Skip to content

Skip to table of contents

ਅਧਿਐਨ ਲੇਖ 38

ਗੀਤ 25 ਅਨਮੋਲ ਪਰਜਾ

ਕੀ ਤੁਸੀਂ ਚੇਤਾਵਨੀਆਂ ਵੱਲ ਧਿਆਨ ਦੇ ਰਹੇ ਹੋ?

ਕੀ ਤੁਸੀਂ ਚੇਤਾਵਨੀਆਂ ਵੱਲ ਧਿਆਨ ਦੇ ਰਹੇ ਹੋ?

“ਇਕ ਨੂੰ ਨਾਲ ਲਿਜਾਇਆ ਜਾਵੇਗਾ ਅਤੇ ਦੂਜੇ ਨੂੰ ਛੱਡ ਦਿੱਤਾ ਜਾਵੇਗਾ।” ​—ਮੱਤੀ 24:40.

ਕੀ ਸਿੱਖਾਂਗੇ?

ਅਸੀਂ ਯਿਸੂ ਦੀਆਂ ਤਿੰਨ ਮਿਸਾਲਾਂ ʼਤੇ ਗੌਰ ਕਰਾਂਗੇ। ਅਸੀਂ ਦੇਖਾਂਗੇ ਕਿ ਇਨ੍ਹਾਂ ਮਿਸਾਲਾਂ ਤੋਂ ਨਿਆਂ ਦੇ ਸਮੇਂ ਬਾਰੇ ਕੀ ਪਤਾ ਲੱਗਦਾ ਹੈ ਜੋ ਦੁਨੀਆਂ ਦੇ ਨਾਸ਼ ਤੋਂ ਪਹਿਲਾਂ ਆਵੇਗਾ।

1. ਯਿਸੂ ਜਲਦੀ ਹੀ ਕੀ ਕਰੇਗਾ?

 ਅਸੀਂ ਅਜਿਹੇ ਦੌਰ ਵਿਚ ਜੀ ਰਹੇ ਹਾਂ ਜਦੋਂ ਵੱਡੀਆਂ-ਵੱਡੀਆਂ ਘਟਨਾਵਾਂ ਵਾਪਰਨਗੀਆਂ। ਜਲਦੀ ਹੀ ਯਿਸੂ ਇਸ ਧਰਤੀ ʼਤੇ ਰਹਿੰਦੇ ਹਰ ਇਨਸਾਨ ਦਾ ਨਿਆਂ ਕਰੇਗਾ। ਯਿਸੂ ਨੇ ਆਪਣੇ ਚੇਲਿਆਂ ਨੂੰ ਦੱਸਿਆ ਸੀ ਕਿ ਉਸ ਸਮੇਂ ਤੋਂ ਪਹਿਲਾਂ ਦੁਨੀਆਂ ਵਿਚ ਕੀ ਹੋਵੇਗਾ। ਉਸ ਨੇ ਆਪਣੇ ਚੇਲਿਆਂ ਨੂੰ “ਨਿਸ਼ਾਨੀ” ਦੱਸੀ ਸੀ ਕਿ ਉਸ ਦੀ ਮੌਜੂਦਗੀ ਅਤੇ ‘ਇਸ ਯੁਗ ਦਾ ਆਖ਼ਰੀ ਸਮਾਂ’ ਕਦੋਂ ਸ਼ੁਰੂ ਹੋਵੇਗਾ। (ਮੱਤੀ 24:3) ਇਸ ਬਾਰੇ ਮੱਤੀ ਅਧਿਆਇ 24 ਤੇ 25, ਮਰਕੁਸ ਅਧਿਆਇ 13 ਅਤੇ ਲੂਕਾ ਅਧਿਆਇ 21 ਵਿਚ ਦੱਸਿਆ ਗਿਆ ਹੈ।

2. ਅਸੀਂ ਇਸ ਲੇਖ ਵਿਚ ਕੀ ਦੇਖਾਂਗੇ ਅਤੇ ਇਨ੍ਹਾਂ ਤੋਂ ਅਸੀਂ ਕੀ ਸਮਝ ਸਕਾਂਗੇ?

2 ਯਿਸੂ ਨੇ ਤਿੰਨ ਮਿਸਾਲਾਂ ਦਿੱਤੀਆਂ ਜਿਨ੍ਹਾਂ ਦੀ ਮਦਦ ਨਾਲ ਅਸੀਂ ਨਿਆਂ ਦੇ ਸਮੇਂ ਲਈ ਤਿਆਰ ਹੋ ਸਕਦੇ ਹਾਂ। ਇਹ ਮਿਸਾਲਾਂ ਸਾਡੇ ਲਈ ਚੇਤਾਵਨੀਆਂ ਵਾਂਗ ਹਨ। ਇਹ ਤਿੰਨ ਮਿਸਾਲਾਂ ਹਨ: ਭੇਡਾਂ ਅਤੇ ਬੱਕਰੀਆਂ ਦੀ ਮਿਸਾਲ, ਸਮਝਦਾਰ ਅਤੇ ਮੂਰਖ ਕੁਆਰੀਆਂ ਦੀ ਮਿਸਾਲ ਅਤੇ ਚਾਂਦੀ ਦੇ ਸਿੱਕਿਆਂ ਦੀ ਮਿਸਾਲ। ਇਨ੍ਹਾਂ ਮਿਸਾਲਾਂ ਤੋਂ ਅਸੀਂ ਸਮਝ ਸਕਾਂਗੇ ਕਿ ਯਿਸੂ ਕਿਵੇਂ ਇਕ ਵਿਅਕਤੀ ਦੇ ਕੰਮਾਂ ਦੇ ਆਧਾਰ ਤੇ ਉਸ ਦਾ ਨਿਆਂ ਕਰੇਗਾ। ਇਸ ਲੇਖ ਵਿਚ ਅਸੀਂ ਇਨ੍ਹਾਂ ਮਿਸਾਲਾਂ ʼਤੇ ਗੌਰ ਕਰਾਂਗੇ ਅਤੇ ਦੇਖਾਂਗੇ ਕਿ ਅਸੀਂ ਇਨ੍ਹਾਂ ਤੋਂ ਕੀ ਸਿੱਖ ਸਕਦੇ ਹਾਂ। ਆਓ ਸਭ ਤੋਂ ਪਹਿਲਾਂ ਆਪਾਂ ਭੇਡਾਂ ਅਤੇ ਬੱਕਰੀਆਂ ਦੀ ਮਿਸਾਲ ʼਤੇ ਗੌਰ ਕਰੀਏ।

ਭੇਡਾਂ ਅਤੇ ਬੱਕਰੀਆਂ ਦੀ ਮਿਸਾਲ

3. ਯਿਸੂ ਕਦੋਂ ਲੋਕਾਂ ਦਾ ਨਿਆਂ ਕਰੇਗਾ?

3 ਭੇਡਾਂ ਅਤੇ ਬੱਕਰੀਆਂ ਦੀ ਮਿਸਾਲ ਵਿਚ ਯਿਸੂ ਨੇ ਦੱਸਿਆ ਕਿ ਉਹ ਕਿਸ ਆਧਾਰ ਤੇ ਲੋਕਾਂ ਦਾ ਨਿਆਂ ਕਰੇਗਾ। ਉਹ ਦੇਖੇਗਾ ਕਿ ਲੋਕਾਂ ਨੇ ਖ਼ੁਸ਼ ਖ਼ਬਰੀ ਪ੍ਰਤੀ ਕਿਹੋ ਜਿਹੋ ਰਵੱਈਆ ਦਿਖਾਇਆ ਸੀ। ਨਾਲੇ ਉਹ ਇਹ ਵੀ ਦੇਖੇਗਾ ਕਿ ਉਨ੍ਹਾਂ ਨੇ ਚੁਣੇ ਹੋਏ ਭਰਾਵਾਂ ਦਾ ਸਾਥ ਦਿੱਤਾ ਜਾਂ ਨਹੀਂ। (ਮੱਤੀ 25:31-46) ਯਿਸੂ ਕਦੋਂ ਲੋਕਾਂ ਦਾ ਨਿਆਂ ਕਰੇਗਾ? ਯਿਸੂ ਆਰਮਾਗੇਡਨ ਤੋਂ ਇਕਦਮ ਪਹਿਲਾਂ “ਮਹਾਂਕਸ਼ਟ” ਦੌਰਾਨ ਇੱਦਾਂ ਕਰੇਗਾ। (ਮੱਤੀ 24:21) ਜਿਵੇਂ ਇਕ ਚਰਵਾਹਾ ਭੇਡਾਂ ਨੂੰ ਬੱਕਰੀਆਂ ਤੋਂ ਅਲੱਗ ਕਰਦਾ ਹੈ, ਉਸੇ ਤਰ੍ਹਾਂ ਯਿਸੂ ਉਸ ਦੇ ਚੁਣੇ ਹੋਏ ਭਰਾਵਾਂ ਦਾ ਸਾਥ ਦੇਣ ਵਾਲਿਆਂ ਨੂੰ ਉਨ੍ਹਾਂ ਲੋਕਾਂ ਤੋਂ ਅਲੱਗ ਕਰ ਦੇਵੇਗਾ ਜਿਨ੍ਹਾਂ ਨੇ ਚੁਣੇ ਹੋਏ ਭਰਾਵਾਂ ਦਾ ਸਾਥ ਨਹੀਂ ਦਿੱਤਾ।

4. ਯਸਾਯਾਹ 11:3, 4 ਅਨੁਸਾਰ ਅਸੀਂ ਕਿਉਂ ਯਕੀਨ ਰੱਖ ਸਕਦੇ ਹਾਂ ਕਿ ਯਿਸੂ ਬਿਨਾਂ ਪੱਖਪਾਤ ਕੀਤਿਆਂ ਲੋਕਾਂ ਦਾ ਸਹੀ-ਸਹੀ ਨਿਆਂ ਕਰੇਗਾ? (ਮੁੱਖ ਸਫ਼ੇ ʼਤੇ ਦਿੱਤੀ ਤਸਵੀਰ ਵੀ ਦੇਖੋ।)

4 ਬਾਈਬਲ ਵਿਚ ਦੱਸਿਆ ਗਿਆ ਹੈ ਕਿ ਯਹੋਵਾਹ ਨੇ ਯਿਸੂ ਨੂੰ ਨਿਆਂਕਾਰ ਠਹਿਰਾਇਆ ਹੈ ਅਤੇ ਉਹ ਬਿਨਾਂ ਪੱਖਪਾਤ ਕੀਤਿਆਂ ਲੋਕਾਂ ਦਾ ਸਹੀ-ਸਹੀ ਨਿਆਂ ਕਰੇਗਾ। (ਯਸਾਯਾਹ 11:3, 4 ਪੜ੍ਹੋ।) ਉਹ ਇਸ ਗੱਲ ʼਤੇ ਧਿਆਨ ਦਿੰਦਾ ਹੈ ਕਿ ਲੋਕ ਕੀ ਕਹਿੰਦੇ ਹਨ, ਕੀ ਸੋਚਦੇ ਹਨ ਅਤੇ ਕੀ ਕਰਦੇ ਹਨ। ਨਾਲੇ ਉਹ ਇਸ ਗੱਲ ʼਤੇ ਵੀ ਧਿਆਨ ਦਿੰਦਾ ਹੈ ਕਿ ਲੋਕ ਉਸ ਦੇ ਚੁਣੇ ਹੋਏ ਭਰਾਵਾਂ ਨਾਲ ਕਿਵੇਂ ਪੇਸ਼ ਆਉਂਦੇ ਹਨ। (ਮੱਤੀ 12:36, 37; 25:40) ਯਿਸੂ ਨੂੰ ਪਤਾ ਹੋਵੇਗਾ ਕਿ ਕਿਨ੍ਹਾਂ ਨੇ ਉਸ ਦੇ ਚੁਣੇ ਹੋਏ ਭਰਾਵਾਂ ਦਾ ਸਾਥ ਦਿੱਤਾ ਅਤੇ ਉਨ੍ਹਾਂ ਦੇ ਕੰਮਾਂ ਵਿਚ ਉਨ੍ਹਾਂ ਦਾ ਹੱਥ ਵਟਾਇਆ। a ਅਸੀਂ ਉਨ੍ਹਾਂ ਦਾ ਹੱਥ ਕਿਵੇਂ ਵਟਾ ਸਕਦੇ ਹਾਂ? ਇਕ ਅਹਿਮ ਤਰੀਕਾ ਹੈ, ਪ੍ਰਚਾਰ ਵਿਚ ਉਨ੍ਹਾਂ ਦਾ ਸਾਥ ਦੇ ਕੇ। ਉਨ੍ਹਾਂ ਦਾ ਸਾਥ ਦੇਣ ਵਾਲਿਆਂ ਨੂੰ “ਧਰਮੀ” ਠਹਿਰਾਇਆ ਜਾਵੇਗਾ ਅਤੇ ਉਨ੍ਹਾਂ ਕੋਲ ਧਰਤੀ ʼਤੇ “ਹਮੇਸ਼ਾ ਦੀ ਜ਼ਿੰਦਗੀ” ਪਾਉਣ ਦਾ ਮੌਕਾ ਹੋਵੇਗਾ। (ਮੱਤੀ 25:46; ਪ੍ਰਕਾ. 7:16, 17) ਸੱਚ-ਮੁੱਚ, ਉਨ੍ਹਾਂ ਨੂੰ ਆਪਣੀ ਵਫ਼ਾਦਾਰੀ ਬਣਾਈ ਰੱਖਣ ਦਾ ਕਿੰਨਾ ਹੀ ਸ਼ਾਨਦਾਰ ਇਨਾਮ ਮਿਲੇਗਾ! ਨਾਲੇ ਜੇ ਉਹ ਮਹਾਂਕਸ਼ਟ ਦੌਰਾਨ ਅਤੇ ਉਸ ਤੋਂ ਬਾਅਦ ਵੀ ਵਫ਼ਾਦਾਰ ਰਹਿਣਗੇ, ਤਾਂ ਉਨ੍ਹਾਂ ਦੇ ਨਾਂ “ਜੀਵਨ ਦੀ ਕਿਤਾਬ” ਵਿਚ ਹਮੇਸ਼ਾ ਲਈ ਲਿਖੇ ਜਾਣਗੇ।​—ਪ੍ਰਕਾ. 3:5.

ਭਵਿੱਖ ਵਿਚ ਯਿਸੂ ਲੋਕਾਂ ਦਾ ਨਿਆਂ ਕਰੇਗਾ ਅਤੇ ਫ਼ੈਸਲਾ ਕਰੇਗਾ ਕਿ ਉਹ ਭੇਡਾਂ ਵਰਗੇ ਹਨ ਜਾਂ ਬੱਕਰੀਆਂ ਵਰਗੇ (ਪੈਰਾ 4 ਦੇਖੋ)


5. ਭੇਡਾਂ ਅਤੇ ਬੱਕਰੀਆਂ ਦੀ ਮਿਸਾਲ ਤੋਂ ਕੀ ਸਬਕ ਮਿਲਦਾ ਹੈ ਅਤੇ ਇਸ ʼਤੇ ਕਿਨ੍ਹਾਂ ਨੂੰ ਧਿਆਨ ਦੇਣ ਦੀ ਲੋੜ ਹੈ?

5 ਸਾਬਤ ਕਰੋ ਕਿ ਤੁਸੀਂ ਵਫ਼ਾਦਾਰ ਹੋ। ਭੇਡਾਂ ਅਤੇ ਬੱਕਰੀਆਂ ਦੀ ਮਿਸਾਲ ਖ਼ਾਸ ਕਰਕੇ ਉਨ੍ਹਾਂ ਲਈ ਹੈ ਜਿਨ੍ਹਾਂ ਕੋਲ ਧਰਤੀ ʼਤੇ ਹਮੇਸ਼ਾ ਦੀ ਜ਼ਿੰਦਗੀ ਪਾਉਣ ਦੀ ਉਮੀਦ ਹੈ। ਭੇਡਾਂ ਵਰਗੇ ਲੋਕ ਕਿਵੇਂ ਦਿਖਾਉਂਦੇ ਹਨ ਕਿ ਉਹ ਵਫ਼ਾਦਾਰ ਹਨ? ਉਹ ਨਾ ਸਿਰਫ਼ ਪ੍ਰਚਾਰ ਵਿਚ ਚੁਣੇ ਹੋਏ ਮਸੀਹੀਆਂ ਦਾ ਸਾਥ ਦਿੰਦੇ ਹਨ, ਸਗੋਂ ਯਿਸੂ ਵੱਲੋਂ ਠਹਿਰਾਏ “ਵਫ਼ਾਦਾਰ ਅਤੇ ਸਮਝਦਾਰ ਨੌਕਰ” ਦੀਆਂ ਹਿਦਾਇਤਾਂ ਨੂੰ ਵੀ ਦਿਲੋਂ ਮੰਨਦੇ ਹਨ। (ਮੱਤੀ 24:45) ਪਰ ਸਵਰਗੀ ਉਮੀਦ ਰੱਖਣ ਵਾਲਿਆਂ ਨੂੰ ਵੀ ਇਸ ਮਿਸਾਲ ਵਿਚ ਦਿੱਤੀ ਚੇਤਾਵਨੀ ਵੱਲ ਧਿਆਨ ਦੇਣ ਦੀ ਲੋੜ ਹੈ। ਕਿਉਂ? ਕਿਉਂਕਿ ਯਿਸੂ ਉਨ੍ਹਾਂ ਵੱਲ ਵੀ ਧਿਆਨ ਦਿੰਦਾ ਹੈ ਕਿ ਉਹ ਕੀ ਕਹਿੰਦੇ ਹਨ, ਕੀ ਸੋਚਦੇ ਹਨ ਅਤੇ ਕੀ ਕਰਦੇ ਹਨ। ਚੁਣੇ ਹੋਏ ਮਸੀਹੀਆਂ ਨੂੰ ਵੀ ਆਪਣੀ ਵਫ਼ਾਦਾਰੀ ਸਾਬਤ ਕਰਨ ਦੀ ਲੋੜ ਹੈ। ਭੇਡਾਂ ਅਤੇ ਬੱਕਰੀਆਂ ਦੀ ਮਿਸਾਲ ਤੋਂ ਇਲਾਵਾ ਯਿਸੂ ਨੇ ਹੋਰ ਦੋ ਮਿਸਾਲਾਂ ਦਿੱਤੀਆਂ ਹਨ ਜਿਨ੍ਹਾਂ ਵਿਚ ਖ਼ਾਸ ਕਰਕੇ ਚੁਣੇ ਹੋਏ ਮਸੀਹੀਆਂ ਨੂੰ ਚੇਤਾਵਨੀ ਦਿੱਤੀ ਗਈ ਹੈ। ਇਹ ਮਿਸਾਲਾਂ ਵੀ ਮੱਤੀ ਅਧਿਆਇ 25 ਵਿਚ ਦਰਜ ਹਨ। ਆਓ ਹੁਣ ਸਮਝਦਾਰ ਅਤੇ ਮੂਰਖ ਕੁਆਰੀਆਂ ਦੀ ਮਿਸਾਲ ʼਤੇ ਗੌਰ ਕਰੀਏ।

ਸਮਝਦਾਰ ਅਤੇ ਮੂਰਖ ਕੁਆਰੀਆਂ ਦੀ ਮਿਸਾਲ

6. ਪੰਜ ਕੁਆਰੀਆਂ ਨੇ ਆਪਣੇ ਆਪ ਨੂੰ ਸਮਝਦਾਰ ਕਿਵੇਂ ਸਾਬਤ ਕੀਤਾ? (ਮੱਤੀ 25:6-10)

6 ਕੁਆਰੀਆਂ ਦੀ ਮਿਸਾਲ ਵਿਚ ਯਿਸੂ ਨੇ ਦੱਸਿਆ ਕਿ 10 ਕੁਆਰੀਆਂ ਲਾੜੇ ਨੂੰ ਮਿਲਣ ਗਈਆਂ। (ਮੱਤੀ 25:1-4) ਉਹ ਲਾੜੇ ਨਾਲ ਵਿਆਹ ਦੀ ਦਾਅਵਤ ਵਿਚ ਜਾਣਾ ਚਾਹੁੰਦੀਆਂ ਸਨ। ਯਿਸੂ ਨੇ ਉਨ੍ਹਾਂ ਵਿੱਚੋਂ ਪੰਜ ਨੂੰ “ਸਮਝਦਾਰ” ਕਿਹਾ ਅਤੇ ਪੰਜ ਨੂੰ “ਮੂਰਖ।” ਸਮਝਦਾਰ ਕੁਆਰੀਆਂ ਪੂਰੀ ਤਿਆਰੀ ਨਾਲ ਆਈਆਂ ਸਨ ਅਤੇ ਉਹ ਚੁਕੰਨੀਆਂ ਸਨ। ਉਹ ਉਦੋਂ ਤਕ ਲਾੜੇ ਦੀ ਉਡੀਕ ਕਰਨ ਲਈ ਤਿਆਰ ਸਨ ਜਦੋਂ ਤਕ ਉਹ ਆ ਨਹੀਂ ਜਾਂਦਾ, ਫਿਰ ਚਾਹੇ ਉਹ ਅੱਧੀ ਰਾਤ ਨੂੰ ਹੀ ਕਿਉਂ ਨਾ ਆਵੇ। ਇਸ ਲਈ ਉਹ ਆਪਣੇ ਨਾਲ ਦੀਵੇ ਲੈ ਕੇ ਆਈਆਂ ਸਨ ਤਾਂਕਿ ਹਨੇਰੇ ਵਿਚ ਉਨ੍ਹਾਂ ਨੂੰ ਰੌਸ਼ਨੀ ਮਿਲ ਸਕੇ। ਨਾਲੇ ਉਹ ਆਪਣੇ ਨਾਲ ਵਾਧੂ ਤੇਲ ਵੀ ਲੈ ਕੇ ਆਈਆਂ ਸਨ ਤਾਂਕਿ ਉਨ੍ਹਾਂ ਦੇ ਦੀਵੇ ਬਲ਼ਦੇ ਰਹਿਣ। (ਮੱਤੀ 25:6-10 ਪੜ੍ਹੋ।) ਜਦੋਂ ਲਾੜਾ ਆਇਆ, ਤਾਂ ਸਮਝਦਾਰ ਕੁਆਰੀਆਂ ਵਿਆਹ ਦੀ ਦਾਅਵਤ ਵਿਚ ਉਸ ਨਾਲ ਅੰਦਰ ਚਲੀਆਂ ਗਈਆਂ। ਇਨ੍ਹਾਂ ਕੁਆਰੀਆਂ ਵਾਂਗ ਜਿਹੜੇ ਚੁਣੇ ਹੋਏ ਮਸੀਹੀ ਯਿਸੂ ਦੇ ਆਉਣ ਤਕ ਚੁਕੰਨੇ ਅਤੇ ਵਫ਼ਾਦਾਰ ਰਹਿਣਗੇ, ਉਨ੍ਹਾਂ ਨੂੰ ਲਾੜਾ ਯਾਨੀ ਯਿਸੂ ਆਪਣੇ ਨਾਲ ਸਵਰਗ ਲੈ ਜਾਵੇਗਾ ਜਿੱਥੇ ਉਹ ਉਸ ਨਾਲ ਰਾਜ ਕਰਨਗੇ। b (ਪ੍ਰਕਾ. 7:1-3) ਪਰ ਉਨ੍ਹਾਂ ਪੰਜ ਮੂਰਖ ਕੁਆਰੀਆਂ ਬਾਰੇ ਕੀ?

7. ਪੰਜ ਮੂਰਖ ਕੁਆਰੀਆਂ ਨਾਲ ਕੀ ਹੋਇਆ ਅਤੇ ਕਿਉਂ?

7 ਜਦੋਂ ਲਾੜਾ ਆਇਆ, ਤਾਂ ਪੰਜ ਮੂਰਖ ਕੁਆਰੀਆਂ ਤਿਆਰ ਨਹੀਂ ਸਨ। ਉਨ੍ਹਾਂ ਦੇ ਦੀਵੇ ਬੁੱਝਣ ਲੱਗ ਪਏ ਸਨ ਅਤੇ ਉਨ੍ਹਾਂ ਕੋਲ ਵਾਧੂ ਤੇਲ ਵੀ ਨਹੀਂ ਸੀ। ਫਿਰ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਲਾੜਾ ਛੇਤੀ ਪਹੁੰਚ ਜਾਵੇਗਾ, ਤਾਂ ਉਹ ਤੇਲ ਖ਼ਰੀਦਣ ਚਲੀਆਂ ਗਈਆਂ। ਪਰ ਇਸ ਦੌਰਾਨ ਲਾੜਾ ਆ ਗਿਆ। ਉਸ ਵੇਲੇ ਜਿਹੜੀਆਂ ਕੁਆਰੀਆਂ ਤਿਆਰ ਸਨ, “ਉਹ ਵਿਆਹ ਦੀ ਦਾਅਵਤ ਵਿਚ ਲਾੜੇ ਨਾਲ ਅੰਦਰ ਚਲੀਆਂ ਗਈਆਂ ਅਤੇ ਦਰਵਾਜ਼ਾ ਬੰਦ ਕਰ ਦਿੱਤਾ ਗਿਆ।” (ਮੱਤੀ 25:10) ਬਾਅਦ ਵਿਚ, ਜਦੋਂ ਮੂਰਖ ਕੁਆਰੀਆਂ ਵਾਪਸ ਆਈਆਂ, ਤਾਂ ਉਹ ਵੀ ਅੰਦਰ ਜਾਣਾ ਚਾਹੁੰਦੀਆਂ ਸਨ। ਪਰ ਲਾੜੇ ਨੇ ਉਨ੍ਹਾਂ ਨੂੰ ਕਿਹਾ: “ਮੈਂ ਤੁਹਾਨੂੰ ਨਹੀਂ ਜਾਣਦਾ।” (ਮੱਤੀ 25:11, 12) ਇਹ ਪੰਜ ਕੁਆਰੀਆਂ ਪੂਰੀ ਤਿਆਰੀ ਨਾਲ ਨਹੀਂ ਆਈਆਂ ਸਨ। ਇਸ ਲਈ ਉਹ ਲਾੜੇ ਦੇ ਆਉਣ ਤਕ ਉਡੀਕ ਨਹੀਂ ਕਰ ਸਕੀਆਂ। ਇਸ ਤੋਂ ਚੁਣੇ ਹੋਏ ਮਸੀਹੀ ਕੀ ਸਿੱਖ ਸਕਦੇ ਹਨ?

8-9. ਕੁਆਰੀਆਂ ਦੀ ਮਿਸਾਲ ਤੋਂ ਚੁਣੇ ਹੋਏ ਮਸੀਹੀ ਕੀ ਸਿੱਖ ਸਕਦੇ ਹਨ? (ਤਸਵੀਰ ਵੀ ਦੇਖੋ।)

8 ਸਾਬਤ ਕਰੋ ਕਿ ਤੁਸੀਂ ਤਿਆਰ ਹੋ ਅਤੇ ਚੁਕੰਨੇ ਹੋ। ਕੁਆਰੀਆਂ ਦੀ ਮਿਸਾਲ ਦੇ ਕੇ ਯਿਸੂ ਇਹ ਨਹੀਂ ਕਹਿ ਰਿਹਾ ਸੀ ਕਿ ਜਦੋਂ ਉਹ ਮਹਾਂਕਸ਼ਟ ਤੋਂ ਪਹਿਲਾਂ ਆਵੇਗਾ, ਤਾਂ ਕੁਝ ਚੁਣੇ ਹੋਏ ਮਸੀਹੀ ਤਿਆਰ ਹੋਣਗੇ ਅਤੇ ਕੁਝ ਨਹੀਂ। ਇਸ ਦੀ ਬਜਾਇ, ਉਹ ਇਹ ਸਮਝਾ ਰਿਹਾ ਸੀ ਕਿ ਜੇ ਇਕ ਚੁਣਿਆ ਹੋਇਆ ਮਸੀਹੀ ਉਸ ਦੇ ਆਉਣ ਤਕ ਉਡੀਕ ਨਹੀਂ ਕਰਦਾ ਅਤੇ ਵਫ਼ਾਦਾਰ ਨਹੀਂ ਰਹਿੰਦਾ, ਤਾਂ ਉਸ ਨਾਲ ਕੀ ਹੋ ਸਕਦਾ ਹੈ। ਉਸ ਨੂੰ ਸਵਰਗ ਵਿਚ ਉਸ ਦਾ ਇਨਾਮ ਨਹੀਂ ਮਿਲੇਗਾ। (ਯੂਹੰ. 14:3, 4) ਸੱਚ-ਮੁੱਚ, ਇਹ ਕਿੰਨੀ ਹੀ ਗੰਭੀਰ ਗੱਲ ਹੈ! ਚਾਹੇ ਸਾਡੀ ਉਮੀਦ ਸਵਰਗ ਜਾਣ ਦੀ ਹੋਵੇ ਜਾਂ ਧਰਤੀ ʼਤੇ ਰਹਿਣ ਦੀ, ਸਾਨੂੰ ਸਾਰਿਆਂ ਨੂੰ ਇਸ ਮਿਸਾਲ ਵਿਚ ਦਿੱਤੀ ਚੇਤਾਵਨੀ ਵੱਲ ਧਿਆਨ ਦੇਣ ਦੀ ਲੋੜ ਹੈ। ਸਾਨੂੰ ਸਾਰਿਆਂ ਨੂੰ ਖ਼ਬਰਦਾਰ ਅਤੇ ਤਿਆਰ ਰਹਿਣ ਦੀ ਲੋੜ ਹੈ। ਨਾਲੇ ਅੰਤ ਤਕ ਧੀਰਜ ਨਾਲ ਸਹਿੰਦੇ ਰਹਿਣ ਦੀ ਲੋੜ ਹੈ।​—ਮੱਤੀ 24:13.

9 ਕੁਆਰੀਆਂ ਦੀ ਮਿਸਾਲ ਰਾਹੀਂ ਯਿਸੂ ਸਿਖਾ ਰਿਹਾ ਸੀ ਕਿ ਸਾਡੇ ਲਈ ਤਿਆਰ ਅਤੇ ਚੁਕੰਨੇ ਰਹਿਣਾ ਕਿੰਨਾ ਜ਼ਰੂਰੀ ਹੈ। ਇਸ ਤੋਂ ਬਾਅਦ ਉਸ ਨੇ ਚਾਂਦੀ ਦੇ ਸਿੱਕਿਆਂ ਦੀ ਮਿਸਾਲ ਦਿੱਤੀ। ਇਸ ਮਿਸਾਲ ਰਾਹੀਂ ਯਿਸੂ ਨੇ ਇਸ ਗੱਲ ʼਤੇ ਜ਼ੋਰ ਦਿੱਤਾ ਕਿ ਸਾਨੂੰ ਮਿਹਨਤੀ ਬਣਨ ਦੀ ਲੋੜ ਹੈ।

ਕੁਆਰੀਆਂ ਦੀ ਮਿਸਾਲ ਵਿਚ ਦਿੱਤੀ ਚੇਤਾਵਨੀ ʼਤੇ ਸਾਨੂੰ ਸਾਰਿਆਂ ਨੂੰ ਧਿਆਨ ਦੇਣਾ ਚਾਹੀਦਾ ਹੈ। ਸਾਨੂੰ ਤਿਆਰ ਤੇ ਚੁਕੰਨੇ ਰਹਿਣ ਅਤੇ ਅੰਤ ਤਕ ਧੀਰਜ ਨਾਲ ਸਹਿੰਦੇ ਰਹਿਣ ਦੀ ਲੋੜ ਹੈ (ਪੈਰੇ 8-9 ਦੇਖੋ)


ਚਾਂਦੀ ਦੇ ਸਿੱਕਿਆਂ ਦੀ ਮਿਸਾਲ

10. ਦੋ ਨੌਕਰਾਂ ਨੇ ਕਿਵੇਂ ਸਾਬਤ ਕੀਤਾ ਕਿ ਉਹ ਭਰੋਸੇਮੰਦ ਸਨ? (ਮੱਤੀ 25:19-23)

10 ਚਾਂਦੀ ਦੇ ਸਿੱਕਿਆਂ ਦੀ ਮਿਸਾਲ ਵਿਚ ਯਿਸੂ ਨੇ ਤਿੰਨ ਨੌਕਰਾਂ ਦੀ ਗੱਲ ਕੀਤੀ ਜਿਨ੍ਹਾਂ ਵਿੱਚੋਂ ਦੋ ਭਰੋਸੇਮੰਦ ਸਨ ਤੇ ਇਕ ਨਹੀਂ। (ਮੱਤੀ 25:14-18) ਪਰਦੇਸ ਜਾਣ ਤੋਂ ਪਹਿਲਾਂ ਉਨ੍ਹਾਂ ਦੇ ਮਾਲਕ ਨੇ ਉਨ੍ਹਾਂ ਨੂੰ ਚਾਂਦੀ ਦੇ ਸਿੱਕਿਆਂ ਦੀਆਂ ਥੈਲੀਆਂ ਦਿੱਤੀਆਂ। ਇਨ੍ਹਾਂ ਵਿੱਚੋਂ ਦੋ ਨੌਕਰ ਮਿਹਨਤੀ ਸਨ ਅਤੇ ਉਨ੍ਹਾਂ ਨੇ ਆਪਣੇ ਮਾਲਕ ਲਈ ਮੁਨਾਫ਼ਾ ਕਮਾ ਕੇ ਆਪਣੇ ਆਪ ਨੂੰ ਭਰੋਸੇਮੰਦ ਸਾਬਤ ਕੀਤਾ। ਜਦੋਂ ਮਾਲਕ ਵਾਪਸ ਆਇਆ, ਤਾਂ ਉਸ ਨੇ ਦੇਖਿਆ ਕਿ ਉਸ ਨੇ ਉਨ੍ਹਾਂ ਦੋ ਨੌਕਰਾਂ ਨੂੰ ਜੋ ਪੈਸੇ ਦਿੱਤੇ ਸਨ, ਉਨ੍ਹਾਂ ਨੇ ਉਸ ਤੋਂ ਦੁਗਣਾ ਪੈਸਾ ਕਮਾਇਆ ਹੈ। ਮਾਲਕ ਨੇ ਉਨ੍ਹਾਂ ਦੋਵਾਂ ਦੀ ਤਾਰੀਫ਼ ਕੀਤੀ ਅਤੇ ਉਨ੍ਹਾਂ ਨੂੰ ਕਿਹਾ: ‘ਆਪਣੇ ਮਾਲਕ ਦੀ ਖ਼ੁਸ਼ੀ ਵਿਚ ਸ਼ਾਮਲ ਹੋਵੋ।’ (ਮੱਤੀ 25:19-23 ਪੜ੍ਹੋ।) ਪਰ ਉਸ ਤੀਸਰੇ ਨੌਕਰ ਦਾ ਕੀ? ਮਾਲਕ ਵੱਲੋਂ ਮਿਲੇ ਸਿੱਕਿਆਂ ਦਾ ਉਸ ਨੇ ਕੀ ਕੀਤਾ?

11. “ਆਲਸੀ” ਨੌਕਰ ਦਾ ਕੀ ਹੋਇਆ ਅਤੇ ਕਿਉਂ?

11 ਤੀਜੇ ਨੌਕਰ ਨੂੰ ਮਾਲਕ ਨੇ ਚਾਂਦੀ ਦੇ ਸਿੱਕਿਆਂ ਦੀ ਇਕ ਥੈਲੀ ਦਿੱਤੀ ਸੀ, ਪਰ ਉਹ ਨੌਕਰ “ਆਲਸੀ” ਨਿਕਲਿਆ। ਮਾਲਕ ਚਾਹੁੰਦਾ ਸੀ ਕਿ ਉਹ ਉਨ੍ਹਾਂ ਸਿੱਕਿਆਂ ਤੋਂ ਮੁਨਾਫ਼ਾ ਕਮਾਏ। ਪਰ ਉਸ ਨੌਕਰ ਨੇ ਉਨ੍ਹਾਂ ਸਿੱਕਿਆਂ ਨੂੰ ਜ਼ਮੀਨ ਵਿਚ ਦੱਬ ਦਿੱਤਾ। ਜਦੋਂ ਮਾਲਕ ਵਾਪਸ ਆਇਆ, ਤਾਂ ਉਸ ਨੇ ਦੇਖਿਆ ਕਿ ਤੀਜੇ ਨੌਕਰ ਨੇ ਕੋਈ ਮੁਨਾਫ਼ਾ ਨਹੀਂ ਕਮਾਇਆ। ਹੋਰ ਤਾਂ ਹੋਰ, ਉਸ ਨੌਕਰ ਦਾ ਰਵੱਈਆ ਵੀ ਠੀਕ ਨਹੀਂ ਸੀ। ਉਹ ਆਪਣੇ ਮਾਲਕ ਤੋਂ ਮਾਫ਼ੀ ਮੰਗਣ ਦੀ ਬਜਾਇ ਉਸੇ ʼਤੇ ਦੋਸ਼ ਲਾਉਣ ਲੱਗ ਪਿਆ ਅਤੇ ਕਿਹਾ: “ਤੂੰ ਬੜੇ ਸਖ਼ਤ ਸੁਭਾਅ ਦਾ ਬੰਦਾ ਹੈਂ।” ਇਹ ਸੁਣ ਕੇ ਮਾਲਕ ਨੂੰ ਬਹੁਤ ਗੁੱਸਾ ਆਇਆ ਅਤੇ ਉਸ ਨੇ ਆਪਣੇ ਸਿੱਕਿਆਂ ਦੀ ਥੈਲੀ ਵਾਪਸ ਲੈ ਕੇ ਉਸ ਨੂੰ ਘਰੋਂ ਬਾਹਰ ਸੁੱਟ ਦਿੱਤਾ।​—ਮੱਤੀ 25:24, 26-30.

12. ਅੱਜ ਦੋ ਭਰੋਸੇਮੰਦ ਨੌਕਰ ਕਿਨ੍ਹਾਂ ਨੂੰ ਦਰਸਾਉਂਦੇ ਹਨ?

12 ਦੋ ਭਰੋਸੇਮੰਦ ਨੌਕਰ ਵਫ਼ਾਦਾਰ ਚੁਣੇ ਹੋਏ ਮਸੀਹੀਆਂ ਨੂੰ ਦਰਸਾਉਂਦੇ ਹਨ। ਉਨ੍ਹਾਂ ਦਾ ਮਾਲਕ ਯਿਸੂ ਉਨ੍ਹਾਂ ਨੂੰ ‘ਆਪਣੇ ਮਾਲਕ ਦੀ ਖ਼ੁਸ਼ੀ ਵਿਚ ਸ਼ਾਮਲ ਹੋਣ’ ਲਈ ਕਹਿੰਦਾ ਹੈ। ਉਹ ਉਨ੍ਹਾਂ ਨੂੰ ਇਨਾਮ ਦਿੰਦਾ ਹੈ ਯਾਨੀ ਉਨ੍ਹਾਂ ਨੂੰ ਮਰੇ ਹੋਇਆਂ ਵਿੱਚੋਂ ਸਭ ਤੋਂ ਪਹਿਲਾਂ ਜੀਉਂਦਾ ਕਰਦਾ ਹੈ। (ਮੱਤੀ 25:21, 23; ਪ੍ਰਕਾ. 20:5ਅ) ਪਰ ਉਸ ਆਲਸੀ ਨੌਕਰ ਤੋਂ ਚੁਣੇ ਹੋਏ ਮਸੀਹੀਆਂ ਨੂੰ ਇਕ ਚੇਤਾਵਨੀ ਵੀ ਮਿਲਦੀ ਹੈ। ਉਹ ਕਿਹੜੀ?

13-14. ਚਾਂਦੀ ਦੇ ਸਿੱਕਿਆਂ ਦੀ ਮਿਸਾਲ ਤੋਂ ਚੁਣੇ ਹੋਏ ਮਸੀਹੀ ਕੀ ਸਿੱਖ ਸਕਦੇ ਹਨ? (ਤਸਵੀਰ ਵੀ ਦੇਖੋ।)

13 ਸਾਬਤ ਕਰੋ ਕਿ ਤੁਸੀਂ ਮਿਹਨਤੀ ਹੋ। ਕੁਆਰੀਆਂ ਦੀ ਮਿਸਾਲ ਵਾਂਗ ਚਾਂਦੀ ਦੇ ਸਿੱਕਿਆਂ ਦੀ ਮਿਸਾਲ ਵਿਚ ਵੀ ਯਿਸੂ ਇਹ ਨਹੀਂ ਕਹਿ ਰਿਹਾ ਸੀ ਕਿ ਕੁਝ ਚੁਣੇ ਹੋਏ ਮਸੀਹੀ ਆਲਸੀ ਬਣ ਜਾਣਗੇ। ਇਸ ਦੀ ਬਜਾਇ, ਉਹ ਇਹ ਸਮਝਾ ਰਿਹਾ ਸੀ ਕਿ ਜੇ ਇਕ ਚੁਣੇ ਹੋਏ ਮਸੀਹੀ ਦਾ ਜੋਸ਼ ਠੰਢਾ ਪੈ ਜਾਂਦਾ ਹੈ, ਤਾਂ ਕੀ ਹੋਵੇਗਾ। ਉਸ ਨੂੰ ‘ਜੋ ਸੱਦਾ ਦਿੱਤਾ ਗਿਆ ਹੈ ਅਤੇ ਚੁਣਿਆ ਗਿਆ ਹੈ,’ ਉਹ ਉਸ ਦੇ ਕਾਬਲ ਨਹੀਂ ਰਹੇਗਾ ਅਤੇ ਸਵਰਗੀ ਰਾਜ ਵਿਚ ਸ਼ਾਮਲ ਨਹੀਂ ਹੋ ਸਕੇਗਾ।​—2 ਪਤ. 1:10.

14 ਕੁਆਰੀਆਂ ਦੀ ਮਿਸਾਲ ਤੋਂ ਯਿਸੂ ਚੁਣੇ ਹੋਏ ਮਸੀਹੀਆਂ ਨੂੰ ਇਹ ਦੱਸ ਰਿਹਾ ਸੀ ਕਿ ਉਨ੍ਹਾਂ ਨੂੰ ਹਮੇਸ਼ਾ ਤਿਆਰ ਅਤੇ ਚੁਕੰਨੇ ਰਹਿਣ ਦੀ ਲੋੜ ਹੈ। ਚਾਂਦੀ ਦੇ ਸਿੱਕਿਆਂ ਦੀ ਮਿਸਾਲ ਤੋਂ ਉਸ ਨੇ ਉਨ੍ਹਾਂ ਨੂੰ ਦੱਸਿਆ ਕਿ ਉਨ੍ਹਾਂ ਨੂੰ ਮਿਹਨਤੀ ਬਣਨ ਦੀ ਲੋੜ ਹੈ। ਪਰ ਕੀ ਯਿਸੂ ਨੇ ਚੁਣੇ ਹੋਏ ਮਸੀਹੀਆਂ ਨੂੰ ਕੋਈ ਹੋਰ ਚੇਤਾਵਨੀ ਵੀ ਦਿੱਤੀ ਸੀ? ਜੀ ਹਾਂ। ਮੱਤੀ 24:40, 41 ਵਿਚ ਦਰਜ ਯਿਸੂ ਦੇ ਸ਼ਬਦਾਂ ਤੋਂ ਸਾਨੂੰ ਇਸ ਚੇਤਾਵਨੀ ਦਾ ਪਤਾ ਲੱਗਦਾ ਹੈ।

ਯਿਸੂ ਚਾਹੁੰਦਾ ਹੈ ਕਿ ਚੁਣੇ ਹੋਏ ਮਸੀਹੀ ਅੰਤ ਤਕ ਮਿਹਨਤ ਕਰਨ (ਪੈਰੇ 13-14 ਦੇਖੋ) d


ਕਿਨ੍ਹਾਂ ਨੂੰ “ਨਾਲ ਲਿਜਾਇਆ ਜਾਵੇਗਾ”?

15-16. ਮੱਤੀ 24:40, 41 ਤੋਂ ਕਿਵੇਂ ਪਤਾ ਲੱਗਦਾ ਹੈ ਕਿ ਚੁਣੇ ਹੋਏ ਮਸੀਹੀਆਂ ਨੂੰ ਖ਼ਬਰਦਾਰ ਰਹਿਣ ਦੀ ਲੋੜ ਹੈ?

15 ਇਹ ਤਿੰਨ ਮਿਸਾਲਾਂ ਦੇਣ ਤੋਂ ਪਹਿਲਾਂ ਯਿਸੂ ਨੇ ਦੱਸਿਆ ਸੀ ਕਿ ਜਦੋਂ ਉਹ ਚੁਣੇ ਹੋਏ ਮਸੀਹੀਆਂ ʼਤੇ ਆਖ਼ਰੀ ਮੁਹਰ ਲਾਵੇਗਾ, ਤਾਂ ਇਹ ਸਾਫ਼ ਜ਼ਾਹਰ ਹੋ ਜਾਵੇਗਾ ਕਿ ਕਿਨ੍ਹਾਂ ʼਤੇ ਉਸ ਦੀ ਮਨਜ਼ੂਰੀ ਹੈ। ਯਿਸੂ ਨੇ ਦੱਸਿਆ ਕਿ ਦੋ ਆਦਮੀ ਖੇਤ ਵਿਚ ਕੰਮ ਕਰ ਰਹੇ ਹੋਣਗੇ ਅਤੇ ਦੋ ਔਰਤਾਂ ਚੱਕੀ ਪੀਹ ਰਹੀਆਂ ਹੋਣਗੀਆਂ। ਦੇਖਣ ਨੂੰ ਇੱਦਾਂ ਲੱਗ ਸਕਦਾ ਹੈ ਕਿ ਦੋਵੇਂ ਇੱਕੋ ਜਿਹਾ ਕੰਮ ਕਰ ਰਹੇ ਹਨ। ਪਰ ਯਿਸੂ ਦੱਸਦਾ ਹੈ ਕਿ ਸਿਰਫ਼ “ਇਕ ਨੂੰ ਨਾਲ ਲਿਜਾਇਆ ਜਾਵੇਗਾ ਤੇ ਦੂਜੇ ਨੂੰ ਛੱਡ ਦਿੱਤਾ ਜਾਵੇਗਾ।” (ਮੱਤੀ 24:40, 41 ਪੜ੍ਹੋ।) ਫਿਰ ਉਹ ਆਪਣੇ ਚੇਲਿਆਂ ਨੂੰ ਕਹਿੰਦਾ ਹੈ: “ਇਸ ਲਈ ਖ਼ਬਰਦਾਰ ਰਹੋ ਕਿਉਂਕਿ ਤੁਸੀਂ ਨਹੀਂ ਜਾਣਦੇ ਕਿ ਤੁਹਾਡਾ ਪ੍ਰਭੂ ਕਿਹੜੇ ਦਿਨ ਆਵੇਗਾ।” (ਮੱਤੀ 24:42) ਯਿਸੂ ਨੇ ਕੁਆਰੀਆਂ ਦੀ ਮਿਸਾਲ ਦੇਣ ਤੋਂ ਬਾਅਦ ਵੀ ਕੁਝ ਇੱਦਾਂ ਦਾ ਹੀ ਕਿਹਾ ਸੀ। (ਮੱਤੀ 25:13) ਕੀ ਇਨ੍ਹਾਂ ਦੋਵਾਂ ਦਾ ਆਪਸ ਵਿਚ ਕੋਈ ਸੰਬੰਧ ਹੈ? ਇੱਦਾਂ ਲੱਗਦਾ ਹੈ। ਸੋ ਯਿਸੂ ਸਿਰਫ਼ ਉਨ੍ਹਾਂ ਨੂੰ ਹੀ ‘ਆਪਣੇ ਨਾਲ ਲਿਜਾਵੇਗਾ’ ਜਿਹੜੇ ਸੱਚ-ਮੁੱਚ ਚੁਣੇ ਹੋਏ ਹਨ ਅਤੇ ਜਿਹੜੇ ਅਖ਼ੀਰ ਤਕ ਵਫ਼ਾਦਾਰ ਰਹਿਣਗੇ। ਉਹ ਸਵਰਗ ਜਾ ਕੇ ਯਿਸੂ ਨਾਲ ਰਾਜ ਕਰਨਗੇ।​—ਯੂਹੰ. 14:3.

16 ਸਾਬਤ ਕਰੋ ਕਿ ਤੁਸੀਂ ਖ਼ਬਰਦਾਰ ਹੋ। ਜੇ ਕੋਈ ਚੁਣਿਆ ਹੋਇਆ ਮਸੀਹੀ ਖ਼ਬਰਦਾਰ ਨਹੀਂ ਰਹਿੰਦਾ, ਤਾਂ ਉਸ ਨੂੰ “ਚੁਣੇ ਹੋਏ ਲੋਕਾਂ” ਨਾਲ ਇਕੱਠਾ ਨਹੀਂ ਕੀਤਾ ਜਾਵੇਗਾ। (ਮੱਤੀ 24:31) ਪਰ ਇਹ ਗੱਲ ਯਹੋਵਾਹ ਦੇ ਉਨ੍ਹਾਂ ਸਾਰੇ ਸੇਵਕਾਂ ʼਤੇ ਵੀ ਲਾਗੂ ਹੁੰਦੀ ਹੈ ਜਿਨ੍ਹਾਂ ਦੀ ਉਮੀਦ ਧਰਤੀ ʼਤੇ ਰਹਿਣ ਦੀ ਹੈ। ਉਨ੍ਹਾਂ ਨੂੰ ਵੀ ਖ਼ਬਰਦਾਰ ਰਹਿਣ ਅਤੇ ਵਫ਼ਾਦਾਰ ਬਣੇ ਰਹਿਣ ਦੀ ਲੋੜ ਹੈ।

17. ਜੇ ਯਹੋਵਾਹ ਨੇ ਹਾਲ ਹੀ ਦੇ ਸਾਲਾਂ ਵਿਚ ਕੁਝ ਵਫ਼ਾਦਾਰ ਸੇਵਕਾਂ ਨੂੰ ਚੁਣਿਆ ਹੈ, ਤਾਂ ਇਸ ਬਾਰੇ ਸੋਚ ਕੇ ਸਾਨੂੰ ਹੈਰਾਨ ਕਿਉਂ ਨਹੀਂ ਹੋਣਾ ਚਾਹੀਦਾ?

17 ਅਸੀਂ ਯਹੋਵਾਹ ਨੂੰ ਚੰਗੀ ਤਰ੍ਹਾਂ ਜਾਣਦੇ ਹਾਂ। ਇਸ ਲਈ ਸਾਨੂੰ ਪੂਰਾ ਭਰੋਸਾ ਹੈ ਕਿ ਯਹੋਵਾਹ ਜੋ ਵੀ ਕਰੇਗਾ, ਉਹ ਸਹੀ ਕਰੇਗਾ। ਜੇ ਯਹੋਵਾਹ ਨੇ ਹਾਲ ਹੀ ਦੇ ਸਾਲਾਂ ਵਿਚ ਕੁਝ ਵਫ਼ਾਦਾਰ ਸੇਵਕਾਂ ਨੂੰ ਚੁਣਿਆ ਹੈ, ਤਾਂ ਇਸ ਬਾਰੇ ਸੋਚ ਕੇ ਅਸੀਂ ਹੈਰਾਨ ਨਹੀਂ ਹੁੰਦੇ। c ਅਸੀਂ ਯਿਸੂ ਦੀ ਉਸ ਮਿਸਾਲ ਨੂੰ ਯਾਦ ਰੱਖਦੇ ਹਾਂ ਜਿਸ ਵਿਚ ਉਸ ਨੇ ਦੱਸਿਆ ਸੀ ਕਿ ਕੁਝ ਮਜ਼ਦੂਰਾਂ ਨੂੰ ਸ਼ਾਮ ਦੇ 5 ਕੁ ਵਜੇ ਅੰਗੂਰਾਂ ਦੇ ਬਾਗ਼ ਵਿਚ ਕੰਮ ਕਰਨ ਲਈ ਬੁਲਾਇਆ ਗਿਆ। (ਮੱਤੀ 20:1-16) ਇਨ੍ਹਾਂ ਮਜ਼ਦੂਰਾਂ ਨੂੰ ਵੀ ਉੱਨੀ ਹੀ ਮਜ਼ਦੂਰੀ ਦਿੱਤੀ ਗਈ ਜਿੰਨੀ ਬਾਕੀ ਮਜ਼ਦੂਰਾਂ ਨੂੰ ਮਿਲੀ ਸੀ ਜੋ ਸਵੇਰ ਤੋਂ ਬਾਗ਼ ਵਿਚ ਕੰਮ ਕਰ ਰਹੇ ਸਨ। ਇਸੇ ਤਰ੍ਹਾਂ ਇਸ ਗੱਲ ਨਾਲ ਫ਼ਰਕ ਨਹੀਂ ਪੈਂਦਾ ਕਿ ਇਕ ਮਸੀਹੀ ਨੂੰ ਕਦੋਂ ਚੁਣਿਆ ਗਿਆ ਹੈ, ਪਰ ਉਸ ਨੂੰ ਸਵਰਗੀ ਇਨਾਮ ਤਾਂ ਹੀ ਮਿਲੇਗਾ ਜੇ ਉਹ ਵਫ਼ਾਦਾਰ ਰਹੇਗਾ।

ਚੇਤਾਵਨੀਆਂ ਵੱਲ ਧਿਆਨ ਦਿਓ

18-19. ਅਸੀਂ ਜਿਨ੍ਹਾਂ ਮਿਸਾਲਾਂ ʼਤੇ ਗੌਰ ਕੀਤਾ, ਉਨ੍ਹਾਂ ਤੋਂ ਅਸੀਂ ਕੀ ਸਿੱਖਿਆ ਅਤੇ ਸਾਨੂੰ ਉਨ੍ਹਾਂ ਤੋਂ ਕਿਹੜੀਆਂ ਚੇਤਾਵਨੀਆਂ ਮਿਲਦੀਆਂ ਹਨ?

18 ਅਸੀਂ ਇਸ ਲੇਖ ਵਿਚ ਕੀ ਸਿੱਖਿਆ? ਜਿਨ੍ਹਾਂ ਮਸੀਹੀਆਂ ਦੀ ਉਮੀਦ ਧਰਤੀ ʼਤੇ ਰਹਿਣ ਦੀ ਹੈ, ਉਹ ਭੇਡਾਂ ਅਤੇ ਬੱਕਰੀਆਂ ਦੀ ਮਿਸਾਲ ਤੋਂ ਸਿੱਖਦੇ ਹਨ ਕਿ ਉਨ੍ਹਾਂ ਨੂੰ ਅੱਜ ਅਤੇ ਮਹਾਂਕਸ਼ਟ ਦੌਰਾਨ ਯਹੋਵਾਹ ਦੇ ਵਫ਼ਾਦਾਰ ਰਹਿਣ ਦੀ ਲੋੜ ਹੈ। ਜੇ ਉਹ ਵਫ਼ਾਦਾਰ ਰਹਿਣਗੇ, ਤਾਂ ਆਰਮਾਗੇਡਨ ਤੋਂ ਇਕਦਮ ਪਹਿਲਾਂ ਜਦੋਂ ਯਿਸੂ ਨਿਆਂ ਕਰੇਗਾ, ਤਾਂ ਉਹ ਉਨ੍ਹਾਂ ਨੂੰ “ਧਰਮੀ” ਠਹਿਰਾਏਗਾ ਅਤੇ ਉਨ੍ਹਾਂ ਨੂੰ “ਹਮੇਸ਼ਾ ਦੀ ਜ਼ਿੰਦਗੀ” ਦੇਵੇਗਾ।​—ਮੱਤੀ 25:46.

19 ਅਸੀਂ ਦੋ ਹੋਰ ਮਿਸਾਲਾਂ ʼਤੇ ਵੀ ਗੌਰ ਕੀਤਾ ਸੀ ਜਿਨ੍ਹਾਂ ਵਿਚ ਚੁਣੇ ਹੋਏ ਮਸੀਹੀਆਂ ਨੂੰ ਚੇਤਾਵਨੀ ਦਿੱਤੀ ਗਈ ਸੀ। ਯਿਸੂ ਨੇ ਦਸ ਕੁਆਰੀਆਂ ਦੀ ਮਿਸਾਲ ਵਿਚ ਦੱਸਿਆ ਸੀ ਕਿ ਉਨ੍ਹਾਂ ਵਿੱਚੋਂ ਪੰਜ ਕੁਆਰੀਆਂ ਨੇ ਖ਼ੁਦ ਨੂੰ ਸਮਝਦਾਰ ਸਾਬਤ ਕੀਤਾ। ਉਹ ਚੁਕੰਨੀਆਂ ਸਨ ਅਤੇ ਉਹ ਲਾੜੇ ਦੀ ਉਦੋਂ ਤਕ ਉਡੀਕ ਕਰਨ ਲਈ ਤਿਆਰ ਸਨ ਜਦੋਂ ਤਕ ਉਹ ਆ ਨਹੀਂ ਜਾਂਦਾ। ਪਰ ਮੂਰਖ ਕੁਆਰੀਆਂ ਤਿਆਰ ਨਹੀਂ ਸਨ। ਇਸ ਲਈ ਲਾੜੇ ਨੇ ਉਨ੍ਹਾਂ ਨੂੰ ਵਿਆਹ ਦੀ ਦਾਅਵਤ ਵਿਚ ਆਉਣ ਨਹੀਂ ਦਿੱਤਾ। ਇਸ ਤੋਂ ਅਸੀਂ ਸਿੱਖਦੇ ਹਾਂ ਕਿ ਸਾਨੂੰ ਵੀ ਤਿਆਰ ਰਹਿਣ ਦੀ ਲੋੜ ਹੈ। ਸਾਨੂੰ ਉਦੋਂ ਤਕ ਉਡੀਕ ਕਰਨ ਲਈ ਤਿਆਰ ਰਹਿਣ ਦੀ ਲੋੜ ਹੈ ਜਦੋਂ ਤਕ ਯਿਸੂ ਇਸ ਦੁਨੀਆਂ ਦਾ ਨਾਸ਼ ਨਹੀਂ ਕਰ ਦਿੰਦਾ। ਫਿਰ ਅਸੀਂ ਚਾਂਦੀ ਦੇ ਸਿੱਕਿਆਂ ਦੀ ਮਿਸਾਲ ʼਤੇ ਗੌਰ ਕੀਤਾ ਜਿਸ ਵਿਚ ਦੱਸਿਆ ਗਿਆ ਸੀ ਕਿ ਦੋ ਭਰੋਸੇਮੰਦ ਨੌਕਰ ਬਹੁਤ ਮਿਹਨਤੀ ਸਨ ਅਤੇ ਉਨ੍ਹਾਂ ਨੇ ਆਪਣੇ ਮਾਲਕ ਲਈ ਸਖ਼ਤ ਮਿਹਨਤ ਕੀਤੀ। ਉਨ੍ਹਾਂ ਦੀ ਮਿਹਨਤ ਦੇਖ ਕੇ ਮਾਲਕ ਬਹੁਤ ਖ਼ੁਸ਼ ਹੋਇਆ ਤੇ ਉਨ੍ਹਾਂ ਨੂੰ ਆਪਣੀ ਮਨਜ਼ੂਰੀ ਦਿੱਤੀ। ਪਰ ਉਸ ਨੇ ਆਲਸੀ ਨੌਕਰ ਨੂੰ ਠੁਕਰਾ ਦਿੱਤਾ। ਇਸ ਤੋਂ ਅਸੀਂ ਕੀ ਸਿੱਖਦੇ ਹਾਂ? ਸਾਨੂੰ ਅੰਤ ਆਉਣ ਤਕ ਯਹੋਵਾਹ ਦੀ ਸੇਵਾ ਵਿਚ ਰੁੱਝੇ ਰਹਿਣਾ ਚਾਹੀਦਾ ਹੈ। ਅਖ਼ੀਰ ਵਿਚ ਅਸੀਂ ਦੇਖਿਆ ਕਿ ਜੇ ਚੁਣੇ ਹੋਏ ਮਸੀਹੀ ਖ਼ਬਰਦਾਰ ਰਹਿਣਗੇ, ਤਾਂ ਹੀ ਉਨ੍ਹਾਂ ਨੂੰ ਸਵਰਗ “ਲਿਜਾਇਆ ਜਾਵੇਗਾ।” ਉਹ ਉਸ ਸਮੇਂ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ ਜਦੋਂ ਉਨ੍ਹਾਂ ਨੂੰ ਸਵਰਗ ਵਿਚ ਯਿਸੂ ਨਾਲ ‘ਇਕੱਠਾ ਕੀਤਾ’ ਜਾਵੇਗਾ। ਆਰਮਾਗੇਡਨ ਦੇ ਯੁੱਧ ਤੋਂ ਬਾਅਦ ਜਦੋਂ ਲੇਲੇ ਯਾਨੀ ਯਿਸੂ ਦਾ ਵਿਆਹ ਹੋਵੇਗਾ, ਤਾਂ ਉਹ ਉਸ ਦੀ ਲਾੜੀ ਬਣਨਗੇ।​—2 ਥੱਸ. 2:1; ਪ੍ਰਕਾ. 19:9.

20. ਚੇਤਾਵਨੀਆਂ ਵੱਲ ਧਿਆਨ ਦੇਣ ਵਾਲਿਆਂ ਨੂੰ ਯਹੋਵਾਹ ਕਿਹੜਾ ਇਨਾਮ ਦੇਵੇਗਾ?

20 ਨਿਆਂ ਕਰਨ ਦਾ ਸਮਾਂ ਬਹੁਤ ਨੇੜੇ ਆ ਰਿਹਾ ਹੈ, ਪਰ ਸਾਨੂੰ ਡਰਨ ਦੀ ਲੋੜ ਨਹੀਂ ਹੈ। ਜੇ ਅਸੀਂ ਵਫ਼ਾਦਾਰ ਰਹਿੰਦੇ ਹਾਂ, ਤਾਂ ਸਾਡਾ ਸਵਰਗੀ ਪਿਤਾ ਸਾਨੂੰ ਉਹ ‘ਤਾਕਤ ਦੇਵੇਗਾ ਜੋ ਇਨਸਾਨੀ ਤਾਕਤ ਨਾਲੋਂ ਕਿਤੇ ਵਧ ਕੇ ਹੈ’ ਤਾਂਕਿ ਅਸੀਂ ‘ਮਨੁੱਖ ਦੇ ਪੁੱਤਰ ਸਾਮ੍ਹਣੇ ਖੜ੍ਹੇ ਹੋ ਸਕੀਏ।’ (2 ਕੁਰਿੰ. 4:7; ਲੂਕਾ 21:36) ਚਾਹੇ ਸਾਡੀ ਉਮੀਦ ਸਵਰਗ ਜਾਣ ਦੀ ਹੈ ਜਾਂ ਧਰਤੀ ʼਤੇ ਰਹਿਣ ਦੀ, ਜੇ ਅਸੀਂ ਇਨ੍ਹਾਂ ਮਿਸਾਲਾਂ ਵਿਚ ਦਿੱਤੀਆਂ ਚੇਤਾਵਨੀਆਂ ʼਤੇ ਧਿਆਨ ਦੇਈਏ, ਤਾਂ ਅਸੀਂ ਯਹੋਵਾਹ ਦਾ ਦਿਲ ਖ਼ੁਸ਼ ਕਰਾਂਗੇ। ਉਸ ਦੀ ਅਪਾਰ ਕਿਰਪਾ ਸਦਕਾ ਸਾਡੇ ਨਾਂ “ਜੀਵਨ ਦੀ ਕਿਤਾਬ” ਵਿਚ ਹਮੇਸ਼ਾ-ਹਮੇਸ਼ਾ ਲਈ ਲਿਖੇ ਜਾਣਗੇ।​— ਪ੍ਰਕਾ. 3:5; ਦਾਨੀ. 12:1.

ਗੀਤ 26 ਤੁਸੀਂ ਸਭ ਕੁਝ ਮੇਰੇ ਲਈ ਕੀਤਾ

a ਮਈ 2024 ਦੇ ਪਹਿਰਾਬੁਰਜ ਵਿਚ “ਯਹੋਵਾਹ ਭਵਿੱਖ ਵਿਚ ਜੋ ਨਿਆਂ ਕਰੇਗਾ, ਅਸੀਂ ਉਸ ਬਾਰੇ ਕੀ ਜਾਣਦੇ ਹਾਂ?” ਨਾਂ ਦਾ ਲੇਖ ਦੇਖੋ।

b ਹੋਰ ਜਾਣਕਾਰੀ ਲਈ 15 ਮਾਰਚ 2015 ਦੇ ਪਹਿਰਾਬੁਰਜ ਵਿਚ “ਕੀ ਤੁਸੀਂ ‘ਖ਼ਬਰਦਾਰ’ ਰਹੋਗੇ?” ਨਾਂ ਦਾ ਲੇਖ ਦੇਖੋ।

d ਤਸਵੀਰਾਂ ਬਾਰੇ ਜਾਣਕਾਰੀ: ਇਕ ਚੁਣੀ ਹੋਈ ਭੈਣ ਇਕ ਕੁੜੀ ਨੂੰ ਸਟੱਡੀ ਕਰਵਾ ਰਹੀ ਹੈ ਜਿਸ ਨੂੰ ਉਹ ਪ੍ਰਚਾਰ ਦੌਰਾਨ ਮਿਲੀ ਸੀ।