਲੇ ਮਾਪਿਆਂ ਨੇ ਕੀਤੀ। ਫਿਰ ਵੀ ਉਸ ਨੂੰ ਲੱਗਦਾ ਸੀ ਕਿ ਉਹ ਯਹੋਵਾਹ ਦੇ ਮਿਆਰਾਂ ਮੁਤਾਬਕ ਨਹੀਂ ਜੀ ਸਕਦੀ। ਕਿਉਂ? ਕਿਉਂਕਿ ਹੈਨਾ ਆਪਣੇ ਆਪ ਬਾਰੇ ਬਹੁਤ ਘਟੀਆ ਮਹਿਸੂਸ ਕਰਦੀ ਸੀ। ਕਈ ਵਾਰ ਉਹ ਆਪਣੇ ਆਪ ਬਾਰੇ ਇੰਨਾ ਘਟੀਆ ਮਹਿਸੂਸ ਕਰਦੀ ਸੀ ਕਿ ਉਹ ਆਪਣੇ ਆਪ ਨੂੰ ਜ਼ਖ਼ਮੀ ਕਰ ਲੈਂਦੀ ਸੀ। ਪਰ ਇਸ ਤਰ੍ਹਾਂ ਕਰਨ ਤੋਂ ਬਾਅਦ ਉਹ ਆਪਣੇ ਆਪ ਬਾਰੇ ਹੋਰ ਵੀ ਘਟੀਆ ਮਹਿਸੂਸ ਕਰਦੀ ਸੀ। ਉਹ ਦੱਸਦੀ ਹੈ, “ਮੈਂ ਕਦੇ ਵੀ ਕਿਸੇ ਨੂੰ ਕੁਝ ਨਹੀਂ ਦੱਸਿਆ ਕਿ ਮੈਂ ਕੀ ਕੀਤਾ ਸੀ, ਇੱਥੋਂ ਤਕ ਕਿ ਆਪਣੇ ਮਾਪਿਆਂ ਨੂੰ ਵੀ ਨਹੀਂ। ਨਾਲੇ ਮੈਂ ਸੋਚਦੀ ਸੀ ਕਿ ਮੈਂ ਜੋ ਕੀਤਾ ਉਸ ਕਰਕੇ ਯਹੋਵਾਹ ਕਦੇ ਨਹੀਂ ਚਾਹੇਗਾ ਕਿ ਮੈਂ ਉਸ ਦੀ ਸੇਵਕ ਬਣਾਂ।”
6. ਵਨੇਸਾ ਨੂੰ ਕਿਹੜੀ ਗੱਲ ਬਪਤਿਸਮਾ ਲੈਣ ਤੋਂ ਰੋਕਦੀ ਸੀ?
6 ਦੋਸਤਾਂ ਦਾ ਅਸਰ। 22 ਸਾਲਾਂ ਦੀ ਵਨੇਸਾ ਦੱਸਦੀ ਹੈ: “ਮੇਰੀ ਇਕ ਪੱਕੀ ਸਹੇਲੀ ਸੀ ਜਿਸ ਨੂੰ ਮੈਂ ਕਈ ਸਾਲਾਂ ਤੋਂ ਜਾਣਦੀ ਸੀ।” ਪਰ ਵਨੇਸਾ ਦੀ ਸਹੇਲੀ ਨੂੰ ਉਸ ਦੇ ਵਿਸ਼ਵਾਸਾਂ ਵਿਚ ਕੋਈ ਦਿਲਚਸਪੀ ਨਹੀਂ ਸੀ ਅਤੇ ਉਹ ਬਪਤਿਸਮੇ ਦੇ ਟੀਚੇ ਤਕ ਪਹੁੰਚਣ ਵਿਚ ਉਸ ਦੀ ਮਦਦ ਨਹੀਂ ਕਰ ਰਹੀ ਸੀ। ਇਸ ਗੱਲ ਦਾ ਵਨੇਸਾ ਨੂੰ ਦੁੱਖ ਲੱਗਾ ਅਤੇ ਉਹ ਕਹਿੰਦੀ ਹੈ, “ਮੈਨੂੰ ਦੋਸਤੀ ਕਰਨੀ ਬਹੁਤ ਔਖੀ ਲੱਗਦੀ ਹੈ ਜਿਸ ਕਰਕੇ ਮੈਨੂੰ ਚਿੰਤਾ ਸੀ ਕਿ ਜੇ ਮੈਂ ਇਸ ਨਾਲ ਆਪਣੀ ਦੋਸਤੀ ਤੋੜ ਲਈ, ਤਾਂ ਮੈਂ ਕਦੇ ਹੋਰ ਕਿਸੇ ਨਾਲ ਇੰਨੀ ਗੂੜ੍ਹੀ ਦੋਸਤੀ ਨਹੀਂ ਕਰ ਸਕਾਂਗੀ।”
7. ਨੌਜਵਾਨ ਮਕੇਲਾ ਨੂੰ ਕਿਹੜੀ ਗੱਲ ਦਾ ਡਰ ਸੀ ਅਤੇ ਕਿਉਂ?
7 ਗ਼ਲਤੀ ਕਰਨ ਦਾ ਡਰ। ਮਕੇਲਾ ਉਦੋਂ ਪੰਜ ਸਾਲ ਦੀ ਸੀ ਜਦੋਂ ਉਸ ਦੇ ਭਰਾ ਨੂੰ ਮੰਡਲੀ ਵਿੱਚੋਂ ਛੇਕ ਦਿੱਤਾ ਗਿਆ ਸੀ। ਜਿੱਦਾਂ-ਜਿੱਦਾਂ ਉਹ ਵੱਡੀ ਹੋਈ, ਉੱਦਾਂ-ਉੱਦਾਂ ਉਸ ਨੇ ਦੇਖਿਆ ਕਿ ਉਸ ਦੇ ਭਰਾ ਦੇ ਕੰਮਾਂ ਕਰਕੇ ਉਸ ਦੇ ਮਾਪੇ
ਕਿੰਨੇ ਦੁਖੀ ਹੁੰਦੇ ਸਨ। ਮਕੇਲਾ ਕਹਿੰਦੀ ਹੈ, “ਮੈਂ ਡਰਦੀ ਸੀ ਕਿ ਜੇ ਮੈਂ ਬਪਤਿਸਮਾ ਲੈਣ ਤੋਂ ਬਾਅਦ ਕੋਈ ਗ਼ਲਤੀ ਕਰ ਲਈ ਅਤੇ ਮੈਨੂੰ ਛੇਕ ਦਿੱਤਾ ਗਿਆ, ਤਾਂ ਮੇਰੇ ਮਾਪਿਆਂ ਨੂੰ ਹੋਰ ਵੀ ਜ਼ਿਆਦਾ ਦੁੱਖ ਲੱਗਣਾ।”8. ਨੌਜਵਾਨ ਮਾਈਲਜ਼ ਨੂੰ ਕਿਹੜੀ ਗੱਲ ਦਾ ਡਰ ਸੀ?
8 ਵਿਰੋਧ ਦਾ ਡਰ। ਮਾਈਲਜ਼ ਦੇ ਮਾਪਿਆਂ ਦਾ ਤਲਾਕ ਹੋ ਗਿਆ ਸੀ। ਉਸ ਦਾ ਪਿਤਾ ਯਹੋਵਾਹ ਦੀ ਸੇਵਾ ਕਰਦਾ ਹੈ, ਪਰ ਉਸ ਦੀ ਮਾਂ ਗਵਾਹ ਨਹੀਂ ਹੈ। ਮਾਈਲਜ਼ ਦੱਸਦਾ ਹੈ, “ਮੈਂ 18 ਸਾਲ ਆਪਣੇ ਮੰਮੀ ਜੀ ਨਾਲ ਰਿਹਾ। ਮੈਨੂੰ ਉਨ੍ਹਾਂ ਨੂੰ ਦੱਸਣ ਤੋਂ ਡਰ ਲੱਗਦਾ ਸੀ ਕਿ ਮੈਂ ਬਪਤਿਸਮਾ ਲੈਣਾ ਚਾਹੁੰਦਾ ਸੀ। ਮੈਂ ਦੇਖਿਆ ਸੀ ਕਿ ਜਦੋਂ ਮੇਰੇ ਡੈਡੀ ਜੀ ਗਵਾਹ ਬਣੇ ਸਨ, ਤਾਂ ਮੇਰੇ ਮੰਮੀ ਜੀ ਕਿਵੇਂ ਪੇਸ਼ ਆਏ ਸਨ। ਮੈਨੂੰ ਡਰ ਲੱਗਦਾ ਸੀ ਕਿ ਉਹ ਮੇਰੇ ਲਈ ਵੀ ਮੁਸ਼ਕਲ ਖੜ੍ਹੀ ਕਰਨਗੇ।”
ਤੁਸੀਂ ਰੁਕਾਵਟਾਂ ਨੂੰ ਕਿਵੇਂ ਪਾਰ ਕਰ ਸਕਦੇ ਹੋ?
9. ਯਹੋਵਾਹ ਦੇ ਪਿਆਰ ਤੇ ਧੀਰਜ ਬਾਰੇ ਜਾਣ ਕੇ ਤੁਸੀਂ ਕੀ ਕਰਨਾ ਚਾਹੋਗੇ?
9 ਆਦਮ ਤੇ ਹੱਵਾਹ ਨੇ ਆਪਣੇ ਦਿਲ ਵਿਚ ਯਹੋਵਾਹ ਲਈ ਗਹਿਰਾ ਪਿਆਰ ਪੈਦਾ ਨਹੀਂ ਕੀਤਾ ਜਿਸ ਕਰਕੇ ਉਨ੍ਹਾਂ ਨੇ ਯਹੋਵਾਹ ਦੀ ਸੇਵਾ ਨਾ ਕਰਨ ਦਾ ਫ਼ੈਸਲਾ ਕੀਤਾ। ਫਿਰ ਵੀ ਯਹੋਵਾਹ ਨੇ ਉਨ੍ਹਾਂ ਨੂੰ ਜੀਉਣ ਦਾ ਇੰਨਾ ਸਮਾਂ ਦਿੱਤਾ ਕਿ ਉਹ ਬੱਚੇ ਪੈਦਾ ਕਰ ਸਕਣ ਅਤੇ ਆਪਣੇ ਮਿਆਰਾਂ ਮੁਤਾਬਕ ਉਨ੍ਹਾਂ ਦੀ ਪਰਵਰਿਸ਼ ਕਰ ਸਕਣ। ਆਦਮ ਤੇ ਹੱਵਾਹ ਨੇ ਯਹੋਵਾਹ ਤੋਂ ਆਜ਼ਾਦ ਹੋਣ ਦਾ ਜੋ ਫ਼ੈਸਲਾ ਲਿਆ ਸੀ, ਉਸ ਦੇ ਨਤੀਜਿਆਂ ਤੋਂ ਜਲਦੀ ਹੀ ਸਾਫ਼ ਪਤਾ ਲੱਗ ਗਿਆ ਕਿ ਉਹ ਕਿੰਨੇ ਮੂਰਖ ਸਨ। ਉਨ੍ਹਾਂ ਦੇ ਸਭ ਤੋਂ ਵੱਡੇ ਪੁੱਤਰ ਨੇ ਆਪਣੇ ਬੇਕਸੂਰ ਭਰਾ ਨੂੰ ਮਾਰ ਦਿੱਤਾ। ਸਮੇਂ ਦੇ ਬੀਤਣ ਨਾਲ ਇਨਸਾਨ ਹਿੰਸਕ ਅਤੇ ਸੁਆਰਥੀ ਬਣ ਗਏ। (ਉਤ. 4:8; 6:11-13) ਪਰ ਯਹੋਵਾਹ ਨੇ ਆਦਮ ਤੇ ਹੱਵਾਹ ਦੇ ਉਨ੍ਹਾਂ ਬੱਚਿਆਂ ਨੂੰ ਬਚਾਉਣ ਦਾ ਰਸਤਾ ਖੋਲ੍ਹਿਆ ਜੋ ਉਸ ਦੀ ਸੇਵਾ ਕਰਨੀ ਚਾਹੁੰਦੇ ਹਨ। (ਯੂਹੰ. 6:38-40, 57, 58) ਤੁਸੀਂ ਜਿੰਨਾ ਜ਼ਿਆਦਾ ਯਹੋਵਾਹ ਦੇ ਧੀਰਜ ਅਤੇ ਪਿਆਰ ਬਾਰੇ ਜਾਣੋਗੇ, ਉੱਨਾ ਜ਼ਿਆਦਾ ਉਸ ਲਈ ਤੁਹਾਡਾ ਪਿਆਰ ਵਧੇਗਾ। ਤੁਸੀਂ ਆਦਮ ਤੇ ਹੱਵਾਹ ਵਰਗੇ ਬਣਨ ਦੀ ਬਜਾਇ ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰਨੀ ਚਾਹੋਗੇ।
10. ਜ਼ਬੂਰ 19:7 ’ਤੇ ਸੋਚ-ਵਿਚਾਰ ਕਰਨ ਨਾਲ ਯਹੋਵਾਹ ਦੀ ਸੇਵਾ ਕਰਨ ਵਿਚ ਤੁਹਾਡੀ ਮਦਦ ਕਿਉਂ ਹੋ ਸਕਦੀ ਹੈ?
10 ਯਹੋਵਾਹ ਬਾਰੇ ਸਿੱਖਦੇ ਰਹੋ। ਜਿੰਨਾ ਜ਼ਿਆਦਾ ਤੁਸੀਂ ਯਹੋਵਾਹ ਬਾਰੇ ਸਿੱਖੋਗੇ, ਉੱਨਾ ਜ਼ਿਆਦਾ ਤੁਹਾਡਾ ਭਰੋਸਾ ਵਧੇਗਾ ਕਿ ਤੁਸੀਂ ਉਸ ਦੀ ਸੇਵਾ ਕਰ ਸਕਦੇ ਹੋ। ਏਵਰੀ, ਜਿਸ ਦਾ ਜ਼ਿਕਰ ਪਹਿਲਾਂ ਕੀਤਾ ਸੀ, ਕਹਿੰਦਾ ਹੈ: “ਜ਼ਬੂਰ 19:7 (ਪੜ੍ਹੋ) ਬਾਰੇ ਖੋਜਬੀਨ ਕਰ ਕੇ ਅਤੇ ਇਸ ਵਿਚ ਦਿੱਤੇ ਵਾਅਦੇ ’ਤੇ ਸੋਚ-ਵਿਚਾਰ ਕਰ ਕੇ ਮੇਰਾ ਭਰੋਸਾ ਵਧਿਆ।” ਜਦੋਂ ਏਵਰੀ ਨੇ ਦੇਖਿਆ ਕਿ ਯਹੋਵਾਹ ਨੇ ਆਪਣਾ ਵਾਅਦਾ ਕਿਵੇਂ ਪੂਰਾ ਕੀਤਾ, ਤਾਂ ਪਰਮੇਸ਼ੁਰ ਲਈ ਉਸ ਦਾ ਪਿਆਰ ਹੋਰ ਵੀ ਜ਼ਿਆਦਾ ਗੂੜ੍ਹਾ ਹੋਇਆ। ਪਿਆਰ ਹੋਣ ਕਰਕੇ ਸਾਡਾ ਭਰੋਸਾ ਵਧਦਾ ਕਿ ਅਸੀਂ ਉਸ ਦੀ ਸੇਵਾ ਕਰ ਸਕਦੇ ਹਾਂ। ਨਾਲੇ ਅਸੀਂ ਉਹ ਹਰ ਕੰਮ ਕਰਨ ਤੋਂ ਦੂਰ ਰਹਿੰਦੇ ਹਾਂ ਜਿਸ ਤੋਂ ਪਰਮੇਸ਼ੁਰ ਨਾਖ਼ੁਸ਼ ਹੁੰਦਾ ਹੈ। ਨਾਲੇ ਇਹ ਪਿਆਰ ਸਾਨੂੰ ਉਸ ਦੀ ਸੇਵਾ ਕਰਨ ਦੀ ਤਾਕਤ ਵੀ ਦਿੰਦਾ ਹੈ। ਹੈਨਾ, ਜਿਸ ਦਾ ਜ਼ਿਕਰ ਪਹਿਲਾਂ ਕੀਤਾ ਸੀ, ਕਹਿੰਦੀ ਹੈ: “ਬਾਈਬਲ ਪੜ੍ਹਨ ਅਤੇ ਅਧਿਐਨ ਕਰਨ ਕਰਕੇ ਮੈਨੂੰ ਅਹਿਸਾਸ ਹੋਇਆ ਕਿ ਜਦੋਂ ਮੈਂ ਖ਼ੁਦ ਨੂੰ ਨੁਕਸਾਨ ਪਹੁੰਚਾਉਂਦੀ ਹਾਂ, ਤਾਂ ਮੈਂ ਯਹੋਵਾਹ ਨੂੰ ਦੁਖੀ ਕਰਦੀ ਹਾਂ।” (1 ਪਤ. 5:7) ਹੈਨਾ ਪਰਮੇਸ਼ੁਰ ਦੇ “ਬਚਨ ਉੱਤੇ ਚੱਲਣ” ਵਾਲੀ ਬਣੀ। (ਯਾਕੂ. 1:22) ਇਸ ਦਾ ਕੀ ਨਤੀਜਾ ਨਿਕਲਿਆ? ਉਹ ਕਹਿੰਦੀ ਹੈ: “ਜਦੋਂ ਮੈਂ ਦੇਖਿਆ ਕਿ ਯਹੋਵਾਹ ਦਾ ਕਹਿਣਾ ਮੰਨਣ ਦਾ ਮੈਨੂੰ ਕਿੰਨਾ ਫ਼ਾਇਦਾ ਹੋਇਆ ਹੈ, ਤਾਂ ਮੈਂ ਉਸ ਲਈ ਆਪਣੇ ਅੰਦਰ ਗੂੜ੍ਹਾ ਪਿਆਰ ਪੈਦਾ ਕੀਤਾ। ਹੁਣ ਮੈਨੂੰ ਪੂਰਾ ਯਕੀਨ ਹੈ ਕਿ ਯਹੋਵਾਹ ਲੋੜ ਪੈਣ ’ਤੇ ਹਮੇਸ਼ਾ ਮੇਰੀ ਅਗਵਾਈ ਕਰੇਗਾ।” ਹੈਨਾ ਆਪਣੇ ਆਪ ਨੂੰ ਨੁਕਸਾਨ ਪਹੁੰਚਾਉਣ ਦੀ ਭਾਵਨਾ ਤੋਂ ਉੱਭਰ ਪਾਈ। ਉਸ ਨੇ ਆਪਣੇ ਆਪ ਨੂੰ ਯਹੋਵਾਹ ਨੂੰ ਸਮਰਪਿਤ ਕੀਤਾ ਅਤੇ ਬਪਤਿਸਮਾ ਲਿਆ।
11. ਵਨੇਸਾ ਨੇ ਚੰਗੇ ਦੋਸਤ ਬਣਾਉਣ ਲਈ ਕੀ ਕੀਤਾ ਅਤੇ ਅਸੀਂ ਇਸ ਤੋਂ ਕੀ ਸਿੱਖਦੇ ਹਾਂ?
11 ਸਮਝਦਾਰੀ ਨਾਲ ਦੋਸਤ ਚੁਣੋ। ਅਖ਼ੀਰ ਵਨੇਸਾ, ਜਿਸ ਦਾ ਜ਼ਿਕਰ ਪਹਿਲਾਂ ਕੀਤਾ ਗਿਆ ਸੀ, ਨੂੰ ਅਹਿਸਾਸ ਹੋਇਆ ਕਿ ਉਹ ਆਪਣੀ ਸਹੇਲੀ ਕਰਕੇ ਯਹੋਵਾਹ ਦੀ ਸੇਵਾ ਨਹੀਂ ਕਰ ਪਾ ਰਹੀ ਸੀ। ਇਸ ਲਈ ਵਨੇਸਾ ਨੇ ਉਸ ਨਾਲ ਆਪਣੀ ਦੋਸਤੀ ਤੋੜ ਲਈ। ਪਰ ਉਸ ਨੇ ਕੁਝ ਹੋਰ ਵੀ ਕੀਤਾ। ਉਸ ਨੇ ਮੰਡਲੀ ਵਿਚ ਨਵੇਂ ਦੋਸਤ ਬਣਾਉਣ ਦੀ ਵੀ ਕੋਸ਼ਿਸ਼ ਕੀਤੀ। ਉਹ ਦੱਸਦੀ ਹੈ ਕਿ ਨੂਹ ਅਤੇ ਉਸ ਦੇ ਪਰਿਵਾਰ ਦੀ ਮਿਸਾਲ ਤੋਂ ਉਸ ਦੀ ਮਦਦ ਹੋਈ। ਉਹ ਕਹਿੰਦੀ ਹੈ, “ਉਨ੍ਹਾਂ ਦੇ ਚਾਰੇ ਪਾਸੇ ਯਹੋਵਾਹ ਦੀ ਭਗਤੀ ਨਾ ਕਰਨ ਵਾਲੇ ਲੋਕ ਸਨ। ਪਰ ਉਨ੍ਹਾਂ ਨੇ ਪਰਿਵਾਰ ਵਿਚ ਹੀ ਇਕ-ਦੂਜੇ ਦੇ ਸਾਥ ਦਾ ਆਨੰਦ ਮਾਣਿਆ।” ਬਪਤਿਸਮਾ ਲੈਣ ਤੋਂ ਬਾਅਦ ਵਨੇਸਾ ਨੇ ਪਾਇਨੀਅਰਿੰਗ ਕਰਨੀ ਸ਼ੁਰੂ ਕੀਤੀ। ਹੁਣ ਉਹ ਕਹਿੰਦੀ ਹੈ: “ਪਾਇਨੀਅਰਿੰਗ ਕਰਕੇ ਮੈਂ ਸਿਰਫ਼ ਆਪਣੀ ਮੰਡਲੀ ਵਿਚ ਹੀ ਨਹੀਂ, ਸਗੋਂ ਹੋਰ ਮੰਡਲੀਆਂ ਵਿਚ ਵੀ ਚੰਗੇ ਦੋਸਤ ਬਣਾ ਸਕੀ।” ਯਹੋਵਾਹ ਵੱਲੋਂ ਮਿਲੇ ਕੰਮ ਵਿਚ ਪੂਰੀ ਤਰ੍ਹਾਂ ਹਿੱਸਾ ਲੈ ਕੇ ਤੁਸੀਂ ਵੀ ਵਧੀਆ ਦੋਸਤ ਬਣਾ ਸਕੋਗੇ।—ਮੱਤੀ 24:14.
12. ਆਦਮ ਤੇ ਹੱਵਾਹ ਨੇ ਕਿਸ ਤਰ੍ਹਾਂ ਦਾ ਡਰ ਨਹੀਂ ਰੱਖਿਆ ਅਤੇ ਇਸ ਦਾ ਕੀ ਨਤੀਜਾ ਨਿਕਲਿਆ?
12 ਸਹੀ ਤਰੀਕੇ ਦਾ ਡਰ ਰੱਖਣਾ ਸਿੱਖੋ। ਕਈ ਗੱਲਾਂ ਵਿਚ ਡਰ ਰੱਖਣਾ ਚੰਗਾ ਹੁੰਦਾ ਹੈ। ਮਿਸਾਲ ਲਈ, ਸਾਨੂੰ ਯਹੋਵਾਹ ਨੂੰ ਨਾਰਾਜ਼ ਕਰਨ ਤੋਂ ਡਰਨਾ ਚਾਹੀਦਾ ਹੈ। (ਜ਼ਬੂ. 111:10) ਜੇ ਆਦਮ ਤੇ ਹੱਵਾਹ ਨੇ ਇਹ ਡਰ ਰੱਖਿਆ ਹੁੰਦਾ, ਤਾਂ ਉਨ੍ਹਾਂ ਨੇ ਯਹੋਵਾਹ ਦੇ ਖ਼ਿਲਾਫ਼ ਬਗਾਵਤ ਨਹੀਂ ਕਰਨੀ ਸੀ। ਪਰ ਉਨ੍ਹਾਂ ਨੇ ਬਗਾਵਤ ਕੀਤੀ। ਬਗਾਵਤ ਕਰਨ ਤੋਂ ਬਾਅਦ ਉਨ੍ਹਾਂ ਦੀਆਂ ਅੱਖਾਂ ਖੁੱਲ੍ਹ ਗਈਆਂ ਯਾਨੀ ਉਨ੍ਹਾਂ ਨੂੰ ਪਤਾ ਲੱਗ ਗਿਆ ਕਿ ਉਨ੍ਹਾਂ ਨੇ ਪਾਪ ਕੀਤਾ ਸੀ। ਉਨ੍ਹਾਂ ਨੇ ਆਪਣੇ ਬੱਚਿਆਂ ਨੂੰ ਸਿਰਫ਼ ਪਾਪ ਤੇ ਮੌਤ ਦਿੱਤੀ। ਆਪਣੇ ਪਾਪੀ ਹੋਣ ਦਾ ਅਹਿਸਾਸ ਹੋਣ ਕਰਕੇ ਉਨ੍ਹਾਂ ਨੂੰ ਆਪਣੇ ਨੰਗੇ ਹੋਣ ’ਤੇ ਸ਼ਰਮ ਆਈ ਅਤੇ ਉਨ੍ਹਾਂ ਨੇ ਆਪਣੇ ਆਪ ਨੂੰ ਢੱਕਿਆ।—ਉਤ. 3:7, 21.
13-14. (ੳ) 1 ਪਤਰਸ 3:21 ਅਨੁਸਾਰ ਸਾਨੂੰ ਹੱਦੋਂ ਵੱਧ ਮੌਤ ਤੋਂ ਕਿਉਂ ਨਹੀਂ ਡਰਨਾ ਚਾਹੀਦਾ? (ਅ) ਸਾਡੇ ਕੋਲ ਯਹੋਵਾਹ ਨੂੰ ਪਿਆਰ ਕਰਨ ਦੇ ਕਿਹੜੇ ਕਾਰਨ ਹਨ?
13 ਸਾਨੂੰ ਯਹੋਵਾਹ ਨੂੰ ਨਾਰਾਜ਼ ਕਰਨ ਤੋਂ ਡਰਨਾ ਚਾਹੀਦਾ ਹੈ, ਪਰ ਸਾਨੂੰ ਹੱਦੋਂ ਵੱਧ ਮੌਤ ਤੋਂ ਨਹੀਂ ਡਰਨਾ ਚਾਹੀਦਾ। ਯਹੋਵਾਹ ਨੇ ਸਾਡੇ ਲਈ ਹਮੇਸ਼ਾ ਦੀ ਜ਼ਿੰਦਗੀ ਪਾਉਣ ਦਾ ਰਾਹ ਖੋਲ੍ਹਿਆ। ਯਹੋਵਾਹ ਸਾਡੀਆਂ ਗ਼ਲਤੀਆਂ ਤਾਂ ਹੀ ਮਾਫ਼ ਕਰੇਗਾ ਜੇ ਅਸੀਂ ਆਪਣੀਆਂ ਗ਼ਲਤੀਆਂ ਦਾ ਦਿਲੋਂ ਪਛਤਾਵਾ ਕਰਾਂਗੇ ਅਤੇ ਉਸ ਦੇ ਪੁੱਤਰ ਦੀ ਕੁਰਬਾਨੀ ’ਤੇ ਨਿਹਚਾ ਕਰਾਂਗੇ। ਨਿਹਚਾ ਦਿਖਾਉਣ ਦੇ ਸਭ ਤੋਂ ਅਹਿਮ ਤਰੀਕਿਆਂ ਵਿੱਚੋਂ ਇਕ ਹੈ ਕਿ ਅਸੀਂ ਪਰਮੇਸ਼ੁਰ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰੀਏ ਅਤੇ ਬਪਤਿਸਮਾ ਲਈਏ।—1 ਪਤਰਸ 3:21 ਪੜ੍ਹੋ।
14 ਸਾਡੇ ਕੋਲ ਯਹੋਵਾਹ ਨੂੰ ਪਿਆਰ ਕਰਨ ਦੇ ਬਹੁਤ ਸਾਰੇ ਕਾਰਨ ਹਨ। ਅਸੀਂ ਸਿਰਫ਼ ਇਸ ਕਰਕੇ ਉਸ ਨੂੰ ਪਿਆਰ ਨਹੀਂ ਕਰਦੇ ਕਿ ਉਹ ਸਾਨੂੰ ਚੰਗੀਆਂ ਚੀਜ਼ਾਂ ਦਿੰਦਾ ਹੈ ਜਿਨ੍ਹਾਂ ਦਾ ਅਸੀਂ ਰੋਜ਼ ਆਨੰਦ ਮਾਣਦੇ ਹਾਂ। ਪਰ ਅਸੀਂ ਇਸ ਲਈ ਵੀ ਉਸ ਨੂੰ ਪਿਆਰ ਕਰਦੇ ਹਾਂ ਕਿਉਂਕਿ ਉਹ ਸਾਨੂੰ ਆਪਣੇ ਅਤੇ ਆਪਣੇ ਮਕਸਦਾਂ ਬਾਰੇ ਸੱਚਾਈ ਦੱਸਦਾ ਹੈ। (ਯੂਹੰ. 8:31, 32) ਉਸ ਨੇ ਸਾਡੀ ਅਗਵਾਈ ਅਤੇ ਮਦਦ ਲਈ ਸਾਨੂੰ ਮਸੀਹੀ ਮੰਡਲੀ ਦਿੱਤੀ ਹੈ। ਉਹ ਮੁਸ਼ਕਲਾਂ ਸਹਿਣ ਵਿਚ ਸਾਡੀ ਮਦਦ ਕਰਦਾ ਹੈ ਅਤੇ ਉਸ ਨੇ ਸਾਨੂੰ ਭਵਿੱਖ ਵਿਚ ਵਧੀਆ ਹਾਲਾਤਾਂ ਵਿਚ ਹਮੇਸ਼ਾ ਦੀ ਜ਼ਿੰਦਗੀ ਪਾਉਣ ਦੀ ਉਮੀਦ ਦਿੱਤੀ ਹੈ। (ਜ਼ਬੂ. 68:19; ਪ੍ਰਕਾ. 21:3, 4) ਜਦੋਂ ਅਸੀਂ ਸੋਚ-ਵਿਚਾਰ ਕਰਦੇ ਹਾਂ ਕਿ ਯਹੋਵਾਹ ਨੇ ਪਹਿਲਾਂ ਹੀ ਸਾਡੇ ਲਈ ਕਿੰਨਾ ਕੁਝ ਕਰ ਕੇ ਆਪਣਾ ਪਿਆਰ ਜ਼ਾਹਰ ਕੀਤਾ ਹੈ, ਤਾਂ ਅਸੀਂ ਉਸ ਨੂੰ ਪਿਆਰ ਦਿਖਾਉਣ ਲਈ ਪ੍ਰੇਰਿਤ ਹੁੰਦੇ ਹਾਂ। ਨਾਲੇ ਯਹੋਵਾਹ ਨੂੰ ਪਿਆਰ ਕਰਨ ਕਰਕੇ ਅਸੀਂ ਸਹੀ ਤਰੀਕੇ ਦਾ ਡਰ ਰੱਖਣਾ ਸਿੱਖਦੇ ਹਾਂ। ਅਸੀਂ ਉਨ੍ਹਾਂ ਨੂੰ ਨਾਰਾਜ਼ ਕਰਨ ਤੋਂ ਡਰਦੇ ਹਾਂ ਜਿਨ੍ਹਾਂ ਨਾਲ ਅਸੀਂ ਪਿਆਰ ਕਰਦੇ ਹਾਂ।
15. ਮਕੇਲਾ ਗ਼ਲਤੀ ਹੋ ਜਾਣ ਦੇ ਆਪਣੇ ਡਰ ’ਤੇ ਕਾਬੂ ਕਿਵੇਂ ਪਾ ਸਕੀ?
15 ਜਦੋਂ ਮਕੇਲਾ, ਜਿਸ ਦਾ ਜ਼ਿਕਰ ਪਹਿਲਾਂ ਕੀਤਾ ਗਿਆ ਸੀ, ਨੂੰ ਸਮਝ ਆਈ ਕਿ ਯਹੋਵਾਹ ਮਾਫ਼ ਕਰਨ ਲਈ ਤਿਆਰ ਰਹਿੰਦਾ ਹੈ, ਤਾਂ ਉਸ ਨੇ ਗ਼ਲਤੀ ਹੋ ਜਾਣ ਦੇ ਆਪਣੇ ਡਰ ’ਤੇ ਕਾਬੂ ਪਾਇਆ। ਮਕੇਲਾ ਨੇ ਦੱਸਿਆ: “ਮੈਨੂੰ ਅਹਿਸਾਸ ਹੋਇਆ ਕਿ ਅਸੀਂ ਸਾਰੇ ਪਾਪੀ ਹਾਂ ਅਤੇ ਗ਼ਲਤੀਆਂ ਕਰਾਂਗੇ। ਪਰ ਮੈਨੂੰ ਇਹ ਗੱਲ ਵੀ ਸਮਝ ਆਈ ਕਿ ਯਹੋਵਾਹ ਸਾਨੂੰ ਪਿਆਰ ਕਰਦਾ ਹੈ ਅਤੇ ਰਿਹਾਈ ਦੀ ਕੀਮਤ ਦੇ ਆਧਾਰ ’ਤੇ ਸਾਨੂੰ ਮਾਫ਼ ਕਰਦਾ ਹੈ।” ਯਹੋਵਾਹ ਨਾਲ ਪਿਆਰ ਹੋਣ ਕਰਕੇ ਮਕੇਲਾ ਨੇ ਉਸ ਨੂੰ ਆਪਣੀ ਜ਼ਿੰਦਗੀ ਸਮਰਪਿਤ ਕੀਤੀ ਅਤੇ ਬਪਤਿਸਮਾ ਲਿਆ।
16. ਵਿਰੋਧ ਦਾ ਸਾਮ੍ਹਣਾ ਕਰਨ ਵਿਚ ਮਾਈਲਜ਼ ਦੀ ਕਿਵੇਂ ਮਦਦ ਹੋਈ?
16 ਮਾਈਲਜ਼ ਡਰਦਾ ਸੀ ਕਿ ਬਪਤਿਸਮਾ ਲੈਣ ਦੇ ਫ਼ੈਸਲੇ ਕਰਕੇ ਉਸ ਦੀ ਮੰਮੀ ਉਸ ਦਾ ਵਿਰੋਧ ਕਰੇਗੀ। ਉਸ ਨੇ ਸਰਕਟ ਓਵਰਸੀਅਰ ਤੋਂ ਮਦਦ ਲਈ। ਮਾਈਲਜ਼ ਕਹਿੰਦਾ ਹੈ, “ਸਰਕਟ ਓਵਰਸੀਅਰ ਦੇ ਮਾਪੇ ਵੀ ਅਲੱਗ-ਅਲੱਗ ਧਰਮ ਨੂੰ ਮੰਨਦੇ ਸਨ। ਉਸ ਨੇ ਮੇਰੀ ਇਹ ਸੋਚਣ ਵਿਚ ਮਦਦ ਕੀਤੀ ਕਿ ਮੈਂ ਆਪਣੀ ਮੰਮੀ ਜੀ ਨੂੰ ਕਿਵੇਂ ਯਕੀਨ ਦਿਵਾਵਾਂ ਕਿ ਬਪਤਿਸਮਾ ਲੈਣ ਦਾ ਫ਼ੈਸਲਾ ਮੇਰਾ ਆਪਣਾ ਸੀ ਅਤੇ ਡੈਡੀ ਜੀ ਮੈਨੂੰ ਬਪਤਿਸਮਾ ਲੈਣ ਲਈ ਮਜਬੂਰ ਨਹੀਂ ਕਰ ਰਹੇ ਸਨ।” ਮਾਈਲਜ਼ ਦੀ ਮੰਮੀ ਉਸ ਦੇ ਫ਼ੈਸਲੇ ਤੋਂ ਖ਼ੁਸ਼ ਨਹੀਂ ਸੀ। ਅਖ਼ੀਰ ਉਸ ਨੂੰ ਆਪਣੀ ਮੰਮੀ ਦਾ ਘਰ ਛੱਡਣਾ ਪਿਆ, ਪਰ ਉਹ ਆਪਣੇ ਫ਼ੈਸਲੇ ’ਤੇ ਪੱਕਾ ਰਿਹਾ। ਉਹ ਕਹਿੰਦਾ ਹੈ, “ਯਹੋਵਾਹ ਨੇ ਜੋ ਮੇਰੇ ਲਈ ਕੀਤਾ
ਸੀ, ਉਸ ਬਾਰੇ ਸਿੱਖ ਕੇ ਮੇਰਾ ਦਿਲ ਛੋਹਿਆ ਗਿਆ। ਯਿਸੂ ਦੇ ਬਲੀਦਾਨ ’ਤੇ ਗਹਿਰਾਈ ਨਾਲ ਸੋਚ-ਵਿਚਾਰ ਕਰ ਕੇ ਮੈਨੂੰ ਅਹਿਸਾਸ ਹੋਇਆ ਕਿ ਯਹੋਵਾਹ ਮੈਨੂੰ ਕਿੰਨਾ ਪਿਆਰ ਕਰਦਾ ਹੈ। ਇਸ ਕਰਕੇ ਮੈਂ ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰਨ ਅਤੇ ਬਪਤਿਸਮਾ ਲੈਣ ਲਈ ਪ੍ਰੇਰਿਤ ਹੋਇਆ।”ਆਪਣੇ ਫ਼ੈਸਲੇ ’ਤੇ ਪੱਕੇ ਰਹੋ
17. ਸਾਡੇ ਸਾਰਿਆਂ ਕੋਲ ਕਿਹੜਾ ਮੌਕਾ ਹੈ?
17 ਹੱਵਾਹ ਨੇ ਭਲੇ ਬੁਰੇ ਦੇ ਸਿਆਣ ਦੇ ਦਰਖ਼ਤ ਤੋਂ ਫਲ ਖਾ ਕੇ ਆਪਣੇ ਪਿਤਾ ਨੂੰ ਠੁਕਰਾ ਦਿੱਤਾ। ਆਦਮ ਨੇ ਉਸ ਦਾ ਸਾਥ ਦੇ ਕੇ ਦਿਖਾਇਆ ਕਿ ਉਹ ਉਨ੍ਹਾਂ ਸਾਰੀਆਂ ਚੰਗੀਆਂ ਚੀਜ਼ਾਂ ਲਈ ਸ਼ੁਕਰਗੁਜ਼ਾਰ ਨਹੀਂ ਸੀ ਜੋ ਯਹੋਵਾਹ ਨੇ ਉਸ ਲਈ ਕੀਤੀਆਂ ਸਨ। ਸਾਡੇ ਵਿੱਚੋਂ ਹਰੇਕ ਜਣਾ ਦਿਖਾ ਸਕਦਾ ਹੈ ਕਿ ਅਸੀਂ ਆਦਮ ਤੇ ਹੱਵਾਹ ਵਰਗੇ ਨਹੀਂ ਹਾਂ। ਅਸੀਂ ਉਨ੍ਹਾਂ ਸਾਰੀਆਂ ਚੀਜ਼ਾਂ ਲਈ ਸ਼ੁਕਰਗੁਜ਼ਾਰ ਹਾਂ ਜੋ ਯਹੋਵਾਹ ਨੇ ਸਾਡੇ ਲਈ ਕੀਤੀਆਂ ਹਨ। ਬਪਤਿਸਮਾ ਲੈ ਕੇ ਅਸੀਂ ਯਹੋਵਾਹ ਨੂੰ ਦਿਖਾਉਂਦੇ ਹਾਂ ਕਿ ਉਸ ਕੋਲ ਹੀ ਸਹੀ-ਗ਼ਲਤ ਬਾਰੇ ਮਿਆਰ ਠਹਿਰਾਉਣ ਦਾ ਅਧਿਕਾਰ ਹੈ। ਅਸੀਂ ਸਾਬਤ ਕਰਦੇ ਹਾਂ ਕਿ ਅਸੀਂ ਆਪਣੇ ਪਿਤਾ ਨੂੰ ਪਿਆਰ ਕਰਦੇ ਹਾਂ ਅਤੇ ਉਸ ’ਤੇ ਭਰੋਸਾ ਕਰਦੇ ਹਾਂ।
18. ਤੁਸੀਂ ਯਹੋਵਾਹ ਦੀ ਸੇਵਾ ਵਿਚ ਸਫ਼ਲ ਕਿਵੇਂ ਹੋ ਸਕਦੇ ਹੋ?
18 ਬਪਤਿਸਮੇ ਤੋਂ ਬਾਅਦ ਸਾਨੂੰ ਹਰ ਰੋਜ਼ ਆਪਣੇ ਮਿਆਰਾਂ ਦੀ ਬਜਾਇ ਯਹੋਵਾਹ ਦੇ ਮਿਆਰਾਂ ਮੁਤਾਬਕ ਜ਼ਿੰਦਗੀ ਬਿਤਾਉਂਦੇ ਰਹਿਣਾ ਚਾਹੀਦਾ ਹੈ। ਹਰ ਸਾਲ ਲੱਖਾਂ ਲੋਕ ਇਸ ਤਰ੍ਹਾਂ ਕਰ ਰਹੇ ਹਨ। ਤੁਸੀਂ ਵੀ ਉਨ੍ਹਾਂ ਵਾਂਗ ਕਰ ਸਕਦੇ ਹੋ ਜੇ ਤੁਸੀਂ ਲਗਾਤਾਰ ਪਰਮੇਸ਼ੁਰ ਦੇ ਬਚਨ ਬਾਈਬਲ ਨੂੰ ਹੋਰ ਚੰਗੀ ਤਰ੍ਹਾਂ ਸਮਝੋ, ਬਾਕਾਇਦਾ ਭੈਣਾਂ-ਭਰਾਵਾਂ ਨਾਲ ਸੰਗਤ ਕਰੋ ਅਤੇ ਆਪਣੇ ਪਿਆਰੇ ਪਿਤਾ ਬਾਰੇ ਸਿੱਖੀਆਂ ਗੱਲਾਂ ਜੋਸ਼ ਨਾਲ ਦੂਜਿਆਂ ਨੂੰ ਦੱਸੋ। (ਇਬ. 10:24, 25) ਫ਼ੈਸਲੇ ਕਰਦਿਆਂ ਉਨ੍ਹਾਂ ਸਲਾਹਾਂ ਨੂੰ ਮੰਨੋ ਜੋ ਯਹੋਵਾਹ ਆਪਣੇ ਬਚਨ ਤੇ ਸੰਗਠਨ ਰਾਹੀਂ ਦਿੰਦਾ ਹੈ। (ਯਸਾ. 30:21) ਫਿਰ ਤੁਸੀਂ ਹਰ ਕੰਮ ਵਿਚ ਸਫ਼ਲ ਹੋਵੋਗੇ।—ਕਹਾ. 16:3, 20.
19. ਤੁਹਾਨੂੰ ਕਿਹੜੀ ਗੱਲ ਹਮੇਸ਼ਾ ਯਾਦ ਰੱਖਣੀ ਚਾਹੀਦੀ ਹੈ ਅਤੇ ਕਿਉਂ?
19 ਜਦੋਂ ਤੁਸੀਂ ਹਮੇਸ਼ਾ ਇਹ ਗੱਲ ਯਾਦ ਰੱਖੋਗੇ ਕਿ ਯਹੋਵਾਹ ਦੀ ਅਗਵਾਈ ਤੋਂ ਤੁਹਾਨੂੰ ਕਿੰਨਾ ਫ਼ਾਇਦਾ ਹੁੰਦਾ ਹੈ, ਤਾਂ ਉਸ ਲਈ ਅਤੇ ਉਸ ਦੇ ਮਿਆਰਾਂ ਲਈ ਤੁਹਾਡਾ ਪਿਆਰ ਵਧੇਗਾ। ਫਿਰ ਸ਼ੈਤਾਨ ਦੀ ਕੋਈ ਵੀ ਚਾਲ ਤੁਹਾਨੂੰ ਯਹੋਵਾਹ ਦੀ ਸੇਵਾ ਕਰਨ ਤੋਂ ਨਹੀਂ ਰੋਕ ਸਕੇਗੀ। ਕਲਪਨਾ ਕਰੋ ਕਿ ਤੁਸੀਂ ਹਜ਼ਾਰ ਸਾਲ ਦੇ ਸਮੇਂ ਵਿਚ ਹੋ। ਜਦੋਂ ਤੁਸੀਂ ਬਪਤਿਸਮਾ ਲੈਣ ਦੇ ਆਪਣੇ ਫ਼ੈਸਲੇ ’ਤੇ ਝਾਤ ਮਾਰੋਗੇ, ਤਾਂ ਤੁਸੀਂ ਦੇਖੋਗੇ ਕਿ ਇਹ ਤੁਹਾਡੀ ਜ਼ਿੰਦਗੀ ਦਾ ਸਭ ਤੋਂ ਵਧੀਆ ਫ਼ੈਸਲਾ ਸੀ।
ਗੀਤ 27 ਯਹੋਵਾਹ ਵੱਲ ਹੋਵੋ
^ ਪੈਰਾ 5 ਤੁਹਾਡੀ ਜ਼ਿੰਦਗੀ ਦਾ ਇਹ ਸਭ ਤੋਂ ਅਹਿਮ ਫ਼ੈਸਲਾ ਹੋਵੇਗਾ ਕਿ ਤੁਸੀਂ ਬਪਤਿਸਮਾ ਲਓਗੇ ਜਾਂ ਨਹੀਂ। ਇਹ ਫ਼ੈਸਲਾ ਇੰਨਾ ਅਹਿਮ ਕਿਉਂ ਹੈ? ਇਸ ਲੇਖ ਵਿਚ ਇਸ ਸਵਾਲ ਦਾ ਜਵਾਬ ਦਿੱਤਾ ਜਾਵੇਗਾ। ਨਾਲੇ ਜਿਹੜੇ ਬਪਤਿਸਮਾ ਲੈਣ ਬਾਰੇ ਸੋਚ ਰਹੇ ਹਨ, ਇਹ ਲੇਖ ਉਨ੍ਹਾਂ ਦੀ ਮਦਦ ਕਰੇਗਾ ਕਿ ਉਹ ਬਪਤਿਸਮਾ ਲੈਣ ਦੇ ਰਾਹ ਵਿਚ ਆਉਂਦੀਆਂ ਰੁਕਾਵਟਾਂ ਕਿਵੇਂ ਪਾਰ ਕਰ ਸਕਦੇ ਹਨ।
^ ਪੈਰਾ 55 ਤਸਵੀਰਾਂ ਬਾਰੇ ਜਾਣਕਾਰੀ: ਭਰੋਸਾ: ਇਕ ਨੌਜਵਾਨ ਜਵਾਬ ਦੇਣ ਤੋਂ ਡਰ ਰਿਹਾ ਹੈ।
^ ਪੈਰਾ 57 ਤਸਵੀਰਾਂ ਬਾਰੇ ਜਾਣਕਾਰੀ: ਦੋਸਤ: ਆਪਣੀ ਸਹੇਲੀ ਨਾਲ ਜਾ ਰਹੀ ਇਕ ਨੌਜਵਾਨ ਭੈਣ ਗਵਾਹਾਂ ਨੂੰ ਦੇਖ ਕੇ ਸ਼ਰਮਿੰਦਾ ਹੁੰਦੀ ਹੈ।
^ ਪੈਰਾ 59 ਤਸਵੀਰਾਂ ਬਾਰੇ ਜਾਣਕਾਰੀ: ਗ਼ਲਤੀ: ਜਦੋਂ ਇਕ ਛੋਟੀ ਕੁੜੀ ਦੇ ਭਰਾ ਨੂੰ ਛੇਕਿਆ ਜਾਂਦਾ ਹੈ ਅਤੇ ਉਹ ਘਰ ਛੱਡ ਕੇ ਜਾਂਦਾ ਹੈ, ਤਾਂ ਉਸ ਨੂੰ ਡਰ ਹੈ ਕਿ ਕਿਤੇ ਉਹ ਵੀ ਗ਼ਲਤੀ ਨਾ ਕਰ ਬੈਠੇ।
^ ਪੈਰਾ 61 ਤਸਵੀਰਾਂ ਬਾਰੇ ਜਾਣਕਾਰੀ: ਵਿਰੋਧ: ਇਕ ਭਰਾ ਆਪਣੀ ਅਵਿਸ਼ਵਾਸੀ ਮਾਂ ਸਾਮ੍ਹਣੇ ਪ੍ਰਾਰਥਨਾ ਕਰਨ ਤੋਂ ਡਰਦਾ ਹੋਇਆ।
^ ਪੈਰਾ 64 ਤਸਵੀਰਾਂ ਬਾਰੇ ਜਾਣਕਾਰੀ: ਭਰੋਸਾ: ਇਕ ਨੌਜਵਾਨ ਹੋਰ ਵੀ ਵਧੀਆ ਢੰਗ ਨਾਲ ਅਧਿਐਨ ਕਰਦਾ ਹੈ।
^ ਪੈਰਾ 66 ਤਸਵੀਰਾਂ ਬਾਰੇ ਜਾਣਕਾਰੀ: ਦੋਸਤ: ਇਕ ਨੌਜਵਾਨ ਭੈਣ ਸਿੱਖਦੀ ਹੈ ਕਿ ਸਾਨੂੰ ਗਵਾਹ ਹੋਣ ’ਤੇ ਮਾਣ ਹੋਣਾ ਚਾਹੀਦਾ ਹੈ।
^ ਪੈਰਾ 68 ਤਸਵੀਰਾਂ ਬਾਰੇ ਜਾਣਕਾਰੀ: ਗ਼ਲਤੀ: ਇਕ ਛੋਟੀ ਕੁੜੀ ਯਹੋਵਾਹ ਨਾਲ ਰਿਸ਼ਤਾ ਜੋੜਦੀ ਹੈ ਅਤੇ ਬਪਤਿਸਮਾ ਲੈਂਦੀ ਹੈ।
^ ਪੈਰਾ 70 ਤਸਵੀਰਾਂ ਬਾਰੇ ਜਾਣਕਾਰੀ: ਵਿਰੋਧ: ਇਕ ਭਰਾ ਦਲੇਰੀ ਨਾਲ ਆਪਣੀ ਮਾਂ ਨੂੰ ਆਪਣੇ ਵਿਸ਼ਵਾਸਾਂ ਬਾਰੇ ਦੱਸਦਾ ਹੋਇਆ।