Skip to content

Skip to table of contents

ਅਧਿਐਨ ਲੇਖ 36

ਗੀਤ 89 ਸੁਣੋ, ਅਮਲ ਕਰੋ, ਸਫ਼ਲ ਹੋਵੋ

“ਬਚਨ ਉੱਤੇ ਚੱਲਣ ਵਾਲੇ ਬਣੋ”

“ਬਚਨ ਉੱਤੇ ਚੱਲਣ ਵਾਲੇ ਬਣੋ”

“ਬਚਨ ਉੱਤੇ ਚੱਲਣ ਵਾਲੇ ਬਣੋ, ਨਾ ਕਿ ਸਿਰਫ਼ ਸੁਣਨ ਵਾਲੇ।” ​—ਯਾਕੂ. 1:22.

ਕੀ ਸਿੱਖਾਂਗੇ?

ਇਸ ਲੇਖ ਤੋਂ ਸਾਨੂੰ ਨਾ ਸਿਰਫ਼ ਹਰ ਰੋਜ਼ ਬਾਈਬਲ ਪੜ੍ਹਨ, ਸਗੋਂ ਪੜ੍ਹੀਆਂ ਗੱਲਾਂ ʼਤੇ ਸੋਚ-ਵਿਚਾਰ ਕਰਨ ਅਤੇ ਇਨ੍ਹਾਂ ਨੂੰ ਆਪਣੀ ਜ਼ਿੰਦਗੀ ਵਿਚ ਲਾਗੂ ਕਰਨ ਦੀ ਹੱਲਾਸ਼ੇਰੀ ਮਿਲੇਗੀ।

1-2. ਪਰਮੇਸ਼ੁਰ ਦੇ ਲੋਕ ਕਿਉਂ ਖ਼ੁਸ਼ ਰਹਿੰਦੇ ਹਨ? (ਯਾਕੂਬ 1:22-25)

 ਯਹੋਵਾਹ ਅਤੇ ਯਿਸੂ ਚਾਹੁੰਦੇ ਹਨ ਕਿ ਅਸੀਂ ਖ਼ੁਸ਼ ਰਹੀਏ। ਪਰ ਖ਼ੁਸ਼ ਰਹਿਣ ਜਾ ਰਾਜ਼ ਕੀ ਹੈ? ਜ਼ਬੂਰ 119:2 ਵਿਚ ਜ਼ਬੂਰਾਂ ਦੇ ਲਿਖਾਰੀ ਨੇ ਕਿਹਾ: “ਖ਼ੁਸ਼ ਹਨ ਉਹ ਜਿਹੜੇ ਉਸ ਦੀਆਂ ਨਸੀਹਤਾਂ ਮੰਨਦੇ ਹਨ, ਜਿਹੜੇ ਪੂਰੇ ਦਿਲ ਨਾਲ ਉਸ ਦੀ ਤਲਾਸ਼ ਕਰਦੇ ਹਨ।” ਯਿਸੂ ਨੇ ਵੀ ਕਿਹਾ: “ਧੰਨ ਉਹ ਹਨ ਜਿਹੜੇ ਪਰਮੇਸ਼ੁਰ ਦਾ ਬਚਨ ਸੁਣਦੇ ਅਤੇ ਇਸ ਅਨੁਸਾਰ ਚੱਲਦੇ ਹਨ!”​—ਲੂਕਾ 11:28.

2 ਜੀ ਹਾਂ, ਯਹੋਵਾਹ ਦੇ ਸੇਵਕਾਂ ਕੋਲ ਖ਼ੁਸ਼ ਰਹਿਣ ਦੇ ਬਹੁਤ ਸਾਰੇ ਕਾਰਨ ਹਨ। ਪਰ ਇਨ੍ਹਾਂ ਵਿੱਚੋਂ ਇਕ ਅਹਿਮ ਕਾਰਨ ਇਹ ਹੈ ਕਿ ਅਸੀਂ ਪਰਮੇਸ਼ੁਰ ਦੇ ਬਚਨ ਨੂੰ ਪੜ੍ਹਦੇ ਅਤੇ ਸਿੱਖੀਆਂ ਗੱਲਾਂ ਮੁਤਾਬਕ ਚੱਲਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ।​—ਯਾਕੂਬ 1:22-25 ਪੜ੍ਹੋ।

3. ਪਰਮੇਸ਼ੁਰ ਦੇ ਬਚਨ ਉੱਤੇ ਚੱਲਣ ਕਰਕੇ ਸਾਨੂੰ ਕਿਹੜੇ ਫ਼ਾਇਦੇ ਹੁੰਦੇ ਹਨ?

3 ਪਰਮੇਸ਼ੁਰ ਦੇ “ਬਚਨ ਉੱਤੇ ਚੱਲਣ” ਕਰਕੇ ਸਾਨੂੰ ਬਹੁਤ ਸਾਰੇ ਫ਼ਾਇਦੇ ਹੁੰਦੇ ਹਨ। ਸਭ ਤੋਂ ਪਹਿਲਾਂ ਤਾਂ ਸਾਨੂੰ ਇਸ ਗੱਲ ਤੋਂ ਖ਼ੁਸ਼ੀ ਮਿਲਦੀ ਹੈ ਕਿ ਬਾਈਬਲ ਵਿਚ ਦਰਜ ਗੱਲਾਂ ਮੰਨ ਕੇ ਅਸੀਂ ਯਹੋਵਾਹ ਦਾ ਦਿਲ ਖ਼ੁਸ਼ ਕਰ ਰਹੇ ਹੁੰਦੇ ਹਾਂ। (ਉਪ. 12:13) ਨਾਲੇ ਬਾਈਬਲ ਵਿਚ ਦਿੱਤੀਆਂ ਸਲਾਹਾਂ ਮੰਨਣ ਕਰਕੇ ਸਾਡੇ ਪਰਿਵਾਰ ਵਿਚ ਸੁੱਖ-ਸ਼ਾਂਤੀ ਬਣੀ ਰਹਿੰਦੀ ਹੈ ਅਤੇ ਮੰਡਲੀ ਦੇ ਭੈਣਾਂ-ਭਰਾਵਾਂ ਨਾਲ ਸਾਡਾ ਵਧੀਆ ਰਿਸ਼ਤਾ ਬਣਿਆ ਰਹਿੰਦਾ ਹੈ। ਤੁਸੀਂ ਵੀ ਇਹ ਗੱਲ ਆਪਣੀ ਜ਼ਿੰਦਗੀ ਵਿਚ ਸੱਚ ਸਾਬਤ ਹੁੰਦੀ ਦੇਖੀ ਹੋਣੀ। ਇਸ ਤੋਂ ਇਲਾਵਾ, ਅਸੀਂ ਉਨ੍ਹਾਂ ਮੁਸ਼ਕਲਾਂ ਤੋਂ ਬਚੇ ਰਹਿੰਦੇ ਹਾਂ ਜਿਹੜੀਆਂ ਪਰਮੇਸ਼ੁਰ ਦਾ ਕਹਿਣਾ ਨਾ ਮੰਨਣ ਵਾਲੇ ਲੋਕਾਂ ʼਤੇ ਆਉਂਦੀਆਂ ਹਨ। ਰਾਜਾ ਦਾਊਦ ਨੇ ਬਿਲਕੁਲ ਸਹੀ ਕਿਹਾ ਸੀ ਕਿ ਪਰਮੇਸ਼ੁਰ ਦੇ ਕਾਨੂੰਨ ਅਤੇ ਹੁਕਮ “ਮੰਨਣ ਨਾਲ ਵੱਡਾ ਇਨਾਮ ਮਿਲਦਾ ਹੈ।”​—ਜ਼ਬੂ. 19:7-11.

4. ਪਰਮੇਸ਼ੁਰ ਦੇ ਬਚਨ ਮੁਤਾਬਕ ਚੱਲਣਾ ਔਖਾ ਕਿਉਂ ਹੋ ਸਕਦਾ ਹੈ?

4 ਪਰਮੇਸ਼ੁਰ ਦੇ ਬਚਨ ਮੁਤਾਬਕ ਚੱਲਣ ਲਈ ਜ਼ਰੂਰੀ ਹੈ ਕਿ ਅਸੀਂ ਹਰ ਰੋਜ਼ ਬਾਈਬਲ ਪੜ੍ਹੀਏ ਅਤੇ ਇਸ ਦਾ ਅਧਿਐਨ ਕਰੀਏ। ਇਸ ਤਰ੍ਹਾਂ ਅਸੀਂ ਸਮਝ ਸਕਾਂਗੇ ਕਿ ਯਹੋਵਾਹ ਸਾਡੇ ਤੋਂ ਕੀ ਚਾਹੁੰਦਾ ਹੈ। ਪਰ ਸਾਡੇ ਕੋਲ ਪੂਰੇ ਦਿਨ ਦੌਰਾਨ ਬਹੁਤ ਸਾਰੇ ਕੰਮ ਕਰਨ ਨੂੰ ਹੁੰਦੇ ਹਨ। ਇਸ ਲਈ ਹਰ ਰੋਜ਼ ਬਾਈਬਲ ਪੜ੍ਹਨੀ ਸੌਖੀ ਨਹੀਂ ਹੁੰਦੀ। ਇਸ ਲਈ ਸਾਨੂੰ ਸਮਾਂ ਕੱਢਣਾ ਪਵੇਗਾ। ਇਸ ਲੇਖ ਵਿਚ ਅਸੀਂ ਕੁਝ ਸੁਝਾਵਾਂ ʼਤੇ ਗੌਰ ਕਰਾਂਗੇ ਕਿ ਹਰ ਰੋਜ਼ ਬਾਈਬਲ ਪੜ੍ਹਨ ਵਿਚ ਕਿਹੜੀਆਂ ਗੱਲਾਂ ਸਾਡੀ ਮਦਦ ਕਰ ਸਕਦੀਆਂ ਹਨ। ਅਸੀਂ ਇਹ ਵੀ ਦੇਖਾਂਗੇ ਕਿ ਅਸੀਂ ਕਿਵੇਂ ਪੜ੍ਹੀਆਂ ਗੱਲਾਂ ʼਤੇ ਗਹਿਰਾਈ ਨਾਲ ਸੋਚ-ਵਿਚਾਰ ਕਰ ਸਕਦੇ ਹਾਂ ਅਤੇ ਆਪਣੀ ਜ਼ਿੰਦਗੀ ਵਿਚ ਲਾਗੂ ਕਰ ਸਕਦੇ ਹਾਂ।

ਬਾਈਬਲ ਪੜ੍ਹਨ ਲਈ ਇਕ ਸਮਾਂ ਤੈਅ ਕਰੋ

5. ਕਿਹੜੇ ਕੰਮ ਕਰਨ ਵਿਚ ਸਾਡਾ ਕਾਫ਼ੀ ਸਮਾਂ ਲੱਗ ਜਾਂਦਾ ਹੈ?

5 ਯਹੋਵਾਹ ਦੇ ਸਾਰੇ ਸੇਵਕਾਂ ਕੋਲ ਬਹੁਤ ਸਾਰੇ ਕੰਮ ਕਰਨ ਨੂੰ ਹੁੰਦੇ ਹਨ। ਮਿਸਾਲ ਲਈ, ਸਾਡੇ ਵਿੱਚੋਂ ਜ਼ਿਆਦਾਤਰ ਭੈਣ-ਭਰਾ ਆਪਣੀਆਂ ਅਤੇ ਆਪਣੇ ਪਰਿਵਾਰ ਦੀਆਂ ਲੋੜਾਂ ਪੂਰੀਆਂ ਕਰਨ ਲਈ ਕੰਮ-ਕਾਰ ਕਰਦੇ ਹਨ। (1 ਤਿਮੋ. 5:8) ਕੁਝ ਭੈਣ-ਭਰਾ ਆਪਣੇ ਬੀਮਾਰ ਜਾਂ ਸਿਆਣੀ ਉਮਰ ਦੇ ਮਾਪਿਆਂ ਜਾਂ ਰਿਸ਼ਤੇਦਾਰਾਂ ਦੀ ਦੇਖ-ਭਾਲ ਕਰਦੇ ਹਨ। ਸਾਨੂੰ ਸਾਰਿਆਂ ਨੂੰ ਆਪਣੀ ਸਿਹਤ ਦਾ ਵੀ ਖ਼ਿਆਲ ਰੱਖਣਾ ਪੈਂਦਾ ਹੈ। ਇਸ ਤੋਂ ਇਲਾਵਾ, ਸਾਡੇ ਕੋਲ ਮੰਡਲੀ ਵਿਚ ਵੀ ਕਈ ਜ਼ਿੰਮੇਵਾਰੀਆਂ ਹੁੰਦੀਆਂ ਹਨ। ਨਾਲੇ ਅਸੀਂ ਸਾਰੇ ਜਣੇ ਇਕ ਜ਼ਰੂਰੀ ਕੰਮ ਵਿਚ ਵੀ ਲੱਗੇ ਰਹਿੰਦੇ ਹਾਂ, ਉਹ ਹੈ ਜੋਸ਼ ਨਾਲ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨਾ। ਇਨ੍ਹਾਂ ਸਾਰੇ ਕੰਮਾਂ ਅਤੇ ਜ਼ਿੰਮੇਵਾਰੀਆਂ ਨੂੰ ਪੂਰਾ ਕਰਨ ਵਿਚ ਕਾਫ਼ੀ ਸਮਾਂ ਲੱਗਦਾ ਹੈ। ਤਾਂ ਫਿਰ ਅਸੀਂ ਹਰ ਰੋਜ਼ ਬਾਈਬਲ ਪੜ੍ਹਨ, ਪੜ੍ਹੀਆਂ ਗੱਲਾਂ ʼਤੇ ਮਨਨ ਕਰਨ ਅਤੇ ਇਨ੍ਹਾਂ ਮੁਤਾਬਕ ਚੱਲਣ ਲਈ ਸਮਾਂ ਕਿਵੇਂ ਕੱਢ ਸਕਦੇ ਹਾਂ?

6. ਹਰ ਰੋਜ਼ ਬਾਈਬਲ ਪੜ੍ਹਨ ਲਈ ਤੁਸੀਂ ਕੀ ਕਰ ਸਕਦੇ ਹੋ? (ਤਸਵੀਰ ਵੀ ਦੇਖੋ।)

6 ਸਾਡੇ ਮਸੀਹੀਆਂ ਲਈ ਹਰ ਰੋਜ਼ ਬਾਈਬਲ ਪੜ੍ਹਨੀ ਬਹੁਤ ਜ਼ਰੂਰੀ ਹੈ ਕਿਉਂਕਿ ਇਹ “ਜ਼ਿਆਦਾ ਜ਼ਰੂਰੀ ਗੱਲਾਂ” ਵਿੱਚੋਂ ਇਕ ਹੈ। (ਫ਼ਿਲਿ. 1:10) ਜ਼ਬੂਰਾਂ ਦੇ ਇਕ ਲਿਖਾਰੀ ਨੇ ਦੱਸਿਆ ਕਿ ਖ਼ੁਸ਼ ਇਨਸਾਨ ਨੂੰ “ਯਹੋਵਾਹ ਦੇ ਕਾਨੂੰਨ ਤੋਂ ਖ਼ੁਸ਼ੀ ਹੁੰਦੀ ਹੈ ਅਤੇ ਉਹ ਦਿਨ-ਰਾਤ ਉਸ ਦਾ ਕਾਨੂੰਨ ਧੀਮੀ ਆਵਾਜ਼ ਵਿਚ ਪੜ੍ਹਦਾ ਹੈ।” (ਜ਼ਬੂ. 1:1, 2) ਇਸ ਤੋਂ ਪਤਾ ਲੱਗਦਾ ਹੈ ਕਿ ਸਾਨੂੰ ਹਰ ਰੋਜ਼ ਬਾਈਬਲ ਪੜ੍ਹਨ ਲਈ ਸਮਾਂ ਕੱਢਣਾ ਚਾਹੀਦਾ ਹੈ। ਤੁਹਾਡੇ ਲਈ ਬਾਈਬਲ ਪੜ੍ਹਨ ਦਾ ਸਭ ਤੋਂ ਵਧੀਆ ਸਮਾਂ ਕਿਹੜਾ ਹੈ? ਸ਼ਾਇਦ ਸਾਡੇ ਸਾਰਿਆਂ ਦਾ ਜਵਾਬ ਅਲੱਗ-ਅਲੱਗ ਹੋਵੇ। ਪਰ ਜ਼ਰੂਰੀ ਇਹ ਹੈ ਕਿ ਤੁਸੀਂ ਇਕ ਅਜਿਹਾ ਸਮਾਂ ਤੈਅ ਕਰੋ ਜਿਸ ਸਮੇਂ ʼਤੇ ਤੁਸੀਂ ਹਰ ਰੋਜ਼ ਬਾਈਬਲ ਪੜ੍ਹ ਸਕੋ। ਭਰਾ ਵਿਕਟਰ ਦੱਸਦਾ ਹੈ: “ਮੈਨੂੰ ਸਵੇਰੇ-ਸਵੇਰੇ ਬਾਈਬਲ ਪੜ੍ਹਨੀ ਪਸੰਦ ਹੈ। ਵੈਸੇ ਤਾਂ ਮੈਨੂੰ ਸਵੇਰੇ ਜਲਦੀ ਉੱਠਣਾ ਪਸੰਦ ਨਹੀਂ ਹੈ, ਪਰ ਮੈਂ ਸਵੇਰੇ ਇਸ ਲਈ ਬਾਈਬਲ ਪੜ੍ਹਦਾ ਹਾਂ ਕਿਉਂਕਿ ਉਸ ਵੇਲੇ ਮੈਂ ਪੂਰਾ ਧਿਆਨ ਲਗਾ ਸਕਦਾ ਹਾਂ ਅਤੇ ਮੇਰੇ ਆਲੇ-ਦੁਆਲੇ ਧਿਆਨ ਭਟਕਾਉਣ ਵਾਲੀਆਂ ਚੀਜ਼ਾਂ ਘੱਟ ਹੀ ਹੁੰਦੀਆਂ ਹਨ।” ਸ਼ਾਇਦ ਤੁਹਾਡੇ ਲਈ ਵੀ ਸਵੇਰੇ ਬਾਈਬਲ ਪੜ੍ਹਨੀ ਵਧੀਆ ਰਹਿੰਦੀ ਹੋਣੀ। ਜੇ ਨਹੀਂ, ਤਾਂ ਖ਼ੁਦ ਤੋਂ ਪੁੱਛੋ, ‘ਮੇਰੇ ਲਈ ਬਾਈਬਲ ਪੜ੍ਹਨ ਦਾ ਸਭ ਤੋਂ ਵਧੀਆ ਸਮਾਂ ਕਿਹੜਾ ਹੈ?’

ਹਰ ਰੋਜ਼ ਬਾਈਬਲ ਪੜ੍ਹਨ ਦਾ ਸਭ ਤੋਂ ਵਧੀਆ ਸਮਾਂ ਕਿਹੜਾ ਹੈ? (ਪੈਰਾ 6 ਦੇਖੋ)


ਪੜ੍ਹੀਆਂ ਗੱਲਾਂ ʼਤੇ ਸੋਚ-ਵਿਚਾਰ ਕਰੋ

7-8. ਜੇ ਅਸੀਂ ਬਾਈਬਲ ਤੋਂ ਪੂਰਾ ਫ਼ਾਇਦਾ ਪਾਉਣਾ ਚਾਹੁੰਦੇ ਹਾਂ, ਤਾਂ ਅਸੀਂ ਕੀ ਨਹੀਂ ਕਰਾਂਗੇ? ਸਮਝਾਓ।

7 ਬਾਈਬਲ ਪੜ੍ਹਨ ਲਈ ਸਮਾਂ ਤੈਅ ਕਰਨ ਦੇ ਨਾਲ-ਨਾਲ ਤੁਹਾਨੂੰ ਕੁਝ ਹੋਰ ਵੀ ਕਰਨ ਦੀ ਲੋੜ ਹੈ। ਕੀ ਤੁਹਾਡੇ ਨਾਲ ਕਦੀ ਇੱਦਾਂ ਹੋਇਆ ਕਿ ਤੁਸੀਂ ਕੁਝ ਪੜ੍ਹਿਆ, ਪਰ ਥੋੜ੍ਹੇ ਸਮੇਂ ਬਾਅਦ ਹੀ ਤੁਸੀਂ ਉਹ ਗੱਲ ਭੁੱਲ ਗਏ? ਸਾਡੇ ਸਾਰਿਆਂ ਨਾਲ ਇੱਦਾਂ ਹੁੰਦਾ ਹੈ। ਬਾਈਬਲ ਪੜ੍ਹਨ ਤੋਂ ਬਾਅਦ ਵੀ ਇੱਦਾਂ ਹੋ ਸਕਦਾ ਹੈ। ਸ਼ਾਇਦ ਅਸੀਂ ਟੀਚਾ ਰੱਖਿਆ ਹੋਵੇ ਕਿ ਅਸੀਂ ਹਰ ਰੋਜ਼ ਬਾਈਬਲ ਦੇ ਕੁਝ ਅਧਿਆਇ ਪੜ੍ਹਾਂਗੇ। ਇੱਦਾਂ ਕਰਨਾ ਵਧੀਆ ਵੀ ਹੈ। ਸਾਨੂੰ ਟੀਚੇ ਰੱਖਣੇ ਚਾਹੀਦੇ ਹਨ ਅਤੇ ਉਨ੍ਹਾਂ ਨੂੰ ਹਾਸਲ ਕਰਨ ਦੀ ਵੀ ਕੋਸ਼ਿਸ਼ ਕਰਨੀ ਚਾਹੀਦੀ ਹੈ। (1 ਕੁਰਿੰ. 9:26) ਪਰ ਬਾਈਬਲ ਪੜ੍ਹਨੀ ਸਿਰਫ਼ ਇਕ ਸ਼ੁਰੂਆਤ ਹੈ। ਜੇ ਅਸੀਂ ਪਰਮੇਸ਼ੁਰ ਦੇ ਬਚਨ ਤੋਂ ਪੂਰਾ ਫ਼ਾਇਦਾ ਪਾਉਣਾ ਚਾਹੁੰਦੇ ਹਾਂ, ਤਾਂ ਸਾਨੂੰ ਕੁਝ ਹੋਰ ਵੀ ਕਰਨਾ ਪੈਣਾ।

8 ਜ਼ਰਾ ਇਕ ਉਦਾਹਰਣ ʼਤੇ ਧਿਆਨ ਦਿਓ। ਮੀਂਹ ਪੇੜ-ਪੌਦਿਆਂ ਲਈ ਬਹੁਤ ਜ਼ਰੂਰੀ ਹੈ। ਪਰ ਜੇ ਥੋੜ੍ਹੇ ਹੀ ਸਮੇਂ ਵਿਚ ਜ਼ਿਆਦਾ ਮੀਂਹ ਪੈ ਜਾਵੇ, ਤਾਂ ਕੀ ਹੋਵੇਗਾ? ਜ਼ਮੀਨ ਜ਼ਿਆਦਾ ਗਿੱਲੀ ਹੋ ਜਾਵੇਗੀ ਅਤੇ ਸਾਰੇ ਪਾਸੇ ਚਿੱਕੜ ਹੋ ਜਾਵੇਗਾ। ਇਸ ਕਰਕੇ ਮੀਂਹ ਦਾ ਕੋਈ ਫ਼ਾਇਦਾ ਨਹੀਂ ਹੋਵੇਗਾ। ਪਰ ਜਦੋਂ ਹਲਕਾ-ਹਲਕਾ ਮੀਂਹ ਪੈਂਦਾ ਹੈ, ਤਾਂ ਜ਼ਮੀਨ ਨੂੰ ਮੀਂਹ ਦਾ ਪਾਣੀ ਸੋਖਣ ਲਈ ਸਮਾਂ ਮਿਲ ਜਾਂਦਾ ਹੈ ਅਤੇ ਇਸ ਨਾਲ ਪੇੜ-ਪੌਦੇ ਵਧ ਪਾਉਂਦੇ ਹਨ। ਇਸੇ ਤਰ੍ਹਾਂ ਬਾਈਬਲ ਤੋਂ ਪੂਰਾ ਫ਼ਾਇਦਾ ਪਾਉਣ ਲਈ ਸਾਨੂੰ ਇਸ ਨੂੰ ਕਾਹਲੀ ਵਿਚ ਨਹੀਂ ਪੜ੍ਹਨਾ ਚਾਹੀਦਾ। ਨਹੀਂ ਤਾਂ ਅਸੀਂ ਇਸ ਦੀਆਂ ਗੱਲਾਂ ਨੂੰ ਸੋਖ ਨਹੀਂ ਸਕਾਂਗੇ ਮਤਲਬ ਅਸੀਂ ਜੋ ਪੜ੍ਹ ਰਹੇ ਹਾਂ, ਉਸ ਨੂੰ ਸਮਝ ਨਹੀਂ ਸਕਾਂਗੇ ਅਤੇ ਨਾ ਹੀ ਯਾਦ ਰੱਖ ਸਕਾਂਗੇ।​—ਯਾਕੂ. 1:24.

ਜਿਸ ਤਰ੍ਹਾਂ ਜ਼ਮੀਨ ਨੂੰ ਮੀਂਹ ਦਾ ਪਾਣੀ ਸੋਖਣ ਲਈ ਸਮਾਂ ਚਾਹੀਦਾ ਹੁੰਦਾ ਹੈ ਤਾਂਕਿ ਪੇੜ-ਪੌਦੇ ਵਧ ਸਕਣ, ਉਸੇ ਤਰ੍ਹਾਂ ਸਾਨੂੰ ਸਮਾਂ ਕੱਢ ਕੇ ਪੜ੍ਹੀਆਂ ਗੱਲਾਂ ʼਤੇ ਸੋਚ-ਵਿਚਾਰ ਕਰਨਾ ਅਤੇ ਸਿੱਖੀਆਂ ਗੱਲਾਂ ਨੂੰ ਲਾਗੂ ਕਰਨਾ ਚਾਹੀਦਾ ਹੈ (ਪੈਰਾ 8 ਦੇਖੋ)


9. ਜੇ ਤੁਸੀਂ ਕਾਹਲੀ ਵਿਚ ਬਾਈਬਲ ਪੜ੍ਹਦੇ ਹੋ, ਤਾਂ ਤੁਸੀਂ ਕੀ ਕਰ ਸਕਦੇ ਹੋ?

9 ਕੀ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਕਾਹਲੀ-ਕਾਹਲੀ ਬਾਈਬਲ ਪੜ੍ਹਦੇ ਹੋ? ਜੇ ਹਾਂ, ਤਾਂ ਤੁਸੀਂ ਕੀ ਕਰ ਸਕਦੇ ਹੋ? ਤੁਸੀਂ ਹੌਲੀ-ਹੌਲੀ ਬਾਈਬਲ ਪੜ੍ਹ ਸਕਦੇ ਹੋ ਤਾਂਕਿ ਤੁਸੀਂ ਪੜ੍ਹੀਆਂ ਗੱਲਾਂ ʼਤੇ ਸੋਚ-ਵਿਚਾਰ ਕਰ ਸਕੋ। ਜਾਂ ਫਿਰ ਤੁਸੀਂ ਬਾਈਬਲ ਪੜ੍ਹਨ ਤੋਂ ਬਾਅਦ ਉਨ੍ਹਾਂ ਗੱਲਾਂ ʼਤੇ ਮਨਨ ਕਰ ਸਕਦੇ ਹੋ। ਪਰ ਜੇ ਤੁਹਾਨੂੰ ਇੱਦਾਂ ਕਰਨਾ ਮੁਸ਼ਕਲ ਲੱਗਦਾ ਹੈ, ਤਾਂ ਘਬਰਾਓ ਨਾ। ਮਨਨ ਕਰਨਾ ਕੋਈ ਔਖਾ ਕੰਮ ਨਹੀਂ ਹੈ। ਮਨਨ ਕਰਨ ਲਈ ਤੁਸੀਂ ਕੀ ਕਰ ਸਕਦੇ ਹੋ? ਤੁਸੀਂ ਅਧਿਐਨ ਕਰਨ ਤੋਂ ਬਾਅਦ ਥੋੜ੍ਹਾ ਸਮਾਂ ਕੱਢ ਸਕਦੇ ਹੋ ਤਾਂਕਿ ਤੁਸੀਂ ਪੜ੍ਹੀਆਂ ਗੱਲਾਂ ਬਾਰੇ ਸੋਚ ਸਕੋ। ਜਾਂ ਫਿਰ ਤੁਸੀਂ ਕੁਝ ਹੀ ਆਇਤਾਂ ਪੜ੍ਹ ਸਕਦੇ ਹੋ ਤਾਂਕਿ ਬਾਕੀ ਸਮਾਂ ਉਨ੍ਹਾਂ ʼਤੇ ਸੋਚ-ਵਿਚਾਰ ਕਰਨ ਵਿਚ ਲਾ ਸਕੋ। ਭਰਾ ਵਿਕਟਰ ਕਹਿੰਦਾ ਹੈ: “ਮੈਂ ਅਕਸਰ ਬਾਈਬਲ ਦਾ ਇਕ ਹੀ ਅਧਿਆਇ ਪੜ੍ਹਦਾ ਹਾਂ। ਮੈਂ ਇਸ ਨੂੰ ਸਵੇਰੇ ਜਲਦੀ ਉੱਠ ਕੇ ਪੜ੍ਹਦਾ ਹਾਂ। ਇਸ ਤਰ੍ਹਾਂ ਮੈਂ ਦਿਨ ਦੌਰਾਨ ਪੜ੍ਹੀਆਂ ਗੱਲਾਂ ʼਤੇ ਸੋਚ-ਵਿਚਾਰ ਕਰ ਸਕਦਾ ਹਾਂ।” ਚਾਹੇ ਤੁਸੀਂ ਘੱਟ ਆਇਤਾਂ ਪੜ੍ਹੋ ਜਾਂ ਜ਼ਿਆਦਾ, ਪਰ ਜ਼ਰੂਰੀ ਇਹ ਹੈ ਕਿ ਤੁਸੀਂ ਆਰਾਮ ਨਾਲ ਪੜ੍ਹੋ ਤਾਂਕਿ ਤੁਸੀਂ ਪੜ੍ਹੀਆਂ ਗੱਲਾਂ ਤੋਂ ਪੂਰਾ ਫ਼ਾਇਦਾ ਲੈ ਸਕੋ।​—ਜ਼ਬੂ. 119:97; “ ਸੋਚ-ਵਿਚਾਰ ਕਰਨ ਲਈ ਸਵਾਲ” ਨਾਂ ਦੀ ਡੱਬੀ ਦੇਖੋ।

10. ਪੜ੍ਹੀਆਂ ਗੱਲਾਂ ਮੁਤਾਬਕ ਚੱਲਣ ਲਈ ਤੁਸੀਂ ਕੀ ਕਰ ਸਕਦੇ ਹੋ? ਇਕ ਮਿਸਾਲ ਦਿਓ। (1 ਥੱਸਲੁਨੀਕੀਆਂ 5:17, 18)

10 ਇਹ ਗੱਲ ਮਾਅਨੇ ਨਹੀਂ ਰੱਖਦੀ ਕਿ ਤੁਸੀਂ ਕਦੋਂ ਤੇ ਕਿੰਨੇ ਸਮੇਂ ਲਈ ਬਾਈਬਲ ਪੜ੍ਹਦੇ ਹੋ, ਸਗੋਂ ਇਹ ਗੱਲ ਜ਼ਿਆਦਾ ਮਾਅਨੇ ਰੱਖਦੀ ਹੈ ਕਿ ਤੁਸੀਂ ਪੜ੍ਹੀਆਂ ਗੱਲਾਂ ਅਨੁਸਾਰ ਚੱਲੋ। ਬਾਈਬਲ ਦਾ ਕੁਝ ਹਿੱਸਾ ਪੜ੍ਹਨ ਤੋਂ ਬਾਅਦ ਖ਼ੁਦ ਨੂੰ ਪੁੱਛੋ, ‘ਮੈਂ ਇਸ ਆਇਤ ਨੂੰ ਹੁਣ ਜਾਂ ਆਉਣ ਵਾਲੇ ਸਮੇਂ ਵਿਚ ਕਿਵੇਂ ਲਾਗੂ ਕਰ ਸਕਦਾ ਹਾਂ?’ ਆਓ ਇਕ ਮਿਸਾਲ ʼਤੇ ਗੌਰ ਕਰੀਏ ਅਤੇ ਦੇਖੀਏ ਕਿ ਅਸੀਂ ਇਹ ਕਿਵੇਂ ਕਰ ਸਕਦੇ ਹਾਂ। ਮੰਨ ਲਓ, ਤੁਸੀਂ 1 ਥੱਸਲੁਨੀਕੀਆਂ 5:17, 18 ਪੜ੍ਹ ਰਹੇ ਹੋ। (ਪੜ੍ਹੋ।) ਇਨ੍ਹਾਂ ਆਇਤਾਂ ਨੂੰ ਪੜ੍ਹਨ ਤੋਂ ਬਾਅਦ ਥੋੜ੍ਹਾ ਰੁਕੋ ਅਤੇ ਸੋਚੋ ਕਿ ਮੈਂ ਕਿੰਨੀ ਵਾਰ ਪ੍ਰਾਰਥਨਾ ਕਰਦਾ ਹਾਂ ਅਤੇ ਕਿੰਨੀ ਗਹਿਰਾਈ ਨਾਲ ਪ੍ਰਾਰਥਨਾ ਕਰਦਾ ਹਾਂ। ਤੁਸੀਂ ਉਨ੍ਹਾਂ ਗੱਲਾਂ ਬਾਰੇ ਸੋਚ ਸਕਦੇ ਹੋ ਜਿਨ੍ਹਾਂ ਲਈ ਤੁਸੀਂ ਯਹੋਵਾਹ ਦੇ ਸ਼ੁਕਰਗੁਜ਼ਾਰ ਹੋ। ਤੁਸੀਂ ਘੱਟੋ-ਘੱਟ ਤਿੰਨ ਗੱਲਾਂ ਬਾਰੇ ਸੋਚ ਸਕਦੇ ਹੋ ਜਿਨ੍ਹਾਂ ਲਈ ਤੁਸੀਂ ਯਹੋਵਾਹ ਦਾ ਧੰਨਵਾਦ ਕਰਨਾ ਚਾਹੁੰਦੇ ਹੋ। ਸੋਚੋ ਕਿ ਇੱਦਾਂ ਕਰਨ ਨਾਲ ਤੁਹਾਨੂੰ ਕਿੰਨਾ ਫ਼ਾਇਦਾ ਹੋਵੇਗਾ! ਜੇ ਤੁਸੀਂ ਹਰ ਰੋਜ਼ ਬਾਈਬਲ ਦੀਆਂ ਪੜ੍ਹੀਆਂ ਗੱਲਾਂ ʼਤੇ ਸੋਚ-ਵਿਚਾਰ ਕਰੋਗੇ, ਤਾਂ ਸਮੇਂ ਦੇ ਬੀਤਣ ਨਾਲ ਤੁਸੀਂ ਯਹੋਵਾਹ ਦੇ ਹੋਰ ਵੀ ਚੰਗੇ ਸੇਵਕ ਬਣ ਜਾਓਗੇ। ਪਰ ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਬਹੁਤ ਸਾਰੀਆਂ ਗੱਲਾਂ ਵਿਚ ਸੁਧਾਰ ਕਰਨ ਦੀ ਲੋੜ ਹੈ, ਤਾਂ ਤੁਸੀਂ ਕੀ ਕਰ ਸਕਦੇ ਹੋ?

ਛੋਟੇ-ਛੋਟੇ ਟੀਚੇ ਰੱਖੋ

11. ਬਾਈਬਲ ਪੜ੍ਹਦਿਆਂ ਕਦੀ-ਕਦੀ ਸਾਨੂੰ ਕੀ ਲੱਗ ਸਕਦਾ ਹੈ? ਇਕ ਉਦਾਹਰਣ ਦਿਓ।

11 ਜਦੋਂ ਤੁਸੀਂ ਬਾਈਬਲ ਪੜ੍ਹਦੇ ਹੋ ਅਤੇ ਸੋਚ-ਵਿਚਾਰ ਕਰਦੇ ਹੋ, ਤਾਂ ਸ਼ਾਇਦ ਤੁਹਾਨੂੰ ਅਹਿਸਾਸ ਹੋਵੇ ਕਿ ਇੱਦਾਂ ਦੀਆਂ ਬਹੁਤ ਸਾਰੀਆਂ ਗੱਲਾਂ ਹਨ ਜਿਨ੍ਹਾਂ ਵਿਚ ਤੁਹਾਨੂੰ ਸੁਧਾਰ ਕਰਨ ਦੀ ਲੋੜ ਹੈ। ਉਸ ਸਮੇਂ ਕੀ ਹੋ ਸਕਦਾ ਹੈ? ਤੁਸੀਂ ਸ਼ਾਇਦ ਪਰੇਸ਼ਾਨ ਹੋ ਜਾਓ। ਇਸ ਗੱਲ ਨੂੰ ਸਮਝਣ ਲਈ ਆਓ ਆਪਾਂ ਇਕ ਉਦਾਹਰਣ ʼਤੇ ਗੌਰ ਕਰੀਏ। ਮੰਨ ਲਓ ਤੁਸੀਂ ਯਾਕੂਬ ਦੀ ਕਿਤਾਬ ਪੜ੍ਹਦੇ ਹੋ। ਪਹਿਲੇ ਦਿਨ ਤੁਸੀਂ ਪੜ੍ਹਦੇ ਹੋ ਕਿ ਮਸੀਹੀਆਂ ਨੂੰ ਪੱਖਪਾਤ ਨਹੀਂ ਕਰਨਾ ਚਾਹੀਦਾ। (ਯਾਕੂ. 2:1-8) ਤੁਸੀਂ ਸੋਚਣ ਲੱਗਦੇ ਹੋ, ‘ਮੈਨੂੰ ਇਸ ਮਾਮਲੇ ਵਿਚ ਸੁਧਾਰ ਕਰਨ ਦੀ ਲੋੜ ਹੈ ਕਿਉਂਕਿ ਮੈਂ ਕਦੇ-ਕਦੇ ਦੂਜਿਆਂ ਨਾਲ ਚੰਗੀ ਤਰ੍ਹਾਂ ਪੇਸ਼ ਨਹੀਂ ਆਉਂਦਾ।’ ਇੱਦਾਂ ਸੋਚਣਾ ਵਧੀਆ ਗੱਲ ਹੈ। ਫਿਰ ਦੂਸਰੇ ਦਿਨ ਤੁਸੀਂ ਪੜ੍ਹਦੇ ਹੋ ਕਿ ਮਸੀਹੀਆਂ ਨੂੰ ਆਪਣੀ ਜ਼ਬਾਨ ʼਤੇ ਕਾਬੂ ਰੱਖਣਾ ਚਾਹੀਦਾ ਹੈ। (ਯਾਕੂ. 3:1-12) ਤੁਸੀਂ ਸੋਚਣ ਲੱਗਦੇ ਹੋ, ‘ਕਦੇ-ਕਦੇ ਮੈਂ ਦੂਜਿਆਂ ਨੂੰ ਇੱਦਾਂ ਦਾ ਕੁਝ ਕਹਿ ਦਿੰਦਾ ਹਾਂ ਜਿਸ ਕਰਕੇ ਉਨ੍ਹਾਂ ਨੂੰ ਬੁਰਾ ਲੱਗਦਾ ਹੈ। ਇਸ ਲਈ ਹੁਣ ਤੋਂ ਮੈਂ ਹੌਸਲਾ ਵਧਾਉਣ ਵਾਲੀਆਂ ਗੱਲਾਂ ਕਹਾਂਗਾ।’ ਤੀਸਰੇ ਦਿਨ ਤੁਸੀਂ ਪੜ੍ਹਦੇ ਹੋ ਕਿ ਪਰਮੇਸ਼ੁਰ ਦੇ ਸੇਵਕਾਂ ਨੂੰ ਦੁਨੀਆਂ ਨਾਲ ਦੋਸਤੀ ਨਹੀਂ ਕਰਨੀ ਚਾਹੀਦੀ। (ਯਾਕੂ. 4:4-12) ਤੁਸੀਂ ਸੋਚਦੇ ਹੋ, ‘ਮੈਨੂੰ ਇਸ ਗੱਲ ʼਤੇ ਧਿਆਨ ਦੇਣਾ ਚਾਹੀਦਾ ਹੈ ਕਿ ਮੈਂ ਕਿੱਦਾਂ ਦਾ ਮਨੋਰੰਜਨ ਕਰਦਾ ਹਾਂ।’ ਚੌਥੇ ਦਿਨ ਤਕ ਤੁਸੀਂ ਸ਼ਾਇਦ ਸੋਚੋ, ‘ਮੈਨੂੰ ਤਾਂ ਇੰਨੀਆਂ ਸਾਰੀਆਂ ਗੱਲਾਂ ਵਿਚ ਸੁਧਾਰ ਕਰਨ ਦੀ ਲੋੜ ਹੈ। ਮੈਂ ਇਹ ਕਿੱਦਾਂ ਕਰਾਂਗਾ?’

12. ਜੇ ਤੁਹਾਨੂੰ ਅਹਿਸਾਸ ਹੁੰਦਾ ਹੈ ਕਿ ਤੁਹਾਨੂੰ ਆਪਣੇ ਵਿਚ ਬਹੁਤ ਸਾਰੇ ਸੁਧਾਰ ਕਰਨ ਦੀ ਲੋੜ ਹੈ, ਤਾਂ ਤੁਹਾਨੂੰ ਨਿਰਾਸ਼ ਕਿਉਂ ਨਹੀਂ ਹੋਣਾ ਚਾਹੀਦਾ? (ਫੁਟਨੋਟ ਵੀ ਦੇਖੋ।)

12 ਜੇ ਤੁਹਾਨੂੰ ਅਹਿਸਾਸ ਹੁੰਦਾ ਹੈ ਕਿ ਤੁਹਾਨੂੰ ਆਪਣੇ ਅੰਦਰ ਬਹੁਤ ਸਾਰੇ ਸੁਧਾਰ ਕਰਨ ਦੀ ਲੋੜ ਹੈ, ਤਾਂ ਨਿਰਾਸ਼ ਨਾ ਹੋਵੋ। ਇਹ ਅਹਿਸਾਸ ਦਿਖਾਉਂਦਾ ਹੈ ਕਿ ਤੁਸੀਂ ਨਿਮਰ ਹੋ ਅਤੇ ਸਹੀ ਇਰਾਦੇ ਨਾਲ ਬਾਈਬਲ ਪੜ੍ਹਦੇ ਹੋ। ਅਜਿਹਾ ਵਿਅਕਤੀ ਬਾਈਬਲ ਪੜ੍ਹ ਕੇ ਇਹ ਸੋਚਦਾ ਹੈ ਕਿ ਉਸ ਨੂੰ ਆਪਣੇ ਵਿਚ ਕਿੱਥੇ ਬਦਲਾਅ ਕਰਨ ਦੀ ਲੋੜ ਹੈ। a ਯਾਦ ਰੱਖੋ ਕਿ ‘ਨਵਾਂ ਸੁਭਾਅ’ ਪਹਿਨਣ ਲਈ ਤੁਹਾਨੂੰ ਲਗਾਤਾਰ ਆਪਣੇ ਵਿਚ ਸੁਧਾਰ ਕਰਦੇ ਰਹਿਣ ਦੀ ਲੋੜ ਹੈ। (ਕੁਲੁ. 3:10) ਪਰਮੇਸ਼ੁਰ ਦੇ ਬਚਨ ਮੁਤਾਬਕ ਚੱਲਣ ਵਿਚ ਹੋਰ ਕਿਹੜੀ ਗੱਲ ਤੁਹਾਡੀ ਮਦਦ ਕਰ ਸਕਦੀ ਹੈ?

13. ਪੜ੍ਹੀਆਂ ਗੱਲਾਂ ਨੂੰ ਲਾਗੂ ਕਰਨ ਦਾ ਇਕ ਵਧੀਆ ਤਰੀਕਾ ਕਿਹੜਾ ਹੈ? (ਤਸਵੀਰ ਵੀ ਦੇਖੋ।)

13 ਸਾਰੀਆਂ ਪੜ੍ਹੀਆਂ ਗੱਲਾਂ ਨੂੰ ਇੱਕੋ ਵਾਰ ਲਾਗੂ ਕਰਨ ਦੀ ਬਜਾਇ ਛੋਟੇ-ਛੋਟੇ ਟੀਚੇ ਰੱਖੋ। ਕਿਉਂ ਨਾ ਇਕ ਜਾਂ ਦੋ ਗੱਲਾਂ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕਰੋ। (ਕਹਾ. 11:2) ਕਿਉਂ ਨਾ ਤੁਸੀਂ ਉਨ੍ਹਾਂ ਗੱਲਾਂ ਨੂੰ ਲਿਖ ਲਓ ਜਿਨ੍ਹਾਂ ਵਿਚ ਤੁਹਾਨੂੰ ਸੁਧਾਰ ਕਰਨ ਦੀ ਲੋੜ ਹੈ। ਫਿਰ ਦੇਖੋ ਕਿ ਤੁਹਾਨੂੰ ਪਹਿਲਾਂ ਕਿਹੜੀਆਂ ਇਕ ਜਾਂ ਦੋ ਚੀਜ਼ਾਂ ਵਿਚ ਸੁਧਾਰ ਕਰਨ ਦੀ ਲੋੜ ਹੈ ਅਤੇ ਬਾਕੀ ਦੀਆਂ ਚੀਜ਼ਾਂ ਬਾਅਦ ਲਈ ਰੱਖ ਲਓ। ਪਰ ਸਵਾਲ ਇਹ ਹੈ ਕਿ ਤੁਸੀਂ ਪਹਿਲਾਂ ਕਿਸ ਮਾਮਲੇ ਵਿਚ ਸੁਧਾਰ ਕਰੋਗੇ।

ਸਾਰੀਆਂ ਪੜ੍ਹੀਆਂ ਗੱਲਾਂ ਨੂੰ ਇੱਕੋ ਵਾਰ ਲਾਗੂ ਕਰਨ ਦੀ ਬਜਾਇ ਕਿਉਂ ਨਾ ਛੋਟੇ-ਛੋਟੇ ਟੀਚੇ ਰੱਖੋ? ਇਕ ਜਾਂ ਦੋ ਗੱਲਾਂ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕਰੋ (ਪੈਰੇ 13-14 ਦੇਖੋ)


14. ਤੁਸੀਂ ਸਭ ਤੋਂ ਪਹਿਲਾਂ ਕਿਸ ਮਾਮਲੇ ਵਿਚ ਸੁਧਾਰ ਕਰ ਸਕਦੇ ਹੋ?

14 ਸ਼ਾਇਦ ਤੁਸੀਂ ਕਿਸੇ ਅਜਿਹੇ ਮਾਮਲੇ ਵਿਚ ਸੁਧਾਰ ਕਰਨ ਬਾਰੇ ਸੋਚ ਸਕਦੇ ਹੋ ਜੋ ਤੁਹਾਡੇ ਲਈ ਸੌਖਾ ਹੋਵੇ। ਜਾਂ ਤੁਸੀਂ ਅਜਿਹੇ ਮਾਮਲੇ ਵਿਚ ਸੁਧਾਰ ਕਰਨ ਬਾਰੇ ਸੋਚ ਸਕਦੇ ਹੋ ਜੋ ਤੁਹਾਨੂੰ ਜ਼ਿਆਦਾ ਜ਼ਰੂਰੀ ਲੱਗੇ। ਇਹ ਫ਼ੈਸਲਾ ਕਰਨ ਤੋਂ ਬਾਅਦ ਕਿ ਤੁਸੀਂ ਕਿਸ ਮਾਮਲੇ ਵਿਚ ਸੁਧਾਰ ਕਰਨਾ ਹੈ, ਤੁਸੀਂ ਉਸ ਬਾਰੇ ਸਾਡੇ ਪ੍ਰਕਾਸ਼ਨਾਂ ਵਿੱਚੋਂ ਖੋਜਬੀਨ ਕਰ ਸਕਦੇ ਹੋ। ਜੇ ਤੁਸੀਂ ਚਾਹੋ, ਤਾਂ ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ ਜਾਂ ਯਹੋਵਾਹ ਦੇ ਗਵਾਹਾਂ ਲਈ ਰਿਸਰਚ ਬਰੋਸ਼ਰ ਤੋਂ ਇਸ ਬਾਰੇ ਖੋਜਬੀਨ ਕਰ ਸਕਦੇ ਹੋ। ਨਾਲੇ ਯਹੋਵਾਹ ਨੂੰ ਪ੍ਰਾਰਥਨਾ ਕਰੋ ਕਿ ਉਹ ਇਸ ਮਾਮਲੇ ਵਿਚ ਸੁਧਾਰ ਕਰਨ ਲਈ ਤੁਹਾਡੇ ਅੰਦਰ “ਇੱਛਾ ਪੈਦਾ ਕਰਨ ਦੇ ਨਾਲ-ਨਾਲ ਤੁਹਾਨੂੰ ਤਾਕਤ” ਵੀ ਦੇਵੇ। (ਫ਼ਿਲਿ. 2:13) ਫਿਰ ਸੁਧਾਰ ਕਰਨ ਲਈ ਜ਼ਰੂਰੀ ਕਦਮ ਚੁੱਕੋ। ਜਦੋਂ ਤੁਸੀਂ ਇਕ ਮਾਮਲੇ ਵਿਚ ਸੁਧਾਰ ਕਰ ਲੈਂਦੇ ਹੋ, ਤਾਂ ਤੁਹਾਡਾ ਮਨ ਕਰੇਗਾ ਕਿ ਤੁਸੀਂ ਦੂਸਰੇ ਮਾਮਲਿਆਂ ਵਿਚ ਵੀ ਸੁਧਾਰ ਕਰੋ। ਸੱਚ ਤਾਂ ਇਹ ਹੈ ਕਿ ਜਦੋਂ ਅਸੀਂ ਇਕ ਮਾਮਲੇ ਵਿਚ ਸੁਧਾਰ ਕਰਦੇ ਹਾਂ ਜਾਂ ਆਪਣੇ ਅੰਦਰ ਕੋਈ ਗੁਣ ਵਧਾਉਂਦੇ ਹਾਂ, ਤਾਂ ਸਾਡੇ ਲਈ ਦੂਸਰੇ ਮਾਮਲਿਆਂ ਵਿਚ ਸੁਧਾਰ ਕਰਨਾ ਹੋਰ ਵੀ ਸੌਖਾ ਹੋ ਜਾਂਦਾ ਹੈ।

ਪਰਮੇਸ਼ੁਰ ਦੇ ਬਚਨ ਨੂੰ ਖ਼ੁਦ ʼਤੇ “ਪ੍ਰਭਾਵ” ਪਾਉਣ ਦਿਓ

15. ਬਾਈਬਲ ਪੜ੍ਹਨ ਦੇ ਮਾਮਲੇ ਵਿਚ ਯਹੋਵਾਹ ਦੇ ਲੋਕ ਦੁਨੀਆਂ ਦੇ ਲੋਕਾਂ ਨਾਲੋਂ ਕਿੱਦਾਂ ਵੱਖਰੇ ਹਨ? (1 ਥੱਸਲੁਨੀਕੀਆਂ 2:13)

15 ਕੁਝ ਲੋਕ ਕਹਿੰਦੇ ਹਨ ਕਿ ਉਨ੍ਹਾਂ ਨੇ ਬਹੁਤ ਵਾਰ ਬਾਈਬਲ ਪੜ੍ਹੀ ਹੈ। ਪਰ ਕੀ ਉਹ ਸੱਚੀ ਬਾਈਬਲ ਵਿਚ ਲਿਖੀਆਂ ਗੱਲਾਂ ʼਤੇ ਨਿਹਚਾ ਕਰਦੇ ਹਨ ਅਤੇ ਉਨ੍ਹਾਂ ਮੁਤਾਬਕ ਜ਼ਿੰਦਗੀ ਜੀਉਂਦੇ ਹਨ? ਦੁੱਖ ਦੀ ਗੱਲ ਹੈ ਕਿ ਜ਼ਿਆਦਾਤਰ ਲੋਕ ਇੱਦਾਂ ਨਹੀਂ ਕਰਦੇ। ਪਰ ਯਹੋਵਾਹ ਦੇ ਲੋਕ ਦੁਨੀਆਂ ਦੇ ਲੋਕਾਂ ਨਾਲੋਂ ਬਹੁਤ ਵੱਖਰੇ ਹਨ। ਪਹਿਲੀ ਸਦੀ ਦੇ ਮਸੀਹੀਆਂ ਵਾਂਗ ਅਸੀਂ ਬਾਈਬਲ ਨੂੰ ‘ਪਰਮੇਸ਼ੁਰ ਦਾ ਬਚਨ ਸਮਝ ਕੇ ਕਬੂਲ ਕਰਦੇ ਹਾਂ ਜੋ ਕਿ ਸੱਚ-ਮੁੱਚ ਹੈ।’ ਨਾਲੇ ਅਸੀਂ ਬਾਈਬਲ ਵਿਚ ਲਿਖੀਆਂ ਗੱਲਾਂ ਨੂੰ ਆਪਣੀ ਜ਼ਿੰਦਗੀ ਵਿਚ ਲਾਗੂ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਹਾਂ।​—1 ਥੱਸਲੁਨੀਕੀਆਂ 2:13 ਪੜ੍ਹੋ।

16. ਅਸੀਂ ਪਰਮੇਸ਼ੁਰ ਦੇ ਬਚਨ ʼਤੇ ਚੱਲਣ ਵਾਲੇ ਕਿੱਦਾਂ ਬਣ ਸਕਦੇ ਹਾਂ?

16 ਪਰਮੇਸ਼ੁਰ ਦਾ ਬਚਨ ਪੜ੍ਹਨਾ ਅਤੇ ਇਸ ਮੁਤਾਬਕ ਚੱਲਣਾ ਹਮੇਸ਼ਾ ਸੌਖਾ ਨਹੀਂ ਹੁੰਦਾ। ਸ਼ਾਇਦ ਅਸੀਂ ਬਾਈਬਲ ਪੜ੍ਹਨ ਲਈ ਸਮਾਂ ਨਾ ਕੱਢ ਸਕੀਏ। ਜਾਂ ਸ਼ਾਇਦ ਅਸੀਂ ਬਾਈਬਲ ਤਾਂ ਪੜ੍ਹੀਏ, ਪਰ ਕਾਹਲੀ-ਕਾਹਲੀ। ਇਸ ਕਰਕੇ ਹੋ ਸਕਦਾ ਹੈ ਕਿ ਅਸੀਂ ਇਸ ʼਤੇ ਗਹਿਰਾਈ ਨਾਲ ਸੋਚ-ਵਿਚਾਰ ਨਾ ਕਰ ਸਕੀਏ। ਇਹ ਵੀ ਹੋ ਸਕਦਾ ਹੈ ਕਿ ਅਸੀਂ ਇਹ ਸੋਚ ਕੇ ਪਰੇਸ਼ਾਨ ਹੋ ਜਾਈਏ ਕਿ ਸਾਨੂੰ ਬਹੁਤ ਸਾਰੇ ਮਾਮਲਿਆਂ ਵਿਚ ਸੁਧਾਰ ਕਰਨ ਦੀ ਲੋੜ ਹੈ। ਇਹ ਸਾਰੀਆਂ ਗੱਲਾਂ ਸ਼ਾਇਦ ਸਾਨੂੰ ਪਹਾੜ ਵਰਗੀਆਂ ਲੱਗਣ। ਪਰ ਯਹੋਵਾਹ ਦੀ ਮਦਦ ਨਾਲ ਅਸੀਂ ਇਹ ਕਰ ਸਕਦੇ ਹਾਂ। ਆਓ ਆਪਾਂ ਪਰਮੇਸ਼ੁਰ ਦੇ ਬਚਨ ਦੀ ਸਲਾਹ ਮੰਨੀਏ ਅਤੇ ਇਸ ʼਤੇ ਚੱਲਣ ਵਾਲੇ ਬਣੀਏ, ਨਾ ਕਿ ਸੁਣ ਕੇ ਭੁੱਲ ਜਾਣ ਵਾਲੇ। ਯਾਦ ਰੱਖੋ, ਅਸੀਂ ਜਿੰਨਾ ਜ਼ਿਆਦਾ ਪਰਮੇਸ਼ੁਰ ਦਾ ਬਚਨ ਪੜ੍ਹਾਂਗੇ ਅਤੇ ਇਸ ਮੁਤਾਬਕ ਚੱਲਾਂਗੇ, ਅਸੀਂ ਉੱਨਾ ਜ਼ਿਆਦਾ ਖ਼ੁਸ਼ ਰਹਾਂਗੇ।​—ਯਾਕੂ. 1:25.

ਗੀਤ 94 ਪਰਮੇਸ਼ੁਰ ਦੀ ਬਾਣੀ ਲਈ ਅਹਿਸਾਨਮੰਦ