Skip to content

Skip to table of contents

ਕੀ ਤੁਸੀਂ ਕੋਈ ਹੋਰ ਭਾਸ਼ਾ ਸਿੱਖਣੀ ਚਾਹੁੰਦੇ ਹੋ?

ਕੀ ਤੁਸੀਂ ਕੋਈ ਹੋਰ ਭਾਸ਼ਾ ਸਿੱਖਣੀ ਚਾਹੁੰਦੇ ਹੋ?

ਕੀ ਤੁਸੀਂ ਕੋਈ ਹੋਰ ਭਾਸ਼ਾ ਸਿੱਖਣੀ ਚਾਹੁੰਦੇ ਹੋ?

ਬਰਤਾਨੀਆ ਵਿਚ ਜਾਗਰੂਕ ਬਣੋ! ਦੇ ਪੱਤਰਕਾਰ ਦੁਆਰਾ

“ਇਕ ਨਵੀਂ ਭਾਸ਼ਾ ਸਿੱਖਣੀ ਕੋਈ ਸੌਖੀ ਗੱਲ ਨਹੀਂ ਹੈ!” ਕਈਆਂ ਲੋਕਾਂ ਦਾ ਇਹੋ ਹੀ ਖ਼ਿਆਲ ਹੈ, ਖ਼ਾਸ ਕਰਕੇ ਜਦੋਂ ਉਹ ਆਪ ਕੋਈ ਭਾਸ਼ਾ ਸਿੱਖਣ ਦੀ ਕੋਸ਼ਿਸ਼ ਕਰਦੇ ਹਨ। ਇਹ ਤਾਂ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਕੋਈ ਹੋਰ ਭਾਸ਼ਾ ਸਿੱਖਣੀ ਮਿਹਨਤ ਦਾ ਕੰਮ ਹੈ। ਪਰ ਜਿਹੜੇ ਵਿਅਕਤੀ ਸਫ਼ਲ ਹੋ ਚੁੱਕੇ ਹਨ ਉਹ ਕਹਿੰਦੇ ਹਨ ਕਿ ਭਾਵੇਂ ਇਸ ਵਿਚ ਬਹੁਤ ਮਿਹਨਤ ਕਰਨੀ ਪੈਂਦੀ ਹੈ ਇਸ ਦੇ ਫ਼ਾਇਦੇ ਹੀ ਫ਼ਾਇਦੇ ਹਨ।

ਇਕ ਨਵੀਂ ਭਾਸ਼ਾ ਸਿੱਖਣ ਦੇ ਕਈ ਕਾਰਨ ਹੁੰਦੇ ਹਨ। ਮਿਸਾਲ ਲਈ, ਐਂਡਰੂ ਨੇ ਆਪਣੀਆਂ ਛੁੱਟੀਆਂ ਫਰਾਂਸ ਵਿਚ ਕੱਟਣ ਦਾ ਇਰਾਦਾ ਕੀਤਾ ਅਤੇ ਉਹ ਉੱਥੇ ਦੇ ਲੋਕਾਂ ਨਾਲ ਉਨ੍ਹਾਂ ਦੀ ਜ਼ਬਾਨ ਵਿਚ ਗੱਲਾਂ ਕਰਨੀਆਂ ਚਾਹੁੰਦਾ ਸੀ। ਗੌਈਡੋ ਦਾ ਪਰਿਵਾਰ ਇਤਾਲਵੀ ਹੈ, ਪਰ ਉਹ ਆਪ ਇੰਗਲੈਂਡ ਵਿਚ ਜੰਮਿਆਂ-ਪਲਿਆ ਹੈ। ਉਹ ਕਹਿੰਦਾ ਹੈ ਕਿ “ਮੈਂ ਸਿਰਫ਼ ਟੁੱਟੀ-ਫੁੱਟੀ ਇਤਾਲਵੀ ਬੋਲ ਸਕਦਾ ਸੀ, ਪਰ ਮੈਂ ਇਹ ਭਾਸ਼ਾ ਚੰਗੀ ਤਰ੍ਹਾਂ ਬੋਲਣੀ ਚਾਹੁੰਦਾ ਸੀ।” ਹਾਲ ਹੀ ਦੇ ਸਮੇਂ ਜੌਨਾਥਨ ਦੇ ਭਰਾ ਨੇ ਇਕ ਸਪੇਨੀ ਲੜਕੀ ਨਾਲ ਵਿਆਹ ਕਰਵਾਇਆ ਅਤੇ ਫਿਰ ਉਹ ਵਿਦੇਸ਼ ਰਹਿਣ ਚਲੇ ਗਏ। ਜੌਨਾਥਨ ਕਹਿੰਦਾ ਹੈ ਕਿ “ਮੈਂ ਚਾਹੁੰਦਾ ਸੀ ਕਿ ਜਦੋਂ ਮੈਂ ਆਪਣੇ ਭਰਾ ਨੂੰ ਮਿਲਣ ਜਾਵਾਂ ਤਾਂ ਮੈਂ ਆਪਣੇ ਨਵਿਆਂ ਰਿਸ਼ਤੇਦਾਰਾਂ ਨਾਲ ਉਨ੍ਹਾਂ ਦੀ ਮਾਂ-ਬੋਲੀ ਵਿਚ ਗੱਲਾਂ ਕਰ ਸਕਾਂ।”

ਪਰ ਇਕ ਨਵੀਂ ਭਾਸ਼ਾ ਸਿੱਖਣ ਦੇ ਹੋਰ ਵੀ ਲਾਭ ਹੋ ਸਕਦੇ ਹਨ। ਲੁਈਜ਼ ਦੱਸਦੀ ਹੈ ਕਿ “ਇਸ ਨੇ ਮੈਨੂੰ ਦੂਸਰਿਆਂ ਲੋਕਾਂ ਲਈ ਹਮਦਰਦੀ ਸਿਖਾਈ। ਮੈਂ ਹੁਣ ਸਮਝ ਸਕਦੀ ਹਾਂ ਕਿ ਬਾਹਰੋਂ ਆਏ ਲੋਕ ਕਿਸ ਤਰ੍ਹਾਂ ਮਹਿਸੂਸ ਕਰਦੇ ਹਨ ਜਦੋਂ ਉਹ ਅਜਿਹੇ ਦੇਸ਼ ਵਿਚ ਆਉਂਦੇ ਹਨ ਜਿੱਥੇ ਕੋਈ ਵੱਖਰੀ ਜ਼ਬਾਨ ਬੋਲੀ ਜਾਂਦੀ ਹੈ।” ਪੈਮਲਾ ਦੱਸਦੀ ਹੈ ਕਿ ਇਸ ਦਾ ਲਾਭ ਉਸ ਦੇ ਆਪਣੇ ਪਰਿਵਾਰ ਵਿਚ ਕਿਸ ਤਰ੍ਹਾਂ ਹੋਇਆ। ਉਹ ਇੰਗਲੈਂਡ ਦੀ ਜੰਮਪਲ ਹੈ, ਪਰ ਆਪਣੇ ਪਰਿਵਾਰ ਦੀ ਚੀਨੀ ਭਾਸ਼ਾ ਥੋੜ੍ਹੀ ਹੀ ਜਾਣਦੀ ਸੀ। ਇਸ ਕਰਕੇ ਪੈਮਲਾ ਅਤੇ ਉਸ ਦੀ ਮਾਂ ਦਾ ਆਪਸੀ ਰਿਸ਼ਤਾ ਇੰਨਾ ਚੰਗਾ ਨਹੀਂ ਸੀ। “ਅਸੀਂ ਇਕ ਦੂਸਰੇ ਨਾਲ ਬਹੁਤੀਆਂ ਗੱਲਾਂ-ਬਾਤਾਂ ਨਹੀਂ ਕਰ ਸਕਦੀਆਂ ਸੀ” ਪੈਮਲਾ ਦੱਸਦੀ ਹੈ। “ਪਰ ਕਿਉਂਕਿ ਹੁਣ ਮੈਂ ਚੀਨੀ ਭਾਸ਼ਾ ਬੋਲ ਸਕਦੀ ਹਾਂ, ਸਾਡੇ ਆਪਸ ਵਿਚ ਪਿਆਰ ਵੱਧ ਗਿਆ ਹੈ।”

ਕਾਮਯਾਬ ਹੋਣ ਲਈ ਮਦਦ

ਹੋਰ ਬੋਲੀ ਸਿੱਖਣ ਵਿਚ ਕਾਮਯਾਬ ਹੋਣ ਲਈ ਤੁਹਾਨੂੰ ਕਿਹੜੀਆਂ ਚੀਜ਼ਾਂ ਦੀ ਜ਼ਰੂਰਤ ਹੈ? ਕਈ ਕਾਮਯਾਬ ਲੋਕਾਂ ਨੇ ਹੇਠ ਲਿਖੀਆਂ ਗੱਲਾਂ ਮਹੱਤਵਪੂਰਣ ਸਮਝੀਆਂ ਹਨ।

ਮਕਸਦ। ਤੁਹਾਨੂੰ ਆਪਣੇ ਟੀਚੇ ਤੇ ਪਹੁੰਚਣ ਲਈ ਕਿਸੇ ਮਕਸਦ ਜਾਂ ਕਾਰਨ ਦੀ ਜ਼ਰੂਰਤ ਹੈ। ਆਮ ਤੌਰ ਤੇ ਜਿਨ੍ਹਾਂ ਵਿਦਿਆਰਥੀਆਂ ਕੋਲ ਮਕਸਦ ਹੁੰਦਾ ਹੈ ਉਹ ਦੂਸਰਿਆਂ ਨਾਲੋਂ ਜਲਦੀ ਸਿੱਖ ਲੈਂਦੇ ਹਨ।

ਹਲੀਮੀ। ਤੁਸੀਂ ਗ਼ਲਤੀਆਂ ਜ਼ਰੂਰ ਕਰੋਗੇ, ਖ਼ਾਸ ਕਰਕੇ ਜਦੋਂ ਤੁਸੀਂ ਭਾਸ਼ਾ ਸਿੱਖਣੀ ਸ਼ੁਰੂ ਕਰਦੇ ਹੋ। ਐਲੀਸਨ ਕਹਿੰਦੀ ਹੈ ਕਿ “ਲੋਕਾਂ ਨੂੰ ਤੁਹਾਡੀਆਂ ਗੱਲਾਂ ਤੋਂ ਹਾਸਾ ਆਵੇਗਾ, ਇਸ ਲਈ ਤੁਹਾਨੂੰ ਉਨ੍ਹਾਂ ਨਾਲ ਹੱਸਣਾ ਸਿੱਖਣਾ ਪਵੇਗਾ!” ਵੈਲਰੀ ਵੀ ਇਸ ਗੱਲ ਨਾਲ ਸਹਿਮਤ ਹੁੰਦੀ ਹੈ: “ਤੁਸੀਂ ਇਕ ਛੋਟੇ ਬੱਚੇ ਜਿਹੇ ਹੋ। ਤੁਸੀਂ ਵਾਰ-ਵਾਰ ਡਿਗੋਗੇ, ਪਰ ਤੁਹਾਨੂੰ ਉੱਠ ਕੇ ਫਿਰ ਤੋਂ ਕੋਸ਼ਿਸ਼ ਕਰਨੀ ਹੀ ਪਵੇਗੀ।”

ਧੀਰਜ। ਡੇਵਿਡ ਕਹਿੰਦਾ ਕਿ “ਮੇਰੇ ਲਈ ਪਹਿਲੇ ਦੋ ਸਾਲ ਮੁਸ਼ਕਲ ਸਨ, ਅਤੇ ਕਦੇ-ਕਦੇ ਮੈਂ ਅੱਕ ਜਾਂਦਾ ਸੀ।” ਪਰ ਉਹ ਅੱਗੇ ਕਹਿੰਦਾ ਹੈ ਕਿ “ਹੌਲੀ-ਹੌਲੀ ਮਿਹਨਤ ਦਾ ਫਲ ਦਿਸਣ ਲੱਗ ਪੈਂਦਾ ਹੈ!” ਜਿੱਲ ਨੇ ਵੀ ਇਵੇਂ ਮਹਿਸੂਸ ਕੀਤਾ। ਉਹ ਕਹਿੰਦੀ ਹੈ ਕਿ “ਕੁਝ ਸਮੇਂ ਬਾਅਦ ਹੀ ਪਤਾ ਲੱਗਦਾ ਹੈ ਕਿ ਤੁਸੀਂ ਕਿੰਨਾ ਕੁਝ ਸਿੱਖ ਗਏ ਹੋ।”

ਨਵੀਂ ਭਾਸ਼ਾ ਵਰਤੋ। ਨਵੀਂ ਬੋਲੀ ਬਾਕਾਇਦਾ ਵਰਤਣ ਨਾਲ, ਉਹ ਤੁਹਾਡੇ ਲਈ ਸੌਖੀ ਬਣ ਜਾਵੇਗੀ। ਉਸ ਨੂੰ ਰੋਜ਼ ਵਰਤਣ ਦੀ ਕੋਸ਼ਿਸ਼ ਕਰੋ, ਭਾਵੇਂ ਕਿ ਇਹ ਥੋੜ੍ਹੇ ਹੀ ਮਿੰਟਾਂ ਲਈ ਹੋਵੇ। ਇਕ ਪਾਠ-ਪੁਸਤਕ ਕਹਿੰਦੀ ਹੈ, “ਕਦੇ-ਕਦੇ ਜ਼ਿਆਦਾ ਦੇਰ ਲਈ ਨਵੀਂ ਭਾਸ਼ਾ ਬੋਲਣ” ਨਾਲੋਂ, “ਰੋਜ਼ ਥੋੜ੍ਹੀ-ਥੋੜ੍ਹੀ ਬੋਲਣੀ” ਬਿਹਤਰ ਹੈ।

ਮਦਦ ਕਰਨ ਵਾਲੀਆਂ ਚੀਜ਼ਾਂ

ਕੀ ਤੁਸੀਂ ਕੋਈ ਹੋਰ ਭਾਸ਼ਾ ਸਿੱਖਣ ਲਈ ਤਿਆਰ ਹੋ? ਜੇਕਰ ਹੋ, ਤਾਂ ਹੇਠ ਦੱਸੀਆਂ ਚੀਜ਼ਾਂ ਤੁਹਾਡੀ ਮਦਦ ਕਰ ਸਕਦੀਆਂ ਹਨ।

ਛੋਟੇ-ਛੋਟੇ ਕਾਰਡ। ਹਰੇਕ ਕਾਰਡ ਦੇ ਮੁਹਰਲੇ ਪਾਸੇ ਇਕ ਜਾਂ ਦੋ-ਚਾਰ ਲਫ਼ਜ਼ ਲਿਖੇ ਹੁੰਦੇ ਹਨ। ਉਸ ਦੇ ਪਿੱਛਲੇ ਪਾਸੇ ਇਨ੍ਹਾਂ ਲਫ਼ਜ਼ਾਂ ਦਾ ਤਰਜਮਾ ਹੁੰਦਾ ਹੈ। ਜੇਕਰ ਤੁਹਾਡੇ ਇਲਾਕੇ ਵਿਚ ਇਹ ਕਾਰਡ ਨਹੀਂ ਮਿਲਦੇ, ਤੁਸੀਂ ਆਪ ਹੀ ਇਨ੍ਹਾਂ ਨੂੰ ਬਣਾ ਸਕਦੇ ਹੋ।

ਸਿੱਖਿਆਦਾਇਕ ਆਡੀਓ ਅਤੇ ਵਿਡਿਓ ਕੈਸਟਾਂ। ਇਹ ਸਹੀ ਤਰੀਕੇ ਨਾਲ ਨਵੀਂ ਭਾਸ਼ਾ ਬੋਲਣ ਲਈ ਤੁਹਾਡੀ ਮਦਦ ਕਰ ਸਕਦੀਆਂ ਹਨ। ਮਿਸਾਲ ਲਈ, ਡੇਵਿਡ ਨੇ ਟੂਰਿਸਟਾਂ ਲਈ ਛੋਟੇ-ਛੋਟੇ ਸ਼ਬਦਾਂ ਵਾਲੀ ਪੁਸਤਕ ਦੀ ਇਕ ਆਡੀਓ-ਕੈਸਟ ਖ਼ਰੀਦੀ। ਆਪਣੀ ਕਾਰ ਚਲਾਉਂਦੇ ਸਮੇਂ ਉਸ ਨੇ ਇਸ ਕੈਸਟ ਨੂੰ ਸੁਣਨ ਦੁਆਰਾ ਜਪਾਨੀ ਭਾਸ਼ਾ ਦੇ ਆਰੰਭਕ ਲਫ਼ਜ਼ ਸਿੱਖ ਲਏ।

ਕੰਪਿਊਟਰ ਪ੍ਰੋਗ੍ਰਾਮ ਜਿਹੜੇ ਸਵਾਲ-ਜਵਾਬ ਕਰਦੇ ਹਨ। ਅਜਿਹੇ ਕਈ ਪ੍ਰੋਗ੍ਰਾਮ ਹਨ ਜੋ ਤੁਹਾਨੂੰ ਨਵੀਂ ਭਾਸ਼ਾ ਵਿਚ ਆਪਣੀ ਆਵਾਜ਼ ਰਿਕਾਰਡ ਕਰਨ ਦੇਣਗੇ। ਉਸ ਤੋਂ ਬਾਅਦ ਉਹ ਤੁਹਾਡੀ ਆਵਾਜ਼ ਦੀ ਤੁਲਨਾ ਉਨ੍ਹਾਂ ਲੋਕਾਂ ਦੀ ਆਵਾਜ਼ ਨਾਲ ਕਰਦੇ ਹਨ ਜਿਨ੍ਹਾਂ ਦੀ ਇਹ ਮਾਂ-ਬੋਲੀ ਹੈ।

ਰੇਡੀਓ ਅਤੇ ਟੈਲੀਵਿਯਨ। ਜੇਕਰ ਤੁਹਾਡੇ ਇਲਾਕੇ ਵਿਚ ਉਸ ਨਵੀਂ ਭਾਸ਼ਾ ਵਿਚ, ਜੋ ਤੁਸੀਂ ਸਿੱਖ ਰਹੇ ਹੋ, ਰੇਡੀਓ ਅਤੇ ਟੈਲੀਵਿਯਨ ਪ੍ਰੋਗ੍ਰਾਮ ਪੇਸ਼ ਕੀਤੇ ਜਾਂਦੇ ਹਨ ਤਾਂ ਉਨ੍ਹਾਂ ਨੂੰ ਸੁਣੋ ਅਤੇ ਦੇਖੋ। ਇਸ ਤਰ੍ਹਾਂ ਤੁਹਾਨੂੰ ਪੱਤਾ ਲੱਗੇਗਾ ਕਿ ਤੁਹਾਨੂੰ ਕਿੰਨੀ ਕੁ ਸਮਝ ਆਉਂਦੀ ਹੈ।

ਰਸਾਲੇ ਅਤੇ ਪੁਸਤਕਾਂ। ਨਵੀਂ ਭਾਸ਼ਾ ਵਿਚ ਇਨ੍ਹਾਂ ਨੂੰ ਪੜ੍ਹਨ ਦੀ ਕੋਸ਼ਿਸ਼ ਕਰੋ। ਪਰ, ਇਸ ਗੱਲ ਉੱਤੇ ਧਿਆਨ ਦਿਓ ਕਿ ਉਹ ਨਾ ਤਾਂ ਬਹੁਤ ਔਖੀਆਂ ਅਤੇ ਨਾ ਹੀ ਬਹੁਤ ਸੌਖੀਆਂ ਹੋਣ। *

ਭਾਸ਼ਾ ਸਿੱਖਣੀ

ਕਦੇ-ਨ-ਕਦੇ ਤੁਸੀਂ ਉਨ੍ਹਾਂ ਲੋਕਾਂ ਨੂੰ ਮਿਲੋਗੇ ਜੋ ਤੁਹਾਡੀ ਨਵੀਂ ਭਾਸ਼ਾ ਬੋਲਦੇ ਹਨ। ਉਨ੍ਹਾਂ ਨੂੰ ਮਿਲਣ ਲਈ ਇਹ ਜ਼ਰੂਰੀ ਨਹੀਂ ਕਿ ਤੁਹਾਨੂੰ ਵਿਦੇਸ਼ ਜਾਣਾ ਪਵੇ। ਇਸ ਦੀ ਬਜਾਇ, ਤੁਸੀਂ ਆਪਣੇ ਹੀ ਦੇਸ਼ ਵਿਚ ਯਹੋਵਾਹ ਦੇ ਗਵਾਹਾਂ ਦੀ ਅਜਿਹੀ ਕਲੀਸਿਯਾ ਵਿਚ ਜਾ ਸਕਦੇ ਹੋ ਜਿੱਥੇ ਇਹ ਨਵੀਂ ਭਾਸ਼ਾ ਬੋਲਣ ਵਾਲੇ ਲੋਕ ਤੁਹਾਨੂੰ ਮਿਲਣਗੇ।

ਜੋ ਵੀ ਹੋਵੇ, ਆਪਣੀ ਮਾਂ-ਬੋਲੀ ਦਾ ਤਰਜਮਾ ਕਰੀ ਜਾਣ ਦੀ ਬਜਾਇ, ਤੁਹਾਡਾ ਟੀਚਾ ਹੋਣਾ ਚਾਹੀਦਾ ਹੈ ਕਿ ਤੁਸੀਂ ਨਵੀਂ ਭਾਸ਼ਾ ਵਿਚ ਸੋਚਣਾ ਸਿੱਖੋ। ਇਸ ਭਾਸ਼ਾ ਬੋਲਣ ਵਾਲਿਆਂ ਲੋਕਾਂ ਦੇ ਰੀਤਾਂ-ਰਿਵਾਜਾਂ ਅਤੇ ਆਦਤਾਂ ਤੋਂ ਜਾਣੂ ਹੋਣ ਨਾਲ ਵੀ ਤੁਹਾਡੀ ਮਦਦ ਹੋ ਸਕਦੀ ਹੈ। ਭਾਸ਼ਾ ਦੇ ਇਕ ਮਾਹਰ, ਰੌਬਰਟ ਲੋਡੋ ਅਨੁਸਾਰ, “ਅਸਲੀ ਤੌਰ ਤੇ ਭਾਸ਼ਾ ਉਦੋਂ ਤਕ ਨਹੀਂ ਸਿੱਖੀ ਜਾ ਸਕਦੀ ਜਦ ਤਕ ਉਸ ਦੇ ਸਭਿਆਚਾਰ ਦੀਆਂ ਕਦਰਾਂ-ਕੀਮਤਾਂ ਅਤੇ ਵਿਸ਼ੇਸ਼ ਗੁਣ ਨਹੀਂ ਸਿੱਖੇ ਜਾਂਦੇ।”

ਇਕ ਆਖ਼ਰੀ ਨੁਕਤਾ ਇਹ ਹੈ ਕਿ ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਨਵੀਂ ਭਾਸ਼ਾ ਛੇਤੀ-ਛੇਤੀ ਨਹੀਂ ਸਿੱਖ ਰਹੇ ਤਾਂ ਹੌਸਲਾ ਨਾ ਹਾਰੋ। ਆਖ਼ਰਕਾਰ, ਨਵੀਂ ਭਾਸ਼ਾ ਇਕਦਮ ਨਹੀਂ ਸਿੱਖੀ ਜਾ ਸਕਦੀ। ਇਸ ਲਈ ਲਗਾਤਾਰ ਜਤਨ ਦੀ ਲੋੜ ਪੈਂਦੀ ਹੈ। ਜਿੱਲ, ਜਿਸ ਨੇ 20 ਸਾਲ ਪਹਿਲਾਂ ਬੋਲ਼ਿਆਂ ਨਾਲ ਗੱਲ ਕਰਨ ਲਈ ਸੈਨਤ ਭਾਸ਼ਾ ਸਿੱਖੀ ਸੀ, ਕਹਿੰਦੀ ਹੈ ਕਿ “ਮੈਂ ਇਸ ਸਾਰੇ ਸਮੇਂ ਦੌਰਾਨ ਹੋਰ ਗੱਲਾਂ ਸਿੱਖਦੀ ਹੀ ਰਹੀ ਹਾਂ ਕਿਉਂਕਿ ਮੈਂ ਦੇਖਿਆ ਹੈ ਕਿ ਇਸ ਭਾਸ਼ਾ ਵਿਚ ਨਵੀਆਂ ਤੋਂ ਨਵੀਆਂ ਗੱਲਾਂ ਆਉਂਦੀਆਂ ਰਹਿੰਦੀਆਂ ਹਨ।”

ਸੋ, ਕੀ ਤੁਸੀਂ ਇਕ ਨਵੀਂ ਭਾਸ਼ਾ ਸਿੱਖਣੀ ਚਾਹੁੰਦੇ ਹੋ? ਜੇਕਰ ਚਾਹੁੰਦੇ ਹੋ, ਤਾਂ ਤੁਹਾਡੇ ਸਾਮ੍ਹਣੇ ਇਕ ਬਹੁਤ ਵੱਡਾ, ਪਰ ਦਿਲਚਸਪ ਕੰਮ ਪੇਸ਼ ਹੈ।

[ਫੁਟਨੋਟ]

^ ਪੈਰਾ 18 ਜਾਗਰੂਕ ਬਣੋ! ਰਸਾਲਾ ਹੁਣ 83 ਭਾਸ਼ਾਵਾਂ ਵਿਚ ਮਿਲਦਾ ਹੈ, ਅਤੇ ਉਸ ਦੇ ਨਾਲ-ਨਾਲ ਪਹਿਰਾਬੁਰਜ 132 ਭਾਸ਼ਾਵਾਂ ਵਿਚ ਛਾਪਿਆ ਜਾਂਦਾ ਹੈ। ਨਵੀਂ ਭਾਸ਼ਾ ਸਿੱਖਦੇ ਸਮੇਂ ਕਈਆਂ ਲੋਕਾਂ ਨੂੰ ਇਨ੍ਹਾਂ ਰਸਾਲਿਆਂ ਦੀ ਸਪੱਸ਼ਟ ਭਾਸ਼ਾ ਤੋਂ ਕਾਫ਼ੀ ਮਦਦ ਮਿਲੀ ਹੈ।

[ਸਫ਼ੇ 13, 12 ਉੱਤੇ ਤਸਵੀਰਾਂ]

ਆਪਣੀ ਮਾਂ-ਬੋਲੀ ਦੀ ਨਵੀਂ ਬੋਲੀ ਨਾਲ ਤੁਲਨਾ ਕਰ ਕੇ. . .

. . . ਤੁਸੀਂ ਨਵੇਂ ਤੋਂ ਨਵੇਂ ਸ਼ਬਦ ਸਿੱਖ ਸਕਦੇ ਹੋ