ਪਾਠਕਾਂ ਵੱਲੋਂ ਸਵਾਲ
ਰੂਥ 4:1, 6 ਵਿਚ ਜਿਸ “ਰਿਸ਼ਤੇਦਾਰ” ਦੀ ਗੱਲ ਕੀਤੀ ਗਈ ਹੈ, ਉਸ ਨੇ ਇੱਦਾਂ ਕਿਉਂ ਕਿਹਾ ਕਿ ਜੇ ਉਹ ਰੂਥ ਨਾਲ ਵਿਆਹ ਕਰਾਵੇਗਾ, ਤਾਂ ਉਸ ਦੀ ਆਪਣੀ ਵਿਰਾਸਤ ਦਾ “ਨੁਕਸਾਨ” ਹੋਵੇਗਾ?
ਪੁਰਾਣੇ ਜ਼ਮਾਨੇ ਵਿਚ ਜੇ ਕਿਸੇ ਵਿਆਹੇ ਇਜ਼ਰਾਈਲੀ ਆਦਮੀ ਦੀ ਮੌਤ ਹੋ ਜਾਂਦੀ ਸੀ ਅਤੇ ਉਸ ਦੀ ਕੋਈ ਔਲਾਦ ਨਹੀਂ ਹੁੰਦੀ ਸੀ, ਤਾਂ ਇਹ ਸਵਾਲ ਖੜ੍ਹੇ ਹੁੰਦੇ ਸਨ: ਉਸ ਆਦਮੀ ਦੀ ਜ਼ਮੀਨ-ਜਾਇਦਾਦ ਦਾ ਕੀ ਹੋਣਾ ਸੀ? ਕੀ ਉਸ ਆਦਮੀ ਦੇ ਘਰਾਣੇ ਦਾ ਨਾਂ ਹਮੇਸ਼ਾ ਲਈ ਮਿਟ ਜਾਣਾ ਸੀ? ਇਨ੍ਹਾਂ ਸਵਾਲਾਂ ਦੇ ਜਵਾਬ ਮੂਸਾ ਦੇ ਕਾਨੂੰਨ ਵਿਚ ਦਿੱਤੇ ਗਏ ਸਨ।
ਜੇ ਇਕ ਆਦਮੀ ਦੀ ਮੌਤ ਹੋ ਜਾਂਦੀ ਸੀ, ਤਾਂ ਉਸ ਦੇ ਭਰਾ ਜਾਂ ਕਿਸੇ ਨਜ਼ਦੀਕੀ ਰਿਸ਼ਤੇਦਾਰ ਨੂੰ ਉਸ ਦੀ ਜ਼ਮੀਨ ਵਿਰਾਸਤ ਵਿਚ ਮਿਲ ਜਾਂਦੀ ਸੀ। ਨਾਲੇ ਜੇ ਗ਼ਰੀਬੀ ਕਰਕੇ ਕਿਸੇ ਨੂੰ ਆਪਣੀ ਜ਼ਮੀਨ ਵੇਚਣੀ ਪੈਂਦੀ ਸੀ, ਤਾਂ ਉਸ ਦਾ ਭਰਾ ਜਾਂ ਕੋਈ ਨਜ਼ਦੀਕੀ ਰਿਸ਼ਤੇਦਾਰ ਉਸ ਦੀ ਜ਼ਮੀਨ ਛੁਡਾ ਸਕਦਾ ਸੀ ਯਾਨੀ ਵਾਪਸ ਖ਼ਰੀਦ ਸਕਦਾ ਸੀ। ਇਸ ਤਰ੍ਹਾਂ ਉਸ ਆਦਮੀ ਦੀ ਜ਼ਮੀਨ ਉਸ ਦੇ ਘਰਾਣੇ ਵਿਚ ਹੀ ਰਹਿੰਦੀ ਸੀ।—ਲੇਵੀ. 25:23-28; ਗਿਣ. 27:8-11.
ਪਰ ਜਿਸ ਆਦਮੀ ਦੀ ਮੌਤ ਹੋ ਜਾਂਦੀ ਸੀ, ਉਸ ਦਾ ਨਾਂ ਮਿਟਣ ਤੋਂ ਬਚਾਉਣ ਲਈ ਕੀ ਕੀਤਾ ਜਾਂਦਾ ਸੀ? ਉਸ ਆਦਮੀ ਦਾ ਭਰਾ ਉਸ ਦੀ ਵਿਧਵਾ ਨਾਲ ਵਿਆਹ ਕਰਾਉਂਦਾ ਸੀ। ਇਸ ਰਿਵਾਜ ਨੂੰ ਦਿਓਰ-ਭਾਬੀ ਦਾ ਵਿਆਹ ਵੀ ਕਿਹਾ ਜਾਂਦਾ ਸੀ ਅਤੇ ਰੂਥ ਦੇ ਮਾਮਲੇ ਵਿਚ ਇੱਦਾਂ ਹੀ ਹੋਇਆ ਸੀ। ਇਸ ਤਰ੍ਹਾਂ ਵਿਆਹ ਹੋਣ ਤੋਂ ਬਾਅਦ ਜੋ ਪਹਿਲਾ ਬੱਚਾ ਪੈਦਾ ਹੁੰਦਾ ਸੀ, ਉਹ ਉਸ ਮਰ ਚੁੱਕੇ ਆਦਮੀ ਦਾ ਬੱਚਾ ਸਮਝਿਆ ਜਾਂਦਾ ਸੀ। ਇਸ ਕਰਕੇ ਉਹ ਬੱਚਾ ਉਸ ਆਦਮੀ ਦਾ ਵੰਸ਼ ਅੱਗੇ ਵਧਾਉਂਦਾ ਸੀ। ਉਸ ਬੱਚੇ ਨੂੰ ਉਸ ਆਦਮੀ ਦੀ ਜ਼ਮੀਨ ਵਿਰਾਸਤ ਵਿਚ ਮਿਲਦੀ ਸੀ। ਇਸ ਵਧੀਆ ਇੰਤਜ਼ਾਮ ਕਰਕੇ ਉਸ ਵਿਧਵਾ ਦੀ ਦੇਖ-ਭਾਲ ਹੋ ਪਾਉਂਦੀ ਸੀ।—ਬਿਵ. 25:5-7; ਮੱਤੀ 22:23-28.
ਜ਼ਰਾ ਨਾਓਮੀ ਦੀ ਮਿਸਾਲ ʼਤੇ ਗੌਰ ਕਰੋ। ਉਸ ਦਾ ਵਿਆਹ ਅਲੀਮਲਕ ਨਾਂ ਦੇ ਇਕ ਆਦਮੀ ਨਾਲ ਹੋਇਆ ਸੀ ਅਤੇ ਉਨ੍ਹਾਂ ਦੇ ਦੋ ਮੁੰਡੇ ਸਨ। ਬਾਅਦ ਵਿਚ ਅਲੀਮਲਕ ਅਤੇ ਉਸ ਦੇ ਮੁੰਡਿਆਂ ਦੀ ਮੌਤ ਹੋ ਗਈ। ਹੁਣ ਨਾਓਮੀ ਦੀ ਦੇਖ-ਭਾਲ ਕਰਨ ਵਾਲਾ ਕੋਈ ਨਹੀਂ ਸੀ। (ਰੂਥ 1:1-5) ਫਿਰ ਨਾਓਮੀ ਆਪਣੀ ਨੂੰਹ ਰੂਥ ਨਾਲ ਯਹੂਦਾਹ ਵਾਪਸ ਆ ਗਈ। ਉਸ ਨੇ ਆਪਣੀ ਨੂੰਹ ਨੂੰ ਦੱਸਿਆ ਕਿ ਬੋਅਜ਼ ਉਨ੍ਹਾਂ ਦਾ ਨਜ਼ਦੀਕੀ ਰਿਸ਼ਤੇਦਾਰ ਸੀ। ਇਸ ਲਈ ਉਹ ਬੋਅਜ਼ ਕੋਲ ਜਾ ਕੇ ਕਹੇ ਕਿ ਉਹ ਉਨ੍ਹਾਂ ਦੀ ਜ਼ਮੀਨ ਛੁਡਾ ਦੇਵੇ। (ਰੂਥ 2:1, 19, 20; 3:1-4) ਪਰ ਬੋਅਜ਼ ਜਾਣਦਾ ਸੀ ਕਿ ਉਨ੍ਹਾਂ ਦੀ ਜ਼ਮੀਨ ਛੁਡਾਉਣ ਦਾ ਹੱਕ ਪਹਿਲਾਂ ਇਕ ਹੋਰ ਆਦਮੀ ਦਾ ਬਣਦਾ ਸੀ ਕਿਉਂਕਿ ਉਹ ਆਦਮੀ ਨਾਓਮੀ ਤੇ ਰੂਥ ਦਾ ‘ਨੇੜਲਾ ਰਿਸ਼ਤੇਦਾਰ’ ਸੀ। ਬਾਈਬਲ ਵਿਚ ਉਸ ਆਦਮੀ ਦਾ ਨਾਂ ਨਹੀਂ ਦੱਸਿਆ ਗਿਆ ਹੈ।—ਰੂਥ 3:9, 12, 13.
ਪਹਿਲਾਂ-ਪਹਿਲ ਤਾਂ ਉਹ “ਰਿਸ਼ਤੇਦਾਰ” ਉਨ੍ਹਾਂ ਦੀ ਜ਼ਮੀਨ ਛੁਡਾਉਣ ਲਈ ਤਿਆਰ ਹੋ ਗਿਆ। (ਰੂਥ 4:1-4) ਇਸ ਵਿਚ ਥੋੜ੍ਹਾ-ਬਹੁਤਾ ਖ਼ਰਚਾ ਤਾਂ ਹੋਣਾ ਸੀ, ਪਰ ਉਹ ਜਾਣਦਾ ਸੀ ਕਿ ਇਸ ਉਮਰ ਵਿਚ ਨਾਓਮੀ ਦੇ ਕੋਈ ਬੱਚਾ ਪੈਦਾ ਨਹੀਂ ਹੋਣਾ ਜੋ ਅਲੀਮਲਕ ਦੀ ਜ਼ਮੀਨ ਦਾ ਵਾਰਸ ਬਣਦਾ। ਇਸ ਵਿਚ ਉਸ ਨੂੰ ਆਪਣਾ ਫ਼ਾਇਦਾ ਨਜ਼ਰ ਆਇਆ ਹੋਣਾ ਕਿਉਂਕਿ ਅਲੀਮਲਕ ਦੀ ਸਾਰੀ ਜ਼ਮੀਨ ਉਸ ਦੀ ਹੋ ਜਾਣੀ ਸੀ।
ਪਰ ਜਦੋਂ ਉਸ ਰਿਸ਼ਤੇਦਾਰ ਨੂੰ ਪਤਾ ਲੱਗਾ ਕਿ ਉਸ ਨੂੰ ਰੂਥ ਨਾਲ ਵਿਆਹ ਕਰਾਉਣਾ ਪੈਣਾ ਸੀ, ਤਾਂ ਉਸ ਨੇ ਆਪਣਾ ਮਨ ਬਦਲ ਲਿਆ। ਉਸ ਨੇ ਕਿਹਾ: “ਮੈਂ [ਜ਼ਮੀਨ] ਨੂੰ ਛੁਡਾ ਨਹੀਂ ਸਕਦਾ, ਕਿਤੇ ਮੇਰਾ ਆਪਣਾ ਹੀ ਨੁਕਸਾਨ ਨਾ ਹੋ ਜਾਵੇ।” (ਰੂਥ 4:5, 6) ਉਹ ਆਪਣੀ ਗੱਲ ਤੋਂ ਕਿਉਂ ਮੁੱਕਰ ਗਿਆ?
ਜੇ ਉਹ ਰਿਸ਼ਤੇਦਾਰ ਜਾਂ ਕੋਈ ਹੋਰ ਆਦਮੀ ਰੂਥ ਨਾਲ ਵਿਆਹ ਕਰਾਉਂਦਾ ਅਤੇ ਰੂਥ ਇਕ ਮੁੰਡੇ ਨੂੰ ਜਨਮ ਦਿੰਦੀ, ਤਾਂ ਅਲੀਮਲਕ ਦੀ ਸਾਰੀ ਜ਼ਮੀਨ ਉਸ ਮੁੰਡੇ ਨੂੰ ਵਿਰਾਸਤ ਵਿਚ ਮਿਲਣੀ ਸੀ। ਪਰ ਇਸ ਨਾਲ ਉਸ ਰਿਸ਼ਤੇਦਾਰ ਦੀ “ਵਿਰਾਸਤ” ਦਾ “ਨੁਕਸਾਨ” ਕਿੱਦਾਂ ਹੋਣਾ ਸੀ? ਬਾਈਬਲ ਵਿਚ ਇਸ ਬਾਰੇ ਕੁਝ ਨਹੀਂ ਦੱਸਿਆ ਗਿਆ, ਪਰ ਹੋ ਸਕਦਾ ਹੈ ਕਿ ਅੱਗੇ ਦੱਸੇ ਕਾਰਨਾਂ ਕਰਕੇ ਉਸ ਨੂੰ ਇੱਦਾਂ ਲੱਗਾ ਹੋਣਾ।
ਪਹਿਲਾ, ਸ਼ਾਇਦ ਉਸ ਨੇ ਸੋਚਿਆ ਹੋਣਾ ਕਿ ਅਲੀਮਲਕ ਦੀ ਜ਼ਮੀਨ ਖ਼ਰੀਦ ਕੇ ਉਸ ਦੇ ਪੈਸੇ ਬੇਕਾਰ ਹੀ ਜਾਣਗੇ ਕਿਉਂਕਿ ਬਾਅਦ ਵਿਚ ਤਾਂ ਉਹ ਸਾਰੀ ਜ਼ਮੀਨ ਰੂਥ ਦੇ ਮੁੰਡੇ ਨੂੰ ਹੀ ਮਿਲਣੀ ਸੀ।
ਦੂਜਾ, ਜੇ ਉਹ ਇੱਦਾਂ ਕਰਦਾ, ਤਾਂ ਉਸ ਨੂੰ ਨਾਓਮੀ ਤੇ ਰੂਥ ਦੋਹਾਂ ਦੇ ਖਾਣ-ਪੀਣ ਅਤੇ ਰਹਿਣ ਦੀ ਜ਼ਿੰਮੇਵਾਰੀ ਚੁੱਕਣੀ ਪੈਣੀ ਸੀ।
ਤੀਜਾ, ਜੇ ਉਸ ਰਿਸ਼ਤੇਦਾਰ ਅਤੇ ਰੂਥ ਦੇ ਹੋਰ ਵੀ ਬੱਚੇ ਪੈਦਾ ਹੁੰਦੇ ਅਤੇ ਉਸ ਰਿਸ਼ਤੇਦਾਰ ਦੇ ਪਹਿਲਾਂ ਤੋਂ ਹੀ ਕੁਝ ਬੱਚੇ ਹੁੰਦੇ, ਤਾਂ ਉਨ੍ਹਾਂ ਨੂੰ ਮਿਲਣ ਵਾਲੀ ਵਿਰਾਸਤ ਵਿੱਚੋਂ ਰੂਥ ਦੇ ਬਾਕੀ ਬੱਚਿਆਂ ਨੂੰ ਵੀ ਹਿੱਸਾ ਦੇਣਾ ਪੈਣਾ ਸੀ।
ਚੌਥਾ, ਜੇ ਉਸ ਰਿਸ਼ਤੇਦਾਰ ਦਾ ਪਹਿਲਾਂ ਤੋਂ ਕੋਈ ਬੱਚਾ ਨਹੀਂ ਸੀ ਅਤੇ ਰੂਥ ਨਾਲ ਵਿਆਹ ਕਰਨ ਤੇ ਉਸ ਦੇ ਇਕ ਮੁੰਡਾ ਪੈਦਾ ਹੁੰਦਾ, ਤਾਂ ਅਲੀਮਲਕ ਅਤੇ ਉਸ ਰਿਸ਼ਤੇਦਾਰ ਦੋਹਾਂ ਦੀ ਜ਼ਮੀਨ ʼਤੇ ਉਸ ਮੁੰਡੇ ਦਾ ਹੱਕ ਹੋਣਾ ਸੀ। ਇਸ ਤਰ੍ਹਾਂ ਉਸ ਰਿਸ਼ਤੇਦਾਰ ਦੀ ਜ਼ਮੀਨ ਉਸ ਮੁੰਡੇ ਨੂੰ ਮਿਲ ਜਾਣੀ ਸੀ ਜਿਸ ਨੇ ਅਲੀਮਲਕ ਦਾ ਮੁੰਡਾ ਕਹਾਉਣਾ ਸੀ, ਨਾ ਕਿ ਉਸ ਦਾ। ਉਹ ਰਿਸ਼ਤੇਦਾਰ ਨਹੀਂ ਚਾਹੁੰਦਾ ਸੀ ਕਿ ਨਾਓਮੀ ਦੀ ਮਦਦ ਕਰਨ ਕਰਕੇ ਉਹ ਆਪਣੀ ਵਿਰਾਸਤ ਦਾ ਨੁਕਸਾਨ ਕਰਾ ਲਵੇ। ਇਸ ਲਈ ਉਸ ਨੇ ਬੋਅਜ਼ ਨੂੰ ਕਿਹਾ ਕਿ ਉਹ ਉਨ੍ਹਾਂ ਦੀ ਜ਼ਮੀਨ ਛੁਡਾ ਲਵੇ ਕਿਉਂਕਿ ਉਸ ਤੋਂ ਬਾਅਦ ਬੋਅਜ਼ ਨੂੰ ਹੀ ਇੱਦਾਂ ਕਰਨ ਦਾ ਹੱਕ ਸੀ। ਬੋਅਜ਼ ਨੇ ਉਨ੍ਹਾਂ ਦੀ ਜ਼ਮੀਨ ਛੁਡਾ ਲਈ ਕਿਉਂਕਿ ਉਹ ਚਾਹੁੰਦਾ ਸੀ ਕਿ “ਉਸ ਮਰ ਚੁੱਕੇ ਆਦਮੀ ਦੀ ਵਿਰਾਸਤ ਉਸ ਦੇ ਨਾਂ ਹੀ ਰਹੇ।”—ਰੂਥ 4:10.
ਇੱਦਾਂ ਲੱਗਦਾ ਹੈ ਕਿ ਉਹ ਰਿਸ਼ਤੇਦਾਰ ਬੱਸ ਆਪਣੇ ਬਾਰੇ ਹੀ ਸੋਚ ਰਿਹਾ ਸੀ ਤੇ ਉਸ ਨੂੰ ਸਿਰਫ਼ ਆਪਣੇ ਨਾਂ ਅਤੇ ਆਪਣੀ ਵਿਰਾਸਤ ਦੀ ਹੀ ਪਈ ਸੀ। ਪਰ ਉਸ ਦਾ ਨਾਂ ਹਮੇਸ਼ਾ-ਹਮੇਸ਼ਾ ਲਈ ਮਿਟ ਗਿਆ। ਇੰਨਾ ਹੀ ਨਹੀਂ, ਉਹ ਇਕ ਬਹੁਤ ਵੱਡੀ ਬਰਕਤ ਗੁਆ ਬੈਠਾ ਜਿਹੜੀ ਬੋਅਜ਼ ਨੂੰ ਮਿਲੀ। ਯਿਸੂ ਮਸੀਹ ਬੋਅਜ਼ ਦੇ ਖ਼ਾਨਦਾਨ ਵਿੱਚੋਂ ਪੈਦਾ ਹੋਇਆ। ਉਹ ਰਿਸ਼ਤੇਦਾਰ ਸੁਆਰਥੀ ਸੀ ਜਿਸ ਕਰਕੇ ਉਸ ਨੇ ਇਕ ਲੋੜਵੰਦ ਦੀ ਮਦਦ ਨਹੀਂ ਕੀਤੀ। ਇਸ ਦਾ ਉਸ ਨੂੰ ਕਿੰਨਾ ਨੁਕਸਾਨ ਹੋਇਆ!—ਮੱਤੀ 1:5; ਲੂਕਾ 3:23, 32.