ਅਧਿਐਨ ਲੇਖ 40
ਪਤਰਸ ਵਾਂਗ ਯਹੋਵਾਹ ਦੀ ਸੇਵਾ ਕਰਦੇ ਰਹੋ
“ਪ੍ਰਭੂ, ਮੇਰੇ ਕੋਲੋਂ ਚੱਲਿਆ ਜਾਹ ਕਿਉਂਕਿ ਮੈਂ ਪਾਪੀ ਇਨਸਾਨ ਹਾਂ।”—ਲੂਕਾ 5:8.
ਗੀਤ 38 ਉਹ ਤੁਹਾਨੂੰ ਤਕੜਾ ਕਰੇਗਾ
ਖ਼ਾਸ ਗੱਲਾਂ a
1. ਜਦੋਂ ਯਿਸੂ ਨੇ ਚਮਤਕਾਰ ਕਰ ਕੇ ਪਤਰਸ ਦੀ ਮੱਛੀਆਂ ਫੜਨ ਵਿਚ ਮਦਦ ਕੀਤੀ, ਤਾਂ ਪਤਰਸ ਨੂੰ ਕਿੱਦਾਂ ਲੱਗਾ?
ਪਤਰਸ ਨੇ ਪੂਰੀ ਰਾਤ ਮੱਛੀਆਂ ਫੜਨ ਲਈ ਮਿਹਨਤ ਕੀਤੀ, ਪਰ ਉਹ ਇਕ ਵੀ ਮੱਛੀ ਨਹੀਂ ਫੜ ਸਕਿਆ। ਫਿਰ ਵੀ ਯਿਸੂ ਨੇ ਉਸ ਨੂੰ ਕਿਹਾ: “ਕਿਸ਼ਤੀ ਨੂੰ ਡੂੰਘੇ ਪਾਣੀ ਵਿਚ ਲੈ ਚੱਲ ਅਤੇ ਮੱਛੀਆਂ ਫੜਨ ਲਈ ਤੁਸੀਂ ਆਪਣੇ ਜਾਲ਼ ਪਾਣੀ ਵਿਚ ਪਾਓ।” (ਲੂਕਾ 5:4) ਪਤਰਸ ਨੂੰ ਲੱਗ ਰਿਹਾ ਸੀ ਕਿ ਉਹ ਇਕ ਵੀ ਮੱਛੀ ਨਹੀਂ ਫੜ ਸਕੇਗਾ, ਫਿਰ ਵੀ ਉਸ ਨੇ ਯਿਸੂ ਦੀ ਗੱਲ ਮੰਨੀ। ਜਦੋਂ ਪਤਰਸ ਅਤੇ ਉਸ ਦੇ ਨਾਲ ਦੇ ਸਾਥੀਆਂ ਨੇ ਜਾਲ਼ ਪਾਏ, ਤਾਂ ਬਹੁਤ ਸਾਰੀਆਂ ਮੱਛੀਆਂ ਫਸਣ ਕਰਕੇ ਜਾਲ਼ ਟੁੱਟਣ ਲੱਗ ਪਏ। ਇਹ ਚਮਤਕਾਰ ਦੇਖ ਕੇ ਉਹ “ਹੱਕੇ-ਬੱਕੇ ਰਹਿ ਗਏ।” ਪਤਰਸ ਨੇ ਯਿਸੂ ਨੂੰ ਬੇਨਤੀ ਕੀਤੀ: “ਪ੍ਰਭੂ, ਮੇਰੇ ਕੋਲੋਂ ਚੱਲਿਆ ਜਾਹ ਕਿਉਂਕਿ ਮੈਂ ਪਾਪੀ ਇਨਸਾਨ ਹਾਂ।” (ਲੂਕਾ 5:6-9) ਲੱਗਦਾ ਹੈ ਕਿ ਪਤਰਸ ਨੇ ਸੋਚਿਆ ਕਿ ਉਹ ਯਿਸੂ ਕੋਲ ਖੜ੍ਹੇ ਰਹਿਣ ਦੇ ਲਾਇਕ ਵੀ ਨਹੀਂ ਹੈ।
2. ਪਤਰਸ ਦੀ ਮਿਸਾਲ ʼਤੇ ਗੌਰ ਕਰਨਾ ਕਿਉਂ ਫ਼ਾਇਦੇਮੰਦ ਹੈ?
2 ਪਤਰਸ ਨੇ ਸਹੀ ਕਿਹਾ ਸੀ ਕਿ ਉਹ ਇਕ “ਪਾਪੀ ਇਨਸਾਨ” ਸੀ। ਬਾਈਬਲ ਤੋਂ ਪਤਾ ਲੱਗਦਾ ਹੈ ਕਿ ਉਹ ਕਦੇ-ਕਦਾਈਂ ਇੱਦਾਂ ਦਾ ਕੁਝ ਕਹਿ ਦਿੰਦਾ ਸੀ ਜਾਂ ਕਰ ਦਿੰਦਾ ਸੀ ਜਿਸ ਕਰਕੇ ਉਹ ਬਾਅਦ ਵਿਚ ਪਛਤਾਉਂਦਾ ਹੋਣਾ। ਕੀ ਤੁਹਾਨੂੰ ਵੀ ਪਤਰਸ ਵਾਂਗ ਹੀ ਲੱਗਦਾ ਹੈ? ਕੀ ਤੁਸੀਂ ਆਪਣੀ ਕਿਸੇ ਗ਼ਲਤ ਆਦਤ ਜਾਂ ਕਿਸੇ ਕਮੀ-ਕਮਜ਼ੋਰੀ ਨਾਲ ਲੜ ਰਹੇ ਹੋ? ਜੇ ਹਾਂ, ਤਾਂ ਪਤਰਸ ਦੀ ਮਿਸਾਲ ਦਾ ਅਧਿਐਨ ਕਰ ਕੇ ਤੁਹਾਨੂੰ ਕਾਫ਼ੀ ਹੌਸਲਾ ਮਿਲ ਸਕਦਾ ਹੈ। ਉਹ ਕਿਵੇਂ? ਜ਼ਰਾ ਇਸ ਬਾਰੇ ਸੋਚੋ: ਯਹੋਵਾਹ ਚਾਹੁੰਦਾ ਤਾਂ ਪਤਰਸ ਦੀਆਂ ਗ਼ਲਤੀਆਂ ਆਪਣੇ ਬਚਨ ਵਿਚ ਦਰਜ ਹੀ ਨਾ ਕਰਵਾਉਂਦਾ, ਪਰ ਉਸ ਨੇ ਇਨ੍ਹਾਂ ਬਾਰੇ ਲਿਖਵਾਇਆ ਤਾਂਕਿ ਅਸੀਂ ਇਨ੍ਹਾਂ ਤੋਂ ਸਿੱਖ ਸਕੀਏ। (2 ਤਿਮੋ. 3:16, 17) ਜਦੋਂ ਅਸੀਂ ਅਧਿਐਨ ਕਰਾਂਗੇ ਕਿ ਪਤਰਸ ਵਿਚ ਵੀ ਸਾਡੇ ਵਰਗੀਆਂ ਕਮੀਆਂ-ਕਮਜ਼ੋਰੀਆਂ ਸਨ ਅਤੇ ਉਹ ਵੀ ਸਾਡੇ ਵਾਂਗ ਮਹਿਸੂਸ ਕਰਦਾ ਸੀ, ਤਾਂ ਅਸੀਂ ਸਮਝ ਸਕਾਂਗੇ ਕਿ ਯਹੋਵਾਹ ਸਾਡੇ ਤੋਂ ਇਹ ਆਸ ਨਹੀਂ ਰੱਖਦਾ ਕਿ ਅਸੀਂ ਗ਼ਲਤੀਆਂ ਨਹੀਂ ਕਰਾਂਗੇ। ਇਸ ਦੀ ਬਜਾਇ, ਉਹ ਚਾਹੁੰਦਾ ਹੈ ਕਿ ਅਸੀਂ ਕਦੇ ਵੀ ਹਾਰ ਨਾ ਮੰਨੀਏ ਅਤੇ ਆਪਣੀਆਂ ਕਮੀਆਂ-ਕਮਜ਼ੋਰੀਆਂ ਦੇ ਬਾਵਜੂਦ ਵੀ ਉਸ ਦੀ ਸੇਵਾ ਕਰਦੇ ਰਹੀਏ।
3. ਸਾਨੂੰ ਹਾਰ ਕਿਉਂ ਨਹੀਂ ਮੰਨਣੀ ਚਾਹੀਦੀ?
3 ਇਹ ਕਿਉਂ ਜ਼ਰੂਰੀ ਹੈ ਕਿ ਅਸੀਂ ਹਾਰ ਨਾ ਮੰਨੀਏ? ਇਹ ਕਿਹਾ ਜਾਂਦਾ ਹੈ ਕਿ ਕੋਈ ਕੰਮ ਵਾਰ-ਵਾਰ ਕਰਨ ਦੇ ਨਾਲ ਅਸੀਂ ਉਸ ਕੰਮ ਵਿਚ ਮਾਹਰ ਬਣ ਜਾਂਦੇ ਹਾਂ। ਜ਼ਰਾ ਇਕ ਉਦਾਹਰਣ ʼਤੇ ਗੌਰ ਕਰੋ। ਇਕ ਵਿਅਕਤੀ ਨੇ ਚੰਗੀ ਤਰ੍ਹਾਂ ਕੋਈ ਸਾਜ਼ ਵਜਾਉਣਾ ਸਿੱਖਣ ਵਿਚ ਸ਼ਾਇਦ ਕਈ ਸਾਲ ਮਿਹਨਤ ਕੀਤੀ ਹੋਵੇ। ਨਾਲੇ ਇਸ ਸਮੇਂ ਦੌਰਾਨ ਸ਼ਾਇਦ ਉਸ ਤੋਂ ਹਜ਼ਾਰਾਂ ਵਾਰ ਗ਼ਲਤੀਆਂ ਵੀ ਹੋਈਆਂ ਹੋਣ। ਫਿਰ ਵੀ ਉਹ ਅਭਿਆਸ ਕਰਦਾ ਰਿਹਾ ਜਿਸ ਕਰਕੇ ਉਹ ਸਾਜ਼ ਵਜਾਉਣ ਵਿਚ ਮਾਹਰ ਬਣ ਸਕਿਆ। ਪਰ ਮਾਹਰ ਬਣਨ ਤੋਂ ਬਾਅਦ ਵੀ ਸ਼ਾਇਦ ਉਹ ਕੋਈ ਗ਼ਲਤੀ ਕਰੇ। ਫਿਰ ਵੀ ਉਹ ਹਾਰ ਨਹੀਂ ਮੰਨਦਾ। ਉਹ ਆਪਣਾ ਹੁਨਰ ਨਿਖਾਰਨ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ। ਬਿਲਕੁਲ ਇਸੇ ਤਰ੍ਹਾਂ ਚਾਹੇ ਅਸੀਂ ਆਪਣੀ ਕਿਸੇ ਕਮੀ-ਕਮਜ਼ੋਰੀ ʼਤੇ ਕਾਬੂ ਪਾ ਲਿਆ ਹੈ, ਫਿਰ ਵੀ ਹੋ ਸਕਦਾ ਹੈ ਕਿ ਸਾਡੇ ਤੋਂ ਕੋਈ ਗ਼ਲਤੀ ਹੋ ਜਾਵੇ। ਪਰ ਸਾਨੂੰ ਇਸ ਵਿਚ ਸੁਧਾਰ ਕਰਦੇ ਰਹਿਣ ਦੀ ਲੋੜ ਹੈ। ਅਸੀਂ ਸਾਰੇ ਕਈ ਵਾਰ ਅਜਿਹਾ ਕੁਝ ਕਹਿ ਜਾਂ ਕਰ ਦਿੰਦੇ ਹਾਂ ਜਿਸ ਕਰਕੇ ਅਸੀਂ ਬਾਅਦ ਵਿਚ ਪਛਤਾਉਂਦੇ ਹਾਂ। ਪਰ ਜੇ ਅਸੀਂ ਹਾਰ ਨਾ ਮੰਨੀਏ, ਤਾਂ ਯਹੋਵਾਹ ਸਾਡੀ ਸੁਧਾਰ ਕਰਦੇ ਰਹਿਣ ਵਿਚ ਮਦਦ ਕਰੇਗਾ। (1 ਪਤ. 5:10) ਆਓ ਆਪਾਂ ਦੇਖੀਏ ਕਿ ਪਤਰਸ ਯਹੋਵਾਹ ਦੀ ਸੇਵਾ ਵਿਚ ਕਿੱਦਾਂ ਲੱਗਾ ਰਿਹਾ। ਯਿਸੂ ਨੇ ਪਤਰਸ ਦੀਆਂ ਕਮੀਆਂ-ਕਮਜ਼ੋਰੀਆਂ ਦੇ ਬਾਵਜੂਦ ਉਸ ਲਈ ਪਿਆਰ ਤੇ ਹਮਦਰਦੀ ਦਿਖਾਈ। ਇਸ ਤੋਂ ਸਾਨੂੰ ਯਹੋਵਾਹ ਦੀ ਸੇਵਾ ਵਿਚ ਲੱਗੇ ਰਹਿਣ ਦੀ ਹੱਲਾਸ਼ੇਰੀ ਮਿਲਦੀ ਹੈ।
ਪਤਰਸ ਆਪਣੀਆਂ ਕਮੀਆਂ-ਕਮਜ਼ੋਰੀਆਂ ਨਾਲ ਲੜਿਆ ਅਤੇ ਉਸ ਨੂੰ ਬਰਕਤਾਂ ਮਿਲੀਆਂ
4. ਲੂਕਾ 5:5-10 ਮੁਤਾਬਕ ਪਤਰਸ ਨੇ ਆਪਣੇ ਬਾਰੇ ਕੀ ਕਿਹਾ ਅਤੇ ਯਿਸੂ ਨੇ ਉਸ ਨੂੰ ਕਿਸ ਗੱਲ ਦਾ ਭਰੋਸਾ ਦਿਵਾਇਆ?
4 ਬਾਈਬਲ ਵਿਚ ਇਹ ਨਹੀਂ ਦੱਸਿਆ ਗਿਆ ਕਿ ਪਤਰਸ ਨੇ ਆਪਣੇ ਆਪ ਨੂੰ “ਪਾਪੀ ਇਨਸਾਨ” ਕਿਉਂ ਕਿਹਾ ਸੀ ਜਾਂ ਉਹ ਆਪਣੇ ਕਿਹੜੇ ਪਾਪ ਬਾਰੇ ਸੋਚ ਰਿਹਾ ਸੀ। (ਲੂਕਾ 5:5-10 ਪੜ੍ਹੋ।) ਪਰ ਸ਼ਾਇਦ ਉਸ ਨੇ ਕੁਝ ਗੰਭੀਰ ਗ਼ਲਤੀਆਂ ਕੀਤੀਆਂ ਹੋਣ। ਉਹ ਆਪਣੇ ਆਪ ਨੂੰ ਕਾਬਲ ਨਹੀਂ ਸਮਝਦਾ ਸੀ। ਇਸ ਲਈ ਉਹ ਡਰ ਰਿਹਾ ਸੀ। ਯਿਸੂ ਨੂੰ ਪਤਾ ਸੀ ਕਿ ਪਤਰਸ ਡਰ ਗਿਆ ਸੀ, ਪਰ ਯਿਸੂ ਨੂੰ ਇਹ ਵੀ ਪਤਾ ਸੀ ਕਿ ਪਤਰਸ ਵਫ਼ਾਦਾਰ ਰਹਿ ਸਕਦਾ ਹੈ। ਇਸ ਲਈ ਯਿਸੂ ਨੇ ਪਿਆਰ ਨਾਲ ਪਤਰਸ ਨੂੰ ਕਿਹਾ, “ਡਰ ਨਾ।” ਯਿਸੂ ਨੇ ਪਤਰਸ ʼਤੇ ਜੋ ਭਰੋਸਾ ਦਿਖਾਇਆ, ਉਸ ਨਾਲ ਪਤਰਸ ਦੀ ਜ਼ਿੰਦਗੀ ਬਦਲ ਗਈ। ਬਾਅਦ ਵਿਚ ਪਤਰਸ ਅਤੇ ਉਸ ਦੇ ਭਰਾ ਅੰਦ੍ਰਿਆਸ ਨੇ ਮੱਛੀਆਂ ਫੜਨ ਦਾ ਕੰਮ ਛੱਡ ਦਿੱਤਾ ਅਤੇ ਉਹ ਪੂਰਾ ਸਮਾਂ ਯਿਸੂ ਮਸੀਹ ਨਾਲ ਰਹਿ ਕੇ ਸੇਵਾ ਕਰਨ ਲੱਗ ਪਏ। ਉਨ੍ਹਾਂ ਦੇ ਇਸ ਫ਼ੈਸਲੇ ਕਰਕੇ ਯਹੋਵਾਹ ਨੇ ਉਨ੍ਹਾਂ ਨੂੰ ਬੇਸ਼ੁਮਾਰ ਬਰਕਤਾਂ ਦਿੱਤੀਆਂ।—ਮਰ. 1:16-18.
5. ਪਤਰਸ ਨਿਰਾਸ਼ ਕਰਨ ਵਾਲੀਆਂ ਭਾਵਨਾਵਾਂ ʼਤੇ ਕਾਬੂ ਪਾ ਕੇ ਯਿਸੂ ਦਾ ਚੇਲਾ ਬਣਿਆ, ਇਸ ਕਰਕੇ ਉਸ ਨੂੰ ਕਿਹੜੀਆਂ ਬਰਕਤਾਂ ਮਿਲੀਆਂ?
5 ਮਸੀਹ ਦੇ ਚੇਲੇ ਵਜੋਂ ਪਤਰਸ ਨੇ ਬਹੁਤ ਸਾਰੇ ਸ਼ਾਨਦਾਰ ਕੰਮ ਹੁੰਦੇ ਦੇਖੇ। ਉਸ ਨੇ ਦੇਖਿਆ ਕਿ ਯਿਸੂ ਨੇ ਬੀਮਾਰਾਂ ਨੂੰ ਠੀਕ ਕੀਤਾ, ਲੋਕਾਂ ਵਿੱਚੋਂ ਦੁਸ਼ਟ ਦੂਤਾਂ ਨੂੰ ਕੱਢਿਆ ਅਤੇ ਮਰੇ ਹੋਏ ਲੋਕਾਂ ਨੂੰ ਦੁਬਾਰਾ ਜੀਉਂਦਾ ਕੀਤਾ। b (ਮੱਤੀ 8:14-17; ਮਰ. 5:37, ) ਪਤਰਸ ਨੇ ਇਕ ਸ਼ਾਨਦਾਰ ਦਰਸ਼ਣ ਵੀ ਦੇਖਿਆ। ਇਸ ਵਿਚ ਉਸ ਨੇ ਦੇਖਿਆ ਕਿ ਜਦੋਂ ਯਿਸੂ ਭਵਿੱਖ ਵਿਚ ਰਾਜਾ ਬਣੇਗਾ, ਤਾਂ ਉਸ ਦੀ ਕਿਹੋ ਜਿਹੀ ਮਹਿਮਾ ਹੋਵੇਗੀ। ਪਤਰਸ ਇਸ ਦਰਸ਼ਣ ਨੂੰ ਕਦੇ ਨਹੀਂ ਭੁੱਲ ਸਕਿਆ ਹੋਣਾ। ( 41, 42ਮਰ. 9:1-8; 2 ਪਤ. 1:16-18) ਜ਼ਰਾ ਸੋਚੋ ਜੇ ਉਹ ਯਿਸੂ ਦਾ ਚੇਲਾ ਨਾ ਬਣਦਾ, ਤਾਂ ਉਹ ਇਹ ਸਾਰਾ ਕੁਝ ਕਦੇ ਨਾ ਦੇਖ ਪਾਉਂਦਾ। ਉਹ ਕਿੰਨਾ ਖ਼ੁਸ਼ ਹੋਇਆ ਹੋਣਾ ਕਿ ਉਹ ਨਿਰਾਸ਼ ਕਰਨ ਵਾਲੀਆਂ ਭਾਵਨਾਵਾਂ ʼਤੇ ਕਾਬੂ ਪਾ ਸਕਿਆ ਅਤੇ ਉਸ ਨੂੰ ਇਹ ਸਾਰੀਆਂ ਬਰਕਤਾਂ ਮਿਲੀਆਂ!
6. ਕੀ ਪਤਰਸ ਛੇਤੀ ਹੀ ਆਪਣੀਆਂ ਕਮੀਆਂ-ਕਮਜ਼ੋਰੀਆਂ ʼਤੇ ਕਾਬੂ ਪਾ ਸਕਿਆ? ਸਮਝਾਓ।
6 ਪਤਰਸ ਨੇ ਜੋ ਵੀ ਦੇਖਿਆ ਤੇ ਸੁਣਿਆ ਸੀ, ਉਸ ਸਭ ਦੇ ਬਾਵਜੂਦ ਵੀ ਉਸ ਨੂੰ ਆਪਣੀਆਂ ਕਮੀਆਂ-ਕਮਜ਼ੋਰੀਆਂ ਨਾਲ ਲੜਨਾ ਪਿਆ। ਜ਼ਰਾ ਕੁਝ ਉਦਾਹਰਣਾਂ ʼਤੇ ਗੌਰ ਕਰੋ। ਜਦੋਂ ਯਿਸੂ ਨੇ ਦੱਸਿਆ ਕਿ ਪਰਮੇਸ਼ੁਰ ਦੇ ਬਚਨ ਵਿਚ ਕੀਤੀਆਂ ਭਵਿੱਖਬਾਣੀਆਂ ਮੁਤਾਬਕ ਉਸ ਨੂੰ ਕਿਵੇਂ ਦੁੱਖ ਝੱਲਣੇ ਪੈਣਗੇ ਅਤੇ ਮਰਨਾ ਪਵੇਗਾ, ਤਾਂ ਪਤਰਸ ਨੇ ਯਿਸੂ ਨੂੰ ਕਿਹਾ ਕਿ ਉਸ ਨਾਲ ਇੱਦਾਂ ਨਾ ਹੋਵੇ। (ਮਰ. 8:31-33) ਪਤਰਸ ਅਤੇ ਦੂਜੇ ਰਸੂਲ ਵਾਰ-ਵਾਰ ਇਸ ਗੱਲ ʼਤੇ ਝਗੜਦੇ ਰਹੇ ਕਿ ਉਨ੍ਹਾਂ ਵਿੱਚੋਂ ਵੱਡਾ ਕੌਣ ਹੈ। (ਮਰ. 9:33, 34) ਯਿਸੂ ਦੀ ਮੌਤ ਤੋਂ ਇਕ ਰਾਤ ਪਹਿਲਾਂ ਪਤਰਸ ਨੇ ਬਿਨਾਂ ਸੋਚੇ-ਸਮਝੇ ਇਕ ਆਦਮੀ ਦਾ ਕੰਨ ਵੱਢ ਸੁੱਟਿਆ। (ਯੂਹੰ. 18:10) ਉਸੇ ਰਾਤ ਪਤਰਸ ਇੰਨਾ ਜ਼ਿਆਦਾ ਡਰ ਗਿਆ ਕਿ ਉਸ ਨੇ ਆਪਣੇ ਦੋਸਤ ਯਿਸੂ ਨੂੰ ਪਛਾਣਨ ਤੋਂ ਤਿੰਨ ਵਾਰ ਇਨਕਾਰ ਕੀਤਾ। (ਮਰ. 14:66-72) ਇਸ ਕਰਕੇ ਪਤਰਸ ਭੁੱਬਾਂ ਮਾਰ-ਮਾਰ ਰੋਇਆ।—ਮੱਤੀ 26:75.
7. ਦੁਬਾਰਾ ਜੀ ਉੱਠਣ ਤੋਂ ਬਾਅਦ ਯਿਸੂ ਨੇ ਪਤਰਸ ਨੂੰ ਕੀ ਕਰਨ ਦਾ ਮੌਕਾ ਦਿੱਤਾ?
7 ਪਤਰਸ ਰਸੂਲ ਬਹੁਤ ਜ਼ਿਆਦਾ ਨਿਰਾਸ਼ ਸੀ, ਪਰ ਯਿਸੂ ਨੇ ਉਸ ਨੂੰ ਛੱਡਿਆ ਨਹੀਂ। ਦੁਬਾਰਾ ਜੀ ਉੱਠਣ ਤੋਂ ਬਾਅਦ ਯਿਸੂ ਨੇ ਪਤਰਸ ਨੂੰ ਮੌਕਾ ਦਿੱਤਾ ਕਿ ਉਹ ਉਸ ਲਈ ਆਪਣਾ ਪਿਆਰ ਸਾਬਤ ਕਰੇ। ਯਿਸੂ ਨੇ ਪਤਰਸ ਨੂੰ ਚਰਵਾਹੇ ਵਜੋਂ ਨਿਮਰਤਾ ਨਾਲ ਉਸ ਦੀਆਂ ਭੇਡਾਂ ਦੀ ਦੇਖ-ਭਾਲ ਕਰਨ ਦੀ ਜ਼ਿੰਮੇਵਾਰੀ ਦਿੱਤੀ। (ਯੂਹੰ. 21:15-17) ਪਤਰਸ ਨੇ ਇਸ ਜ਼ਿੰਮੇਵਾਰੀ ਨੂੰ ਕਬੂਲ ਕੀਤਾ। ਉਹ ਪੰਤੇਕੁਸਤ ਦੇ ਦਿਨ ਯਰੂਸ਼ਲਮ ਵਿਚ ਸੀ ਅਤੇ ਜਿਨ੍ਹਾਂ ਨੂੰ ਪਹਿਲੀ ਵਾਰ ਪਵਿੱਤਰ ਸ਼ਕਤੀ ਨਾਲ ਚੁਣਿਆ ਗਿਆ ਸੀ, ਉਨ੍ਹਾਂ ਵਿਚ ਪਤਰਸ ਵੀ ਸੀ।
8. ਅੰਤਾਕੀਆ ਵਿਚ ਪਤਰਸ ਨੇ ਕਿਹੜੀ ਗੰਭੀਰ ਗ਼ਲਤੀ ਕੀਤੀ?
8 ਪਵਿੱਤਰ ਸ਼ਕਤੀ ਨਾਲ ਚੁਣੇ ਜਾਣ ਤੋਂ ਬਾਅਦ ਵੀ ਪਤਰਸ ਨੂੰ ਆਪਣੀਆਂ ਕਮੀਆਂ-ਕਮਜ਼ੋਰੀਆਂ ਨਾਲ ਲੜਨਾ ਪਿਆ। 36 ਈਸਵੀ ਵਿਚ ਪਰਮੇਸ਼ੁਰ ਨੇ ਪਤਰਸ ਨੂੰ ਕੁਰਨੇਲੀਅਸ ਕੋਲ ਭੇਜਿਆ ਜੋ ਕਿ ਇਕ ਗ਼ੈਰ-ਯਹੂਦੀ ਸੀ। ਉੱਥੇ ਪਰਮੇਸ਼ੁਰ ਨੇ ਪਵਿੱਤਰ ਸ਼ਕਤੀ ਨਾਲ ਕੁਰਨੇਲੀਅਸ ਨੂੰ ਚੁਣਿਆ। ਇਸ ਤੋਂ ਇਹ ਗੱਲ ਸਾਫ਼ ਸੀ ਕਿ “ਪਰਮੇਸ਼ੁਰ ਕਿਸੇ ਨਾਲ ਪੱਖਪਾਤ ਨਹੀਂ ਕਰਦਾ” ਅਤੇ ਗ਼ੈਰ-ਯਹੂਦੀ ਵੀ ਮਸੀਹੀ ਮੰਡਲੀ ਦਾ ਹਿੱਸਾ ਬਣ ਸਕਦੇ ਹਨ। (ਰਸੂ. 10:34, 44, 45) ਇਸ ਤੋਂ ਬਾਅਦ ਪਤਰਸ ਗ਼ੈਰ-ਯਹੂਦੀਆਂ ਨਾਲ ਉੱਠਣ-ਬੈਠਣ ਅਤੇ ਉਨ੍ਹਾਂ ਨਾਲ ਖਾਣ-ਪੀਣ ਲੱਗਾ। ਸ਼ਾਇਦ ਉਸ ਨੇ ਪਹਿਲਾਂ ਇੱਦਾਂ ਕਦੇ ਵੀ ਨਹੀਂ ਕੀਤਾ ਹੋਣਾ। (ਗਲਾ. 2:12) ਪਰ ਕੁਝ ਯਹੂਦੀ ਮਸੀਹੀਆਂ ਨੂੰ ਲੱਗਦਾ ਸੀ ਕਿ ਯਹੂਦੀਆਂ ਅਤੇ ਗ਼ੈਰ-ਯਹੂਦੀਆਂ ਨੂੰ ਮਿਲ ਕੇ ਖਾਣਾ-ਪੀਣਾ ਨਹੀਂ ਚਾਹੀਦਾ। ਜਦੋਂ ਅਜਿਹੀ ਸੋਚ ਰੱਖਣ ਵਾਲੇ ਯਹੂਦੀ ਮਸੀਹੀ ਅੰਤਾਕੀਆ ਆਏ, ਤਾਂ ਉਨ੍ਹਾਂ ਨੂੰ ਨਾਰਾਜ਼ ਕਰਨ ਦੇ ਡਰੋਂ ਪਤਰਸ ਨੇ ਆਪਣੇ ਗ਼ੈਰ-ਯਹੂਦੀ ਭਰਾਵਾਂ ਨਾਲ ਮਿਲ ਕੇ ਖਾਣਾ-ਪੀਣਾ ਛੱਡ ਦਿੱਤਾ। ਪੌਲੁਸ ਰਸੂਲ ਨੇ ਇਸ ਪਖੰਡ ਨੂੰ ਦੇਖਿਆ ਅਤੇ ਉਸ ਨੇ ਸਾਰਿਆਂ ਸਾਮ੍ਹਣੇ ਪਤਰਸ ਨੂੰ ਝਿੜਕਿਆ। (ਗਲਾ. 2:13, 14) ਇਸ ਗ਼ਲਤੀ ਦੇ ਬਾਵਜੂਦ ਵੀ ਪਤਰਸ ਯਹੋਵਾਹ ਦੀ ਸੇਵਾ ਵਿਚ ਲੱਗਾ ਰਿਹਾ। ਕਿਹੜੀ ਗੱਲ ਨੇ ਉਸ ਦੀ ਮਦਦ ਕੀਤੀ?
ਕਿਹੜੀ ਗੱਲ ਨੇ ਪਰਮੇਸ਼ੁਰ ਦੀ ਸੇਵਾ ਕਰਦੇ ਰਹਿਣ ਵਿਚ ਪਤਰਸ ਦੀ ਮਦਦ ਕੀਤੀ?
9. ਯੂਹੰਨਾ 6:68, 69 ਤੋਂ ਕਿਵੇਂ ਪਤਾ ਲੱਗਦਾ ਹੈ ਕਿ ਪਤਰਸ ਵਫ਼ਾਦਾਰ ਸੀ?
9 ਪਤਰਸ ਵਫ਼ਾਦਾਰ ਸੀ, ਉਸ ਨੇ ਕਿਸੇ ਵੀ ਗੱਲ ਕਰਕੇ ਯਿਸੂ ਦੇ ਪਿੱਛੇ-ਪਿੱਛੇ ਚੱਲਣਾ ਨਹੀਂ ਛੱਡਿਆ। ਉਦਾਹਰਣ ਲਈ, ਇਕ ਮੌਕੇ ʼਤੇ ਯਿਸੂ ਨੇ ਕੁਝ ਅਜਿਹਾ ਕਿਹਾ ਜੋ ਉਸ ਦੇ ਚੇਲਿਆਂ ਨੂੰ ਸਮਝ ਨਹੀਂ ਆਇਆ। (ਯੂਹੰਨਾ 6:68, 69 ਪੜ੍ਹੋ।) ਇਸ ਕਰਕੇ ਬਹੁਤ ਸਾਰੇ ਲੋਕਾਂ ਨੇ ਯਿਸੂ ਦੇ ਪਿੱਛੇ-ਪਿੱਛੇ ਚੱਲਣਾ ਛੱਡ ਦਿੱਤਾ। ਉਨ੍ਹਾਂ ਨੇ ਨਾ ਤਾਂ ਯਿਸੂ ਦੀ ਗੱਲ ਦਾ ਮਤਲਬ ਸਮਝਣ ਦੀ ਕੋਸ਼ਿਸ਼ ਕੀਤੀ ਅਤੇ ਨਾ ਹੀ ਇੰਤਜ਼ਾਰ ਕੀਤਾ ਕਿ ਯਿਸੂ ਉਨ੍ਹਾਂ ਨੂੰ ਉਸ ਗੱਲ ਦਾ ਮਤਲਬ ਸਮਝਾਵੇ। ਪਰ ਪਤਰਸ ਵਫ਼ਾਦਾਰ ਸੀ ਅਤੇ ਉਸ ਨੇ ਯਿਸੂ ਦਾ ਸਾਥ ਨਹੀਂ ਛੱਡਿਆ। ਉਹ ਜਾਣਦਾ ਸੀ ਕਿ ਸਿਰਫ਼ ਯਿਸੂ ਕੋਲ ਹੀ “ਹਮੇਸ਼ਾ ਦੀ ਜ਼ਿੰਦਗੀ ਦੇਣ ਵਾਲੀਆਂ ਗੱਲਾਂ” ਹਨ।
10. ਯਿਸੂ ਨੇ ਕਿਵੇਂ ਦਿਖਾਇਆ ਕਿ ਉਸ ਨੂੰ ਪਤਰਸ ʼਤੇ ਭਰੋਸਾ ਸੀ? (ਤਸਵੀਰ ਵੀ ਦੇਖੋ।)
10 ਯਿਸੂ ਨੇ ਪਤਰਸ ਨੂੰ ਛੱਡਿਆ ਨਹੀਂ। ਯਿਸੂ ਜਾਣਦਾ ਸੀ ਕਿ ਧਰਤੀ ʼਤੇ ਉਸ ਦੀ ਆਖ਼ਰੀ ਰਾਤ ਵੇਲੇ ਪਤਰਸ ਅਤੇ ਦੂਜੇ ਰਸੂਲ ਉਸ ਨੂੰ ਛੱਡ ਦੇਣਗੇ। ਫਿਰ ਵੀ ਯਿਸੂ ਨੇ ਪਤਰਸ ਨੂੰ ਦੱਸਿਆ ਕਿ ਉਸ ਨੂੰ ਪੂਰਾ ਭਰੋਸਾ ਹੈ ਕਿ ਉਹ ਤੋਬਾ ਕਰ ਕੇ ਮੁੜੇਗਾ ਅਤੇ ਵਫ਼ਾਦਾਰ ਰਹੇਗਾ। (ਲੂਕਾ 22:31, 32) ਯਿਸੂ ਸਮਝਦਾ ਸੀ ਕਿ “ਦਿਲ ਤਾਂ ਤਿਆਰ ਹੈ, ਪਰ ਸਰੀਰ ਕਮਜ਼ੋਰ ਹੈ।” (ਮਰ. 14:38) ਇਸ ਲਈ ਜਦੋਂ ਪਤਰਸ ਨੇ ਯਿਸੂ ਨੂੰ ਪਛਾਣਨ ਤੋਂ ਇਨਕਾਰ ਕੀਤਾ, ਤਾਂ ਵੀ ਉਸ ਨੇ ਪਤਰਸ ਦਾ ਸਾਥ ਨਹੀਂ ਛੱਡਿਆ। ਯਿਸੂ ਦੁਬਾਰਾ ਜੀ ਉੱਠਣ ਤੋਂ ਬਾਅਦ ਪਤਰਸ ਅੱਗੇ ਪ੍ਰਗਟ ਹੋਇਆ। ਸ਼ਾਇਦ ਉਸ ਵੇਲੇ ਪਤਰਸ ਇਕੱਲਾ ਸੀ। (ਮਰ. 16:7; ਲੂਕਾ 24:34; 1 ਕੁਰਿੰ. 15:5) ਜ਼ਰਾ ਸੋਚੋ ਕਿ ਆਪਣੇ ਪ੍ਰਭੂ ਨੂੰ ਦੇਖ ਕੇ ਇਸ ਨਿਰਾਸ਼ ਰਸੂਲ ਨੂੰ ਕਿੰਨਾ ਹੌਸਲਾ ਮਿਲਿਆ ਹੋਣਾ!
11. ਯਿਸੂ ਨੇ ਪਤਰਸ ਨੂੰ ਇਹ ਭਰੋਸਾ ਕਿਵੇਂ ਦਿਵਾਇਆ ਕਿ ਯਹੋਵਾਹ ਉਸ ਦੀਆਂ ਲੋੜਾਂ ਪੂਰੀਆਂ ਕਰੇਗਾ?
11 ਯਿਸੂ ਨੇ ਪਤਰਸ ਨੂੰ ਭਰੋਸਾ ਦਿਵਾਇਆ ਕਿ ਯਹੋਵਾਹ ਉਸ ਦੀਆਂ ਲੋੜਾਂ ਪੂਰੀਆਂ ਕਰੇਗਾ। ਦੁਬਾਰਾ ਜੀ ਉੱਠਣ ਤੋਂ ਬਾਅਦ ਯਿਸੂ ਨੇ ਪਤਰਸ ਅਤੇ ਹੋਰ ਰਸੂਲਾਂ ਦੀ ਚਮਤਕਾਰ ਕਰ ਕੇ ਇਕ ਵਾਰ ਫਿਰ ਮੱਛੀਆਂ ਫੜਨ ਵਿਚ ਮਦਦ ਕੀਤੀ। (ਯੂਹੰ. 21:4-6) ਬਿਨਾਂ ਸ਼ੱਕ, ਇਸ ਚਮਤਕਾਰ ਕਰਕੇ ਪਤਰਸ ਨੂੰ ਦੁਬਾਰਾ ਭਰੋਸਾ ਹੋ ਗਿਆ ਹੋਣਾ ਕਿ ਯਹੋਵਾਹ ਉਸ ਦੀਆਂ ਲੋੜਾਂ ਪੂਰੀਆਂ ਕਰੇਗਾ। ਸ਼ਾਇਦ ਉਦੋਂ ਪਤਰਸ ਰਸੂਲ ਨੂੰ ਯਿਸੂ ਦੀ ਕਹੀ ਇਹ ਗੱਲ ਯਾਦ ਆਈ ਹੋਣੀ ਕਿ ਯਹੋਵਾਹ ਉਨ੍ਹਾਂ ਦੀਆਂ ਲੋੜਾਂ ਪੂਰੀਆਂ ਕਰਦਾ ਹੈ ਜੋ ‘ਉਸ ਦੇ ਰਾਜ ਨੂੰ ਪਹਿਲ ਦਿੰਦੇ ਹਨ।’ (ਮੱਤੀ 6:33) ਇਨ੍ਹਾਂ ਸਾਰੀਆਂ ਗੱਲਾਂ ਕਰਕੇ ਪਤਰਸ ਨੇ ਆਪਣੀ ਜ਼ਿੰਦਗੀ ਵਿਚ ਪ੍ਰਚਾਰ ਕੰਮ ਨੂੰ ਪਹਿਲ ਦਿੱਤੀ, ਨਾ ਕਿ ਮੱਛੀਆਂ ਫੜਨ ਦੇ ਆਪਣੇ ਕੰਮ ਨੂੰ। ਪੰਤੇਕੁਸਤ 33 ਈਸਵੀ ਨੂੰ ਪਤਰਸ ਨੇ ਦਲੇਰੀ ਨਾਲ ਗਵਾਹੀ ਦਿੱਤੀ ਜਿਸ ਕਰਕੇ ਹਜ਼ਾਰਾਂ ਹੀ ਲੋਕਾਂ ਨੇ ਖ਼ੁਸ਼ ਖ਼ਬਰੀ ਕਬੂਲ ਕੀਤੀ। (ਰਸੂ. 2:14, 37-41) ਇਸ ਤੋਂ ਬਾਅਦ ਉਸ ਨੇ ਸਾਮਰੀਆਂ ਅਤੇ ਗ਼ੈਰ-ਯਹੂਦੀਆਂ ਦੀ ਮਸੀਹ ਬਾਰੇ ਜਾਣਨ ਅਤੇ ਉਸ ਦੇ ਚੇਲੇ ਬਣਨ ਵਿਚ ਮਦਦ ਕੀਤੀ। (ਰਸੂ. 8:14-17; 10:44-48) ਬਿਨਾਂ ਸ਼ੱਕ, ਯਹੋਵਾਹ ਨੇ ਹਰ ਤਰ੍ਹਾਂ ਦੇ ਲੋਕਾਂ ਨੂੰ ਮਸੀਹੀ ਮੰਡਲੀ ਵਿਚ ਲਿਆਉਣ ਲਈ ਪਤਰਸ ਨੂੰ ਜ਼ਬਰਦਸਤ ਤਰੀਕੇ ਨਾਲ ਵਰਤਿਆ।
ਅਸੀਂ ਕੀ ਸਿੱਖਦੇ ਹਾਂ?
12. ਜੇ ਅਸੀਂ ਕਿਸੇ ਕਮੀ-ਕਮਜ਼ੋਰੀ ਨਾਲ ਲੜ ਰਹੇ ਹਾਂ, ਤਾਂ ਪਤਰਸ ਦੀ ਮਿਸਾਲ ਨੂੰ ਧਿਆਨ ਵਿਚ ਰੱਖ ਕੇ ਅਸੀਂ ਕਿਹੜੀ ਗੱਲ ਦਾ ਯਕੀਨ ਰੱਖ ਸਕਦੇ ਹਾਂ?
12 ਯਹੋਵਾਹ ਸਾਡੀ ਵੀ ਮਦਦ ਕਰ ਸਕਦਾ ਹੈ ਤਾਂਕਿ ਅਸੀਂ ਉਸ ਦੀ ਸੇਵਾ ਵਿਚ ਲੱਗੇ ਰਹੀਏ। ਸ਼ਾਇਦ ਹਮੇਸ਼ਾ ਸਾਡੇ ਲਈ ਇੱਦਾਂ ਕਰਨਾ ਸੌਖਾ ਨਹੀਂ ਹੁੰਦਾ, ਖ਼ਾਸ ਕਰਕੇ ਜੇ ਅਸੀਂ ਲੰਬੇ ਸਮੇਂ ਤੋਂ ਕਿਸੇ ਕਮੀ-ਕਮਜ਼ੋਰੀ ਨਾਲ ਲੜ ਰਹੇ ਹੋਈਏ। ਹੋ ਸਕਦਾ ਹੈ ਕਿ ਕਦੇ-ਕਦਾਈਂ ਸਾਨੂੰ ਆਪਣੀਆਂ ਕਮੀਆਂ-ਕਮਜ਼ੋਰੀਆਂ ਪਤਰਸ ਦੀਆਂ ਕਮੀਆਂ-ਕਮਜ਼ੋਰੀਆਂ ਨਾਲੋਂ ਜ਼ਿਆਦਾ ਔਖੀਆਂ ਲੱਗਣ। ਪਰ ਯਹੋਵਾਹ ਸਾਨੂੰ ਤਾਕਤ ਦੇ ਸਕਦਾ ਹੈ ਤਾਂਕਿ ਅਸੀਂ ਹਾਰ ਨਾ ਮੰਨੀਏ। (ਜ਼ਬੂ. 94:17-19) ਜ਼ਰਾ ਇਕ ਭਰਾ ਦੀ ਮਿਸਾਲ ʼਤੇ ਗੌਰ ਕਰੋ। ਸੱਚਾਈ ਸਿੱਖਣ ਤੋਂ ਪਹਿਲਾਂ ਉਹ ਕਾਫ਼ੀ ਸਾਲਾਂ ਤੋਂ ਸਮਲਿੰਗੀ ਜ਼ਿੰਦਗੀ ਜੀ ਰਿਹਾ ਸੀ। ਪਰ ਉਸ ਨੇ ਪੂਰੀ ਤਰ੍ਹਾਂ ਆਪਣੇ ਆਪ ਨੂੰ ਬਦਲਿਆ ਅਤੇ ਬਾਈਬਲ ਮੁਤਾਬਕ ਜੀਉਣ ਲੱਗ ਪਿਆ। ਫਿਰ ਵੀ ਉਹ ਕਦੇ-ਕਦਾਈਂ ਆਪਣੀਆਂ ਗ਼ਲਤ ਇੱਛਾਵਾਂ ਨਾਲ ਲੜਦਾ ਸੀ। ਕਿਹੜੀ ਗੱਲ ਨੇ ਉਸ ਦੀ ਹਾਰ ਨਾ ਮੰਨਣ ਵਿਚ ਮਦਦ ਕੀਤੀ? ਉਹ ਦੱਸਦਾ ਹੈ: ‘ਯਹੋਵਾਹ ਸਾਨੂੰ ਤਾਕਤ ਦਿੰਦਾ ਹੈ। ਮੈਂ ਸਿੱਖਿਆ ਕਿ ਯਹੋਵਾਹ ਦੀ ਪਵਿੱਤਰ ਸ਼ਕਤੀ ਦੀ ਮਦਦ ਨਾਲ ਅਸੀਂ ਸਾਰੇ ਜਣੇ ਸੱਚਾਈ ਦੇ ਰਾਹ ʼਤੇ ਚੱਲਦੇ ਰਹਿ ਸਕਦੇ ਹਾਂ। ਯਹੋਵਾਹ ਮੈਨੂੰ ਵਰਤਦਾ ਹੈ ਅਤੇ ਮੇਰੀਆਂ ਕਮੀਆਂ-ਕਮਜ਼ੋਰੀਆਂ ਦੇ ਬਾਵਜੂਦ ਮੈਨੂੰ ਤਾਕਤ ਦਿੰਦਾ ਰਹਿੰਦਾ ਹੈ।’
13. ਰਸੂਲਾਂ ਦੇ ਕੰਮ 4:13, 29, 31 ਮੁਤਾਬਕ ਅਸੀਂ ਪਤਰਸ ਦੀ ਰੀਸ ਕਿਵੇਂ ਕਰ ਸਕਦੇ ਹਾਂ? (ਤਸਵੀਰ ਵੀ ਦੇਖੋ।)
13 ਜਿਵੇਂ ਅਸੀਂ ਦੇਖਿਆ ਕਿ ਪਤਰਸ ਨੇ ਇਨਸਾਨਾਂ ਦੇ ਡਰ ਕਰਕੇ ਕੁਝ ਗੰਭੀਰ ਗ਼ਲਤੀਆਂ ਕੀਤੀਆਂ। ਪਰ ਜਦੋਂ ਉਸ ਨੇ ਦਲੇਰੀ ਲਈ ਪ੍ਰਾਰਥਨਾ ਕੀਤੀ, ਤਾਂ ਉਹ ਹਿੰਮਤ ਤੋਂ ਕੰਮ ਲੈ ਸਕਿਆ। (ਰਸੂਲਾਂ ਦੇ ਕੰਮ 4:13, 29, 31 ਪੜ੍ਹੋ।) ਅਸੀਂ ਵੀ ਆਪਣੇ ਡਰ ʼਤੇ ਕਾਬੂ ਪਾ ਸਕਦੇ ਹਾਂ। ਜ਼ਰਾ ਭਰਾ ਹਾਰਸਟ ਦੀ ਉਦਾਹਰਣ ʼਤੇ ਗੌਰ ਕਰੋ ਜੋ ਜਰਮਨੀ ਵਿਚ ਰਹਿੰਦਾ ਸੀ। ਇਹ ਉਸ ਸਮੇਂ ਦੀ ਗੱਲ ਹੈ ਜਦੋਂ ਉਹ ਸਕੂਲ ਵਿਚ ਸੀ ਅਤੇ ਉਸ ਦੇਸ਼ ਵਿਚ ਨਾਜ਼ੀ ਹਕੂਮਤ ਰਾਜ ਕਰ ਰਹੀ ਸੀ। ਉਹ ਕਈ ਵਾਰ ਆਪਣੇ ਟੀਚਰਾਂ ਅਤੇ ਸਕੂਲ ਦੇ ਬੱਚਿਆਂ ਡਰੋਂ “ਹਾਈਲ ਹਿਟਲਰ” ਕਹਿ ਦਿੰਦਾ ਸੀ ਜਿਸ ਦਾ ਮਤਲਬ ਹੈ, ਹਿਟਲਰ ਸਾਨੂੰ ਬਚਾਵੇਗਾ। ਜਦੋਂ ਹਾਰਸਟ ਦੇ ਮਾਪਿਆਂ ਨੂੰ ਇਸ ਬਾਰੇ ਪਤਾ ਲੱਗਾ, ਤਾਂ ਉਨ੍ਹਾਂ ਨੇ ਉਸ ਨੂੰ ਝਿੜਕਿਆ ਨਹੀਂ। ਇਸ ਦੀ ਬਜਾਇ, ਉਨ੍ਹਾਂ ਨੇ ਉਸ ਨਾਲ ਪ੍ਰਾਰਥਨਾ ਕੀਤੀ ਕਿ ਯਹੋਵਾਹ ਉਸ ਨੂੰ ਦਲੇਰ ਬਣਾਵੇ। ਆਪਣੇ ਮਾਪਿਆਂ ਦੀ ਮਦਦ ਨਾਲ ਅਤੇ ਯਹੋਵਾਹ ʼਤੇ ਭਰੋਸਾ ਰੱਖਣ ਕਰਕੇ ਭਰਾ ਹਾਰਸਟ ਅੱਗੇ ਜਾ ਕੇ ਦਲੇਰ ਬਣ ਸਕਿਆ ਅਤੇ ਯਹੋਵਾਹ ਦੇ ਵਫ਼ਾਦਾਰ ਰਹਿ ਸਕਿਆ। ਬਾਅਦ ਵਿਚ ਉਸ ਨੇ ਕਿਹਾ: “ਯਹੋਵਾਹ ਨੇ ਮੈਨੂੰ ਕਦੇ ਵੀ ਨਹੀਂ ਛੱਡਿਆ।” c
14. ਪਰਵਾਹ ਦਿਖਾਉਣ ਵਾਲੇ ਚਰਵਾਹੇ ਨਿਰਾਸ਼ ਭੈਣਾਂ-ਭਰਾਵਾਂ ਦਾ ਭਰੋਸਾ ਕਿਵੇਂ ਵਧਾ ਸਕਦੇ ਹਨ?
14 ਯਹੋਵਾਹ ਅਤੇ ਯਿਸੂ ਕਦੇ ਵੀ ਸਾਨੂੰ ਨਹੀਂ ਛੱਡਣਗੇ। ਯਿਸੂ ਦਾ ਇਨਕਾਰ ਕਰਨ ਤੋਂ ਬਾਅਦ ਪਤਰਸ ਨੂੰ ਇਕ ਅਹਿਮ ਫ਼ੈਸਲਾ ਕਰਨਾ ਪੈਣਾ ਸੀ। ਕੀ ਉਹ ਮਸੀਹ ਦੇ ਪਿੱਛੇ ਚੱਲਣਾ ਛੱਡ ਦੇਵੇਗਾ ਜਾਂ ਮਸੀਹ ਦੇ ਚੇਲੇ ਵਜੋਂ ਸੇਵਾ ਕਰਦਾ ਰਹੇਗਾ? ਯਿਸੂ ਨੇ ਯਹੋਵਾਹ ਨੂੰ ਅਰਦਾਸ ਕੀਤੀ ਕਿ ਪਤਰਸ ਨਿਹਚਾ ਕਰਨੀ ਨਾ ਛੱਡੇ। ਯਿਸੂ ਨੇ ਪਤਰਸ ਨੂੰ ਦੱਸਿਆ ਕਿ ਉਸ ਨੇ ਇਹ ਪ੍ਰਾਰਥਨਾ ਕੀਤੀ ਹੈ ਅਤੇ ਉਸ ਨੂੰ ਭਰੋਸਾ ਸੀ ਕਿ ਪਤਰਸ ਅੱਗੇ ਜਾ ਕੇ ਆਪਣੇ ਭਰਾਵਾਂ ਨੂੰ ਤਕੜਾ ਕਰ ਸਕੇਗਾ। (ਲੂਕਾ 22:31, 32) ਯਿਸੂ ਦੀ ਕਹੀ ਇਹ ਗੱਲ ਯਾਦ ਕਰ ਕੇ ਪਤਰਸ ਨੂੰ ਕਿੰਨਾ ਹੌਸਲਾ ਮਿਲਦਾ ਹੋਣਾ! ਜਦੋਂ ਅਸੀਂ ਆਪਣੀ ਜ਼ਿੰਦਗੀ ਵਿਚ ਕੋਈ ਅਹਿਮ ਫ਼ੈਸਲਾ ਕਰਨਾ ਹੁੰਦਾ ਹੈ, ਤਾਂ ਸ਼ਾਇਦ ਯਹੋਵਾਹ ਪਰਵਾਹ ਦਿਖਾਉਣ ਵਾਲੇ ਬਜ਼ੁਰਗਾਂ ਨੂੰ ਵਰਤ ਕੇ ਸਾਨੂੰ ਭਰੋਸਾ ਦਿਵਾਏ ਕਿ ਸਾਨੂੰ ਵਫ਼ਾਦਾਰੀ ਬਣਾਈ ਰੱਖਣ ਦੀ ਲੋੜ ਹੈ। (ਅਫ਼. 4:8, 11) ਲੰਬੇ ਸਮੇਂ ਤੋਂ ਬਜ਼ੁਰਗ ਵਜੋਂ ਸੇਵਾ ਕਰਨ ਵਾਲਾ ਭਰਾ ਪੌਲ ਇੱਦਾਂ ਹੀ ਭੈਣਾਂ-ਭਰਾਵਾਂ ਦਾ ਹੌਸਲਾ ਵਧਾਉਂਦਾ ਹੈ। ਜਿਨ੍ਹਾਂ ਭੈਣਾਂ-ਭਰਾਵਾਂ ਨੂੰ ਲੱਗਦਾ ਹੈ ਕਿ ਉਹ ਹੋਰ ਸੇਵਾ ਨਹੀਂ ਕਰ ਸਕਦੇ, ਉਨ੍ਹਾਂ ਨੂੰ ਭਰਾ ਪੌਲ ਕਹਿੰਦਾ ਹੈ, ‘ਸੋਚੋ ਕਿ ਸ਼ੁਰੂ-ਸ਼ੁਰੂ ਵਿਚ ਯਹੋਵਾਹ ਨੇ ਤੁਹਾਨੂੰ ਸੱਚਾਈ ਵਿਚ ਕਿਵੇਂ ਖਿੱਚਿਆ ਸੀ।’ ਫਿਰ ਉਹ ਉਨ੍ਹਾਂ ਨੂੰ ਭਰੋਸਾ ਦਿਵਾਉਂਦਾ ਹੈ ਕਿ ਯਹੋਵਾਹ ਆਪਣੇ ਅਟੱਲ ਪਿਆਰ ਕਰਕੇ ਆਪਣੇ ਸੇਵਕਾਂ ਨੂੰ ਕਦੇ ਨਹੀਂ ਛੱਡੇਗਾ। ਉਹ ਇਹ ਵੀ ਕਹਿੰਦਾ ਹੈ: “ਮੈਂ ਦੇਖਿਆ ਹੈ ਕਿ ਬਹੁਤ ਸਾਰੇ ਨਿਰਾਸ਼ ਭੈਣ-ਭਰਾ ਯਹੋਵਾਹ ਦੀ ਮਦਦ ਨਾਲ ਉਸ ਦੀ ਸੇਵਾ ਵਿਚ ਲੱਗੇ ਰਹਿ ਸਕੇ ਹਨ।”
15. ਪਤਰਸ ਅਤੇ ਹਾਰਸਟ ਦੀ ਮਿਸਾਲ ਤੋਂ ਕਿਵੇਂ ਪਤਾ ਲੱਗਦਾ ਹੈ ਕਿ ਮੱਤੀ 6:33 ਵਿਚ ਕਹੀ ਗੱਲ ਬਿਲਕੁਲ ਸੱਚ ਹੈ?
15 ਯਹੋਵਾਹ ਨੇ ਪਤਰਸ ਅਤੇ ਹੋਰ ਰਸੂਲਾਂ ਦੀਆਂ ਲੋੜਾਂ ਪੂਰੀਆਂ ਕੀਤੀਆਂ। ਉਨ੍ਹਾਂ ਵਾਂਗ ਜੇ ਅਸੀਂ ਵੀ ਪਰਮੇਸ਼ੁਰ ਦੀ ਸੇਵਾ ਨੂੰ ਆਪਣੀ ਜ਼ਿੰਦਗੀ ਵਿਚ ਪਹਿਲੀ ਥਾਂ ਦੇਵਾਂਗੇ, ਤਾਂ ਉਹ ਸਾਡੀਆਂ ਵੀ ਲੋੜਾਂ ਪੂਰੀਆਂ ਕਰੇਗਾ। (ਮੱਤੀ 6:33) ਦੂਜੇ ਵਿਸ਼ਵ ਯੁੱਧ ਤੋਂ ਬਾਅਦ ਭਰਾ ਹਾਰਸਟ ਨੇ ਪਾਇਨੀਅਰਿੰਗ ਕਰਨ ਬਾਰੇ ਸੋਚਿਆ। ਪਰ ਉਹ ਬਹੁਤ ਗ਼ਰੀਬ ਸੀ, ਇਸ ਲਈ ਉਹ ਸੋਚਣ ਲੱਗ ਪਿਆ ਕਿ ਜੇ ਉਹ ਪੂਰੇ ਸਮੇਂ ਦੀ ਸੇਵਾ ਕਰਨ ਲੱਗ ਪਿਆ, ਤਾਂ ਕੀ ਉਹ ਆਪਣਾ ਗੁਜ਼ਾਰਾ ਚਲਾ ਸਕੇਗਾ। ਫਿਰ ਉਸ ਨੇ ਕੀ ਕੀਤਾ? ਉਸ ਨੇ ਫ਼ੈਸਲਾ ਕੀਤਾ ਕਿ ਉਹ ਯਹੋਵਾਹ ਨੂੰ ਪਰਖ ਕੇ ਦੇਖੇਗਾ। ਇਸ ਲਈ ਸਰਕਟ ਓਵਰਸੀਅਰ ਦੇ ਦੌਰੇ ਦੌਰਾਨ ਉਹ ਪੂਰਾ ਹਫ਼ਤਾ ਪ੍ਰਚਾਰ ʼਤੇ ਗਿਆ। ਹਫ਼ਤੇ ਦੇ ਅਖ਼ੀਰ ਵਿਚ ਉਹ ਇਹ ਦੇਖ ਕੇ ਹੈਰਾਨ ਰਹਿ ਗਿਆ ਕਿ ਸਰਕਟ ਓਵਰਸੀਅਰ ਨੇ ਉਸ ਨੂੰ ਇਕ ਬੇਨਾਮ ਲਿਫ਼ਾਫ਼ਾ ਦਿੱਤਾ। ਇਸ ਲਿਫ਼ਾਫ਼ੇ ਵਿਚ ਇੰਨੇ ਪੈਸੇ ਸਨ ਕਿ ਉਹ ਕਈ ਮਹੀਨਿਆਂ ਤਕ ਪਾਇਨੀਅਰਿੰਗ ਕਰਦਾ ਰਹਿ ਸਕਦਾ ਸੀ। ਹਾਰਸਟ ਸਮਝ ਗਿਆ ਕਿ ਇਹ ਤੋਹਫ਼ਾ ਯਹੋਵਾਹ ਵੱਲੋਂ ਸੀ ਅਤੇ ਉਸ ਨੂੰ ਭਰੋਸਾ ਹੋ ਗਿਆ ਕਿ ਪਰਮੇਸ਼ੁਰ ਉਸ ਨੂੰ ਸੰਭਾਲੇਗਾ। ਇਸ ਤੋਂ ਬਾਅਦ ਉਸ ਨੇ ਆਪਣੀ ਪੂਰੀ ਜ਼ਿੰਦਗੀ ਪਰਮੇਸ਼ੁਰ ਦੇ ਰਾਜ ਨੂੰ ਪਹਿਲੀ ਥਾਂ ਦਿੱਤੀ।—ਮਲਾ. 3:10.
16. ਸਾਨੂੰ ਪਤਰਸ ਦੀ ਮਿਸਾਲ ਅਤੇ ਉਸ ਦੀਆਂ ਚਿੱਠੀਆਂ ਵੱਲ ਕਿਉਂ ਧਿਆਨ ਦੇਣਾ ਚਾਹੀਦਾ ਹੈ?
16 ਪਤਰਸ ਕਿੰਨਾ ਖ਼ੁਸ਼ ਹੋਇਆ ਹੋਣਾ ਕਿ ਯਿਸੂ ਉਸ ਦੀ ਬੇਨਤੀ ਸੁਣ ਕੇ ਉਸ ਕੋਲੋਂ ਚਲਾ ਨਹੀਂ ਗਿਆ! ਯਿਸੂ ਮਸੀਹ ਪਤਰਸ ਨੂੰ ਵਫ਼ਾਦਾਰ ਰਸੂਲ ਬਣਨ ਅਤੇ ਦੂਜਿਆਂ ਲਈ ਜ਼ਬਰਦਸਤ ਮਿਸਾਲ ਬਣਨ ਦੀ ਸਿਖਲਾਈ ਦਿੰਦਾ ਰਿਹਾ। ਨਾਲੇ ਅਸੀਂ ਇਸ ਸਿਖਲਾਈ ਤੋਂ ਬਹੁਤ ਸਾਰੀਆਂ ਗੱਲਾਂ ਸਿੱਖ ਸਕਦੇ ਹਾਂ। ਪਤਰਸ ਨੇ ਪਵਿੱਤਰ ਸ਼ਕਤੀ ਦੀ ਪ੍ਰੇਰਣਾ ਨਾਲ ਇਹ ਸਬਕ ਅਤੇ ਕੁਝ ਹੋਰ ਸਬਕ ਆਪਣੀਆਂ ਦੋ ਚਿੱਠੀਆਂ ਵਿਚ ਲਿਖੇ। ਉਸ ਨੇ ਇਹ ਚਿੱਠੀਆਂ ਪਹਿਲੀ ਸਦੀ ਦੀਆਂ ਮੰਡਲੀਆਂ ਨੂੰ ਲਿਖੀਆਂ ਸਨ। ਅਗਲੇ ਲੇਖ ਵਿਚ ਅਸੀਂ ਇਨ੍ਹਾਂ ਚਿੱਠੀਆਂ ਦੀਆਂ ਕੁਝ ਗੱਲਾਂ ʼਤੇ ਗੌਰ ਕਰਾਂਗੇ ਅਤੇ ਦੇਖਾਂਗੇ ਕਿ ਅੱਜ ਅਸੀਂ ਉਨ੍ਹਾਂ ਨੂੰ ਕਿਵੇਂ ਲਾਗੂ ਕਰ ਸਕਦੇ ਹਾਂ।
ਗੀਤ 126 ਖ਼ਬਰਦਾਰ ਰਹੋ, ਦਲੇਰ ਬਣੋ
a ਇਹ ਲੇਖ ਉਨ੍ਹਾਂ ਭੈਣਾਂ-ਭਰਾਵਾਂ ਲਈ ਤਿਆਰ ਕੀਤਾ ਗਿਆ ਹੈ ਜੋ ਆਪਣੀਆਂ ਕਮੀਆਂ-ਕਮਜ਼ੋਰੀਆਂ ਨਾਲ ਲੜ ਰਹੇ ਹਨ। ਇਹ ਲੇਖ ਉਨ੍ਹਾਂ ਦੀ ਮਦਦ ਕਰੇਗਾ ਕਿ ਉਹ ਆਪਣੀਆਂ ਕਮੀਆਂ-ਕਮਜ਼ੋਰੀਆਂ ʼਤੇ ਕਾਬੂ ਪਾ ਸਕਣ ਅਤੇ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕਰਦੇ ਰਹਿ ਸਕਣ।
b ਇਸ ਲੇਖ ਵਿਚ ਜ਼ਿਕਰ ਕੀਤੀਆਂ ਬਹੁਤ ਸਾਰੀਆਂ ਆਇਤਾਂ ਮਰਕੁਸ ਦੀ ਇੰਜੀਲ ਵਿੱਚੋਂ ਲਈਆਂ ਗਈਆਂ ਹਨ। ਲੱਗਦਾ ਹੈ ਕਿ ਉਸ ਨੇ ਇਹ ਗੱਲਾਂ ਪਤਰਸ ਤੋਂ ਸੁਣੀਆਂ ਹੋਣੀਆਂ ਜਿਸ ਨੇ ਇਹ ਗੱਲਾਂ ਆਪਣੀ ਅੱਖੀਂ ਹੁੰਦੀਆਂ ਦੇਖੀਆਂ ਸਨ।
c jw.org/pa ʼਤੇ “ਹਾਰਸਟ ਹੈੱਨਸ਼ਲ: ਯਹੋਵਾਹ ਮੇਰੇ ਲਈ ਪੱਕਾ ਬੁਰਜ ਹੈ” ਨਾਂ ਦੀ ਵੀਡੀਓ ਦੇਖੋ।
d ਤਸਵੀਰ ਬਾਰੇ ਜਾਣਕਾਰੀ: ਹਾਰਸਟ ਹੈੱਨਸ਼ਲ ਦੇ ਮਾਪਿਆਂ ਨੇ ਉਸ ਨਾਲ ਪ੍ਰਾਰਥਨਾ ਕੀਤੀ ਅਤੇ ਯਹੋਵਾਹ ਦੇ ਵਫ਼ਾਦਾਰ ਰਹਿਣ ਵਿਚ ਉਸ ਦੀ ਮਦਦ ਕੀਤੀ। (ਭਰਾ ਹੈੱਨਸ਼ਲ ਦੀਆਂ ਬਚਪਨ ਦੀਆਂ ਤਸਵੀਰਾਂ ਅਸਲੀ ਨਹੀਂ ਹਨ।)