ਪਾਠਕਾਂ ਵੱਲੋਂ ਸਵਾਲ
ਇਬਰਾਨੀਆਂ 4:12 ਵਿਚ ਲਿਖਿਆ ਹੈ ਕਿ “ਪਰਮੇਸ਼ੁਰ ਦਾ ਬਚਨ ਜੀਉਂਦਾ ਅਤੇ ਸ਼ਕਤੀਸ਼ਾਲੀ ਹੈ।” ਪਰ ਇਹ ਕਿਹੜਾ “ਬਚਨ” ਹੈ?
ਇਬਰਾਨੀਆਂ 4:12 ਦੇ ਆਲੇ-ਦੁਆਲੇ ਦੀਆਂ ਆਇਤਾਂ ਤੋਂ ਪਤਾ ਲੱਗਦਾ ਕਿ ਪੌਲੁਸ ਯਹੋਵਾਹ ਦੇ ਮਕਸਦ ਬਾਰੇ ਯਹੋਵਾਹ ਦੇ ਮੂੰਹੋਂ ਨਿਕਲੇ ਸਾਰੇ ਬਚਨਾਂ ਬਾਰੇ ਗੱਲ ਕਰ ਰਿਹਾ ਸੀ, ਜਿਨ੍ਹਾਂ ਵਿੱਚੋਂ ਕੁਝ ਅਸੀਂ ਬਾਈਬਲ ਵਿਚ ਪੜ੍ਹ ਸਕਦੇ ਹਾਂ।
ਸਾਡੇ ਪ੍ਰਕਾਸ਼ਨਾਂ ਵਿਚ ਕਈ ਲੋਕਾਂ ਦੇ ਤਜਰਬੇ ਆਉਂਦੇ ਹਨ ਜਿਨ੍ਹਾਂ ਨੇ ਬਾਈਬਲ ਦੀ ਤਾਕਤ ਨਾਲ ਆਪਣੀਆਂ ਜ਼ਿੰਦਗੀਆਂ ਬਦਲੀਆਂ। ਉਨ੍ਹਾਂ ਤਜਰਬਿਆਂ ਵਿਚ ਅਕਸਰ ਇਬਰਾਨੀਆਂ 4:12 ਦਾ ਜ਼ਿਕਰ ਕੀਤਾ ਜਾਂਦਾ ਹੈ। ਇੱਦਾਂ ਕਰਨਾ ਗ਼ਲਤ ਨਹੀਂ। ਪਰ ਇਹ ਜਾਣਨਾ ਜ਼ਰੂਰੀ ਹੈ ਕਿ ਇਬਰਾਨੀਆਂ 4:12 ਲਿਖਦਿਆਂ ਪੌਲੁਸ ਕੀ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਉਹ ਮਸੀਹੀਆਂ ਨੂੰ ਪਰਮੇਸ਼ੁਰ ਦੇ ਮਕਸਦ ਅਨੁਸਾਰ ਚੱਲਣ ਦੀ ਹੱਲਾਸ਼ੇਰੀ ਦੇ ਰਿਹਾ ਸੀ। ਪਵਿੱਤਰ ਲਿਖਤਾਂ ਵਿਚ ਪਰਮੇਸ਼ੁਰ ਦੇ ਬਹੁਤ ਸਾਰੇ ਮਕਸਦਾਂ ਬਾਰੇ ਲਿਖਿਆ ਗਿਆ ਹੈ। ਪੌਲੁਸ ਨੇ ਉਨ੍ਹਾਂ ਇਜ਼ਰਾਈਲੀਆਂ ਦੀ ਮਿਸਾਲ ਦਿੱਤੀ ਜਿਨ੍ਹਾਂ ਨੂੰ ਪਰਮੇਸ਼ੁਰ ਨੇ ਮਿਸਰ ਤੋਂ ਆਜ਼ਾਦ ਕਰਵਾਇਆ ਸੀ। ਉਨ੍ਹਾਂ ਨੂੰ ਵਾਅਦਾ ਕੀਤੇ ਹੋਏ ਦੇਸ਼ ਵਿਚ ਜਾਣ ਦੀ ਉਮੀਦ ਸੀ “ਜਿੱਥੇ ਦੁੱਧ ਅਰ ਸ਼ਹਿਤ ਵੱਗਦਾ” ਸੀ। ਉਨ੍ਹਾਂ ਨੇ ਉੱਥੇ ਆਰਾਮ ਦੀ ਜ਼ਿੰਦਗੀ ਬਤੀਤ ਕਰਨੀ ਸੀ।—ਕੂਚ 3:8; ਬਿਵ. 12:9, 10.
ਯਹੋਵਾਹ ਦੇ ਮੂੰਹੋਂ ਨਿਕਲਿਆ ਇਹ ਬਚਨ ਇਜ਼ਰਾਈਲ ਕੌਮ ਲਈ ਰੱਖਿਆ ਉਸ ਦਾ ਮਕਸਦ ਸੀ। ਪਰ ਇਜ਼ਰਾਈਲੀਆਂ ਨੇ ਆਪਣੇ ਦਿਲ ਕਠੋਰ ਕਰ ਲਏ ਅਤੇ ਯਹੋਵਾਹ ਉੱਤੇ ਨਿਹਚਾ ਨਹੀਂ ਰੱਖੀ। ਇਸ ਕਰਕੇ ਜ਼ਿਆਦਾਤਰ ਇਜ਼ਰਾਈਲੀ ਇਸ ਆਰਾਮ ਦੀ ਜ਼ਿੰਦਗੀ ਤੋਂ ਵਾਂਝੇ ਰਹਿ ਗਏ। (ਗਿਣ. 14:30; ਯਹੋ. 14:6-10) ਪਰ ਪੌਲੁਸ ਨੇ ਕਿਹਾ ਕਿ ਪਰਮੇਸ਼ੁਰ ਦੇ “ਵਾਅਦੇ ਮੁਤਾਬਕ ਅਸੀਂ ਉਸ ਦੇ ਆਰਾਮ ਵਿਚ ਅਜੇ ਵੀ ਸ਼ਾਮਲ ਹੋ ਸਕਦੇ ਹਾਂ।” (ਇਬ. 3:16-19; 4:1) ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਦੇ ਮਕਸਦ ਵਿਚ ਇਹ ਵਾਅਦਾ ਵੀ ਸ਼ਾਮਲ ਹੈ। ਉਨ੍ਹਾਂ ਮਸੀਹੀਆਂ ਵਾਂਗ ਅਸੀਂ ਵੀ ਉਸ ਵਾਅਦੇ ਬਾਰੇ ਪੜ੍ਹ ਸਕਦੇ ਹਾਂ ਅਤੇ ਉਸ ਅਨੁਸਾਰ ਚੱਲ ਸਕਦੇ ਹਾਂ। ਇਸ ਗੱਲ ’ਤੇ ਜ਼ੋਰ ਦੇਣ ਲਈ ਕਿ ਇਹ ਵਾਅਦਾ ਪਰਮੇਸ਼ੁਰ ਵੱਲੋਂ ਹੈ, ਪੌਲੁਸ ਨੇ ਉਤਪਤ 2:2 ਅਤੇ ਜ਼ਬੂਰ 95:11 ਦੇ ਕੁਝ ਸ਼ਬਦਾਂ ਦਾ ਹਵਾਲਾ ਦਿੱਤਾ।
ਸਾਨੂੰ ਇਹ ਗੱਲ ਕਿੰਨੀ ਵਧੀਆ ਲੱਗਦੀ ਹੈ ਕਿ ਪਰਮੇਸ਼ੁਰ ਦੇ “ਵਾਅਦੇ ਮੁਤਾਬਕ ਅਸੀਂ ਉਸ ਦੇ ਆਰਾਮ ਵਿਚ ਅਜੇ ਵੀ ਸ਼ਾਮਲ ਹੋ ਸਕਦੇ ਹਾਂ।” ਸਾਨੂੰ ਬਾਈਬਲ ਦੇ ਇਸ ਵਾਅਦੇ ਉੱਤੇ ਕੋਈ ਸ਼ੱਕ ਨਹੀਂ ਅਤੇ ਅਸੀਂ ਪਰਮੇਸ਼ੁਰ ਦੇ ਆਰਾਮ ਵਿਚ ਜਾਣ ਲਈ ਕਦਮ ਚੁੱਕੇ ਹਨ। ਪਰ ਅਸੀਂ ਨਾ ਤਾਂ ਮੂਸਾ ਦੇ ਕਾਨੂੰਨ ਮੁਤਾਬਕ ਚੱਲ ਕੇ ਅਤੇ ਨਾ ਹੀ ਸਿਰਫ਼ ਭਲੇ ਕੰਮ ਕਰ ਕੇ ਪਰਮੇਸ਼ੁਰ ਨੂੰ ਖ਼ੁਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਦੀ ਬਜਾਇ, ਅਸੀਂ ਪਰਮੇਸ਼ੁਰ ਉੱਤੇ ਨਿਹਚਾ ਰੱਖਣ ਕਰਕੇ ਦਿਲੋਂ ਉਸ ਦੇ ਮਕਸਦ ਅਨੁਸਾਰ ਚੱਲਣ ਦੀ ਕੋਸ਼ਿਸ਼ ਕੀਤੀ ਹੈ ਅਤੇ ਇੱਦਾਂ ਕਰਦੇ ਰਹਾਂਗੇ। ਦੁਨੀਆਂ ਭਰ ਦੇ ਹਜ਼ਾਰਾਂ ਲੋਕ ਵੀ ਬਾਈਬਲ ਦਾ ਅਧਿਐਨ ਕਰ ਰਹੇ ਹਨ ਅਤੇ ਪਰਮੇਸ਼ੁਰ ਦੇ ਮਕਸਦ ਬਾਰੇ ਸਿੱਖ ਰਹੇ ਹਨ। ਇਸ ਤਰ੍ਹਾਂ ਕਰ ਕੇ ਇਨ੍ਹਾਂ ਵਿੱਚੋਂ ਬਹੁਤ ਸਾਰੇ ਲੋਕ ਆਪਣੀਆਂ ਜ਼ਿੰਦਗੀਆਂ ਬਦਲਣ, ਨਿਹਚਾ ਰੱਖਣ ਅਤੇ ਬਪਤਿਸਮਾ ਲੈਣ ਲਈ ਪ੍ਰੇਰਿਤ ਹੋਏ ਹਨ। ਜਦੋਂ ਅਸੀਂ ਇਨ੍ਹਾਂ ਲੋਕਾਂ ਨੂੰ ਦੇਖਦੇ ਹਾਂ, ਤਾਂ ਇਹ ਸਾਫ਼ ਪਤਾ ਲੱਗਦਾ ਹੈ ਕਿ “ਪਰਮੇਸ਼ੁਰ ਦਾ ਬਚਨ ਜੀਉਂਦਾ ਅਤੇ ਸ਼ਕਤੀਸ਼ਾਲੀ ਹੈ।” ਪਰਮੇਸ਼ੁਰ ਨੇ ਬਾਈਬਲ ਵਿਚ ਸਾਨੂੰ ਆਪਣੇ ਮਕਸਦ ਬਾਰੇ ਜੋ ਦੱਸਿਆ ਹੈ, ਉਸ ਨੇ ਸਾਡੀ ਜ਼ਿੰਦਗੀ ’ਤੇ ਗਹਿਰਾ ਅਸਰ ਪਾਇਆ ਹੈ ਅਤੇ ਅਸਰ ਪਾਉਂਦਾ ਰਹੇਗਾ।