Skip to content

Skip to table of contents

ਅਧਿਐਨ ਲੇਖ 39

ਜਦੋਂ ਸਾਡਾ ਕੋਈ ਪਿਆਰਾ ਯਹੋਵਾਹ ਨੂੰ ਛੱਡ ਦਿੰਦਾ ਹੈ

ਜਦੋਂ ਸਾਡਾ ਕੋਈ ਪਿਆਰਾ ਯਹੋਵਾਹ ਨੂੰ ਛੱਡ ਦਿੰਦਾ ਹੈ

“ਕਿੰਨੀ ਵਾਰ . . . ਉਨ੍ਹਾਂ ਨੇ ਉਸ ਦਾ ਮਨ ਦੁਖੀ ਕੀਤਾ!”​—ਜ਼ਬੂ. 78:40.

ਗੀਤ 102 “ਕਮਜ਼ੋਰ ਲੋਕਾਂ ਦੀ ਮਦਦ ਕਰੋ”

ਖ਼ਾਸ ਗੱਲਾਂ *

1. ਇਕ ਵਿਅਕਤੀ ਨੂੰ ਕਿਵੇਂ ਲੱਗਦਾ ਜਦੋਂ ਉਸ ਦੇ ਕਿਸੇ ਪਿਆਰੇ ਨੂੰ ਛੇਕਿਆ ਜਾਂਦਾ ਹੈ?

ਕੀ ਮੰਡਲੀ ਵਿੱਚੋਂ ਤੁਹਾਡੇ ਕਿਸੇ ਪਿਆਰੇ ਨੂੰ ਛੇਕ ਦਿੱਤਾ ਗਿਆ ਹੈ? ਜੇ ਹਾਂ, ਤਾਂ ਸੱਚ-ਮੁੱਚ ਇਹ ਬਹੁਤ ਦੁੱਖ ਦੀ ਗੱਲ ਹੁੰਦੀ ਹੈ! ਹਿਲਡਾ ਨਾਂ ਦੀ ਭੈਣ ਦੱਸਦੀ ਹੈ: “ਸਾਡੇ ਵਿਆਹ ਤੋਂ 41 ਸਾਲ ਬਾਅਦ ਜਦੋਂ ਮੇਰੇ ਪਤੀ ਦੀ ਮੌਤ ਹੋ ਗਈ, ਤਾਂ ਇਹ ਸਦਮਾ ਮੇਰੇ ਲਈ ਬਹੁਤ ਵੱਡਾ ਸੀ। * ਪਰ ਇਸ ਤੋਂ ਵੀ ਵੱਡਾ ਸਦਮਾ ਮੈਨੂੰ ਉਦੋਂ ਲੱਗਾ ਜਦੋਂ ਮੇਰਾ ਪੁੱਤਰ ਮੰਡਲੀ, ਆਪਣੀ ਪਤਨੀ ਅਤੇ ਬੱਚਿਆਂ ਨੂੰ ਛੱਡ ਕੇ ਚਲਾ ਗਿਆ।”

ਯਹੋਵਾਹ ਸਮਝਦਾ ਹੈ ਕਿ ਉਦੋਂ ਕਿੰਨਾ ਦੁੱਖ ਹੁੰਦਾ ਹੈ ਜਦੋਂ ਕੋਈ ਆਪਣਾ ਸੱਚਾਈ ਛੱਡ ਜਾਂਦਾ ਹੈ (ਪੈਰੇ 2-3 ਦੇਖੋ) *

2-3. ਜ਼ਬੂਰ 78:40, 41 ਮੁਤਾਬਕ ਯਹੋਵਾਹ ਨੂੰ ਕਿਵੇਂ ਲੱਗਦਾ ਹੈ ਜਦੋਂ ਕੋਈ ਉਸ ਨੂੰ ਛੱਡ ਜਾਂਦਾ ਹੈ?

2 ਯਹੋਵਾਹ ਸਾਡਾ ਦੁੱਖ ਚੰਗੀ ਤਰ੍ਹਾਂ ਸਮਝਦਾ ਹੈ ਕਿਉਂਕਿ ਉਸ ਨੇ ਵੀ ਇਹ ਦੁੱਖ ਝੱਲਿਆ ਹੈ। ਸਵਰਗ ਵਿਚ ਉਸ ਦੇ ਕੁਝ ਦੂਤਾਂ ਨੇ ਉਸ ਦੇ ਖ਼ਿਲਾਫ਼ ਬਗਾਵਤ ਕੀਤੀ। (ਯਹੂ. 6) ਨਾਲੇ ਧਰਤੀ ’ਤੇ ਵੀ ਇਜ਼ਰਾਈਲੀਆਂ ਨੇ ਵਾਰ-ਵਾਰ ਉਸ ਦਾ ਦਿਲ ਦੁਖਾਇਆ ਜਿਨ੍ਹਾਂ ਨੂੰ ਉਹ ਬਹੁਤ ਪਿਆਰ ਕਰਦਾ ਸੀ। (ਜ਼ਬੂਰ 78:40, 41 ਪੜ੍ਹੋ।) ਅੱਜ ਵੀ ਸਾਡੇ ਸਵਰਗੀ ਪਿਤਾ ਨੂੰ ਬਹੁਤ ਦੁੱਖ ਹੁੰਦਾ ਜਦੋਂ ਸਾਡਾ ਕੋਈ ਪਿਆਰਾ ਉਸ ਨੂੰ ਛੱਡ ਜਾਂਦਾ ਹੈ। ਇਸ ਲਈ ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਉਹ ਸਾਨੂੰ ਜ਼ਰੂਰ ਹੌਸਲਾ ਦੇਵੇਗਾ ਅਤੇ ਸਾਡੀ ਮਦਦ ਕਰੇਗਾ।

3 ਪਰ ਹੌਸਲਾ ਅਤੇ ਮਦਦ ਪਾਉਣ ਲਈ ਸਾਨੂੰ ਕੁਝ ਕਦਮ ਚੁੱਕਣ ਦੀ ਲੋੜ ਹੈ। ਇਸ ਲੇਖ ਵਿਚ ਅਸੀਂ ਦੇਖਾਂਗੇ ਕਿ ਉਹ ਕਦਮ ਕਿਹੜੇ ਹਨ। ਨਾਲੇ ਅਸੀਂ ਇਹ ਵੀ ਦੇਖਾਂਗੇ ਕਿ ਮੰਡਲੀ ਦੇ ਭੈਣ-ਭਰਾ ਸਾਡੀ ਮਦਦ ਕਿਵੇਂ ਕਰ ਸਕਦੇ ਹਨ। ਪਰ ਆਓ ਆਪਾਂ ਪਹਿਲਾਂ ਦੇਖੀਏ ਕਿ ਸਾਨੂੰ ਕੀ ਨਹੀਂ ਕਰਨਾ ਚਾਹੀਦਾ।

ਖ਼ੁਦ ਨੂੰ ਕਸੂਰਵਾਰ ਨਾ ਸਮਝੋ

4. ਕਈ ਮਾਪਿਆਂ ਨੂੰ ਕਿਵੇਂ ਲੱਗਦਾ ਹੈ ਜਦੋਂ ਉਨ੍ਹਾਂ ਦਾ ਪੁੱਤਰ ਜਾਂ ਧੀ ਯਹੋਵਾਹ ਨੂੰ ਛੱਡ ਜਾਂਦਾ ਹੈ?

4 ਜਦੋਂ ਕਿਸੇ ਦਾ ਪਿਆਰਾ ਪੁੱਤਰ ਜਾਂ ਧੀ ਯਹੋਵਾਹ ਨੂੰ ਛੱਡ ਜਾਂਦਾ ਹੈ, ਤਾਂ ਮਾਪੇ ਅਕਸਰ ਸੋਚਦੇ ਹਨ, ਕਾਸ਼! ਉਨ੍ਹਾਂ ਨੇ ਆਪਣੇ ਬੱਚਿਆਂ ਨੂੰ ਯਹੋਵਾਹ ਬਾਰੇ ਹੋਰ ਚੰਗੀ ਤਰ੍ਹਾਂ ਸਿਖਾਇਆ ਹੁੰਦਾ। ਜਦੋਂ ਭਰਾ ਲੂਕ ਦੇ ਮੁੰਡੇ ਨੂੰ ਛੇਕਿਆ ਗਿਆ, ਤਾਂ ਉਸ ਨੇ ਕਿਹਾ: “ਮੈਂ ਆਪਣੇ-ਆਪ ਨੂੰ ਇਸ ਦਾ ਕਸੂਰਵਾਰ ਮੰਨਦਾ ਸੀ। ਮੈਨੂੰ ਬੁਰੇ-ਬੁਰੇ ਸੁਪਨੇ ਆਉਂਦੇ ਸਨ ਅਤੇ ਕਦੇ-ਕਦੇ ਤਾਂ ਮੈਂ ਉੱਚੀ-ਉੱਚੀ ਰੋਣ ਲੱਗ ਪੈਂਦਾ ਸੀ।” ਭੈਣ ਇਲਿਜ਼ਬਥ ਨਾਲ ਵੀ ਕੁਝ ਇੱਦਾਂ ਹੀ ਹੋਇਆ, ਉਹ ਅਕਸਰ ਸੋਚਦੀ ਸੀ: “ਪਤਾ ਨਹੀਂ ਮੇਰੀ ਪਰਵਰਿਸ਼ ਵਿਚ ਕਿਹੜੀ ਕਮੀ ਰਹਿ ਗਈ ਕਿ ਮੇਰੇ ਮੁੰਡੇ ਨੇ ਸੱਚਾਈ ਛੱਡ ਦਿੱਤੀ!”

5. ਜਦੋਂ ਕੋਈ ਯਹੋਵਾਹ ਨੂੰ ਛੱਡ ਜਾਂਦਾ ਹੈ, ਤਾਂ ਉਸ ਦਾ ਕਸੂਰਵਾਰ ਕੌਣ ਹੁੰਦਾ ਹੈ?

5 ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਯਹੋਵਾਹ ਨੇ ਸਾਨੂੰ ਸਾਰਿਆਂ ਨੂੰ ਖ਼ੁਦ ਫ਼ੈਸਲੇ ਕਰਨ ਦੀ ਆਜ਼ਾਦੀ ਦਿੱਤੀ ਹੈ। ਇਸ ਦਾ ਮਤਲਬ ਹੈ ਕਿ ਯਹੋਵਾਹ ਦੀ ਸੇਵਾ ਕਰਨ ਦਾ ਫ਼ੈਸਲਾ ਸਾਡਾ ਆਪਣਾ ਹੈ। (ਯਹੋ. 24:15) ਕੁਝ ਮਾਪਿਆਂ ਨੇ ਬੱਚਿਆਂ ਲਈ ਚੰਗੀ ਮਿਸਾਲ ਨਹੀਂ ਰੱਖੀ, ਫਿਰ ਵੀ ਬੱਚਿਆਂ ਨੇ ਯਹੋਵਾਹ ਦੀ ਸੇਵਾ ਕਰਨ ਦਾ ਫ਼ੈਸਲਾ ਕੀਤਾ। ਕਈ ਮਾਪਿਆਂ ਨੇ ਆਪਣੀ ਪੂਰੀ ਵਾਹ ਲਾ ਕੇ ਬਾਈਬਲ ਦੇ ਅਸੂਲਾਂ ਮੁਤਾਬਕ ਆਪਣੇ ਬੱਚਿਆਂ ਦੀ ਪਰਵਰਿਸ਼ ਕੀਤੀ, ਪਰ ਵੱਡੇ ਹੋ ਕੇ ਉਨ੍ਹਾਂ ਦੇ ਬੱਚਿਆਂ ਨੇ ਸੱਚਾਈ ਛੱਡ ਦਿੱਤੀ। ਇਸ ਲਈ ਮਾਪਿਓ, ਜੇ ਤੁਹਾਡੇ ਬੱਚੇ ਯਹੋਵਾਹ ਨੂੰ ਛੱਡ ਗਏ ਹਨ, ਤਾਂ ਖ਼ੁਦ ਨੂੰ ਕਸੂਰਵਾਰ ਨਾ ਸਮਝੋ।

6. ਬੱਚਿਆਂ ’ਤੇ ਕੀ ਅਸਰ ਪੈਂਦਾ ਹੈ ਜਦੋਂ ਉਨ੍ਹਾਂ ਦੇ ਮਾਪੇ ਪਰਮੇਸ਼ੁਰ ਨੂੰ ਛੱਡ ਦਿੰਦੇ ਹਨ?

6 ਕਦੇ-ਕਦੇ ਮਾਪਿਆਂ ਵਿੱਚੋਂ ਇਕ ਜਣਾ ਯਹੋਵਾਹ ਨੂੰ ਅਤੇ ਆਪਣੇ ਪਰਿਵਾਰ ਨੂੰ ਛੱਡ ਕੇ ਚਲਾ ਜਾਂਦਾ ਹੈ। (ਜ਼ਬੂ. 27:10) ਇਸ ਤਰ੍ਹਾਂ ਹੋਣ ਤੇ ਉਨ੍ਹਾਂ ਬੱਚਿਆਂ ਨੂੰ ਧੱਕਾ ਲੱਗਦਾ ਹੈ ਜਿਨ੍ਹਾਂ ਲਈ ਉਨ੍ਹਾਂ ਦੇ ਮਾਪੇ ਚੰਗੀ ਮਿਸਾਲ ਸਨ। ਐਸਤਰ, ਜਿਸ ਦੇ ਡੈਡੀ ਨੂੰ ਛੇਕ ਦਿੱਤਾ ਗਿਆ ਸੀ, ਕਹਿੰਦੀ ਹੈ: “ਮੈਂ ਅਕਸਰ ਰੋਂਦੀ ਰਹਿੰਦੀ ਸੀ ਕਿਉਂਕਿ ਮੈਨੂੰ ਅਹਿਸਾਸ ਹੋਇਆ ਕਿ ਉਹ ਸਿਰਫ਼ ਸੱਚਾਈ ਤੋਂ ਹੀ ਦੂਰ ਨਹੀਂ ਜਾ ਰਹੇ ਸੀ, ਸਗੋਂ ਉਨ੍ਹਾਂ ਨੇ ਜਾਣ-ਬੁੱਝ ਕੇ ਯਹੋਵਾਹ ਨੂੰ ਛੱਡਿਆ। ਮੈਂ ਆਪਣੇ ਡੈਡੀ ਨੂੰ ਬਹੁਤ ਪਿਆਰ ਕਰਦੀ ਹਾਂ। ਇਸ ਲਈ ਜਦੋਂ ਉਨ੍ਹਾਂ ਨੂੰ ਛੇਕਿਆ ਗਿਆ, ਤਾਂ ਮੈਨੂੰ ਚਿੰਤਾ ਲੱਗੀ ਰਹਿੰਦੀ ਸੀ ਕਿ ਹੁਣ ਉਨ੍ਹਾਂ ਦਾ ਕੀ ਹੋਵੇਗਾ। ਕਦੇ-ਕਦੇ ਤਾਂ ਮੈਨੂੰ ਅਚਾਨਕ ਬਹੁਤ ਘਬਰਾਹਟ ਹੋਣ ਲੱਗ ਪੈਂਦੀ ਸੀ।”

7. ਯਹੋਵਾਹ ਉਨ੍ਹਾਂ ਬੱਚਿਆਂ ਬਾਰੇ ਕੀ ਮਹਿਸੂਸ ਕਰਦਾ ਹੈ ਜਿਨ੍ਹਾਂ ਦੇ ਮੰਮੀ ਜਾਂ ਡੈਡੀ ਨੂੰ ਛੇਕਿਆ ਗਿਆ ਹੈ?

7 ਬੱਚਿਓ, ਜੇ ਤੁਹਾਡੀ ਮੰਮੀ ਜਾਂ ਡੈਡੀ ਨੂੰ ਛੇਕਿਆ ਗਿਆ ਹੈ, ਤਾਂ ਅਸੀਂ ਤੁਹਾਡੇ ਦੁੱਖ ਨੂੰ ਸਮਝ ਸਕਦੇ ਹਾਂ। ਯਕੀਨ ਰੱਖੋ, ਯਹੋਵਾਹ ਵੀ ਤੁਹਾਡੇ ਦੁੱਖ ਨੂੰ ਚੰਗੀ ਤਰ੍ਹਾਂ ਸਮਝਦਾ ਹੈ! ਉਸ ਨੂੰ ਤੁਹਾਡੇ ਨਾਲ ਪਿਆਰ ਹੈ ਅਤੇ ਉਹ ਖ਼ੁਸ਼ ਹੈ ਕਿ ਤੁਸੀਂ ਵਫ਼ਾਦਾਰੀ ਨਾਲ ਉਸ ਦੀ ਸੇਵਾ ਕਰ ਰਹੇ ਹੋ। ਨਾਲੇ ਭੈਣ-ਭਰਾ ਵੀ ਤੁਹਾਡੇ ਤੋਂ ਖ਼ੁਸ਼ ਹਨ। ਇਹ ਵੀ ਯਾਦ ਰੱਖੋ ਕਿ ਤੁਹਾਡੇ ਮਾਪਿਆਂ ਨੇ ਜੋ ਫ਼ੈਸਲਾ ਕੀਤਾ ਹੈ, ਉਸ ਦੇ ਕਸੂਰਵਾਰ ਤੁਸੀਂ ਨਹੀਂ ਹੋ। ਜਿਵੇਂ ਪਹਿਲਾਂ ਦੱਸਿਆ ਗਿਆ ਸੀ, ਯਹੋਵਾਹ ਨੇ ਹਰੇਕ ਇਨਸਾਨ ਨੂੰ ਆਪਣੇ ਫ਼ੈਸਲੇ ਕਰਨ ਦੀ ਆਜ਼ਾਦੀ ਦਿੱਤੀ ਹੈ। ਇਸ ਲਈ ਹਰੇਕ ਸਮਰਪਿਤ ਅਤੇ ਬਪਤਿਸਮਾ-ਪ੍ਰਾਪਤ ਵਿਅਕਤੀ ਨੂੰ “ਆਪੋ-ਆਪਣੀ ਜ਼ਿੰਮੇਵਾਰੀ ਦਾ ਭਾਰ ਚੁੱਕਣਾ ਪਵੇਗਾ।”​—ਗਲਾ. 6:5, ਫੁਟਨੋਟ।

8. ਯਹੋਵਾਹ ਕੋਲ ਆਪਣੇ ਪਿਆਰੇ ਦੇ ਮੁੜਨ ਦੀ ਉਡੀਕ ਕਰਦਿਆਂ ਤੁਸੀਂ ਕੀ ਕਰ ਸਕਦੇ ਹਨ? (“ ਯਹੋਵਾਹ ਕੋਲ ਮੁੜ ਆਓ” ਨਾਂ ਦੀ ਡੱਬੀ ਵੀ ਦੇਖੋ।)

8 ਜਦੋਂ ਤੁਹਾਡਾ ਕੋਈ ਆਪਣਾ ਯਹੋਵਾਹ ਨੂੰ ਛੱਡ ਦਿੰਦਾ ਹੈ, ਤਾਂ ਤੁਸੀਂ ਇਹੀ ਉਮੀਦ ਰੱਖਦੇ ਹੋ ਕਿ ਇਕ ਦਿਨ ਉਹ ਯਹੋਵਾਹ ਕੋਲ ਵਾਪਸ ਆਵੇਗਾ। ਉਹ ਦਿਨ ਆਉਣ ਤਕ ਤੁਸੀਂ ਕੀ ਕਰ ਸਕਦੇ ਹੋ? ਤੁਸੀਂ ਆਪਣੀ ਨਿਹਚਾ ਮਜ਼ਬੂਤ ਰੱਖਣ ਦੀ ਪੂਰੀ ਕੋਸ਼ਿਸ਼ ਕਰਦੇ ਰਹੋ। ਇਸ ਤਰ੍ਹਾਂ ਕਰ ਕੇ ਤੁਸੀਂ ਆਪਣੇ ਪਰਿਵਾਰ ਦੇ ਬਾਕੀ ਮੈਂਬਰਾਂ ਅਤੇ ਛੇਕੇ ਗਏ ਵਿਅਕਤੀ ਲਈ ਇਕ ਵਧੀਆ ਮਿਸਾਲ ਰੱਖ ਰਹੇ ਹੋਵੋਗੇ। ਨਾਲੇ ਤੁਹਾਨੂੰ ਆਪਣੇ ਦਰਦ ਨੂੰ ਵੀ ਸਹਿਣ ਦੀ ਤਾਕਤ ਮਿਲੇਗੀ। ਆਓ ਦੇਖੀਏ ਕਿ ਤੁਸੀਂ ਕਿਹੜੇ ਕਦਮ ਚੁੱਕ ਸਕਦੇ ਹੋ।

ਤੁਸੀਂ ਆਪਣੀ ਨਿਹਚਾ ਮਜ਼ਬੂਤ ਕਰਨ ਲਈ ਕੀ ਕਰ ਸਕਦੇ ਹੋ?

9. ਤੁਸੀਂ ਕਿਹੜੇ ਕੁਝ ਤਰੀਕਿਆਂ ਨਾਲ ਆਪਣੀ ਨਿਹਚਾ ਮਜ਼ਬੂਤ ਬਣਾਈ ਰੱਖ ਸਕਦੇ ਹੋ? (“ ਜੇ ਤੁਹਾਡੇ ਕਿਸੇ ਆਪਣੇ ਨੇ ਯਹੋਵਾਹ ਨੂੰ ਛੱਡ ਦਿੱਤਾ ਹੈ, ਤਾਂ ਇਨ੍ਹਾਂ ਆਇਤਾਂ ਤੋਂ ਦਿਲਾਸਾ ਪਾਓ” ਨਾਂ ਦੀ ਡੱਬੀ ਵੀ ਦੇਖੋ।)

9 ਯਹੋਵਾਹ ਦੀ ਸੇਵਾ ਨਾਲ ਜੁੜੇ ਕੰਮਾਂ ਵਿਚ ਲੱਗੇ ਰਹੋ, ਜਿਵੇਂ ਕਿ ਬਾਈਬਲ ਪੜ੍ਹਨੀ ਤੇ ਉਸ ’ਤੇ ਸੋਚ-ਵਿਚਾਰ ਕਰਨਾ ਅਤੇ ਬਾਕਾਇਦਾ ਮੀਟਿੰਗਾਂ ਵਿਚ ਹਾਜ਼ਰ ਹੋਣਾ। ਇਸ ਤਰ੍ਹਾਂ ਕਰਨ ਨਾਲ ਤੁਹਾਡੀ ਤੇ ਤੁਹਾਡੇ ਪਰਿਵਾਰ ਦੀ ਨਿਹਚਾ ਮਜ਼ਬੂਤ ਬਣੀ ਰਹੇਗੀ। ਮਿਸਾਲ ਲਈ ਜੋਆਨਾ, ਜਿਸ ਦੇ ਪਿਤਾ ਤੇ ਭੈਣ ਨੇ ਸੱਚਾਈ ਛੱਡ ਦਿੱਤੀ, ਕਹਿੰਦੀ ਹੈ: “ਮੈਨੂੰ ਮਨ ਦੀ ਸ਼ਾਂਤੀ ਮਿਲਦੀ ਹੈ ਜਦੋਂ ਮੈਂ ਬਾਈਬਲ ਵਿੱਚੋਂ ਅਬੀਗੈਲ, ਅਸਤਰ, ਅੱਯੂਬ, ਯੂਸੁਫ਼ ਅਤੇ ਯਿਸੂ ਵਰਗੇ ਲੋਕਾਂ ਦੀਆਂ ਮਿਸਾਲਾਂ ਪੜ੍ਹਦੀ ਹਾਂ। ਇਸ ਤਰ੍ਹਾਂ ਕਰ ਕੇ ਮੈਂ ਆਪਣਾ ਧਿਆਨ ਚੰਗੀਆਂ ਗੱਲਾਂ ’ਤੇ ਲਾ ਪਾਉਂਦੀ ਹਾਂ। ਨਾਲੇ ਬ੍ਰਾਡਕਾਸਟਿੰਗ ਦੇ ਗੀਤਾਂ ਤੋਂ ਵੀ ਮੈਨੂੰ ਬਹੁਤ ਹੌਸਲਾ ਮਿਲਦਾ ਹੈ।”

10. ਜ਼ਬੂਰ 32:6-8 ਮੁਤਾਬਕ ਦੁੱਖ ਦੀ ਘੜੀ ਵਿਚ ਤੁਹਾਨੂੰ ਕੀ ਕਰਨਾ ਚਾਹੀਦਾ ਹੈ?

10 ਆਪਣੇ ਦਿਲ ਨੂੰ ਯਹੋਵਾਹ ਅੱਗੇ ਖੋਲ੍ਹ ਦਿਓ। ਜਦੋਂ ਤੁਸੀਂ ਬਹੁਤ ਦੁਖੀ ਹੁੰਦੇ ਹੋ, ਉਦੋਂ ਵੀ ਉਸ ਨੂੰ ਪ੍ਰਾਰਥਨਾ ਕਰਨੀ ਨਾ ਛੱਡੋ। ਨਾਲੇ ਮਦਦ ਲਈ ਯਹੋਵਾਹ ਅੱਗੇ ਤਰਲੇ-ਮਿੰਨਤਾਂ ਕਰੋ ਤਾਂਕਿ ਤੁਸੀਂ ਹਾਲਾਤ ਨੂੰ ਉਸ ਦੇ ਨਜ਼ਰੀਏ ਤੋਂ ਦੇਖ ਸਕੋ ਅਤੇ ਉਹ ‘ਤੁਹਾਨੂੰ ਡੂੰਘੀ ਸਮਝ ਦੇਵੇ ਅਤੇ ਤੁਹਾਨੂੰ ਸਿਖਾਵੇ ਕਿ ਤੁਹਾਨੂੰ ਕਿਹੜੇ ਰਾਹ ਜਾਣਾ ਚਾਹੀਦਾ ਹੈ।’ (ਜ਼ਬੂਰ 32:6-8 ਪੜ੍ਹੋ।) ਬੇਸ਼ੱਕ ਆਪਣੇ ਦੁੱਖ ਨੂੰ ਯਹੋਵਾਹ ਅੱਗੇ ਬਿਆਨ ਕਰਨਾ ਬਹੁਤ ਔਖਾ ਹੁੰਦਾ ਹੈ, ਪਰ ਯਹੋਵਾਹ ਤੁਹਾਡੇ ਦਿਲ ਦੇ ਦਰਦ ਨੂੰ ਚੰਗੀ ਤਰ੍ਹਾਂ ਸਮਝਦਾ ਹੈ। ਉਹ ਤੁਹਾਨੂੰ ਬਹੁਤ ਪਿਆਰ ਕਰਦਾ ਹੈ ਅਤੇ ਉਹ ਚਾਹੁੰਦਾ ਹੈ ਕਿ ਤੁਸੀਂ ਆਪਣਾ ਦਿਲ ਪਾਣੀ ਵਾਂਗ ਉਸ ਅੱਗੇ ਡੋਲ੍ਹ ਦਿਓ।​—ਕੂਚ 34:6; ਜ਼ਬੂ. 62:7, 8.

11. ਇਬਰਾਨੀਆਂ 12:11 ਮੁਤਾਬਕ ਸਾਨੂੰ ਛੇਕੇ ਜਾਣ ਦੇ ਪ੍ਰਬੰਧ ’ਤੇ ਕਿਉਂ ਭਰੋਸਾ ਕਰਨਾ ਚਾਹੀਦਾ? (“ ਛੇਕੇ ਜਾਣ ਦਾ ਪ੍ਰਬੰਧ ਯਹੋਵਾਹ ਦੇ ਪਿਆਰ ਦਾ ਸਬੂਤ” ਨਾਂ ਦੀ ਡੱਬੀ ਵੀ ਦੇਖੋ।)

11 ਬਜ਼ੁਰਗਾਂ ਦੇ ਫ਼ੈਸਲਿਆਂ ਨੂੰ ਮੰਨੋ। ਛੇਕੇ ਜਾਣ ਦਾ ਪ੍ਰਬੰਧ ਯਹੋਵਾਹ ਦੇ ਪਿਆਰ ਦਾ ਸਬੂਤ ਹੈ। ਇਸ ਨਾਲ ਸਾਰਿਆਂ ਦਾ ਭਲਾ ਹੁੰਦਾ ਹੈ ਇੱਥੋਂ ਤਕ ਕਿ ਗ਼ਲਤੀ ਕਰਨ ਵਾਲੇ ਦਾ ਵੀ। (ਇਬਰਾਨੀਆਂ 12:11 ਪੜ੍ਹੋ।) ਸ਼ਾਇਦ ਮੰਡਲੀ ਵਿਚ ਕੁਝ ਜਣੇ ਬਜ਼ੁਰਗਾਂ ਵਿਚ ਹੀ ਨੁਕਸ ਕੱਢਣ ਲੱਗ ਪੈਣ। ਅਜਿਹੇ ਵਿਅਕਤੀ ਆਮ ਤੌਰ ਤੇ ਗ਼ਲਤੀ ਕਰਨ ਵਾਲੇ ਬਾਰੇ ਇੱਦਾਂ ਦੀਆਂ ਗੱਲਾਂ ਛੁਪਾ ਲੈਂਦੇ ਹਨ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਉਸ ਨੇ ਗ਼ਲਤੀ ਕੀਤੀ ਹੈ। ਸੱਚ ਤਾਂ ਇਹ ਹੈ ਕਿ ਸਾਨੂੰ ਵੀ ਸਾਰੀ ਗੱਲ ਨਹੀਂ ਪਤਾ ਹੁੰਦੀ। ਇਸ ਲਈ ਸਮਝਦਾਰੀ ਦੀ ਗੱਲ ਹੋਵੇਗੀ ਕਿ ਅਸੀਂ ਨਿਆਂ ਕਮੇਟੀ ਦੇ ਬਜ਼ੁਰਗਾਂ ’ਤੇ ਭਰੋਸਾ ਰੱਖੀਏ। ਉਨ੍ਹਾਂ ਨੇ ਬਾਈਬਲ ਦੇ ਅਸੂਲਾਂ ਨੂੰ ਧਿਆਨ ਵਿਚ ਰੱਖ ਕੇ ਹੀ “ਯਹੋਵਾਹ ਵੱਲੋਂ” ਨਿਆਂ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਹੋਣੀ।​—2 ਇਤਿ. 19:6.

12. ਛੇਕੇ ਜਾਣ ਦੇ ਪ੍ਰਬੰਧ ਨੂੰ ਮੰਨ ਕੇ ਕੁਝ ਜਣਿਆਂ ਨੂੰ ਕੀ ਫ਼ਾਇਦਾ ਹੋਇਆ?

12 ਬਜ਼ੁਰਗਾਂ ਦੇ ਫ਼ੈਸਲੇ ਨੂੰ ਮੰਨ ਕੇ ਅਸੀਂ ਛੇਕੇ ਗਏ ਵਿਅਕਤੀ ਦੀ ਯਹੋਵਾਹ ਵੱਲ ਮੁੜਨ ਵਿਚ ਮਦਦ ਕਰਦੇ ਹਾਂ। ਭੈਣ ਇਲਿਜ਼ਬਥ, ਜਿਸ ਦਾ ਪਹਿਲਾਂ ਜ਼ਿਕਰ ਕੀਤਾ ਗਿਆ ਸੀ, ਦੱਸਦੀ ਹੈ: “ਆਪਣੇ ਮੁੰਡੇ ਨਾਲੋਂ ਪੂਰੀ ਤਰ੍ਹਾਂ ਨਾਤਾ ਤੋੜਨਾ ਸਾਡੇ ਲਈ ਬਹੁਤ ਔਖਾ ਸੀ। ਯਹੋਵਾਹ ਕੋਲ ਵਾਪਸ ਆਉਣ ਤੋਂ ਬਾਅਦ ਮੇਰੇ ਮੁੰਡੇ ਨੇ ਮੰਨਿਆ ਕਿ ਉਸ ਦਾ ਛੇਕਿਆ ਜਾਣਾ ਜਾਇਜ਼ ਸੀ ਅਤੇ ਸਮੇਂ ਦੇ ਬੀਤਣ ਨਾਲ ਉਸ ਨੇ ਬਹੁਤ ਵਧੀਆ ਸਬਕ ਸਿੱਖੇ। ਮੈਂ ਵੀ ਸਿੱਖਿਆ ਕਿ ਯਹੋਵਾਹ ਦਾ ਅਨੁਸ਼ਾਸਨ ਹਮੇਸ਼ਾ ਸਹੀ ਹੁੰਦਾ ਹੈ।” ਉਸ ਦਾ ਪਤੀ ਮਾਰਕ ਅੱਗੇ ਕਹਿੰਦਾ ਹੈ: “ਕਾਫ਼ੀ ਸਮੇਂ ਬਾਅਦ ਸਾਡੇ ਮੁੰਡੇ ਨੇ ਦੱਸਿਆ ਕਿ ਉਹ ਯਹੋਵਾਹ ਕੋਲ ਵਾਪਸ ਆਉਣਾ ਚਾਹੁੰਦਾ ਸੀ ਕਿਉਂਕਿ ਅਸੀਂ ਉਸ ਨਾਲ ਕੋਈ ਨਾਤਾ ਨਹੀਂ ਰੱਖਿਆ। ਮੈਂ ਬਹੁਤ ਖ਼ੁਸ਼ ਹਾਂ ਕਿ ਯਹੋਵਾਹ ਨੇ ਆਗਿਆਕਾਰ ਰਹਿਣ ਵਿਚ ਸਾਡੀ ਮਦਦ ਕੀਤੀ।”

13. ਆਪਣੇ ਦੁੱਖ ਨੂੰ ਸਹਿਣ ਵਿਚ ਕਿਹੜੀ ਗੱਲ ਤੁਹਾਡੀ ਮਦਦ ਕਰ ਸਕਦੀ ਹੈ?

13 ਆਪਣੇ ਦੋਸਤਾਂ ਨਾਲ ਗੱਲ ਕਰੋ ਜੋ ਤੁਹਾਡੀਆਂ ਭਾਵਨਾਵਾਂ ਨੂੰ ਸਮਝ ਸਕਦੇ ਹਨ। ਮਜ਼ਬੂਤ ਨਿਹਚਾ ਵਾਲੇ ਭੈਣਾਂ-ਭਰਾਵਾਂ ਨਾਲ ਸਮਾਂ ਬਿਤਾਓ ਜੋ ਆਪਣੀਆਂ ਗੱਲਾਂ ਨਾਲ ਤੁਹਾਡਾ ਹੌਸਲਾ ਵਧਾਉਣਗੇ। (ਕਹਾ. 12:25; 17:17) ਪਹਿਲਾਂ ਜ਼ਿਕਰ ਕੀਤੀ ਜੋਆਨਾ ਕਹਿੰਦੀ ਹੈ: “ਮੈਂ ਇਕੱਲਾਪਣ ਮਹਿਸੂਸ ਕਰਦੀ ਸੀ। ਪਰ ਭਰੋਸੇਯੋਗ ਦੋਸਤਾਂ ਨਾਲ ਗੱਲ ਕਰ ਕੇ ਮੈਨੂੰ ਬਹੁਤ ਹੌਸਲਾ ਮਿਲਿਆ।” ਤੁਸੀਂ ਉਦੋਂ ਕੀ ਕਰ ਸਕਦੇ ਹੋ ਜਦੋਂ ਮੰਡਲੀ ਵਿਚ ਕੁਝ ਜਣੇ ਤੁਹਾਨੂੰ ਇੱਦਾਂ ਦੀਆਂ ਗੱਲਾਂ ਕਹਿ ਦੇਣ ਜਿਨ੍ਹਾਂ ਕਰਕੇ ਤੁਹਾਨੂੰ ਬਹੁਤ ਬੁਰਾ ਲੱਗ ਸਕਦਾ ਹੈ?

14. ਸਾਨੂੰ ‘ਇਕ-ਦੂਜੇ ਦੀ ਸਹਿੰਦੇ ਰਹਿਣ ਅਤੇ ਇਕ-ਦੂਜੇ ਨੂੰ ਦਿਲੋਂ ਮਾਫ਼ ਕਰਦੇ ਰਹਿਣ’ ਦੀ ਕਿਉਂ ਲੋੜ ਹੈ?

14 ਭੈਣਾਂ-ਭਰਾਵਾਂ ਨਾਲ ਧੀਰਜ ਰੱਖੋ। ਅਸੀਂ ਇਹ ਉਮੀਦ ਨਹੀਂ ਰੱਖਾਂਗੇ ਕਿ ਸਾਰੇ ਜਣੇ ਹਮੇਸ਼ਾ ਸਹੀ ਗੱਲਾਂ ਹੀ ਕਹਿਣਗੇ। (ਯਾਕੂ. 3:2) ਅਸੀਂ ਸਾਰੇ ਨਾਮੁਕੰਮਲ ਹਾਂ, ਇਸ ਲਈ ਹੈਰਾਨ ਨਾ ਹੋਵੋ ਜਦੋਂ ਕੁਝ ਭੈਣਾਂ-ਭਰਾਵਾਂ ਨੂੰ ਪਤਾ ਨਹੀਂ ਲੱਗਦਾ ਕਿ ਉਨ੍ਹਾਂ ਨੇ ਕੀ ਕਹਿਣਾ ਹੈ ਜਾਂ ਫਿਰ ਜਦੋਂ ਉਹ ਜਾਣੇ-ਅਣਜਾਣੇ ਵਿਚ ਕੁਝ ਕਹਿ ਕੇ ਸਾਨੂੰ ਠੇਸ ਪਹੁੰਚਾਉਂਦੇ ਹਨ। ਪੌਲੁਸ ਰਸੂਲ ਦੀ ਇਹ ਸਲਾਹ ਯਾਦ ਰੱਖੋ: “ਜੇ ਕਿਸੇ ਨੇ ਤੁਹਾਨੂੰ ਕਿਸੇ ਗੱਲੋਂ ਨਾਰਾਜ਼ ਕੀਤਾ ਵੀ ਹੈ, ਤਾਂ ਵੀ ਤੁਸੀਂ ਇਕ-ਦੂਜੇ ਦੀ ਸਹਿੰਦੇ ਰਹੋ ਅਤੇ ਇਕ-ਦੂਜੇ ਨੂੰ ਦਿਲੋਂ ਮਾਫ਼ ਕਰਦੇ ਰਹੋ।” (ਕੁਲੁ. 3:13) ਇਕ ਭੈਣ, ਜਿਸ ਦੇ ਇਕ ਰਿਸ਼ਤੇਦਾਰ ਨੂੰ ਛੇਕਿਆ ਗਿਆ ਸੀ, ਦੱਸਦੀ ਹੈ: “ਯਹੋਵਾਹ ਨੇ ਉਨ੍ਹਾਂ ਭਰਾਵਾਂ ਨੂੰ ਮਾਫ਼ ਕਰਨ ਵਿਚ ਮੇਰੀ ਮਦਦ ਕੀਤੀ ਜਿਨ੍ਹਾਂ ਨੇ ਆਪਣੇ ਵੱਲੋਂ ਮੈਨੂੰ ਹੌਸਲਾ ਦੇਣ ਦੀ ਕੋਸ਼ਿਸ਼ ਕੀਤੀ, ਪਰ ਮੇਰਾ ਹੌਸਲਾ ਢਾਹ ਦਿੱਤਾ।” ਮੰਡਲੀ ਪਰਿਵਾਰ ਦੇ ਵਫ਼ਾਦਾਰ ਮੈਂਬਰਾਂ ਦੀ ਮਦਦ ਕਰਨ ਲਈ ਕੀ ਕਰ ਸਕਦੀ ਹੈ?

ਮੰਡਲੀ ਕਿਵੇਂ ਮਦਦ ਕਰ ਸਕਦੀ ਹੈ?

15. ਛੇਕੇ ਗਏ ਵਿਅਕਤੀ ਦੇ ਪਰਿਵਾਰ ਦੇ ਮੈਂਬਰਾਂ ਦੀ ਮਦਦ ਕਰਨ ਲਈ ਅਸੀਂ ਕੀ ਕਰ ਸਕਦੇ ਹਾਂ?

15 ਪਰਿਵਾਰ ਦੇ ਵਫ਼ਾਦਾਰ ਮੈਂਬਰਾਂ ਨਾਲ ਪਿਆਰ ਅਤੇ ਦੋਸਤਾਨਾ ਤਰੀਕੇ ਨਾਲ ਪੇਸ਼ ਆਓ। ਮੀਰੀਅਮ ਨਾਂ ਦੀ ਇਕ ਭੈਣ ਮੰਨਦੀ ਹੈ ਕਿ ਉਸ ਦੇ ਭਰਾ ਨੂੰ ਛੇਕੇ ਜਾਣ ਤੋਂ ਬਾਅਦ ਉਹ ਮੀਟਿੰਗਾਂ ’ਤੇ ਜਾਣ ਤੋਂ ਘਬਰਾਉਂਦੀ ਸੀ। ਉਹ ਕਹਿੰਦੀ ਹੈ: “ਮੈਂ ਡਰਦੀ ਸੀ ਕਿ ਭੈਣ-ਭਰਾ ਕੀ ਕਹਿਣਗੇ। ਪਰ ਉੱਥੇ ਅਜਿਹੇ ਭੈਣ-ਭਰਾ ਸਨ ਜੋ ਮੇਰੇ ਭਰਾ ਦੇ ਛੇਕੇ ਜਾਣ ਕਰਕੇ ਬਹੁਤ ਦੁਖੀ ਸਨ। ਉਨ੍ਹਾਂ ਨੇ ਇਸ ਬਾਰੇ ਕੁਝ ਵੀ ਬੁਰਾ ਭਲਾ ਨਹੀਂ ਕਿਹਾ, ਸਗੋਂ ਮੇਰਾ ਦੁੱਖ ਵੰਡਾਇਆ। ਇਸ ਕਰਕੇ ਮੈਂ ਦੁੱਖ ਦੀ ਘੜੀ ਵਿਚ ਇਕੱਲੀ ਮਹਿਸੂਸ ਨਹੀਂ ਕੀਤਾ।” ਇਕ ਹੋਰ ਭੈਣ ਕਹਿੰਦੀ ਹੈ: “ਸਾਡੇ ਮੁੰਡੇ ਦੇ ਛੇਕੇ ਜਾਣ ਤੋਂ ਬਾਅਦ ਭੈਣ-ਭਰਾ ਸਾਨੂੰ ਦਿਲਾਸਾ ਦੇਣ ਆਏ। ਕੁਝ ਭੈਣਾਂ-ਭਰਾਵਾਂ ਨੇ ਸਾਨੂੰ ਕਿਹਾ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਉਹ ਕੀ ਕਹਿਣ। ਉਹ ਮੇਰੇ ਨਾਲ ਰੋਏ ਅਤੇ ਹੋਰਾਂ ਨੇ ਹੌਸਲਾ ਦੇਣ ਲਈ ਮੈਨੂੰ ਚਿੱਠੀਆਂ ਲਿਖੀਆਂ। ਉਨ੍ਹਾਂ ਨੇ ਜੋ ਕੀਤਾ, ਉਸ ਨਾਲ ਮੇਰੀ ਬਹੁਤ ਮਦਦ ਹੋਈ!”

16. ਮੰਡਲੀ ਛੇਕੇ ਗਏ ਵਿਅਕਤੀ ਦੇ ਪਰਿਵਾਰ ਦੇ ਮੈਂਬਰਾਂ ਦੀ ਮਦਦ ਕਿਵੇਂ ਕਰ ਸਕਦੀ ਹੈ?

16 ਪਰਿਵਾਰ ਦੇ ਵਫ਼ਾਦਾਰ ਮੈਂਬਰਾਂ ਦੀ ਮਦਦ ਕਰਦੇ ਰਹੋ। ਕਦੇ-ਕਦੇ ਮੰਡਲੀ ਦੇ ਕੁਝ ਭੈਣ-ਭਰਾ ਛੇਕੇ ਗਏ ਵਿਅਕਤੀ ਦੇ ਪਰਿਵਾਰ ਦੇ ਮੈਂਬਰਾਂ ਨੂੰ ਵੀ ਬੁਲਾਉਣਾ ਛੱਡ ਦਿੰਦੇ ਹਨ। ਸਾਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ। ਉਨ੍ਹਾਂ ਨੂੰ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਹੁਣ ਤੁਹਾਡੇ ਪਿਆਰ, ਤਾਰੀਫ਼ ਅਤੇ ਹੌਸਲੇ ਦੀ ਲੋੜ ਹੈ। (ਇਬ. 10:24, 25) ਖ਼ਾਸ ਕਰਕੇ ਉਨ੍ਹਾਂ ਬੱਚਿਆਂ ਨੂੰ ਜਿਨ੍ਹਾਂ ਦੇ ਮਾਪਿਆਂ ਨੇ ਸੱਚਾਈ ਛੱਡ ਦਿੱਤੀ ਹੈ। ਭੈਣ ਮਾਰੀਆ, ਜਿਸ ਦਾ ਪਤੀ ਛੇਕਿਆ ਗਿਆ ਸੀ ਅਤੇ ਪਰਿਵਾਰ ਨੂੰ ਛੱਡ ਕੇ ਚਲਾ ਗਿਆ ਸੀ, ਕਹਿੰਦੀ ਹੈ: “ਕੁਝ ਭੈਣ-ਭਰਾ ਮੇਰੇ ਘਰ ਆਏ, ਉਨ੍ਹਾਂ ਨੇ ਸਾਡੇ ਲਈ ਖਾਣਾ ਬਣਾਇਆ ਅਤੇ ਬੱਚਿਆਂ ਨਾਲ ਪਰਿਵਾਰਕ ਸਟੱਡੀ ਕਰਨ ਵਿਚ ਮੇਰੀ ਮਦਦ ਕੀਤੀ। ਉਨ੍ਹਾਂ ਨੇ ਮੇਰੇ ਦਰਦ ਨੂੰ ਸਮਝਿਆ ਅਤੇ ਮੇਰੇ ਨਾਲ ਰੋਏ। ਜਦੋਂ ਲੋਕਾਂ ਨੇ ਮੇਰੇ ਬਾਰੇ ਅਫ਼ਵਾਹਾਂ ਫੈਲਾਈਆਂ, ਤਾਂ ਉਨ੍ਹਾਂ ਨੇ ਮੇਰਾ ਪੱਖ ਲਿਆ। ਸੱਚ-ਮੁੱਚ, ਉਨ੍ਹਾਂ ਨੇ ਮੈਨੂੰ ਬਹੁਤ ਹੌਸਲਾ ਦਿੱਤਾ!”​—ਰੋਮੀ. 12:13, 15.

ਮੰਡਲੀ ਪਰਿਵਾਰ ਦੇ ਵਫ਼ਾਦਾਰ ਮੈਂਬਰਾਂ ਦੀ ਮਦਦ ਕਰ ਕੇ ਪਿਆਰ ਦਿਖਾ ਸਕਦੀ ਹੈ (ਪੈਰਾ 17 ਦੇਖੋ) *

17. ਦੁਖੀ ਭੈਣਾਂ-ਭਰਾਵਾਂ ਨੂੰ ਬਜ਼ੁਰਗ ਕਿਵੇਂ ਹੌਸਲਾ ਦੇ ਸਕਦੇ ਹਨ?

17 ਬਜ਼ੁਰਗੋ, ਪਰਿਵਾਰ ਦੇ ਵਫ਼ਾਦਾਰ ਮੈਂਬਰਾਂ ਨੂੰ ਹੌਸਲਾ ਦੇਣ ਲਈ ਕੋਈ ਵੀ ਮੌਕਾ ਹੱਥੋਂ ਨਾ ਜਾਣ ਦਿਓ। ਤੁਹਾਡੇ ਕੋਲ ਪਰਮੇਸ਼ੁਰ ਦੇ ਉਨ੍ਹਾਂ ਸੇਵਕਾਂ ਨੂੰ ਦਿਲਾਸਾ ਦੇਣ ਦੀ ਖ਼ਾਸ ਜ਼ਿੰਮੇਵਾਰੀ ਹੈ ਜਿਨ੍ਹਾਂ ਦਾ ਕੋਈ ਪਿਆਰਾ ਯਹੋਵਾਹ ਨੂੰ ਛੱਡ ਗਿਆ ਹੈ। (1 ਥੱਸ. 5:14) ਮੀਟਿੰਗ ਤੋਂ ਪਹਿਲਾਂ ਅਤੇ ਬਾਅਦ ਵਿਚ ਉਨ੍ਹਾਂ ਨੂੰ ਹੌਸਲਾ ਦੇਣ ਵਿਚ ਪਹਿਲ ਕਰੋ। ਉਨ੍ਹਾਂ ਨੂੰ ਮਿਲਣ ਲਈ ਉਨ੍ਹਾਂ ਦੇ ਘਰ ਜਾਓ ਅਤੇ ਉਨ੍ਹਾਂ ਨਾਲ ਪ੍ਰਾਰਥਨਾ ਕਰੋ। ਉਨ੍ਹਾਂ ਨਾਲ ਪ੍ਰਚਾਰ ਕਰੋ ਜਾਂ ਕਦੇ-ਕਦੇ ਉਨ੍ਹਾਂ ਨੂੰ ਪਰਿਵਾਰਕ ਸਟੱਡੀ ਕਰਨ ਲਈ ਬੁਲਾਓ। ਬਜ਼ੁਰਗਾਂ ਨੂੰ ਯਹੋਵਾਹ ਦੀਆਂ ਦੁਖੀ ਭੇਡਾਂ ਨੂੰ ਹਮਦਰਦੀ ਤੇ ਪਿਆਰ ਦਿਖਾਉਣ ਅਤੇ ਉਨ੍ਹਾਂ ਵੱਲ ਧਿਆਨ ਦੇਣ ਦੀ ਲੋੜ ਹੈ।​—1 ਥੱਸ. 2:7, 8.

ਉਮੀਦ ਨਾ ਛੱਡੋ ਅਤੇ ਹਮੇਸ਼ਾ ਯਹੋਵਾਹ ’ਤੇ ਭਰੋਸਾ ਰੱਖੋ

18. ਦੂਜਾ ਪਤਰਸ 3:9 ਮੁਤਾਬਕ ਪਰਮੇਸ਼ੁਰ ਗੰਭੀਰ ਪਾਪ ਕਰਨ ਵਾਲਿਆਂ ਤੋਂ ਕੀ ਚਾਹੁੰਦਾ ਹੈ?

18 ਯਹੋਵਾਹ “ਨਹੀਂ ਚਾਹੁੰਦਾ ਕਿ ਕਿਸੇ ਦਾ ਨਾਸ਼ ਹੋਵੇ, ਸਗੋਂ ਚਾਹੁੰਦਾ ਹੈ ਕਿ ਸਾਰਿਆਂ ਨੂੰ ਤੋਬਾ ਕਰਨ ਦਾ ਮੌਕਾ ਮਿਲੇ।” (2 ਪਤਰਸ 3:9 ਪੜ੍ਹੋ।) ਭਾਵੇਂ ਕੋਈ ਵਿਅਕਤੀ ਗੰਭੀਰ ਪਾਪ ਕਰਦਾ ਹੈ, ਫਿਰ ਵੀ ਉਸ ਦੀ ਜ਼ਿੰਦਗੀ ਪਰਮੇਸ਼ੁਰ ਲਈ ਅਨਮੋਲ ਹੈ। ਜ਼ਰਾ ਸੋਚੋ ਕਿ ਯਹੋਵਾਹ ਨੇ ਪਾਪੀਆਂ ਦੀਆਂ ਜਾਨਾਂ ਲਈ ਕਿੰਨੀ ਵੱਡੀ ਕੀਮਤ ਚੁਕਾਈ ਹੈ। ਉਸ ਨੇ ਰਿਹਾਈ ਦੀ ਕੀਮਤ ਵਜੋਂ ਆਪਣੇ ਪਿਆਰੇ ਪੁੱਤਰ ਦੀ ਜਾਨ ਕੁਰਬਾਨ ਕਰ ਦਿੱਤੀ। ਜੋ ਲੋਕ ਯਹੋਵਾਹ ਨੂੰ ਛੱਡ ਕੇ ਚਲੇ ਗਏ ਹਨ ਉਹ ਉਨ੍ਹਾਂ ਦੀ ਉਸ ਕੋਲ ਮੁੜ ਆਉਣ ਵਿਚ ਮਦਦ ਕਰਦਾ ਹੈ। ਉਸ ਨੂੰ ਉਮੀਦ ਹੈ ਕਿ ਉਹ ਮੁੜ ਆਉਣਗੇ, ਜਿਵੇਂ ਅਸੀਂ ਉਜਾੜੂ ਪੁੱਤਰ ਬਾਰੇ ਦਿੱਤੀ ਯਿਸੂ ਦੀ ਮਿਸਾਲ ਤੋਂ ਦੇਖ ਸਕਦੇ ਹਾਂ। (ਲੂਕਾ 15:11-32) ਸੱਚਾਈ ਛੱਡ ਕੇ ਗਏ ਬਹੁਤ ਸਾਰੇ ਵਿਅਕਤੀ, ਬਾਅਦ ਵਿਚ ਆਪਣੇ ਪਿਆਰ ਕਰਨ ਵਾਲੇ ਸਵਰਗੀ ਪਿਤਾ ਕੋਲ ਮੁੜ ਆਏ। ਮੰਡਲੀ ਉਨ੍ਹਾਂ ਦਾ ਖੁੱਲ੍ਹੀਆਂ ਬਾਹਾਂ ਨਾਲ ਸੁਆਗਤ ਕਰਦੀ ਹੈ। ਪਹਿਲਾਂ ਜ਼ਿਕਰ ਕੀਤੀ ਭੈਣ ਇਲਿਜ਼ਬਥ ਉਦੋਂ ਬਹੁਤ ਖ਼ੁਸ਼ ਹੋਈ ਜਦੋਂ ਉਸ ਦੇ ਮੁੰਡੇ ਨੂੰ ਬਹਾਲ ਕੀਤਾ ਗਿਆ। ਬੀਤੇ ਸਮੇਂ ਬਾਰੇ ਸੋਚਦੀ ਹੋਈ ਉਹ ਕਹਿੰਦੀ ਹੈ: “ਮੈਂ ਉਨ੍ਹਾਂ ਭੈਣਾਂ-ਭਰਾਵਾਂ ਦੀ ਬਹੁਤ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਮੈਨੂੰ ਉਮੀਦ ਨਾ ਛੱਡਣ ਦੀ ਹੱਲਾਸ਼ੇਰੀ ਦਿੱਤੀ।”

19. ਅਸੀਂ ਹਮੇਸ਼ਾ ਯਹੋਵਾਹ ’ਤੇ ਭਰੋਸਾ ਕਿਉਂ ਰੱਖ ਸਕਦੇ ਹਾਂ?

19 ਅਸੀਂ ਹਮੇਸ਼ਾ ਯਹੋਵਾਹ ’ਤੇ ਭਰੋਸਾ ਰੱਖ ਸਕਦੇ ਹਾਂ। ਉਹ ਸਾਨੂੰ ਕਦੇ ਵੀ ਕੋਈ ਅਜਿਹੀ ਸਲਾਹ ਨਹੀਂ ਦਿੰਦਾ ਜਿਸ ਨਾਲ ਸਾਡਾ ਨੁਕਸਾਨ ਹੋਵੇ। ਉਹ ਖੁੱਲ੍ਹੇ ਦਿਲ ਵਾਲਾ ਅਤੇ ਹਮਦਰਦ ਪਿਤਾ ਹੈ। ਉਹ ਉਨ੍ਹਾਂ ਨੂੰ ਬਹੁਤ ਪਿਆਰ ਕਰਦਾ ਹੈ ਜੋ ਉਸ ਨੂੰ ਪਿਆਰ ਕਰਦੇ ਤੇ ਉਸ ਦੀ ਭਗਤੀ ਕਰਦੇ ਹਨ। ਪੱਕਾ ਭਰੋਸਾ ਰੱਖੋ ਕਿ ਉਹ ਤੁਹਾਨੂੰ ਦੁੱਖ ਦੀ ਘੜੀ ਵਿਚ ਕਦੇ ਵੀ ਨਹੀਂ ਛੱਡੇਗਾ। (ਇਬ. 13:5, 6) ਪਹਿਲਾਂ ਜ਼ਿਕਰ ਕੀਤਾ ਗਿਆ ਮਾਰਕ ਕਹਿੰਦਾ ਹੈ: “ਯਹੋਵਾਹ ਨੇ ਸਾਨੂੰ ਕਦੇ ਵੀ ਨਹੀਂ ਛੱਡਿਆ। ਮੁਸ਼ਕਲ ਘੜੀਆਂ ਦੌਰਾਨ ਵੀ ਉਹ ਸਾਡੇ ਤੋਂ ਕਦੇ ਦੂਰ ਨਹੀਂ ਹੋਇਆ।” ਯਹੋਵਾਹ ਤੁਹਾਨੂੰ “ਇਨਸਾਨੀ ਤਾਕਤ ਨਾਲੋਂ ਕਿਤੇ ਵਧ ਕੇ” ਤਾਕਤ ਦਿੰਦਾ ਰਹੇਗਾ। (2 ਕੁਰਿੰ. 4:7) ਜੀ ਹਾਂ, ਤੁਸੀਂ ਉਦੋਂ ਵੀ ਵਫ਼ਾਦਾਰ ਰਹਿ ਸਕਦੇ ਹੋ ਅਤੇ ਉਮੀਦ ਰੱਖ ਸਕਦੇ ਹੋ, ਜਦੋਂ ਤੁਹਾਡਾ ਕੋਈ ਆਪਣਾ ਯਹੋਵਾਹ ਨੂੰ ਛੱਡ ਕੇ ਚਲਾ ਜਾਂਦਾ ਹੈ।

ਗੀਤ 42 ਪਰਮੇਸ਼ੁਰ ਦੇ ਦਾਸ ਦੀ ਦੁਆ

^ ਪੈਰਾ 5 ਅਸੀਂ ਬਹੁਤ ਦੁਖੀ ਹੋ ਜਾਂਦੇ ਹਾਂ ਜਦੋਂ ਸਾਡਾ ਕੋਈ ਪਿਆਰਾ ਯਹੋਵਾਹ ਨੂੰ ਛੱਡ ਦਿੰਦਾ ਹੈ। ਇਸ ਲੇਖ ਵਿਚ ਅਸੀਂ ਦੇਖਾਂਗੇ ਕਿ ਇਸ ਤਰ੍ਹਾਂ ਹੋਣ ਤੇ ਪਰਮੇਸ਼ੁਰ ਨੂੰ ਕਿੱਦਾਂ ਲੱਗਦਾ ਹੈ। ਅਸੀਂ ਜਾਣਾਂਗੇ ਕਿ ਛੇਕੇ ਗਏ ਵਿਅਕਤੀ ਦੇ ਪਰਿਵਾਰ ਦੇ ਮੈਂਬਰ ਇਸ ਦੁੱਖ ਨੂੰ ਸਹਿਣ ਅਤੇ ਆਪਣੀ ਨਿਹਚਾ ਮਜ਼ਬੂਤ ਰੱਖਣ ਲਈ ਕੀ ਕਰ ਸਕਦੇ ਹਨ। ਨਾਲੇ ਅਸੀਂ ਇਹ ਵੀ ਦੇਖਾਂਗੇ ਕਿ ਮੰਡਲੀ ਵਿਚ ਸਾਰੇ ਜਣੇ ਉਸ ਪਰਿਵਾਰ ਨੂੰ ਕਿਵੇਂ ਹੌਸਲਾ ਅਤੇ ਮਦਦ ਦੇ ਸਕਦੇ ਹਨ।

^ ਪੈਰਾ 1 ਇਸ ਲੇਖ ਵਿਚ ਕੁਝ ਨਾਂ ਬਦਲੇ ਗਏ ਹਨ।

^ ਪੈਰਾ 79 ਤਸਵੀਰਾਂ ਬਾਰੇ ਜਾਣਕਾਰੀ: ਜਦੋਂ ਇਕ ਭਰਾ ਯਹੋਵਾਹ ਅਤੇ ਆਪਣੇ ਪਰਿਵਾਰ ਨੂੰ ਛੱਡ ਜਾਂਦਾ ਹੈ, ਤਾਂ ਉਸ ਦੀ ਪਤਨੀ ਤੇ ਬੱਚੇ ਦੁਖੀ ਹੋ ਜਾਂਦੇ ਹਨ।

^ ਪੈਰਾ 81 ਤਸਵੀਰਾਂ ਬਾਰੇ ਜਾਣਕਾਰੀ: ਦੋ ਬਜ਼ੁਰਗ ਇਕ ਪਰਿਵਾਰ ਨੂੰ ਹੌਸਲਾ ਦੇਣ ਆਉਂਦੇ ਹਨ।