ਅਧਿਐਨ ਲੇਖ 37
ਸਮਸੂਨ ਵਾਂਗ ਯਹੋਵਾਹ ʼਤੇ ਭਰੋਸਾ ਰੱਖੋ
“ਹੇ ਸਾਰੇ ਜਹਾਨ ਦੇ ਮਾਲਕ ਯਹੋਵਾਹ, ਕਿਰਪਾ ਕਰ ਕੇ ਮੈਨੂੰ ਯਾਦ ਕਰ, . . . ਮੈਨੂੰ ਜ਼ੋਰ ਬਖ਼ਸ਼ ਦੇ।”—ਨਿਆ. 16:28.
ਗੀਤ 30 ਯਹੋਵਾਹ ਮੇਰਾ ਪਿਤਾ, ਪਰਮੇਸ਼ੁਰ ਤੇ ਦੋਸਤ
ਖ਼ਾਸ ਗੱਲਾਂ a
1-2. ਸਾਨੂੰ ਸਮਸੂਨ ਦੀ ਮਿਸਾਲ ਦਾ ਅਧਿਐਨ ਕਿਉਂ ਕਰਨਾ ਚਾਹੀਦਾ ਹੈ?
ਸਮਸੂਨ ਦਾ ਨਾਂ ਸੁਣ ਕੇ ਤੁਹਾਡੇ ਮਨ ਵਿਚ ਕੀ ਆਉਂਦਾ ਹੈ? ਸ਼ਾਇਦ ਤੁਸੀਂ ਸੋਚੋ ਕਿ ਉਹ ਕਿੰਨਾ ਤਾਕਤਵਰ ਸੀ। ਪਰ ਸਮਸੂਨ ਨੇ ਇਕ ਗ਼ਲਤ ਫ਼ੈਸਲਾ ਕੀਤਾ ਜਿਸ ਕਰਕੇ ਉਸ ਨੂੰ ਬੁਰੇ ਨਤੀਜੇ ਭੁਗਤਣੇ ਪਏ। ਫਿਰ ਵੀ ਯਹੋਵਾਹ ਨੇ ਇਸ ਗੱਲ ਵੱਲ ਧਿਆਨ ਦਿੱਤਾ ਕਿ ਸਮਸੂਨ ਨੇ ਉਸ ਦੀ ਸੇਵਾ ਵਿਚ ਕਿੰਨਾ ਕੁਝ ਕੀਤਾ। ਇਸ ਕਰਕੇ ਪਰਮੇਸ਼ੁਰ ਨੇ ਸਾਡੇ ਫ਼ਾਇਦੇ ਲਈ ਸਮਸੂਨ ਦੀ ਵਫ਼ਾਦਾਰੀ ਦੀ ਮਿਸਾਲ ਆਪਣੇ ਬਚਨ ਵਿਚ ਦਰਜ ਕਰਵਾਈ।
2 ਯਹੋਵਾਹ ਨੇ ਆਪਣੀ ਚੁਣੀ ਹੋਈ ਕੌਮ ਇਜ਼ਰਾਈਲ ਦੀ ਮਦਦ ਕਰਨ ਲਈ ਸਮਸੂਨ ਤੋਂ ਸ਼ਾਨਦਾਰ ਕੰਮ ਕਰਵਾਏ। ਸਮਸੂਨ ਦੀ ਮੌਤ ਤੋਂ ਸਦੀਆਂ ਬਾਅਦ ਯਹੋਵਾਹ ਨੇ ਪੌਲੁਸ ਰਸੂਲ ਨੂੰ ਪ੍ਰੇਰਿਤ ਕੀਤਾ ਕਿ ਉਹ ਉਨ੍ਹਾਂ ਆਦਮੀਆਂ ਦੇ ਨਾਵਾਂ ਦੀ ਸੂਚੀ ਵਿਚ ਸਮਸੂਨ ਦਾ ਨਾਂ ਵੀ ਦਰਜ ਕਰੇ ਜਿਨ੍ਹਾਂ ਨੇ ਕਮਾਲ ਦੀ ਨਿਹਚਾ ਦਿਖਾਈ ਸੀ। (ਇਬ. 11:32-34) ਸਮਸੂਨ ਦੀ ਮਿਸਾਲ ਤੋਂ ਅੱਜ ਸਾਨੂੰ ਹੌਸਲਾ ਮਿਲ ਸਕਦਾ ਹੈ। ਉਸ ਨੇ ਔਖੇ ਤੋਂ ਔਖੇ ਹਾਲਾਤਾਂ ਵਿਚ ਵੀ ਯਹੋਵਾਹ ʼਤੇ ਭਰੋਸਾ ਰੱਖਿਆ। ਇਸ ਲੇਖ ਵਿਚ ਅਸੀਂ ਦੇਖਾਂਗੇ ਕਿ ਅਸੀਂ ਸਮਸੂਨ ਤੋਂ ਕੀ ਸਿੱਖ ਸਕਦੇ ਹਾਂ ਅਤੇ ਉਸ ਦੀ ਮਿਸਾਲ ਤੋਂ ਸਾਨੂੰ ਹੌਸਲਾ ਕਿਵੇਂ ਮਿਲ ਸਕਦਾ ਹੈ।
ਸਮਸੂਨ ਨੇ ਯਹੋਵਾਹ ʼਤੇ ਭਰੋਸਾ ਰੱਖਿਆ
3. ਸਮਸੂਨ ਨੂੰ ਕਿਹੜੀ ਜ਼ਿੰਮੇਵਾਰੀ ਮਿਲੀ ਸੀ?
3 ਸਮਸੂਨ ਦੇ ਜਨਮ ਵੇਲੇ ਫਲਿਸਤੀ ਇਜ਼ਰਾਈਲ ਕੌਮ ʼਤੇ ਰਾਜ ਕਰ ਰਹੇ ਸਨ ਅਤੇ ਉਨ੍ਹਾਂ ʼਤੇ ਜ਼ੁਲਮ ਕਰ ਰਹੇ ਸਨ। (ਨਿਆ. 13:1) ਫਲਿਸਤੀ ਬੜੇ ਜ਼ਾਲਮ ਸਨ ਜਿਸ ਕਰਕੇ ਇਜ਼ਰਾਈਲੀਆਂ ਨੇ ਬਹੁਤ ਦੁੱਖ ਝੱਲੇ। ਯਹੋਵਾਹ ਨੇ ਸਮਸੂਨ ਨੂੰ ਚੁਣਿਆ ਤਾਂਕਿ ਉਹ ‘ਇਜ਼ਰਾਈਲ ਨੂੰ ਫਲਿਸਤੀਆਂ ਦੇ ਹੱਥੋਂ ਬਚਾਉਣ ਵਿਚ ਅਗਵਾਈ ਕਰੇ।’ (ਨਿਆ. 13:5) ਇਹ ਕਿੰਨੀ ਹੀ ਔਖੀ ਜ਼ਿੰਮੇਵਾਰੀ ਸੀ! ਇਹ ਜ਼ਿੰਮੇਵਾਰੀ ਪੂਰੀ ਕਰਨ ਲਈ ਸਮਸੂਨ ਨੂੰ ਯਹੋਵਾਹ ʼਤੇ ਭਰੋਸਾ ਰੱਖਣਾ ਪੈਣਾ ਸੀ।
4. ਯਹੋਵਾਹ ਨੇ ਸਮਸੂਨ ਨੂੰ ਫਲਿਸਤੀਆਂ ਹੱਥੋਂ ਕਿਵੇਂ ਛੁਡਾਇਆ? (ਨਿਆਈਆਂ 15:14-16)
4 ਜ਼ਰਾ ਇਕ ਉਦਾਹਰਣ ʼਤੇ ਗੌਰ ਕਰੋ ਜਿਸ ਤੋਂ ਪਤਾ ਲੱਗਦਾ ਹੈ ਕਿ ਕਿਵੇਂ ਸਮਸੂਨ ਨੇ ਯਹੋਵਾਹ ʼਤੇ ਭਰੋਸਾ ਰੱਖਿਆ ਅਤੇ ਕਿਵੇਂ ਯਹੋਵਾਹ ਨੇ ਉਸ ਦਾ ਸਾਥ ਦਿੱਤਾ। ਇਕ ਮੌਕੇ ʼਤੇ ਫਲਿਸਤੀ ਫ਼ੌਜ ਸਮਸੂਨ ਨੂੰ ਫੜਨ ਵਾਸਤੇ ਲਹੀ ਵਿਚ ਆਈ ਜੋ ਸ਼ਾਇਦ ਯਹੂਦਾਹ ਵਿਚ ਸੀ। ਇਹ ਦੇਖ ਕੇ ਯਹੂਦਾਹ ਦੇ ਆਦਮੀ ਬਹੁਤ ਡਰ ਗਏ। ਇਸ ਲਈ ਉਨ੍ਹਾਂ ਨੇ ਸਮਸੂਨ ਨੂੰ ਦੁਸ਼ਮਣਾਂ ਦੇ ਹਵਾਲੇ ਕਰਨ ਦਾ ਫ਼ੈਸਲਾ ਕੀਤਾ। ਸਮਸੂਨ ਦੇ ਆਪਣੇ ਹੀ ਲੋਕਾਂ ਨੇ ਉਸ ਨੂੰ ਦੋ ਨਵੀਆਂ ਰੱਸੀਆਂ ਨਾਲ ਕੱਸ ਕੇ ਬੰਨ੍ਹਿਆ ਅਤੇ ਫਲਿਸਤੀਆਂ ਕੋਲ ਲੈ ਗਏ। (ਨਿਆ. 15:9-13) ਪਰ “ਯਹੋਵਾਹ ਦੀ ਸ਼ਕਤੀ ਨੇ [ਸਮਸੂਨ] ਨੂੰ ਜ਼ੋਰ ਬਖ਼ਸ਼ਿਆ” ਅਤੇ ਉਸ ਨੇ ਆਪਣੇ ਆਪ ਨੂੰ ਰੱਸੀਆਂ ਤੋਂ ਛੁਡਾ ਲਿਆ। “ਫਿਰ ਉਸ ਨੂੰ ਗਧੇ [ਦੇ ਜਬਾੜ੍ਹੇ] ਦੀ ਇਕ ਤਾਜ਼ੀ ਹੱਡੀ ਲੱਭੀ” ਅਤੇ ਉਸ ਨੇ ਹੱਥ ਵਧਾ ਕੇ ਇਸ ਨੂੰ ਚੁੱਕਿਆ ਤੇ ਇਸ ਨਾਲ 1,000 ਫਲਿਸਤੀ ਆਦਮੀਆਂ ਨੂੰ ਮਾਰ ਸੁੱਟਿਆ।—ਨਿਆਈਆਂ 15:14-16 ਪੜ੍ਹੋ।
5. ਸਮਸੂਨ ਨੇ ਗਧੇ ਦੇ ਜਬਾੜ੍ਹੇ ਦੀ ਹੱਡੀ ਵਰਤ ਕੇ ਕਿਵੇਂ ਦਿਖਾਇਆ ਕਿ ਉਸ ਨੂੰ ਯਹੋਵਾਹ ʼਤੇ ਭਰੋਸਾ ਸੀ?
5 ਸਮਸੂਨ ਨੇ ਗਧੇ ਦੇ ਜਬਾੜ੍ਹੇ ਦੀ ਹੱਡੀ ਕਿਉਂ ਵਰਤੀ? ਆਮ ਤੌਰ ਤੇ ਇਸ ਨੂੰ ਹਥਿਆਰ ਵਜੋਂ ਨਹੀਂ ਵਰਤਿਆ ਜਾਂਦਾ ਸੀ। ਪਰ ਸਮਸੂਨ ਨੇ ਇਸ ਨੂੰ ਕਿਉਂ ਵਰਤਿਆ? ਕਿਉਂਕਿ ਸਮਸੂਨ ਜਾਣਦਾ ਸੀ ਕਿ ਫਲਿਸਤੀਆਂ ʼਤੇ ਉਸ ਦੀ ਜਿੱਤ ਕਿਸੇ ਹਥਿਆਰ ʼਤੇ ਨਹੀਂ, ਸਗੋਂ ਯਹੋਵਾਹ ʼਤੇ ਨਿਰਭਰ ਕਰਦੀ ਹੈ। ਜੀ ਹਾਂ, ਇਸ ਵਫ਼ਾਦਾਰ ਆਦਮੀ ਨੇ ਯਹੋਵਾਹ ਦੀ ਇੱਛਾ ਪੂਰੀ ਕਰਨ ਲਈ ਉਹ ਚੀਜ਼ ਵਰਤੀ ਜੋ ਉਸ ਸਮੇਂ ਉਸ ਕੋਲ ਉਪਲਬਧ ਸੀ। ਯਹੋਵਾਹ ʼਤੇ ਭਰੋਸਾ ਕਰਨ ਕਰਕੇ ਸਮਸੂਨ ਨੇ ਸ਼ਾਨਦਾਰ ਜਿੱਤ ਹਾਸਲ ਕੀਤੀ!
6. ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਬਾਰੇ ਅਸੀਂ ਸਮਸੂਨ ਤੋਂ ਕੀ ਸਿੱਖ ਸਕਦੇ ਹਾਂ?
6 ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਲਈ ਯਹੋਵਾਹ ਸਾਨੂੰ ਵੀ ਤਾਕਤ ਦੇ ਸਕਦਾ ਹੈ, ਫਿਰ ਭਾਵੇਂ ਉਹ ਜ਼ਿੰਮੇਵਾਰੀਆਂ ਸਾਨੂੰ ਕਿੰਨੀਆਂ ਹੀ ਔਖੀਆਂ ਕਿਉਂ ਨਾ ਲੱਗਣ। ਪਰਮੇਸ਼ੁਰ ਸਾਡੀ ਉਸ ਤਰੀਕੇ ਨਾਲ ਮਦਦ ਕਰ ਸਕਦਾ ਹੈ ਜਿੱਦਾਂ ਅਸੀਂ ਸੋਚਿਆ ਵੀ ਨਾ ਹੋਵੇ। ਯਹੋਵਾਹ ਨੇ ਸਮਸੂਨ ਨੂੰ ਤਾਕਤਵਰ ਬਣਾਇਆ ਸੀ। ਜੇ ਤੁਸੀਂ ਮਦਦ ਲਈ ਯਹੋਵਾਹ ʼਤੇ ਭਰੋਸਾ ਕਰੋਗੇ, ਤਾਂ ਯਕੀਨ ਰੱਖੋ ਕਿ ਜਿਸ ਪਰਮੇਸ਼ੁਰ ਨੇ ਸਮਸੂਨ ਨੂੰ ਤਾਕਤ ਦਿੱਤੀ, ਉਹ ਤੁਹਾਨੂੰ ਵੀ ਤਾਕਤ ਬਖ਼ਸ਼ੇਗਾ ਤਾਂਕਿ ਤੁਸੀਂ ਉਸ ਦੀ ਇੱਛਾ ਪੂਰੀ ਕਰ ਸਕੋ।—ਕਹਾ. 16:3.
7. ਕਿਹੜੀ ਉਦਾਹਰਣ ਤੋਂ ਪਤਾ ਲੱਗਦਾ ਹੈ ਕਿ ਸਾਡੇ ਲਈ ਯਹੋਵਾਹ ਤੋਂ ਸੇਧ ਲੈਣੀ ਬਹੁਤ ਜ਼ਰੂਰੀ ਹੈ?
7 ਸਾਡੇ ਬਹੁਤ ਸਾਰੇ ਭੈਣਾਂ-ਭਰਾਵਾਂ ਨੇ ਯਹੋਵਾਹ ʼਤੇ ਭਰੋਸਾ ਦਿਖਾਇਆ ਹੈ ਜੋ ਭਗਤੀ ਨਾਲ ਜੁੜੀਆਂ ਇਮਾਰਤਾਂ ਦੀ ਉਸਾਰੀ ਕਰਨ ਵਿਚ ਹੱਥ ਵਟਾਉਂਦੇ ਹਨ। ਬੀਤੇ ਸਮੇਂ ਵਿਚ ਅਕਸਰ ਭਰਾ ਨਵੇਂ ਕਿੰਗਡਮ ਹਾਲਾਂ ਅਤੇ ਹੋਰ ਇਮਾਰਤਾਂ ਦੇ ਨਕਸ਼ੇ ਤਿਆਰ ਕਰਦੇ ਸਨ ਅਤੇ ਉਨ੍ਹਾਂ ਦੀ ਉਸਾਰੀ ਕਰਦੇ ਸਨ। ਪਰ ਸਮੇਂ ਦੇ ਬੀਤਣ ਨਾਲ ਯਹੋਵਾਹ ਦੇ ਸੰਗਠਨ ਵਿਚ ਵਾਧਾ ਹੋਣ ਲੱਗਾ। ਇਸ ਕਰਕੇ ਉਸਾਰੀ ਦੇ ਕੰਮਾਂ ਵਿਚ ਅਗਵਾਈ ਲੈਣ ਵਾਲੇ ਭਰਾਵਾਂ ਨੂੰ ਲੱਗਾ ਕਿ ਉਨ੍ਹਾਂ ਨੂੰ ਇਸ ਵਿਚ ਕੁਝ ਫੇਰ-ਬਦਲ ਕਰਨ ਦੀ ਲੋੜ ਹੈ। ਉਨ੍ਹਾਂ ਨੇ ਪ੍ਰਾਰਥਨਾ ਵਿਚ ਯਹੋਵਾਹ ਤੋਂ ਸੇਧ ਮੰਗੀ ਅਤੇ ਕੁਝ ਨਵੇਂ ਤਰੀਕੇ ਅਪਣਾਏ, ਜਿਵੇਂ ਕਿ ਇਮਾਰਤਾਂ ਖ਼ਰੀਦਣੀਆਂ ਅਤੇ ਉਨ੍ਹਾਂ ਦੀ ਮੁਰੰਮਤ ਕਰਨੀ। ਭਰਾ ਰੌਬਰਟ ਨੇ ਹਾਲ ਹੀ ਦੇ ਸਾਲਾਂ ਵਿਚ ਭਗਤੀ ਨਾਲ ਜੁੜੀਆਂ ਇਮਾਰਤਾਂ ਦੀ ਉਸਾਰੀ ਦੇ ਕੰਮਾਂ ਵਿਚ ਹੱਥ ਵਟਾਇਆ ਹੈ। ਉਹ ਦੱਸਦਾ ਹੈ: “ਸ਼ੁਰੂ-ਸ਼ੁਰੂ ਵਿਚ ਕੁਝ ਭੈਣਾਂ-ਭਰਾਵਾਂ ਨੂੰ ਕੰਮ ਕਰਨ ਦਾ ਇਹ ਨਵਾਂ ਤਰੀਕਾ ਪਸੰਦ ਨਹੀਂ ਆਇਆ। ਅਸੀਂ ਸਾਲਾਂ ਤਕ ਜਿਸ ਤਰੀਕੇ ਨਾਲ ਕੰਮ ਕਰਦੇ ਆਏ ਸੀ, ਇਹ ਉਸ ਨਾਲੋਂ ਬਿਲਕੁਲ ਵੱਖਰਾ ਸੀ। ਪਰ ਭਰਾ ਫੇਰ-ਬਦਲ ਕਰਨ ਲਈ ਤਿਆਰ ਸਨ ਅਤੇ ਹੁਣ ਅਸੀਂ ਇਹ ਗੱਲ ਸਾਫ਼ ਦੇਖ ਸਕਦੇ ਸੀ ਕਿ ਯਹੋਵਾਹ ਸਾਡੇ ਕੰਮਾਂ ʼਤੇ ਬਰਕਤ ਪਾ ਰਿਹਾ ਹੈ।” ਇਹ ਤਾਂ ਬੱਸ ਇਕ ਹੀ ਉਦਾਹਰਣ ਹੈ ਕਿ ਯਹੋਵਾਹ ਆਪਣੇ ਲੋਕਾਂ ਨੂੰ ਉਸ ਦੀ ਇੱਛਾ ਪੂਰੀ ਕਰਨ ਲਈ ਕਿਵੇਂ ਸੇਧ ਦਿੰਦਾ ਹੈ। ਸਾਨੂੰ ਸਾਰਿਆਂ ਨੂੰ ਸਮੇਂ-ਸਮੇਂ ʼਤੇ ਆਪਣੇ ਆਪ ਤੋਂ ਪੁੱਛਣਾ ਚਾਹੀਦਾ ਹੈ, ‘ਕੀ ਮੈਂ ਯਹੋਵਾਹ ਤੋਂ ਸੇਧ ਲੈ ਰਿਹਾ ਹਾਂ ਅਤੇ ਉਸ ਦੀ ਸੇਵਾ ਕਰਨ ਦੇ ਤਰੀਕਿਆਂ ਵਿਚ ਫੇਰ-ਬਦਲ ਕਰਨ ਲਈ ਤਿਆਰ ਰਹਿੰਦਾ ਹਾਂ?’
ਸਮਸੂਨ ਨੇ ਯਹੋਵਾਹ ਦੇ ਪ੍ਰਬੰਧਾਂ ਤੋਂ ਫ਼ਾਇਦਾ ਲਿਆ
8. ਇਕ ਮੌਕੇ ʼਤੇ ਜਦੋਂ ਸਮਸੂਨ ਨੂੰ ਬਹੁਤ ਜ਼ਿਆਦਾ ਪਿਆਸ ਲੱਗੀ, ਤਾਂ ਉਸ ਨੇ ਕੀ ਕੀਤਾ?
8 ਸ਼ਾਇਦ ਤੁਸੀਂ ਸਮਸੂਨ ਦੇ ਸ਼ਾਨਦਾਰ ਕੰਮਾਂ ਬਾਰੇ ਹੋਰ ਵੀ ਕਈ ਬਿਰਤਾਂਤ ਪੜ੍ਹੇ ਹੋਣੇ। ਉਦਾਹਰਣ ਲਈ, ਇਕ ਵਾਰ ਸਮਸੂਨ ਇਕੱਲਿਆਂ ਹੀ ਇਕ ਸ਼ੇਰ ਨਾਲ ਲੜਿਆ ਅਤੇ ਉਸ ਨੂੰ ਮਾਰ ਮੁਕਾਇਆ। ਫਿਰ ਇਕ ਹੋਰ ਮੌਕੇ ʼਤੇ ਉਸ ਨੇ ਇਕੱਲਿਆਂ ਹੀ ਫਲਿਸਤੀਆਂ ਦੇ ਸ਼ਹਿਰ ਅਸ਼ਕਲੋਨ ਵਿਚ 30 ਆਦਮੀਆਂ ਨੂੰ ਮਾਰ ਸੁੱਟਿਆ। (ਨਿਆ. 14:5, 6, 19) ਸਮਸੂਨ ਜਾਣਦਾ ਸੀ ਕਿ ਉਹ ਯਹੋਵਾਹ ਦੀ ਮਦਦ ਤੋਂ ਬਿਨਾਂ ਇਹ ਸਭ ਕੁਝ ਨਹੀਂ ਕਰ ਸਕਦਾ ਸੀ। ਅਸੀਂ ਇਹ ਕਿਉਂ ਕਹਿ ਸਕਦੇ ਹਾਂ? ਜ਼ਰਾ ਧਿਆਨ ਦਿਓ ਕਿ 1,000 ਫਲਿਸਤੀਆਂ ਨੂੰ ਮਾਰਨ ਤੋਂ ਬਾਅਦ ਜਦੋਂ ਸਮਸੂਨ ਨੂੰ ਬਹੁਤ ਜ਼ਿਆਦਾ ਪਿਆਸ ਲੱਗੀ, ਤਾਂ ਉਸ ਨੇ ਕੀ ਕੀਤਾ। ਉਸ ਨੇ ਖ਼ੁਦ ਇੱਧਰ-ਉੱਧਰ ਜਾ ਕੇ ਪਾਣੀ ਲੱਭਣ ਦੀ ਬਜਾਇ ਯਹੋਵਾਹ ਨੂੰ ਮਦਦ ਲਈ ਪੁਕਾਰਿਆ।—ਨਿਆ. 15:18.
9. ਯਹੋਵਾਹ ਨੇ ਸਮਸੂਨ ਦੀ ਪੁਕਾਰ ਕਿਵੇਂ ਸੁਣੀ? (ਨਿਆਈਆਂ 15:19 ਅਤੇ ਫੁਟਨੋਟ)
9 ਯਹੋਵਾਹ ਨੇ ਸਮਸੂਨ ਦੀ ਪੁਕਾਰ ਸੁਣੀ ਅਤੇ ਚਮਤਕਾਰੀ ਢੰਗ ਨਾਲ ਪਾਣੀ ਦਾ ਇਕ ਚਸ਼ਮਾ ਬਣਾਇਆ। ਜਦੋਂ ਸਮਸੂਨ ਨੇ ਉੱਥੋਂ ਪਾਣੀ ਪੀਤਾ, ਤਾਂ “ਉਸ ਵਿਚ ਤਾਕਤ ਆਈ ਤੇ ਉਹ ਤਰੋ-ਤਾਜ਼ਾ ਹੋ ਗਿਆ।” (ਨਿਆਈਆਂ 15:19 ਅਤੇ ਫੁਟਨੋਟ ਪੜ੍ਹੋ।) ਇੱਦਾਂ ਲੱਗਦਾ ਹੈ ਕਿ ਸਾਲਾਂ ਬਾਅਦ ਜਦੋਂ ਸਮੂਏਲ ਨਬੀ ਨੇ ਪਰਮੇਸ਼ੁਰ ਦੀ ਪ੍ਰੇਰਣਾ ਨਾਲ ਨਿਆਈਆਂ ਦੀ ਕਿਤਾਬ ਲਿਖੀ, ਤਾਂ ਉਸ ਵੇਲੇ ਵੀ ਪਾਣੀ ਦਾ ਇਹ ਨਵਾਂ ਚਸ਼ਮਾ ਉਸ ਜਗ੍ਹਾ ਸੀ। ਜਿਹੜੇ ਇਜ਼ਰਾਈਲੀ ਇਸ ਦੇ ਵਗਦੇ ਪਾਣੀ ਨੂੰ ਦੇਖਦੇ ਹੋਣੇ ਸ਼ਾਇਦ ਉਨ੍ਹਾਂ ਨੂੰ ਯਾਦ ਆਉਂਦਾ ਹੋਣਾ ਕਿ ਜਦੋਂ ਯਹੋਵਾਹ ਦੇ ਵਫ਼ਾਦਾਰ ਸੇਵਕ ਲੋੜ ਵੇਲੇ ਉਸ ʼਤੇ ਭਰੋਸਾ ਰੱਖਦੇ ਹਨ ਅਤੇ ਮਦਦ ਲਈ ਉਸ ਨੂੰ ਪੁਕਾਰਦੇ ਹਨ, ਤਾਂ ਉਹ ਉਨ੍ਹਾਂ ਦੀ ਸੁਣਦਾ ਹੈ।
10. ਯਹੋਵਾਹ ਤੋਂ ਮਦਦ ਲੈਣ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ? (ਤਸਵੀਰ ਵੀ ਦੇਖੋ।)
10 ਅੱਜ ਸਾਨੂੰ ਵੀ ਮਦਦ ਲਈ ਯਹੋਵਾਹ ʼਤੇ ਭਰੋਸਾ ਰੱਖਣ ਦੀ ਲੋੜ ਹੈ। ਹੋ ਸਕਦਾ ਹੈ ਕਿ ਸਾਡੇ ਵਿਚ ਕਈ ਹੁਨਰ ਜਾਂ ਕਾਬਲੀਅਤਾਂ ਹੋਣ। ਜਾਂ ਅਸੀਂ ਯਹੋਵਾਹ ਦੀ ਸੇਵਾ ਵਿਚ ਬਹੁਤ ਕੁਝ ਕੀਤਾ ਹੋਵੇ। ਪਰ ਆਪਣੇ ਆਪ ʼਤੇ ਭਰੋਸਾ ਕਰਨ ਦੀ ਬਜਾਇ ਸਾਨੂੰ ਯਹੋਵਾਹ ʼਤੇ ਭਰੋਸਾ ਰੱਖਣਾ ਚਾਹੀਦਾ ਹੈ। ਸਾਨੂੰ ਨਿਮਰਤਾ ਨਾਲ ਇਹ ਸੱਚਾਈ ਕਬੂਲ ਕਰਨੀ ਚਾਹੀਦੀ ਹੈ ਕਿ ਸਿਰਫ਼ ਯਹੋਵਾਹ ʼਤੇ ਭਰੋਸਾ ਰੱਖਣ ਨਾਲ ਹੀ ਅਸੀਂ ਉਸ ਵੱਲੋਂ ਦਿੱਤੀਆਂ ਜ਼ਿੰਮੇਵਾਰੀਆਂ ਪੂਰੀਆਂ ਕਰ ਸਕਦੇ ਹਾਂ। ਸਮਸੂਨ ਨੂੰ ਉਦੋਂ ਤਾਕਤ ਮਿਲੀ ਜਦੋਂ ਉਸ ਨੇ ਯਹੋਵਾਹ ਵੱਲੋਂ ਦਿੱਤਾ ਪਾਣੀ ਪੀਤਾ। ਸਮਸੂਨ ਵਾਂਗ ਜੇ ਅਸੀਂ ਵੀ ਯਹੋਵਾਹ ਵੱਲੋਂ ਕੀਤੇ ਸਾਰੇ ਪ੍ਰਬੰਧਾਂ ਦਾ ਪੂਰਾ ਫ਼ਾਇਦਾ ਲਵਾਂਗੇ, ਤਾਂ ਸਾਨੂੰ ਵੀ ਯਹੋਵਾਹ ਦੀ ਸੇਵਾ ਕਰਦੇ ਰਹਿਣ ਲਈ ਹਿੰਮਤ ਤੇ ਤਾਕਤ ਮਿਲੇਗੀ।—ਮੱਤੀ 11:28.
11. ਅਸੀਂ ਯਹੋਵਾਹ ਦੀ ਮਦਦ ਤੋਂ ਪੂਰੀ ਤਰ੍ਹਾਂ ਫ਼ਾਇਦਾ ਕਿਵੇਂ ਲੈ ਸਕਦੇ ਹਾਂ? ਸਮਝਾਓ।
11 ਜ਼ਰਾ ਰੂਸ ਵਿਚ ਰਹਿਣ ਵਾਲੇ ਸਾਡੇ ਇਕ ਭਰਾ ਅਲੈਕਸੀ ਦੀ ਮਿਸਾਲ ʼਤੇ ਗੌਰ ਕਰੋ ਜੋ ਸਖ਼ਤ ਅਜ਼ਮਾਇਸ਼ ਸਹਿ ਰਿਹਾ ਹੈ। ਇਸ ਅਜ਼ਮਾਇਸ਼ ਦੌਰਾਨ ਕਿਹੜੀ ਗੱਲ ਨੇ ਮਜ਼ਬੂਤ ਰਹਿਣ ਵਿਚ ਉਸ ਦੀ ਮਦਦ ਕੀਤੀ? ਉਹ ਤੇ ਉਸ ਦੀ ਪਤਨੀ ਬਾਕਾਇਦਾ ਬਾਈਬਲ ਦਾ ਅਧਿਐਨ ਅਤੇ ਭਗਤੀ ਨਾਲ ਜੁੜੇ ਹੋਰ ਕੰਮ ਕਰਦੇ ਹਨ। ਉਹ ਕਹਿੰਦਾ ਹੈ: “ਮੈਂ ਨਿੱਜੀ ਤੌਰ ਤੇ ਬਾਈਬਲ ਦਾ ਅਧਿਐਨ ਕਰਦੇ ਰਹਿਣ ਅਤੇ ਹਰ ਰੋਜ਼ ਬਾਈਬਲ ਪੜ੍ਹਦੇ ਰਹਿਣ ਦੀ ਪੂਰੀ ਕੋਸ਼ਿਸ਼ ਕਰਦਾ ਹਾਂ। ਮੈਂ ਤੇ ਮੇਰੀ ਪਤਨੀ ਹਰ ਸਵੇਰ ਬਾਈਬਲ ਦੇ ਹਵਾਲੇ ʼਤੇ ਚਰਚਾ ਕਰਦੇ ਹਾਂ ਅਤੇ ਇਕੱਠੇ ਯਹੋਵਾਹ ਨੂੰ ਪ੍ਰਾਰਥਨਾ ਕਰਦੇ ਹਾਂ।” ਇਸ ਤੋਂ ਅਸੀਂ ਕੀ ਸਿੱਖ ਸਕਦੇ ਹਾਂ? ਆਪਣੇ ਆਪ ʼਤੇ ਭਰੋਸਾ ਕਰਨ ਦੀ ਬਜਾਇ ਸਾਨੂੰ ਯਹੋਵਾਹ ʼਤੇ ਭਰੋਸਾ ਕਰਨਾ ਚਾਹੀਦਾ ਹੈ। ਅਸੀਂ ਇਹ ਕਿਵੇਂ ਕਰ ਸਕਦੇ ਹਾਂ? ਬਾਕਾਇਦਾ ਉਹ ਕੰਮ ਕਰ ਕੇ ਜਿਨ੍ਹਾਂ ਨਾਲ ਸਾਡੀ ਨਿਹਚਾ ਮਜ਼ਬੂਤ ਹੁੰਦੀ ਹੈ, ਜਿਵੇਂ ਕਿ ਬਾਈਬਲ ਪੜ੍ਹਨੀ, ਪ੍ਰਾਰਥਨਾ ਕਰਨੀ, ਮੀਟਿੰਗਾਂ ʼਤੇ ਜਾਣਾ ਅਤੇ ਪ੍ਰਚਾਰ ਕਰਨਾ। ਨਤੀਜੇ ਵਜੋਂ, ਯਹੋਵਾਹ ਸਾਡੀ ਉਸ ਮਿਹਨਤ ʼਤੇ ਬਰਕਤ ਪਾਵੇਗਾ ਜੋ ਅਸੀਂ ਉਸ ਦੀ ਸੇਵਾ ਕਰਨ ਲਈ ਕਰਦੇ ਹਾਂ। ਨਾਲੇ ਯਹੋਵਾਹ ਸਮਸੂਨ ਵਾਂਗ ਸਾਨੂੰ ਵੀ ਹਿੰਮਤ ਤੇ ਤਾਕਤ ਦੇ ਸਕਦਾ ਹੈ।
ਸਮਸੂਨ ਨੇ ਹਾਰ ਨਹੀਂ ਮੰਨੀ
12. (ੳ) ਸਮਸੂਨ ਨੇ ਕਿਹੜਾ ਗ਼ਲਤ ਫ਼ੈਸਲਾ ਕੀਤਾ? (ਅ) ਇਹ ਫ਼ੈਸਲਾ ਦਲੀਲਾਹ ਦੇ ਮਾਮਲੇ ਵਿਚ ਕਿਉਂ ਵੱਖਰਾ ਹੋਣਾ ਸੀ?
12 ਸਮਸੂਨ ਵੀ ਸਾਡੇ ਵਾਂਗ ਨਾਮੁਕੰਮਲ ਸੀ। ਇਸ ਕਰਕੇ ਕਦੀ-ਕਦੀ ਉਸ ਨੇ ਵੀ ਗ਼ਲਤ ਫ਼ੈਸਲੇ ਕੀਤੇ। ਖ਼ਾਸ ਕਰਕੇ ਉਸ ਦੇ ਇਕ ਫ਼ੈਸਲੇ ਕਰਕੇ ਉਸ ਨੂੰ ਬਹੁਤ ਹੀ ਬੁਰੇ ਅੰਜਾਮ ਭੁਗਤਣੇ ਪਏ। ਨਿਆਂਕਾਰ ਵਜੋਂ ਸੇਵਾ ਕਰਨ ਤੋਂ ਕੁਝ ਸਮੇਂ ਬਾਅਦ “ਉਸ ਨੂੰ ਸੋਰੇਕ ਘਾਟੀ ਵਿਚ ਰਹਿੰਦੀ ਇਕ ਔਰਤ ਦਲੀਲਾਹ ਨਾਲ ਪਿਆਰ ਹੋ ਗਿਆ।” (ਨਿਆ. 16:4) ਇਸ ਤੋਂ ਪਹਿਲਾਂ ਸਮਸੂਨ ਇਕ ਫਲਿਸਤੀ ਕੁੜੀ ਨਾਲ ਵਿਆਹ ਕਰਾਉਣਾ ਚਾਹੁੰਦਾ ਸੀ। ਪਰ ਉਸ ਪਿੱਛੇ ਯਹੋਵਾਹ ਦਾ ਹੱਥ ਸੀ “ਜੋ ਫਲਿਸਤੀਆਂ ਨਾਲ ਲੜਨ ਦਾ ਮੌਕਾ ਭਾਲ ਰਿਹਾ ਸੀ।” ਫਿਰ ਇਕ ਵਾਰ ਸਮਸੂਨ ਫਲਿਸਤੀਆਂ ਦੇ ਸ਼ਹਿਰ ਗਾਜ਼ਾ ਵਿਚ ਇਕ ਵੇਸਵਾ ਦੇ ਘਰ ਰਿਹਾ। ਇਸ ਮੌਕੇ ʼਤੇ ਪਰਮੇਸ਼ੁਰ ਨੇ ਸਮਸੂਨ ਨੂੰ ਇੰਨੀ ਤਾਕਤ ਦਿੱਤੀ ਕਿ ਉਸ ਨੇ ਸ਼ਹਿਰ ਦੇ ਦਰਵਾਜ਼ੇ ਨੂੰ ਉਖਾੜ ਦਿੱਤਾ ਜਿਸ ਕਰਕੇ ਸ਼ਹਿਰ ਦੀ ਸੁਰੱਖਿਆ ਖ਼ਤਰੇ ਵਿਚ ਪੈ ਗਈ। (ਨਿਆ. 14:1-4; 16:1-3) ਪਰ ਸ਼ਾਇਦ ਦਲੀਲਾਹ ਦਾ ਮਾਮਲਾ ਅਲੱਗ ਸੀ ਕਿਉਂਕਿ ਲੱਗਦਾ ਹੈ ਕਿ ਉਹ ਇਕ ਇਜ਼ਰਾਈਲੀ ਔਰਤ ਸੀ।
13. ਦਲੀਲਾਹ ਨੇ ਸਮਸੂਨ ਨੂੰ ਮੁਸੀਬਤ ਵਿਚ ਕਿਵੇਂ ਪਾ ਦਿੱਤਾ?
13 ਦਲੀਲਾਹ ਨੇ ਸਮਸੂਨ ਨੂੰ ਧੋਖਾ ਦੇਣ ਲਈ ਫਲਿਸਤੀਆਂ ਤੋਂ ਬਹੁਤ ਸਾਰੇ ਪੈਸੇ ਲਏ। ਕੀ ਸਮਸੂਨ ਦਲੀਲਾਹ ਦੇ ਪਿਆਰ ਵਿਚ ਇੰਨਾ ਅੰਨ੍ਹਾ ਹੋ ਗਿਆ ਸੀ ਕਿ ਉਹ ਦਲੀਲਾਹ ਦੀਆਂ ਚਾਲਾਂ ਨੂੰ ਸਮਝ ਹੀ ਨਹੀਂ ਸਕਿਆ? ਚਾਹੇ ਜੋ ਵੀ ਸੀ, ਦਲੀਲਾਹ ਜ਼ੋਰ ਪਾ-ਪਾ ਕੇ ਉਸ ਨੂੰ ਪੁੱਛਦੀ ਰਹੀ ਕਿ ਉਸ ਵਿਚ ਇੰਨੀ ਤਾਕਤ ਕਿਉਂ ਹੈ। ਅਖ਼ੀਰ, ਸਮਸੂਨ ਨੇ ਉਸ ਨੂੰ ਆਪਣੀ ਤਾਕਤ ਦਾ ਰਾਜ਼ ਦੱਸ ਹੀ ਦਿੱਤਾ। ਅਫ਼ਸੋਸ ਦੀ ਗੱਲ ਹੈ ਕਿ ਸਮਸੂਨ ਆਪਣੀ ਇਸ ਗ਼ਲਤੀ ਕਰਕੇ ਥੋੜ੍ਹੇ ਸਮੇਂ ਲਈ ਯਹੋਵਾਹ ਦੀ ਮਨਜ਼ੂਰੀ ਅਤੇ ਆਪਣੀ ਤਾਕਤ ਗੁਆ ਬੈਠਾ।—ਨਿਆ. 16:16-20.
14. ਦਲੀਲਾਹ ʼਤੇ ਭਰੋਸਾ ਕਰਨ ਕਰਕੇ ਸਮਸੂਨ ਨੂੰ ਕਿਹੜੇ ਨਤੀਜੇ ਭੁਗਤਣੇ ਪਏ?
14 ਯਹੋਵਾਹ ʼਤੇ ਭਰੋਸਾ ਕਰਨ ਦੀ ਬਜਾਇ ਸਮਸੂਨ ਨੇ ਦਲੀਲਾਹ ʼਤੇ ਭਰੋਸਾ ਕੀਤਾ। ਇਸ ਕਰਕੇ ਉਸ ਨੂੰ ਬਹੁਤ ਹੀ ਦੁਖਦਾਈ ਨਤੀਜੇ ਭੁਗਤਣੇ ਪਏ। ਫਲਿਸਤੀਆਂ ਨੇ ਸਮਸੂਨ ਨੂੰ ਫੜ ਲਿਆ ਤੇ ਉਸ ਨੂੰ ਅੰਨ੍ਹਾ ਕਰ ਦਿੱਤਾ। ਉਸ ਨੂੰ ਗਾਜ਼ਾ ਵਿਚ ਕੈਦ ਕਰ ਲਿਆ ਗਿਆ ਅਤੇ ਉੱਥੇ ਉਹ ਇਕ ਗ਼ੁਲਾਮ ਵਜੋਂ ਅਨਾਜ ਪੀਂਹਦਾ ਸੀ। ਇਹ ਉਹੀ ਸ਼ਹਿਰ ਸੀ ਜਿਸ ਦੇ ਦਰਵਾਜ਼ੇ ਉਖਾੜ ਕੇ ਉਸ ਨੇ ਉੱਥੇ ਦੇ ਲੋਕਾਂ ਦੀ ਬੇਇੱਜ਼ਤੀ ਕੀਤੀ ਸੀ। ਹੁਣ ਇਸੇ ਜਗ੍ਹਾ ਫਲਿਸਤੀ ਜਸ਼ਨ ਮਨਾਉਣ ਲਈ ਇਕੱਠੇ ਹੋਏ ਅਤੇ ਉਨ੍ਹਾਂ ਨੇ ਸਮਸੂਨ ਦਾ ਮਜ਼ਾਕ ਉਡਾਇਆ। ਉਨ੍ਹਾਂ ਨੇ ਆਪਣੇ ਝੂਠੇ ਦੇਵਤੇ ਦਾਗੋਨ ਅੱਗੇ ਬਹੁਤ ਸਾਰੀਆਂ ਬਲ਼ੀਆਂ ਚੜ੍ਹਾਈਆਂ ਕਿਉਂਕਿ ਉਹ ਮੰਨਦੇ ਸਨ ਕਿ ਉਸ ਨੇ ਹੀ ਸਮਸੂਨ ਨੂੰ ਉਨ੍ਹਾਂ ਦੇ ਹੱਥਾਂ ਵਿਚ ਦਿੱਤਾ ਸੀ। ਫਿਰ ਉਹ ਸਮਸੂਨ ਨੂੰ ਜੇਲ੍ਹ ਤੋਂ ਜਸ਼ਨ ਵਾਲੀ ਥਾਂ ਲੈ ਕੇ ਆਏ ਤਾਂਕਿ ਉਹ ਉਨ੍ਹਾਂ ਦਾ “ਦਿਲ ਬਹਿਲਾਵੇ” ਯਾਨੀ ਉਹ ਸਮਸੂਨ ਦਾ ਮਜ਼ਾਕ ਉਡਾ ਸਕਣ।—ਨਿਆ. 16:21-25.
15. ਸਮਸੂਨ ਨੇ ਕਿਵੇਂ ਦਿਖਾਇਆ ਕਿ ਉਸ ਨੇ ਦੁਬਾਰਾ ਤੋਂ ਯਹੋਵਾਹ ʼਤੇ ਭਰੋਸਾ ਕੀਤਾ? (ਨਿਆਈਆਂ 16:28-30) (ਮੁੱਖ ਸਫ਼ੇ ʼਤੇ ਦਿੱਤੀ ਤਸਵੀਰ ਦੇਖੋ।)
15 ਸਮਸੂਨ ਨੇ ਇਕ ਗੰਭੀਰ ਗ਼ਲਤੀ ਕੀਤੀ, ਪਰ ਉਸ ਨੇ ਹਾਰ ਨਹੀਂ ਮੰਨੀ। ਉਸ ਨੇ ਫਲਿਸਤੀਆਂ ਖ਼ਿਲਾਫ਼ ਪਰਮੇਸ਼ੁਰ ਵੱਲੋਂ ਮਿਲੀ ਜ਼ਿੰਮੇਵਾਰੀ ਨੂੰ ਪੂਰਾ ਕਰਨ ਲਈ ਮੌਕਾ ਲੱਭਿਆ। (ਨਿਆਈਆਂ 16:28-30 ਪੜ੍ਹੋ।) ਸਮਸੂਨ ਨੇ ਯਹੋਵਾਹ ਅੱਗੇ ਤਰਲੇ ਕਰਦਿਆਂ ਕਿਹਾ: ‘ਮੈਨੂੰ ਫਲਿਸਤੀਆਂ ਤੋਂ ਬਦਲਾ ਲੈ ਲੈਣ ਦੇ।’ ਸੱਚੇ ਪਰਮੇਸ਼ੁਰ ਨੇ ਸਮਸੂਨ ਦੀ ਫ਼ਰਿਆਦ ਸੁਣੀ ਅਤੇ ਉਸ ਨੂੰ ਦੁਬਾਰਾ ਤੋਂ ਖ਼ਾਸ ਤਾਕਤ ਦਿੱਤੀ। ਨਤੀਜੇ ਵਜੋਂ, ਇਸ ਮੌਕੇ ʼਤੇ ਸਮਸੂਨ ਨੇ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਫਲਿਸਤੀਆਂ ਨੂੰ ਮਾਰ ਮੁਕਾਇਆ।
16. ਅਸੀਂ ਸਮਸੂਨ ਦੀ ਗ਼ਲਤੀ ਤੋਂ ਕੀ ਸਿੱਖ ਸਕਦੇ ਹਾਂ?
16 ਭਾਵੇਂ ਕਿ ਸਮਸੂਨ ਨੂੰ ਆਪਣੀ ਗ਼ਲਤੀ ਦੇ ਦੁਖਦਾਈ ਨਤੀਜੇ ਭੁਗਤਣੇ ਪਏ, ਫਿਰ ਵੀ ਉਸ ਨੇ ਯਹੋਵਾਹ ਦੀ ਇੱਛਾ ਪੂਰੀ ਕਰਨੀ ਨਹੀਂ ਛੱਡੀ। ਜੇ ਸਾਡੇ ਤੋਂ ਵੀ ਕੋਈ ਗ਼ਲਤੀ ਹੋ ਜਾਂਦੀ ਹੈ ਅਤੇ ਸਾਨੂੰ ਤਾੜਨਾ ਦਿੱਤੀ ਜਾਂਦੀ ਹੈ ਜਾਂ ਸਾਡੇ ਤੋਂ ਕੋਈ ਜ਼ਿੰਮੇਵਾਰੀ ਲੈ ਲਈ ਜਾਂਦੀ ਹੈ, ਤਾਂ ਵੀ ਸਾਨੂੰ ਯਹੋਵਾਹ ਦੀ ਸੇਵਾ ਵਿਚ ਲੱਗੇ ਰਹਿਣਾ ਚਾਹੀਦਾ ਹੈ। ਯਾਦ ਰੱਖੋ ਕਿ ਯਹੋਵਾਹ ਸਾਨੂੰ ਮਾਫ਼ ਕਰਨ ਲਈ ਤਿਆਰ ਰਹਿੰਦਾ ਹੈ। (ਜ਼ਬੂ. 103:8-10) ਸਾਡੀਆਂ ਗ਼ਲਤੀਆਂ ਦੇ ਬਾਵਜੂਦ ਯਹੋਵਾਹ ਸਮਸੂਨ ਵਾਂਗ ਸਾਨੂੰ ਵੀ ਉਸ ਦੀ ਇੱਛਾ ਪੂਰੀ ਕਰਨ ਲਈ ਤਾਕਤ ਦੇ ਸਕਦਾ ਹੈ।
17-18. ਤੁਹਾਨੂੰ ਮਾਈਕਲ ਦੇ ਤਜਰਬੇ ਦੀ ਕਿਹੜੀ ਗੱਲ ਚੰਗੀ ਲੱਗੀ? (ਤਸਵੀਰ ਵੀ ਦੇਖੋ।)
17 ਜ਼ਰਾ ਇਕ ਨੌਜਵਾਨ ਭਰਾ ਮਾਈਕਲ ਦੀ ਮਿਸਾਲ ʼਤੇ ਗੌਰ ਕਰੋ। ਉਹ ਯਹੋਵਾਹ ਦੀ ਸੇਵਾ ਵਿਚ ਬਿਜ਼ੀ ਸੀ। ਉਹ ਸਹਾਇਕ ਸੇਵਕ ਅਤੇ ਰੈਗੂਲਰ ਪਾਇਨੀਅਰ ਵਜੋਂ ਸੇਵਾ ਕਰਦਾ ਸੀ। ਪਰ ਅਫ਼ਸੋਸ ਦੀ ਗੱਲ ਹੈ ਕਿ ਉਸ ਨੇ ਇਕ ਗ਼ਲਤੀ ਕੀਤੀ ਜਿਸ ਕਰਕੇ ਉਸ ਤੋਂ ਮੰਡਲੀ ਦੀਆਂ ਜ਼ਿੰਮੇਵਾਰੀਆਂ ਲੈ ਲਈਆਂ ਗਈਆਂ। ਉਹ ਦੱਸਦਾ ਹੈ: “ਉਸ ਸਮੇਂ ਤਕ ਮੈਂ ਯਹੋਵਾਹ ਦੀ ਸੇਵਾ ਵਿਚ ਬਹੁਤ ਬਿਜ਼ੀ ਸੀ। ਫਿਰ ਅਚਾਨਕ ਮੈਨੂੰ ਲੱਗਾ ਕਿ ਮੈਂ ਯਹੋਵਾਹ ਦੀ ਸੇਵਾ ਵਿਚ ਕੁਝ ਨਹੀਂ ਕਰ ਸਕਦਾ। ਮੈਂ ਇਹ ਕਦੇ ਨਹੀਂ ਸੀ ਸੋਚਿਆ ਕਿ ਯਹੋਵਾਹ ਮੈਨੂੰ ਛੱਡ ਦੇਵੇਗਾ। ਪਰ ਕਈ ਵਾਰ ਮੇਰੇ ਮਨ ਵਿਚ ਇਹ ਖ਼ਿਆਲ ਜ਼ਰੂਰ ਆਉਂਦੇ ਸੀ ਕਿ ਪਤਾ ਨਹੀਂ ਯਹੋਵਾਹ ਨਾਲ ਮੇਰਾ ਰਿਸ਼ਤਾ ਪਹਿਲਾਂ ਵਰਗਾ ਬਣੇਗਾ ਵੀ ਕਿ ਨਹੀਂ। ਜਾਂ ਮੈਂ ਪਹਿਲਾਂ ਵਾਂਗ ਯਹੋਵਾਹ ਦੀ ਸੇਵਾ ਕਰ ਸਕਾਂਗਾ ਕਿ ਨਹੀਂ।”
18 ਖ਼ੁਸ਼ੀ ਦੀ ਗੱਲ ਹੈ ਕਿ ਮਾਈਕਲ ਨੇ ਹਾਰ ਨਹੀਂ ਮੰਨੀ। ਉਹ ਅੱਗੇ ਦੱਸਦਾ ਹੈ: “ਮੈਂ ਯਹੋਵਾਹ ਨਾਲ ਆਪਣਾ ਰਿਸ਼ਤਾ ਦੁਬਾਰਾ ਜੋੜਨ ਲਈ ਮਿਹਨਤ ਕੀਤੀ। ਮੈਂ ਵਾਰ-ਵਾਰ ਯਹੋਵਾਹ ਅੱਗੇ ਆਪਣਾ ਦਿਲ ਖੋਲ੍ਹਦਾ ਸੀ, ਅਧਿਐਨ ਅਤੇ ਸੋਚ-ਵਿਚਾਰ ਕਰਦਾ ਸੀ।” ਸਮੇਂ ਦੇ ਬੀਤਣ ਨਾਲ, ਮਾਈਕਲ ਨੂੰ ਮੰਡਲੀ ਵਿਚ ਦੁਬਾਰਾ ਤੋਂ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ। ਉਹ ਹੁਣ ਬਜ਼ੁਰਗ ਤੇ ਰੈਗੂਲਰ ਪਾਇਨੀਅਰ ਵਜੋਂ ਸੇਵਾ ਕਰਦਾ ਹੈ। ਉਹ ਦੱਸਦਾ ਹੈ: “ਮੈਨੂੰ ਭੈਣਾਂ-ਭਰਾਵਾਂ ਤੇ ਖ਼ਾਸ ਕਰਕੇ ਬਜ਼ੁਰਗਾਂ ਤੋਂ ਜੋ ਮਦਦ ਤੇ ਹੌਸਲਾ ਮਿਲਿਆ, ਉਸ ਤੋਂ ਮੈਨੂੰ ਅਹਿਸਾਸ ਹੋਇਆ ਕਿ ਯਹੋਵਾਹ ਹਾਲੇ ਵੀ ਮੈਨੂੰ ਪਿਆਰ ਕਰਦਾ ਹੈ। ਮੈਂ ਇਕ ਵਾਰ ਫਿਰ ਤੋਂ ਮੰਡਲੀ ਵਿਚ ਸਾਫ਼ ਜ਼ਮੀਰ ਨਾਲ ਸੇਵਾ ਕਰ ਸਕਦਾ ਹਾਂ। ਇਸ ਤਜਰਬੇ ਤੋਂ ਮੈਂ ਸਿੱਖਿਆ ਕਿ ਯਹੋਵਾਹ ਦਿਲੋਂ ਪਛਤਾਵਾ ਕਰਨ ਵਾਲਿਆਂ ਨੂੰ ਮਾਫ਼ ਕਰਦਾ ਹੈ।” ਇਸ ਤੋਂ ਅਸੀਂ ਕੀ ਸਿੱਖਦੇ ਹਾਂ? ਕੋਈ ਗ਼ਲਤੀ ਹੋਣ ਤੇ ਵੀ ਜੇ ਅਸੀਂ ਉਸ ਨੂੰ ਸੁਧਾਰਨ ਦੀ ਹਰ ਮੁਮਕਿਨ ਕੋਸ਼ਿਸ਼ ਕਰਦੇ ਹਾਂ ਅਤੇ ਯਹੋਵਾਹ ʼਤੇ ਭਰੋਸਾ ਰੱਖਦੇ ਹਾਂ, ਤਾਂ ਅਸੀਂ ਪੂਰਾ ਯਕੀਨ ਰੱਖ ਸਕਦੇ ਹਾਂ ਕਿ ਯਹੋਵਾਹ ਸਾਨੂੰ ਆਪਣੀ ਇੱਛਾ ਪੂਰੀ ਕਰਨ ਦਾ ਮੌਕਾ ਦੇਵੇਗਾ ਅਤੇ ਬਰਕਤਾਂ ਵੀ ਦੇਵੇਗਾ।—ਜ਼ਬੂ. 86:5, ਕਹਾ. 28:13.
19. ਸਮਸੂਨ ਦੀ ਮਿਸਾਲ ਤੋਂ ਤੁਹਾਡੀ ਨਿਹਚਾ ਕਿਵੇਂ ਮਜ਼ਬੂਤ ਹੁੰਦੀ ਹੈ?
19 ਇਸ ਲੇਖ ਵਿਚ ਅਸੀਂ ਸਮਸੂਨ ਦੀ ਜ਼ਿੰਦਗੀ ਦੀਆਂ ਕੁਝ ਦਿਲਚਸਪ ਘਟਨਾਵਾਂ ʼਤੇ ਗੌਰ ਕੀਤਾ। ਉਹ ਮੁਕੰਮਲ ਨਹੀਂ ਸੀ ਤੇ ਦਲੀਲਾਹ ਨਾਲ ਪਿਆਰ ਕਰ ਕੇ ਉਸ ਨੇ ਗ਼ਲਤੀ ਕੀਤੀ। ਪਰ ਫਿਰ ਵੀ ਸਮਸੂਨ ਨੇ ਯਹੋਵਾਹ ਦੀ ਸੇਵਾ ਕਰਨੀ ਨਹੀਂ ਛੱਡੀ। ਨਾਲੇ ਯਹੋਵਾਹ ਵੀ ਸਮਸੂਨ ਨੂੰ ਆਪਣੀ ਸੇਵਾ ਵਿਚ ਵਰਤਦਾ ਰਿਹਾ। ਪਰਮੇਸ਼ੁਰ ਨੇ ਇਕ ਵਾਰ ਫਿਰ ਉਸ ਨੂੰ ਸ਼ਾਨਦਾਰ ਤਰੀਕੇ ਨਾਲ ਵਰਤਿਆ। ਯਹੋਵਾਹ ਦੀਆਂ ਨਜ਼ਰਾਂ ਵਿਚ ਉਹ ਹਾਲੇ ਵੀ ਇਕ ਵਫ਼ਾਦਾਰ ਸੇਵਕ ਹੀ ਸੀ। ਇਸ ਲਈ ਪਰਮੇਸ਼ੁਰ ਨੇ ਇਬਰਾਨੀਆਂ ਅਧਿਆਇ 11 ਵਿਚ ਸਮਸੂਨ ਦਾ ਨਾਂ ਵੀ ਵਫ਼ਾਦਾਰ ਸੇਵਕਾਂ ਦੀ ਸੂਚੀ ਵਿਚ ਦਰਜ ਕਰਾਇਆ। ਇਹ ਜਾਣ ਕੇ ਸਾਨੂੰ ਕਿੰਨਾ ਹੌਸਲਾ ਮਿਲਦਾ ਹੈ ਕਿ ਸਾਡਾ ਪਰਮੇਸ਼ੁਰ ਇਕ ਪਿਤਾ ਵਾਂਗ ਸਾਨੂੰ ਪਿਆਰ ਕਰਦਾ ਹੈ ਅਤੇ ਸਾਨੂੰ ਤਾਕਤ ਦਿੰਦਾ ਹੈ, ਖ਼ਾਸ ਕਰਕੇ ਜਦੋਂ ਅਸੀਂ ਕਮਜ਼ੋਰ ਹੁੰਦੇ ਹਾਂ! ਇਸ ਲਈ ਆਓ ਆਪਾਂ ਸਮਸੂਨ ਵਾਂਗ ਯਹੋਵਾਹ ਅੱਗੇ ਤਰਲੇ ਕਰੀਏ: “ਕਿਰਪਾ ਕਰ ਕੇ ਮੈਨੂੰ ਯਾਦ ਕਰ, . . . ਮੈਨੂੰ ਜ਼ੋਰ ਬਖ਼ਸ਼ ਦੇ।”—ਨਿਆ. 16:28.
ਗੀਤ 3 ਯਹੋਵਾਹ ਸਾਡਾ ਸਹਾਰਾ, ਉਮੀਦ ਤੇ ਭਰੋਸਾ
a ਸਮਸੂਨ ਬਾਈਬਲ ਦਾ ਇਕ ਪਾਤਰ ਹੈ ਜਿਸ ਨੂੰ ਬਹੁਤ ਸਾਰੇ ਲੋਕ ਜਾਣਦੇ ਹਨ। ਉਸ ਦੀ ਕਹਾਣੀ ਨੂੰ ਬਹੁਤ ਸਾਰੇ ਨਾਟਕਾਂ, ਗੀਤਾਂ ਅਤੇ ਫ਼ਿਲਮਾਂ ਵਿਚ ਵੀ ਦਿਖਾਇਆ ਗਿਆ ਹੈ। ਪਰ ਉਸ ਦੀ ਜ਼ਿੰਦਗੀ ਦਾ ਬਿਰਤਾਂਤ ਕੋਈ ਕਥਾ-ਕਹਾਣੀ ਨਹੀਂ ਹੈ, ਸਗੋਂ ਉਸ ਦੀ ਪੱਕੀ ਨਿਹਚਾ ਤੋਂ ਅਸੀਂ ਬਹੁਤ ਕੁਝ ਸਿੱਖ ਸਕਦੇ ਹਾਂ।