Skip to content

Skip to table of contents

ਆਮ ਰੀਤਾਂ-ਰਿਵਾਜਾਂ ਬਾਰੇ ਸਹੀ ਵਿਚਾਰ

ਆਮ ਰੀਤਾਂ-ਰਿਵਾਜਾਂ ਬਾਰੇ ਸਹੀ ਵਿਚਾਰ

ਬਾਈਬਲ ਦਾ ਦ੍ਰਿਸ਼ਟੀਕੋਣ

ਆਮ ਰੀਤਾਂ-ਰਿਵਾਜਾਂ ਬਾਰੇ ਸਹੀ ਵਿਚਾਰ

“ਅਜਿਹਾ ਕੋਈ ਵੀ ਰਿਵਾਜ ਨਹੀਂ ਹੈ ਜੋ ਕਿਸੇ-ਨ-ਕਿਸੇ ਵੇਲੇ ਜਾਂ ਥਾਂ ਗ਼ਲਤ ਨਾ ਸਮਝਿਆ ਗਿਆ ਹੋਵੇ ਅਤੇ ਜੋ ਕਿਸੇ ਹੋਰ ਵੇਲੇ ਜਾਂ ਥਾਂ ਫ਼ਰਜ਼ ਵਜੋਂ ਪੂਰਾ ਨਾ ਕੀਤਾ ਗਿਆ ਹੋਵੇ।”

ਆਇਰਲੈਂਡ ਦਾ ਇਕ ਇਤਿਹਾਸਕਾਰ ਵਿਲੀਅਮ ਲੈਕੀ ਇਨ੍ਹਾਂ ਸ਼ਬਦਾਂ ਰਾਹੀਂ ਦੱਸਦਾ ਹੈ ਕਿ ਲੋਕਾਂ ਦਾ ਸੁਭਾਉ ਬਦਲਦਾ ਰਹਿੰਦਾ ਹੈ। ਉਸ ਦੀ ਇਹ ਗੱਲ ਇਤਿਹਾਸ ਦੌਰਾਨ ਰੀਤਾਂ-ਰਿਵਾਜਾਂ ਬਾਰੇ ਵੀ ਸ਼ਾਇਦ ਕਹੀ ਜਾ ਸਕਦੀ ਹੈ। ਕਈ ਰਿਵਾਜ ਜੋ ਪਹਿਲਾਂ ਜ਼ਿੰਦਗੀ ਦਾ ਇਕ ਮਹੱਤਵਪੂਰਣ ਹਿੱਸਾ ਸਮਝੇ ਜਾਂਦੇ ਸਨ, ਕੁਝ ਸਮੇਂ ਬਾਅਦ ਗ਼ਲਤ ਸਮਝੇ ਗਏ ਹਨ। ਇਹ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿਉਂਕਿ ਪੌਲੁਸ ਰਸੂਲ ਨੇ ਕਿਹਾ ਸੀ ਕਿ “ਇਸ ਸੰਸਾਰ ਦਾ ਰੰਗ ਢੰਗ ਬੀਤਦਾ [“ਬਦਲਦਾ,” ਨਿਵ] ਜਾਂਦਾ ਹੈ।”​—1 ਕੁਰਿੰਥੀਆਂ 7:31.

ਜੀ ਹਾਂ, ਮਨੁੱਖੀ ਸਮਾਜ ਹਮੇਸ਼ਾ ਬਦਲਦਾ ਰਹਿੰਦਾ ਹੈ। ਇਸ ਗੱਲ ਦਾ ਸਬੂਤ ਸਾਨੂੰ ਲੋਕਾਂ ਦੇ ਬਦਲਦੇ ਰਵੱਈਏ ਅਤੇ ਮਿਲਣ-ਵਰਤਣ ਦੀਆਂ ਆਦਤਾਂ ਤੋਂ ਮਿਲਦਾ ਹੈ। ਮਸੀਹੀਆਂ ਨੂੰ “ਜਗਤ ਦੇ ਨਹੀਂ” ਹੋਣਾ ਚਾਹੀਦਾ, ਯਾਨੀ ਉਨ੍ਹਾਂ ਮਨੁੱਖਾਂ ਤੋਂ ਵੱਖਰੇ ਰਹਿਣਾ ਚਾਹੀਦਾ ਹੈ ਜੋ ਪਰਮੇਸ਼ੁਰ ਤੋਂ ਅੱਡ ਹਨ। ਲੇਕਿਨ, ਬਾਈਬਲ ਇਹ ਗੱਲ ਮੰਨਦੀ ਹੈ ਕਿ ਮਸੀਹੀਆਂ ਨੂੰ “ਜਗਤ ਵਿੱਚ” ਰਹਿਣਾ ਪੈਂਦਾ ਹੈ ਪਰ ਉਹ ਉਨ੍ਹਾਂ ਨੂੰ ਬਿਲਕੁਲ ਵੱਖਰੇ ਹੋਣ ਦਾ ਹੁਕਮ ਨਹੀਂ ਦਿੰਦੀ। ਇਸ ਲਈ ਰੀਤਾਂ-ਰਿਵਾਜਾਂ ਬਾਰੇ ਸੰਤੁਲਿਤ ਅਤੇ ਸਹੀ ਵਿਚਾਰ ਬਹੁਤ ਜ਼ਰੂਰੀ ਹੈ।​—ਯੂਹੰਨਾ 17:11, 14-16; 2 ਕੁਰਿੰਥੀਆਂ 6:14-17; ਅਫ਼ਸੀਆਂ 4:17-19; 2 ਪਤਰਸ 2:20.

ਰੀਤ-ਰਿਵਾਜ ਕੀ ਹਨ?

ਰੀਤ-ਰਿਵਾਜ ਉਹ ਕੰਮ ਹਨ ਜੋ ਲੋਕ ਇਕ ਦੂਸਰੇ ਨੂੰ ਮਿਲਣ-ਵਰਤਣ ਵਿਚ ਕਰਦੇ ਹਨ। ਹਰੇਕ ਥਾਂ ਇਹ ਰਿਵਾਜ ਜੁਦੇ-ਜੁਦੇ ਹੁੰਦੇ ਹਨ। ਹੋ ਸਕਦਾ ਹੈ ਕਿ ਕੁਝ ਰਿਵਾਜ ਲੋਕਾਂ ਨੂੰ ਸੁਧਾਰਨ ਲਈ ਸ਼ੁਰੂ ਕੀਤੇ ਗਏ ਹੋਣ, ਜਿੱਦਾਂ ਕਿ ਤਮੀਜ਼ ਨਾਲ ਰੋਟੀ ਖਾਣੀ ਜਾਂ ਉੱਠਣਾ-ਬੈਠਣਾ। ਅਜਿਹੇ ਰਿਵਾਜ ਲੋਕਾਂ ਨੂੰ ਭਲਮਾਣਸੀ ਅਤੇ ਆਪਸ ਵਿਚ ਅਦਬ-ਭਰੇ ਤਰੀਕੇ ਨਾਲ ਮਿਲਣ-ਵਰਤਣ ਦਿੰਦੇ ਹਨ। ਤਮੀਜ਼ ਦੀ ਤੁਲਨਾ ਤੇਲ ਨਾਲ ਕੀਤੀ ਜਾ ਸਕਦੀ ਹੈ। ਜਿਵੇਂ ਤੇਲ ਦੇਣ ਨਾਲ ਮਸ਼ੀਨ ਚੰਗੀ ਤਰ੍ਹਾਂ ਚੱਲਦੀ ਹੈ ਉਸੇ ਤਰ੍ਹਾਂ ਮਨੁੱਖੀ ਰਿਸ਼ਤਿਆਂ ਨੂੰ ਚੰਗੀ ਤਰ੍ਹਾਂ ਬਣਾਈ ਰੱਖਣ ਲਈ ਤਮੀਜ਼ ਦੀ ਜ਼ਰੂਰਤ ਹੁੰਦੀ ਹੈ।

ਧਾਰਮਿਕ ਵਿਸ਼ਵਾਸਾਂ ਨੇ ਰੀਤਾਂ-ਰਿਵਾਜਾਂ ਉੱਤੇ ਬਹੁਤ ਹੀ ਗਹਿਰਾ ਅਸਰ ਪਾਇਆ ਹੈ। ਦਰਅਸਲ, ਕਈ ਰਿਵਾਜ ਪ੍ਰਾਚੀਨ ਵਹਿਮਾਂ ਅਤੇ ਅਜਿਹੇ ਧਾਰਮਿਕ ਖ਼ਿਆਲਾਂ ਤੋਂ ਪੈਦਾ ਹੋਏ ਜੋ ਬਾਈਬਲ ਨਾਲ ਸਹਿਮਤ ਨਹੀਂ ਹਨ। ਮਿਸਾਲ ਲਈ, ਕਿਸੇ ਦੇ ਮਰਨ ਤੋਂ ਬਾਅਦ ਉਸ ਦੇ ਰਿਸ਼ਤੇਦਾਰਾਂ ਨੂੰ ਫੁੱਲ ਦੇਣ ਦਾ ਰਿਵਾਜ ਸ਼ਾਇਦ ਕਿਸੇ ਧਾਰਮਿਕ ਵਹਿਮ ਤੋਂ ਸ਼ੁਰੂ ਹੋਇਆ ਹੋਵੇ। * ਅੱਖਾਂ ਵਿਚ ਸੁਰਮਾ ਪਾਉਣਾ ਵੀ ਇਕ ਅਜਿਹਾ ਵਹਿਮ ਸੀ ਜਿਸ ਦੁਆਰਾ ਲੋਕ ਸੋਚਦੇ ਸਨ ਕਿ ਉਹ ਬੁਰੀ ਨਜ਼ਰ ਤੋਂ ਬਚ ਸਕਦੇ ਸਨ। ਸੁਰਖੀ ਵੀ ਇਸ ਲਈ ਲਗਾਈ ਜਾਂਦੀ ਸੀ ਤਾਂਕਿ ਭੂਤ ਤੀਵੀਂ ਦੇ ਮੂੰਹ ਰਾਹੀਂ ਵੜ ਕੇ ਉਸ ਨੂੰ ਚਿੰਬੜ ਨਾ ਸਕਣ। ਉਬਾਸੀਆਂ ਲੈਂਦੇ ਸਮੇਂ ਆਪਣੇ ਮੂੰਹ ਸਾਮ੍ਹਣੇ ਹੱਥ ਰੱਖਣ ਦਾ ਆਮ ਰਿਵਾਜ ਵੀ ਸ਼ਾਇਦ ਅਜਿਹੇ ਖ਼ਿਆਲ ਤੋਂ ਆਇਆ ਹੋਵੇ ਕਿ ਖੁੱਲ੍ਹੇ ਮੂੰਹ ਰਾਹੀਂ ਵਿਅਕਤੀ ਦੀ ਰੂਹ ਅੰਦਰੋਂ ਨਿਕਲ ਸਕਦੀ ਸੀ। ਲੇਕਿਨ, ਸਮੇਂ ਦੇ ਬੀਤਣ ਨਾਲ ਇਨ੍ਹਾਂ ਰਿਵਾਜਾਂ ਦਾ ਧਰਮਾਂ ਨਾਲ ਸੰਬੰਧ ਮਿਟ ਗਿਆ ਹੈ ਅਤੇ ਅੱਜ ਵੀ ਇਨ੍ਹਾਂ ਰਿਵਾਜਾਂ ਦਾ ਕਿਸੇ ਧਰਮ ਨਾਲ ਕੋਈ ਸੰਬੰਧ ਨਹੀਂ ਜੋੜਿਆ ਜਾਂਦਾ।

ਮਸੀਹੀਆਂ ਦੀ ਚਿੰਤਾ

ਜਦੋਂ ਕਿਸੇ ਮਸੀਹੀ ਨੂੰ ਫ਼ੈਸਲਾ ਕਰਨਾ ਪੈਂਦਾ ਹੈ ਕਿ ਉਹ ਕਿਸੇ ਖ਼ਾਸ ਰਿਵਾਜ ਨੂੰ ਪੂਰਾ ਕਰੇ ਜਾਂ ਨਾ, ਤਾਂ ਉਸ ਦੀ ਸਭ ਤੋਂ ਮੁੱਖ ਚਿੰਤਾ ਇਹ ਹੋਣੀ ਚਾਹੀਦੀ ਹੈ ਕਿ ਬਾਈਬਲ ਦੇ ਅਨੁਸਾਰ ਇਸ ਗੱਲ ਬਾਰੇ ਪਰਮੇਸ਼ੁਰ ਦਾ ਕੀ ਵਿਚਾਰ ਹੈ? ਪਿਛਲੇ ਜ਼ਮਾਨੇ ਵਿਚ ਕੁਝ ਕੰਮ ਜਾਂ ਰਿਵਾਜ ਪਰਮੇਸ਼ੁਰ ਦੀ ਨਜ਼ਰ ਵਿਚ ਗ਼ਲਤ ਸਨ ਭਾਵੇਂ ਕਿ ਉਹ ਕੁਝ ਬਰਾਦਰੀਆਂ ਵਿਚ ਬਰਦਾਸ਼ਤ ਕੀਤੇ ਜਾਂਦੇ ਸਨ। ਇਨ੍ਹਾਂ ਵਿਚ ਬੱਚਿਆਂ ਦੀਆਂ ਬਲੀਆਂ, ਖ਼ੂਨ ਦੀ ਗ਼ਲਤ ਵਰਤੋਂ, ਅਤੇ ਕਈ ਲਿੰਗੀ ਕੰਮ ਸਨ। (ਲੇਵੀਆਂ 17:13, 14; 18:1-30; ਬਿਵਸਥਾ ਸਾਰ 18:10) ਇਸੇ ਤਰ੍ਹਾਂ, ਅੱਜ ਦੇ ਕੁਝ ਮਸ਼ਹੂਰ ਰਿਵਾਜ ਵੀ ਬਾਈਬਲ ਦਿਆਂ ਸਿਧਾਂਤਾਂ ਦੇ ਬਿਲਕੁਲ ਵਿਰੁੱਧ ਹਨ। ਇਨ੍ਹਾਂ ਵਿਚ ਕ੍ਰਿਸਮਸ, ਦੀਵਾਲੀ ਅਤੇ ਹੋਲੀ ਵਰਗੇ ਬਾਈਬਲ ਵਿਰੋਧੀ ਰੀਤ-ਰਿਵਾਜ ਹਨ ਜੋ ਧਾਰਮਿਕ ਤਿਉਹਾਰਾਂ ਨਾਲ ਜਾਂ ਉਨ੍ਹਾਂ ਵਹਿਮਾਂ ਨਾਲ ਜੁੜੇ ਹੋਏ ਹਨ ਜਿਨ੍ਹਾਂ ਦਾ ਸੰਬੰਧ ਪ੍ਰੇਤਵਾਦ ਨਾਲ ਹੈ।

ਪਰ, ਉਨ੍ਹਾਂ ਰੀਤਾਂ-ਰਿਵਾਜਾਂ ਬਾਰੇ ਕੀ ਜਿਨ੍ਹਾਂ ਦਾ ਕਦੀ ਇਤਰਾਜ਼ਯੋਗ ਕੰਮਾਂ ਨਾਲ ਸੰਬੰਧ ਸੀ ਪਰ ਅੱਜ ਉਨ੍ਹਾਂ ਨੂੰ ਕਿਸੇ ਬੁਰੀ ਚੀਜ਼ ਨਾਲ ਨਹੀਂ ਜੋੜਿਆ ਜਾਂਦਾ ਪਰ ਆਮ ਸਮਝਿਆ ਜਾਂਦਾ ਹੈ? ਮਿਸਾਲ ਲਈ, ਵਿਆਹ ਦਿਆਂ ਕਈਆਂ ਰਿਵਾਜਾਂ ਦਾ ਮੁੱਢ ਸ਼ਾਇਦ ਗ਼ਲਤ ਚੀਜ਼ਾਂ ਤੋਂ ਹੋਇਆ ਹੋਵੇ​—ਜਿਵੇਂ ਕਿ ਇਕ ਦੂਸਰੇ ਨੂੰ ਮੁੰਦੀ ਪਾਉਣੀ ਜਾਂ ਕੇਕ ਕੱਟਣਾ ਅਤੇ ਖਾਣਾ। ਪਰ ਕੀ ਇਸ ਦਾ ਮਤਲਬ ਇਹ ਹੈ ਕਿ ਮਸੀਹੀਆਂ ਨੂੰ ਅਜਿਹੇ ਆਮ ਰਿਵਾਜ ਪੂਰੇ ਨਹੀਂ ਕਰਨੇ ਚਾਹੀਦੇ? ਕੀ ਮਸੀਹੀਆਂ ਨੂੰ ਸਮਾਜ ਦੇ ਹਰੇਕ ਰੀਤ-ਰਿਵਾਜ ਦੀ ਸਾਵਧਾਨੀ ਨਾਲ ਛਾਣਬੀਣ ਕਰਨੀ ਚਾਹੀਦੀ ਹੈ ਤਾਂਕਿ ਉਹ ਪਤਾ ਕਰ ਸਕਣ ਕਿ ਇਸ ਦਾ ਅੱਗੇ ਕਿਤੇ ਕੋਈ ਗ਼ਲਤ ਅਰਥ ਤਾਂ ਨਹੀਂ ਸੀ?

ਪੌਲੁਸ ਨੇ ਕਿਹਾ “ਜਿੱਥੇ ਕਿਤੇ ਪ੍ਰਭੁ ਦਾ ਆਤਮਾ ਹੈ ਉੱਥੇ ਹੀ ਅਜ਼ਾਦੀ ਹੈ।” (2 ਕੁਰਿੰਥੀਆਂ 3:17; ਯਾਕੂਬ 1:25) ਇਹ ਅਜ਼ਾਦੀ ਸਾਨੂੰ ਪਰਮੇਸ਼ੁਰ ਨੇ ਦਿੱਤੀ ਹੈ। ਪਰ ਇਹ ਆਪਣੀਆਂ ਲਾਲਚੀ ਇੱਛਾਵਾਂ ਪੂਰੀਆਂ ਕਰਨ ਲਈ ਨਹੀਂ ਦਿੱਤੀ ਗਈ ਸਗੋਂ ਸਾਨੂੰ ਸੋਚ-ਸਮਝ ਕੇ ਭਲੇ ਬੁਰੇ ਦੀ ਜਾਂਚ ਕਰਨ ਲਈ ਦਿੱਤੀ ਗਈ ਹੈ। (ਗਲਾਤੀਆਂ 5:13; ਇਬਰਾਨੀਆਂ 5:14; 1 ਪਤਰਸ 2:16) ਇਸ ਲਈ, ਅਜਿਹੇ ਮਾਮਲੇ ਵਿਚ ਜਿੱਥੇ ਬਾਈਬਲ ਦੇ ਸਿਧਾਂਤਾਂ ਦੀ ਉਲੰਘਣਾ ਨਹੀਂ ਕੀਤੀ ਜਾਂਦੀ ਯਹੋਵਾਹ ਦੇ ਗਵਾਹ ਕੋਈ ਪੱਕਾ ਜਾਂ ਸਖ਼ਤ ਅਸੂਲ ਨਹੀਂ ਬਣਾਉਂਦੇ। ਇਸ ਦੀ ਬਜਾਇ, ਹਰੇਕ ਮਸੀਹੀ ਨੂੰ ਹਾਲਾਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਮਾਮਲੇ ਬਾਰੇ ਖ਼ੁਦ ਆਪਣਾ ਫ਼ੈਸਲਾ ਕਰਨਾ ਚਾਹੀਦਾ ਹੈ।

ਦੂਸਰਿਆਂ ਦਾ ਭਲਾ ਸੋਚੋ

ਅਸੀਂ ਦੇਖਿਆ ਹੈ ਕਿ ਸਾਰੇ ਰੀਤ-ਰਿਵਾਜ ਬਾਈਬਲ ਦੀਆਂ ਸਿੱਖਿਆਵਾਂ ਦੇ ਵਿਰੁੱਧ ਨਹੀਂ ਹਨ। ਤਾਂ ਫਿਰ ਕੀ ਇਸ ਦਾ ਇਹ ਮਤਲਬ ਹੈ ਕਿ ਅਜਿਹਿਆਂ ਰਿਵਾਜਾਂ ਵਿਚ ਹਿੱਸਾ ਲੈਣਾ ਹਮੇਸ਼ਾ ਠੀਕ ਹੁੰਦਾ ਹੈ? ਜੀ ਨਹੀਂ। (ਗਲਾਤੀਆਂ 5:13) ਪੌਲੁਸ ਨੇ ਕਿਹਾ ਸੀ ਕਿ ਮਸੀਹੀਆਂ ਨੂੰ ਸਿਰਫ਼ ਆਪਣਾ ਹੀ ਭਲਾ ਨਹੀਂ “ਸਗੋਂ ਬਾਹਲਿਆਂ ਦੇ ਭਲੇ” ਬਾਰੇ ਸੋਚਣਾ ਚਾਹੀਦਾ ਹੈ। ਉਸ ਨੂੰ “ਸੱਭੋ ਕੁਝ ਪਰਮੇਸ਼ੁਰ ਦੀ ਵਡਿਆਈ ਲਈ” ਕਰਨਾ ਚਾਹੀਦਾ ਹੈ ਅਤੇ ਦੂਸਰਿਆਂ ਲਈ ਠੋਕਰ ਦਾ ਕਾਰਨ ਨਹੀਂ ਬਣਨਾ ਚਾਹੀਦਾ। (1 ਕੁਰਿੰਥੀਆਂ 10:31-33) ਇਸ ਲਈ ਜਿਹੜਾ ਵਿਅਕਤੀ ਪਰਮੇਸ਼ੁਰ ਦੀ ਮਨਜ਼ੂਰੀ ਚਾਹੁੰਦਾ ਹੈ ਉਸ ਨੂੰ ਆਪਣੇ ਆਪ ਤੋਂ ਪੁੱਛਣਾ ਚਾਹੀਦਾ ਹੈ ਕਿ ‘ਦੂਸਰਿਆਂ ਦਾ ਇਸ ਰਿਵਾਜ ਬਾਰੇ ਕੀ ਵਿਚਾਰ ਹੈ? ਕੀ ਲੋਕ ਇਸ ਰਿਵਾਜ ਨੂੰ ਗ਼ਲਤ ਗੱਲਾਂ ਨਾਲ ਜੋੜਦੇ ਹਨ? ਇਸ ਵਿਚ ਹਿੱਸਾ ਲੈਣ ਦੁਆਰਾ ਕੀ ਮੈਂ ਇਹ ਸੰਕੇਤ ਕਰ ਰਿਹਾ ਹਾਂ ਕਿ ਮੈਂ ਅਜਿਹੇ ਕੰਮਾਂ ਜਾਂ ਖ਼ਿਆਲਾਂ ਨਾਲ ਸਹਿਮਤ ਹਾਂ ਜੋ ਪਰਮੇਸ਼ੁਰ ਨੂੰ ਪਸੰਦ ਨਹੀਂ ਹਨ?’​—1 ਕੁਰਿੰਥੀਆਂ 9:19, 23; 10:23, 24.

ਭਾਵੇਂ ਕਿ ਕੁਝ ਰਿਵਾਜ ਆਮ ਤੌਰ ਤੇ ਬੁਰੇ ਨਾ ਹੋਣ, ਕੁਝ ਇਲਾਕਿਆਂ ਵਿਚ ਉਨ੍ਹਾਂ ਨੂੰ ਪੂਰਾ ਕਰਨ ਦਾ ਤਰੀਕਾ ਬਾਈਬਲ ਦੇ ਸਿਧਾਂਤਾਂ ਦੇ ਵਿਰੁੱਧ ਹੁੰਦਾ ਹੈ। ਮਿਸਾਲ ਲਈ, ਲੋਕ ਖ਼ਾਸ ਮੌਕਿਆਂ ਤੇ ਮਿਠਾਈ ਵੰਡਦੇ ਹਨ ਜੋ ਕਿ ਗ਼ਲਤ ਨਹੀਂ ਹੈ। ਪਰ, ਹੋ ਸਕਦਾ ਹੈ ਕਿ ਕਦੀ-ਕਦੀ ਉਹ ਅਜਿਹੇ ਮੌਕਿਆਂ ਤੇ ਵੰਡੀ ਜਾਵੇ ਜੋ ਬਾਈਬਲ ਦੀਆਂ ਸਿੱਖਿਆਵਾਂ ਦੇ ਵਿਰੁੱਧ ਹੋਣ। ਤਾਂ ਫਿਰ, ਮਸੀਹੀਆਂ ਦੀ ਸਭ ਤੋਂ ਮੁੱਖ ਚਿੰਤਾ ਕੀ ਹੋਣੀ ਚਾਹੀਦੀ ਹੈ? ਭਾਵੇਂ ਕਿ ਕਿਸੇ ਖ਼ਾਸ ਰਿਵਾਜ ਦੀ ਸ਼ੁਰੂਆਤ ਬਾਰੇ ਜਾਂਚ ਕਰਨ ਦਾ ਕਾਰਨ ਹੋਵੇ, ਕਈਆਂ ਮਾਮਲਿਆਂ ਵਿਚ ਇਸ ਉੱਤੇ ਵਿਚਾਰ ਕਰਨਾ ਜ਼ਿਆਦਾ ਜ਼ਰੂਰੀ ਹੈ ਕਿ ਇਸ ਰਿਵਾਜ ਬਾਰੇ ਅੱਜ-ਕੱਲ੍ਹ ਲੋਕਾਂ ਦਾ ਕੀ ਖ਼ਿਆਲ ਹੈ। ਜੇਕਰ ਕੋਈ ਰਿਵਾਜ ਸਾਲ ਦੇ ਕਿਸੇ ਖ਼ਾਸ ਸਮੇਂ ਤੇ ਜਾਂ ਖ਼ਾਸ ਮੌਕੇ ਤੇ ਬਾਈਬਲ ਵਿਰੁੱਧ ਹੋਵੇ ਜਾਂ ਉਸ ਦਾ ਕੋਈ ਗ਼ਲਤ ਅਰਥ ਹੋਵੇ, ਤਾਂ ਅਕਲਮੰਦੀ ਦੀ ਗੱਲ ਇਹ ਹੋਵੇਗੀ ਕਿ ਮਸੀਹੀ ਇਨ੍ਹਾਂ ਸਮਿਆਂ ਤੇ ਇਸ ਵਿਚ ਹਿੱਸਾ ਨਾ ਲੈਣ।

ਪੌਲੁਸ ਨੇ ਪ੍ਰਾਰਥਨਾ ਕੀਤੀ ਕਿ ਮਸੀਹੀ ਸਹੀ ਗਿਆਨ ਅਤੇ ਸਮਝ ਨਾਲ ਆਪਣੇ ਪ੍ਰੇਮ ਨੂੰ ਵਧਾਉਣ। ਆਮ ਰੀਤਾਂ-ਰਿਵਾਜਾਂ ਬਾਰੇ ਸਹੀ ਵਿਚਾਰ ਰੱਖ ਕੇ ਮਸੀਹੀ ‘ਜ਼ਿਆਦਾ ਮਹੱਤਵਪੂਰਣ ਗੱਲਾਂ ਨੂੰ ਨਿਸ਼ਚਿਤ ਕਰਦੇ ਹਨ, ਤਾਂ ਜੋ ਉਹ ਬੇਦਾਗ ਹੋ ਸਕਣ ਅਤੇ ਦੂਸਰਿਆਂ ਨੂੰ ਠੋਕਰ ਨਾ ਖੁਆਉਣ।’ (ਫ਼ਿਲਿੱਪੀਆਂ 1:9, 10, ਨਿਵ) ਇਸ ਦੇ ਨਾਲ-ਨਾਲ ਉਹ ਆਪਣਾ ਨਰਮ ਮਿਜ਼ਾਜ ਸਭਨਾਂ ਮਨੁੱਖਾਂ ਉੱਤੇ ਪ੍ਰਗਟ ਹੋਣ ਦਿੰਦੇ ਹਨ।​—ਫ਼ਿਲਿੱਪੀਆਂ 4:5.

[ਫੁਟਨੋਟ]

^ ਪੈਰਾ 8 ਕੁਝ ਮਾਨਵ-ਵਿਗਿਆਨੀਆਂ ਦੇ ਅਨੁਸਾਰ, ਕਦੀ-ਕਦੀ ਮਰੇ ਹੋਏ ਵਿਅਕਤੀਆਂ ਦੀਆਂ ਕਬਰਾਂ ਉੱਤੇ ਫੁੱਲ ਇਸ ਲਈ ਰੱਖੇ ਜਾਂਦੇ ਸਨ ਤਾਂਕਿ ਉਹ ਜੀਉਂਦਿਆਂ ਨੂੰ ਨਾ ਸਤਾਉਣ।

[ਸਫ਼ਾ 10 ਉੱਤੇ ਤਸਵੀਰਾਂ]

ਕੁਝ ਪੁਰਾਣਿਆਂ ਰੀਤਾਂ-ਰਿਵਾਜਾਂ ਦੇ ਮੁਢਲੇ ਅਰਥ ਮਿਟ ਗਏ ਹਨ, ਜਿਵੇਂ ਕਿ ਉਬਾਸੀਆਂ ਲੈਂਦੇ ਸਮੇਂ ਆਪਣੇ ਮੂੰਹ ਸਾਮ੍ਹਣੇ ਹੱਥ ਰੱਖਣਾ ਅਤੇ ਮਰੇ ਵਿਅਕਤੀ ਦਿਆਂ ਰਿਸ਼ਤੇਦਾਰਾਂ ਨੂੰ ਫੁੱਲ ਦੇਣੇ