ਅਧਿਐਨ ਲੇਖ 38
ਨੌਜਵਾਨੋ—ਤੁਸੀਂ ਕਿਹੋ ਜਿਹੀ ਜ਼ਿੰਦਗੀ ਜੀਉਣੀ ਚਾਹੁੰਦੇ ਹੋ?
“ਸੂਝ-ਬੂਝ ਤੇਰੀ ਹਿਫਾਜ਼ਤ ਕਰੇਗੀ।”—ਕਹਾ. 2:11.
ਗੀਤ 135 ਯਹੋਵਾਹ ਦੀ ਗੁਜ਼ਾਰਿਸ਼: “ਹੇ ਮੇਰੇ ਪੁੱਤਰ, ਬੁੱਧੀਮਾਨ ਹੋਵੀਂ”
ਖ਼ਾਸ ਗੱਲਾਂ a
1. ਯਹੋਆਸ਼, ਉਜ਼ੀਯਾਹ ਅਤੇ ਯੋਸੀਯਾਹ ਨੂੰ ਕਿਹੜੀ ਔਖੀ ਜ਼ਿੰਮੇਵਾਰੀ ਮਿਲੀ ਸੀ?
ਜ਼ਰਾ ਸੋਚੋ ਕਿ ਤੁਸੀਂ ਛੋਟੀ ਉਮਰ ਦੇ ਹੋ ਅਤੇ ਤੁਹਾਨੂੰ ਪਰਮੇਸ਼ੁਰ ਦੇ ਲੋਕਾਂ ਦਾ ਰਾਜਾ ਬਣਾ ਦਿੱਤਾ ਜਾਂਦਾ ਹੈ। ਹੁਣ ਜਦ ਤੁਹਾਡੇ ਕੋਲ ਇੰਨੀ ਤਾਕਤ ਤੇ ਅਧਿਕਾਰ ਹੈ, ਤਾਂ ਤੁਸੀਂ ਕੀ ਕਰੋਗੇ? ਬਾਈਬਲ ਵਿਚ ਅਜਿਹੇ ਬਹੁਤ ਸਾਰੇ ਨੌਜਵਾਨਾਂ ਬਾਰੇ ਦੱਸਿਆ ਗਿਆ ਹੈ ਜਿਨ੍ਹਾਂ ਨੂੰ ਬਹੁਤ ਘੱਟ ਉਮਰ ਵਿਚ ਯਹੂਦਾਹ ਦਾ ਰਾਜਾ ਬਣਾਇਆ ਗਿਆ ਸੀ। ਉਦਾਹਰਣ ਲਈ, ਯਹੋਆਸ਼ ਸਿਰਫ਼ ਸੱਤਾਂ ਸਾਲਾਂ ਦਾ ਸੀ, ਉਜ਼ੀਯਾਹ 16 ਸਾਲਾਂ ਦਾ ਅਤੇ ਯੋਸੀਯਾਹ ਅੱਠਾਂ ਸਾਲਾਂ ਦਾ। ਸੋਚੋ ਕਿ ਇੰਨੀ ਘੱਟ ਉਮਰ ਵਿਚ ਇੰਨੀ ਵੱਡੀ ਜ਼ਿੰਮੇਵਾਰੀ ਸੰਭਾਲਣੀ ਉਨ੍ਹਾਂ ਲਈ ਕਿੰਨੀ ਔਖੀ ਰਹੀ ਹੋਣੀ! ਪਰ ਯਹੋਵਾਹ ਅਤੇ ਹੋਰ ਲੋਕਾਂ ਦੀ ਮਦਦ ਨਾਲ ਉਹ ਇਹ ਜ਼ਿੰਮੇਵਾਰੀ ਸੰਭਾਲ ਸਕੇ ਅਤੇ ਬਹੁਤ ਸਾਰੇ ਚੰਗੇ ਕੰਮ ਕਰ ਸਕੇ।
2. ਸਾਨੂੰ ਯਹੋਆਸ਼, ਉਜ਼ੀਯਾਹ ਅਤੇ ਯੋਸੀਯਾਹ ਦੀਆਂ ਮਿਸਾਲਾਂ ʼਤੇ ਧਿਆਨ ਕਿਉਂ ਦੇਣਾ ਚਾਹੀਦਾ ਹੈ?
2 ਅਸੀਂ ਰਾਜੇ ਜਾਂ ਰਾਣੀਆਂ ਤਾਂ ਨਹੀਂ ਹਾਂ, ਪਰ ਅਸੀਂ ਯਹੋਆਸ਼, ਉਜ਼ੀਯਾਹ ਅਤੇ ਯੋਸੀਯਾਹ ਦੀ ਮਿਸਾਲ ਤੋਂ ਜ਼ਰੂਰੀ ਸਬਕ ਸਿੱਖ ਸਕਦੇ ਹਾਂ। ਉਨ੍ਹਾਂ ਨੇ ਕੁਝ ਸਹੀ ਫ਼ੈਸਲੇ ਕੀਤੇ ਅਤੇ ਕੁਝ ਗ਼ਲਤ। ਉਨ੍ਹਾਂ ਦੀਆਂ ਮਿਸਾਲਾਂ ਤੋਂ ਅਸੀਂ ਸਿੱਖਾਂਗੇ ਕਿ ਸਾਨੂੰ ਚੰਗੇ ਦੋਸਤ ਕਿਉਂ ਬਣਾਉਣੇ ਚਾਹੀਦੇ ਹਨ, ਨਿਮਰ ਕਿਉਂ ਰਹਿਣਾ ਚਾਹੀਦਾ ਹੈ ਅਤੇ ਯਹੋਵਾਹ ਨੂੰ ਕਿਉਂ ਭਾਲਦੇ ਰਹਿਣਾ ਚਾਹੀਦਾ ਹੈ।
ਚੰਗੇ ਦੋਸਤ ਬਣਾਓ
3. ਯਹੋਯਾਦਾ ਨੇ ਰਾਜਾ ਯਹੋਆਸ਼ ਦੀ ਸਹੀ ਫ਼ੈਸਲੇ ਕਰਨ ਵਿਚ ਕਿਵੇਂ ਮਦਦ ਕੀਤੀ?
3 ਯਹੋਆਸ਼ ਵਾਂਗ ਸਹੀ ਫ਼ੈਸਲੇ ਕਰੋ। ਜਦੋਂ ਯਹੋਆਸ਼ ਛੋਟਾ ਹੀ ਸੀ, ਤਾਂ ਉਸ ਦੇ ਪਿਤਾ ਦੀ ਮੌਤ ਹੋ ਗਈ। ਮਹਾਂ ਪੁਜਾਰੀ ਯਹੋਯਾਦਾ ਨੇ ਇਕ ਪਿਤਾ ਵਾਂਗ ਉਸ ਦੀ ਪਰਵਰਿਸ਼ ਕੀਤੀ ਅਤੇ ਉਸ ਨੂੰ ਯਹੋਵਾਹ ਬਾਰੇ ਸਿਖਾਇਆ। ਯਹੋਆਸ਼ ਬੁੱਧੀਮਾਨ ਸੀ ਕਿਉਂਕਿ ਉਹ ਯਹੋਯਾਦਾ ਦੀ ਸਲਾਹ ਮੰਨਦਾ ਸੀ। ਯਹੋਯਾਦਾ ਦੀ ਮਿਸਾਲ ਕਰਕੇ ਯਹੋਆਸ਼ ਨੇ ਫ਼ੈਸਲਾ ਕੀਤਾ ਕਿ ਉਹ ਯਹੋਵਾਹ ਦੀ ਸੇਵਾ ਕਰੇਗਾ ਅਤੇ ਲੋਕਾਂ ਦੀ ਵੀ ਇੱਦਾਂ ਕਰਨ ਵਿਚ ਮਦਦ ਕਰੇਗਾ। ਯਹੋਆਸ਼ ਨੇ ਤਾਂ ਯਹੋਵਾਹ ਦੇ ਮੰਦਰ ਦੀ ਮੁਰੰਮਤ ਕਰਵਾਉਣ ਦਾ ਵੀ ਪ੍ਰਬੰਧ ਕੀਤਾ।—2 ਇਤਿ. 24:1, 2, 4, 13, 14.
4. ਯਹੋਵਾਹ ਦੇ ਹੁਕਮਾਂ ਨੂੰ ਅਨਮੋਲ ਸਮਝਣ ਕਰਕੇ ਸਾਨੂੰ ਕਿਹੜੇ ਫ਼ਾਇਦੇ ਹੁੰਦੇ ਹਨ? (ਕਹਾਉਤਾਂ 2:1, 10-12)
4 ਜੇ ਤੁਹਾਡੇ ਮੰਮੀ-ਡੈਡੀ ਜਾਂ ਕੋਈ ਹੋਰ ਤੁਹਾਨੂੰ ਯਹੋਵਾਹ ਨਾਲ ਪਿਆਰ ਕਰਨਾ ਅਤੇ ਉਸ ਦੇ ਮਿਆਰਾਂ ਮੁਤਾਬਕ ਜੀਉਣਾ ਸਿਖਾ ਰਿਹਾ ਹੈ, ਤਾਂ ਇਸ ਤੋਂ ਕੀਮਤੀ ਤੋਹਫ਼ਾ ਹੋਰ ਕਿਹੜਾ ਹੋ ਸਕਦਾ ਹੈ। (ਕਹਾਉਤਾਂ 2:1, 10-12 ਪੜ੍ਹੋ।) ਮਾਪੇ ਆਪਣੇ ਬੱਚਿਆਂ ਨੂੰ ਕਈ ਤਰੀਕਿਆਂ ਨਾਲ ਸਿਖਲਾਈ ਦੇ ਸਕਦੇ ਹਨ। ਜ਼ਰਾ ਗੌਰ ਕਰੋ ਕਿ ਭੈਣ ਕਾਤਿਆ ਦੇ ਪਿਤਾ ਨੇ ਉਸ ਦੀ ਸਹੀ ਫ਼ੈਸਲੇ ਲੈਣ ਵਿਚ ਕਿਵੇਂ ਮਦਦ ਕੀਤੀ। ਜਦੋਂ ਉਸ ਦਾ ਪਿਤਾ ਹਰ ਰੋਜ਼ ਉਸ ਨੂੰ ਸਕੂਲ ਛੱਡਣ ਜਾਂਦਾ ਸੀ, ਤਾਂ ਉਹ ਬਾਈਬਲ ਦੇ ਹਵਾਲੇ ʼਤੇ ਉਸ ਨਾਲ ਚਰਚਾ ਕਰਦਾ ਸੀ। ਉਹ ਦੱਸਦੀ ਹੈ: “ਇਸ ਗੱਲਬਾਤ ਕਰਕੇ ਮੈਂ ਸਕੂਲ ਵਿਚ ਹਰ ਰੋਜ਼ ਆਉਂਦੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰ ਸਕੀ।” ਪਰ ਉਦੋਂ ਕੀ ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਮਾਪੇ ਤੁਹਾਨੂੰ ਬਾਈਬਲ-ਆਧਾਰਿਤ ਜੋ ਸਿਖਲਾਈ ਦਿੰਦੇ ਹਨ, ਉਸ ਕਰਕੇ ਤੁਸੀਂ ਆਪਣੀ ਮਨ-ਮਰਜ਼ੀ ਨਹੀਂ ਕਰ ਸਕਦੇ? ਕਿਹੜੀ ਗੱਲ ਉਨ੍ਹਾਂ ਦੀ ਸਲਾਹ ਮੰਨਣ ਵਿਚ ਤੁਹਾਡੀ ਮਦਦ ਕਰ ਸਕਦੀ ਹੈ? ਭੈਣ ਐਨਸਤੇਜ਼ੀਆ ਯਾਦ ਕਰਦਿਆਂ ਦੱਸਦੀ ਹੈ ਕਿ ਉਸ ਦੇ ਮੰਮੀ-ਡੈਡੀ ਸਮਾਂ ਕੱਢ ਕੇ ਉਸ ਨੂੰ ਦੱਸਦੇ ਸਨ ਕਿ ਉਨ੍ਹਾਂ ਨੇ ਕੋਈ ਕਾਨੂੰਨ ਕਿਉਂ ਬਣਾਇਆ ਹੈ। ਉਹ ਕਹਿੰਦੀ ਹੈ: “ਇਸ ਤਰ੍ਹਾਂ ਮੈਂ ਸਮਝ ਸਕੀ ਕਿ ਮੰਮੀ-ਡੈਡੀ ਨੇ ਇਹ ਕਾਨੂੰਨ ਮੈਨੂੰ ਕੰਟ੍ਰੋਲ ਕਰਨ ਲਈ ਨਹੀਂ, ਸਗੋਂ ਮੇਰੀ ਹਿਫਾਜ਼ਤ ਕਰਨ ਲਈ ਬਣਾਏ ਹਨ ਅਤੇ ਉਹ ਮੈਨੂੰ ਪਿਆਰ ਕਰਦੇ ਹਨ।”
5. ਤੁਹਾਡੇ ਕੰਮਾਂ ਦਾ ਤੁਹਾਡੇ ਮਾਪਿਆਂ ਅਤੇ ਯਹੋਵਾਹ ʼਤੇ ਕੀ ਅਸਰ ਪਵੇਗਾ? (ਕਹਾਉਤਾਂ 22:6; 23:15, 24, 25)
5 ਜੇ ਤੁਸੀਂ ਆਪਣੇ ਮਾਪਿਆਂ ਵੱਲੋਂ ਦਿੱਤੀ ਬਾਈਬਲ ਦੀ ਸਲਾਹ ਨੂੰ ਲਾਗੂ ਕਰੋ, ਤਾਂ ਤੁਸੀਂ ਉਨ੍ਹਾਂ ਨੂੰ ਖ਼ੁਸ਼ ਕਰੋਗੇ। ਸਭ ਤੋਂ ਵੱਧ ਕੇ ਤੁਸੀਂ ਯਹੋਵਾਹ ਨੂੰ ਖ਼ੁਸ਼ ਕਰੋਗੇ ਅਤੇ ਉਸ ਨਾਲ ਤੁਹਾਡੀ ਦੋਸਤੀ ਹੋਰ ਗੂੜ੍ਹੀ ਹੋਵੇਗੀ। (ਕਹਾਉਤਾਂ 22:6; 23:15, 24, 25 ਪੜ੍ਹੋ।) ਯਹੋਆਸ਼ ਨੇ ਬਚਪਨ ਵਿਚ ਜਿਸ ਤਰ੍ਹਾਂ ਸਹੀ ਫ਼ੈਸਲੇ ਕੀਤੇ, ਕਿਉਂ ਨਾ ਤੁਸੀਂ ਵੀ ਉਸ ਤੋਂ ਸਿੱਖੋ ਅਤੇ ਸਹੀ ਫ਼ੈਸਲੇ ਕਰੋ?
6. ਯਹੋਆਸ਼ ਨੇ ਕਿਨ੍ਹਾਂ ਦੀ ਸਲਾਹ ਮੰਨਣੀ ਸ਼ੁਰੂ ਕਰ ਦਿੱਤੀ ਅਤੇ ਇਸ ਦੇ ਕੀ ਨਤੀਜੇ ਨਿਕਲੇ? (2 ਇਤਿਹਾਸ 24:17, 18)
6 ਯਹੋਆਸ਼ ਦੇ ਗ਼ਲਤ ਫ਼ੈਸਲਿਆਂ ਤੋਂ ਸਬਕ ਸਿੱਖੋ। ਯਹੋਯਾਦਾ ਦੀ ਮੌਤ ਤੋਂ ਬਾਅਦ ਯਹੋਆਸ਼ ਨੇ ਗ਼ਲਤ ਦੋਸਤ ਬਣਾ ਲਏ। (2 ਇਤਿਹਾਸ 24:17, 18 ਪੜ੍ਹੋ।) ਉਹ ਯਹੂਦਾਹ ਦੇ ਹਾਕਮਾਂ ਦੀ ਸਲਾਹ ਮੰਨਣ ਲੱਗ ਪਿਆ ਜੋ ਯਹੋਵਾਹ ਨੂੰ ਪਿਆਰ ਨਹੀਂ ਕਰਦੇ ਸਨ ਅਤੇ ਬਹੁਤ ਭੈੜੇ ਕੰਮ ਕਰਦੇ ਸਨ। ਤੁਸੀਂ ਇਸ ਗੱਲ ਨਾਲ ਜ਼ਰੂਰ ਸਹਿਮਤ ਹੋਵੋਗੇ ਕਿ ਯਹੋਆਸ਼ ਨੂੰ ਇਹੋ ਜਿਹੇ ਦੋਸਤ ਨਹੀਂ ਬਣਾਉਣੇ ਚਾਹੀਦੇ ਸਨ। (ਕਹਾ. 1:10) ਪਰ ਇਸ ਤਰ੍ਹਾਂ ਕਰਨ ਦੀ ਬਜਾਇ ਉਸ ਨੇ ਆਪਣੇ ਦੋਸਤਾਂ ਦੀ ਗ਼ਲਤ ਸਲਾਹ ਨੂੰ ਮੰਨਿਆ। ਦਰਅਸਲ, ਜਦੋਂ ਯਹੋਆਸ਼ ਦੀ ਭੂਆ ਦੇ ਮੁੰਡੇ ਜ਼ਕਰਯਾਹ ਨੇ ਉਸ ਨੂੰ ਸੁਧਾਰਨ ਦੀ ਕੋਸ਼ਿਸ਼ ਕੀਤੀ, ਤਾਂ ਯਹੋਆਸ਼ ਨੇ ਤਾਂ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। (2 ਇਤਿ. 24:20, 21; ਮੱਤੀ 23:35) ਇਹ ਕਿੰਨਾ ਹੀ ਭਿਆਨਕ ਅਤੇ ਮੂਰਖਤਾ ਭਰਿਆ ਕੰਮ ਸੀ! ਯਹੋਆਸ਼ ਨੇ ਸ਼ੁਰੂ-ਸ਼ੁਰੂ ਵਿਚ ਤਾਂ ਵਧੀਆ ਕੰਮ ਕੀਤੇ, ਪਰ ਦੁੱਖ ਦੀ ਗੱਲ ਹੈ ਕਿ ਬਾਅਦ ਵਿਚ ਉਹ ਇਕ ਧਰਮ-ਤਿਆਗੀ ਅਤੇ ਕਾਤਲ ਬਣ ਗਿਆ। ਅਖ਼ੀਰ, ਉਸ ਦੇ ਆਪਣੇ ਹੀ ਨੌਕਰਾਂ ਨੇ ਉਸ ਨੂੰ ਮਾਰ ਦਿੱਤਾ। (2 ਇਤਿ. 24:22-25) ਜ਼ਰਾ ਸੋਚੋ ਕਿ ਉਸ ਦੀ ਜ਼ਿੰਦਗੀ ਕਿੰਨੀ ਹੀ ਵੱਖਰੀ ਹੋਣੀ ਸੀ ਜੇ ਉਹ ਯਹੋਵਾਹ ਅਤੇ ਉਸ ਨੂੰ ਪਿਆਰ ਕਰਨ ਵਾਲਿਆਂ ਦੀ ਗੱਲ ਮੰਨਦਾ ਰਹਿੰਦਾ! ਤੁਸੀਂ ਉਸ ਦੀ ਮਿਸਾਲ ਤੋਂ ਕੀ ਸਿੱਖ ਸਕਦੇ ਹੋ?
7. ਤੁਹਾਨੂੰ ਕਿਨ੍ਹਾਂ ਨਾਲ ਦੋਸਤੀ ਕਰਨੀ ਚਾਹੀਦੀ ਹੈ? (ਤਸਵੀਰ ਵੀ ਦੇਖੋ।)
7 ਇਕ ਸਬਕ ਜੋ ਅਸੀਂ ਯਹੋਆਸ਼ ਦੇ ਬੁਰੇ ਫ਼ੈਸਲੇ ਤੋਂ ਸਿੱਖ ਸਕਦੇ ਹਾਂ, ਉਹ ਹੈ ਕਿ ਸਾਨੂੰ ਸਿਰਫ਼ ਉਹੀ ਦੋਸਤ ਬਣਾਉਣੇ ਚਾਹੀਦੇ ਹਨ ਜੋ ਯਹੋਵਾਹ ਨੂੰ ਪਿਆਰ ਕਰਦੇ ਹਨ ਅਤੇ ਉਸ ਨੂੰ ਖ਼ੁਸ਼ ਕਰਨਾ ਚਾਹੁੰਦੇ ਹਨ। ਇਹ ਦੋਸਤ ਚੰਗੇ ਕੰਮ ਕਰਨ ਵਿਚ ਸਾਡੀ ਮਦਦ ਕਰਨਗੇ। ਨਾਲੇ ਸਾਨੂੰ ਸਿਰਫ਼ ਆਪਣੀ ਉਮਰ ਦੇ ਲੋਕਾਂ ਨਾਲ ਹੀ ਦੋਸਤੀ ਨਹੀਂ ਕਰਨੀ ਚਾਹੀਦੀ। ਯਾਦ ਰੱਖੋ, ਯਹੋਆਸ਼ ਆਪਣੇ ਦੋਸਤ ਯਹੋਯਾਦਾ ਤੋਂ ਬਹੁਤ ਛੋਟਾ ਸੀ। ਦੋਸਤਾਂ ਦੀ ਚੋਣ ਦੇ ਮਾਮਲੇ ਵਿਚ ਆਪਣੇ ਆਪ ਤੋਂ ਪੁੱਛੋ: ‘ਕੀ ਮੇਰੇ ਦੋਸਤ ਮੇਰੀ ਮਦਦ ਕਰਦੇ ਹਨ ਕਿ ਮੈਂ ਯਹੋਵਾਹ ʼਤੇ ਆਪਣੀ ਨਿਹਚਾ ਨੂੰ ਮਜ਼ਬੂਤ ਕਰ ਸਕਾਂ? ਕੀ ਉਹ ਮੈਨੂੰ ਯਹੋਵਾਹ ਦੇ ਮਿਆਰਾਂ ਮੁਤਾਬਕ ਚੱਲਣ ਦੀ ਹੱਲਾਸ਼ੇਰੀ ਦਿੰਦੇ ਹਨ? ਕੀ ਉਹ ਯਹੋਵਾਹ ਅਤੇ ਉਸ ਦੀਆਂ ਅਨਮੋਲ ਸੱਚਾਈਆਂ ਬਾਰੇ ਗੱਲ ਕਰਦੇ ਹਨ? ਕੀ ਉਹ ਯਹੋਵਾਹ ਦੇ ਮਿਆਰਾਂ ਦਾ ਆਦਰ ਕਰਦੇ ਹਨ? ਕੀ ਉਹ ਮੈਨੂੰ ਸਿਰਫ਼ ਉਹੀ ਗੱਲਾਂ ਕਹਿੰਦੇ ਹਨ ਜੋ ਮੈਂ ਸੁਣਨੀਆਂ ਚਾਹੁੰਦਾ ਹਾਂ? ਜਾਂ ਉਹ ਹਿੰਮਤ ਕਰਕੇ ਮੈਨੂੰ ਸੁਧਾਰਦੇ ਹਨ ਜਦੋਂ ਮੇਰੇ ਤੋਂ ਕੋਈ ਗ਼ਲਤੀ ਹੋ ਜਾਂਦੀ ਹੈ?’ (ਕਹਾ. 27:5, 6, 17) ਸੱਚ ਤਾਂ ਇਹ ਹੈ ਕਿ ਜੇ ਤੁਹਾਡੇ ਦੋਸਤ ਯਹੋਵਾਹ ਨੂੰ ਪਿਆਰ ਨਹੀਂ ਕਰਦੇ, ਤਾਂ ਤੁਹਾਨੂੰ ਉਨ੍ਹਾਂ ਦੀ ਲੋੜ ਨਹੀਂ ਹੈ। ਪਰ ਜੇ ਤੁਹਾਡੇ ਦੋਸਤ ਯਹੋਵਾਹ ਨੂੰ ਪਿਆਰ ਕਰਦੇ ਹਨ, ਤਾਂ ਉਨ੍ਹਾਂ ਨਾਲ ਦੋਸਤੀ ਬਣਾਈ ਰੱਖੋ। ਉਹ ਹਮੇਸ਼ਾ ਤੁਹਾਡੀ ਮਦਦ ਕਰਨਗੇ।—ਕਹਾ. 13:20.
8. ਜੇ ਅਸੀਂ ਸੋਸ਼ਲ ਮੀਡੀਆ ਵਰਤਦੇ ਹਾਂ, ਤਾਂ ਸਾਨੂੰ ਕਿਨ੍ਹਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ?
8 ਸੋਸ਼ਲ ਮੀਡੀਆ ਇਕ ਵਧੀਆ ਜ਼ਰੀਆ ਹੈ ਜਿਸ ਰਾਹੀਂ ਅਸੀਂ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਜੁੜੇ ਰਹਿ ਸਕਦੇ ਹਾਂ। ਪਰ ਬਹੁਤ ਸਾਰੇ ਲੋਕ ਦੂਜਿਆਂ ਦਾ ਧਿਆਨ ਆਪਣੇ ਵੱਲ ਖਿੱਚਣ ਲਈ ਇਸ ਨੂੰ ਵਰਤਦੇ ਹਨ। ਉਹ ਜੋ ਵੀ ਖ਼ਰੀਦਦੇ ਹਨ ਜਾਂ ਜੋ ਵੀ ਕਰਦੇ ਹਨ, ਉਨ੍ਹਾਂ ਦੀਆਂ ਫੋਟੋਆਂ ਅਤੇ ਵੀਡੀਓ ਸੋਸ਼ਲ ਮੀਡੀਆ ʼਤੇ ਪਾ ਦਿੰਦੇ ਹਨ। ਜੇ ਤੁਸੀਂ ਵੀ ਸੋਸ਼ਲ ਮੀਡੀਆ ਵਰਤਦੇ ਹੋ, ਤਾਂ ਆਪਣੇ ਆਪ ਤੋਂ ਪੁੱਛੋ: ‘ਕੀ ਮੈਂ ਇਸ ਨੂੰ ਇਸ ਲਈ ਵਰਤਦਾ ਹਾਂ ਤਾਂਕਿ ਦੂਜਿਆਂ ਦਾ ਧਿਆਨ ਆਪਣੇ ਵੱਲ ਖਿੱਚ ਸਕਾਂ? ਕੀ ਮੈਂ ਦੂਸਰਿਆਂ ਦਾ ਹੌਸਲਾ ਵਧਾਉਣ ਲਈ ਸੋਸ਼ਲ ਮੀਡੀਆ ʼਤੇ ਕੁਝ ਪਾਉਂਦਾ ਹਾਂ? ਜਾਂ ਕੀ ਮੈਂ ਚਾਹੁੰਦਾ ਹਾਂ ਕਿ ਉਹ ਮੇਰੀ ਤਾਰੀਫ਼ ਕਰਨ? ਕਿਤੇ ਮੇਰੀ ਸੋਚ, ਬੋਲੀ ਅਤੇ ਕੰਮਾਂ ʼਤੇ ਸੋਸ਼ਲ ਮੀਡੀਆ ਵਰਤਣ ਵਾਲੇ ਲੋਕਾਂ ਦਾ ਮਾੜਾ ਅਸਰ ਤਾਂ ਨਹੀਂ ਪੈ ਰਿਹਾ?’ ਇਕ ਵਾਰ ਭਰਾ ਨੇਥਨ ਨੌਰ ਨੇ, ਜੋ ਪ੍ਰਬੰਧਕ ਸਭਾ ਦਾ ਮੈਂਬਰ ਸੀ, ਇਹ ਸਲਾਹ ਦਿੱਤੀ ਸੀ: “ਇਨਸਾਨਾਂ ਨੂੰ ਖ਼ੁਸ਼ ਕਰਨ ਦੀ ਕੋਸ਼ਿਸ਼ ਨਾ ਕਰੋ। ਇਸ ਨਾਲ ਤੁਸੀਂ ਕਿਸੇ ਨੂੰ ਖ਼ੁਸ਼ ਨਹੀਂ ਕਰ ਸਕੋਗੇ। ਯਹੋਵਾਹ ਨੂੰ ਖ਼ੁਸ਼ ਕਰੋ ਤੇ ਤੁਸੀਂ ਉਨ੍ਹਾਂ ਸਾਰਿਆਂ ਨੂੰ ਵੀ ਖ਼ੁਸ਼ ਕਰੋਗੇ ਜੋ ਯਹੋਵਾਹ ਨਾਲ ਪਿਆਰ ਕਰਦੇ ਹਨ।”
ਨਿਮਰ ਬਣੇ ਰਹੋ
9. ਯਹੋਵਾਹ ਦੀ ਮਦਦ ਨਾਲ ਉਜ਼ੀਯਾਹ ਕੀ ਕਰ ਸਕਿਆ? (2 ਇਤਿਹਾਸ 26:1-5)
9 ਉਜ਼ੀਯਾਹ ਵਾਂਗ ਸਹੀ ਫ਼ੈਸਲੇ ਕਰੋ। ਨੌਜਵਾਨ ਹੁੰਦਿਆਂ ਰਾਜਾ ਉਜ਼ੀਯਾਹ ਨਿਮਰ ਸੀ। ਉਸ ਨੇ “ਸੱਚੇ ਪਰਮੇਸ਼ੁਰ ਦਾ ਡਰ” ਰੱਖਣਾ ਸਿੱਖਿਆ। ਉਹ ਲਗਭਗ 68 ਸਾਲ ਜੀਉਂਦਾ ਰਿਹਾ ਅਤੇ ਜ਼ਿੰਦਗੀ ਦੇ ਜ਼ਿਆਦਾਤਰ ਸਾਲਾਂ ਦੌਰਾਨ ਉਸ ਉੱਤੇ ਯਹੋਵਾਹ ਦੀ ਬਰਕਤ ਰਹੀ। (2 ਇਤਿਹਾਸ 26:1-5 ਪੜ੍ਹੋ।) ਉਜ਼ੀਯਾਹ ਨੇ ਬਹੁਤ ਸਾਰੀਆਂ ਦੁਸ਼ਮਣ ਕੌਮਾਂ ਨੂੰ ਹਰਾਇਆ ਅਤੇ ਯਰੂਸ਼ਲਮ ਦੀ ਸੁਰੱਖਿਆ ਮਜ਼ਬੂਤ ਕਰਨ ਲਈ ਵੀ ਕੁਝ ਕਦਮ ਚੁੱਕੇ। (2 ਇਤਿ. 26:6-15) ਪਰਮੇਸ਼ੁਰ ਦੀ ਮਦਦ ਨਾਲ ਉਜ਼ੀਯਾਹ ਜੋ ਵੀ ਕਰ ਸਕਿਆ, ਉਸ ਕਰਕੇ ਉਸ ਨੂੰ ਜ਼ਰੂਰ ਖ਼ੁਸ਼ੀ ਮਿਲੀ ਹੋਣੀ।—ਉਪ. 3:12, 13.
10. ਉਜ਼ੀਯਾਹ ਨਾਲ ਕੀ ਹੋਇਆ?
10 ਉਜ਼ੀਯਾਹ ਦੇ ਗ਼ਲਤ ਫ਼ੈਸਲਿਆਂ ਤੋਂ ਸਬਕ ਸਿੱਖੋ। ਰਾਜਾ ਉਜ਼ੀਯਾਹ ਨੂੰ ਦੂਸਰਿਆਂ ਨੂੰ ਹਿਦਾਇਤਾਂ ਦੇਣ ਦੀ ਆਦਤ ਪੈ ਗਈ ਸੀ। ਇਸ ਕਰਕੇ ਸ਼ਾਇਦ ਉਹ ਇੱਦਾਂ ਸੋਚਣ ਲੱਗ ਪਿਆ ਸੀ ਕਿ ਉਹ ਕੁਝ ਵੀ ਕਰ ਸਕਦਾ ਹੈ। ਇਕ ਦਿਨ ਉਜ਼ੀਯਾਹ ਯਹੋਵਾਹ ਦੇ ਮੰਦਰ ਵਿਚ ਗਿਆ ਅਤੇ ਘਮੰਡ ਵਿਚ ਆ ਕੇ ਉਸ ਨੇ ਵੇਦੀ ʼਤੇ ਧੂਪ ਧੁਖਾਉਣ ਦੀ ਕੋਸ਼ਿਸ਼ ਕੀਤੀ। ਇਹ ਰਾਜਿਆਂ ਦਾ ਕੰਮ ਨਹੀਂ ਸੀ। (2 ਇਤਿ. 26:16-18) ਮਹਾਂ ਪੁਜਾਰੀ ਅਜ਼ਰਯਾਹ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਪਰ ਉਜ਼ੀਯਾਹ ਉਸ ʼਤੇ ਗੁੱਸੇ ਵਿਚ ਭੜਕ ਉੱਠਿਆ। ਇਸ ਕਰਕੇ ਯਹੋਵਾਹ ਨੇ ਉਸ ਨੂੰ ਕੋੜ੍ਹ ਦੀ ਬੀਮਾਰੀ ਲਾ ਦਿੱਤੀ। (2 ਇਤਿ. 26:19-21) ਦੁੱਖ ਦੀ ਗੱਲ ਹੈ ਕਿ ਉਜ਼ੀਯਾਹ ਨੇ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕਰਨ ਦਾ ਜੋ ਚੰਗਾ ਨਾਂ ਕਮਾਇਆ ਸੀ, ਉਹ ਉਸ ਨੇ ਪਲਾਂ ਵਿਚ ਹੀ ਮਿੱਟੀ ਵਿਚ ਰੋਲ਼ ਦਿੱਤਾ। ਉਸ ਦੀ ਜ਼ਿੰਦਗੀ ਕਿੰਨੀ ਹੀ ਵੱਖਰੀ ਹੋਣੀ ਸੀ ਜੇ ਉਹ ਹਮੇਸ਼ਾ ਨਿਮਰ ਰਹਿੰਦਾ!
11. ਕਿਹੜੀਆਂ ਗੱਲਾਂ ਨਿਮਰ ਬਣੇ ਰਹਿਣ ਵਿਚ ਸਾਡੀ ਮਦਦ ਕਰ ਸਕਦੀਆਂ ਹਨ? (ਤਸਵੀਰ ਵੀ ਦੇਖੋ।)
11 ਜਦੋਂ ਉਜ਼ੀਯਾਹ ਤਾਕਤਵਰ ਹੋ ਗਿਆ, ਤਾਂ ਉਹ ਇਹ ਭੁੱਲ ਗਿਆ ਕਿ ਯਹੋਵਾਹ ਨੇ ਹੀ ਉਸ ਨੂੰ ਇਹ ਤਾਕਤ ਅਤੇ ਖ਼ੁਸ਼ਹਾਲੀ ਦਿੱਤੀ ਸੀ। ਇਸ ਤੋਂ ਅਸੀਂ ਕੀ ਸਬਕ ਸਿੱਖਦੇ ਹਾਂ? ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਯਹੋਵਾਹ ਹੀ ਹੈ ਜੋ ਸਾਨੂੰ ਬਰਕਤਾਂ ਅਤੇ ਜ਼ਿੰਮੇਵਾਰੀਆਂ ਦਿੰਦਾ ਹੈ। ਅਸੀਂ ਜੋ ਵੀ ਕਰਦੇ ਹਾਂ, ਉਸ ʼਤੇ ਸ਼ੇਖ਼ੀਆਂ ਮਰਨ ਦੀ ਬਜਾਇ ਸਾਨੂੰ ਉਸ ਦਾ ਸਿਹਰਾ ਯਹੋਵਾਹ ਨੂੰ ਦੇਣਾ ਚਾਹੀਦਾ ਹੈ। b (1 ਕੁਰਿੰ. 4:7) ਸਾਨੂੰ ਨਿਮਰਤਾ ਨਾਲ ਕਬੂਲ ਕਰਨਾ ਚਾਹੀਦਾ ਹੈ ਕਿ ਅਸੀਂ ਨਾਮੁਕੰਮਲ ਹਾਂ ਅਤੇ ਸਾਨੂੰ ਸੁਧਾਰ ਕਰਨ ਦੀ ਲੋੜ ਪੈ ਸਕਦੀ ਹੈ। ਲਗਭਗ 60 ਸਾਲਾਂ ਦੀ ਉਮਰ ਦੇ ਇਕ ਭਰਾ ਨੇ ਲਿਖਿਆ: “ਮੈਂ ਸਿੱਖਿਆ ਹੈ ਕਿ ਜੇ ਕੋਈ ਮੈਨੂੰ ਕੁਝ ਕਹਿ ਦਿੰਦਾ ਹੈ, ਤਾਂ ਮੈਨੂੰ ਉਸ ਦੀਆਂ ਗੱਲਾਂ ਦਿਲ ʼਤੇ ਨਹੀਂ ਲਾਉਣੀਆਂ ਚਾਹੀਦੀਆਂ। ਛੋਟੀ-ਮੋਟੀ ਗ਼ਲਤੀ ਹੋ ਜਾਣ ਤੇ ਜੇ ਕੋਈ ਮੈਨੂੰ ਸੁਧਾਰਦਾ ਹੈ, ਤਾਂ ਮੈਂ ਬੁਰਾ ਨਹੀਂ ਮਨਾਉਂਦਾ। ਇਸ ਦੀ ਬਜਾਇ, ਮੈਂ ਆਪਣੀਆਂ ਗ਼ਲਤੀਆਂ ਨੂੰ ਸੁਧਾਰਨ ਅਤੇ ਯਹੋਵਾਹ ਦੀ ਸੇਵਾ ਕਰਦੇ ਰਹਿਣ ਦੀ ਪੂਰੀ ਕੋਸ਼ਿਸ਼ ਕਰਦਾ ਹਾਂ।” ਸੱਚ ਤਾਂ ਇਹ ਹੈ ਕਿ ਜੇ ਅਸੀਂ ਯਹੋਵਾਹ ਦਾ ਡਰ ਰੱਖਾਂਗੇ ਅਤੇ ਨਿਮਰ ਬਣੇ ਰਹਾਂਗੇ, ਤਾਂ ਸਾਡੀ ਜ਼ਿੰਦਗੀ ਖ਼ੁਸ਼ਹਾਲ ਹੋਵੇਗੀ।—ਕਹਾ. 22:4.
ਯਹੋਵਾਹ ਦੀ ਭਾਲ ਕਰਦੇ ਰਹੋ
12. ਨੌਜਵਾਨ ਹੁੰਦਿਆਂ ਯੋਸੀਯਾਹ ਨੇ ਯਹੋਵਾਹ ਦੀ ਭਾਲ ਕਿਵੇਂ ਕੀਤੀ? (2 ਇਤਿਹਾਸ 34:1-3)
12 ਯੋਸੀਯਾਹ ਵਾਂਗ ਸਹੀ ਫ਼ੈਸਲੇ ਕਰੋ। ਨੌਜਵਾਨ ਹੁੰਦਿਆਂ ਹੀ ਯੋਸੀਯਾਹ ਨੇ ਯਹੋਵਾਹ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਸੀ। ਉਹ ਯਹੋਵਾਹ ਬਾਰੇ ਸਿੱਖਣਾ ਚਾਹੁੰਦਾ ਸੀ ਅਤੇ ਉਸ ਦੀ ਇੱਛਾ ਪੂਰੀ ਕਰਨੀ ਚਾਹੁੰਦਾ ਸੀ। ਪਰ ਇਸ ਨੌਜਵਾਨ ਰਾਜੇ ਲਈ ਇਹ ਸਾਰਾ ਕੁਝ ਕਰਨਾ ਇੰਨਾ ਸੌਖਾ ਨਹੀਂ ਸੀ। ਕਿਉਂ? ਕਿਉਂਕਿ ਉਸ ਵੇਲੇ ਹਰ ਪਾਸੇ ਲੋਕ ਝੂਠੇ ਦੇਵੀ-ਦੇਵਤਿਆਂ ਦੀ ਭਗਤੀ ਕਰਦੇ ਸਨ। ਉਨ੍ਹਾਂ ਨੂੰ ਰੋਕਣ ਲਈ ਯੋਸੀਯਾਹ ਨੂੰ ਦਲੇਰੀ ਦਿਖਾਉਣ ਦੀ ਲੋੜ ਸੀ। ਬਿਨਾਂ ਸ਼ੱਕ, ਉਸ ਨੇ ਬਿਲਕੁਲ ਇੱਦਾਂ ਹੀ ਕੀਤਾ। ਹਾਲੇ ਉਹ 20 ਸਾਲਾਂ ਦਾ ਵੀ ਨਹੀਂ ਸੀ ਜਦੋਂ ਉਸ ਨੇ ਇਜ਼ਰਾਈਲ ਕੌਮ ਵਿੱਚੋਂ ਝੂਠੀ ਭਗਤੀ ਦਾ ਸਫ਼ਾਇਆ ਕਰਨਾ ਸ਼ੁਰੂ ਕੀਤਾ।—2 ਇਤਿਹਾਸ 34:1-3 ਪੜ੍ਹੋ।
13. ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰ ਕੇ ਤੁਸੀਂ ਹਰ ਰੋਜ਼ ਕੀ ਕਰਨ ਦੀ ਪੂਰੀ ਕੋਸ਼ਿਸ਼ ਕਰੋਗੇ?
13 ਕੀ ਤੁਸੀਂ ਛੋਟੀ ਉਮਰ ਦੇ ਹੋ? ਜੇ ਹਾਂ, ਤਾਂ ਤੁਸੀਂ ਵੀ ਯੋਸੀਯਾਹ ਵਾਂਗ ਬਣ ਸਕਦੇ ਹੋ। ਉਹ ਕਿਵੇਂ? ਤੁਸੀਂ ਯਹੋਵਾਹ ਦੀ ਭਾਲ ਕਰ ਸਕਦੇ ਹੋ ਯਾਨੀ ਉਸ ਨੂੰ ਹੋਰ ਚੰਗੀ ਤਰ੍ਹਾਂ ਜਾਣ ਸਕਦੇ ਹੋ ਅਤੇ ਇਹ ਸਮਝਣ ਦੀ ਕੋਸ਼ਿਸ਼ ਕਰ ਸਕਦੇ ਹੋ ਕਿ ਉਸ ਵਿਚ ਕਿਹੜੇ-ਕਿਹੜੇ ਗੁਣ ਹਨ। ਇੱਦਾਂ ਕਰ ਕੇ ਤੁਸੀਂ ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰਨੀ ਚਾਹੋਗੇ। ਜੋ ਲੋਕ ਪਰਮੇਸ਼ੁਰ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰਦੇ ਹਨ, ਉਹ ਹਰ ਰੋਜ਼ ਕੀ ਕਰਨ ਦੀ ਕੋਸ਼ਿਸ਼ ਕਰਦੇ ਹਨ? ਲੂਕ ਨੇ 14 ਸਾਲਾਂ ਦੀ ਉਮਰ ਵਿਚ ਬਪਤਿਸਮਾ ਲਿਆ। ਉਹ ਕਹਿੰਦਾ ਹੈ: “ਹੁਣ ਤੋਂ ਮੈਂ ਯਹੋਵਾਹ ਦੀ ਸੇਵਾ ਨੂੰ ਆਪਣੀ ਜ਼ਿੰਦਗੀ ਵਿਚ ਪਹਿਲੀ ਥਾਂ ਦੇਵਾਂਗਾ ਅਤੇ ਉਸ ਨੂੰ ਖ਼ੁਸ਼ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗਾ।” (ਮਰ. 12:30) ਜੇ ਤੁਸੀਂ ਵੀ ਇੱਦਾਂ ਹੀ ਕਰਨਾ ਚਾਹੁੰਦੇ ਹੋ, ਤਾਂ ਇਹ ਕਿੰਨੀ ਹੀ ਖ਼ੁਸ਼ੀ ਦੀ ਗੱਲ ਹੈ!
14. ਮਿਸਾਲਾਂ ਦੇ ਕੇ ਦੱਸੋ ਕਿ ਕੁਝ ਨੌਜਵਾਨ ਕਿਵੇਂ ਯੋਸੀਯਾਹ ਦੀ ਰੀਸ ਕਰਦੇ ਹਨ।
14 ਯਹੋਵਾਹ ਦੇ ਨੌਜਵਾਨ ਸੇਵਕਾਂ ʼਤੇ ਕਿਹੜੀਆਂ ਮੁਸ਼ਕਲਾਂ ਆ ਸਕਦੀਆਂ ਹਨ? ਯੋਹਾਨ ਨੇ 12 ਸਾਲ ਦੀ ਉਮਰ ਵਿਚ ਬਪਤਿਸਮਾ ਲਿਆ ਸੀ। ਉਹ ਦੱਸਦਾ ਹੈ ਕਿ ਉਸ ਦੇ ਕਲਾਸ ਦੇ ਬੱਚੇ ਉਸ ʼਤੇ ਇਲੈਕਟ੍ਰਾਨਿਕ ਸਿਗਰਟਾਂ ਪੀਣ ਦਾ ਦਬਾਅ ਪਾਉਂਦੇ ਹਨ। ਇਸ ਦਬਾਅ ਤੋਂ ਬਚਣ ਲਈ ਯੋਹਾਨ ਆਪਣੇ ਆਪ ਨੂੰ ਯਾਦ ਕਰਾਉਂਦਾ ਹੈ ਕਿ ਇਲੈਕਟ੍ਰਾਨਿਕ ਸਿਗਰਟਾਂ ਪੀਣ ਨਾਲ ਉਸ ਦੀ ਸਿਹਤ ਅਤੇ ਯਹੋਵਾਹ ਨਾਲ ਉਸ ਦੇ ਰਿਸ਼ਤੇ ʼਤੇ ਕਿੰਨਾ ਬੁਰਾ ਅਸਰ ਪਵੇਗਾ। ਰੇਚਲ ਨੇ 14 ਸਾਲ ਦੀ ਉਮਰ ਵਿਚ ਬਪਤਿਸਮਾ ਲਿਆ ਸੀ। ਉਹ ਦੱਸਦੀ ਹੈ ਕਿ ਸਕੂਲ ਵਿਚ ਆਉਂਦੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨ ਵਿਚ ਕਿਹੜੀ ਗੱਲ ਉਸ ਦੀ ਮਦਦ ਕਰਦੀ ਹੈ। ਉਹ ਕਹਿੰਦੀ ਹੈ: “ਮੈਂ ਉਨ੍ਹਾਂ ਚੀਜ਼ਾਂ ਵੱਲ ਆਪਣਾ ਧਿਆਨ ਲਾਉਂਦੀ ਹਾਂ ਜਿਨ੍ਹਾਂ ਕਰਕੇ ਮੇਰਾ ਧਿਆਨ ਬਾਈਬਲ ਅਤੇ ਯਹੋਵਾਹ ਵੱਲ ਜਾਂਦਾ ਹੈ। ਉਦਾਹਰਣ ਲਈ, ਇਤਿਹਾਸ ਦੀ ਕਲਾਸ ਵਿਚ ਹੁੰਦਿਆਂ ਮੈਨੂੰ ਬਾਈਬਲ ਦੇ ਬਿਰਤਾਂਤ ਜਾਂ ਕੋਈ ਭਵਿੱਖਬਾਣੀ ਯਾਦ ਆਉਂਦੀ ਹੈ। ਜਾਂ ਜਦੋਂ ਮੈਂ ਸਕੂਲ ਵਿਚ ਕਿਸੇ ਨਾਲ ਗੱਲ ਕਰਦੀ ਹਾਂ, ਤਾਂ ਮੈਂ ਸੋਚਦੀ ਹਾਂ ਕਿ ਮੈਂ ਉਸ ਨੂੰ ਕਿਹੜੀ ਆਇਤ ਦੱਸ ਸਕਦੀ ਹਾਂ।” ਚਾਹੇ ਅੱਜ ਤੁਹਾਡੇ ʼਤੇ ਉਹ ਮੁਸ਼ਕਲਾਂ ਨਹੀਂ ਆਉਂਦੀਆਂ ਜੋ ਰਾਜਾ ਯੋਸੀਯਾਹ ʼਤੇ ਆਈਆਂ ਸਨ, ਫਿਰ ਵੀ ਤੁਸੀਂ ਉਸ ਵਾਂਗ ਸਮਝਦਾਰ ਬਣ ਸਕਦੇ ਹੋ ਅਤੇ ਯਹੋਵਾਹ ਦੇ ਵਫ਼ਾਦਾਰ ਰਹਿ ਸਕਦੇ ਹੋ। ਜਵਾਨੀ ਵਿਚ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰ ਕੇ ਤੁਸੀਂ ਆਉਣ ਵਾਲੇ ਸਾਲਾਂ ਦੌਰਾਨ ਮੁਸ਼ਕਲਾਂ ਨੂੰ ਝੱਲਣ ਲਈ ਤਿਆਰ ਹੋਵੋਗੇ।
15. ਕਿਹੜੀ ਗੱਲ ਨੇ ਯੋਸੀਯਾਹ ਦੀ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕਰਨ ਵਿਚ ਮਦਦ ਕੀਤੀ? (2 ਇਤਿਹਾਸ 34:14, 18-21)
15 ਰਾਜਾ ਯੋਸੀਯਾਹ ਨੇ 26 ਸਾਲਾਂ ਦੀ ਉਮਰ ਵਿਚ ਯਹੋਵਾਹ ਦੇ ਭਵਨ ਦੀ ਮੁਰੰਮਤ ਕਰਾਉਣੀ ਸ਼ੁਰੂ ਕੀਤੀ। ਇਸ ਕੰਮ ਦੌਰਾਨ “ਯਹੋਵਾਹ ਦੇ ਕਾਨੂੰਨ ਦੀ ਕਿਤਾਬ ਮਿਲੀ ਜੋ ਮੂਸਾ ਰਾਹੀਂ ਦਿੱਤੀ ਗਈ ਸੀ।” ਕਾਨੂੰਨ ਵਿਚ ਲਿਖੀਆਂ ਗੱਲਾਂ ਨੂੰ ਸੁਣਦੇ ਸਾਰ ਰਾਜਾ ਯੋਸੀਯਾਹ ਨੇ ਇਸ ਮੁਤਾਬਕ ਕਦਮ ਚੁੱਕੇ। (2 ਇਤਿਹਾਸ 34:14, 18-21 ਪੜ੍ਹੋ।) ਕੀ ਤੁਸੀਂ ਹਰ ਰੋਜ਼ ਬਾਈਬਲ ਪੜ੍ਹਨੀ ਚਾਹੋਗੇ? ਹੋ ਸਕਦਾ ਹੈ ਕਿ ਤੁਸੀਂ ਹਰ ਰੋਜ਼ ਇੱਦਾਂ ਕਰਨ ਦੀ ਕੋਸ਼ਿਸ਼ ਕਰਦੇ ਹੋ। ਪਰ ਕੀ ਤੁਹਾਨੂੰ ਇੱਦਾਂ ਕਰ ਕੇ ਮਜ਼ਾ ਆਉਂਦਾ ਹੈ? ਕੀ ਤੁਸੀਂ ਉਨ੍ਹਾਂ ਆਇਤਾਂ ਨੂੰ ਲਿਖ ਲੈਂਦੇ ਹੋ ਜਿਨ੍ਹਾਂ ਨਾਲ ਤੁਹਾਨੂੰ ਮਦਦ ਮਿਲ ਸਕਦੀ ਹੈ? ਲੂਕ, ਜਿਸ ਦਾ ਜ਼ਿਕਰ ਪਹਿਲਾਂ ਕੀਤਾ ਗਿਆ ਸੀ, ਅਧਿਐਨ ਕਰਦਿਆਂ ਉਹ ਗੱਲਾਂ ਆਪਣੀ ਡਾਇਰੀ ਵਿਚ ਲਿਖ ਲੈਂਦਾ ਹੈ ਜੋ ਉਸ ਨੂੰ ਵਧੀਆ ਲੱਗਦੀਆਂ ਹਨ। ਕੀ ਤੁਸੀਂ ਵੀ ਇੱਦਾਂ ਕਰਨਾ ਚਾਹੋਗੇ ਤਾਂਕਿ ਤੁਸੀਂ ਬਾਈਬਲ ਦੀਆਂ ਆਇਤਾਂ ਜਾਂ ਇਸ ਵਿੱਚੋਂ ਸਿੱਖੀਆਂ ਜ਼ਰੂਰੀ ਗੱਲ ਯਾਦ ਰੱਖ ਸਕੋ? ਤੁਸੀਂ ਜਿੰਨਾ ਜ਼ਿਆਦਾ ਬਾਈਬਲ ਨੂੰ ਜਾਣੋਗੇ ਅਤੇ ਇਸ ਵਿਚ ਦਿਲਚਸਪੀ ਲਓਗੇ, ਤੁਸੀਂ ਉੱਨਾ ਜ਼ਿਆਦਾ ਯਹੋਵਾਹ ਦੀ ਸੇਵਾ ਕਰਨੀ ਚਾਹੋਗੇ। ਇਸ ਤੋਂ ਇਲਾਵਾ, ਰਾਜਾ ਯੋਸੀਯਾਹ ਵਾਂਗ ਤੁਸੀਂ ਪਰਮੇਸ਼ੁਰ ਦੇ ਬਚਨ ਮੁਤਾਬਕ ਕਦਮ ਚੁੱਕਣ ਲਈ ਤਿਆਰ ਹੋਵੋਗੇ।
16. ਯੋਸੀਯਾਹ ਨੇ ਇਕ ਗੰਭੀਰ ਗ਼ਲਤੀ ਕਿਉਂ ਕੀਤੀ ਅਤੇ ਅਸੀਂ ਇਸ ਤੋਂ ਕੀ ਸਬਕ ਸਿੱਖ ਸਕਦੇ ਹਾਂ?
16 ਯੋਸੀਯਾਹ ਦੇ ਗ਼ਲਤ ਫ਼ੈਸਲਿਆਂ ਤੋਂ ਸਬਕ ਸਿੱਖੋ। ਲਗਭਗ 39 ਸਾਲਾਂ ਦੀ ਉਮਰ ਵਿਚ ਯੋਸੀਯਾਹ ਨੇ ਇਕ ਗੰਭੀਰ ਗ਼ਲਤੀ ਕੀਤੀ। ਉਸ ਨੇ ਯਹੋਵਾਹ ਤੋਂ ਸੇਧ ਲੈਣ ਦੀ ਬਜਾਇ ਆਪਣੇ ਆਪ ʼਤੇ ਭਰੋਸਾ ਕੀਤਾ। ਇਸ ਕਰਕੇ ਉਹ ਆਪਣੀ ਜਾਨ ਗੁਆ ਬੈਠਾ। (2 ਇਤਿ. 35:20-25) ਅਸੀਂ ਇਸ ਤੋਂ ਕੀ ਸਬਕ ਸਿੱਖ ਸਕਦੇ ਹਾਂ? ਚਾਹੇ ਸਾਡੀ ਉਮਰ ਜਿੰਨੀ ਮਰਜ਼ੀ ਹੋ ਗਈ ਹੋਵੇ ਜਾਂ ਬਾਈਬਲ ਦਾ ਅਧਿਐਨ ਕਰਦਿਆਂ ਸਾਨੂੰ ਜਿੰਨਾ ਮਰਜ਼ੀ ਸਮਾਂ ਹੋ ਗਿਆ ਹੋਵੇ, ਸਾਨੂੰ ਯਹੋਵਾਹ ਦੀ ਭਾਲ ਕਰਦੇ ਰਹਿਣਾ ਚਾਹੀਦਾ ਹੈ। ਇਸ ਤਰ੍ਹਾਂ ਕਰਨ ਲਈ ਜ਼ਰੂਰੀ ਹੈ ਕਿ ਅਸੀਂ ਸੇਧ ਲਈ ਹਰ ਰੋਜ਼ ਯਹੋਵਾਹ ਨੂੰ ਪ੍ਰਾਰਥਨਾ ਕਰੀਏ, ਉਸ ਦੇ ਬਚਨ ਦਾ ਅਧਿਐਨ ਕਰੀਏ ਅਤੇ ਸਮਝਦਾਰ ਮਸੀਹੀਆਂ ਦੀ ਸਲਾਹ ਮੰਨੀਏ। ਇੱਦਾਂ ਅਸੀਂ ਗੰਭੀਰ ਗ਼ਲਤੀਆਂ ਕਰਨ ਤੋਂ ਬਚ ਸਕਾਂਗੇ ਅਤੇ ਖ਼ੁਸ਼ ਰਹਿ ਸਕਾਂਗੇ।—ਯਾਕੂ. 1:25.
ਨੌਜਵਾਨੋ, ਤੁਹਾਡੀ ਜ਼ਿੰਦਗੀ ਖ਼ੁਸ਼ੀਆਂ ਭਰੀ ਹੋ ਸਕਦੀ ਹੈ
17. ਅਸੀਂ ਯਹੂਦਾਹ ਦੇ ਤਿੰਨ ਰਾਜਿਆਂ ਤੋਂ ਕਿਹੜੇ ਜ਼ਰੂਰੀ ਸਬਕ ਸਿੱਖ ਸਕਦੇ ਹਾਂ?
17 ਨੌਜਵਾਨਾਂ ਕੋਲ ਬਹੁਤ ਸਾਰੇ ਵਧੀਆ ਮੌਕੇ ਹੁੰਦੇ ਹਨ। ਰਾਜਾ ਯਹੋਆਸ਼, ਉਜ਼ੀਯਾਹ ਅਤੇ ਯੋਸੀਯਾਹ ਦੇ ਬਿਰਤਾਂਤਾਂ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਨੌਜਵਾਨ ਸਮਝਦਾਰੀ ਨਾਲ ਸਹੀ ਫ਼ੈਸਲੇ ਕਰ ਸਕਦੇ ਹਨ ਅਤੇ ਅਜਿਹੀ ਜ਼ਿੰਦਗੀ ਜੀ ਸਕਦੇ ਹਨ ਜਿਸ ਤੋਂ ਯਹੋਵਾਹ ਨੂੰ ਖ਼ੁਸ਼ੀ ਹੋਵੇ। ਕਿਉਂ ਨਾ ਤੁਸੀਂ ਇਨ੍ਹਾਂ ਨੌਜਵਾਨਾਂ ਵਾਂਗ ਆਪਣੀ ਜ਼ਿੰਦਗੀ ਵਿਚ ਸਹੀ ਫ਼ੈਸਲੇ ਕਰੋ? ਇਹ ਤਾਂ ਸੱਚ ਹੈ ਕਿ ਇਨ੍ਹਾਂ ਤਿੰਨਾਂ ਰਾਜਿਆਂ ਨੇ ਕੁਝ ਗ਼ਲਤੀਆਂ ਵੀ ਕੀਤੀਆਂ ਜਿਨ੍ਹਾਂ ਦੇ ਉਨ੍ਹਾਂ ਨੇ ਬੁਰੇ ਅੰਜਾਮ ਭੁਗਤੇ। ਪਰ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਅਸੀਂ ਉਨ੍ਹਾਂ ਵਰਗੀਆਂ ਗ਼ਲਤੀਆਂ ਨਾ ਕਰ ਬੈਠੀਏ। ਫਿਰ ਸਾਡੀ ਜ਼ਿੰਦਗੀ ਖ਼ੁਸ਼ੀਆਂ ਭਰੀ ਹੋਵੇਗੀ।
18. ਬਾਈਬਲ ਦੀਆਂ ਕਿਹੜੀਆਂ ਮਿਸਾਲਾਂ ਤੋਂ ਪਤਾ ਲੱਗਦਾ ਹੈ ਕਿ ਤੁਹਾਡੀ ਜ਼ਿੰਦਗੀ ਵੀ ਖ਼ੁਸ਼ੀਆਂ ਭਰੀ ਹੋ ਸਕਦੀ ਹੈ? (ਤਸਵੀਰ ਵੀ ਦੇਖੋ।)
18 ਬਾਈਬਲ ਵਿਚ ਅਜਿਹੇ ਕਈ ਹੋਰ ਨੌਜਵਾਨਾਂ ਦੇ ਬਿਰਤਾਂਤ ਵੀ ਦਰਜ ਹਨ ਜੋ ਯਹੋਵਾਹ ਦੇ ਨੇੜੇ ਗਏ ਅਤੇ ਜਿਨ੍ਹਾਂ ʼਤੇ ਉਸ ਦੀ ਮਿਹਰ ਸੀ। ਇਸ ਕਰਕੇ ਉਨ੍ਹਾਂ ਦੀ ਜ਼ਿੰਦਗੀ ਖ਼ੁਸ਼ੀਆਂ ਭਰੀ ਸੀ। ਦਾਊਦ ਵੀ ਉਨ੍ਹਾਂ ਵਿੱਚੋਂ ਇਕ ਸੀ। ਉਸ ਨੇ ਛੋਟੀ ਉਮਰ ਵਿਚ ਹੀ ਪਰਮੇਸ਼ੁਰ ਦੀ ਸੇਵਾ ਕਰਨ ਦਾ ਫ਼ੈਸਲਾ ਕੀਤਾ। ਬਾਅਦ ਵਿਚ ਉਹ ਇਕ ਵਫ਼ਾਦਾਰ ਰਾਜਾ ਬਣਿਆ। ਬਿਨਾਂ ਸ਼ੱਕ, ਕਈ ਮੌਕਿਆਂ ʼਤੇ ਦਾਊਦ ਤੋਂ ਵੀ ਗ਼ਲਤੀਆਂ ਹੋਈਆਂ, ਪਰ ਉਹ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਇਕ ਵਫ਼ਾਦਾਰ ਸੇਵਕ ਸੀ। (1 ਰਾਜ. 3:6; 9:4, 5; 14:8) ਜਦੋਂ ਤੁਸੀਂ ਦਾਊਦ ਦੀ ਮਿਸਾਲ ਦਾ ਅਧਿਐਨ ਕਰੋਗੇ, ਤਾਂ ਉਸ ਦੀ ਮਿਸਾਲ ਤੋਂ ਤੁਹਾਨੂੰ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕਰਦੇ ਰਹਿਣ ਦੀ ਹੱਲਾਸ਼ੇਰੀ ਮਿਲੇਗੀ। ਜੇ ਤੁਸੀਂ ਚਾਹੋ, ਤਾਂ ਤੁਸੀਂ ਮਰਕੁਸ ਜਾਂ ਤਿਮੋਥਿਉਸ ਦੀ ਮਿਸਾਲ ਬਾਰੇ ਵੀ ਨਿੱਜੀ ਤੌਰ ʼਤੇ ਅਧਿਐਨ ਕਰ ਸਕਦੇ ਹੋ। ਉਨ੍ਹਾਂ ਨੇ ਬਹੁਤ ਹੀ ਛੋਟੀ ਉਮਰ ਵਿਚ ਯਹੋਵਾਹ ਦੀ ਸੇਵਾ ਕਰਨੀ ਸ਼ੁਰੂ ਕੀਤੀ ਅਤੇ ਉਹ ਵਫ਼ਾਦਾਰੀ ਨਾਲ ਪਰਮੇਸ਼ੁਰ ਦੀ ਸੇਵਾ ਕਰਦੇ ਰਹੇ। ਉਨ੍ਹਾਂ ਦੇ ਇਸ ਫ਼ੈਸਲੇ ਤੋਂ ਯਹੋਵਾਹ ਨੂੰ ਖ਼ੁਸ਼ੀ ਹੋਈ ਅਤੇ ਉਨ੍ਹਾਂ ਨੂੰ ਵੀ।
19. ਤੁਹਾਡੀ ਜ਼ਿੰਦਗੀ ਕਿਹੋ ਜਿਹੀ ਹੋ ਸਕਦੀ ਹੈ?
19 ਤੁਸੀਂ ਹੁਣ ਆਪਣੀ ਜ਼ਿੰਦਗੀ ਵਿਚ ਜੋ ਫ਼ੈਸਲੇ ਕਰਦੇ ਹੋ, ਉਸ ਤੋਂ ਪਤਾ ਲੱਗਦਾ ਹੈ ਕਿ ਅੱਗੇ ਜਾ ਕੇ ਤੁਹਾਡੀ ਜ਼ਿੰਦਗੀ ਕਿਹੋ ਜਿਹੀ ਹੋਵੇਗੀ। ਆਪਣੇ ਆਪ ʼਤੇ ਭਰੋਸਾ ਕਰਨ ਦੀ ਬਜਾਇ ਯਹੋਵਾਹ ʼਤੇ ਭਰੋਸਾ ਰੱਖੋ, ਫਿਰ ਉਹ ਸਮਝਦਾਰੀ ਨਾਲ ਫ਼ੈਸਲੇ ਕਰਨ ਵਿਚ ਤੁਹਾਡੀ ਮਦਦ ਕਰੇਗਾ। (ਕਹਾ. 20:24) ਤੁਹਾਡੀ ਜ਼ਿੰਦਗੀ ਖ਼ੁਸ਼ੀਆਂ ਭਰੀ ਹੋ ਸਕਦੀ ਹੈ ਅਤੇ ਤੁਹਾਨੂੰ ਬੇਸ਼ੁਮਾਰ ਬਰਕਤਾਂ ਮਿਲ ਸਕਦੀਆਂ ਹਨ। ਯਾਦ ਰੱਖੋ ਕਿ ਤੁਸੀਂ ਯਹੋਵਾਹ ਦੀ ਸੇਵਾ ਵਿਚ ਜੋ ਵੀ ਕਰਦੇ ਹੋ, ਉਹ ਉਸ ਦੀ ਕਦਰ ਕਰਦਾ ਹੈ। ਕੀ ਯਹੋਵਾਹ ਦੀ ਸੇਵਾ ਵਿਚ ਆਪਣੀ ਜ਼ਿੰਦਗੀ ਲਾਉਣ ਨਾਲੋਂ ਬਿਹਤਰ ਕੁਝ ਹੋਰ ਹੋ ਸਕਦਾ ਹੈ?
ਗੀਤ 144 ਇਨਾਮ ʼਤੇ ਨਜ਼ਰ ਰੱਖੋ!
a ਨੌਜਵਾਨੋ, ਯਹੋਵਾਹ ਜਾਣਦਾ ਹੈ ਕਿ ਕਈ ਵਾਰ ਤੁਹਾਡੇ ਲਈ ਸਹੀ ਕੰਮ ਕਰਨੇ ਅਤੇ ਉਸ ਦੇ ਦੋਸਤ ਬਣੇ ਰਹਿਣਾ ਔਖਾ ਹੋ ਸਕਦਾ ਹੈ। ਤੁਸੀਂ ਆਪਣੇ ਸਵਰਗੀ ਪਿਤਾ ਨੂੰ ਖ਼ੁਸ਼ ਕਰਨ ਲਈ ਸਹੀ ਫ਼ੈਸਲੇ ਕਿਵੇਂ ਕਰ ਸਕਦੇ ਹੋ? ਅਸੀਂ ਤਿੰਨ ਮੁੰਡਿਆਂ ਦੀ ਮਿਸਾਲ ʼਤੇ ਗੌਰ ਕਰਾਂਗੇ ਜੋ ਯਹੂਦਾਹ ਦੇ ਰਾਜੇ ਬਣੇ ਸਨ। ਆਓ ਆਪਾਂ ਦੇਖੀਏ ਕਿ ਤੁਸੀਂ ਉਨ੍ਹਾਂ ਦੇ ਫ਼ੈਸਲਿਆਂ ਤੋਂ ਕੀ ਸਿੱਖ ਸਕਦੇ ਹੋ।
b jw.org/pa ʼਤੇ “ਕੀ ਸੋਸ਼ਲ ਮੀਡੀਆ ʼਤੇ ਬਹੁਤ ਸਾਰੇ ਫਾਲੌਅਰ ਹੋਣੇ ਅਤੇ ਲਾਈਕਸ ਮਿਲਣੇ ਹੀ ਸਭ ਕੁਝ ਹੈ?” ਨਾਂ ਦੇ ਲੇਖ ਵਿਚ “ਸ਼ਿਕਾਇਤ ਵੀ ਅਤੇ ਸ਼ੇਖ਼ੀ ਵੀ” ਨਾਂ ਦੀ ਡੱਬੀ ਦੇਖੋ।