Skip to content

Skip to table of contents

ਅਧਿਐਨ ਲੇਖ 37

“ਮੈਂ ਸਾਰੀਆਂ ਕੌਮਾਂ ਨੂੰ ਹਿਲਾਵਾਂਗਾ”

“ਮੈਂ ਸਾਰੀਆਂ ਕੌਮਾਂ ਨੂੰ ਹਿਲਾਵਾਂਗਾ”

“ਮੈਂ ਸਾਰੀਆਂ ਕੌਮਾਂ ਨੂੰ ਹਿਲਾਵਾਂਗਾ ਅਤੇ ਇਸ ਘਰ ਵਿਚ ਸਾਰੀਆਂ ਕੌਮਾਂ ਦੀਆਂ ਕੀਮਤੀ ਚੀਜ਼ਾਂ ਆਉਣਗੀਆਂ।”​—ਹੱਜ. 2:7.

ਗੀਤ 24 ਆਓ ਯਹੋਵਾਹ ਦੇ ਪਹਾੜ

ਖ਼ਾਸ ਗੱਲਾਂ *

1-2. ਹੱਜਈ ਨਬੀ ਨੇ ਸਾਡੇ ਸਮੇਂ ਬਾਰੇ ਕੀ ਲਿਖਿਆ ਸੀ?

2015 ਵਿਚ ਨੇਪਾਲ ਵਿਚ ਇਕ ਜ਼ਬਰਦਸਤ ਭੁਚਾਲ਼ ਆਇਆ। ਇਸ ਭੁਚਾਲ਼ ਵਿੱਚੋਂ ਬਚੇ ਕੁਝ ਲੋਕਾਂ ਨੇ ਇਸ ਤਰ੍ਹਾਂ ਕਿਹਾ: “ਕੁਝ ਹੀ ਮਿੰਟਾਂ ਵਿਚ ਕਈ ਦੁਕਾਨਾਂ ਅਤੇ ਪੁਰਾਣੀਆਂ ਇਮਾਰਤਾਂ ਤਾਸ਼ ਦੇ ਪੱਤਿਆਂ ਵਾਂਗ ਢੇਰ ਹੋ ਗਈਆਂ।” “ਚਾਰੇ ਪਾਸੇ ਹਫੜਾ-ਦਫੜੀ ਮੱਚ ਗਈ। . . . ਕਈਆਂ ਨੇ ਕਿਹਾ ਕਿ ਭੁਚਾਲ਼ ਤਾਂ ਦੋ ਕੁ ਮਿੰਟਾਂ ਦਾ ਸੀ, ਪਰ ਮੈਨੂੰ ਇੱਦਾਂ ਲੱਗਾ ਕਿ ਇਹ ਖ਼ਤਮ ਹੀ ਨਹੀਂ ਹੋ ਰਿਹਾ।” ਜੇ ਤੁਹਾਡੇ ਨਾਲ ਵੀ ਅਜਿਹਾ ਕੋਈ ਦੁਖਦਾਈ ਹਾਦਸਾ ਹੋਇਆ ਹੁੰਦਾ, ਤਾਂ ਤੁਸੀਂ ਵੀ ਸ਼ਾਇਦ ਉਸ ਨੂੰ ਕਦੇ ਭੁਲਾ ਨਹੀਂ ਪਾਉਂਦੇ।

2 ਅੱਜ ਵੀ ਪੂਰੀ ਦੁਨੀਆਂ ਇਕ ਅਲੱਗ ਤਰ੍ਹਾਂ ਦਾ ਝਟਕਾ ਮਹਿਸੂਸ ਕਰ ਰਹੀ ਹੈ। ਇਸ ਝਟਕੇ ਨਾਲ ਸਿਰਫ਼ ਇਕ ਸ਼ਹਿਰ ਜਾਂ ਦੇਸ਼ ਨਹੀਂ ਹਿਲ ਰਿਹਾ, ਸਗੋਂ ਸਾਰੀਆਂ ਕੌਮਾਂ ਹਿਲ ਰਹੀਆਂ ਹਨ ਅਤੇ ਇਸ ਤਰ੍ਹਾਂ ਕਈ ਸਾਲਾਂ ਤੋਂ ਹੋ ਰਿਹਾ ਹੈ। ਇਸ ਬਾਰੇ ਹੱਜਈ ਨਬੀ ਨੇ ਲਿਖਿਆ ਸੀ: “ਸੈਨਾਵਾਂ ਦਾ ਯਹੋਵਾਹ ਕਹਿੰਦਾ ਹੈ, ‘ਕੁਝ ਸਮੇਂ ਬਾਅਦ ਮੈਂ ਇਕ ਵਾਰ ਫਿਰ ਆਕਾਸ਼, ਧਰਤੀ, ਸਮੁੰਦਰ ਅਤੇ ਸੁੱਕੀ ਜ਼ਮੀਨ ਨੂੰ ਹਿਲਾਵਾਂਗਾ।’”​—ਹੱਜ. 2:6.

3. ਅਸੀਂ ਕਿਉਂ ਕਹਿ ਸਕਦੇ ਹਾਂ ਕਿ ਹੱਜਈ ਨੇ ਸੱਚ-ਮੁੱਚ ਦੇ ਭੁਚਾਲ਼ ਦੀ ਗੱਲ ਨਹੀਂ ਕੀਤੀ ਸੀ?

3 ਹੱਜਈ ਨੇ ਇੱਥੇ ਸੱਚ-ਮੁੱਚ ਦੇ ਭੁਚਾਲ਼ ਦੀ ਗੱਲ ਨਹੀਂ ਕੀਤੀ ਸੀ ਕਿਉਂਕਿ ਭੁਚਾਲ਼ ਨਾਲ ਸਿਰਫ਼ ਤਬਾਹੀ ਹੀ ਹੁੰਦੀ ਹੈ। ਇਸ ਦੀ ਬਜਾਇ, ਉਸ ਨੇ ਕਿਹਾ ਕਿ ਸਾਰੀਆਂ ਕੌਮਾਂ ਨੂੰ ਹਿਲਾਏ ਜਾਣ ਨਾਲ ਚੰਗੇ ਨਤੀਜੇ ਨਿਕਲਣਗੇ। ਯਹੋਵਾਹ ਨੇ ਕਿਹਾ: “ਮੈਂ ਸਾਰੀਆਂ ਕੌਮਾਂ ਨੂੰ ਹਿਲਾਵਾਂਗਾ ਅਤੇ ਇਸ ਘਰ ਵਿਚ ਸਾਰੀਆਂ ਕੌਮਾਂ ਦੀਆਂ ਕੀਮਤੀ ਚੀਜ਼ਾਂ ਆਉਣਗੀਆਂ; ਮੈਂ ਇਸ ਘਰ ਨੂੰ ਸ਼ਾਨੋ-ਸ਼ੌਕਤ ਨਾਲ ਭਰ ਦਿਆਂਗਾ।” (ਹੱਜ. 2:7) ਇਸ ਭਵਿੱਖਬਾਣੀ ਦਾ ਯਹੂਦੀਆਂ ’ਤੇ ਕੀ ਅਸਰ ਪਿਆ? ਅੱਜ ਇਹ ਭਵਿੱਖਬਾਣੀ ਕਿਵੇਂ ਪੂਰੀ ਹੋ ਰਹੀ ਹੈ? ਇਨ੍ਹਾਂ ਸਵਾਲਾਂ ਦੇ ਜਵਾਬ ਅਸੀਂ ਇਸ ਲੇਖ ਵਿਚ ਜਾਣਾਂਗੇ। ਨਾਲੇ ਅਸੀਂ ਦੇਖਾਂਗੇ ਕਿ ਕੌਮਾਂ ਨੂੰ ਹਿਲਾਉਣ ਦੇ ਕੰਮ ਵਿਚ ਅਸੀਂ ਕਿਵੇਂ ਹਿੱਸਾ ਲੈ ਸਕਦੇ ਹਾਂ।

ਹੱਜਈ ਦੇ ਸੰਦੇਸ਼ ਤੋਂ ਹੌਸਲਾ ਮਿਲਿਆ

4. ਯਹੋਵਾਹ ਨੇ ਹੱਜਈ ਨਬੀ ਨੂੰ ਆਪਣੇ ਲੋਕਾਂ ਕੋਲ ਕਿਉਂ ਭੇਜਿਆ?

4 ਹੱਜਈ ਨਬੀ ਨੂੰ ਯਹੋਵਾਹ ਤੋਂ ਇਕ ਜ਼ਰੂਰੀ ਕੰਮ ਮਿਲਿਆ। ਧਿਆਨ ਦਿਓ ਕਿ ਉਸ ਨੂੰ ਇਹ ਕੰਮ ਮਿਲਣ ਤੋਂ ਪਹਿਲਾਂ ਕੀ ਕੁਝ ਹੋਇਆ ਸੀ। 537 ਈਸਵੀ ਪੂਰਵ ਵਿਚ ਯਹੂਦੀ ਬਾਬਲ ਵਿੱਚੋਂ ਰਿਹਾ ਹੋ ਕੇ ਯਰੂਸ਼ਲਮ ਵਾਪਸ ਆਏ ਸਨ ਅਤੇ ਹੱਜਈ ਵੀ ਉਨ੍ਹਾਂ ਨਾਲ ਸੀ। ਯਰੂਸ਼ਲਮ ਪਹੁੰਚਣ ਤੋਂ ਬਾਅਦ ਵਫ਼ਾਦਾਰ ਯਹੂਦੀਆਂ ਨੇ ਯਹੋਵਾਹ ਦੇ ਮੰਦਰ ਦੀ ਨੀਂਹ ਧਰੀ। (ਅਜ਼. 3:8, 10) ਫਿਰ ਕੁਝ ਸਮੇਂ ਬਾਅਦ ਆਲੇ-ਦੁਆਲੇ ਦੇ ਦੇਸ਼ਾਂ ਦੇ ਲੋਕਾਂ ਨੇ ਉਨ੍ਹਾਂ ਦਾ ਵਿਰੋਧ ਕੀਤਾ। ਇਸ ਕਾਰਨ ਯਹੂਦੀ ਡਰ ਗਏ ਅਤੇ ਉਨ੍ਹਾਂ ਨੇ ਮੰਦਰ ਬਣਾਉਣ ਦਾ ਕੰਮ ਬੰਦ ਕਰ ਦਿੱਤਾ। (ਅਜ਼. 4:4; ਹੱਜ. 1:1, 2) ਇਸ ਲਈ 520 ਈਸਵੀ ਪੂਰਵ ਵਿਚ ਯਹੋਵਾਹ ਨੇ ਹੱਜਈ ਨੂੰ ਇਕ ਜ਼ਰੂਰੀ ਕੰਮ ਦਿੱਤਾ। ਉਸ ਨੇ ਯਹੂਦੀਆਂ ਦਾ ਜੋਸ਼ ਵਧਾਉਣਾ ਸੀ ਤਾਂਕਿ ਉਹ ਮੰਦਰ ਬਣਾਉਣ ਦਾ ਕੰਮ ਪੂਰਾ ਕਰ ਸਕਣ। *​—ਅਜ਼. 6:14, 15.

5. ਹੱਜਈ ਦਾ ਸੰਦੇਸ਼ ਸੁਣ ਕੇ ਯਹੂਦੀਆਂ ਦੀ ਹਿੰਮਤ ਕਿਉਂ ਵਧੀ ਹੋਣੀ?

5 ਹੱਜਈ ਨੇ ਸੰਦੇਸ਼ ਸੁਣਾ ਕੇ ਯਹੂਦੀਆਂ ਦੀ ਯਹੋਵਾਹ ’ਤੇ ਨਿਹਚਾ ਪੱਕੀ ਕੀਤੀ। ਉਸ ਨੇ ਦਲੇਰੀ ਨਾਲ ਨਿਰਾਸ਼ ਹੋਏ ਯਹੂਦੀਆਂ ਨੂੰ ਕਿਹਾ: “‘ਦੇਸ਼ ਦੇ ਸਾਰੇ ਲੋਕੋ, ਦਲੇਰ ਬਣੋ ਅਤੇ ਕੰਮ ਕਰੋ,’ ਯਹੋਵਾਹ ਕਹਿੰਦਾ ਹੈ। ‘ਕਿਉਂਕਿ ਮੈਂ ਤੁਹਾਡੇ ਨਾਲ ਹਾਂ,’ ਸੈਨਾਵਾਂ ਦਾ ਯਹੋਵਾਹ ਕਹਿੰਦਾ ਹੈ।” (ਹੱਜ. 2:4) “ਸੈਨਾਵਾਂ ਦਾ ਯਹੋਵਾਹ” ਸ਼ਬਦ ਸੁਣ ਕੇ ਯਹੂਦੀਆਂ ਦੀ ਹਿੰਮਤ ਜ਼ਰੂਰ ਵਧੀ ਹੋਣੀ। ਸਵਰਗ ਵਿਚ ਯਹੋਵਾਹ ਕੋਲ ਦੂਤਾਂ ਦੀ ਬਹੁਤ ਵੱਡੀ ਫ਼ੌਜ ਹੈ ਜਿਸ ਕਰਕੇ ਯਹੂਦੀਆਂ ਨੂੰ ਅਹਿਸਾਸ ਹੋਇਆ ਹੋਣਾ ਕਿ ਕਾਮਯਾਬ ਹੋਣ ਲਈ ਉਨ੍ਹਾਂ ਨੂੰ ਉਸ ’ਤੇ ਭਰੋਸਾ ਰੱਖਣ ਦੀ ਲੋੜ ਸੀ।

6. ਹੱਜਈ ਦੇ ਸੰਦੇਸ਼ ਮੁਤਾਬਕ ਅੱਗੇ ਜਾ ਕੇ ਕੀ ਹੋਣਾ ਸੀ?

6 ਯਹੋਵਾਹ ਨੇ ਹੱਜਈ ਰਾਹੀਂ ਇਹ ਸੰਦੇਸ਼ ਸੁਣਾਇਆ ਕਿ ਉਹ ਸਾਰੀਆਂ ਕੌਮਾਂ ਨੂੰ ਹਿਲਾਵੇਗਾ। ਇਸ ਸੰਦੇਸ਼ ਨੂੰ ਸੁਣ ਕੇ ਨਿਰਾਸ਼ ਹੋ ਚੁੱਕੇ ਯਹੂਦੀਆਂ ਦੀ ਹਿੰਮਤ ਜ਼ਰੂਰ ਵਧੀ ਹੋਣੀ ਕਿ ਯਹੋਵਾਹ ਬਹੁਤ ਜਲਦੀ ਵਿਸ਼ਵ-ਸ਼ਕਤੀ ਫ਼ਾਰਸ ਨੂੰ ਹਿਲਾਉਣ ਵਾਲਾ ਸੀ ਜਿਸ ਦਾ ਕਈ ਕੌਮਾਂ ’ਤੇ ਰਾਜ ਸੀ। ਇਸ ਵਿਸ਼ਵ-ਸ਼ਕਤੀ ਨੂੰ ਹਿਲਾਉਣ ਦਾ ਕੀ ਨਤੀਜਾ ਨਿਕਲਣਾ ਸੀ? ਪਰਮੇਸ਼ੁਰ ਦੇ ਲੋਕ ਮੰਦਰ ਬਣਾਉਣ ਦਾ ਕੰਮ ਪੂਰਾ ਕਰ ਸਕਦੇ ਸਨ। ਇਸ ਤੋਂ ਬਾਅਦ ਉਸ ਮੰਦਰ ਵਿਚ ਉਨ੍ਹਾਂ ਨਾਲ ਗ਼ੈਰ-ਯਹੂਦੀ ਲੋਕ ਵੀ ਯਹੋਵਾਹ ਦੀ ਭਗਤੀ ਕਰ ਸਕਦੇ ਸਨ। ਵਾਕਈ, ਹੱਜਈ ਵੱਲੋਂ ਸੁਣਾਏ ਸੰਦੇਸ਼ ਨੇ ਯਹੂਦੀਆਂ ਦੀ ਕਿੰਨੀ ਹਿੰਮਤ ਵਧਾਈ ਹੋਣੀ!​—ਜ਼ਕ. 8:9.

ਅੱਜ ਦੁਨੀਆਂ ਨੂੰ ਹਿਲਾ ਦੇਣ ਵਾਲਾ ਕੰਮ

ਕੀ ਤੁਸੀਂ ਅੱਜ ਧਰਤੀ ਨੂੰ ਹਿਲਾ ਦੇਣ ਵਾਲੇ ਕੰਮ ਵਿਚ ਵਧ-ਚੜ੍ਹ ਕੇ ਹਿੱਸਾ ਲੈ ਰਹੇ ਹੋ? (ਪੈਰੇ 7-8 ਦੇਖੋ) *

7. ਅੱਜ ਅਸੀਂ ਕਿਸ ਕੰਮ ਵਿਚ ਯਹੋਵਾਹ ਦਾ ਸਾਥ ਦੇ ਰਹੇ ਹਾਂ? ਸਮਝਾਓ।

7 ਕੀ ਹੱਜਈ ਦੀ ਭਵਿੱਖਬਾਣੀ ਅੱਜ ਪੂਰੀ ਹੋ ਰਹੀ ਹੈ? ਯਹੋਵਾਹ ਇਕ ਵਾਰ ਫਿਰ ਤੋਂ ਸਾਰੀਆਂ ਕੌਮਾਂ ਨੂੰ ਹਿਲਾ ਰਿਹਾ ਹੈ ਅਤੇ ਅਸੀਂ ਇਸ ਵਿਚ ਉਸ ਦਾ ਸਾਥ ਦੇ ਰਹੇ ਹਾਂ। ਇਸ ਗੱਲ ’ਤੇ ਗੌਰ ਕਰੋ: 1914 ਵਿਚ ਯਹੋਵਾਹ ਨੇ ਆਪਣਾ ਸਵਰਗੀ ਰਾਜ ਸਥਾਪਿਤ ਕੀਤਾ ਅਤੇ ਯਿਸੂ ਮਸੀਹ ਨੂੰ ਉਸ ਰਾਜ ਦਾ ਰਾਜਾ ਬਣਾਇਆ। (ਜ਼ਬੂ. 2:6) ਇਹ ਗੱਲ ਦੁਨੀਆਂ ਦੇ ਸਾਰੇ ਨੇਤਾਵਾਂ ਲਈ ਇਕ ਬੁਰੀ ਖ਼ਬਰ ਸੀ ਕਿਉਂਕਿ “ਕੌਮਾਂ ਦਾ ਮਿਥਿਆ ਸਮਾਂ” ਖ਼ਤਮ ਹੋ ਚੁੱਕਾ ਸੀ ਯਾਨੀ ਉਹ ਸਮਾਂ ਜਦੋਂ ਯਹੋਵਾਹ ਵੱਲੋਂ ਕੋਈ ਰਾਜਾ ਰਾਜ ਨਹੀਂ ਕਰ ਰਿਹਾ ਸੀ। (ਲੂਕਾ 21:24) 1919 ਤੋਂ ਯਹੋਵਾਹ ਦੇ ਲੋਕ ਇਹੀ ਪ੍ਰਚਾਰ ਕਰ ਰਹੇ ਹਨ ਕਿ ਪਰਮੇਸ਼ੁਰ ਦਾ ਰਾਜ ਸਾਰੇ ਇਨਸਾਨਾਂ ਦੀਆਂ ਦੁੱਖ-ਤਕਲੀਫ਼ਾਂ ਨੂੰ ਦੂਰ ਕਰੇਗਾ। ‘ਰਾਜ ਦੀ ਇਸ ਖ਼ੁਸ਼ ਖ਼ਬਰੀ ਦੇ ਪ੍ਰਚਾਰ’ ਨੇ ਸਾਰੀ ਦੁਨੀਆਂ ਨੂੰ ਹਿਲਾ ਕੇ ਰੱਖ ਦਿੱਤਾ ਹੈ।​—ਮੱਤੀ 24:14.

8. ਜ਼ਬੂਰ 2:1-3 ਮੁਤਾਬਕ ਜ਼ਿਆਦਾਤਰ ਕੌਮਾਂ ਸੰਦੇਸ਼ ਸੁਣ ਕੇ ਕੀ ਕਰਦੀਆਂ ਹਨ?

8 ਇਹ ਸੰਦੇਸ਼ ਸੁਣ ਕੇ ਲੋਕ ਕੀ ਕਰਦੇ ਹਨ? ਜ਼ਿਆਦਾਤਰ ਲੋਕ ਇਸ ਨੂੰ ਠੁਕਰਾ ਦਿੰਦੇ ਹਨ। (ਜ਼ਬੂਰ 2:1-3 ਪੜ੍ਹੋ।) ਕੌਮਾਂ ਗੁੱਸੇ ਵਿਚ ਹਨ। ਉਹ ਯਿਸੂ ਨੂੰ ਆਪਣਾ ਰਾਜਾ ਮੰਨਣ ਤੋਂ ਇਨਕਾਰ ਕਰਦੀਆਂ ਹਨ। ਉਹ ਇਹ ਨਹੀਂ ਮੰਨਦੀਆਂ ਕਿ ਇਹ “ਖ਼ੁਸ਼ੀ ਖ਼ਬਰੀ” ਹੈ। ਕੁਝ ਦੇਸ਼ਾਂ ਦੀਆਂ ਸਰਕਾਰਾਂ ਨੇ ਤਾਂ ਪ੍ਰਚਾਰ ਦੇ ਕੰਮ ’ਤੇ ਪੂਰੀ ਤਰ੍ਹਾਂ ਰੋਕ ਲਗਾ ਦਿੱਤੀ ਹੈ। ਭਾਵੇਂ ਇਨ੍ਹਾਂ ਕੌਮਾਂ ਦੇ ਕਈ ਹਾਕਮ ਕਹਿੰਦੇ ਹਨ ਕਿ ਉਹ ਪਰਮੇਸ਼ੁਰ ਨੂੰ ਮੰਨਦੇ ਹਨ, ਪਰ ਉਹ ਉਸ ਦੇ ਰਾਜ ਦਾ ਸਾਥ ਦੇਣ ਲਈ ਤਿਆਰ ਨਹੀਂ ਹਨ ਕਿਉਂਕਿ ਉਹ ਆਪਣਾ ਅਹੁਦਾ ਜਾਂ ਅਧਿਕਾਰ ਨਹੀਂ ਛੱਡਣਾ ਚਾਹੁੰਦੇ। ਯਿਸੂ ਦੇ ਜ਼ਮਾਨੇ ਦੇ ਹਾਕਮਾਂ ਵਾਂਗ ਅੱਜ ਦੇ ਹਾਕਮ ਵੀ ਯਿਸੂ ਦੇ ਚੇਲਿਆਂ ਨੂੰ ਸਤਾਉਂਦੇ ਹਨ। ਇਸ ਤਰ੍ਹਾਂ ਉਹ ਯਹੋਵਾਹ ਦੇ ਚੁਣੇ ਹੋਏ ਰਾਜੇ ਦੇ ਖ਼ਿਲਾਫ਼ ਖੜ੍ਹੇ ਹੁੰਦੇ ਹਨ।​—ਰਸੂ. 4:25-28.

9. ਕੌਮਾਂ ਦਾ ਬੁਰਾ ਰਵੱਈਆ ਦੇਖ ਕੇ ਯਹੋਵਾਹ ਕੀ ਕਰਦਾ ਹੈ?

9 ਕੌਮਾਂ ਦਾ ਬੁਰਾ ਰਵੱਈਆ ਦੇਖ ਕੇ ਯਹੋਵਾਹ ਕੀ ਕਰਦਾ ਹੈ? ਜ਼ਬੂਰ 2:10-12 ਦੱਸਦਾ ਹੈ: “ਇਸ ਲਈ ਹੁਣ ਤੁਸੀਂ ਰਾਜਿਓ, ਸਮਝਦਾਰੀ ਵਰਤੋ ਅਤੇ ਧਰਤੀ ਦੇ ਨਿਆਂਕਾਰੋ, ਤਾੜਨਾ ਕਬੂਲ ਕਰੋ। ਡਰਦੇ ਹੋਏ ਯਹੋਵਾਹ ਦੀ ਸੇਵਾ ਕਰੋ, ਗਹਿਰਾ ਆਦਰ ਦਿਖਾਉਂਦੇ ਹੋਏ ਖ਼ੁਸ਼ੀ ਮਨਾਓ। ਪੁੱਤਰ ਦਾ ਆਦਰ ਕਰੋ, ਨਹੀਂ ਤਾਂ ਪਰਮੇਸ਼ੁਰ ਕ੍ਰੋਧ ਵਿਚ ਆ ਜਾਵੇਗਾ ਅਤੇ ਤੁਸੀਂ ਨਸ਼ਟ ਹੋ ਜਾਓਗੇ ਕਿਉਂਕਿ ਉਸ ਦਾ ਕ੍ਰੋਧ ਝੱਟ ਭੜਕ ਉੱਠਦਾ ਹੈ। ਖ਼ੁਸ਼ ਹਨ ਉਹ ਸਾਰੇ ਜੋ ਉਸ ਕੋਲ ਪਨਾਹ ਲੈਂਦੇ ਹਨ।” ਯਹੋਵਾਹ ਸਾਰੇ ਵਿਰੋਧੀਆਂ ਨੂੰ ਮੌਕਾ ਦੇ ਰਿਹਾ ਹੈ ਕਿ ਉਹ ਆਪਣਾ ਮਨ ਬਦਲਣ ਅਤੇ ਯਹੋਵਾਹ ਦੇ ਰਾਜ ਦਾ ਪੱਖ ਲੈਣ। ਪਰ ਇਹ ਸਮਾਂ ਖ਼ਤਮ ਹੋਣ ਵਾਲਾ ਹੈ ਕਿਉਂਕਿ ਅਸੀਂ ਇਸ ਦੁਨੀਆਂ ਦੇ ‘ਆਖ਼ਰੀ ਦਿਨਾਂ’ ਵਿਚ ਜੀ ਰਹੇ ਹਾਂ। (2 ਤਿਮੋ. 3:1; ਯਸਾ. 61:2) ਅੱਜ ਇਹ ਹੋਰ ਵੀ ਜ਼ਰੂਰੀ ਹੋ ਗਿਆ ਹੈ ਕਿ ਲੋਕ ਸੱਚਾਈ ਜਾਣਨ ਅਤੇ ਯਹੋਵਾਹ ਦੀ ਸੇਵਾ ਕਰਨ ਦਾ ਫ਼ੈਸਲਾ ਕਰਨ।

ਕੌਮਾਂ ਨੂੰ ਹਿਲਾਏ ਜਾਣ ਦੇ ਚੰਗੇ ਨਤੀਜੇ

10. ਹੱਜਈ 2:7-9 ਮੁਤਾਬਕ ਕੌਮਾਂ ਨੂੰ ਹਿਲਾਉਣ ਦਾ ਕੀ ਅਸਰ ਪੈਂਦਾ ਹੈ?

10 ਹੱਜਈ ਨੇ ਕੌਮਾਂ ਨੂੰ ਹਿਲਾਉਣ ਬਾਰੇ ਜੋ ਭਵਿੱਖਬਾਣੀ ਕੀਤੀ ਸੀ, ਉਸ ਦਾ ਕੁਝ ਲੋਕਾਂ ’ਤੇ ਚੰਗਾ ਅਸਰ ਪੈਂਦਾ ਹੈ। ਉਸ ਨੇ ਭਵਿੱਖਬਾਣੀ ਕੀਤੀ ਸੀ ਕਿ “ਸਾਰੀਆਂ ਕੌਮਾਂ ਦੀਆਂ ਕੀਮਤੀ ਚੀਜ਼ਾਂ ਆਉਣਗੀਆਂ” ਯਾਨੀ ਨੇਕਦਿਲ ਲੋਕ ਯਹੋਵਾਹ ਦੀ ਭਗਤੀ ਕਰਨਗੇ। * (ਹੱਜਈ 2:7-9 ਪੜ੍ਹੋ।) ਯਸਾਯਾਹ ਅਤੇ ਮੀਕਾਹ ਨੇ ਵੀ ਭਵਿੱਖਬਾਣੀ ਕੀਤੀ ਸੀ ਕਿ “ਆਖ਼ਰੀ ਦਿਨਾਂ ਵਿਚ” ਇਸ ਤਰ੍ਹਾਂ ਹੋਵੇਗਾ।​—ਯਸਾ. 2:2-4; ਮੀਕਾ. 4:1, 2.

11. ਜਦੋਂ ਇਕ ਭਰਾ ਨੇ ਪਰਮੇਸ਼ੁਰ ਦੇ ਰਾਜ ਬਾਰੇ ਸੁਣਿਆ, ਤਾਂ ਉਸ ਨੇ ਕੀ ਕੀਤਾ?

11 ਵਰਲਡ ਹੈੱਡਕੁਆਰਟਰ ਵਿਚ ਸੇਵਾ ਕਰਨ ਵਾਲੇ ਭਰਾ ਕੈੱਨ ਦੀ ਮਿਸਾਲ ’ਤੇ ਗੌਰ ਕਰੋ। ਉਸ ਨੂੰ ਅੱਜ ਵੀ ਚੰਗੀ ਤਰ੍ਹਾਂ ਯਾਦ ਹੈ ਕਿ ਲਗਭਗ 40 ਸਾਲ ਪਹਿਲਾਂ ਜਦ ਉਸ ਨੇ ਪਹਿਲੀ ਵਾਰ ਪਰਮੇਸ਼ੁਰ ਦੇ ਰਾਜ ਬਾਰੇ ਸੁਣਿਆ, ਤਾਂ ਉਸ ਨੂੰ ਕਿਵੇਂ ਲੱਗਾ। ਕੈੱਨ ਕਹਿੰਦਾ ਹੈ: “ਮੈਨੂੰ ਇਹ ਜਾਣ ਕੇ ਬਹੁਤ ਖ਼ੁਸ਼ੀ ਹੋਈ ਕਿ ਅਸੀਂ ਇਸ ਦੁਨੀਆਂ ਦੇ ਆਖ਼ਰੀ ਦਿਨਾਂ ਵਿਚ ਜੀ ਰਹੇ ਹਾਂ। ਮੈਂ ਸਮਝ ਗਿਆ ਕਿ ਪਰਮੇਸ਼ੁਰ ਨੂੰ ਖ਼ੁਸ਼ ਕਰਨ ਲਈ ਅਤੇ ਹਮੇਸ਼ਾ ਦੀ ਜ਼ਿੰਦਗੀ ਪਾਉਣ ਲਈ ਮੈਨੂੰ ਇਸ ਦੁਨੀਆਂ ਦੀ ਬਜਾਇ ਯਹੋਵਾਹ ਦਾ ਪੱਖ ਲੈਣਾ ਪਵੇਗਾ। ਮੈਂ ਇਸ ਬਾਰੇ ਤੁਰੰਤ ਪ੍ਰਾਰਥਨਾ ਕੀਤੀ ਅਤੇ ਦੁਨੀਆਂ ਦੀ ਬਜਾਇ ਪਰਮੇਸ਼ੁਰ ਦੇ ਰਾਜ ਨੂੰ ਸਵੀਕਾਰ ਕੀਤਾ ਜਿਸ ਨੂੰ ਕਦੀ ਨਹੀਂ ਹਿਲਾਇਆ ਜਾਵੇਗਾ।”

12. ਇਨ੍ਹਾਂ ਆਖ਼ਰੀ ਦਿਨਾਂ ਦੌਰਾਨ ਯਹੋਵਾਹ ਦਾ ਮਹਾਨ ਮੰਦਰ ਮਹਿਮਾ ਨਾਲ ਕਿਵੇਂ ਭਰ ਰਿਹਾ ਹੈ?

12 ਯਹੋਵਾਹ ਸਾਡੇ ਪ੍ਰਚਾਰ ਦੇ ਕੰਮ ’ਤੇ ਬਰਕਤ ਪਾ ਰਿਹਾ ਹੈ। ਇਨ੍ਹਾਂ ਆਖ਼ਰੀ ਦਿਨਾਂ ਵਿਚ ਬਹੁਤ ਸਾਰੇ ਲੋਕ ਯਹੋਵਾਹ ਦੀ ਭਗਤੀ ਕਰਨ ਲੱਗ ਪਏ ਹਨ। 1914 ਵਿਚ ਕੁਝ ਹਜ਼ਾਰ ਲੋਕ ਯਹੋਵਾਹ ਦੀ ਭਗਤੀ ਕਰ ਰਹੇ ਸਨ। ਪਰ ਅੱਜ 80 ਲੱਖ ਤੋਂ ਜ਼ਿਆਦਾ ਲੋਕ ਪੂਰੇ ਜੋਸ਼ ਨਾਲ ਪਰਮੇਸ਼ੁਰ ਦੀ ਭਗਤੀ ਕਰ ਰਹੇ ਹਨ ਅਤੇ ਹਰ ਸਾਲ ਲੱਖਾਂ ਹੀ ਹੋਰ ਲੋਕ ਸਾਡੇ ਨਾਲ ਮਿਲ ਕੇ ਯਿਸੂ ਦੀ ਮੌਤ ਦੀ ਯਾਦਗਾਰ ਮਨਾਉਂਦੇ ਹਨ। ਇਸ ਤਰ੍ਹਾਂ ਅੱਜ ਯਹੋਵਾਹ ਦੇ ਮਹਾਨ ਮੰਦਰ ਦਾ ਵਿਹੜਾ “ਸਾਰੀਆਂ ਕੌਮਾਂ ਦੀਆਂ ਕੀਮਤੀ ਚੀਜ਼ਾਂ” ਨਾਲ ਭਰ ਰਿਹਾ ਹੈ ਯਾਨੀ ਸ਼ੁੱਧ ਭਗਤੀ ਲਈ ਕੀਤੇ ਯਹੋਵਾਹ ਦੇ ਇੰਤਜ਼ਾਮ ਦਾ ਨੇਕਦਿਲ ਲੋਕ ਸਮਰਥਨ ਕਰ ਰਹੇ ਹਨ। ਜਦੋਂ ਇਹ ਲੋਕ ਆਪਣੀ ਜ਼ਿੰਦਗੀ ਵਿਚ ਤਬਦੀਲੀਆਂ ਕਰਦੇ ਹਨ, ਤਾਂ ਇਸ ਨਾਲ ਵੀ ਯਹੋਵਾਹ ਦੇ ਨਾਂ ਦੀ ਮਹਿਮਾ ਹੁੰਦੀ ਹੈ।​—ਅਫ਼. 4:22-24.

ਪੂਰੀ ਦੁਨੀਆਂ ਵਿਚ ਪਰਮੇਸ਼ੁਰ ਦੇ ਲੋਕਾਂ ਨੇ ਉਸ ਦੇ ਰਾਜ ਬਾਰੇ ਖ਼ੁਸ਼ੀ-ਖ਼ੁਸ਼ੀ ਗਵਾਹੀ ਦਿੱਤੀ ਹੈ (ਪੈਰਾ 13 ਦੇਖੋ)

13. ਅੱਜ ਹੋਰ ਕਿਹੜੀਆਂ ਭਵਿੱਖਬਾਣੀਆਂ ਪੂਰੀਆਂ ਹੋ ਰਹੀਆਂ ਹਨ? (ਮੁੱਖ ਸਫ਼ੇ ’ਤੇ ਦਿੱਤੀ ਤਸਵੀਰ ਦੇਖੋ।)

13 ਹੱਜਈ ਦੀ ਭਵਿੱਖਬਾਣੀ ਦੇ ਪੂਰਾ ਹੋਣ ਨਾਲ ਹੋਰ ਭਵਿੱਖਬਾਣੀਆਂ ਵੀ ਪੂਰੀਆਂ ਹੋ ਰਹੀਆਂ ਹਨ, ਜਿਵੇਂ ਕਿ ਯਸਾਯਾਹ ਅਧਿਆਇ 60 ਦੀ 22 ਆਇਤ ਵਿਚ ਦਰਜ ਭਵਿੱਖਬਾਣੀ। ਇਸ ਵਿਚ ਲਿਖਿਆ ਹੈ: “ਨਿੱਕਾ ਜਿਹਾ ਹਜ਼ਾਰ ਹੋ ਜਾਵੇਗਾ ਅਤੇ ਛੋਟਾ ਜਿਹਾ ਇਕ ਬਲਵੰਤ ਕੌਮ। ਮੈਂ ਯਹੋਵਾਹ ਵੇਲੇ ਸਿਰ ਇਸ ਕੰਮ ਵਿਚ ਤੇਜ਼ੀ ਲਿਆਵਾਂਗਾ।” ਇਸ ਭਵਿੱਖਬਾਣੀ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਦੀ ਭਗਤੀ ਕਰਨ ਵਾਲਿਆਂ ਦੀ ਗਿਣਤੀ ਕਿੰਨੀ ਜ਼ਿਆਦਾ ਹੋਵੇਗੀ। ਇਨ੍ਹਾਂ “ਕੀਮਤੀ ਚੀਜ਼ਾਂ” ਯਾਨੀ ਲੋਕਾਂ ਵਿਚ ਵੱਖੋ-ਵੱਖਰੇ ਹੁਨਰ ਅਤੇ ਕਾਬਲੀਅਤਾਂ ਹਨ ਅਤੇ ‘ਰਾਜ ਦੀ ਖ਼ੁਸ਼ ਖ਼ਬਰੀ’ ਦਾ ਪ੍ਰਚਾਰ ਕਰਨ ਦੀ ਇੱਛਾ ਹੈ। ਯਸਾਯਾਹ ਨੇ ਇਨ੍ਹਾਂ ਖੂਬੀਆਂ ਨੂੰ “ਕੌਮਾਂ ਦਾ ਦੁੱਧ” ਕਿਹਾ ਹੈ। (ਯਸਾ. 60:5, 16) ਇਨ੍ਹਾਂ ਆਦਮੀਆਂ ਅਤੇ ਔਰਤਾਂ ਦੀ ਮਦਦ ਨਾਲ 240 ਦੇਸ਼ਾਂ ਵਿਚ ਪਰਮੇਸ਼ੁਰ ਦੇ ਰਾਜ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ ਅਤੇ 1,000 ਤੋਂ ਵੀ ਜ਼ਿਆਦਾ ਭਾਸ਼ਾਵਾਂ ਵਿਚ ਪ੍ਰਕਾਸ਼ਨ ਤਿਆਰ ਕੀਤੇ ਜਾਂਦੇ ਹਨ।

ਫ਼ੈਸਲੇ ਦੀ ਘੜੀ

14. ਅੱਜ ਲੋਕਾਂ ਨੂੰ ਕਿਹੜਾ ਫ਼ੈਸਲਾ ਕਰਨਾ ਪੈਣਾ ਹੈ?

14 ਇਸ ਆਖ਼ਰੀ ਸਮੇਂ ਵਿਚ ਸਾਰੀਆਂ ਕੌਮਾਂ ਨੂੰ ਹਿਲਾਉਣ ਕਰਕੇ ਸਾਰੇ ਲੋਕਾਂ ਨੂੰ ਅੱਜ ਇਕ ਫ਼ੈਸਲਾ ਕਰਨਾ ਪੈਣਾ ਹੈ। ਕੀ ਉਹ ਪਰਮੇਸ਼ੁਰ ਦੇ ਰਾਜ ਦਾ ਪੱਖ ਲੈਣਗੇ ਜਾਂ ਕੀ ਉਹ ਇਸ ਦੁਨੀਆਂ ਦੀਆਂ ਸਰਕਾਰਾਂ ’ਤੇ ਭਰੋਸਾ ਰੱਖਣਗੇ? ਇਹ ਫ਼ੈਸਲਾ ਸਾਰਿਆਂ ਨੂੰ ਕਰਨਾ ਪੈਣਾ। ਚਾਹੇ ਯਹੋਵਾਹ ਦੇ ਲੋਕ ਆਪੋ-ਆਪਣੇ ਦੇਸ਼ ਦੇ ਕਾਨੂੰਨ ਮੰਨਦੇ ਹਨ, ਪਰ ਉਹ ਦੁਨੀਆਂ ਦੀ ਰਾਜਨੀਤੀ ਵਿਚ ਬਿਲਕੁਲ ਹਿੱਸਾ ਨਹੀਂ ਲੈਂਦੇ। (ਰੋਮੀ. 13:1-7) ਉਹ ਮੰਨਦੇ ਹਨ ਕਿ ਪਰਮੇਸ਼ੁਰ ਦਾ ਰਾਜ ਹੀ ਲੋਕਾਂ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਕਰੇਗਾ ਅਤੇ ਇਹ ਰਾਜ ਇਸ ਦੁਨੀਆਂ ਦਾ ਹਿੱਸਾ ਨਹੀਂ ਹੈ।​—ਯੂਹੰ. 18:36, 37.

15. ਪ੍ਰਕਾਸ਼ ਦੀ ਕਿਤਾਬ ਮੁਤਾਬਕ ਯਹੋਵਾਹ ਦੇ ਲੋਕਾਂ ਦੀ ਵਫ਼ਾਦਾਰੀ ਕਿਵੇਂ ਪਰਖੀ ਜਾਵੇਗੀ?

15 ਪ੍ਰਕਾਸ਼ ਦੀ ਕਿਤਾਬ ਦੱਸਿਆ ਹੈ ਕਿ ਆਖ਼ਰੀ ਦਿਨਾਂ ਵਿਚ ਪਰਮੇਸ਼ੁਰ ਦੇ ਲੋਕਾਂ ਦੀ ਵਫ਼ਾਦਾਰੀ ਪਰਖੀ ਜਾਵੇਗੀ। ਦੁਨੀਆਂ ਦੀਆਂ ਸਰਕਾਰਾਂ ਸਾਡੇ ’ਤੇ ਜ਼ੋਰ ਪਾਉਣਗੀਆਂ ਕਿ ਅਸੀਂ ਸਿਰਫ਼ ਉਨ੍ਹਾਂ ਦੀ ਹੀ ਭਗਤੀ ਕਰੀਏ। ਜਦੋਂ ਅਸੀਂ ਇੱਦਾਂ ਕਰਨ ਤੋਂ ਮਨਾਂ ਕਰਾਂਗੇ, ਤਾਂ ਉਹ ਸਾਡੇ ’ਤੇ ਜ਼ੁਲਮ ਕਰਨਗੇ। (ਪ੍ਰਕਾ. 13:12, 15) ਇਹ ਸਰਕਾਰਾਂ ‘ਸਾਰੇ ਵੱਡੇ ਤੇ ਛੋਟੇ, ਅਮੀਰ ਤੇ ਗ਼ਰੀਬ, ਆਜ਼ਾਦ ਤੇ ਗ਼ੁਲਾਮ ਲੋਕਾਂ ਨੂੰ ਮਜਬੂਰ ਕਰਨਗੀਆਂ ਕਿ ਉਹ ਆਪਣੇ ਸੱਜੇ ਹੱਥ ਉੱਤੇ ਜਾਂ ਆਪਣੇ ਮੱਥੇ ਉੱਤੇ ਨਿਸ਼ਾਨ ਲਗਵਾਉਣ।’ (ਪ੍ਰਕਾ. 13:16) ਪੁਰਾਣੇ ਸਮੇਂ ਵਿਚ ਗ਼ੁਲਾਮਾਂ ’ਤੇ ਨਿਸ਼ਾਨ ਲਗਾਇਆ ਜਾਂਦਾ ਸੀ ਜਿਸ ਤੋਂ ਪਤਾ ਲੱਗਦਾ ਸੀ ਕਿ ਉਨ੍ਹਾਂ ਦਾ ਮਾਲਕ ਕੌਣ ਹੈ। ਇਸੇ ਤਰ੍ਹਾਂ ਸਾਡੇ ਸਮੇਂ ਵਿਚ ਵੀ ਸਾਰਿਆਂ ਤੋਂ ਉਮੀਦ ਕੀਤੀ ਜਾਵੇਗੀ ਕਿ ਉਹ ਆਪਣੇ ਹੱਥ ਜਾਂ ਮੱਥੇ ਉੱਤੇ ਨਿਸ਼ਾਨ ਲਗਵਾਉਣ। ਲੋਕ ਆਪਣੇ ਵਿਚਾਰਾਂ ਅਤੇ ਕੰਮਾਂ ਰਾਹੀਂ ਸਰਕਾਰਾਂ ਦਾ ਸਾਥ ਦੇ ਕੇ ਦਿਖਾਉਣਗੇ ਕਿ ਉਹੀ ਉਨ੍ਹਾਂ ਦੀਆਂ ਮਾਲਕ ਹਨ।

16. ਅੱਜ ਸਾਡੇ ਲਈ ਯਹੋਵਾਹ ਦੇ ਵਫ਼ਾਦਾਰ ਰਹਿਣ ਦਾ ਇਰਾਦਾ ਪੱਕਾ ਕਰਨਾ ਜ਼ਰੂਰੀ ਕਿਉਂ ਹੈ?

16 ਕੀ ਅਸੀਂ ਇਹ ਨਿਸ਼ਾਨ ਲਗਵਾਵਾਂਗੇ ਅਤੇ ਦੁਨੀਆਂ ਦੀਆਂ ਸਰਕਾਰਾਂ ਦਾ ਸਾਥ ਦੇਵਾਂਗੇ? ਜੋ ਲੋਕ ਇਸ ਤਰ੍ਹਾਂ ਨਹੀਂ ਕਰਨਗੇ, ਉਨ੍ਹਾਂ ਨੂੰ ਕਈ ਮੁਸ਼ਕਲਾਂ ਝੱਲਣੀਆਂ ਪੈਣਗੀਆਂ ਅਤੇ ਉਨ੍ਹਾਂ ਦੀ ਜਾਨ ਵੀ ਖ਼ਤਰੇ ਵਿਚ ਹੋਵੇਗੀ। ਪ੍ਰਕਾਸ਼ ਦੀ ਕਿਤਾਬ ਅੱਗੇ ਕਹਿੰਦੀ ਹੈ: “ਜਿਨ੍ਹਾਂ ਉੱਤੇ ਇਹ ਨਿਸ਼ਾਨ ਨਹੀਂ ਹੈ, ਉਹ ਨਾ ਤਾਂ ਕੁਝ ਖ਼ਰੀਦ ਸਕਣਗੇ ਅਤੇ ਨਾ ਹੀ ਕੁਝ ਵੇਚ ਸਕਣਗੇ।” (ਪ੍ਰਕਾ. 13:17) ਪਰ ਪਰਮੇਸ਼ੁਰ ਦੇ ਲੋਕ ਜਾਣਦੇ ਹਨ ਕਿ ਪ੍ਰਕਾਸ਼ ਦੀ ਕਿਤਾਬ 14:9, 10 ਵਿਚ ਦੱਸਿਆ ਹੈ ਕਿ ਜਿਨ੍ਹਾਂ ਲੋਕਾਂ ’ਤੇ ਇਹ ਨਿਸ਼ਾਨ ਲੱਗਿਆ ਹੋਵੇਗਾ, ਯਹੋਵਾਹ ਉਨ੍ਹਾਂ ਨਾਲ ਕੀ ਕਰੇਗਾ। ਇਸ ਲਈ ਉਹ ਇਹ ਨਿਸ਼ਾਨ ਲਗਾਉਣ ਦੀ ਬਜਾਇ ਆਪਣੇ ਹੱਥ ’ਤੇ ਲਿਖਣਗੇ: “ਮੈਂ ਯਹੋਵਾਹ ਦਾ ਹਾਂ।” (ਯਸਾ. 44:5) ਇਹੀ ਸਮਾਂ ਹੈ ਕਿ ਅਸੀਂ ਯਹੋਵਾਹ ਦੇ ਵਫ਼ਾਦਾਰ ਰਹਿਣ ਦਾ ਆਪਣਾ ਇਰਾਦਾ ਪੱਕਾ ਕਰੀਏ। ਜੇ ਅਸੀਂ ਵਫ਼ਾਦਾਰ ਰਹਾਂਗੇ, ਤਾਂ ਯਹੋਵਾਹ ਖ਼ੁਸ਼ੀ-ਖ਼ੁਸ਼ੀ ਕਹੇਗਾ ਕਿ ਅਸੀਂ ਉਸ ਦੇ ਹਾਂ!

ਆਖ਼ਰੀ ਝਟਕਾ

17. ਸਾਨੂੰ ਯਹੋਵਾਹ ਦੇ ਧੀਰਜ ਬਾਰੇ ਕਿਹੜੀ ਗੱਲ ਯਾਦ ਰੱਖਣੀ ਚਾਹੀਦੀ ਹੈ?

17 ਇਨ੍ਹਾਂ ਆਖ਼ਰੀ ਦਿਨਾਂ ਵਿਚ ਯਹੋਵਾਹ ਬਹੁਤ ਧੀਰਜ ਦਿਖਾ ਰਿਹਾ ਹੈ। ਉਹ ਨਹੀਂ ਚਾਹੁੰਦਾ ਕਿ ਕਿਸੇ ਦਾ ਵੀ ਨਾਸ਼ ਹੋਵੇ। (2 ਪਤ. 3:9) ਉਹ ਸਾਰਿਆਂ ਨੂੰ ਤੋਬਾ ਕਰਨ ਅਤੇ ਉਸ ਦੀ ਭਗਤੀ ਕਰਨ ਦਾ ਮੌਕਾ ਦੇ ਰਿਹਾ ਹੈ, ਪਰ ਉਸ ਦੇ ਧੀਰਜ ਦੀ ਇਕ ਹੱਦ ਹੈ। ਜਿਹੜੇ ਲੋਕ ਇਹ ਮੌਕਾ ਆਪਣੇ ਹੱਥੋਂ ਗੁਆ ਦੇਣਗੇ, ਉਨ੍ਹਾਂ ਦਾ ਉਹੀ ਹਾਲ ਹੋਵੇਗਾ ਜੋ ਮੂਸਾ ਦੇ ਜ਼ਮਾਨੇ ਵਿਚ ਫ਼ਿਰਊਨ ਦਾ ਹੋਇਆ ਸੀ। ਯਹੋਵਾਹ ਨੇ ਫ਼ਿਰਊਨ ਨੂੰ ਕਿਹਾ ਸੀ: “ਮੈਂ ਚਾਹੁੰਦਾ ਤਾਂ ਮੈਂ ਤੇਰੇ ਉੱਤੇ ਅਤੇ ਤੇਰੇ ਲੋਕਾਂ ਉੱਤੇ ਜਾਨਲੇਵਾ ਮਹਾਂਮਾਰੀ ਲਿਆ ਕੇ ਹੁਣ ਤਕ ਤੈਨੂੰ ਧਰਤੀ ਤੋਂ ਮਿਟਾ ਦਿੱਤਾ ਹੁੰਦਾ। ਪਰ ਮੈਂ ਤੈਨੂੰ ਇਸੇ ਕਰਕੇ ਅਜੇ ਤਕ ਜੀਉਂਦਾ ਰੱਖਿਆ ਹੈ ਤਾਂਕਿ ਮੈਂ ਤੈਨੂੰ ਆਪਣੀ ਤਾਕਤ ਦਿਖਾਵਾਂ ਅਤੇ ਪੂਰੀ ਧਰਤੀ ਉੱਤੇ ਮੇਰੇ ਨਾਂ ਬਾਰੇ ਲੋਕਾਂ ਨੂੰ ਪਤਾ ਲੱਗੇ।” (ਕੂਚ 9:15, 16) ਬਹੁਤ ਜਲਦ ਸਾਰੀਆਂ ਕੌਮਾਂ ਨੂੰ ਜਾਣਨਾ ਹੀ ਪਵੇਗਾ ਕਿ ਸਿਰਫ਼ ਯਹੋਵਾਹ ਹੀ ਸੱਚਾ ਪਰਮੇਸ਼ੁਰ ਹੈ। (ਹਿਜ਼. 38:23) ਇਹ ਕਿਵੇਂ ਹੋਵੇਗਾ?

18. (ੳ) ਹੱਜਈ 2:6, 20-22 ਮੁਤਾਬਕ ਕਿਨ੍ਹਾਂ ਚੀਜ਼ਾਂ ਨੂੰ ਹਿਲਾਇਆ ਜਾਵੇਗਾ? (ਅ) ਅਸੀਂ ਕਿਵੇਂ ਜਾਣਦੇ ਹਾਂ ਕਿ ਇਹ ਗੱਲ ਭਵਿੱਖ ਵਿਚ ਪੂਰੀ ਹੋਵੇਗੀ?

18 ਹੱਜਈ 2:6, 20-22 ਪੜ੍ਹੋ। ਇਸ ਭਵਿੱਖਬਾਣੀ ਤੋਂ ਸਦੀਆਂ ਬਾਅਦ ਪੌਲੁਸ ਰਸੂਲ ਨੇ ਲਿਖਿਆ ਕਿ ਇਨ੍ਹਾਂ ਆਇਤਾਂ ਵਿਚ ਦੱਸੀ ਗੱਲ ਭਵਿੱਖ ਵਿਚ ਪੂਰੀ ਹੋਵੇਗੀ। ਪੌਲੁਸ ਨੇ ਲਿਖਿਆ: “ਹੁਣ ਉਸ ਨੇ ਵਾਅਦਾ ਕੀਤਾ ਹੈ: ‘ਮੈਂ ਇਕ ਵਾਰ ਫਿਰ ਧਰਤੀ ਨੂੰ ਹੀ ਨਹੀਂ, ਸਗੋਂ ਆਕਾਸ਼ ਨੂੰ ਵੀ ਹਿਲਾਵਾਂਗਾ।’ ਇਹ ਸ਼ਬਦ ‘ਇਕ ਵਾਰ ਫਿਰ’ ਦਿਖਾਉਂਦੇ ਹਨ ਕਿ ਹਿਲਾਈਆਂ ਜਾਣ ਵਾਲੀਆਂ ਚੀਜ਼ਾਂ ਨੂੰ ਖ਼ਤਮ ਕੀਤਾ ਜਾਵੇਗਾ ਯਾਨੀ ਉਨ੍ਹਾਂ ਚੀਜ਼ਾਂ ਨੂੰ ਜਿਹੜੀਆਂ ਪਰਮੇਸ਼ੁਰ ਨੇ ਨਹੀਂ ਬਣਾਈਆਂ ਹਨ ਤਾਂਕਿ ਹਿਲਾਈਆਂ ਨਾ ਜਾਣ ਵਾਲੀਆਂ ਚੀਜ਼ਾਂ ਕਾਇਮ ਰਹਿਣ।” (ਇਬ. 12:26, 27) ਹੱਜਈ 2:20-22 ਵਿਚ ਹਿਲਾਉਣ ਬਾਰੇ ਜੋ ਗੱਲ ਕੀਤੀ ਗਈ ਹੈ, ਉਹ ਹੱਜਈ 2:7 ਤੋਂ ਵੱਖਰੀ ਹੈ। ਇਨ੍ਹਾਂ ਆਇਤਾਂ ਮੁਤਾਬਕ ਜੋ ਲੋਕ ਫ਼ਿਰਊਨ ਵਾਂਗ ਯਹੋਵਾਹ ਦੇ ਰਾਜ ਕਰਨ ਦੇ ਹੱਕ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰਨਗੇ, ਉਨ੍ਹਾਂ ਦਾ ਹਮੇਸ਼ਾ ਲਈ ਨਾਸ਼ ਕੀਤਾ ਜਾਵੇਗਾ।

19. ਕਿਹੜੀ ਚੀਜ਼ ਨਹੀਂ ਹਿਲਾਈ ਜਾਵੇਗੀ ਅਤੇ ਅਸੀਂ ਇਹ ਕਿਵੇਂ ਜਾਣਦੇ ਹਾਂ?

19 ਕਿਸ ਚੀਜ਼ ਨੂੰ ਨਹੀਂ ਹਿਲਾਇਆ ਜਾਵੇਗਾ? ਪੌਲੁਸ ਨੇ ਅੱਗੇ ਕਿਹਾ: “ਸਾਨੂੰ ਉਹ ਰਾਜ ਮਿਲੇਗਾ ਜਿਸ ਨੂੰ ਹਿਲਾਇਆ ਨਹੀਂ ਜਾ ਸਕਦਾ, ਇਸ ਲਈ ਆਓ ਆਪਾਂ ਪਰਮੇਸ਼ੁਰ ਤੋਂ ਅਪਾਰ ਕਿਰਪਾ ਪਾਉਂਦੇ ਰਹੀਏ ਜਿਸ ਰਾਹੀਂ ਅਸੀਂ ਡਰ ਅਤੇ ਸ਼ਰਧਾ ਨਾਲ ਪਵਿੱਤਰ ਸੇਵਾ ਕਰੀਏ ਜੋ ਉਸ ਨੂੰ ਮਨਜ਼ੂਰ ਹੋਵੇ।” (ਇਬ. 12:28) ਸਾਰੀਆਂ ਹਕੂਮਤਾਂ ਦੇ ਨਾਸ਼ ਹੋ ਜਾਣ ਤੋਂ ਬਾਅਦ ਸਿਰਫ਼ ਪਰਮੇਸ਼ੁਰ ਦਾ ਰਾਜ ਹੀ ਹਮੇਸ਼ਾ ਲਈ ਕਾਇਮ ਰਹੇਗਾ। ਇਸ ਨੂੰ ਕਦੇ ਨਹੀਂ ਹਿਲਾਇਆ ਜਾਵੇਗਾ!​—ਜ਼ਬੂ. 110:5, 6; ਦਾਨੀ. 2:44.

20. ਲੋਕਾਂ ਨੂੰ ਕਿਹੜਾ ਫ਼ੈਸਲਾ ਕਰਨਾ ਹੀ ਪੈਣਾ ਅਤੇ ਅਸੀਂ ਉਨ੍ਹਾਂ ਦੀ ਮਦਦ ਕਿਵੇਂ ਕਰ ਸਕਦੇ ਹਾਂ?

20 ਹੁਣ ਜ਼ਿਆਦਾ ਸਮਾਂ ਨਹੀਂ ਰਹਿ ਗਿਆ! ਇਸ ਲਈ ਲੋਕਾਂ ਨੂੰ ਇਹ ਫ਼ੈਸਲਾ ਕਰਨਾ ਹੀ ਪੈਣਾ ਕਿ ਉਹ ਕਿਸ ਦਾ ਪੱਖ ਲੈਣਗੇ। ਜੇ ਉਹ ਦੁਨੀਆਂ ਦਾ ਸਾਥ ਦੇਣਗੇ, ਤਾਂ ਉਹ ਨਾਸ਼ ਹੋ ਜਾਣਗੇ। ਪਰ ਜੇ ਉਹ ਪਰਮੇਸ਼ੁਰ ਦੀ ਸੇਵਾ ਕਰਨ ਦਾ ਫ਼ੈਸਲਾ ਕਰਨਗੇ ਅਤੇ ਆਪਣੀ ਜ਼ਿੰਦਗੀ ਵਿਚ ਤਬਦੀਲੀਆਂ ਕਰਨਗੇ, ਤਾਂ ਉਨ੍ਹਾਂ ਨੂੰ ਹਮੇਸ਼ਾ ਦੀ ਜ਼ਿੰਦਗੀ ਮਿਲੇਗੀ। (ਇਬ. 12:25) ਲੋਕਾਂ ਲਈ ਜ਼ਰੂਰੀ ਹੈ ਕਿ ਉਹ ਪਰਮੇਸ਼ੁਰ ਦੇ ਰਾਜ ਦਾ ਪੱਖ ਲੈਣ ਦਾ ਫ਼ੈਸਲਾ ਕਰਨ। ਪ੍ਰਚਾਰ ਕਰ ਕੇ ਅਸੀਂ ਉਨ੍ਹਾਂ ਦੀ ਇਹ ਫ਼ੈਸਲਾ ਲੈਣ ਵਿਚ ਮਦਦ ਕਰ ਸਕਦੇ ਹਾਂ। ਇਸ ਲਈ ਆਓ ਆਪਾਂ ਪ੍ਰਚਾਰ ਕਰਦੇ ਰਹੀਏ ਅਤੇ ਯਿਸੂ ਦੀ ਇਹ ਗੱਲ ਯਾਦ ਰੱਖੀਏ: “ਸਾਰੀਆਂ ਕੌਮਾਂ ਨੂੰ ਗਵਾਹੀ ਦੇਣ ਲਈ ਰਾਜ ਦੀ ਇਸ ਖ਼ੁਸ਼ ਖ਼ਬਰੀ ਦਾ ਪ੍ਰਚਾਰ ਪੂਰੀ ਦੁਨੀਆਂ ਵਿਚ ਕੀਤਾ ਜਾਵੇਗਾ, ਫਿਰ ਅੰਤ ਆਵੇਗਾ।”​—ਮੱਤੀ 24:14.

ਗੀਤ 71 ਫ਼ੌਜੀ ਯਹੋਵਾਹ ਤੇਰੇ!

^ ਪੈਰਾ 5 ਇਸ ਲੇਖ ਵਿਚ ਅਸੀਂ ਹੱਜਈ 2:7 ਦੀ ਭਵਿੱਖਬਾਣੀ ਦੀ ਸਮਝ ਵਿਚ ਹੋਏ ਫੇਰ-ਬਦਲ ਬਾਰੇ ਗੱਲ ਕਰਾਂਗੇ। ਅਸੀਂ ਜਾਣਾਂਗੇ ਕਿ ਅਸੀਂ ਕਿਸ ਤਰ੍ਹਾਂ ਵਧ-ਚੜ੍ਹ ਕੇ ਉਸ ਕੰਮ ਵਿਚ ਹਿੱਸਾ ਲੈ ਸਕਦੇ ਹਾਂ ਜਿਸ ਰਾਹੀਂ ਸਾਰੀਆਂ ਕੌਮਾਂ ਨੂੰ ਹਿਲਾਇਆ ਜਾ ਰਿਹਾ ਹੈ। ਨਾਲੇ ਅਸੀਂ ਇਹ ਵੀ ਸਿੱਖਾਂਗੇ ਕਿ ਇਹ ਕੰਮ ਕਿਉਂ ਕੁਝ ਲੋਕਾਂ ਨੂੰ ਚੰਗਾ ਲੱਗਦਾ ਹੈ ਅਤੇ ਕੁਝ ਲੋਕਾਂ ਨੂੰ ਨਹੀਂ।

^ ਪੈਰਾ 4 ਹੱਜਈ ਨੇ ਆਪਣਾ ਕੰਮ ਚੰਗੀ ਤਰ੍ਹਾਂ ਕੀਤਾ ਕਿਉਂਕਿ 515 ਈਸਵੀ ਪੂਰਵ ਵਿਚ ਯਹੂਦੀਆਂ ਨੇ ਮੰਦਰ ਬਣਾਉਣ ਦਾ ਕੰਮ ਪੂਰਾ ਕਰ ਲਿਆ।

^ ਪੈਰਾ 10 ਪਹਿਲਾਂ ਅਸੀਂ ਕਹਿੰਦੇ ਸੀ ਕਿ ਸਾਰੀਆਂ ਕੌਮਾਂ ਨੂੰ ਹਿਲਾਏ ਜਾਣ ਕਰਕੇ ਲੋਕ ਯਹੋਵਾਹ ਵੱਲ ਨਹੀਂ ਆਉਂਦੇ ਸਨ। ਇਸ ਬਾਰੇ 15 ਮਈ 2006 ਦੇ ਪਹਿਰਾਬੁਰਜ ਵਿਚ “ਪਾਠਕਾਂ ਵੱਲੋਂ ਸਵਾਲ” ਪੜ੍ਹੋ। ਹੁਣ ਸਾਡੀ ਇਸ ਸਮਝ ਵਿਚ ਸੁਧਾਰ ਕੀਤਾ ਗਿਆ ਹੈ।

^ ਪੈਰਾ 63 ਤਸਵੀਰਾਂ ਬਾਰੇ ਜਾਣਕਾਰੀ: ਹੱਜਈ ਨੇ ਪਰਮੇਸ਼ੁਰ ਦੇ ਲੋਕਾਂ ਦਾ ਜੋਸ਼ ਵਧਾਇਆ ਤਾਂਕਿ ਉਹ ਮੰਦਰ ਬਣਾਉਣ ਦਾ ਕੰਮ ਪੂਰਾ ਕਰ ਸਕਣ। ਅੱਜ ਪਰਮੇਸ਼ੁਰ ਦੇ ਲੋਕ ਪੂਰੇ ਜੋਸ਼ ਨਾਲ ਰਾਜ ਦਾ ਸੰਦੇਸ਼ ਸੁਣਾਉਂਦੇ ਹਨ। ਇਕ ਪਤੀ-ਪਤਨੀ ਪ੍ਰਚਾਰ ਕਰ ਰਹੇ ਹਨ ਕਿ ਬਹੁਤ ਜਲਦੀ ਪਰਮੇਸ਼ੁਰ ਇਸ ਦੁਨੀਆਂ ਦਾ ਨਾਸ਼ ਕਰਨ ਵਾਲਾ ਹੈ।