Skip to content

Skip to table of contents

ਅਧਿਐਨ ਲੇਖ 10

ਗੀਤ 13 ਮਸੀਹ, ਸਾਡੀ ਮਿਸਾਲ

ਬਪਤਿਸਮੇ ਤੋਂ ਬਾਅਦ ਵੀ ਯਿਸੂ ਦੇ “ਪਿੱਛੇ-ਪਿੱਛੇ” ਚੱਲਦੇ ਰਹੋ

ਬਪਤਿਸਮੇ ਤੋਂ ਬਾਅਦ ਵੀ ਯਿਸੂ ਦੇ “ਪਿੱਛੇ-ਪਿੱਛੇ” ਚੱਲਦੇ ਰਹੋ

“ਜੇ ਕੋਈ ਮੇਰੇ ਪਿੱਛੇ ਆਉਣਾ ਚਾਹੁੰਦਾ ਹੈ, ਤਾਂ ਉਹ ਆਪਣੇ ਆਪ ਦਾ ਤਿਆਗ ਕਰੇ ਅਤੇ ਹਰ ਰੋਜ਼ ਆਪਣੀ ਤਸੀਹੇ ਦੀ ਸੂਲ਼ੀ ਚੁੱਕ ਕੇ ਮੇਰੇ ਪਿੱਛੇ-ਪਿੱਛੇ ਚੱਲਦਾ ਰਹੇ।”​—ਲੂਕਾ 9:23.

ਕੀ ਸਿੱਖਾਂਗੇ?

ਇਸ ਲੇਖ ਵਿਚ ਅਸੀਂ ਜਾਣਾਂਗੇ ਕਿ ਅਸੀਂ ਆਪਣੇ ਸਮਰਪਣ ਦੇ ਵਾਅਦੇ ਅਨੁਸਾਰ ਕਿਵੇਂ ਜੀ ਸਕਦੇ ਹਾਂ। ਨਾਲੇ ਇਸ ਲੇਖ ਤੋਂ ਖ਼ਾਸ ਕਰਕੇ ਉਨ੍ਹਾਂ ਭੈਣਾਂ-ਭਰਾਵਾਂ ਦੀ ਮਦਦ ਹੋਵੇਗੀ ਜਿਨ੍ਹਾਂ ਨੇ ਹਾਲ ਹੀ ਵਿਚ ਬਪਤਿਸਮਾ ਲਿਆ ਹੈ ਤਾਂਕਿ ਉਹ ਯਹੋਵਾਹ ਦੇ ਵਫ਼ਾਦਾਰ ਰਹਿ ਸਕਣ।

1-2. ਬਪਤਿਸਮੇ ਤੋਂ ਬਾਅਦ ਇਕ ਵਿਅਕਤੀ ਨੂੰ ਕਿਹੜੀਆਂ ਬਰਕਤਾਂ ਮਿਲਦੀਆਂ ਹਨ?

 ਜਦੋਂ ਅਸੀਂ ਬਪਤਿਸਮਾ ਲੈਂਦੇ ਹਾਂ ਅਤੇ ਯਹੋਵਾਹ ਦੇ ਪਰਿਵਾਰ ਦਾ ਹਿੱਸਾ ਬਣਦੇ ਹਾਂ, ਤਾਂ ਸਾਨੂੰ ਬਹੁਤ ਖ਼ੁਸ਼ੀ ਹੁੰਦੀ ਹੈ। ਇਹ ਸਨਮਾਨ ਮਿਲਣ ਕਰਕੇ ਅਸੀਂ ਉੱਦਾਂ ਹੀ ਮਹਿਸੂਸ ਕਰਦੇ ਹਾਂ ਜਿੱਦਾਂ ਦਾਊਦ ਨੇ ਕੀਤਾ ਸੀ। ਉਸ ਨੇ ਕਿਹਾ: “ਖ਼ੁਸ਼ ਹੈ ਉਹ ਇਨਸਾਨ ਜਿਸ ਨੂੰ ਤੂੰ [ਯਹੋਵਾਹ] ਚੁਣਦਾ ਅਤੇ ਆਪਣੇ ਨੇੜੇ ਲਿਆਉਂਦਾ ਹੈਂ ਤਾਂਕਿ ਉਹ ਤੇਰੇ ਘਰ ਦੇ ਵਿਹੜਿਆਂ ਵਿਚ ਵੱਸੇ।”​—ਜ਼ਬੂ. 65:4.

2 ਯਹੋਵਾਹ ਹਰ ਕਿਸੇ ਨੂੰ ਆਪਣੇ ਵੱਲ ਨਹੀਂ ਖਿੱਚਦਾ। ਜਿੱਦਾਂ ਅਸੀਂ ਪਿਛਲੇ ਲੇਖ ਵਿਚ ਦੇਖਿਆ ਸੀ ਕਿ ਯਹੋਵਾਹ ਉਨ੍ਹਾਂ ਲੋਕਾਂ ਨੂੰ ਹੀ ਆਪਣੇ ਵੱਲ ਖਿੱਚਦਾ ਹੈ ਜੋ ਸੱਚ-ਮੁੱਚ ਉਸ ਦੇ ਨੇੜੇ ਆਉਣਾ ਚਾਹੁੰਦੇ ਹਨ। (ਯਾਕੂ. 4:8) ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰ ਕੇ ਅਤੇ ਬਪਤਿਸਮਾ ਲੈ ਕੇ ਤੁਸੀਂ ਉਸ ਨਾਲ ਇਕ ਖ਼ਾਸ ਰਿਸ਼ਤੇ ਵਿਚ ਬੱਝ ਜਾਂਦੇ ਹੋ। ਤੁਸੀਂ ਯਕੀਨ ਰੱਖ ਸਕਦੇ ਹੋ ਕਿ ਬਪਤਿਸਮੇ ਤੋਂ ਬਾਅਦ ਉਹ ‘ਤੁਹਾਡੇ ʼਤੇ ਬਰਕਤਾਂ ਦਾ ਇੰਨਾ ਮੀਂਹ ਵਰ੍ਹਾਵੇਗਾ ਕਿ ਤੁਹਾਨੂੰ ਕੋਈ ਕਮੀ ਨਹੀਂ ਹੋਵੇਗੀ।’​—ਮਲਾ. 3:10; ਯਿਰ. 17:7, 8.

3. ਸਮਰਪਿਤ ਅਤੇ ਬਪਤਿਸਮਾ-ਪ੍ਰਾਪਤ ਮਸੀਹੀਆਂ ਕੋਲ ਕਿਹੜੀ ਜ਼ਿੰਮੇਵਾਰੀ ਹੈ? (ਉਪਦੇਸ਼ਕ ਦੀ ਕਿਤਾਬ 5:4, 5)

3 ਦਰਅਸਲ, ਬਪਤਿਸਮਾ ਤਾਂ ਸਿਰਫ਼ ਇਕ ਸ਼ੁਰੂਆਤ ਹੈ। ਬਪਤਿਸਮੇ ਤੋਂ ਬਾਅਦ ਤੁਸੀਂ ਆਪਣੇ ਸਮਰਪਣ ਦੇ ਵਾਅਦੇ ਅਨੁਸਾਰ ਜ਼ਿੰਦਗੀ ਜੀਉਣ ਦੀ ਪੂਰੀ ਕੋਸ਼ਿਸ਼ ਕਰਨੀ ਚਾਹੋਗੇ, ਉਦੋਂ ਵੀ ਜਦੋਂ ਤੁਹਾਨੂੰ ਗ਼ਲਤ ਕੰਮ ਕਰਨ ਲਈ ਬਹਿਕਾਇਆ ਜਾਵੇ ਜਾਂ ਤੁਹਾਡੀ ਨਿਹਚਾ ਦੀ ਪਰਖ ਹੋਵੇ। (ਉਪਦੇਸ਼ਕ ਦੀ ਕਿਤਾਬ 5:4, 5 ਪੜ੍ਹੋ।) ਯਿਸੂ ਦੇ ਚੇਲਿਆਂ ਵਜੋਂ ਤੁਸੀਂ ਉਸ ਦੀ ਰੀਸ ਕਰਨ ਅਤੇ ਉਸ ਦੇ ਹੁਕਮਾਂ ਨੂੰ ਮੰਨਣ ਦੀ ਪੂਰੀ ਕੋਸ਼ਿਸ਼ ਕਰੋਗੇ। (ਮੱਤੀ 28:19, 20; 1 ਪਤ. 2:21) ਇਹ ਲੇਖ ਤੁਹਾਡੀ ਇੱਦਾਂ ਕਰਨ ਵਿਚ ਮਦਦ ਕਰੇਗਾ।

ਅਜ਼ਮਾਇਸ਼ਾਂ ਅਤੇ ਪਰੀਖਿਆਵਾਂ ਦੇ ਬਾਵਜੂਦ ਯਿਸੂ ਦੇ “ਪਿੱਛੇ-ਪਿੱਛੇ” ਚੱਲਦੇ ਰਹੋ

4. ਯਿਸੂ ਦੇ ਚੇਲੇ ਕਿਸ ਮਾਅਨੇ ਵਿਚ “ਤਸੀਹੇ ਦੀ ਸੂਲ਼ੀ” ਚੁੱਕਦੇ ਹਨ? (ਲੂਕਾ 9:23)

4 ਬਪਤਿਸਮਾ ਲੈਣ ਦਾ ਮਤਲਬ ਇਹ ਨਹੀਂ ਹੈ ਕਿ ਇਕ ਵਿਅਕਤੀ ਦੀ ਜ਼ਿੰਦਗੀ ਵਿਚ ਮੁਸ਼ਕਲਾਂ ਨਹੀਂ ਆਉਣਗੀਆਂ। ਅਸਲ ਵਿਚ, ਯਿਸੂ ਨੇ ਸਾਫ਼-ਸਾਫ਼ ਦੱਸਿਆ ਸੀ ਕਿ ਉਸ ਦੇ ਚੇਲਿਆਂ ਨੂੰ “ਤਸੀਹੇ ਦੀ ਸੂਲ਼ੀ” ਚੁੱਕਣੀ ਪਵੇਗੀ, ਉਹ ਵੀ “ਹਰ ਰੋਜ਼।” (ਲੂਕਾ 9:23 ਪੜ੍ਹੋ।) ਕੀ ਯਿਸੂ ਇਹ ਕਹਿ ਰਿਹਾ ਸੀ ਕਿ ਉਸ ਦੇ ਚੇਲੇ ਹਮੇਸ਼ਾ ਮੁਸ਼ਕਲਾਂ ਨਾਲ ਹੀ ਘਿਰੇ ਰਹਿਣਗੇ? ਜੀ ਨਹੀਂ। ਉਹ ਬੱਸ ਇਹ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਉਨ੍ਹਾਂ ਨੂੰ ਬਰਕਤਾਂ ਤਾਂ ਮਿਲਣਗੀਆਂ, ਪਰ ਉਨ੍ਹਾਂ ਨੂੰ ਮੁਸ਼ਕਲਾਂ ਦਾ ਵੀ ਸਾਮ੍ਹਣਾ ਕਰਨਾ ਪਵੇਗਾ। ਨਾਲੇ ਇਨ੍ਹਾਂ ਵਿੱਚੋਂ ਕੁਝ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਤਾਂ ਸ਼ਾਇਦ ਬਹੁਤ ਔਖਾ ਹੋਵੇ।​—2 ਤਿਮੋ. 3:12.

5. ਤਿਆਗ ਕਰਨ ਵਾਲਿਆਂ ਨੂੰ ਕਿਹੜੀਆਂ ਬਰਕਤਾਂ ਮਿਲਣਗੀਆਂ?

5 ਹੋ ਸਕਦਾ ਹੈ ਕਿ ਤੁਹਾਡੇ ਘਰਦਿਆਂ ਨੇ ਤੁਹਾਡਾ ਵਿਰੋਧ ਕੀਤਾ ਹੋਵੇ ਜਾਂ ਫਿਰ ਰਾਜ ਦੇ ਕੰਮਾਂ ਨੂੰ ਪਹਿਲ ਦੇਣ ਲਈ ਤੁਸੀਂ ਜ਼ਿਆਦਾ ਪੈਸਾ ਕਮਾਉਣ ਦਾ ਮੌਕਾ ਛੱਡਿਆ ਹੋਵੇ। (ਮੱਤੀ 6:33) ਜੇ ਇੱਦਾਂ ਹੈ, ਤਾਂ ਤੁਸੀਂ ਯਕੀਨ ਰੱਖ ਸਕਦੇ ਹੋ ਕਿ ਤੁਸੀਂ ਜੋ ਵੀ ਤਿਆਗ ਕੀਤੇ ਹਨ, ਯਹੋਵਾਹ ਉਨ੍ਹਾਂ ਨੂੰ ਕਦੇ ਨਹੀਂ ਭੁੱਲੇਗਾ। (ਇਬ. 6:10) ਹੋ ਸਕਦਾ ਹੈ ਕਿ ਇਹ ਤਿਆਗ ਕਰ ਕੇ ਤੁਸੀਂ ਆਪਣੀ ਜ਼ਿੰਦਗੀ ਵਿਚ ਯਿਸੂ ਦੀ ਕਹੀ ਇਹ ਗੱਲ ਸੱਚ ਸਾਬਤ ਹੁੰਦੀ ਦੇਖੀ ਹੋਣੀ: “ਜਿਸ ਨੇ ਵੀ ਮੇਰੀ ਖ਼ਾਤਰ ਅਤੇ ਖ਼ੁਸ਼ ਖ਼ਬਰੀ ਦੀ ਖ਼ਾਤਰ ਘਰ ਜਾਂ ਭਰਾਵਾਂ ਜਾਂ ਭੈਣਾਂ ਜਾਂ ਮਾਂ ਜਾਂ ਪਿਉ ਜਾਂ ਬੱਚਿਆਂ ਜਾਂ ਖੇਤਾਂ ਨੂੰ ਛੱਡਿਆ ਹੈ, ਉਹ ਹੁਣ ਇਹ ਸਭ 100 ਗੁਣਾ ਪਾਵੇਗਾ: ਘਰ, ਭਰਾ, ਭੈਣਾਂ, ਮਾਵਾਂ, ਬੱਚੇ ਤੇ ਖੇਤ, ਪਰ ਅਤਿਆਚਾਰਾਂ ਨਾਲ ਅਤੇ ਆਉਣ ਵਾਲੇ ਸਮੇਂ ਵਿਚ ਹਮੇਸ਼ਾ ਦੀ ਜ਼ਿੰਦਗੀ।” (ਮਰ. 10:29, 30) ਸੱਚ-ਮੁੱਚ, ਤੁਸੀਂ ਜ਼ਰੂਰ ਇਹ ਮਹਿਸੂਸ ਕੀਤਾ ਹੋਣਾ ਕਿ ਤੁਸੀਂ ਜਿੰਨੇ ਵੀ ਤਿਆਗ ਕੀਤੇ ਹਨ, ਉਨ੍ਹਾਂ ਨਾਲੋਂ ਕਿਤੇ ਜ਼ਿਆਦਾ ਤੁਹਾਨੂੰ ਬਰਕਤਾਂ ਮਿਲੀਆਂ ਹਨ।​—ਜ਼ਬੂ. 37:4.

6. ਬਪਤਿਸਮੇ ਤੋਂ ਬਾਅਦ ਵੀ ਤੁਹਾਨੂੰ ਕਿਉਂ ਆਪਣੀਆਂ ‘ਸਰੀਰ ਦੀਆਂ ਲਾਲਸਾਵਾਂ’ ਨਾਲ ਲੜਦੇ ਰਹਿਣਾ ਪਵੇਗਾ?

6 ਬਪਤਿਸਮਾ ਲੈ ਕੇ ਤੁਸੀਂ ਮੁਕੰਮਲ ਨਹੀਂ ਹੋ ਜਾਂਦੇ। ਇਸ ਤੋਂ ਬਾਅਦ ਵੀ ਤੁਹਾਨੂੰ ਆਪਣੀਆਂ ‘ਸਰੀਰ ਦੀਆਂ ਲਾਲਸਾਵਾਂ’ ਨਾਲ ਲੜਨਾ ਪਵੇਗਾ। (1 ਯੂਹੰ. 2:16) ਕਦੀ-ਕਦਾਈਂ ਸ਼ਾਇਦ ਤੁਸੀਂ ਵੀ ਪੌਲੁਸ ਰਸੂਲ ਵਾਂਗ ਮਹਿਸੂਸ ਕਰੋ। ਉਸ ਨੇ ਲਿਖਿਆ: “ਮੈਨੂੰ ਪਰਮੇਸ਼ੁਰ ਦੇ ਕਾਨੂੰਨ ਤੋਂ ਦਿਲੋਂ ਖ਼ੁਸ਼ੀ ਹੁੰਦੀ ਹੈ। ਪਰ ਮੈਂ ਆਪਣੇ ਸਰੀਰ ਵਿਚ ਇਕ ਹੋਰ ਕਾਨੂੰਨ ਦੇਖਦਾ ਹਾਂ ਜੋ ਮੇਰੇ ਮਨ ਦੇ ਕਾਨੂੰਨ ਨਾਲ ਲੜਦਾ ਹੈ। ਇਹ ਮੈਨੂੰ ਪਾਪ ਦੇ ਕਾਨੂੰਨ ਦਾ ਗ਼ੁਲਾਮ ਬਣਾ ਕੇ ਰੱਖਦਾ ਹੈ ਜੋ ਮੇਰੇ ਸਰੀਰ ਵਿਚ ਹੈ।” (ਰੋਮੀ. 7:22, 23) ਪੌਲੁਸ ਵਾਂਗ ਸ਼ਾਇਦ ਤੁਹਾਡੇ ਲਈ ਵੀ ਆਪਣੇ ਪਾਪੀ ਝੁਕਾਅ ਨਾਲ ਲੜਨਾ ਔਖਾ ਹੋਵੇ। ਇਸ ਕਰਕੇ ਸ਼ਾਇਦ ਤੁਸੀਂ ਨਿਰਾਸ਼ ਹੋ ਜਾਓ। ਪਰ ਸਮਰਪਣ ਦੇ ਵਾਅਦੇ ਨੂੰ ਯਾਦ ਰੱਖਣ ਕਰਕੇ ਤੁਸੀਂ ਇਸ ਨਾਲ ਲੜ ਸਕਦੇ ਹੋ, ਫਿਰ ਚਾਹੇ ਤੁਹਾਡੇ ʼਤੇ ਜਿਹੜੀਆਂ ਮਰਜ਼ੀ ਮੁਸ਼ਕਲਾਂ ਆਉਣ। ਦਰਅਸਲ, ਸਮਰਪਣ ਦਾ ਵਾਅਦਾ ਯਾਦ ਰੱਖਣ ਕਰਕੇ ਪਰੀਖਿਆਵਾਂ ਆਉਣ ʼਤੇ ਤੁਹਾਡੇ ਲਈ ਸਹੀ ਕਦਮ ਚੁੱਕਣਾ ਸੌਖਾ ਹੋਵੇਗਾ। ਕਿਵੇਂ?

7. ਸਮਰਪਣ ਦਾ ਆਪਣਾ ਵਾਅਦਾ ਯਾਦ ਰੱਖਣ ਕਰਕੇ ਤੁਸੀਂ ਯਹੋਵਾਹ ਦੇ ਵਫ਼ਾਦਾਰ ਕਿਵੇਂ ਰਹਿ ਸਕੋਗੇ?

7 ਜਦੋਂ ਤੁਸੀਂ ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰਦੇ ਹੋ, ਤਾਂ ਤੁਸੀਂ ਆਪਣੇ ਆਪ ਦਾ ਤਿਆਗ ਕਰਦੇ ਹੋ। ਇਸ ਦਾ ਮਤਲਬ ਹੈ ਕਿ ਤੁਸੀਂ ਉਨ੍ਹਾਂ ਇੱਛਾਵਾਂ ਅਤੇ ਟੀਚਿਆਂ ਨੂੰ ਤਿਆਗ ਦਿੰਦੇ ਹੋ ਜੋ ਯਹੋਵਾਹ ਦੀ ਇੱਛਾ ਦੇ ਖ਼ਿਲਾਫ਼ ਹਨ। (ਮੱਤੀ 16:24) ਇਸ ਲਈ ਜਦੋਂ ਤੁਹਾਡੇ ʼਤੇ ਕੋਈ ਪਰੀਖਿਆ ਆਉਂਦੀ ਹੈ, ਤਾਂ ਤੁਹਾਨੂੰ ਇਹ ਨਹੀਂ ਸੋਚਣਾ ਪਵੇਗਾ ਕਿ ਤੁਸੀਂ ਕੀ ਕਰਨਾ ਹੈ ਤੇ ਕੀ ਨਹੀਂ। ਕਿਉਂ? ਕਿਉਂਕਿ ਤੁਸੀਂ ਪਹਿਲਾਂ ਤੋਂ ਹੀ ਸੋਚਿਆ ਹੁੰਦਾ ਹੈ ਕਿ ਚਾਹੇ ਜੋ ਮਰਜ਼ੀ ਹੋ ਜਾਵੇ, ਤੁਸੀਂ ਯਹੋਵਾਹ ਦੇ ਹੀ ਵਫ਼ਾਦਾਰ ਰਹੋਗੇ। ਤੁਸੀਂ ਉਹੀ ਕਰੋਗੇ ਜਿਸ ਤੋਂ ਯਹੋਵਾਹ ਖ਼ੁਸ਼ ਹੁੰਦਾ ਹੈ। ਇੱਦਾਂ ਕਰ ਕੇ ਤੁਸੀਂ ਅੱਯੂਬ ਵਰਗਾ ਰਵੱਈਆ ਦਿਖਾ ਰਹੇ ਹੋਵੋਗੇ। ਉਸ ਨੇ ਬਹੁਤ ਵੱਡੀਆਂ-ਵੱਡੀਆਂ ਮੁਸ਼ਕਲਾਂ ਦਾ ਸਾਮ੍ਹਣਾ ਕੀਤਾ ਸੀ, ਪਰ ਫਿਰ ਵੀ ਉਸ ਨੇ ਕਿਹਾ: “ਮਰਦੇ ਦਮ ਤਕ ਮੈਂ ਆਪਣੀ ਵਫ਼ਾਦਾਰੀ ਨਹੀਂ ਛੱਡਾਂਗਾ!”​—ਅੱਯੂ. 27:5.

8. ਜੇ ਤੁਸੀਂ ਸਮਰਪਣ ਦੀ ਆਪਣੀ ਪ੍ਰਾਰਥਨਾ ʼਤੇ ਸੋਚ-ਵਿਚਾਰ ਕਰੋਗੇ, ਤਾਂ ਬਹਿਕਾਏ ਜਾਣ ʼਤੇ ਵੀ ਤੁਸੀਂ ਵਫ਼ਾਦਾਰ ਕਿਵੇਂ ਰਹਿ ਸਕੋਗੇ?

8 ਸਮਰਪਣ ਦੀ ਆਪਣੀ ਪ੍ਰਾਰਥਨਾ ʼਤੇ ਸੋਚ-ਵਿਚਾਰ ਕਰਨ ਕਰਕੇ ਬਹਿਕਾਏ ਜਾਣ ʼਤੇ ਵੀ ਤੁਸੀਂ ਵਫ਼ਾਦਾਰ ਰਹਿ ਸਕੋਗੇ। ਮਿਸਾਲ ਲਈ, ਕੀ ਤੁਸੀਂ ਕਿਸੇ ਦੇ ਜੀਵਨ-ਸਾਥੀ ਨਾਲ ਅੱਖ-ਮਟੱਕਾ ਕਰੋਗੇ? ਕਦੇ ਵੀ ਨਹੀਂ। ਕਿਉਂਕਿ ਤੁਸੀਂ ਪਹਿਲਾਂ ਤੋਂ ਹੀ ਯਹੋਵਾਹ ਨਾਲ ਵਾਅਦਾ ਕੀਤਾ ਹੈ ਕਿ ਤੁਸੀਂ ਹਰ ਹਾਲ ਵਿਚ ਉਸ ਦੇ ਵਫ਼ਾਦਾਰ ਰਹੋਗੇ। ਸੋ ਜੇ ਤੁਸੀਂ ਆਪਣੇ ਦਿਲ ਵਿਚ ਕਿਸੇ ਗ਼ਲਤ ਇੱਛਾ ਨੂੰ ਜੜ੍ਹ ਹੀ ਨਹੀਂ ਫੜਨ ਦਿਓਗੇ, ਤਾਂ ਬਾਅਦ ਵਿਚ ਤੁਹਾਨੂੰ ਇਸ ਨੂੰ ਪੁੱਟਣ ਦੀ ਲੋੜ ਹੀ ਨਹੀਂ ਪਵੇਗੀ। ਤੁਸੀਂ “ਦੁਸ਼ਟਾਂ ਦੇ ਰਾਹ” ਉੱਤੇ ਚੱਲਣ ਤੋਂ ‘ਮੂੰਹ ਮੋੜ ਲਓਗੇ।’​—ਕਹਾ. 4:14, 15.

9. ਸਮਰਪਣ ਦੀ ਆਪਣੀ ਪ੍ਰਾਰਥਨਾ ʼਤੇ ਸੋਚ-ਵਿਚਾਰ ਕਰਨ ਕਰਕੇ ਤੁਸੀਂ ਕਿਵੇਂ ਯਹੋਵਾਹ ਨੂੰ ਆਪਣੀ ਜ਼ਿੰਦਗੀ ਵਿਚ ਪਹਿਲ ਦੇ ਸਕੋਗੇ?

9 ਮੰਨ ਲਓ ਕਿ ਤੁਹਾਨੂੰ ਵਧੀਆ ਨੌਕਰੀ ਦੀ ਪੇਸ਼ਕਸ਼ ਹੁੰਦੀ ਹੈ, ਪਰ ਇਸ ਕਰਕੇ ਤੁਹਾਡੇ ਲਈ ਲਗਾਤਾਰ ਮੀਟਿੰਗਾਂ ਵਿਚ ਜਾਣਾ ਔਖਾ ਹੋ ਸਕਦਾ ਹੈ। ਇਸ ਹਾਲਾਤ ਵਿਚ ਤੁਸੀਂ ਕੀ ਕਰੋਗੇ? ਤੁਸੀਂ ਤੁਰੰਤ ਉਸ ਨੌਕਰੀ ਨੂੰ ਠੁਕਰਾ ਦਿਓਗੇ। ਕਿਉਂ? ਕਿਉਂਕਿ ਤੁਸੀਂ ਪਹਿਲਾਂ ਤੋਂ ਹੀ ਸੋਚ ਕੇ ਰੱਖਿਆ ਹੈ ਕਿ ਤੁਸੀਂ ਆਪਣੀ ਜ਼ਿੰਦਗੀ ਵਿਚ ਯਹੋਵਾਹ ਨੂੰ ਪਹਿਲੀ ਥਾਂ ਦਿਓਗੇ ਅਤੇ ਕਿਸੇ ਵੀ ਚੀਜ਼ ਨੂੰ ਇਸ ਵਿਚ ਰੁਕਾਵਟ ਨਹੀਂ ਬਣਨ ਦਿਓਗੇ। ਤੁਸੀਂ ਇਹ ਨਹੀਂ ਸੋਚੋਗੇ ਕਿ ‘ਚੱਲ ਮੈਂ ਇਹ ਨੌਕਰੀ ਲੈ ਲੈਂਦਾ ਤੇ ਕੁਝ-ਨਾ-ਕੁਝ ਕਰ ਕੇ ਮੀਟਿੰਗਾਂ ਵਿਚ ਵੀ ਜਾਂਦਾ ਰਹਾਂਗਾ।’ ਇਸ ਦੀ ਬਜਾਇ, ਤੁਸੀਂ ਯਿਸੂ ਦੀ ਮਿਸਾਲ ਯਾਦ ਰੱਖੋਗੇ ਜੋ ਹਰ ਹਾਲ ਵਿਚ ਯਹੋਵਾਹ ਨੂੰ ਖ਼ੁਸ਼ ਕਰਨਾ ਚਾਹੁੰਦਾ ਸੀ। ਤੁਸੀਂ ਇੱਦਾਂ ਦਾ ਕੁਝ ਵੀ ਕਰਨ ਤੋਂ ਤੁਰੰਤ ਨਾਂਹ ਕਰ ਦਿਓਗੇ ਜਿਸ ਕਰਕੇ ਤੁਹਾਡੇ ਲਈ ਯਹੋਵਾਹ ਦੀ ਇੱਛਾ ਪੂਰੀ ਕਰਨੀ ਔਖੀ ਹੋ ਜਾਵੇ।​—ਮੱਤੀ 4:10; ਯੂਹੰ. 8:29.

10. ਬਪਤਿਸਮੇ ਤੋਂ ਬਾਅਦ ਵੀ ਯਿਸੂ ਦੇ “ਪਿੱਛੇ-ਪਿੱਛੇ” ਚੱਲਦੇ ਰਹਿਣ ਵਿਚ ਯਹੋਵਾਹ ਤੁਹਾਡੀ ਕਿਵੇਂ ਮਦਦ ਕਰੇਗਾ?

10 ਜਦੋਂ ਤੁਹਾਨੂੰ ਬਹਿਕਾਇਆ ਜਾਂਦਾ ਹੈ ਜਾਂ ਤੁਹਾਡੇ ʼਤੇ ਕੋਈ ਮੁਸ਼ਕਲ ਆਉਂਦੀ ਹੈ, ਤਾਂ ਤੁਹਾਡੇ ਕੋਲ ਇਹ ਦਿਖਾਉਣ ਦਾ ਮੌਕਾ ਹੁੰਦਾ ਹੈ ਕਿ ਤੁਸੀਂ ਹਰ ਹਾਲ ਵਿਚ ਯਿਸੂ ਦੇ “ਪਿੱਛੇ-ਪਿੱਛੇ” ਚੱਲਣਾ ਚਾਹੁੰਦੇ ਹੋ। ਨਾਲੇ ਤੁਸੀਂ ਯਕੀਨ ਰੱਖ ਸਕਦੇ ਹੋ ਕਿ ਇੱਦਾਂ ਕਰਨ ਵਿਚ ਯਹੋਵਾਹ ਤੁਹਾਡੀ ਮਦਦ ਕਰੇਗਾ। ਬਾਈਬਲ ਵਿਚ ਲਿਖਿਆ ਹੈ: “ਪਰਮੇਸ਼ੁਰ ਵਫ਼ਾਦਾਰ ਹੈ। ਇਸ ਲਈ ਜਿੰਨਾ ਤੁਸੀਂ ਬਰਦਾਸ਼ਤ ਕਰ ਸਕਦੇ ਹੋ, ਉਸ ਤੋਂ ਵੱਧ ਉਹ ਤੁਹਾਨੂੰ ਪਰੀਖਿਆ ਵਿਚ ਨਹੀਂ ਪੈਣ ਦੇਵੇਗਾ। ਇਸ ਦੀ ਬਜਾਇ, ਉਹ ਪਰੀਖਿਆ ਦੇ ਵੇਲੇ ਤੁਹਾਡੇ ਲਈ ਰਾਹ ਵੀ ਖੋਲ੍ਹ ਦੇਵੇਗਾ ਤਾਂਕਿ ਤੁਸੀਂ ਉਸ ਪਰੀਖਿਆ ਦਾ ਸਾਮ੍ਹਣਾ ਕਰ ਸਕੋ।”​—1 ਕੁਰਿੰ. 10:13.

ਯਿਸੂ ਦੇ ਪਿੱਛੇ-ਪਿੱਛੇ ਕਿਵੇਂ ਚੱਲੀਏ?

11. ਯਿਸੂ ਦੇ ਪਿੱਛੇ-ਪਿੱਛੇ ਚੱਲਦੇ ਰਹਿਣ ਦਾ ਇਕ ਤਰੀਕਾ ਕਿਹੜਾ ਹੈ? (ਤਸਵੀਰ ਵੀ ਦੇਖੋ।)

11 ਯਿਸੂ ਜੋਸ਼ ਨਾਲ ਯਹੋਵਾਹ ਦੀ ਸੇਵਾ ਕਰਦਾ ਸੀ ਅਤੇ ਲਗਾਤਾਰ ਪ੍ਰਾਰਥਨਾ ਕਰਦਾ ਸੀ। (ਲੂਕਾ 6:12) ਇਸ ਕਰਕੇ ਉਹ ਯਹੋਵਾਹ ਦੇ ਨੇੜੇ ਰਹਿ ਸਕਿਆ। ਬਪਤਿਸਮੇ ਤੋਂ ਬਾਅਦ ਵੀ ਤੁਸੀਂ ਯਿਸੂ ਦੇ “ਪਿੱਛੇ-ਪਿੱਛੇ” ਕਿਵੇਂ ਚੱਲਦੇ ਰਹਿ ਸਕਦੇ ਹੋ? ਇਸ ਦਾ ਇਕ ਤਰੀਕਾ ਹੈ, ਉਨ੍ਹਾਂ ਕੰਮਾਂ ਵਿਚ ਲੱਗੇ ਰਹਿਣਾ ਜਿਨ੍ਹਾਂ ਨਾਲ ਤੁਸੀਂ ਯਹੋਵਾਹ ਦੇ ਨੇੜੇ ਰਹਿ ਸਕਦੇ ਹੋ। ਬਾਈਬਲ ਵਿਚ ਦੱਸਿਆ ਹੈ: “ਅਸੀਂ ਜਿੱਥੋਂ ਤਕ ਤਰੱਕੀ ਕੀਤੀ ਹੈ, ਆਓ ਆਪਾਂ ਇਸ ਰਾਹ ʼਤੇ ਸਲੀਕੇ ਨਾਲ ਚੱਲਦੇ ਜਾਈਏ।” (ਫ਼ਿਲਿ. 3:16) ਸਮੇਂ-ਸਮੇਂ ʼਤੇ ਤੁਸੀਂ ਇੱਦਾਂ ਦੇ ਭੈਣਾਂ-ਭਰਾਵਾਂ ਦੇ ਤਜਰਬੇ ਸੁਣੋਗੇ ਜਿਨ੍ਹਾਂ ਨੇ ਯਹੋਵਾਹ ਦੀ ਸੇਵਾ ਹੋਰ ਵੀ ਵਧ-ਚੜ੍ਹ ਕੇ ਕਰਨ ਦਾ ਫ਼ੈਸਲਾ ਕੀਤਾ। ਸ਼ਾਇਦ ਉਹ ‘ਰਾਜ ਪ੍ਰਚਾਰਕਾਂ ਦੇ ਸਕੂਲ’ ਵਿਚ ਗਏ ਹੋਣ ਜਾਂ ਉਸ ਜਗ੍ਹਾ ਗਏ ਹੋਣ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਹੈ। ਜੇ ਤੁਹਾਡੇ ਹਾਲਾਤ ਇਜਾਜ਼ਤ ਦਿੰਦੇ ਹਨ, ਤਾਂ ਤੁਸੀਂ ਵੀ ਇੱਦਾਂ ਦਾ ਕੋਈ ਟੀਚਾ ਰੱਖ ਸਕਦੇ ਹੋ। ਯਹੋਵਾਹ ਦੇ ਲੋਕ ਉਸ ਦੀ ਸੇਵਾ ਹੋਰ ਵੀ ਵਧ-ਚੜ੍ਹ ਕੇ ਕਰਨ ਲਈ ਉਤਾਵਲੇ ਰਹਿੰਦੇ ਹਨ। (ਰਸੂ. 16:9) ਪਰ ਉਦੋਂ ਕੀ ਜੇ ਤੁਸੀਂ ਆਪਣੇ ਹਾਲਾਤਾਂ ਕਰਕੇ ਅਜੇ ਇੱਦਾਂ ਨਹੀਂ ਕਰ ਸਕਦੇ? ਇਹ ਨਾ ਸੋਚੋ ਕਿ ਤੁਸੀਂ ਉਨ੍ਹਾਂ ਸਾਮ੍ਹਣੇ ਕੁਝ ਵੀ ਨਹੀਂ ਹੋ ਜੋ ਵਧ-ਚੜ੍ਹ ਕੇ ਸੇਵਾ ਕਰ ਰਹੇ ਹਨ। ਮਸੀਹੀਆਂ ਲਈ ਜ਼ਰੂਰੀ ਹੈ ਕਿ ਉਹ ਧੀਰਜ ਨਾਲ ਦੌੜਦੇ ਰਹਿਣ। (ਮੱਤੀ 10:22) ਤੁਸੀਂ ਆਪਣੇ ਹਾਲਾਤਾਂ ਤੇ ਕਾਬਲੀਅਤਾਂ ਅਨੁਸਾਰ ਯਹੋਵਾਹ ਦੀ ਸੇਵਾ ਵਿਚ ਜੋ ਵੀ ਕਰਦੇ ਹੋ, ਉਸ ਨੂੰ ਐਵੇਂ ਨਾ ਸਮਝੋ। ਇਸ ਤਰ੍ਹਾਂ ਬਪਤਿਸਮੇ ਤੋਂ ਬਾਅਦ ਵੀ ਤੁਸੀਂ ਯਿਸੂ ਦੇ ਪਿੱਛੇ-ਪਿੱਛੇ ਚੱਲਦੇ ਰਹਿ ਸਕਦੇ ਹੋ।​—ਜ਼ਬੂ. 26:1.

ਬਪਤਿਸਮਾ ਲੈਣ ਤੋਂ ਬਾਅਦ ਅਜਿਹੇ ਕੰਮ ਕਰੋ ਜਿਨ੍ਹਾਂ ਕਰਕੇ ਤੁਸੀਂ ਯਹੋਵਾਹ ਦੇ ਹੋਰ ਵੀ ਨੇੜੇ ਆ ਸਕੋ (ਪੈਰਾ 11 ਦੇਖੋ)


12-13. ਜੇ ਤੁਹਾਡਾ ਜੋਸ਼ ਠੰਢਾ ਪੈ ਰਿਹਾ ਹੈ, ਤਾਂ ਤੁਸੀਂ ਕੀ ਕਰ ਸਕਦੇ ਹੋ? (1 ਕੁਰਿੰਥੀਆਂ 9:16, 17) (“ ਦੌੜਦੇ ਰਹੋ” ਨਾਂ ਦੀ ਡੱਬੀ ਵੀ ਦੇਖੋ।)

12 ਕੀ ਕੁਝ ਸਮੇਂ ਤੋਂ ਤੁਹਾਨੂੰ ਲੱਗ ਰਿਹਾ ਹੈ ਕਿ ਤੁਸੀਂ ਦਿਲੋਂ ਪ੍ਰਾਰਥਨਾ ਨਹੀਂ ਕਰ ਰਹੇ ਹੋ? ਪ੍ਰਚਾਰ ਵਿਚ ਤੁਹਾਨੂੰ ਪਹਿਲਾਂ ਵਾਂਗ ਖ਼ੁਸ਼ੀ ਨਹੀਂ ਮਿਲਦੀ? ਬਾਈਬਲ ਪੜ੍ਹਨੀ ਤੁਹਾਨੂੰ ਬੋਰਿੰਗ ਲੱਗਦੀ ਹੈ? ਜੇ ਤੁਹਾਡੇ ਨਾਲ ਬਪਤਿਸਮੇ ਤੋਂ ਬਾਅਦ ਇੱਦਾਂ ਹੋ ਰਿਹਾ ਹੈ, ਤਾਂ ਇਹ ਨਾ ਸੋਚੋ ਕਿ ਯਹੋਵਾਹ ਤੁਹਾਡੇ ਨਾਲ ਨਾਰਾਜ਼ ਹੈ। ਨਾਮੁਕੰਮਲ ਹੋਣ ਕਰਕੇ ਤੁਹਾਡੀਆਂ ਭਾਵਨਾਵਾਂ ਬਦਲਦੀਆਂ ਰਹਿੰਦੀਆਂ ਹਨ। ਜੇ ਤੁਹਾਡਾ ਜੋਸ਼ ਠੰਢਾ ਪੈ ਰਿਹਾ ਹੈ, ਤਾਂ ਪੌਲੁਸ ਰਸੂਲ ਦੀ ਮਿਸਾਲ ʼਤੇ ਗੌਰ ਕਰੋ। ਉਹ ਯਿਸੂ ਦੇ ਪਿੱਛੇ-ਪਿੱਛੇ ਚੱਲਣ ਦੀ ਪੂਰੀ ਕੋਸ਼ਿਸ਼ ਕਰਦਾ ਸੀ, ਪਰ ਕਦੇ-ਕਦੇ ਉਸ ਦਾ ਵੀ ਸੇਵਾ ਕਰਨ ਦਾ ਦਿਲ ਨਹੀਂ ਸੀ ਕਰਦਾ। (1 ਕੁਰਿੰਥੀਆਂ 9:16, 17 ਪੜ੍ਹੋ।) ਉਸ ਨੇ ਕਿਹਾ: “ਪਰ ਜੇ ਮੈਂ ਆਪਣੀ ਇੱਛਾ ਤੋਂ ਉਲਟ ਇਹ ਕੰਮ ਕਰਦਾ ਹਾਂ, ਤਾਂ ਵੀ ਮੈਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ ਹੈ।” ਉਸ ਦੀਆਂ ਗੱਲਾਂ ਤੋਂ ਪਤਾ ਲੱਗਦਾ ਹੈ ਕਿ ਉਸ ਨੇ ਆਪਣੀ ਜ਼ਿੰਮੇਵਾਰੀ ਨੂੰ ਪੂਰਾ ਕਰਨ ਦਾ ਇਰਾਦਾ ਕੀਤਾ ਹੋਇਆ ਸੀ ਚਾਹੇ ਉਸ ਦਾ ਕਦੇ-ਕਦਾਈਂ ਇੱਦਾਂ ਕਰਨ ਦਾ ਦਿਲ ਨਹੀਂ ਕਰਦਾ ਸੀ।

13 ਪੌਲੁਸ ਤੋਂ ਤੁਸੀਂ ਕੀ ਸਿੱਖ ਸਕਦੇ ਹੋ? ਭਾਵਨਾਵਾਂ ਵਿਚ ਵਹਿ ਕੇ ਫ਼ੈਸਲੇ ਨਾ ਕਰੋ। ਜਦੋਂ ਤੁਹਾਡਾ ਦਿਲ ਨਾ ਵੀ ਕਰੇ, ਉਦੋਂ ਵੀ ਸਹੀ ਕੰਮ ਕਰਦੇ ਰਹੋ। ਜੇ ਤੁਸੀਂ ਇੱਦਾਂ ਕਰਦੇ ਰਹੋਗੇ, ਤਾਂ ਹੌਲੀ-ਹੌਲੀ ਤੁਹਾਨੂੰ ਸਹੀ ਕੰਮ ਕਰਨਾ ਵਧੀਆ ਲੱਗੇਗਾ। ਸੋ ਲਗਾਤਾਰ ਬਾਈਬਲ ਅਧਿਐਨ ਕਰੋ, ਪ੍ਰਾਰਥਨਾ ਕਰੋ, ਸਭਾਵਾਂ ਵਿਚ ਹਾਜ਼ਰ ਹੋਵੋ ਅਤੇ ਪ੍ਰਚਾਰ ਕਰਦੇ ਰਹੋ। ਇਨ੍ਹਾਂ ਕੰਮਾਂ ਵਿਚ ਲੱਗੇ ਰਹਿਣ ਕਰਕੇ ਬਪਤਿਸਮੇ ਤੋਂ ਬਾਅਦ ਵੀ ਤੁਸੀਂ ਯਿਸੂ ਦੇ ਪਿੱਛੇ-ਪਿੱਛੇ ਚੱਲਦੇ ਰਹਿ ਸਕੋਗੇ। ਜਦੋਂ ਮੰਡਲੀ ਦੇ ਭੈਣ-ਭਰਾ ਦੇਖਣਗੇ ਕਿ ਤੁਸੀਂ ਕਿਵੇਂ ਸੇਵਾ ਵਿਚ ਰੁੱਝੇ ਹੋਏ ਹੋ, ਤਾਂ ਉਨ੍ਹਾਂ ਦਾ ਵੀ ਹੌਸਲਾ ਵਧੇਗਾ।​—1 ਥੱਸ. 5:11.

“ਆਪਣੇ ਆਪ ਨੂੰ ਪਰਖਦੇ ਰਹੋ . . . ਆਪਣੀ ਜਾਂਚ ਕਰਦੇ ਰਹੋ”

14. ਤੁਹਾਨੂੰ ਸਮੇਂ-ਸਮੇਂ ਤੇ ਕੀ ਕਰਨਾ ਚਾਹੀਦਾ ਹੈ ਅਤੇ ਕਿਉਂ? (2 ਕੁਰਿੰਥੀਆਂ 13:5)

14 ਬਪਤਿਸਮੇ ਤੋਂ ਬਾਅਦ ਆਪਣੀ ਜਾਂਚ ਕਰਨੀ ਵੀ ਜ਼ਰੂਰੀ ਹੈ। (2 ਕੁਰਿੰਥੀਆਂ 13:5 ਪੜ੍ਹੋ।) ਇਸ ਲਈ ਸਮੇਂ-ਸਮੇਂ ਤੇ ਸੋਚੋ ਕਿ ਤੁਸੀਂ ਕਿਸ ਤਰ੍ਹਾਂ ਦੀ ਜ਼ਿੰਦਗੀ ਜੀ ਰਹੇ ਹੋ ਅਤੇ ਤੁਹਾਡੀਆਂ ਆਦਤਾਂ ਕਿਹੋ ਜਿਹੀਆਂ ਹਨ। ਸੋਚੋ, ‘ਕੀ ਮੈਂ ਰੋਜ਼ ਪ੍ਰਾਰਥਨਾ ਕਰਦਾ ਹਾਂ? ਬਾਈਬਲ ਪੜ੍ਹਦਾ ਹਾਂ ਤੇ ਉਸ ਦਾ ਅਧਿਐਨ ਕਰਦਾ ਹਾਂ? ਕੀ ਮੈਂ ਲਗਾਤਾਰ ਮੀਟਿੰਗਾਂ ਵਿਚ ਹਾਜ਼ਰ ਹੁੰਦਾ ਹੈ ਤੇ ਪ੍ਰਚਾਰ ਵਿਚ ਹਿੱਸਾ ਲੈਂਦਾ ਹੈ?’ ਫਿਰ ਸੋਚੋ ਕਿ ਤੁਸੀਂ ਇਨ੍ਹਾਂ ਕੰਮਾਂ ਨੂੰ ਹੋਰ ਵੀ ਵਧੀਆ ਤਰੀਕੇ ਨਾਲ ਕਿਵੇਂ ਕਰ ਸਕਦੇ ਹੋ? ਫਿਰ ਤੁਸੀਂ ਖ਼ੁਦ ਤੋਂ ਅਜਿਹੇ ਸਵਾਲ ਪੁੱਛ ਸਕਦੇ ਹੋ: ‘ਕੀ ਮੈਂ ਦੂਜਿਆਂ ਨੂੰ ਬਾਈਬਲ ਦੀਆਂ ਬੁਨਿਆਦੀ ਸਿੱਖਿਆਵਾਂ ਸਮਝਾ ਸਕਦਾ ਹਾਂ? ਮੈਂ ਪ੍ਰਚਾਰ ਵਿਚ ਹੋਰ ਖ਼ੁਸ਼ੀ ਕਿਵੇਂ ਪਾ ਸਕਦੇ ਹਾਂ? ਕੀ ਮੈਂ ਪ੍ਰਾਰਥਨਾ ਵਿਚ ਯਹੋਵਾਹ ਨੂੰ ਸਾਫ਼-ਸਾਫ਼ ਦੱਸਦਾ ਹਾਂ ਕਿ ਮੇਰੇ ਦਿਲ-ਦਿਮਾਗ਼ ਵਿਚ ਕੀ ਚੱਲ ਰਿਹਾ ਹੈ? ਕੀ ਮੇਰੀਆਂ ਪ੍ਰਾਰਥਨਾਵਾਂ ਤੋਂ ਪਤਾ ਲੱਗਦਾ ਹੈ ਕਿ ਮੈਂ ਯਹੋਵਾਹ ʼਤੇ ਭਰੋਸਾ ਕਰਦਾ ਹਾਂ? ਕੀ ਮੈਂ ਹਰ ਸਭਾ ʼਤੇ ਜਾਂਦਾ ਹਾਂ? ਮੈਂ ਕਿੱਦਾਂ ਸਭਾਵਾਂ ਵਿਚ ਹੋਰ ਜ਼ਿਆਦਾ ਧਿਆਨ ਦੇ ਸਕਦਾ ਹਾਂ ਅਤੇ ਚੰਗੀ ਤਰ੍ਹਾਂ ਇਨ੍ਹਾਂ ਵਿਚ ਹਿੱਸਾ ਲੈ ਸਕਦਾ ਹਾਂ?’

15-16. ਤੁਸੀਂ ਭਰਾ ਰੌਬਰਟ ਦੇ ਤਜਰਬੇ ਤੋਂ ਕੀ ਸਿੱਖ ਸਕਦੇ ਹੋ?

15 ਆਪਣੀਆਂ ਕਮਜ਼ੋਰੀਆਂ ਨੂੰ ਪਛਾਣਨਾ ਵੀ ਬਹੁਤ ਜ਼ਰੂਰੀ ਹੈ। ਕਿਉਂ? ਜ਼ਰਾ ਭਰਾ ਰੌਬਰਟ ਦੀ ਮਿਸਾਲ ʼਤੇ ਗੌਰ ਕਰੋ। ਉਹ ਦੱਸਦਾ ਹੈ: “ਜਦੋਂ ਮੈਂ ਲਗਭਗ 20 ਸਾਲਾਂ ਦਾ ਸੀ, ਤਾਂ ਮੈਂ ਨੌਕਰੀ ਕਰਦਾ ਸੀ। ਇਕ ਦਿਨ ਕੰਮ ਤੋਂ ਬਾਅਦ ਆਫ਼ਿਸ ਦੀ ਕੁੜੀ ਨੇ ਮੈਨੂੰ ਆਪਣੇ ਘਰ ਆਉਣ ਲਈ ਕਿਹਾ। ਉਸ ਨੇ ਕਿਹਾ ਕਿ ਉਹ ਘਰ ਵਿਚ ਇਕੱਲੀ ਹੋਵੇਗੀ ਅਤੇ ਆਪਾਂ ‘ਮਜ਼ੇ ਕਰਾਂਗੇ।’ ਪਹਿਲਾਂ ਤਾਂ ਮੈਂ ਉੱਦਾਂ ਹੀ ਕੁਝ ਬਹਾਨੇ ਬਣਾਉਣ ਲੱਗ ਪਿਆ। ਪਰ ਫਿਰ ਮੈਂ ਉਸ ਨੂੰ ਸਾਫ਼ ਮਨ੍ਹਾ ਕਰ ਦਿੱਤਾ ਅਤੇ ਦੱਸਿਆ ਕਿ ਮੈਂ ਕਿਉਂ ਨਹੀਂ ਆ ਸਕਦਾ।” ਇਹ ਵਧੀਆ ਗੱਲ ਹੈ ਕਿ ਭਰਾ ਉਸ ਕੁੜੀ ਦੀਆਂ ਗੱਲਾਂ ਵਿਚ ਨਹੀਂ ਆਇਆ। ਪਰ ਬਾਅਦ ਵਿਚ ਜਦੋਂ ਉਸ ਨੇ ਇਸ ਬਾਰੇ ਸੋਚਿਆ, ਤਾਂ ਉਸ ਨੂੰ ਲੱਗਾ ਕਿ ਉਹ ਉਸ ਹਾਲਾਤ ਦਾ ਹੋਰ ਵਧੀਆ ਤਰੀਕੇ ਨਾਲ ਸਾਮ੍ਹਣਾ ਕਰ ਸਕਦਾ ਸੀ। ਉਹ ਦੱਸਦਾ ਹੈ: “ਯੂਸੁਫ਼ ਨੇ ਤਾਂ ਪੋਟੀਫਰ ਦੀ ਪਤਨੀ ਨੂੰ ਝੱਟ ਮਨ੍ਹਾ ਕਰ ਦਿੱਤਾ ਸੀ, ਪਰ ਮੈਂ ਇੱਦਾਂ ਨਹੀਂ ਕੀਤਾ। (ਉਤ. 39:7-9) ਮੈਨੂੰ ਇਹ ਸੋਚ ਕੇ ਹੈਰਾਨੀ ਹੁੰਦੀ ਹੈ ਕਿ ਮੇਰੇ ਲਈ ਨਾਂਹ ਕਹਿਣੀ ਕਿੰਨੀ ਔਖੀ ਸੀ। ਇਸ ਤੋਂ ਮੈਂ ਸਿੱਖਿਆ ਕਿ ਮੈਨੂੰ ਯਹੋਵਾਹ ਨਾਲ ਆਪਣੀ ਦੋਸਤੀ ਹੋਰ ਜ਼ਿਆਦਾ ਗੂੜ੍ਹੀ ਕਰਨ ਦੀ ਲੋੜ ਸੀ।”

16 ਕਿਉਂ ਨਾ ਭਰਾ ਰੌਬਰਟ ਦੀ ਤਰ੍ਹਾਂ ਤੁਸੀਂ ਵੀ ਖ਼ੁਦ ਦੀ ਜਾਂਚ ਕਰੋ। ਇੱਦਾਂ ਕਰ ਕੇ ਤੁਹਾਨੂੰ ਫ਼ਾਇਦਾ ਹੋ ਸਕਦਾ ਹੈ। ਜੇ ਤੁਸੀਂ ਬਹਿਕਾਏ ਜਾਣ ਦੇ ਹਾਲਾਤ ਦਾ ਵਧੀਆ ਤਰੀਕੇ ਨਾਲ ਸਾਮ੍ਹਣਾ ਕੀਤਾ ਸੀ, ਤਾਂ ਵੀ ਆਪਣੇ ਆਪ ਤੋਂ ਪੁੱਛੋ, ‘ਮੈਨੂੰ ਨਾਂਹ ਕਹਿਣ ਵਿਚ ਕਿੰਨੀ ਕੁ ਦੇਰ ਲੱਗੀ ਸੀ?’ ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਆਪਣੇ ਆਪ ਵਿਚ ਕੁਝ ਸੁਧਾਰ ਕਰਨ ਦੀ ਲੋੜ ਹੈ, ਤਾਂ ਨਿਰਾਸ਼ ਨਾ ਹੋਵੋ। ਇਸ ਦੀ ਬਜਾਇ, ਖ਼ੁਸ਼ ਹੋਵੋ ਕਿ ਹੁਣ ਤੁਹਾਨੂੰ ਆਪਣੀ ਕਮਜ਼ੋਰੀ ਬਾਰੇ ਪਤਾ ਹੈ। ਇਸ ਬਾਰੇ ਯਹੋਵਾਹ ਨੂੰ ਪ੍ਰਾਰਥਨਾ ਕਰੋ। ਫਿਰ ਕਦਮ ਚੁੱਕੋ ਤਾਂਕਿ ਯਹੋਵਾਹ ਦੇ ਨੈਤਿਕ ਮਿਆਰਾਂ ਮੁਤਾਬਕ ਜ਼ਿੰਦਗੀ ਜੀਉਣ ਦਾ ਤੁਹਾਡਾ ਇਰਾਦਾ ਹੋਰ ਪੱਕਾ ਹੋਵੇ।​—ਜ਼ਬੂ. 139:23, 24.

17. ਭਰਾ ਰੌਬਰਟ ਨੇ ਕਿਵੇਂ ਯਹੋਵਾਹ ਦੇ ਨਾਂ ਦੀ ਮਹਿਮਾ ਕੀਤੀ?

17 ਭਰਾ ਰੌਬਰਟ ਦਾ ਤਜਰਬਾ ਅਜੇ ਖ਼ਤਮ ਨਹੀਂ ਹੋਇਆ। ਉਹ ਅੱਗੇ ਦੱਸਦਾ ਹੈ: “ਜਦੋਂ ਮੈਂ ਉਸ ਕੁੜੀ ਨੂੰ ਨਾਂਹ ਕਹਿ ਦਿੱਤੀ, ਤਾਂ ਉਸ ਨੇ ਕਿਹਾ, ‘ਤੂੰ ਪਾਸ ਹੋ ਗਿਆ।’ ਮੈਂ ਪੁੱਛਿਆ ਕਿ ਉਸ ਦੇ ਕਹਿਣ ਦਾ ਕੀ ਮਤਲਬ ਹੈ। ਉਸ ਨੇ ਦੱਸਿਆ ਕਿ ਉਸ ਦਾ ਇਕ ਦੋਸਤ ਹੈ ਜੋ ਪਹਿਲਾਂ ਯਹੋਵਾਹ ਦਾ ਗਵਾਹ ਹੁੰਦਾ ਸੀ। ਉਸ ਦੋਸਤ ਨੇ ਉਸ ਨੂੰ ਕਿਹਾ ਸੀ ਕਿ ਸਾਰੇ ਨੌਜਵਾਨ ਗਵਾਹ ਇੱਕੋ ਜਿਹੇ ਹੀ ਹੁੰਦੇ ਹਨ। ਉਹ ਦੋਹਰੀ ਜ਼ਿੰਦਗੀ ਜੀਉਂਦੇ ਹਨ। ਉਹ ਕਹਿੰਦੇ ਕੁਝ ਹੋਰ ਆ ਤੇ ਕਰਦੇ ਕੁਝ ਹੋਰ। ਮੌਕਾ ਮਿਲਣ ʼਤੇ ਉਹ ਗ਼ਲਤ ਕੰਮ ਕਰਨ ਤੋਂ ਪਿੱਛੇ ਨਹੀਂ ਹਟਦੇ। ਇਸ ਲਈ ਉਸ ਕੁੜੀ ਨੇ ਆਪਣੇ ਦੋਸਤ ਨੂੰ ਕਿਹਾ ਕਿ ਮੈਂ ਅਜ਼ਮਾ ਕੇ ਦੇਖਦੀ ਆ ਕਿ ਰੌਬਰਟ ਵੀ ਇੱਦਾਂ ਦਾ ਹੈ ਕਿ ਨਹੀਂ। ਜਿੱਦਾਂ ਹੀ ਮੈਂ ਇਹ ਸੁਣਿਆ ਤਾਂ ਮੈਨੂੰ ਬਹੁਤ ਖ਼ੁਸ਼ੀ ਹੋਈ ਕਿ ਮੈਂ ਯਹੋਵਾਹ ਦੇ ਨਾਂ ਨੂੰ ਬਦਨਾਮ ਨਹੀਂ ਹੋਣ ਦਿੱਤਾ।”

18. ਬਪਤਿਸਮੇ ਤੋਂ ਬਾਅਦ ਵੀ ਤੁਸੀਂ ਕੀ ਕਰਨ ਦਾ ਪੱਕਾ ਇਰਾਦਾ ਕੀਤਾ ਹੈ? (“ ਇਹ ਦੋ ਲੇਖ ਪੜ੍ਹੋ, ਮਸੀਹੀ ਦੌੜ ਵਿਚ ਅੱਗੇ ਵਧੋ!” ਨਾਂ ਦੀ ਡੱਬੀ ਦੇਖੋ।)

18 ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰ ਕੇ ਅਤੇ ਬਪਤਿਸਮਾ ਲੈ ਕੇ ਤੁਸੀਂ ਦਿਖਾਉਂਦੇ ਹੋ ਕਿ ਤੁਸੀਂ ਹਰ ਹਾਲ ਵਿਚ ਯਹੋਵਾਹ ਦੇ ਨਾਂ ਨੂੰ ਪਵਿੱਤਰ ਕਰਨਾ ਚਾਹੁੰਦੇ ਹੋ। ਤੁਸੀਂ ਇਸ ਗੱਲ ਦਾ ਭਰੋਸਾ ਰੱਖ ਸਕਦੇ ਹੋ ਕਿ ਜਦੋਂ ਤੁਸੀਂ ਪਰਿਖਿਆਵਾਂ ਤੇ ਮੁਸ਼ਕਲਾਂ ਦੇ ਬਾਵਜੂਦ ਉਸ ਦੇ ਵਫ਼ਾਦਾਰ ਰਹਿੰਦੇ ਹੋ, ਤਾਂ ਯਹੋਵਾਹ ਇਹ ਸਭ ਦੇਖ ਰਿਹਾ ਹੁੰਦਾ ਹੈ। ਉਹ ਤੁਹਾਡੀਆਂ ਕੋਸ਼ਿਸ਼ਾਂ ʼਤੇ ਜ਼ਰੂਰ ਬਰਕਤ ਪਾਵੇਗਾ। ਇੰਨਾ ਹੀ ਨਹੀਂ, ਉਹ ਤੁਹਾਨੂੰ ਆਪਣੀ ਪਵਿੱਤਰ ਸ਼ਕਤੀ ਵੀ ਦਿੰਦਾ ਹੈ ਤਾਂਕਿ ਤੁਸੀਂ ਉਸ ਦੇ ਵਫ਼ਾਦਾਰ ਰਹਿ ਸਕੋ। (ਲੂਕਾ 11:11-13) ਜੀ ਹਾਂ, ਯਹੋਵਾਹ ਦੀ ਮਦਦ ਨਾਲ ਤੁਸੀਂ ਬਪਤਿਸਮੇ ਤੋਂ ਬਾਅਦ ਵੀ ਯਿਸੂ ਦੇ ਪਿੱਛੇ-ਪਿੱਛੇ ਚੱਲਦੇ ਰਹਿ ਸਕਦੇ ਹੋ।

ਤੁਸੀਂ ਕੀ ਜਵਾਬ ਦਿਓਗੇ?

  • ਮਸੀਹੀ ਕਿਸ ਮਾਅਨੇ ਵਿਚ “ਹਰ ਰੋਜ਼ ਤਸੀਹੇ ਦੀ ਸੂਲ਼ੀ” ਚੁੱਕਦੇ ਹਨ?

  • ਬਪਤਿਸਮੇ ਤੋਂ ਬਾਅਦ ਵੀ ਯਿਸੂ ਦੇ “ਪਿੱਛੇ-ਪਿੱਛੇ” ਚੱਲਦੇ ਰਹਿਣ ਲਈ ਤੁਸੀਂ ਕੀ ਕਰ ਸਕਦੇ ਹੋ?

  • ਸਮਰਪਣ ਦੀ ਆਪਣੀ ਪ੍ਰਾਰਥਨਾ ʼਤੇ ਸੋਚ-ਵਿਚਾਰ ਕਰਨ ਕਰਕੇ ਤੁਸੀਂ ਕਿਵੇਂ ਵਫ਼ਾਦਾਰ ਰਹਿ ਸਕਦੇ ਹੋ?

ਗੀਤ 89 ਸੁਣੋ, ਅਮਲ ਕਰੋ, ਸਫ਼ਲ ਹੋਵੋ