Skip to content

Skip to table of contents

ਅਧਿਐਨ ਲੇਖ 11

ਗੀਤ 129 ਅਸੀਂ ਧੀਰਜ ਨਾਲ ਸਹਿੰਦੇ ਰਹਾਂਗੇ

ਨਿਰਾਸ਼ ਹੋਣ ʼਤੇ ਵੀ ਯਹੋਵਾਹ ਦੇ ਸੇਵਾ ਕਰਦੇ ਰਹੋ!

ਨਿਰਾਸ਼ ਹੋਣ ʼਤੇ ਵੀ ਯਹੋਵਾਹ ਦੇ ਸੇਵਾ ਕਰਦੇ ਰਹੋ!

“ਤੂੰ ਮੇਰੇ ਨਾਂ ਦੀ ਖ਼ਾਤਰ ਬਹੁਤ ਮੁਸੀਬਤਾਂ ਝੱਲੀਆਂ ਹਨ, ਪਰ ਤੂੰ ਹਾਰ ਨਹੀਂ ਮੰਨੀ।” ​—ਪ੍ਰਕਾ. 2:3.

ਕੀ ਸਿੱਖਾਂਗੇ?

ਕਦੇ-ਕਦਾਈਂ ਅਸੀਂ ਆਪਣੀਆਂ ਜਾਂ ਦੂਜਿਆਂ ਦੀਆਂ ਗ਼ਲਤੀਆਂ ਕਰਕੇ ਬਹੁਤ ਨਿਰਾਸ਼ ਹੋ ਜਾਂਦੇ ਹਾਂ, ਪਰ ਫਿਰ ਵੀ ਅਸੀਂ ਯਹੋਵਾਹ ਦੀ ਸੇਵਾ ਵਿਚ ਲੱਗੇ ਰਹਿ ਸਕਦੇ ਹਾਂ।

1. ਯਹੋਵਾਹ ਦੇ ਸੰਗਠਨ ਦਾ ਹਿੱਸਾ ਹੋਣ ਕਰਕੇ ਸਾਨੂੰ ਕਿਹੜੀਆਂ ਕੁਝ ਬਰਕਤਾਂ ਮਿਲਦੀਆਂ ਹਨ?

 ਅੱਜ ਇਨ੍ਹਾਂ ਆਖ਼ਰੀ ਦਿਨਾਂ ਵਿਚ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ, ਪਰ ਅਸੀਂ ਕਿੰਨੇ ਖ਼ੁਸ਼ ਹਾਂ ਕਿ ਅਸੀਂ ਯਹੋਵਾਹ ਦੇ ਸੰਗਠਨ ਦਾ ਹਿੱਸਾ ਹਾਂ। ਯਹੋਵਾਹ ਨੇ ਸਾਨੂੰ ਮੰਡਲੀ ਵਿਚ ਭੈਣ-ਭਰਾ ਦਿੱਤੇ ਹਨ ਜੋ ਇਕ-ਦੂਜੇ ਨੂੰ ਸੱਚਾ ਪਿਆਰ ਕਰਦੇ ਹਨ ਅਤੇ ਏਕਤਾ ਵਿਚ ਰਹਿੰਦੇ ਹਨ। (ਜ਼ਬੂ. 133:1) ਉਸ ਨੇ ਸਾਨੂੰ ਇਹ ਵੀ ਸਿਖਾਇਆ ਹੈ ਕਿ ਪਤੀ, ਪਤਨੀ ਅਤੇ ਬੱਚੇ ਕਿੱਦਾਂ ਖ਼ੁਸ਼ ਰਹਿ ਸਕਦੇ ਹਨ। (ਅਫ਼. 5:33–6:1) ਨਾਲੇ ਆਪਣੀਆਂ ਚਿੰਤਾਵਾਂ ਦਾ ਸਾਮ੍ਹਣਾ ਕਰਨ ਤੇ ਖ਼ੁਸ਼ ਰਹਿਣ ਲਈ ਉਸ ਨੇ ਸਾਨੂੰ ਸਮਝ ਤੇ ਬੁੱਧ ਵੀ ਦਿੱਤੀ ਹੈ।

2. ਸਾਨੂੰ ਕੀ ਕਰਨ ਦੀ ਲੋੜ ਹੈ ਅਤੇ ਕਿਉਂ?

2 ਪਰ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕਰਦੇ ਰਹਿਣ ਲਈ ਸਾਨੂੰ ਸਖ਼ਤ ਮਿਹਨਤ ਕਰਦੇ ਰਹਿਣ ਦੀ ਲੋੜ ਹੈ। ਪਰ ਕਿਉਂ? ਕਿਉਂਕਿ ਸ਼ਾਇਦ ਕਦੇ-ਕਦਾਈਂ ਕੋਈ ਭੈਣ ਜਾਂ ਭਰਾ ਇੱਦਾਂ ਦਾ ਕੁਝ ਕਹਿ ਜਾਂ ਕਰ ਦੇਵੇ ਜਿਸ ਨਾਲ ਸਾਨੂੰ ਬਹੁਤ ਦੁੱਖ ਲੱਗੇ। ਜਾਂ ਸ਼ਾਇਦ ਅਸੀਂ ਆਪਣੀ ਕਿਸੇ ਕਮਜ਼ੋਰੀ ਕਰਕੇ ਵਾਰ-ਵਾਰ ਇਕ ਹੀ ਗ਼ਲਤੀ ਕਰੀਏ ਤੇ ਨਿਰਾਸ਼ ਹੋ ਜਾਈਏ। ਇਸ ਲੇਖ ਵਿਚ ਅਸੀਂ ਜਾਣਾਂਗੇ ਕਿ ਅਸੀਂ ਉਦੋਂ ਵੀ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕਿਵੇਂ ਕਰਦੇ ਰਹਿ ਸਕਦੇ ਹਾਂ (1) ਜਦੋਂ ਕੋਈ ਭੈਣ ਜਾਂ ਭਰਾ ਸਾਨੂੰ ਠੇਸ ਪਹੁੰਚਾਉਂਦਾ ਹੈ, (2) ਜਦੋਂ ਸਾਡਾ ਜੀਵਨ-ਸਾਥੀ ਸਾਡਾ ਦਿਲ ਦੁਖਾਉਂਦਾ ਹੈ ਅਤੇ (3) ਜਦੋਂ ਅਸੀਂ ਆਪਣੀ ਕਿਸੇ ਗ਼ਲਤੀ ਕਰਕੇ ਨਿਰਾਸ਼ ਹੋ ਜਾਂਦੇ ਹਾਂ। ਅਸੀਂ ਪਰਮੇਸ਼ੁਰ ਦੇ ਤਿੰਨ ਵਫ਼ਾਦਾਰ ਸੇਵਕਾਂ ਦੀਆਂ ਮਿਸਾਲਾਂ ʼਤੇ ਗੌਰ ਕਰਾਂਗੇ ਅਤੇ ਜਾਣਾਂਗੇ ਕਿ ਉਨ੍ਹਾਂ ਨੇ ਇੱਦਾਂ ਦੇ ਹਾਲਾਤਾਂ ਵਿਚ ਕੀ ਕੀਤਾ।

ਜਦੋਂ ਕੋਈ ਭੈਣ ਜਾਂ ਭਰਾ ਸਾਨੂੰ ਠੇਸ ਪਹੁੰਚਾਉਂਦਾ ਹੈ

3. ਯਹੋਵਾਹ ਦੇ ਲੋਕ ਕਿਹੜੀ ਮੁਸ਼ਕਲ ਦਾ ਸਾਮ੍ਹਣਾ ਕਰਦੇ ਹਨ?

3 ਮੁਸ਼ਕਲ। ਮੰਡਲੀ ਦੇ ਸਾਰੇ ਭੈਣਾਂ-ਭਰਾਵਾਂ ਦੀਆਂ ਆਦਤਾਂ ਅਲੱਗ-ਅਲੱਗ ਹੁੰਦੀਆਂ ਹਨ। ਹੋ ਸਕਦਾ ਹੈ ਕਿ ਕਿਸੇ ਦੀ ਕੋਈ ਆਦਤ ਸਾਨੂੰ ਪਸੰਦ ਨਾ ਹੋਵੇ। ਜਾਂ ਹੋ ਸਕਦਾ ਹੈ ਕਿ ਕੋਈ ਭੈਣ ਜਾਂ ਭਰਾ ਸਾਨੂੰ ਠੇਸ ਪਹੁੰਚਾਵੇ ਜਾਂ ਸਾਡੇ ਨਾਲ ਬੁਰੇ ਤਰੀਕੇ ਨਾਲ ਪੇਸ਼ ਆਵੇ। ਜਾਂ ਸ਼ਾਇਦ ਕਿਸੇ ਬਜ਼ੁਰਗ ਤੋਂ ਕੋਈ ਗ਼ਲਤੀ ਹੋ ਜਾਵੇ। ਇਹ ਦੇਖ ਕੇ ਸ਼ਾਇਦ ਕੁਝ ਭੈਣ-ਭਰਾ ਸੋਚਣ ਲੱਗ ਪੈਣ ਕਿ ਪਰਮੇਸ਼ੁਰ ਦੇ ਸੰਗਠਨ ਵਿਚ ਤਾਂ ਇਹ ਸਭ ਕੁਝ ਨਹੀਂ ਹੋਣਾ ਚਾਹੀਦਾ। ਇਸ ਕਰਕੇ ਭੈਣਾਂ-ਭਰਾਵਾਂ ਨਾਲ “ਮੋਢੇ ਨਾਲ ਮੋਢਾ ਜੋੜ ਕੇ” ਸੇਵਾ ਕਰਨ ਦੀ ਬਜਾਇ ਸ਼ਾਇਦ ਉਹ ਉਨ੍ਹਾਂ ਭੈਣਾਂ-ਭਰਾਵਾਂ ਤੋਂ ਦੂਰ-ਦੂਰ ਰਹਿਣ ਲੱਗ ਪੈਣ ਜਿਨ੍ਹਾਂ ਨੇ ਉਨ੍ਹਾਂ ਨੂੰ ਠੇਸ ਪਹੁੰਚਾਈ ਸੀ ਜਾਂ ਇੱਥੋਂ ਤਕ ਕਿ ਉਹ ਸਭਾਵਾਂ ʼਤੇ ਵੀ ਆਉਣਾ ਛੱਡ ਦੇਣ। (ਸਫ਼. 3:9) ਕੀ ਇੱਦਾਂ ਕਰਨਾ ਸਮਝਦਾਰੀ ਦੀ ਗੱਲ ਹੋਵੇਗੀ? ਪੁਰਾਣੇ ਜ਼ਮਾਨੇ ਦੇ ਇਕ ਵਫ਼ਾਦਾਰ ਸੇਵਕ ਨਾਲ ਵੀ ਇੱਦਾਂ ਦਾ ਹੀ ਕੁਝ ਹੋਇਆ। ਆਓ ਆਪਾਂ ਦੇਖੀਏ ਕਿ ਅਸੀਂ ਉਸ ਤੋਂ ਕੀ ਸਿੱਖ ਸਕਦੇ ਹਾਂ।

4. ਪੌਲੁਸ ਰਸੂਲ ਨੇ ਕਿਹੜੀਆਂ ਮੁਸ਼ਕਲਾਂ ਦਾ ਸਾਮ੍ਹਣਾ ਕੀਤਾ?

4 ਮਿਸਾਲ। ਪੌਲੁਸ ਰਸੂਲ ਦਾ ਵੀ ਭੈਣਾਂ-ਭਰਾਵਾਂ ਨੇ ਦਿਲ ਦੁਖਾਇਆ ਸੀ। ਮਿਸਾਲ ਲਈ, ਮੰਡਲੀ ਦੇ ਕੁਝ ਭੈਣਾਂ-ਭਰਾਵਾਂ ਨੇ ਯਕੀਨ ਨਹੀਂ ਕੀਤਾ ਕਿ ਉਹ ਮਸੀਹ ਦਾ ਚੇਲਾ ਬਣ ਗਿਆ ਸੀ। (ਰਸੂ. 9:26) ਇਸ ਤੋਂ ਥੋੜ੍ਹੇ ਸਮੇਂ ਬਾਅਦ ਕੁਝ ਜਣਿਆਂ ਨੇ ਪੌਲੁਸ ਦੀਆਂ ਚੁਗ਼ਲੀਆਂ ਕਰ ਕੇ ਉਸ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ। (2 ਕੁਰਿੰ. 10:10) ਫਿਰ ਪੌਲੁਸ ਨੇ ਇਕ ਬਜ਼ੁਰਗ ਨੂੰ ਅਜਿਹੀ ਗ਼ਲਤੀ ਕਰਦਿਆਂ ਦੇਖਿਆ ਜਿਸ ਤੋਂ ਬਹੁਤ ਸਾਰੇ ਭੈਣਾਂ-ਭਰਾਵਾਂ ਨੂੰ ਠੋਕਰ ਲੱਗ ਸਕਦੀ ਸੀ। (ਗਲਾ. 2:11, 12) ਇਹੀ ਨਹੀਂ, ਪੌਲੁਸ ਦੇ ਇਕ ਦੋਸਤ ਮਰਕੁਸ ਨੇ ਕੁਝ ਅਜਿਹਾ ਕੀਤਾ ਜਿਸ ਕਰਕੇ ਪੌਲੁਸ ਬਹੁਤ ਨਿਰਾਸ਼ ਹੋ ਗਿਆ। (ਰਸੂ. 15:37, 38) ਪੌਲੁਸ ਚਾਹੁੰਦਾ ਤਾਂ ਉਹ ਆਪਣੇ ਭੈਣਾਂ-ਭਰਾਵਾਂ ਤੋਂ ਦੂਰੀ ਬਣਾ ਸਕਦਾ ਸੀ। ਪਰ ਉਸ ਨੇ ਇੱਦਾਂ ਦਾ ਕੁਝ ਨਹੀਂ ਕੀਤਾ ਕਿਉਂਕਿ ਉਹ ਜਾਣਦਾ ਸੀ ਕਿ ਉਹ ਸਾਰੇ ਨਾਮੁਕੰਮਲ ਹਨ। ਉਸ ਨੇ ਭੈਣਾਂ-ਭਰਾਵਾਂ ਬਾਰੇ ਸਹੀ ਸੋਚ ਬਣਾਈ ਰੱਖੀ ਅਤੇ ਯਹੋਵਾਹ ਦੀ ਸੇਵਾ ਵਿਚ ਲੱਗਾ ਰਿਹਾ। ਉਹ ਇਹ ਕਿਵੇਂ ਕਰ ਸਕਿਆ?

5. ਪੌਲੁਸ ਆਪਣੇ ਭੈਣਾਂ-ਭਰਾਵਾਂ ਨੂੰ ਕਿਉਂ ਮਾਫ਼ ਕਰ ਸਕਿਆ? (ਕੁਲੁੱਸੀਆਂ 3:13, 14) (ਤਸਵੀਰ ਵੀ ਦੇਖੋ।)

5 ਪੌਲੁਸ ਆਪਣੇ ਭੈਣਾਂ-ਭਰਾਵਾਂ ਨੂੰ ਬਹੁਤ ਪਿਆਰ ਕਰਦਾ ਸੀ। ਇਸ ਕਰਕੇ ਉਸ ਨੇ ਉਨ੍ਹਾਂ ਦੀਆਂ ਕਮੀਆਂ-ਕਮਜ਼ੋਰੀਆਂ ʼਤੇ ਨਹੀਂ, ਸਗੋਂ ਉਨ੍ਹਾਂ ਦੇ ਗੁਣਾਂ ʼਤੇ ਧਿਆਨ ਲਾਇਆ। ਪਿਆਰ ਹੋਣ ਕਰਕੇ ਉਸ ਨੇ ਉਨ੍ਹਾਂ ਨੂੰ ਮਾਫ਼ ਵੀ ਕੀਤਾ ਜਿਵੇਂ ਉਸ ਨੇ ਕੁਲੁੱਸੀਆਂ 3:13, 14 (ਪੜ੍ਹੋ।) ਵਿਚ ਮਸੀਹੀਆਂ ਨੂੰ ਸਲਾਹ ਦਿੱਤੀ ਸੀ। ਧਿਆਨ ਦਿਓ ਕਿ ਉਹ ਮਰਕੁਸ ਨਾਲ ਕਿਵੇਂ ਪੇਸ਼ ਆਇਆ। ਪਹਿਲੇ ਮਿਸ਼ਨਰੀ ਦੌਰੇ ਦੌਰਾਨ ਮਰਕੁਸ ਵੀ ਉਸ ਨਾਲ ਸੀ। ਪਰ ਮਰਕੁਸ ਉਸ ਨੂੰ ਵਿੱਚੇ ਹੀ ਛੱਡ ਕੇ ਚਲਾ ਗਿਆ। ਇਸ ਕਰਕੇ ਪੌਲੁਸ ਬਹੁਤ ਗੁੱਸੇ ਹੋ ਗਿਆ ਸੀ। ਪਰ ਬਾਅਦ ਵਿਚ ਜਦੋਂ ਉਸ ਨੇ ਕੁਲੁੱਸੈ ਦੀ ਮੰਡਲੀ ਨੂੰ ਚਿੱਠੀ ਲਿਖੀ, ਤਾਂ ਉਸ ਨੇ ਮਰਕੁਸ ਦੀ ਤਾਰੀਫ਼ ਕੀਤੀ। ਉਸ ਨੇ ਕਿਹਾ ਕਿ ਉਹ ਅਜਿਹਾ ਸਾਥੀ ਹੈ ਜਿਸ ਨੇ ਉਸ ਨੂੰ “ਬਹੁਤ ਦਿਲਾਸਾ” ਦਿੱਤਾ। (ਕੁਲੁ. 4:10, 11) ਬਾਅਦ ਵਿਚ ਜਦੋਂ ਪੌਲੁਸ ਰੋਮ ਵਿਚ ਕੈਦ ਸੀ, ਤਾਂ ਉਸ ਨੇ ਆਪਣੀ ਮਦਦ ਲਈ ਖ਼ਾਸ ਕਰਕੇ ਮਰਕੁਸ ਨੂੰ ਆਪਣੇ ਕੋਲ ਬੁਲਾਇਆ। (2 ਤਿਮੋ. 4:11) ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਪੌਲੁਸ ਨੇ ਉਨ੍ਹਾਂ ਭੈਣਾਂ-ਭਰਾਵਾਂ ਨੂੰ ਮਾਫ਼ ਕਰ ਦਿੱਤਾ ਸੀ ਜਿਨ੍ਹਾਂ ਨੇ ਉਸ ਨੂੰ ਠੇਸ ਪਹੁੰਚਾਈ ਸੀ। ਅਸੀਂ ਪੌਲੁਸ ਤੋਂ ਕੀ ਸਿੱਖ ਸਕਦੇ ਹਾਂ?

ਪੌਲੁਸ ਦੀ ਬਰਨਾਬਾਸ ਅਤੇ ਮਰਕੁਸ ਨਾਲ ਅਣਬਣ ਹੋ ਗਈ, ਪਰ ਉਹ ਉਨ੍ਹਾਂ ਨਾਲ ਨਾਰਾਜ਼ ਨਹੀਂ ਰਿਹਾ। ਉਸ ਨੇ ਅੱਗੇ ਚੱਲ ਕੇ ਦੁਬਾਰਾ ਮਰਕੁਸ ਨਾਲ ਖ਼ੁਸ਼ੀ-ਖ਼ੁਸ਼ੀ ਸੇਵਾ ਕੀਤੀ (ਪੈਰਾ 5 ਦੇਖੋ)


6-7. ਭੈਣਾਂ-ਭਰਾਵਾਂ ਦੀਆਂ ਕਮੀਆਂ-ਕਮਜ਼ੋਰੀਆਂ ਦੇ ਬਾਵਜੂਦ ਅਸੀਂ ਉਨ੍ਹਾਂ ਨੂੰ ਕਿਵੇਂ ਪਿਆਰ ਦਿਖਾ ਸਕਦੇ ਹਾਂ? (1 ਯੂਹੰਨਾ 4:7)

6 ਸਬਕ। ਯਹੋਵਾਹ ਚਾਹੁੰਦਾ ਹੈ ਕਿ ਅਸੀਂ ਆਪਣੇ ਭੈਣਾਂ-ਭਰਾਵਾਂ ਨੂੰ ਪਿਆਰ ਦਿਖਾਉਂਦੇ ਰਹੀਏ, ਉਦੋਂ ਵੀ ਜਦੋਂ ਇੱਦਾਂ ਕਰਨਾ ਔਖਾ ਹੁੰਦਾ ਹੈ। (1 ਯੂਹੰਨਾ 4:7 ਪੜ੍ਹੋ।) ਜਦੋਂ ਕੋਈ ਭੈਣ ਜਾਂ ਭਰਾ ਸਾਡੇ ਨਾਲ ਬੁਰੇ ਤਰੀਕੇ ਨਾਲ ਪੇਸ਼ ਆਉਂਦਾ ਹੈ, ਤਾਂ ਸਾਨੂੰ ਇਹ ਨਹੀਂ ਸੋਚਣਾ ਚਾਹੀਦਾ ਹੈ ਕਿ ਉਸ ਨੇ ਜਾਣ-ਬੁੱਝ ਕੇ ਇੱਦਾਂ ਕੀਤਾ ਹੈ। ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਉਹ ਵੀ ਯਹੋਵਾਹ ਦੇ ਹੁਕਮ ਮੰਨਣ ਦੀ ਪੂਰੀ ਕੋਸ਼ਿਸ਼ ਕਰ ਰਿਹਾ ਹੈ ਪਰ ਸ਼ਾਇਦ ਉਸ ਨੇ ਅਣਜਾਣੇ ਵਿਚ ਸਾਡਾ ਦਿਲ ਦੁਖਾ ਦਿੱਤਾ ਹੈ। (ਕਹਾ. 12:18) ਪਰਮੇਸ਼ੁਰ ਵੀ ਆਪਣੇ ਸੇਵਕਾਂ ਦੀਆਂ ਕਮੀਆਂ-ਕਮਜ਼ੋਰੀਆਂ ਨੂੰ ਜਾਣਦਾ ਹੈ, ਪਰ ਫਿਰ ਵੀ ਉਹ ਉਨ੍ਹਾਂ ਨੂੰ ਪਿਆਰ ਕਰਦਾ ਹੈ। ਜਦੋਂ ਸਾਡੇ ਤੋਂ ਕੋਈ ਗ਼ਲਤੀ ਹੋ ਜਾਂਦੀ ਹੈ, ਤਾਂ ਉਹ ਹਮੇਸ਼ਾ ਸਾਡੇ ਤੋਂ ਨਾਰਾਜ਼ ਨਹੀਂ ਰਹਿੰਦਾ ਅਤੇ ਸਾਡੇ ਨਾਲ ਦੋਸਤੀ ਨਹੀਂ ਤੋੜ ਲੈਂਦਾ। (ਜ਼ਬੂ. 103:9) ਆਓ ਆਪਾਂ ਵੀ ਆਪਣੇ ਪਿਆਰੇ ਪਿਤਾ ਯਹੋਵਾਹ ਵਰਗੇ ਬਣੀਏ ਅਤੇ ਦੂਜਿਆਂ ਨੂੰ ਮਾਫ਼ ਕਰੀਏ।​—ਅਫ਼. 4:32–5:1.

7 ਇਹ ਵੀ ਯਾਦ ਰੱਖੋ ਕਿ ਜਿੱਦਾਂ-ਜਿੱਦਾਂ ਅੰਤ ਨੇੜੇ ਆ ਰਿਹਾ ਹੈ, ਸਾਨੂੰ ਆਪਣੇ ਭੈਣਾਂ-ਭਰਾਵਾਂ ਦੇ ਹੋਰ ਵੀ ਨੇੜੇ ਰਹਿਣ ਦੀ ਲੋੜ ਹੈ। ਆਉਣ ਵਾਲੇ ਸਮੇਂ ਵਿਚ ਸਾਡੇ ʼਤੇ ਹੋਰ ਵੀ ਜ਼ੁਲਮ ਹੋਣਗੇ। ਸ਼ਾਇਦ ਸਾਨੂੰ ਸਾਡੇ ਵਿਸ਼ਵਾਸਾਂ ਕਰਕੇ ਜੇਲ੍ਹ ਵਿਚ ਸੁੱਟ ਦਿੱਤਾ ਜਾਵੇ। ਉਸ ਵੇਲੇ ਸਾਡੇ ਭੈਣ-ਭਰਾ ਹੀ ਸਾਡੇ ਕੰਮ ਆਉਣਗੇ। (ਕਹਾ. 17:17) ਜ਼ਰਾ ਸਪੇਨ ਵਿਚ ਰਹਿਣ ਵਾਲੇ ਜੋਸਪ a ਨਾਂ ਦੇ ਬਜ਼ੁਰਗ ਦੀ ਮਿਸਾਲ ʼਤੇ ਧਿਆਨ ਦਿਓ। ਉਸ ਨੂੰ ਅਤੇ ਹੋਰ ਭਰਾਵਾਂ ਨੂੰ ਨਿਰਪੱਖ ਰਹਿਣ ਕਰਕੇ ਜੇਲ੍ਹ ਵਿਚ ਸੁੱਟ ਦਿੱਤਾ ਗਿਆ। ਉਹ ਦੱਸਦਾ ਹੈ: “ਅਸੀਂ ਸਾਰੇ ਜਣੇ ਜੇਲ੍ਹ ਵਿਚ ਇਕੱਠੇ ਰਹਿੰਦੇ ਸੀ। ਇਸ ਕਰਕੇ ਕਈ ਵਾਰ ਅਸੀਂ ਇਕ-ਦੂਜੇ ਤੋਂ ਖਿੱਝ ਜਾਂਦੇ ਸੀ ਅਤੇ ਇਕ-ਦੂਜੇ ਨੂੰ ਪੁੱਠਾ-ਸਿੱਧਾ ਕਹਿ ਦਿੰਦੇ ਸੀ। ਪਰ ਬਾਅਦ ਵਿਚ ਅਸੀਂ ਇਕ-ਦੂਜੇ ਤੋਂ ਮਾਫ਼ੀ ਮੰਗ ਲੈਂਦੇ ਸੀ। ਇਸ ਕਰਕੇ ਸਾਡੇ ਵਿਚ ਪਿਆਰ ਤੇ ਏਕਤਾ ਬਣੀ ਰਹੀ ਅਤੇ ਅਸੀਂ ਬਾਕੀ ਕੈਦੀਆਂ ਤੋਂ ਇਕ-ਦੂਜੇ ਦੀ ਹਿਫਾਜ਼ਤ ਕਰ ਸਕੇ। ਇਕ ਵਾਰ ਮੇਰੀ ਬਾਂਹ ਟੁੱਟ ਗਈ ਤੇ ਉਸ ʼਤੇ ਪਲਸਤਰ ਲੱਗਾ ਹੋਇਆ ਸੀ। ਇਸ ਕਰਕੇ ਮੈਂ ਆਪਣੇ ਆਪ ਕੁਝ ਵੀ ਨਹੀਂ ਕਰ ਸਕਦਾ ਸੀ। ਉਸ ਵੇਲੇ ਇਕ ਭਰਾ ਨੇ ਮੇਰੀ ਬਹੁਤ ਮਦਦ ਕੀਤੀ। ਉਹ ਮੇਰੇ ਕੱਪੜੇ ਧੋਂਦਾ ਸੀ ਤੇ ਹੋਰ ਵੀ ਬਹੁਤ ਕੁਝ ਕਰਦਾ ਸੀ। ਮੈਂ ਉਸ ਦਾ ਇਹ ਅਹਿਸਾਨ ਕਦੇ ਵੀ ਨਹੀਂ ਭੁੱਲ ਸਕਦਾ।” ਸੱਚ-ਮੁੱਚ ਹੁਣੇ ਸਮਾਂ ਹੈ ਕਿ ਅਸੀਂ ਆਪਣੇ ਭੈਣਾਂ-ਭਰਾਵਾਂ ਨੂੰ ਮਾਫ਼ ਕਰੀਏ ਅਤੇ ਉਨ੍ਹਾਂ ਨਾਲ ਸੁਲ੍ਹਾ ਕਰੀਏ।

ਜਦੋਂ ਤੁਹਾਡਾ ਜੀਵਨ-ਸਾਥੀ ਤੁਹਾਡਾ ਦਿਲ ਦੁਖਾਉਂਦਾ ਹੈ

8. ਕੁਝ ਜੋੜਿਆਂ ਨੂੰ ਕਿਹੜੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ?

8 ਮੁਸ਼ਕਲ। ਵਿਆਹੁਤਾ ਜ਼ਿੰਦਗੀ ਵਿਚ ਮੁਸ਼ਕਲਾਂ ਆਉਂਦੀਆਂ ਹਨ। ਬਾਈਬਲ ਵਿਚ ਇਹ ਸਾਫ਼-ਸਾਫ਼ ਦੱਸਿਆ ਗਿਆ ਹੈ ਕਿ ਵਿਆਹੇ ਲੋਕਾਂ ਨੂੰ “ਜ਼ਿੰਦਗੀ ਵਿਚ ਮੁਸੀਬਤਾਂ” ਦਾ ਸਾਮ੍ਹਣਾ ਕਰਨਾ ਪਵੇਗਾ। (1 ਕੁਰਿੰ. 7:28) ਉਹ ਇਸ ਕਰਕੇ ਕਿਉਂਕਿ ਪਤੀ-ਪਤਨੀ ਦੋਵੇਂ ਨਾਮੁਕੰਮਲ ਹੁੰਦੇ ਹਨ। ਦੋਵਾਂ ਦੀ ਪਸੰਦ-ਨਾਪਸੰਦ ਤੇ ਸੁਭਾਅ ਇਕ-ਦੂਜੇ ਤੋਂ ਵੱਖਰਾ ਹੁੰਦਾ ਹੈ। ਸ਼ਾਇਦ ਉਨ੍ਹਾਂ ਦੀ ਪਰਵਰਿਸ਼ ਅਲੱਗ-ਅਲੱਗ ਮਾਹੌਲ ਵਿਚ ਹੋਈ ਹੋਵੇ ਜਾਂ ਉਨ੍ਹਾਂ ਦਾ ਪਿਛੋਕੜ ਵੱਖੋ-ਵੱਖਰਾ ਹੋਵੇ। ਇਹ ਵੀ ਹੋ ਸਕਦਾ ਹੈ ਕਿ ਵਿਆਹ ਤੋਂ ਬਾਅਦ ਉਨ੍ਹਾਂ ਨੂੰ ਆਪਣੇ ਸਾਥੀ ਦੀਆਂ ਕੁਝ ਅਜਿਹੀਆਂ ਆਦਤਾਂ ਜਾਂ ਕਮਜ਼ੋਰੀਆਂ ਪਤਾ ਲੱਗਣ ਜਿਨ੍ਹਾਂ ʼਤੇ ਉਨ੍ਹਾਂ ਦਾ ਪਹਿਲਾਂ ਧਿਆਨ ਨਾ ਗਿਆ ਹੋਵੇ। ਇਸ ਕਰਕੇ ਉਨ੍ਹਾਂ ਵਿਚ ਮੁਸ਼ਕਲਾਂ ਖੜ੍ਹੀਆਂ ਹੋ ਸਕਦੀਆਂ ਹਨ। ਜਦੋਂ ਇੱਦਾਂ ਹੁੰਦਾ ਹੈ, ਤਾਂ ਪਤੀ-ਪਤਨੀ ਨੂੰ ਇਹ ਦੇਖਣਾ ਚਾਹੀਦਾ ਹੈ ਕਿ ਉਨ੍ਹਾਂ ਦੀ ਆਪਣੀ ਕੀ ਗ਼ਲਤੀ ਸੀ ਅਤੇ ਫਿਰ ਮੁਸ਼ਕਲ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਪਰ ਇੱਦਾਂ ਕਰਨ ਦੀ ਬਜਾਇ ਸ਼ਾਇਦ ਕੁਝ ਜੋੜੇ ਇਕ-ਦੂਜੇ ʼਤੇ ਦੋਸ਼ ਲਾਉਣ ਲੱਗ ਪੈਣ। ਉਹ ਸ਼ਾਇਦ ਇਹ ਵੀ ਸੋਚਣ ਲੱਗ ਪੈਣ ਕਿ ਅਲੱਗ ਹੋਣਾ ਜਾਂ ਤਲਾਕ ਲੈਣਾ ਹੀ ਇਸ ਮੁਸ਼ਕਲ ਦਾ ਹੱਲ ਹੈ। b ਕੀ ਇੱਦਾਂ ਕਰਨ ਨਾਲ ਮੁਸ਼ਕਲ ਹੱਲ ਹੋ ਜਾਵੇਗੀ? ਆਓ ਪਰਮੇਸ਼ੁਰ ਦੇ ਇਕ ਸੇਵਕ ਦੀ ਮਿਸਾਲ ʼਤੇ ਗੌਰ ਕਰੀਏ। ਅਸੀਂ ਦੇਖਾਂਗੇ ਕਿ ਵਿਆਹੁਤਾ ਜ਼ਿੰਦਗੀ ਵਿਚ ਬਹੁਤ ਸਾਰੀਆਂ ਮੁਸ਼ਕਲਾਂ ਹੋਣ ਦੇ ਬਾਵਜੂਦ ਵੀ ਉਹ ਕਿਵੇਂ ਯਹੋਵਾਹ ਪ੍ਰਤੀ ਵਫ਼ਾਦਾਰ ਬਣੀ ਰਹੀ।

9. ਅਬੀਗੈਲ ਨੂੰ ਕਿਹੜੀ ਮੁਸ਼ਕਲ ਆਈ?

9 ਮਿਸਾਲ। ਅਬੀਗੈਲ ਦਾ ਵਿਆਹ ਨਾਬਾਲ ਨਾਂ ਦੇ ਇਕ ਆਦਮੀ ਨਾਲ ਹੋਇਆ ਸੀ। ਬਾਈਬਲ ਦੱਸਦੀ ਹੈ ਕਿ ਨਾਬਾਲ ਬਹੁਤ ਹੀ ਰੁੱਖੇ ਸੁਭਾਅ ਦਾ ਸੀ ਅਤੇ ਸਾਰਿਆਂ ਨਾਲ ਬੁਰੇ ਤਰੀਕੇ ਨਾਲ ਪੇਸ਼ ਆਉਂਦਾ ਸੀ। (1 ਸਮੂ. 25:3) ਇੱਦਾਂ ਦੇ ਆਦਮੀ ਨਾਲ ਰਹਿਣਾ ਅਬੀਗੈਲ ਲਈ ਬਹੁਤ ਔਖਾ ਰਿਹਾ ਹੋਣਾ। ਪਰ ਕੀ ਉਸ ਨੇ ਕਦੀ ਇਹ ਸੋਚਿਆ ਕਿ ਉਹ ਕਿਸੇ ਤਰ੍ਹਾਂ ਨਾਬਾਲ ਤੋਂ ਆਪਣਾ ਪਿੱਛਾ ਛੁਡਾ ਲਵੇ? ਦੇਖਿਆ ਜਾਵੇ, ਤਾਂ ਉਸ ਨੂੰ ਇਕ ਵਾਰ ਇੱਦਾਂ ਕਰਨ ਦਾ ਮੌਕਾ ਵੀ ਮਿਲਿਆ ਸੀ। ਇਹ ਉਸ ਵੇਲੇ ਦੀ ਗੱਲ ਹੈ ਜਦੋਂ ਨਾਬਾਲ ਨੇ ਦਾਊਦ ਅਤੇ ਉਸ ਦੇ ਆਦਮੀਆਂ ਦੀ ਬੇਇੱਜ਼ਤੀ ਕੀਤੀ ਸੀ। ਇਸ ਕਰਕੇ ਦਾਊਦ ਨੂੰ ਬਹੁਤ ਗੁੱਸਾ ਆਇਆ ਅਤੇ ਉਹ ਉਸ ਨੂੰ ਮਾਰਨ ਲਈ ਤੁਰ ਪਿਆ ਸੀ। (1 ਸਮੂ. 25:9-13) ਉਸ ਸਮੇਂ ਅਬੀਗੈਲ ਚਾਹੁੰਦੀ, ਤਾਂ ਉਹ ਉੱਥੋਂ ਭੱਜ ਸਕਦੀ ਸੀ ਤੇ ਨਾਬਾਲ ਨੂੰ ਦਾਊਦ ਦੇ ਹੱਥੋਂ ਮਰਨ ਦਿੰਦੀ। ਪਰ ਉਸ ਨੇ ਇੱਦਾਂ ਨਹੀਂ ਕੀਤਾ। ਇਸ ਦੀ ਬਜਾਇ, ਉਹ ਦਾਊਦ ਨੂੰ ਮਿਲਣ ਗਈ ਅਤੇ ਬੇਨਤੀ ਕੀਤੀ ਕਿ ਉਹ ਨਾਬਾਲ ਦੀ ਜਾਨ ਬਖ਼ਸ਼ ਦੇਵੇ। ਦਾਊਦ ਨੇ ਉਸ ਦੀ ਗੱਲ ਮੰਨ ਲਈ। (1 ਸਮੂ. 25:23-27) ਪਰ ਅਬੀਗੈਲ ਨੇ ਇੱਦਾਂ ਕਿਉਂ ਕੀਤਾ?

10. ਅਬੀਗੈਲ ਨੇ ਸ਼ਾਇਦ ਕਿਉਂ ਆਪਣੇ ਵਿਆਹੁਤਾ ਰਿਸ਼ਤੇ ਨੂੰ ਬਣਾਈ ਰੱਖਣ ਲਈ ਮਿਹਨਤ ਕੀਤੀ?

10 ਅਬੀਗੈਲ ਯਹੋਵਾਹ ਨੂੰ ਪਿਆਰ ਕਰਦੀ ਸੀ ਅਤੇ ਵਿਆਹੁਤਾ ਰਿਸ਼ਤੇ ਨੂੰ ਪਵਿੱਤਰ ਮੰਨਦੀ ਸੀ। ਉਸ ਨੂੰ ਸ਼ਾਇਦ ਪਤਾ ਸੀ ਕਿ ਜਦੋਂ ਯਹੋਵਾਹ ਨੇ ਆਦਮ ਤੇ ਹੱਵਾਹ ਨੂੰ ਵਿਆਹੁਤਾ ਰਿਸ਼ਤੇ ਵਿਚ ਬੰਨ੍ਹਿਆ ਸੀ, ਤਾਂ ਉਹ ਚਾਹੁੰਦਾ ਸੀ ਕਿ ਉਹ ਹਮੇਸ਼ਾ ਇਕ-ਦੂਜੇ ਨਾਲ ਰਹਿਣ। (ਉਤ. 2:24) ਅਬੀਗੈਲ ਪਰਮੇਸ਼ੁਰ ਨੂੰ ਖ਼ੁਸ਼ ਕਰਨਾ ਚਾਹੁੰਦੀ ਸੀ। ਇਸ ਕਰਕੇ ਉਸ ਨੇ ਆਪਣੇ ਪਤੀ ਤੇ ਆਪਣੇ ਘਰਾਣੇ ਦੀ ਜਾਨ ਬਚਾਉਣ ਲਈ ਜੋ ਹੋ ਸਕਦਾ ਸੀ, ਉਹ ਕੀਤਾ। ਉਹ ਤੁਰੰਤ ਦਾਊਦ ਕੋਲ ਗਈ ਤੇ ਉਸ ਨੂੰ ਨਾਬਾਲ ਦੀ ਜਾਨ ਲੈਣ ਤੋਂ ਰੋਕਿਆ। ਚਾਹੇ ਅਬੀਗੈਲ ਦੀ ਕੋਈ ਗ਼ਲਤੀ ਨਹੀਂ ਸੀ, ਪਰ ਫਿਰ ਵੀ ਉਸ ਨੇ ਦਾਊਦ ਤੋਂ ਮਾਫ਼ੀ ਮੰਗੀ। ਸੱਚ-ਮੁੱਚ, ਯਹੋਵਾਹ ਇਸ ਦਲੇਰ ਤੇ ਨਿਰਸੁਆਰਥ ਔਰਤ ਨੂੰ ਬਹੁਤ ਪਿਆਰ ਕਰਦਾ ਸੀ। ਅੱਜ ਪਤੀ-ਪਤਨੀ ਅਬੀਗੈਲ ਤੋਂ ਕੀ ਸਿੱਖ ਸਕਦੇ ਹਨ?

11. (ੳ) ਯਹੋਵਾਹ ਵਿਆਹੁਤਾ ਜੋੜਿਆਂ ਤੋਂ ਕੀ ਚਾਹੁੰਦਾ ਹੈ? (ਅਫ਼ਸੀਆਂ 5:33) (ਅ) ਭੈਣ ਕਾਰਮਨ ਨੇ ਆਪਣੇ ਵਿਆਹੁਤਾ ਰਿਸ਼ਤੇ ਨੂੰ ਨਿਭਾਉਣ ਲਈ ਕੀ ਕੀਤਾ? (ਤਸਵੀਰ ਵੀ ਦੇਖੋ।)

11 ਸਬਕ। ਯਹੋਵਾਹ ਚਾਹੁੰਦਾ ਹੈ ਕਿ ਪਤੀ-ਪਤਨੀ ਵਿਆਹੁਤਾ ਰਿਸ਼ਤੇ ਨੂੰ ਪਵਿੱਤਰ ਸਮਝਣ। ਉਹ ਉਦੋਂ ਵੀ ਇਕ-ਦੂਜੇ ਨਾਲ ਰਹਿਣ ਜਦੋਂ ਇੱਦਾਂ ਕਰਨਾ ਔਖਾ ਹੋਵੇ। ਮੁਸ਼ਕਲਾਂ ਖੜ੍ਹੀਆਂ ਹੋਣ ਤੇ ਜਦੋਂ ਪਤੀ-ਪਤਨੀ ਉਨ੍ਹਾਂ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰਦੇ ਹਨ, ਇਕ-ਦੂਜੇ ਨੂੰ ਪਿਆਰ ਕਰਦੇ ਹਨ ਅਤੇ ਇਕ-ਦੂਜੇ ਦਾ ਆਦਰ ਕਰਦੇ ਹਨ, ਤਾਂ ਸੋਚੋ ਇਹ ਦੇਖ ਕੇ ਯਹੋਵਾਹ ਨੂੰ ਕਿੰਨੀ ਖ਼ੁਸ਼ੀ ਹੁੰਦੀ ਹੋਣੀ! (ਅਫ਼ਸੀਆਂ 5:33 ਪੜ੍ਹੋ।) ਜ਼ਰਾ ਭੈਣ ਕਾਰਮਨ ਦੀ ਮਿਸਾਲ ʼਤੇ ਗੌਰ ਕਰੋ। ਵਿਆਹ ਤੋਂ ਲਗਭਗ ਛੇ ਸਾਲਾਂ ਬਾਅਦ ਉਹ ਯਹੋਵਾਹ ਦੇ ਗਵਾਹਾਂ ਨਾਲ ਸਟੱਡੀ ਕਰਨ ਲੱਗ ਪਈ ਅਤੇ ਉਸ ਨੇ ਬਪਤਿਸਮਾ ਲੈ ਲਿਆ। ਉਹ ਦੱਸਦੀ ਹੈ: “ਮੇਰੇ ਪਤੀ ਨੂੰ ਇਹ ਗੱਲ ਬਿਲਕੁਲ ਵੀ ਚੰਗੀ ਨਹੀਂ ਲੱਗੀ। ਉਹ ਯਹੋਵਾਹ ਦੇ ਨਾਂ ਤੋਂ ਹੀ ਖਿੱਝ ਜਾਂਦੇ ਸੀ। ਉਹ ਮੇਰੀ ਬੇਇੱਜ਼ਤੀ ਕਰਦੇ ਸੀ ਤੇ ਮੈਨੂੰ ਛੱਡਣ ਦੀਆਂ ਧਮਕੀਆਂ ਦਿੰਦੇ ਸੀ।” ਪਰ ਭੈਣ ਕਾਰਮਨ ਨੇ ਹਾਰ ਨਹੀਂ ਮੰਨੀ। ਉਸ ਨੇ 50 ਸਾਲਾਂ ਤਕ ਆਪਣੇ ਵਿਆਹੁਤਾ ਰਿਸ਼ਤੇ ਨੂੰ ਨਿਭਾਇਆ। ਉਹ ਆਪਣੇ ਪਤੀ ਨੂੰ ਪਿਆਰ ਕਰਦੀ ਰਹੀ ਤੇ ਉਸ ਦਾ ਆਦਰ ਕਰਦੀ ਰਹੀ। ਉਹ ਅੱਗੇ ਦੱਸਦੀ ਹੈ: “ਸਮੇਂ ਦੇ ਬੀਤਣ ਨਾਲ ਮੈਂ ਹੋਰ ਵੀ ਜ਼ਿਆਦਾ ਸਮਝ ਤੋਂ ਕੰਮ ਲੈਣਾ ਸਿੱਖਿਆ। ਮੈਂ ਹਮੇਸ਼ਾ ਆਪਣੇ ਪਤੀ ਨਾਲ ਪਿਆਰ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੀ ਸੀ। ਮੈਂ ਇਹ ਵੀ ਯਾਦ ਰੱਖਿਆ ਕਿ ਵਿਆਹ ਯਹੋਵਾਹ ਦੀਆਂ ਨਜ਼ਰਾਂ ਵਿਚ ਪਵਿੱਤਰ ਬੰਧਨ ਹੈ ਅਤੇ ਇਸ ਨੂੰ ਬਣਾਈ ਰੱਖਣ ਦੀ ਮੈਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ। ਮੈਂ ਯਹੋਵਾਹ ਨੂੰ ਬਹੁਤ ਪਿਆਰ ਕਰਦੀ ਹਾਂ। ਇਸ ਲਈ ਮੈਂ ਆਪਣੇ ਪਤੀ ਨੂੰ ਛੱਡਣ ਬਾਰੇ ਕਦੇ ਸੋਚਿਆ ਵੀ ਨਹੀਂ।” c ਜੇ ਤੁਹਾਡੀ ਵਿਆਹੁਤਾ ਜ਼ਿੰਦਗੀ ਵਿਚ ਮੁਸ਼ਕਲਾਂ ਆਉਂਦੀਆਂ ਹਨ, ਤਾਂ ਯਕੀਨ ਰੱਖੋ ਕਿ ਯਹੋਵਾਹ ਇਸ ਰਿਸ਼ਤੇ ਨੂੰ ਨਿਭਾਉਣ ਵਿਚ ਤੁਹਾਡੀ ਵੀ ਜ਼ਰੂਰ ਮਦਦ ਕਰੇਗਾ।

ਆਪਣੇ ਘਰਾਣੇ ਨੂੰ ਬਚਾਉਣ ਲਈ ਅਬੀਗੈਲ ਤੋਂ ਜੋ ਹੋ ਸਕਦਾ ਸੀ, ਉਸ ਨੇ ਕੀਤਾ। ਅਸੀਂ ਇਸ ਤੋਂ ਕੀ ਸਿੱਖ ਸਕਦੇ ਹਾਂ? (ਪੈਰਾ 11 ਦੇਖੋ)


ਜਦੋਂ ਤੁਸੀਂ ਆਪਣੀ ਗ਼ਲਤੀ ਕਰਕੇ ਨਿਰਾਸ਼ ਹੋ ਜਾਂਦੇ ਹੋ

12. ਜਦੋਂ ਸਾਡੇ ਤੋਂ ਕੋਈ ਗੰਭੀਰ ਗ਼ਲਤੀ ਹੋ ਜਾਂਦੀ ਹੈ, ਤਾਂ ਸਾਨੂੰ ਕਿਵੇਂ ਲੱਗ ਸਕਦਾ ਹੈ?

12 ਮੁਸ਼ਕਲ। ਜੇ ਸਾਡੇ ਤੋਂ ਕੋਈ ਗੰਭੀਰ ਪਾਪ ਹੋ ਜਾਂਦਾ ਹੈ, ਤਾਂ ਹੋ ਸਕਦਾ ਹੈ ਕਿ ਅਸੀਂ ਬਹੁਤ ਨਿਰਾਸ਼ ਹੋ ਜਾਈਏ। ਬਾਈਬਲ ਵਿਚ ਦੱਸਿਆ ਗਿਆ ਹੈ ਕਿ ਪਾਪ ਕਰਨ ਕਰਕੇ ਇਕ ਵਿਅਕਤੀ ਅੰਦਰੋਂ ‘ਟੁੱਟ’ ਸਕਦਾ ਹੈ ਅਤੇ “ਦੁਖੀ” ਹੋ ਸਕਦਾ ਹੈ। (ਜ਼ਬੂ. 51:17) ਭਰਾ ਰੌਬਰਟ ਦੀ ਮਿਸਾਲ ʼਤੇ ਧਿਆਨ ਦਿਓ। ਉਹ ਕਈ ਸਾਲ ਮਿਹਨਤ ਕਰਨ ਤੋਂ ਬਾਅਦ ਸਹਾਇਕ ਸੇਵਕ ਬਣਿਆ ਸੀ। ਪਰ ਫਿਰ ਉਹ ਇਕ ਗੰਭੀਰ ਗ਼ਲਤੀ ਕਰ ਬੈਠਾ। ਉਸ ਨੂੰ ਇੱਦਾਂ ਲੱਗਾ ਜਿੱਦਾਂ ਉਸ ਨੇ ਯਹੋਵਾਹ ਨੂੰ ਧੋਖਾ ਦਿੱਤਾ ਹੈ। ਉਹ ਕਹਿੰਦਾ ਹੈ: “ਗੰਭੀਰ ਗ਼ਲਤੀ ਕਰਨ ਕਰਕੇ ਮੇਰੀ ਜ਼ਮੀਰ ਲਾਹਨਤਾਂ ਪਾਉਣ ਲੱਗੀ। ਮੈਂ ਅੰਦਰੋਂ ਬਹੁਤ ਦੁਖੀ ਰਹਿੰਦਾ ਸੀ। ਮੈਂ ਹਟਕੋਰੇ ਲੈ-ਲੈ ਰੋਂਦਾ ਸੀ ਅਤੇ ਯਹੋਵਾਹ ਨੂੰ ਪ੍ਰਾਰਥਨਾ ਕਰਦਾ ਸੀ। ਪਰ ਮੈਂ ਸੋਚਦਾ ਸੀ ਕਿ ਮੈਂ ਤਾਂ ਯਹੋਵਾਹ ਦਾ ਦਿਲ ਦੁਖਾਇਆ ਹੈ, ਫਿਰ ਉਹ ਮੇਰੀਆਂ ਪ੍ਰਾਰਥਨਾਵਾਂ ਕਿਉਂ ਸੁਣੇਂਗਾ।” ਜੇ ਸਾਡੇ ਤੋਂ ਵੀ ਕੋਈ ਗੰਭੀਰ ਗ਼ਲਤੀ ਹੋ ਜਾਵੇ, ਤਾਂ ਸਾਨੂੰ ਵੀ ਲੱਗ ਸਕਦਾ ਹੈ ਕਿ ਅਸੀਂ ਕਿਸੇ ਕੰਮ ਦੇ ਨਹੀਂ, ਅਸੀਂ ਨਿਕੰਮੇ ਹਾਂ। ਸ਼ਾਇਦ ਸਾਨੂੰ ਲੱਗੇ ਕਿ ਯਹੋਵਾਹ ਨੇ ਸਾਨੂੰ ਛੱਡ ਦਿੱਤਾ ਹੈ ਅਤੇ ਹੁਣ ਉਸ ਦੀ ਸੇਵਾ ਕਰਨ ਦਾ ਕੋਈ ਫ਼ਾਇਦਾ ਨਹੀਂ। (ਜ਼ਬੂ. 38:4) ਕੀ ਤੁਹਾਨੂੰ ਵੀ ਕਦੇ ਇੱਦਾਂ ਲੱਗਾ ਹੈ? ਜੇ ਹਾਂ, ਤਾਂ ਯਹੋਵਾਹ ਦੇ ਇਕ ਵਫ਼ਾਦਾਰ ਸੇਵਕ ਦੀ ਮਿਸਾਲ ʼਤੇ ਧਿਆਨ ਦੇਣ ਨਾਲ ਤੁਹਾਡੀ ਮਦਦ ਹੋ ਸਕਦੀ ਹੈ। ਉਸ ਸੇਵਕ ਨੇ ਵੀ ਇਕ ਗੰਭੀਰ ਗ਼ਲਤੀ ਕੀਤੀ ਸੀ, ਫਿਰ ਵੀ ਉਹ ਯਹੋਵਾਹ ਦੀ ਸੇਵਾ ਕਰਦਾ ਰਿਹਾ।

13. ਪਤਰਸ ਰਸੂਲ ਨੇ ਕਿਹੜੀਆਂ ਗ਼ਲਤੀਆਂ ਕੀਤੀਆਂ ਅਤੇ ਫਿਰ ਉਹ ਕਿਹੜੀ ਗੰਭੀਰ ਗ਼ਲਤੀ ਕਰ ਬੈਠਾ?

13 ਮਿਸਾਲ। ਯਿਸੂ ਦੀ ਮੌਤ ਤੋਂ ਇਕ ਰਾਤ ਪਹਿਲਾਂ ਪਤਰਸ ਰਸੂਲ ਨੇ ਇਕ ਤੋਂ ਬਾਅਦ ਇਕ ਕਈ ਗ਼ਲਤੀਆਂ ਕੀਤੀਆਂ। ਅਖ਼ੀਰ ਵਿਚ ਉਹ ਇਕ ਗੰਭੀਰ ਗ਼ਲਤੀ ਕਰ ਬੈਠਾ। ਸਭ ਤੋਂ ਪਹਿਲੀ ਗ਼ਲਤੀ ਜੋ ਉਸ ਨੇ ਕੀਤੀ ਉਹ ਇਹ ਸੀ ਕਿ ਉਸ ਨੇ ਖ਼ੁਦ ʼਤੇ ਹੱਦੋਂ ਵੱਧ ਭਰੋਸਾ ਰੱਖਿਆ। ਇਸ ਲਈ ਉਸ ਨੇ ਆਕੜ ਕੇ ਕਿਹਾ ਕਿ ਚਾਹੇ ਸਾਰੇ ਰਸੂਲ ਯਿਸੂ ਨੂੰ ਛੱਡ ਦੇਣ, ਪਰ ਉਹ ਉਸ ਨੂੰ ਨਹੀਂ ਛੱਡੇਗਾ। (ਮਰ. 14:27-29) ਇਸ ਤੋਂ ਬਾਅਦ, ਗਥਸਮਨੀ ਦੇ ਬਾਗ਼ ਵਿਚ ਜਦੋਂ ਯਿਸੂ ਨੇ ਉਸ ਨੂੰ ਕਿਹਾ ਕਿ ਉਹ ਜਾਗਦਾ ਰਹੇ, ਤਾਂ ਉਹ ਵਾਰ-ਵਾਰ ਸੌਂ ਗਿਆ। (ਮਰ. 14:32, 37-41) ਫਿਰ ਉਸ ਨੇ ਇਕ ਹੋਰ ਗ਼ਲਤੀ ਕੀਤੀ। ਜਦੋਂ ਭੀੜ ਯਿਸੂ ਨੂੰ ਫੜਨ ਆਈ, ਤਾਂ ਉਹ ਯਿਸੂ ਨੂੰ ਛੱਡ ਕੇ ਭੱਜ ਗਿਆ। (ਮਰ. 14:50) ਫਿਰ ਉਸ ਨੇ ਗੰਭੀਰ ਗ਼ਲਤੀ ਕੀਤੀ। ਉਸ ਨੇ ਯਿਸੂ ਨੂੰ ਜਾਣਨ ਤੋਂ ਤਿੰਨ ਵਾਰ ਇਨਕਾਰ ਕੀਤਾ। ਉਸ ਨੇ ਤਾਂ ਝੂਠੀ ਸਹੁੰ ਵੀ ਖਾਧੀ ਕਿ ਉਹ ਯਿਸੂ ਨੂੰ ਜਾਣਦਾ ਤੱਕ ਨਹੀਂ। (ਮਰ. 14:66-71) ਪਰ ਜਦੋਂ ਪਤਰਸ ਨੂੰ ਅਹਿਸਾਸ ਹੋਇਆ ਕਿ ਉਸ ਨੇ ਕਿੰਨੀ ਵੱਡੀ ਗ਼ਲਤੀ ਕੀਤੀ ਹੈ, ਤਾਂ ਉਸ ਨੇ ਕੀ ਕੀਤਾ? ਉਹ ਫੁੱਟ-ਫੁੱਟ ਕੇ ਰੋਣ ਲੱਗ ਪਿਆ ਅਤੇ ਅੰਦਰੋਂ ਪੂਰੀ ਤਰ੍ਹਾਂ ਟੁੱਟ ਗਿਆ। (ਮਰ. 14:72) ਜ਼ਰਾ ਸੋਚੋ ਕਿ ਜਦੋਂ ਕੁਝ ਘੰਟਿਆਂ ਬਾਅਦ ਉਸ ਦੇ ਦੋਸਤ ਯਿਸੂ ਨੂੰ ਮਾਰ ਦਿੱਤਾ ਗਿਆ, ਤਾਂ ਉਸ ਨੂੰ ਕਿੰਨਾ ਦੁੱਖ ਲੱਗਾ ਹੋਣਾ। ਉਹ ਖ਼ੁਦ ਨੂੰ ਕਿੰਨਾ ਨਿਕੰਮਾ ਸਮਝ ਰਿਹਾ ਹੋਣਾ!

14. ਗ਼ਲਤੀ ਕਰਨ ਤੋਂ ਬਾਅਦ ਵੀ ਪਤਰਸ ਕਿਉਂ ਯਹੋਵਾਹ ਦੀ ਸੇਵਾ ਕਰਦਾ ਰਿਹਾ? (ਮੁੱਖ ਸਫ਼ੇ ਉੱਤੇ ਦਿੱਤੀ ਤਸਵੀਰ ਦੇਖੋ।)

14 ਇਸ ਤੋਂ ਬਾਅਦ ਵੀ ਪਤਰਸ ਨੇ ਯਹੋਵਾਹ ਦੀ ਸੇਵਾ ਕਰਨੀ ਨਹੀਂ ਛੱਡੀ। ਇਸ ਦੇ ਕਈ ਕਾਰਨ ਸਨ, ਜਿਵੇਂ ਗ਼ਲਤੀ ਕਰਨ ਤੋਂ ਬਾਅਦ ਉਸ ਨੇ ਖ਼ੁਦ ਨੂੰ ਦੂਜਿਆਂ ਤੋਂ ਦੂਰ ਨਹੀਂ ਕੀਤਾ, ਸਗੋਂ ਉਹ ਚੇਲਿਆਂ ਨੂੰ ਮਿਲਣ ਗਿਆ ਅਤੇ ਉਸ ਨੂੰ ਉਨ੍ਹਾਂ ਤੋਂ ਜ਼ਰੂਰ ਹੌਸਲਾ ਮਿਲਿਆ ਹੋਣਾ। (ਲੂਕਾ 24:33) ਇਹੀ ਨਹੀਂ, ਜੀਉਂਦਾ ਹੋਣ ਤੋਂ ਬਾਅਦ ਯਿਸੂ ਪਤਰਸ ਨੂੰ ਮਿਲਣ ਆਇਆ ਅਤੇ ਉਸ ਨੇ ਜ਼ਰੂਰ ਉਸ ਨੂੰ ਹੌਸਲਾ ਦਿੱਤਾ ਹੋਣਾ। (ਲੂਕਾ 24:34; 1 ਕੁਰਿੰ. 15:5) ਬਾਅਦ ਵਿਚ ਵੀ ਜਦੋਂ ਯਿਸੂ ਆਪਣੇ ਦੋਸਤਾਂ ਨਾਲ ਸੀ, ਤਾਂ ਉਸ ਨੇ ਪਤਰਸ ਨੂੰ ਉਸ ਦੀਆਂ ਗ਼ਲਤੀਆਂ ਕਰਕੇ ਝਿੜਕਿਆ ਨਹੀਂ, ਸਗੋਂ ਉਸ ਨੂੰ ਕਿਹਾ ਕਿ ਉਸ ਨੂੰ ਵੱਡੀਆਂ-ਵੱਡੀਆਂ ਜ਼ਿੰਮੇਵਾਰੀਆਂ ਦਿੱਤੀਆਂ ਜਾਣਗੀਆਂ। (ਯੂਹੰ. 21:15-17) ਇਨ੍ਹਾਂ ਸਾਰੀਆਂ ਗੱਲਾਂ ਕਰਕੇ ਪਤਰਸ ਨੂੰ ਯਕੀਨ ਹੋ ਗਿਆ ਸੀ ਕਿ ਉਸ ਦਾ ਮਾਲਕ ਯਿਸੂ ਅਜੇ ਵੀ ਉਸ ਨੂੰ ਪਿਆਰ ਕਰਦਾ ਹੈ ਅਤੇ ਹੋਰ ਰਸੂਲ ਵੀ ਪਤਰਸ ਦਾ ਸਾਥ ਦਿੰਦੇ ਰਹੇ। ਇਸ ਲਈ ਗੰਭੀਰ ਗ਼ਲਤੀ ਕਰਨ ਤੋਂ ਬਾਅਦ ਵੀ ਪਤਰਸ ਨੇ ਹਾਰ ਨਹੀਂ ਮੰਨੀ। ਉਹ ਯਹੋਵਾਹ ਦੀ ਸੇਵਾ ਵਿਚ ਲੱਗਾ ਰਿਹਾ। ਅੱਜ ਅਸੀਂ ਪਤਰਸ ਤੋਂ ਕੀ ਸਿੱਖ ਸਕਦੇ ਹਾਂ?

ਯੂਹੰਨਾ 21:​15-17 ਤੋਂ ਪਤਾ ਲੱਗਦਾ ਹੈ ਕਿ ਯਿਸੂ ਨੇ ਪਤਰਸ ਨੂੰ ਮਾਫ਼ ਕਰ ਦਿੱਤਾ ਸੀ। ਇਸ ਤੋਂ ਪਤਰਸ ਨੂੰ ਯਹੋਵਾਹ ਦੀ ਸੇਵਾ ਕਰਦੇ ਰਹਿਣ ਦੀ ਹੱਲਾਸ਼ੇਰੀ ਮਿਲੀ। (ਪੈਰਾ 14 ਦੇਖੋ)


15. ਯਹੋਵਾਹ ਸਾਨੂੰ ਕਿਸ ਗੱਲ ਦਾ ਯਕੀਨ ਦਿਵਾਉਣਾ ਚਾਹੁੰਦਾ ਹੈ? (ਜ਼ਬੂਰ 86:5; ਰੋਮੀਆਂ 8:38, 39) (ਤਸਵੀਰ ਵੀ ਦੇਖੋ।)

15 ਸਬਕ। ਯਹੋਵਾਹ ਸਾਨੂੰ ਯਕੀਨ ਦਿਵਾਉਣਾ ਚਾਹੁੰਦਾ ਹੈ ਕਿ ਉਹ ਸਾਨੂੰ ਪਿਆਰ ਕਰਦਾ ਹੈ ਅਤੇ ਮਾਫ਼ ਕਰਨ ਲਈ ਤਿਆਰ ਰਹਿੰਦਾ ਹੈ। (ਜ਼ਬੂਰ 86:5; ਰੋਮੀਆਂ 8:38, 39 ਪੜ੍ਹੋ।) ਜਦੋਂ ਅਸੀਂ ਪਾਪ ਕਰਦੇ ਹਾਂ, ਤਾਂ ਅਸੀਂ ਦੋਸ਼ੀ ਮਹਿਸੂਸ ਕਰਨ ਲੱਗ ਪੈਂਦੇ ਹਾਂ। ਇੱਦਾਂ ਹਰੇਕ ਨਾਲ ਹੁੰਦਾ ਹੈ ਅਤੇ ਹੋਣਾ ਵੀ ਚਾਹੀਦਾ ਹੈ। ਪਰ ਸਾਨੂੰ ਹੱਦੋਂ ਵੱਧ ਦੋਸ਼ੀ ਮਹਿਸੂਸ ਨਹੀਂ ਕਰਨਾ ਚਾਹੀਦਾ ਅਤੇ ਇਹ ਨਹੀਂ ਸੋਚਣਾ ਚਾਹੀਦਾ ਕਿ ਯਹੋਵਾਹ ਸਾਨੂੰ ਪਿਆਰ ਨਹੀਂ ਕਰਦਾ ਅਤੇ ਸਾਨੂੰ ਕਦੇ ਵੀ ਮਾਫ਼ ਨਹੀਂ ਕਰੇਗਾ। ਇਸ ਦੀ ਬਜਾਇ, ਸਾਨੂੰ ਤੁਰੰਤ ਭਰਾਵਾਂ ਤੋਂ ਮਦਦ ਲੈਣੀ ਚਾਹੀਦੀ ਹੈ। ਭਰਾ ਰੌਬਰਟ, ਜਿਸ ਦਾ ਪਹਿਲਾਂ ਜ਼ਿਕਰ ਕੀਤਾ ਗਿਆ ਸੀ, ਦੱਸਦਾ ਹੈ: “ਮੈਂ ਆਪਣੇ ਆਪ ʼਤੇ ਕੁਝ ਜ਼ਿਆਦਾ ਹੀ ਭਰੋਸਾ ਕਰਦਾ ਸੀ ਅਤੇ ਮੈਂ ਕਿਸੇ ਤੋਂ ਮਦਦ ਨਹੀਂ ਮੰਗੀ। ਇਸ ਲਈ ਮੈਂ ਪਾਪ ਕਰ ਬੈਠਾ।” ਪਰ ਫਿਰ ਉਸ ਨੇ ਬਜ਼ੁਰਗਾਂ ਨਾਲ ਗੱਲ ਕੀਤੀ। ਭਰਾ ਦੱਸਦਾ ਹੈ: “ਬਜ਼ੁਰਗਾਂ ਨਾਲ ਗੱਲ ਕਰ ਕੇ ਮੈਂ ਮਹਿਸੂਸ ਕਰ ਸਕਿਆ ਕਿ ਯਹੋਵਾਹ ਅਜੇ ਵੀ ਮੈਨੂੰ ਪਿਆਰ ਕਰਦਾ ਹੈ। ਭਰਾਵਾਂ ਨੇ ਮੇਰੀ ਬਹੁਤ ਮਦਦ ਕੀਤੀ। ਉਨ੍ਹਾਂ ਨੇ ਮੈਨੂੰ ਯਕੀਨ ਦਿਵਾਇਆ ਕਿ ਯਹੋਵਾਹ ਨੇ ਮੈਨੂੰ ਛੱਡਿਆ ਨਹੀਂ ਹੈ।” ਜੇ ਸਾਡੇ ਤੋਂ ਵੀ ਕੋਈ ਗੰਭੀਰ ਗ਼ਲਤੀ ਹੋ ਜਾਵੇ, ਤਾਂ ਅਸੀਂ ਕੀ ਕਰਾਂਗੇ? ਅਸੀਂ ਤੋਬਾ ਕਰਾਂਗੇ, ਬਜ਼ੁਰਗਾਂ ਤੋਂ ਮਦਦ ਲਵਾਂਗੇ ਅਤੇ ਪੂਰੀ ਕੋਸ਼ਿਸ਼ ਕਰਾਂਗੇ ਕਿ ਅਸੀਂ ਉਹ ਗ਼ਲਤੀ ਦੁਬਾਰਾ ਨਾ ਕਰੀਏ। ਇੱਦਾਂ ਕਰ ਕੇ ਸਾਨੂੰ ਯਕੀਨ ਹੋ ਜਾਵੇਗਾ ਕਿ ਯਹੋਵਾਹ ਸਾਨੂੰ ਬਹੁਤ ਪਿਆਰ ਕਰਦਾ ਹੈ ਅਤੇ ਸਾਨੂੰ ਮਾਫ਼ ਕਰਨ ਲਈ ਤਿਆਰ ਰਹਿੰਦਾ ਹੈ। (1 ਯੂਹੰ. 1:8, 9) ਨਾਲੇ ਇਸ ਯਕੀਨ ਕਰਕੇ ਅਸੀਂ ਠੋਕਰ ਖਾਣ ਜਾਂ ਡਿਗਣ ʼਤੇ ਵੀ ਹਾਰ ਨਹੀਂ ਮੰਨਾਂਗੇ, ਸਗੋਂ ਖ਼ੁਦ ਨੂੰ ਸੰਭਾਲਾਂਗੇ ਅਤੇ ਅੱਗੇ ਵਧਦੇ ਰਹਾਂਗੇ।

ਜਦੋਂ ਤੁਸੀਂ ਦੇਖਦੇ ਹੋ ਕਿ ਬਜ਼ੁਰਗ ਤੁਹਾਡੀ ਮਦਦ ਕਰਨ ਲਈ ਕਿੰਨੀ ਮਿਹਨਤ ਕਰ ਰਹੇ ਹਨ, ਤਾਂ ਤੁਹਾਨੂੰ ਕਿਸ ਗੱਲ ਦਾ ਯਕੀਨ ਹੋ ਜਾਂਦਾ ਹੈ? (ਪੈਰਾ 15 ਦੇਖੋ)


16. ਤੁਸੀਂ ਯਹੋਵਾਹ ਦੀ ਸੇਵਾ ਕਰਦੇ ਰਹਿਣ ਦਾ ਪੱਕਾ ਇਰਾਦਾ ਕਿਉਂ ਕੀਤਾ ਹੈ?

16 ਅੱਜ ਇਨ੍ਹਾਂ ਮੁਸੀਬਤਾਂ ਭਰੇ ਸਮੇਂ ਵਿਚ ਅਸੀਂ ਯਹੋਵਾਹ ਦੀ ਸੇਵਾ ਕਰਨ ਲਈ ਜੋ ਮਿਹਨਤ ਕਰਦੇ ਹਾਂ, ਉਸ ਨੂੰ ਦੇਖ ਕੇ ਯਹੋਵਾਹ ਨੂੰ ਬਹੁਤ ਖ਼ੁਸ਼ੀ ਹੁੰਦੀ ਹੈ। ਸ਼ਾਇਦ ਅਸੀਂ ਕਦੇ-ਕਦੇ ਆਪਣੀਆਂ ਜਾਂ ਦੂਜਿਆਂ ਦੀਆਂ ਗ਼ਲਤੀਆਂ ਕਰਕੇ ਨਿਰਾਸ਼ ਹੋ ਜਾਈਏ, ਪਰ ਯਹੋਵਾਹ ਦੀ ਮਦਦ ਨਾਲ ਅਸੀਂ ਉਸ ਦੀ ਸੇਵਾ ਕਰਦੇ ਰਹਿ ਸਕਦੇ ਹਾਂ। ਜੇ ਕੋਈ ਭੈਣ ਜਾਂ ਭਰਾ ਸਾਨੂੰ ਠੇਸ ਪਹੁੰਚਾਉਂਦਾ ਹੈ, ਤਾਂ ਵੀ ਅਸੀਂ ਉਸ ਨੂੰ ਪਿਆਰ ਕਰਦੇ ਰਹਾਂਗੇ ਅਤੇ ਉਸ ਨੂੰ ਮਾਫ਼ ਕਰਾਂਗੇ। ਜੇ ਸਾਡੀ ਵਿਆਹੁਤਾ ਜ਼ਿੰਦਗੀ ਵਿਚ ਕੁਝ ਮੁਸ਼ਕਲਾਂ ਆਉਣ, ਤਾਂ ਅਸੀਂ ਉਨ੍ਹਾਂ ਦਾ ਸਾਮ੍ਹਣਾ ਕਰਾਂਗੇ ਅਤੇ ਉਨ੍ਹਾਂ ਨੂੰ ਸੁਲਝਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ। ਇੱਦਾਂ ਕਰ ਕੇ ਅਸੀਂ ਦਿਖਾਵਾਂਗੇ ਕਿ ਅਸੀਂ ਵਿਆਹ ਦੇ ਪ੍ਰਬੰਧ ਦੀ ਕਦਰ ਕਰਦੇ ਹਾਂ ਅਤੇ ਯਹੋਵਾਹ ਨੂੰ ਬਹੁਤ ਪਿਆਰ ਕਰਦੇ ਹਾਂ। ਨਾਲੇ ਜੇ ਸਾਡੇ ਤੋਂ ਕੋਈ ਗੰਭੀਰ ਗ਼ਲਤੀ ਹੋ ਜਾਂਦੀ ਹੈ, ਤਾਂ ਅਸੀਂ ਯਹੋਵਾਹ ਤੋਂ ਮਦਦ ਮੰਗਾਂਗੇ। ਅਸੀਂ ਯਕੀਨ ਰੱਖਾਂਗੇ ਕਿ ਉਹ ਸਾਡੇ ਨਾਲ ਪਿਆਰ ਕਰਦਾ ਹੈ, ਉਸ ਨੇ ਸਾਨੂੰ ਮਾਫ਼ ਕਰ ਦਿੱਤਾ ਹੈ ਅਤੇ ਉਸ ਦੀ ਸੇਵਾ ਵਿਚ ਲੱਗੇ ਰਹਾਂਗੇ। ਤਾਂ ਫਿਰ ਆਓ ਆਪਾਂ “ਚੰਗੇ ਕੰਮ ਕਰਨੇ ਨਾ ਛੱਡੀਏ।” (ਗਲਾ. 6:9) ਜੇ ਅਸੀਂ ਇੱਦਾਂ ਕਰਾਂਗੇ, ਤਾਂ ਯਹੋਵਾਹ ਸਾਨੂੰ ਬੇਸ਼ੁਮਾਰ ਬਰਕਤਾਂ ਦੇਵੇਗਾ।

ਅਸੀਂ ਉਦੋਂ ਵੀ ਕਿਵੇਂ ਯਹੋਵਾਹ ਦੀ ਸੇਵਾ ਕਰਦੇ ਰਹਿ ਸਕਦੇ ਹਾਂ ਜਦੋਂ . . .

  • ਕੋਈ ਭੈਣ ਜਾਂ ਭਰਾ ਸਾਨੂੰ ਠੇਸ ਪਹੁੰਚਾਉਂਦਾ ਹੈ?

  • ਸਾਡਾ ਜੀਵਨ-ਸਾਥੀ ਸਾਡਾ ਦਿਲ ਦੁਖਾਉਂਦਾ ਹੈ?

  • ਸਾਡੇ ਤੋਂ ਕੋਈ ਗ਼ਲਤੀ ਹੋ ਜਾਂਦੀ ਹੈ?

ਗੀਤ 139 ਖ਼ੁਦ ਨੂੰ ਨਵੀਂ ਦੁਨੀਆਂ ਵਿਚ ਦੇਖੋ

a ਕੁਝ ਨਾਂ ਬਦਲੇ ਗਏ ਹਨ।

b ਬਾਈਬਲ ਪਤੀ-ਪਤਨੀਆਂ ਨੂੰ ਅਲੱਗ ਹੋਣ ਦੀ ਹੱਲਾਸ਼ੇਰੀ ਨਹੀਂ ਦਿੰਦੀ ਅਤੇ ਸਾਫ਼ ਦੱਸਦੀ ਹੈ ਕਿ ਜੇ ਉਹ ਅਲੱਗ ਹੋ ਵੀ ਜਾਣ, ਤਾਂ ਵੀ ਪਤੀ ਜਾਂ ਪਤਨੀ ਵਿੱਚੋਂ ਕੋਈ ਵੀ ਦੁਬਾਰਾ ਵਿਆਹ ਨਹੀਂ ਕਰਵਾ ਸਕਦਾ। ਪਰ ਅਜਿਹੇ ਕੁਝ ਹਾਲਾਤ ਹਨ ਜਿਨ੍ਹਾਂ ਵਿਚ ਕੁਝ ਮਸੀਹੀਆਂ ਨੇ ਆਪਣੇ ਜੀਵਨ-ਸਾਥੀ ਤੋਂ ਅਲੱਗ ਹੋਣਾ ਠੀਕ ਸਮਝਿਆ। ਇਸ ਬਾਰੇ ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ! ਕਿਤਾਬ ਵਿਚ ਹੋਰ ਜਾਣਕਾਰੀ 4 “ਪਤੀ-ਪਤਨੀ ਦਾ ਅਲੱਗ ਹੋਣਾ” ਪੜ੍ਹੋ।