Skip to content

Skip to table of contents

ਯਹੋਵਾਹ ਤੋਂ ਬਰਕਤਾਂ ਪਾਉਣ ਲਈ ਘੋਲ ਕਰਦੇ ਰਹੋ

ਯਹੋਵਾਹ ਤੋਂ ਬਰਕਤਾਂ ਪਾਉਣ ਲਈ ਘੋਲ ਕਰਦੇ ਰਹੋ

“ਤੂੰ ਪਰਮੇਸ਼ੁਰ ਅਤੇ ਮਨੁੱਖਾਂ ਨਾਲ ਜੁੱਧ ਕਰ ਕੇ ਜਿੱਤ ਗਿਆ ਹੈਂ।”​—ਉਤ. 32:28.

ਗੀਤ: 6038

1, 2. ਯਹੋਵਾਹ ਦੇ ਸੇਵਕਾਂ ਨੂੰ ਕਿਹੜੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ?

ਪਹਿਲੇ ਵਫ਼ਾਦਾਰ ਆਦਮੀ ਹਾਬਲ ਤੋਂ ਲੈ ਕੇ ਅੱਜ ਤਕ ਸਾਰੇ ਵਫ਼ਾਦਾਰ ਸੇਵਕ ਅਜ਼ਮਾਇਸ਼ਾਂ ਸਹਿੰਦੇ ਆ ਰਹੇ ਹਨ। ਪੌਲੁਸ ਰਸੂਲ ਨੇ ਯਹੂਦੀ ਮਸੀਹੀਆਂ ਦੀ ਇਸ ਗੱਲੋਂ ਸ਼ਲਾਘਾ ਕੀਤੀ ਕਿ ਉਨ੍ਹਾਂ ਨੇ ਯਹੋਵਾਹ ਦੀ ਮਿਹਰ ਅਤੇ ਬਰਕਤ ਪਾਉਣ ਲਈ “ਧੀਰਜ ਨਾਲ ਸਖ਼ਤ ਅਜ਼ਮਾਇਸ਼ਾਂ ਦਾ ਸਾਮ੍ਹਣਾ ਕੀਤਾ ਸੀ।” (ਇਬ. 10:32-34) ਪੌਲੁਸ ਨੇ ਮਸੀਹੀਆਂ ਦੇ ਸੰਘਰਸ਼ ਦੀ ਤੁਲਨਾ ਉਨ੍ਹਾਂ ਖਿਡਾਰੀਆਂ ਦੀ ਜੱਦੋ-ਜਹਿਦ ਨਾਲ ਕੀਤੀ ਜੋ ਯੂਨਾਨ ਵਿਚ ਹੁੰਦੇ ਮੁਕਾਬਲਿਆਂ ਵਿਚ ਹਿੱਸਾ ਲੈਂਦੇ ਸਨ, ਜਿਵੇਂ ਦੌੜ, ਕੁਸ਼ਤੀ ਅਤੇ ਮੁੱਕੇਬਾਜ਼ੀ। (ਇਬ. 12:1, 4) ਅੱਜ ਅਸੀਂ ਵੀ ਇਕ ਤਰ੍ਹਾਂ ਦੀ ਦੌੜ ਵਿਚ ਹਾਂ, ਉਹ ਹੈ ਜ਼ਿੰਦਗੀ ਦੀ ਦੌੜ। ਇਸ ਦੌੜ ਵਿਚ ਸਾਡੇ ਵਿਰੋਧੀ ਸਾਡਾ ਧਿਆਨ ਭਟਕਾਉਣਾ ਚਾਹੁੰਦੇ ਹਨ, ਸਾਨੂੰ ਕੜਿੰਗੀ ਪਾ ਕੇ ਸੁੱਟਣਾ ਚਾਹੁੰਦੇ ਹਨ, ਹਰਾਉਣਾ ਚਾਹੁੰਦੇ ਹਨ ਅਤੇ ਸਾਡੇ ਤੋਂ ਖ਼ੁਸ਼ੀ ਤੇ ਭਵਿੱਖ ਵਿਚ ਮਿਲਣ ਵਾਲੇ ਇਨਾਮ ਖੋਹਣਾ ਚਾਹੁੰਦੇ ਹਨ।

2 ਸਾਡੀ ਸਭ ਤੋਂ ਔਖੀ ਲੜਾਈ ਜਾਂ ਕੁਸ਼ਤੀ ਸ਼ੈਤਾਨ ਅਤੇ ਉਸ ਦੀ ਦੁਸ਼ਟ ਦੁਨੀਆਂ ਨਾਲ ਹੈ। (ਅਫ਼. 6:12, ਫੁਟਨੋਟ) ਇਸ ਲਈ ਜ਼ਰੂਰੀ ਹੈ ਕਿ ਅਸੀਂ ਦੁਨੀਆਂ ਦੇ “ਕਿਲਿਆਂ ਵਰਗੇ ਮਜ਼ਬੂਤ ਵਿਚਾਰਾਂ” ਦਾ ਆਪਣੇ ’ਤੇ ਅਸਰ ਨਾ ਪੈਣ ਦੇਈਏ। ਇਨ੍ਹਾਂ ਵਿਚ ਝੂਠੀਆਂ ਸਿੱਖਿਆਵਾਂ, ਫ਼ਲਸਫ਼ੇ ਅਤੇ ਬੁਰੇ ਕੰਮ ਸ਼ਾਮਲ ਹਨ, ਜਿਵੇਂ ਅਨੈਤਿਕ ਕੰਮ ਕਰਨੇ, ਸਿਗਰਟਾਂ ਪੀਣੀਆਂ, ਤਮਾਖੂ ਖਾਣਾ, ਹੱਦੋਂ ਵਧ ਸ਼ਰਾਬ ਪੀਣੀ ਅਤੇ ਨਸ਼ੇ ਕਰਨੇ। ਨਾਲੇ ਸਾਨੂੰ ਆਪਣੀਆਂ ਕਮੀਆਂ-ਕਮਜ਼ੋਰੀਆਂ ਅਤੇ ਨਿਰਾਸ਼ਾ ਨਾਲ ਲਗਾਤਾਰ ਲੜਦੇ ਰਹਿਣਾ ਚਾਹੀਦਾ ਹੈ।​—2 ਕੁਰਿੰ. 10:3-6; ਕੁਲੁ. 3:5-9.

3. ਪਰਮੇਸ਼ੁਰ ਸਾਨੂੰ ਆਪਣੇ ਦੁਸ਼ਮਣਾਂ ਨਾਲ ਲੜਨ ਦੀ ਸਿਖਲਾਈ ਕਿਵੇਂ ਦਿੰਦਾ ਹੈ?

3 ਕੀ ਇਨ੍ਹਾਂ ਸ਼ਕਤੀਸ਼ਾਲੀ ਵਿਰੋਧੀਆਂ ਨੂੰ ਹਰਾਉਣਾ ਸੱਚ-ਮੁੱਚ ਮੁਮਕਿਨ ਹੈ? ਜੀ ਹਾਂ, ਪਰ ਜੱਦੋ-ਜਹਿਦ ਕੀਤੇ ਬਿਨਾਂ ਨਹੀਂ। ਪੌਲੁਸ ਨੇ ਆਪਣੀ ਤੁਲਨਾ ਮੁੱਕੇਬਾਜ਼ ਨਾਲ ਕਰਦਿਆਂ ਕਿਹਾ: “ਮੈਂ ਅਜਿਹਾ ਮੁੱਕੇਬਾਜ਼ ਨਹੀਂ ਹਾਂ ਜਿਹੜਾ ਹਵਾ ਵਿਚ ਮੁੱਕੇ ਮਾਰਦਾ ਹੈ।” (1 ਕੁਰਿੰ. 9:26) ਸਾਨੂੰ ਵੀ ਇਕ ਮੁੱਕੇਬਾਜ਼ ਵਾਂਗ ਆਪਣੇ ਦੁਸ਼ਮਣਾਂ ਨਾਲ ਲੜਨਾ ਚਾਹੀਦਾ ਹੈ। ਯਹੋਵਾਹ ਸਾਡੀ ਮਦਦ ਕਰਦਾ ਹੈ ਅਤੇ ਸਾਨੂੰ ਆਪਣੇ ਬਚਨ ਰਾਹੀਂ ਲੜਨ ਦੀ ਸਿਖਲਾਈ ਦਿੰਦਾ ਹੈ। ਉਹ ਬਾਈਬਲ-ਆਧਾਰਿਤ ਪ੍ਰਕਾਸ਼ਨਾਂ, ਸਭਾਵਾਂ ਅਤੇ ਸੰਮੇਲਨਾਂ ਰਾਹੀਂ ਵੀ ਸਾਡੀ ਮਦਦ ਕਰਦਾ ਹੈ। ਕੀ ਤੁਸੀਂ ਸਿੱਖੀਆਂ ਗੱਲਾਂ ਨੂੰ ਆਪਣੀ ਜ਼ਿੰਦਗੀ ਵਿਚ ਲਾਗੂ ਕਰ ਰਹੇ ਹੋ? ਜੇ ਨਹੀਂ, ਤਾਂ ਤੁਸੀਂ “ਹਵਾ ਵਿਚ ਮੁੱਕੇ” ਮਾਰ ਰਹੇ ਹੋ ਯਾਨੀ ਇਸ ਦਾ ਤੁਹਾਡੇ ਦੁਸ਼ਮਣ ਉੱਤੇ ਕੋਈ ਅਸਰ ਨਹੀਂ ਹੋਵੇਗਾ।

4. ਅਸੀਂ ਬੁਰਾਈ ਨੂੰ ਕਿਵੇਂ ਜਿੱਤ ਸਕਦੇ ਹਾਂ?

4 ਸਾਡੇ ਦੁਸ਼ਮਣ ਸ਼ਾਇਦ ਉਦੋਂ ਸਾਡੇ ’ਤੇ ਵਾਰ ਕਰਨ ਜਦੋਂ ਸਾਡੇ ਮਨ-ਚਿੱਤ ਵੀ ਨਾ ਹੋਵੇ ਜਾਂ ਜਦੋਂ ਅਸੀਂ ਪਹਿਲਾਂ ਹੀ ਬਹੁਤ ਨਿਰਾਸ਼ ਹੋਈਏ। ਇਸ ਲਈ ਸਾਨੂੰ ਹਮੇਸ਼ਾ ਖ਼ਬਰਦਾਰ ਰਹਿਣਾ ਚਾਹੀਦਾ ਹੈ। ਬਾਈਬਲ ਸਾਨੂੰ ਚੇਤਾਵਨੀ ਦਿੰਦੀ ਹੈ: “ਬੁਰਾਈ ਤੋਂ ਹਾਰ ਨਾ ਮੰਨੋ, ਸਗੋਂ ਬੁਰਾਈ ਨੂੰ ਭਲਾਈ ਨਾਲ ਜਿੱਤੋ।” (ਰੋਮੀ. 12:21) “ਬੁਰਾਈ ਤੋਂ ਹਾਰ ਨਾ ਮੰਨੋ” ਸ਼ਬਦਾਂ ਤੋਂ ਸਾਨੂੰ ਹੱਲਾਸ਼ੇਰੀ ਮਿਲਦੀ ਹੈ ਕਿ ਅਸੀਂ ਬੁਰਾਈ ’ਤੇ ਜ਼ਰੂਰ ਜਿੱਤ ਪਾ ਸਕਦੇ ਹਾਂ। ਅਸੀਂ ਇੱਦਾਂ ਕਰ ਸਕਦੇ ਹਾਂ ਜੇ ਅਸੀਂ ਬੁਰਾਈ ਖ਼ਿਲਾਫ਼ ਲੜਦੇ ਰਹਿੰਦੇ ਹਾਂ। ਇਸ ਦੇ ਉਲਟ, ਜੇ ਅਸੀਂ ਖ਼ਬਰਦਾਰ ਨਹੀਂ ਰਹਿੰਦੇ ਅਤੇ ਲੜਾਈ ਲੜਨੀ ਛੱਡ ਦਿੰਦੇ ਹਾਂ, ਤਾਂ ਸ਼ੈਤਾਨ, ਉਸ ਦੀ ਦੁਸ਼ਟ ਦੁਨੀਆਂ ਅਤੇ ਸਾਡੀਆਂ ਕਮੀਆਂ-ਕਮਜ਼ੋਰੀਆਂ ਅੱਗੇ ਸਾਡੇ ਹੱਥ ਖੜ੍ਹੇ ਹੋ ਜਾਣਗੇ। ਸ਼ੈਤਾਨ ਨੂੰ ਕਦੇ ਵੀ ਮੌਕਾ ਨਾ ਦਿਓ ਕਿ ਉਹ ਤੁਹਾਨੂੰ ਡਰਾ ਕੇ ਤੁਹਾਡੇ ਹੱਥ ਢਿੱਲੇ ਕਰ ਦੇਵੇ।​—1 ਪਤ. 5:9.

5. (ੳ) ਲਗਾਤਾਰ ਸੰਘਰਸ਼ ਕਰਦੇ ਰਹਿਣ ਲਈ ਕਿਹੜੀ ਗੱਲ ਸਾਡੀ ਮਦਦ ਕਰ ਸਕਦੀ ਹੈ? (ਅ) ਅਸੀਂ ਇਸ ਲੇਖ ਵਿਚ ਕਿਨ੍ਹਾਂ ਪਾਤਰਾਂ ਬਾਰੇ ਗੱਲ ਕਰਾਂਗੇ?

5 ਜਿੱਤ ਹਾਸਲ ਕਰਨ ਲਈ ਸਾਨੂੰ ਯਾਦ ਰੱਖਣ ਦੀ ਲੋੜ ਹੈ ਕਿ ਅਸੀਂ ਕਿਉਂ ਲੜ ਰਹੇ ਹਾਂ। ਯਹੋਵਾਹ ਦੀ ਮਿਹਰ ਅਤੇ ਬਰਕਤ ਪਾਉਣ ਲਈ ਸਾਨੂੰ ਇਬਰਾਨੀਆਂ 11:6 ਵਿਚ ਇਹ ਹੌਸਲਾ ਦਿੱਤਾ ਗਿਆ ਹੈ: “ਜਿਹੜਾ ਪਰਮੇਸ਼ੁਰ ਦੇ ਹਜ਼ੂਰ ਆਉਂਦਾ ਹੈ, ਉਸ ਲਈ ਵਿਸ਼ਵਾਸ ਕਰਨਾ ਜ਼ਰੂਰੀ ਹੈ ਕਿ ਪਰਮੇਸ਼ੁਰ ਸੱਚ-ਮੁੱਚ ਹੈ ਅਤੇ ਉਹ ਉਨ੍ਹਾਂ ਸਾਰਿਆਂ ਨੂੰ ਇਨਾਮ ਦਿੰਦਾ ਹੈ ਜਿਹੜੇ ਜੀ-ਜਾਨ ਨਾਲ ਉਸ ਦੀ ਇੱਛਾ ਪੂਰੀ ਕਰਨ ਦੀ ਕੋਸ਼ਿਸ਼ ਕਰਦੇ ਹਨ।” ਸੋ ਪਰਮੇਸ਼ੁਰ ਦੀ ਮਿਹਰ ਪਾਉਣ ਲਈ ਸਾਨੂੰ ਪੂਰੀ ਵਾਹ ਲਾਉਣ ਦੀ ਲੋੜ ਹੈ। (ਰਸੂ. 15:17) ਬਾਈਬਲ ਵਿਚ ਉਨ੍ਹਾਂ ਆਦਮੀਆਂ ਅਤੇ ਔਰਤਾਂ ਦੀਆਂ ਵਧੀਆ ਮਿਸਾਲਾਂ ਹਨ ਜਿਨ੍ਹਾਂ ਨੇ ਯਹੋਵਾਹ ਦੀ ਬਰਕਤ ਪਾਉਣ ਲਈ ਕਾਫ਼ੀ ਸੰਘਰਸ਼ ਕੀਤਾ। ਮਿਸਾਲ ਲਈ, ਯਾਕੂਬ, ਰਾਖੇਲ, ਯੂਸੁਫ਼ ਅਤੇ ਪੌਲੁਸ ਕਦੀ-ਕਦੀ ਅਜ਼ਮਾਇਸ਼ਾਂ ਕਰਕੇ ਨਿਰਾਸ਼ ਹੋ ਗਏ ਅਤੇ ਥੱਕ ਗਏ ਸਨ। ਪਰ ਲਗਾਤਾਰ ਸੰਘਰਸ਼ ਕਰਦੇ ਰਹਿਣ ਕਰਕੇ ਉਨ੍ਹਾਂ ਨੂੰ ਬਹੁਤ ਬਰਕਤਾਂ ਮਿਲੀਆਂ। ਆਓ ਆਪਾਂ ਦੇਖੀਏ ਕਿ ਅਸੀਂ ਉਨ੍ਹਾਂ ਦੀ ਰੀਸ ਕਿਵੇਂ ਕਰ ਸਕਦੇ ਹਾਂ।

ਹਾਰ ਨਾ ਮੰਨਣ ਵਾਲਿਆਂ ਨੂੰ ਬਰਕਤਾਂ

6. ਹਾਰ ਨਾ ਮੰਨਣ ਵਿਚ ਯਾਕੂਬ ਦੀ ਕਿਨ੍ਹਾਂ ਗੱਲਾਂ ਨੇ ਮਦਦ ਕੀਤੀ ਅਤੇ ਉਸ ਨੂੰ ਕੀ ਇਨਾਮ ਮਿਲਿਆ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।)

6 ਵਫ਼ਾਦਾਰ ਯਾਕੂਬ ਨੇ ਬਹੁਤ ਸੰਘਰਸ਼ ਕੀਤਾ ਅਤੇ ਹਾਰ ਨਹੀਂ ਮੰਨੀ। ਕਿਉਂ? ਕਿਉਂਕਿ ਉਹ ਯਹੋਵਾਹ ਨੂੰ ਪਿਆਰ ਕਰਦਾ ਸੀ ਅਤੇ ਉਸ ਨਾਲ ਆਪਣੇ ਰਿਸ਼ਤੇ ਨੂੰ ਅਨਮੋਲ ਸਮਝਦਾ ਸੀ। ਨਾਲੇ ਉਸ ਨੂੰ ਯਹੋਵਾਹ ਦੇ ਵਾਅਦੇ ’ਤੇ ਪੂਰਾ ਭਰੋਸਾ ਸੀ ਕਿ ਪਰਮੇਸ਼ੁਰ ਉਸ ਦੀ ਸੰਤਾਨ ਨੂੰ ਬਰਕਤਾਂ ਦੇਵੇਗਾ। (ਉਤ. 28:3, 4) ਇਸੇ ਕਰਕੇ ਯਾਕੂਬ ਨੇ ਲਗਭਗ 100 ਸਾਲ ਦੇ ਹੁੰਦਿਆਂ ਹੋਇਆਂ ਵੀ ਪੂਰੇ ਜ਼ੋਰ ਨਾਲ ਪਰਮੇਸ਼ੁਰ ਤੋਂ ਬਰਕਤ ਲੈਣ ਦੀ ਹਰ ਕੋਸ਼ਿਸ਼ ਕੀਤੀ। ਇੱਥੋਂ ਤਕ ਕਿ ਉਸ ਨੇ ਦੂਤ ਨਾਲ ਵੀ ਘੋਲ ਕੀਤਾ। (ਉਤਪਤ 32:24-28 ਪੜ੍ਹੋ।) ਕੀ ਯਾਕੂਬ ਆਪਣੇ ਬਲਬੂਤੇ ’ਤੇ ਲੜਿਆ ਸੀ? ਬਿਲਕੁਲ ਨਹੀਂ। ਪਰ ਉਹ ਬਹੁਤ ਪੱਕੇ ਇਰਾਦੇ ਦਾ ਸੀ ਅਤੇ ਦੂਤ ਨਾਲ ਕੁਸ਼ਤੀ ਲੜਨ ਤੋਂ ਪਿੱਛੇ ਹਟਣ ਵਾਲਾ ਨਹੀਂ ਸੀ। ਵਾਕਈ, ਉਸ ਨੂੰ ਆਪਣੇ ਸੰਘਰਸ਼ ਦਾ ਇਨਾਮ ਮਿਲਿਆ। ਯਾਕੂਬ ਦਾ ਨਾਂ ਇਜ਼ਰਾਈਲ ਰੱਖਿਆ ਗਿਆ ਜਿਸ ਦਾ ਮਤਲਬ ਹੈ, “ਪਰਮੇਸ਼ੁਰ ਨਾਲ ਘੁੱਲਣ ਵਾਲਾ (ਹਾਰ ਨਾ ਮੰਨਣ ਵਾਲਾ)” ਜਾਂ “ਪਰਮੇਸ਼ੁਰ ਘੁੱਲਦਾ ਹੈ।” ਯਾਕੂਬ ਨੂੰ ਉਹ ਇਨਾਮ ਮਿਲਿਆ ਜੋ ਅਸੀਂ ਵੀ ਪਾਉਣਾ ਚਾਹੁੰਦੇ ਹਾਂ, ਉਹ ਹੈ ਯਹੋਵਾਹ ਦੀ ਮਿਹਰ ਅਤੇ ਬਰਕਤ।

7. (ੳ) ਰਾਖੇਲ ਨੇ ਕਿਸ ਅਜ਼ਮਾਇਸ਼ ਦਾ ਸਾਮ੍ਹਣਾ ਕੀਤਾ? (ਅ) ਉਹ ਕਿਵੇਂ ਜੱਦੋ-ਜਹਿਦ ਕਰਦੀ ਰਹੀ ਅਤੇ ਅਖ਼ੀਰ ਉਸ ਨੂੰ ਕਿਹੜੀ ਬਰਕਤ ਮਿਲੀ?

7 ਯਾਕੂਬ ਦੀ ਪਿਆਰੀ ਪਤਨੀ ਰਾਖੇਲ ਇਹ ਦੇਖਣ ਲਈ ਉਤਾਵਲੀ ਸੀ ਕਿ ਯਹੋਵਾਹ ਉਸ ਦੇ ਪਤੀ ਨਾਲ ਕੀਤਾ ਆਪਣਾ ਵਾਅਦਾ ਕਿਵੇਂ ਨਿਭਾਵੇਗਾ। ਪਰ ਉਸ ਨੂੰ ਲੱਗਦਾ ਸੀ ਕਿ ਉਸ ਦੇ ਸਾਮ੍ਹਣੇ ਇਕ ਅਜਿਹੀ ਰੁਕਾਵਟ ਸੀ ਜਿਸ ਨੂੰ ਪਾਰ ਨਹੀਂ ਕੀਤਾ ਜਾ ਸਕਦਾ ਸੀ। ਉਸ ਦੇ ਕੋਈ ਬੱਚਾ ਨਹੀਂ ਸੀ। ਉਨ੍ਹਾਂ ਦਿਨਾਂ ਵਿਚ ਬਾਂਝ ਹੋਣਾ ਸਰਾਪ ਸੀ। ਪਰ ਉਹ ਇਸ ਬਾਰੇ ਕੁਝ ਕਰ ਵੀ ਨਹੀਂ ਸਕਦੀ ਸੀ। ਰਾਖੇਲ ਨੂੰ ਇਨ੍ਹਾਂ ਹਾਲਾਤਾਂ ਖ਼ਿਲਾਫ਼ ਲੜਦੇ ਰਹਿਣ ਦੀ ਤਾਕਤ ਤੇ ਹਿੰਮਤ ਕਿੱਥੋਂ ਮਿਲੀ? ਉਸ ਨੇ ਕਦੀ ਵੀ ਉਮੀਦ ਦਾ ਪੱਲਾ ਨਹੀਂ ਛੱਡਿਆ, ਸਗੋਂ ਉਹ ਪਰਮੇਸ਼ੁਰ ਨੂੰ ਤਰਲੇ-ਮਿੰਨਤਾਂ ਕਰਦਿਆਂ ਆਪਣੇ ਵੱਲੋਂ ਜੱਦੋ-ਜਹਿਦ ਕਰਦੀ ਰਹੀ। ਯਹੋਵਾਹ ਨੇ ਉਸ ਦੀਆਂ ਮਿੰਨਤਾਂ ਸੁਣੀਆਂ ਅਤੇ ਅਖ਼ੀਰ ਉਸ ਨੂੰ ਬੱਚਿਆਂ ਦੀ ਦਾਤ ਦਿੱਤੀ। ਇਸ ਲਈ ਇਕ ਮੌਕੇ ’ਤੇ ਉਸ ਨੇ ਕਿਹਾ: “ਮੇਰਾ ਪਰਮੇਸ਼ੁਰ ਦੇ ਘੋਲਾਂ ਵਰਗਾ ਘੋਲ ਹੋਇਆ ਪਰ ਮੈਂ ਜਿੱਤ ਗਈ।”​—ਉਤ. 30:8, 20-24.

8. ਯੂਸੁਫ਼ ਨੇ ਲੰਬੇ ਸਮੇਂ ਤਕ ਕਿਨ੍ਹਾਂ ਅਜ਼ਮਾਇਸ਼ਾਂ ਦਾ ਸਾਮ੍ਹਣਾ ਕੀਤਾ? ਉਸ ਦੀ ਮਿਸਾਲ ਤੋਂ ਅਸੀਂ ਕੀ ਸਿੱਖ ਸਕਦੇ ਹਾਂ?

8 ਬਿਨਾਂ ਸ਼ੱਕ ਯਾਕੂਬ ਅਤੇ ਰਾਖੇਲ ਦੀ ਵਫ਼ਾਦਾਰੀ ਦਾ ਉਨ੍ਹਾਂ ਦੇ ਪੁੱਤਰ ਯੂਸੁਫ਼ ’ਤੇ ਜ਼ਬਰਦਸਤ ਅਸਰ ਪਿਆ ਹੋਣਾ। ਇਸ ਕਰਕੇ ਜਦੋਂ ਉਸ ਦੀ ਨਿਹਚਾ ਦੀ ਪਰਖ ਹੋਈ, ਤਾਂ ਉਸ ਨੂੰ ਪਤਾ ਸੀ ਕਿ ਉਸ ਨੇ ਕੀ ਕਰਨਾ ਸੀ। 17 ਸਾਲਾਂ ਦੀ ਉਮਰ ਵਿਚ ਉਸ ਦੀ ਜ਼ਿੰਦਗੀ ਵਿਚ ਦੁੱਖਾਂ ਦੀ ਹਨੇਰੀ ਝੁੱਲ ਗਈ। ਈਰਖਾ ਕਰਕੇ ਉਸ ਦੇ ਭਰਾਵਾਂ ਨੇ ਉਸ ਨੂੰ ਗ਼ੁਲਾਮੀ ਵਿਚ ਵੇਚ ਦਿੱਤਾ। ਬਾਅਦ ਵਿਚ ਉਸ ਨੂੰ ਮਿਸਰ ਵਿਚ ਬਿਨਾਂ ਕਿਸੇ ਕਸੂਰ ਦੇ ਸਾਲਾਂ ਤਕ ਕੈਦ ਵਿਚ ਰਹਿਣਾ ਪਿਆ। (ਉਤ. 37:23-28; 39:7-9, 20, 21) ਯੂਸੁਫ਼ ਨਾ ਤਾਂ ਨਿਰਾਸ਼ਾ ਵਿਚ ਡੁੱਬਿਆ ਤੇ ਨਾ ਹੀ ਉਸ ਨੇ ਆਪਣੇ ਮਨ ਵਿਚ ਬਦਲੇ ਦੀ ਅੱਗ ਬਲ਼ਣ ਦਿੱਤੀ। ਇਸ ਦੀ ਬਜਾਇ, ਉਸ ਨੇ ਆਪਣਾ ਮਨ ਤੇ ਦਿਲ ਪਰਮੇਸ਼ੁਰ ਨਾਲ ਆਪਣੇ ਵਧੀਆ ਰਿਸ਼ਤੇ ’ਤੇ ਲਾਇਆ। (ਲੇਵੀ. 19:18; ਰੋਮੀ. 12:17-21) ਯੂਸੁਫ਼ ਦੀ ਮਿਸਾਲ ਸਾਡੀ ਮਦਦ ਕਰ ਸਕਦੀ ਹੈ। ਮਿਸਾਲ ਲਈ, ਭਾਵੇਂ ਕਿ ਅਸੀਂ ਬਚਪਨ ਵਿਚ ਬਹੁਤ ਦੁੱਖ ਦੇਖੇ ਹੋਣ ਜਾਂ ਸਾਡੇ ਅੱਜ ਦੇ ਹਾਲਾਤਾਂ ਵਿਚ ਸਾਨੂੰ ਕੋਈ ਉਮੀਦ ਨਾ ਹੋਵੇ, ਤਾਂ ਵੀ ਸਾਨੂੰ ਲੜਦੇ ਅਤੇ ਜੱਦੋ-ਜਹਿਦ ਕਰਦੇ ਰਹਿਣਾ ਚਾਹੀਦਾ ਹੈ। ਜੇ ਅਸੀਂ ਇੱਦਾਂ ਕਰਾਂਗੇ, ਤਾਂ ਅਸੀਂ ਪੱਕਾ ਯਕੀਨ ਰੱਖ ਸਕਦੇ ਹਾਂ ਕਿ ਯਹੋਵਾਹ ਸਾਨੂੰ ਬਰਕਤਾਂ ਦੇਵੇਗਾ।​—ਉਤਪਤ 39:21-23.

9. ਯਹੋਵਾਹ ਦੀਆਂ ਬਰਕਤਾਂ ਪਾਉਣ ਲਈ ਸਾਨੂੰ ਯਾਕੂਬ, ਰਾਖੇਲ ਅਤੇ ਯੂਸੁਫ਼ ਵਾਂਗ ਕੀ ਕਰਨਾ ਚਾਹੀਦਾ ਹੈ?

9 ਆਪਣੀ ਕਿਸੇ ਮੁਸ਼ਕਲ ਬਾਰੇ ਸੋਚੋ। ਸ਼ਾਇਦ ਤੁਸੀਂ ਕਿਸੇ ਤਰ੍ਹਾਂ ਦੇ ਅਨਿਆਂ ਜਾਂ ਪੱਖਪਾਤ ਦਾ ਸਾਮ੍ਹਣਾ ਕਰ ਰਹੇ ਹੋ। ਜਾਂ ਤੁਹਾਡਾ ਮਜ਼ਾਕ ਉਡਾਇਆ ਜਾ ਰਿਹਾ ਹੈ। ਜਾਂ ਸ਼ਾਇਦ ਕਿਸੇ ਨੇ ਈਰਖਾ ਕਰਕੇ ਤੁਹਾਡੇ ’ਤੇ ਝੂਠੇ ਇਲਜ਼ਾਮ ਲਾਏ ਹਨ। ਇਨ੍ਹਾਂ ਹਾਲਾਤਾਂ ਵਿਚ ਆਪਣੇ ਹੱਥ ਢਿੱਲੇ ਨਾ ਪੈਣ ਦਿਓ। ਯਾਦ ਰੱਖੋ ਕਿ ਯਾਕੂਬ, ਰਾਖੇਲ ਅਤੇ ਯੂਸੁਫ਼ ਕਿਉਂ ਯਹੋਵਾਹ ਦੀ ਸੇਵਾ ਖ਼ੁਸ਼ੀ ਨਾਲ ਕਰਦੇ ਰਹਿ ਸਕੇ। ਪਰਮੇਸ਼ੁਰ ਨੇ ਉਨ੍ਹਾਂ ਨੂੰ ਤਕੜਾ ਕੀਤਾ ਅਤੇ ਉਨ੍ਹਾਂ ਨੂੰ ਬਰਕਤਾਂ ਦਿੱਤੀਆਂ ਕਿਉਂਕਿ ਉਹ ਉਸ ਨਾਲ ਆਪਣੇ ਰਿਸ਼ਤੇ ਨੂੰ ਅਨਮੋਲ ਸਮਝਦੇ ਸਨ। ਉਹ ਲਗਾਤਾਰ ਸੰਘਰਸ਼ ਕਰਨ ਦੇ ਨਾਲ-ਨਾਲ ਆਪਣੀਆਂ ਪ੍ਰਾਰਥਨਾਵਾਂ ਅਨੁਸਾਰ ਕੰਮ ਵੀ ਕਰਦੇ ਰਹੇ। ਇਸ ਦੁਸ਼ਟ ਦੁਨੀਆਂ ਦਾ ਅੰਤ ਬਹੁਤ ਨੇੜੇ ਹੈ। ਇਸ ਕਰਕੇ ਜ਼ਰੂਰੀ ਹੈ ਕਿ ਅਸੀਂ ਆਪਣੇ ਸਾਮ੍ਹਣੇ ਰੱਖੀ ਉਮੀਦ ਨੂੰ ਘੁੱਟ ਕੇ ਫੜੀ ਰੱਖੀਏ। ਕੀ ਤੁਸੀਂ ਯਹੋਵਾਹ ਦੀ ਮਿਹਰ ਪਾਉਣ ਲਈ ਲੜਦੇ ਰਹਿਣ ਲਈ ਤਿਆਰ ਹੋ?

ਬਰਕਤਾਂ ਪਾਉਣ ਲਈ ਲੜਨ ਲਈ ਤਿਆਰ ਹੋਵੋ

10, 11. (ੳ) ਪਰਮੇਸ਼ੁਰ ਤੋਂ ਬਰਕਤਾਂ ਪਾਉਣ ਲਈ ਸਾਨੂੰ ਕਿਹੜੇ ਕੁਝ ਹਾਲਾਤਾਂ ਵਿਚ ਲੜਨਾ ਪੈ ਸਕਦਾ ਹੈ? (ਅ) ਕਿਹੜੀਆਂ ਗੱਲਾਂ ਸਾਡੀ ਸਹੀ ਕੰਮ ਕਰਨ ਅਤੇ ਨਿਰਾਸ਼ਾ ਤੇ ਧਿਆਨ ਭਟਕਾਉਣ ਵਾਲੀਆਂ ਗੱਲਾਂ ਨਾਲ ਲੜਨ ਵਿਚ ਮਦਦ ਕਰ ਸਕਦੀਆਂ ਹਨ?

10 ਪਰਮੇਸ਼ੁਰ ਤੋਂ ਬਰਕਤਾਂ ਪਾਉਣ ਲਈ ਸਾਨੂੰ ਕਿਹੜੇ ਕੁਝ ਹਾਲਾਤਾਂ ਵਿਚ ਲੜਨਾ ਪੈ ਸਕਦਾ ਹੈ? ਬਹੁਤ ਸਾਰਿਆਂ ਨੂੰ ਆਪਣੀਆਂ ਕਮੀਆਂ-ਕਮਜ਼ੋਰੀਆਂ ਨਾਲ ਲੜਨਾ ਪੈਂਦਾ ਹੈ। ਕਈਆਂ ਨੂੰ ਪ੍ਰਚਾਰ ਬਾਰੇ ਸਹੀ ਨਜ਼ਰੀਆ ਰੱਖਣ ਲਈ ਲੜਨ ਦੀ ਲੋੜ ਹੈ। ਜਾਂ ਤੁਹਾਨੂੰ ਆਪਣੀ ਖ਼ਰਾਬ ਸਿਹਤ ਜਾਂ ਇਕੱਲੇਪਣ ਨਾਲ ਲੜਨਾ ਪੈਂਦਾ ਹੈ। ਕਈਆਂ ਨੂੰ ਉਨ੍ਹਾਂ ਲੋਕਾਂ ਨੂੰ ਮਾਫ਼ ਕਰਨਾ ਔਖਾ ਲੱਗਦਾ ਹੈ ਜਿਨ੍ਹਾਂ ਨੇ ਉਨ੍ਹਾਂ ਨੂੰ ਠੇਸ ਪਹੁੰਚਾਈ ਹੈ ਜਾਂ ਉਨ੍ਹਾਂ ਖ਼ਿਲਾਫ਼ ਪਾਪ ਕੀਤਾ ਹੈ। ਇਹ ਇਨ੍ਹਾਂ ਲੋਕਾਂ ਲਈ ਬਹੁਤ ਔਖੀ ਲੜਾਈ ਹੈ। ਇਹ ਗੱਲ ਮਾਅਨੇ ਨਹੀਂ ਰੱਖਦੀ ਕਿ ਅਸੀਂ ਕਿੰਨੇ ਚਿਰ ਤੋਂ ਯਹੋਵਾਹ ਦੀ ਸੇਵਾ ਕਰ ਰਹੇ ਹਾਂ, ਪਰ ਸਾਨੂੰ ਸਾਰਿਆਂ ਨੂੰ ਉਨ੍ਹਾਂ ਗੱਲਾਂ ਖ਼ਿਲਾਫ਼ ਲੜਦੇ ਰਹਿਣਾ ਚਾਹੀਦਾ ਹੈ ਜੋ ਪਰਮੇਸ਼ੁਰ ਦੀ ਸੇਵਾ ਵਿਚ ਸਾਡੇ ਲਈ ਰੁਕਾਵਟ ਬਣ ਸਕਦੀਆਂ ਹਨ। ਪਰ ਯਾਦ ਰੱਖੋ ਕਿ ਪਰਮੇਸ਼ੁਰ ਵਫ਼ਾਦਾਰ ਸੇਵਕਾਂ ਨੂੰ ਇਨਾਮ ਦਿੰਦਾ ਹੈ।

ਕੀ ਤੁਸੀਂ ਯਹੋਵਾਹ ਤੋਂ ਬਰਕਤਾਂ ਲੈਣ ਲਈ ਘੋਲ ਕਰ ਰਹੇ ਹੋ? (ਪੈਰੇ 10, 11 ਦੇਖੋ)

11 ਵਾਕਈ, ਜ਼ਿੰਦਗੀ ਵਿਚ ਸਹੀ ਫ਼ੈਸਲੇ ਕਰਨੇ ਅਤੇ ਸੱਚਾਈ ਦੇ ਰਾਹ ’ਤੇ ਚੱਲਣਾ ਬਹੁਤ ਔਖਾ ਹੈ। ਇਹ ਗੱਲ ਖ਼ਾਸ ਕਰਕੇ ਉਦੋਂ ਸੱਚ ਹੈ ਜਦੋਂ ਸਾਡਾ ਧੋਖੇਬਾਜ਼ ਦਿਲ ਸਾਨੂੰ ਪੁੱਠੇ ਰਾਹ ’ਤੇ ਲਿਜਾਣ ਲਈ ਭਰਮਾਉਂਦਾ ਹੈ। (ਯਿਰ. 17:9) ਜੇ ਤੁਹਾਨੂੰ ਇੱਦਾਂ ਲੱਗਦਾ ਹੈ, ਤਾਂ ਪ੍ਰਾਰਥਨਾ ਵਿਚ ਯਹੋਵਾਹ ਤੋਂ ਪਵਿੱਤਰ ਸ਼ਕਤੀ ਮੰਗੋ। ਪ੍ਰਾਰਥਨਾ ਅਤੇ ਪਵਿੱਤਰ ਸ਼ਕਤੀ ਤੁਹਾਨੂੰ ਸਹੀ ਕੰਮ ਕਰਨ ਦੀ ਤਾਕਤ ਦੇ ਸਕਦੀ ਹੈ। ਸਹੀ ਕੰਮ ਕਰਨ ’ਤੇ ਯਹੋਵਾਹ ਤੁਹਾਨੂੰ ਬਰਕਤਾਂ ਦੇਵੇਗਾ। ਆਪਣੀਆਂ ਪ੍ਰਾਰਥਨਾਵਾਂ ਅਨੁਸਾਰ ਕੰਮ ਕਰੋ। ਹਰ ਰੋਜ਼ ਬਾਈਬਲ ਪੜ੍ਹੋ ਅਤੇ ਆਪਣੀ ਸਟੱਡੀ ਤੇ ਪਰਿਵਾਰਕ ਸਟੱਡੀ ਕਰਨ ਲਈ ਸਮਾਂ ਕੱਢੋ।—ਜ਼ਬੂਰਾਂ ਦੀ ਪੋਥੀ 119:33 ਪੜ੍ਹੋ।

12, 13. ਦੋ ਮਸੀਹੀ ਆਪਣੀਆਂ ਗ਼ਲਤ ਇੱਛਾਵਾਂ ’ਤੇ ਕਾਬੂ ਕਿਵੇਂ ਪਾ ਸਕੇ?

12 ਸਾਡੇ ਕੋਲ ਬਹੁਤ ਸਾਰੀਆਂ ਮਿਸਾਲਾਂ ਹਨ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਦੇ ਬਚਨ, ਪਵਿੱਤਰ ਸ਼ਕਤੀ ਅਤੇ ਪ੍ਰਕਾਸ਼ਨਾਂ ਨੇ ਮਸੀਹੀਆਂ ਦੀ ਗ਼ਲਤ ਇੱਛਾਵਾਂ ਖ਼ਿਲਾਫ਼ ਲੜਨ ਵਿਚ ਕਿਵੇਂ ਮਦਦ ਕੀਤੀ। ਇਕ ਨੌਜਵਾਨ ਨੇ 8 ਦਸੰਬਰ 2003 ਦੇ ਜਾਗਰੂਕ ਬਣੋ! (ਅੰਗ੍ਰੇਜ਼ੀ) ਵਿੱਚੋਂ “ਤੁਸੀਂ ਗ਼ਲਤ ਇੱਛਾਵਾਂ ਨਾਲ ਕਿਵੇਂ ਲੜ ਸਕਦੇ ਹੋ?” ਨਾਂ ਦਾ ਲੇਖ ਪੜ੍ਹਿਆ। ਉਸ ਨੂੰ ਪੜ੍ਹ ਕੇ ਕਿੱਦਾਂ ਲੱਗਾ? ਉਹ ਦੱਸਦਾ ਹੈ: “ਮੈਂ ਆਪਣੇ ਗ਼ਲਤ ਵਿਚਾਰਾਂ ’ਤੇ ਕਾਬੂ ਪਾਉਣ ਲਈ ਜੱਦੋ-ਜਹਿਦ ਕਰ ਰਿਹਾ ਹਾਂ। ਜਦੋਂ ਮੈਂ ਇਸ ਲੇਖ ਵਿੱਚੋਂ ਪੜ੍ਹਿਆ ਕਿ ‘ਬਹੁਤ ਜਣਿਆਂ ਲਈ ਆਪਣੀਆਂ ਗ਼ਲਤ ਇੱਛਾਵਾਂ ਨਾਲ ਲੜਨਾ ਕਿੰਨਾ ਔਖਾ ਹੈ,’ ਤਾਂ ਮੈਨੂੰ ਲੱਗਾ ਕਿ ਦੁਨੀਆਂ ਭਰ ਵਿਚ ਮੇਰੇ ਵਰਗੇ ਹੋਰ ਵੀ ਭੈਣ-ਭਰਾ ਹਨ।” ਇਸ ਨੌਜਵਾਨ ਨੂੰ 8 ਅਕਤੂਬਰ 2003 ਦੇ ਜਾਗਰੂਕ ਬਣੋ! (ਅੰਗ੍ਰੇਜ਼ੀ) ਦੇ ਲੇਖ “ਯਹੋਵਾਹ ਸਮਲਿੰਗਤਾ ਬਾਰੇ ਕੀ ਸੋਚਦਾ ਹੈ?” ਤੋਂ ਵੀ ਫ਼ਾਇਦਾ ਹੋਇਆ। ਉਸ ਨੇ ਇਸ ਲੇਖ ਵਿਚ ਪੜ੍ਹਿਆ ਕਿ ਕਈਆਂ ਲਈ ਇਹ ਲੜਾਈ ‘ਸਰੀਰ ਵਿਚ ਇਕ ਕੰਡੇ’ ਵਾਂਗ ਹੈ। (2 ਕੁਰਿੰ. 12:7) ਸਹੀ ਚਾਲ-ਚਲਣ ਰੱਖਣ ਲਈ ਜੱਦੋ-ਜਹਿਦ ਕਰਦਿਆਂ ਉਹ ਭਵਿੱਖ ਵਿਚ ਮੁਕੰਮਲ ਹੋਣ ਦੀ ਉਮੀਦ ਰੱਖਦੇ ਹਨ। ਇਸ ਕਰਕੇ ਉਸ ਨੇ ਕਿਹਾ: “ਮੈਂ ਹਰ ਦਿਨ ਪਰਮੇਸ਼ੁਰ ਦੇ ਵਫ਼ਾਦਾਰ ਰਹਿ ਸਕਦਾ ਹਾਂ। ਮੈਂ ਯਹੋਵਾਹ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਉਹ ਇਸ ਦੁਸ਼ਟ ਦੁਨੀਆਂ ਵਿਚ ਹਰ ਦਿਨ ਆਉਂਦੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨ ਲਈ ਆਪਣੇ ਸੰਗਠਨ ਰਾਹੀਂ ਮੇਰੀ ਮਦਦ ਕਰਦਾ ਹੈ।”

13 ਅਮਰੀਕਾ ਵਿਚ ਰਹਿੰਦੀ ਭੈਣ ਦੇ ਤਜਰਬੇ ’ਤੇ ਵੀ ਗੌਰ ਕਰੋ। ਉਸ ਨੇ ਲਿਖਿਆ: “ਮੈਂ ਤੁਹਾਡਾ ਧੰਨਵਾਦ ਕਰਨਾ ਚਾਹੁੰਦੀ ਹਾਂ ਕਿ ਤੁਸੀਂ ਹਮੇਸ਼ਾ ਸਾਨੂੰ ਸਹੀ ਸਮੇਂ ’ਤੇ ਸਹੀ ਗਿਆਨ ਦਿੰਦੇ ਹੋ। ਮੈਨੂੰ ਅਕਸਰ ਲੱਗਦਾ ਹੈ ਕਿ ਇਹ ਲੇਖ ਮੇਰੇ ਲਈ ਹੀ ਲਿਖੇ ਗਏ ਹਨ। ਕਈ ਸਾਲਾਂ ਤੋਂ ਮੈਂ ਇਕ ਅਜਿਹੀ ਤੀਬਰ ਇੱਛਾ ਨਾਲ ਲੜ ਰਹੀ ਹਾਂ ਜਿਸ ਨੂੰ ਯਹੋਵਾਹ ਨਫ਼ਰਤ ਕਰਦਾ ਹੈ। ਕਈ ਵਾਰ ਮੇਰਾ ਦਿਲ ਕਰਦਾ ਹੈ ਕਿ ਮੈਂ ਆਪਣੇ ਹੱਥ ਖੜ੍ਹੇ ਕਰ ਦੇਵਾਂ। ਮੈਂ ਜਾਣਦੀ ਹਾਂ ਕਿ ਯਹੋਵਾਹ ਦਿਆਲੂ ਅਤੇ ਮਾਫ਼ ਕਰਨ ਵਾਲਾ ਹੈ। ਪਰ ਮੈਨੂੰ ਲੱਗਦਾ ਹੈ ਕਿ ਮੈਂ ਉਸ ਦੀ ਮਦਦ ਦੇ ਲਾਇਕ ਨਹੀਂ ਹਾਂ ਕਿਉਂਕਿ ਮੇਰੇ ਦਿਲ ਵਿਚ ਇਸ ਇੱਛਾ ਪ੍ਰਤੀ ਨਫ਼ਰਤ ਨਹੀਂ ਹੈ। ਇਸ ਲੜਾਈ ਨੇ ਮੇਰੀ ਜ਼ਿੰਦਗੀ ਦੇ ਹਰ ਪਹਿਲੂ ’ਤੇ ਅਸਰ ਪਾਇਆ। . . . 15 ਮਾਰਚ 2013 ਦੇ ਪਹਿਰਾਬੁਰਜ ਵਿਚ ‘ਕੀ ਤੁਹਾਡੇ ਦਿਲ ਵਿਚ ਯਹੋਵਾਹ ਨੂੰ ਜਾਣਨ ਦੀ ਇੱਛਾ ਹੈ?’ ਨਾਂ ਦਾ ਲੇਖ ਪੜ੍ਹਨ ਤੋਂ ਬਾਅਦ ਮੈਨੂੰ ਅਹਿਸਾਸ ਹੋਇਆ ਕਿ ਯਹੋਵਾਹ ਸੱਚ-ਮੁੱਚ ਮੇਰੀ ਮਦਦ ਕਰਨੀ ਚਾਹੁੰਦਾ ਹੈ।”

14. (ੳ) ਪੌਲੁਸ ਨੇ ਆਪਣੀਆਂ ਅਜ਼ਮਾਇਸ਼ਾਂ ਬਾਰੇ ਕੀ ਕਿਹਾ? (ਅ) ਅਸੀਂ ਆਪਣੀਆਂ ਕਮੀਆਂ-ਕਮਜ਼ੋਰੀਆਂ ’ਤੇ ਜਿੱਤ ਕਿਵੇਂ ਪਾ ਸਕਦੇ ਹਾਂ?

14 ਰੋਮੀਆਂ 7:21-25 ਪੜ੍ਹੋ। ਪੌਲੁਸ ਆਪਣੇ ਤਜਰਬੇ ਤੋਂ ਜਾਣਦਾ ਸੀ ਕਿ ਪਾਪੀ ਸਰੀਰ ਦੀਆਂ ਇੱਛਾਵਾਂ ਅਤੇ ਕਮੀਆਂ-ਕਮਜ਼ੋਰੀਆਂ ਨਾਲ ਲੜਨਾ ਕਿੰਨਾ ਔਖਾ ਹੈ। ਪਰ ਉਸ ਨੂੰ ਪੱਕਾ ਯਕੀਨ ਸੀ ਕਿ ਜੇ ਉਹ ਯਹੋਵਾਹ ਨੂੰ ਪ੍ਰਾਰਥਨਾ ਕਰਦਾ, ਯਹੋਵਾਹ ’ਤੇ ਭਰੋਸਾ ਰੱਖਦਾ ਅਤੇ ਯਿਸੂ ਦੀ ਰਿਹਾਈ ਦੀ ਕੀਮਤ ’ਤੇ ਨਿਹਚਾ ਕਰਦਾ, ਤਾਂ ਉਹ ਆਪਣੀ ਲੜਾਈ ਜਿੱਤ ਸਕਦਾ ਸੀ। ਸਾਡੇ ਬਾਰੇ ਕੀ? ਕੀ ਅਸੀਂ ਆਪਣੀਆਂ ਕਮੀਆਂ-ਕਮਜ਼ੋਰੀਆਂ ’ਤੇ ਜਿੱਤ ਪਾ ਸਕਦੇ ਹਾਂ? ਬਿਲਕੁਲ। ਪੌਲੁਸ ਵਾਂਗ ਆਪਣੇ ’ਤੇ ਭਰੋਸਾ ਰੱਖਣ ਦੀ ਬਜਾਇ ਯਹੋਵਾਹ ’ਤੇ ਭਰੋਸਾ ਰੱਖ ਕੇ ਅਤੇ ਮਸੀਹ ਦੀ ਕੁਰਬਾਨੀ ’ਤੇ ਨਿਹਚਾ ਰੱਖ ਕੇ ਅਸੀਂ ਜਿੱਤ ਸਕਾਂਗੇ।

15. ਅਜ਼ਮਾਇਸ਼ਾਂ ਵਿਚ ਵਫ਼ਾਦਾਰ ਰਹਿਣ ਅਤੇ ਲੜਦੇ ਰਹਿਣ ਵਿਚ ਪ੍ਰਾਰਥਨਾ ਸਾਡੀ ਕਿਵੇਂ ਮਦਦ ਕਰ ਸਕਦੀ ਹੈ?

15 ਕਦੀ-ਕਦਾਈਂ ਪਰਮੇਸ਼ੁਰ ਚਾਹੁੰਦਾ ਹੈ ਕਿ ਅਸੀਂ ਦਿਖਾਈਏ ਕਿ ਅਸੀਂ ਕਿਸੇ ਮਾਮਲੇ ਬਾਰੇ ਕੀ ਸੋਚਦੇ ਹਾਂ। ਮਿਸਾਲ ਲਈ, ਜੇ ਸਾਨੂੰ (ਜਾਂ ਸਾਡੇ ਪਰਿਵਾਰ ਦੇ ਕਿਸੇ ਮੈਂਬਰ ਨੂੰ) ਗੰਭੀਰ ਬੀਮਾਰੀ ਲੱਗੀ ਹੋਈ ਹੈ ਜਾਂ ਅਸੀਂ ਕਿਸੇ ਤਰ੍ਹਾਂ ਦਾ ਅਨਿਆਂ ਸਹਿ ਰਹੇ ਹਾਂ, ਤਾਂ ਅਸੀਂ ਕੀ ਕਰਾਂਗੇ? ਜੇ ਯਹੋਵਾਹ ’ਤੇ ਸਾਡਾ ਭਰੋਸਾ ਪੱਕਾ ਹੈ, ਤਾਂ ਅਸੀਂ ਉਸ ਨੂੰ ਪ੍ਰਾਰਥਨਾ ਕਰਾਂਗੇ ਕਿ ਉਹ ਵਫ਼ਾਦਾਰ ਬਣੇ ਰਹਿਣ, ਖ਼ੁਸ਼ੀ ਬਰਕਰਾਰ ਰੱਖਣ ਅਤੇ ਉਸ ਨਾਲ ਵਧੀਆ ਰਿਸ਼ਤਾ ਬਣਾਈ ਰੱਖਣ ਲਈ ਸਾਨੂੰ ਤਾਕਤ ਬਖ਼ਸ਼ੇ। (ਫ਼ਿਲਿ. 4:13) ਪੌਲੁਸ ਅਤੇ ਅੱਜ ਦੇ ਦਿਨਾਂ ਦੇ ਬਹੁਤ ਸਾਰੇ ਤਜਰਬਿਆਂ ਤੋਂ ਪਤਾ ਲੱਗਦਾ ਹੈ ਕਿ ਪ੍ਰਾਰਥਨਾ ਰਾਹੀਂ ਸਾਨੂੰ ਤਾਕਤ ਅਤੇ ਹਿੰਮਤ ਮਿਲ ਸਕਦੀ ਹੈ ਤਾਂਕਿ ਅਸੀਂ ਆਪਣੀ ਲੜਾਈ ਲੜਦੇ ਰਹਿ ਸਕੀਏ।

ਯਹੋਵਾਹ ਤੋਂ ਬਰਕਤਾਂ ਪਾਉਣ ਲਈ ਘੋਲ ਕਰਦੇ ਰਹੋ

16, 17. ਤੁਸੀਂ ਕੀ ਕਰਨ ਦਾ ਪੱਕਾ ਇਰਾਦਾ ਕੀਤਾ ਹੈ?

16 ਸ਼ੈਤਾਨ ਇਸ ਤਾੜ ਵਿਚ ਬੈਠਾ ਹੈ ਕਿ ਤੁਸੀਂ ਕਦੋਂ ਆਪਣੇ ਹੱਥ ਢਿੱਲੇ ਕਰ ਦਿਓ। ਪਰ ‘ਜਿਹੜੀਆਂ ਗੱਲਾਂ ਚੰਗੀਆਂ ਹਨ, ਉਨ੍ਹਾਂ ਉੱਤੇ ਪੱਕੇ ਰਹੋ।’ (1 ਥੱਸ. 5:21) ਭਰੋਸਾ ਰੱਖੋ ਕਿ ਤੁਸੀਂ ਸ਼ੈਤਾਨ, ਉਸ ਦੀ ਦੁਸ਼ਟ ਦੁਨੀਆਂ ਅਤੇ ਆਪਣੀ ਕਿਸੇ ਵੀ ਕਮੀ-ਕਮਜ਼ੋਰੀ ’ਤੇ ਜਿੱਤ ਪਾ ਸਕਦੇ ਹੋ। ਜੇ ਤੁਸੀਂ ਪੂਰਾ ਭਰੋਸਾ ਰੱਖੋਗੇ ਕਿ ਪਰਮੇਸ਼ੁਰ ਤੁਹਾਨੂੰ ਲੜਨ ਦੀ ਤਾਕਤ ਦੇ ਸਕਦਾ ਹੈ ਅਤੇ ਤੁਹਾਡੀ ਮਦਦ ਕਰ ਸਕਦਾ ਹੈ, ਤਾਂ ਤੁਸੀਂ ਜਿੱਤ ਸਕੋਗੇ।​—2 ਕੁਰਿੰ. 4:7-9; ਗਲਾ. 6:9.

17 ਇਸ ਲਈ ਲੜਦੇ ਰਹੋ। ਸੰਘਰਸ਼ ਕਰਦੇ ਰਹੋ। ਜੱਦੋ-ਜਹਿਦ ਕਰਦੇ ਰਹੋ। ਕਦੇ ਹਾਰ ਨਾ ਮੰਨੋ। ਇਸ ਗੱਲ ਦਾ ਪੂਰਾ ਭਰੋਸਾ ਰੱਖੋ ਕਿ ਯਹੋਵਾਹ ‘ਤੁਹਾਡੇ ਲਈ ਬਰਕਤ ਵਰ੍ਹਾਵੇਗਾ ਏਥੋਂ ਤੀਕ ਕਿ ਉਹ ਦੇ ਲਈ ਥਾਂ ਨਾ ਹੋਵੇ!’—ਮਲਾ. 3:10.