Skip to content

Skip to table of contents

ਮਾਪਿਓ, ਆਪਣੇ ਬੱਚਿਆਂ ਦੇ ਦਿਲਾਂ ਵਿਚ ਨਿਹਚਾ ਪੈਦਾ ਕਰੋ

ਮਾਪਿਓ, ਆਪਣੇ ਬੱਚਿਆਂ ਦੇ ਦਿਲਾਂ ਵਿਚ ਨਿਹਚਾ ਪੈਦਾ ਕਰੋ

“ਗਭਰੂ ਤੇ ਕੁਆਰੀਆਂ . . . ਯਹੋਵਾਹ ਦੇ ਨਾਮ ਦੀ ਉਸਤਤ ਕਰਨ!”​—ਜ਼ਬੂ. 148:12, 13.

ਗੀਤ: 4148

1, 2. (ੳ) ਮਸੀਹੀ ਮਾਪਿਆਂ ਲਈ ਕਿਹੜੀ ਵੱਡੀ ਚੁਣੌਤੀ ਹੈ ਅਤੇ ਉਹ ਇਸ ਦਾ ਸਾਮ੍ਹਣਾ ਕਿਵੇਂ ਕਰ ਸਕਦੇ ਹਨ? (ਅ) ਅਸੀਂ ਹੁਣ ਕਿਹੜੀਆਂ ਚਾਰ ਗੱਲਾਂ ’ਤੇ ਗੌਰ ਕਰਾਂਗੇ?

ਫਰਾਂਸ ਵਿਚ ਰਹਿਣ ਵਾਲੇ ਇਕ ਮਾਂ-ਬਾਪ ਨੇ ਕਿਹਾ: “ਅਸੀਂ ਯਹੋਵਾਹ ਨੂੰ ਮੰਨਦੇ ਹਾਂ, ਪਰ ਇਹ ਜ਼ਰੂਰੀ ਨਹੀਂ ਕਿ ਸਾਡੇ ਬੱਚੇ ਵੀ ਉਸ ਨੂੰ ਮੰਨਣਗੇ। ਨਿਹਚਾ ਵਿਰਾਸਤ ਵਿਚ ਨਹੀਂ ਮਿਲਦੀ, ਸਗੋਂ ਸਾਡੇ ਬੱਚੇ ਇਸ ਨੂੰ ਹੌਲੀ-ਹੌਲੀ ਪੈਦਾ ਕਰਦੇ ਹਨ।” ਆਸਟ੍ਰੇਲੀਆ ਵਿਚ ਰਹਿਣ ਵਾਲੇ ਭਰਾ ਨੇ ਲਿਖਿਆ: “ਆਪਣੇ ਬੱਚੇ ਦੇ ਦਿਲ ਵਿਚ ਨਿਹਚਾ ਪੈਦਾ ਕਰਨੀ ਸ਼ਾਇਦ ਸਭ ਤੋਂ ਔਖਾ ਕੰਮ ਹੈ। ਤੁਹਾਨੂੰ ਹਰ ਕਿਸੇ ਤੋਂ ਮਦਦ ਲੈਣ ਦੀ ਲੋੜ ਹੈ, ਜਿਵੇਂ ਪ੍ਰਕਾਸ਼ਨਾਂ, ਭੈਣਾਂ-ਭਰਾਵਾਂ ਵਗੈਰਾ ਤੋਂ। ਬੱਚੇ ਬਹੁਤ ਕੁਝ ਜਾਣਨਾ ਚਾਹੁੰਦੇ ਹਨ। ਇਸ ਲਈ ਉਹ ਬਹੁਤ ਸਾਰੇ ਸਵਾਲ ਪੁੱਛਦੇ ਹਨ। ਸ਼ਾਇਦ ਤੁਹਾਨੂੰ ਲੱਗੇ ਕਿ ਤੁਸੀਂ ਆਪਣੇ ਬੱਚੇ ਦੇ ਸਵਾਲਾਂ ਦੇ ਤਸੱਲੀਬਖ਼ਸ਼ ਜਵਾਬ ਦੇ ਦਿੱਤੇ ਹਨ। ਪਰ ਕੁਝ ਸਮੇਂ ਬਾਅਦ ਉਹ ਦੁਬਾਰਾ ਤੋਂ ਉਹੀ ਸਵਾਲ ਪੁੱਛਦਾ ਹੈ। ਅੱਜ ਜਿਹੜੇ ਜਵਾਬ ਨਾਲ ਉਸ ਨੂੰ ਤਸੱਲੀ ਹੋਈ ਹੈ, ਸ਼ਾਇਦ ਕੱਲ੍ਹ ਉਸ ਨੂੰ ਉਸ ਜਵਾਬ ਤੋਂ ਤਸੱਲੀ ਨਾ ਹੋਵੇ। ਤੁਹਾਨੂੰ ਸ਼ਾਇਦ ਕਈ ਵਿਸ਼ਿਆਂ ਬਾਰੇ ਵਾਰ-ਵਾਰ ਸਮਝਾਉਣਾ ਪਵੇ।”

2 ਮਾਪਿਓ, ਕੀ ਤੁਹਾਨੂੰ ਕਦੀ ਲੱਗਦਾ ਹੈ ਕਿ ਤੁਸੀਂ ਆਪਣੇ ਬੱਚਿਆਂ ਨੂੰ ਯਹੋਵਾਹ ਬਾਰੇ ਸਿਖਾਉਣ ਅਤੇ ਉਨ੍ਹਾਂ ਦੇ ਦਿਲਾਂ ਵਿਚ ਯਹੋਵਾਹ ਦੀ ਸੇਵਾ ਕਰਨ ਦੀ ਇੱਛਾ ਪੈਦਾ ਕਰਨ ਦੇ ਲਾਇਕ ਨਹੀਂ ਹੋ? ਕੀ ਤੁਸੀਂ ਇਸ ਗੱਲ ਦੀ ਵੀ ਚਿੰਤਾ ਕਰਦੇ ਹੋ ਕਿ ਤੁਹਾਡੇ ਬੱਚੇ ਸੱਚਾਈ ਵਿਚ ਟਿਕੇ ਰਹਿਣਗੇ ਜਾਂ ਨਹੀਂ? ਵਾਕਈ, ਸਾਡੇ ਵਿੱਚੋਂ ਕੋਈ ਵੀ ਆਪਣੇ ਬਲਬੂਤੇ ’ਤੇ ਇਹ ਕੰਮ ਨਹੀਂ ਕਰ ਸਕਦਾ। (ਯਿਰ. 10:23) ਪਰ ਯਹੋਵਾਹ ਦੀ ਅਗਵਾਈ ਵਿਚ ਚੱਲ ਕੇ ਅਸੀਂ ਇਹ ਕੰਮ ਵਧੀਆ ਤਰੀਕੇ ਨਾਲ ਕਰ ਸਕਦੇ ਹਾਂ। ਜ਼ਰਾ ਚਾਰ ਗੱਲਾਂ ’ਤੇ ਗੌਰ ਕਰੋ ਜੋ ਤੁਹਾਡੀ ਆਪਣੇ ਬੱਚਿਆਂ ਵਿਚ ਨਿਹਚਾ ਪੈਦਾ ਕਰਨ ਵਿਚ ਮਦਦ ਕਰਨਗੀਆਂ: (1) ਆਪਣੇ ਬੱਚਿਆਂ ਨੂੰ ਚੰਗੀ ਤਰ੍ਹਾਂ ਜਾਣੋ। (2) ਦਿਲੋਂ ਉਨ੍ਹਾਂ ਨੂੰ ਸਿਖਾਓ। (3) ਅਸਰਕਾਰੀ ਮਿਸਾਲਾਂ ਵਰਤੋ। (4) ਧੀਰਜ ਰੱਖੋ ਅਤੇ ਪ੍ਰਾਰਥਨਾ ਕਰੋ।

ਆਪਣੇ ਬੱਚਿਆਂ ਨੂੰ ਚੰਗੀ ਤਰ੍ਹਾਂ ਜਾਣੋ

3. ਬੱਚਿਆਂ ਨੂੰ ਸਿਖਾਉਂਦਿਆਂ ਮਾਪੇ ਯਿਸੂ ਦੀ ਰੀਸ ਕਿਵੇਂ ਕਰ ਸਕਦੇ ਹਨ?

3 ਯਿਸੂ ਅਕਸਰ ਆਪਣੇ ਚੇਲਿਆਂ ਤੋਂ ਸਵਾਲ ਪੁੱਛਦਾ ਸੀ ਕਿ ਉਹ ਕੀ ਵਿਸ਼ਵਾਸ ਕਰਦੇ ਹਨ। (ਮੱਤੀ 16:13-15) ਉਸ ਦੀ ਰੀਸ ਕਰੋ। ਆਪਣੇ ਬੱਚਿਆਂ ਨਾਲ ਗੱਲਾਂ ਜਾਂ ਕੰਮ ਕਰਦਿਆਂ ਉਨ੍ਹਾਂ ਤੋਂ ਪੁੱਛੋ ਕਿ ਉਹ ਕਿਸੇ ਵਿਸ਼ੇ ਬਾਰੇ ਕੀ ਸੋਚਦੇ ਹਨ। ਉਨ੍ਹਾਂ ਨੂੰ ਮੌਕਾ ਦਿਓ ਕਿ ਉਹ ਦਿਲ ਖੋਲ੍ਹ ਕੇ ਆਪਣੀਆਂ ਗੱਲਾਂ ਦੱਸਣ। ਤੁਸੀਂ ਉਨ੍ਹਾਂ ਵਿਸ਼ਿਆਂ ਬਾਰੇ ਵੀ ਗੱਲ ਕਰ ਸਕਦੇ ਹੋ ਜਿਨ੍ਹਾਂ ਬਾਰੇ ਉਨ੍ਹਾਂ ਨੂੰ ਸ਼ੱਕ ਹੈ। ਆਸਟ੍ਰੇਲੀਆ ਵਿਚ ਰਹਿਣ ਵਾਲਾ 15 ਸਾਲਾਂ ਦਾ ਇਕ ਭਰਾ ਦੱਸਦਾ ਹੈ: “ਮੇਰੇ ਡੈਡੀ ਜੀ ਅਕਸਰ ਮੇਰੇ ਨਾਲ ਮੇਰੇ ਵਿਸ਼ਵਾਸਾਂ ਬਾਰੇ ਗੱਲਾਂ ਕਰਦੇ ਹਨ ਅਤੇ ਇਨ੍ਹਾਂ ਗੱਲਾਂ ’ਤੇ ਸੋਚਣ ਵਿਚ ਮੇਰੀ ਮਦਦ ਕਰਦੇ ਹਨ। ਉਹ ਪੁੱਛਦੇ ਹਨ: ‘ਬਾਈਬਲ ਇਸ ਬਾਰੇ ਕੀ ਕਹਿੰਦੀ ਹੈ?’ ‘ਕੀ ਤੂੰ ਬਾਈਬਲ ਦੀਆਂ ਗੱਲਾਂ ’ਤੇ ਵਿਸ਼ਵਾਸ ਕਰਦਾ ਹੈਂ?’ ‘ਤੂੰ ਕਿਉਂ ਇਸ ’ਤੇ ਵਿਸ਼ਵਾਸ ਕਰਦਾ ਹੈਂ?’ ਉਹ ਚਾਹੁੰਦੇ ਹਨ ਕਿ ਮੈਂ ਉਨ੍ਹਾਂ ਦੀਆਂ ਜਾਂ ਮੰਮੀ ਜੀ ਦੀਆਂ ਗੱਲਾਂ ਦੁਹਰਾਉਣ ਦੀ ਬਜਾਇ ਆਪਣੇ ਸ਼ਬਦਾਂ ਵਿਚ ਜਵਾਬ ਦੇਵਾਂ। ਉਹ ਚਾਹੁੰਦੇ ਹਨ ਕਿ ਜਿੱਦਾਂ ਮੈਂ ਬਚਪਨ ਵਿਚ ਜਵਾਬ ਦਿੰਦਾ ਸੀ, ਹੁਣ ਉੱਦਾਂ ਨਹੀਂ, ਸਗੋਂ ਖੁੱਲ੍ਹ ਕੇ ਸਮਝਾਵਾਂ।”

4. ਬੱਚਿਆਂ ਦੇ ਸਵਾਲਾਂ ਨੂੰ ਗੰਭੀਰਤਾ ਨਾਲ ਲੈਣਾ ਜ਼ਰੂਰੀ ਕਿਉਂ ਹੈ? ਇਕ ਮਿਸਾਲ ਦਿਓ।

4 ਜੇ ਤੁਹਾਡੇ ਬੱਚੇ ਨੂੰ ਬਾਈਬਲ ਦੀਆਂ ਕੁਝ ਸਿੱਖਿਆਵਾਂ ’ਤੇ ਸ਼ੱਕ ਹੈ, ਤਾਂ ਗੁੱਸੇ ਨਾ ਹੋਵੋ ਤੇ ਨਾ ਹੀ ਇੱਦਾਂ ਦੀ ਗੱਲ ਕਹੋ ਜਿਸ ਕਰਕੇ ਉਹ ਤੁਹਾਡੇ ਨਾਲ ਗੱਲ ਹੀ ਨਾ ਕਰੇ। ਧੀਰਜ ਰੱਖ ਕੇ ਉਨ੍ਹਾਂ ਦੀ ਤਰਕ ਕਰਨ ਵਿਚ ਮਦਦ ਕਰੋ। ਇਕ ਪਿਤਾ ਨੇ ਕਿਹਾ: “ਆਪਣੇ ਬੱਚੇ ਦੇ ਸਵਾਲਾਂ ਨੂੰ ਗੰਭੀਰਤਾ ਨਾਲ ਲਓ। ਉਨ੍ਹਾਂ ਦੇ ਸਵਾਲਾਂ ਨੂੰ ਐਵੇਂ ਸਮਝ ਕੇ ਅਣਗੌਲਿਆਂ ਨਾ ਕਰੋ। ਉਦੋਂ ਵੀ ਜਦੋਂ ਤੁਹਾਡਾ ਬੱਚਾ ਸ਼ਾਇਦ ਉਸ ਵਿਸ਼ੇ ’ਤੇ ਗੱਲ ਕਰਨੀ ਚਾਹੇ ਜਿਸ ਬਾਰੇ ਗੱਲ ਕਰਨ ਵਿਚ ਤੁਹਾਨੂੰ ਸ਼ਰਮ ਆਉਂਦੀ ਹੈ।” ਦਰਅਸਲ ਇਹ ਵਧੀਆ ਗੱਲ ਹੈ ਕਿ ਤੁਹਾਡੇ ਬੱਚੇ ਸਵਾਲ ਪੁੱਛਦੇ ਹਨ ਕਿਉਂਕਿ ਇਸ ਤੋਂ ਪਤਾ ਲੱਗਦਾ ਹੈ ਕਿ ਉਹ ਗੱਲਾਂ ਸਮਝਣੀਆਂ ਚਾਹੁੰਦੇ ਹਨ। ਇੱਥੋਂ ਤਕ ਕਿ ਯਿਸੂ ਨੇ ਵੀ 12 ਸਾਲਾਂ ਦੀ ਉਮਰ ਵਿਚ ਸਵਾਲ ਪੁੱਛੇ ਸਨ। (ਲੂਕਾ 2:46 ਪੜ੍ਹੋ।) ਡੈਨਮਾਰਕ ਦਾ ਰਹਿਣ ਵਾਲਾ 15 ਸਾਲਾਂ ਦਾ ਭਰਾ ਯਾਦ ਕਰਦਾ ਹੈ ਕਿ ਉਸ ਨੇ ਇਕ ਦਿਨ ਆਪਣੀ ਮਾਪਿਆਂ ਨੂੰ ਕਿਹਾ: “ਮੈਂ ਕਾਫ਼ੀ ਚਿਰਾਂ ਤੋਂ ਸੋਚ ਰਿਹਾ ਹਾਂ ਕਿ ਜਿਸ ਧਰਮ ਨੂੰ ਅਸੀਂ ਮੰਨਦੇ ਹਾਂ, ਉਹ ਸੱਚਾ ਹੈ ਵੀ ਕਿ ਨਹੀਂ। ਭਾਵੇਂ ਕਿ ਇਹ ਸੁਣ ਕੇ ਮੇਰੇ ਮਾਪੇ ਗੁੱਸੇ ਨਹੀਂ ਹੋਏ, ਪਰ ਉਹ ਫ਼ਿਕਰਾਂ ਵਿਚ ਪੈ ਗਏ। ਉਨ੍ਹਾਂ ਨੇ ਬਾਈਬਲ ਤੋਂ ਮੇਰੇ ਹਰ ਸਵਾਲ ਦਾ ਜਵਾਬ ਦਿੱਤਾ।”

5. ਚਾਹੇ ਮਾਪਿਆਂ ਨੂੰ ਲੱਗੇ ਕਿ ਉਨ੍ਹਾਂ ਦੇ ਬੱਚੇ ਯਹੋਵਾਹ ਨੂੰ ਮੰਨਦੇ ਹਨ, ਪਰ ਫਿਰ ਵੀ ਮਾਪਿਆਂ ਨੂੰ ਕੀ ਕਰਨ ਦੀ ਲੋੜ ਹੈ?

5 ਆਪਣੇ ਬੱਚਿਆਂ ਨੂੰ ਚੰਗੀ ਤਰ੍ਹਾਂ ਜਾਣੋ। ਉਨ੍ਹਾਂ ਦੀਆਂ ਸੋਚਾਂ, ਭਾਵਨਾਵਾਂ ਅਤੇ ਚਿੰਤਾਵਾਂ ਨੂੰ ਜਾਣਨ ਦੀ ਕੋਸ਼ਿਸ਼ ਕਰੋ। ਮਾਪਿਓ, ਜੇ ਤੁਹਾਡੇ ਬੱਚੇ ਤੁਹਾਡੇ ਨਾਲ ਸਭਾਵਾਂ ਅਤੇ ਪ੍ਰਚਾਰ ’ਤੇ ਜਾਂਦੇ ਹਨ, ਤਾਂ ਜ਼ਰੂਰੀ ਨਹੀਂ ਕਿ ਤੁਹਾਡੇ ਬੱਚੇ ਵੀ ਯਹੋਵਾਹ ਨੂੰ ਮੰਨਦੇ ਹਨ। ਹਰ ਰੋਜ਼ ਯਹੋਵਾਹ ਅਤੇ ਬਾਈਬਲ ਬਾਰੇ ਗੱਲਾਂ ਕਰੋ। ਆਪਣੇ ਬੱਚਿਆਂ ਨਾਲ ਅਤੇ ਉਨ੍ਹਾਂ ਲਈ ਪ੍ਰਾਰਥਨਾ ਕਰੋ। ਇਹ ਜਾਣਨ ਦੀ ਕੋਸ਼ਿਸ਼ ਕਰੋ ਕਿ ਉਹ ਆਪਣੇ ਵਿਸ਼ਵਾਸਾਂ ਕਰਕੇ ਕਿਸੇ ਮੁਸ਼ਕਲ ਦਾ ਸਾਮ੍ਹਣਾ ਤਾਂ ਨਹੀਂ ਕਰ ਰਹੇ ਅਤੇ ਉਨ੍ਹਾਂ ਦੀ ਇਸ ਮਾਮਲੇ ਵਿਚ ਮਦਦ ਕਰੋ।

ਆਪਣੇ ਬੱਚਿਆਂ ਨੂੰ ਦਿਲੋਂ ਸਿਖਾਓ

6. ਆਪਣੇ ਦਿਲ ਵਿਚ ਬਾਈਬਲ ਦੀਆਂ ਸੱਚਾਈਆਂ ਬਿਠਾਉਣ ਕਰਕੇ ਮਾਪੇ ਵਧੀਆ ਸਿੱਖਿਅਕ ਕਿਵੇਂ ਬਣ ਸਕਦੇ ਹਨ?

6 ਯਿਸੂ ਇਕ ਵਧੀਆ ਸਿੱਖਿਅਕ ਸੀ। ਉਹ ਲੋਕਾਂ ਦੇ ਦਿਲਾਂ ਨੂੰ ਛੋਹ ਸਕਿਆ ਕਿਉਂਕਿ ਉਹ ਯਹੋਵਾਹ, ਉਸ ਦੇ ਬਚਨ ਅਤੇ ਲੋਕਾਂ ਨਾਲ ਪਿਆਰ ਕਰਦਾ ਸੀ। (ਲੂਕਾ 24:32; ਯੂਹੰ. 7:46) ਇਸ ਤਰ੍ਹਾਂ ਦਾ ਪਿਆਰ ਹੋਣ ਕਰਕੇ ਮਾਪੇ ਆਪਣੇ ਬੱਚਿਆਂ ਦੇ ਦਿਲਾਂ ਤਕ ਪਹੁੰਚ ਸਕਦੇ ਹਨ। (ਬਿਵਸਥਾ ਸਾਰ 6:5-8; ਲੂਕਾ 6:45 ਪੜ੍ਹੋ।) ਇਸ ਲਈ ਮਾਪਿਓ, ਬਾਈਬਲ ਅਤੇ ਹੋਰ ਪ੍ਰਕਾਸ਼ਨ ਚੰਗੀ ਤਰ੍ਹਾਂ ਪੜ੍ਹੋ। ਸ੍ਰਿਸ਼ਟੀ ਵਿਚ ਦਿਲਚਸਪੀ ਲਓ ਅਤੇ ਸਾਡੇ ਪ੍ਰਕਾਸ਼ਨਾਂ ਵਿਚ ਇਸ ਵਿਸ਼ੇ ਨਾਲ ਸੰਬੰਧਿਤ ਲੇਖ ਪੜ੍ਹੋ। (ਮੱਤੀ 6:26, 28) ਇਸ ਤਰ੍ਹਾਂ ਕਰ ਕੇ ਤੁਹਾਡਾ ਗਿਆਨ ਵਧੇਗਾ, ਯਹੋਵਾਹ ਲਈ ਤੁਹਾਡੀ ਕਦਰ ਵਧੇਗੀ ਅਤੇ ਤੁਸੀਂ ਆਪਣੇ ਬੱਚਿਆਂ ਨੂੰ ਚੰਗੀ ਤਰ੍ਹਾਂ ਸਿਖਾ ਸਕੋਗੇ।​—ਲੂਕਾ 6:40.

7, 8. ਜਦੋਂ ਮਾਪੇ ਆਪਣੇ ਦਿਲ ਬਾਈਬਲ ਦੀਆਂ ਸੱਚਾਈਆਂ ਨਾਲ ਭਰਨਗੇ, ਤਾਂ ਇਸ ਦਾ ਕੀ ਨਤੀਜਾ ਨਿਕਲੇਗਾ? ਇਕ ਮਿਸਾਲ ਦਿਓ।

7 ਜਦੋਂ ਤੁਹਾਡਾ ਦਿਲ ਸੱਚਾਈ ਦੀਆਂ ਗੱਲਾਂ ਨਾਲ ਭਰਿਆ ਹੋਵੇਗਾ, ਤਾਂ ਤੁਹਾਡਾ ਦਿਲ ਖ਼ੁਦ-ਬ-ਖ਼ੁਦ ਪਰਿਵਾਰ ਨਾਲ ਇਹ ਗੱਲਾਂ ਸਾਂਝੀਆਂ ਕਰਨ ਨੂੰ ਕਰੇਗਾ। ਸਿਰਫ਼ ਸਭਾਵਾਂ ਦੀ ਤਿਆਰੀ ਕਰਦਿਆਂ ਜਾਂ ਪਰਿਵਾਰਕ ਸਟੱਡੀ ਕਰਦਿਆਂ ਹੀ ਇਨ੍ਹਾਂ ਬਾਰੇ ਗੱਲਾਂ ਨਾ ਕਰੋ। ਤੁਸੀਂ ਕਦੀ ਵੀ ਇਨ੍ਹਾਂ ਬਾਰੇ ਗੱਲਾਂ ਕਰ ਸਕਦੇ ਹੋ। ਇਸ ਤੋਂ ਇਲਾਵਾ, ਉੱਦਾਂ ਗੱਲਾਂ ਕਰੋ ਜਿੱਦਾਂ ਤੁਸੀਂ ਆਪਣੇ ਦੋਸਤਾਂ ਨਾਲ ਹਰ ਰੋਜ਼ ਕਰਦੇ ਹੋ। ਅਮਰੀਕਾ ਵਿਚ ਰਹਿਣ ਵਾਲੇ ਇਕ ਮਾਂ-ਬਾਪ ਇਵੇਂ ਹੀ ਕਰਦੇ ਹਨ। ਉਹ ਆਪਣੇ ਬੱਚਿਆਂ ਨਾਲ ਯਹੋਵਾਹ ਬਾਰੇ ਗੱਲਾਂ ਕਰਦੇ ਹਨ ਜਦੋਂ ਉਹ ਸ੍ਰਿਸ਼ਟੀ ਦੀ ਕੋਈ ਸੋਹਣੀ ਚੀਜ਼ ਦੇਖਦੇ ਹਨ ਜਾਂ ਲਜ਼ੀਜ਼ ਖਾਣੇ ਦਾ ਆਨੰਦ ਮਾਣਦੇ ਹਨ। ਉਹ ਦੱਸਦੇ ਹਨ: “ਅਸੀਂ ਆਪਣੇ ਬੱਚਿਆਂ ਨੂੰ ਯਾਦ ਕਰਾਉਂਦੇ ਹਾਂ ਕਿ ਯਹੋਵਾਹ ਨੇ ਜੋ ਵੀ ਸਾਨੂੰ ਦਿੱਤਾ ਹੈ, ਉਸ ਪਿੱਛੇ ਉਸ ਦਾ ਪਿਆਰ ਹੈ ਅਤੇ ਉਸ ਨੇ ਸਾਰਾ ਕੁਝ ਸੋਚ-ਸਮਝ ਕੇ ਬਣਾਇਆ ਹੈ।” ਦੱਖਣੀ ਅਫ਼ਰੀਕਾ ਵਿਚ ਰਹਿਣ ਵਾਲਾ ਇਕ ਜੋੜਾ ਆਪਣੀਆਂ ਦੋ ਧੀਆਂ ਨਾਲ ਬਾਗ਼ਬਾਨੀ ਕਰਦਿਆਂ ਸ੍ਰਿਸ਼ਟੀ ਬਾਰੇ ਗੱਲਾਂ ਕਰਦਾ ਹੈ। ਮਿਸਾਲ ਲਈ, ਬੀਜ ਕਿਵੇਂ ਪੁੰਗਰ ਕੇ ਪੌਦੇ ਬਣ ਜਾਂਦੇ ਹਨ। ਮਾਪੇ ਦੱਸਦੇ ਹਨ: “ਅਸੀਂ ਆਪਣੀਆਂ ਧੀਆਂ ਦੇ ਦਿਲਾਂ ਵਿਚ ਜ਼ਿੰਦਗੀ ਅਤੇ ਯਹੋਵਾਹ ਦੀ ਸ਼ਾਨਦਾਰ ਸ੍ਰਿਸ਼ਟੀ ਪ੍ਰਤੀ ਕਦਰ ਪੈਦਾ ਕਰਨ ਦੀ ਕੋਸ਼ਿਸ਼ ਕਰਦੇ ਹਾਂ।”

8 ਆਸਟ੍ਰੇਲੀਆ ਵਿਚ ਰਹਿਣ ਵਾਲਾ ਇਕ ਪਿਤਾ ਆਪਣੇ 10 ਕੁ ਸਾਲਾਂ ਦੇ ਮੁੰਡੇ ਨੂੰ ਮਿਊਜ਼ੀਅਮ ਲੈ ਕੇ ਗਿਆ। ਉਹ ਆਪਣੇ ਮੁੰਡੇ ਦੀ ਪਰਮੇਸ਼ੁਰ ’ਤੇ ਨਿਹਚਾ ਮਜ਼ਬੂਤ ਕਰਨੀ ਚਾਹੁੰਦਾ ਸੀ ਅਤੇ ਸਾਬਤ ਕਰਨਾ ਚਾਹੁੰਦਾ ਸੀ ਕਿ ਯਹੋਵਾਹ ਹੀ ਸਿਰਜਣਹਾਰ ਹੈ। ਉਹ ਦੱਸਦਾ ਹੈ: “ਅਸੀਂ ਨੁਮਾਇਸ਼ ਵਿਚ ਲੱਗੇ ਅਰਬਾਂ-ਖਰਬਾਂ ਸਾਲ ਪੁਰਾਣੇ ਸਮੁੰਦਰੀ ਜੀਵ-ਜੰਤੂ ਦੇਖੇ। ਸਾਨੂੰ ਇਸ ਗੱਲ ਤੋਂ ਬਹੁਤ ਹੈਰਾਨੀ ਹੋਈ ਕਿ ਇਹ ਅਲੋਪ ਹੋ ਚੁੱਕੇ ਜੀਵ-ਜੰਤੂ ਕਿੰਨੇ ਸੋਹਣੇ, ਗੁੰਝਲਦਾਰ ਅਤੇ ਬਿਲਕੁਲ ਸਾਬਤੇ ਸਨ। ਅੱਜ ਵੀ ਇੱਦਾਂ ਦੇ ਗੁੰਝਲਦਾਰ ਜੀਵ-ਜੰਤੂ ਹਨ। ਜੇ ਇਹ ਗੱਲ ਸੱਚ ਹੈ ਕਿ ਇਕ ਛੋਟੇ ਜਿਹੇ ਸੈੱਲ ਤੋਂ ਗੁੰਝਲਦਾਰ ਜੀਵ-ਜੰਤੂ ਬਣਨ ਲਈ ਅਰਬਾਂ-ਖਰਬਾਂ ਸਾਲ ਲੱਗ ਜਾਂਦੇ ਹਨ, ਤਾਂ ਫਿਰ ਅਰਬਾਂ-ਖਰਬਾਂ ਸਾਲ ਪਹਿਲਾਂ ਹੀ ਇੰਨੇ ਗੁੰਝਲਦਾਰ ਜੀਵ-ਜੰਤੂ ਕਿਉਂ ਸਨ? ਇਸ ਗੱਲ ਨੇ ਮੇਰੇ ’ਤੇ ਡੂੰਘਾ ਅਸਰ ਪਾਇਆ ਜਿਸ ਬਾਰੇ ਮੈਂ ਆਪਣੇ ਮੁੰਡੇ ਨਾਲ ਗੱਲ ਕੀਤੀ।”

ਅਸਰਕਾਰੀ ਮਿਸਾਲਾਂ ਵਰਤੋ

9. ਮਿਸਾਲਾਂ ਵਰਤਣੀਆਂ ਅਸਰਕਾਰੀ ਕਿਉਂ ਹਨ? ਇਕ ਮਾਂ ਨੇ ਕਿਹੜੀ ਮਿਸਾਲ ਵਰਤ ਕੇ ਆਪਣੇ ਬੱਚਿਆਂ ਨੂੰ ਸਿੱਖਿਆ ਦਿੱਤੀ?

9 ਯਿਸੂ ਅਕਸਰ ਮਿਸਾਲਾਂ ਵਰਤਦਾ ਸੀ ਜਿਨ੍ਹਾਂ ਕਰਕੇ ਲੋਕ ਸੋਚਣ ਲਈ ਮਜਬੂਰ ਹੋ ਜਾਂਦੇ ਸਨ, ਉਨ੍ਹਾਂ ਦੇ ਦਿਲ ਛੋਹੇ ਜਾਂਦੇ ਸਨ ਅਤੇ ਉਹ ਗੱਲਾਂ ਲੰਬੇ ਸਮੇਂ ਤਕ ਯਾਦ ਰੱਖ ਸਕਦੇ ਸਨ। (ਮੱਤੀ 13:34, 35) ਬੱਚੇ ਆਪਣੀ ਕਲਪਨਾ ਕਰਨ ਦੀ ਕਾਬਲੀਅਤ ਜ਼ਿਆਦਾ ਵਰਤਦੇ ਹਨ। ਇਸ ਲਈ ਮਾਪਿਓ, ਆਪਣੇ ਬੱਚਿਆਂ ਨੂੰ ਸਿਖਾਉਂਦਿਆਂ ਮਿਸਾਲਾਂ ਦੀ ਵਰਤੋਂ ਕਰੋ। ਜਪਾਨ ਵਿਚ ਰਹਿਣ ਵਾਲੀ ਇਕ ਮਾਂ ਨੇ ਬਿਲਕੁਲ ਇੱਦਾਂ ਹੀ ਕੀਤਾ। ਜਦੋਂ ਉਸ ਦਾ ਇਕ ਮੁੰਡਾ ਅੱਠਾਂ ਸਾਲਾਂ ਦਾ ਤੇ ਦੂਜਾ ਦਸਾਂ ਸਾਲਾਂ ਦਾ ਸੀ, ਤਾਂ ਉਹ ਉਨ੍ਹਾਂ ਨੂੰ ਦੱਸਣਾ ਚਾਹੁੰਦੀ ਸੀ ਕਿ ਯਹੋਵਾਹ ਨੇ ਜਿਸ ਤਰੀਕੇ ਨਾਲ ਧਰਤੀ ਦਾ ਵਾਯੂਮੰਡਲ ਬਣਾਇਆ ਹੈ, ਉਸ ਤੋਂ ਪਤਾ ਲੱਗਦਾ ਹੈ ਕਿ ਉਹ ਸਾਡੀ ਕਿੰਨੀ ਪਰਵਾਹ ਕਰਦਾ ਹੈ। ਇਸ ਲਈ ਉਸ ਨੇ ਉਨ੍ਹਾਂ ਦੀ ਉਮਰ ਦੇ ਹਿਸਾਬ ਨਾਲ ਮਿਸਾਲ ਵਰਤ ਕੇ ਸਮਝਾਇਆ। ਉਸ ਨੇ ਮੁੰਡਿਆਂ ਨੂੰ ਦੁੱਧ, ਖੰਡ ਅਤੇ ਕੌਫ਼ੀ ਦਿੱਤੀ। ਫਿਰ ਉਸ ਨੇ ਬੱਚਿਆਂ ਨੂੰ ਉਸ ਲਈ ਕੌਫ਼ੀ ਬਣਾਉਣ ਲਈ ਕਿਹਾ। ਉਸ ਨੇ ਦੱਸਿਆ: “ਉਨ੍ਹਾਂ ਨੇ ਬੜੇ ਧਿਆਨ ਨਾਲ ਕੌਫ਼ੀ ਬਣਾਈ। ਜਦੋਂ ਮੈਂ ਉਨ੍ਹਾਂ ਨੂੰ ਪੁੱਛਿਆ ਕਿ ਉਨ੍ਹਾਂ ਨੇ ਇੰਨੇ ਧਿਆਨ ਨਾਲ ਕੌਫ਼ੀ ਕਿਉਂ ਬਣਾਈ, ਤਾਂ ਉਨ੍ਹਾਂ ਨੇ ਕਿਹਾ ਕਿ ਉਹ ਮੇਰੀ ਪਸੰਦ ਦੀ ਕੌਫ਼ੀ ਬਣਾਉਣੀ ਚਾਹੁੰਦੇ ਸਨ। ਮੈਂ ਸਮਝਾਇਆ ਕਿ ਪਰਮੇਸ਼ੁਰ ਨੇ ਵੀ ਬੜੇ ਧਿਆਨ ਨਾਲ ਵਾਯੂਮੰਡਲ ਵਿਚ ਗੈਸਾਂ ਨੂੰ ਸਹੀ ਮਾਤਰਾ ਵਿਚ ਪਾਇਆ ਤਾਂਕਿ ਅਸੀਂ ਸਾਹ ਲੈ ਸਕੀਏ।” ਇਹ ਮਿਸਾਲ ਉਨ੍ਹਾਂ ਦੀ ਉਮਰ ਅਨੁਸਾਰ ਢੁਕਵੀਂ ਸੀ। ਜੇ ਉਨ੍ਹਾਂ ਨੂੰ ਭਾਸ਼ਣ ਦੇ ਕੇ ਸਮਝਾਇਆ ਜਾਂਦਾ, ਤਾਂ ਉਨ੍ਹਾਂ ਦੇ ਦਿਲਾਂ ’ਤੇ ਉੱਨਾ ਅਸਰ ਨਹੀਂ ਸੀ ਪੈਣਾ ਜਿੰਨਾ ਇਸ ਤਰੀਕੇ ਨਾਲ ਸਿਖਾਉਣ ਕਰਕੇ ਪਿਆ। ਬਿਨਾਂ ਸ਼ੱਕ ਉਹ ਇਹ ਗੱਲ ਕਦੇ ਨਹੀਂ ਭੁੱਲੇ ਹੋਣੇ।

ਸ੍ਰਿਸ਼ਟੀਕਰਤਾ ’ਤੇ ਨਿਹਚਾ ਮਜ਼ਬੂਤ ਕਰਨ ਲਈ ਆਮ ਚੀਜ਼ਾਂ ਵਰਤੋ (ਪੈਰਾ 10 ਦੇਖੋ)

10, 11. (ੳ) ਆਪਣੇ ਬੱਚਿਆਂ ਦੇ ਦਿਲਾਂ ਵਿਚ ਪਰਮੇਸ਼ੁਰ ਲਈ ਨਿਹਚਾ ਪੈਦਾ ਕਰਨ ਲਈ ਤੁਸੀਂ ਕਿਹੜੀਆਂ ਮਿਸਾਲਾਂ ਵਰਤ ਸਕਦੇ ਹੋ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।) (ਅ) ਤੁਸੀਂ ਕਿਹੜੀਆਂ ਮਿਸਾਲਾਂ ਵਰਤੀਆਂ ਹਨ?

10 ਪਰਮੇਸ਼ੁਰ ’ਤੇ ਆਪਣੇ ਬੱਚੇ ਦੀ ਨਿਹਚਾ ਮਜ਼ਬੂਤ ਕਰਨ ਲਈ ਤੁਸੀਂ ਕਿਹੜੀ ਮਿਸਾਲ ਵਰਤ ਸਕਦੇ ਹੋ? ਤੁਸੀਂ ਸਬਜ਼ੀ ਬਣਾਉਣ ਦੀ ਵਿਧੀ ਵਰਤ ਸਕਦੇ ਹੋ। ਸਮਝਾਓ ਕਿ ਵਿਧੀ ਅਨੁਸਾਰ ਸਾਰਾ ਕੁਝ ਕਰਨਾ ਕਿਉਂ ਜ਼ਰੂਰੀ ਹੈ। ਫਿਰ ਤੁਸੀਂ ਆਪਣੇ ਬੱਚੇ ਨੂੰ ਸੇਬ ਜਾਂ ਕੋਈ ਹੋਰ ਫਲ ਦਿਓ ਅਤੇ ਪੁੱਛੋ: “ਕੀ ਤੈਨੂੰ ਪਤਾ ਕਿ ਸੇਬ ਬਣਾਉਣ ਦੀ ਵੀ ਵਿਧੀ ਹੈ?” ਫਿਰ ਸੇਬ ਨੂੰ ਕੱਟ ਕੇ ਉਸ ਵਿੱਚੋਂ ਬੀ ਦਿਖਾਓ। ਤੁਸੀਂ ਇਸ ਗੱਲ ’ਤੇ ਚਰਚਾ ਕਰ ਸਕਦੇ ਹੋ ਕਿ ਸੇਬ ਬਣਾਉਣ ਦੀ ਵਿਧੀ ਬੀ ਵਿਚ ਲਿਖੀ ਹੁੰਦੀ ਹੈ। ਪਰ ਇਹ ਵਿਧੀ ਸਬਜ਼ੀ ਬਣਾਉਣ ਦੀ ਵਿਧੀ ਨਾਲੋਂ ਕਿਤੇ ਜ਼ਿਆਦਾ ਗੁੰਝਲਦਾਰ ਹੈ। ਤੁਸੀਂ ਪੁੱਛ ਸਕਦੇ ਹੋ: “ਜੇ ਕਿਸੇ ਨੇ ਸਬਜ਼ੀ ਬਣਾਉਣ ਦੀ ਵਿਧੀ ਲਿਖੀ ਹੈ, ਤਾਂ ਸੇਬ ਬਣਾਉਣ ਦੀ ਗੁੰਝਲਦਾਰ ਵਿਧੀ ਕਿਸ ਨੇ ਲਿਖੀ?” ਜੇ ਬੱਚਾ ਵੱਡਾ ਹੈ, ਤਾਂ ਤੁਸੀਂ ਸਮਝਾ ਸਕਦੇ ਹੋ ਕਿ ਸੇਬ ਦੇ ਦਰਖ਼ਤ ਦੀ ਸਾਰੀ ਜਾਣਕਾਰੀ ਡੀ. ਐੱਨ. ਏ. ਵਿਚ ਲਿਖੀ ਹੁੰਦੀ ਹੈ। ਤੁਸੀਂ ਇਕੱਠੇ ਮਿਲ ਕੇ ਜੀਵਨ ਦੀ ਸ਼ੁਰੂਆਤ ਬਾਰੇ ਪੰਜ ਜ਼ਰੂਰੀ ਸਵਾਲ (ਹਿੰਦੀ) ਬਰੋਸ਼ਰ ਵਿਚ 10 ਤੋਂ ਲੈ ਕੇ 20 ਸਫ਼ਿਆਂ ’ਤੇ ਦਿੱਤੀਆਂ ਕੁਝ ਮਿਸਾਲਾਂ ਅਤੇ ਤਸਵੀਰਾਂ ਦੇਖ ਸਕਦੇ ਹੋ।

11 ਬਹੁਤ ਸਾਰੇ ਮਾਪਿਆਂ ਨੂੰ ਆਪਣੇ ਬੱਚਿਆਂ ਨਾਲ ਜਾਗਰੂਕ ਬਣੋ! ਵਿਚ ਛਪਦੇ ਲੜੀਵਾਰ ਲੇਖ “ਇਹ ਕਿਸ ਦਾ ਕਮਾਲ ਹੈ?” ’ਤੇ ਚਰਚਾ ਕਰ ਕੇ ਖ਼ੁਸ਼ੀ ਹੁੰਦੀ ਹੈ। ਜਾਂ ਜਿਨ੍ਹਾਂ ਦੇ ਬੱਚੇ ਛੋਟੇ ਹਨ, ਉਹ ਮਾਪੇ ਇਸ ਵਿਚ ਦਿੱਤੀ ਜਾਣਕਾਰੀ ਨੂੰ ਸੌਖੇ ਢੰਗ ਨਾਲ ਸਮਝਾਉਂਦੇ ਹਨ। ਮਿਸਾਲ ਲਈ, ਡੈਨਮਾਰਕ ਵਿਚ ਰਹਿਣ ਵਾਲੇ ਜੋੜੇ ਨੇ ਆਪਣੇ ਬੱਚਿਆਂ ਨੂੰ ਸਮਝਾਉਣ ਲਈ ਜਹਾਜ਼ਾਂ ਦੀ ਤੁਲਨਾ ਪੰਛੀਆਂ ਨਾਲ ਕੀਤੀ ਸੀ। ਉਹ ਜੋੜਾ ਕਹਿੰਦਾ ਹੈ: “ਜਹਾਜ਼ ਬਿਲਕੁਲ ਪੰਛੀਆਂ ਵਰਗੇ ਲੱਗਦੇ ਹਨ। ਪਰ ਕੀ ਜਹਾਜ਼ ਅੰਡੇ ਦੇ ਸਕਦੇ ਹਨ ਜਿਨ੍ਹਾਂ ਤੋਂ ਛੋਟੇ-ਛੋਟੇ ਜਹਾਜ਼ ਬਣ ਸਕਣ? ਕੀ ਪੰਛੀਆਂ ਨੂੰ ਥੱਲੇ ਉਤਰਨ ਲਈ ਲੰਬੀ-ਚੌੜੀ ਸੜਕ ਦੀ ਲੋੜ ਹੁੰਦੀ ਹੈ? ਨਾਲੇ ਕੀ ਤੁਸੀਂ ਜਹਾਜ਼ ਦੀ ਆਵਾਜ਼ ਦੀ ਤੁਲਨਾ ਪੰਛੀ ਦੀ ਆਵਾਜ਼ ਨਾਲ ਕਰ ਸਕਦੇ ਹੋ? ਸੋ ਕੌਣ ਜ਼ਿਆਦਾ ਬੁੱਧੀਮਾਨ ਹੈ, ਜਹਾਜ਼ ਬਣਾਉਣ ਵਾਲਾ ਜਾਂ ਪੰਛੀ ਬਣਾਉਣ ਵਾਲਾ?” ਜਦੋਂ ਤੁਸੀਂ ਆਪਣੇ ਬੱਚਿਆਂ ਨਾਲ ਤਰਕ ਕਰਦੇ ਹੋ ਅਤੇ ਸਵਾਲ ਪੁੱਛਦੇ ਹੋ, ਤਾਂ ਤੁਸੀਂ ਆਪਣੇ ਬੱਚਿਆਂ ਦੀ “ਮੱਤ” ਵਧਾਉਣ ਅਤੇ ਪਰਮੇਸ਼ੁਰ ’ਤੇ ਨਿਹਚਾ ਪੈਦਾ ਕਰਨ ਵਿਚ ਮਦਦ ਕਰ ਸਕਦੇ ਹੋ।​—ਕਹਾ. 2:10-12.

12. ਬਾਈਬਲ ’ਤੇ ਭਰੋਸਾ ਵਧਾਉਣ ਵਿਚ ਮਿਸਾਲਾਂ ਬੱਚਿਆਂ ਦੀ ਕਿਵੇਂ ਮਦਦ ਕਰ ਸਕਦੀਆਂ ਹਨ?

12 ਅਸਰਕਾਰੀ ਮਿਸਾਲਾਂ ਵਰਤਣ ਕਰਕੇ ਬੱਚਿਆਂ ਦਾ ਇਸ ਗੱਲ ’ਤੇ ਵੀ ਭਰੋਸਾ ਪੱਕਾ ਹੁੰਦਾ ਹੈ ਕਿ ਬਾਈਬਲ ਬਿਲਕੁਲ ਸਹੀ ਹੈ। ਮਿਸਾਲ ਲਈ, ਜ਼ਰਾ ਅੱਯੂਬ 26:7 (ਪੜ੍ਹੋ) ’ਤੇ ਗੌਰ ਕਰੋ। ਤੁਸੀਂ ਕਿਵੇਂ ਸਮਝਾ ਸਕਦੇ ਹੋ ਕਿ ਇਹ ਆਇਤ ਪਰਮੇਸ਼ੁਰ ਦੀ ਪ੍ਰੇਰਣਾ ਨਾਲ ਲਿਖੀ ਗਈ ਹੈ? ਆਪਣੇ ਬੱਚਿਆਂ ਨੂੰ ਸਿਰਫ਼ ਇਹ ਨਾ ਦੱਸੋ ਕਿ ਇਸ ਵਿਚ ਦਿੱਤੀ ਜਾਣਕਾਰੀ ਯਹੋਵਾਹ ਨੇ ਦਿੱਤੀ ਹੈ। ਇਸ ਦੀ ਬਜਾਇ, ਕਿਉਂ ਨਾ ਆਪਣੇ ਬੱਚਿਆਂ ਨੂੰ ਕਲਪਨਾ ਕਰਨ ਲਈ ਕਹੋ? ਇਹ ਦੱਸੋ ਕਿ ਅੱਯੂਬ ਉਸ ਜ਼ਮਾਨੇ ਵਿਚ ਰਹਿੰਦਾ ਸੀ ਜਦੋਂ ਦੂਰਬੀਨ ਅਤੇ ਪੁਲਾੜੀ ਜਹਾਜ਼ ਨਹੀਂ ਹੁੰਦੇ ਸਨ। ਆਪਣੇ ਬੱਚੇ ਨੂੰ ਕਹੋ ਕਿ ਉਹ ਤੁਹਾਨੂੰ ਸਮਝਾਵੇ ਕਿ ਅੱਯੂਬ ਦੇ ਜ਼ਮਾਨੇ ਦੇ ਲੋਕਾਂ ਲਈ ਇਹ ਮੰਨਣਾ ਇੰਨਾ ਔਖਾ ਕਿਉਂ ਸੀ ਕਿ ਐਡੀ ਵੱਡੀ ਚੀਜ਼, ਜਿਵੇਂ ਧਰਤੀ, ਬਿਨਾਂ ਕਿਸੇ ਸਹਾਰੇ ਦੇ ਖੜ੍ਹੀ ਹੈ। ਇਹ ਸਮਝਾਉਣ ਲਈ ਉਹ ਗੇਂਦ ਜਾਂ ਕਿਸੇ ਪੱਥਰ ਨੂੰ ਵਰਤ ਸਕਦਾ ਹੈ ਕਿ ਕੋਈ ਵੀ ਭਾਰੀ ਚੀਜ਼ ਨੂੰ ਖੜ੍ਹੇ ਰਹਿਣ ਲਈ ਕਿਸੇ ਸਹਾਰੇ ਦੀ ਲੋੜ ਹੈ। ਇਸ ਤਰ੍ਹਾਂ ਸਿਖਾਉਣ ਕਰਕੇ ਬੱਚੇ ਦੇ ਦਿਲ ’ਤੇ ਗਹਿਰਾ ਅਸਰ ਪਵੇਗਾ ਕਿ ਯਹੋਵਾਹ ਨੇ ਇਨਸਾਨਾਂ ਦੇ ਖੋਜ ਕਰਨ ਤੋਂ ਪਹਿਲਾਂ ਹੀ ਬਾਈਬਲ ਵਿਚ ਸੱਚਾਈਆਂ ਲਿਖਵਾ ਦਿੱਤੀਆਂ ਸਨ।​—ਨਹ. 9:6.

ਬਾਈਬਲ ਦੇ ਅਸੂਲਾਂ ਦੀ ਅਹਿਮੀਅਤ ਸਮਝਾਓ

13, 14. ਮਾਪੇ ਆਪਣੇ ਬੱਚਿਆਂ ਨੂੰ ਬਾਈਬਲ ਦੇ ਅਸੂਲਾਂ ਦੀ ਅਹਿਮੀਅਤ ਬਾਰੇ ਕਿਵੇਂ ਸਮਝਾ ਸਕਦੇ ਹਨ?

13 ਇਹ ਬਹੁਤ ਜ਼ਰੂਰੀ ਹੈ ਕਿ ਤੁਸੀਂ ਆਪਣੇ ਬੱਚਿਆਂ ਨੂੰ ਬਾਈਬਲ ਦੇ ਅਸੂਲਾਂ ਦੀ ਅਹਿਮੀਅਤ ਸਮਝਾਓ। (ਜ਼ਬੂਰਾਂ ਦੀ ਪੋਥੀ 1:1-3 ਪੜ੍ਹੋ।) ਇਸ ਤਰ੍ਹਾਂ ਕਰਨ ਦੇ ਕਾਫ਼ੀ ਤਰੀਕੇ ਹਨ। ਮਿਸਾਲ ਲਈ, ਤੁਸੀਂ ਆਪਣੇ ਬੱਚਿਆਂ ਨੂੰ ਕਲਪਨਾ ਕਰਨ ਲਈ ਕਹਿ ਸਕਦੇ ਹੋ ਕਿ ਉਹ ਕਿਸੇ ਦੂਰ-ਦੁਰਾਡੇ ਟਾਪੂ ’ਤੇ ਰਹਿਣ ਚੱਲੇ ਹਨ। ਉਨ੍ਹਾਂ ਨੂੰ ਕੁਝ ਲੋਕਾਂ ਨੂੰ ਚੁਣਨਾ ਪਵੇਗਾ ਜਿਨ੍ਹਾਂ ਨੂੰ ਉਹ ਆਪਣੇ ਨਾਲ ਲਿਜਾਣਾ ਚਾਹੁੰਦੇ ਹਨ। ਫਿਰ ਪੁੱਛੋ: “ਸ਼ਾਂਤੀ ਤੇ ਏਕਤਾ ਨਾਲ ਰਹਿਣ ਲਈ ਹਰ ਵਿਅਕਤੀ ਵਿਚ ਕਿਹੜੇ ਗੁਣ ਹੋਣੇ ਚਾਹੀਦੇ ਹਨ?” ਨਾਲੇ ਤੁਸੀਂ ਗਲਾਤੀਆਂ 5:19-23 ਪੜ੍ਹ ਕੇ ਵੀ ਉਨ੍ਹਾਂ ਤੋਂ ਪੁੱਛ ਸਕਦੇ ਹੋ ਕਿ ਯਹੋਵਾਹ ਨੂੰ ਕਿਹੜੇ ਗੁਣ ਚੰਗੇ ਲੱਗਦੇ ਹਨ।

14 ਇਸ ਤਰੀਕੇ ਨਾਲ ਤੁਸੀਂ ਉਨ੍ਹਾਂ ਨੂੰ ਦੋ ਸਬਕ ਸਿਖਾ ਸਕਦੇ ਹੋ। ਪਹਿਲਾ, ਪਰਮੇਸ਼ੁਰ ਦੇ ਮਿਆਰਾਂ ’ਤੇ ਚੱਲ ਕੇ ਸ਼ਾਂਤੀ ਤੇ ਏਕਤਾ ਵਧਦੀ ਹੈ। ਦੂਜਾ, ਯਹੋਵਾਹ ਅੱਜ ਸਾਨੂੰ ਸਿਖਾ ਕੇ ਨਵੀਂ ਦੁਨੀਆਂ ਵਿਚ ਰਹਿਣ ਲਈ ਤਿਆਰ ਕਰ ਰਿਹਾ ਹੈ। (ਯਸਾ. 54:13; ਯੂਹੰ. 17:3) ਤੁਸੀਂ ਪ੍ਰਕਾਸ਼ਨਾਂ ਵਿਚ ਦਿੱਤੇ ਤਜਰਬਿਆਂ ਤੋਂ ਵੀ ਦਿਖਾ ਸਕਦੇ ਹੋ ਕਿ ਇਨ੍ਹਾਂ ਅਸੂਲਾਂ ਨੇ ਸਾਡੇ ਭੈਣਾਂ-ਭਰਾਵਾਂ ਦੀ ਕਿਵੇਂ ਮਦਦ ਕੀਤੀ। ਤੁਸੀਂ ਪਹਿਰਾਬੁਰਜ ਤੋਂ “ਬਾਈਬਲ ਬਦਲਦੀ ਹੈ ਜ਼ਿੰਦਗੀਆਂ” ਨਾਂ ਦੇ ਲੜੀਵਾਰ ਲੇਖ ਦਿਖਾ ਸਕਦੇ ਹੋ। ਜਾਂ ਜੇ ਤੁਹਾਡੀ ਮੰਡਲੀ ਵਿਚ ਕਿਸੇ ਨੇ ਯਹੋਵਾਹ ਨੂੰ ਖ਼ੁਸ਼ ਕਰਨ ਲਈ ਬਹੁਤ ਵੱਡੀਆਂ ਤਬਦੀਲੀਆਂ ਕੀਤੀਆਂ ਹਨ, ਤਾਂ ਕਿਉਂ ਨਾ ਉਸ ਨੂੰ ਆਪਣਾ ਤਜਰਬਾ ਦੱਸਣ ਲਈ ਆਪਣੇ ਘਰ ਬੁਲਾਓ। ਇੱਦਾਂ ਦੀਆਂ ਮਿਸਾਲਾਂ ਦਿਲ ਉੱਤੇ ਗਹਿਰੀ ਛਾਪ ਛੱਡਦੀਆਂ ਹਨ।​—ਇਬ. 4:12.

15. ਆਪਣੇ ਬੱਚਿਆਂ ਨੂੰ ਸਿਖਾਉਣ ਵਿਚ ਕਿਹੜੀਆਂ ਗੱਲਾਂ ਤੁਹਾਡੀ ਮਦਦ ਕਰਨਗੀਆਂ?

15 ਸੋ ਨਿਚੋੜ ਇਹ ਹੈ: ਹਰ ਹਫ਼ਤੇ ਆਪਣੇ ਬੱਚਿਆਂ ਨੂੰ ਸਿਖਾਉਂਦੇ ਵੇਲੇ ਬੱਸ ਬਹਿ ਕੇ ਉਨ੍ਹਾਂ ਨਾਲ ਪ੍ਰਕਾਸ਼ਨ ਹੀ ਨਾ ਪੜ੍ਹੋ, ਸਗੋਂ ਆਪਣੀ ਕਲਪਨਾ ਕਰਨ ਦੀ ਕਾਬਲੀਅਤ ਵਰਤ ਕੇ ਨਵੇਂ-ਨਵੇਂ ਤੇ ਮਜ਼ੇਦਾਰ ਤਰੀਕੇ ਇਸਤੇਮਾਲ ਕਰੋ। ਉਨ੍ਹਾਂ ਦੀ ਉਮਰ ਨੂੰ ਮਨ ਵਿਚ ਰੱਖਦਿਆਂ ਉਨ੍ਹਾਂ ਨੂੰ ਸੋਚਣ ਲਈ ਮਜਬੂਰ ਕਰੋ। ਜੇ ਤੁਸੀਂ ਇਨ੍ਹਾਂ ਤਰੀਕਿਆਂ ਨਾਲ ਆਪਣੇ ਬੱਚਿਆਂ ਨੂੰ ਸਿਖਾਓਗੇ, ਤਾਂ ਉਨ੍ਹਾਂ ਦੀ ਨਿਹਚਾ ਜ਼ਰੂਰ ਮਜ਼ਬੂਤ ਹੋਵੇਗੀ। ਇਕ ਪਿਤਾ ਦੱਸਦਾ ਹੈ: “ਸ਼ਾਇਦ ਤੁਸੀਂ ਆਪਣੇ ਬੱਚਿਆਂ ਨੂੰ ਕੁਝ ਗੱਲਾਂ ਕਈ ਵਾਰੀ ਸਮਝਾਈਆਂ ਹਨ। ਪਰ ਸ਼ਾਇਦ ਕੁਝ ਸਮੇਂ ਬਾਅਦ ਉਹ ਫਿਰ ਉਨ੍ਹਾਂ ਗੱਲਾਂ ਬਾਰੇ ਹੀ ਸਵਾਲ ਪੁੱਛਣ। ਉਨ੍ਹਾਂ ਗੱਲਾਂ ਨੂੰ ਦੁਬਾਰਾ ਸਮਝਾਉਣ ਲਈ ਨਵੇਂ-ਨਵੇਂ ਤਰੀਕੇ ਇਸਤੇਮਾਲ ਕਰਨ ਤੋਂ ਨਾ ਝਿਜਕੋ।”

ਨਿਹਚਾ ਤੇ ਧੀਰਜ ਰੱਖਣ ਦੇ ਨਾਲ-ਨਾਲ ਪ੍ਰਾਰਥਨਾ ਕਰੋ

16. ਬੱਚਿਆਂ ਨੂੰ ਸਿਖਾਉਂਦਿਆਂ ਧੀਰਜ ਦੀ ਲੋੜ ਕਿਉਂ ਹੈ? ਉਦਾਹਰਣ ਦਿਓ।

16 ਨਿਹਚਾ ਪੈਦਾ ਕਰਨ ਲਈ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਦੀ ਲੋੜ ਹੈ। (ਗਲਾ. 5:22, 23) ਜਿਸ ਤਰ੍ਹਾਂ ਇਕ ਫਲ ਨੂੰ ਪੱਕਣ ਲਈ ਸਮਾਂ ਲੱਗਦਾ ਹੈ, ਉਸੇ ਤਰ੍ਹਾਂ ਨਿਹਚਾ ਵਧਣ ਲਈ ਵੀ ਸਮਾਂ ਲੱਗਦਾ ਹੈ। ਇਸ ਲਈ ਆਪਣੇ ਬੱਚਿਆਂ ਨੂੰ ਸਿਖਾਉਂਦਿਆਂ ਧੀਰਜ ਰੱਖੋ ਅਤੇ ਹਾਰ ਨਾ ਮੰਨੋ। ਜਪਾਨ ਵਿਚ ਰਹਿੰਦੇ ਦੋ ਬੱਚਿਆਂ ਦੇ ਪਿਤਾ ਨੇ ਦੱਸਿਆ: “ਮੈਂ ਤੇ ਮੇਰੀ ਪਤਨੀ ਨੇ ਆਪਣੇ ਬੱਚਿਆਂ ਦਾ ਬਹੁਤ ਧਿਆਨ ਰੱਖਿਆ। ਜਦੋਂ ਉਹ ਛੋਟੇ ਸੀ, ਤਾਂ ਸਭਾ ਵਾਲੇ ਦਿਨਾਂ ਤੋਂ ਇਲਾਵਾ ਮੈਂ ਉਨ੍ਹਾਂ ਨਾਲ ਹਰ ਰੋਜ਼ 15 ਮਿੰਟ ਸਟੱਡੀ ਕਰਦਾ ਹੁੰਦਾ ਸੀ। 15 ਮਿੰਟ ਨਾ ਤਾਂ ਮੇਰੇ ਲਈ ਕੱਢਣੇ ਮੁਸ਼ਕਲ ਸਨ ਤੇ ਨਾ ਹੀ ਉਨ੍ਹਾਂ ਲਈ।” ਇਕ ਸਰਕਟ ਨਿਗਾਹਬਾਨ ਨੇ ਲਿਖਿਆ: “ਜਦੋਂ ਮੈਂ ਨੌਜਵਾਨ ਸੀ, ਉਦੋਂ ਮੇਰੇ ਮਨ ਵਿਚ ਸ਼ੱਕ ਹੋਣ ਦੇ ਨਾਲ-ਨਾਲ ਬਹੁਤ ਸਾਰੇ ਸਵਾਲ ਵੀ ਸਨ। ਪਰ ਮੈਂ ਇਨ੍ਹਾਂ ਬਾਰੇ ਪੁੱਛਦਾ ਹੀ ਨਹੀਂ ਸੀ। ਸਮੇਂ ਦੇ ਬੀਤਣ ਨਾਲ ਮੈਨੂੰ ਇਨ੍ਹਾਂ ਦੇ ਜਵਾਬ ਸਭਾਵਾਂ ਵਿਚ, ਪਰਿਵਾਰਕ ਸਟੱਡੀ ਦੌਰਾਨ ਜਾਂ ਆਪਣੀ ਸਟੱਡੀ ਕਰਦਿਆਂ ਮਿਲੇ। ਇਸ ਕਰਕੇ ਮਾਪਿਆਂ ਲਈ ਜ਼ਰੂਰੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਸਿਖਾਉਂਦੇ ਰਹਿਣ।”

ਅਸਰਕਾਰੀ ਸਿੱਖਿਅਕ ਬਣਨ ਲਈ ਪਹਿਲਾਂ ਪਰਮੇਸ਼ੁਰ ਦੇ ਬਚਨ ਨੂੰ ਆਪਣੇ ਦਿਲ ਵਿਚ ਬਿਠਾਓ (ਪੈਰਾ 17 ਦੇਖੋ)

17. ਮਾਪਿਆਂ ਲਈ ਵਧੀਆ ਮਿਸਾਲ ਰੱਖਣੀ ਜ਼ਰੂਰੀ ਕਿਉਂ ਹੈ? ਇਕ ਜੋੜਾ ਆਪਣੀਆਂ ਕੁੜੀਆਂ ਲਈ ਵਧੀਆ ਮਿਸਾਲ ਕਿਵੇਂ ਰੱਖਦਾ ਹੈ?

17 ਦਰਅਸਲ ਤੁਹਾਡੀ ਨਿਹਚਾ ਦੀ ਮਿਸਾਲ ਵੀ ਬਹੁਤ ਜ਼ਰੂਰੀ ਹੈ। ਤੁਹਾਡੇ ਬੱਚੇ ਦੇਖਣਗੇ ਕਿ ਤੁਸੀਂ ਕੀ ਕਰਦੇ ਹੋ ਅਤੇ ਇਸ ਦਾ ਉਨ੍ਹਾਂ ’ਤੇ ਜ਼ਰੂਰ ਚੰਗਾ ਅਸਰ ਪਵੇਗਾ। ਇਸ ਲਈ ਮਾਪਿਓ, ਆਪਣੀ ਨਿਹਚਾ ਮਜ਼ਬੂਤ ਕਰਦੇ ਰਹੋ। ਆਪਣੇ ਬੱਚਿਆਂ ਨੂੰ ਦਿਖਾਓ ਕਿ ਯਹੋਵਾਹ ਤੁਹਾਡਾ ਕਿੰਨਾ ਵਧੀਆ ਦੋਸਤ ਹੈ। ਬਰਮੂਡਾ ਵਿਚ ਰਹਿਣ ਵਾਲੇ ਇਕ ਜੋੜੇ ਨੂੰ ਜਦੋਂ ਵੀ ਚਿੰਤਾ ਹੁੰਦੀ ਹੈ, ਤਾਂ ਉਹ ਆਪਣੇ ਬੱਚਿਆਂ ਨਾਲ ਮਿਲ ਕੇ ਯਹੋਵਾਹ ਨੂੰ ਪ੍ਰਾਰਥਨਾ ਕਰਦੇ ਹਨ ਅਤੇ ਉਸ ਤੋਂ ਅਗਵਾਈ ਮੰਗਦੇ ਹਨ। ਉਹ ਆਪਣੇ ਬੱਚਿਆਂ ਨੂੰ ਵੀ ਪ੍ਰਾਰਥਨਾ ਕਰਨ ਦੀ ਹੱਲਾਸ਼ੇਰੀ ਦਿੰਦੇ ਹਨ। “ਅਸੀਂ ਆਪਣੀ ਵੱਡੀ ਕੁੜੀ ਨੂੰ ਵੀ ਕਹਿੰਦੇ ਹਾਂ, ‘ਤੂੰ ਯਹੋਵਾਹ ’ਤੇ ਭਰੋਸਾ ਰੱਖ, ਉਸ ਦੀ ਸੇਵਾ ਵਿਚ ਲੱਗੀ ਰਹਿ ਅਤੇ ਜ਼ਿਆਦਾ ਚਿੰਤਾ ਨਾ ਕਰ।’ ਜਦੋਂ ਉਹ ਆਪਣੀ ਅੱਖੀਂ ਯਹੋਵਾਹ ਦਾ ਹੱਥ ਦੇਖਦੀ ਹੈ, ਤਾਂ ਬਾਈਬਲ ਅਤੇ ਪਰਮੇਸ਼ੁਰ ’ਤੇ ਉਸ ਦੀ ਨਿਹਚਾ ਮਜ਼ਬੂਤ ਹੁੰਦੀ ਹੈ।”

18. ਮਾਪਿਆਂ ਨੂੰ ਕਿਹੜੀ ਗੱਲ ਨਹੀਂ ਭੁੱਲਣੀ ਚਾਹੀਦੀ?

18 ਮਾਪਿਓ, ਇਹ ਕਦੀ ਨਾ ਭੁੱਲੋ ਕਿ ਤੁਸੀਂ ਆਪਣੇ ਬੱਚਿਆਂ ਨੂੰ ਨਿਹਚਾ ਰੱਖਣ ਲਈ ਮਜਬੂਰ ਨਹੀਂ ਕਰ ਸਕਦੇ। ਤੁਸੀਂ ਨਿਹਚਾ ਦਾ ਬੀ ਬੀਜ ਸਕਦੇ ਹੋ ਅਤੇ ਪਾਣੀ ਦੇ ਸਕਦੇ ਹੋ, ਪਰ ਸਿਰਫ਼ ਪਰਮੇਸ਼ੁਰ ਹੀ ਵਧਾ ਸਕਦਾ ਹੈ। (1 ਕੁਰਿੰ. 3:6) ਇਸ ਲਈ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਲਈ ਪ੍ਰਾਰਥਨਾ ਕਰੋ ਅਤੇ ਆਪਣੇ ਪਿਆਰੇ ਬੱਚਿਆਂ ਨੂੰ ਸਿਖਾਉਣ ਵਿਚ ਮਿਹਨਤ ਕਰਦੇ ਰਹੋ। ਤੁਸੀਂ ਪੱਕਾ ਯਕੀਨ ਰੱਖ ਸਕਦੇ ਹੋ ਕਿ ਯਹੋਵਾਹ ਤੁਹਾਨੂੰ ਬਰਕਤਾਂ ਦੇਵੇਗਾ।​—ਅਫ਼. 6:4.