Skip to content

Skip to table of contents

ਅਧਿਐਨ ਲੇਖ 10

ਤੁਹਾਨੂੰ ਬਪਤਿਸਮਾ ਕਿਉਂ ਲੈਣਾ ਚਾਹੀਦਾ ਹੈ?

ਤੁਹਾਨੂੰ ਬਪਤਿਸਮਾ ਕਿਉਂ ਲੈਣਾ ਚਾਹੀਦਾ ਹੈ?

“ਤੁਸੀਂ ਸਾਰੇ . . . ਬਪਤਿਸਮਾ ਲਓ।”​ਰਸੂ. 2:38.

ਗੀਤ 34 ਵਫ਼ਾ ਦੇ ਰਾਹ ʼਤੇ ਚੱਲੋ

ਖ਼ਾਸ ਗੱਲਾਂ a

1-2. (ੳ) ਜਦੋਂ ਕੋਈ ਬਪਤਿਸਮਾ ਲੈਂਦਾ ਹੈ, ਤਾਂ ਆਮ ਤੌਰ ਤੇ ਕਿਹੋ ਜਿਹਾ ਮਾਹੌਲ ਹੁੰਦਾ ਹੈ? (ਅ) ਇਸ ਲੇਖ ਵਿਚ ਅਸੀਂ ਕਿਹੜੀਆਂ ਗੱਲਾਂ ʼਤੇ ਗੌਰ ਕਰਾਂਗੇ?

 ਕੀ ਤੁਸੀਂ ਕਦੇ ਬਪਤਿਸਮੇ ਦੇ ਉਮੀਦਵਾਰਾਂ ਨੂੰ ਦੇਖਿਆ ਹੈ? ਉਨ੍ਹਾਂ ਦੇ ਬਪਤਿਸਮੇ ਤੋਂ ਪਹਿਲਾਂ ਜਦੋਂ ਉਨ੍ਹਾਂ ਤੋਂ ਦੋ ਸਵਾਲ ਪੁੱਛੇ ਜਾਂਦੇ ਹਨ, ਤਾਂ ਉਹ ਪੂਰੇ ਯਕੀਨ ਨਾਲ ਉੱਚੀ ਆਵਾਜ਼ ਵਿਚ ਜਵਾਬ ਦਿੰਦੇ ਹਨ। ਉਨ੍ਹਾਂ ਦੇ ਘਰਦਿਆਂ ਅਤੇ ਦੋਸਤਾਂ ਨੂੰ ਉਨ੍ਹਾਂ ʼਤੇ ਮਾਣ ਮਹਿਸੂਸ ਹੁੰਦਾ ਹੈ। ਜਦੋਂ ਇਹ ਉਮੀਦਵਾਰ ਪਾਣੀ ਵਿੱਚੋਂ ਬਾਹਰ ਆਉਂਦੇ ਹਨ, ਤਾਂ ਸਾਰੇ ਪਾਸੇ ਤਾੜੀਆਂ ਦੀ ਆਵਾਜ਼ ਸੁਣਾਈ ਦਿੰਦੀ ਹੈ ਤੇ ਉਮੀਦਵਾਰਾਂ ਦੇ ਚਿਹਰਿਆਂ ʼਤੇ ਖ਼ੁਸ਼ੀ ਨਜ਼ਰ ਆਉਂਦੀ ਹੈ। ਬਿਲਕੁਲ ਇਸੇ ਤਰ੍ਹਾਂ ਹਰ ਹਫ਼ਤੇ ਹਜ਼ਾਰਾਂ ਹੀ ਲੋਕ ਯਹੋਵਾਹ ਪਰਮੇਸ਼ੁਰ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰਦੇ ਹਨ ਅਤੇ ਬਪਤਿਸਮਾ ਲੈ ਕੇ ਉਸ ਦੇ ਗਵਾਹ ਬਣ ਜਾਂਦੇ ਹਨ।

2 ਕੀ ਤੁਸੀਂ ਵੀ ਬਪਤਿਸਮਾ ਲੈਣ ਬਾਰੇ ਸੋਚ ਰਹੇ ਹੋ? ਜੇ ਹਾਂ, ਤਾਂ ਤੁਸੀਂ ਇਸ ਦੁਸ਼ਟ ਦੁਨੀਆਂ ਵਿਚ ਬਹੁਤ ਹੀ ਖ਼ਾਸ ਹੋ ਕਿਉਂਕਿ ਤੁਸੀਂ “ਯਹੋਵਾਹ ਦੀ ਭਾਲ” ਕਰਦੇ ਹੋ। (ਜ਼ਬੂ. 14:1, 2) ਇਹ ਲੇਖ ਖ਼ਾਸ ਕਰਕੇ ਤੁਹਾਡੇ ਲਈ ਹੀ ਤਿਆਰ ਕੀਤਾ ਗਿਆ ਹੈ, ਫਿਰ ਚਾਹੇ ਤੁਸੀਂ ਜਵਾਨ ਹੋ ਜਾਂ ਸਿਆਣੀ ਉਮਰ ਦੇ। ਪਰ ਜਿਨ੍ਹਾਂ ਨੇ ਪਹਿਲਾਂ ਹੀ ਬਪਤਿਸਮਾ ਲੈ ਲਿਆ ਹੈ, ਉਨ੍ਹਾਂ ਨੂੰ ਵੀ ਇਸ ਲੇਖ ਤੋਂ ਫ਼ਾਇਦਾ ਹੋਵੇਗਾ। ਇਸ ਨਾਲ ਹਮੇਸ਼ਾ ਤਕ ਯਹੋਵਾਹ ਦੀ ਸੇਵਾ ਕਰਦੇ ਰਹਿਣ ਦਾ ਉਨ੍ਹਾਂ ਦਾ ਇਰਾਦਾ ਹੋਰ ਵੀ ਪੱਕਾ ਹੋਵੇਗਾ। ਤਾਂ ਫਿਰ ਆਓ ਆਪਾਂ ਤਿੰਨ ਮੁੱਖ ਕਾਰਨਾਂ ʼਤੇ ਗੌਰ ਕਰੀਏ ਕਿ ਅਸੀਂ ਕਿਉਂ ਬਪਤਿਸਮਾ ਲੈ ਕੇ ਯਹੋਵਾਹ ਦੀ ਸੇਵਾ ਕਰਨੀ ਚਾਹੁੰਦੇ ਹਾਂ।

ਤੁਸੀਂ ਸੱਚਾਈ ਅਤੇ ਧਾਰਮਿਕਤਾ ਨੂੰ ਪਿਆਰ ਕਰਦੇ ਹੋ

ਸ਼ੈਤਾਨ ਹਜ਼ਾਰਾਂ ਸਾਲਾਂ ਤੋਂ ਯਹੋਵਾਹ ਦਾ ਨਾਂ ਬਦਨਾਮ ਕਰਦਾ ਆਇਆ ਹੈ ਅਤੇ ਅੱਜ ਵੀ ਕਰ ਰਿਹਾ ਹੈ (ਪੈਰੇ 3-4 ਦੇਖੋ)

3. ਯਹੋਵਾਹ ਦੇ ਸੇਵਕ ਸੱਚਾਈ ਅਤੇ ਧਾਰਮਿਕਤਾ ਨਾਲ ਕਿਉਂ ਪਿਆਰ ਕਰਦੇ ਹਨ? (ਜ਼ਬੂਰ 119:128, 163)

3 ਯਹੋਵਾਹ ਨੇ ਆਪਣੇ ਲੋਕਾਂ ਨੂੰ ‘ਸੱਚਾਈ ਨਾਲ ਪਿਆਰ ਕਰਨ’ ਦਾ ਹੁਕਮ ਦਿੱਤਾ। (ਜ਼ਕ. 8:19) ਯਿਸੂ ਨੇ ਆਪਣੇ ਚੇਲਿਆਂ ਨੂੰ ਧਾਰਮਿਕਤਾ ਦੇ ਰਾਹ ʼਤੇ ਚੱਲਣ ਲਈ ਕਿਹਾ। (ਮੱਤੀ 5:6) ਇਸ ਦਾ ਮਤਲਬ ਹੈ ਕਿ ਸਾਡੇ ਵਿਚ ਇਹ ਜ਼ਬਰਦਸਤ ਇੱਛਾ ਹੋਣੀ ਚਾਹੀਦੀ ਹੈ ਕਿ ਅਸੀਂ ਉਹੀ ਕੰਮ ਕਰੀਏ ਜੋ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਸਹੀ ਅਤੇ ਸ਼ੁੱਧ ਹੋਣ। ਕੀ ਤੁਸੀਂ ਸੱਚਾਈ ਅਤੇ ਧਾਰਮਿਕਤਾ ਨੂੰ ਪਿਆਰ ਕਰਦੇ ਹੋ? ਸਾਨੂੰ ਯਕੀਨ ਹੈ ਕਿ ਤੁਸੀਂ ਇੱਦਾਂ ਕਰਦੇ ਹੋ। ਨਾਲੇ ਤੁਸੀਂ ਝੂਠ ਤੇ ਹਰ ਤਰ੍ਹਾਂ ਦੀ ਬੁਰਾਈ ਨਾਲ ਨਫ਼ਰਤ ਕਰਦੇ ਹੋ। (ਜ਼ਬੂਰ 119:128, 163 ਪੜ੍ਹੋ।) ਜੋ ਲੋਕ ਝੂਠ ਬੋਲਦੇ ਹਨ, ਉਹ ਇਸ ਦੁਨੀਆਂ ਦੇ ਹਾਕਮ ਸ਼ੈਤਾਨ ਦੀ ਰੀਸ ਕਰ ਰਹੇ ਹੁੰਦੇ ਹਨ। (ਯੂਹੰ. 8:44; 12:31) ਸ਼ੈਤਾਨ ਦਾ ਮਕਸਦ ਹੈ ਕਿ ਉਹ ਹਰ ਹਾਲਾਤ ਵਿਚ ਯਹੋਵਾਹ ਦੇ ਪਵਿੱਤਰ ਨਾਂ ਨੂੰ ਬਦਨਾਮ ਕਰੇ। ਜਦੋਂ ਤੋਂ ਅਦਨ ਦੇ ਬਾਗ਼ ਵਿਚ ਬਗਾਵਤ ਹੋਈ ਹੈ, ਉਦੋਂ ਤੋਂ ਹੀ ਉਹ ਸਾਡੇ ਪਰਮੇਸ਼ੁਰ ਬਾਰੇ ਝੂਠ ਫੈਲਾਉਂਦਾ ਆ ਰਿਹਾ ਹੈ। ਉਸ ਵੇਲੇ ਉਸ ਨੇ ਪੂਰੀ ਕੋਸ਼ਿਸ਼ ਕੀਤੀ ਕਿ ਲੋਕ ਇਹ ਸੋਚਣ ਕਿ ਯਹੋਵਾਹ ਸੁਆਰਥੀ ਅਤੇ ਝੂਠਾ ਹਾਕਮ ਹੈ ਜੋ ਇਨਸਾਨਾਂ ਤੋਂ ਚੰਗੀਆਂ ਚੀਜ਼ਾਂ ਲੁਕਾ ਕੇ ਰੱਖਦਾ ਹੈ। (ਉਤ. 3:1, 4, 5) ਸ਼ੈਤਾਨ ਅੱਜ ਵੀ ਯਹੋਵਾਹ ਬਾਰੇ ਝੂਠ ਫੈਲਾ ਕੇ ਲੋਕਾਂ ਦੇ ਮਨਾਂ ਵਿਚ ਜ਼ਹਿਰ ਭਰ ਰਿਹਾ ਹੈ। ਇਸ ਕਰਕੇ ਜਦੋਂ ਲੋਕ ‘ਸੱਚਾਈ ਨਾਲ ਪਿਆਰ’ ਨਹੀਂ ਕਰਦੇ, ਤਾਂ ਸ਼ੈਤਾਨ ਸੌਖਿਆਂ ਹੀ ਉਨ੍ਹਾਂ ਨੂੰ ਗ਼ਲਤ ਰਾਹ ʼਤੇ ਪਾ ਦਿੰਦਾ ਹੈ ਅਤੇ ਉਹ ਹਰ ਤਰ੍ਹਾਂ ਦੇ ਬੁਰੇ ਕੰਮ ਕਰਨ ਲੱਗ ਪੈਂਦੇ ਹਨ।​—ਰੋਮੀ. 1:25-31.

4. ਯਹੋਵਾਹ ਨੇ ਇਹ ਕਿਵੇਂ ਸਾਬਤ ਕੀਤਾ ਕਿ ਉਹ ‘ਸੱਚਾਈ ਦਾ ਪਰਮੇਸ਼ੁਰ’ ਹੈ? (ਤਸਵੀਰ ਵੀ ਦੇਖੋ।)

4 ਯਹੋਵਾਹ ‘ਸੱਚਾਈ ਦਾ ਪਰਮੇਸ਼ੁਰ’ ਹੈ ਅਤੇ ਉਹ ਉਸ ਨੂੰ ਪਿਆਰ ਕਰਨ ਵਾਲਿਆਂ ਨੂੰ ਖੁੱਲ੍ਹ-ਦਿਲੀ ਨਾਲ ਸੱਚਾਈ ਸਿਖਾਉਂਦਾ ਹੈ। (ਜ਼ਬੂ. 31:5) ਇਸ ਤਰ੍ਹਾਂ ਕਰ ਕੇ ਉਹ ਉਨ੍ਹਾਂ ਨੂੰ ਸ਼ੈਤਾਨ ਦੀਆਂ ਫੈਲਾਈਆਂ ਝੂਠੀਆਂ ਸਿੱਖਿਆਵਾਂ ਤੋਂ ਆਜ਼ਾਦ ਕਰਦਾ ਹੈ। ਯਹੋਵਾਹ ਆਪਣੇ ਸੇਵਕਾਂ ਨੂੰ ਇਹ ਵੀ ਸਿਖਾਉਂਦਾ ਹੈ ਕਿ ਉਹ ਹਮੇਸ਼ਾ ਸੱਚ ਬੋਲਣ ਅਤੇ ਧਾਰਮਿਕਤਾ ਦੇ ਰਾਹ ʼਤੇ ਚੱਲਣ। ਇਸ ਤਰ੍ਹਾਂ ਕਰਨ ਨਾਲ ਉਨ੍ਹਾਂ ਦੀਆਂ ਆਪਣੀਆਂ ਨਜ਼ਰਾਂ ਵਿਚ ਉਨ੍ਹਾਂ ਦੀ ਇੱਜ਼ਤ ਵਧਦੀ ਹੈ ਅਤੇ ਉਨ੍ਹਾਂ ਨੂੰ ਮਨ ਦੀ ਸ਼ਾਂਤੀ ਮਿਲਦੀ ਹੈ। (ਕਹਾ. 13:5, 6) ਜਦੋਂ ਤੁਸੀਂ ਬਾਈਬਲ ਸਟੱਡੀ ਕਰ ਰਹੇ ਸੀ, ਤਾਂ ਕੀ ਤੁਹਾਨੂੰ ਵੀ ਇੱਦਾਂ ਹੀ ਲੱਗਾ? ਤੁਸੀਂ ਸਿੱਖਿਆ ਕਿ ਸਿਰਫ਼ ਯਹੋਵਾਹ ਦਾ ਰਾਹ ਹੀ ਸਾਰੇ ਇਨਸਾਨਾਂ ਅਤੇ ਤੁਹਾਡੇ ਲਈ ਸਭ ਤੋਂ ਵਧੀਆ ਰਾਹ ਹੈ। (ਜ਼ਬੂ. 77:13) ਇਸ ਲਈ ਤੁਸੀਂ ਯਹੋਵਾਹ ਦੇ ਉੱਚੇ-ਸੁੱਚੇ ਮਿਆਰਾਂ ʼਤੇ ਚੱਲਣਾ ਚਾਹੁੰਦੇ ਹੋ। (ਮੱਤੀ 6:33) ਤੁਸੀਂ ਸੱਚਾਈ ਦਾ ਪੱਖ ਲੈਣਾ ਚਾਹੁੰਦੇ ਹੋ ਅਤੇ ਇਹ ਸਾਬਤ ਕਰਨਾ ਚਾਹੁੰਦੇ ਹੋ ਕਿ ਸ਼ੈਤਾਨ ਨੇ ਸਾਡੇ ਪਰਮੇਸ਼ੁਰ ਯਹੋਵਾਹ ʼਤੇ ਜੋ ਵੀ ਦੋਸ਼ ਲਾਏ ਹਨ, ਉਹ ਸਰਾਸਰ ਝੂਠ ਹਨ। ਪਰ ਤੁਸੀਂ ਇਹ ਕਿਵੇਂ ਕਰ ਸਕਦੇ ਹੋ?

5. ਤੁਸੀਂ ਇਹ ਕਿੱਦਾਂ ਸਾਬਤ ਕਰ ਸਕਦੇ ਹੋ ਕਿ ਤੁਹਾਨੂੰ ਸੱਚਾਈ ਅਤੇ ਧਾਰਮਿਕਤਾ ਨਾਲ ਪਿਆਰ ਹੈ?

5 ਤੁਸੀਂ ਜਿਸ ਤਰ੍ਹਾਂ ਦੀ ਜ਼ਿੰਦਗੀ ਜੀਓਗੇ, ਉਸ ਤੋਂ ਇਹ ਸਾਬਤ ਹੋਵੇਗਾ ਕਿ ਤੁਸੀਂ ਸੱਚਾਈ ਅਤੇ ਧਾਰਮਿਕਤਾ ਨਾਲ ਪਿਆਰ ਕਰਦੇ ਹੋ। ਇਸ ਤਰ੍ਹਾਂ ਤੁਸੀਂ ਇਕ ਤਰ੍ਹਾਂ ਨਾਲ ਕਹਿ ਰਹੇ ਹੋਵੋਗੇ: “ਮੈਂ ਸ਼ੈਤਾਨ ਦੇ ਫੈਲਾਏ ਝੂਠ ʼਤੇ ਯਕੀਨ ਨਹੀਂ ਕਰਾਂਗਾ, ਸਗੋਂ ਮੈਂ ਸੱਚਾਈ ਦਾ ਸਾਥ ਦੇਵਾਂਗਾ। ਯਹੋਵਾਹ ਮੇਰਾ ਰਾਜਾ ਹੈ ਅਤੇ ਮੈਂ ਉਹੀ ਕਰਾਂਗਾ ਜੋ ਉਸ ਦੀਆਂ ਨਜ਼ਰਾਂ ਵਿਚ ਸਹੀ ਹੈ।” ਪਰ ਤੁਸੀਂ ਇਹ ਕਿਵੇਂ ਕਰ ਸਕਦੇ ਹੋ? ਤੁਸੀਂ ਪ੍ਰਾਰਥਨਾ ਕਰ ਕੇ ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰ ਸਕਦੇ ਹੋ ਅਤੇ ਫਿਰ ਸਾਰਿਆਂ ਸਾਮ੍ਹਣੇ ਆਪਣਾ ਸਮਰਪਣ ਜ਼ਾਹਰ ਕਰਨ ਲਈ ਬਪਤਿਸਮਾ ਲੈ ਸਕਦੇ ਹੋ। ਸੱਚਾਈ ਅਤੇ ਧਾਰਮਿਕਤਾ ਨਾਲ ਪਿਆਰ ਹੋਣ ਕਰਕੇ ਤੁਸੀਂ ਬਪਤਿਸਮਾ ਲੈਣ ਦਾ ਫ਼ੈਸਲਾ ਕਰੋਗੇ।

ਤੁਸੀਂ ਯਿਸੂ ਮਸੀਹ ਨੂੰ ਪਿਆਰ ਕਰਦੇ ਹੋ

6. ਜ਼ਬੂਰ 45:4 ਵਿਚ ਯਿਸੂ ਮਸੀਹ ਨਾਲ ਪਿਆਰ ਕਰਨ ਦੇ ਕਿਹੜੇ ਕਾਰਨ ਦਿੱਤੇ ਗਏ ਹਨ?

6 ਤੁਸੀਂ ਯਿਸੂ ਮਸੀਹ ਨੂੰ ਕਿਉਂ ਪਿਆਰ ਕਰਦੇ ਹੋ? ਜ਼ਰਾ ਇਸ ਦੇ ਕੁਝ ਖ਼ਾਸ ਕਾਰਨਾਂ ʼਤੇ ਗੌਰ ਕਰੋ ਜੋ ਜ਼ਬੂਰ 45:4 ਵਿਚ ਦਿੱਤੇ ਗਏ ਹਨ। (ਪੜ੍ਹੋ।) ਇਸ ਆਇਤ ਤੋਂ ਪਤਾ ਲੱਗਦਾ ਹੈ ਕਿ ਯਿਸੂ ਸੱਚਾਈ, ਨਿਮਰਤਾ ਅਤੇ ਧਰਮੀ ਮਿਆਰਾਂ ਨੂੰ ਬਹੁਤ ਅਹਿਮੀਅਤ ਦਿੰਦਾ ਹੈ। ਇਸ ਲਈ ਜੇ ਤੁਸੀਂ ਸੱਚਾਈ ਅਤੇ ਧਾਰਮਿਕਤਾ ਨੂੰ ਪਿਆਰ ਕਰਦੇ ਹੋ, ਤਾਂ ਇਸ ਦਾ ਮਤਲਬ ਹੈ ਕਿ ਤੁਸੀਂ ਯਿਸੂ ਮਸੀਹ ਨੂੰ ਵੀ ਪਿਆਰ ਕਰਦੇ ਹੋ। ਜ਼ਰਾ ਸੋਚੋ ਕਿ ਯਿਸੂ ਨੇ ਸੱਚਾਈ ਅਤੇ ਧਾਰਮਿਕਤਾ ਦਾ ਪੱਖ ਲੈਣ ਲਈ ਕਿੰਨੀ ਹਿੰਮਤ ਦਿਖਾਈ। (ਯੂਹੰ. 18:37) ਪਰ ਉਸ ਨੇ ਸਾਨੂੰ ਨਿਮਰ ਬਣਨਾ ਕਿਵੇਂ ਸਿਖਾਇਆ? ਆਓ ਜਾਣੀਏ।

7. ਯਿਸੂ ਦੀ ਨਿਮਰਤਾ ਬਾਰੇ ਕਿਹੜੀ ਗੱਲ ਤੁਹਾਡੇ ਦਿਲ ਨੂੰ ਛੂਹ ਗਈ?

7 ਯਿਸੂ ਨੇ ਆਪਣੀ ਮਿਸਾਲ ਰਾਹੀਂ ਸਿਖਾਇਆ ਕਿ ਅਸੀਂ ਨਿਮਰ ਕਿੱਦਾਂ ਬਣ ਸਕਦੇ ਹਾਂ। ਜਿਵੇਂ ਕਿ ਉਸ ਨੇ ਕਦੇ ਵੀ ਆਪਣੀ ਵਡਿਆਈ ਨਹੀਂ ਕਰਵਾਈ, ਸਗੋਂ ਹਮੇਸ਼ਾ ਆਪਣੇ ਪਿਤਾ ਦੀ ਮਹਿਮਾ ਕੀਤੀ। (ਮਰ. 10:17, 18; ਯੂਹੰ. 5:19) ਯਿਸੂ ਦੀ ਨਿਮਰਤਾ ਦੇਖ ਕੇ ਤੁਹਾਨੂੰ ਕਿੱਦਾਂ ਲੱਗਦਾ ਹੈ? ਕੀ ਇਹ ਤੁਹਾਨੂੰ ਪਰਮੇਸ਼ੁਰ ਦੇ ਪੁੱਤਰ ਨੂੰ ਪਿਆਰ ਕਰਨ ਅਤੇ ਉਸ ਦੀ ਰੀਸ ਕਰਨ ਲਈ ਪ੍ਰੇਰਿਤ ਨਹੀਂ ਕਰਦੀ? ਜ਼ਰੂਰ ਕਰਦੀ ਹੋਣੀ। ਪਰ ਯਿਸੂ ਇੰਨਾ ਨਿਮਰ ਕਿਉਂ ਹੈ? ਕਿਉਂਕਿ ਉਹ ਆਪਣੇ ਪਿਤਾ ਨੂੰ ਪਿਆਰ ਕਰਦਾ ਹੈ ਅਤੇ ਉਸ ਦੀ ਰੀਸ ਕਰਦਾ ਹੈ ਜੋ ਨਿਮਰਤਾ ਦੀ ਸਭ ਤੋਂ ਵੱਡੀ ਮਿਸਾਲ ਹੈ। (ਜ਼ਬੂ. 18:35; ਇਬ. 1:3) ਯਿਸੂ ਨੇ ਹੂ-ਬਹੂ ਆਪਣੇ ਪਿਤਾ ਵਰਗੇ ਗੁਣ ਦਿਖਾਏ। ਕੀ ਇਹ ਜਾਣ ਕੇ ਤੁਸੀਂ ਯਿਸੂ ਦੇ ਹੋਰ ਨੇੜੇ ਨਹੀਂ ਜਾਣਾ ਚਾਹੁੰਦੇ?

8. ਅਸੀਂ ਆਪਣੇ ਰਾਜੇ ਯਿਸੂ ਨੂੰ ਕਿਉਂ ਪਿਆਰ ਕਰਦੇ ਹਾਂ?

8 ਅਸੀਂ ਆਪਣੇ ਰਾਜੇ ਯਿਸੂ ਨੂੰ ਪਿਆਰ ਕਰਦੇ ਹਾਂ ਕਿਉਂਕਿ ਉਹ ਸਭ ਤੋਂ ਚੰਗਾ ਰਾਜਾ ਹੈ। ਉਸ ਨੂੰ ਖ਼ੁਦ ਯਹੋਵਾਹ ਨੇ ਸਿਖਾਇਆ ਹੈ ਅਤੇ ਸਾਡਾ ਰਾਜਾ ਬਣਾਇਆ ਹੈ। (ਯਸਾ. 50:4, 5) ਯਿਸੂ ਸਾਡੇ ਨਾਲ ਇੰਨਾ ਪਿਆਰ ਕਰਦਾ ਹੈ ਕਿ ਉਸ ਨੇ ਸਾਡੀ ਖ਼ਾਤਰ ਆਪਣੀ ਜਾਨ ਕੁਰਬਾਨ ਕਰ ਦਿੱਤੀ। (ਯੂਹੰ. 13:1) ਕੌਣ ਇੱਦਾਂ ਦੇ ਰਾਜੇ ਨੂੰ ਪਿਆਰ ਨਹੀਂ ਕਰੇਗਾ? ਯਿਸੂ ਨੇ ਉਨ੍ਹਾਂ ਨੂੰ ਆਪਣੇ ਦੋਸਤ ਕਿਹਾ ਜਿਹੜੇ ਉਸ ਨੂੰ ਸੱਚ-ਮੁੱਚ ਪਿਆਰ ਕਰਦੇ ਹਨ ਅਤੇ ਉਸ ਦੇ ਹੁਕਮ ਮੰਨਦੇ ਹਨ। (ਯੂਹੰ. 14:15; 15:14, 15) ਸੋਚੋ ਕਿ ਯਹੋਵਾਹ ਦੇ ਪੁੱਤਰ ਦੇ ਦੋਸਤ ਹੋਣਾ ਕਿੰਨੇ ਵੱਡੇ ਸਨਮਾਨ ਦੀ ਗੱਲ ਹੈ!

9. ਯਿਸੂ ਦੇ ਬਪਤਿਸਮੇ ਅਤੇ ਉਸ ਦੇ ਚੇਲਿਆਂ ਦੇ ਬਪਤਿਸਮੇ ਵਿਚ ਕਿਹੜੀ ਗੱਲ ਮਿਲਦੀ-ਜੁਲਦੀ ਹੈ?

9 ਯਿਸੂ ਨੇ ਆਪਣੇ ਚੇਲਿਆਂ ਨੂੰ ਹੁਕਮ ਦਿੱਤਾ ਕਿ ਉਹ ਬਪਤਿਸਮਾ ਲੈਣ, ਉਸ ਨੇ ਖ਼ੁਦ ਵੀ ਇੱਦਾਂ ਕੀਤਾ ਸੀ। (ਮੱਤੀ 28:19, 20) ਪਰ ਯਿਸੂ ਦੇ ਬਪਤਿਸਮੇ ਅਤੇ ਉਸ ਦੇ ਚੇਲਿਆਂ ਦੇ ਬਪਤਿਸਮੇ ਵਿਚ ਕੁਝ ਗੱਲਾਂ ਵੱਖਰੀਆਂ ਹਨ। (“ ਯਿਸੂ ਦੇ ਬਪਤਿਸਮੇ ਅਤੇ ਉਸ ਦੇ ਚੇਲਿਆਂ ਦੇ ਬਪਤਿਸਮੇ ਵਿਚ ਕੀ ਫ਼ਰਕ ਹੈ” ਨਾਂ ਦੀ ਡੱਬੀ ਦੇਖੋ।) ਪਰ ਕਈ ਗੱਲਾਂ ਮਿਲਦੀਆਂ-ਜੁਲਦੀਆਂ ਹਨ। ਜਦੋਂ ਯਿਸੂ ਨੇ ਬਪਤਿਸਮਾ ਲਿਆ, ਤਾਂ ਉਸ ਨੇ ਜ਼ਾਹਰ ਕੀਤਾ ਕਿ ਹੁਣ ਤੋਂ ਉਹ ਆਪਣੇ ਪਿਤਾ ਦੀ ਇੱਛਾ ਪੂਰੀ ਕਰੇਗਾ। (ਇਬ. 10:7) ਉਸੇ ਤਰ੍ਹਾਂ ਜਦੋਂ ਉਸ ਦੇ ਚੇਲੇ ਆਪਣੀ ਜ਼ਿੰਦਗੀ ਯਹੋਵਾਹ ਨੂੰ ਸਮਰਪਿਤ ਕਰਕੇ ਬਪਤਿਸਮਾ ਲੈਂਦੇ ਹਨ, ਤਾਂ ਉਹ ਵੀ ਸਾਰਿਆਂ ਸਾਮ੍ਹਣੇ ਜ਼ਾਹਰ ਕਰਦੇ ਹਨ ਕਿ ਹੁਣ ਤੋਂ ਉਹ ਆਪਣੀ ਨਹੀਂ, ਸਗੋਂ ਯਹੋਵਾਹ ਦੀ ਇੱਛਾ ਪੂਰੀ ਕਰਨਗੇ। ਇਸ ਤਰ੍ਹਾਂ ਉਹ ਆਪਣੇ ਗੁਰੂ ਯਿਸੂ ਦੀ ਰੀਸ ਕਰ ਰਹੇ ਹੁੰਦੇ ਹਨ।

10. ਤੁਸੀਂ ਯਿਸੂ ਨੂੰ ਕਿਉਂ ਪਿਆਰ ਕਰਦੇ ਹੋ ਅਤੇ ਇਹ ਪਿਆਰ ਤੁਹਾਨੂੰ ਕੀ ਕਰਨ ਲਈ ਪ੍ਰੇਰਿਤ ਕਰੇਗਾ?

10 ਤੁਸੀਂ ਮੰਨਦੇ ਹੋ ਕਿ ਯਿਸੂ ਯਹੋਵਾਹ ਦਾ ਇਕਲੌਤਾ ਪੁੱਤਰ ਹੈ ਅਤੇ ਤੁਸੀਂ ਖ਼ੁਸ਼ ਹੋ ਕਿ ਪਰਮੇਸ਼ੁਰ ਨੇ ਉਸ ਨੂੰ ਤੁਹਾਡਾ ਰਾਜਾ ਬਣਾਇਆ ਹੈ। ਤੁਸੀਂ ਸਿੱਖਿਆ ਹੈ ਕਿ ਯਿਸੂ ਨਿਮਰ ਹੈ ਅਤੇ ਆਪਣੇ ਪਿਤਾ ਦੀ ਰੀਸ ਕਰਦਾ ਹੈ। ਤੁਸੀਂ ਇਹ ਵੀ ਸਿੱਖਿਆ ਕਿ ਉਸ ਨੇ ਭੁੱਖਿਆਂ ਨੂੰ ਖਾਣਾ ਖੁਆਇਆ, ਨਿਰਾਸ਼ ਲੋਕਾਂ ਨੂੰ ਦਿਲਾਸਾ ਦਿੱਤਾ, ਇੱਥੋਂ ਤਕ ਕਿ ਬੀਮਾਰ ਲੋਕਾਂ ਨੂੰ ਠੀਕ ਕੀਤਾ। (ਮੱਤੀ 14:14-21) ਤੁਸੀਂ ਇਹ ਵੀ ਦੇਖਿਆ ਹੈ ਕਿ ਉਹ ਅੱਜ ਮੰਡਲੀਆਂ ਦੀ ਕਿਵੇਂ ਅਗਵਾਈ ਕਰ ਰਿਹਾ ਹੈ। (ਮੱਤੀ 23:10) ਨਾਲੇ ਤੁਹਾਨੂੰ ਇਹ ਵੀ ਪਤਾ ਹੈ ਕਿ ਉਹ ਭਵਿੱਖ ਵਿਚ ਪਰਮੇਸ਼ੁਰ ਦੇ ਰਾਜ ਦੇ ਰਾਜੇ ਵਜੋਂ ਹੋਰ ਵੀ ਬਹੁਤ ਕੁਝ ਕਰੇਗਾ। ਤੁਸੀਂ ਕਿਵੇਂ ਦਿਖਾ ਸਕਦੇ ਹੋ ਕਿ ਤੁਸੀਂ ਉਸ ਨੂੰ ਪਿਆਰ ਕਰਦੇ ਹੋ? ਉਸ ਦੀ ਮਿਸਾਲ ʼਤੇ ਚੱਲ ਕੇ। (ਯੂਹੰ. 14:21) ਇੱਦਾਂ ਕਰਨ ਲਈ ਸਭ ਤੋਂ ਪਹਿਲਾਂ ਤੁਹਾਨੂੰ ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰ ਕੇ ਬਪਤਿਸਮਾ ਲੈਣਾ ਪਵੇਗਾ।

ਤੁਸੀਂ ਯਹੋਵਾਹ ਪਰਮੇਸ਼ੁਰ ਨੂੰ ਪਿਆਰ ਕਰਦੇ ਹੋ

11. ਬਪਤਿਸਮਾ ਲੈਣ ਦਾ ਸਭ ਤੋਂ ਵੱਡਾ ਕਾਰਨ ਕਿਹੜਾ ਹੈ ਅਤੇ ਕਿਉਂ?

11 ਬਪਤਿਸਮਾ ਲੈਣ ਦਾ ਸਭ ਤੋਂ ਵੱਡਾ ਕਾਰਨ ਕਿਹੜਾ ਹੈ? ਇਸ ਸਵਾਲ ਦਾ ਜਵਾਬ ਜਾਣਨ ਲਈ ਯਿਸੂ ਦੀ ਕਹੀ ਇਸ ਗੱਲ ʼਤੇ ਗੌਰ ਕਰੋ। ਉਸ ਨੇ ਦੱਸਿਆ ਕਿ ਪਰਮੇਸ਼ੁਰ ਦਾ ਸਭ ਤੋਂ ਵੱਡਾ ਹੁਕਮ ਹੈ: “ਤੁਸੀਂ ਆਪਣੇ ਪਰਮੇਸ਼ੁਰ ਯਹੋਵਾਹ ਨੂੰ ਆਪਣੇ ਪੂਰੇ ਦਿਲ ਨਾਲ, ਆਪਣੀ ਪੂਰੀ ਜਾਨ ਨਾਲ, ਆਪਣੀ ਪੂਰੀ ਸਮਝ ਨਾਲ ਅਤੇ ਆਪਣੀ ਪੂਰੀ ਤਾਕਤ ਨਾਲ ਪਿਆਰ ਕਰੋ।” (ਮਰ. 12:30) ਕੀ ਤੁਸੀਂ ਵੀ ਪਰਮੇਸ਼ੁਰ ਨੂੰ ਇੰਨਾ ਪਿਆਰ ਕਰਦੇ ਹੋ?

ਯਹੋਵਾਹ ਨੇ ਹੀ ਤੁਹਾਨੂੰ ਹਰ ਚੰਗੀ ਚੀਜ਼ ਦਿੱਤੀ ਹੈ ਜਿਸ ਦਾ ਤੁਸੀਂ ਅੱਜ ਮਜ਼ਾ ਲੈਂਦੇ ਹੋ ਅਤੇ ਭਵਿੱਖ ਵਿਚ ਵੀ ਲਓਗੇ (ਪੈਰੇ 12-13 ਦੇਖੋ)

12. ਤੁਸੀਂ ਯਹੋਵਾਹ ਨੂੰ ਕਿਉਂ ਪਿਆਰ ਕਰਦੇ ਹੋ? (ਤਸਵੀਰ ਵੀ ਦੇਖੋ।)

12 ਯਹੋਵਾਹ ਨੂੰ ਪਿਆਰ ਕਰਨ ਦੇ ਬਹੁਤ ਸਾਰੇ ਕਾਰਨ ਹਨ। ਜਿਵੇਂ ਕਿ ਹੁਣ ਤਕ ਤੁਸੀਂ ਇਹ ਜਾਣ ਗਏ ਹੋਣੇ ਕਿ ਉਹ “ਜ਼ਿੰਦਗੀ ਦਾ ਸੋਮਾ” ਹੈ ਅਤੇ “ਹਰ ਚੰਗੀ ਦਾਤ ਅਤੇ ਉੱਤਮ ਸੁਗਾਤ” ਉਸ ਤੋਂ ਮਿਲਦੀ ਹੈ। (ਜ਼ਬੂ. 36:9; ਯਾਕੂ. 1:17) ਹਰ ਉਹ ਚੀਜ਼ ਜਿਸ ਦਾ ਅੱਜ ਤੁਸੀਂ ਮਜ਼ਾ ਲੈਂਦੇ ਹੋ, ਉਹ ਸਾਡੇ ਪਿਆਰੇ ਤੇ ਖੁੱਲ੍ਹ-ਦਿਲੇ ਪਰਮੇਸ਼ੁਰ ਤੋਂ ਹੀ ਮਿਲਦੀ ਹੈ।

13. ਰਿਹਾਈ ਦੀ ਕੀਮਤ ਕਿਉਂ ਇਕ ਬੇਮਿਸਾਲ ਤੋਹਫ਼ਾ ਹੈ?

13 ਰਿਹਾਈ ਦੀ ਕੀਮਤ ਵੀ ਯਹੋਵਾਹ ਵੱਲੋਂ ਮਿਲਿਆ ਇਕ ਬੇਮਿਸਾਲ ਤੋਹਫ਼ਾ ਹੈ। ਅਸੀਂ ਇਹ ਕਿਉਂ ਕਹਿ ਸਕਦੇ ਹਾਂ? ਜ਼ਰਾ ਸੋਚੋ ਕਿ ਯਹੋਵਾਹ ਅਤੇ ਉਸ ਦੇ ਪੁੱਤਰ ਵਿਚ ਕਿੰਨੀ ਗੂੜ੍ਹੀ ਦੋਸਤੀ ਸੀ। ਯਿਸੂ ਨੇ ਕਿਹਾ: “ਪਿਤਾ ਮੈਨੂੰ ਪਿਆਰ ਕਰਦਾ ਹੈ” ਅਤੇ “ਮੈਂ ਪਿਤਾ ਨਾਲ ਪਿਆਰ ਕਰਦਾ ਹਾਂ।” (ਯੂਹੰ. 10:17; 14:31) ਉਹ ਦੋਵੇਂ ਅਰਬਾਂ-ਖਰਬਾਂ ਸਾਲਾਂ ਦੌਰਾਨ ਇਕ-ਦੂਜੇ ਦੇ ਨਾਲ ਰਹੇ ਅਤੇ ਇਨ੍ਹਾਂ ਸਾਲਾਂ ਦੌਰਾਨ ਉਨ੍ਹਾਂ ਦਾ ਆਪਸੀ ਰਿਸ਼ਤਾ ਕਿੰਨਾ ਮਜ਼ਬੂਤ ਹੋਇਆ ਹੋਣਾ। (ਕਹਾ. 8:22, 23, 30) ਹੁਣ ਜ਼ਰਾ ਸੋਚੋ, ਜਦੋਂ ਪਰਮੇਸ਼ੁਰ ਨੇ ਦੇਖਿਆ ਹੋਣਾ ਕਿ ਉਸ ਦੇ ਪੁੱਤਰ ਨੂੰ ਕਿਵੇਂ ਤੜਫਾ-ਤੜਫਾ ਕੇ ਮਾਰ ਦਿੱਤਾ ਗਿਆ, ਤਾਂ ਉਸ ʼਤੇ ਕੀ ਬੀਤੀ ਹੋਣੀ ਅਤੇ ਉਸ ਨੂੰ ਕਿੰਨਾ ਦੁੱਖ ਲੱਗਾ ਹੋਣਾ। ਯਹੋਵਾਹ ਸਾਰੇ ਇਨਸਾਨਾਂ ਅਤੇ ਤੁਹਾਨੂੰ ਇੰਨਾ ਪਿਆਰ ਕਰਦਾ ਹੈ ਕਿ ਉਸ ਨੇ ਆਪਣੇ ਇਕਲੌਤੇ ਪੁੱਤਰ ਨੂੰ ਵੀ ਕੁਰਬਾਨ ਕਰ ਦਿੱਤਾ ਤਾਂਕਿ ਤੁਸੀਂ ਅਤੇ ਬਾਕੀ ਸਾਰੇ ਇਨਸਾਨ ਹਮੇਸ਼ਾ ਤਕ ਜੀਉਂਦੇ ਰਹਿ ਸਕਣ। (ਯੂਹੰ. 3:16; ਗਲਾ. 2:20) ਕੀ ਪਰਮੇਸ਼ੁਰ ਨੂੰ ਪਿਆਰ ਕਰਨ ਦਾ ਇਸ ਤੋਂ ਵੱਡਾ ਕੋਈ ਹੋਰ ਕਾਰਨ ਹੋ ਸਕਦਾ ਹੈ?

14. ਤੁਹਾਡੇ ਲਈ ਸਭ ਤੋਂ ਵਧੀਆ ਟੀਚਾ ਕਿਹੜਾ ਹੋ ਸਕਦਾ ਹੈ?

14 ਜਿੱਦਾਂ-ਜਿੱਦਾਂ ਤੁਸੀਂ ਯਹੋਵਾਹ ਬਾਰੇ ਸਿੱਖਦੇ ਗਏ, ਉੱਦਾਂ-ਉੱਦਾਂ ਤੁਹਾਡਾ ਉਸ ਲਈ ਪਿਆਰ ਵਧਦਾ ਗਿਆ। ਬਿਨਾਂ ਸ਼ੱਕ, ਹੁਣ ਤਕ ਉਸ ਨਾਲ ਤੁਹਾਡਾ ਇਕ ਵਧੀਆ ਰਿਸ਼ਤਾ ਬਣਾ ਗਿਆ ਹੋਣਾ। ਨਾਲੇ ਤੁਸੀਂ ਚਾਹੁੰਦੇ ਹੋਣੇ ਕਿ ਇਹ ਰਿਸ਼ਤਾ ਹੋਰ ਵੀ ਗੂੜ੍ਹਾ ਹੁੰਦਾ ਜਾਵੇ। ਜੀ ਹਾਂ, ਤੁਸੀਂ ਇੱਦਾਂ ਕਰ ਸਕਦੇ ਹੋ! ਯਹੋਵਾਹ ਆਪ ਵੀ ਚਾਹੁੰਦਾ ਹੈ ਕਿ ਤੁਸੀਂ ਉਸ ਦਾ ਦਿਲ ਖ਼ੁਸ਼ ਕਰੋ ਅਤੇ ਉਸ ਦੇ ਹੋਰ ਨੇੜੇ ਆਓ। (ਕਹਾ. 23:15, 16) ਤੁਸੀਂ ਨਾ ਸਿਰਫ਼ ਆਪਣੀਆਂ ਗੱਲਾਂ ਰਾਹੀਂ, ਸਗੋਂ ਕੰਮਾਂ ਰਾਹੀਂ ਵੀ ਇੱਦਾਂ ਕਰ ਸਕਦੇ ਹੋ। ਤੁਸੀਂ ਆਪਣੀ ਜ਼ਿੰਦਗੀ ਜੀਉਣ ਦੇ ਤਰੀਕੇ ਤੋਂ ਦਿਖਾ ਸਕਦੇ ਹੋ ਕਿ ਤੁਸੀਂ ਸੱਚ-ਮੁੱਚ ਯਹੋਵਾਹ ਨੂੰ ਪਿਆਰ ਕਰਦੇ ਹੋ ਅਤੇ ਉਸ ਦਾ ਦਿਲ ਖ਼ੁਸ਼ ਕਰਨਾ ਚਾਹੁੰਦੇ ਹੋ। (1 ਯੂਹੰ. 5:3) ਇਸ ਤੋਂ ਵਧੀਆ ਟੀਚਾ ਹੋਰ ਕੀ ਹੋ ਸਕਦਾ?

15. ਤੁਸੀਂ ਯਹੋਵਾਹ ਲਈ ਆਪਣਾ ਪਿਆਰ ਕਿਵੇਂ ਜ਼ਾਹਰ ਕਰ ਸਕਦੇ ਹੋ?

15 ਤੁਸੀਂ ਯਹੋਵਾਹ ਲਈ ਆਪਣਾ ਪਿਆਰ ਕਿਵੇਂ ਜ਼ਾਹਰ ਕਰ ਸਕਦੇ ਹੋ? ਸਭ ਤੋਂ ਪਹਿਲਾਂ, ਤੁਸੀਂ ਇਕ ਖ਼ਾਸ ਪ੍ਰਾਰਥਨਾ ਵਿਚ ਸੱਚੇ ਪਰਮੇਸ਼ੁਰ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰੋ। (ਜ਼ਬੂ. 40:8) ਫਿਰ ਆਪਣੇ ਸਮਰਪਣ ਨੂੰ ਸਾਰਿਆਂ ਸਾਮ੍ਹਣੇ ਜ਼ਾਹਰ ਕਰਨ ਲਈ ਬਪਤਿਸਮਾ ਲਓ। ਜਿਵੇਂ ਇਸ ਲੇਖ ਵਿਚ ਅਸੀਂ ਪਹਿਲਾਂ ਚਰਚਾ ਕੀਤੀ ਕਿ ਇਹ ਤੁਹਾਡੀ ਜ਼ਿੰਦਗੀ ਦਾ ਸਭ ਤੋਂ ਖ਼ੁਸ਼ੀਆਂ ਭਰਿਆਂ ਮੌਕਾ ਹੋਵੇਗਾ। ਹੁਣ ਤੁਸੀਂ ਆਪਣੀ ਜ਼ਿੰਦਗੀ ਦਾ ਇਕ ਨਵਾਂ ਸਫ਼ਰ ਸ਼ੁਰੂ ਕਰੋਗੇ। ਹੁਣ ਤੋਂ ਤੁਸੀਂ ਆਪਣੇ ਲਈ ਨਹੀਂ, ਸਗੋਂ ਯਹੋਵਾਹ ਲਈ ਜੀਓਗੇ। (ਰੋਮੀ. 14:8; 1 ਪਤ. 4:1, 2) ਤੁਹਾਨੂੰ ਸ਼ਾਇਦ ਲੱਗੇ ਕਿ ਇਹ ਤਾਂ ਬਹੁਤ ਵੱਡਾ ਕਦਮ ਹੈ। ਇਹ ਗੱਲ ਸੱਚ ਹੈ, ਪਰ ਘਬਰਾਓ ਨਾ। ਇਹ ਕਦਮ ਚੁੱਕਣ ਕਰਕੇ ਤੁਸੀਂ ਸਭ ਤੋਂ ਵਧੀਆ ਜ਼ਿੰਦਗੀ ਜੀਓਗੇ। ਉਹ ਕਿਵੇਂ?

16. ਜ਼ਬੂਰ 41:12 ਮੁਤਾਬਕ ਯਹੋਵਾਹ ਉਸ ਦੀ ਸੇਵਾ ਵਿਚ ਆਪਣੀ ਜ਼ਿੰਦਗੀ ਲਾਉਣ ਵਾਲਿਆਂ ਲਈ ਕੀ ਕਰੇਗਾ?

16 ਯਹੋਵਾਹ ਜਿੰਨਾ ਖੁੱਲ੍ਹੇ ਦਿਲ ਵਾਲਾ ਕੋਈ ਨਹੀਂ ਹੈ। ਜੇ ਤੁਸੀਂ ਉਸ ਲਈ ਕੁਝ ਕਰੋਗੇ, ਤਾਂ ਬਦਲੇ ਵਿਚ ਉਹ ਤੁਹਾਡੇ ਲਈ ਕਿਤੇ ਜ਼ਿਆਦਾ ਕਰੇਗਾ। (ਮਰ. 10:29, 30) ਇਸ ਦੁਸ਼ਟ ਦੁਨੀਆਂ ਵਿਚ ਵੀ ਉਹ ਤੁਹਾਨੂੰ ਖ਼ੁਸ਼ੀਆਂ ਭਰੀ ਜ਼ਿੰਦਗੀ ਦੇਵੇਗਾ, ਬੇਸ਼ੁਮਾਰ ਬਰਕਤਾਂ ਦੇਵੇਗਾ ਅਤੇ ਤੁਹਾਡੀਆਂ ਲੋੜਾਂ ਪੂਰੀ ਕਰੇਗਾ। ਪਰ ਇਹ ਤਾਂ ਬਸ ਸ਼ੁਰੂਆਤ ਹੈ! ਬਪਤਿਸਮਾ ਲੈ ਕੇ ਤੁਸੀਂ ਜੋ ਸਫ਼ਰ ਸ਼ੁਰੂ ਕਰੋਗੇ, ਉਸ ਦਾ ਕਦੇ ਅੰਤ ਨਹੀਂ ਹੋਵੇਗਾ। ਨਾਲੇ ਤੁਹਾਡਾ ਆਪਣੇ ਪਿਤਾ ਯਹੋਵਾਹ ਨਾਲ ਰਿਸ਼ਤਾ ਹੋਰ ਵੀ ਗੂੜ੍ਹਾ ਹੋਵੇਗਾ ਅਤੇ ਤੁਸੀਂ ਹਮੇਸ਼ਾ ਉਸ ਦੀ ਸੇਵਾ ਕਰਦੇ ਰਹਿ ਸਕੋਗੇ। ਇਸ ਤੋਂ ਇਲਾਵਾ, ਤੁਸੀਂ ਵੀ ਯਹੋਵਾਹ ਵਾਂਗ ਹਮੇਸ਼ਾ-ਹਮੇਸ਼ਾ ਲਈ ਜੀਉਂਦੇ ਰਹਿ ਸਕੋਗੇ।​ਜ਼ਬੂਰ 41:12 ਪੜ੍ਹੋ।

17. ਤੁਸੀਂ ਯਹੋਵਾਹ ਲਈ ਕੀ ਕਰ ਸਕਦੇ ਹੋ ਜੋ ਉਹ ਆਪ ਨਹੀਂ ਕਰ ਸਕਦਾ?

17 ਯਹੋਵਾਹ ਜ਼ਮੀਨ-ਆਸਮਾਨ ਦਾ ਮਾਲਕ ਹੈ। ਅੱਜ ਤੁਸੀਂ ਜਿਨ੍ਹਾਂ ਚੰਗੀਆਂ ਚੀਜ਼ਾਂ ਅਤੇ ਖ਼ੁਸ਼ੀਆਂ ਭਰੇ ਪਲਾਂ ਦਾ ਮਜ਼ਾ ਲੈ ਰਹੇ ਹੋ, ਉਹ ਸਭ ਯਹੋਵਾਹ ਦੀ ਹੀ ਦੇਣ ਹੈ। ਪਰ ਜਦੋਂ ਤੁਸੀਂ ਸਮਰਪਣ ਕਰ ਕੇ ਬਪਤਿਸਮਾ ਲੈਂਦੇ ਹੋ, ਤਾਂ ਤੁਹਾਡੇ ਕੋਲ ਆਪਣੇ ਪਿਤਾ ਲਈ ਕੁਝ ਅਜਿਹਾ ਕਰਨ ਦਾ ਮੌਕਾ ਹੁੰਦਾ ਹੈ ਜੋ ਉਹ ਆਪ ਨਹੀਂ ਕਰ ਸਕਦਾ। ਤੁਸੀਂ ਆਪਣੀ ਮਰਜ਼ੀ ਨਾਲ ਉਸ ਦੀ ਵਫ਼ਾਦਾਰੀ ਨਾਲ ਸੇਵਾ ਕਰ ਸਕਦੇ ਹੋ। (ਅੱਯੂ. 1:8; 41:11; ਕਹਾ. 27:11) ਕੀ ਜ਼ਿੰਦਗੀ ਜੀਉਣ ਦਾ ਇਸ ਤੋਂ ਵਧੀਆ ਕੋਈ ਹੋਰ ਤਰੀਕਾ ਹੋ ਸਕਦਾ ਹੈ? ਬਿਨਾਂ ਸ਼ੱਕ, ਤੁਸੀਂ ਯਹੋਵਾਹ ਨੂੰ ਪਿਆਰ ਕਰਦੇ ਹੋ ਅਤੇ ਇਹੀ ਬਪਤਿਸਮਾ ਲੈਣ ਦਾ ਸਭ ਤੋਂ ਵਧੀਆ ਕਾਰਨ ਹੈ।

ਕਿਹੜੀ ਗੱਲ ਤੁਹਾਨੂੰ ਬਪਤਿਸਮਾ ਲੈਣ ਤੋਂ ਰੋਕ ਰਹੀ ਹੈ?

18. ਤੁਸੀਂ ਖ਼ੁਦ ਨੂੰ ਕਿਹੜੇ ਸਵਾਲ ਪੁੱਛ ਸਕਦੇ ਹੋ?

18 ਹੁਣ ਫਿਰ ਤੁਸੀਂ ਇਸ ਦਾ ਕੀ ਜਵਾਬ ਦਿਓਗੇ, ਕੀ ਤੁਸੀਂ ਬਪਤਿਸਮਾ ਲਓਗੇ? ਇਸ ਸਵਾਲ ਦਾ ਜਵਾਬ ਸਿਰਫ਼ ਤੁਸੀਂ ਹੀ ਦੇ ਸਕਦੇ ਹੋ। ਇਸ ਲਈ ਚੰਗਾ ਹੋਵੇਗਾ ਕਿ ਤੁਸੀਂ ਆਪਣੇ ਆਪ ਤੋਂ ਪੁੱਛੋ, ‘ਕਿਹੜੀ ਗੱਲ ਮੈਨੂੰ ਬਪਤਿਸਮਾ ਲੈਣ ਤੋਂ ਰੋਕਦੀ ਹੈ?’ (ਰਸੂ. 8:36) ਜ਼ਰਾ ਉਨ੍ਹਾਂ ਤਿੰਨਾਂ ਕਾਰਨਾਂ ਬਾਰੇ ਸੋਚੋ ਜਿਨ੍ਹਾਂ ʼਤੇ ਆਪਾਂ ਚਰਚਾ ਕੀਤੀ। ਪਹਿਲਾ, ਤੁਸੀਂ ਸੱਚਾਈ ਅਤੇ ਧਾਰਮਿਕਤਾ ਨਾਲ ਪਿਆਰ ਕਰਦੇ ਹੋ। ਖ਼ੁਦ ਨੂੰ ਪੁੱਛੋ, ‘ਕੀ ਮੈਂ ਉਹ ਦਿਨ ਦੇਖਣਾ ਚਾਹੁੰਦਾ ਹਾਂ ਜਦੋਂ ਸਾਰੇ ਜਣੇ ਸੱਚ ਬੋਲਣਗੇ ਅਤੇ ਧਾਰਮਿਕਤਾ ਦੇ ਰਾਹ ʼਤੇ ਚੱਲਣਗੇ?’ ਦੂਜਾ, ਤੁਸੀਂ ਯਿਸੂ ਮਸੀਹ ਨੂੰ ਪਿਆਰ ਕਰਦੇ ਹੋ। ਖ਼ੁਦ ਨੂੰ ਪੁੱਛੋ, ‘ਕੀ ਮੈਂ ਪਰਮੇਸ਼ੁਰ ਦੇ ਪੁੱਤਰ ਨੂੰ ਆਪਣਾ ਰਾਜਾ ਮੰਨਦਾ ਹਾਂ ਅਤੇ ਉਸ ਦੀ ਮਿਸਾਲ ʼਤੇ ਚੱਲਣਾ ਚਾਹੁੰਦਾ ਹਾਂ?’ ਤੀਜਾ ਅਤੇ ਸਭ ਤੋਂ ਵੱਡਾ ਕਾਰਨ, ਤੁਸੀਂ ਯਹੋਵਾਹ ਨੂੰ ਪਿਆਰ ਕਰਦੇ ਹੋ। ਖ਼ੁਦ ਨੂੰ ਪੁੱਛੋ, ‘ਕੀ ਮੈਂ ਯਹੋਵਾਹ ਪਰਮੇਸ਼ੁਰ ਦੀ ਸੇਵਾ ਕਰ ਕੇ ਉਸ ਦਾ ਦਿਲ ਖ਼ੁਸ਼ ਕਰਨਾ ਚਾਹੁੰਦਾ ਹਾਂ?’ ਜੇ ਤੁਸੀਂ ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਹਾਂ ਵਿਚ ਦਿੱਤੇ ਹਨ, ਤਾਂ ਕਿਉਂ ਨਾ ਤੁਸੀਂ ਬਪਤਿਸਮਾ ਲੈ ਲਓ। ਹੁਣ ਫਿਰ ਕਿਹੜੀ ਗੱਲ ਤੁਹਾਨੂੰ ਰੋਕਦੀ ਹੈ?​—ਰਸੂ. 16:33.

19. ਤੁਹਾਨੂੰ ਬਪਤਿਸਮਾ ਲੈਣ ਤੋਂ ਕਿਉਂ ਝਿਜਕਣਾ ਨਹੀਂ ਚਾਹੀਦਾ? ਇਕ ਮਿਸਾਲ ਦਿਓ। (ਯੂਹੰ. 4:34)

19 ਜੇ ਤੁਸੀਂ ਬਪਤਿਸਮਾ ਲੈਣ ਤੋਂ ਝਿਜਕ ਰਹੇ ਹੋ, ਤਾਂ ਜ਼ਰਾ ਯਿਸੂ ਦੀ ਇਸ ਮਿਸਾਲ ʼਤੇ ਗੌਰ ਕਰੋ। (ਯੂਹੰਨਾ 4:34 ਪੜ੍ਹੋ।) ਧਿਆਨ ਦਿਓ ਕਿ ਯਿਸੂ ਨੇ ਆਪਣੇ ਪਿਤਾ ਦੀ ਇੱਛਾ ਪੂਰੀ ਕਰਨ ਦੀ ਤੁਲਨਾ ਭੋਜਨ ਨਾਲ ਕੀਤੀ। ਭੋਜਨ ਨਾਲ ਕਿਉਂ? ਕਿਉਂਕਿ ਭੋਜਨ ਖਾਣ ਨਾਲ ਸਾਡਾ ਭਲਾ ਹੁੰਦਾ ਹੈ। ਯਿਸੂ ਜਾਣਦਾ ਸੀ ਕਿ ਯਹੋਵਾਹ ਸਾਨੂੰ ਜੋ ਵੀ ਕਰਨ ਲਈ ਕਹਿੰਦਾ ਹੈ, ਉਸ ਨਾਲ ਹਮੇਸ਼ਾ ਸਾਡਾ ਭਲਾ ਹੁੰਦਾ ਹੈ। ਯਹੋਵਾਹ ਕਦੇ ਵੀ ਸਾਨੂੰ ਕੁਝ ਇੱਦਾਂ ਦਾ ਕਰਨ ਲਈ ਨਹੀਂ ਕਹੇਗਾ ਜਿਸ ਨਾਲ ਸਾਡਾ ਨੁਕਸਾਨ ਹੋਵੇ। ਤਾਂ ਕੀ ਯਹੋਵਾਹ ਦੀ ਇਹ ਇੱਛਾ ਹੈ ਕਿ ਤੁਸੀਂ ਬਪਤਿਸਮਾ ਲਓ? ਜੀ ਹਾਂ। (ਰਸੂ. 2:38) ਇਸ ਲਈ ਤੁਸੀਂ ਭਰੋਸਾ ਰੱਖ ਸਕਦੇ ਹੋ ਕਿ ਬਪਤਿਸਮਾ ਲੈਣ ਬਾਰੇ ਉਸ ਦਾ ਹੁਕਮ ਮੰਨ ਕੇ ਤੁਹਾਡਾ ਭਲਾ ਜ਼ਰੂਰ ਹੋਵੇਗਾ। ਜੇ ਤੁਸੀਂ ਕੋਈ ਵਧੀਆ ਖਾਣਾ ਖਾਣ ਤੋਂ ਨਹੀਂ ਝਿਜਕਦੇ, ਤਾਂ ਫਿਰ ਬਪਤਿਸਮਾ ਲੈਣ ਤੋਂ ਕਿਉਂ ਝਿਜਕਦੇ ਹੋ?

20. ਅਗਲੇ ਲੇਖ ਵਿਚ ਅਸੀਂ ਕੀ ਜਾਣਾਂਗੇ?

20 ਕਿਹੜੀ ਗੱਲ ਤੁਹਾਨੂੰ ਬਪਤਿਸਮਾ ਲੈਣ ਤੋਂ ਰੋਕਦੀ ਹੈ? ਕਈ ਜਣੇ ਸ਼ਾਇਦ ਕਹਿਣ, “ਮੈਂ ਹਾਲੇ ਤਿਆਰ ਨਹੀਂ ਹਾਂ।” ਇਹ ਸੱਚ ਹੈ ਕਿ ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰਨੀ ਅਤੇ ਬਪਤਿਸਮਾ ਲੈਣਾ ਤੁਹਾਡੀ ਜ਼ਿੰਦਗੀ ਦਾ ਸਭ ਤੋਂ ਜ਼ਰੂਰੀ ਫ਼ੈਸਲਾ ਹੈ। ਇਸ ਵਿਚ ਸਮਾਂ ਤਾਂ ਲੱਗਦਾ ਹੀ ਹੈ, ਬਹੁਤ ਕੁਝ ਸੋਚਣਾ ਪੈਂਦਾ ਹੈ ਅਤੇ ਕਾਫ਼ੀ ਮਿਹਨਤ ਕਰਨੀ ਪੈਂਦੀ ਹੈ। ਜੇ ਤੁਸੀਂ ਸੱਚ-ਮੁੱਚ ਬਪਤਿਸਮਾ ਲੈਣਾ ਚਾਹੁੰਦੇ ਹੋ, ਤਾਂ ਤੁਸੀਂ ਖ਼ੁਦ ਨੂੰ ਕਿਵੇਂ ਤਿਆਰ ਕਰ ਸਕਦੇ ਹੋ? ਅਗਲੇ ਲੇਖ ਵਿਚ ਅਸੀਂ ਇਸ ਦਾ ਜਵਾਬ ਜਾਣਾਂਗੇ।

ਗੀਤ 28 ਯਹੋਵਾਹ ਨਾਲ ਦੋਸਤੀ ਕਰੋ

a ਬਪਤਿਸਮਾ ਲੈਣਾ ਹਰੇਕ ਬਾਈਬਲ ਵਿਦਿਆਰਥੀ ਲਈ ਇਕ ਅਹਿਮ ਕਦਮ ਹੈ। ਪਰ ਕਿਹੜੀ ਗੱਲ ਉਸ ਨੂੰ ਇਹ ਕਦਮ ਚੁੱਕਣ ਲਈ ਪ੍ਰੇਰਿਤ ਕਰੇਗੀ? ਜੇ ਇਕ ਸ਼ਬਦ ਵਿਚ ਕਹੀਏ, ਤਾਂ ਪਿਆਰ। ਪਰ ਕਿਸ ਨਾਲ ਪਿਆਰ? ਇਸ ਸਵਾਲ ਦਾ ਜਵਾਬ ਅਸੀਂ ਇਸ ਲੇਖ ਵਿਚ ਜਾਣਾਂਗੇ। ਅਸੀਂ ਇਹ ਵੀ ਜਾਣਾਂਗੇ ਕਿ ਬਪਤਿਸਮਾ ਲੈਣ ਤੋਂ ਬਾਅਦ ਸਾਡੀ ਜ਼ਿੰਦਗੀ ਕਿਹੋ ਜਿਹੀ ਹੋਵੇਗੀ।