Skip to content

Skip to table of contents

ਨੌਜਵਾਨੋ, ਆਪਣੀ ਨਿਹਚਾ ਮਜ਼ਬੂਤ ਕਰੋ

ਨੌਜਵਾਨੋ, ਆਪਣੀ ਨਿਹਚਾ ਮਜ਼ਬੂਤ ਕਰੋ

‘ਨਿਹਚਾ ਇਸ ਗੱਲ ਦਾ ਸਬੂਤ ਹੈ ਕਿ ਤੁਸੀਂ ਜਿਸ ਚੀਜ਼ ’ਤੇ ਵਿਸ਼ਵਾਸ ਕਰਦੇ ਹੋ, ਉਹ ਸੱਚ-ਮੁੱਚ ਹੈ, ਭਾਵੇਂ ਤੁਸੀਂ ਉਸ ਨੂੰ ਦੇਖ ਨਹੀਂ ਸਕਦੇ।’​—ਇਬ. 11:1.

ਗੀਤ: 4111

1, 2. ਅੱਜ ਨੌਜਵਾਨਾਂ ਉੱਤੇ ਕਿਹੜਾ ਦਬਾਅ ਆ ਸਕਦਾ ਹੈ? ਉਹ ਇਸ ਦਾ ਸਾਮ੍ਹਣਾ ਕਿਵੇਂ ਕਰ ਸਕਦੇ ਹਨ?

ਇੰਗਲੈਂਡ ਵਿਚ ਰਹਿਣ ਵਾਲੀ ਇਕ ਵਿਦਿਆਰਥਣ ਨੇ ਇਕ ਨੌਜਵਾਨ ਭੈਣ ਨੂੰ ਕਿਹਾ: “ਮੈਂ ਤਾਂ ਸੋਚਿਆ ਸੀ ਕਿ ਤੂੰ ਬਹੁਤ ਸਮਝਦਾਰ ਹੈਂ, ਪਰ ਤੂੰ ਵੀ ਰੱਬ ਨੂੰ ਮੰਨਦੀ ਹੈਂ।” ਜਰਮਨੀ ਵਿਚ ਰਹਿਣ ਵਾਲੇ ਇਕ ਭਰਾ ਨੇ ਲਿਖਿਆ: “ਮੇਰੇ ਅਧਿਆਪਕ ਮੰਨਦੇ ਹਨ ਕਿ ਬਾਈਬਲ ਵਿਚ ਦੱਸੀਆਂ ਸ੍ਰਿਸ਼ਟੀ ਦੀਆਂ ਗੱਲਾਂ ਸਿਰਫ਼ ਕਥਾ-ਕਹਾਣੀਆਂ ਹੀ ਹਨ। ਨਾਲੇ ਉਹ ਸੋਚਦੇ ਹਨ ਕਿ ਸਾਰੇ ਵਿਦਿਆਰਥੀ ਵਿਕਾਸਵਾਦ ’ਤੇ ਯਕੀਨ ਕਰਦੇ ਹਨ।” ਫਰਾਂਸ ਵਿਚ ਰਹਿਣ ਵਾਲੀ ਇਕ ਨੌਜਵਾਨ ਭੈਣ ਨੇ ਕਿਹਾ: “ਮੇਰੇ ਸਕੂਲ ਦੇ ਅਧਿਆਪਕ ਇਸ ਗੱਲ ਤੋਂ ਬਹੁਤ ਹੈਰਾਨ ਹੁੰਦੇ ਹਨ ਕਿ ਅੱਜ ਦੇ ਜ਼ਮਾਨੇ ਵਿਚ ਵੀ ਕੁਝ ਵਿਦਿਆਰਥੀ ਹਨ ਜੋ ਬਾਈਬਲ ਨੂੰ ਮੰਨਦੇ ਹਨ।”

2 ਸ਼ਾਇਦ ਤੁਸੀਂ ਯਹੋਵਾਹ ਦੇ ਨੌਜਵਾਨ ਸੇਵਕ ਹੋ ਜਾਂ ਸ਼ਾਇਦ ਤੁਸੀਂ ਉਸ ਬਾਰੇ ਸਿੱਖ ਰਹੇ ਹੋ? ਕੀ ਤੁਹਾਡੇ ਉੱਤੇ ਉਹ ਗੱਲਾਂ ਮੰਨਣ ਦਾ ਦਬਾਅ ਹੈ ਜੋ ਬਾਕੀ ਸਾਰੇ ਮੰਨਦੇ ਹਨ, ਜਿਵੇਂ ਕਿ ਇਕ ਸ੍ਰਿਸ਼ਟੀਕਰਤਾ ਵਿਚ ਵਿਸ਼ਵਾਸ ਕਰਨ ਦੀ ਬਜਾਇ ਵਿਕਾਸਵਾਦ ਨੂੰ ਮੰਨਣਾ? ਜੇ ਤੁਹਾਨੂੰ ਇੱਦਾਂ ਲੱਗਦਾ ਹੈ, ਤਾਂ ਤੁਸੀਂ ਆਪਣੀ ਨਿਹਚਾ ਮਜ਼ਬੂਤ ਕਰਨ ਅਤੇ ਇਸ ਨੂੰ ਮਜ਼ਬੂਤ ਬਣਾਈ ਰੱਖਣ ਲਈ ਕੀ ਕਰ ਸਕਦੇ ਹੋ? ਇਕ ਗੱਲ ਹੈ, ਤੁਸੀਂ ਆਪਣੀ ਸੋਚਣ-ਸਮਝਣ ਦੀ ਕਾਬਲੀਅਤ ਨੂੰ ਇਸਤੇਮਾਲ ਕਰੋ ਜੋ ਤੁਹਾਡੀ “ਪਾਲਨਾ ਕਰੇਗੀ।” ਇਹ ਤੁਹਾਡੀ ਝੂਠੀਆਂ ਗੱਲਾਂ ਨਾ ਮੰਨਣ ਅਤੇ ਯਹੋਵਾਹ ਉੱਤੇ ਨਿਹਚਾ ਮਜ਼ਬੂਤ ਕਰਨ ਵਿਚ ਮਦਦ ਕਰੇਗੀ।​—ਕਹਾਉਤਾਂ 2:10-12 ਪੜ੍ਹੋ।

3. ਅਸੀਂ ਇਸ ਲੇਖ ਵਿਚ ਕਿਸ ਗੱਲ ਬਾਰੇ ਚਰਚਾ ਕਰਾਂਗੇ?

3 ਪਰਮੇਸ਼ੁਰ ਬਾਰੇ ਸਹੀ ਗਿਆਨ ਲੈ ਕੇ ਹੀ ਨਿਹਚਾ ਮਜ਼ਬੂਤ ਹੁੰਦੀ ਹੈ। (1 ਤਿਮੋ. 2:4) ਇਸ ਲਈ ਪਰਮੇਸ਼ੁਰ ਦੇ ਬਚਨ ਅਤੇ ਮਸੀਹੀ ਪ੍ਰਕਾਸ਼ਨਾਂ ਦੀ ਸਟੱਡੀ ਉੱਪਰੋਂ-ਉੱਪਰੋਂ ਨਾ ਕਰੋ। ਇਸ ਦੀ ਬਜਾਇ, ਪੜ੍ਹੀਆਂ ਗੱਲਾਂ ਦਾ ‘ਮਤਲਬ ਸਮਝਣ’ ਲਈ ਆਪਣੀ ਸੋਚਣ-ਸਮਝਣ ਦੀ ਕਾਬਲੀਅਤ ਇਸਤੇਮਾਲ ਕਰੋ। (ਮੱਤੀ 13:23) ਆਓ ਆਪਾਂ ਦੇਖੀਏ ਕਿ ਇਸ ਤਰ੍ਹਾਂ ਕਰਨ ਨਾਲ ਅਸੀਂ ਸ੍ਰਿਸ਼ਟੀਕਰਤਾ ਅਤੇ ਬਾਈਬਲ ਉੱਤੇ ਆਪਣੀ ਨਿਹਚਾ ਮਜ਼ਬੂਤ ਕਿਵੇਂ ਕਰ ਸਕਦੇ ਹਾਂ ਜਿਨ੍ਹਾਂ ਬਾਰੇ ਬਹੁਤ ਸਾਰੇ “ਸਬੂਤ” ਹਨ।​—ਇਬ. 11:1.

ਨਿਹਚਾ ਮਜ਼ਬੂਤ ਕਿੱਦਾਂ ਕਰੀਏ?

4. ਵਿਕਾਸਵਾਦ ਜਾਂ ਪਰਮੇਸ਼ੁਰ ਨੂੰ ਮੰਨਣ ਲਈ ਵਿਸ਼ਵਾਸ ਦੀ ਲੋੜ ਕਿਉਂ ਹੈ? ਇਸ ਲਈ ਸਾਨੂੰ ਸਾਰਿਆਂ ਨੂੰ ਕੀ ਕਰਨ ਦੀ ਲੋੜ ਹੈ?

4 ਕੀ ਕਿਸੇ ਨੇ ਤੁਹਾਨੂੰ ਕਦੀ ਕਿਹਾ: “ਮੈਂ ਵਿਕਾਸਵਾਦ ਨੂੰ ਇਸ ਲਈ ਮੰਨਦਾ ਹਾਂ ਕਿਉਂਕਿ ਵਿਗਿਆਨੀ ਕਹਿੰਦੇ ਹਨ ਕਿ ਇਹ ਸੱਚ ਹੈ। ਤੁਸੀਂ ਰੱਬ ਨੂੰ ਕਿੱਦਾਂ ਮੰਨ ਸਕਦੇ ਹੋ ਜਦ ਕਿ ਕਿਸੇ ਨੇ ਉਸ ਨੂੰ ਦੇਖਿਆ ਹੀ ਨਹੀਂ?” ਬਹੁਤ ਸਾਰੇ ਲੋਕ ਇੱਦਾਂ ਸੋਚਦੇ ਹਨ। ਪਰ ਹਮੇਸ਼ਾ ਯਾਦ ਰੱਖੋ: ਚਾਹੇ ਲੋਕ ਵਿਕਾਸਵਾਦ ਨੂੰ ਮੰਨਣ ਜਾਂ ਰੱਬ ਨੂੰ, ਪਰ ਇਨ੍ਹਾਂ ਨੂੰ ਮੰਨਣ ਲਈ ਵਿਸ਼ਵਾਸ ਦੀ ਲੋੜ ਹੈ। ਪਰ ਕਿਉਂ? ਕਿਉਂਕਿ ਨਾ ਤਾਂ ਕਿਸੇ ਨੇ ਪਰਮੇਸ਼ੁਰ ਨੂੰ ਦੇਖਿਆ ਤੇ ਨਾ ਹੀ ਉਸ ਨੂੰ ਕੋਈ ਚੀਜ਼ ਬਣਾਉਂਦਿਆਂ ਦੇਖਿਆ ਹੈ। (ਯੂਹੰ. 1:18) ਨਾਲੇ ਨਾ ਤਾਂ ਕਿਸੇ ਇਨਸਾਨ ਨੇ ਤੇ ਨਾ ਹੀ ਕਿਸੇ ਵਿਗਿਆਨੀ ਨੇ ਇਕ ਜਾਨਵਰ ਨੂੰ ਦੂਜੇ ਜਾਨਵਰ ਵਿਚ ਬਦਲਦੇ ਦੇਖਿਆ। ਮਿਸਾਲ ਲਈ, ਕੀ ਕਿਸੇ ਨੇ ਬਾਂਦਰ ਨੂੰ ਇਨਸਾਨ ਬਣਦਿਆਂ ਦੇਖਿਆ? (ਅੱਯੂ. 38:1, 4) ਇਸ ਲਈ ਸਾਨੂੰ ਸਾਰਿਆਂ ਨੂੰ ਸਬੂਤਾਂ ਦੀ ਜਾਂਚ ਕਰ ਕੇ ਅਤੇ ਆਪਣੀ ਸੋਚਣ-ਸਮਝਣ ਦੀ ਕਾਬਲੀਅਤ ਇਸਤੇਮਾਲ ਕਰ ਕੇ ਸਹੀ ਨਤੀਜੇ ’ਤੇ ਪਹੁੰਚਣ ਦੀ ਲੋੜ ਹੈ। ਸ੍ਰਿਸ਼ਟੀ ਬਾਰੇ ਗੱਲ ਕਰਦਿਆਂ ਪੌਲੁਸ ਰਸੂਲ ਨੇ ਲਿਖਿਆ: “ਦੁਨੀਆਂ ਨੂੰ ਸਿਰਜਣ ਦੇ ਸਮੇਂ ਤੋਂ ਹੀ [ਪਰਮੇਸ਼ੁਰ] ਦੇ ਗੁਣ ਸਾਫ਼-ਸਾਫ਼ ਦਿਖਾਈ ਦਿੰਦੇ ਰਹੇ ਹਨ। ਉਸ ਦੀਆਂ ਬਣਾਈਆਂ ਚੀਜ਼ਾਂ ਤੋਂ ਇਹ ਗੁਣ ਦੇਖੇ ਜਾ ਸਕਦੇ ਹਨ ਕਿ ਉਸ ਕੋਲ ਬੇਅੰਤ ਤਾਕਤ ਹੈ ਅਤੇ ਉਹੀ ਪਰਮੇਸ਼ੁਰ ਹੈ। ਇਸ ਲਈ ਉਨ੍ਹਾਂ ਕੋਲ ਪਰਮੇਸ਼ੁਰ ਉੱਤੇ ਵਿਸ਼ਵਾਸ ਨਾ ਕਰਨ ਦਾ ਕੋਈ ਬਹਾਨਾ ਨਹੀਂ ਹੈ।”​—ਰੋਮੀ. 1:20.

ਲੋਕਾਂ ਨਾਲ ਤਰਕ ਕਰਨ ਲਈ ਆਪਣੀ ਭਾਸ਼ਾ ਵਿਚ ਉਪਲਬਧ ਔਜ਼ਾਰਾਂ ਦਾ ਚੰਗਾ ਇਸਤੇਮਾਲ ਕਰੋ (ਪੈਰਾ 5 ਦੇਖੋ)

5. ਸ੍ਰਿਸ਼ਟੀ ਬਾਰੇ ਸਿੱਖਣ ਲਈ ਸਾਡੇ ਕੋਲ ਕਿਹੜੇ ਔਜ਼ਾਰ ਹਨ?

5 ਬਾਈਬਲ ਕਹਿੰਦੀ ਹੈ: “ਨਿਹਚਾ ਨਾਲ ਅਸੀਂ ਇਹ ਗੱਲ ਸਮਝਦੇ ਹਾਂ ਕਿ ਪਰਮੇਸ਼ੁਰ ਦੇ ਬਚਨ ਨਾਲ ਹੀ ਦੁਨੀਆਂ ਦੀਆਂ ਸਾਰੀਆਂ ਚੀਜ਼ਾਂ ਬਣਾਈਆਂ ਗਈਆਂ ਸਨ।” (ਇਬ. 11:3) ਸਮਝਦਾਰ ਲੋਕ ਸਿਰਫ਼ ਦੇਖੀਆਂ ਜਾਂ ਸੁਣੀਆਂ-ਸੁਣਾਈਆਂ ਗੱਲਾਂ ’ਤੇ ਵਿਸ਼ਵਾਸ ਨਹੀਂ ਕਰਦੇ, ਸਗੋਂ ਖ਼ੁਦ ਆਪਣਾ ਦਿਮਾਗ਼ ਲੜਾਉਂਦੇ ਹਨ। ਸਾਡੀ ਮਦਦ ਲਈ ਯਹੋਵਾਹ ਦੇ ਸੰਗਠਨ ਨੇ ਬਹੁਤ ਸਾਰੇ ਔਜ਼ਾਰ ਤਿਆਰ ਕੀਤੇ ਹਨ। ਇਨ੍ਹਾਂ ਨੂੰ ਤਿਆਰ ਕਰਨ ਲਈ ਬਹੁਤ ਖੋਜਬੀਨ ਕੀਤੀ ਗਈ ਹੈ। ਇਨ੍ਹਾਂ ਦੀ ਮਦਦ ਨਾਲ ਅਸੀਂ ਆਪਣੇ ਸ੍ਰਿਸ਼ਟੀਕਰਤਾ ਨੂੰ ਮਨ ਦੀਆਂ ਅੱਖਾਂ ਨਾਲ ‘ਦੇਖ’ ਸਕਾਂਗੇ। (ਇਬ. 11:27) ਇਨ੍ਹਾਂ ਔਜ਼ਾਰਾਂ ਵਿਚ ਸ਼ਾਮਲ ਹਨ: ਸ਼ਾਨਦਾਰ ਸ੍ਰਿਸ਼ਟੀ ਪਰਮੇਸ਼ੁਰ ਦੀ ਮਹਿਮਾ ਕਰਦੀ ਹੈ (ਅੰਗ੍ਰੇਜ਼ੀ) ਨਾਂ ਦੀ ਵੀਡੀਓ, ਕੀ ਸ੍ਰਿਸ਼ਟੀ ਰੱਬ ਦੇ ਹੱਥਾਂ ਦਾ ਕਮਾਲ ਹੈ? (ਅੰਗ੍ਰੇਜ਼ੀ) ਤੇ ਜੀਵਨ ਦੀ ਸ਼ੁਰੂਆਤ ਬਾਰੇ ਪੰਜ ਜ਼ਰੂਰੀ ਸਵਾਲ (ਹਿੰਦੀ) ਨਾਂ ਦੇ ਬਰੋਸ਼ਰ ਅਤੇ ਕੀ ਕੋਈ ਸ੍ਰਿਸ਼ਟੀਕਰਤਾ ਹੈ ਜੋ ਤੁਹਾਡੀ ਪਰਵਾਹ ਕਰਦਾ ਹੈ? (ਅੰਗ੍ਰੇਜ਼ੀ) ਨਾਂ ਦੀ ਕਿਤਾਬ। ਸਾਨੂੰ ਆਪਣੇ ਰਸਾਲਿਆਂ ਤੋਂ ਵੀ ਬਹੁਤ ਵਧੀਆ ਜਾਣਕਾਰੀ ਮਿਲਦੀ ਹੈ। ਕਈ ਵਾਰ ਜਾਗਰੂਕ ਬਣੋ! ਵਿਚ ਵਿਗਿਆਨੀਆਂ ਨਾਲ ਮੁਲਾਕਾਤ ਨਾਂ ਦੇ ਲੇਖ ਆਉਂਦੇ ਹਨ ਜਿਨ੍ਹਾਂ ਵਿਚ ਉਹ ਦੱਸਦੇ ਹਨ ਕਿ ਉਹ ਹੁਣ ਪਰਮੇਸ਼ੁਰ ਨੂੰ ਕਿਉਂ ਮੰਨਦੇ ਹਨ। “ਇਹ ਕਿਸ ਦਾ ਕਮਾਲ ਹੈ?” ਲੜੀਵਾਰ ਲੇਖਾਂ ਵਿਚ ਸ੍ਰਿਸ਼ਟੀ ਦੀਆਂ ਚੀਜ਼ਾਂ ਦੀ ਹੈਰਾਨੀਜਨਕ ਬਣਤਰ ਬਾਰੇ ਸਮਝਾਇਆ ਜਾਂਦਾ ਹੈ। ਵਿਗਿਆਨੀ ਸ੍ਰਿਸ਼ਟੀ ਦੀਆਂ ਸ਼ਾਨਦਾਰ ਚੀਜ਼ਾਂ ਦੀ ਨਕਲ ਕਰਨ ਦੀ ਕੋਸ਼ਿਸ਼ ਕਰਦੇ ਹਨ।

6. ਖੋਜਬੀਨ ਕਰਨ ਲਈ ਤਿਆਰ ਕੀਤੇ ਗਏ ਔਜ਼ਾਰਾਂ ਤੋਂ ਕਿਹੜੇ ਫ਼ਾਇਦੇ ਹੋ ਸਕਦੇ ਹਨ? ਦੱਸੋ ਕਿ ਤੁਹਾਨੂੰ ਕੀ ਫ਼ਾਇਦੇ ਹੋਏ ਹਨ।

6 ਜਿਨ੍ਹਾਂ ਦੋ ਬਰੋਸ਼ਰਾਂ ਦਾ ਉੱਪਰ ਜ਼ਿਕਰ ਕੀਤਾ ਗਿਆ ਹੈ, ਉਨ੍ਹਾਂ ਬਾਰੇ ਅਮਰੀਕਾ ਵਿਚ ਰਹਿਣ ਵਾਲਾ 19 ਸਾਲਾਂ ਦਾ ਭਰਾ ਕਹਿੰਦਾ ਹੈ: “ਇਨ੍ਹਾਂ ਨੇ ਮੇਰੀ ਬਹੁਤ ਮਦਦ ਕੀਤੀ। ਮੈਨੂੰ ਪਤਾ ਨਹੀਂ ਕਿ ਮੈਂ ਇਨ੍ਹਾਂ ਨੂੰ ਕਿੰਨੀ ਵਾਰੀ ਪੜ੍ਹਿਆ ਹੈ।” ਫਰਾਂਸ ਵਿਚ ਰਹਿਣ ਵਾਲੀ ਭੈਣ ਨੇ ਲਿਖਿਆ: “ਜਦੋਂ ਮੈਂ ‘ਇਹ ਕਿਸ ਦਾ ਕਮਾਲ ਹੈ?’ ਲੇਖ ਪੜ੍ਹਦੀ ਹਾਂ, ਤਾਂ ਮੈਨੂੰ ਬਹੁਤ ਹੈਰਾਨੀ ਹੁੰਦੀ ਹੈ। ਇਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਵੱਡੇ-ਵੱਡੇ ਇੰਜੀਨੀਅਰ ਕੁਝ ਹੱਦ ਤਕ ਸ੍ਰਿਸ਼ਟੀ ਦੀਆਂ ਚੀਜ਼ਾਂ ਦੀ ਨਕਲ ਕਰ ਸਕਦੇ ਹਨ, ਪਰ ਸ੍ਰਿਸ਼ਟੀ ਵਿਚ ਜਿੰਨੀਆਂ ਗੁੰਝਲਦਾਰ ਚੀਜ਼ਾਂ ਹਨ ਉਹ ਉੱਨੀਆਂ ਗੁੰਝਲਦਾਰ ਚੀਜ਼ਾਂ ਕਦੇ ਨਹੀਂ ਬਣਾ ਸਕਦੇ।” ਦੱਖਣੀ ਅਫ਼ਰੀਕਾ ਵਿਚ ਰਹਿਣ ਵਾਲੇ ਮਾਪੇ ਆਪਣੀ 15 ਸਾਲਾਂ ਦੀ ਕੁੜੀ ਬਾਰੇ ਦੱਸਦੇ ਹਨ: “ਉਹ ਸਭ ਤੋਂ ਪਹਿਲਾਂ ਜਾਗਰੂਕ ਬਣੋ! ਵਿਚ ‘ਮੁਲਾਕਾਤ’ ਨਾਂ ਦੇ ਲੇਖ ਪੜ੍ਹਦੀ ਹੈ।” ਤੁਹਾਡੇ ਬਾਰੇ ਕੀ? ਕੀ ਤੁਸੀਂ ਇਨ੍ਹਾਂ ਪ੍ਰਕਾਸ਼ਨਾਂ ਦਾ ਪੂਰਾ-ਪੂਰਾ ਫ਼ਾਇਦਾ ਲੈਂਦੇ ਹੋ? ਇਨ੍ਹਾਂ ਦੀ ਮਦਦ ਨਾਲ ਤੁਹਾਡੀ ਨਿਹਚਾ ਦਰਖ਼ਤ ਦੀਆਂ ਜੜ੍ਹਾਂ ਵਾਂਗ ਮਜ਼ਬੂਤ ਹੋਵੇਗੀ। ਇਸ ਲਈ ਜਦੋਂ ਵੀ ਝੂਠੀਆਂ ਸਿੱਖਿਆਵਾਂ ਦੀਆਂ ਤੇਜ਼ ਹਵਾਵਾਂ ਵਗਣਗੀਆਂ, ਤਾਂ ਤੁਸੀਂ ਡਗਮਗਾਓਗੇ ਨਹੀਂ, ਸਗੋਂ ਆਪਣੀ ਜਗ੍ਹਾ ’ਤੇ ਪੱਕੇ ਖੜ੍ਹੇ ਰਹੋਗੇ।​—ਯਿਰ. 17:5-8.

ਬਾਈਬਲ ’ਤੇ ਤੁਹਾਡਾ ਭਰੋਸਾ

7. ਪਰਮੇਸ਼ੁਰ ਕਿਉਂ ਚਾਹੁੰਦਾ ਹੈ ਕਿ ਤੁਸੀਂ ਆਪਣੀ ਸੋਚਣ-ਸਮਝਣ ਦੀ ਕਾਬਲੀਅਤ ਇਸਤੇਮਾਲ ਕਰੋ?

7 ਜੇ ਤੁਹਾਡੇ ਮਨ ਵਿਚ ਬਾਈਬਲ ਬਾਰੇ ਸਵਾਲ ਹਨ, ਤਾਂ ਕੀ ਇਹ ਪੁੱਛਣੇ ਗ਼ਲਤ ਹਨ? ਬਿਲਕੁਲ ਨਹੀਂ। ਯਹੋਵਾਹ ਚਾਹੁੰਦਾ ਹੈ ਕਿ ਤੁਸੀਂ ਆਪਣੀ “ਸੋਚਣ-ਸਮਝਣ ਦੀ ਕਾਬਲੀਅਤ” ਇਸਤੇਮਾਲ ਕਰ ਕੇ ਖ਼ੁਦ ਦੇਖੋ ਕਿ ਸੱਚ ਕੀ ਹੈ। ਪਰਮੇਸ਼ੁਰ ਨਹੀਂ ਚਾਹੁੰਦਾ ਕਿ ਤੁਸੀਂ ਦੂਸਰਿਆਂ ਮਗਰ ਲੱਗ ਕੇ ਬਾਈਬਲ ਉੱਤੇ ਯਕੀਨ ਕਰੋ। ਇਸ ਲਈ ਆਪਣੀ ਸੋਚਣ-ਸਮਝਣ ਦੀ ਕਾਬਲੀਅਤ ਇਸਤੇਮਾਲ ਕਰ ਕੇ ਸਹੀ ਗਿਆਨ ਲਓ। ਤੁਸੀਂ ਜਿੰਨਾ ਜ਼ਿਆਦਾ ਬਾਈਬਲ ਦਾ ਗਿਆਨ ਲਓਗੇ, ਉੱਨਾ ਜ਼ਿਆਦਾ ਤੁਹਾਡਾ ਵਿਸ਼ਵਾਸ ਮਜ਼ਬੂਤ ਹੋਵੇਗਾ। (ਰੋਮੀਆਂ 12:1, 2; 1 ਤਿਮੋਥਿਉਸ 2:4 ਪੜ੍ਹੋ।) ਸਹੀ ਗਿਆਨ ਲੈਣ ਦਾ ਇਕ ਤਰੀਕਾ ਹੈ, ਅਲੱਗ-ਅਲੱਗ ਵਿਸ਼ਿਆਂ ’ਤੇ ਖੋਜ ਕਰਨੀ।

8, 9. (ੳ) ਕਈਆਂ ਨੂੰ ਕਿਹੜੀਆਂ ਗੱਲਾਂ ਬਾਰੇ ਖੋਜਬੀਨ ਕਰ ਕੇ ਮਜ਼ਾ ਆਉਂਦਾ ਹੈ? (ਅ) ਪੜ੍ਹੀਆਂ ਗੱਲਾਂ ’ਤੇ ਸੋਚ-ਵਿਚਾਰ ਕਰ ਕੇ ਕਈਆਂ ਨੂੰ ਕੀ ਫ਼ਾਇਦਾ ਹੋਇਆ?

8 ਕਈਆਂ ਨੂੰ ਬਾਈਬਲ ਦੀਆਂ ਭਵਿੱਖਬਾਣੀਆਂ ਦੀ ਸਟੱਡੀ ਕਰ ਕੇ ਬਹੁਤ ਮਜ਼ਾ ਆਉਂਦਾ ਹੈ। ਕਈ ਸ਼ਾਇਦ ਬਾਈਬਲ ਦੇ ਬਿਰਤਾਂਤਾਂ ਦੀ ਤੁਲਨਾ ਪੁਰਾਤੱਤਵ-ਵਿਗਿਆਨੀਆਂ, ਇਤਿਹਾਸਕਾਰਾਂ ਅਤੇ ਵਿਗਿਆਨੀਆਂ ਦੀਆਂ ਕਹੀਆਂ ਗੱਲਾਂ ਨਾਲ ਕਰਨ। ਮਿਸਾਲ ਲਈ, ਉਤਪਤ 3:15 ਦੀ ਜ਼ਬਰਦਸਤ ਭਵਿੱਖਬਾਣੀ ’ਤੇ ਗੌਰ ਕਰੋ। ਇਸ ਆਇਤ ਵਿਚ ਪਹਿਲੀ ਵਾਰ ਬਾਈਬਲ ਦੇ ਮੁੱਖ ਵਿਸ਼ੇ ਦਾ ਜ਼ਿਕਰ ਕੀਤਾ ਗਿਆ ਹੈ, ਜੋ ਹੈ ਰਾਜ ਦੁਆਰਾ ਪਰਮੇਸ਼ੁਰ ਦੀ ਹਕੂਮਤ ਨੂੰ ਸੱਚ ਸਾਬਤ ਕਰਨਾ ਅਤੇ ਉਸ ਦੇ ਨਾਂ ਨੂੰ ਪਵਿੱਤਰ ਕਰਨਾ। ਇਸ ਆਇਤ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਅਦਨ ਦੇ ਬਾਗ਼ ਵਿਚ ਹੋਈ ਬਗਾਵਤ ਤੋਂ ਬਾਅਦ ਆਏ ਦੁੱਖਾਂ ਨੂੰ ਯਹੋਵਾਹ ਕਿਵੇਂ ਖ਼ਤਮ ਕਰੇਗਾ। ਤੁਸੀਂ ਉਤਪਤ 3:15 ਬਾਰੇ ਖੋਜਬੀਨ ਕਿਵੇਂ ਕਰ ਸਕਦੇ ਹੋ? ਸ਼ਾਇਦ ਤੁਸੀਂ ਇਕ ਸਮਾਂ-ਰੇਖਾ ਤਿਆਰ ਕਰ ਸਕਦੇ ਹੋ। ਫਿਰ ਸ਼ਾਇਦ ਤੁਸੀਂ ਇਸ ਉੱਤੇ ਖ਼ਾਸ-ਖ਼ਾਸ ਆਇਤਾਂ ਲਿਖ ਸਕਦੇ ਹੋ ਜਿਨ੍ਹਾਂ ਤੋਂ ਪਤਾ ਲੱਗੇ ਕਿ ਯਹੋਵਾਹ ਇਸ ਭਵਿੱਖਬਾਣੀ ਨੂੰ ਕਿੱਦਾਂ ਹੌਲੀ-ਹੌਲੀ ਪੂਰਾ ਕਰ ਰਿਹਾ ਹੈ। ਫਿਰ ਜਦੋਂ ਤੁਸੀਂ ਦੇਖੋਗੇ ਕਿ ਇਹ ਆਇਤਾਂ ਇਕ-ਦੂਜੇ ਨਾਲ ਕਿਵੇਂ ਮੇਲ ਖਾਂਦੀਆਂ ਹਨ, ਤਾਂ ਤੁਹਾਡੇ ਮਨ ਵਿਚ ਜ਼ਰਾ ਵੀ ਸ਼ੱਕ ਨਹੀਂ ਰਹੇਗਾ ਕਿ ਬਾਈਬਲ ਦੇ ਲਿਖਾਰੀਆਂ ਅਤੇ ਨਬੀਆਂ ਨੇ “ਪਵਿੱਤਰ ਸ਼ਕਤੀ ਦੀ ਪ੍ਰੇਰਣਾ” ਨਾਲ ਹੀ ਬਾਈਬਲ ਲਿਖੀ ਸੀ।​—2 ਪਤ. 1:21.

9 ਜਰਮਨੀ ਵਿਚ ਰਹਿਣ ਵਾਲੇ ਇਕ ਭਰਾ ਨੇ ਇਸ ਗੱਲ ਬਾਰੇ ਬਹੁਤ ਗਹਿਰਾਈ ਨਾਲ ਸੋਚਿਆ ਕਿ ਬਾਈਬਲ ਦੀ ਹਰੇਕ ਕਿਤਾਬ ਵਿਚ ਰਾਜ ਬਾਰੇ ਕੁਝ-ਨਾ-ਕੁਝ ਦੱਸਿਆ ਗਿਆ ਹੈ। ਉਸ ਨੇ ਕਿਹਾ: “ਇਹ ਗੱਲ ਕਮਾਲ ਦੀ ਹੈ ਕਿਉਂਕਿ ਲਗਭਗ 40 ਆਦਮੀਆਂ ਨੇ ਬਾਈਬਲ ਲਿਖੀ। ਨਾਲੇ ਇਨ੍ਹਾਂ ਵਿੱਚੋਂ ਬਹੁਤ ਸਾਰੇ ਆਦਮੀ ਅਲੱਗ-ਅਲੱਗ ਸਮੇਂ ਵਿਚ ਰਹਿੰਦੇ ਸਨ ਅਤੇ ਇਕ-ਦੂਜੇ ਨੂੰ ਜਾਣਦੇ ਵੀ ਨਹੀਂ ਸਨ।” ਆਸਟ੍ਰੇਲੀਆ ਵਿਚ ਰਹਿਣ ਵਾਲੀ ਭੈਣ 15 ਦਸੰਬਰ 2013 ਦੇ ਪਹਿਰਾਬੁਰਜ ਵਿਚ ਦਿੱਤਾ ਇਕ ਲੇਖ ਪੜ੍ਹ ਕੇ ਬਹੁਤ ਪ੍ਰਭਾਵਿਤ ਹੋਈ। ਉਸ ਵਿਚ ਪਸਾਹ ਦੇ ਤਿਉਹਾਰ ਦਾ ਮਤਲਬ ਸਮਝਾਇਆ ਗਿਆ ਸੀ। ਇਹ ਖ਼ਾਸ ਤਿਉਹਾਰ ਉਤਪਤ 3:15 ਅਤੇ ਮਸੀਹ ਦੇ ਆਉਣ ਨਾਲ ਖ਼ਾਸ ਤੱਲਕ ਰੱਖਦਾ ਸੀ। ਉਸ ਨੇ ਲਿਖਿਆ: “ਉਸ ਲੇਖ ਨੇ ਮੇਰੀਆਂ ਅੱਖਾਂ ਖੋਲ੍ਹ ਦਿੱਤੀਆਂ ਕਿ ਯਹੋਵਾਹ ਕਿੰਨਾ ਬੁੱਧੀਮਾਨ ਹੈ। ਯਹੋਵਾਹ ਨੇ ਇਜ਼ਰਾਈਲੀਆਂ ਲਈ ਇਸ ਤਿਉਹਾਰ ਦਾ ਪ੍ਰਬੰਧ ਕੀਤਾ ਅਤੇ ਯਿਸੂ ਨੇ ਇਸ ਦਾ ਮਕਸਦ ਪੂਰੀ ਤਰ੍ਹਾਂ ਜ਼ਾਹਰ ਕੀਤਾ। ਇਸ ਗੱਲ ਨੇ ਮੈਨੂੰ ਬਹੁਤ ਪ੍ਰਭਾਵਿਤ ਕੀਤਾ। ਮੈਂ ਸੋਚਦੀ ਰਹਿ ਗਈ ਕਿ ਉਹ ਆਖ਼ਰੀ ਪਸਾਹ ਦਾ ਤਿਉਹਾਰ ਕਿੰਨਾ ਇਤਿਹਾਸਕ ਹੋਣਾ!” ਇਸ ਭੈਣ ਨੂੰ ਇੱਦਾਂ ਕਿਉਂ ਲੱਗਾ? ਉਸ ਨੇ ਪੜ੍ਹੀਆਂ ਗੱਲਾਂ ਬਾਰੇ ਗਹਿਰਾਈ ਨਾਲ ਸੋਚਿਆ ਅਤੇ ਉਨ੍ਹਾਂ ਦਾ ‘ਮਤਲਬ ਸਮਝਿਆ।’ ਇੱਦਾਂ ਕਰਨ ਨਾਲ ਉਸ ਦੀ ਨਿਹਚਾ ਮਜ਼ਬੂਤ ਹੋਈ ਅਤੇ ਉਹ ਯਹੋਵਾਹ ਦੇ ਹੋਰ ਵੀ ਨੇੜੇ ਆਈ।​—ਮੱਤੀ 13:23.

10. ਬਾਈਬਲ ਦੇ ਲਿਖਾਰੀਆਂ ਦੀ ਈਮਾਨਦਾਰੀ ਕਰਕੇ ਸਾਡਾ ਬਾਈਬਲ ਉੱਤੇ ਭਰੋਸਾ ਕਿਉਂ ਵਧਦਾ ਹੈ?

10 ਆਪਣੀ ਨਿਹਚਾ ਮਜ਼ਬੂਤ ਕਰਨ ਲਈ ਤੁਸੀਂ ਉਨ੍ਹਾਂ ਦਲੇਰ ਅਤੇ ਈਮਾਨਦਾਰ ਲਿਖਾਰੀਆਂ ਬਾਰੇ ਵੀ ਸਟੱਡੀ ਕਰ ਸਕਦੇ ਹੋ ਜਿਨ੍ਹਾਂ ਨੇ ਬਾਈਬਲ ਲਿਖੀ। ਉਨ੍ਹਾਂ ਦਿਨਾਂ ਦੇ ਲਿਖਾਰੀ ਅਕਸਰ ਰਾਜਿਆਂ ਅਤੇ ਉਨ੍ਹਾਂ ਦੇ ਰਾਜ ਬਾਰੇ ਵਧਾ-ਚੜ੍ਹਾ ਕੇ ਲਿਖਦੇ ਸਨ। ਪਰ ਯਹੋਵਾਹ ਦੇ ਨਬੀ ਹਮੇਸ਼ਾ ਸੱਚ ਲਿਖਦੇ ਸਨ। ਉਨ੍ਹਾਂ ਨੇ ਨਾ ਸਿਰਫ਼ ਆਪਣੇ ਲੋਕਾਂ ਦੀਆਂ ਕਮੀਆਂ-ਕਮਜ਼ੋਰੀਆਂ ਬਾਰੇ, ਸਗੋਂ ਰਾਜਿਆਂ ਦੀਆਂ ਕਮੀਆਂ-ਕਮਜ਼ੋਰੀਆਂ ਬਾਰੇ ਵੀ ਦੱਸਿਆ। (2 ਇਤ. 16:9, 10; 24:18-22) ਨਾਲੇ ਉਨ੍ਹਾਂ ਨੇ ਆਪਣੀਆਂ ਗ਼ਲਤੀਆਂ ਬਾਰੇ ਲਿਖਣ ਦੇ ਨਾਲ-ਨਾਲ ਯਹੋਵਾਹ ਦੇ ਦੂਜੇ ਸੇਵਕਾਂ ਦੀਆਂ ਗ਼ਲਤੀਆਂ ਬਾਰੇ ਵੀ ਲਿਖਿਆ। (2 ਸਮੂ. 12:1-14; ਮਰ. 14:50) ਇੰਗਲੈਂਡ ਵਿਚ ਰਹਿਣ ਵਾਲਾ ਨੌਜਵਾਨ ਭਰਾ ਕਹਿੰਦਾ ਹੈ: “ਇੱਦਾਂ ਦੀ ਈਮਾਨਦਾਰੀ ਬਹੁਤ ਘੱਟ ਨਜ਼ਰ ਆਉਂਦੀ ਹੈ। ਇਸ ਕਾਰਨ ਕਰਕੇ ਵੀ ਸਾਡਾ ਭਰੋਸਾ ਵਧਦਾ ਹੈ ਕਿ ਬਾਈਬਲ ਵਾਕਈ ਯਹੋਵਾਹ ਵੱਲੋਂ ਹੈ।”

11. ਨੌਜਵਾਨ ਬਾਈਬਲ ਦੇ ਅਸੂਲਾਂ ਪ੍ਰਤੀ ਆਪਣੀ ਕਦਰ ਕਿਵੇਂ ਵਧਾ ਸਕਦੇ ਹਨ?

11 ਬਾਈਬਲ ਵਿਚ ਦਿੱਤੇ ਵਧੀਆ ਅਸੂਲਾਂ ਕਰਕੇ ਬਹੁਤ ਲੋਕ ਮੰਨਦੇ ਹਨ ਕਿ ਇਹ ਵਾਕਈ ਪਰਮੇਸ਼ੁਰ ਵੱਲੋਂ ਹੈ। (ਜ਼ਬੂਰਾਂ ਦੀ ਪੋਥੀ 19:7-11 ਪੜ੍ਹੋ।) ਜਪਾਨ ਵਿਚ ਰਹਿਣ ਵਾਲੀ ਇਕ ਨੌਜਵਾਨ ਭੈਣ ਨੇ ਲਿਖਿਆ: “ਬਾਈਬਲ ਦੀਆਂ ਸਿੱਖਿਆਵਾਂ ਉੱਤੇ ਚੱਲਣ ਕਰਕੇ ਸਾਡੇ ਘਰ ਵਿਚ ਸ਼ਾਂਤੀ, ਏਕਤਾ ਅਤੇ ਪਿਆਰ ਹੈ।” ਬਾਈਬਲ ਦੇ ਅਸੂਲ ਸਾਨੂੰ ਝੂਠੀਆਂ ਸਿੱਖਿਆਵਾਂ ਅਤੇ ਵਹਿਮਾਂ-ਭਰਮਾਂ ਤੋਂ ਬਚਾ ਕੇ ਰੱਖਦੇ ਹਨ ਜਿਨ੍ਹਾਂ ਵਿਚ ਅੱਜ ਬਹੁਤ ਸਾਰੇ ਲੋਕ ਫਸੇ ਹੋਏ ਹਨ। (ਜ਼ਬੂ. 115:3-8) ਬਹੁਤ ਸਾਰੇ ਲੋਕ ਮੰਨਦੇ ਹਨ ਕਿ ਰੱਬ ਹੈ ਹੀ ਨਹੀਂ। ਕੀ ਇੱਦਾਂ ਦੇ ਖ਼ਿਆਲਾਂ ਦਾ ਦੂਸਰਿਆਂ ਉੱਤੇ ਕੋਈ ਅਸਰ ਪੈਂਦਾ ਹੈ? ਵਿਕਾਸਵਾਦ ਵਰਗੀਆਂ ਸਿੱਖਿਆਵਾਂ ਨੂੰ ਮੰਨਣ ਵਾਲੇ ਸ੍ਰਿਸ਼ਟੀ ਨੂੰ ਪਰਮਾਤਮਾ ਦਾ ਦਰਜਾ ਦਿੰਦੇ ਹਨ। ਰੱਬ ਨੂੰ ਨਾ ਮੰਨਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਚੰਗਾ ਭਵਿੱਖ ਇਨਸਾਨਾਂ ਦੇ ਹੱਥ ਵਿਚ ਹੈ। ਪਰ ਜੇ ਇਨਸਾਨ ਅਜੇ ਤਕ ਦੁਨੀਆਂ ਦੀਆਂ ਮੁਸ਼ਕਲਾਂ ਹੱਲ ਨਹੀਂ ਕਰ ਪਾਏ, ਤਾਂ ਆਉਣ ਵਾਲੇ ਸਮੇਂ ਵਿਚ ਕਿੱਥੋਂ ਕਰ ਲੈਣਗੇ?​—ਜ਼ਬੂ. 146:3, 4.

ਦੂਜਿਆਂ ਨਾਲ ਤਰਕ ਕਰੋ

12, 13. ਤੁਸੀਂ ਵਿਦਿਆਰਥੀਆਂ, ਅਧਿਆਪਕਾਂ ਅਤੇ ਕਿਸੇ ਹੋਰ ਨਾਲ ਬਾਈਬਲ ਅਤੇ ਸ੍ਰਿਸ਼ਟੀ ਬਾਰੇ ਅਸਰਕਾਰੀ ਤਰੀਕੇ ਨਾਲ ਤਰਕ ਕਿਵੇਂ ਕਰ ਸਕਦੇ ਹੋ?

12 ਤੁਸੀਂ ਬਾਈਬਲ ਅਤੇ ਸ੍ਰਿਸ਼ਟੀ ਬਾਰੇ ਅਸਰਕਾਰੀ ਤਰੀਕੇ ਨਾਲ ਤਰਕ ਕਿਵੇਂ ਕਰ ਸਕਦੇ ਹੋ? ਪਹਿਲੀ ਗੱਲ, ਦੂਜਿਆਂ ਦੇ ਵਿਸ਼ਵਾਸਾਂ ਬਾਰੇ ਝੱਟ ਰਾਇ ਕਾਇਮ ਨਾ ਕਰੋ। ਕੁਝ ਲੋਕ ਵਿਕਾਸਵਾਦ ਨੂੰ ਮੰਨਣ ਦੇ ਨਾਲ-ਨਾਲ ਰੱਬ ਨੂੰ ਵੀ ਮੰਨਦੇ ਹਨ। ਉਹ ਸੋਚਦੇ ਹਨ ਕਿ ਰੱਬ ਨੇ ਹੀ ਸਭ ਤੋਂ ਪਹਿਲਾ ਸੈੱਲ ਬਣਾਇਆ ਸੀ। ਫਿਰ ਇਸ ਸੈੱਲ ਤੋਂ ਦੁਨੀਆਂ ਦੇ ਅਲੱਗ-ਅਲੱਗ ਜੀਵ-ਜੰਤੂ ਆਪੇ ਬਣਦੇ ਗਏ। ਕੁਝ ਲੋਕ ਵਿਕਾਸਵਾਦ ਨੂੰ ਇਸ ਲਈ ਮੰਨਦੇ ਹਨ ਕਿਉਂਕਿ ਉਹ ਸੋਚਦੇ ਹਨ ਕਿ ਜੇ ਇਹ ਸਿੱਖਿਆ ਸੱਚ ਨਾ ਹੁੰਦੀ, ਤਾਂ ਫਿਰ ਸਕੂਲਾਂ ਵਿਚ ਨਹੀਂ ਪੜ੍ਹਾਈ ਜਾਣੀ ਸੀ। ਨਾਲੇ ਕੁਝ ਲੋਕ ਧਰਮਾਂ ਤੋਂ ਦੁਖੀ ਹੋ ਕੇ ਰੱਬ ਉੱਤੇ ਵਿਸ਼ਵਾਸ ਕਰਨਾ ਛੱਡ ਦਿੰਦੇ ਹਨ। ਇਸ ਲਈ ਸਮਝਦਾਰੀ ਦੀ ਗੱਲ ਹੈ ਕਿ ਕਿਸੇ ਨਾਲ ਬਾਈਬਲ ਜਾਂ ਸ੍ਰਿਸ਼ਟੀ ਬਾਰੇ ਗੱਲ ਕਰਨ ਤੋਂ ਪਹਿਲਾਂ ਸਵਾਲ ਪੁੱਛੋ। ਜਾਣੋ ਕਿ ਉਹ ਵਿਅਕਤੀ ਕੀ ਮੰਨਦਾ ਹੈ। ਜੇ ਤੁਸੀਂ ਅੜਬ ਬਣਨ ਦੀ ਬਜਾਇ ਦੂਜਿਆਂ ਦੀ ਗੱਲ ਸੁਣੋਗੇ, ਤਾਂ ਸ਼ਾਇਦ ਉਹ ਵੀ ਤੁਹਾਡੀ ਗੱਲ ਸੁਣਨ ਲਈ ਤਿਆਰ ਹੋ ਜਾਣ।​—ਤੀਤੁ. 3:2.

13 ਤੁਸੀਂ ਉਦੋਂ ਕੀ ਕਰ ਸਕਦੇ ਹੋ, ਜਦੋਂ ਕੋਈ ਸ੍ਰਿਸ਼ਟੀ ਬਾਰੇ ਤੁਹਾਡੇ ਵਿਸ਼ਵਾਸ ਨੂੰ ਝੂਠਾ ਸਾਬਤ ਕਰਨ ਦੀ ਕੋਸ਼ਿਸ਼ ਕਰਦਾ ਹੈ? ਆਦਰ ਨਾਲ ਉਸ ਤੋਂ ਪੁੱਛੋ, ‘ਜੇ ਤੁਸੀਂ ਮੰਨਦੇ ਹੋ ਕਿ ਰੱਬ ਨਹੀਂ ਹੈ, ਤਾਂ ਕੀ ਤੁਸੀਂ ਸਮਝਾ ਸਕਦੇ ਹੋ ਕਿ ਸਾਰਾ ਕੁਝ ਕਿੱਥੋਂ ਆਇਆ?’ ਜੇ ਇਹ ਗੱਲ ਸੱਚ ਹੈ ਕਿ ਦੁਨੀਆਂ ਦੇ ਸਾਰੇ ਜੀਵ-ਜੰਤੂ ਇਕ ਸੈੱਲ ਤੋਂ ਆਏ ਹਨ, ਤਾਂ ਕੀ ਤੁਸੀਂ ਸਮਝਾ ਸਕਦੇ ਹੋ ਕਿ ਉਸ ਇਕ ਸੈੱਲ ਤੋਂ ਅਗਾਂਹ ਹੋਰ ਗੁੰਝਲਦਾਰ ਚੀਜ਼ਾਂ ਕਿਵੇਂ ਬਣ ਗਈਆਂ? ਇਕ ਕੈਮਿਸਟਰੀ ਦੇ ਪ੍ਰੋਫ਼ੈਸਰ ਨੇ ਕਿਹਾ ਕਿ ਇੱਦਾਂ ਹੋਣ ਲਈ ਬਹੁਤ ਸਾਰੀਆਂ ਚੀਜ਼ਾਂ ਦੀ ਲੋੜ ਹੈ ਜਿਨ੍ਹਾਂ ਵਿੱਚੋਂ ਕੁਝ ਇਹ ਹਨ (1) ਸੈੱਲ ਦੇ ਆਲੇ-ਦੁਆਲੇ ਦੀ ਰਾਖੀ ਕਰਨ ਵਾਲੀ ਪਰਤ, (2) ਊਰਜਾ ਨੂੰ ਹਾਸਲ ਕਰਨ ਅਤੇ ਉਸ ਨੂੰ ਇਸਤੇਮਾਲ ਕਰਨ ਦੀ ਕਾਬਲੀਅਤ, (3) ਜੀਨਜ਼ ਵਿਚ ਜਾਣਕਾਰੀ (ਡੀ. ਐੱਨ. ਏ) ਅਤੇ (4) ਸੈੱਲ ਦੁਆਰਾ ਜੀਨਜ਼ ਵਿਚਲੀ ਜਾਣਕਾਰੀ ਦੀ ਕਾਪੀਆਂ ਬਣਾਉਣ ਦੀ ਕਾਬਲੀਅਤ। ਉਸ ਨੇ ਇਹ ਵੀ ਕਿਹਾ: “ਇਹ ਦੇਖ ਕੇ ਬੰਦਾ ਹੈਰਾਨ ਰਹਿ ਜਾਂਦਾ ਹੈ ਕਿ ਇਕ ਸੂਖਮ ਸੈੱਲ ਵੀ ਕਿੰਨਾ ਗੁੰਝਲਦਾਰ ਹੁੰਦਾ ਹੈ।”

14. ਜੇ ਤੁਸੀਂ ਵਿਕਾਸਵਾਦ ਜਾਂ ਸ੍ਰਿਸ਼ਟੀ ਬਾਰੇ ਗੱਲ ਕਰਨ ਲਈ ਤਿਆਰ ਨਹੀਂ ਹੋ, ਤਾਂ ਤੁਸੀਂ ਕੀ ਕਰ ਸਕਦੇ ਹੋ?

14 ਜੇ ਤੁਸੀਂ ਵਿਕਾਸਵਾਦ ਜਾਂ ਸ੍ਰਿਸ਼ਟੀ ਬਾਰੇ ਗੱਲ ਕਰਨ ਲਈ ਤਿਆਰ ਨਹੀਂ ਹੋ, ਤਾਂ ਪੌਲੁਸ ਵਾਂਗ ਆਮ ਗੱਲਾਂ ’ਤੇ ਤਰਕ ਕਰੋ। ਉਸ ਨੇ ਲਿਖਿਆ: “ਹਰ ਘਰ ਨੂੰ ਕਿਸੇ-ਨਾ-ਕਿਸੇ ਨੇ ਬਣਾਇਆ ਹੁੰਦਾ ਹੈ, ਪਰ ਜਿਸ ਨੇ ਸਭ ਕੁਝ ਬਣਾਇਆ ਹੈ, ਉਹ ਪਰਮੇਸ਼ੁਰ ਹੈ।” (ਇਬ. 3:4) ਇੱਦਾਂ ਦੀਆਂ ਆਮ ਗੱਲਾਂ ਕਰਨੀਆਂ ਬਹੁਤ ਅਸਰਦਾਰ ਸਾਬਤ ਹੁੰਦੀਆਂ ਹਨ। ਇਹ ਸੱਚ ਹੈ ਕਿ ਗੁੰਝਲਦਾਰ ਚੀਜ਼ਾਂ ਆਪੇ ਹੀ ਨਹੀਂ ਬਣ ਜਾਂਦੀਆਂ, ਸਗੋਂ ਕੋਈ-ਨਾ-ਕੋਈ ਬਣਾਉਣ ਵਾਲਾ ਜ਼ਰੂਰ ਹੁੰਦਾ ਹੈ। ਤੁਸੀਂ ਸ਼ਾਇਦ ਇਕ ਢੁਕਵਾਂ ਪ੍ਰਕਾਸ਼ਨ ਵੀ ਦੇ ਸਕਦੇ ਹੋ। ਇਕ ਭੈਣ ਨੇ ਇਸ ਲੇਖ ਵਿਚ ਜ਼ਿਕਰ ਕੀਤੇ ਦੋ ਬਰੋਸ਼ਰ ਇਕ ਮੁੰਡੇ ਨੂੰ ਦਿੱਤੇ ਜੋ ਰੱਬ ਨੂੰ ਨਹੀਂ, ਸਗੋਂ ਵਿਕਾਸਵਾਦ ਨੂੰ ਮੰਨਦਾ ਸੀ। ਇਕ-ਦੋ ਹਫ਼ਤਿਆਂ ਬਾਅਦ ਹੀ ਉਸ ਮੁੰਡੇ ਨੇ ਭੈਣ ਨੂੰ ਕਿਹਾ: “ਹੁਣ ਮੈਂ ਮੰਨਦਾ ਹਾਂ ਕਿ ਰੱਬ ਹੈ।” ਫਿਰ ਉਸ ਮੁੰਡੇ ਨੇ ਬਾਈਬਲ ਸਟੱਡੀ ਕੀਤੀ ਅਤੇ ਹੁਣ ਉਹ ਸਾਡਾ ਭਰਾ ਹੈ।

15, 16. ਬਾਈਬਲ ਬਾਰੇ ਗੱਲ ਕਰਨ ਤੋਂ ਪਹਿਲਾਂ ਤੁਹਾਨੂੰ ਕੀ ਕਰਨ ਦੀ ਲੋੜ ਹੈ? ਸਾਨੂੰ ਹਮੇਸ਼ਾ ਕਿਹੜੀ ਗੱਲ ਯਾਦ ਰੱਖਣੀ ਚਾਹੀਦੀ ਹੈ?

15 ਜੇ ਕੋਈ ਬਾਈਬਲ ਉੱਤੇ ਸ਼ੱਕ ਕਰਦਾ ਹੈ, ਤਾਂ ਤੁਸੀਂ ਉਸ ਨਾਲ ਕਿਵੇਂ ਤਰਕ ਕਰ ਸਕਦੇ ਹੋ? ਜਿੱਦਾਂ ਸਮਝਾਇਆ ਗਿਆ ਹੈ, ਪਹਿਲਾਂ ਉਸ ਦੇ ਵਿਸ਼ਵਾਸਾਂ ਬਾਰੇ ਜਾਣਨ ਲਈ ਸਵਾਲ ਪੁੱਛੋ। ਨਾਲੇ ਇਹ ਵੀ ਪਤਾ ਕਰੋ ਕਿ ਉਸ ਨੂੰ ਕਿਹੜਿਆਂ ਵਿਸ਼ਿਆਂ ਵਿਚ ਦਿਲਚਸਪੀ ਹੈ। (ਕਹਾ. 18:13) ਜੇ ਉਸ ਨੂੰ ਵਿਗਿਆਨ ਵਿਚ ਦਿਲਚਸਪੀ ਹੈ, ਤਾਂ ਉਸ ਨੂੰ ਦਿਖਾਓ ਕਿ ਬਾਈਬਲ ਵਿਗਿਆਨਕ ਤੌਰ ’ਤੇ ਕਿਵੇਂ ਸੱਚ ਹੈ। ਇੱਦਾਂ ਕਰ ਕੇ ਉਹ ਸ਼ਾਇਦ ਹੋਰ ਜਾਣਨਾ ਚਾਹੇ। ਕਈ ਲੋਕ ਸ਼ਾਇਦ ਇਸ ਗੱਲ ਤੋਂ ਪ੍ਰਭਾਵਿਤ ਹੋਣ ਕਿ ਬਾਈਬਲ ਦੀਆਂ ਭਵਿੱਖਬਾਣੀਆਂ ਐਨ ਸਹੀ ਸਮੇਂ ’ਤੇ ਪੂਰੀਆਂ ਹੋਈਆਂ ਹਨ ਅਤੇ ਇਸ ਦਾ ਇਤਿਹਾਸਕ ਰਿਕਾਰਡ ਬਿਲਕੁਲ ਸੱਚ ਹੈ। ਜਾਂ ਸ਼ਾਇਦ ਤੁਸੀਂ ਬਾਈਬਲ ਦੇ ਵਧੀਆ ਅਸੂਲ ਦਿਖਾ ਸਕਦੇ ਹੋ। ਮਿਸਾਲ ਲਈ, ਜਿਹੜੇ ਪਹਾੜੀ ਉਪਦੇਸ਼ ਵਿਚ ਦਰਜ ਹਨ।

16 ਯਾਦ ਰੱਖੋ ਕਿ ਤੁਹਾਡਾ ਮਕਸਦ ਬਹਿਸ ਜਿੱਤਣ ਦਾ ਨਹੀਂ, ਸਗੋਂ ਦਿਲ ਜਿੱਤਣ ਦਾ ਹੈ। ਇਸ ਲਈ ਲੋਕਾਂ ਦੇ ਵਿਚਾਰ ਧਿਆਨ ਨਾਲ ਸੁਣੋ। ਆਦਰ ਨਾਲ ਸਵਾਲ ਪੁੱਛੋ ਅਤੇ ਆਪਣੇ ਵਿਚਾਰ ਨਰਮਾਈ ਤੇ ਇੱਜ਼ਤ ਨਾਲ ਪੇਸ਼ ਕਰੋ, ਖ਼ਾਸ ਕਰਕੇ ਬਜ਼ੁਰਗਾਂ ਨਾਲ ਗੱਲ ਕਰਦਿਆਂ। ਜੇ ਤੁਸੀਂ ਆਦਰ ਨਾਲ ਗੱਲ ਕਰੋਗੇ, ਤਾਂ ਸ਼ਾਇਦ ਉਹ ਤੁਹਾਡੀ ਗੱਲ ਸੁਣਨ ਲਈ ਤਿਆਰ ਹੋ ਜਾਣ। ਨਾਲੇ ਉਹ ਇਸ ਗੱਲ ਤੋਂ ਵੀ ਪ੍ਰਭਾਵਿਤ ਹੋਣਗੇ ਕਿ ਤੁਸੀਂ ਛੋਟੀ ਉਮਰ ਵਿਚ ਆਪਣੇ ਵਿਸ਼ਵਾਸਾਂ ਬਾਰੇ ਗੰਭੀਰਤਾ ਨਾਲ ਸੋਚਿਆ ਹੈ। ਦੁਨੀਆਂ ਦੇ ਬਹੁਤ ਸਾਰੇ ਨੌਜਵਾਨ ਇੱਦਾਂ ਨਹੀਂ ਕਰਦੇ। ਇਹ ਯਾਦ ਰੱਖੋ ਕਿ ਜੇ ਕੋਈ ਤੁਹਾਡੇ ਨਾਲ ਬੱਸ ਬਹਿਸ ਕਰਨੀ ਚਾਹੁੰਦਾ ਹੈ ਜਾਂ ਤੁਹਾਡੇ ਵਿਸ਼ਵਾਸਾਂ ਦਾ ਮਜ਼ਾਕ ਉਡਾਉਣਾ ਚਾਹੁੰਦਾ ਹੈ, ਤਾਂ ਤੁਹਾਨੂੰ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਦੇਣ ਦੀ ਕੋਈ ਲੋੜ ਨਹੀਂ।​—ਕਹਾ. 26:4.

ਸੱਚਾਈ ਨੂੰ ਆਪਣੇ ਦਿਲ ਵਿਚ ਬਿਠਾਓ

17, 18. (ੳ) ਤੁਸੀਂ ਸੱਚਾਈ ਨੂੰ ਆਪਣੇ ਦਿਲ ਵਿਚ ਕਿਵੇਂ ਬਿਠਾ ਸਕਦੇ ਹੋ? (ਅ) ਅਸੀਂ ਅਗਲੇ ਲੇਖ ਵਿਚ ਕਿਸ ਵਿਸ਼ੇ ਬਾਰੇ ਗੱਲ ਕਰਾਂਗੇ?

17 ਸ਼ਾਇਦ ਅਸੀਂ ਬਾਈਬਲ ਦੀਆਂ ਬੁਨਿਆਦੀ ਸਿੱਖਿਆਵਾਂ ਬਾਰੇ ਜਾਣਦੇ ਹੋਈਏ, ਪਰ ਆਪਣੀ ਨਿਹਚਾ ਮਜ਼ਬੂਤ ਕਰਨ ਲਈ ਸਾਨੂੰ ਹੋਰ ਵੀ ਕੁਝ ਕਰਨ ਦੀ ਲੋੜ ਹੈ। ਸੋ ਡੂੰਘੀਆਂ ਸਿੱਖਿਆਵਾਂ ਬਾਰੇ ਜਾਣਨ ਲਈ ਬਾਈਬਲ ਦੀ ਉਸ ਤਰੀਕੇ ਨਾਲ ਖੋਜਬੀਨ ਕਰੋ ਜਿਵੇਂ ਕਿ ਤੁਸੀਂ ਲੁਕੇ ਹੋਏ ਖ਼ਜ਼ਾਨੇ ਦੀ ਖੋਜ ਕਰ ਰਹੇ ਹੋਵੋ। (ਕਹਾ. 2:3-6) ਆਪਣੀ ਭਾਸ਼ਾ ਵਿਚ ਉਪਲਬਧ ਹੋਰ ਵੀ ਔਜ਼ਾਰਾਂ ਦਾ ਫ਼ਾਇਦਾ ਲਓ, ਜਿਵੇਂ ਕਿ ਵਾਚਟਾਵਰ ਲਾਇਬ੍ਰੇਰੀ ਡੀ. ਵੀ. ਡੀ (ਹਿੰਦੀ), ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ, ਵਾਚ ਟਾਵਰ ਪ੍ਰਕਾਸ਼ਨ ਇੰਡੈਕਸ (ਅੰਗ੍ਰੇਜ਼ੀ) ਜਾਂ ਯਹੋਵਾਹ ਦੇ ਗਵਾਹਾਂ ਲਈ ਰਿਸਰਚ ਬਰੋਸ਼ਰ। ਨਾਲੇ ਪੂਰੀ ਬਾਈਬਲ ਪੜ੍ਹਨ ਦਾ ਟੀਚਾ ਰੱਖੋ। ਇਕ ਸਾਲ ਵਿਚ ਪੂਰੀ ਬਾਈਬਲ ਪੜ੍ਹਨ ਦੀ ਕੋਸ਼ਿਸ਼ ਕਰੋ। ਆਪਣੀ ਨਿਹਚਾ ਮਜ਼ਬੂਤ ਕਰਨ ਲਈ ਬਹੁਤ ਸਾਰੇ ਔਜ਼ਾਰ ਹਨ। ਪਰ ਜਿੰਨਾ ਫ਼ਾਇਦਾ ਤੁਹਾਨੂੰ ਬਾਈਬਲ ਪੜ੍ਹ ਕੇ ਹੋਵੇਗਾ, ਉੱਨਾ ਹੋਰ ਕਿਸੇ ਵੀ ਔਜ਼ਾਰ ਤੋਂ ਨਹੀਂ ਹੋਵੇਗਾ। ਆਪਣੀ ਜਵਾਨੀ ਦੇ ਦਿਨਾਂ ਬਾਰੇ ਸੋਚਦਿਆਂ ਇਕ ਸਰਕਟ ਨਿਗਾਹਬਾਨ ਨੇ ਦੱਸਿਆ: “ਪੂਰੀ ਬਾਈਬਲ ਪੜ੍ਹ ਕੇ ਮੈਨੂੰ ਅਹਿਸਾਸ ਹੋਇਆ ਕਿ ਬਾਈਬਲ ਹੀ ਪਰਮੇਸ਼ੁਰ ਦਾ ਬਚਨ ਹੈ। ਨਾਲੇ ਬਚਪਨ ਵਿਚ ਪੜ੍ਹੀਆਂ ਬਾਈਬਲ ਕਹਾਣੀਆਂ ਦੀ ਮੈਨੂੰ ਸਮਝ ਲੱਗੀ। ਇਸ ਤੋਂ ਬਾਅਦ ਮੈਂ ਸੱਚਾਈ ਵਿਚ ਤਰੱਕੀ ਕਰਨੀ ਸ਼ੁਰੂ ਕੀਤੀ।”

18 ਮਾਪਿਓ, ਬੱਚਿਆਂ ਦੀ ਸੱਚਾਈ ਵਿਚ ਤਰੱਕੀ ਕਰਨ ਵਿਚ ਤੁਹਾਡੀ ਅਹਿਮ ਭੂਮਿਕਾ ਹੈ। ਤੁਸੀਂ ਆਪਣੇ ਬੱਚਿਆਂ ਦੇ ਦਿਲਾਂ ਵਿਚ ਨਿਹਚਾ ਕਿਵੇਂ ਪੈਦਾ ਕਰ ਸਕਦੇ ਹੋ? ਅਸੀਂ ਅਗਲੇ ਲੇਖ ਵਿਚ ਇਸ ਵਿਸ਼ੇ ਬਾਰੇ ਗੱਲ ਕਰਾਂਗੇ।