Skip to content

Skip to table of contents

“ਤੇਰੇ ਹੱਥ ਢਿੱਲੇ ਨਾ ਪੈ ਜਾਣ”

“ਤੇਰੇ ਹੱਥ ਢਿੱਲੇ ਨਾ ਪੈ ਜਾਣ”

“ਤੇਰੇ ਹੱਥ ਢਿੱਲੇ ਨਾ ਪੈ ਜਾਣ!”​—ਸਫ਼. 3:16.

ਗੀਤ: 5432

1, 2. (ੳ) ਅੱਜ ਬਹੁਤ ਸਾਰੇ ਲੋਕ ਕਿਹੋ ਜਿਹੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਦੇ ਹਨ? ਇਨ੍ਹਾਂ ਦਾ ਉਨ੍ਹਾਂ ਉੱਤੇ ਕੀ ਅਸਰ ਪੈਂਦਾ ਹੈ? (ਅ) ਯਸਾਯਾਹ 41:10, 13 ਤੋਂ ਸਾਨੂੰ ਕਿਹੜੀ ਉਮੀਦ ਮਿਲਦੀ ਹੈ?

ਇਕ ਭੈਣ ਰੈਗੂਲਰ ਪਾਇਨੀਅਰਿੰਗ ਕਰਦੀ ਹੈ ਅਤੇ ਉਸ ਦਾ ਪਤੀ ਮੰਡਲੀ ਵਿਚ ਬਜ਼ੁਰਗ ਹੈ। ਉਹ ਦੱਸਦੀ ਹੈ: “ਭਾਵੇਂ ਕਿ ਮੈਂ ਪਰਮੇਸ਼ੁਰੀ ਕੰਮਾਂ ਵਿਚ ਰੁੱਝੀ ਰਹਿੰਦੀ ਹਾਂ, ਪਰ ਮੈਂ ਕਈ ਸਾਲਾਂ ਤੋਂ ਚਿੰਤਾ ਦਾ ਸਾਮ੍ਹਣਾ ਕਰ ਰਹੀ ਹਾਂ। ਇਸ ਕਰਕੇ ਮੈਨੂੰ ਨੀਂਦ ਨਹੀਂ ਆਉਂਦੀ, ਮੇਰੀ ਸਿਹਤ ’ਤੇ ਮਾੜਾ ਅਸਰ ਪੈਂਦਾ ਹੈ, ਕਦੀ-ਕਦੀ ਮੈਂ ਦੂਜਿਆਂ ਨੂੰ ਬੁਰਾ-ਭਲਾ ਕਹਿ ਦਿੰਦੀ ਹਾਂ ਅਤੇ ਕਈ ਵਾਰ ਲੱਗਦਾ ਹੈ ਕਿ ਮੈਂ ਸਾਰਾ ਕੁਝ ਛੱਡ ਕੇ ਕਿਤੇ ਦੂਰ ਚਲੀ ਜਾਵਾਂ।”

2 ਕੀ ਤੁਸੀਂ ਉਸ ਭੈਣ ਦਾ ਦੁੱਖ ਸਮਝ ਸਕਦੇ ਹੋ? ਅੱਜ ਸ਼ੈਤਾਨ ਦੀ ਦੁਨੀਆਂ ਵਿਚ ਜੀਉਣਾ ਬਹੁਤ ਔਖਾ ਹੋ ਗਿਆ ਹੈ। ਸਾਡੀ ਚਿੰਤਾ ਵਧਦੀ ਜਾ ਰਹੀ ਹੈ ਅਤੇ ਅਸੀਂ ਬੋਝ ਹੇਠ ਦੱਬੇ ਹੋਏ ਮਹਿਸੂਸ ਕਰਦੇ ਹਾਂ। ਜਿਵੇਂ ਕਿਸ਼ਤੀ ਦਾ ਲੰਗਰ ਕਿਸ਼ਤੀ ਨੂੰ ਅੱਗੇ ਜਾਣ ਤੋਂ ਰੋਕਦਾ ਹੈ, ਉਵੇਂ ਚਿੰਤਾ ਸਾਨੂੰ ਅੱਗੇ ਵਧਣ ਤੋਂ ਰੋਕ ਸਕਦੀ ਹੈ। (ਕਹਾ. 12:25) ਤੁਸੀਂ ਕਿਹੜੀਆਂ ਗੱਲਾਂ ਕਰਕੇ ਨਿਰਾਸ਼ਾ ਮਹਿਸੂਸ ਕਰਦੇ ਹੋ? ਸ਼ਾਇਦ ਤੁਸੀਂ ਕਿਸੇ ਪਿਆਰੇ ਦੀ ਮੌਤ ਦਾ ਗਮ ਸਹਿ ਰਹੇ ਹੋ, ਕਿਸੇ ਗੰਭੀਰ ਬੀਮਾਰੀ ਨਾਲ ਲੜ ਰਹੇ ਹੋ, ਇਸ ਮਹਿੰਗਾਈ ਦੇ ਜ਼ਮਾਨੇ ਵਿਚ ਆਪਣੇ ਪਰਿਵਾਰ ਦਾ ਗੁਜ਼ਾਰਾ ਤੋਰਨ ਲਈ ਜੱਦੋ-ਜਹਿਦ ਕਰ ਰਹੇ ਹੋ ਜਾਂ ਵਿਰੋਧਤਾ ਦਾ ਸਾਮ੍ਹਣਾ ਕਰ ਰਹੇ ਹੋ। ਇੱਦਾਂ ਦੇ ਹਾਲਾਤਾਂ ਦਾ ਸਾਮ੍ਹਣਾ ਕਰਦਿਆਂ ਤੁਸੀਂ ਸ਼ਾਇਦ ਇੰਨੇ ਨਿਰਾਸ਼ ਹੋ ਜਾਓ ਕਿ ਤੁਹਾਡੇ ਵਿਚ ਜਾਨ ਹੀ ਨਾ ਰਹੇ, ਇੱਥੋਂ ਤਕ ਕਿ ਤੁਸੀਂ ਆਪਣੀ ਖ਼ੁਸ਼ੀ ਵੀ ਗੁਆ ਬੈਠੋ। ਪਰ ਇਹ ਨਾ ਭੁੱਲੋ ਕਿ ਪਰਮੇਸ਼ੁਰ ਤੁਹਾਡੀ ਮਦਦ ਕਰਨ ਲਈ ਹਮੇਸ਼ਾ ਤਿਆਰ ਹੈ।​—ਯਸਾਯਾਹ 41:10, 13 ਪੜ੍ਹੋ।

3, 4. (ੳ) ਬਾਈਬਲ ਵਿਚ “ਹੱਥਾਂ” ਦਾ ਸੰਬੰਧ ਕਿਨ੍ਹਾਂ ਗੱਲਾਂ ਨਾਲ ਜੋੜਿਆ ਗਿਆ ਹੈ? (ਅ) ਕਿਹੜੇ ਕਾਰਨਾਂ ਕਰਕੇ ਸਾਡੇ ਹੱਥ ਢਿੱਲੇ ਪੈ ਸਕਦੇ ਹਨ?

3 ਬਾਈਬਲ ਅਕਸਰ ਅਲੱਗ-ਅਲੱਗ ਗੁਣਾਂ ਜਾਂ ਕੰਮਾਂ ਨੂੰ ਦਰਸਾਉਣ ਲਈ ਸਰੀਰ ਦੇ ਅੰਗਾਂ ਦਾ ਜ਼ਿਕਰ ਕਰਦੀ ਹੈ। ਮਿਸਾਲ ਲਈ, ਹੱਥਾਂ ਦਾ ਸੈਂਕੜੇ ਵਾਰ ਜ਼ਿਕਰ ਕੀਤਾ ਗਿਆ ਹੈ। ਇਕ ਇਨਸਾਨ ਦੇ ਹੱਥਾਂ ਨੂੰ ਮਜ਼ਬੂਤ ਕਰਨ ਦਾ ਮਤਲਬ ਹੋ ਸਕਦਾ ਹੈ ਕਿ ਉਸ ਨੂੰ ਹੌਸਲਾ ਦੇਣਾ, ਹਿੰਮਤ ਦੇਣੀ ਅਤੇ ਕੋਈ ਕੰਮ ਕਰਨ ਦੀ ਹੱਲਾਸ਼ੇਰੀ ਦੇਣੀ। (1 ਸਮੂ. 23:16; ਅਜ਼. 1:6) ਇਸ ਦਾ ਇਹ ਵੀ ਮਤਲਬ ਹੋ ਸਕਦਾ ਹੈ ਕਿ ਉਹ ਇਨਸਾਨ ਸਹੀ ਨਜ਼ਰੀਆ ਰੱਖਣ ਦੇ ਨਾਲ-ਨਾਲ ਭਵਿੱਖ ਲਈ ਵੀ ਉਮੀਦ ਰੱਖਦਾ ਹੈ।

4 ਕਈ ਵਾਰ ਬਾਈਬਲ ਵਿਚ ਢਿੱਲੇ ਹੱਥਾਂ ਦਾ ਵੀ ਜ਼ਿਕਰ ਕੀਤਾ ਗਿਆ ਹੈ। ਇਹ ਉਸ ਇਨਸਾਨ ਨੂੰ ਦਰਸਾਉਂਦਾ ਹੈ ਜੋ ਨਿਰਾਸ਼, ਉਦਾਸ ਜਾਂ ਨਾਉਮੀਦ ਹੈ। (2 ਇਤ. 15:7; ਇਬ. 12:12) ਜਦੋਂ ਤੁਸੀਂ ਤਣਾਅ ਵਿਚ ਹੁੰਦੇ ਹੋ, ਹਰ ਪਾਸਿਓਂ ਦੱਬੇ ਹੋਏ ਮਹਿਸੂਸ ਕਰਦੇ ਹੋ ਜਾਂ ਤੁਹਾਨੂੰ ਲੱਗਦਾ ਹੈ ਕਿ ਯਹੋਵਾਹ ਨਾਲ ਤੁਹਾਡਾ ਰਿਸ਼ਤਾ ਕਮਜ਼ੋਰ ਹੋ ਰਿਹਾ ਹੈ, ਤਾਂ ਸ਼ਾਇਦ ਤੁਹਾਡਾ ਦਿਲ ਹਾਰ ਮੰਨਣ ਨੂੰ ਕਰੇ। ਇਨ੍ਹਾਂ ਹਾਲਾਤਾਂ ਵਿਚ ਤੁਹਾਨੂੰ ਹੌਸਲਾ ਕਿੱਥੋਂ ਮਿਲ ਸਕਦਾ ਹੈ? ਕਿਹੜੀਆਂ ਗੱਲਾਂ ਤੁਹਾਨੂੰ ਹਿੰਮਤ ਦੇਣਗੀਆਂ ਅਤੇ ਆਪਣੀ ਖ਼ੁਸ਼ੀ ਬਰਕਰਾਰ ਰੱਖਣ ਵਿਚ ਮਦਦ ਕਰਨਗੀਆਂ?

“ਯਹੋਵਾਹ ਦਾ ਹੱਥ ਛੋਟਾ ਨਹੀਂ ਭਈ ਉਹ ਬਚਾਵੇ ਨਾ”

5. (ੳ) ਮੁਸ਼ਕਲਾਂ ਆਉਣ ’ਤੇ ਅਸੀਂ ਸ਼ਾਇਦ ਕੀ ਕਰੀਏ, ਪਰ ਸਾਨੂੰ ਕਿਹੜੀ ਗੱਲ ਯਾਦ ਰੱਖਣੀ ਚਾਹੀਦੀ ਹੈ? (ਅ) ਅਸੀਂ ਕਿਸ ਬਾਰੇ ਗੱਲ ਕਰਾਂਗੇ?

5 ਸਫ਼ਨਯਾਹ 3:16, 17 ਪੜ੍ਹੋ। ਮੁਸ਼ਕਲਾਂ ਆਉਣ ’ਤੇ ਸਾਨੂੰ ਆਪਣੇ ਹੱਥ ਢਿੱਲੇ ਨਹੀਂ ਹੋਣ ਦੇਣੇ ਚਾਹੀਦੇ ਯਾਨੀ ਸਾਨੂੰ ਨਾ ਤਾਂ ਡਰਨਾ ਤੇ ਨਾ ਹੀ ਨਿਰਾਸ਼ ਹੋਣਾ ਚਾਹੀਦਾ ਹੈ। ਸਾਡਾ ਰਹਿਮ ਦਿਲ ਪਰਮੇਸ਼ੁਰ ਯਹੋਵਾਹ ਸਾਨੂੰ ਕਹਿੰਦਾ ਹੈ ਕਿ ਅਸੀਂ “ਆਪਣੀਆਂ ਸਾਰੀਆਂ ਚਿੰਤਾਵਾਂ ਦਾ ਬੋਝ ਉਸ ਉੱਤੇ ਪਾ” ਦੇਈਏ। (1 ਪਤ. 5:7) ਯਹੋਵਾਹ ਨੇ ਇਜ਼ਰਾਈਲੀਆਂ ਨੂੰ ਕਿਹਾ ਕਿ ਉਸ ਦਾ “ਹੱਥ ਛੋਟਾ ਨਹੀਂ” ਕਿ ਉਹ ਆਪਣੇ ਵਫ਼ਾਦਾਰ ਸੇਵਕਾਂ ਨੂੰ “ਬਚਾਵੇ ਨਾ।” (ਯਸਾ. 59:1) ਕੀ ਸਾਨੂੰ ਇਸ ਗੱਲ ਤੋਂ ਹੌਸਲਾ ਨਹੀਂ ਮਿਲਦਾ? ਇਸ ਲੇਖ ਵਿਚ ਅਸੀਂ ਤਿੰਨ ਵਧੀਆ ਮਿਸਾਲਾਂ ਬਾਰੇ ਗੱਲ ਕਰਾਂਗੇ। ਇਨ੍ਹਾਂ ਤੋਂ ਪਤਾ ਲੱਗੇਗਾ ਕਿ ਜਦੋਂ ਯਹੋਵਾਹ ਦੇ ਸੇਵਕ ਪਹਾੜ ਵਰਗੀਆਂ ਮੁਸ਼ਕਲਾਂ ਦੇ ਬਾਵਜੂਦ ਵੀ ਉਸ ਦੀ ਇੱਛਾ ਪੂਰੀ ਕਰਦੇ ਹਨ, ਤਾਂ ਉਹ ਉਨ੍ਹਾਂ ਨੂੰ ਨਾ ਸਿਰਫ਼ ਤਕੜਾ ਕਰਨਾ ਚਾਹੁੰਦਾ ਹੈ, ਪਰ ਕਰ ਕੇ ਵੀ ਦਿਖਾਉਂਦਾ ਹੈ। ਦੇਖੋ ਕਿ ਇਨ੍ਹਾਂ ਮਿਸਾਲਾਂ ਤੋਂ ਤੁਹਾਨੂੰ ਹਿੰਮਤ ਕਿਵੇਂ ਮਿਲ ਸਕਦੀ ਹੈ।

6, 7. ਅਸੀਂ ਇਜ਼ਰਾਈਲ ਦੀ ਜਿੱਤ ਤੋਂ ਕਿਹੜੇ ਸਬਕ ਸਿੱਖ ਸਕਦੇ ਹਾਂ?

6 ਯਹੋਵਾਹ ਨੇ ਇਜ਼ਰਾਈਲੀਆਂ ਨੂੰ ਚਮਤਕਾਰੀ ਢੰਗ ਨਾਲ ਮਿਸਰ ਤੋਂ ਛੁਡਾਇਆ। ਇਸ ਤੋਂ ਜਲਦੀ ਬਾਅਦ ਹੀ ਅਮਾਲੇਕੀਆਂ ਨੇ ਉਨ੍ਹਾਂ ਉੱਤੇ ਹਮਲਾ ਕਰ ਦਿੱਤਾ। ਮੂਸਾ ਦੀਆਂ ਹਿਦਾਇਤਾਂ ਮੰਨਦਿਆਂ ਦਲੇਰ ਯਹੋਸ਼ੁਆ ਨੇ ਯੁੱਧ ਵਿਚ ਇਜ਼ਰਾਈਲੀਆਂ ਦੀ ਅਗਵਾਈ ਕੀਤੀ, ਜਦਕਿ ਮੂਸਾ ਹਾਰੂਨ ਅਤੇ ਹੂਰ ਨੂੰ ਇਕ ਨੇੜੇ ਪਹਾੜ ਉੱਤੇ ਲੈ ਗਿਆ। ਉਹ ਉੱਥੋਂ ਯੁੱਧ ਦਾ ਮੈਦਾਨ ਦੇਖ ਸਕਦੇ ਸਨ। ਕੀ ਉਹ ਤਿੰਨੇ ਜਣੇ ਡਰ ਦੇ ਮਾਰੇ ਭੱਜ ਗਏ ਸਨ? ਬਿਲਕੁਲ ਨਹੀਂ!

7 ਇਜ਼ਰਾਈਲੀ ਯੁੱਧ ਵਿਚ ਸਫ਼ਲ ਹੋਏ ਕਿਉਂਕਿ ਉਨ੍ਹਾਂ ਨੇ ਮੂਸਾ ਦੀ ਯੋਜਨਾ ਮੁਤਾਬਕ ਕੰਮ ਕੀਤਾ। ਮੂਸਾ ਨੇ ਪਰਮੇਸ਼ੁਰ ਦਾ ਢਾਂਗਾ ਅਤੇ ਆਪਣੇ ਹੱਥ ਆਕਾਸ਼ ਵੱਲ ਚੁੱਕੀ ਰੱਖੇ। ਜਦ ਤਕ ਮੂਸਾ ਦੇ ਹੱਥ ਉੱਚੇ ਰਹਿੰਦੇ ਸਨ, ਉਦੋਂ ਤਕ ਯਹੋਵਾਹ ਇਜ਼ਰਾਈਲੀਆਂ ਦੇ ਹੱਥ ਤਕੜੇ ਕਰਦਾ ਸੀ ਅਤੇ ਅਮਾਲੇਕੀਆਂ ਉੱਤੇ ਜਿੱਤ ਦਿਵਾਉਂਦਾ ਸੀ। ਪਰ ਜਦੋਂ ਮੂਸਾ ਦੇ ਹੱਥ ਭਾਰੇ ਹੋਣ ਕਰਕੇ ਢਿੱਲੇ ਪੈ ਜਾਂਦੇ ਸਨ, ਤਾਂ ਅਮਾਲੇਕੀ ਇਜ਼ਰਾਈਲੀਆਂ ਉੱਤੇ ਜਿੱਤ ਪਾਉਂਦੇ ਸਨ। ਇਹ ਦੇਖ ਕੇ ਹਾਰੂਨ ਅਤੇ ਹੂਰ ਨੇ ਮੂਸਾ ਦੀ ਮਦਦ ਕੀਤੀ। “ਉਨ੍ਹਾਂ ਨੇ ਪੱਥਰ ਲੈਕੇ ਉਸ ਦੇ ਹੇਠ ਧਰ ਦਿੱਤਾ ਅਰ ਉਹ ਉਸ ਉੱਤੇ ਬੈਠ ਗਿਆ ਅਰ ਹਾਰੂਨ ਅਤੇ ਹੂਰ ਨੇ ਇੱਕ ਨੇ ਇੱਕ ਪਾਸਿਓਂ ਅਤੇ ਦੂਜੇ ਨੇ ਦੂਜੇ ਪਾਸਿਓਂ ਉਸ ਦੇ ਹੱਥਾਂ ਨੂੰ ਸਾਂਭ ਛੱਡਿਆ ਤਾਂ ਉਸ ਦੇ ਹੱਥ ਸੂਰਜ ਦੇ ਆਥਣ ਤੀਕ ਤਕੜੇ ਰਹੇ।” ਜੀ ਹਾਂ, ਪਰਮੇਸ਼ੁਰ ਦੇ ਬਲਵੰਤ ਹੱਥ ਕਰਕੇ ਇਜ਼ਰਾਈਲ ਨੇ ਆਪਣੇ ਦੁਸ਼ਮਣਾਂ ਦੇ ਦੰਦ ਖੱਟੇ ਕੀਤੇ।​—ਕੂਚ 17:8-13.

8. (ੳ) ਆਸਾ ਨੇ ਕੀ ਕੀਤਾ ਜਦੋਂ ਕੂਸ਼ੀਆਂ ਨੇ ਇਜ਼ਰਾਈਲੀਆਂ ਨੂੰ ਡਰਾਇਆ-ਧਮਕਾਇਆ? (ਅ) ਅਸੀਂ ਆਸਾ ਦੀ ਨਿਹਚਾ ਦੀ ਰੀਸ ਕਿਵੇਂ ਕਰ ਸਕਦੇ ਹਾਂ?

8 ਬਾਈਬਲ ਵਿਚ ਬਹੁਤ ਸਾਰੀਆਂ ਲੜਾਈਆਂ ਬਾਰੇ ਦੱਸਿਆ ਗਿਆ ਹੈ। ਰਾਜਾ ਆਸਾ ਦੇ ਦਿਨਾਂ ਵਿਚ ਇਜ਼ਰਾਈਲੀਆਂ ਦੇ ਖ਼ਿਲਾਫ਼ ਸਭ ਤੋਂ ਵੱਡੀ ਫ਼ੌਜ ਆਈ। ਪਰ ਯਹੋਵਾਹ ਨੇ ਦਿਖਾਇਆ ਕਿ ਉਸ ਦਾ ਹੱਥ ਛੋਟਾ ਨਹੀਂ ਸੀ। ਜ਼ਰਹ ਕੂਸ਼ੀ ਦੇ 10 ਲੱਖ ਸੂਰਬੀਰ ਸਨ। ਕੂਸ਼ੀਆਂ ਦੀ ਫ਼ੌਜ ਆਸਾ ਦੀ ਫ਼ੌਜ ਨਾਲੋਂ ਲਗਭਗ ਦੁਗਣੀ ਸੀ। ਸੋ ਤੁਸੀਂ ਸਮਝ ਸਕਦੇ ਹੋ ਕਿ ਰਾਜਾ ਆਸਾ ਡਰ ਅਤੇ ਨਿਰਾਸ਼ਾ ਨਾਲ ਕਿਉਂ ਘਿਰ ਸਕਦਾ ਸੀ ਯਾਨੀ ਉਸ ਦੇ ਹੱਥ ਸੌਖਿਆਂ ਹੀ ਢਿੱਲੇ ਕਿਉਂ ਪੈ ਸਕਦੇ ਸਨ। ਪਰ ਉਹ ਸਿੱਧਾ ਯਹੋਵਾਹ ਕੋਲ ਮਦਦ ਲਈ ਗਿਆ। ਇਨਸਾਨਾਂ ਦੀਆਂ ਨਜ਼ਰਾਂ ਤੋਂ ਦੇਖਿਆ ਜਾਵੇ, ਤਾਂ ਕੂਸ਼ੀਆਂ ਨੂੰ ਹਰਾਉਣਾ ਨਾਮੁਮਕਿਨ ਸੀ, “ਪਰ ਪਰਮੇਸ਼ੁਰ ਲਈ ਸਭ ਕੁਝ ਮੁਮਕਿਨ ਹੈ।” (ਮੱਤੀ 19:26) ਪਰਮੇਸ਼ੁਰ ਨੇ ਆਪਣੀ ਤਾਕਤ ਨਾਲ ‘ਆਸਾ ਦੇ ਸਾਹਮਣੇ ਕੂਸ਼ੀਆਂ ਨੂੰ ਮਾਰਿਆ’ ਕਿਉਂਕਿ “ਆਸਾ ਨੇ ਆਪਣੇ ਸਾਰੇ ਦਿਨ ਮਨ ਨੂੰ ਯਹੋਵਾਹ ਵੱਲ ਠੀਕ ਰੱਖਿਆ।”​—2 ਇਤ. 14:8-13; 1 ਰਾਜ. 15:14.

9. (ੳ) ਕੀ ਯਰੂਸ਼ਲਮ ਦੀਆਂ ਕੰਧਾਂ ਦੀ ਹਾਲਤ ਦੇਖ ਕੇ ਨਹਮਯਾਹ ਨੇ ਆਪਣੇ ਹੱਥ ਢਿੱਲੇ ਪੈਣ ਦਿੱਤੇ? ਸਮਝਾਓ। (ਅ) ਪਰਮੇਸ਼ੁਰ ਨੇ ਨਹਮਯਾਹ ਦੀ ਬੇਨਤੀ ਦਾ ਜਵਾਬ ਕਿਵੇਂ ਦਿੱਤਾ?

9 ਜ਼ਰਾ ਨਹਮਯਾਹ ਬਾਰੇ ਸੋਚੋ। ਉਸ ਨੂੰ ਕਿੱਦਾਂ ਲੱਗਾ ਹੋਣਾ ਜਦੋਂ ਉਹ ਯਰੂਸ਼ਲਮ ਆਇਆ। ਉਸ ਨੇ ਦੇਖਿਆ ਕਿ ਆਲੇ-ਦੁਆਲੇ ਦੀਆਂ ਕੌਮਾਂ ਦੇ ਡਰ ਵਿਚ ਆ ਕੇ ਯਹੂਦੀਆਂ ਨੇ ਯਰੂਸ਼ਲਮ ਦੀਆਂ ਕੰਧਾਂ ਬਣਾਉਣੀਆਂ ਛੱਡ ਦਿੱਤੀਆਂ। ਕੋਈ ਵੀ ਸ਼ਹਿਰ ਦੀ ਰਾਖੀ ਨਹੀਂ ਕਰ ਰਿਹਾ ਸੀ ਅਤੇ ਯਹੂਦੀ ਨਿਰਾਸ਼ ਹੋ ਕੇ ਬਹਿ ਗਏ। ਕੀ ਨਹਮਯਾਹ ਨੇ ਵੀ ਆਪਣੇ ਹੱਥ ਢਿੱਲੇ ਹੋਣ ਦਿੱਤੇ? ਨਹੀਂ। ਮੂਸਾ, ਆਸਾ ਅਤੇ ਯਹੋਵਾਹ ਦੇ ਹੋਰ ਵਫ਼ਾਦਾਰ ਸੇਵਕਾਂ ਵਾਂਗ ਉਹ ਹਮੇਸ਼ਾ ਯਹੋਵਾਹ ਉੱਤੇ ਭਰੋਸਾ ਰੱਖਦਾ ਸੀ। ਇਸ ਵਾਰੀ ਵੀ ਉਸ ਨੇ ਇਸੇ ਤਰ੍ਹਾਂ ਕੀਤਾ। ਯਹੂਦੀਆਂ ਨੂੰ ਸ਼ਾਇਦ ਲੱਗਾ ਹੋਣਾ ਕਿ ਇਹ ਮੁਸ਼ਕਲਾਂ ਪਹਾੜ ਵਰਗੀਆਂ ਸਨ। ਪਰ ਯਹੋਵਾਹ ਨੇ ਨਹਮਯਾਹ ਦੀ ਨਿਮਰ ਬੇਨਤੀ ਦਾ ਜਵਾਬ ਦਿੰਦਿਆਂ ਆਪਣੇ “ਵੱਡੇ ਬਲ ਅਤੇ ਤਕੜੇ ਹੱਥ ਨਾਲ” ਯਹੂਦੀਆਂ ਦੇ ਢਿੱਲੇ ਹੱਥਾਂ ਨੂੰ ਮਜ਼ਬੂਤ ਕੀਤਾ। (ਨਹਮਯਾਹ 1:10; 2:17-20; 6:9 ਪੜ੍ਹੋ।) ਕੀ ਤੁਸੀਂ ਯਕੀਨ ਕਰਦੇ ਹੋ ਕਿ ਯਹੋਵਾਹ ਅੱਜ ਵੀ ਆਪਣੇ “ਵੱਡੇ ਬਲ ਅਤੇ ਤਕੜੇ ਹੱਥ ਨਾਲ” ਆਪਣੇ ਸੇਵਕਾਂ ਨੂੰ ਤਕੜਾ ਕਰਦਾ ਹੈ?

ਯਹੋਵਾਹ ਤੁਹਾਡੇ ਹੱਥ ਵੀ ਤਕੜੇ ਕਰੇਗਾ

10, 11. (ੳ) ਸ਼ੈਤਾਨ ਸਾਡੇ ਹੱਥਾਂ ਨੂੰ ਕਿਵੇਂ ਢਿੱਲੇ ਕਰਨ ਦੀ ਕੋਸ਼ਿਸ਼ ਕਰਦਾ ਹੈ? (ਅ) ਯਹੋਵਾਹ ਸਾਨੂੰ ਕਿਨ੍ਹਾਂ ਤਰੀਕਿਆਂ ਰਾਹੀਂ ਤਕੜਾ ਕਰਦਾ ਹੈ? (ੲ) ਤੁਹਾਨੂੰ ਪਰਮੇਸ਼ੁਰ ਦੀ ਸਿੱਖਿਆ ਤੋਂ ਕੀ ਫ਼ਾਇਦਾ ਹੋਇਆ ਹੈ?

10 ਸਾਨੂੰ ਪੱਕਾ ਪਤਾ ਹੈ ਕਿ ਸ਼ੈਤਾਨ ਸਾਡੇ ਕੰਮ ਨੂੰ ਰੋਕਣ ਲਈ ਆਪਣੇ ਹੱਥ ਕਦੀ ਢਿੱਲੇ ਨਹੀਂ ਪੈਣ ਦੇਵੇਗਾ। ਉਹ ਸਰਕਾਰਾਂ, ਧਾਰਮਿਕ ਆਗੂਆਂ ਅਤੇ ਧਰਮ-ਤਿਆਗੀਆਂ ਰਾਹੀਂ ਸਾਡੇ ਬਾਰੇ ਝੂਠ ਫੈਲਾਉਂਦਾ ਹੈ ਅਤੇ ਸਾਨੂੰ ਡਰਾਉਂਦਾ-ਧਮਕਾਉਂਦਾ ਹੈ। ਉਹ ਇਹ ਸਭ ਕੁਝ ਕਿਉਂ ਕਰਦਾ ਹੈ? ਕਿਉਂਕਿ ਉਹ ਚਾਹੁੰਦਾ ਹੈ ਕਿ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਦਿਆਂ ਸਾਡੇ ਹੱਥ ਢਿੱਲੇ ਪੈ ਜਾਣ। ਪਰ ਯਹੋਵਾਹ ਆਪਣੀ ਪਵਿੱਤਰ ਸ਼ਕਤੀ ਰਾਹੀਂ ਸਾਨੂੰ ਹਿੰਮਤ ਦੇ ਸਕਦਾ ਅਤੇ ਉਹ ਦੇਣ ਲਈ ਵੀ ਤਿਆਰ ਹੈ। (1 ਇਤ. 29:12) ਪਰ ਜ਼ਰੂਰੀ ਹੈ ਕਿ ਅਸੀਂ ਪਵਿੱਤਰ ਸ਼ਕਤੀ ਦੀ ਮੰਗ ਕਰੀਏ ਤਾਂਕਿ ਅਸੀਂ ਸ਼ੈਤਾਨ ਅਤੇ ਉਸ ਦੀ ਦੁਸ਼ਟ ਦੁਨੀਆਂ ਵੱਲੋਂ ਖੜ੍ਹੀਆਂ ਕੀਤੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰ ਸਕੀਏ। (ਜ਼ਬੂ. 18:39; 1 ਕੁਰਿੰ. 10:13) ਅਸੀਂ ਪਰਮੇਸ਼ੁਰ ਦੇ ਬਚਨ ਲਈ ਵੀ ਬਹੁਤ ਧੰਨਵਾਦੀ ਹਾਂ ਜੋ ਪਵਿੱਤਰ ਸ਼ਕਤੀ ਦੀ ਪ੍ਰੇਰਣਾ ਨਾਲ ਲਿਖਿਆ ਗਿਆ ਹੈ। ਉਨ੍ਹਾਂ ਸਾਰੇ ਪ੍ਰਕਾਸ਼ਨਾਂ ਬਾਰੇ ਵੀ ਸੋਚੋ ਜਿਨ੍ਹਾਂ ਤੋਂ ਅਸੀਂ ਹਰ ਮਹੀਨੇ ਕਿੰਨਾ ਕੁਝ ਸਿੱਖਦੇ ਹਾਂ। ਜ਼ਕਰਯਾਹ 8:9, 13 (ਪੜ੍ਹੋ) ਦੇ ਸ਼ਬਦ ਯਰੂਸ਼ਲਮ ਦੇ ਮੰਦਰ ਦੇ ਦੁਬਾਰਾ ਬਣਾਉਣ ਵੇਲੇ ਕਹਿ ਗਏ ਸਨ। ਇਨ੍ਹਾਂ ਸ਼ਬਦਾਂ ਤੋਂ ਅੱਜ ਵੀ ਸਾਨੂੰ ਹਿੰਮਤ ਮਿਲਦੀ ਹੈ।

11 ਯਹੋਵਾਹ ਸਾਨੂੰ ਮਸੀਹੀ ਸਭਾਵਾਂ, ਸੰਮੇਲਨਾਂ ਅਤੇ ਸੰਗਠਨ ਵੱਲੋਂ ਚਲਾਏ ਜਾਂਦੇ ਵੱਖੋ-ਵੱਖਰੇ ਸਕੂਲਾਂ ਰਾਹੀਂ ਸਿੱਖਿਆ ਦੇ ਕੇ ਤਕੜਾ ਕਰਦਾ ਹੈ। ਉਸ ਸਿੱਖਿਆ ਦੀ ਮਦਦ ਨਾਲ ਅਸੀਂ ਪਰਮੇਸ਼ੁਰ ਦੀ ਸੇਵਾ ਪੂਰੇ ਦਿਲ ਨਾਲ ਕਰ ਸਕਦੇ ਹਾਂ ਅਤੇ ਉਸ ਦੀ ਸੇਵਾ ਵਿਚ ਟੀਚੇ ਰੱਖ ਸਕਦੇ ਹਾਂ। ਨਾਲੇ ਉਸ ਦੀ ਸੇਵਾ ਵਿਚ ਮਿਲਦੀਆਂ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਨਿਭਾ ਸਕਦੇ ਹਾਂ। (ਜ਼ਬੂ. 119:33) ਕੀ ਤੁਸੀਂ ਇਹ ਸਿੱਖਿਆ ਲੈਣੀ ਚਾਹੁੰਦੇ ਹੋ ਜਿਸ ਤੋਂ ਤੁਹਾਨੂੰ ਹਿੰਮਤ ਮਿਲ ਸਕਦੀ ਹੈ?

12. ਪਰਮੇਸ਼ੁਰ ਦੇ ਨੇੜੇ ਰਹਿਣ ਲਈ ਸਾਨੂੰ ਸਾਰਿਆਂ ਨੂੰ ਕੀ ਕਰਨਾ ਚਾਹੀਦਾ ਹੈ?

12 ਅਮਾਲੇਕੀਆਂ ਅਤੇ ਕੂਸ਼ੀਆਂ ਨੂੰ ਹਰਾਉਣ ਵਿਚ ਯਹੋਵਾਹ ਨੇ ਇਜ਼ਰਾਈਲੀਆਂ ਦੀ ਮਦਦ ਕੀਤੀ। ਨਾਲੇ ਉਸ ਨੇ ਨਹਮਯਾਹ ਅਤੇ ਉਸ ਦੇ ਭਰਾਵਾਂ ਨੂੰ ਸ਼ਹਿਰ ਦੀਆਂ ਕੰਧਾਂ ਅਤੇ ਮੰਦਰ ਬਣਾਉਣ ਵਿਚ ਵੀ ਮਦਦ ਕੀਤੀ। ਉਸੇ ਤਰ੍ਹਾਂ ਪਰਮੇਸ਼ੁਰ ਸਾਨੂੰ ਹਿੰਮਤ ਦੇਵੇਗਾ ਤਾਂਕਿ ਵਿਰੋਧਤਾ, ਚਿੰਤਾਵਾਂ ਅਤੇ ਲੋਕਾਂ ਦੇ ਰੁਚੀ ਨਾ ਲੈਣ ਦੇ ਬਾਵਜੂਦ ਵੀ ਅਸੀਂ ਪ੍ਰਚਾਰ ਕਰਦੇ ਰਹੀਏ। (1 ਪਤ. 5:10) ਅਸੀਂ ਯਹੋਵਾਹ ਤੋਂ ਚਮਤਕਾਰ ਦੀ ਉਮੀਦ ਨਹੀਂ ਰੱਖਦੇ। ਇਸ ਦੀ ਬਜਾਇ, ਸਾਨੂੰ ਆਪਣੇ ਵੱਲੋਂ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਹੈ। ਇਸ ਵਿਚ ਰੋਜ਼ ਬਾਈਬਲ ਪੜ੍ਹਨੀ, ਹਰ ਹਫ਼ਤੇ ਮੀਟਿੰਗਾਂ ਦੀ ਤਿਆਰੀ ਕਰਨੀ ਤੇ ਇਨ੍ਹਾਂ ਵਿਚ ਹਾਜ਼ਰ ਹੋਣਾ, ਆਪਣੀ ਤੇ ਪਰਿਵਾਰਕ ਸਟੱਡੀ ਕਰਨੀ ਅਤੇ ਪ੍ਰਾਰਥਨਾ ਰਾਹੀਂ ਹਮੇਸ਼ਾ ਯਹੋਵਾਹ ’ਤੇ ਭਰੋਸਾ ਰੱਖਣਾ ਸ਼ਾਮਲ ਹੈ। ਆਓ ਆਪਾਂ ਕਦੇ ਵੀ ਕਿਸੇ ਚੀਜ਼ ਨੂੰ ਉਨ੍ਹਾਂ ਗੱਲਾਂ ਤੋਂ ਆਪਣਾ ਧਿਆਨ ਨਾ ਭਟਕਾਉਣ ਦੇਈਏ ਜਿਨ੍ਹਾਂ ਰਾਹੀਂ ਯਹੋਵਾਹ ਸਾਨੂੰ ਤਾਕਤ ਅਤੇ ਹੱਲਾਸ਼ੇਰੀ ਦਿੰਦਾ ਹੈ। ਜੇ ਤੁਹਾਨੂੰ ਲੱਗਦਾ ਹੈ ਕਿ ਇਨ੍ਹਾਂ ਵਿੱਚੋਂ ਕਿਸੇ ਇਕ ਮਾਮਲੇ ਵਿਚ ਤੁਹਾਡੇ ਹੱਥ ਢਿੱਲੇ ਪੈ ਚੁੱਕੇ ਹਨ, ਤਾਂ ਪਰਮੇਸ਼ੁਰ ਤੋਂ ਮਦਦ ਮੰਗੋ। ਫਿਰ ਤੁਸੀਂ ਦੇਖੋਗੇ ਕਿ ਉਸ ਦੀ ਪਵਿੱਤਰ ਸ਼ਕਤੀ ਕਿੱਦਾਂ ‘ਤੁਹਾਨੂੰ ਤਕੜਾ ਕਰਦੀ ਹੈ ਅਤੇ ਤੁਹਾਡੇ ਵਿਚ ਕੰਮ ਕਰਨ ਦੀ ਇੱਛਾ ਪੈਦਾ ਕਰਦੀ ਹੈ ਅਤੇ ਤੁਹਾਨੂੰ ਕੰਮ ਕਰਨ ਦੀ ਤਾਕਤ ਬਖ਼ਸ਼ਦੀ ਹੈ।’ (ਫ਼ਿਲਿ. 2:13) ਪਰ ਤੁਸੀਂ ਦੂਜਿਆਂ ਦੇ ਹੱਥ ਤਕੜੇ ਕਰਨ ਲਈ ਕੀ ਕਰ ਸਕਦੇ ਹੋ?

ਢਿੱਲੇ ਹੱਥਾਂ ਨੂੰ ਤਕੜਾ ਕਰੋ

13, 14. (ੳ) ਇਕ ਭਰਾ ਨੂੰ ਆਪਣੀ ਪਤਨੀ ਦੀ ਮੌਤ ਤੋਂ ਬਾਅਦ ਕਿਵੇਂ ਦਿਲਾਸਾ ਮਿਲਿਆ? (ਅ) ਅਸੀਂ ਦੂਜਿਆਂ ਨੂੰ ਸਹਾਰਾ ਕਿਵੇਂ ਦੇ ਸਕਦੇ ਹਾਂ?

13 ਯਹੋਵਾਹ ਨੇ ਸਾਨੂੰ ਦੁਨੀਆਂ ਭਰ ਵਿਚ ਪਿਆਰ ਕਰਨ ਵਾਲੇ ਭੈਣ-ਭਰਾ ਦਿੱਤੇ ਹਨ ਜਿਨ੍ਹਾਂ ਤੋਂ ਅਸੀਂ ਹੌਸਲਾ ਪਾ ਸਕਦੇ ਹਾਂ। ਯਾਦ ਕਰੋ ਕਿ ਪੌਲੁਸ ਰਸੂਲ ਨੇ ਕੀ ਲਿਖਿਆ: “ਢਿੱਲੇ ਹੱਥਾਂ ਤੇ ਕਮਜ਼ੋਰ ਗੋਡਿਆਂ ਨੂੰ ਤਕੜਾ ਕਰੋ ਅਤੇ ਸਿੱਧੇ ਰਾਹ ’ਤੇ ਤੁਰਦੇ ਰਹੋ, ਤਾਂਕਿ ਜਿਹੜਾ ਅੰਗ ਕਮਜ਼ੋਰ ਹੈ ਉਹ ਜੋੜ ਤੋਂ ਨਾ ਨਿਕਲੇ, ਸਗੋਂ ਠੀਕ ਹੋ ਜਾਵੇ।” (ਇਬ. 12:12, 13) ਪਹਿਲੀ ਸਦੀ ਦੇ ਬਹੁਤ ਸਾਰੇ ਮਸੀਹੀਆਂ ਨੇ ਇੱਦਾਂ ਹੀ ਇਕ-ਦੂਜੇ ਨੂੰ ਹੱਲਾਸ਼ੇਰੀ ਦਿੱਤੀ। ਅੱਜ ਵੀ ਇੱਦਾਂ ਹੀ ਹੁੰਦਾ ਹੈ। ਇਕ ਭਰਾ ਨੇ ਆਪਣੀ ਪਤਨੀ ਦੀ ਮੌਤ ਦੇ ਨਾਲ-ਨਾਲ ਹੋਰ ਕਈ ਦੁੱਖਾਂ ਦਾ ਵੀ ਸਾਮ੍ਹਣਾ ਕੀਤਾ। ਉਸ ਨੇ ਕਿਹਾ: “ਇਕ ਤੋਂ ਬਾਅਦ ਇਕ ਦੁੱਖਾਂ ਦਾ ਪਹਾੜ ਕਦੀ ਵੀ ਕਿਸੇ ਉੱਤੇ ਟੁੱਟ ਸਕਦਾ ਹੈ। ਪ੍ਰਾਰਥਨਾ ਅਤੇ ਬਾਈਬਲ ਸਟੱਡੀ ਨੇ ਮੈਨੂੰ ਦੁੱਖਾਂ ਦੇ ਸਮੁੰਦਰ ਵਿਚ ਡੁੱਬਣ ਤੋਂ ਬਚਾਇਆ। ਨਾਲੇ ਮੰਡਲੀ ਦੇ ਭੈਣਾਂ-ਭਰਾਵਾਂ ਦੇ ਪਿਆਰ ਤੋਂ ਵੀ ਮੈਨੂੰ ਬਹੁਤ ਦਿਲਾਸਾ ਮਿਲਿਆ। ਮੈਨੂੰ ਇਸ ਗੱਲ ਦਾ ਅਹਿਸਾਸ ਹੋਇਆ ਕਿ ਅਜ਼ਮਾਇਸ਼ਾਂ ਆਉਣ ਤੋਂ ਪਹਿਲਾਂ ਯਹੋਵਾਹ ਨਾਲ ਮਜ਼ਬੂਤ ਰਿਸ਼ਤਾ ਹੋਣਾ ਕਿੰਨਾ ਜ਼ਰੂਰੀ ਹੈ।”

ਮੰਡਲੀ ਵਿਚ ਅਸੀਂ ਸਾਰੇ ਇਕ-ਦੂਜੇ ਨੂੰ ਹੌਸਲਾ ਦੇ ਸਕਦੇ ਹਾਂ (ਪੈਰਾ 14 ਦੇਖੋ)

14 ਯੁੱਧ ਦੌਰਾਨ ਹਾਰੂਨ ਅਤੇ ਹੂਰ ਨੇ ਮੂਸਾ ਦੇ ਹੱਥਾਂ ਨੂੰ ਸਹਾਰਾ ਦਿੱਤਾ। ਇਸੇ ਤਰ੍ਹਾਂ ਅਸੀਂ ਵੀ ਆਪਣੇ ਭੈਣਾਂ-ਭਰਾਵਾਂ ਨੂੰ ਅਲੱਗ-ਅਲੱਗ ਤਰੀਕਿਆਂ ਨਾਲ ਸਹਾਰਾ ਦੇ ਸਕਦੇ ਹਾਂ। ਅਸੀਂ ਕਿਹੜੇ ਭੈਣਾਂ-ਭਰਾਵਾਂ ਨੂੰ ਸਹਾਰਾ ਦੇ ਸਕਦੇ ਹਾਂ? ਜਿਹੜੇ ਵਧਦੀ ਉਮਰ ਕਰਕੇ ਆਉਂਦੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰ ਰਹੇ ਹਨ, ਜਿਨ੍ਹਾਂ ਦੀ ਸਿਹਤ ਖ਼ਰਾਬ ਹੈ, ਜਿਨ੍ਹਾਂ ਦੇ ਘਰਦੇ ਵਿਰੋਧ ਕਰਦੇ ਹਨ, ਜਿਹੜੇ ਇਕੱਲਾਪਣ ਮਹਿਸੂਸ ਕਰਦੇ ਹਨ ਜਾਂ ਜਿਹੜੇ ਮੌਤ ਦਾ ਗਮ ਸਹਿ ਰਹੇ ਹਨ। ਅਸੀਂ ਉਨ੍ਹਾਂ ਨੌਜਵਾਨਾਂ ਦੀ ਵੀ ਮਦਦ ਕਰ ਸਕਦੇ ਹਾਂ ਜਿਨ੍ਹਾਂ ਉੱਤੇ ਗ਼ਲਤ ਕੰਮ ਕਰਨ ਅਤੇ ਦੁਨੀਆਂ ਵਿਚ ਆਪਣਾ ਨਾਂ ਕਮਾਉਣ ਦਾ ਦਬਾਅ ਹੈ। (1 ਥੱਸ. 3:1-3; 5:11, 14) ਕਿੰਗਡਮ ਹਾਲ ਵਿਚ, ਪ੍ਰਚਾਰ ਕਰਦਿਆਂ, ਦੂਸਰਿਆਂ ਨਾਲ ਖਾਣਾ ਖਾਂਦਿਆਂ ਜਾਂ ਟੈਲੀਫ਼ੋਨ ’ਤੇ ਗੱਲ ਕਰਦਿਆਂ ਆਪਣੇ ਭੈਣਾਂ-ਭਰਾਵਾਂ ਦੀ ਮਦਦ ਕਰੋ।

15. ਤੁਹਾਡੇ ਹੌਸਲੇ ਭਰੇ ਸ਼ਬਦਾਂ ਦਾ ਭੈਣਾਂ-ਭਰਾਵਾਂ ’ਤੇ ਕੀ ਅਸਰ ਪੈ ਸਕਦਾ ਹੈ?

15 ਰਾਜਾ ਆਸਾ ਦੀ ਸ਼ਾਨਦਾਰ ਜਿੱਤ ਤੋਂ ਬਾਅਦ ਅਜ਼ਰਯਾਹ ਨਬੀ ਨੇ ਸਾਰਿਆਂ ਨੂੰ ਇਨ੍ਹਾਂ ਸ਼ਬਦਾਂ ਨਾਲ ਹੌਸਲਾ ਦਿੱਤਾ: “ਪਰ ਤੁਸੀਂ ਤਕੜੇ ਹੋਵੋ ਅਤੇ ਤੁਹਾਡੇ ਹੱਥ ਢਿਲੇ ਨਾ ਹੋਣ ਕਿਉਂ ਜੋ ਤੁਹਾਡੇ ਕੰਮ ਦਾ ਬਦਲਾ ਮਿਲੇਗਾ!” (2 ਇਤ. 15:7) ਇਨ੍ਹਾਂ ਸ਼ਬਦਾਂ ਕਰਕੇ ਆਸਾ ਦੇਸ਼ ਵਿਚ ਬਹੁਤ ਸਾਰੇ ਬਦਲਾਅ ਕਰਨ ਲਈ ਪ੍ਰੇਰਿਤ ਹੋਇਆ ਤਾਂਕਿ ਸ਼ੁੱਧ ਭਗਤੀ ਦੁਬਾਰਾ ਸ਼ੁਰੂ ਕੀਤੀ ਜਾ ਸਕੇ। ਇਸੇ ਤਰ੍ਹਾਂ ਤੁਹਾਡੇ ਹੌਸਲੇ ਭਰੇ ਸ਼ਬਦਾਂ ਦਾ ਦੂਸਰਿਆਂ ਉੱਤੇ ਗਹਿਰਾ ਅਸਰ ਪੈ ਸਕਦਾ ਹੈ। ਇੱਦਾਂ ਦੀਆਂ ਗੱਲਾਂ ਕਰ ਕੇ ਤੁਸੀਂ ਉਨ੍ਹਾਂ ਦੀ ਯਹੋਵਾਹ ਦੀ ਵਧ-ਚੜ੍ਹ ਕੇ ਸੇਵਾ ਕਰਨ ਵਿਚ ਮਦਦ ਕਰ ਸਕਦੇ ਹੋ। (ਕਹਾ. 15:23) ਨਾਲੇ ਇਸ ਗੱਲ ਨੂੰ ਕਦੀ ਵੀ ਮਾੜੀ-ਮੋਟੀ ਨਾ ਸਮਝੋ ਕਿ ਜਦੋਂ ਤੁਸੀਂ ਸਭਾਵਾਂ ਵਿਚ ਹੱਥ ਚੁੱਕ ਕੇ ਹੌਸਲਾ ਵਧਾਉਣ ਵਾਲੇ ਜਵਾਬ ਦਿੰਦੇ ਹੋ, ਤਾਂ ਦੂਜਿਆਂ ਨੂੰ ਕਿੰਨੀ ਹਿੰਮਤ ਮਿਲਦੀ ਹੈ।

16. ਨਹਮਯਾਹ ਵਾਂਗ ਮੰਡਲੀ ਦੇ ਬਜ਼ੁਰਗ ਭੈਣਾਂ-ਭਰਾਵਾਂ ਦੇ ਢਿੱਲੇ ਹੱਥ ਕਿਵੇਂ ਤਕੜੇ ਕਰ ਸਕਦੇ ਹਨ? ਦੱਸੋ ਕਿ ਭੈਣਾਂ-ਭਰਾਵਾਂ ਨੇ ਤੁਹਾਡੀ ਕਿਵੇਂ ਮਦਦ ਕੀਤੀ।

16 ਯਹੋਵਾਹ ਦੀ ਮਦਦ ਨਾਲ ਨਹਮਯਾਹ ਅਤੇ ਯਹੂਦੀਆਂ ਨੇ ਆਪਣੇ ਹੱਥ ਤਕੜੇ ਕੀਤੇ। ਇਸ ਲਈ ਉਨ੍ਹਾਂ ਨੇ 52 ਦਿਨਾਂ ਦੇ ਅੰਦਰ-ਅੰਦਰ ਯਰੂਸ਼ਲਮ ਦੀਆਂ ਕੰਧਾਂ ਖੜ੍ਹੀਆਂ ਕਰ ਦਿੱਤੀਆਂ। (ਨਹ. 2:18; 6:15, 16) ਨਹਮਯਾਹ ਨੇ ਸਿਰਫ਼ ਖੜ੍ਹ ਕੇ ਹੁਕਮ ਹੀ ਨਹੀਂ ਚਲਾਇਆ, ਸਗੋਂ ਖ਼ੁਦ ਵੀ ਯਰੂਸ਼ਲਮ ਦੀਆਂ ਕੰਧਾਂ ਬਣਾਉਣ ਵਿਚ ਹੱਥ ਵਟਾਇਆ। (ਨਹ. 5:16) ਇਸੇ ਤਰ੍ਹਾਂ ਜਦੋਂ ਮੰਡਲੀ ਦੇ ਬਜ਼ੁਰਗ ਸੰਗਠਨ ਦੇ ਕਿਸੇ ਵੀ ਉਸਾਰੀ ਦੇ ਕੰਮ ਜਾਂ ਕਿੰਗਡਮ ਹਾਲ ਦੀ ਸਫ਼ਾਈ ਅਤੇ ਮੁਰੰਮਤ ਦੇ ਕੰਮ ਵਿਚ ਹਿੱਸਾ ਲੈਂਦੇ ਹਨ, ਤਾਂ ਉਹ ਨਹਮਯਾਹ ਦੀ ਰੀਸ ਕਰ ਰਹੇ ਹੁੰਦੇ ਹਨ। ਮੰਡਲੀ ਦੇ ਬਜ਼ੁਰਗ ਭੈਣਾਂ-ਭਰਾਵਾਂ ਨਾਲ ਪ੍ਰਚਾਰ ਕਰ ਕੇ ਅਤੇ ਹੌਸਲਾ ਦੇਣ ਲਈ ਉਨ੍ਹਾਂ ਦੇ ਘਰ ਜਾ ਕੇ ਉਨ੍ਹਾਂ ਦੇ ਢਿੱਲੇ ਹੱਥ ਤਕੜੇ ਕਰਦੇ ਹਨ।​—ਯਸਾਯਾਹ 35:3, 4 ਪੜ੍ਹੋ।

“ਤੇਰੇ ਹੱਥ ਢਿੱਲੇ ਨਾ ਪੈ ਜਾਣ”

17, 18. ਮੁਸ਼ਕਲਾਂ ਅਤੇ ਚਿੰਤਾਵਾਂ ਦਾ ਸਾਮ੍ਹਣਾ ਕਰਦਿਆਂ ਅਸੀਂ ਕਿਸ ਗੱਲ ਦਾ ਯਕੀਨ ਰੱਖ ਸਕਦੇ ਹਾਂ?

17 ਭੈਣਾਂ-ਭਰਾਵਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਨ ਨਾਲ ਸਾਡੀ ਏਕਤਾ ਵਧਦੀ ਹੈ। ਨਾਲੇ ਦੋਸਤੀਆਂ ਗੂੜ੍ਹੀਆਂ ਹੁੰਦੀਆਂ ਹਨ ਅਤੇ ਪਰਮੇਸ਼ੁਰ ਦੇ ਰਾਜ ਵਿਚ ਮਿਲਣ ਵਾਲੀਆਂ ਬਰਕਤਾਂ ’ਤੇ ਸਾਡਾ ਅਤੇ ਦੂਜਿਆਂ ਦਾ ਭਰੋਸਾ ਵਧਦਾ ਹੈ। ਜਦੋਂ ਅਸੀਂ ਦੂਜਿਆਂ ਦੇ ਹੱਥ ਤਕੜੇ ਕਰਦੇ ਹਾਂ, ਤਾਂ ਅਸੀਂ ਔਖੇ ਹਾਲਾਤਾਂ ਦਾ ਸਾਮ੍ਹਣਾ ਕਰਨ ਵਿਚ ਉਨ੍ਹਾਂ ਦੀ ਮਦਦ ਕਰਦੇ ਹਾਂ। ਇਸ ਦੇ ਨਾਲ-ਨਾਲ ਅਸੀਂ ਸਹੀ ਨਜ਼ਰੀਆ ਰੱਖਣ ਅਤੇ ਭਵਿੱਖ ਲਈ ਸ਼ਾਨਦਾਰ ਉਮੀਦ ਰੱਖਣ ਵਿਚ ਉਨ੍ਹਾਂ ਦੀ ਮਦਦ ਕਰਦੇ ਹਾਂ। ਇਸ ਤੋਂ ਇਲਾਵਾ, ਦੂਜਿਆਂ ਦੀ ਮਦਦ ਕਰ ਕੇ ਅਸੀਂ ਯਹੋਵਾਹ ਦੇ ਨੇੜੇ ਰਹਿੰਦੇ ਹਾਂ ਅਤੇ ਭਵਿੱਖ ਲਈ ਸਾਡੀ ਉਮੀਦ ਹੋਰ ਪੱਕੀ ਹੁੰਦੀ ਹੈ। ਜੀ ਹਾਂ, ਇਸ ਤਰ੍ਹਾਂ ਕਰਕੇ ਸਾਡੇ ਵੀ ਹੱਥ ਤਕੜੇ ਹੁੰਦੇ ਹਨ।

18 ਪੁਰਾਣੇ ਸਮੇਂ ਵਿਚ ਯਹੋਵਾਹ ਨੇ ਅਲੱਗ-ਅਲੱਗ ਮੌਕਿਆਂ ’ਤੇ ਆਪਣੇ ਵਫ਼ਾਦਾਰ ਸੇਵਕਾਂ ਦੀ ਮਦਦ ਅਤੇ ਰਾਖੀ ਕੀਤੀ। ਇਨ੍ਹਾਂ ਗੱਲਾਂ ’ਤੇ ਸੋਚ-ਵਿਚਾਰ ਕਰ ਕੇ ਯਹੋਵਾਹ ਉੱਤੇ ਸਾਡੀ ਨਿਹਚਾ ਅਤੇ ਭਰੋਸਾ ਵਧਦਾ ਹੈ। ਸੋ ਦਬਾਵਾਂ ਅਤੇ ਮੁਸ਼ਕਲਾਂ ਦਾ ਸਾਮ੍ਹਣਾ ਕਰਦਿਆਂ ਕਦੇ ਵੀ ‘ਆਪਣੇ ਹੱਥ ਢਿੱਲੇ ਨਾ ਪੈਣ ਦਿਓ।’ ਤੁਸੀਂ ਪੱਕਾ ਯਕੀਨ ਰੱਖ ਸਕਦੇ ਹੋ ਕਿ ਜੇ ਤੁਸੀਂ ਪ੍ਰਾਰਥਨਾ ਵਿਚ ਯਹੋਵਾਹ ਤੋਂ ਮਦਦ ਮੰਗੋਗੇ, ਤਾਂ ਉਹ ਆਪਣੇ ਸ਼ਕਤੀਸ਼ਾਲੀ ਹੱਥ ਨਾਲ ਤੁਹਾਨੂੰ ਤਕੜਾ ਕਰੇਗਾ ਅਤੇ ਭਵਿੱਖ ਵਿਚ ਤੁਹਾਨੂੰ ਬਰਕਤਾਂ ਦੇਵੇਗਾ।​—ਜ਼ਬੂ. 73:23, 24.