Skip to content

Skip to table of contents

ਅਧਿਐਨ ਲੇਖ 39

ਨਰਮਾਈ ਤੁਹਾਡੀ ਕਮਜ਼ੋਰੀ ਨਹੀਂ, ਤਾਕਤ ਹੈ!

ਨਰਮਾਈ ਤੁਹਾਡੀ ਕਮਜ਼ੋਰੀ ਨਹੀਂ, ਤਾਕਤ ਹੈ!

“ਪਰਮੇਸ਼ੁਰ ਦੇ ਸੇਵਕ ਨੂੰ ਲੜਨ ਦੀ ਲੋੜ ਨਹੀਂ, ਸਗੋਂ ਉਸ ਨੂੰ ਸਾਰਿਆਂ ਨਾਲ ਨਰਮਾਈ ਨਾਲ ਪੇਸ਼ ਆਉਣਾ ਚਾਹੀਦਾ ਹੈ।”​—2 ਤਿਮੋ. 2:24.

ਗੀਤ 120 ਯਿਸੂ ਵਾਂਗ ਨਰਮ-ਦਿਲ ਬਣੋ

ਖ਼ਾਸ ਗੱਲਾਂ a

1. ਕੰਮ ʼਤੇ ਜਾਂ ਸਕੂਲ ਵਿਚ ਸਾਨੂੰ ਸ਼ਾਇਦ ਕਿਸ ਬਾਰੇ ਪੁੱਛਿਆ ਜਾਵੇ?

 ਜੇ ਤੁਹਾਡੇ ਨਾਲ ਕੋਈ ਕੰਮ ਕਰਨ ਵਾਲਾ ਜਾਂ ਪੜ੍ਹਨ ਵਾਲਾ ਤੁਹਾਡੇ ਵਿਸ਼ਵਾਸਾਂ ਬਾਰੇ ਪੁੱਛਦਾ ਹੈ, ਤਾਂ ਤੁਹਾਨੂੰ ਕਿੱਦਾਂ ਲੱਗਦਾ ਹੈ? ਕੀ ਤੁਸੀਂ ਘਬਰਾ ਜਾਂਦੇ ਹੋ? ਸਾਡੇ ਵਿੱਚੋਂ ਜ਼ਿਆਦਾਤਰ ਜਣੇ ਘਬਰਾ ਜਾਂਦੇ ਹਨ। ਪਰ ਅਜਿਹੇ ਸਵਾਲ ਪੁੱਛਣ ਕਰਕੇ ਸਾਡੀ ਇਹ ਸਮਝਣ ਵਿਚ ਮਦਦ ਹੋ ਸਕਦੀ ਹੈ ਕਿ ਉਹ ਵਿਅਕਤੀ ਕੀ ਸੋਚਦਾ ਹੈ ਅਤੇ ਉਸ ਦੇ ਕੀ ਵਿਸ਼ਵਾਸ ਹਨ। ਇਸ ਕਰਕੇ ਸਾਨੂੰ ਉਸ ਵਿਅਕਤੀ ਨੂੰ ਖ਼ੁਸ਼ ਖ਼ਬਰੀ ਸੁਣਾਉਣ ਦਾ ਮੌਕਾ ਮਿਲਦਾ ਹੈ। ਪਰ ਕਦੇ-ਕਦਾਈਂ ਉਹ ਇਸ ਕਰਕੇ ਸਾਨੂੰ ਸਵਾਲ ਪੁੱਛਦੇ ਹਨ ਕਿਉਂਕਿ ਉਹ ਸਾਡੇ ਨਾਲ ਸਹਿਮਤ ਨਹੀਂ ਹੁੰਦੇ ਜਾਂ ਸਾਡੇ ਨਾਲ ਬਹਿਸ ਕਰਨੀ ਚਾਹੁੰਦੇ ਹਨ। ਇੱਦਾਂ ਹੋਣ ʼਤੇ ਅਸੀਂ ਹੈਰਾਨ ਨਹੀਂ ਹੁੰਦੇ। ਕਿਉਂ? ਕਿਉਂਕਿ ਕੁਝ ਲੋਕਾਂ ਨੂੰ ਸਾਡੇ ਵਿਸ਼ਵਾਸਾਂ ਬਾਰੇ ਪੂਰੀ ਜਾਣਕਾਰੀ ਨਹੀਂ ਹੁੰਦੀ ਜਾਂ ਉਨ੍ਹਾਂ ਨੂੰ ਸਾਡੇ ਬਾਰੇ ਗ਼ਲਤ ਜਾਣਕਾਰੀ ਦਿੱਤੀ ਗਈ ਹੁੰਦੀ ਹੈ। (ਰਸੂ. 28:22) ਨਾਲੇ ਅਸੀਂ ‘ਆਖ਼ਰੀ ਦਿਨਾਂ’ ਵਿਚ ਰਹਿ ਰਹੇ ਹਾਂ ਅਤੇ ਇਸ ਸਮੇਂ ਦੌਰਾਨ ਜ਼ਿਆਦਾਤਰ ਲੋਕ “ਕਿਸੇ ਵੀ ਗੱਲ ʼਤੇ ਰਾਜ਼ੀ” ਨਹੀਂ ਹੁੰਦੇ ਅਤੇ ਇੱਥੋਂ ਤਕ ਕਿ ਉਹ “ਵਹਿਸ਼ੀ” ਹਨ।​—2 ਤਿਮੋ. 3:1, 3.

2. ਨਰਮਾਈ ਦਾ ਗੁਣ ਹੋਣਾ ਕਿਉਂ ਜ਼ਰੂਰੀ ਹੈ?

2 ਤੁਸੀਂ ਸ਼ਾਇਦ ਸੋਚੋ, ‘ਜਦੋਂ ਕੋਈ ਮੇਰੇ ਬਾਈਬਲ-ਆਧਾਰਿਤ ਵਿਸ਼ਵਾਸਾਂ ʼਤੇ ਸਵਾਲ ਖੜ੍ਹਾ ਕਰਦਾ ਹੈ, ਤਾਂ ਮੈਂ ਪਿਆਰ ਤੇ ਸਲੀਕੇ ਨਾਲ ਕਿਵੇਂ ਜਵਾਬ ਦੇ ਸਕਦਾ ਹਾਂ?’ ਕਿਹੜੀ ਗੱਲ ਤੁਹਾਡੀ ਇੱਦਾਂ ਕਰਨ ਵਿਚ ਮਦਦ ਕਰ ਸਕਦੀ ਹੈ? ਨਰਮਾਈ ਦਾ ਗੁਣ। ਜਦੋਂ ਨਰਮਾਈ ਨਾਲ ਪੇਸ਼ ਆਉਣ ਵਾਲੇ ਵਿਅਕਤੀ ਨੂੰ ਗੁੱਸਾ ਚੜ੍ਹਾਇਆ ਜਾਂਦਾ ਹੈ ਜਾਂ ਉਸ ਨੂੰ ਇਹ ਪਤਾ ਨਹੀਂ ਲੱਗਦਾ ਕਿ ਉਹ ਕਿਵੇਂ ਜਵਾਬ ਦੇਵੇ, ਤਾਂ ਵੀ ਉਹ ਗੁੱਸੇ ਵਿਚ ਭੜਕਦਾ ਨਹੀਂ, ਸਗੋਂ ਆਪਣੇ ਆਪ ʼਤੇ ਕਾਬੂ ਰੱਖਦਾ ਹੈ। (ਕਹਾ. 16:32) ਤੁਸੀਂ ਸ਼ਾਇਦ ਸੋਚੋ ਕਿ ਇੱਦਾਂ ਕਹਿਣਾ ਤਾਂ ਬਹੁਤ ਸੌਖਾ ਹੈ, ਪਰ ਕਰਨਾ ਬਹੁਤ ਔਖਾ। ਤੁਸੀਂ ਹੋਰ ਜ਼ਿਆਦਾ ਨਰਮਾਈ ਨਾਲ ਕਿਵੇਂ ਪੇਸ਼ ਆ ਸਕਦੇ ਹਾਂ? ਜੇ ਕੋਈ ਤੁਹਾਡੇ ਵਿਸ਼ਵਾਸਾਂ ʼਤੇ ਸਵਾਲ ਖੜ੍ਹਾ ਕਰਦਾ ਹੈ, ਤਾਂ ਤੁਸੀਂ ਉਸ ਨੂੰ ਨਰਮਾਈ ਨਾਲ ਕਿਵੇਂ ਜਵਾਬ ਦੇ ਸਕਦੇ ਹੋ? ਨਾਲੇ ਜੇ ਤੁਸੀਂ ਮਾਪੇ ਹੋ, ਤਾਂ ਤੁਸੀਂ ਆਪਣੇ ਬੱਚਿਆਂ ਦੀ ਕਿਵੇਂ ਮਦਦ ਕਰ ਸਕਦੇ ਹੋ ਤਾਂਕਿ ਉਹ ਨਰਮਾਈ ਨਾਲ ਆਪਣੀ ਨਿਹਚਾ ਦੇ ਪੱਖ ਵਿਚ ਬੋਲ ਸਕਣ। ਆਓ ਆਪਾਂ ਇਨ੍ਹਾਂ ਸਵਾਲਾਂ ਦੇ ਜਵਾਬ ਜਾਣੀਏ।

ਅਸੀਂ ਹੋਰ ਜ਼ਿਆਦਾ ਨਰਮਾਈ ਨਾਲ ਕਿਵੇਂ ਪੇਸ਼ ਆਈਏ?

3. ਅਸੀਂ ਇਹ ਕਿਉਂ ਕਹਿ ਸਕਦੇ ਹਾਂ ਕਿ ਨਰਮਾਈ ਨਾਲ ਪੇਸ਼ ਆਉਣਾ ਕਮਜ਼ੋਰੀ ਦੀ ਨਹੀਂ, ਸਗੋਂ ਤਾਕਤ ਦੀ ਨਿਸ਼ਾਨੀ ਹੈ? (2 ਤਿਮੋਥਿਉਸ 2:24, 25)

3 ਨਰਮਾਈ ਕਮਜ਼ੋਰੀ ਦੀ ਨਹੀਂ, ਸਗੋਂ ਤਾਕਤ ਦੀ ਨਿਸ਼ਾਨੀ ਹੈ। ਕਿਸੇ ਔਖੇ ਹਾਲਾਤ ਵਿਚ ਸ਼ਾਂਤ ਰਹਿਣ ਲਈ ਤਾਕਤ ਦੀ ਲੋੜ ਹੁੰਦੀ ਹੈ। ਨਰਮਾਈ “ਪਵਿੱਤਰ ਸ਼ਕਤੀ” ਦਾ ਇਕ ਗੁਣ ਹੈ। (ਗਲਾ. 5:22, 23) ਬਾਈਬਲ ਵਿਚ “ਨਰਮਾਈ” ਲਈ ਜੋ ਯੂਨਾਨੀ ਸ਼ਬਦ ਵਰਤਿਆ ਗਿਆ ਹੈ, ਉਹ ਉਸ ਜੰਗਲੀ ਘੋੜੇ ਲਈ ਵਰਤਿਆ ਗਿਆ ਸੀ ਜਿਸ ਨੂੰ ਕਾਬੂ ਕਰ ਲਿਆ ਜਾਂਦਾ ਸੀ। ਜ਼ਰਾ ਇਕ ਜੰਗਲੀ ਘੋੜੇ ਦੀ ਕਲਪਨਾ ਕਰੋ ਜੋ ਸ਼ਾਂਤ ਹੋ ਗਿਆ ਹੈ। ਭਾਵੇਂ ਕਿ ਘੋੜਾ ਸ਼ਾਂਤ ਹੈ, ਪਰ ਉਹ ਅਜੇ ਵੀ ਤਾਕਤਵਰ ਹੈ। ਅਸੀਂ ਕਿਵੇਂ ਹੋਰ ਵੀ ਜ਼ਿਆਦਾ ਨਰਮਾਈ ਨਾਲ ਪੇਸ਼ ਆ ਸਕਦੇ ਹਾਂ ਅਤੇ ਤਾਕਤਵਰ ਬਣ ਸਕਦੇ ਹਾਂ? ਅਸੀਂ ਆਪਣੀ ਤਾਕਤ ਨਾਲ ਇੱਦਾਂ ਨਹੀਂ ਕਰ ਸਕਦੇ। ਇਹ ਵਧੀਆ ਗੁਣ ਪੈਦਾ ਕਰਨ ਲਈ ਸਾਨੂੰ ਪਰਮੇਸ਼ੁਰ ਨੂੰ ਪਵਿੱਤਰ ਸ਼ਕਤੀ ਲਈ ਪ੍ਰਾਰਥਨਾ ਕਰਨ ਦੀ ਲੋੜ ਹੈ। ਬਹੁਤ ਸਾਰੇ ਗਵਾਹਾਂ ਨੇ ਨਰਮਾਈ ਨਾਲ ਪੇਸ਼ ਆਉਣਾ ਸਿੱਖਿਆ ਹੈ। ਉਨ੍ਹਾਂ ਨੇ ਉਦੋਂ ਨਰਮਾਈ ਦਿਖਾਈ ਜਦੋਂ ਵਿਰੋਧੀਆਂ ਨੇ ਉਨ੍ਹਾਂ ਨੂੰ ਗੁੱਸਾ ਚੜ੍ਹਾਇਆ। ਉਨ੍ਹਾਂ ਦੇ ਇਸ ਰਵੱਈਏ ਕਰਕੇ ਦੂਜਿਆਂ ʼਤੇ ਚੰਗਾ ਅਸਰ ਪਿਆ। (2 ਤਿਮੋਥਿਉਸ 2:24, 25 ਪੜ੍ਹੋ।) ਤੁਸੀਂ ਨਰਮਾਈ ਨੂੰ ਆਪਣੀ ਤਾਕਤ ਕਿਵੇਂ ਬਣਾ ਸਕਦੇ ਹੋ?

4. ਇਸਹਾਕ ਤੋਂ ਅਸੀਂ ਨਰਮਾਈ ਨਾਲ ਪੇਸ਼ ਆਉਣ ਬਾਰੇ ਕੀ ਸਿੱਖ ਸਕਦੇ ਹਾਂ?

4 ਬਾਈਬਲ ਵਿਚ ਅਜਿਹੇ ਬਹੁਤ ਸਾਰੇ ਬਿਰਤਾਂਤ ਦਰਜ ਹਨ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਨਰਮਾਈ ਨਾਲ ਪੇਸ਼ ਆਉਣਾ ਕਿੰਨਾ ਜ਼ਰੂਰੀ ਹੈ। ਜ਼ਰਾ ਇਸਹਾਕ ਦੀ ਮਿਸਾਲ ʼਤੇ ਗੌਰ ਕਰੋ। ਜਦੋਂ ਉਹ ਫਲਿਸਤੀਆਂ ਦੇ ਇਲਾਕੇ ਗਰਾਰ ਵਿਚ ਰਹਿ ਰਿਹਾ ਸੀ, ਤਾਂ ਉਸ ਦੇ ਗੁਆਂਢੀ ਉਸ ਨਾਲ ਈਰਖਾ ਕਰਨ ਲੱਗ ਪਏ। ਫਲਿਸਤੀਆਂ ਨੇ ਉਹ ਸਾਰੇ ਖੂਹ ਮਿੱਟੀ ਨਾਲ ਪੂਰ ਦਿੱਤੇ ਜਿਹੜੇ ਉਸ ਦੇ ਪਿਤਾ ਦੇ ਨੌਕਰਾਂ ਨੇ ਪੁੱਟੇ ਸਨ। ਆਪਣੇ ਹੱਕਾਂ ਲਈ ਲੜਨ ਦੀ ਬਜਾਇ ਉਹ ਆਪਣੇ ਘਰਾਣੇ ਨਾਲ ਉਸ ਜਗ੍ਹਾ ਤੋਂ ਥੋੜ੍ਹਾ ਦੂਰ ਕਿਸੇ ਹੋਰ ਇਲਾਕੇ ਵਿਚ ਚਲਾ ਗਿਆ ਅਤੇ ਉੱਥੇ ਖੂਹ ਪੁੱਟੇ। (ਉਤ. 26:12-18) ਪਰ ਫਲਿਸਤੀਆਂ ਨੇ ਦਾਅਵਾ ਕੀਤਾ ਕਿ ਇਸ ਇਲਾਕੇ ਦੇ ਖੂਹ ਵੀ ਉਨ੍ਹਾਂ ਦੇ ਹੀ ਸਨ। ਇੱਦਾਂ ਹੋਣ ʼਤੇ ਵੀ ਇਸਹਾਕ ਉਨ੍ਹਾਂ ਨਾਲ ਸ਼ਾਂਤੀ ਨਾਲ ਪੇਸ਼ ਆਇਆ। (ਉਤ. 26:19-25) ਜਦੋਂ ਦੂਜਿਆਂ ਨੇ ਇਸਹਾਕ ਨੂੰ ਗੁੱਸਾ ਚੜ੍ਹਾਉਣ ਦੀ ਠਾਣੀ ਹੋਈ ਸੀ, ਤਾਂ ਵੀ ਕਿਹੜੀ ਗੱਲ ਨੇ ਇਸਹਾਕ ਦੀ ਨਰਮਾਈ ਨਾਲ ਪੇਸ਼ ਆਉਣ ਵਿਚ ਮਦਦ ਕੀਤੀ? ਬਿਨਾਂ ਸ਼ੱਕ, ਉਸ ਨੇ ਆਪਣੇ ਮਾਪਿਆਂ ਦੀ ਮਿਸਾਲ ਤੋਂ ਸਿੱਖਿਆ ਹੋਣਾ। ਉਸ ਨੇ ਗੌਰ ਕੀਤਾ ਹੋਣਾ ਕਿ ਉਸ ਦਾ ਪਿਤਾ ਅਬਰਾਹਾਮ ਕਿਵੇਂ ਸ਼ਾਂਤੀ ਨਾਲ ਪੇਸ਼ ਆਉਂਦਾ ਸੀ ਅਤੇ ਉਸ ਦੀ ਮਾਂ ਸਾਰਾਹ “ਸ਼ਾਂਤ ਅਤੇ ਨਰਮ ਸੁਭਾਅ” ਦੀ ਸੀ।​—1 ਪਤ. 3:4-6; ਉਤ. 21:22-34.

5. ਕਿਹੜੀ ਮਿਸਾਲ ਤੋਂ ਪਤਾ ਲੱਗਦਾ ਹੈ ਕਿ ਮਾਪੇ ਆਪਣੇ ਬੱਚਿਆਂ ਨੂੰ ਨਰਮਾਈ ਨਾਲ ਪੇਸ਼ ਆਉਣਾ ਸਿਖਾ ਸਕਦੇ ਹਨ?

5 ਮਸੀਹੀ ਮਾਪਿਓ, ਭਰੋਸਾ ਰੱਖੋ ਕਿ ਤੁਸੀਂ ਵੀ ਆਪਣੇ ਬੱਚਿਆਂ ਨੂੰ ਸਿਖਾ ਸਕਦੇ ਹੋ ਕਿ ਨਰਮਾਈ ਨਾਲ ਪੇਸ਼ ਆਉਣਾ ਕਿੰਨਾ ਜ਼ਰੂਰੀ ਹੈ। ਜ਼ਰਾ 17 ਸਾਲਾਂ ਦੇ ਮੈਕਸਨਸ ਦੀ ਮਿਸਾਲ ʼਤੇ ਗੌਰ ਕਰੋ। ਸਕੂਲ ਅਤੇ ਪ੍ਰਚਾਰ ਵਿਚ ਉਸ ਦਾ ਵਾਹ ਅਕਸਰ ਗੁੱਸੇਖ਼ੋਰ ਲੋਕਾਂ ਨਾਲ ਪੈਂਦਾ ਸੀ। ਉਸ ਦੇ ਮਾਪਿਆਂ ਨੇ ਧੀਰਜ ਨਾਲ ਉਸ ਦੀ ਮਦਦ ਕੀਤੀ ਕਿ ਉਹ ਆਪਣੇ ਵਿਚ ਨਰਮਾਈ ਦਾ ਗੁਣ ਪੈਦਾ ਕਰ ਸਕੇ। ਉਹ ਕਹਿੰਦੇ ਹਨ: “ਮੈਕਸਨਸ ਹੁਣ ਸਮਝ ਗਿਆ ਹੈ ਕਿ ਇੱਟ ਦਾ ਜਵਾਬ ਪੱਥਰ ਨਾਲ ਦੇਣਾ ਤਾਂ ਬੜਾ ਸੌਖਾ ਹੈ, ਪਰ ਜੋ ਖ਼ੁਦ ʼਤੇ ਕਾਬੂ ਰੱਖਦਾ ਹੈ, ਉਹ ਅਸਲ ਵਿਚ ਤਾਕਤਵਰ ਹੁੰਦਾ ਹੈ।” ਕਿੰਨੀ ਖ਼ੁਸ਼ੀ ਦੀ ਗੱਲ ਹੈ ਕਿ ਮੈਕਸਨਸ ਸਮਝ ਗਿਆ ਕਿ ਨਰਮਾਈ ਨਾਲ ਪੇਸ਼ ਆਉਣਾ ਕਮਜ਼ੋਰੀ ਦੀ ਨਹੀਂ, ਸਗੋਂ ਤਾਕਤ ਦੀ ਨਿਸ਼ਾਨੀ ਹੈ!

6. ਨਰਮਾਈ ਨਾਲ ਪੇਸ਼ ਆਉਣ ਵਿਚ ਪ੍ਰਾਰਥਨਾ ਸਾਡੀ ਕਿਵੇਂ ਮਦਦ ਕਰ ਸਕਦੀ ਹੈ?

6 ਅਸੀਂ ਉਦੋਂ ਕੀ ਕਰ ਸਕਦੇ ਹਾਂ ਜਦੋਂ ਕੋਈ ਸਾਨੂੰ ਗੁੱਸਾ ਚੜ੍ਹਾਉਂਦਾ ਹੈ, ਜਿਵੇਂ ਕਿ ਜਦੋਂ ਕੋਈ ਪਰਮੇਸ਼ੁਰ ਦੇ ਨਾਂ ਨੂੰ ਬਦਨਾਮ ਕਰਦਾ ਹੈ ਜਾਂ ਬਾਈਬਲ ਦਾ ਮਜ਼ਾਕ ਉਡਾਉਂਦਾ ਹੈ? ਸਾਨੂੰ ਉਸੇ ਵੇਲੇ ਯਹੋਵਾਹ ਤੋਂ ਪਵਿੱਤਰ ਸ਼ਕਤੀ ਅਤੇ ਬੁੱਧ ਮੰਗਣੀ ਚਾਹੀਦੀ ਹੈ ਤਾਂਕਿ ਅਸੀਂ ਉਸ ਵਿਅਕਤੀ ਨੂੰ ਨਰਮਾਈ ਨਾਲ ਜਵਾਬ ਦੇ ਸਕੀਏ। ਪਰ ਉਦੋਂ ਕੀ ਜੇ ਬਾਅਦ ਵਿਚ ਸਾਨੂੰ ਅਹਿਸਾਸ ਹੁੰਦਾ ਹੈ ਕਿ ਅਸੀਂ ਉੱਨੇ ਵਧੀਆ ਤਰੀਕੇ ਨਾਲ ਜਵਾਬ ਨਹੀਂ ਦਿੱਤਾ ਜਿੰਨੇ ਵਧੀਆ ਤਰੀਕੇ ਨਾਲ ਸਾਨੂੰ ਦੇਣਾ ਚਾਹੀਦਾ ਸੀ? ਅਸੀਂ ਇਸ ਮਾਮਲੇ ਬਾਰੇ ਦੁਬਾਰਾ ਤੋਂ ਪ੍ਰਾਰਥਨਾ ਕਰ ਸਕਦੇ ਹਾਂ ਅਤੇ ਸੋਚ ਸਕਦੇ ਹਾਂ ਕਿ ਅਸੀਂ ਅਗਲੀ ਵਾਰ ਹੋਰ ਵਧੀਆ ਤਰੀਕੇ ਨਾਲ ਜਵਾਬ ਕਿਵੇਂ ਦੇ ਸਕਦੇ ਹਾਂ। ਬਦਲੇ ਵਿਚ, ਯਹੋਵਾਹ ਸਾਨੂੰ ਪਵਿੱਤਰ ਸ਼ਕਤੀ ਦੇਵੇਗਾ ਤਾਂਕਿ ਅਸੀਂ ਆਪਣੇ ਗੁੱਸੇ ʼਤੇ ਕਾਬੂ ਰੱਖ ਸਕੀਏ ਅਤੇ ਨਰਮਾਈ ਨਾਲ ਪੇਸ਼ ਆ ਸਕੀਏ।

7. ਬਾਈਬਲ ਦੀਆਂ ਕੁਝ ਆਇਤਾਂ ਯਾਦ ਕਰ ਕੇ ਅਸੀਂ ਔਖੇ ਹਾਲਾਤਾਂ ਵਿਚ ਵੀ ਨਰਮਾਈ ਨਾਲ ਕਿਵੇਂ ਪੇਸ਼ ਆ ਸਕਦੇ ਹਾਂ? (ਕਹਾਉਤਾਂ 15:1, 18)

7 ਜਦੋਂ ਸਾਡੇ ਲਈ ਨਰਮਾਈ ਨਾਲ ਪੇਸ਼ ਆਉਣਾ ਔਖਾ ਹੁੰਦਾ ਹੈ, ਤਾਂ ਬਾਈਬਲ ਦੀਆਂ ਬਹੁਤ ਸਾਰੀਆਂ ਆਇਤਾਂ ਸਾਡੀ ਮਦਦ ਕਰ ਸਕਦੀਆਂ ਹਨ। ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਸਾਨੂੰ ਇਹ ਆਇਤਾਂ ਯਾਦ ਕਰਾ ਸਕਦੀ ਹੈ। (ਯੂਹੰ. 14:26) ਉਦਾਹਰਣ ਲਈ, ਕਹਾਉਤਾਂ ਦੀ ਕਿਤਾਬ ਵਿਚ ਦਿੱਤੇ ਅਸੂਲ ਨਰਮਾਈ ਨਾਲ ਪੇਸ਼ ਆਉਣ ਵਿਚ ਸਾਡੀ ਮਦਦ ਕਰ ਸਕਦੇ ਹਨ। (ਕਹਾਉਤਾਂ 15:1, 18 ਪੜ੍ਹੋ।) ਨਾਲੇ ਇਸੇ ਕਿਤਾਬ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਤਣਾਅ ਭਰੇ ਹਾਲਾਤਾਂ ਵਿਚ ਸ਼ਾਂਤ ਰਹਿਣ ਦੇ ਕਿਹੜੇ ਫ਼ਾਇਦੇ ਹੁੰਦੇ ਹਨ।​—ਕਹਾ. 10:19; 17:27; 21:23; 25:15.

ਡੂੰਘੀ ਸਮਝ ਨਰਮਾਈ ਨਾਲ ਪੇਸ਼ ਆਉਣ ਵਿਚ ਸਾਡੀ ਮਦਦ ਕਿਵੇਂ ਕਰਦੀ ਹੈ?

8. ਜਦੋਂ ਕੋਈ ਵਿਅਕਤੀ ਸਾਡੇ ਵਿਸ਼ਵਾਸਾਂ ਬਾਰੇ ਸਵਾਲ ਪੁੱਛਦਾ ਹੈ, ਤਾਂ ਸਾਨੂੰ ਕੀ ਯਾਦ ਰੱਖਣਾ ਚਾਹੀਦਾ ਹੈ?

8 ਡੂੰਘੀ ਸਮਝ ਵੀ ਸਾਡੀ ਮਦਦ ਕਰ ਸਕਦੀ ਹੈ। (ਕਹਾ. 19:11) ਡੂੰਘੀ ਸਮਝ ਰੱਖਣ ਵਾਲਾ ਵਿਅਕਤੀ ਉਦੋਂ ਵੀ ਸੰਜਮ ਰੱਖਦਾ ਹੈ ਜਦੋਂ ਉਸ ਦੇ ਵਿਸ਼ਵਾਸਾਂ ʼਤੇ ਸਵਾਲ ਖੜ੍ਹੇ ਕੀਤੇ ਜਾਂਦੇ ਹਨ। ਕਈ ਵਾਰ ਲੋਕ ਜੋ ਸਵਾਲ ਪੁੱਛਦੇ ਹਨ, ਉਹ ਪਾਣੀ ਵਿਚ ਬਰਫ਼ ਦੀ ਚਟਾਨ ਵਰਗੇ ਹੁੰਦੇ ਹਨ। ਅਜਿਹੀਆਂ ਚਟਾਨਾਂ ਦਾ ਜਿੰਨਾ ਹਿੱਸਾ ਪਾਣੀ ਦੇ ਉੱਪਰ ਦਿਖਾਈ ਦਿੰਦਾ ਹੈ, ਉਸ ਤੋਂ ਕਿਤੇ ਜ਼ਿਆਦਾ ਪਾਣੀ ਦੇ ਹੇਠਾਂ ਲੁਕਿਆ ਹੁੰਦਾ ਹੈ। ਉਸੇ ਤਰ੍ਹਾਂ ਬਹੁਤ ਵਾਰ ਜਦੋਂ ਲੋਕ ਸਾਡੇ ਤੋਂ ਸਵਾਲ ਪੁੱਛਦੇ ਹਨ, ਤਾਂ ਉਹ ਇਹ ਨਹੀਂ ਦੱਸਦੇ ਕਿ ਉਹ ਸਵਾਲ ਕਿਉਂ ਪੁੱਛਦੇ ਹਨ। ਇਸ ਲਈ ਸਾਨੂੰ ਉਨ੍ਹਾਂ ਨੂੰ ਤੁਰੰਤ ਜਵਾਬ ਨਹੀਂ ਦੇਣਾ ਚਾਹੀਦਾ, ਸਗੋਂ ਯਾਦ ਰੱਖਣਾ ਚਾਹੀਦਾ ਹੈ ਕਿ ਅਸੀਂ ਪੂਰੀ ਤਰ੍ਹਾਂ ਨਹੀਂ ਜਾਣਦੇ ਕਿ ਉਨ੍ਹਾਂ ਨੇ ਕਿਸ ਇਰਾਦੇ ਨਾਲ ਕੋਈ ਸਵਾਲ ਪੁੱਛਿਆ ਹੈ।​—ਕਹਾ. 16:23.

9. ਇਫ਼ਰਾਈਮ ਦੇ ਆਦਮੀਆਂ ਨਾਲ ਪੇਸ਼ ਆਉਂਦੇ ਵੇਲੇ ਗਿਦਾਊਨ ਨੇ ਡੂੰਘੀ ਸਮਝ ਅਤੇ ਨਰਮਾਈ ਦਾ ਸਬੂਤ ਕਿਵੇਂ ਦਿੱਤਾ?

9 ਜ਼ਰਾ ਗੌਰ ਕਰੋ ਕਿ ਗਿਦਾਊਨ ਇਫ਼ਰਾਈਮ ਦੇ ਆਦਮੀਆਂ ਨਾਲ ਕਿਵੇਂ ਪੇਸ਼ ਆਇਆ। ਇਨ੍ਹਾਂ ਆਦਮੀਆਂ ਨੇ ਬੜੇ ਹੀ ਗੁੱਸੇ ਨਾਲ ਉਸ ਨੂੰ ਪੁੱਛਿਆ ਕਿ ਜਦੋਂ ਉਹ ਇਜ਼ਰਾਈਲੀਆਂ ਦੇ ਦੁਸ਼ਮਣਾਂ ਨਾਲ ਲੜਨ ਗਿਆ ਸੀ, ਤਾਂ ਉਸ ਨੇ ਉਨ੍ਹਾਂ ਨੂੰ ਕਿਉਂ ਨਹੀਂ ਸੱਦਿਆ। ਉਹ ਇੰਨੇ ਗੁੱਸੇ ਨਾਲ ਕਿਉਂ ਪੇਸ਼ ਆਏ? ਸ਼ਾਇਦ ਉਨ੍ਹਾਂ ਨੂੰ ਬੇਇੱਜ਼ਤੀ ਮਹਿਸੂਸ ਹੋਈ। ਕਾਰਨ ਚਾਹੇ ਜੋ ਵੀ ਸੀ, ਪਰ ਗਿਦਾਊਨ ਨੇ ਉਨ੍ਹਾਂ ਦੀਆਂ ਭਾਵਨਾਵਾਂ ਦੀ ਕਦਰ ਕੀਤੀ ਅਤੇ ਨਰਮਾਈ ਨਾਲ ਉਨ੍ਹਾਂ ਨੂੰ ਜਵਾਬ ਦਿੱਤਾ। ਇਸ ਦਾ ਕੀ ਨਤੀਜਾ ਨਿਕਲਿਆ? ਬਾਈਬਲ ਦੱਸਦੀ ਹੈ ਕਿ “ਜਦੋਂ ਉਸ ਨੇ ਇਸ ਤਰੀਕੇ ਨਾਲ ਗੱਲ ਕੀਤੀ, ਤਾਂ ਉਹ ਸ਼ਾਂਤ ਹੋ ਗਏ।”​—ਨਿਆ. 8:1-3.

10. ਕਿਹੜੀ ਗੱਲ ਜਾਣਨ ਨਾਲ ਅਸੀਂ ਇਕ ਵਿਅਕਤੀ ਨੂੰ ਸਹੀ ਢੰਗ ਨਾਲ ਜਵਾਬ ਦੇ ਸਕਾਂਗੇ? (1 ਪਤਰਸ 3:15)

10 ਸ਼ਾਇਦ ਸਾਡੇ ਨਾਲ ਕੰਮ ਕਰਨ ਵਾਲੇ ਜਾਂ ਪੜ੍ਹਨ ਵਾਲੇ ਸਾਡੇ ਤੋਂ ਇਹ ਸਵਾਲ ਪੁੱਛਣ ਕਿ ਅਸੀਂ ਬਾਈਬਲ ਦੇ ਮਿਆਰਾਂ ਮੁਤਾਬਕ ਜ਼ਿੰਦਗੀ ਕਿਉਂ ਜੀਉਂਦੇ ਹਾਂ। ਅਸੀਂ ਉਨ੍ਹਾਂ ਨੂੰ ਇਹ ਸਮਝਾਉਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਕਿ ਬਾਈਬਲ ਮੁਤਾਬਕ ਜ਼ਿੰਦਗੀ ਜੀਉਣੀ ਸਭ ਤੋਂ ਵਧੀਆ ਕਿਉਂ ਹੈ। ਪਰ ਅਸੀਂ ਉਸ ਵਿਅਕਤੀ ਦੀ ਰਾਇ ਦੀ ਵੀ ਕਦਰ ਕਰਦੇ ਹਾਂ। (1 ਪਤਰਸ 3:15 ਪੜ੍ਹੋ।) ਇਸ ਲਈ ਇਹ ਨਾ ਸੋਚੋ ਕਿ ਉਸ ਵਿਅਕਤੀ ਨੇ ਤੁਹਾਡੀ ਨੁਕਤਾਚੀਨੀ ਕਰਨ ਲਈ ਸਵਾਲ ਪੁੱਛਿਆ ਹੈ। ਇਸ ਦੀ ਬਜਾਇ, ਸਾਨੂੰ ਇਹ ਸੋਚਣਾ ਚਾਹੀਦਾ ਹੈ ਕਿ ਉਸ ਦੇ ਮਨ ਵਿਚ ਕੀ ਚੱਲ ਰਿਹਾ ਹੈ ਅਤੇ ਉਸ ਲਈ ਕਿਹੜੀਆਂ ਗੱਲਾਂ ਮਾਅਨੇ ਰੱਖਦੀਆਂ ਹਨ। ਨਾਲੇ ਉਸ ਨੇ ਜਿਹੜੇ ਮਰਜ਼ੀ ਕਾਰਨ ਕਰਕੇ ਸਵਾਲ ਪੁੱਛਿਆ ਹੋਵੇ, ਸਾਨੂੰ ਪਿਆਰ ਤੇ ਨਰਮਾਈ ਨਾਲ ਉਸ ਨੂੰ ਜਵਾਬ ਦੇਣਾ ਚਾਹੀਦਾ ਹੈ। ਹੋ ਸਕਦਾ ਹੈ ਕਿ ਸਾਡੇ ਜਵਾਬ ਕਰਕੇ ਉਹ ਵੀ ਸੋਚਣ ਲੱਗ ਪਵੇ ਕਿ ਉਹ ਜੋ ਮੰਨਦਾ ਹੈ, ਉਹ ਕਿਉਂ ਮੰਨਦਾ ਹੈ। ਭਾਵੇਂ ਕਿ ਸਾਨੂੰ ਲੱਗਦਾ ਹੈ ਕਿ ਉਸ ਨੇ ਰੁੱਖੇ ਤਰੀਕੇ ਨਾਲ ਸਵਾਲ ਪੁੱਛਿਆ ਹੈ, ਪਰ ਸਾਨੂੰ ਹਮੇਸ਼ਾ ਉਸ ਨੂੰ ਪਿਆਰ ਤੇ ਨਰਮਾਈ ਨਾਲ ਜਵਾਬ ਦੇਣਾ ਚਾਹੀਦਾ ਹੈ।​—ਰੋਮੀ. 12:17.

ਜੇ ਤੁਸੀਂ ਪਹਿਲਾਂ ਹੀ ਸੋਚੋ ਕਿ ਕੋਈ ਤੁਹਾਨੂੰ ਜਨਮ-ਦਿਨ ਦੀ ਪਾਰਟੀ ʼਤੇ ਕਿਉਂ ਸੱਦ ਰਿਹਾ ਹੈ, ਤਾਂ ਤੁਸੀਂ ਉਸ ਨੂੰ ਵਧੀਆ ਤਰੀਕੇ ਨਾਲ ਜਵਾਬ ਦੇ ਸਕੋਗੇ (ਪੈਰੇ 11-12 ਦੇਖੋ)

11-12. (ੳ) ਕਿਸੇ ਔਖੇ ਸਵਾਲ ਦਾ ਜਵਾਬ ਦੇਣ ਤੋਂ ਪਹਿਲਾਂ ਸਾਨੂੰ ਕੀ ਸੋਚਣਾ ਚਾਹੀਦਾ ਹੈ? (ਤਸਵੀਰ ਵੀ ਦੇਖੋ।) (ਅ) ਸਮਝਾਓ ਕਿ ਕਿਸੇ ਦੇ ਸਵਾਲ ਪੁੱਛਣ ਕਰਕੇ ਵਧੀਆ ਗੱਲਬਾਤ ਕਿਵੇਂ ਹੋ ਸਕਦੀ ਹੈ।

11 ਮੰਨ ਲਓ ਕਿ ਸਾਡੇ ਨਾਲ ਕੰਮ ਕਰਨ ਵਾਲਾ ਕੋਈ ਵਿਅਕਤੀ ਸਾਨੂੰ ਪੁੱਛਦਾ ਹੈ ਕਿ ਅਸੀਂ ਜਨਮ-ਦਿਨ ਕਿਉਂ ਨਹੀਂ ਮਨਾਉਂਦੇ? ਉਸ ਨੂੰ ਤੁਰੰਤ ਜਵਾਬ ਦੇਣ ਤੋਂ ਪਹਿਲਾਂ ਸੋਚੋ ਕਿ ਉਹ ਇਹ ਸਵਾਲ ਕਿਉਂ ਪੁੱਛ ਰਿਹਾ ਹੈ। ਕੀ ਉਸ ਨੂੰ ਇਹ ਲੱਗਦਾ ਹੈ ਕਿ ਅਸੀਂ ਦੂਜਿਆਂ ਦੀ ਖ਼ੁਸ਼ੀ ਵਿਚ ਸ਼ਾਮਲ ਨਹੀਂ ਹੁੰਦੇ? ਜਾਂ ਕੀ ਉਹ ਇਹ ਸੋਚਦਾ ਹੈ ਕਿ ਸਾਡੇ ਕਰਕੇ ਕੰਮ ਦੀ ਥਾਂ ʼਤੇ ਮਾਹੌਲ ਖ਼ਰਾਬ ਹੋ ਜਾਵੇਗਾ? ਇਸ ਤਰ੍ਹਾਂ ਕਰਨ ਨਾਲ ਅਸੀਂ ਉਸ ਦੀ ਤਾਰੀਫ਼ ਕਰ ਸਕਾਂਗੇ ਕਿ ਉਹ ਦੂਜਿਆਂ ਦੀ ਕਿੰਨੀ ਪਰਵਾਹ ਕਰਦਾ ਹੈ। ਫਿਰ ਅਸੀਂ ਉਸ ਨੂੰ ਯਕੀਨ ਦਿਵਾ ਸਕਾਂਗੇ ਕਿ ਅਸੀਂ ਵੀ ਕੰਮ ਦੀ ਥਾਂ ʼਤੇ ਵਧੀਆ ਮਾਹੌਲ ਬਣਾਈ ਰੱਖਣਾ ਚਾਹੁੰਦੇ ਹਾਂ। ਇੱਦਾਂ ਗੱਲਬਾਤ ਕਰਨ ਕਰਕੇ ਸ਼ਾਇਦ ਸਾਨੂੰ ਉਸ ਵਿਅਕਤੀ ਨਾਲ ਬਾਈਬਲ ਤੋਂ ਇਹ ਚਰਚਾ ਕਰਨ ਦਾ ਮੌਕਾ ਮਿਲ ਜਾਵੇ ਕਿ ਅਸੀਂ ਜਨਮ-ਦਿਨ ਕਿਉਂ ਨਹੀਂ ਮਨਾਉਂਦੇ।

12 ਅਸੀਂ ਸ਼ਾਇਦ ਉਦੋਂ ਵੀ ਇਸੇ ਤਰ੍ਹਾਂ ਕਰ ਸਕਦੇ ਹਾਂ ਜਦੋਂ ਸਾਡੇ ਸਾਮ੍ਹਣੇ ਅਜਿਹੇ ਕਈ ਹੋਰ ਮਾਮਲੇ ਆਉਂਦੇ ਹਨ। ਉਦਾਹਰਣ ਲਈ, ਹੋ ਸਕਦਾ ਹੈ ਕਿ ਸਾਡੇ ਨਾਲ ਪੜ੍ਹਨ ਵਾਲਾ ਵਿਦਿਆਰਥੀ ਕਹੇ ਕਿ ਯਹੋਵਾਹ ਦੇ ਗਵਾਹਾਂ ਨੂੰ ਸਮਲਿੰਗੀਆਂ ਬਾਰੇ ਆਪਣੀ ਸੋਚ ਬਦਲਣੀ ਚਾਹੀਦੀ ਹੈ। ਉਦੋਂ ਸਾਨੂੰ ਸੋਚਣਾ ਚਾਹੀਦਾ ਹੈ ਕਿ ਉਸ ਨੂੰ ਇੱਦਾਂ ਕਿਉਂ ਲੱਗਦਾ ਹੈ। ਕੀ ਇਸ ਤੋਂ ਇਹ ਪਤਾ ਲੱਗਦਾ ਹੈ ਕਿ ਉਸ ਨੂੰ ਯਹੋਵਾਹ ਦੇ ਗਵਾਹਾਂ ਬਾਰੇ ਕੋਈ ਗ਼ਲਤਫ਼ਹਿਮੀ ਹੈ? ਜਾਂ ਕੀ ਉਸ ਦਾ ਕੋਈ ਦੋਸਤ ਜਾਂ ਰਿਸ਼ਤੇਦਾਰ ਸਮਲਿੰਗੀ ਹੈ? ਕੀ ਉਸ ਨੂੰ ਇਹ ਲੱਗਦਾ ਹੈ ਕਿ ਅਸੀਂ ਸਮਲਿੰਗੀ ਲੋਕਾਂ ਨਾਲ ਨਫ਼ਰਤ ਕਰਦੇ ਹਾਂ। ਸਾਨੂੰ ਉਸ ਨੂੰ ਇਹ ਯਕੀਨ ਦਿਵਾਉਣ ਦੀ ਲੋੜ ਹੈ ਕਿ ਅਸੀਂ ਸਾਰਿਆਂ ਨਾਲ ਪਿਆਰ ਕਰਦੇ ਹਾਂ ਅਤੇ ਹਰ ਵਿਅਕਤੀ ਦੇ ਫ਼ੈਸਲਿਆਂ ਦਾ ਆਦਰ ਕਰਦੇ ਹਾਂ। b (1 ਪਤ. 2:17) ਨਾਲੇ ਅਸੀਂ ਉਸ ਨੂੰ ਦੱਸ ਸਕਦੇ ਹਾਂ ਕਿ ਬਾਈਬਲ ਇਸ ਬਾਰੇ ਕੀ ਕਹਿੰਦੀ ਹੈ ਅਤੇ ਬਾਈਬਲ ਦੇ ਮਿਆਰਾਂ ਅਨੁਸਾਰ ਜ਼ਿੰਦਗੀ ਜੀਉਣ ਕਰਕੇ ਸਾਡੀ ਜ਼ਿੰਦਗੀ ਖ਼ੁਸ਼ੀਆਂ ਭਰੀ ਕਿਵੇਂ ਬਣਦੀ ਹੈ।

13. ਤੁਸੀਂ ਉਸ ਵਿਅਕਤੀ ਦੀ ਕਿਵੇਂ ਮਦਦ ਕਰ ਸਕਦੇ ਹੋ ਜੋ ਮੰਨਦਾ ਹੈ ਕਿ ਪਰਮੇਸ਼ੁਰ ʼਤੇ ਵਿਸ਼ਵਾਸ ਕਰਨਾ ਬੇਵਕੂਫ਼ੀ ਦੀ ਗੱਲ ਹੈ?

13 ਜਦੋਂ ਇਕ ਵਿਅਕਤੀ ਸਾਡੇ ਨਾਲ ਬਿਲਕੁਲ ਵੀ ਸਹਿਮਤ ਨਹੀਂ ਹੁੰਦਾ ਹੈ, ਤਾਂ ਸਾਨੂੰ ਝੱਟ ਇਹ ਨਹੀਂ ਸੋਚ ਲੈਣਾ ਚਾਹੀਦਾ ਹੈ ਕਿ ਅਸੀਂ ਜਾਣਦੇ ਹਾਂ ਕਿ ਉਹ ਕੀ ਵਿਸ਼ਵਾਸ ਕਰਦਾ ਹੈ। (ਤੀਤੁ. 3:2) ਉਦਾਹਰਣ ਲਈ, ਉਦੋਂ ਕੀ ਜੇ ਤੁਹਾਡੇ ਨਾਲ ਪੜ੍ਹਨ ਵਾਲਾ ਕੋਈ ਵਿਦਿਆਰਥੀ ਕਹਿੰਦਾ ਹੈ ਕਿ ਰੱਬ ʼਤੇ ਵਿਸ਼ਵਾਸ ਕਰਨਾ ਬਹੁਤ ਵੱਡੀ ਬੇਵਕੂਫ਼ੀ ਹੈ। ਕੀ ਤੁਹਾਨੂੰ ਇਹ ਅੰਦਾਜ਼ਾ ਲਾ ਲੈਣਾ ਚਾਹੀਦਾ ਹੈ ਕਿ ਉਹ ਵਿਕਾਸਵਾਦ ʼਤੇ ਬਹੁਤ ਜ਼ਿਆਦਾ ਯਕੀਨ ਕਰਦਾ ਹੈ ਅਤੇ ਉਸ ਨੂੰ ਇਸ ਬਾਰੇ ਬਹੁਤ ਕੁਝ ਪਤਾ ਹੈ। ਦਰਅਸਲ ਸ਼ਾਇਦ ਉਹ ਉਹੀ ਗੱਲਾਂ ਵਾਰ-ਵਾਰ ਦੁਹਰਾ ਰਿਹਾ ਹੈ ਜੋ ਉਸ ਨੇ ਸੁਣੀਆਂ ਹਨ। ਉਸ ਨਾਲ ਵਿਕਾਸਵਾਦ ਦੇ ਵਿਸ਼ੇ ʼਤੇ ਬਹਿਸ ਕਰਨ ਦੀ ਬਜਾਇ ਕਿਉਂ ਨਾ ਤੁਸੀਂ ਉਸ ਨੂੰ ਕੁਝ ਪੜ੍ਹਨ ਲਈ ਦਿਓ ਜਾਂ ਕੋਈ ਸਵਾਲ ਪੁੱਛੋ ਜਿਸ ʼਤੇ ਉਹ ਬਾਅਦ ਵਿਚ ਸੋਚ-ਵਿਚਾਰ ਕਰ ਸਕੇ। ਸ਼ਾਇਦ ਤੁਸੀਂ ਉਸ ਨੂੰ ਸਾਡੀ ਵੈੱਬਸਾਈਟ ʼਤੇ ਸ੍ਰਿਸ਼ਟੀ ਬਾਰੇ ਕੋਈ ਜਾਣਕਾਰੀ ਦਿਖਾ ਸਕਦੇ ਹੋ। ਬਾਅਦ ਵਿਚ ਸ਼ਾਇਦ ਉਹ ਕਿਸੇ ਲੇਖ ਜਾਂ ਵੀਡੀਓ ʼਤੇ ਗੱਲ ਕਰਨ ਲਈ ਤਿਆਰ ਹੋ ਜਾਵੇ। ਜਦੋਂ ਤੁਸੀਂ ਇਸ ਤਰ੍ਹਾਂ ਆਦਰ ਨਾਲ ਪੇਸ਼ ਆਉਂਦੇ ਹੋ, ਤਾਂ ਸ਼ਾਇਦ ਉਹ ਹੋਰ ਜਾਣਨਾ ਚਾਹੇ ਕਿ ਬਾਈਬਲ ਇਸ ਵਿਸ਼ੇ ਬਾਰੇ ਕੀ ਕਹਿੰਦੀ ਹੈ।

14. ਨੀਲ ਨੇ ਯਹੋਵਾਹ ਦੇ ਗਵਾਹਾਂ ਬਾਰੇ ਕੋਈ ਗ਼ਲਤਫ਼ਹਿਮੀ ਦੂਰ ਕਰਨ ਲਈ ਸਾਡੀ ਵੈੱਬਸਾਈਟ ਕਿਵੇਂ ਵਰਤੀ?

14 ਜ਼ਰਾ ਨੌਜਵਾਨ ਭਰਾ ਨੀਲ ਦੇ ਤਜਰਬੇ ʼਤੇ ਗੌਰ ਕਰੋ। ਉਸ ਨੇ ਯਹੋਵਾਹ ਦੇ ਗਵਾਹਾਂ ਬਾਰੇ ਗ਼ਲਤਫ਼ਹਿਮੀਆਂ ਨੂੰ ਦੂਰ ਕਰਨ ਲਈ ਸਾਡੀ ਵੈੱਬਸਾਈਟ ਨੂੰ ਵਰਤਿਆ। ਉਹ ਦੱਸਦਾ ਹੈ: “ਮੇਰੀ ਕਲਾਸ ਦਾ ਮੁੰਡਾ ਅਕਸਰ ਮੈਨੂੰ ਕਹਿੰਦਾ ਸੀ ਕਿ ਮੈਂ ਵਿਗਿਆਨ ਦੀ ਬਜਾਇ ਕਥਾ-ਕਹਾਣੀਆਂ ਦੀ ਕਿਤਾਬ [ਬਾਈਬਲ] ʼਤੇ ਯਕੀਨ ਕਰਦਾ ਹਾਂ।” ਨੀਲ ਜਦੋਂ ਵੀ ਉਸ ਨੂੰ ਆਪਣੇ ਵਿਸ਼ਵਾਸਾਂ ਬਾਰੇ ਸਮਝਾਉਣ ਦੀ ਕੋਸ਼ਿਸ਼ ਕਰਦਾ ਸੀ, ਤਾਂ ਉਹ ਉਸ ਦੀ ਗੱਲ ਹੀ ਨਹੀਂ ਸੁਣਦਾ ਸੀ। ਫਿਰ ਨੀਲ ਨੇ ਉਸ ਨੂੰ jw.org ʼਤੇ “ਵਿਗਿਆਨ ਅਤੇ ਬਾਈਬਲ” ਭਾਗ ਬਾਰੇ ਦੱਸਿਆ। ਬਾਅਦ ਵਿਚ ਨੀਲ ਨੂੰ ਪਤਾ ਲੱਗਾ ਕਿ ਉਸ ਮੁੰਡੇ ਨੇ ਸਾਡੀ ਵੈੱਬਸਾਈਟ ਤੋਂ ਜਾਣਕਾਰੀ ਪੜ੍ਹੀ ਅਤੇ ਉਹ ਜ਼ਿੰਦਗੀ ਦੀ ਸ਼ੁਰੂਆਤ ਬਾਰੇ ਉਸ ਨਾਲ ਹੋਰ ਚਰਚਾ ਕਰਨ ਲਈ ਤਿਆਰ ਸੀ। ਸ਼ਾਇਦ ਤੁਹਾਡੇ ਨਾਲ ਵੀ ਇੱਦਾਂ ਹੀ ਹੋਵੇ।

ਪਰਿਵਾਰ ਵਜੋਂ ਤਿਆਰੀ ਕਰੋ

15. ਮਾਪੇ ਆਪਣੇ ਬੱਚਿਆਂ ਨੂੰ ਨਰਮਾਈ ਨਾਲ ਜਵਾਬ ਦੇਣਾ ਕਿਵੇਂ ਸਿਖਾ ਸਕਦੇ ਹਨ?

15 ਮਾਪੇ ਅਸਰਕਾਰੀ ਤਰੀਕੇ ਨਾਲ ਆਪਣੇ ਬੱਚਿਆਂ ਨੂੰ ਸਿਖਾ ਸਕਦੇ ਹਨ ਕਿ ਉਹ ਕਿਵੇਂ ਨਰਮਾਈ ਨਾਲ ਜਵਾਬ ਦੇ ਸਕਦੇ ਹਨ ਜਦੋਂ ਉਨ੍ਹਾਂ ਦੇ ਵਿਸ਼ਵਾਸਾਂ ʼਤੇ ਸਵਾਲ ਖੜ੍ਹੇ ਕੀਤੇ ਜਾਂਦੇ ਹਨ। (ਯਾਕੂ. 3:13) ਕੁਝ ਮਾਪੇ ਪਰਿਵਾਰਕ ਸਟੱਡੀ ਦੌਰਾਨ ਤਿਆਰੀ ਕਰਦੇ ਹਨ। ਉਹ ਉਨ੍ਹਾਂ ਵਿਸ਼ਿਆਂ ਬਾਰੇ ਗੱਲ ਕਰਦੇ ਹਨ ਜੋ ਸਕੂਲ ਵਿਚ ਖੜ੍ਹੇ ਹੋ ਸਕਦੇ ਹਨ। ਉਹ ਚਰਚਾ ਕਰਦੇ ਹਨ ਕਿ ਉਹ ਕਿਵੇਂ ਜਵਾਬ ਦੇ ਸਕਦੇ ਹਨ। ਫਿਰ ਉਹ ਆਪਣੇ ਬੱਚਿਆਂ ਨਾਲ ਇੱਦਾਂ ਕਰਨ ਦੀ ਪ੍ਰੈਕਟਿਸ ਕਰਦੇ ਹਨ।​—“ ਆਪਣੇ ਪਰਿਵਾਰ ਨਾਲ ਤਿਆਰੀ ਕਰੋ” ਨਾਂ ਦੀ ਡੱਬੀ ਦੇਖੋ।

16-17. ਪਰਿਵਾਰ ਵਜੋਂ ਤਿਆਰੀ ਕਰਨ ਨਾਲ ਸ਼ਾਇਦ ਨੌਜਵਾਨਾਂ ਦੀ ਕਿਵੇਂ ਮਦਦ ਹੋ ਸਕਦੀ ਹੈ?

16 ਪਰਿਵਾਰ ਵਜੋਂ ਤਿਆਰੀ ਕਰਨ ਕਰਕੇ ਨੌਜਵਾਨ ਆਪਣੇ ਵਿਸ਼ਵਾਸਾਂ ਬਾਰੇ ਖ਼ੁਦ ਨੂੰ ਯਕੀਨ ਦਿਵਾ ਸਕਦੇ ਹਨ। ਨਾਲੇ ਦੂਜਿਆਂ ਨੂੰ ਦੱਸ ਸਕਦੇ ਹਨ ਕਿ ਉਹ ਇੱਦਾਂ ਕਿਉਂ ਵਿਸ਼ਵਾਸ ਕਰਦੇ ਹਨ। ਸਾਡੀ ਵੈੱਬਸਾਈਟ ਉੱਤੇ “ਨੌਜਵਾਨ ਪੁੱਛਦੇ ਹਨ” ਵਿਚ ਲੜੀਵਾਰ ਲੇਖ ਅਤੇ ਨੌਜਵਾਨਾਂ ਲਈ ਅਭਿਆਸ (ਹਿੰਦੀ) ਭਾਗ ਸ਼ਾਮਲ ਕੀਤੇ ਗਏ ਹਨ। ਇਨ੍ਹਾਂ ਭਾਗਾਂ ਦੀ ਮਦਦ ਨਾਲ ਨੌਜਵਾਨ ਖ਼ੁਦ ਨੂੰ ਆਪਣੇ ਵਿਸ਼ਵਾਸਾਂ ਬਾਰੇ ਯਕੀਨ ਦਿਵਾ ਸਕਦੇ ਹਨ ਅਤੇ ਆਪਣੇ ਸ਼ਬਦਾਂ ਵਿਚ ਜਵਾਬ ਤਿਆਰ ਕਰ ਸਕਦੇ ਹਨ। ਪਰਿਵਾਰ ਵਜੋਂ ਇਨ੍ਹਾਂ ਦਾ ਅਧਿਐਨ ਕਰ ਕੇ ਅਸੀਂ ਸਿੱਖਦੇ ਹਾਂ ਕਿ ਅਸੀਂ ਕਿਵੇਂ ਪਿਆਰ ਤੇ ਨਰਮਾਈ ਨਾਲ ਆਪਣੀ ਨਿਹਚਾ ਦੇ ਪੱਖ ਵਿਚ ਬੋਲ ਸਕਦੇ ਹਾਂ।

17 ਨੌਜਵਾਨ ਮੈਥਿਊ ਦੱਸਦਾ ਹੈ ਕਿ ਪਰਿਵਾਰ ਨਾਲ ਪਹਿਲਾਂ ਤੋਂ ਹੀ ਤਿਆਰੀ ਕਰਨ ਨਾਲ ਉਸ ਦੀ ਕਿਵੇਂ ਮਦਦ ਹੋਈ। ਪਰਿਵਾਰਕ ਸਟੱਡੀ ਦੌਰਾਨ ਮੈਥਿਊ ਤੇ ਉਸ ਦੇ ਮਾਪੇ ਅਕਸਰ ਉਨ੍ਹਾਂ ਵਿਸ਼ਿਆਂ ʼਤੇ ਖੋਜਬੀਨ ਕਰਦੇ ਸਨ ਜਿਨ੍ਹਾਂ ਬਾਰੇ ਸ਼ਾਇਦ ਕਲਾਸ ਵਿਚ ਚਰਚਾ ਕੀਤੀ ਜਾਵੇ। ਉਹ ਦੱਸਦਾ ਹੈ: “ਅਸੀਂ ਸੋਚਦੇ ਹਾਂ ਕਿ ਸਕੂਲ ਵਿਚ ਸ਼ਾਇਦ ਕਿਹੜੇ ਸਵਾਲ ਖੜ੍ਹੇ ਹੋ ਸਕਦੇ ਹਨ, ਫਿਰ ਅਸੀਂ ਖੋਜਬੀਨ ਕਰਦੇ ਹਾਂ ਕਿ ਮੈਂ ਇਨ੍ਹਾਂ ਦੇ ਜਵਾਬ ਕਿਵੇਂ ਦੇ ਸਕਦਾ ਹਾਂ। ਜਦੋਂ ਮੈਂ ਸਮਝ ਜਾਂਦਾ ਹਾਂ ਕਿ ਮੈਂ ਕਿਸੇ ਗੱਲ ʼਤੇ ਵਿਸ਼ਵਾਸ ਕਿਉਂ ਕਰਦਾ ਹਾਂ, ਤਾਂ ਮੈਨੂੰ ਡਰ ਨਹੀਂ ਲੱਗਦਾ ਅਤੇ ਮੈਂ ਸੌਖਿਆਂ ਹੀ ਦੂਜਿਆਂ ਨੂੰ ਨਰਮਾਈ ਨਾਲ ਜਵਾਬ ਦੇ ਸਕਦਾ ਹਾਂ।”

18. ਕੁਲੁੱਸੀਆਂ 4:6 ਤੋਂ ਅਸੀਂ ਕੀ ਸਿੱਖਦੇ ਹਾਂ?

18 ਭਾਵੇਂ ਕਿ ਅਸੀਂ ਦੂਜਿਆਂ ਨੂੰ ਆਪਣੇ ਵਿਸ਼ਵਾਸਾਂ ਬਾਰੇ ਸਾਫ਼-ਸਾਫ਼ ਤੇ ਵਧੀਆ ਤਰੀਕੇ ਨਾਲ ਵੀ ਸਮਝਾਈਏ, ਫਿਰ ਵੀ ਸਾਰੇ ਜਣੇ ਸਾਡੇ ਨਾਲ ਸਹਿਮਤ ਨਹੀਂ ਹੋਣਗੇ। ਪਰ ਸਮਝਦਾਰੀ ਤੇ ਨਰਮਾਈ ਨਾਲ ਗੱਲ ਕਰਨ ਦੇ ਵਧੀਆ ਨਤੀਜੇ ਨਿਕਲ ਸਕਦੇ ਹਨ। (ਕੁਲੁੱਸੀਆਂ 4:6 ਪੜ੍ਹੋ।) ਦੂਜਿਆਂ ਨਾਲ ਆਪਣੇ ਵਿਸ਼ਵਾਸਾਂ ਬਾਰੇ ਗੱਲ ਕਰਨੀ ਇਕ ਗੇਂਦ ਸੁੱਟਣ ਵਾਂਗ ਹੈ। ਅਸੀਂ ਗੇਂਦ ਨੂੰ ਜਾਂ ਤਾਂ ਹੌਲੀ ਦੇਣੀ ਸੁੱਟ ਸਕਦੇ ਹਾਂ ਜਾਂ ਜ਼ੋਰ ਨਾਲ ਵਗਾਹ ਕੇ ਮਾਰ ਸਕਦੇ ਹਾਂ। ਜਦੋਂ ਅਸੀਂ ਹੌਲੀ ਦੇਣੀ ਗੇਂਦ ਸੁੱਟਦੇ ਹਾਂ, ਤਾਂ ਸਾਮ੍ਹਣੇ ਵਾਲੇ ਖਿਡਾਰੀ ਲਈ ਇਸ ਨੂੰ ਫੜਨਾ ਸੌਖਾ ਹੁੰਦਾ ਹੈ ਅਤੇ ਖੇਡ ਜਾਰੀ ਰਹਿ ਸਕਦੀ ਹੈ। ਇਸੇ ਤਰ੍ਹਾਂ ਜੇ ਅਸੀਂ ਸਮਝਦਾਰੀ ਤੇ ਨਰਮਾਈ ਨਾਲ ਆਪਣੇ ਵਿਸ਼ਵਾਸਾਂ ਬਾਰੇ ਦੂਜਿਆਂ ਨਾਲ ਗੱਲ ਕਰਦੇ ਹਾਂ, ਤਾਂ ਸ਼ਾਇਦ ਉਹ ਸਾਡੀ ਗੱਲ ਸੁਣਨ ਲਈ ਤਿਆਰ ਹੋ ਜਾਣ ਜਾਂ ਗੱਲ ਜਾਰੀ ਰੱਖਣੀ ਚਾਹੁਣ। ਇਹ ਤਾਂ ਸੱਚ ਹੈ ਕਿ ਕੁਝ ਲੋਕ ਸਿਰਫ਼ ਬਹਿਸ ਕਰਨੀ ਜਾਂ ਸਾਡਾ ਮਜ਼ਾਕ ਉਡਾਉਣਾ ਚਾਹੁੰਦੇ ਹਨ। ਅਜਿਹੇ ਲੋਕਾਂ ਨਾਲ ਗੱਲਬਾਤ ਜਾਰੀ ਰੱਖਣ ਦੀ ਲੋੜ ਨਹੀਂ ਹੈ। (ਕਹਾ. 26:4) ਪਰ ਸਾਰੇ ਲੋਕ ਇਨ੍ਹਾਂ ਵਰਗੇ ਨਹੀਂ ਹੁੰਦੇ। ਸ਼ਾਇਦ ਜ਼ਿਆਦਾਤਰ ਲੋਕ ਸਾਡੀ ਗੱਲਬਾਤ ਸੁਣਨ ਲਈ ਤਿਆਰ ਹੋ ਜਾਣ।

19. ਆਪਣੇ ਵਿਸ਼ਵਾਸਾਂ ਦੇ ਪੱਖ ਵਿਚ ਬੋਲਦਿਆਂ ਕਿਹੜੀ ਗੱਲ ਨਰਮਾਈ ਨਾਲ ਪੇਸ਼ ਆਉਣ ਵਿਚ ਮਦਦ ਕਰਦੀ ਹੈ?

19 ਹੁਣ ਤਕ ਅਸੀਂ ਸਿੱਖਿਆ ਕਿ ਨਰਮਾਈ ਨਾਲ ਪੇਸ਼ ਆਉਣ ਦੇ ਬਹੁਤ ਸਾਰੇ ਫ਼ਾਇਦੇ ਹੁੰਦੇ ਹਨ। ਯਹੋਵਾਹ ਨੂੰ ਪ੍ਰਾਰਥਨਾ ਕਰੋ ਕਿ ਉਹ ਤੁਹਾਨੂੰ ਨਰਮਾਈ ਨਾਲ ਪੇਸ਼ ਆਉਣ ਦੀ ਤਾਕਤ ਦੇਵੇ। ਇਸ ਤਰ੍ਹਾਂ ਤੁਸੀਂ ਉਸ ਵੇਲੇ ਵੀ ਨਰਮਾਈ ਨਾਲ ਜਵਾਬ ਦੇ ਸਕੋਗੇ ਜਦੋਂ ਕੋਈ ਤੁਹਾਡੇ ਵਿਸ਼ਵਾਸਾਂ ʼਤੇ ਸਵਾਲ ਖੜ੍ਹਾ ਕਰਦਾ ਹੈ ਜਾਂ ਤੁਹਾਡੀ ਨੁਕਤਾਚੀਨੀ ਕਰਦਾ ਹੈ। ਵੱਖੋ-ਵੱਖਰੀ ਰਾਇ ਹੋਣ ਕਰਕੇ ਝਗੜਾ ਛਿੜ ਸਕਦਾ ਹੈ, ਪਰ ਯਾਦ ਰੱਖੋ ਕਿ ਨਰਮਾਈ ਨਾਲ ਪੇਸ਼ ਆਉਣ ਕਰਕੇ ਤੁਸੀਂ ਗੱਲ ਨੂੰ ਉੱਥੇ ਹੀ ਮੁਕਾ ਸਕਦੇ ਹੋ। ਨਾਲੇ ਨਰਮਾਈ ਤੇ ਆਦਰ ਨਾਲ ਪੇਸ਼ ਆਉਣ ਕਰਕੇ ਸ਼ਾਇਦ ਕੋਈ ਤੁਹਾਡੀ ਗੱਲ ਸੁਣਨੀ ਚਾਹੇ ਅਤੇ ਗਵਾਹਾਂ ਬਾਰੇ ਤੇ ਬਾਈਬਲ ਸੱਚਾਈਆਂ ਬਾਰੇ ਆਪਣੀ ਰਾਇ ਬਦਲਣੀ ਚਾਹੇ। ਆਪਣੇ ਵਿਸ਼ਵਾਸਾਂ ਬਾਰੇ “ਜਵਾਬ ਦੇਣ ਲਈ ਹਮੇਸ਼ਾ ਤਿਆਰ ਰਹੋ, ਪਰ ਨਰਮਾਈ ਅਤੇ ਪੂਰੇ ਆਦਰ ਨਾਲ ਜਵਾਬ ਦਿਓ।” (1 ਪਤ. 3:15) ਜੀ ਹਾਂ, ਨਰਮਾਈ ਨਾਲ ਪੇਸ਼ ਆਉਣਾ ਕਮਜ਼ੋਰੀ ਦੀ ਨਹੀਂ, ਸਗੋਂ ਤਾਕਤ ਦੀ ਨਿਸ਼ਾਨੀ ਹੈ!

ਗੀਤ 88 ਮੈਨੂੰ ਆਪਣੇ ਰਾਹਾਂ ਬਾਰੇ ਦੱਸ

a ਜਦੋਂ ਕੋਈ ਸਾਡੇ ਵਿਸ਼ਵਾਸਾਂ ʼਤੇ ਸਵਾਲ ਖੜ੍ਹਾ ਕਰਦਾ ਹੈ ਜਾਂ ਸਾਨੂੰ ਬੁਰਾ-ਭਲਾ ਕਹਿੰਦਾ ਹੈ, ਤਾਂ ਅਸੀਂ ਨਰਮਾਈ ਨਾਲ ਜਵਾਬ ਕਿਵੇਂ ਦੇ ਸਕਦੇ ਹਾਂ? ਇਸ ਲੇਖ ਵਿਚ ਸਾਨੂੰ ਇੱਦਾਂ ਕਰਨ ਦੇ ਵਧੀਆ ਸੁਝਾਅ ਦਿੱਤੇ ਗਏ ਹਨ।

b ਹੋਰ ਜਾਣਕਾਰੀ ਲੈਣ ਲਈ 2016 ਦੇ ਜਾਗਰੂਕ ਬਣੋ! ਨੰ. 3 ਵਿਚ “ਸਮਲਿੰਗੀ ਸੰਬੰਧਾਂ ਬਾਰੇ ਬਾਈਬਲ ਕੀ ਕਹਿੰਦੀ ਹੈ?” ਨਾਂ ਦਾ ਲੇਖ ਦੇਖੋ।

c jw.org/pa ʼਤੇ “ਨੌਜਵਾਨ ਪੁੱਛਦੇ ਹਨ” ਨਾਂ ਦੇ ਲੜੀਵਾਰ ਲੇਖਾਂ ਵਿਚ ਅਤੇ “ਯਹੋਵਾਹ ਦੇ ਗਵਾਹਾਂ ਬਾਰੇ ਆਮ ਪੁੱਛੇ ਜਾਂਦੇ ਸਵਾਲ” ਭਾਗ ਵਿਚ ਤੁਹਾਨੂੰ ਬਹੁਤ ਸਾਰੀਆਂ ਵਧੀਆ ਸਲਾਹਾਂ ਮਿਲਣਗੀਆਂ।