Skip to content

Skip to table of contents

ਅਪਰਾਧ ਦੀ ਜ਼ਿੰਦਗੀ ਛੱਡ ਕੇ ਇਕ ਆਸ਼ਾ ਭਰੀ ਜ਼ਿੰਦਗੀ ਦੀ ਸ਼ੁਰੂਆਤ

ਅਪਰਾਧ ਦੀ ਜ਼ਿੰਦਗੀ ਛੱਡ ਕੇ ਇਕ ਆਸ਼ਾ ਭਰੀ ਜ਼ਿੰਦਗੀ ਦੀ ਸ਼ੁਰੂਆਤ

ਅਪਰਾਧ ਦੀ ਜ਼ਿੰਦਗੀ ਛੱਡ ਕੇ ਇਕ ਆਸ਼ਾ ਭਰੀ ਜ਼ਿੰਦਗੀ ਦੀ ਸ਼ੁਰੂਆਤ

ਕੌਸਟਾ ਕੂਲਾਪੀਸ ਦੀ ਜ਼ਬਾਨੀ

ਜੇਲ੍ਹ ਦੀ ਗੰਦੀ ਚਾਰ-ਦੀਵਾਰੀ ਵੱਲ ਦੇਖਦੇ ਹੋਏ ਮੈਂ ਮਨ ਹੀ ਮਨ ਵਿਚ ਠਾਣ ਲਿਆ ਕਿ ਮੈਂ ਕਿਸੇ ਨਾ ਕਿਸੇ ਤਰੀਕੇ ਨਾਲ ਬਹੁਤ ਸਾਰੇ ਪੈਸੇ ਇਕੱਠੇ ਕਰਾਂਗਾ, ਤਾਂਕਿ ਮੈਂ ਇਸ ਅਪਰਾਧ ਦੀ ਦੁਨੀਆਂ ਵਿੱਚੋਂ ਨਿਕਲ ਕੇ ਇਕ ਨਵੀਂ ਜ਼ਿੰਦਗੀ ਸ਼ੁਰੂ ਕਰ ਸਕਾਂ।

ਜੇਲ੍ਹ ਵਿਚ ਬੈਠਿਆਂ ਮੈਂ ਆਪਣੇ ਆਪ ਨੂੰ ਬੜਾ ਹੀ ਦੁਖੀ ਤੇ ਇਕੱਲਾ ਮਹਿਸੂਸ ਕਰ ਰਿਹਾ ਸੀ। ਮੈਂ ਸੋਚ ਰਿਹਾ ਸੀ ਕਿ ਪਿਛਲੇ ਇਕ ਸਾਲ ਵਿਚ ਹੀ ਮੇਰੇ 11 ਦੋਸਤ ਮਰ ਚੁੱਕੇ ਸਨ। ਇਕ ਨੂੰ ਕਤਲ ਦੇ ਇਲਜ਼ਾਮ ਵਿਚ ਫਾਂਸੀ ਦੀ ਸਜ਼ਾ ਦਿੱਤੀ ਗਈ ਸੀ, ਦੂਸਰੇ ਨੇ ਕਤਲ ਦੇ ਇਲਜ਼ਾਮ ਉੱਤੇ ਮੁਕੱਦਮਾ ਚੱਲਣ ਤੋਂ ਪਹਿਲਾਂ ਹੀ ਆਤਮ-ਹੱਤਿਆ ਕਰ ਲਈ ਸੀ, ਤਿੰਨ ਜਣਿਆਂ ਦੀ ਜ਼ਿਆਦਾ ਨਸ਼ੀਲੀਆਂ ਦਵਾਈਆਂ ਲੈਣ ਨਾਲ ਮੌਤ ਹੋ ਗਈ ਸੀ, ਦੋ ਜਣਿਆਂ ਨੂੰ ਸੜਕ ਉੱਤੇ ਹੋਈ ਲੜਾਈ ਵਿਚ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ ਸੀ ਅਤੇ ਚਾਰ ਜਣੇ ਕਾਰ ਹਾਦਸੇ ਵਿਚ ਮਾਰੇ ਗਏ ਸਨ। ਇਸ ਤੋਂ ਇਲਾਵਾ, ਮੇਰੇ ਕਈ ਹੋਰ ਦੋਸਤ ਸੰਗੀਨ ਜੁਰਮ ਦੇ ਦੋਸ਼ ਵਿਚ ਅਲੱਗ-ਅਲੱਗ ਜੇਲ੍ਹਾਂ ਵਿਚ ਸਜ਼ਾ ਭੁਗਤ ਰਹੇ ਸਨ।

ਇਸ ਲਈ ਮੈਂ ਉਸ ਹਨੇਰੀ ਕੋਠੜੀ ਵਿਚ ਬੈਠਿਆਂ, ਬੇਹੱਦ ਨਿਰਾਸ਼ਾ ਵਿਚ ਪਰਮੇਸ਼ੁਰ ਨੂੰ ਪ੍ਰਾਰਥਨਾ ਕੀਤੀ ਕਿ ਉਹ ਭਾਵੇਂ ਜੋ ਵੀ ਹੈ, ਉਹ ਮੈਨੂੰ ਇਸ ਅਪਰਾਧ ਦੀ ਦੁਨੀਆਂ ਵਿੱਚੋਂ ਨਿਕਲਣ ਦਾ ਰਾਹ ਦਿਖਾਵੇ। ਕਾਫ਼ੀ ਸਮਾਂ ਬੀਤ ਜਾਣ ਮਗਰੋਂ ਮੈਨੂੰ ਆਪਣੀ ਪ੍ਰਾਰਥਨਾ ਦਾ ਜਵਾਬ ਮਿਲਿਆ। ਪਰ ਉਸ ਵੇਲੇ ਮੈਂ ਇਸ ਇਲਜ਼ਾਮ ਵਿਚ ਜੇਲ੍ਹ ਵਿਚ ਸਾਂ ਕਿ ਮੈਂ ਗੰਭੀਰ ਜਿਸਮਾਨੀ ਨੁਕਸਾਨ ਪਹੁੰਚਾਉਣ ਦੇ ਇਰਾਦੇ ਨਾਲ ਦੋ ਵਿਅਕਤੀਆਂ ਉੱਤੇ ਹਮਲਾ ਕੀਤਾ ਸੀ। ਸਰਕਾਰੀ ਵਕੀਲ ਨੇ ਮੇਰੇ ਨਾਲ ਸਮਝੌਤਾ ਕੀਤਾ ਕਿ ਜੇਕਰ ਮੈਂ ਇਕ ਘੱਟ ਗੰਭੀਰ ਦੋਸ਼ ਨੂੰ ਕਬੂਲ ਕਰ ਲਵਾਂ, ਤਾਂ ਮੈਨੂੰ ਘੱਟ ਸਜ਼ਾ ਦਿੱਤੀ ਜਾਵੇਗੀ। ਮੈਂ ਇਹੋ ਹੀ ਕੀਤਾ। ਪਰ ਆਓ ਪਹਿਲਾਂ ਮੈਂ ਤੁਹਾਨੂੰ ਦੱਸਾਂ ਕਿ ਮੈਂ ਇਸ ਮੁਸੀਬਤ ਵਿਚ ਕਿੱਦਾਂ ਪਿਆ।

ਮੇਰਾ ਜਨਮ 1944 ਵਿਚ ਦੱਖਣੀ ਅਫ਼ਰੀਕਾ ਦੇ ਪ੍ਰਿਟੋਰੀਆ ਸ਼ਹਿਰ ਵਿਚ ਹੋਇਆ ਸੀ ਅਤੇ ਮੈਂ ਉੱਥੇ ਹੀ ਵੱਡਾ ਹੋਇਆ। ਮੇਰਾ ਬਚਪਨ ਬੜਾ ਹੀ ਭੈੜਾ ਬੀਤਿਆ। ਪਿਤਾ ਜੀ ਦੇ ਗੁਸੈਲੇ ਸੁਭਾਅ ਕਰਕੇ ਸਾਡੀ ਘਰੇਲੂ ਜ਼ਿੰਦਗੀ ਬਹੁਤ ਹੀ ਦੁਖਦਾਈ ਸੀ। ਉਹ ਅਕਸਰ ਨਸ਼ੇ ਵਿਚ ਚੂਰ ਹੋ ਕੇ ਮਾਰਨ-ਕੁੱਟਣ ਤੇ ਉੱਤਰ ਆਉਂਦੇ ਸਨ। ਉਹ ਪੱਕੇ ਜੁਆਰੀ ਵੀ ਸਨ ਤੇ ਉਨ੍ਹਾਂ ਦੇ ਮੂਡ ਦਾ ਵੀ ਕੋਈ ਭਰੋਸਾ ਨਹੀਂ ਸੀ ਕਿ ਇਹ ਕਦੋਂ ਬਦਲ ਜਾਵੇ। ਉਹ ਸਾਨੂੰ ਅਤੇ ਖ਼ਾਸ ਕਰਕੇ ਮੇਰੇ ਮਾਤਾ ਜੀ ਨੂੰ ਗਾਲਾਂ ਕੱਢਦੇ ਤੇ ਬੁਰੀ ਤਰ੍ਹਾਂ ਨਾਲ ਮਾਰਦੇ-ਕੁੱਟਦੇ ਸਨ। ਰੋਜ਼-ਰੋਜ਼ ਦੇ ਕਲੇਸ਼ ਤੋਂ ਬਚਣ ਲਈ, ਮੈਂ ਘਰੋਂ ਬਾਹਰ ਰਹਿਣ ਲੱਗ ਪਿਆ।

ਅਪਰਾਧ ਦੀ ਦੁਨੀਆਂ ਵਿਚ ਪਹਿਲਾ ਕਦਮ

ਸਿੱਟੇ ਵਜੋਂ, ਮੈਂ ਬਹੁਤ ਛੋਟੀ ਉਮਰ ਵਿਚ ਹੀ ਦੁਨੀਆਂ ਦੇ ਤੌਰ-ਤਰੀਕੇ ਸਿੱਖ ਲਏ। ਮਿਸਾਲ ਲਈ, ਜਦੋਂ ਮੈਂ ਅੱਠਾਂ ਸਾਲਾਂ ਦਾ ਸੀ, ਤਾਂ ਮੈਂ ਦੋ ਸਬਕ ਸਿੱਖੇ। ਪਹਿਲਾ ਸਬਕ ਮੈਂ ਉਦੋਂ ਸਿੱਖਿਆ ਜਦੋਂ ਮੈਂ ਇਕ ਗੁਆਂਢੀ ਦੇ ਘਰੋਂ ਖਿਡੌਣੇ ਚੋਰੀ ਕਰਨ ਤੇ ਫੜਿਆ ਗਿਆ ਸੀ। ਮੇਰੇ ਪਿਤਾ ਜੀ ਨੇ ਮੈਨੂੰ ਚੰਗਾ ਕੁਟਾਪਾ ਚਾੜ੍ਹਿਆ। ਮੈਨੂੰ ਅਜੇ ਵੀ ਉਨ੍ਹਾਂ ਦੇ ਗੁੱਸੇ ਭਰੇ ਲਫ਼ਜ਼ ਯਾਦ ਹਨ: “ਜੇ ਮੈਂ ਦੁਬਾਰਾ ਤੈਨੂੰ ਚੋਰੀ ਕਰਦਿਆਂ ਫੜਿਆ, ਤਾਂ ਮੈਂ ਤੇਰਾ ਗਲਾ ਵੱਢ ਦਿਆਂਗਾ!” ਉਦੋਂ ਹੀ ਮੈਂ ਇਕ ਪੱਕਾ ਇਰਾਦਾ ਕੀਤਾ​—ਇਹ ਨਹੀਂ ਕਿ ਮੈਂ ਹੁਣ ਕਦੀ ਵੀ ਚੋਰੀ ਨਹੀਂ ਕਰਾਂਗਾ, ਪਰ ਇਹ ਕਿ ਮੈਂ ਚੋਰੀ ਕਰਦਿਆਂ ਦੁਬਾਰਾ ਕਦੀ ਵੀ ਫੜਿਆ ਨਹੀਂ ਜਾਵਾਂਗਾ। ਮੈਂ ਮਨ ਹੀ ਮਨ ਵਿਚ ਸੋਚਿਆ, ‘ਅਗਲੀ ਵਾਰ ਮੈਂ ਚੋਰੀ ਦਾ ਸਾਮਾਨ ਲੁਕਾ ਦਿਆਂਗਾ ਤਾਂਕਿ ਮੈਂ ਫੜਿਆ ਨਾ ਜਾਵਾਂ।’

ਦੂਜਾ ਸਬਕ ਜੋ ਮੈਂ ਛੋਟੀ ਉਮਰ ਵਿਚ ਸਿੱਖਿਆ, ਉਹ ਇਸ ਘਟਨਾ ਤੋਂ ਬਿਲਕੁਲ ਵੱਖਰਾ ਸੀ। ਸਕੂਲ ਵਿਚ ਧਰਮ-ਉਪਦੇਸ਼ ਦੀ ਕਲਾਸ ਵਿਚ, ਸਾਡੀ ਅਧਿਆਪਕਾ ਨੇ ਸਾਨੂੰ ਸਿਖਾਇਆ ਕਿ ਪਰਮੇਸ਼ੁਰ ਦਾ ਇਕ ਨਾਂ ਹੈ। ਸਾਨੂੰ ਬੜੀ ਹੈਰਾਨੀ ਹੋਈ ਜਦੋਂ ਉਸ ਨੇ ਦੱਸਿਆ: “ਪਰਮੇਸ਼ੁਰ ਦਾ ਨਾਂ ਯਹੋਵਾਹ ਹੈ ਅਤੇ ਜੇ ਤੁਸੀਂ ਉਸ ਦੇ ਪੁੱਤਰ ਯਿਸੂ ਦੇ ਨਾਂ ਤੇ ਉਸ ਨੂੰ ਪ੍ਰਾਰਥਨਾ ਕਰੋਗੇ, ਤਾਂ ਉਹ ਤੁਹਾਡੀ ਪ੍ਰਾਰਥਨਾ ਜ਼ਰੂਰ ਸੁਣੇਗਾ।” ਇਸ ਗੱਲ ਦਾ ਮੇਰੇ ਮਨ ਤੇ ਬੜਾ ਡੂੰਘਾ ਅਸਰ ਪਿਆ, ਪਰ ਫਿਰ ਵੀ ਮੈਂ ਅਪਰਾਧ ਦੀ ਖਾਈ ਵਿਚ ਡਿੱਗਦਾ ਚਲਾ ਗਿਆ। ਅਸਲ ਵਿਚ, ਜਦੋਂ ਮੈਂ ਹਾਈ ਸਕੂਲ ਵਿਚ ਪੜ੍ਹਦਾ ਸੀ, ਉਦੋਂ ਮੈਂ ਦੁਕਾਨਾਂ ਤੋਂ ਚੀਜ਼ਾਂ ਚੋਰੀ ਕਰਨ ਅਤੇ ਘਰਾਂ ਵਿਚ ਸੰਨ੍ਹ ਲਾਉਣ ਵਿਚ ਮਾਹਰ ਹੋ ਚੁੱਕਾ ਸੀ। ਸਕੂਲ ਵਿਚ ਮੇਰੇ ਦੋਸਤਾਂ ਨੇ ਗ਼ਲਤ ਰਾਹ ਨੂੰ ਛੱਡਣ ਵਿਚ ਮੇਰੀ ਕੋਈ ਮਦਦ ਨਾ ਕੀਤੀ, ਕਿਉਂਕਿ ਉਹ ਖ਼ੁਦ ਹੀ ਵੱਖ-ਵੱਖ ਜੁਰਮ ਕਰਨ ਕਰਕੇ ਬਾਲ-ਅਪਰਾਧੀਆਂ ਨੂੰ ਸੁਧਾਰਨ ਵਾਲੇ ਸਕੂਲਾਂ ਵਿਚ ਰਹਿ ਚੁੱਕੇ ਸਨ।

ਜਿਉਂ-ਜਿਉਂ ਸਾਲ ਬੀਤਦੇ ਗਏ, ਤਿਉਂ-ਤਿਉਂ ਮੈਂ ਇਕ ਪੱਕਾ ਅਪਰਾਧੀ ਬਣਦਾ ਗਿਆ। ਵੀਹਾਂ ਸਾਲਾਂ ਦਾ ਹੋਣ ਤੋਂ ਪਹਿਲਾਂ ਹੀ ਮੈਂ ਅਕਸਰ ਸੜਕਾਂ ਤੇ ਲੋਕਾਂ ਨੂੰ ਲੁੱਟਦਾ, ਘਰਾਂ ਵਿਚ ਸੰਨ੍ਹ ਲਾਉਂਦਾ, ਕਾਰਾਂ ਚੋਰੀ ਕਰਦਾ ਅਤੇ ਲੋਕਾਂ ਤੇ ਹਿੰਸਕ ਹਮਲੇ ਕਰਦਾ ਹੁੰਦਾ ਸੀ। ਮੈਂ ਤਕਨੀਕੀ ਹਾਈ ਸਕੂਲ ਵਿਚ ਪਹਿਲਾ ਸਾਲ ਵੀ ਪੂਰਾ ਨਾ ਕਰ ਸਕਿਆ, ਕਿਉਂਕਿ ਮੈਂ ਜ਼ਿਆਦਾਤਰ ਸਮਾਂ ਜੂਏਖ਼ਾਨਿਆਂ ਤੇ ਸ਼ਰਾਬਖ਼ਾਨਿਆਂ ਵਿਚ ਹੀ ਬਿਤਾਉਂਦਾ ਹੁੰਦਾ ਸੀ ਅਤੇ ਦਲਾਲਾਂ, ਵੇਸਵਾਵਾਂ ਤੇ ਕਈ ਅਪਰਾਧੀ ਅਨਸਰਾਂ ਲਈ ਕੰਮ ਕਰਦਾ ਹੁੰਦਾ ਸੀ।

ਮੈਂ ਅਕਸਰ ਅਜਿਹੇ ਪੱਕੇ ਮੁਜਰਮਾਂ ਨਾਲ ਉੱਠਦਾ-ਬੈਠਦਾ ਸੀ ਜੋ ਆਪਣੇ ਨਾਲ ਗੱਦਾਰੀ ਕਰਨ ਵਾਲਿਆਂ ਦੇ ਹੱਥ-ਪੈਰ ਭੰਨਣ ਤੋਂ ਉੱਕਾ ਵੀ ਨਹੀਂ ਕਤਰਾਉਂਦੇ ਸਨ। ਮੈਂ ਜਲਦੀ ਹੀ ਇਹ ਸਿੱਖ ਲਿਆ ਕਿ ਆਪਣਾ ਮੂੰਹ ਬੰਦ ਰੱਖਣ ਅਤੇ ਆਪਣੇ ਕਾਰਨਾਮਿਆਂ ਬਾਰੇ ਸ਼ੇਖ਼ੀ ਨਾ ਮਾਰਨ ਜਾਂ ਪੈਸਿਆਂ ਦਾ ਦਿਖਾਵਾ ਨਾ ਕਰਨ ਵਿਚ ਹੀ ਮੇਰੀ ਭਲਾਈ ਸੀ। ਨਹੀਂ ਤਾਂ ਪੁਲਸ ਚੁਕੰਨੀ ਹੋ ਜਾਂਦੀ ਕਿ ਕਿਧਰੇ ਨਾ ਕਿਧਰੇ ਤਾਂ ਚੋਰੀ ਹੋਈ ਹੈ ਤੇ ਫਿਰ ਉਹ ਆ ਕੇ ਮੇਰੇ ਤੋਂ ਪੁੱਛ-ਗਿੱਛ ਕਰਦੀ। ਨਾਲੇ ਇਹ ਵੀ ਹੋ ਸਕਦਾ ਸੀ ਕਿ ਦੂਸਰੇ ਮੁਜਰਮ ਵੀ ਘਰ ਆ ਟਪਕਣ, ਤਾਂਕਿ ਉਹ ਵੀ ਲੁੱਟ ਦੇ ਮਾਲ ਵਿੱਚੋਂ ਕੁਝ ਹਿੱਸਾ ਲੈ ਸਕਣ।

ਪਰ ਇੰਨੀ ਸਾਵਧਾਨੀ ਵਰਤਣ ਦੇ ਬਾਵਜੂਦ ਵੀ, ਕਦੀ-ਕਦੀ ਮੈਂ ਕਿਸੇ ਅਪਰਾਧ ਦੇ ਸੰਬੰਧ ਵਿਚ ਪੁਲਸ ਦੀਆਂ ਨਜ਼ਰਾਂ ਵਿਚ ਆ ਹੀ ਜਾਂਦਾ ਸੀ। ਪਰ ਮੈਂ ਇਸ ਗੱਲ ਦਾ ਹਮੇਸ਼ਾ ਧਿਆਨ ਰੱਖਦਾ ਸੀ ਕਿ ਮੇਰੇ ਕੋਲ ਅਜਿਹਾ ਕੁਝ ਵੀ ਨਾ ਹੋਵੇ ਜਿਸ ਕਰਕੇ ਪੁਲਸ ਮੈਨੂੰ ਗਿਰਫ਼ਤਾਰ ਕਰ ਸਕੇ। ਇਕ ਵਾਰ ਸਵੇਰੇ ਤਿੰਨ ਵਜੇ ਪੁਲਸ ਨੇ ਸਾਡੇ ਘਰ ਛਾਪਾ ਮਾਰਿਆ। ਉਨ੍ਹਾਂ ਨੇ ਮੇਰੇ ਘਰ ਦੀ ਦੋ ਵਾਰੀ ਤਲਾਸ਼ੀ ਲਈ ਕਿਉਂਕਿ ਉਹ ਬਿਜਲੀ ਦੇ ਸਾਮਾਨ ਦੀ ਭਾਲ ਕਰ ਰਹੇ ਸਨ ਜਿਹੜਾ ਉਸੇ ਸ਼ਹਿਰ ਦੇ ਇਕ ਥੋਕ-ਵਪਾਰੀ ਦੇ ਗੋਦਾਮ ਵਿੱਚੋਂ ਚੋਰੀ ਹੋਇਆ ਸੀ। ਪਰ ਉਨ੍ਹਾਂ ਨੂੰ ਕੁਝ ਨਾ ਲੱਭਾ। ਪੁਲਸ ਮੈਨੂੰ ਥਾਣੇ ਲੈ ਗਈ ਤੇ ਮੇਰੀਆਂ ਉਂਗਲਾਂ ਦੇ ਨਿਸ਼ਾਨ ਲੈਣ ਮਗਰੋਂ ਮੈਨੂੰ ਛੱਡ ਦਿੱਤਾ।

ਨਸ਼ੀਲੀਆਂ ਦਵਾਈਆਂ ਦਾ ਧੰਦਾ

ਬਾਰਾਂ ਸਾਲ ਦੀ ਉਮਰ ਤੋਂ ਹੀ ਮੈਂ ਦਿਮਾਗ਼ ਤੇ ਅਸਰ ਕਰਨ ਵਾਲੀਆਂ ਨਸ਼ੀਲੀਆਂ ਦਵਾਈਆਂ ਲੈਣੀਆਂ ਸ਼ੁਰੂ ਕਰ ਦਿੱਤੀਆਂ। ਇਸ ਦਾ ਮੇਰੀ ਸਿਹਤ ਤੇ ਬਹੁਤ ਮਾੜਾ ਅਸਰ ਪਿਆ ਅਤੇ ਕਈ ਵਾਰ ਤਾਂ ਮੈਂ ਹੱਦੋਂ ਵੱਧ ਨਸ਼ੀਲੀਆਂ ਦਵਾਈਆਂ ਲੈਣ ਕਰਕੇ ਮਰਦੇ-ਮਰਦੇ ਬਚਿਆ ਸਾਂ। ਥੋੜ੍ਹੇ ਸਮੇਂ ਬਾਅਦ ਮੇਰੀ ਜਾਣ-ਪਛਾਣ ਇਕ ਡਾਕਟਰ ਨਾਲ ਹੋਈ ਜਿਸ ਦਾ ਵੱਡੇ-ਵੱਡੇ ਅਪਰਾਧੀਆਂ ਨਾਲ ਗੂੜ੍ਹਾ ਸੰਬੰਧ ਸੀ। ਉਸ ਦੀ ਬਦੌਲਤ ਹੀ ਮੈਂ ਨਸ਼ੀਲੀਆਂ ਦਵਾਈਆਂ ਦਾ ਧੰਦਾ ਕਰਨ ਲੱਗ ਪਿਆ। ਮੈਨੂੰ ਜਲਦੀ ਹੀ ਇਹ ਪਤਾ ਲੱਗ ਗਿਆ ਕਿ ਥੋੜ੍ਹੇ ਜਿਹੇ ਵਪਾਰੀਆਂ ਨੂੰ ਨਸ਼ੀਲੀਆਂ ਦਵਾਈਆਂ ਮੁਹੱਈਆ ਕਰਨ ਵਿਚ ਮੇਰੇ ਲਈ ਘੱਟ ਖ਼ਤਰਾ ਸੀ, ਕਿਉਂਕਿ ਇਸ ਤਰ੍ਹਾਂ ਕਰਨ ਨਾਲ ਮੈਂ ਪੁਲਸ ਦੀਆਂ ਨਜ਼ਰਾਂ ਤੋਂ ਦੂਰ ਰਹਿ ਸਕਦਾ ਸੀ, ਜਦ ਕਿ ਖ਼ਤਰੇ ਦਾ ਕੰਮ ਦੂਸਰੇ ਕਰਨਗੇ।

ਮੈਨੂੰ ਇਹ ਦੱਸਦੇ ਹੋਏ ਬੜਾ ਅਫ਼ਸੋਸ ਹੁੰਦਾ ਹੈ ਕਿ ਜਿਨ੍ਹਾਂ ਲੋਕਾਂ ਨੂੰ ਮੈਂ ਨਸ਼ੀਲੀਆਂ ਦਵਾਈਆਂ ਵੇਚਦਾ ਹੁੰਦਾ ਸੀ, ਉਨ੍ਹਾਂ ਵਿੱਚੋਂ ਕਈਆਂ ਨੇ ਹੱਦੋਂ ਵੱਧ ਨਸ਼ਾ ਕਰਨ ਕਰਕੇ ਆਪਣੀ ਜਾਨ ਗੁਆ ਲਈ। ਹੋਰਨਾਂ ਨੇ ਨਸ਼ੇ ਵਿਚ ਘੋਰ ਅਪਰਾਧ ਕੀਤੇ। ਮੇਰੇ ਇਕ “ਦੋਸਤ” ਨੇ ਇਕ ਉੱਘੇ ਡਾਕਟਰ ਦਾ ਕਤਲ ਕਰ ਦਿੱਤਾ। ਇਸ ਦੀ ਖ਼ਬਰ ਦੇਸ਼ ਦੀਆਂ ਸਾਰੀਆਂ ਅਖ਼ਬਾਰਾਂ ਵਿਚ ਛਪੀ। ਉਸ ਨੇ ਇਸ ਕਤਲ ਦਾ ਇਲਜ਼ਾਮ ਮੇਰੇ ਸਿਰ ਤੇ ਲਾਉਣ ਦੀ ਕੋਸ਼ਿਸ਼ ਕੀਤੀ ਅਤੇ ਪੁਲਸ ਮੈਨੂੰ ਫੜਨ ਲਈ ਮੇਰੇ ਘਰ ਆ ਪਹੁੰਚੀ। ਪਰ ਮੈਨੂੰ ਤਾਂ ਇਸ ਘਟਨਾ ਬਾਰੇ ਪਤਾ ਤਕ ਨਹੀਂ ਸੀ। ਫਿਰ ਵੀ, ਵੱਖੋ-ਵੱਖਰੇ ਅਪਰਾਧਾਂ ਦੇ ਸੰਬੰਧ ਵਿਚ ਪੁਲਸ ਅਕਸਰ ਮੇਰੇ ਕੋਲੋਂ ਪੁੱਛ-ਗਿੱਛ ਕਰਦੀ ਰਹਿੰਦੀ ਸੀ।

ਪਰ ਇਕ ਦਿਨ ਮੈਂ ਇਕ ਬਹੁਤ ਹੀ ਵੱਡੀ ਗ਼ਲਤੀ ਕਰ ਬੈਠਾ। ਪੂਰਾ ਹਫ਼ਤਾ ਨਸ਼ੀਲੀਆਂ ਦਵਾਈਆਂ ਲੈਣ ਤੇ ਸ਼ਰਾਬ ਪੀਣ ਮਗਰੋਂ ਮੇਰੀ ਕਿਸੇ ਗੱਲ ਤੇ ਦੋ ਬੰਦਿਆਂ ਨਾਲ ਹੱਥੋ-ਪਾਈ ਹੋ ਗਈ ਤੇ ਮੈਂ ਉਨ੍ਹਾਂ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ। ਅਗਲੀ ਸਵੇਰ ਉਨ੍ਹਾਂ ਨੇ ਮੇਰੀ ਸ਼ਨਾਖਤ ਕੀਤੀ ਕਿ ਮੈਂ ਹੀ ਉਨ੍ਹਾਂ ਤੇ ਹਮਲਾ ਕੀਤਾ ਸੀ। ਇਸ ਲਈ ਪੁਲਸ ਨੇ ਇਸ ਦੋਸ਼ ਵਿਚ ਮੈਨੂੰ ਗਿਰਫ਼ਤਾਰ ਕਰ ਲਿਆ ਕਿ ਮੈਂ ਗੰਭੀਰ ਜਿਸਮਾਨੀ ਨੁਕਸਾਨ ਪਹੁੰਚਾਉਣ ਦੇ ਇਰਾਦੇ ਨਾਲ ਉਨ੍ਹਾਂ ਬੰਦਿਆਂ ਉੱਤੇ ਹਮਲਾ ਕੀਤਾ ਸੀ। ਇਸੇ ਕਰਕੇ ਮੈਂ ਜੇਲ੍ਹ ਵਿਚ ਸਾਂ।

ਅਮੀਰ ਹੋ ਕੇ ਸਹੀ ਰਾਹ ਤੇ ਚੱਲਣ ਦਾ ਇਰਾਦਾ

ਜੇਲ੍ਹ ਤੋਂ ਰਿਹਾ ਹੋਣ ਮਗਰੋਂ ਮੈਂ ਸੁਣਿਆ ਕਿ ਇਕ ਦਵਾਈਆਂ ਦੀ ਕੰਪਨੀ ਵਿਚ ਸਟਾਕ ਕੰਟ੍ਰੋਲਰ ਦੀ ਨੌਕਰੀ ਖਾਲੀ ਸੀ। ਮੈਂ ਇਸ ਨੌਕਰੀ ਲਈ ਅਰਜ਼ੀ ਭਰੀ ਤੇ ਮਾਲਕ ਨੂੰ ਵਿਸ਼ਵਾਸ ਦਿਵਾਇਆ ਕਿ ਮੈਂ ਹੀ ਇਸ ਨੌਕਰੀ ਲਈ ਬਿਲਕੁਲ ਸਹੀ ਬੰਦਾ ਸੀ। ਇਸ ਕੰਪਨੀ ਵਿਚ ਮੇਰਾ ਇਕ ਦੋਸਤ ਕੰਮ ਕਰਦਾ ਸੀ ਤੇ ਉਸ ਦੀ ਸਿਫਾਰਸ਼ ਤੇ ਮੈਨੂੰ ਇਹ ਨੌਕਰੀ ਮਿਲ ਗਈ। ਮੈਂ ਮਨ ਹੀ ਮਨ ਵਿਚ ਸੋਚਿਆ ਕਿ ਹੁਣ ਮੈਂ ਬਹੁਤ ਸਾਰਾ ਪੈਸਾ ਇਕੱਠਾ ਕਰ ਸਕਾਂਗਾ ਤੇ ਕਿਧਰੇ ਹੋਰ ਜਾ ਕੇ ਨਵੇਂ ਸਿਰਿਓਂ ਜ਼ਿੰਦਗੀ ਸ਼ੁਰੂ ਕਰ ਸਕਾਂਗਾ। ਇਸ ਲਈ ਮੈਂ ਇਸ ਪੇਸ਼ੇ ਨੂੰ ਚੰਗੀ ਤਰ੍ਹਾਂ ਨਾਲ ਅਤੇ ਜਲਦੀ ਤੋਂ ਜਲਦੀ ਸਿੱਖਣ ਦੀ ਕੋਸ਼ਿਸ਼ ਕੀਤੀ। ਮੈਂ ਦੇਰ ਰਾਤ ਤਕ ਜਾਗਦਿਆਂ, ਵੱਖੋ-ਵੱਖਰੀਆਂ ਦਵਾਈਆਂ ਦੇ ਨਾਂ ਯਾਦ ਕਰਦਾ ਹੁੰਦਾ ਸੀ। ਮੈਨੂੰ ਪੂਰਾ ਯਕੀਨ ਸੀ ਕਿ ਇਹੋ ਮੇਰੇ ਲਈ ਇਕ ਨਵੀਂ ਜ਼ਿੰਦਗੀ ਸ਼ੁਰੂ ਕਰਨ ਦਾ ਰਾਹ ਸੀ।

ਮੇਰਾ ਮਨਸੂਬਾ ਇਹ ਸੀ ਕਿ ਮੈਂ ਧੀਰਜ ਨਾਲ ਕੰਮ ਕਰ ਕੇ ਆਪਣੇ ਮਾਲਕਾਂ ਦਾ ਭਰੋਸਾ ਜਿੱਤ ਲਵਾਂਗਾ। ਫਿਰ ਮੌਕਾ ਮਿਲਣ ਤੇ ਮੈਂ ਵੱਡੀ ਮਾਤਰਾ ਵਿਚ ਉਹ ਦਵਾਈਆਂ ਚੋਰੀ ਕਰਾਂਗਾ ਜਿਨ੍ਹਾਂ ਦਾ ਕਾਲੇ ਬਾਜ਼ਾਰ ਵਿਚ ਵੱਡਾ ਮੁੱਲ ਹੈ। ਤਦ ਇਨ੍ਹਾਂ ਨੂੰ ਵੇਚ ਕੇ ਮੈਂ ਰਾਤੋ-ਰਾਤ ਅਮੀਰ ਆਦਮੀ ਬਣ ਜਾਵਾਂਗਾ। ਮੇਰੇ ਹਿਸਾਬ ਨਾਲ ਮੈਂ ਅਜਿਹਾ ਮਨਸੂਬਾ ਘੜਿਆ ਸੀ ਕਿ ਇਸ ਚੋਰੀ ਦਾ ਇਲਜ਼ਾਮ ਕਿਸੇ ਵੀ ਤਰ੍ਹਾਂ ਨਾਲ ਮੇਰੇ ਸਿਰ ਤੇ ਨਹੀਂ ਲਾਇਆ ਜਾ ਸਕਦਾ ਸੀ ਅਤੇ ਇਸ ਤਰ੍ਹਾਂ ਮੈਂ ਆਜ਼ਾਦੀ ਨਾਲ ਇਕ ਨਵੀਂ ਜ਼ਿੰਦਗੀ ਸ਼ੁਰੂ ਕਰ ਸਕਾਂਗਾ।

ਆਖ਼ਰ ਆਪਣੇ ਮਨਸੂਬੇ ਨੂੰ ਸਿਰੇ ਚਾੜ੍ਹਨ ਦਾ ਸਮਾਂ ਆ ਪਹੁੰਚਿਆ। ਇਕ ਰਾਤ ਬੜੀ ਚੌਕਸੀ ਨਾਲ ਗੁਦਾਮ ਵਿਚ ਵੜਨ ਤੋਂ ਬਾਅਦ ਮੈਂ ਸ਼ੈਲਫ਼ਾਂ ਤੇ ਪਈਆਂ ਦਵਾਈਆਂ ਵੱਲ ਦੇਖਿਆ, ਜਿਨ੍ਹਾਂ ਦੀ ਕੀਮਤ ਲੱਖਾਂ ਡਾਲਰ ਸੀ। ਇਹੋ ਮੌਕਾ ਸੀ ਅਪਰਾਧ ਤੇ ਹਿੰਸਾ ਤੋਂ ਆਜ਼ਾਦ ਹੋ ਕੇ ਇਕ ਨਵੀਂ ਜ਼ਿੰਦਗੀ ਸ਼ੁਰੂ ਕਰਨ ਦਾ। ਪਰ ਉਦੋਂ ਜ਼ਿੰਦਗੀ ਵਿਚ ਪਹਿਲੀ ਵਾਰ ਮੇਰੀ ਜ਼ਮੀਰ ਨੇ ਮੈਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ। ਭਲਾ ਮੇਰੀ ਜ਼ਮੀਰ ਨੇ ਅਚਾਨਕ ਮੈਨੂੰ ਕਿਉਂ ਟੁੰਬਿਆ ਜਦ ਕਿ ਮੈਂ ਲਗਭਗ ਭੁੱਲ ਹੀ ਚੁੱਕਾ ਸੀ ਕਿ ਮੇਰੇ ਅੰਦਰ ਜ਼ਮੀਰ ਨਾਂ ਦੀ ਵੀ ਕੋਈ ਚੀਜ਼ ਹੈ? ਆਓ ਮੈਂ ਤੁਹਾਨੂੰ ਦੱਸਾਂ ਕਿ ਇਹ ਕਿੱਦਾਂ ਹੋਇਆ।

ਉਸ ਰਾਤ ਤੋਂ ਕੁਝ ਹਫ਼ਤੇ ਪਹਿਲਾਂ, ਇਕ ਦਿਨ ਕੰਪਨੀ ਦਾ ਮੈਨੇਜਰ ਤੇ ਮੈਂ ਜੀਵਨ ਦੇ ਮਕਸਦ ਬਾਰੇ ਗੱਲ-ਬਾਤ ਕਰ ਰਹੇ ਸਾਂ। ਉਸ ਦੀ ਕਿਸੇ ਗੱਲ ਤੇ ਮੈਂ ਕਿਹਾ ਕਿ ਆਖ਼ਰੀ ਚਾਰੇ ਵਜੋਂ ਅਸੀਂ ਮਦਦ ਲਈ ਪ੍ਰਾਰਥਨਾ ਕਰ ਸਕਦੇ ਹਾਂ। “ਤੁਸੀਂ ਕਿਸ ਨੂੰ ਪ੍ਰਾਰਥਨਾ ਕਰੋਗੇ?” ਉਸ ਨੇ ਪੁੱਛਿਆ। “ਪਰਮੇਸ਼ੁਰ ਨੂੰ,” ਮੈਂ ਜਵਾਬ ਦਿੱਤਾ। “ਪਰ ਲੋਕ ਤਾਂ ਬਹੁਤ ਸਾਰੇ ਈਸ਼ਵਰਾਂ ਨੂੰ ਪ੍ਰਾਰਥਨਾ ਕਰਦੇ ਹਨ, ਤਾਂ ਫਿਰ ਤੁਸੀਂ ਕਿਹੜੇ ਪਰਮੇਸ਼ੁਰ ਨੂੰ ਪ੍ਰਾਰਥਨਾ ਕਰੋਗੇ?” ਉਸ ਨੇ ਪੁੱਛਿਆ। ਮੈਂ ਜਵਾਬ ਦਿੱਤਾ: “ਸਰਬਸ਼ਕਤੀਮਾਨ ਪਰਮੇਸ਼ੁਰ ਨੂੰ।” “ਓਹ, ਤਾਂ ਉਸ ਦਾ ਨਾਂ ਕੀ ਹੈ?” ਉਹ ਅੱਗਿਓਂ ਬੋਲਿਆ। “ਮਤਲਬ?” ਮੈਂ ਪੁੱਛਿਆ। “ਠੀਕ ਜਿਵੇਂ ਤੇਰਾ, ਮੇਰਾ ਤੇ ਹਰ ਕਿਸੇ ਦਾ ਇਕ ਨਾਂ ਹੁੰਦਾ ਹੈ, ਉਸੇ ਤਰ੍ਹਾਂ ਸਰਬਸ਼ਕਤੀਮਾਨ ਦਾ ਵੀ ਆਪਣਾ ਇਕ ਨਾਂ ਹੈ,” ਉਸ ਨੇ ਜਵਾਬ ਦਿੱਤਾ। ਉਸ ਦੀ ਦਲੀਲ ਵਿਚ ਦਮ ਸੀ, ਪਰ ਮੈਨੂੰ ਗੁੱਸਾ ਆ ਰਿਹਾ ਸੀ। ਇਸ ਲਈ ਖਿਝ ਕੇ ਮੈਂ ਪੁੱਛਿਆ: “ਚੰਗਾ, ਤਾਂ ਤੂੰ ਹੀ ਦੱਸ ਪਰਮੇਸ਼ੁਰ ਦਾ ਕੀ ਨਾਂ ਹੈ?” ਉਸ ਨੇ ਜਵਾਬ ਦਿੱਤਾ: “ਸਰਬਸ਼ਕਤੀਮਾਨ ਪਰਮੇਸ਼ੁਰ ਦਾ ਨਾਂ ਹੈ, ਯਹੋਵਾਹ!”

ਉਸ ਦੀ ਇਸ ਗੱਲ ਨੇ ਅਚਾਨਕ ਹੀ ਮੈਨੂੰ ਕਈ ਸਾਲ ਪਹਿਲਾਂ ਸਕੂਲ ਵਿਚ ਸਿੱਖਿਆ ਉਹ ਸਬਕ ਯਾਦ ਦਿਲਾ ਦਿੱਤਾ ਜਦੋਂ ਮੈਂ ਅੱਠਾਂ ਸਾਲਾਂ ਦਾ ਹੀ ਸੀ। ਮੈਨੇਜਰ ਨਾਲ ਹੋਈ ਇਸ ਗੱਲ-ਬਾਤ ਦਾ ਮੇਰੇ ਉੱਤੇ ਬਹੁਤ ਹੀ ਡੂੰਘਾ ਅਸਰ ਪਿਆ। ਅਸੀਂ ਘੰਟਿਆਂ ਬੱਧੀ ਬੈਠੇ ਸੰਜੀਦਗੀ ਨਾਲ ਚਰਚਾ ਕਰਦੇ ਰਹੇ। ਅਗਲੇ ਦਿਨ ਉਸ ਨੇ ਮੈਨੂੰ ਸੱਚ ਜਿਹੜਾ ਅਨੰਤ ਜ਼ਿੰਦਗੀ ਵਲ ਲੈ ਜਾਂਦਾ ਹੈ * ਨਾਮਕ ਕਿਤਾਬ ਲਿਆ ਕੇ ਦਿੱਤੀ। ਉਸੇ ਰਾਤ ਮੈਂ ਇਹ ਪੂਰੀ ਕਿਤਾਬ ਪੜ੍ਹ ਲਈ ਅਤੇ ਮੈਨੂੰ ਪੂਰਾ ਯਕੀਨ ਹੋ ਗਿਆ ਕਿ ਇਹੋ ਸੱਚਾਈ ਸੀ ਤੇ ਜ਼ਿੰਦਗੀ ਦਾ ਅਸਲੀ ਮਕਸਦ ਸੀ। ਅਗਲੇ ਦੋ ਹਫ਼ਤਿਆਂ ਦੌਰਾਨ ਅਸੀਂ ਬੱਸ ਇਸੇ ਨੀਲੀ ਕਿਤਾਬ ਵਿੱਚੋਂ ਵੱਖ-ਵੱਖ ਵਿਸ਼ਿਆਂ ਤੇ ਗੱਲ-ਬਾਤ ਕਰਦੇ ਰਹੇ।

ਇਸ ਲਈ, ਜਦੋਂ ਮੈਂ ਉਸ ਸ਼ਾਂਤ ਗੋਦਾਮ ਦੇ ਹਨੇਰੇ ਵਿਚ ਬੈਠਾ ਹੋਇਆ ਸੀ, ਤਾਂ ਮੇਰੀ ਜ਼ਮੀਰ ਨੇ ਮੈਨੂੰ ਕਿਹਾ ਕਿ ਦਵਾਈਆਂ ਚੋਰੀ ਕਰਨ ਤੇ ਇਨ੍ਹਾਂ ਨੂੰ ਵੇਚਣ ਦਾ ਮੇਰਾ ਮਨਸੂਬਾ ਬਿਲਕੁਲ ਗ਼ਲਤ ਸੀ। ਮੈਂ ਚੁੱਪ-ਚਾਪ ਉੱਥੋਂ ਉੱਠ ਕੇ ਘਰ ਚਲਾ ਗਿਆ ਅਤੇ ਉਦੋਂ ਹੀ ਠਾਣ ਲਿਆ ਕਿ ਮੈਂ ਹੁਣ ਕਦੀ ਵੀ ਚੋਰੀ ਨਹੀਂ ਕਰਾਂਗਾ।

ਆਪਣੇ ਵਿਚ ਪੂਰੀ ਤਰ੍ਹਾਂ ਤਬਦੀਲੀ ਲਿਆਂਦੀ

ਅਗਲੇ ਕੁਝ ਦਿਨਾਂ ਦੌਰਾਨ ਮੈਂ ਆਪਣੇ ਘਰ ਦਿਆਂ ਨੂੰ ਦੱਸਿਆ ਕਿ ਮੈਂ ਇਕ ਨਵੀਂ ਜ਼ਿੰਦਗੀ ਸ਼ੁਰੂ ਕਰਨ ਦਾ ਇਰਾਦਾ ਕੀਤਾ ਹੈ ਅਤੇ ਮੈਂ ਸਿੱਖੀਆਂ ਹੋਈਆਂ ਕੁਝ ਬਾਈਬਲ ਸੱਚਾਈਆਂ ਉਨ੍ਹਾਂ ਨਾਲ ਸਾਂਝੀਆਂ ਕੀਤੀਆਂ। ਮੇਰੇ ਪਿਤਾ ਜੀ ਮੈਨੂੰ ਘਰੋਂ ਕੱਢਣਾ ਚਾਹੁੰਦੇ ਸਨ। ਪਰ ਮੇਰੇ ਭਰਾ ਜੌਨ ਨੇ ਮੇਰਾ ਪੱਖ ਲੈਂਦਿਆਂ ਪਿਤਾ ਜੀ ਨੂੰ ਕਿਹਾ: “ਜ਼ਿੰਦਗੀ ਵਿਚ ਪਹਿਲੀ ਵਾਰ ਤਾਂ ਕੌਸਟਾ ਕੋਈ ਚੰਗਾ ਕੰਮ ਕਰਨ ਜਾ ਰਿਹਾ ਹੈ ਅਤੇ ਤੁਸੀਂ ਉਸ ਨੂੰ ਘਰੋਂ ਕੱਢਣਾ ਚਾਹੁੰਦੇ ਹੋ? ਮੈਂ ਤਾਂ ਇਸ ਬਾਰੇ ਹੋਰ ਜਾਣਨਾ ਚਾਹੁੰਦਾ ਹਾਂ।” ਇਸ ਲਈ ਜਦੋਂ ਜੌਨ ਨੇ ਮੈਨੂੰ ਉਸ ਨਾਲ ਬਾਈਬਲ ਦਾ ਅਧਿਐਨ ਕਰਨ ਲਈ ਕਿਹਾ, ਤਾਂ ਮੈਨੂੰ ਬੜੀ ਹੈਰਾਨੀ ਦੇ ਨਾਲ-ਨਾਲ ਖ਼ੁਸ਼ੀ ਵੀ ਹੋਈ। ਉਸ ਸਮੇਂ ਤੋਂ ਬਾਅਦ, ਜਦੋਂ ਵੀ ਕੋਈ ਮੇਰੇ ਕੋਲ ਨਸ਼ੀਲੀਆਂ ਦਵਾਈਆਂ ਖ਼ਰੀਦਣ ਲਈ ਆਉਂਦਾ, ਤਾਂ ਮੈਂ ਨਸ਼ੀਲੀਆਂ ਦਵਾਈਆਂ ਦੀ ਬਜਾਇ ਉਸ ਨੂੰ ਸੱਚ ਨਾਮਕ ਕਿਤਾਬ ਦੇ ਦਿੰਦਾ! ਥੋੜ੍ਹੇ ਹੀ ਸਮੇਂ ਵਿਚ ਮੈਂ ਇਸ ਕਿਤਾਬ ਦੀ ਮਦਦ ਨਾਲ 11 ਬਾਈਬਲ ਅਧਿਐਨ ਕਰਾ ਰਿਹਾ ਸੀ।

ਇਸ ਮਗਰੋਂ ਮੈਨੂੰ ਪਤਾ ਲੱਗਾ ਕਿ ਉਸ ਕੰਪਨੀ ਦਾ ਮੈਨੇਜਰ ਖ਼ੁਦ ਇਕ ਯਹੋਵਾਹ ਦਾ ਗਵਾਹ ਨਹੀਂ ਸੀ। ਉਸ ਦੀ ਪਤਨੀ ਤਕਰੀਬਨ 18 ਸਾਲਾਂ ਤੋਂ ਇਕ ਗਵਾਹ ਸੀ, ਪਰ ਉਹ ਖ਼ੁਦ ਕੰਮ ਵਿਚ ਇੰਨਾ ਰੁੱਝਿਆ ਹੋਇਆ ਸੀ ਕਿ “ਉਸ ਕੋਲ ਸੱਚਾਈ ਨੂੰ ਅਪਣਾਉਣ ਦਾ ਸਮਾਂ ਹੀ ਨਹੀਂ ਸੀ।” ਇਸ ਲਈ ਮੈਨੂੰ ਬਾਕਾਇਦਾ ਅਧਿਐਨ ਕਰਾਉਣ ਲਈ ਉਸ ਨੇ ਇਕ ਤਜਰਬੇਕਾਰ ਗਵਾਹ ਦਾ ਬੰਦੋਬਸਤ ਕੀਤਾ। ਆਪਣੇ ਅਧਿਐਨ ਤੋਂ ਮੈਨੂੰ ਇਹ ਸਮਝਣ ਵਿਚ ਦੇਰ ਨਾ ਲੱਗੀ ਕਿ ਮੈਨੂੰ ਆਪਣੇ ਵਿਚ ਹੋਰ ਦੂਸਰੀਆਂ ਤਬਦੀਲੀਆਂ ਵੀ ਕਰਨੀਆਂ ਪੈਣਗੀਆਂ ਅਤੇ ਜਲਦੀ ਹੀ ਪਰਮੇਸ਼ੁਰ ਦੇ ਬਚਨ ਦੀ ਸੱਚਾਈ ਨੇ ਮੈਨੂੰ ਦੁਨਿਆਵੀ ਤੌਰ-ਤਰੀਕਿਆਂ ਤੋਂ ਹੌਲੀ-ਹੌਲੀ ਆਜ਼ਾਦ ਕਰਨਾ ਸ਼ੁਰੂ ਕਰ ਦਿੱਤਾ।​—ਯੂਹੰਨਾ 8:32.

ਪਰ ਕੁਝ ਹੀ ਹਫ਼ਤਿਆਂ ਵਿਚ ਸਭ ਕੁਝ ਇੰਨੀ ਜਲਦੀ-ਜਲਦੀ ਹੋ ਗਿਆ ਕਿ ਮੈਨੂੰ ਅਚਾਨਕ ਬੜੀ ਹੀ ਘਬਰਾਹਟ ਮਹਿਸੂਸ ਹੋਈ। ਮੈਨੂੰ ਆਪਣੇ ਵਿਚ ਵੱਡੀਆਂ ਤਬਦੀਲੀਆਂ ਕਰਨੀਆਂ ਪੈਣੀਆਂ ਸਨ ਅਤੇ ਮੈਨੂੰ ਅਹਿਸਾਸ ਹੋਣ ਲੱਗਾ ਕਿ ਜੇ ਮੈਂ ਆਪਣੇ ਬਾਈਬਲ ਅਧਿਐਨ ਤੋਂ ਸਿੱਖੀਆਂ ਗੱਲਾਂ ਦੇ ਅਨੁਸਾਰ ਚੱਲਦਾ ਰਿਹਾ, ਤਾਂ ਮੈਨੂੰ ਆਪਣੀਆਂ ਸੰਸਾਰਕ ਕਾਮਨਾਵਾਂ ਦਾ ਗਲਾ ਘੁੱਟਣ ਲਈ ਕਾਫ਼ੀ ਜੱਦੋ-ਜਹਿਦ ਕਰਨੀ ਪਵੇਗੀ। ਪਰ ਦੂਜੇ ਪਾਸੇ, ਮੈਨੂੰ ਇਹ ਵੀ ਪਤਾ ਸੀ ਕਿ ਜੇ ਮੈਂ ਆਪਣੇ ਪੁਰਾਣੇ ਰਾਹ ਤੇ ਚੱਲਦਾ ਰਿਹਾ, ਤਾਂ ਸ਼ਾਇਦ ਮੌਤ ਮੇਰਾ ਇੰਤਜ਼ਾਰ ਕਰ ਰਹੀ ਸੀ, ਜਾਂ ਹੋ ਸਕਦਾ ਹੈ ਕਿ ਮੈਂ ਆਪਣੀ ਜ਼ਿੰਦਗੀ ਦੇ ਬਾਕੀ ਦੇ ਸਾਲ ਜੇਲ੍ਹ ਦੀ ਚਾਰ-ਦੀਵਾਰੀ ਵਿਚ ਹੀ ਕੱਟਾਂ। ਇਸ ਲਈ ਬੜਾ ਸੋਚ-ਵਿਚਾਰ ਕਰਨ ਅਤੇ ਦਿਲੋਂ ਪ੍ਰਾਰਥਨਾ ਕਰਨ ਮਗਰੋਂ ਮੈਂ ਫ਼ੈਸਲਾ ਕੀਤਾ ਕਿ ਮੈਂ ਸੱਚਾਈ ਦੇ ਰਾਹ ਤੇ ਹੀ ਚੱਲਾਂਗਾ। ਛੇ ਮਹੀਨਿਆਂ ਬਾਅਦ, 4 ਅਪ੍ਰੈਲ 1971 ਨੂੰ ਮੈਂ ਯਹੋਵਾਹ ਪਰਮੇਸ਼ੁਰ ਨੂੰ ਕੀਤੇ ਆਪਣੇ ਸਮਰਪਣ ਦੇ ਸਬੂਤ ਵਜੋਂ ਬਪਤਿਸਮਾ ਲੈ ਲਿਆ।

ਸਹੀ ਰਾਹ ਤੇ ਚੱਲਣ ਦੇ ਫ਼ਾਇਦੇ

ਜਦੋਂ ਵੀ ਮੈਂ ਇਸ ਬਾਰੇ ਸੋਚਦਾ ਹਾਂ ਕਿ ਅਪਰਾਧ ਦੀ ਜ਼ਿੰਦਗੀ ਛੱਡਣ ਦਾ ਫ਼ੈਸਲਾ ਕਰਨ ਤੋਂ ਬਾਅਦ ਮੈਨੂੰ ਕਿੰਨੀਆਂ ਬਰਕਤਾਂ ਮਿਲੀਆਂ ਹਨ, ਤਾਂ ਅਕਸਰ ਮੇਰਾ ਗਲਾ ਭਰ ਆਉਂਦਾ ਹੈ। ਉਨ੍ਹਾਂ ਪਹਿਲੇ ਕੁਝ ਕਸ਼ਮਕਸ਼ ਭਰੇ ਹਫ਼ਤਿਆਂ ਦੌਰਾਨ, ਮੈਂ ਜਿਨ੍ਹਾਂ 11 ਵਿਅਕਤੀਆਂ ਨਾਲ ਅਧਿਐਨ ਸ਼ੁਰੂ ਕੀਤਾ ਸੀ, ਉਨ੍ਹਾਂ ਵਿੱਚੋਂ 5 ਜਣੇ ਅਜੇ ਵੀ ਸੱਚਾਈ ਦੇ ਰਾਹ ਤੇ ਚੱਲ ਰਹੇ ਹਨ। ਮੇਰੇ ਮਾਤਾ ਜੀ ਨੇ ਵੀ ਬਾਈਬਲ ਦਾ ਅਧਿਐਨ ਕੀਤਾ ਤੇ ਬਪਤਿਸਮਾ ਲਿਆ। ਉਨ੍ਹਾਂ ਨੇ 1991 ਵਿਚ ਆਪਣੀ ਮੌਤ ਤਾਈਂ ਵਫ਼ਾਦਾਰੀ ਨਾਲ ਪਰਮੇਸ਼ੁਰ ਦੀ ਸੇਵਾ ਕੀਤੀ। ਮੇਰੇ ਦੋ ਭਰਾਵਾਂ ਨੇ ਯਹੋਵਾਹ ਨੂੰ ਆਪਣਾ ਜੀਵਨ ਸਮਰਪਿਤ ਕੀਤਾ ਤੇ ਉਹ ਹੁਣ ਮਸੀਹੀ ਕਲੀਸਿਯਾ ਵਿਚ ਬਜ਼ੁਰਗਾਂ ਵਜੋਂ ਸੇਵਾ ਕਰ ਰਹੇ ਹਨ। ਮੈਂ ਆਪਣੇ ਮਾਸੀ ਜੀ ਦੀ ਵੀ ਸੱਚਾਈ ਸਿੱਖਣ ਵਿਚ ਮਦਦ ਕਰ ਸਕਿਆ, ਜੋ ਕਿ ਪਿਛਲੇ 15 ਸਾਲਾਂ ਤੋਂ ਪੂਰਣ-ਕਾਲੀ ਪ੍ਰਚਾਰਕ ਵਜੋਂ ਸੇਵਾ ਕਰ ਰਹੇ ਹਨ।

ਦਵਾਈਆਂ ਦੀ ਜਿਹੜੀ ਕੰਪਨੀ ਵਿਚ ਮੈਂ ਕੰਮ ਕਰਦਾ ਸੀ, ਉਸ ਦਾ ਮੈਨੇਜਰ ਮੇਰੀ ਜ਼ਿੰਦਗੀ ਵਿਚ ਆਈਆਂ ਤਬਦੀਲੀਆਂ ਨੂੰ ਦੇਖ ਕੇ ਇੰਨਾ ਪ੍ਰਭਾਵਿਤ ਹੋਇਆ ਕਿ ਉਸ ਨੇ ਵੀ ਸੱਚਾਈ ਨੂੰ ਹੋਰ ਜ਼ਿਆਦਾ ਸੰਜੀਦਗੀ ਨਾਲ ਲੈਣਾ ਸ਼ੁਰੂ ਕਰ ਦਿੱਤਾ। ਮੇਰੇ ਬਪਤਿਸਮੇ ਤੋਂ ਇਕ ਸਾਲ ਬਾਅਦ, ਉਸ ਨੇ ਵੀ ਪਰਮੇਸ਼ੁਰ ਨੂੰ ਆਪਣਾ ਸਮਰਪਣ ਕੀਤਾ ਤੇ ਬਪਤਿਸਮਾ ਲੈ ਲਿਆ। ਬਾਅਦ ਵਿਚ ਉਸ ਨੇ ਪ੍ਰਿਟੋਰੀਆ ਵਿਚ ਯਹੋਵਾਹ ਦੇ ਗਵਾਹਾਂ ਦੀ ਇਕ ਕਲੀਸਿਯਾ ਵਿਚ ਕਈ ਸਾਲਾਂ ਤਕ ਇਕ ਬਜ਼ੁਰਗ ਵਜੋਂ ਸੇਵਾ ਕੀਤੀ।

ਹੁਣ ਮੇਰਾ ਵਿਆਹ ਇਕ ਵਫ਼ਾਦਾਰ ਮਸੀਹੀ ਭੈਣ ਨਾਲ ਹੋ ਚੁੱਕਾ ਹੈ। ਮੈਂ ਤੇ ਲੀਓਨੀ 1978 ਵਿਚ ਆਸਟ੍ਰੇਲੀਆ ਆ ਗਏ। ਇੱਥੇ ਸਾਡੇ ਦੋ ਪੁੱਤਰ ਹੋਏ​—ਐਲਾਈਜਾ ਤੇ ਪੌਲ। ਮੇਰੇ ਪਰਿਵਾਰ ਨੇ ਮੇਰੀ ਬਹੁਤ ਹੌਸਲਾ-ਅਫ਼ਜ਼ਾਈ ਤੇ ਮਦਦ ਕੀਤੀ ਹੈ। ਮੈਨੂੰ ਆਸਟ੍ਰੇਲੀਆ ਦੀ ਰਾਜਧਾਨੀ, ਕੈਨਬਰਾ ਵਿਚ ਇਕ ਬਜ਼ੁਰਗ ਵਜੋਂ ਸੇਵਾ ਕਰਨ ਦਾ ਵਿਸ਼ੇਸ਼-ਸਨਮਾਨ ਮਿਲਿਆ ਹੈ। ਹਰ ਰੋਜ਼ ਮੈਂ ਯਹੋਵਾਹ ਦਾ ਬਹੁਤ ਧੰਨਵਾਦ ਕਰਦਾ ਹਾਂ ਕਿ ਉਸ ਨੇ ਮੈਨੂੰ ਅਪਰਾਧ ਦੀ ਖੋਖਲੀ ਜ਼ਿੰਦਗੀ ਤੋਂ ਛੁਡਾਇਆ, ਜਿਸ ਦੇ ਅੰਤ ਵਿਚ ਬੱਸ ਦੁੱਖ ਹੀ ਦੁੱਖ ਤੇ ਮੌਤ ਸੀ। ਇਸ ਤੋਂ ਇਲਾਵਾ, ਉਸ ਨੇ ਮੈਨੂੰ ਤੇ ਮੇਰੇ ਪਰਿਵਾਰ ਨੂੰ ਇਕ ਉੱਜਲ ਭਵਿੱਖ ਦੀ ਅਸਲੀ ਉਮੀਦ ਦੇ ਕੇ ਮੈਨੂੰ ਇਕ ਮਕਸਦ ਭਰੀ ਜ਼ਿੰਦਗੀ ਦਿੱਤੀ ਹੈ।

[ਫੁਟਨੋਟ]

^ ਪੈਰਾ 22 ਇਹ ਕਿਤਾਬ ਵਾਚਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਦੁਆਰਾ ਛਾਪੀ ਗਈ ਹੈ।

[ਸਫ਼ਾ 26 ਉੱਤੇ ਤਸਵੀਰ]

ਜਦੋਂ ਮੈਂ 12 ਸਾਲਾਂ ਦਾ ਸੀ

[ਸਫ਼ਾ 26 ਉੱਤੇ ਤਸਵੀਰ]

ਅੱਜ ਆਪਣੀ ਪਤਨੀ ਤੇ ਦੋ ਪੁੱਤਰਾਂ ਨਾਲ