Skip to content

Skip to table of contents

ਅਧਿਐਨ ਲੇਖ 9

ਗੀਤ 75 “ਮੈਂ ਹਾਜ਼ਰ ਹਾਂ, ਮੈਨੂੰ ਘੱਲੋ!”

ਕੀ ਤੁਸੀਂ ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰਨ ਲਈ ਤਿਆਰ ਹੋ?

ਕੀ ਤੁਸੀਂ ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰਨ ਲਈ ਤਿਆਰ ਹੋ?

“ਯਹੋਵਾਹ ਨੇ ਮੇਰੇ ʼਤੇ ਜੋ ਉਪਕਾਰ ਕੀਤੇ ਹਨ, ਉਨ੍ਹਾਂ ਦੇ ਬਦਲੇ ਮੈਂ ਉਸ ਨੂੰ ਕੀ ਦਿਆਂ?”​—ਜ਼ਬੂ. 116:12.

ਕੀ ਸਿੱਖਾਂਗੇ?

ਇਸ ਲੇਖ ਵਿਚ ਦੱਸਿਆ ਜਾਵੇਗਾ ਕਿ ਤੁਸੀਂ ਯਹੋਵਾਹ ਲਈ ਆਪਣਾ ਪਿਆਰ ਕਿਵੇਂ ਵਧਾ ਸਕਦੇ ਹੋ। ਇੱਦਾਂ ਕਰ ਕੇ ਤੁਹਾਡਾ ਮਨ ਕਰੇਗਾ ਕਿ ਤੁਸੀਂ ਆਪਣੀ ਜ਼ਿੰਦਗੀ ਯਹੋਵਾਹ ਨੂੰ ਸਮਰਪਣ ਕਰੋ ਅਤੇ ਬਪਤਿਸਮਾ ਲਓ।

1-2. ਬਪਤਿਸਮਾ ਲੈਣ ਤੋਂ ਪਹਿਲਾਂ ਕੀ ਕਰਨਾ ਜ਼ਰੂਰੀ ਹੈ?

 ਪਿਛਲੇ ਪੰਜ ਸਾਲਾਂ ਵਿਚ ਦਸ ਲੱਖ ਤੋਂ ਵੀ ਜ਼ਿਆਦਾ ਲੋਕਾਂ ਨੇ ਬਪਤਿਸਮਾ ਲਿਆ ਅਤੇ ਯਹੋਵਾਹ ਦੇ ਗਵਾਹ ਬਣੇ। ਇਨ੍ਹਾਂ ਵਿੱਚੋਂ ਕਈ ਲੋਕਾਂ ਨੂੰ ਤਿਮੋਥਿਉਸ ਵਾਂਗ “ਬਚਪਨ ਤੋਂ” ਹੀ ਸੱਚਾਈ ਸਿਖਾਈ ਗਈ ਸੀ। (2 ਤਿਮੋ. 3:14, 15) ਕੁਝ ਲੋਕਾਂ ਨੂੰ ਵੱਡੇ ਹੋਣ ਤੇ ਸੱਚਾਈ ਮਿਲੀ ਅਤੇ ਕੁਝ ਲੋਕਾਂ ਨੂੰ ਤਾਂ ਉਦੋਂ ਸੱਚਾਈ ਮਿਲੀ ਜਦੋਂ ਉਹ ਸਿਆਣੀ ਉਮਰ ਦੇ ਹੋ ਗਏ ਸਨ। ਜਿੱਦਾਂ ਹਾਲ ਹੀ ਦੇ ਸਮੇਂ ਵਿਚ ਇਕ 97 ਸਾਲਾਂ ਦੀ ਔਰਤ ਨੇ ਬਪਤਿਸਮਾ ਲਿਆ ਅਤੇ ਯਹੋਵਾਹ ਦੀ ਗਵਾਹ ਬਣੀ।

2 ਜੇ ਤੁਸੀਂ ਇਕ ਬਾਈਬਲ ਵਿਦਿਆਰਥੀ ਹੋ ਜਾਂ ਆਪਣੇ ਮੰਮੀ-ਡੈਡੀ ਨਾਲ ਸਟੱਡੀ ਕਰ ਰਹੇ ਹੋ, ਤਾਂ ਕੀ ਤੁਸੀਂ ਬਪਤਿਸਮਾ ਲੈਣ ਬਾਰੇ ਸੋਚ ਰਹੇ ਹੋ? ਜੇ ਹਾਂ, ਤਾਂ ਇਹ ਬਹੁਤ ਵਧੀਆ ਗੱਲ ਹੈ। ਪਰ ਬਪਤਿਸਮਾ ਲੈਣ ਤੋਂ ਪਹਿਲਾਂ ਤੁਹਾਨੂੰ ਆਪਣੀ ਜ਼ਿੰਦਗੀ ਯਹੋਵਾਹ ਨੂੰ ਸਮਰਪਿਤ ਕਰਨ ਦੀ ਲੋੜ ਹੈ। ਇਸ ਲੇਖ ਵਿਚ ਅਸੀਂ ਜਾਣਾਂਗੇ ਕਿ ਸਮਰਪਣ ਕਰਨ ਦਾ ਕੀ ਮਤਲਬ ਹੈ ਅਤੇ ਇਹ ਕਿਵੇਂ ਕੀਤਾ ਜਾਂਦਾ ਹੈ। ਅਸੀਂ ਇਹ ਵੀ ਦੇਖਾਂਗੇ ਕਿ ਜੇ ਤੁਸੀਂ ਆਪਣੀ ਜ਼ਿੰਦਗੀ ਸਮਰਪਿਤ ਕਰਨ ਤੇ ਬਪਤਿਸਮਾ ਲੈਣ ਲਈ ਤਿਆਰ ਹੋ, ਤਾਂ ਤੁਹਾਨੂੰ ਪਿੱਛੇ ਕਿਉਂ ਨਹੀਂ ਹਟਣਾ ਚਾਹੀਦਾ।

ਸਮਰਪਣ ਦਾ ਕੀ ਮਤਲਬ ਹੈ?

3. ਬਾਈਬਲ ਵਿੱਚੋਂ ਕੁਝ ਲੋਕਾਂ ਦੀਆਂ ਮਿਸਾਲਾਂ ਦਿਓ ਜੋ ਯਹੋਵਾਹ ਨੂੰ ਸਮਰਪਿਤ ਹੁੰਦੇ ਸਨ।

3 ਬਾਈਬਲ ਵਿਚ ਦੱਸਿਆ ਗਿਆ ਹੈ ਕਿ ਪੁਰਾਣੇ ਜ਼ਮਾਨੇ ਵਿਚ ਜਿਹੜੇ ਲੋਕ ਯਹੋਵਾਹ ਨੂੰ ਸਮਰਪਿਤ ਸਨ, ਉਹ ਇਕ ਖ਼ਾਸ ਮਕਸਦ ਲਈ ਵੱਖਰੇ ਕੀਤੇ ਗਏ ਸਨ। ਜੇ ਇਜ਼ਰਾਈਲ ਕੌਮ ਦੀ ਗੱਲ ਕਰੀਏ, ਤਾਂ ਉਹ ਯਹੋਵਾਹ ਦੀ ਸਮਰਪਿਤ ਕੌਮ ਸੀ। ਪਰ ਉਸ ਕੌਮ ਵਿੱਚੋਂ ਵੀ ਕੁਝ ਲੋਕ ਖ਼ਾਸ ਮਾਅਨੇ ਵਿਚ ਯਹੋਵਾਹ ਨੂੰ ਸਮਰਪਿਤ ਸਨ। ਉਨ੍ਹਾਂ ਵਿਚੋਂ ਇਕ ਸੀ, ਹਾਰੂਨ। ਉਹ ਇਕ ਪਗੜੀ ਪਾਉਂਦਾ ਸੀ ਜਿਸ ਦੇ ਮੋਹਰਲੇ ਪਾਸੇ ਸੋਨੇ ਦੀ ਇਕ ਚਮਕਦੀ ਪੱਤਰੀ ਹੁੰਦੀ ਸੀ। ਇਹ ਪੱਤਰੀ “ਸਮਰਪਣ ਦੀ ਪਵਿੱਤਰ ਨਿਸ਼ਾਨੀ” ਸੀ। (ਲੇਵੀ. 8:9) ਸੋਨੇ ਦੀ ਇਸ ਪੱਤਰੀ ਤੋਂ ਪਤਾ ਲੱਗਦਾ ਸੀ ਕਿ ਉਸ ਨੂੰ ਇਕ ਖ਼ਾਸ ਮਕਸਦ ਲਈ ਵੱਖਰਾ ਰੱਖਿਆ ਗਿਆ ਹੈ ਯਾਨੀ ਉਹ ਇਜ਼ਰਾਈਲੀਆਂ ਦਾ ਮਹਾਂ ਪੁਜਾਰੀ ਹੈ। ਉਸ ਸਮੇਂ ਦੇ ਨਜ਼ੀਰ ਵੀ ਇਕ ਖ਼ਾਸ ਮਾਅਨੇ ਵਿਚ ਯਹੋਵਾਹ ਨੂੰ ਸਮਰਪਿਤ ਹੁੰਦੇ ਸਨ। “ਨਜ਼ੀਰ” ਇਕ ਇਬਰਾਨੀ ਸ਼ਬਦ ਹੈ ਜਿਸ ਦਾ ਮਤਲਬ ਹੈ, “ਸਮਰਪਿਤ” ਜਾਂ “ਵੱਖਰਾ ਰੱਖਿਆ ਗਿਆ।” ਮੂਸਾ ਦੇ ਕਾਨੂੰਨ ਵਿਚ ਨਜ਼ੀਰਾਂ ਨੂੰ ਕੁਝ ਖ਼ਾਸ ਹਿਦਾਇਤਾਂ ਦਿੱਤੀਆਂ ਗਈਆਂ ਸਨ ਜੋ ਉਨ੍ਹਾਂ ਨੂੰ ਮੰਨਣੀਆਂ ਪੈਂਦੀਆਂ ਸਨ।​—ਗਿਣ. 6:2-8.

4. (ੳ) ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰਨ ਵਾਲੇ ਲੋਕ ਕਿਸ ਖ਼ਾਸ ਮਕਸਦ ਨਾਲ ਜੀਉਂਦੇ ਹਨ? (ਅ) “ਆਪਣੇ ਆਪ ਦਾ ਤਿਆਗ” ਕਰਨ ਦਾ ਕੀ ਮਤਲਬ ਹੈ? (ਤਸਵੀਰ ਵੀ ਦੇਖੋ।)

4 ਜਦੋਂ ਤੁਸੀਂ ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰਦੇ ਹੋ, ਤਾਂ ਤੁਸੀਂ ਯਿਸੂ ਮਸੀਹ ਦੇ ਚੇਲੇ ਬਣਨ ਅਤੇ ਆਪਣੀ ਜ਼ਿੰਦਗੀ ਵਿਚ ਯਹੋਵਾਹ ਦੀ ਇੱਛਾ ਨੂੰ ਸਭ ਤੋਂ ਪਹਿਲੀ ਥਾਂ ਦੇਣ ਦਾ ਫ਼ੈਸਲਾ ਕਰਦੇ ਹੋ। ਮਸੀਹ ਦੇ ਚੇਲਿਆਂ ਤੋਂ ਕੀ ਉਮੀਦ ਕੀਤੀ ਜਾਂਦੀ ਹੈ? ਯਿਸੂ ਨੇ ਕਿਹਾ ਸੀ: “ਜੇ ਕੋਈ ਮੇਰੇ ਪਿੱਛੇ ਆਉਣਾ ਚਾਹੁੰਦਾ ਹੈ, ਤਾਂ ਉਹ ਆਪਣੇ ਆਪ ਦਾ ਤਿਆਗ ਕਰੇ।” (ਮੱਤੀ 16:24) ਇਸ ਦਾ ਮਤਲਬ ਹੈ ਕਿ ਜਦੋਂ ਤੁਸੀਂ ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰਦੇ ਹੋ, ਤਾਂ ਤੁਹਾਨੂੰ ਇੱਦਾਂ ਦੇ ਕੰਮਾਂ ਨੂੰ ਨਾਂਹ ਕਹਿਣੀ ਪਵੇਗੀ ਜੋ ਯਹੋਵਾਹ ਦੀ ਮਰਜ਼ੀ ਦੇ ਖ਼ਿਲਾਫ਼ ਹਨ। (2 ਕੁਰਿੰ. 5:14, 15) ਇਨ੍ਹਾਂ ਵਿਚ “ਸਰੀਰ ਦੇ ਕੰਮ” ਵੀ ਸ਼ਾਮਲ ਹਨ, ਜਿਵੇਂ ਨਾਜਾਇਜ਼ ਸਰੀਰਕ ਸੰਬੰਧ। (ਗਲਾ. 5:19-21; 1 ਕੁਰਿੰ. 6:18) ਕੀ ਇਹ ਸਾਰਾ ਕੁਝ ਸੋਚ ਕੇ ਤੁਹਾਨੂੰ ਇਹ ਲੱਗ ਰਿਹਾ ਹੈ ਕਿ ਤੁਹਾਡੇ ʼਤੇ ਬਹੁਤ ਸਾਰੀਆਂ ਬੰਦਸ਼ਾਂ ਲਗਾਈਆਂ ਜਾ ਰਹੀਆਂ ਹਨ? ਜੇ ਤੁਸੀਂ ਯਹੋਵਾਹ ਨੂੰ ਪਿਆਰ ਕਰਦੇ ਹੋ ਅਤੇ ਤੁਹਾਨੂੰ ਯਕੀਨ ਹੈ ਕਿ ਉਸ ਦੇ ਕਾਇਦੇ-ਕਾਨੂੰਨ ਮੰਨਣ ਨਾਲ ਤੁਹਾਡਾ ਹੀ ਭਲਾ ਹੋਵੇਗਾ, ਤਾਂ ਤੁਹਾਨੂੰ ਇੱਦਾਂ ਨਹੀਂ ਲੱਗੇਗਾ। (ਜ਼ਬੂ. 119:97; ਯਸਾ. 48:17, 18) ਇਸ ਬਾਰੇ ਭਰਾ ਨਿਕੋਲਸ ਕਹਿੰਦਾ ਹੈ: “ਤੁਸੀਂ ਚਾਹੋ ਤਾਂ ਯਹੋਵਾਹ ਦੇ ਮਿਆਰਾਂ ਨੂੰ ਜੇਲ੍ਹ ਦੀਆਂ ਸਲਾਖਾਂ ਵਾਂਗ ਦੇਖ ਸਕਦੇ ਹੋ ਜੋ ਤੁਹਾਨੂੰ ਕੈਦ ਵਿਚ ਰੱਖਦੀਆਂ ਹਨ ਜਾਂ ਸ਼ੇਰ ਦੇ ਪਿੰਜਰੇ ਦੀਆਂ ਸਲਾਖਾਂ ਵਾਂਗ ਜਿਸ ਕਰਕੇ ਤੁਸੀਂ ਸੁਰੱਖਿਅਤ ਰਹਿੰਦੇ ਹੋ।”

ਕੀ ਤੁਸੀਂ ਯਹੋਵਾਹ ਦੇ ਮਿਆਰਾਂ ਨੂੰ ਜੇਲ੍ਹ ਦੀਆਂ ਸਲਾਖਾਂ ਵਾਂਗ ਸਮਝਦੇ ਹੋ ਜਾਂ ਸ਼ੇਰ ਦੇ ਪਿੰਜਰੇ ਦੀਆਂ ਸਲਾਖਾਂ ਵਾਂਗ? (ਪੈਰਾ 4 ਦੇਖੋ)


5. (ੳ) ਤੁਸੀਂ ਯਹੋਵਾਹ ਨੂੰ ਆਪਣੀ ਜ਼ਿੰਦਗੀ ਕਿਵੇਂ ਸਮਰਪਿਤ ਕਰ ਸਕਦੇ ਹੋ? (ਅ) ਸਮਰਪਣ ਕਰਨ ਅਤੇ ਬਪਤਿਸਮਾ ਲੈਣ ਵਿਚ ਕੀ ਫ਼ਰਕ ਹੈ? (ਤਸਵੀਰ ਵੀ ਦੇਖੋ।)

5 ਤੁਸੀਂ ਯਹੋਵਾਹ ਨੂੰ ਆਪਣੀ ਜ਼ਿੰਦਗੀ ਕਿਵੇਂ ਸਮਰਪਿਤ ਕਰ ਸਕਦੇ ਹੋ? ਤੁਸੀਂ ਖ਼ਾਸ ਪ੍ਰਾਰਥਨਾ ਕਰ ਕੇ ਉਸ ਨਾਲ ਇਹ ਵਾਅਦਾ ਕਰ ਸਕਦੇ ਹੋ ਕਿ ਤੁਸੀਂ ਹੁਣ ਤੋਂ ਸਿਰਫ਼ ਉਸ ਦੀ ਹੀ ਭਗਤੀ ਕਰੋਗੇ ਅਤੇ ਉਸ ਦੀ ਇੱਛਾ ਨੂੰ ਆਪਣੀ ਜ਼ਿੰਦਗੀ ਵਿਚ ਪਹਿਲੀ ਥਾਂ ਦਿਓਗੇ। ਇੱਦਾਂ ਕਰ ਕੇ ਤੁਸੀਂ ਇਕ ਤਰੀਕੇ ਨਾਲ ਉਸ ਨੂੰ ਕਹਿ ਰਹੇ ਹੁੰਦੇ ਹੋ ਕਿ ਤੁਸੀਂ “ਆਪਣੇ ਪੂਰੇ ਦਿਲ ਨਾਲ, ਆਪਣੀ ਪੂਰੀ ਜਾਨ ਨਾਲ, ਆਪਣੀ ਪੂਰੀ ਸਮਝ ਨਾਲ ਅਤੇ ਆਪਣੀ ਪੂਰੀ ਤਾਕਤ ਨਾਲ” ਉਸ ਨੂੰ ਪਿਆਰ ਕਰਦੇ ਰਹੋਗੇ। (ਮਰ. 12:30) ਸਮਰਪਣ ਤੁਹਾਡੇ ਤੇ ਯਹੋਵਾਹ ਵਿਚਕਾਰ ਹੁੰਦਾ ਹੈ। ਪਰ ਬਪਤਿਸਮਾ ਤੁਸੀਂ ਸਾਰਿਆਂ ਸਾਮ੍ਹਣੇ ਲੈਂਦੇ ਹੋ। ਇਸ ਤੋਂ ਲੋਕਾਂ ਨੂੰ ਪਤਾ ਲੱਗਦਾ ਹੈ ਕਿ ਤੁਸੀਂ ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕੀਤੀ ਹੈ। ਸਮਰਪਣ ਯਹੋਵਾਹ ਨਾਲ ਕੀਤਾ ਇਕ ਖ਼ਾਸ ਵਾਅਦਾ ਹੈ। ਤੁਸੀਂ ਜ਼ਰੂਰ ਆਪਣਾ ਇਹ ਵਾਅਦਾ ਨਿਭਾਉਣਾ ਚਾਹੋਗੇ ਅਤੇ ਯਹੋਵਾਹ ਵੀ ਤੁਹਾਡੇ ਤੋਂ ਇਹੀ ਉਮੀਦ ਰੱਖਦਾ ਹੈ।​—ਉਪ. 5:4, 5.

ਸਮਰਪਣ ਕਰਨ ਦਾ ਮਤਲਬ ਹੈ, ਇਕੱਲਿਆਂ ਵਿਚ ਯਹੋਵਾਹ ਨਾਲ ਵਾਅਦਾ ਕਰਨਾ ਕਿ ਤੁਸੀਂ ਹੁਣ ਤੋਂ ਸਿਰਫ਼ ਉਸ ਦੀ ਹੀ ਭਗਤੀ ਕਰੋਗੇ ਅਤੇ ਉਸ ਦੀ ਇੱਛਾ ਨੂੰ ਆਪਣੀ ਜ਼ਿੰਦਗੀ ਵਿਚ ਪਹਿਲੀ ਥਾਂ ਦਿਓਗੇ (ਪੈਰਾ 5 ਦੇਖੋ)


ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਿਉਂ ਕਰੀਏ?

6. ਇਕ ਵਿਅਕਤੀ ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਿਉਂ ਕਰਦਾ ਹੈ?

6 ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰਨ ਦਾ ਸਭ ਤੋਂ ਅਹਿਮ ਕਾਰਨ ਇਹ ਹੈ ਕਿ ਤੁਸੀਂ ਉਸ ਨੂੰ ਪਿਆਰ ਕਰਦੇ ਹੋ। ਪਰ ਤੁਸੀਂ ਉਸ ਨੂੰ ਉੱਦਾਂ ਹੀ ਪਿਆਰ ਨਹੀਂ ਕਰਨ ਲੱਗ ਪੈਂਦੇ। ਇਸ ਦੀ ਬਜਾਇ, ਤੁਸੀਂ ਉਸ ਬਾਰੇ “ਸਹੀ ਗਿਆਨ” ਅਤੇ “ਪਵਿੱਤਰ ਸ਼ਕਤੀ ਰਾਹੀਂ ਸਮਝ” ਹਾਸਲ ਕਰਦੇ ਹੋ ਜਿਸ ਕਰਕੇ ਉਸ ਲਈ ਤੁਹਾਡਾ ਪਿਆਰ ਹੋਰ ਵਧਦਾ ਹੈ। (ਕੁਲੁ. 1:9) ਚੰਗੀ ਤਰ੍ਹਾਂ ਅਧਿਐਨ ਕਰਨ ਨਾਲ ਤੁਹਾਨੂੰ ਯਕੀਨ ਹੋ ਜਾਂਦਾ ਹੈ ਕਿ (1) ਯਹੋਵਾਹ ਸੱਚ-ਮੁੱਚ ਹੈ, (2) ਬਾਈਬਲ ਉਸ ਨੇ ਹੀ ਲਿਖਵਾਈ ਹੈ ਅਤੇ (3) ਉਹ ਆਪਣੇ ਸੰਗਠਨ ਰਾਹੀਂ ਆਪਣੀ ਇੱਛਾ ਪੂਰੀ ਕਰ ਰਿਹਾ ਹੈ।

7. ਪਰਮੇਸ਼ੁਰ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰਨ ਤੋਂ ਪਹਿਲਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ?

7 ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰਨ ਲਈ ਜ਼ਰੂਰੀ ਹੈ ਕਿ ਇਕ ਵਿਅਕਤੀ ਪਰਮੇਸ਼ੁਰ ਦੇ ਬਚਨ ਦੀਆਂ ਬੁਨਿਆਦੀ ਸਿੱਖਿਆਵਾਂ ਸਿੱਖੇ ਅਤੇ ਪਰਮੇਸ਼ੁਰ ਦੇ ਮਿਆਰਾਂ ਮੁਤਾਬਕ ਚੱਲੇ। ਨਾਲੇ ਆਪਣੀ ਪੂਰੀ ਵਾਹ ਲਾ ਕੇ ਦੂਜਿਆਂ ਨੂੰ ਇਸ ਬਾਰੇ ਦੱਸੇ। (ਮੱਤੀ 28:19, 20) ਇੱਦਾਂ ਕਰ ਕੇ ਯਹੋਵਾਹ ਲਈ ਉਸ ਦਾ ਪਿਆਰ ਇੰਨਾ ਵਧ ਜਾਂਦਾ ਹੈ ਕਿ ਉਹ ਸਿਰਫ਼ ਉਸ ਦੀ ਹੀ ਭਗਤੀ ਕਰਨੀ ਚਾਹੁੰਦਾ ਹੈ। ਕੀ ਤੁਹਾਡੇ ਬਾਰੇ ਵੀ ਇਹ ਗੱਲ ਸੱਚ ਹੈ? ਜੇ ਹਾਂ, ਤਾਂ ਤੁਸੀਂ ਸਿਰਫ਼ ਆਪਣੇ ਮਾਪਿਆਂ ਜਾਂ ਬਾਈਬਲ ਸਿੱਖਿਅਕ ਨੂੰ ਖ਼ੁਸ਼ ਕਰਨ ਲਈ ਹੀ ਆਪਣੀ ਜ਼ਿੰਦਗੀ ਸਮਰਪਿਤ ਨਹੀਂ ਕਰੋਗੇ ਅਤੇ ਨਾ ਹੀ ਆਪਣੇ ਦੋਸਤਾਂ ਦੀ ਦੇਖਾ-ਦੇਖੀ ਇੱਦਾਂ ਕਰੋਗੇ। ਇਸ ਦੀ ਬਜਾਇ ਤੁਸੀਂ ਯਹੋਵਾਹ ਨਾਲ ਪਿਆਰ ਹੋਣ ਕਰਕੇ ਇੱਦਾਂ ਕਰੋਗੇ।

8. ਕਿਸ ਚੀਜ਼ ʼਤੇ ਸੋਚ-ਵਿਚਾਰ ਕਰ ਕੇ ਤੁਹਾਡਾ ਦਿਲ ਕਰੇਗਾ ਕਿ ਤੁਸੀਂ ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰੋ? (ਜ਼ਬੂਰ 116:12-14)

8 ਜਦੋਂ ਤੁਸੀਂ ਇਸ ਬਾਰੇ ਸੋਚੋਗੇ ਕਿ ਯਹੋਵਾਹ ਨੇ ਤੁਹਾਡੇ ਲਈ ਕਿੰਨਾ ਕੁਝ ਕੀਤਾ ਹੈ, ਤਾਂ ਤੁਹਾਡਾ ਦਿਲ ਕਰੇਗਾ ਕਿ ਤੁਸੀਂ ਉਸ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰੋ। (ਜ਼ਬੂਰ 116:12-14 ਪੜ੍ਹੋ।) ਬਾਈਬਲ ਸਾਫ਼-ਸਾਫ਼ ਦੱਸਦੀ ਹੈ ਕਿ “ਹਰ ਚੰਗੀ ਦਾਤ ਅਤੇ ਉੱਤਮ ਸੁਗਾਤ” ਯਹੋਵਾਹ ਤੋਂ ਹੀ ਮਿਲਦੀ ਹੈ। (ਯਾਕੂ. 1:17) ਯਹੋਵਾਹ ਨੇ ਸਾਨੂੰ ਜੋ ਸਭ ਤੋਂ ਵੱਡਾ ਤੋਹਫ਼ਾ ਦਿੱਤਾ ਹੈ, ਉਹ ਹੈ ਆਪਣੇ ਪੁੱਤਰ ਯਿਸੂ ਦੀ ਕੁਰਬਾਨੀ। ਜ਼ਰਾ ਸੋਚੋ ਕਿ ਇਸ ਕੁਰਬਾਨੀ ਕਰਕੇ ਕਿੰਨਾ ਕੁਝ ਮੁਮਕਿਨ ਹੋਇਆ ਹੈ! ਤੁਸੀਂ ਯਹੋਵਾਹ ਨਾਲ ਵਧੀਆ ਰਿਸ਼ਤਾ ਬਣਾ ਸਕੇ ਹੋ ਅਤੇ ਤੁਹਾਨੂੰ ਹਮੇਸ਼ਾ ਦੀ ਜ਼ਿੰਦਗੀ ਦੀ ਉਮੀਦ ਮਿਲੀ ਹੈ। (1 ਯੂਹੰ. 4:9, 10, 19) ਸੱਚ-ਮੁੱਚ, ਇਸ ਤੋਂ ਵੱਡੇ ਪਿਆਰ ਦਾ ਸਬੂਤ ਹੋਰ ਕੀ ਹੋ ਸਕਦਾ ਹੈ! ਜਦੋਂ ਤੁਸੀਂ ਇਸ ਬਾਰੇ ਅਤੇ ਉਨ੍ਹਾਂ ਬਰਕਤਾਂ ਬਾਰੇ ਸੋਚੋਗੇ ਜੋ ਯਹੋਵਾਹ ਨੇ ਤੁਹਾਨੂੰ ਦਿੱਤੀਆਂ ਹਨ, ਤਾਂ ਤੁਹਾਡਾ ਦਿਲ ਅਹਿਸਾਨ ਨਾਲ ਭਰ ਜਾਵੇਗਾ ਤੇ ਤੁਹਾਡਾ ਦਿਲ ਕਰੇਗਾ ਕਿ ਤੁਸੀਂ ਉਸ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰੋ। (ਬਿਵ. 16:17; 2 ਕੁਰਿੰ. 5:15) ਇਸ ਬਾਰੇ ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ! ਕਿਤਾਬ ਦੇ ਪਾਠ 46 ਦੇ ਨੁਕਤਾ 4 ਵਿਚ ਹੋਰ ਜਾਣਕਾਰੀ ਦਿੱਤੀ ਗਈ ਹੈ। ਨਾਲੇ ਇਸ ਵਿਚ ਤਿੰਨ ਮਿੰਟ ਦੀ ਇਕ ਵੀਡੀਓ ਵੀ ਦਿੱਤੀ ਗਈ ਹੈ ਜਿਸ ਦਾ ਵਿਸ਼ਾ ਹੈ, ਅਸੀਂ ਪਰਮੇਸ਼ੁਰ ਨੂੰ ਕਿਹੜੀਆਂ ਭੇਟਾਂ ਚੜ੍ਹਾ ਸਕਦੇ ਹਾਂ?

ਕੀ ਤੁਸੀਂ ਸਮਰਪਣ ਕਰਨ ਤੇ ਬਪਤਿਸਮਾ ਲੈਣ ਲਈ ਤਿਆਰ ਹੋ?

9. ਜਦੋਂ ਬਪਤਿਸਮਾ ਲੈਣ ਦੀ ਗੱਲ ਆਉਂਦੀ ਹੈ, ਤਾਂ ਇਕ ਵਿਅਕਤੀ ਨੂੰ ਆਪਣੀ ਤੁਲਨਾ ਦੂਜਿਆਂ ਨਾਲ ਕਿਉਂ ਨਹੀਂ ਕਰਨੀ ਚਾਹੀਦੀ?

9 ਸ਼ਾਇਦ ਤੁਹਾਨੂੰ ਲੱਗੇ ਕਿ ਤੁਸੀਂ ਅਜੇ ਸਮਰਪਣ ਕਰਨ ਅਤੇ ਬਪਤਿਸਮਾ ਲੈਣ ਲਈ ਤਿਆਰ ਨਹੀਂ ਹੋ। ਯਹੋਵਾਹ ਦੇ ਮਿਆਰਾਂ ਮੁਤਾਬਕ ਜ਼ਿੰਦਗੀ ਜੀਉਣ ਲਈ ਸ਼ਾਇਦ ਤੁਹਾਨੂੰ ਕੁਝ ਬਦਲਾਅ ਕਰਨ ਦੀ ਲੋੜ ਹੋਵੇ ਜਾਂ ਆਪਣੀ ਨਿਹਚਾ ਮਜ਼ਬੂਤ ਕਰਨ ਲਈ ਹੋਰ ਸਮੇਂ ਦੀ ਲੋੜ ਹੋਵੇ। (ਕੁਲੁ. 2:6, 7) ਯਾਦ ਰੱਖੋ ਕਿ ਸਾਰੇ ਬਾਈਬਲ ਵਿਦਿਆਰਥੀ ਇੱਕੋ ਜਿਹੇ ਨਹੀਂ ਹੁੰਦੇ। ਕੁਝ ਜਣੇ ਜਲਦੀ ਹੀ ਯਹੋਵਾਹ ਨਾਲ ਆਪਣਾ ਪਿਆਰ ਗੂੜ੍ਹਾ ਕਰ ਲੈਂਦੇ ਹਨ ਅਤੇ ਕੁਝ ਜਣਿਆਂ ਨੂੰ ਸਮਾਂ ਲੱਗਦਾ ਹੈ। ਨਾਲੇ ਸਾਰੇ ਨੌਜਵਾਨ ਇੱਕੋ ਉਮਰ ਵਿਚ ਹੀ ਸਮਰਪਣ ਕਰਨ ਤੇ ਬਪਤਿਸਮਾ ਲੈਣ ਲਈ ਤਿਆਰ ਨਹੀਂ ਹੁੰਦੇ। ਇਸ ਲਈ ਦੂਜਿਆਂ ਨਾਲ ਆਪਣੀ ਤੁਲਨਾ ਨਾ ਕਰੋ। ਇਸ ਦੀ ਬਜਾਇ, ਇਹ ਦੇਖਣ ਦੀ ਕੋਸ਼ਿਸ਼ ਕਰੋ ਕਿ ਤੁਹਾਨੂੰ ਆਪਣੇ ਵਿਚ ਕਿਹੜੇ ਬਦਲਾਅ ਕਰਨ ਦੀ ਲੋੜ ਹੈ।​—ਗਲਾ. 6:4, 5.

10. ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਅਜੇ ਸਮਰਪਣ ਕਰਨ ਅਤੇ ਬਪਤਿਸਮਾ ਲੈਣ ਲਈ ਤਿਆਰ ਨਹੀਂ ਹੋ, ਤਾਂ ਤੁਸੀਂ ਕੀ ਕਰ ਸਕਦੇ ਹੋ? (“ ਜਿਨ੍ਹਾਂ ਦੀ ਪਰਵਰਿਸ਼ ਸੱਚਾਈ ਵਿਚ ਹੋਈ ਹੈ” ਨਾਂ ਦੀ ਡੱਬੀ ਵੀ ਦੇਖੋ।)

10 ਪਰ ਫਿਰ ਵੀ ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਅਜੇ ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰਨ ਲਈ ਤਿਆਰ ਨਹੀਂ ਹੋ, ਤਾਂ ਹਿੰਮਤ ਨਾ ਹਾਰੋ। ਇਹ ਟੀਚਾ ਹਾਸਲ ਕਰਨ ਵਿਚ ਮਿਹਨਤ ਕਰਦੇ ਰਹੋ। ਆਪਣੇ ਅੰਦਰ ਲੋੜੀਂਦੇ ਬਦਲਾਅ ਕਰਨ ਲਈ ਪ੍ਰਾਰਥਨਾ ਵਿਚ ਯਹੋਵਾਹ ਤੋਂ ਮਦਦ ਮੰਗੋ। (ਫ਼ਿਲਿ. 2:13; 3:16) ਤੁਸੀਂ ਭਰੋਸਾ ਰੱਖ ਸਕਦੇ ਹੋ ਕਿ ਉਹ ਤੁਹਾਡੀ ਪ੍ਰਾਰਥਨਾ ਜ਼ਰੂਰ ਸੁਣੇਗਾ ਤੇ ਤੁਹਾਡੀ ਮਦਦ ਕਰੇਗਾ।​—1 ਯੂਹੰ. 5:14.

ਕੁਝ ਜਣੇ ਸਮਰਪਣ ਕਰਨ ਤੋਂ ਕਿਉਂ ਝਿਜਕਦੇ ਹਨ?

11. ਵਫ਼ਾਦਾਰ ਰਹਿਣ ਵਿਚ ਯਹੋਵਾਹ ਤੁਹਾਡੀ ਕਿਵੇਂ ਮਦਦ ਕਰੇਗਾ?

11 ਕੁਝ ਜਣੇ ਸਮਰਪਣ ਕਰਨ ਅਤੇ ਬਪਤਿਸਮਾ ਲੈਣ ਦੇ ਯੋਗ ਹਨ, ਪਰ ਫਿਰ ਵੀ ਉਹ ਇਹ ਕਦਮ ਚੁੱਕਣ ਤੋਂ ਝਿਜਕਦੇ ਹਨ। ਉਹ ਸ਼ਾਇਦ ਸੋਚਣ, ‘ਜੇ ਮੇਰੇ ਤੋਂ ਕੋਈ ਗੰਭੀਰ ਗ਼ਲਤੀ ਹੋ ਗਈ ਤੇ ਮੈਨੂੰ ਮੰਡਲੀ ਵਿੱਚੋਂ ਛੇਕ ਦਿੱਤਾ ਗਿਆ, ਫਿਰ?’ ਜੇ ਤੁਹਾਨੂੰ ਵੀ ਇੱਦਾਂ ਹੀ ਲੱਗਦਾ ਹੈ, ਤਾਂ ਫ਼ਿਕਰ ਨਾ ਕਰੋ। ਯਕੀਨ ਰੱਖੋ ਕਿ ਯਹੋਵਾਹ ਅਜਿਹਾ ਚਾਲ-ਚਲਣ ਬਣਾਈ ਰੱਖਣ ਵਿਚ ਤੁਹਾਡੀ ਮਦਦ ਕਰੇਗਾ “ਜਿਹੋ ਜਿਹਾ ਯਹੋਵਾਹ ਦੇ ਸੇਵਕਾਂ” ਹੋਣਾ ਚਾਹੀਦਾ ਹੈ ਤਾਂਕਿ “ਤੁਸੀਂ ਉਸ ਨੂੰ ਪੂਰੀ ਤਰ੍ਹਾਂ ਖ਼ੁਸ਼ ਕਰ ਸਕੋ।” (ਕੁਲੁ. 1:10) ਨਾਲੇ ਉਹ ਸਹੀ ਕੰਮ ਕਰਨ ਲਈ ਤੁਹਾਨੂੰ ਹਿੰਮਤ ਵੀ ਦੇਵੇਗਾ ਜਿਵੇਂ ਉਸ ਨੇ ਆਪਣੇ ਕਈ ਸੇਵਕਾਂ ਨੂੰ ਦਿੱਤੀ ਹੈ। (1 ਕੁਰਿੰ. 10:13) ਯਹੋਵਾਹ ਆਪਣੇ ਸੇਵਕਾਂ ਦੀ ਮਦਦ ਕਰਦਾ ਹੈ। ਇਸੇ ਕਰਕੇ ਬਹੁਤ ਹੀ ਘੱਟ ਲੋਕਾਂ ਨੂੰ ਮੰਡਲੀ ਵਿੱਚੋਂ ਛੇਕਿਆ ਜਾਂਦਾ ਹੈ। ਸੱਚ-ਮੁੱਚ, ਯਹੋਵਾਹ ਆਪਣੇ ਲੋਕਾਂ ਦੀ ਹਰ ਤਰੀਕੇ ਨਾਲ ਮਦਦ ਕਰਦਾ ਹੈ ਤਾਂਕਿ ਉਹ ਉਸ ਦੇ ਵਫ਼ਾਦਾਰ ਰਹਿ ਸਕਣ।

12. ਅਸੀਂ ਕੋਈ ਗੰਭੀਰ ਗ਼ਲਤੀ ਕਰਨ ਤੋਂ ਕਿਵੇਂ ਬਚ ਸਕਦੇ ਹਾਂ?

12 ਨਾਮੁਕੰਮਲ ਹੋਣ ਕਰਕੇ ਸਾਡੇ ਸਾਰਿਆਂ ਵਿਚ ਗ਼ਲਤ ਕੰਮ ਕਰਨ ਦਾ ਝੁਕਾਅ ਹੁੰਦਾ ਹੈ। (ਯਾਕੂ. 1:14) ਪਰ ਤੁਸੀਂ ਗ਼ਲਤ ਕੰਮ ਕਰੋਗੇ ਜਾਂ ਨਹੀਂ, ਇਹ ਤੁਹਾਡੇ ʼਤੇ ਨਿਰਭਰ ਹੈ। ਤੁਸੀਂ ਖ਼ੁਦ ਤੈਅ ਕਰ ਸਕਦੇ ਹੋ ਕਿ ਤੁਸੀਂ ਕੀ ਕਰੋਗੇ ਤੇ ਕਿਹੋ ਜਿਹੀ ਜ਼ਿੰਦਗੀ ਜੀਓਗੇ। ਪਰ ਸ਼ਾਇਦ ਕੁਝ ਲੋਕ ਕਹਿਣ ਕਿ ਉਹ ਆਪਣੀਆਂ ਇੱਛਾਵਾਂ ʼਤੇ ਕਾਬੂ ਨਹੀਂ ਪਾ ਸਕਦੇ, ਇਹ ਉਨ੍ਹਾਂ ਦੇ ਵੱਸੋਂ ਬਾਹਰ ਹੈ। ਪਰ ਇੱਦਾਂ ਬਿਲਕੁਲ ਨਹੀਂ ਹੈ। ਤੁਸੀਂ ਆਪਣੀਆਂ ਇੱਛਾਵਾਂ ʼਤੇ ਕਾਬੂ ਪਾ ਸਕਦੇ ਹੋ। ਜੇ ਤੁਹਾਡੇ ਮਨ ਵਿਚ ਕੋਈ ਗ਼ਲਤ ਇੱਛਾ ਆ ਵੀ ਜਾਵੇ, ਤਾਂ ਤੁਸੀਂ ਉਸ ਅਨੁਸਾਰ ਕੰਮ ਕਰਨ ਤੋਂ ਆਪਣੇ ਆਪ ਨੂੰ ਰੋਕ ਸਕਦੇ ਹੋ। ਇੱਦਾਂ ਕਰਨ ਵਿਚ ਕਿਹੜੀਆਂ ਗੱਲਾਂ ਤੁਹਾਡੀ ਮਦਦ ਕਰ ਸਕਦੀਆਂ ਹਨ? ਹਰ ਦਿਨ ਯਹੋਵਾਹ ਨੂੰ ਪ੍ਰਾਰਥਨਾ ਕਰੋ। ਰੋਜ਼ ਉਸ ਦੇ ਬਚਨ ਦਾ ਅਧਿਐਨ ਕਰੋ। ਸਭਾਵਾਂ ਵਿਚ ਜਾਓ। ਆਪਣੇ ਵਿਸ਼ਵਾਸਾਂ ਬਾਰੇ ਦੂਜਿਆਂ ਨੂੰ ਵੀ ਦੱਸੋ। ਜਦੋਂ ਤੁਸੀਂ ਲਗਾਤਾਰ ਇਹ ਕਦਮ ਚੁੱਕੋਗੇ, ਤਾਂ ਤੁਹਾਨੂੰ ਹਿੰਮਤ ਮਿਲੇਗੀ ਕਿ ਤੁਸੀਂ ਆਪਣਾ ਸਮਰਪਣ ਦਾ ਵਾਅਦਾ ਨਿਭਾ ਸਕੋ। ਨਾਲੇ ਕਦੇ ਨਾ ਭੁੱਲੋ ਕਿ ਯਹੋਵਾਹ ਤੁਹਾਡੇ ਨਾਲ ਹੈ।​—ਗਲਾ. 5:16.

13. ਅਸੀਂ ਯੂਸੁਫ਼ ਤੋਂ ਕੀ ਸਿੱਖ ਸਕਦੇ ਹਾਂ?

13 ਜੇ ਤੁਸੀਂ ਪਹਿਲਾਂ ਤੋਂ ਹੀ ਸੋਚ ਕੇ ਰੱਖੋ ਕਿ ਬਹਿਕਾਏ ਜਾਣ ʼਤੇ ਤੁਸੀਂ ਕੀ ਕਰੋਗੇ, ਤਾਂ ਤੁਹਾਡੇ ਲਈ ਆਪਣੇ ਸਮਰਪਣ ਦੇ ਵਾਅਦੇ ਅਨੁਸਾਰ ਜੀਉਣਾ ਸੌਖਾ ਹੋਵੇਗਾ। ਬਾਈਬਲ ਵਿਚ ਅਜਿਹੇ ਕਈ ਲੋਕਾਂ ਬਾਰੇ ਦੱਸਿਆ ਗਿਆ ਹੈ ਜਿਨ੍ਹਾਂ ਨੇ ਇੱਦਾਂ ਹੀ ਕੀਤਾ। ਉਹ ਵੀ ਸਾਡੇ ਵਾਂਗ ਨਾਮੁਕੰਮਲ ਇਨਸਾਨ ਸਨ। ਪਰ ਬਹਿਕਾਏ ਜਾਣ ʼਤੇ ਵੀ ਉਹ ਯਹੋਵਾਹ ਦੇ ਵਫ਼ਾਦਾਰ ਰਹੇ। ਯੂਸੁਫ਼ ਦੀ ਹੀ ਮਿਸਾਲ ਲੈ ਲਓ। ਪੋਟੀਫ਼ਰ ਦੀ ਪਤਨੀ ਨੇ ਵਾਰ-ਵਾਰ ਉਸ ਨੂੰ ਬਹਿਕਾਉਣ ਦੀ ਕੋਸ਼ਿਸ਼ ਕੀਤੀ। ਪਰ ਉਸ ਨੂੰ ਪਤਾ ਸੀ ਕਿ ਅਜਿਹੇ ਹਾਲਾਤ ਵਿਚ ਉਸ ਨੇ ਕੀ ਕਰਨਾ ਹੈ। ਬਾਈਬਲ ਵਿਚ ਦੱਸਿਆ ਗਿਆ ਹੈ ਕਿ ਯੂਸੁਫ਼ ਨੇ ਸਾਫ਼-ਸਾਫ਼ “ਇਨਕਾਰ” ਕਰ ਦਿੱਤਾ। ਉਸ ਨੇ ਕਿਹਾ: “ਮੈਂ ਇੰਨਾ ਵੱਡਾ ਕੁਕਰਮ ਕਰ ਕੇ ਪਰਮੇਸ਼ੁਰ ਦੇ ਖ਼ਿਲਾਫ਼ ਪਾਪ ਕਿਵੇਂ ਕਰ ਸਕਦਾ ਹਾਂ?” (ਉਤ. 39:8-10) ਇਸ ਤੋਂ ਪਤਾ ਲੱਗਦਾ ਹੈ ਕਿ ਯੂਸੁਫ਼ ਨੇ ਪਹਿਲਾਂ ਤੋਂ ਹੀ ਸੋਚਿਆ ਸੀ ਕਿ ਇੱਦਾਂ ਦੇ ਹਾਲਾਤ ਵਿਚ ਉਹ ਕੀ ਕਰੇਗਾ। ਇਸੇ ਕਰਕੇ ਉਸ ਨੇ ਪੋਟੀਫ਼ਰ ਦੀ ਪਤਨੀ ਨੂੰ ਮਨ੍ਹਾ ਕਰਨ ਵਿਚ ਜ਼ਰਾ ਵੀ ਦੇਰ ਨਹੀਂ ਕੀਤੀ।

14. ਅਸੀਂ ਕੀ ਕਰ ਸਕਦੇ ਹਾਂ ਤਾਂਕਿ ਬਹਿਕਾਏ ਜਾਣ ʼਤੇ ਅਸੀਂ ਕੋਈ ਗ਼ਲਤ ਕੰਮ ਨਾ ਕਰੀਏ?

14 ਯੂਸੁਫ਼ ਵਾਂਗ ਤੁਸੀਂ ਕੀ ਕਰ ਸਕਦੇ ਹੋ? ਤੁਸੀਂ ਪਹਿਲਾਂ ਤੋਂ ਹੀ ਸੋਚ ਸਕਦੇ ਹੋ ਕਿ ਬਹਿਕਾਏ ਜਾਣ ʼਤੇ ਤੁਸੀਂ ਕੀ ਕਰੋਗੇ? ਇੱਦਾਂ ਦਾ ਕੰਮ ਕਰਨ ਤੋਂ ਤੁਰੰਤ ਮਨ੍ਹਾ ਕਰ ਦਿਓ ਜਿਸ ਤੋਂ ਯਹੋਵਾਹ ਨਫ਼ਰਤ ਕਰਦਾ ਹੈ, ਇੱਥੋਂ ਤਕ ਕਿ ਉਸ ਬਾਰੇ ਸੋਚੋ ਵੀ ਨਾ। (ਜ਼ਬੂ. 97:10; 119:165) ਇੱਦਾਂ ਕਰ ਕੇ ਬਹਿਕਾਏ ਜਾਣ ʼਤੇ ਵੀ ਤੁਸੀਂ ਆਪਣੇ ਇਰਾਦੇ ʼਤੇ ਪੱਕੇ ਰਹੋਗੇ ਕਿਉਂਕਿ ਤੁਹਾਨੂੰ ਪਹਿਲਾਂ ਤੋਂ ਹੀ ਪਤਾ ਹੋਵੇਗਾ ਕਿ ਤੁਸੀਂ ਕੀ ਕਰਨਾ ਹੈ।

15. ਇਕ ਵਿਅਕਤੀ ਕਿਵੇਂ ਦਿਖਾ ਸਕਦਾ ਹੈ ਕਿ ਉਹ ਯਹੋਵਾਹ ਦੀ “ਇੱਛਾ ਪੂਰੀ ਕਰਨ ਦੀ ਕੋਸ਼ਿਸ਼” ਕਰ ਰਿਹਾ ਹੈ? (ਇਬਰਾਨੀਆਂ 11:6)

15 ਸ਼ਾਇਦ ਤੁਹਾਨੂੰ ਯਕੀਨ ਹੋਵੇ ਕਿ ਤੁਸੀਂ ਜੋ ਸਿੱਖ ਰਹੇ ਹੋ, ਉਹ ਸੱਚਾਈ ਹੈ ਅਤੇ ਤੁਸੀਂ ਯਹੋਵਾਹ ਦੀ ਸੇਵਾ ਕਰਨੀ ਚਾਹੁੰਦੇ ਹੋ। ਪਰ ਫਿਰ ਵੀ ਕਿਸੇ ਕਾਰਨ ਕਰਕੇ ਤੁਸੀਂ ਸਮਰਪਣ ਕਰਨ ਅਤੇ ਬਪਤਿਸਮਾ ਲੈਣ ਤੋਂ ਝਿਜਕ ਰਹੇ ਹੋ। ਜੇ ਇਹ ਗੱਲ ਹੈ, ਤਾਂ ਤੁਸੀਂ ਰਾਜਾ ਦਾਊਦ ਵਾਂਗ ਯਹੋਵਾਹ ਨੂੰ ਬੇਨਤੀ ਕਰ ਸਕਦੇ ਹੋ: “ਹੇ ਪਰਮੇਸ਼ੁਰ, ਮੇਰੀ ਜਾਂਚ ਕਰ ਅਤੇ ਮੇਰੇ ਦਿਲ ਨੂੰ ਜਾਣ। ਮੇਰੀ ਜਾਂਚ ਕਰ ਅਤੇ ਮੇਰੇ ਮਨ ਦੀਆਂ ਚਿੰਤਾਵਾਂ ਨੂੰ ਜਾਣ। ਦੇਖ ਕਿਤੇ ਮੇਰਾ ਝੁਕਾਅ ਗ਼ਲਤ ਕੰਮਾਂ ਵੱਲ ਤਾਂ ਨਹੀਂ, ਮੈਨੂੰ ਹਮੇਸ਼ਾ ਦੀ ਜ਼ਿੰਦਗੀ ਦੇ ਰਾਹ ʼਤੇ ਲੈ ਚੱਲ।” (ਜ਼ਬੂ. 139:23, 24) ਇਸ ਤਰ੍ਹਾਂ ਜਦੋਂ ਤੁਸੀਂ ਯਹੋਵਾਹ ਨੂੰ ਪ੍ਰਾਰਥਨਾ ਕਰੋਗੇ ਅਤੇ ਸਮਰਪਣ ਤੇ ਬਪਤਿਸਮਾ ਲੈਣ ਦੇ ਟੀਚੇ ਨੂੰ ਹਾਸਲ ਕਰਨ ਵਿਚ ਮਿਹਨਤ ਕਰੋਗੇ, ਤਾਂ ਤੁਸੀਂ ਦਿਖਾਓਗੇ ਕਿ ਤੁਸੀਂ “ਉਸ ਦੀ ਇੱਛਾ ਪੂਰੀ ਕਰਨ ਦੀ ਕੋਸ਼ਿਸ਼” ਕਰ ਰਹੇ ਹੋ। ਤੁਸੀਂ ਯਕੀਨ ਰੱਖ ਸਕਦੇ ਹੋ ਕਿ ਯਹੋਵਾਹ ਤੁਹਾਨੂੰ ਬਰਕਤਾਂ ਦੇਵੇਗਾ।​—ਇਬਰਾਨੀਆਂ 11:6 ਪੜ੍ਹੋ।

ਯਹੋਵਾਹ ਦੇ ਨੇੜੇ ਆਉਂਦੇ ਰਹੋ

16-17. ਅਸੀਂ ਕਿਉਂ ਕਹਿ ਸਕਦੇ ਹਾਂ ਕਿ ਯਹੋਵਾਹ ਉਨ੍ਹਾਂ ਬੱਚਿਆਂ ਨੂੰ ਵੀ ਆਪਣੇ ਵੱਲ ਖਿੱਚਦਾ ਹੈ ਜਿਨ੍ਹਾਂ ਦੀ ਪਰਵਰਿਸ਼ ਸੱਚਾਈ ਵਿਚ ਹੋਈ ਹੈ? (ਯੂਹੰਨਾ 6:44)

16 ਯਿਸੂ ਨੇ ਕਿਹਾ ਸੀ ਕਿ ਉਸ ਦੇ ਚੇਲਿਆਂ ਨੂੰ ਯਹੋਵਾਹ ਨੇ ਹੀ ਆਪਣੇ ਵੱਲ ਖਿੱਚਿਆ ਹੈ। (ਯੂਹੰਨਾ 6:44 ਪੜ੍ਹੋ।) ਇਹ ਕਿੰਨੀ ਹੀ ਜ਼ਬਰਦਸਤ ਗੱਲ ਹੈ! ਯਹੋਵਾਹ ਹਰ ਇਨਸਾਨ ਵਿਚ ਕੁਝ ਚੰਗਾ ਦੇਖਦਾ ਹੈ। ਇਸੇ ਕਰਕੇ ਉਹ ਉਸ ਨੂੰ ਆਪਣੇ ਵੱਲ ਖਿੱਚਦਾ ਹੈ। ਨਾਲੇ ਯਹੋਵਾਹ ਨੇ ਤੁਹਾਡੇ ਵਿਚ ਵੀ ਕੁਝ ਚੰਗਾ ਦੇਖਿਆ ਹੈ। ਉਹ ਹਰ ਇਨਸਾਨ ਨੂੰ ‘ਆਪਣੇ ਖ਼ਾਸ ਲੋਕ” ਜਾਂ “ਆਪਣੀ ਕੀਮਤੀ ਜਾਇਦਾਦ” ਸਮਝਦਾ ਹੈ।​—ਬਿਵ. 7:6; ਫੁਟਨੋਟ।

17 ਪਰ ਜੇ ਤੁਹਾਡੇ ਮਾਪੇ ਸੱਚਾਈ ਵਿਚ ਹਨ, ਤਾਂ ਸ਼ਾਇਦ ਤੁਹਾਨੂੰ ਲੱਗੇ ਕਿ ਤੁਸੀਂ ਬੱਸ ਆਪਣੇ ਮਾਪਿਆਂ ਕਰਕੇ ਹੀ ਸੱਚਾਈ ਵਿਚ ਹੋ। ਪਰ ਧਿਆਨ ਦਿਓ ਕਿ ਬਾਈਬਲ ਵਿਚ ਲਿਖਿਆ ਹੈ: “ਪਰਮੇਸ਼ੁਰ ਦੇ ਨੇੜੇ ਆਓ ਅਤੇ ਉਹ ਤੁਹਾਡੇ ਨੇੜੇ ਆਵੇਗਾ।” (ਯਾਕੂ. 4:8; 1 ਇਤਿ. 28:9) ਸੋ ਜਦੋਂ ਤੁਸੀਂ ਯਹੋਵਾਹ ਦੇ ਨੇੜੇ ਆਉਣ ਵਿਚ ਪਹਿਲ ਕਰੋਗੇ, ਤਾਂ ਉਹ ਵੀ ਤੁਹਾਡੇ ਨੇੜੇ ਆਵੇਗਾ। ਇੱਦਾਂ ਨਹੀਂ ਹੈ ਕਿ ਯਹੋਵਾਹ ਨੇ ਸਿਰਫ਼ ਤੁਹਾਡੇ ਮਾਪਿਆਂ ਨੂੰ ਆਪਣੇ ਵੱਲ ਖਿੱਚਿਆ ਹੈ, ਸਗੋਂ ਤੁਹਾਨੂੰ ਵੀ ਖਿੱਚਿਆ ਹੈ। ਯਹੋਵਾਹ ਹਰ ਇਨਸਾਨ ਨੂੰ ਆਪਣੇ ਵੱਲ ਖਿੱਚਦਾ ਹੈ, ਉਸ ਨੂੰ ਵੀ ਜਿਸ ਨੂੰ ਆਪਣੇ ਮਾਪਿਆਂ ਤੋਂ ਸੱਚਾਈ ਮਿਲੀ ਹੈ। ਜਦੋਂ ਇੱਦਾਂ ਦਾ ਵਿਅਕਤੀ ਯਹੋਵਾਹ ਦੇ ਨੇੜੇ ਆਉਣ ਵਿਚ ਪਹਿਲ ਕਰਦਾ ਹੈ, ਤਾਂ ਯਹੋਵਾਹ ਵੀ ਉਸ ਦੇ ਨੇੜੇ ਆਉਂਦਾ ਹੈ ਜਿੱਦਾਂ ਯਾਕੂਬ 4:8 ਵਿਚ ਲਿਖਿਆ ਹੈ।​—2 ਥੱਸਲੁਨੀਕੀਆਂ 2:13 ਵਿਚ ਨੁਕਤਾ ਦੇਖੋ।

18. ਅਗਲੇ ਲੇਖ ਵਿਚ ਅਸੀਂ ਕੀ ਚਰਚਾ ਕਰਾਂਗੇ? (ਜ਼ਬੂਰ 40:8)

18 ਜਦੋਂ ਤੁਸੀਂ ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰਦੇ ਹੋ ਅਤੇ ਬਪਤਿਸਮਾ ਲੈਂਦੇ ਹੋ, ਤਾਂ ਤੁਸੀਂ ਯਿਸੂ ਵਰਗਾ ਰਵੱਈਆ ਦਿਖਾ ਰਹੇ ਹੁੰਦੇ ਹੋ। ਯਿਸੂ ਨੇ ਖ਼ੁਸ਼ੀ-ਖ਼ੁਸ਼ੀ ਖ਼ੁਦ ਨੂੰ ਆਪਣੇ ਪਿਤਾ ਨੂੰ ਸਮਰਪਿਤ ਕੀਤਾ ਸੀ ਤਾਂਕਿ ਉਹ ਉਸ ਦੀ ਇੱਛਾ ਪੂਰੀ ਕਰ ਸਕੇ। (ਜ਼ਬੂਰ 40:8 ਪੜ੍ਹੋ; ਇਬ. 10:7) ਅਗਲੇ ਲੇਖ ਵਿਚ ਅਸੀਂ ਚਰਚਾ ਕਰਾਂਗੇ ਕਿ ਬਪਤਿਸਮੇ ਤੋਂ ਬਾਅਦ ਵੀ ਤੁਸੀਂ ਕਿਵੇਂ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕਰਦੇ ਰਹਿ ਸਕਦੇ ਹੋ।

ਤੁਸੀਂ ਕੀ ਜਵਾਬ ਦਿਓਗੇ?

  • ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰਨ ਦਾ ਕੀ ਮਤਲਬ ਹੈ?

  • ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰਨ ਲਈ ਉਸ ਦਾ ਅਹਿਸਾਨ ਮੰਨਣਾ ਕਿਉਂ ਜ਼ਰੂਰੀ ਹੈ?

  • ਤੁਸੀਂ ਕੋਈ ਗੰਭੀਰ ਗ਼ਲਤੀ ਕਰਨ ਤੋਂ ਕਿਵੇਂ ਬਚ ਸਕਦੇ ਹੋ?

ਗੀਤ 38 ਉਹ ਤੁਹਾਨੂੰ ਤਕੜਾ ਕਰੇਗਾ