Skip to content

Skip to table of contents

“ਸਾਡੇ ਪਰਮੇਸ਼ੁਰ ਦਾ ਬਚਨ ਸਦਾ ਤੀਕ ਕਾਇਮ ਰਹੇਗਾ”

“ਸਾਡੇ ਪਰਮੇਸ਼ੁਰ ਦਾ ਬਚਨ ਸਦਾ ਤੀਕ ਕਾਇਮ ਰਹੇਗਾ”

“ਘਾਹ ਸੁੱਕ ਜਾਂਦਾ ਅਤੇ ਫੁੱਲ ਕੁਮਲਾ ਜਾਂਦਾ ਹੈ, ਪਰ ਸਾਡੇ ਪਰਮੇਸ਼ੁਰ ਦਾ ਬਚਨ ਸਦਾ ਤੀਕ ਕਾਇਮ ਰਹੇਗਾ।”​—ਯਸਾ. 40:8.

ਗੀਤ: 43, 48

1, 2. (ੳ) ਬਾਈਬਲ ਤੋਂ ਬਿਨਾਂ ਸਾਡੀ ਜ਼ਿੰਦਗੀ ਕਿਹੋ ਜਿਹੀ ਹੁੰਦੀ? (ਅ) ਕਿਹੜੀ ਗੱਲ ਕਰਕੇ ਸਾਨੂੰ ਬਾਈਬਲ ਤੋਂ ਜ਼ਿਆਦਾ ਫ਼ਾਇਦਾ ਹੋ ਸਕਦਾ ਹੈ?

ਜ਼ਰਾ ਸੋਚੋ ਕਿ ਬਾਈਬਲ ਤੋਂ ਬਿਨਾਂ ਸਾਡੀ ਜ਼ਿੰਦਗੀ ਕਿਹੋ ਜਿਹੀ ਹੁੰਦੀ? ਹਰ ਰੋਜ਼ ਸਹੀ ਫ਼ੈਸਲੇ ਕਰਨ ਲਈ ਸਾਡੇ ਕੋਲ ਬਾਈਬਲ ਦੀ ਵਧੀਆ ਸਲਾਹ ਨਹੀਂ ਸੀ ਹੋਣੀ। ਅਸੀਂ ਪਰਮੇਸ਼ੁਰ, ਜ਼ਿੰਦਗੀ ਅਤੇ ਭਵਿੱਖ ਬਾਰੇ ਸੱਚਾਈ ਜਾਣਨ ਤੋਂ ਵਾਂਝੇ ਰਹਿ ਜਾਣਾ ਸੀ। ਸਾਨੂੰ ਇਹ ਵੀ ਨਹੀਂ ਸੀ ਪਤਾ ਲੱਗਣਾ ਕਿ ਪੁਰਾਣੇ ਜ਼ਮਾਨੇ ਵਿਚ ਯਹੋਵਾਹ ਨੇ ਇਨਸਾਨਾਂ ਲਈ ਕੀ-ਕੀ ਕੀਤਾ ਸੀ।

2 ਪਰ ਸਾਡੇ ਹਾਲਾਤ ਇੱਦਾਂ ਦੇ ਨਹੀਂ ਹਨ। ਅਸੀਂ ਯਹੋਵਾਹ ਦਾ ਲੱਖ-ਲੱਖ ਸ਼ੁਕਰ ਕਰਦੇ ਹਾਂ ਕਿ ਉਸ ਨੇ ਸਾਨੂੰ ਆਪਣਾ ਬਚਨ ਬਾਈਬਲ ਦਿੱਤਾ ਹੈ! ਉਸ ਨੇ ਵਾਅਦਾ ਕੀਤਾ ਹੈ ਕਿ ਉਸ ਦਾ ਸੰਦੇਸ਼ ਸਦਾ ਕਾਇਮ ਰਹੇਗਾ। ਪਤਰਸ ਰਸੂਲ ਨੇ ਯਸਾਯਾਹ 40:8 ਦੀ ਗੱਲ ਦੁਹਰਾਈ। ਇਸ ਆਇਤ ਦਾ ਇਹ ਮਤਲਬ ਨਹੀਂ ਕਿ ਬਾਈਬਲ ਸਦਾ ਕਾਇਮ ਰਹੇਗੀ, ਸਗੋਂ ਬਾਈਬਲ ਦਾ ਸੰਦੇਸ਼ ਸਦਾ ਕਾਇਮ ਰਹੇਗਾ। (1 ਪਤਰਸ 1:24, 25 ਪੜ੍ਹੋ।) ਸਾਨੂੰ ਆਪਣੀ ਭਾਸ਼ਾ ਵਿਚ ਬਾਈਬਲ ਪੜ੍ਹ ਕੇ ਜ਼ਿਆਦਾ ਫ਼ਾਇਦਾ ਹੁੰਦਾ ਹੈ। ਇਹ ਗੱਲ ਪਰਮੇਸ਼ੁਰ ਦੇ ਬਚਨ ਦੀ ਕਦਰ ਕਰਨ ਵਾਲੇ ਲੋਕ ਚੰਗੀ ਤਰ੍ਹਾਂ ਜਾਣਦੇ ਹਨ। ਸਦੀਆਂ ਤੋਂ ਅਨੁਵਾਦਕਾਂ ਨੇ ਅਲੱਗ-ਅਲੱਗ ਭਾਸ਼ਾਵਾਂ ਵਿਚ ਬਾਈਬਲ ਉਪਲਬਧ ਕਰਾਉਣ ਦੀ ਪੁਰਜ਼ੋਰ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਸਖ਼ਤ ਵਿਰੋਧ ਅਤੇ ਅਜ਼ਮਾਇਸ਼ਾਂ ਦਾ ਸਾਮ੍ਹਣਾ ਕੀਤਾ। ਯਹੋਵਾਹ ਦੀ “ਇੱਛਾ ਹੈ ਕਿ ਹਰ ਤਰ੍ਹਾਂ ਦੇ ਲੋਕ ਬਚਾਏ ਜਾਣ ਅਤੇ ਸੱਚਾਈ ਦਾ ਸਹੀ ਗਿਆਨ ਪ੍ਰਾਪਤ ਕਰਨ।”​—1 ਤਿਮੋ. 2:3, 4.

3. ਅਸੀਂ ਇਸ ਲੇਖ ਵਿਚ ਕਿਨ੍ਹਾਂ ਗੱਲਾਂ ’ਤੇ ਚਰਚਾ ਕਰਾਂਗੇ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।)

3 ਅਸੀਂ ਇਸ ਲੇਖ ਵਿਚ ਚਰਚਾ ਕਰਾਂਗੇ ਕਿ ਇਨ੍ਹਾਂ ਹਾਲਾਤਾਂ ਵਿਚ ਪਰਮੇਸ਼ੁਰ ਦਾ ਬਚਨ ਸਦਾ ਕਾਇਮ ਕਿਵੇਂ ਰਿਹਾ, (1) ਭਾਸ਼ਾਵਾਂ ਵਿਚ ਬਦਲਾਅ ਹੋਣ ’ਤੇ, (2) ਰਾਜਨੀਤੀ ਵਿਚ ਬਦਲਾਅ ਹੋਣ ’ਤੇ ਅਤੇ (3) ਅਨੁਵਾਦ ਦੇ ਕੰਮ ਦਾ ਵਿਰੋਧ ਹੋਣ ’ਤੇ। ਇਸ ਚਰਚਾ ਤੋਂ ਸਾਨੂੰ ਕੀ ਫ਼ਾਇਦਾ ਹੋਵੇਗਾ? ਬਾਈਬਲ ਅਤੇ ਇਸ ਦੇ ਲੇਖਕ ਲਈ ਸਾਡੀ ਕਦਰ ਵਧੇਗੀ।​—ਮੀਕਾ. 4:2; ਰੋਮੀ. 15:4.

ਭਾਸ਼ਾਵਾਂ ਵਿਚ ਬਦਲਾਅ

4. (ੳ) ਸਮੇਂ ਦੇ ਬੀਤਣ ਨਾਲ ਭਾਸ਼ਾਵਾਂ ਵਿਚ ਬਦਲਾਅ ਕਿਵੇਂ ਆ ਜਾਂਦਾ ਹੈ? (ਅ) ਅਸੀਂ ਕਿਵੇਂ ਜਾਣਦੇ ਹਾਂ ਕਿ ਯਹੋਵਾਹ ਨੂੰ ਸਿਰਫ਼ ਇੱਕੋ ਭਾਸ਼ਾ ਪਿਆਰੀ ਨਹੀਂ? ਇਹ ਗੱਲ ਜਾਣ ਕੇ ਤੁਸੀਂ ਕਿਵੇਂ ਮਹਿਸੂਸ ਕਰਦੇ ਹੋ?

4 ਸਮੇਂ ਦੇ ਬੀਤਣ ਨਾਲ ਭਾਸ਼ਾਵਾਂ ਵਿਚ ਬਦਲਾਅ ਆ ਜਾਂਦਾ ਹੈ। ਨਾਲੇ ਕੁਝ ਲਫ਼ਜ਼ਾਂ ਜਾਂ ਵਾਕਾਂ ਦਾ ਵੀ ਮਤਲਬ ਬਦਲ ਜਾਂਦਾ ਹੈ। ਸ਼ਾਇਦ ਤੁਸੀਂ ਵੀ ਆਪਣੀ ਭਾਸ਼ਾ ਵਿਚ ਕੁਝ ਬਦਲਾਅ ਦੇਖੇ ਹੋਣੇ। ਪੁਰਾਣੇ ਸਮੇਂ ਦੀਆਂ ਭਾਸ਼ਾਵਾਂ ਵਿਚ ਵੀ ਬਦਲਾਅ ਆਉਂਦੇ ਸਨ। ਬਾਈਬਲ ਨੂੰ ਇਬਰਾਨੀ ਅਤੇ ਯੂਨਾਨੀ ਭਾਸ਼ਾ ਵਿਚ ਲਿਖਿਆ ਗਿਆ ਸੀ। ਪਰ ਅੱਜ ਦੇ ਲੋਕਾਂ ਦੀ ਇਬਰਾਨੀ ਅਤੇ ਯੂਨਾਨੀ ਬਾਈਬਲ ਦੇ ਜ਼ਮਾਨੇ ਦੀ ਇਬਰਾਨੀ ਅਤੇ ਯੂਨਾਨੀ ਤੋਂ ਬਹੁਤ ਵੱਖਰੀ ਹੈ। ਬਾਈਬਲ ਨੂੰ ਅਨੁਵਾਦ ਕਰਨ ਦੀ ਲੋੜ ਇਸ ਕਰਕੇ ਪਈ ਕਿਉਂਕਿ ਜ਼ਿਆਦਾਤਰ ਲੋਕਾਂ ਨੂੰ ਪੁਰਾਣੇ ਸਮੇਂ ਦੀਆਂ ਭਾਸ਼ਾਵਾਂ ਸਮਝ ਨਹੀਂ ਆਉਂਦੀਆਂ। ਕੁਝ ਲੋਕ ਸੋਚਦੇ ਹਨ ਕਿ ਪੁਰਾਣੇ ਸਮੇਂ ਦੀ ਇਬਰਾਨੀ ਅਤੇ ਯੂਨਾਨੀ ਭਾਸ਼ਾ ਸਿੱਖ ਕੇ ਹੀ ਉਹ ਬਾਈਬਲ ਨੂੰ ਪੂਰੀ ਤਰ੍ਹਾਂ ਸਮਝ ਸਕਦੇ ਹਨ। ਪਰ ਸ਼ਾਇਦ ਉਨ੍ਹਾਂ ਨੂੰ ਉੱਨਾ ਫ਼ਾਇਦਾ ਨਾ ਹੋਵੇ ਜਿੰਨਾ ਉਹ ਸੋਚਦੇ ਹਨ। * ਅਸੀਂ ਬਹੁਤ ਖ਼ੁਸ਼ ਹਾਂ ਕਿ ਪੂਰੀ ਬਾਈਬਲ ਜਾਂ ਇਸ ਦੇ ਕੁਝ ਹਿੱਸਿਆਂ ਨੂੰ 3,000 ਤੋਂ ਵੀ ਜ਼ਿਆਦਾ ਭਾਸ਼ਾਵਾਂ ਵਿਚ ਅਨੁਵਾਦ ਕੀਤਾ ਗਿਆ ਹੈ। ਯਹੋਵਾਹ ਚਾਹੁੰਦਾ ਹੈ ਕਿ “ਹਰ ਕੌਮ, ਹਰ ਕਬੀਲੇ, ਹਰ ਬੋਲੀ” ਦੇ ਲੋਕਾਂ ਨੂੰ ਉਸ ਦੇ ਬਚਨ ਤੋਂ ਫ਼ਾਇਦਾ ਹੋਵੇ। (ਪ੍ਰਕਾਸ਼ ਦੀ ਕਿਤਾਬ 14:6 ਪੜ੍ਹੋ।) ਇਸ ਕਰਕੇ ਅਸੀਂ ਨਿਰਪੱਖ ਅਤੇ ਪਿਆਰ ਕਰਨ ਵਾਲੇ ਪਰਮੇਸ਼ੁਰ ਯਹੋਵਾਹ ਦੇ ਹੋਰ ਵੀ ਨੇੜੇ ਮਹਿਸੂਸ ਕਰਦੇ ਹਾਂ।​—ਰਸੂ. 10:34.

5. ਕਿੰਗ ਜੇਮਜ਼ ਵਰਯਨ ਬਾਈਬਲ ਖ਼ਾਸ ਕਿਉਂ ਹੈ?

5 ਭਾਸ਼ਾਵਾਂ ਵਿਚ ਬਦਲਾਅ ਆਉਣ ਨਾਲ ਬਾਈਬਲ ਦੇ ਅਨੁਵਾਦਾਂ ’ਤੇ ਇਸ ਦਾ ਅਸਰ ਪਿਆ ਹੈ। ਜਦੋਂ ਬਾਈਬਲ ਦਾ ਅਨੁਵਾਦ ਕੀਤਾ ਜਾਂਦਾ ਸੀ, ਤਾਂ ਉਸ ਦੀਆਂ ਸਾਰੀਆਂ ਗੱਲਾਂ ਲੋਕਾਂ ਨੂੰ ਸਮਝ ਆ ਜਾਂਦੀਆਂ ਸਨ। ਪਰ ਸਮੇਂ ਦੇ ਬੀਤਣ ਨਾਲ ਭਾਸ਼ਾਵਾਂ ਵਿਚ ਬਦਲਾਅ ਹੋਣ ਕਰਕੇ ਉਹੀ ਗੱਲਾਂ ਸਮਝਣੀਆਂ ਔਖੀਆਂ ਹੋ ਗਈਆਂ। ਇਹ ਗੱਲ ਅਸੀਂ 1611 ਵਿਚ ਅਨੁਵਾਦ ਕੀਤੀ ਗਈ ਕਿੰਗ ਜੇਮਜ਼ ਵਰਯਨ ਤੋਂ ਸਾਫ਼ ਦੇਖ ਸਕਦੇ ਹਾਂ। ਉਸ ਸਮੇਂ ਦੇ ਲੋਕ ਇਸ ਬਾਈਬਲ ਨੂੰ ਬਹੁਤ ਪਸੰਦ ਕਰਦੇ ਸਨ। ਜਿਹੜੇ ਸ਼ਬਦ ਇਸ ਬਾਈਬਲ ਵਿਚ ਵਰਤੇ ਗਏ ਸਨ, ਉਨ੍ਹਾਂ ਸ਼ਬਦਾਂ ਦਾ ਅੰਗ੍ਰੇਜ਼ੀ ਭਾਸ਼ਾ ਉੱਤੇ ਕਾਫ਼ੀ ਪ੍ਰਭਾਵ ਪਿਆ। ਇਬਰਾਨੀ ਮੂਲ ਲਿਖਤਾਂ ਵਿਚ ਜਿਨ੍ਹਾਂ-ਜਿਨ੍ਹਾਂ ਥਾਵਾਂ ’ਤੇ ਯਹੋਵਾਹ ਦਾ ਨਾਂ ਸੀ, ਇਸ ਬਾਈਬਲ ਦੇ ਅਨੁਵਾਦਕਾਂ ਨੇ ਜ਼ਿਆਦਾਤਰ ਉਨ੍ਹਾਂ ਥਾਵਾਂ ’ਤੇ ਯਹੋਵਾਹ ਦੇ ਨਾਂ ਦੀ ਜਗ੍ਹਾ ਵੱਡੇ ਅੱਖਰਾਂ ਵਿਚ “ਪ੍ਰਭੂ” (LORD) ਪਾ ਦਿੱਤਾ। ਇਸ ਅਨੁਵਾਦ ਦੀਆਂ ਜਿਹੜੀਆਂ ਕਾਪੀਆਂ ਬਾਅਦ ਵਿਚ ਛਾਪੀਆਂ ਗਈਆਂ ਉਨ੍ਹਾਂ ਦੇ ਯੂਨਾਨੀ ਸ਼ਾਸਤਰਾਂ ਵਿਚ ਵੀ ਪਰਮੇਸ਼ੁਰ ਦੇ ਨਾਂ ਦੀ ਜਗ੍ਹਾ ਵੱਡੇ ਅੱਖਰਾਂ ਵਿਚ “ਪ੍ਰਭੂ” ਪਾ ਦਿੱਤਾ ਗਿਆ। ਕਿੰਗ ਜੇਮਜ਼ ਵਰਯਨ ਦੇ ਅਨੁਵਾਦਕਾਂ ਨੇ ਯੂਨਾਨੀ ਸ਼ਾਸਤਰਾਂ ਵਿਚ ਵੀ “ਪ੍ਰਭੂ” ਨੂੰ ਵੱਡੇ ਅੱਖਰਾਂ ਵਿਚ ਪਾ ਕੇ ਇਸ ਗੱਲ ਦਾ ਇਸ਼ਾਰਾ ਕੀਤਾ ਕਿ ਯੂਨਾਨੀ ਸ਼ਾਸਤਰ ਵਿਚ ਵੀ ਪਰਮੇਸ਼ੁਰ ਦਾ ਨਾਂ ਹੋਣਾ ਚਾਹੀਦਾ ਹੈ।

6. ਅਸੀਂ ਨਵੀਂ ਦੁਨੀਆਂ ਅਨੁਵਾਦ (ਅੰਗ੍ਰੇਜ਼ੀ) ਬਾਈਬਲ ਲਈ ਕਿਉਂ ਸ਼ੁਕਰਗੁਜ਼ਾਰ ਹਾਂ?

6 ਜਦੋਂ ਕਿੰਗ ਜੇਮਜ਼ ਵਰਯਨ ਦਾ ਅਨੁਵਾਦ ਕੀਤਾ ਗਿਆ, ਤਾਂ ਉਸ ਸਮੇਂ ਦੇ ਲੋਕਾਂ ਨੂੰ ਉਸ ਦੀ ਬੋਲੀ ਬਹੁਤ ਸੌਖੀ ਲੱਗੀ। ਪਰ ਸਮੇਂ ਦੇ ਬੀਤਣ ਨਾਲ ਇਸ ਦੇ ਸ਼ਬਦ ਪੁਰਾਣੇ ਹੋ ਗਏ ਅਤੇ ਅੱਜ ਇਨ੍ਹਾਂ ਨੂੰ ਸਮਝਣਾ ਔਖਾ ਹੈ। ਇਹ ਗੱਲ ਸਿਰਫ਼ ਅੰਗ੍ਰੇਜ਼ੀ ਭਾਸ਼ਾ ਪੜ੍ਹਨ ਵਾਲਿਆਂ ਨਾਲ ਹੀ ਨਹੀਂ ਹੋਈ, ਸਗੋਂ ਹੋਰ ਭਾਸ਼ਾ ਦੇ ਲੋਕਾਂ ਨਾਲ ਵੀ ਇੱਦਾਂ ਹੀ ਹੋਇਆ। ਇਸ ਲਈ ਅਸੀਂ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਸਾਡੇ ਕੋਲ ਪਵਿੱਤਰ ਬਾਈਬਲ—ਨਵੀਂ ਦੁਨੀਆਂ ਅਨੁਵਾਦ (ਅੰਗ੍ਰੇਜ਼ੀ) ਹੈ ਕਿਉਂਕਿ ਇਸ ਵਿਚ ਸੌਖੇ ਅਤੇ ਆਮ ਸ਼ਬਦ ਵਰਤੇ ਗਏ ਹਨ। ਇਸ ਪੂਰੀ ਬਾਈਬਲ ਦਾ ਜਾਂ ਇਸ ਦੇ ਕੁਝ ਹਿੱਸਿਆਂ ਦਾ 150 ਤੋਂ ਜ਼ਿਆਦਾ ਭਾਸ਼ਾਵਾਂ ਵਿਚ ਅਨੁਵਾਦ ਕੀਤਾ ਗਿਆ ਹੈ। ਇਸ ਲਈ ਅੱਜ ਦੁਨੀਆਂ ਦੇ ਜ਼ਿਆਦਾਤਰ ਲੋਕ ਇਸ ਬਾਈਬਲ ਨੂੰ ਆਪਣੀ ਭਾਸ਼ਾ ਵਿਚ ਪੜ੍ਹ ਸਕਦੇ ਹਨ। ਇਸ ਵਿਚ ਸੌਖੇ ਅਤੇ ਆਮ ਸ਼ਬਦ ਹੋਣ ਕਰਕੇ ਪਰਮੇਸ਼ੁਰ ਦਾ ਸੰਦੇਸ਼ ਸਿੱਧੇ ਸਾਡੇ ਧੁਰ ਅੰਦਰ ਚਲੇ ਜਾਂਦਾ ਹੈ। (ਜ਼ਬੂ. 119:97) ਪਰ ਇਹ ਬਾਈਬਲ ਇੰਨੀ ਖ਼ਾਸ ਕਿਉਂ ਹੈ? ਕਿਉਂਕਿ ਜਿੱਥੇ ਮੂਲ ਲਿਖਤਾਂ ਵਿਚ ਯਹੋਵਾਹ ਦਾ ਨਾਂ ਸੀ, ਇਸ ਬਾਈਬਲ ਵਿਚ ਐਨ ਉਨ੍ਹਾਂ ਥਾਵਾਂ ’ਤੇ ਪਰਮੇਸ਼ੁਰ ਦਾ ਨਾਂ ਪਾਇਆ ਗਿਆ ਹੈ।

ਰਾਜਨੀਤਿਕ ਬਦਲਾਅ

7, 8. (ੳ) ਤੀਸਰੀ ਸਦੀ ਈਸਵੀ ਪੂਰਵ ਦੇ ਬਹੁਤ ਸਾਰਿਆਂ ਯਹੂਦੀਆਂ ਨੂੰ ਇਬਰਾਨੀ ਸ਼ਾਸਤਰ ਕਿਉਂ ਨਹੀਂ ਸਮਝ ਆਉਂਦੇ ਸਨ? (ਅ) ਯੂਨਾਨੀ ਸੈਪਟੁਜਿੰਟ ਕੀ ਹੈ?

7 ਕਈ ਵਾਰ ਰਾਜਨੀਤਿਕ ਬਦਲਾਵਾਂ ਦਾ ਅਸਰ ਲੋਕਾਂ ਦੀ ਆਮ ਬੋਲੀ ’ਤੇ ਵੀ ਪਿਆ ਹੈ। ਪਰ ਯਹੋਵਾਹ ਨੇ ਇਹ ਗੱਲ ਪੱਕੀ ਕੀਤੀ ਹੈ ਕਿ ਲੋਕਾਂ ਨੂੰ ਉਸ ਭਾਸ਼ਾ ਵਿਚ ਬਾਈਬਲ ਮਿਲੇ ਜਿਹੜੀ ਉਹ ਚੰਗੀ ਤਰ੍ਹਾਂ ਸਮਝਦੇ ਹਨ। ਮਿਸਾਲ ਲਈ, ਬਾਈਬਲ ਦੀਆਂ ਪਹਿਲੀਆਂ 39 ਕਿਤਾਬਾਂ ਯਹੂਦੀਆਂ ਯਾਨੀ ਇਜ਼ਰਾਈਲੀਆਂ ਨੇ ਲਿਖੀਆਂ ਸਨ। ਉਹ ਪਹਿਲੇ ਲੋਕ ਸਨ ਜਿਨ੍ਹਾਂ ਨੂੰ “ਪਰਮੇਸ਼ੁਰ ਦੇ ਪਵਿੱਤਰ ਬਚਨ ਸੌਂਪੇ ਗਏ ਸਨ।” (ਰੋਮੀ. 3:1, 2) ਉਨ੍ਹਾਂ ਨੇ ਪਰਮੇਸ਼ੁਰ ਦੇ ਪਵਿੱਤਰ ਬਚਨਾਂ ਨੂੰ ਇਬਰਾਨੀ ਜਾਂ ਅਰਾਮੀ ਭਾਸ਼ਾ ਵਿਚ ਲਿਖਿਆ ਸੀ। ਪਰ ਤੀਜੀ ਈਸਵੀ ਪੂਰਵ ਤਕ ਬਹੁਤ ਸਾਰੇ ਯਹੂਦੀਆਂ ਨੂੰ ਇਬਰਾਨੀ ਭਾਸ਼ਾ ਸਮਝ ਨਹੀਂ ਸੀ ਆਉਂਦੀ। ਕਿਉਂ? ਜਦੋਂ ਸਿਕੰਦਰ ਮਹਾਨ ਨੇ ਦੁਨੀਆਂ ਦੇ ਕਈ ਦੇਸ਼ਾਂ ’ਤੇ ਜਿੱਤ ਹਾਸਲ ਕੀਤੀ, ਤਾਂ ਉੱਥੇ ਯੂਨਾਨ ਦਾ ਸਾਮਰਾਜ ਫੈਲ ਗਿਆ। ਨਤੀਜੇ ਵਜੋਂ ਉਨ੍ਹਾਂ ਦੇਸ਼ਾਂ ਵਿਚ ਯੂਨਾਨੀ ਭਾਸ਼ਾ ਉਨ੍ਹਾਂ ਦੀ ਮੁੱਖ ਭਾਸ਼ਾ ਬਣ ਗਈ ਅਤੇ ਬਹੁਤ ਸਾਰੇ ਲੋਕ ਆਪਣੀ ਭਾਸ਼ਾ ਦੀ ਬਜਾਇ ਯੂਨਾਨੀ ਬੋਲਣ ਲੱਗ ਪਏ। (ਦਾਨੀ. 8:5-7, 20, 21) ਬਹੁਤ ਸਾਰੇ ਯਹੂਦੀ ਵੀ ਜ਼ਿਆਦਾਤਰ ਯੂਨਾਨੀ ਭਾਸ਼ਾ ਬੋਲਦੇ ਸਨ। ਇਸ ਕਰਕੇ ਉਨ੍ਹਾਂ ਲਈ ਇਬਰਾਨੀ ਭਾਸ਼ਾ ਵਿਚ ਬਾਈਬਲ ਸਮਝਣੀ ਔਖੀ ਹੋ ਗਈ। ਪਰ ਇਸ ਸਮੱਸਿਆ ਦਾ ਕੀ ਹੱਲ ਸੀ?

8 ਲਗਭਗ ਤੀਜੀ ਈਸਵੀ ਪੂਰਵ ਦੇ ਅੱਧ ਤਕ ਬਾਈਬਲ ਦੀਆਂ ਪਹਿਲੀਆਂ ਪੰਜ ਕਿਤਾਬਾਂ ਦਾ ਅਨੁਵਾਦ ਇਬਰਾਨੀ ਤੋਂ ਯੂਨਾਨੀ ਵਿਚ ਕੀਤਾ ਗਿਆ ਸੀ। ਬਾਅਦ ਵਿਚ ਬਾਕੀ ਇਬਰਾਨੀ ਲਿਖਤਾਂ ਦਾ ਵੀ ਅਨੁਵਾਦ ਕੀਤਾ ਗਿਆ। ਅਨੁਵਾਦ ਕੀਤੀਆਂ ਲਿਖਤਾਂ ਨੂੰ ਯੂਨਾਨੀ ਸੈਪਟੁਜਿੰਟ ਕਿਹਾ ਜਾਂਦਾ ਹੈ। ਜਿੱਥੋਂ ਤਕ ਅਸੀਂ ਜਾਣਦੇ ਹਾਂ ਬਾਈਬਲ ਦੀਆਂ ਇਬਰਾਨੀ ਲਿਖਤਾਂ ਦਾ ਸਭ ਤੋਂ ਪਹਿਲਾ ਅਨੁਵਾਦ ਯੂਨਾਨੀ ਸੈਪਟੁਜਿੰਟ ਹੈ।

9. (ੳ) ਪਰਮੇਸ਼ੁਰ ਦੇ ਬਚਨ ਨੂੰ ਸਮਝਣ ਲਈ ਸੈਪਟੁਜਿੰਟ ਅਤੇ ਹੋਰ ਕਈ ਪੁਰਾਣੇ ਅਨੁਵਾਦਾਂ ਨੇ ਲੋਕਾਂ ਦੀ ਕਿਵੇਂ ਮਦਦ ਕੀਤੀ? (ਅ) ਇਬਰਾਨੀ ਸ਼ਾਸਤਰਾਂ ਵਿਚ ਤੁਹਾਡੀਆਂ ਕਿਹੜੀਆਂ ਮਨਪਸੰਦ ਆਇਤਾਂ ਹਨ?

9 ਸੈਪਟੁਜਿੰਟ ਦੀ ਮਦਦ ਨਾਲ ਯੂਨਾਨੀ ਬੋਲਣ ਵਾਲੇ ਯਹੂਦੀ ਵੀ ਯੂਨਾਨੀ ਵਿਚ ਬਾਈਬਲ ਪੜ੍ਹ ਸਕਦੇ ਸਨ। ਸੋਚੋ, ਉਨ੍ਹਾਂ ਨੂੰ ਕਿੰਨੀ ਖ਼ੁਸ਼ੀ ਹੁੰਦੀ ਹੋਣੀ ਜਦੋਂ ਉਹ ਪਰਮੇਸ਼ੁਰ ਦੇ ਬਚਨ ਨੂੰ ਆਪਣੀ ਭਾਸ਼ਾ ਵਿਚ ਸੁਣਦੇ ਜਾਂ ਪੜ੍ਹਦੇ ਹੋਣੇ! ਸਮੇਂ ਦੇ ਬੀਤਣ ਨਾਲ ਬਾਈਬਲ ਦੇ ਕਈ ਹਿੱਸਿਆਂ ਦਾ ਅਨੁਵਾਦ ਹੋਰ ਆਮ ਭਾਸ਼ਾਵਾਂ ਵਿਚ ਕੀਤਾ ਗਿਆ, ਜਿਵੇਂ ਕਿ ਸੀਰੀਆਈ, ਗਾਥੀ ਅਤੇ ਲਾਤੀਨੀ। ਜਿੱਦਾਂ-ਜਿੱਦਾਂ ਲੋਕ ਪਰਮੇਸ਼ੁਰ ਦੇ ਬਚਨ ਨੂੰ ਪੜ੍ਹਨ ਅਤੇ ਸਮਝਣ ਲੱਗੇ ਉੱਦਾਂ-ਉੱਦਾਂ ਉਨ੍ਹਾਂ ਦੇ ਦਿਲਾਂ ਵਿਚ ਪਰਮੇਸ਼ੁਰ ਦੇ ਬਚਨ ਲਈ ਪਿਆਰ ਵਧਿਆ। ਸਾਡੇ ਵਾਂਗ ਉਨ੍ਹਾਂ ਦੀਆਂ ਵੀ ਕੁਝ ਮਨਪਸੰਦ ਆਇਤਾਂ ਸਨ। (ਜ਼ਬੂਰਾਂ ਦੀ ਪੋਥੀ 119:162-165 ਪੜ੍ਹੋ।) ਜੀ ਹਾਂ, ਰਾਜਨੀਤੀ ਅਤੇ ਭਾਸ਼ਾਵਾਂ ਵਿਚ ਬਦਲਾਅ ਆਉਣ ਦੇ ਬਾਵਜੂਦ ਵੀ ਪਰਮੇਸ਼ੁਰ ਦਾ ਬਚਨ ਕਾਇਮ ਰਿਹਾ ਹੈ।

ਬਾਈਬਲ ਅਨੁਵਾਦ ਦੇ ਕੰਮ ਦਾ ਵਿਰੋਧ

10. ਜੌਨ ਵਿੱਕਲਿਫ਼ ਦੇ ਜ਼ਮਾਨੇ ਵਿਚ ਬਹੁਤ ਸਾਰੇ ਲੋਕ ਬਾਈਬਲ ਕਿਉਂ ਨਹੀਂ ਪੜ੍ਹ ਸਕਦੇ ਸਨ?

10 ਕਈ ਸਾਲਾਂ ਤਕ ਪ੍ਰਭਾਵਸ਼ਾਲੀ ਆਗੂਆਂ ਨੇ ਹਰ ਮੁਮਕਿਨ ਕੋਸ਼ਿਸ਼ ਕੀਤੀ ਤਾਂਕਿ ਲੋਕ ਬਾਈਬਲ ਨਾ ਪੜ੍ਹਨ। ਪਰ ਪਰਮੇਸ਼ੁਰ ਦਾ ਡਰ ਰੱਖਣ ਵਾਲੇ ਲੋਕਾਂ ਨੇ ਬਾਈਬਲ ਨੂੰ ਲੋਕਾਂ ਤਕ ਪਹੁੰਚਾਉਣ ਲਈ ਸਖ਼ਤ ਮਿਹਨਤ ਕੀਤੀ। ਉਨ੍ਹਾਂ ਵਿਚ ਇਕ ਜੌਨ ਵਿੱਕਲਿਫ਼ ਸੀ, ਜੋ 14ਵੀਂ ਸਦੀ ਵਿਚ ਇੰਗਲੈਂਡ ਵਿਚ ਰਹਿੰਦਾ ਸੀ। ਉਹ ਮੰਨਦਾ ਸੀ ਕਿ ਹਰੇਕ ਨੂੰ ਬਾਈਬਲ ਪੜ੍ਹਨ ਦਾ ਹੱਕ ਹੈ। ਪਰ ਉਸ ਦੇ ਜ਼ਮਾਨੇ ਦੇ ਬਹੁਤ ਹੀ ਘਟ ਲੋਕਾਂ ਨੂੰ ਬਾਈਬਲ ਦੇ ਸੰਦੇਸ਼ ਬਾਰੇ ਪਤਾ ਸੀ। ਕਿਉਂ? ਕਿਉਂਕਿ ਬਾਈਬਲਾਂ ਬਹੁਤ ਮਹਿੰਗੀਆਂ ਸਨ ਅਤੇ ਇਸ ਦੀ ਹਰ ਇਕ ਕਾਪੀ ਹੱਥ ਨਾਲ ਲਿਖੀ ਜਾਂਦੀ ਸੀ। ਇਸ ਕਰਕੇ ਗਿਣੇ-ਚੁਣੇ ਲੋਕਾਂ ਕੋਲ ਹੀ ਬਾਈਬਲ ਹੁੰਦੀ ਸੀ। ਨਾਲੇ ਉਸ ਸਮੇਂ ਬਹੁਤ ਸਾਰੇ ਲੋਕ ਅਨਪੜ੍ਹ ਸਨ। ਭਾਵੇਂ ਕਿ ਲੋਕ ਚਰਚ ਵਿਚ ਬਾਈਬਲ ਨੂੰ ਲਾਤੀਨੀ ਭਾਸ਼ਾ ਵਿਚ ਸੁਣਦੇ ਸੀ, ਪਰ ਲਾਤੀਨੀ ਬਹੁਤ ਪੁਰਾਣੀ ਭਾਸ਼ਾ ਸੀ ਅਤੇ ਆਮ ਲੋਕ ਇਸ ਨੂੰ ਸਮਝ ਨਹੀਂ ਸਕਦੇ ਸਨ। ਪਰ ਯਹੋਵਾਹ ਨੇ ਕਿਵੇਂ ਪੱਕਾ ਕੀਤਾ ਕਿ ਹਰ ਕਿਸੇ ਕੋਲ ਆਪਣੀ ਭਾਸ਼ਾ ਵਿਚ ਬਾਈਬਲ ਹੋਵੇ?​—ਕਹਾ. 2:1-5.

ਜੌਨ ਵਿੱਕਲਿਫ਼ ਅਤੇ ਹੋਰ ਲੋਕ ਚਾਹੁੰਦੇ ਸਨ ਕਿ ਹਰ ਕਿਸੇ ਕੋਲ ਬਾਈਬਲ ਹੋਵੇ। ਕੀ ਤੁਸੀਂ ਵੀ ਇਹੀ ਚਾਹੁੰਦੇ ਹੋ? (ਪੈਰਾ 11 ਦੇਖੋ)

11. ਵਿੱਕਲਿਫ਼ ਦੀ ਬਾਈਬਲ ਨੇ ਲੋਕਾਂ ’ਤੇ ਕੀ ਅਸਰ ਪਾਇਆ?

11 ਸਾਲ 1382 ਵਿਚ ਜੌਨ ਵਿੱਕਲਿਫ਼ ਅਤੇ ਹੋਰ ਆਦਮੀਆਂ ਨੇ ਬਾਈਬਲ ਦਾ ਅੰਗ੍ਰੇਜ਼ੀ ਵਿਚ ਅਨੁਵਾਦ ਕੀਤਾ। ਉਸ ਸਮੇਂ ਵਿੱਕਲਿਫ਼ ਦੀ ਇਹ ਬਾਈਬਲ ਬਹੁਤ ਮਸ਼ਹੂਰ ਹੋਈ। ਵਿੱਕਲਿਫ਼ ਦੇ ਚੇਲਿਆਂ ਨੂੰ ਇਹ ਬਾਈਬਲ ਬਹੁਤ ਪਸੰਦ ਸੀ। ਇਨ੍ਹਾਂ ਚੇਲਿਆਂ ਨੂੰ ਲੇਲਾਰਡ ਕਿਹਾ ਜਾਂਦਾ ਸੀ। ਇਹ ਪੂਰੇ ਇੰਗਲੈਂਡ ਵਿਚ ਪ੍ਰਚਾਰ ਕਰਨ ਲਈ ਪਿੰਡੋਂ-ਪਿੰਡ ਤੁਰ-ਤੁਰ ਕੇ ਜਾਂਦੇ ਸਨ। ਲੇਲਾਰਡ ਲੋਕਾਂ ਨੂੰ ਬਾਈਬਲ ਪੜ੍ਹ ਕੇ ਸੁਣਾਉਂਦੇ ਸਨ ਅਤੇ ਉਨ੍ਹਾਂ ਨੂੰ ਹੱਥ ਨਾਲ ਲਿਖੀਆਂ ਬਾਈਬਲ ਦੀਆਂ ਕਾਪੀਆਂ ਵੰਡਦੇ ਸਨ। ਉਨ੍ਹਾਂ ਦੀਆਂ ਕੋਸ਼ਿਸ਼ਾਂ ਕਰਕੇ ਲੋਕਾਂ ਦੇ ਦਿਲਾਂ ਵਿਚ ਫਿਰ ਤੋਂ ਬਾਈਬਲ ਪੜ੍ਹਨ ਦੀ ਇੱਛਾ ਪੈਦਾ ਹੋਈ।

12. ਚਰਚ ਦੇ ਪਾਦਰੀਆਂ ਦਾ ਵਿੱਕਲਿਫ਼ ਅਤੇ ਉਸ ਦੇ ਕੰਮ ਪ੍ਰਤੀ ਕਿਹੋ ਜਿਹਾ ਰਵੱਈਆ ਸੀ?

12 ਵਿੱਕਲਿਫ਼, ਉਸ ਦੀ ਬਾਈਬਲ ਅਤੇ ਉਸ ਦੇ ਚੇਲਿਆਂ ਨਾਲ ਚਰਚ ਦੇ ਪਾਦਰੀ ਬਹੁਤ ਨਫ਼ਰਤ ਕਰਦੇ ਸਨ। ਉਨ੍ਹਾਂ ਨੇ ਲੇਲਾਰਡ ’ਤੇ ਜ਼ੁਲਮ ਢਾਹੇ ਅਤੇ ਜਿੱਥੇ ਕਿਤੇ ਵੀ ਵਿੱਕਲਿਫ਼ ਬਾਈਬਲ ਮਿਲਦੀ ਸੀ ਉਹ ਉਸ ਨੂੰ ਸਾੜ ਦਿੰਦੇ ਸਨ। ਵਿੱਕਲਿਫ਼ ਦੇ ਮਰਨ ਤੋਂ ਬਾਅਦ ਵੀ ਚਰਚ ਦੇ ਪਾਦਰੀਆਂ ਨੇ ਉਸ ਨੂੰ ਚਰਚ ਦਾ ਦੁਸ਼ਮਣ ਕਰਾਰ ਦਿੱਤਾ। ਉਨ੍ਹਾਂ ਨੇ ਉਸ ਦੀ ਕਬਰ ਵਿੱਚੋਂ ਉਸ ਦੀਆਂ ਹੱਡੀਆਂ ਕੱਢ ਕੇ ਸਾੜੀਆਂ ਅਤੇ ਉਸ ਦੀ ਸੁਆਹ ਨੂੰ ਸਵੀਫ਼ਟ ਨਦੀ ਵਿਚ ਸੁੱਟ ਦਿੱਤਾ। ਪਰ ਬਹੁਤ ਸਾਰੇ ਲੋਕ ਬਾਈਬਲ ਪੜ੍ਹਨੀ ਅਤੇ ਸਮਝਣੀ ਚਾਹੁੰਦੇ ਸਨ ਅਤੇ ਚਰਚ ਦੇ ਪਾਦਰੀ ਉਨ੍ਹਾਂ ਨੂੰ ਨਹੀਂ ਰੋਕ ਸਕੇ। ਇਸ ਤੋਂ ਬਾਅਦ ਦੀਆਂ ਕਈ ਸਦੀਆਂ ਦੌਰਾਨ ਯੂਰਪ ਅਤੇ ਦੁਨੀਆਂ ਦੇ ਹੋਰ ਕਈ ਹਿੱਸਿਆਂ ਵਿਚ ਲੋਕ ਬਾਈਬਲ ਦਾ ਹੋਰ ਭਾਸ਼ਾਵਾਂ ਵਿਚ ਅਨੁਵਾਦ ਕਰ ਕੇ ਛਾਪਣ ਲੱਗੇ ਤਾਂਕਿ ਲੋਕ ਆਪਣੀ ਬੋਲੀ ਵਿਚ ਬਾਈਬਲ ਸਮਝ ਸਕਣ।

“ਤੈਨੂੰ ਲਾਭ ਉਠਾਉਣ ਦੀ ਸਿੱਖਿਆ ਦਿੰਦਾ ਹਾਂ”

13. ਬਾਈਬਲ ਦੇ ਇਤਿਹਾਸ ਤੋਂ ਕਿਹੜੀ ਗੱਲ ਸਾਫ਼ ਹੁੰਦੀ ਹੈ? ਇਸ ਨਾਲ ਸਾਡੀ ਨਿਹਚਾ ਹੋਰ ਕਿਵੇਂ ਪੱਕੀ ਹੁੰਦੀ ਹੈ?

13 ਬਾਈਬਲ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਨਾਲ ਲਿਖਾਈ ਗਈ ਹੈ। ਪਰ ਇਸ ਦਾ ਇਹ ਮਤਲਬ ਨਹੀਂ ਕਿ ਸੈਪਟੁਜਿੰਟ, ਵਿੱਕਲਿਫ਼ ਬਾਈਬਲ, ਕਿੰਗ ਜੇਮਜ਼ ਵਰਯਨ ਜਾਂ ਹੋਰ ਬਾਈਬਲਾਂ ਦਾ ਅਨੁਵਾਦ ਕਰਨ ਲਈ ਸਿੱਧੇ ਤੌਰ ’ਤੇ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਨੇ ਉਨ੍ਹਾਂ ਦੀ ਮਦਦ ਕੀਤੀ। ਪਰ ਜਦੋਂ ਅਸੀਂ ਬਾਈਬਲ ਅਨੁਵਾਦ ਦੇ ਇਤਿਹਾਸ ’ਤੇ ਨਜ਼ਰ ਮਾਰਦੇ ਹਾਂ, ਤਾਂ ਇਹ ਗੱਲ ਸਾਫ਼ ਹੁੰਦੀ ਹੈ ਕਿ ਯਹੋਵਾਹ ਨੇ ਆਪਣਾ ਬਚਨ ਕਾਇਮ ਰੱਖਣ ਦਾ ਵਾਅਦਾ ਪੂਰਾ ਕੀਤਾ ਹੈ। ਇਸ ਨਾਲ ਸਾਡੀ ਨਿਹਚਾ ਹੋਰ ਪੱਕੀ ਹੁੰਦੀ ਹੈ ਕਿ ਯਹੋਵਾਹ ਦੇ ਬਾਕੀ ਸਾਰੇ ਵਾਅਦੇ ਵੀ ਜ਼ਰੂਰ ਪੂਰੇ ਹੋਣਗੇ।​—ਯਹੋ. 23:14.

14. ਪਰਮੇਸ਼ੁਰ ਦਾ ਬਚਨ ਉਸ ਲਈ ਸਾਡਾ ਪਿਆਰ ਕਿਵੇਂ ਗਹਿਰਾ ਕਰਦਾ ਹੈ?

14 ਜਦੋਂ ਅਸੀਂ ਦੇਖਦੇ ਹਾਂ ਕਿ ਯਹੋਵਾਹ ਨੇ ਆਪਣੇ ਬਚਨ ਨੂੰ ਕਿਵੇਂ ਬਚਾਇਆ ਹੈ, ਤਾਂ ਪਰਮੇਸ਼ੁਰ ’ਤੇ ਸਾਡੀ ਨਿਹਚਾ ਵਧਦੀ ਹੈ ਅਤੇ ਸਾਡੇ ਦਿਲਾਂ ਵਿਚ ਉਸ ਲਈ ਪਿਆਰ ਹੋਰ ਵੀ ਗਹਿਰਾ ਹੁੰਦਾ ਹੈ। * ਪਰ ਇਹ ਸਵਾਲ ਖੜ੍ਹਾ ਹੁੰਦਾ ਹੈ ਕਿ ਪਰਮੇਸ਼ੁਰ ਨੇ ਸਾਨੂੰ ਬਾਈਬਲ ਕਿਉਂ ਦਿੱਤੀ ਅਤੇ ਇਸ ਨੂੰ ਬਚਾਉਣ ਦਾ ਵਾਅਦਾ ਕਿਉਂ ਕੀਤਾ? ਕਿਉਂਕਿ ਉਹ ਸਾਨੂੰ ਪਿਆਰ ਕਰਦਾ ਅਤੇ ਸਾਨੂੰ ਸਿਖਾਉਣਾ ਚਾਹੁੰਦਾ ਹੈ ਕਿ ਸਾਡਾ ਕਿਸ ਗੱਲ ਵਿਚ ਭਲਾ ਹੈ। (ਯਸਾਯਾਹ 48:17, 18 ਪੜ੍ਹੋ।) ਇਸ ਦੇ ਬਦਲੇ ਵਿਚ ਸਾਡਾ ਖ਼ੁਦ ਦਾ ਦਿਲ ਕਰਦਾ ਹੈ ਕਿ ਅਸੀਂ ਉਸ ਨੂੰ ਪਿਆਰ ਕਰੀਏ ਅਤੇ ਉਸ ਦਾ ਕਹਿਣਾ ਮੰਨੀਏ।​—1 ਯੂਹੰ. 4:19; 5:3.

15. ਅਸੀਂ ਅਗਲੇ ਲੇਖ ਵਿਚ ਕਿਨ੍ਹਾਂ ਗੱਲਾਂ ’ਤੇ ਚਰਚਾ ਕਰਾਂਗੇ?

15 ਪਰਮੇਸ਼ੁਰ ਦੇ ਬਚਨ ਲਈ ਅਸੀਂ ਗਹਿਰਾ ਪਿਆਰ ਰੱਖਦੇ ਹਾਂ। ਇਸ ਲਈ ਅਸੀਂ ਖ਼ੁਦ ਬਾਈਬਲ ਪੜ੍ਹ ਕੇ ਜ਼ਿਆਦਾ ਤੋਂ ਜ਼ਿਆਦਾ ਫ਼ਾਇਦਾ ਕਿਵੇਂ ਲੈ ਸਕਦੇ ਹਾਂ? ਪ੍ਰਚਾਰ ਵਿਚ ਮਿਲਣ ਵਾਲੇ ਲੋਕਾਂ ਦੀ ਅਸੀਂ ਕਿਵੇਂ ਮਦਦ ਕਰ ਸਕਦੇ ਹਾਂ ਤਾਂਕਿ ਉਹ ਬਾਈਬਲ ਲਈ ਕਦਰਦਾਨੀ ਪੈਦਾ ਕਰ ਸਕਣ? ਮੰਡਲੀ ਵਿਚ ਸਿਖਾਉਣ ਵਾਲੇ ਕਿਵੇਂ ਧਿਆਨ ਰੱਖ ਸਕਦੇ ਹਨ ਕਿ ਉਨ੍ਹਾਂ ਦੀ ਸਿੱਖਿਆ ਬਾਈਬਲ ਵਿੱਚੋਂ ਹੋਵੇ? ਅਸੀਂ ਅਗਲੇ ਲੇਖ ਵਿਚ ਇਨ੍ਹਾਂ ਸਵਾਲਾਂ ’ਤੇ ਚਰਚਾ ਕਰਾਂਗੇ।

^ ਪੈਰਾ 4 1 ਨਵੰਬਰ 2009 ਦੇ ਪਹਿਰਾਬੁਰਜ ਵਿਚ “ਕੀ ਮੈਨੂੰ ਇਬਰਾਨੀ ਅਤੇ ਯੂਨਾਨੀ ਸਿੱਖਣੀ ਪੈਣੀ?” (ਅੰਗ੍ਰੇਜ਼ੀ) ਨਾਂ ਦਾ ਲੇਖ ਵੀ ਦੇਖੋ।

^ ਪੈਰਾ 14 ਖ਼ੁਦ ਆ ਕੇ ਦੇਖੋ!” ਨਾਂ ਦੀ ਡੱਬੀ ਦੇਖੋ।