ਅਧਿਐਨ ਲੇਖ 13
ਗੀਤ 127 ਮੈਨੂੰ ਕਿਹੋ ਜਿਹਾ ਇਨਸਾਨ ਬਣਨਾ ਚਾਹੀਦਾ ਹੈ
ਕੀ ਯਹੋਵਾਹ ਤੁਹਾਡੇ ਤੋਂ ਖ਼ੁਸ਼ ਹੈ?
“ਮੈਂ ਤੇਰੇ ਤੋਂ ਖ਼ੁਸ਼ ਹਾਂ।”—ਲੂਕਾ 3:22.
ਕੀ ਸਿੱਖਾਂਗੇ?
ਤੁਸੀਂ ਕਿਉਂ ਯਕੀਨ ਰੱਖ ਸਕਦੇ ਹੋ ਕਿ ਯਹੋਵਾਹ ਤੁਹਾਡੇ ਤੋਂ ਖ਼ੁਸ਼ ਹੈ?
1. ਯਹੋਵਾਹ ਦੇ ਕੁਝ ਵਫ਼ਾਦਾਰ ਸੇਵਕਾਂ ਦੇ ਮਨ ਵਿਚ ਸ਼ਾਇਦ ਕਿਹੜਾ ਸਵਾਲ ਆਵੇ?
ਇਹ ਜਾਣ ਕੇ ਕਿੰਨਾ ਦਿਲਾਸਾ ਮਿਲਦਾ ਹੈ ਕਿ ਯਹੋਵਾਹ ਆਪਣੇ ਸੇਵਕਾਂ ਨੂੰ ਮਨਜ਼ੂਰ ਕਰਦਾ ਹੈ। ਬਾਈਬਲ ਵਿਚ ਲਿਖਿਆ ਹੈ: “ਯਹੋਵਾਹ ਆਪਣੇ ਲੋਕਾਂ ਤੋਂ ਖ਼ੁਸ਼ ਹੁੰਦਾ ਹੈ।” (ਜ਼ਬੂ. 149:4) ਪਰ ਕਦੇ-ਕਦੇ ਸ਼ਾਇਦ ਅਸੀਂ ਬਹੁਤ ਨਿਰਾਸ਼ ਹੋ ਜਾਈਏ ਅਤੇ ਸੋਚਣ ਲੱਗ ਪਈਏ, ‘ਕੀ ਯਹੋਵਾਹ ਮੇਰੇ ਤੋਂ ਖ਼ੁਸ਼ ਹੈ?’ ਪੁਰਾਣੇ ਜ਼ਮਾਨੇ ਵਿਚ ਯਹੋਵਾਹ ਦੇ ਕਈ ਵਫ਼ਾਦਾਰ ਸੇਵਕਾਂ ਦੇ ਮਨ ਵਿਚ ਵੀ ਅਜਿਹੇ ਖ਼ਿਆਲ ਆਏ ਸਨ।—1 ਸਮੂ. 1:6-10; ਅੱਯੂ. 29:2, 4; ਜ਼ਬੂ. 51:11.
2. ਯਹੋਵਾਹ ਕਿਨ੍ਹਾਂ ਤੋਂ ਖ਼ੁਸ਼ ਹੁੰਦਾ ਹੈ?
2 ਬਾਈਬਲ ਤੋਂ ਸਾਫ਼ ਪਤਾ ਲੱਗਦਾ ਹੈ ਕਿ ਨਾਮੁਕੰਮਲ ਇਨਸਾਨ ਵੀ ਯਹੋਵਾਹ ਨੂੰ ਖ਼ੁਸ਼ ਕਰ ਸਕਦੇ ਹਨ। ਪਰ ਅਸੀਂ ਇਹ ਕਿਵੇਂ ਕਰ ਸਕਦੇ ਹਾਂ? ਸਾਨੂੰ ਯਿਸੂ ਮਸੀਹ ʼਤੇ ਨਿਹਚਾ ਕਰਨ ਅਤੇ ਬਪਤਿਸਮਾ ਲੈਣ ਦੀ ਲੋੜ ਹੈ। (ਯੂਹੰ. 3:16) ਬਪਤਿਸਮਾ ਲੈ ਕੇ ਅਸੀਂ ਜ਼ਾਹਰ ਕਰਦੇ ਹਾਂ ਕਿ ਅਸੀਂ ਆਪਣੇ ਪਾਪਾਂ ਤੋਂ ਤੋਬਾ ਕੀਤੀ ਹੈ ਅਤੇ ਪਰਮੇਸ਼ੁਰ ਨਾਲ ਵਾਅਦਾ ਕੀਤਾ ਹੈ ਕਿ ਅਸੀਂ ਉਸ ਦੀ ਮਰਜ਼ੀ ਪੂਰੀ ਕਰਾਂਗੇ। (ਰਸੂ. 2:38; 3:19) ਇੱਦਾਂ ਕਰ ਕੇ ਅਸੀਂ ਯਹੋਵਾਹ ਦੇ ਦੋਸਤ ਬਣਨ ਦੀ ਕੋਸ਼ਿਸ਼ ਕਰਦੇ ਹਾਂ ਅਤੇ ਇਸ ਤੋਂ ਯਹੋਵਾਹ ਨੂੰ ਬਹੁਤ ਖ਼ੁਸ਼ੀ ਹੁੰਦੀ ਹੈ। ਜੇ ਅਸੀਂ ਆਪਣੇ ਸਮਰਪਣ ਦੇ ਵਾਅਦੇ ਨੂੰ ਨਿਭਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ, ਤਾਂ ਯਹੋਵਾਹ ਸਾਡੇ ਤੋਂ ਖ਼ੁਸ਼ ਹੋਵੇਗਾ ਅਤੇ ਸਾਨੂੰ ਆਪਣਾ ਦੋਸਤ ਮੰਨੇਗਾ।—ਜ਼ਬੂ. 25:14.
3. ਅਸੀਂ ਕਿਨ੍ਹਾਂ ਸਵਾਲਾਂ ਦੇ ਜਵਾਬ ਲਵਾਂਗੇ?
3 ਕੁਝ ਲੋਕਾਂ ਨੂੰ ਸ਼ਾਇਦ ਕਿਉਂ ਲੱਗਦਾ ਹੈ ਕਿ ਪਰਮੇਸ਼ੁਰ ਉਨ੍ਹਾਂ ਤੋਂ ਖ਼ੁਸ਼ ਨਹੀਂ ਹੈ? ਯਹੋਵਾਹ ਕਿਵੇਂ ਜ਼ਾਹਰ ਕਰਦਾ ਹੈ ਕਿ ਉਹ ਸਾਡੇ ਤੋਂ ਖ਼ੁਸ਼ ਹੈ? ਨਾਲੇ ਇਕ ਮਸੀਹੀ ਇਸ ਗੱਲ ʼਤੇ ਆਪਣਾ ਯਕੀਨ ਕਿਵੇਂ ਵਧਾ ਸਕਦਾ ਹੈ ਕਿ ਯਹੋਵਾਹ ਉਸ ਤੋਂ ਖ਼ੁਸ਼ ਹੈ?
ਕੁਝ ਲੋਕਾਂ ਨੂੰ ਸ਼ਾਇਦ ਕਿਉਂ ਲੱਗਦਾ ਹੈ ਕਿ ਯਹੋਵਾਹ ਉਨ੍ਹਾਂ ਤੋਂ ਖ਼ੁਸ਼ ਨਹੀਂ ਹੈ?
4-5. ਜੇ ਸਾਨੂੰ ਲੱਗੇ ਕਿ ਅਸੀਂ ਕਿਸੇ ਕੰਮ ਦੇ ਨਹੀਂ ਹਾਂ, ਤਾਂ ਅਸੀਂ ਕੀ ਯਾਦ ਰੱਖ ਸਕਦੇ ਹਾਂ?
4 ਸਾਡੇ ਵਿੱਚੋਂ ਕਈ ਜਣਿਆਂ ਨੂੰ ਬਚਪਨ ਤੋਂ ਹੀ ਲੱਗਦਾ ਹੈ ਕਿ ਉਹ ਕਿਸੇ ਕੰਮ ਦੇ ਨਹੀਂ ਹਨ। (ਜ਼ਬੂ. 88:15) ਭਰਾ ਏਡਰੀਅਨ ਦੱਸਦਾ ਹੈ: “ਮੈਨੂੰ ਹਮੇਸ਼ਾ ਤੋਂ ਲੱਗਦਾ ਸੀ ਕਿ ਮੈਂ ਕਿਸੇ ਕੰਮ ਦਾ ਨਹੀਂ ਹਾਂ। ਮੈਨੂੰ ਯਾਦ ਹੈ ਜਦੋਂ ਮੈਂ ਛੋਟਾ ਸੀ, ਤਾਂ ਮੈਂ ਪ੍ਰਾਰਥਨਾ ਕਰਦਾ ਸੀ ਕਿ ਮੇਰਾ ਪਰਿਵਾਰ ਨਵੀਂ ਦੁਨੀਆਂ ਵਿਚ ਜਾਵੇ। ਪਰ ਮੈਨੂੰ ਲੱਗਦਾ ਸੀ ਕਿ ਮੈਂ ਉੱਥੇ ਜਾਣ ਦੇ ਲਾਇਕ ਹੀ ਨਹੀਂ ਹਾਂ।” ਜਦੋਂ ਟੋਨੀ ਛੋਟਾ ਸੀ, ਤਾਂ ਉਸ ਦੇ ਮੰਮੀ-ਡੈਡੀ ਗਵਾਹ ਨਹੀਂ ਸਨ। ਉਹ ਦੱਸਦਾ ਹੈ: “ਮੰਮੀ-ਡੈਡੀ ਨੇ ਮੈਨੂੰ ਕਦੇ ਨਹੀਂ ਕਿਹਾ ਕਿ ਉਹ ਮੈਨੂੰ ਪਿਆਰ ਕਰਦੇ ਹਨ ਜਾਂ ਉਨ੍ਹਾਂ ਨੂੰ ਮੇਰੇ ʼਤੇ ਮਾਣ ਹੈ। ਇਸ ਲਈ ਮੈਨੂੰ ਲੱਗਦਾ ਸੀ ਕਿ ਮੈਂ ਚਾਹੇ ਜੋ ਮਰਜ਼ੀ ਕਰ ਲਵਾਂ, ਮੈਂ ਉਨ੍ਹਾਂ ਨੂੰ ਕਦੇ ਵੀ ਖ਼ੁਸ਼ ਨਹੀਂ ਕਰ ਸਕਦਾ।”
5 ਕਦੇ-ਕਦਾਈਂ ਸ਼ਾਇਦ ਸਾਨੂੰ ਵੀ ਲੱਗੇ ਕਿ ਅਸੀਂ ਨਿਕੰਮੇ ਹਾਂ। ਇੱਦਾਂ ਦੇ ਸਮੇਂ ਵਿਚ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਯਹੋਵਾਹ ਨੇ ਸਾਨੂੰ ਆਪਣੇ ਵੱਲ ਖਿੱਚਿਆ ਹੈ। (ਯੂਹੰ. 6:44) ਉਹ ਸਾਡਾ ਦਿਲ ਦੇਖਦਾ ਹੈ। ਉਹ ਸਾਡੇ ਵਿਚ ਅਜਿਹੇ ਗੁਣ ਦੇਖਦਾ ਹੈ ਜੋ ਸ਼ਾਇਦ ਅਸੀਂ ਖ਼ੁਦ ਵੀ ਨਾ ਦੇਖ ਸਕੀਏ। (1 ਸਮੂ. 16:7; 2 ਇਤਿ. 6:30) ਇਸ ਲਈ ਜਦੋਂ ਉਹ ਕਹਿੰਦਾ ਹੈ ਕਿ ਉਹ ਸਾਨੂੰ ਪਿਆਰ ਕਰਦਾ ਹੈ ਅਤੇ ਸਾਨੂੰ ਅਨਮੋਲ ਸਮਝਦਾ ਹੈ, ਤਾਂ ਅਸੀਂ ਉਸ ʼਤੇ ਪੂਰਾ ਯਕੀਨ ਰੱਖ ਸਕਦੇ ਹਾਂ।—1 ਯੂਹੰ. 3:19, 20.
6. ਪੌਲੁਸ ਨੇ ਜੋ ਪਾਪ ਕੀਤੇ ਸਨ, ਉਨ੍ਹਾਂ ਬਾਰੇ ਸੋਚ ਕੇ ਉਸ ਨੂੰ ਕਿਵੇਂ ਲੱਗਦਾ ਸੀ?
6 ਸੱਚਾਈ ਸਿੱਖਣ ਤੋਂ ਪਹਿਲਾਂ ਸਾਡੇ ਵਿੱਚੋਂ ਕਈਆਂ ਨੇ ਅਜਿਹੇ ਕੰਮ ਕੀਤੇ ਸਨ ਜਿਸ ਕਰਕੇ ਉਹ ਸ਼ਾਇਦ ਅੱਜ ਵੀ ਦੋਸ਼ੀ ਮਹਿਸੂਸ ਕਰਨ। (1 ਪਤ. 4:3) ਉਨ੍ਹਾਂ ਭੈਣਾਂ-ਭਰਾਵਾਂ ਨੂੰ ਵੀ ਆਪਣੀਆਂ ਕਮੀਆਂ-ਕਮਜ਼ੋਰੀਆਂ ਨਾਲ ਲੜਨਾ ਪੈਂਦਾ ਹੈ ਜੋ ਯਹੋਵਾਹ ਦੀ ਵਫ਼ਾਦਾਰੀ ਨਾਲ ਸੇਵਾ ਕਰ ਰਹੇ ਹਨ। ਤੁਹਾਡੇ ਬਾਰੇ ਕੀ? ਕੀ ਤੁਹਾਨੂੰ ਇੱਦਾਂ ਲੱਗਦਾ ਹੈ ਕਿ ਯਹੋਵਾਹ ਤੁਹਾਨੂੰ ਕਦੇ ਮਾਫ਼ ਨਹੀਂ ਕਰ ਸਕਦਾ? ਜੇ ਹਾਂ, ਤਾਂ ਤੁਸੀਂ ਇਕੱਲੇ ਨਹੀਂ ਹੋ। ਪੁਰਾਣੇ ਜ਼ਮਾਨੇ ਵਿਚ ਯਹੋਵਾਹ ਦੇ ਕੁਝ ਸੇਵਕਾਂ ਨੇ ਵੀ ਇੱਦਾਂ ਹੀ ਮਹਿਸੂਸ ਕੀਤਾ ਸੀ। ਜ਼ਰਾ ਪੌਲੁਸ ਰਸੂਲ ਦੀ ਮਿਸਾਲ ʼਤੇ ਗੌਰ ਕਰੋ। ਜਦੋਂ ਪੌਲੁਸ ਇਸ ਬਾਰੇ ਸੋਚਦਾ ਸੀ ਕਿ ਉਸ ਵਿਚ ਕਿੰਨੀਆਂ ਕਮੀਆਂ ਹਨ, ਤਾਂ ਉਹ ਬਹੁਤ ਦੁਖੀ ਹੁੰਦਾ ਸੀ। (ਰੋਮੀ. 7:24) ਪੌਲੁਸ ਨੇ ਪਹਿਲਾਂ ਜੋ ਪਾਪ ਕੀਤੇ ਸਨ, ਉਨ੍ਹਾਂ ਲਈ ਉਸ ਨੇ ਤੋਬਾ ਕੀਤੀ ਅਤੇ ਬਪਤਿਸਮਾ ਲਿਆ। ਪਰ ਫਿਰ ਵੀ ਉਸ ਨੇ ਆਪਣੇ ਬਾਰੇ ਕਿਹਾ: “ਮੈਂ ਸਾਰੇ ਰਸੂਲਾਂ ਵਿੱਚੋਂ ਛੋਟਾ ਰਸੂਲ ਹਾਂ” ਅਤੇ “ਸਭ ਤੋਂ ਵੱਡਾ ਪਾਪੀ ਮੈਂ ਹਾਂ।”—1 ਕੁਰਿੰ. 15:9; 1 ਤਿਮੋ. 1:15.
7. ਜੇ ਸਾਡੇ ਤੋਂ ਬੀਤੇ ਸਮੇਂ ਵਿਚ ਗ਼ਲਤੀਆਂ ਹੋਈਆਂ ਹਨ, ਤਾਂ ਅਸੀਂ ਕੀ ਯਾਦ ਰੱਖ ਸਕਦੇ ਹਾਂ?
7 ਸਾਡੇ ਪਿਤਾ ਯਹੋਵਾਹ ਨੇ ਸਾਡੇ ਨਾਲ ਵਾਅਦਾ ਕੀਤਾ ਹੈ ਕਿ ਜੇ ਅਸੀਂ ਤੋਬਾ ਕਰੀਏ, ਤਾਂ ਉਹ ਸਾਨੂੰ ਜ਼ਰੂਰ ਮਾਫ਼ ਕਰੇਗਾ। (ਜ਼ਬੂ. 86:5) ਇਸ ਲਈ ਜੇ ਅਸੀਂ ਦਿਲੋਂ ਤੋਬਾ ਕੀਤੀ ਹੈ, ਤਾਂ ਅਸੀਂ ਪੂਰਾ ਯਕੀਨ ਰੱਖ ਸਕਦੇ ਹਾਂ ਕਿ ਯਹੋਵਾਹ ਨੇ ਸਾਡੇ ਸਾਰੇ ਪਾਪ ਮਾਫ਼ ਕਰ ਦਿੱਤੇ ਹਨ।—ਕੁਲੁ. 2:13.
8-9. ਜੇ ਸਾਨੂੰ ਵੀ ਲੱਗਦਾ ਹੈ ਕਿ ਅਸੀਂ ਚਾਹੇ ਜੋ ਵੀ ਕਰ ਲਈਏ, ਅਸੀਂ ਯਹੋਵਾਹ ਨੂੰ ਖ਼ੁਸ਼ ਨਹੀਂ ਕਰ ਸਕਦੇ, ਤਾਂ ਸਾਨੂੰ ਕੀ ਯਾਦ ਰੱਖਣਾ ਚਾਹੀਦਾ ਹੈ?
8 ਅਸੀਂ ਸਾਰੇ ਚਾਹੁੰਦੇ ਹਾਂ ਕਿ ਅਸੀਂ ਜੀ-ਜਾਨ ਲਾ ਕੇ ਯਹੋਵਾਹ ਦੀ ਸੇਵਾ ਕਰੀਏ। ਪਰ ਹੋ ਸਕਦਾ ਹੈ ਕਿ ਕੁਝ ਭੈਣਾਂ-ਭਰਾਵਾਂ ਨੂੰ ਲੱਗੇ ਕਿ ਉਹ ਚਾਹੇ ਜੋ ਮਰਜ਼ੀ ਕਰ ਲੈਣ, ਉਹ ਯਹੋਵਾਹ ਨੂੰ ਖ਼ੁਸ਼ ਨਹੀ ਕਰ ਸਕਦੇ। ਭੈਣ ਅਮੈਂਡਾ ਦੱਸਦੀ ਹੈ: “ਮੈਨੂੰ ਲੱਗਦਾ ਸੀ ਕਿ ਜੀ-ਜਾਨ ਲਾ ਕੇ ਸੇਵਾ ਕਰਨ ਦਾ ਮਤਲਬ ਹੈ, ਹਮੇਸ਼ਾ ਹੋਰ ਜ਼ਿਆਦਾ ਕਰਨ ਦੀ ਕੋਸ਼ਿਸ਼ ਕਰਨੀ। ਇਸ ਕਰਕੇ ਮੈਂ ਖ਼ੁਦ ਤੋਂ ਹੱਦੋਂ ਵੱਧ ਉਮੀਦਾਂ ਰੱਖਣ ਲੱਗਣ ਪਈ। ਜਦੋਂ ਮੈਂ ਉਨ੍ਹਾਂ ਉਮੀਦਾਂ ʼਤੇ ਖਰਾ ਨਹੀਂ ਉੱਤਰ ਪਾਉਂਦੀ ਸੀ, ਤਾਂ ਮੈਨੂੰ ਬੁਰਾ ਲੱਗਦਾ ਸੀ ਤੇ ਸੋਚਦੀ ਸੀ ਕਿ ਯਹੋਵਾਹ ਵੀ ਮੇਰੇ ਤੋਂ ਖ਼ੁਸ਼ ਨਹੀਂ ਹੈ।”
9 ਜੇ ਸਾਨੂੰ ਲੱਗਦਾ ਹੈ ਕਿ ਅਸੀਂ ਚਾਹੇ ਜੋ ਵੀ ਕਰ ਲਈਏ, ਅਸੀਂ ਯਹੋਵਾਹ ਨੂੰ ਖ਼ੁਸ਼ ਨਹੀਂ ਕਰ ਸਕਦੇ, ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ? ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਯਹੋਵਾਹ ਸਾਡੇ ਤੋਂ ਹੱਦੋਂ ਵੱਧ ਉਮੀਦਾਂ ਨਹੀਂ ਰੱਖਦਾ। ਉਹ ਸਾਨੂੰ ਕਦੀ ਵੀ ਅਜਿਹਾ ਕੰਮ ਕਰਨ ਲਈ ਨਹੀਂ ਕਹਿੰਦਾ ਜੋ ਅਸੀਂ ਨਹੀਂ ਕਰ ਸਕਦੇ। ਇਸ ਦੀ ਬਜਾਇ, ਜਦੋਂ ਅਸੀਂ ਜੀ-ਜਾਨ ਲਾ ਕੇ ਉਸ ਦੀ ਸੇਵਾ ਕਰਦੇ ਹਾਂ, ਤਾਂ ਉਹ ਇਸ ਦੀ ਬਹੁਤ ਕਦਰ ਕਰਦਾ ਹੈ। ਸਾਨੂੰ ਬਾਈਬਲ ਵਿਚ ਦਿੱਤੀਆਂ ਉਨ੍ਹਾਂ ਲੋਕਾਂ ਦੀਆਂ ਮਿਸਾਲਾਂ ʼਤੇ ਵੀ ਧਿਆਨ ਦੇਣਾ ਚਾਹੀਦਾ ਹੈ ਜਿਨ੍ਹਾਂ ਨੇ ਪੂਰੇ ਦਿਲ ਨਾਲ ਉਸ ਦੀ ਸੇਵਾ ਕੀਤੀ ਸੀ। ਜ਼ਰਾ ਫਿਰ ਤੋਂ ਪੌਲੁਸ ਰਸੂਲ ਦੀ ਮਿਸਾਲ ʼਤੇ ਗੌਰ ਕਰੋ। ਉਸ ਨੇ ਕਈ ਸਾਲਾਂ ਤਕ ਪੂਰੇ ਜੋਸ਼ ਨਾਲ ਯਹੋਵਾਹ ਦੀ ਸੇਵਾ ਕੀਤੀ, ਹਜ਼ਾਰਾਂ ਕਿਲੋਮੀਟਰ ਤਕ ਦਾ ਸਫ਼ਰ ਤੈਅ ਕੀਤਾ ਅਤੇ ਕਈ ਮੰਡਲੀਆਂ ਸਥਾਪਿਤ ਕੀਤੀਆਂ। ਪਰ ਜਦੋਂ ਉਸ ਦੇ ਹਾਲਾਤ ਬਦਲ ਗਏ, ਤਾਂ ਉਹ ਉੱਨਾ ਪ੍ਰਚਾਰ ਨਹੀਂ ਕਰ ਪਾ ਰਿਹਾ ਸੀ ਜਿੰਨਾ ਉਹ ਪਹਿਲਾਂ ਕਰਦਾ ਸੀ। ਕੀ ਇਸ ਕਰਕੇ ਯਹੋਵਾਹ ਉਸ ਤੋਂ ਨਾਖ਼ੁਸ਼ ਸੀ? ਬਿਲਕੁਲ ਨਹੀ। ਪੌਲੁਸ ਜਿੰਨਾ ਕਰ ਸਕਦਾ ਸੀ, ਉਹ ਕਰਦਾ ਰਿਹਾ ਜਿਸ ਕਰਕੇ ਯਹੋਵਾਹ ਨੇ ਉਸ ਨੂੰ ਬਰਕਤਾਂ ਦਿੱਤੀਆਂ। (ਰਸੂ. 28:30, 31) ਉਸੇ ਤਰ੍ਹਾਂ ਸਾਡੇ ਹਾਲਾਤ ਵੀ ਹਮੇਸ਼ਾ ਇੱਕੋ ਜਿਹੇ ਨਹੀਂ ਰਹਿੰਦੇ। ਅਸੀਂ ਕਦੇ ਜ਼ਿਆਦਾ ਕਰ ਪਾਉਂਦੇ ਹਾਂ ਤੇ ਕਦੇ ਘੱਟ। ਪਰ ਯਹੋਵਾਹ ਇਸ ਗੱਲ ʼਤੇ ਧਿਆਨ ਨਹੀਂ ਦਿੰਦਾ, ਸਗੋਂ ਉਹ ਇਹ ਦੇਖਦਾ ਹੈ ਕਿ ਅਸੀਂ ਕਿਸ ਇਰਾਦੇ ਨਾਲ ਉਸ ਦੀ ਸੇਵਾ ਕਰ ਰਹੇ ਹਾਂ। ਹੁਣ ਆਓ ਆਪਾਂ ਦੇਖੀਏ ਕਿ ਯਹੋਵਾਹ ਕਿਵੇਂ ਜ਼ਾਹਰ ਕਰਦਾ ਹੈ ਕਿ ਉਹ ਸਾਡੇ ਤੋਂ ਖ਼ੁਸ਼ ਹੈ।
ਯਹੋਵਾਹ ਕਿਵੇਂ ਜ਼ਾਹਰ ਕਰਦਾ ਹੈ ਕਿ ਉਹ ਸਾਡੇ ਤੋਂ ਖ਼ੁਸ਼ ਹੈ?
10. ਜੇ ਅਸੀਂ ਯਹੋਵਾਹ ਤੋਂ ਇਹ ਸੁਣਨਾ ਚਾਹੁੰਦੇ ਹਾਂ ਕਿ ਉਹ ਸਾਡੇ ਤੋਂ ਖ਼ੁਸ਼ ਹੈ, ਤਾਂ ਸਾਨੂੰ ਕੀ ਕਰਨਾ ਪਵੇਗਾ? (ਯੂਹੰਨਾ 16:27)
10 ਬਾਈਬਲ ਰਾਹੀਂ। ਯਹੋਵਾਹ ਜਿਨ੍ਹਾਂ ਨੂੰ ਪਿਆਰ ਕਰਦਾ ਹੈ, ਉਨ੍ਹਾਂ ਨੂੰ ਦੱਸਦਾ ਹੈ ਕਿ ਉਹ ਉਨ੍ਹਾਂ ਤੋਂ ਖ਼ੁਸ਼ ਹੈ। ਜਿੱਦਾਂ ਬਾਈਬਲ ਵਿਚ ਦੱਸਿਆ ਗਿਆ ਹੈ ਕਿ ਯਹੋਵਾਹ ਨੇ ਦੋ ਵਾਰ ਯਿਸੂ ਨੂੰ ਕਿਹਾ ਕਿ ਉਹ ਉਸ ਦਾ ਪਿਆਰਾ ਪੁੱਤਰ ਹੈ ਅਤੇ ਉਸ ਤੋਂ ਖ਼ੁਸ਼ ਹੈ। (ਮੱਤੀ 3:17; 17:5) ਕੀ ਤੁਸੀਂ ਵੀ ਯਹੋਵਾਹ ਤੋਂ ਇਹੀ ਸੁਣਨਾ ਚਾਹੁੰਦੇ ਹੋ ਕਿ ਉਹ ਤੁਹਾਡੇ ਤੋਂ ਖ਼ੁਸ਼ ਹੈ? ਯਹੋਵਾਹ ਸਵਰਗੋਂ ਤਾਂ ਸਾਡੇ ਨਾਲ ਗੱਲ ਨਹੀਂ ਕਰਦਾ, ਪਰ ਆਪਣੇ ਬਚਨ ਬਾਈਬਲ ਰਾਹੀਂ ਉਹ ਸਾਡੇ ਨਾਲ ਗੱਲ ਕਰਦਾ ਹੈ। ਮਿਸਾਲ ਲਈ, ਜਦੋਂ ਅਸੀਂ ਇੰਜੀਲਾਂ ਵਿੱਚੋਂ ਯਿਸੂ ਦੀਆਂ ਗੱਲਾਂ ਪੜ੍ਹਦੇ ਹਾਂ, ਤਾਂ ਇਹ ਇੱਦਾਂ ਹੈ ਜਿੱਦਾਂ ਅਸੀਂ ਯਹੋਵਾਹ ਦੀਆਂ ਗੱਲਾਂ ਸੁਣ ਰਹੇ ਹਾਂ। (ਯੂਹੰਨਾ 16:27 ਪੜ੍ਹੋ।) ਕਿਉਂ? ਕਿਉਂਕਿ ਯਿਸੂ ਹੂ-ਬਹੂ ਆਪਣੇ ਪਿਤਾ ਵਰਗਾ ਹੈ। ਜਦੋਂ ਅਸੀਂ ਪੜ੍ਹਦੇ ਹਾਂ ਕਿ ਯਿਸੂ ਆਪਣੇ ਚੇਲਿਆਂ ਨਾਲ ਕਿੱਦਾਂ ਗੱਲ ਕਰਦਾ ਸੀ, ਕਿੱਦਾਂ ਉਨ੍ਹਾਂ ਲਈ ਆਪਣਾ ਪਿਆਰ ਜ਼ਾਹਰ ਕਰਦਾ ਸੀ, ਤਾਂ ਅਸੀਂ ਕਲਪਨਾ ਕਰ ਸਕਦੇ ਹਾਂ ਕਿ ਯਹੋਵਾਹ ਖ਼ੁਦ ਸਾਨੂੰ ਉਹ ਗੱਲਾਂ ਕਰ ਰਿਹਾ ਹੈ।—ਯੂਹੰ. 15:9, 15.
11. ਅਸੀਂ ਕਿਉਂ ਕਹਿ ਸਕਦੇ ਹਾਂ ਕਿ ਮੁਸ਼ਕਲਾਂ ਆਉਣ ਦਾ ਇਹ ਮਤਲਬ ਨਹੀਂ ਹੈ ਕਿ ਯਹੋਵਾਹ ਸਾਡੇ ਤੋਂ ਖ਼ੁਸ਼ ਨਹੀਂ? (ਯਾਕੂਬ 1:12)
11 ਆਪਣੇ ਕੰਮਾਂ ਰਾਹੀਂ। ਯਹੋਵਾਹ ਸਾਡੀ ਮਦਦ ਕਰਨ ਲਈ ਤਿਆਰ ਰਹਿੰਦਾ ਹੈ। ਮਿਸਾਲ ਲਈ, ਉਹ ਸਾਡੀਆਂ ਲੋੜਾਂ ਪੂਰੀਆਂ ਕਰਦਾ ਹੈ। ਹੋ ਸਕਦਾ ਹੈ ਕਿ ਕਦੇ-ਕਦਾਈਂ ਯਹੋਵਾਹ ਸਾਨੂੰ ਮੁਸ਼ਕਲਾਂ ਵਿੱਚੋਂ ਲੰਘਣ ਦੇਵੇ ਜਿੱਦਾਂ ਉਸ ਨੇ ਅੱਯੂਬ ਨਾਲ ਹੋਣ ਦਿੱਤਾ। (ਅੱਯੂ. 1:8-11) ਪਰ ਮੁਸ਼ਕਲਾਂ ਆਉਣ ਦਾ ਇਹ ਮਤਲਬ ਨਹੀਂ ਹੈ ਕਿ ਪਰਮੇਸ਼ੁਰ ਸਾਡੇ ਤੋਂ ਖ਼ੁਸ਼ ਨਹੀਂ ਹੈ। ਇਸ ਦੀ ਬਜਾਇ, ਉਸ ਸਮੇਂ ਸਾਡੇ ਕੋਲ ਇਹ ਦਿਖਾਉਣ ਦਾ ਮੌਕਾ ਹੁੰਦਾ ਹੈ ਕਿ ਅਸੀਂ ਯਹੋਵਾਹ ਨੂੰ ਕਿੰਨਾ ਪਿਆਰ ਕਰਦੇ ਹਾਂ ਅਤੇ ਉਸ ʼਤੇ ਕਿੰਨਾ ਭਰੋਸਾ ਕਰਦੇ ਹਾਂ! (ਯਾਕੂਬ 1:12 ਪੜ੍ਹੋ।) ਨਾਲੇ ਉਸ ਦੌਰਾਨ ਜਦੋਂ ਅਸੀਂ ਇਸ ਗੱਲ ʼਤੇ ਧਿਆਨ ਦੇਵਾਂਗੇ ਕਿ ਯਹੋਵਾਹ ਕਿਵੇਂ ਸਾਨੂੰ ਸੰਭਾਲ ਰਿਹਾ ਹੈ ਤੇ ਮੁਸ਼ਕਲਾਂ ਸਹਿਣ ਦੀ ਤਾਕਤ ਦੇ ਰਿਹਾ ਹੈ, ਤਾਂ ਸਾਨੂੰ ਅਹਿਸਾਸ ਹੋਵੇਗਾ ਕਿ ਉਹ ਸਾਡੀ ਕਿੰਨੀ ਪਰਵਾਹ ਕਰਦਾ ਹੈ!
12. ਅਸੀਂ ਦਮਿਤਰੀ ਦੇ ਤਜਰਬੇ ਤੋਂ ਕੀ ਸਿੱਖ ਸਕਦੇ ਹਾਂ?
12 ਜ਼ਰਾ ਏਸ਼ੀਆ ਵਿਚ ਰਹਿਣ ਵਾਲੇ ਭਰਾ ਦਮਿਤਰੀ ʼਤੇ ਗੌਰ ਕਰੋ। ਉਸ ਦੀ ਨੌਕਰੀ ਛੁੱਟ ਗਈ ਅਤੇ ਕਈ ਮਹੀਨੇ ਤਕ ਉਸ ਨੂੰ ਹੋਰ ਕੋਈ ਕੰਮ ਨਹੀਂ ਮਿਲਿਆ। ਇਸ ਲਈ ਉਸ ਨੇ ਫ਼ੈਸਲਾ ਕੀਤਾ ਕਿ ਉਹ ਪ੍ਰਚਾਰ ਵਿਚ ਹੋਰ ਜ਼ਿਆਦਾ ਸਮਾਂ ਲਾਵੇਗਾ। ਇਸ ਤਰ੍ਹਾਂ ਉਹ ਦਿਖਾ ਸਕੇਗਾ ਕਿ ਉਸ ਨੂੰ ਯਹੋਵਾਹ ʼਤੇ ਕਿੰਨਾ ਭਰੋਸਾ ਹੈ! ਕਈ ਮਹੀਨੇ ਬੀਤ ਗਏ, ਪਰ ਉਸ ਨੂੰ ਕੋਈ ਕੰਮ ਨਹੀਂ ਮਿਲਿਆ। ਫਿਰ ਉਹ ਇੰਨਾ ਬੀਮਾਰ ਹੋ ਗਿਆ ਕਿ ਉਹ ਬੈੱਡ ਤੋਂ ਵੀ ਨਹੀਂ ਸੀ ਉੱਠ ਸਕਦਾ। ਉਹ ਸੋਚਣ ਲੱਗਾ ਕਿ ਉਹ ਨਾ ਤਾਂ ਇਕ ਚੰਗਾ ਪਤੀ ਹੈ ਤੇ ਨਾ ਹੀ ਇਕ ਚੰਗਾ ਪਿਤਾ। ਉਸ ਨੂੰ ਲੱਗਣ ਲੱਗਾ ਕਿ ਯਹੋਵਾਹ ਉਸ ਤੋਂ ਖ਼ੁਸ਼ ਨਹੀਂ ਹੈ। ਫਿਰ ਇਕ ਦਿਨ ਉਸ ਦੀ ਕੁੜੀ ਨੇ ਯਸਾਯਾਹ 30:15 ਦੇ ਸ਼ਬਦ ਇਕ ਕਾਗਜ਼ ʼਤੇ ਪ੍ਰਿੰਟ ਕੀਤੇ, ਜਿੱਥੇ ਲਿਖਿਆ ਹੈ, “ਸ਼ਾਂਤ ਰਹਿਣ ਅਤੇ ਮੇਰੇ ਉੱਤੇ ਭਰੋਸਾ ਰੱਖਣ ਨਾਲ ਤੁਹਾਨੂੰ ਤਾਕਤ ਮਿਲੇਗੀ।” ਫਿਰ ਉਹ ਇਹ ਕਾਗਜ਼ ਆਪਣੇ ਪਿਤਾ ਕੋਲ ਲੈ ਗਈ ਤੇ ਉਸ ਨੂੰ ਕਿਹਾ: “ਡੈਡੀ, ਜਦੋਂ ਵੀ ਤੁਹਾਨੂੰ ਟੈਂਸ਼ਨ ਹੁੰਦੀ ਹੈ, ਤਾਂ ਇਹ ਆਇਤ ਦੇਖਿਓ।” ਉਦੋਂ ਭਰਾ ਨੂੰ ਅਹਿਸਾਸ ਹੋਇਆ ਕਿ ਯਹੋਵਾਹ ਨੇ ਉਸ ਨੂੰ ਛੱਡਿਆ ਨਹੀਂ ਹੈ। ਉਹ ਅਜੇ ਵੀ ਉਸ ਦਾ ਖ਼ਿਆਲ ਰੱਖ ਰਿਹਾ ਹੈ। ਉਸ ਦੇ ਪਰਿਵਾਰ ਕੋਲ ਖਾਣਾ, ਕੱਪੜੇ ਅਤੇ ਰਹਿਣ ਲਈ ਜਗ੍ਹਾ ਹੈ। ਉਹ ਕਹਿੰਦਾ ਹੈ: “ਮੈਨੂੰ ਬੱਸ ਸ਼ਾਂਤ ਰਹਿਣ ਤੇ ਯਹੋਵਾਹ ਉੱਤੇ ਭਰੋਸਾ ਰੱਖਣ ਦੀ ਲੋੜ ਸੀ।” ਜੇ ਤੁਸੀਂ ਵੀ ਇੱਦਾਂ ਦੀ ਕਿਸੇ ਮੁਸ਼ਕਲ ਵਿੱਚੋਂ ਲੰਘ ਰਹੇ ਹੋ, ਤਾਂ ਤੁਸੀਂ ਭਰੋਸਾ ਰੱਖ ਸਕਦੇ ਹੋ ਕਿ ਯਹੋਵਾਹ ਨੂੰ ਤੁਹਾਡੀ ਪਰਵਾਹ ਹੈ ਅਤੇ ਉਹ ਮੁਸ਼ਕਲਾਂ ਸਹਿਣ ਵਿਚ ਤੁਹਾਡੀ ਜ਼ਰੂਰ ਮਦਦ ਕਰੇਗਾ।
13. ਯਹੋਵਾਹ ਸ਼ਾਇਦ ਹੋਰ ਕਿਹੜੇ ਤਰੀਕੇ ਰਾਹੀਂ ਸਾਨੂੰ ਭਰੋਸਾ ਦਿਵਾਏ ਕਿ ਉਹ ਸਾਡੇ ਤੋਂ ਖ਼ੁਸ਼ ਹੈ?
13 ਆਪਣੇ ਸੇਵਕਾਂ ਰਾਹੀਂ। ਯਹੋਵਾਹ ਭੈਣਾਂ-ਭਰਾਵਾਂ ਰਾਹੀਂ ਵੀ ਦਿਖਾਉਂਦਾ ਹੈ ਕਿ ਉਹ ਸਾਡੇ ਤੋਂ ਖ਼ੁਸ਼ ਹੈ। ਉਦਾਹਰਣ ਲਈ, ਹੋ ਸਕਦਾ ਹੈ ਕਿ ਉਹ ਭੈਣਾਂ-ਭਰਾਵਾਂ ਨੂੰ ਪ੍ਰੇਰਿਤ ਕਰੇ ਕਿ ਉਹ ਲੋੜ ਪੈਣ ʼਤੇ ਸਾਡਾ ਹੌਸਲਾ ਵਧਾਉਣ। ਏਸ਼ੀਆ ਵਿਚ ਰਹਿਣ ਵਾਲੀ ਸਾਡੀ ਇਕ ਭੈਣ ਨਾਲ ਇੱਦਾਂ ਹੀ ਹੋਇਆ। ਇਕ ਸਮੇਂ ਤੇ ਉਹ ਬਹੁਤ ਤਣਾਅ ਵਿਚ ਸੀ। ਉਸ ਦੀ ਨੌਕਰੀ ਛੁੱਟ ਗਈ ਅਤੇ ਉਹ ਕਾਫ਼ੀ ਬੀਮਾਰ ਹੋ ਗਈ। ਫਿਰ ਉਸ ਦਾ ਪਤੀ ਇਕ ਗੰਭੀਰ ਪਾਪ ਕਰ ਬੈਠਾ ਜਿਸ ਕਰਕੇ ਉਸ ਤੋਂ ਬਜ਼ੁਰਗ ਦੀ ਜ਼ਿੰਮੇਵਾਰੀ ਲੈ ਲਈ ਗਈ। ਭੈਣ ਕਹਿੰਦੀ ਹੈ: “ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਮੇਰੇ ਨਾਲ ਇਹ ਸਭ ਕਿਉਂ ਹੋ ਰਿਹਾ ਹੈ। ਮੈਨੂੰ ਲੱਗਣ ਲੱਗਾ ਕਿ ਸ਼ਾਇਦ ਮੇਰੇ ਤੋਂ ਹੀ ਕੋਈ ਗ਼ਲਤੀ ਹੋ ਗਈ ਹੈ ਜਿਸ ਕਰਕੇ ਯਹੋਵਾਹ ਮੇਰੇ ਤੋਂ ਖ਼ੁਸ਼ ਨਹੀਂ ਹੈ।” ਉਸ ਸਮੇਂ ਭੈਣ ਨੇ ਗਿੜਗਿੜਾ ਕੇ ਯਹੋਵਾਹ ਨੂੰ ਪ੍ਰਾਰਥਨਾ ਕੀਤੀ ਕਿ ਉਹ ਉਸ ਨੂੰ ਭਰੋਸਾ ਦਿਵਾਏ ਕਿ ਉਹ ਉਸ ਤੋਂ ਖ਼ੁਸ਼ ਹੈ। ਯਹੋਵਾਹ ਨੇ ਉਸ ਦੀ ਪ੍ਰਾਰਥਨਾ ਦਾ ਕਿੱਦਾਂ ਜਵਾਬ ਦਿੱਤਾ? ਭੈਣ ਕਹਿੰਦੀ ਹੈ: “ਬਜ਼ੁਰਗਾਂ ਨੇ ਮੇਰੇ ਨਾਲ ਗੱਲ ਕੀਤੀ ਤੇ ਮੈਨੂੰ ਭਰੋਸਾ ਦਿਵਾਇਆ ਕਿ ਯਹੋਵਾਹ ਅਜੇ ਵੀ ਮੈਨੂੰ ਪਿਆਰ ਕਰਦਾ ਹੈ।” ਕੁਝ ਸਮੇਂ ਬਾਅਦ ਭੈਣ ਨੇ ਫਿਰ ਤੋਂ ਯਹੋਵਾਹ ਨੂੰ ਇਹੀ ਪ੍ਰਾਰਥਨਾ ਕੀਤੀ। ਭੈਣ ਦੱਸਦੀ ਹੈ: “ਉਸੇ ਦਿਨ ਮੈਨੂੰ ਇਕ ਚਿੱਠੀ ਮਿਲੀ। ਇਹ ਚਿੱਠੀ ਮੇਰੀ ਮੰਡਲੀ ਦੇ ਕੁਝ ਭੈਣਾਂ-ਭਰਾਵਾਂ ਨੇ ਲਿਖੀ ਸੀ। ਇਸ ਵਿਚ ਲਿਖੀਆਂ ਗੱਲਾਂ ਪੜ੍ਹ ਕੇ ਮੈਨੂੰ ਬਹੁਤ ਦਿਲਾਸਾ ਤੇ ਹੌਸਲਾ ਮਿਲਿਆ। ਮੈਨੂੰ ਅਹਿਸਾਸ ਹੋਇਆ ਕਿ ਯਹੋਵਾਹ ਨੇ ਮੇਰੀ ਪ੍ਰਾਰਥਨਾ ਸੁਣ ਲਈ ਹੈ।” ਜੀ ਹਾਂ, ਯਹੋਵਾਹ ਭੈਣਾਂ-ਭਰਾਵਾਂ ਰਾਹੀਂ ਸਾਡਾ ਹੌਸਲਾ ਵਧਾਉਂਦਾ ਹੈ ਅਤੇ ਦਿਖਾਉਂਦਾ ਹੈ ਕਿ ਉਹ ਸਾਡੇ ਤੋਂ ਖ਼ੁਸ਼ ਹੈ।—ਜ਼ਬੂ. 10:17.
14. ਹੋਰ ਕਿਹੜੇ ਤਰੀਕੇ ਰਾਹੀਂ ਯਹੋਵਾਹ ਦਿਖਾਉਂਦਾ ਹੈ ਕਿ ਉਹ ਸਾਡੇ ਤੋਂ ਖ਼ੁਸ਼ ਹੈ?
14 ਯਹੋਵਾਹ ਇਕ ਹੋਰ ਤਰੀਕੇ ਰਾਹੀਂ ਦਿਖਾਉਂਦਾ ਕਿ ਉਹ ਸਾਡੇ ਤੋਂ ਖ਼ੁਸ਼ ਹੈ। ਲੋੜ ਪੈਣ ʼਤੇ ਉਹ ਭੈਣਾਂ-ਭਰਾਵਾਂ ਰਾਹੀਂ ਸਾਨੂੰ ਸਲਾਹ ਦਿੰਦਾ ਹੈ। ਪਹਿਲੀ ਸਦੀ ਵਿਚ ਵੀ ਇੱਦਾਂ ਹੀ ਹੋਇਆ ਸੀ। ਯਹੋਵਾਹ ਨੇ ਪੌਲੁਸ ਰਸੂਲ ਨੂੰ 14 ਚਿੱਠੀਆਂ ਲਿਖਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਚਿੱਠੀਆਂ ਵਿਚ ਪਿਆਰ ਨਾਲ, ਪਰ ਸਿੱਧੀ ਸਲਾਹ ਦਿੱਤੀ ਗਈ ਸੀ। ਪਰ ਯਹੋਵਾਹ ਨੇ ਪੌਲੁਸ ਨੂੰ ਕਿਉਂ ਪ੍ਰੇਰਿਤ ਕੀਤਾ ਕਿ ਉਹ ਭੈਣਾਂ-ਭਰਾਵਾਂ ਨੂੰ ਸਲਾਹ ਦੇਵੇ? ਕਿਉਂਕਿ ਯਹੋਵਾਹ ਇਕ ਚੰਗਾ ਪਿਤਾ ਹੈ ਅਤੇ ਉਹ ਉਨ੍ਹਾਂ ਨੂੰ ਹੀ ਸੁਧਾਰਦਾ ਹੈ ‘ਜਿਨ੍ਹਾਂ ਤੋਂ ਉਹ ਖ਼ੁਸ਼ ਹੁੰਦਾ ਹੈ।’ (ਕਹਾ. 3:11, 12) ਇਸ ਲਈ ਜਦੋਂ ਕੋਈ ਤੁਹਾਨੂੰ ਬਾਈਬਲ ਤੋਂ ਸਲਾਹ ਦੇਵੇ, ਤਾਂ ਇੱਦਾਂ ਨਾ ਸੋਚੋ ਕਿ ਯਹੋਵਾਹ ਤੁਹਾਡੇ ਨਾਲ ਗੁੱਸੇ ਹੈ, ਸਗੋਂ ਇਹ ਇਸ ਗੱਲ ਦਾ ਸਬੂਤ ਹੈ ਕਿ ਉਹ ਤੁਹਾਡੇ ਤੋਂ ਬਹੁਤ ਖ਼ੁਸ਼ ਹੈ। (ਇਬ. 12:6) ਸਾਨੂੰ ਹੋਰ ਕਿਹੜੇ ਤਰੀਕਿਆਂ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਸਾਡੇ ਤੋਂ ਖ਼ੁਸ਼ ਹੈ?
ਯਹੋਵਾਹ ਸਾਡੇ ਤੋਂ ਖ਼ੁਸ਼ ਹੈ, ਇਸ ਦੇ ਕੁਝ ਹੋਰ ਸਬੂਤ
15. ਯਹੋਵਾਹ ਕਿਨ੍ਹਾਂ ਨੂੰ ਆਪਣੀ ਪਵਿੱਤਰ ਸ਼ਕਤੀ ਦਿੰਦਾ ਹੈ ਅਤੇ ਇਸ ਤੋਂ ਕਿਹੜੀ ਗੱਲ ʼਤੇ ਸਾਡਾ ਯਕੀਨ ਵਧਦਾ ਹੈ?
15 ਯਹੋਵਾਹ ਉਨ੍ਹਾਂ ਨੂੰ ਆਪਣੀ ਪਵਿੱਤਰ ਸ਼ਕਤੀ ਦਿੰਦਾ ਹੈ ਜਿਨ੍ਹਾਂ ਤੋਂ ਉਹ ਖ਼ੁਸ਼ ਹੈ। ਨਾਲੇ ਉਸ ਦੀ ਪਵਿੱਤਰ ਸ਼ਕਤੀ ਦੀ ਮਦਦ ਨਾਲ ਅਸੀਂ ਆਪਣੇ ਵਿਚ ਵਧੀਆ ਗੁਣ ਵਧਾ ਸਕਦੇ ਹਾਂ। (ਮੱਤੀ 12:18) ਇਸ ਲਈ ਖ਼ੁਦ ਤੋਂ ਪੁੱਛੋ, ‘ਕੀ ਮੇਰੇ ਪੇਸ਼ ਆਉਣ ਦੇ ਤਰੀਕੇ ਤੋਂ ਇਹ ਜ਼ਾਹਰ ਹੁੰਦਾ ਹੈ ਕਿ ਮੈਂ ਆਪਣੇ ਅੰਦਰ ਪਵਿੱਤਰ ਸ਼ਕਤੀ ਦਾ ਕੋਈ ਗੁਣ ਵਧਾਇਆ ਹੈ?’ ਮਿਸਾਲ ਲਈ, ਕੀ ਸੱਚਾਈ ਵਿਚ ਆਉਣ ਤੋਂ ਬਾਅਦ ਤੁਸੀਂ ਲੋਕਾਂ ਨਾਲ ਹੋਰ ਵੀ ਧੀਰਜ ਨਾਲ ਪੇਸ਼ ਆਉਣ ਲੱਗ ਪਏ ਹੋ? ਦਰਅਸਲ, ਤੁਸੀਂ ਜਿੰਨਾ ਜ਼ਿਆਦਾ ਪਵਿੱਤਰ ਸ਼ਕਤੀ ਦੇ ਗੁਣਾਂ ਨੂੰ ਆਪਣੇ ਅੰਦਰ ਵਧਾਓਗੇ ਅਤੇ ਜ਼ਾਹਰ ਕਰੋਗੇ, ਤੁਹਾਨੂੰ ਉੱਨਾ ਜ਼ਿਆਦਾ ਯਕੀਨ ਹੋਵੇਗਾ ਕਿ ਯਹੋਵਾਹ ਤੁਹਾਡੇ ਤੋਂ ਖ਼ੁਸ਼ ਹੈ!—“ ਪਵਿੱਤਰ ਸ਼ਕਤੀ ਦੇ ਗੁਣ ਹਨ . . .” ਨਾਂ ਦੀ ਡੱਬੀ ਦੇਖੋ।
16. ਯਹੋਵਾਹ ਕਿਨ੍ਹਾਂ ਲੋਕਾਂ ਨੂੰ ਖ਼ੁਸ਼ ਖ਼ਬਰੀ ਸੁਣਾਉਣ ਦੀ ਜ਼ਿੰਮੇਵਾਰੀ ਦਿੰਦਾ ਹੈ ਅਤੇ ਇਹ ਜਾਣ ਕੇ ਤੁਹਾਨੂੰ ਕਿੱਦਾਂ ਲੱਗਦਾ ਹੈ? (1 ਥੱਸਲੁਨੀਕੀਆਂ 2:4)
16 ਯਹੋਵਾਹ ਉਨ੍ਹਾਂ ਲੋਕਾਂ ਨੂੰ ਖ਼ੁਸ਼ ਖ਼ਬਰੀ ਸੁਣਾਉਣ ਦੀ ਜ਼ਿੰਮੇਵਾਰੀ ਦਿੰਦਾ ਹੈ ਜਿਨ੍ਹਾਂ ਤੋਂ ਉਹ ਖ਼ੁਸ਼ ਹੈ। (1 ਥੱਸਲੁਨੀਕੀਆਂ 2:4 ਪੜ੍ਹੋ।) ਧਿਆਨ ਦਿਓ ਕਿ ਖ਼ੁਸ਼ ਖ਼ਬਰੀ ਸੁਣਾਉਣ ਕਰਕੇ ਭੈਣ ਜੋਸਲੀਨ ਨੂੰ ਇਸ ਗੱਲ ʼਤੇ ਹੋਰ ਵੀ ਕਿੱਦਾਂ ਯਕੀਨ ਹੋਇਆ। ਭੈਣ ਕਹਿੰਦੀ ਹੈ ਕਿ ਇਕ ਦਿਨ ਜਦੋਂ ਉਹ ਸਵੇਰੇ ਉੱਠੀ, ਤਾਂ ਉਹ ਬਹੁਤ ਨਿਰਾਸ਼ ਸੀ। ਉਹ ਕਹਿੰਦੀ ਹੈ: “ਮੈਨੂੰ ਇੱਦਾਂ ਲੱਗ ਰਿਹਾ ਸੀ ਕਿ ਮੇਰੇ ਵਿਚ ਬਿਲਕੁਲ ਵੀ ਤਾਕਤ ਨਹੀਂ ਹੈ ਤੇ ਮੈਂ ਕਿਸੇ ਕੰਮ ਦੀ ਨਹੀਂ ਹਾਂ। ਪਰ ਉਦੋਂ ਮੈਂ ਪਾਇਨੀਅਰਿੰਗ ਕਰ ਰਹੀ ਸੀ ਤੇ ਉਸ ਦਿਨ ਮੈਂ ਪ੍ਰਚਾਰ ʼਤੇ ਵੀ ਜਾਣਾ ਸੀ। ਇਸ ਲਈ ਮੈਂ ਪ੍ਰਾਰਥਨਾ ਕੀਤੀ ਅਤੇ ਪ੍ਰਚਾਰ ʼਤੇ ਚਲੀ ਗਈ।” ਉਸ ਸਵੇਰ ਜੋਸਲੀਨ ਪ੍ਰਚਾਰ ਕਰਦਿਆਂ ਮੈਰੀ ਨੂੰ ਮਿਲੀ ਜੋ ਬਾਈਬਲ ਸਟੱਡੀ ਕਰਨ ਲਈ ਰਾਜ਼ੀ ਹੋ ਗਈ। ਕੁਝ ਮਹੀਨਿਆਂ ਬਾਅਦ ਮੈਰੀ ਨੇ ਭੈਣ ਨੂੰ ਦੱਸਿਆ ਕਿ ਜਦੋਂ ਭੈਣ ਨੇ ਉਸ ਦਾ ਦਰਵਾਜ਼ਾ ਖੜਕਾਇਆ ਸੀ, ਉਦੋਂ ਉਹ ਪਰਮੇਸ਼ੁਰ ਨੂੰ ਪ੍ਰਾਰਥਨਾ ਕਰ ਰਹੀ ਸੀ ਅਤੇ ਉਸ ਤੋਂ ਮਦਦ ਮੰਗ ਰਹੀ ਸੀ। ਇਸ ਤਜਰਬੇ ਤੋਂ ਭੈਣ ਜੋਸਲੀਨ ਨੂੰ ਕਿਸ ਗੱਲ ਦਾ ਯਕੀਨ ਹੋਇਆ? ਉਹ ਦੱਸਦੀ ਹੈ: “ਮੈਨੂੰ ਇੱਦਾਂ ਲੱਗਾ ਜਿੱਦਾਂ ਯਹੋਵਾਹ ਮੈਨੂੰ ਕਹਿ ਰਿਹਾ ਹੋਵੇ, ‘ਮੈਂ ਤੇਰੇ ਤੋਂ ਖ਼ੁਸ਼ ਹਾਂ।’” ਇਹ ਸੱਚ ਹੈ ਕਿ ਪ੍ਰਚਾਰ ਵਿਚ ਹਰ ਕੋਈ ਸਾਡੀ ਗੱਲ ਨਹੀਂ ਸੁਣਦਾ, ਫਿਰ ਵੀ ਜਦੋਂ ਅਸੀਂ ਪੂਰੀ ਵਾਹ ਲਾ ਕੇ ਖ਼ੁਸ਼ ਖ਼ਬਰੀ ਸੁਣਾਉਣ ਦੀ ਕੋਸ਼ਿਸ਼ ਕਰਦੇ ਹਾਂ, ਤਾਂ ਅਸੀਂ ਯਕੀਨ ਰੱਖ ਸਕਦੇ ਹਾਂ ਕਿ ਯਹੋਵਾਹ ਸਾਡੇ ਤੋਂ ਖ਼ੁਸ਼ ਹੈ।
17. ਭੈਣ ਵਿੱਕੀ ਨੇ ਰਿਹਾਈ ਦੀ ਕੀਮਤ ਬਾਰੇ ਜੋ ਕਿਹਾ, ਉਸ ਤੋਂ ਤੁਸੀਂ ਕੀ ਸਿੱਖ ਸਕਦੇ ਹਾਂ? (ਜ਼ਬੂਰ 5:12)
17 ਯਹੋਵਾਹ ਰਿਹਾਈ ਦੀ ਕੀਮਤ ਦੇ ਆਧਾਰ ʼਤੇ ਉਨ੍ਹਾਂ ਲੋਕਾਂ ਨੂੰ ਮਾਫ਼ ਕਰਦਾ ਹੈ ਜਿਨ੍ਹਾਂ ਤੋਂ ਉਹ ਖ਼ੁਸ਼ ਹੈ। (1 ਤਿਮੋ. 2:5, 6) ਪਰ ਉਦੋਂ ਕੀ ਜੇ ਰਿਹਾਈ ਦੀ ਕੀਮਤ ʼਤੇ ਨਿਹਚਾ ਕਰਨ ਅਤੇ ਬਪਤਿਸਮਾ ਲੈਣ ਤੋਂ ਬਾਅਦ ਵੀ ਸਾਨੂੰ ਲੱਗੇ ਕਿ ਯਹੋਵਾਹ ਸਾਡੇ ਤੋਂ ਖ਼ੁਸ਼ ਨਹੀਂ ਹੈ? ਸਾਨੂੰ ਯਾਦ ਰੱਖਣ ਦੀ ਲੋੜ ਹੈ ਕਿ ਅਸੀਂ ਜੋ ਸੋਚਦੇ ਹਾਂ ਜਾਂ ਮਹਿਸੂਸ ਕਰਦੇ ਹਾਂ, ਉਹ ਹਮੇਸ਼ਾ ਸਹੀ ਨਹੀਂ ਹੁੰਦਾ। ਪਰ ਅਸੀਂ ਯਹੋਵਾਹ ʼਤੇ ਪੂਰਾ ਭਰੋਸਾ ਰੱਖ ਸਕਦੇ ਹਾਂ। ਰਿਹਾਈ ਦੀ ਕੀਮਤ ʼਤੇ ਨਿਹਚਾ ਕਰਨ ਵਾਲਿਆਂ ਨੂੰ ਯਹੋਵਾਹ ਧਰਮੀ ਸਮਝਦਾ ਹੈ ਅਤੇ ਉਨ੍ਹਾਂ ਨੂੰ ਬਰਕਤਾਂ ਦੇਣ ਦਾ ਵਾਅਦਾ ਕਰਦਾ ਹੈ। (ਜ਼ਬੂਰ 5:12 ਪੜ੍ਹੋ; ਰੋਮੀ. 3:26) ਰਿਹਾਈ ਦੀ ਕੀਮਤ ʼਤੇ ਸੋਚ-ਵਿਚਾਰ ਕਰਨ ਕਰਕੇ ਭੈਣ ਵਿੱਕੀ ਦੀ ਬਹੁਤ ਮਦਦ ਹੋਈ। ਇਕ ਦਿਨ ਜਦੋਂ ਉਸ ਨੇ ਇਸ ਪ੍ਰਬੰਧ ʼਤੇ ਗਹਿਰਾਈ ਨਾਲ ਸੋਚ-ਵਿਚਾਰ ਕੀਤਾ, ਤਾਂ ਉਸ ਨੂੰ ਅਹਿਸਾਸ ਹੋਇਆ: “ਯਹੋਵਾਹ ਕਿੰਨੇ ਸਮੇਂ ਤੋਂ ਮੇਰੇ ਨਾਲ ਧੀਰਜ ਰੱਖ ਰਿਹਾ ਹੈ . . . ਪਰ ਮੈਂ ਆਪਣੀ ਸੋਚ ਕਰਕੇ ਜਿਵੇਂ ਉਸ ਨੂੰ ਕਹਿ ਰਹੀ ਹੋਵਾਂ: “ਤੇਰਾ ਪਿਆਰ ਮੇਰੇ ਤਕ ਕਦੀ ਪਹੁੰਚ ਹੀ ਨਹੀਂ ਸਕਦਾ। ਤੇਰੇ ਪੁੱਤਰ ਦੀ ਕੁਰਬਾਨੀ ਇੰਨੀ ਵੱਡੀ ਨਹੀਂ ਕਿ ਉਹ ਮੇਰੇ ਪਾਪਾਂ ਨੂੰ ਢਕ ਸਕੇ।” ਰਿਹਾਈ ਦੀ ਕੀਮਤ ʼਤੇ ਸੋਚ ਵਿਚਾਰ ਕਰ ਕੇ ਹੌਲੀ-ਹੌਲੀ ਭੈਣ ਨੂੰ ਅਹਿਸਾਸ ਹੋਇਆ ਕਿ ਯਹੋਵਾਹ ਉਸ ਨੂੰ ਕਿੰਨਾ ਪਿਆਰ ਕਰਦਾ ਹੈ। ਅਸੀਂ ਵੀ ਰਿਹਾਈ ਦੀ ਕੀਮਤ ʼਤੇ ਸੋਚ ਵਿਚਾਰ ਕਰ ਕੇ ਮਹਿਸੂਸ ਕਰ ਸਕਾਂਗੇ ਕਿ ਯਹੋਵਾਹ ਸਾਨੂੰ ਬਹੁਤ ਪਿਆਰ ਕਰਦਾ ਹੈ ਅਤੇ ਸਾਡੇ ਤੋਂ ਖ਼ੁਸ਼ ਹੈ।
18. ਜੇ ਅਸੀਂ ਹਮੇਸ਼ਾ ਯਹੋਵਾਹ ਨੂੰ ਪਿਆਰ ਕਰੀਏ, ਤਾਂ ਅਸੀਂ ਕਿਹੜੀ ਗੱਲ ਦਾ ਯਕੀਨ ਰੱਖ ਸਕਦੇ ਹਾਂ?
18 ਚਾਹੇ ਅਸੀਂ ਇਸ ਲੇਖ ਵਿਚ ਦਿੱਤੇ ਸੁਝਾਵਾਂ ਨੂੰ ਮੰਨਣ ਦੀ ਪੂਰੀ ਕੋਸ਼ਿਸ਼ ਕਰੀਏ, ਪਰ ਫਿਰ ਵੀ ਹੋ ਸਕਦਾ ਹੈ ਕਿ ਕਦੀ-ਕਦੀ ਅਸੀਂ ਨਿਰਾਸ਼ ਹੋ ਜਾਈਏ ਅਤੇ ਸੋਚਣ ਲੱਗ ਪਈਏ ਕਿ ਯਹੋਵਾਹ ਸਾਡੇ ਤੋਂ ਖ਼ੁਸ਼ ਨਹੀਂ ਹੈ। ਇੱਦਾਂ ਦੇ ਹਾਲਾਤਾਂ ਵਿਚ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ‘ਜਿਹੜੇ ਯਹੋਵਾਹ ਨੂੰ ਹਮੇਸ਼ਾ ਪਿਆਰ ਕਰਦੇ ਹਨ,’ ਉਹ ਉਨ੍ਹਾਂ ਤੋਂ ਖ਼ੁਸ਼ ਹੁੰਦਾ ਹੈ। (ਯਾਕੂ. 1:12) ਇਸ ਲਈ ਲਗਾਤਾਰ ਯਹੋਵਾਹ ਦੇ ਨੇੜੇ ਆਉਂਦੇ ਰਹੋ ਅਤੇ ਇਹ ਦੇਖਣ ਦੀ ਕੋਸ਼ਿਸ਼ ਕਰਦੇ ਰਹੋ ਕਿ ਉਹ ਕਿਵੇਂ ਦਿਖਾ ਰਿਹਾ ਹੈ ਕਿ ਉਹ ਤੁਹਾਡੇ ਤੋਂ ਖ਼ੁਸ਼ ਹੈ। ਨਾਲੇ ਹਮੇਸ਼ਾ ਯਾਦ ਰੱਖੋ ਕਿ ਯਹੋਵਾਹ “ਸਾਡੇ ਵਿੱਚੋਂ ਕਿਸੇ ਤੋਂ ਵੀ ਦੂਰ ਨਹੀਂ ਹੈ।”—ਰਸੂ. 17:27.
ਤੁਸੀਂ ਕੀ ਜਵਾਬ ਦਿਓਗੇ?
-
ਕੁਝ ਜਣਿਆਂ ਨੂੰ ਸ਼ਾਇਦ ਕਿਉਂ ਲੱਗੇ ਕਿ ਯਹੋਵਾਹ ਉਨ੍ਹਾਂ ਤੋਂ ਖ਼ੁਸ਼ ਨਹੀਂ ਹੈ?
-
ਯਹੋਵਾਹ ਕਿਨ੍ਹਾਂ ਤਰੀਕਿਆਂ ਰਾਹੀਂ ਜ਼ਾਹਰ ਕਰਦਾ ਹੈ ਕਿ ਉਹ ਸਾਡੇ ਤੋਂ ਖ਼ੁਸ਼ ਹੈ?
-
ਅਸੀਂ ਕਿਉਂ ਯਕੀਨ ਰੱਖ ਸਕਦੇ ਹਾਂ ਕਿ ਪਰਮੇਸ਼ੁਰ ਸਾਡੇ ਤੋਂ ਖ਼ੁਸ਼ ਹੈ?
ਗੀਤ 88 ਮੈਨੂੰ ਆਪਣੇ ਰਾਹਾਂ ਬਾਰੇ ਦੱਸ