ਅੱਜ ਯਹੋਵਾਹ ਦੀ ਅਗਵਾਈ ਵਿਚ ਚੱਲ ਕੇ ਬਰਕਤਾਂ ਪਾਓ
ਪੋਲੈਂਡ ਵਿਚ ਬੁੱਧੀਮਾਨੀ ਵਾਲਾ ਫ਼ੈਸਲਾ
“ਮੈਂ 15 ਸਾਲਾਂ ਦੀ ਉਮਰ ਵਿਚ ਬਪਤਿਸਮਾ ਲੈ ਲਿਆ ਅਤੇ ਛੇ ਮਹੀਨਿਆਂ ਬਾਅਦ ਮੈਂ ਔਗਜ਼ੀਲਰੀ ਪਾਇਨੀਅਰਿੰਗ ਕਰਨ ਲੱਗ ਪਈ। ਇਕ ਸਾਲ ਬਾਅਦ ਮੈਂ ਰੈਗੂਲਰ ਪਾਇਨੀਅਰਿੰਗ ਕਰਨ ਲਈ ਫਾਰਮ ਭਰਿਆ। ਸਕੂਲ ਦੀ ਪੜ੍ਹਾਈ ਖ਼ਤਮ ਕਰ ਕੇ ਮੈਂ ਸੰਗਠਨ ਕੋਲੋਂ ਉੱਥੇ ਜਾ ਕੇ ਸੇਵਾ ਕਰਨ ਦੀ ਇਜਾਜ਼ਤ ਮੰਗੀ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਸੀ। ਮੈਂ ਆਪਣਾ ਸ਼ਹਿਰ ਛੱਡ ਕੇ ਜਾਣਾ ਚਾਹੁੰਦੀ ਸੀ। ਨਾਲੇ ਮੈਂ ਆਪਣੇ ਨਾਨੀ ਜੀ ਨਾਲ ਨਹੀਂ ਰਹਿਣਾ ਚਾਹੁੰਦੀ ਸੀ ਕਿਉਂਕਿ ਉਹ ਯਹੋਵਾਹ ਦੇ ਗਵਾਹ ਨਹੀਂ ਸਨ। ਜਦੋਂ ਮੇਰੇ ਸਰਕਟ ਨਿਗਾਹਬਾਨ ਨੇ ਮੈਨੂੰ ਦੱਸਿਆ ਕਿ ਮੈਨੂੰ ਆਪਣੇ ਹੀ ਸ਼ਹਿਰ ਵਿਚ ਪ੍ਰਚਾਰ ਕਰਨ ਲਈ ਕਿਹਾ ਗਿਆ ਹੈ, ਤਾਂ ਮੇਰੀਆਂ ਉਮੀਦਾਂ ’ਤੇ ਪਾਣੀ ਫਿਰ ਗਿਆ। ਮੈਂ ਆਪਣਾ ਦੁੱਖ ਸਰਕਟ ਨਿਗਾਹਬਾਨ ਨੂੰ ਜ਼ਾਹਰ ਨਹੀਂ ਹੋਣ ਦਿੱਤਾ। ਮੈਂ ਚੁੱਪ-ਚਾਪ ਉੱਥੋਂ ਤੁਰ ਪਈ ਅਤੇ ਉਸ ਦੀ ਗੱਲ ਬਾਰੇ ਸੋਚਣ ਲੱਗ ਪਈ। ਮੈਂ ਆਪਣੀ ਪਾਇਨੀਅਰ ਸਾਥਣ ਨੂੰ ਕਿਹਾ: ‘ਮੈਨੂੰ ਲੱਗਦਾ ਕਿ ਮੇਰਾ ਰਵੱਈਆ ਯੂਨਾਹ ਵਾਂਗ ਹੈ। ਪਰ ਆਖ਼ਰ ਯੂਨਾਹ ਨੀਨਵਾਹ ਨੂੰ ਗਿਆ ਤਾਂ ਸੀ। ਤਾਂ ਫਿਰ ਮੈਂ ਵੀ ਉੱਥੇ ਸੇਵਾ ਕਰਾਂਗੀ ਜਿੱਥੇ ਮੈਨੂੰ ਕਿਹਾ ਗਿਆ ਹੈ।’
“ਮੈਨੂੰ ਆਪਣੇ ਸ਼ਹਿਰ ਵਿਚ ਪਾਇਨੀਅਰਿੰਗ ਕਰਦਿਆਂ ਹੁਣ ਚਾਰ ਸਾਲ ਹੋ ਗਏ ਹਨ। ਮੈਨੂੰ ਅਹਿਸਾਸ ਹੈ ਕਿ ਆਪਣੇ ਸ਼ਹਿਰ ਵਿਚ ਪ੍ਰਚਾਰ ਕਰਨ ਦੀ ਗੱਲ ਮੰਨਣੀ ਕਿੰਨੀ ਬੁੱਧੀਮਾਨੀ ਦੀ ਗੱਲ ਸੀ। ਮੇਰੇ ਰਾਹ ਵਿਚ ਸਭ ਤੋਂ ਵੱਡਾ ਰੋੜਾ ਸੀ, ਮੇਰਾ ਗ਼ਲਤ ਰਵੱਈਆ। ਪਰ ਹੁਣ ਮੈਂ ਬਹੁਤ ਖ਼ੁਸ਼ ਹਾਂ। ਇਕ ਮਹੀਨੇ ਤਾਂ ਮੈਂ 24 ਸਟੱਡੀਆਂ ਕਰਾਈਆਂ। ਨਾਲੇ ਮੈਂ ਯਹੋਵਾਹ ਦਾ ਬਹੁਤ ਧੰਨਵਾਦ ਕਰਦੀ ਹਾਂ ਕਿ ਮੈਂ ਹੁਣ ਆਪਣੇ ਨਾਨੀ ਜੀ ਨੂੰ ਵੀ ਸਟੱਡੀ ਕਰਾ ਰਹੀ ਹਾਂ ਜੋ ਪਹਿਲਾਂ ਮੇਰਾ ਵਿਰੋਧ ਕਰਦੇ ਸਨ।”
ਫਿਜੀ ਵਿਚ ਵਧੀਆ ਨਤੀਜੇ
ਫਿਜੀ ਵਿਚ ਸਟੱਡੀ ਕਰਨ ਵਾਲੀ ਇਕ ਔਰਤ ਨੂੰ ਇਹ ਫ਼ੈਸਲਾ ਕਰਨਾ ਪੈਣਾ ਸੀ ਕਿ ਉਹ ਵੱਡੇ ਸੰਮੇਲਨ ’ਤੇ ਜਾਵੇ ਜਾਂ ਆਪਣੇ ਪਤੀ ਨਾਲ ਕਿਸੇ ਰਿਸ਼ਤੇਦਾਰ ਦੇ ਜਨਮ-ਦਿਨ ਦੀ ਪਾਰਟੀ ’ਤੇ। ਪਰ ਉਸ ਦਾ ਪਤੀ ਮੰਨ ਗਿਆ ਕਿ ਉਹ ਸੰਮੇਲਨ ’ਤੇ ਜਾ ਸਕਦੀ ਸੀ। ਉਸ ਨੇ ਆਪਣੇ ਪਤੀ ਨੂੰ ਕਿਹਾ ਕਿ ਸੰਮੇਲਨ ਤੋਂ ਬਾਅਦ ਉਹ ਪਾਰਟੀ ’ਤੇ ਵੀ ਆ ਜਾਵੇਗੀ। ਪਰ ਜਦੋਂ ਉਹ ਘਰ ਵਾਪਸ ਆਈ, ਤਾਂ ਉਸ ਨੇ ਸੋਚਿਆ: ‘ਮੇਰੇ ਲਈ ਵਧੀਆ ਹੋਵੇਗਾ ਕਿ ਮੈਂ ਨਾ ਹੀ ਜਾਵਾਂ। ਕਿਤੇ ਇੱਦਾਂ ਨਾ ਹੋਵੇ ਕਿ ਮੇਰੀ ਨਿਹਚਾ ਖ਼ਤਰੇ ਵਿਚ ਪੈ ਜਾਵੇ।’ ਇਸ ਲਈ ਉਹ ਨਹੀਂ ਗਈ।
ਉੱਧਰ ਉਸ ਦੇ ਪਤੀ ਨੇ ਆਪਣੇ ਰਿਸ਼ਤੇਦਾਰਾਂ ਨੂੰ ਕਿਹਾ ਕਿ ਉਸ ਨੇ ਆਪਣੀ ਪਤਨੀ ਨੂੰ “ਗਵਾਹਾਂ ਦੀ ਮੀਟਿੰਗ” ਤੋਂ ਬਾਅਦ ਪਾਰਟੀ ’ਤੇ ਆਉਣ ਲਈ ਕਿਹਾ ਹੈ ਅਤੇ ਉਹ ਜ਼ਰੂਰ ਪਹੁੰਚ ਜਾਵੇਗੀ। ਉਨ੍ਹਾਂ ਨੇ ਕਿਹਾ, “ਉਹ ਨੇ ਨਹੀਂ ਆਉਣਾ; ਯਹੋਵਾਹ ਦੇ ਗਵਾਹ ਜਨਮ-ਦਿਨ ਨਹੀਂ ਮਨਾਉਂਦੇ!” *
ਜੋ ਵੀ ਹੋਇਆ, ਇਸ ਗੱਲ ਦਾ ਪਤੀ ਨੂੰ ਬਹੁਤ ਮਾਣ ਹੋਇਆ ਕਿ ਉਸ ਦੀ ਪਤਨੀ ਆਪਣੇ ਵਿਸ਼ਵਾਸਾਂ ਅਤੇ ਜ਼ਮੀਰ ਅਨੁਸਾਰ ਕੀਤੇ ਫ਼ੈਸਲੇ ਉੱਤੇ ਡਟੀ ਰਹੀ। ਨਿਹਚਾ ਰੱਖਣ ਕਰਕੇ ਉਹ ਆਪਣੇ ਪਤੀ ਅਤੇ ਹੋਰਨਾਂ ਨੂੰ ਵੀ ਸੱਚਾਈ ਬਾਰੇ ਦੱਸ ਸਕੀ। ਇਸ ਦਾ ਕੀ ਨਤੀਜਾ ਨਿਕਲਿਆ? ਉਸ ਦੇ ਪਤੀ ਨੇ ਬਾਈਬਲ ਸਟੱਡੀ ਸ਼ੁਰੂ ਕੀਤੀ ਅਤੇ ਉਹ ਆਪਣੀ ਪਤਨੀ ਨਾਲ ਮੀਟਿੰਗਾਂ ਵਿਚ ਜਾਣ ਲੱਗ ਪਿਆ।
^ ਪੈਰਾ 7 15 ਦਸੰਬਰ 2001 ਦੇ ਪਹਿਰਾਬੁਰਜ ਵਿਚ “ਪਾਠਕਾਂ ਵੱਲੋਂ ਸਵਾਲ” ਦੇਖੋ।