Skip to content

Skip to table of contents

ਅਧਿਐਨ ਲੇਖ 14

“ਇਸੇ ਤੋਂ ਸਾਰੇ ਜਾਣਨਗੇ ਕਿ ਤੁਸੀਂ ਮੇਰੇ ਚੇਲੇ ਹੋ”

“ਇਸੇ ਤੋਂ ਸਾਰੇ ਜਾਣਨਗੇ ਕਿ ਤੁਸੀਂ ਮੇਰੇ ਚੇਲੇ ਹੋ”

“ਜੇ ਤੁਸੀਂ ਆਪਸ ਵਿਚ ਪਿਆਰ ਕਰਦੇ ਹੋ, ਤਾਂ ਇਸੇ ਤੋਂ ਸਾਰੇ ਜਾਣਨਗੇ ਕਿ ਤੁਸੀਂ ਮੇਰੇ ਚੇਲੇ ਹੋ।”​—ਯੂਹੰ. 13:35.

ਗੀਤ 106 ਪਿਆਰ ਦਾ ਗੁਣ ਪੈਦਾ ਕਰੋ

ਖ਼ਾਸ ਗੱਲਾਂ a

ਯਹੋਵਾਹ ਦੇ ਗਵਾਹਾਂ ਵਿਚ ਪਿਆਰ ਦੇਖ ਕੇ ਲੋਕਾਂ ਨੂੰ ਕਿੱਦਾਂ ਲੱਗਦਾ ਹੈ? (ਪੈਰਾ 1 ਦੇਖੋ)

1. ਜਦੋਂ ਲੋਕ ਪਹਿਲੀ ਵਾਰ ਸਾਡੀਆਂ ਮੀਟਿੰਗਾਂ ਤੇ ਆਉਂਦੇ ਹਨ, ਤਾਂ ਉਨ੍ਹਾਂ ਨੂੰ ਕਿੱਦਾਂ ਲੱਗਦਾ ਹੈ? (ਤਸਵੀਰ ਵੀ ਦੇਖੋ।)

 ਜ਼ਰਾ ਕਲਪਨਾ ਕਰੋ ਕਿ ਇਕ ਪਤੀ-ਪਤਨੀ ਪਹਿਲੀ ਵਾਰ ਯਹੋਵਾਹ ਦੇ ਗਵਾਹਾਂ ਦੀ ਮੀਟਿੰਗ ਵਿਚ ਜਾਂਦੇ ਹਨ। ਮੰਡਲੀ ਵਿਚ ਸਾਰੇ ਉਨ੍ਹਾਂ ਦਾ ਦਿਲੋਂ ਸੁਆਗਤ ਕਰਦੇ ਹਨ। ਉਹ ਦੋਵੇਂ ਦੇਖਦੇ ਹਨ ਕਿ ਉੱਥੇ ਸਾਰਿਆਂ ਵਿਚ ਕਿੰਨਾ ਪਿਆਰ ਹੈ। ਇਹ ਸਾਰਾ ਕੁਝ ਦੇਖ ਕੇ ਉਨ੍ਹਾਂ ਨੂੰ ਬਹੁਤ ਵਧੀਆ ਲੱਗਦਾ ਹੈ। ਘਰ ਵਾਪਸ ਜਾਂਦਿਆਂ ਪਤਨੀ ਆਪਣੇ ਪਤੀ ਨੂੰ ਕਹਿੰਦੀ ਹੈ, ‘ਯਹੋਵਾਹ ਦੇ ਗਵਾਹ ਕਿੰਨੇ ਚੰਗੇ ਲੋਕ ਹਨ! ਉਹ ਦੂਜਿਆਂ ਨਾਲੋਂ ਕਿੰਨੇ ਵੱਖਰੇ ਹਨ।’

2. ਕਈਆਂ ਨੇ ਯਹੋਵਾਹ ਦੀ ਸੇਵਾ ਕਰਨੀ ਕਿਉਂ ਛੱਡ ਦਿੱਤੀ ਹੈ?

2 ਯਹੋਵਾਹ ਦੇ ਗਵਾਹਾਂ ਵਿਚ ਜੋ ਪਿਆਰ ਹੈ, ਉਹ ਸੱਚ-ਮੁੱਚ ਬੜੇ ਕਮਾਲ ਦਾ ਹੈ! ਪਰ ਇਹ ਵੀ ਸੱਚ ਹੈ ਕਿ ਯਹੋਵਾਹ ਦੇ ਗਵਾਹ ਨਾਮੁਕੰਮਲ ਹਨ ਅਤੇ ਉਨ੍ਹਾਂ ਤੋਂ ਵੀ ਗ਼ਲਤੀਆਂ ਹੋ ਸਕਦੀਆਂ ਹਨ। (1 ਯੂਹੰ. 1:8) ਅਸੀਂ ਮੰਡਲੀ ਦੇ ਭੈਣਾਂ-ਭਰਾਵਾਂ ਨੂੰ ਜਿੰਨਾ ਜ਼ਿਆਦਾ ਜਾਣਨ ਲੱਗਦੇ ਹਾਂ, ਉੱਨਾ ਜ਼ਿਆਦਾ ਸਾਨੂੰ ਉਨ੍ਹਾਂ ਦੀਆਂ ਕਮੀਆਂ-ਕਮਜ਼ੋਰੀਆਂ ਦਿੱਸਣ ਲੱਗ ਪੈਂਦੀਆਂ ਹਨ। (ਰੋਮੀ. 3:23) ਦੁੱਖ ਦੀ ਗੱਲ ਹੈ ਕਿ ਕੁਝ ਜਣਿਆਂ ਨੇ ਦੂਜਿਆਂ ਦੀਆਂ ਕਮੀਆਂ-ਕਮਜ਼ੋਰੀਆਂ ਕਰਕੇ ਯਹੋਵਾਹ ਦੀ ਸੇਵਾ ਕਰਨੀ ਛੱਡ ਦਿੱਤੀ ਹੈ।

3. ਯਿਸੂ ਦੇ ਸੱਚੇ ਚੇਲਿਆਂ ਦੀ ਪਛਾਣ ਕੀ ਹੈ? (ਯੂਹੰਨਾ 13:34, 35)

3 ਜ਼ਰਾ ਇਸ ਲੇਖ ਦੀ ਮੁੱਖ ਆਇਤ ਦੁਬਾਰਾ ਦੇਖੋ। (ਯੂਹੰਨਾ 13:34, 35 ਪੜ੍ਹੋ।) ਮਸੀਹ ਦੇ ਸੱਚੇ ਚੇਲਿਆਂ ਦੀ ਪਛਾਣ ਕੀ ਹੈ? ਪਿਆਰ, ਨਾ ਕਿ ਇਹ ਕਿ ਉਹ ਮੁਕੰਮਲ ਹੋਣਗੇ। ਧਿਆਨ ਦਿਓ ਕਿ ਯਿਸੂ ਨੇ ਇਹ ਨਹੀਂ ਕਿਹਾ: ‘ਇਸੇ ਤੋਂ ਤੁਸੀਂ ਜਾਣੋਗੇ ਕਿ ਤੁਸੀਂ ਮੇਰੇ ਚੇਲੇ ਹੋ।’ ਇਸ ਦੀ ਬਜਾਇ, ਉਸ ਨੇ ਕਿਹਾ: “ਇਸੇ ਤੋਂ ਸਾਰੇ ਜਾਣਨਗੇ ਕਿ ਤੁਸੀਂ ਮੇਰੇ ਚੇਲੇ ਹੋ।” ਇਸ ਤਰ੍ਹਾਂ ਯਿਸੂ ਨੇ ਦੱਸਿਆ ਕਿ ਉਸ ਦੇ ਚੇਲਿਆਂ ਵਿਚ ਨਿਰਸੁਆਰਥ ਪਿਆਰ ਦੇਖ ਕੇ ਨਾ ਸਿਰਫ਼ ਮੰਡਲੀ ਦੇ ਲੋਕ, ਸਗੋਂ ਬਾਹਰਲੇ ਲੋਕ ਵੀ ਜਾਣ ਸਕਣਗੇ ਕਿ ਉਹ ਉਸ ਦੇ ਸੱਚੇ ਚੇਲੇ ਹਨ।

4. ਕੁਝ ਜਣੇ ਸ਼ਾਇਦ ਸੱਚੇ ਮਸੀਹੀਆਂ ਬਾਰੇ ਕੀ ਜਾਣਨਾ ਚਾਹੁਣ?

4 ਜੋ ਲੋਕ ਯਹੋਵਾਹ ਦੇ ਗਵਾਹ ਨਹੀਂ ਹਨ, ਉਨ੍ਹਾਂ ਵਿੱਚੋਂ ਸ਼ਾਇਦ ਕੁਝ ਜਣੇ ਸੋਚਣ: ‘ਪਿਆਰ ਕਰਕੇ ਯਿਸੂ ਦੇ ਸੱਚੇ ਚੇਲਿਆਂ ਦੀ ਪਛਾਣ ਕਿਵੇਂ ਹੁੰਦੀ ਹੈ? ਯਿਸੂ ਨੇ ਆਪਣੇ ਰਸੂਲਾਂ ਨੂੰ ਪਿਆਰ ਕਿਵੇਂ ਦਿਖਾਇਆ? ਨਾਲੇ ਅੱਜ ਸੱਚੇ ਮਸੀਹੀ ਯਿਸੂ ਦੀ ਮਿਸਾਲ ʼਤੇ ਕਿਵੇਂ ਚੱਲ ਸਕਦੇ ਹਨ?’ ਸਾਨੂੰ ਯਹੋਵਾਹ ਦੇ ਗਵਾਹਾਂ ਨੂੰ ਵੀ ਇਨ੍ਹਾਂ ਸਵਾਲਾਂ ਦੇ ਜਵਾਬਾਂ ਵੱਲ ਧਿਆਨ ਦੇਣਾ ਚਾਹੀਦਾ ਹੈ। ਇਸ ਤਰ੍ਹਾਂ ਕਰਨ ਕਰਕੇ ਸ਼ਾਇਦ ਅਸੀਂ ਦੂਜਿਆਂ ਦੀਆਂ ਕਮੀਆਂ-ਕਮਜ਼ੋਰੀਆਂ ਦੇ ਬਾਵਜੂਦ ਉਨ੍ਹਾਂ ਨਾਲ ਹੋਰ ਵੀ ਜ਼ਿਆਦਾ ਪਿਆਰ ਨਾਲ ਪੇਸ਼ ਆ ਸਕਾਂਗੇ।​—ਅਫ਼. 5:2.

ਪਿਆਰ ਕਰਕੇ ਯਿਸੂ ਦੇ ਸੱਚੇ ਚੇਲਿਆਂ ਦੀ ਪਛਾਣ ਕਿਵੇਂ ਹੁੰਦੀ ਹੈ?

5. ਯੂਹੰਨਾ 15:12, 13 ਵਿਚ ਯਿਸੂ ਦੇ ਕਹੇ ਸ਼ਬਦਾਂ ਦਾ ਮਤਲਬ ਸਮਝਾਓ।

5 ਯਿਸੂ ਨੇ ਸਾਫ਼ ਦੱਸਿਆ ਕਿ ਉਸ ਦੇ ਚੇਲਿਆਂ ਵਿਚ ਇਕ ਖ਼ਾਸ ਤਰ੍ਹਾਂ ਦਾ ਪਿਆਰ ਹੋਵੇਗਾ। (ਯੂਹੰਨਾ 15:12, 13 ਪੜ੍ਹੋ।) ਜ਼ਰਾ ਧਿਆਨ ਦਿਓ ਕਿ ਯਿਸੂ ਨੇ ਉਨ੍ਹਾਂ ਨੂੰ ਕੀ ਹੁਕਮ ਦਿੱਤਾ ਸੀ। ਉਸ ਨੇ ਕਿਹਾ: “ਇਕ-ਦੂਜੇ ਨੂੰ ਉਸੇ ਤਰ੍ਹਾਂ ਪਿਆਰ ਕਰੋ ਜਿਸ ਤਰ੍ਹਾਂ ਮੈਂ ਤੁਹਾਡੇ ਨਾਲ ਪਿਆਰ ਕੀਤਾ ਹੈ।” ਇਸ ਦਾ ਕੀ ਮਤਲਬ ਹੈ? ਯਿਸੂ ਨੇ ਸਮਝਾਇਆ ਕਿ ਉਨ੍ਹਾਂ ਨੂੰ ਇਕ-ਦੂਜੇ ਨਾਲ ਨਿਰਸੁਆਰਥ ਪਿਆਰ ਕਰਨਾ ਚਾਹੀਦਾ ਹੈ ਯਾਨੀ ਦੂਜਿਆਂ ਨੂੰ ਆਪਣੇ ਆਪ ਨਾਲੋਂ ਜ਼ਿਆਦਾ ਪਿਆਰ ਕਰਨਾ। ਇਸ ਪਿਆਰ ਕਰਕੇ ਲੋੜ ਪੈਣ ਤੇ ਇਕ ਮਸੀਹੀ ਦੂਜੇ ਮਸੀਹੀ ਲਈ ਆਪਣੀ ਜਾਨ ਤਕ ਕੁਰਬਾਨ ਕਰਨ ਲਈ ਤਿਆਰ ਰਹਿੰਦਾ ਹੈ। b

6. ਪਰਮੇਸ਼ੁਰ ਦੇ ਬਚਨ ਵਿਚ ਪਿਆਰ ਦੇ ਗੁਣ ʼਤੇ ਕਿਵੇਂ ਜ਼ੋਰ ਦਿੱਤਾ ਗਿਆ ਹੈ?

6 ਪਰਮੇਸ਼ੁਰ ਦੇ ਬਚਨ ਵਿਚ ਪਿਆਰ ਦੇ ਗੁਣ ʼਤੇ ਬਹੁਤ ਜ਼ੋਰ ਦਿੱਤਾ ਗਿਆ ਹੈ। ਕਈਆਂ ਦੀਆਂ ਮਨ-ਪਸੰਦ ਆਇਤਾਂ ਪਿਆਰ ਬਾਰੇ ਹੀ ਹਨ। ਉਦਾਹਰਣ ਲਈ, “ਪਰਮੇਸ਼ੁਰ ਪਿਆਰ ਹੈ।” (1 ਯੂਹੰ. 4:8) “ਤੂੰ ਆਪਣੇ ਗੁਆਂਢੀ ਨੂੰ ਉਵੇਂ ਪਿਆਰ ਕਰ ਜਿਵੇਂ ਤੂੰ ਆਪਣੇ ਆਪ ਨੂੰ ਕਰਦਾ ਹੈਂ।” (ਮੱਤੀ 22:39) “ਪਿਆਰ ਕਰਨ ਵਾਲੇ ਇਨਸਾਨ ਇਕ-ਦੂਜੇ ਨੂੰ ਮਾਫ਼ ਕਰਨ ਲਈ ਹਮੇਸ਼ਾ ਤਿਆਰ ਰਹਿੰਦੇ ਹਨ।” (1 ਪਤ. 4:8) “ਪਿਆਰ ਕਦੇ ਖ਼ਤਮ ਨਹੀਂ ਹੁੰਦਾ।” (1 ਕੁਰਿੰ. 13:8) ਇਨ੍ਹਾਂ ਅਤੇ ਇੱਦਾਂ ਦੀਆਂ ਹੋਰ ਆਇਤਾਂ ਤੋਂ ਸਾਫ਼ ਪਤਾ ਲੱਗਦਾ ਹੈ ਕਿ ਪਿਆਰ ਦੇ ਇਸ ਖ਼ੂਬਸੂਰਤ ਗੁਣ ਨੂੰ ਪੈਦਾ ਕਰਨਾ ਅਤੇ ਦੂਜਿਆਂ ਲਈ ਪਿਆਰ ਜ਼ਾਹਰ ਕਰਨਾ ਕਿੰਨਾ ਜ਼ਰੂਰੀ ਹੈ।

7. ਸ਼ੈਤਾਨ ਇਕ ਅਜਿਹਾ ਸੰਗਠਨ ਕਿਉਂ ਨਹੀਂ ਬਣਾ ਸਕਦਾ ਜਿਸ ਦੇ ਲੋਕਾਂ ਵਿਚ ਸੱਚਾ ਪਿਆਰ ਅਤੇ ਏਕਤਾ ਹੋਵੇ?

7 ਬਹੁਤ ਸਾਰੇ ਲੋਕ ਕਹਿੰਦੇ ਹਨ ਕਿ ‘ਅੱਜ ਸਾਰੇ ਧਰਮ ਸੱਚਾਈ ਸਿਖਾਉਣ ਦਾ ਦਾਅਵਾ ਕਰਦੇ ਹਨ। ਪਰ ਪਰਮੇਸ਼ੁਰ ਬਾਰੇ ਉਨ੍ਹਾਂ ਦੀ ਸਿੱਖਿਆ ਵੱਖੋ-ਵੱਖਰੀ ਹੁੰਦੀ ਹੈ। ਫਿਰ ਇਹ ਕਿਵੇਂ ਪਤਾ ਲੱਗੇਗਾ ਕਿ ਕਿਹੜਾ ਧਰਮ ਸੱਚਾ ਹੈ?’ ਸ਼ੈਤਾਨ ਨੇ ਇੰਨੇ ਸਾਰੇ ਝੂਠੇ ਧਰਮ ਬਣਾਏ ਹਨ ਕਿ ਲੋਕਾਂ ਨੂੰ ਸਮਝ ਹੀ ਨਹੀਂ ਲੱਗਦੀ ਕਿ ਸੱਚਾ ਧਰਮ ਕਿਹੜਾ ਹੈ। ਪਰ ਸ਼ੈਤਾਨ ਕਦੇ ਵੀ ਇੱਦਾਂ ਦਾ ਕੋਈ ਸੰਗਠਨ ਨਹੀਂ ਬਣਾ ਸਕਦਾ ਜਿਸ ਦੇ ਲੋਕ ਪੂਰੀ ਦੁਨੀਆਂ ਵਿਚ ਹੋਣ ਅਤੇ ਉਨ੍ਹਾਂ ਵਿਚ ਸੱਚਾ ਪਿਆਰ ਹੋਵੇ। ਇੱਦਾਂ ਸਿਰਫ਼ ਯਹੋਵਾਹ ਹੀ ਕਰ ਸਕਦਾ ਹੈ ਕਿਉਂਕਿ ਸੱਚਾ ਪਿਆਰ ਪਰਮੇਸ਼ੁਰ ਤੋਂ ਹੈ। ਨਾਲੇ ਜਿਨ੍ਹਾਂ ʼਤੇ ਉਸ ਦੀ ਪਵਿੱਤਰ ਸ਼ਕਤੀ ਅਤੇ ਬਰਕਤ ਹੁੰਦੀ ਹੈ, ਸਿਰਫ਼ ਉਨ੍ਹਾਂ ਵਿਚ ਹੀ ਸੱਚਾ ਪਿਆਰ ਹੁੰਦਾ ਹੈ। (1 ਯੂਹੰ. 4:7) ਇਸੇ ਕਰਕੇ ਯਿਸੂ ਨੇ ਕਿਹਾ ਸੀ ਕਿ ਉਸ ਦੇ ਚੇਲਿਆਂ ਦੀ ਪਛਾਣ ਸੱਚੇ ਪਿਆਰ ਤੋਂ ਹੋਵੇਗੀ।

8-9. ਯਹੋਵਾਹ ਦੇ ਗਵਾਹਾਂ ਵਿਚ ਪਿਆਰ ਦੇਖ ਕੇ ਬਹੁਤ ਸਾਰੇ ਲੋਕਾਂ ਨੂੰ ਕਿੱਦਾਂ ਲੱਗਾ?

8 ਜਿੱਦਾਂ ਯਿਸੂ ਨੇ ਦੱਸਿਆ ਸੀ, ਬਹੁਤ ਸਾਰੇ ਲੋਕ ਉਸ ਦੇ ਸੱਚੇ ਚੇਲਿਆਂ ਨੂੰ ਉਨ੍ਹਾਂ ਦੇ ਸੱਚੇ ਪਿਆਰ ਕਰਕੇ ਪਛਾਣਦੇ ਹਨ। ਉਦਾਹਰਣ ਲਈ, ਭਰਾ ਈਅਨ ਨੂੰ ਯਾਦ ਹੈ ਕਿ ਉਹ ਪਹਿਲੀ ਵਾਰ ਵੱਡੇ ਸੰਮੇਲਨ ਲਈ ਆਪਣੇ ਘਰ ਦੇ ਨੇੜੇ ਦੇ ਸਟੇਡੀਅਮ ਵਿਚ ਗਿਆ ਸੀ। ਈਅਨ ਕੁਝ ਮਹੀਨੇ ਪਹਿਲਾਂ ਇਸੇ ਸਟੇਡੀਅਮ ਵਿਚ ਮੈਚ ਦੇਖਣ ਗਿਆ ਸੀ। ਉਹ ਦੱਸਦਾ ਹੈ: “ਇਸ ਸੰਮੇਲਨ ਦਾ ਮਾਹੌਲ ਮੈਚ ਤੋਂ ਬਿਲਕੁਲ ਵੱਖਰਾ ਸੀ। ਗਵਾਹ ਬੜੇ ਪਿਆਰ ਨਾਲ ਇਕ-ਦੂਜੇ ਨੂੰ ਮਿਲ ਰਹੇ ਸਨ, ਉਨ੍ਹਾਂ ਨੇ ਸਲੀਕੇਦਾਰ ਕੱਪੜੇ ਪਾਏ ਸਨ ਅਤੇ ਉਨ੍ਹਾਂ ਦੇ ਬੱਚੇ ਆਦਰ ਨਾਲ ਪੇਸ਼ ਆ ਰਹੇ ਸਨ।” ਉਹ ਅੱਗੇ ਦੱਸਦਾ ਹੈ: “ਸਭ ਤੋਂ ਵਧੀਆ ਗੱਲ ਇਹ ਸੀ ਕਿ ਇਹ ਲੋਕ ਖ਼ੁਸ਼ ਤੇ ਸੰਤੁਸ਼ਟ ਸਨ ਜਿਸ ਵਾਸਤੇ ਮੈਂ ਤਰਸਦਾ ਸੀ। ਮੈਨੂੰ ਉਸ ਦਿਨ ਦਾ ਕੋਈ ਭਾਸ਼ਣ ਤਾਂ ਯਾਦ ਨਹੀਂ, ਪਰ ਗਵਾਹਾਂ ਦਾ ਚਾਲ-ਚਲਣ ਮੇਰੇ ʼਤੇ ਗਹਿਰੀ ਛਾਪ ਛੱਡ ਗਿਆ।” c ਬਿਨਾਂ ਸ਼ੱਕ, ਅਸੀਂ ਇਸ ਤਰ੍ਹਾਂ ਇਸ ਕਰਕੇ ਪੇਸ਼ ਆਉਂਦੇ ਹਾਂ ਕਿਉਂਕਿ ਅਸੀਂ ਇਕ-ਦੂਜੇ ਨੂੰ ਸੱਚਾ ਪਿਆਰ ਕਰਦੇ ਹਾਂ। ਨਾਲੇ ਇਸੇ ਪਿਆਰ ਕਰਕੇ ਅਸੀਂ ਆਪਣੇ ਭੈਣਾਂ-ਭਰਾਵਾਂ ਦੀ ਇੱਜ਼ਤ ਕਰਦੇ ਹਾਂ ਅਤੇ ਉਨ੍ਹਾਂ ਦੀ ਪਰਵਾਹ ਕਰਦੇ ਹਾਂ।

9 ਭਰਾ ਜੌਨ ਨਾਲ ਵੀ ਇੱਦਾਂ ਹੀ ਹੋਇਆ ਜਦੋਂ ਉਸ ਨੇ ਮੰਡਲੀ ਦੀਆਂ ਮੀਟਿੰਗਾਂ ਵਿਚ ਜਾਣਾ ਸ਼ੁਰੂ ਕੀਤਾ। ਉਹ ਕਹਿੰਦਾ ਹੈ: ‘ਉੱਥੇ ਸਾਰੇ ਇਕ-ਦੂਜੇ ਨਾਲ ਬਹੁਤ ਵਧੀਆ ਢੰਗ ਨਾਲ ਗੱਲ ਕਰ ਰਹੇ ਸਨ। ਉਨ੍ਹਾਂ ਨੂੰ ਦੇਖ ਕੇ ਮੈਂ ਹੈਰਾਨ ਰਹਿ ਗਿਆ! ਇੱਦਾਂ ਲੱਗ ਰਿਹਾ ਸੀ ਜਿੱਦਾਂ ਇਹ ਲੋਕ ਕਿਸੇ ਹੋਰ ਹੀ ਦੁਨੀਆਂ ਦੇ ਹਨ। ਉਨ੍ਹਾਂ ਵਿਚ ਜੋ ਪਿਆਰ ਸੀ, ਉਹ ਦੇਖ ਕੇ ਮੈਨੂੰ ਯਕੀਨ ਹੋ ਗਿਆ ਕਿ ਇਹੀ ਸੱਚਾ ਧਰਮ ਹੈ।’ d ਇਨ੍ਹਾਂ ਅਤੇ ਹੋਰ ਬਹੁਤ ਸਾਰੇ ਤਜਰਬਿਆਂ ਤੋਂ ਇਹ ਸਾਬਤ ਹੁੰਦਾ ਹੈ ਕਿ ਯਹੋਵਾਹ ਦੇ ਲੋਕ ਹੀ ਸੱਚੇ ਮਸੀਹੀ ਹਨ।

10. ਖ਼ਾਸ ਕਰਕੇ ਸਾਡੇ ਕੋਲ ਕਦੋਂ ਸੱਚਾ ਪਿਆਰ ਦਿਖਾਉਣ ਦਾ ਮੌਕਾ ਹੁੰਦਾ ਹੈ? (ਫੁਟਨੋਟ ਵੀ ਦੇਖੋ।)

10 ਜਿੱਦਾਂ ਅਸੀਂ ਇਸ ਲੇਖ ਦੇ ਸ਼ੁਰੂ ਵਿਚ ਚਰਚਾ ਕੀਤੀ ਸੀ, ਸਾਡੇ ਵਿੱਚੋਂ ਕੋਈ ਵੀ ਮੁਕੰਮਲ ਨਹੀਂ ਹੈ। ਇਸ ਲਈ ਕਈ ਵਾਰ ਸਾਡੇ ਭੈਣ-ਭਰਾ ਕੁਝ ਇੱਦਾਂ ਦਾ ਕਹਿ ਜਾਂ ਕਰ ਦਿੰਦੇ ਹਨ ਜਿਸ ਕਰਕੇ ਸਾਨੂੰ ਬੁਰਾ ਲੱਗਦਾ ਹੈ। e (ਯਾਕੂ. 3:2) ਪਰ ਉਦੋਂ ਖ਼ਾਸ ਕਰਕੇ ਅਸੀਂ ਜਿਸ ਤਰੀਕੇ ਨਾਲ ਪੇਸ਼ ਆਉਂਦੇ ਹਾਂ, ਉਸ ਤੋਂ ਅਸੀਂ ਦਿਖਾ ਸਕਦੇ ਹਾਂ ਕਿ ਅਸੀਂ ਉਨ੍ਹਾਂ ਨਾਲ ਸੱਚਾ ਪਿਆਰ ਕਰਦੇ ਹਾਂ। ਇਸ ਮਾਮਲੇ ਵਿਚ ਅਸੀਂ ਯਿਸੂ ਤੋਂ ਕੀ ਸਿੱਖ ਸਕਦੇ ਹਾਂ?​—ਯੂਹੰ. 13:15.

ਯਿਸੂ ਨੇ ਆਪਣੇ ਰਸੂਲਾਂ ਨੂੰ ਪਿਆਰ ਕਿਵੇਂ ਦਿਖਾਇਆ?

ਰਸੂਲਾਂ ਦੀਆਂ ਗ਼ਲਤੀਆਂ ਦੇ ਬਾਵਜੂਦ ਵੀ ਯਿਸੂ ਉਨ੍ਹਾਂ ਨਾਲ ਪਿਆਰ ਨਾਲ ਪੇਸ਼ ਆਇਆ (ਪੈਰੇ 11-13 ਦੇਖੋ)

11. ਯਾਕੂਬ ਅਤੇ ਯੂਹੰਨਾ ਵਿਚ ਕਿਹੜੀਆਂ ਕਮੀਆਂ-ਕਮਜ਼ੋਰੀਆਂ ਸਨ? (ਤਸਵੀਰ ਵੀ ਦੇਖੋ।)

11 ਯਿਸੂ ਜਾਣਦਾ ਸੀ ਕਿ ਉਸ ਦੇ ਚੇਲੇ ਨਾਮੁਕੰਮਲ ਹਨ। ਇਸ ਲਈ ਉਸ ਨੇ ਆਪਣੇ ਚੇਲਿਆਂ ਤੋਂ ਇਹ ਉਮੀਦ ਨਹੀਂ ਕੀਤੀ ਕਿ ਉਹ ਕਦੇ ਵੀ ਕੋਈ ਗ਼ਲਤੀ ਨਹੀਂ ਕਰਨਗੇ। ਇਸ ਦੀ ਬਜਾਇ, ਉਸ ਨੇ ਪਿਆਰ ਨਾਲ ਉਨ੍ਹਾਂ ਦੀ ਮਦਦ ਕੀਤੀ ਤਾਂਕਿ ਉਹ ਆਪਣੀਆਂ ਕਮੀਆਂ-ਕਮਜ਼ੋਰੀਆਂ ʼਤੇ ਕਾਬੂ ਪਾ ਸਕਣ ਅਤੇ ਯਹੋਵਾਹ ਦੀ ਮਨਜ਼ੂਰੀ ਪਾ ਸਕਣ। ਇਕ ਮੌਕੇ ʼਤੇ ਯਿਸੂ ਦੇ ਦੋ ਰਸੂਲਾਂ ਯਾਕੂਬ ਅਤੇ ਯੂਹੰਨਾ ਨੇ ਆਪਣੀ ਮਾਂ ਨੂੰ ਉਸ ਕੋਲ ਇਹ ਕਹਿਣ ਲਈ ਭੇਜਿਆ ਕਿ ਉਹ ਉਨ੍ਹਾਂ ਦੋਹਾਂ ਨੂੰ ਆਪਣੇ ਰਾਜ ਵਿਚ ਉੱਚੀ ਪਦਵੀ ਦੇਵੇ। (ਮੱਤੀ 20:20, 21) ਇਸ ਤਰ੍ਹਾਂ ਯਾਕੂਬ ਅਤੇ ਯੂਹੰਨਾ ਨੇ ਦਿਖਾਇਆ ਕਿ ਉਹ ਘਮੰਡੀ ਸਨ ਅਤੇ ਦੂਜਿਆਂ ਨਾਲੋਂ ਵੱਡੇ ਬਣਨਾ ਚਾਹੁੰਦੇ ਸਨ।​—ਕਹਾ. 16:18.

12. ਕੀ ਸਿਰਫ਼ ਯਾਕੂਬ ਤੇ ਯੂਹੰਨਾ ਨੇ ਦਿਖਾਇਆ ਕਿ ਉਨ੍ਹਾਂ ਵਿਚ ਕਮੀਆਂ-ਕਮਜ਼ੋਰੀਆਂ ਸਨ? ਸਮਝਾਓ।

12 ਇੱਦਾਂ ਨਹੀਂ ਸੀ ਕਿ ਇਸ ਮੌਕੇ ʼਤੇ ਸਿਰਫ਼ ਯਾਕੂਬ ਤੇ ਯੂਹੰਨਾ ਨੇ ਹੀ ਦਿਖਾਇਆ ਕਿ ਉਨ੍ਹਾਂ ਵਿਚ ਕਮੀਆਂ-ਕਮਜ਼ੋਰੀਆਂ ਸਨ। ਜ਼ਰਾ ਗੌਰ ਕਰੋ ਕਿ ਬਾਕੀ ਰਸੂਲਾਂ ਨੇ ਕੀ ਕੀਤਾ: “ਜਦੋਂ ਬਾਕੀ ਦਸਾਂ ਚੇਲਿਆਂ ਨੂੰ ਇਸ ਗੱਲ ਬਾਰੇ ਪਤਾ ਲੱਗਾ, ਤਾਂ ਉਹ ਦੋਹਾਂ ਭਰਾਵਾਂ ʼਤੇ ਬਹੁਤ ਗੁੱਸੇ ਹੋਏ।” (ਮੱਤੀ 20:24) ਅਸੀਂ ਕਲਪਨਾ ਕਰ ਸਕਦੇ ਹਾਂ ਕਿ ਯਾਕੂਬ, ਯੂਹੰਨਾ ਅਤੇ ਬਾਕੀ ਰਸੂਲਾਂ ਵਿਚ ਕਿੰਨੀ ਜ਼ਿਆਦਾ ਬਹਿਸ ਹੋਈ ਹੋਣੀ। ਸ਼ਾਇਦ ਬਾਕੀ ਰਸੂਲਾਂ ਨੇ ਕਿਹਾ ਹੋਣਾ: ‘ਤੁਹਾਨੂੰ ਕੀ ਲੱਗਦਾ ਹੈ, ਤੁਸੀਂ ਸਾਡੇ ਨਾਲੋਂ ਜ਼ਿਆਦਾ ਕਾਬਲ ਹੋ? ਸਿਰਫ਼ ਤੁਸੀਂ ਦੋਹਾਂ ਨੇ ਹੀ ਯਿਸੂ ਨਾਲ ਮਿਲ ਕੇ ਮਿਹਨਤ ਕੀਤੀ ਹੈ? ਅਸੀਂ ਕੁਝ ਨਹੀਂ ਕੀਤਾ? ਕੀ ਅਸੀਂ ਉੱਚੀ ਪਦਵੀ ਪਾਉਣ ਦੇ ਲਾਇਕ ਨਹੀਂ ਹਾਂ?’ ਉਨ੍ਹਾਂ ਰਸੂਲਾਂ ਨੇ ਚਾਹੇ ਜੋ ਵੀ ਕਿਹਾ ਹੋਵੇ, ਪਰ ਉਸ ਮੌਕੇ ʼਤੇ ਉਹ ਭੁੱਲ ਗਏ ਕਿ ਉਨ੍ਹਾਂ ਨੂੰ ਹਮੇਸ਼ਾ ਇਕ-ਦੂਜੇ ਨਾਲ ਪਿਆਰ ਕਰਨਾ ਚਾਹੀਦਾ ਹੈ।

13. ਰਸੂਲਾਂ ਦੀਆਂ ਕਮੀਆਂ-ਕਮਜ਼ੋਰੀਆਂ ਦੇ ਬਾਵਜੂਦ ਵੀ ਯਿਸੂ ਉਨ੍ਹਾਂ ਨਾਲ ਕਿਵੇਂ ਪੇਸ਼ ਆਇਆ? (ਮੱਤੀ 20:25-28)

13 ਇਸ ਮੌਕੇ ʼਤੇ ਯਿਸੂ ਨੇ ਕੀ ਕੀਤਾ? ਉਹ ਰਸੂਲਾਂ ʼਤੇ ਗੁੱਸੇ ਨਹੀਂ ਹੋਇਆ। ਉਸ ਨੇ ਇਹ ਨਹੀਂ ਕਿਹਾ ਕਿ ਉਹ ਉਨ੍ਹਾਂ ਨਾਲੋਂ ਵਧੀਆ ਰਸੂਲ ਲੱਭੇਗਾ ਜੋ ਹੋਰ ਵੀ ਜ਼ਿਆਦਾ ਨਿਮਰ ਹੋਣ ਅਤੇ ਹਮੇਸ਼ਾ ਇਕ-ਦੂਜੇ ਨਾਲ ਪਿਆਰ ਨਾਲ ਪੇਸ਼ ਆਉਣ। ਇਸ ਦੀ ਬਜਾਇ, ਯਿਸੂ ਨੇ ਉਨ੍ਹਾਂ ਨਾਲ ਧੀਰਜ ਰੱਖਿਆ ਅਤੇ ਉਨ੍ਹਾਂ ਨੂੰ ਪਿਆਰ ਨਾਲ ਸਮਝਾਇਆ ਕਿਉਂਕਿ ਉਹ ਜਾਣਦਾ ਸੀ ਕਿ ਉਨ੍ਹਾਂ ਦਾ ਦਿਲ ਸਾਫ਼ ਹੈ। (ਮੱਤੀ 20:25-28 ਪੜ੍ਹੋ।) ਰਸੂਲਾਂ ਵਿਚ ਪਹਿਲੀ ਵਾਰ ਇਸ ਗੱਲ ʼਤੇ ਬਹਿਸ ਨਹੀਂ ਹੋਈ ਸੀ ਕਿ ਉਨ੍ਹਾਂ ਵਿੱਚੋਂ ਸਭ ਤੋਂ ਵੱਡਾ ਕੌਣ ਹੈ, ਸਗੋਂ ਇਸ ਮੌਕੇ ਤੋਂ ਬਾਅਦ ਵੀ ਕਈ ਵਾਰ ਉਨ੍ਹਾਂ ਵਿਚ ਇਸ ਗੱਲ ʼਤੇ ਬਹਿਸ ਹੋਈ। ਫਿਰ ਵੀ ਯਿਸੂ ਹਮੇਸ਼ਾ ਉਨ੍ਹਾਂ ਨਾਲ ਪਿਆਰ ਨਾਲ ਪੇਸ਼ ਆਇਆ।​—ਮਰ. 9:34; ਲੂਕਾ 22:24.

14. ਯਿਸੂ ਦੇ ਰਸੂਲ ਕਿੱਦਾਂ ਦੇ ਮਾਹੌਲ ਵਿਚ ਜੰਮੇ-ਪਲ਼ੇ ਸਨ?

14 ਬਿਨਾਂ ਸ਼ੱਕ, ਯਿਸੂ ਨੇ ਰਸੂਲਾਂ ਦੇ ਪਿਛੋਕੜ ਨੂੰ ਧਿਆਨ ਵਿਚ ਰੱਖਿਆ ਹੋਣਾ। (ਯੂਹੰ. 2:24, 25) ਰਸੂਲ ਅਜਿਹੇ ਮਾਹੌਲ ਵਿਚ ਜੰਮੇ-ਪਲ਼ੇ ਸਨ ਜਿੱਥੇ ਧਾਰਮਿਕ ਆਗੂ ਰੁਤਬੇ ਅਤੇ ਪਦਵੀ ਨੂੰ ਬਹੁਤ ਅਹਿਮੀਅਤ ਦਿੰਦੇ ਸਨ। (ਮੱਤੀ 23:6; ਹਿੰਦੀ ਦੀ ਅਧਿਐਨ ਬਾਈਬਲ ਵਿਚ ਇਸ ਆਇਤ ਨਾਲ ਦਿੱਤੇ ਸਟੱਡੀ ਨੋਟ ਵਿਚ ਸਭਾ ਘਰ ਵਿਚ ਸਭ ਤੋਂ ਅੱਗੇ ਦੀ ਜਗ੍ਹਾ ਨਾਂ ਦੀ ਵੀਡੀਓ ਨਾਲ ਤੁਲਨਾ ਕਰੋ।) ਧਾਰਮਿਕ ਆਗੂ ਆਪਣੇ ਆਪ ਨੂੰ ਬਹੁਤ ਜ਼ਿਆਦਾ ਧਰਮੀ ਸਮਝਦੇ ਸਨ। f (ਲੂਕਾ 18:9-12) ਯਿਸੂ ਨੇ ਇਸ ਗੱਲ ਨੂੰ ਸਮਝਿਆ ਕਿ ਜਦੋਂ ਆਲੇ-ਦੁਆਲੇ ਦੇ ਲੋਕ ਇੱਦਾਂ ਦੇ ਹੋਣ, ਤਾਂ ਉਨ੍ਹਾਂ ਦਾ ਅਸਰ ਚੇਲਿਆਂ ʼਤੇ ਵੀ ਪਿਆ ਹੋਣਾ। ਇਸ ਕਰਕੇ ਉਸ ਦੇ ਚੇਲੇ ਵੀ ਥੋੜ੍ਹਾ-ਬਹੁਤਾ ਉਨ੍ਹਾਂ ਵਾਂਗ ਸੋਚਣ ਲੱਗ ਪਏ ਹੋਣੇ। (ਕਹਾ. 19:11) ਇਸ ਲਈ ਯਿਸੂ ਨੇ ਆਪਣੇ ਚੇਲਿਆਂ ਤੋਂ ਹੱਦੋਂ ਵੱਧ ਉਮੀਦ ਨਹੀਂ ਕੀਤੀ। ਇਸ ਤੋਂ ਇਲਾਵਾ, ਜਦੋਂ ਉਨ੍ਹਾਂ ਤੋਂ ਕੋਈ ਗ਼ਲਤੀ ਹੋ ਜਾਂਦੀ ਸੀ, ਤਾਂ ਉਹ ਉਨ੍ਹਾਂ ʼਤੇ ਭੜਕਦਾ ਨਹੀਂ ਸੀ, ਸਗੋਂ ਉਨ੍ਹਾਂ ਨਾਲ ਧੀਰਜ ਰੱਖਦਾ ਸੀ। ਉਹ ਜਾਣਦਾ ਸੀ ਕਿ ਉਨ੍ਹਾਂ ਦਾ ਦਿਲ ਸਾਫ਼ ਹੈ ਅਤੇ ਉਹ ਸਹੀ ਕੰਮ ਕਰਨੇ ਚਾਹੁੰਦੇ ਹਨ। ਇਸ ਲਈ ਉਸ ਨੇ ਉਨ੍ਹਾਂ ਨੂੰ ਸਿਖਾਇਆ ਕਿ ਉਹ ਘਮੰਡੀ ਨਾ ਬਣਨ ਅਤੇ ਨਾ ਹੀ ਇਕ-ਦੂਜੇ ਤੋਂ ਵੱਡਾ ਬਣਨ ਦੀ ਕੋਸ਼ਿਸ਼ ਕਰਨ, ਸਗੋਂ ਹੋਰ ਵੀ ਨਿਮਰ ਬਣਨ ਅਤੇ ਸਾਰਿਆਂ ਨਾਲ ਪਿਆਰ ਕਰਨ।

ਅਸੀਂ ਯਿਸੂ ਦੀ ਮਿਸਾਲ ʼਤੇ ਕਿਵੇਂ ਚੱਲ ਸਕਦੇ ਹਾਂ?

15. ਅਸੀਂ ਯਾਕੂਬ ਅਤੇ ਯੂਹੰਨਾ ਦੇ ਬਿਰਤਾਂਤ ਤੋਂ ਕੀ ਸਿੱਖ ਸਕਦੇ ਹਾਂ?

15 ਯਾਕੂਬ ਅਤੇ ਯੂਹੰਨਾ ਦੇ ਬਿਰਤਾਂਤ ਤੋਂ ਅਸੀਂ ਬਹੁਤ ਕੁਝ ਸਿੱਖ ਸਕਦੇ ਹਾਂ। ਉਨ੍ਹਾਂ ਨੇ ਪਰਮੇਸ਼ੁਰ ਦੇ ਰਾਜ ਵਿਚ ਉੱਚੀ ਪਦਵੀ ਮੰਗ ਕੇ ਸਹੀ ਨਹੀਂ ਕੀਤਾ। ਪਰ ਬਾਕੀ ਰਸੂਲਾਂ ਦੀ ਵੀ ਗ਼ਲਤੀ ਸੀ ਕਿ ਉਨ੍ਹਾਂ ਨੇ ਏਕਤਾ ਬਣਾਈ ਰੱਖਣ ਦੀ ਕੋਸ਼ਿਸ਼ ਨਹੀਂ ਕੀਤੀ। ਫਿਰ ਵੀ ਯਿਸੂ ਨੇ ਆਪਣੇ 12 ਰਸੂਲਾਂ ਲਈ ਪਿਆਰ ਅਤੇ ਪਰਵਾਹ ਦਿਖਾਈ। ਇਸ ਤੋਂ ਅਸੀਂ ਕੀ ਸਿੱਖਦੇ ਹਾਂ? ਸਿਰਫ਼ ਇਹ ਗੱਲ ਮਾਅਨੇ ਨਹੀਂ ਰੱਖਦੀ ਕਿ ਦੂਜੇ ਕੀ ਕਰਦੇ, ਸਗੋਂ ਇਹ ਗੱਲ ਵੀ ਮਾਅਨੇ ਰੱਖਦੀ ਹੈ ਕਿ ਦੂਜਿਆਂ ਦੀਆਂ ਗ਼ਲਤੀਆਂ ਅਤੇ ਕਮੀਆਂ-ਕਮਜ਼ੋਰੀਆਂ ਕਰਕੇ ਅਸੀਂ ਕਿਵੇਂ ਪੇਸ਼ ਆਉਂਦੇ ਹਾਂ। ਕਿਹੜੀ ਗੱਲ ਸਾਡੀ ਮਦਦ ਕਰ ਸਕਦੀ ਹੈ? ਜਦੋਂ ਅਸੀਂ ਕਿਸੇ ਭੈਣ ਜਾਂ ਭਰਾ ਨਾਲ ਨਾਰਾਜ਼ ਹੁੰਦੇ ਹਾਂ, ਤਾਂ ਅਸੀਂ ਆਪਣੇ ਆਪ ਤੋਂ ਪੁੱਛ ਸਕਦੇ ਹਾਂ: ‘ਮੈਨੂੰ ਉਸ ਦੀ ਗੱਲ ਦਾ ਇੰਨਾ ਬੁਰਾ ਕਿਉਂ ਲੱਗ ਰਿਹਾ ਹੈ? ਕਿਤੇ ਇੱਦਾਂ ਤਾਂ ਨਹੀਂ ਮੇਰੇ ਵਿਚ ਹੀ ਕੋਈ ਕਮੀ ਹੈ ਅਤੇ ਮੈਨੂੰ ਆਪਣੇ ਵਿਚ ਸੁਧਾਰ ਕਰਨ ਦੀ ਲੋੜ ਹੈ? ਕਿਤੇ ਉਹ ਭੈਣ-ਭਰਾ ਕਿਸੇ ਮੁਸ਼ਕਲ ਵਿੱਚੋਂ ਤਾਂ ਨਹੀਂ ਲੰਘ ਰਿਹਾ? ਚਾਹੇ ਕਿ ਮੈਨੂੰ ਲੱਗਦਾ ਕਿ ਮੇਰੇ ਕੋਲ ਗੁੱਸੇ ਹੋਣ ਦਾ ਜਾਇਜ਼ ਕਾਰਨ ਹੈ, ਫਿਰ ਵੀ ਕੀ ਪਿਆਰ ਦੀ ਖ਼ਾਤਰ ਮੈਂ ਉਸ ਨੂੰ ਮਾਫ਼ ਕਰ ਸਕਦਾ ਹਾਂ?’ ਅਸੀਂ ਜਿੰਨਾ ਜ਼ਿਆਦਾ ਦੂਜਿਆਂ ਨਾਲ ਪਿਆਰ ਨਾਲ ਪੇਸ਼ ਆਵਾਂਗੇ, ਉੱਨਾ ਜ਼ਿਆਦਾ ਅਸੀਂ ਆਪਣੇ ਆਪ ਨੂੰ ਯਿਸੂ ਦੇ ਸੱਚੇ ਚੇਲੇ ਸਾਬਤ ਕਰਾਂਗੇ।

16. ਅਸੀਂ ਯਿਸੂ ਦੀ ਮਿਸਾਲ ਤੋਂ ਹੋਰ ਕੀ ਸਿੱਖ ਸਕਦੇ ਹਾਂ?

16 ਯਿਸੂ ਦੀ ਮਿਸਾਲ ਤੋਂ ਅਸੀਂ ਇਹ ਵੀ ਸਿੱਖਦੇ ਹਾਂ ਕਿ ਸਾਨੂੰ ਆਪਣੇ ਭੈਣਾਂ-ਭਰਾਵਾਂ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। (ਕਹਾ. 20:5) ਮੰਨਿਆ ਕਿ ਅਸੀਂ ਯਿਸੂ ਵਾਂਗ ਲੋਕਾਂ ਦਾ ਦਿਲ ਤਾਂ ਨਹੀਂ ਪੜ੍ਹ ਸਕਦੇ, ਪਰ ਉਨ੍ਹਾਂ ਦੀਆਂ ਕਮੀਆਂ-ਕਮਜ਼ੋਰੀਆਂ ਕਰਕੇ ਖਿਝਣ ਦੀ ਬਜਾਇ ਸਾਨੂੰ ਉਨ੍ਹਾਂ ਨਾਲ ਧੀਰਜ ਨਾਲ ਪੇਸ਼ ਆਉਣਾ ਚਾਹੀਦਾ ਹੈ। (ਅਫ਼. 4:1, 2; 1 ਪਤ. 3:8) ਜੇ ਅਸੀਂ ਆਪਣੇ ਭੈਣਾਂ-ਭਰਾਵਾਂ ਦੇ ਪਿਛੋਕੜ ਨੂੰ ਚੰਗੀ ਤਰ੍ਹਾਂ ਜਾਣਾਂਗੇ, ਤਾਂ ਸਾਡੇ ਲਈ ਇੱਦਾਂ ਕਰਨਾ ਹੋਰ ਵੀ ਸੌਖਾ ਹੋ ਜਾਵੇਗਾ। ਆਓ ਇਕ ਉਦਾਹਰਣ ʼਤੇ ਗੌਰ ਕਰੀਏ।

17. ਜਦੋਂ ਇਕ ਸਰਕਟ ਓਵਰਸੀਅਰ ਨੇ ਇਕ ਭਰਾ ਨੂੰ ਹੋਰ ਚੰਗੀ ਤਰ੍ਹਾਂ ਜਾਣਿਆ, ਤਾਂ ਕੀ ਹੋਇਆ?

17 ਪੂਰਬੀ ਅਫ਼ਰੀਕਾ ਵਿਚ ਸੇਵਾ ਕਰਨ ਵਾਲਾ ਇਕ ਸਰਕਟ ਓਵਰਸੀਅਰ ਇਕ ਮੰਡਲੀ ਦੇ ਇਕ ਭਰਾ ਨੂੰ ਮਿਲਿਆ। ਉਸ ਨੂੰ ਲੱਗਾ ਕਿ ਉਸ ਭਰਾ ਦਾ ਸੁਭਾਅ ਬੜਾ ਰੁੱਖਾ ਹੈ। ਉਹ ਸਰਕਟ ਓਵਰਸੀਅਰ ਕਹਿੰਦਾ ਹੈ: “ਉਸ ਭਰਾ ਤੋਂ ਦੂਰ ਰਹਿਣ ਦੀ ਬਜਾਇ ਮੈਂ ਉਸ ਨੂੰ ਹੋਰ ਚੰਗੀ ਤਰ੍ਹਾਂ ਜਾਣਨ ਦਾ ਫ਼ੈਸਲਾ ਕੀਤਾ।” ਇੱਦਾਂ ਕਰਨ ਨਾਲ ਸਰਕਟ ਓਵਰਸੀਅਰ ਜਾਣ ਸਕਿਆ ਕਿ ਉਹ ਭਰਾ ਜਿਸ ਮਾਹੌਲ ਵਿਚ ਜੰਮਿਆ-ਪਲ਼ਿਆ ਸੀ, ਉਸ ਕਰਕੇ ਉਹ ਇਸ ਤਰ੍ਹਾਂ ਪੇਸ਼ ਆਉਂਦਾ ਸੀ। ਉਹ ਸਰਕਟ ਓਵਰਸੀਅਰ ਅੱਗੇ ਕਹਿੰਦਾ ਹੈ: ‘ਜਦ ਮੈਂ ਸਮਝ ਗਿਆ ਕਿ ਇਸ ਭਰਾ ਨੇ ਕਿੰਨੀ ਮਿਹਨਤ ਕਰ ਕੇ ਸੱਚਾਈ ਵਿਚ ਤਰੱਕੀ ਕੀਤੀ ਸੀ, ਤਾਂ ਮੇਰੀਆਂ ਨਜ਼ਰਾਂ ਵਿਚ ਉਸ ਦੀ ਇੱਜ਼ਤ ਹੋਰ ਵੀ ਵਧ ਗਈ। ਫਿਰ ਅਸੀਂ ਚੰਗੇ ਦੋਸਤ ਬਣ ਗਏ।’ ਸੱਚ-ਮੁੱਚ, ਜਦੋਂ ਅਸੀਂ ਆਪਣੇ ਭੈਣਾਂ-ਭਰਾਵਾਂ ਨੂੰ ਚੰਗੀ ਤਰ੍ਹਾਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ, ਤਾਂ ਸਾਡੇ ਲਈ ਉਨ੍ਹਾਂ ਨਾਲ ਪਿਆਰ ਕਰਨਾ ਹੋਰ ਵੀ ਸੌਖਾ ਹੋ ਜਾਂਦਾ ਹੈ।

18. ਜੇ ਕੋਈ ਭੈਣ ਜਾਂ ਭਰਾ ਸਾਨੂੰ ਠੇਸ ਪਹੁੰਚਾਉਂਦਾ ਹੈ, ਤਾਂ ਅਸੀਂ ਆਪਣੇ ਆਪ ਤੋਂ ਕਿਹੜੇ ਸਵਾਲ ਪੁੱਛ ਸਕਦੇ ਹਾਂ? (ਕਹਾਉਤਾਂ 26:20)

18 ਸ਼ਾਇਦ ਕਈ ਵਾਰ ਸਾਨੂੰ ਲੱਗੇ ਕਿ ਸਾਨੂੰ ਉਸ ਭੈਣ ਜਾਂ ਭਰਾ ਨਾਲ ਗੱਲ ਕਰਨੀ ਚਾਹੀਦੀ ਹੈ ਜਿਸ ਨੇ ਸਾਨੂੰ ਠੇਸ ਪਹੁੰਚਾਈ ਹੈ। ਪਰ ਇੱਦਾਂ ਕਰਨ ਤੋਂ ਪਹਿਲਾਂ ਸਾਨੂੰ ਆਪਣੇ ਆਪ ਤੋਂ ਪੁੱਛਣਾ ਚਾਹੀਦਾ ਹੈ: ‘ਕੀ ਮੈਨੂੰ ਸਾਰੀ ਗੱਲ ਪਤਾ ਹੈ?’ (ਕਹਾ. 18:13) ‘ਕੀ ਇੱਦਾਂ ਹੋ ਸਕਦਾ ਹੈ ਕਿ ਉਸ ਨੇ ਅਣਜਾਣੇ ਵਿਚ ਇਹ ਗ਼ਲਤੀ ਕੀਤੀ ਹੋਵੇ?’ (ਉਪ. 7:20) ‘ਕੀ ਮੇਰੇ ਤੋਂ ਵੀ ਕਦੇ ਇੱਦਾਂ ਦੀ ਗ਼ਲਤੀ ਹੋਈ ਹੈ?’ (ਉਪ. 7:21, 22) ‘ਕੀ ਉਸ ਨਾਲ ਗੱਲ ਕਰ ਕੇ ਮਸਲਾ ਸੁਲਝਣ ਦੀ ਬਜਾਇ ਹੋਰ ਤਾਂ ਨਹੀਂ ਵਿਗੜ ਜਾਵੇਗਾ?’ (ਕਹਾਉਤਾਂ 26:20 ਪੜ੍ਹੋ।) ਜਦੋਂ ਅਸੀਂ ਸਮਾਂ ਕੱਢ ਕੇ ਇਨ੍ਹਾਂ ਸਾਰੇ ਸਵਾਲਾਂ ʼਤੇ ਸੋਚ-ਵਿਚਾਰ ਕਰਾਂਗੇ, ਤਾਂ ਸ਼ਾਇਦ ਅਸੀਂ ਇਸ ਸਿੱਟੇ ʼਤੇ ਪਹੁੰਚੀਏ ਕਿ ਪਿਆਰ ਹੋਣ ਕਰਕੇ ਅਸੀਂ ਆਪਣੇ ਭੈਣਾਂ-ਭਰਾਵਾਂ ਦੀਆਂ ਗ਼ਲਤੀਆਂ ਨੂੰ ਨਜ਼ਰਅੰਦਾਜ਼ ਕਰ ਸਕਦੇ ਹਾਂ।

19. ਤੁਸੀਂ ਕੀ ਕਰਨ ਦਾ ਪੱਕਾ ਇਰਾਦਾ ਕੀਤਾ ਹੈ?

19 ਪੂਰੀ ਦੁਨੀਆਂ ਵਿਚ ਯਹੋਵਾਹ ਦੇ ਗਵਾਹ ਇਕ ਸਮੂਹ ਵਜੋਂ ਸਾਬਤ ਕਰਦੇ ਹਨ ਕਿ ਉਹ ਯਿਸੂ ਦੇ ਸੱਚੇ ਚੇਲੇ ਹਨ। ਪਰ ਸਾਡੇ ਵਿੱਚੋਂ ਹਰ ਇਕ ਜਣਾ ਵੀ ਸਾਬਤ ਕਰ ਸਕਦਾ ਹੈ ਕਿ ਉਹ ਯਿਸੂ ਦਾ ਸੱਚਾ ਚੇਲਾ ਹੈ। ਉਹ ਕਿੱਦਾਂ? ਆਪਣੇ ਭੈਣਾਂ-ਭਰਾਵਾਂ ਦੀਆਂ ਕਮੀਆਂ-ਕਮਜ਼ੋਰੀਆਂ ਦੇ ਬਾਵਜੂਦ ਉਨ੍ਹਾਂ ਨਾਲ ਨਿਰਸੁਆਰਥ ਪਿਆਰ ਕਰ ਕੇ। ਜਦੋਂ ਅਸੀਂ ਇੱਦਾਂ ਕਰਦੇ ਹਾਂ, ਤਾਂ ਦੂਜੇ ਲੋਕ ਵੀ ਪਛਾਣ ਸਕਦੇ ਹਨ ਕਿ ਯਹੋਵਾਹ ਦੇ ਗਵਾਹਾਂ ਦਾ ਧਰਮ ਹੀ ਸੱਚਾ ਹੈ। ਫਿਰ ਸ਼ਾਇਦ ਉਹ ਵੀ ਸਾਡੇ ਨਾਲ ਮਿਲ ਕੇ ਯਹੋਵਾਹ ਦੀ ਭਗਤੀ ਕਰਨ ਲੱਗ ਪੈਣ ਜੋ ਪਿਆਰ ਦਾ ਪਰਮੇਸ਼ੁਰ ਹੈ। ਇਸ ਲਈ ਆਓ ਆਪਾਂ ਪੱਕਾ ਇਰਾਦਾ ਕਰੀਏ ਕਿ ਅਸੀਂ ਇਕ-ਦੂਜੇ ਨੂੰ ਪਿਆਰ ਕਰਦੇ ਰਹਾਂਗੇ ਜੋ ਸੱਚੇ ਮਸੀਹੀਆਂ ਦੀ ਪਛਾਣ ਹੈ।

ਗੀਤ 17 “ਮੈਂ ਚਾਹੁੰਦਾ ਹਾਂ”

a ਬਹੁਤ ਸਾਰੇ ਲੋਕ ਸਾਡੇ ਵਿਚ ਸੱਚਾ ਪਿਆਰ ਦੇਖ ਕੇ ਸੱਚਾਈ ਵੱਲ ਖਿੱਚੇ ਚਲੇ ਆਉਂਦੇ ਹਨ। ਪਰ ਅਸੀਂ ਨਾਮੁਕੰਮਲ ਹਾਂ ਅਤੇ ਸਾਡੇ ਤੋਂ ਵੀ ਗ਼ਲਤੀਆਂ ਹੁੰਦੀਆਂ ਹਨ। ਇਸ ਲਈ ਕਈ ਵਾਰ ਆਪਣੇ ਭੈਣਾਂ-ਭਰਾਵਾਂ ਨਾਲ ਪਿਆਰ ਨਾਲ ਪੇਸ਼ ਆਉਣਾ ਔਖਾ ਲੱਗ ਸਕਦਾ ਹੈ। ਆਓ ਆਪਾਂ ਦੇਖੀਏ ਕਿ ਪਿਆਰ ਇੰਨਾ ਜ਼ਰੂਰੀ ਕਿਉਂ ਹੈ ਅਤੇ ਦੂਜਿਆਂ ਦੀਆਂ ਕਮੀਆਂ-ਕਮਜ਼ੋਰੀਆਂ ਦੇ ਬਾਵਜੂਦ ਵੀ ਅਸੀਂ ਯਿਸੂ ਦੀ ਮਿਸਾਲ ʼਤੇ ਚੱਲ ਕੇ ਉਨ੍ਹਾਂ ਨਾਲ ਪਿਆਰ ਨਾਲ ਕਿਵੇਂ ਪੇਸ਼ ਆ ਸਕਦੇ ਹਾਂ।

e ਇਸ ਲੇਖ ਵਿਚ ਉਨ੍ਹਾਂ ਗੰਭੀਰ ਪਾਪਾਂ ਦੀ ਗੱਲ ਨਹੀਂ ਕੀਤੀ ਗਈ ਜਿਨ੍ਹਾਂ ਬਾਰੇ ਸਾਨੂੰ ਬਜ਼ੁਰਗਾਂ ਨਾਲ ਗੱਲ ਕਰਨ ਦੀ ਲੋੜ ਹੈ, ਜਿਵੇਂ ਕਿ 1 ਕੁਰਿੰਥੀਆਂ 6:9, 10 ਵਿਚ ਦੱਸੇ ਗਏ ਪਾਪ।

f ਇਕ ਕਿਤਾਬ ਤੋਂ ਪਤਾ ਲੱਗਦਾ ਹੈ ਕਿ ਇਸ ਤੋਂ ਕਾਫ਼ੀ ਸਮੇਂ ਬਾਅਦ ਇਕ ਰੱਬੀ ਨੇ ਕਿਹਾ, “ਇਸ ਦੁਨੀਆਂ ਵਿਚ ਅਬਰਾਹਾਮ ਜਿੰਨੇ ਘੱਟੋ-ਘੱਟ 30 ਧਰਮੀ ਬੰਦੇ ਤਾਂ ਹੋਣਗੇ ਹੀ। ਜੇ 30 ਹਨ, ਤਾਂ ਉਨ੍ਹਾਂ ਵਿੱਚੋਂ ਦੋ ਮੈਂ ਤੇ ਮੇਰਾ ਮੁੰਡਾ ਹਾਂ। ਜੇ ਦਸ ਹਨ, ਤਾਂ ਉਨ੍ਹਾਂ ਵਿੱਚੋਂ ਦੋ ਮੈਂ ਤੇ ਮੇਰਾ ਮੁੰਡਾ ਹਾਂ। ਜੇ ਪੰਜ ਹਨ, ਤਾਂ ਉਨ੍ਹਾਂ ਵਿੱਚੋਂ ਦੋ ਮੈਂ ਤੇ ਮੇਰਾ ਮੁੰਡਾ ਹਾਂ। ਜੇ ਦੋ ਹਨ, ਤਾਂ ਉਹ ਦੋ ਮੈਂ ਤੇ ਮੇਰਾ ਮੁੰਡਾ ਹੀ ਹਾਂ। ਜੇ ਇਕ ਹੈ, ਤਾਂ ਉਹ ਮੈਂ ਹਾਂ।”