Skip to content

Skip to table of contents

ਮੇਰੀ ਸਹੇਲੀ ਨੇ ਮੈਨੂੰ ਦੁਖੀ ਕਿਉਂ ਕੀਤਾ?

ਮੇਰੀ ਸਹੇਲੀ ਨੇ ਮੈਨੂੰ ਦੁਖੀ ਕਿਉਂ ਕੀਤਾ?

ਨੌਜਵਾਨ ਪੁੱਛਦੇ ਹਨ . . .

ਮੇਰੀ ਸਹੇਲੀ ਨੇ ਮੈਨੂੰ ਦੁਖੀ ਕਿਉਂ ਕੀਤਾ?

“ਮੇਰੀਆਂ ਕਈ ਸਹੇਲੀਆਂ ਹੁੰਦੀਆਂ ਸਨ। . . . ਉਨ੍ਹਾਂ ਨੇ ਇਕ ਹੋਰ ਕੁੜੀ ਨਾਲ ਦੋਸਤੀ ਕੀਤੀ। ਜਦ ਵੀ ਮੈਂ ਉਨ੍ਹਾਂ ਦੇ ਕੋਲ ਜਾਂਦੀ ਸੀ ਉਹ ਚੁੱਪ ਹੋ ਜਾਂਦੀਆਂ ਸਨ। . . . ਉਹ ਮੇਰੇ ਨਾਲ ਗੱਲ ਨਹੀਂ ਸੀ ਕਰਦੀਆਂ। ਮੈਨੂੰ ਬਹੁਤ ਹੀ ਦੁੱਖ ਲੱਗਦਾ ਸੀ।”​—ਕੈਰਨ। *

ਜਿਗਰੀ ਦੋਸਤਾਂ ਦੀ ਦੋਸਤੀ ਵੀ ਵਿਗੜ ਸਕਦੀ ਹੈ। ਇਕ ਦਿਨ ਉਨ੍ਹਾਂ ਦੋਹਾਂ ਦੀ ਦੋਸਤੀ ਬਹੁਤ ਗੂੜ੍ਹੀ ਹੁੰਦੀ ਹੈ ਅਤੇ ਦੂਜੇ ਦਿਨ ਉਹ ਇਕ ਦੂਜੇ ਨਾਲ ਬੋਲਦੇ ਵੀ ਨਹੀਂ। ਸਤਾਰਾਂ ਸਾਲਾਂ ਦੀ ਨੋਰਾ ਕਹਿੰਦੀ ਹੈ ਕਿ “ਸਹੇਲੀ ਉਹ ਹੁੰਦੀ ਹੈ ਜਿਸ ਉੱਤੇ ਤੁਸੀਂ ਭਰੋਸਾ ਅਤੇ ਯਕੀਨ ਕਰ ਸਕਦੇ ਹੋ, ਜਿਸ ਕੋਲ ਤੁਸੀਂ ਹਰ ਹਾਲਤ ਵਿਚ ਸਹਾਰੇ ਲਈ ਜਾ ਸਕਦੇ ਹੋ।” ਪਰ ਕਦੇ-ਕਦੇ ਤੁਹਾਡਾ ਸਭ ਤੋਂ ਜਿਗਰੀ ਦੋਸਤ ਤੁਹਾਡਾ ਦੁਸ਼ਮਣ ਬਣ ਸਕਦਾ ਹੈ।

ਰਿਸ਼ਤੇ ਟੁੱਟਦੇ ਕਿਉਂ ਹਨ

ਇਕ ਚੰਗੀ ਦੋਸਤੀ ਵਿਚ ਫਿੱਕ ਕਿਉਂ ਪੈ ਜਾਂਦੀ ਹੈ? ਸੈਂਡਰਾ ਲਈ ਮੁਸੀਬਤ ਉਸ ਵੇਲੇ ਖੜ੍ਹੀ ਹੋਈ ਜਦੋਂ ਉਸ ਦੀ ਸਹੇਲੀ ਮੇਗਨ ਨੇ ਉਸ ਦਾ ਇਕ ਸਭ ਤੋਂ ਮਨ ਪਸੰਦ ਬਲਾਊਜ਼ ਪਾਇਆ। ਸੈਂਡਰਾ ਦੱਸਦੀ ਹੈ ਕਿ “ਜਦੋਂ ਉਸ ਨੇ ਵਾਪਸ ਕੀਤਾ, ਉਹ ਮੈਲ਼ਾ ਸੀ ਅਤੇ ਬਲਾਊਜ਼ ਦੀ ਬਾਂਹ ਪਾਟੀ ਹੋਈ ਸੀ। ਉਸ ਨੇ ਮੈਨੂੰ ਦੱਸਿਆ ਵੀ ਨਹੀਂ, ਜਿੱਦਾਂ ਕਿਤੇ ਮੈਨੂੰ ਪਤਾ ਨਹੀਂ ਸੀ ਲੱਗਣਾ।” ਸੈਂਡਰਾ ਨੂੰ ਕਿਸ ਤਰ੍ਹਾਂ ਲੱਗਾ ਜਦ ਮੇਗਨ ਨੇ ਇਸ ਤਰ੍ਹਾਂ ਕੀਤਾ? ਉਹ ਕਹਿੰਦੀ ਹੈ ਕਿ “ਮੈਂ ਗੁੱਸੇ ਨਾਲ ਪਾਗਲ ਹੋ ਗਈ ਸੀ। ਮੈਨੂੰ ਇਸ ਤਰ੍ਹਾਂ ਲੱਗਾ ਜਿਵੇਂ ਕਿ ਉਹ ਮੇਰੇ ਲਈ ਅਤੇ ਮੇਰੀਆਂ ਚੀਜ਼ਾਂ ਲਈ ਜ਼ਰਾ ਵੀ ਕਦਰ ਨਹੀਂ ਸੀ ਕਰਦੀ।”

ਦੁੱਖ ਉਸ ਵੇਲੇ ਵੀ ਲੱਗ ਸਕਦਾ ਹੈ ਜਦੋਂ ਇਕ ਜਿਗਰੀ ਦੋਸਤ ਕੁਝ ਅਜਿਹਾ ਕਰਦਾ ਜਾਂ ਕਹਿੰਦਾ ਹੈ ਜਿਸ ਕਾਰਨ ਸਾਡੀ ਬੇਇੱਜ਼ਤੀ ਹੁੰਦੀ ਹੈ। ਸਿੰਡੀ ਨਾਲ ਇਸ ਤਰ੍ਹਾਂ ਹੋਇਆ ਜਦੋਂ ਉਸ ਨੇ ਆਪਣੀਆਂ ਸਕੂਲ ਦੀਆਂ ਕੁਝ ਸਹੇਲੀਆਂ ਨੂੰ ਦੱਸਿਆ ਕਿ ਉਸ ਨੇ ਹਾਲੇ ਉਹ ਕਿਤਾਬ ਨਹੀਂ ਪੜ੍ਹੀ ਸੀ ਜਿਸ ਬਾਰੇ ਉਸ ਨੇ ਰਿਪੋਰਟ ਲਿਖਣੀ ਸੀ। ਇਕਦਮ, ਉਸ ਦੀ ਸਹੇਲੀ ਕੇਟ ਉਸ ਨੂੰ ਝਿੜਕਣ ਲੱਗ ਪਈ। ਸਿੰਡੀ ਕਹਿੰਦੀ ਹੈ ਕਿ “ਉਸ ਨੇ ਸਾਡੀਆਂ ਸਹੇਲੀਆਂ ਦੇ ਸਾਮ੍ਹਣੇ ਮੇਰੀ ਬੇਇੱਜ਼ਤੀ ਕੀਤੀ। ਮੈਂ ਉਸ ਨਾਲ ਬਹੁਤ ਹੀ ਗੁੱਸੇ ਹੋਈ। ਉਸ ਤੋਂ ਬਾਅਦ ਸਾਡੀ ਦੋਸਤੀ ਅੱਗੇ ਵਰਗੀ ਨਹੀਂ ਰਹੀ।”

ਕਦੇ-ਕਦੇ ਦੋਸਤੀ ਵਿਚ ਫੁੱਟ ਉਸ ਵੇਲੇ ਪੈ ਜਾਂਦੀ ਹੈ ਜਦੋਂ ਇਕ ਦੋਸਤ ਨਵੇਂ ਸਾਥੀਆਂ ਨਾਲ ਸਮਾਂ ਗੁਜ਼ਾਰਨ ਲੱਗ ਪੈਂਦਾ ਹੈ। ਤੇਰਾਂ ਸਾਲਾਂ ਦੀ ਬੌਨੀ ਕਹਿੰਦੀ ਹੈ ਕਿ “ਮੇਰੀ ਇਕ ਬਹੁਤ ਹੀ ਚੰਗੀ ਸਹੇਲੀ ਹੁੰਦੀ ਸੀ ਜੋ ਮੈਨੂੰ ਛੱਡ ਕੇ ਹੋਰਨਾਂ ਕੁੜੀਆਂ ਨਾਲ ਰਲ ਗਈ।” ਜਾਂ ਹੋ ਸਕਦਾ ਹੈ ਕਿ ਤੁਹਾਡਾ ਦੋਸਤ ਸਿਰਫ਼ ਆਪਣੇ ਮਤਲਬ ਲਈ ਹੀ ਦੋਸਤੀ ਕਰਦਾ ਹੋਵੇ। “ਬੌਬੀ ਤਾਂ ਮੈਂ ਜਿਗਰੀ ਦੋਸਤ ਸਨ,” ਤੇਰਾਂ ਸਾਲਾਂ ਦਾ ਜੋਹ ਦੱਸਦਾ ਹੈ। “ਮੈਂ ਤਾਂ ਸਮਝਦਾ ਸੀ ਕਿ ਉਹ ਮੇਰੇ ਸੁਭਾਅ ਕਰਕੇ ਮੈਨੂੰ ਪਸੰਦ ਕਰਦਾ ਸੀ, ਪਰ ਮੈਨੂੰ ਪਤਾ ਲੱਗਾ ਕਿ ਉਹ ਮੇਰਾ ਦੋਸਤ ਸਿਰਫ਼ ਇਸ ਲਈ ਹੀ ਬਣਿਆ ਕਿਉਂਕਿ ਮੇਰੇ ਡੈਡੀ ਨੂੰ ਕੰਮ ਤੋਂ ਖੇਡਾਂ ਅਤੇ ਸ਼ੋਆਂ ਲਈ ਚੰਗੇ ਟਿਕਟ ਮਿਲ ਜਾਂਦੇ ਸਨ।” ਜੋਅ ਨੇ ਕਿਸ ਤਰ੍ਹਾਂ ਮਹਿਸੂਸ ਕੀਤਾ? ਉਹ ਕਹਿੰਦਾ ਹੈ ਕਿ “ਮੈਂ ਬੌਬੀ ਉੱਤੇ ਫਿਰ ਕਦੇ ਵੀ ਨਹੀਂ ਵਿਸ਼ਵਾਸ ਕਰਾਂਗਾ!”

ਕਦੀ-ਕਦੀ ਇਕ ਦੋਸਤ ਸ਼ਾਇਦ ਕੋਈ ਅਜਿਹੀ ਗੱਲ ਦੂਸਰਿਆਂ ਨੂੰ ਦੱਸ ਦਿੰਦਾ ਹੈ ਜੋ ਤੁਸੀਂ ਗੁਪਤ ਰੱਖਣੀ ਚਾਹੁੰਦੇ ਸੀ। ਉਦਾਹਰਣ ਲਈ, ਐਲਿਸਨ ਨੇ ਆਪਣੀ ਸਹੇਲੀ ਸੈਰਾ ਨਾਲ ਇਕ ਬੰਦੇ ਦੀ ਨਿੱਜੀ ਸਮੱਸਿਆ ਬਾਰੇ ਗੱਲ ਕੀਤੀ ਜੋ ਉਸ ਨਾਲ ਕੰਮ ਕਰਦਾ ਸੀ। ਦੂਜੇ ਦਿਨ ਸੈਰਾ ਉਸ ਬੰਦੇ ਦੇ ਸਾਮ੍ਹਣੇ ਇਸ ਮਾਮਲੇ ਬਾਰੇ ਗੱਲ ਕਰਨ ਲੱਗ ਪਈ। ਐਲਿਸਨ ਕਹਿੰਦੀ ਹੈ ਕਿ “ਮੈਂ ਤਾਂ ਸੋਚਿਆ ਵੀ ਨਹੀਂ ਸੀ ਕਿ ਉਹ ਇਸ ਤਰ੍ਹਾਂ ਕਰੇਗੀ! ਮੈਨੂੰ ਬਹੁਤ ਹੀ ਗੁੱਸਾ ਚੜ੍ਹਿਆ।” ਸੋਲਾਂ ਸਾਲਾਂ ਦੀ ਰੇਚਲ ਨਾਲ ਵੀ ਇਸੇ ਤਰ੍ਹਾਂ ਹੋਇਆ ਜਦੋਂ ਉਸ ਦੀ ਸਹੇਲੀ ਨੇ ਉਨ੍ਹਾਂ ਦੇ ਆਪਸ ਵਿਚ ਕੀਤੀ ਗਈ ਗੱਲ ਹੋਰ ਕਿਸੇ ਕੋਲ ਕਰ ਦਿੱਤੀ। ਉਹ ਕਹਿੰਦੀ ਹੈ “ਮੈਂ ਬਹੁਤ ਹੀ ਸ਼ਰਮਿੰਦੀ ਹੋਈ। ਮੈਨੂੰ ਲੱਗਾ ਕਿ ਮੈਨੂੰ ਧੋਖਾ ਦਿੱਤਾ ਗਿਆ। ਮੈਂ ਆਪਣੇ ਆਪ ਨੂੰ ਕਿਹਾ, ‘ਮੈਂ ਫਿਰ ਕਦੇ ਨਹੀਂ ਉਸ ਉੱਤੇ ਵਿਸ਼ਵਾਸ ਕਰ ਸਕਦੀ!’”

ਦੋਸਤਾਂ ਨਾਲ ਤੁਸੀਂ ਦਿਲ ਦੀ ਗੱਲ ਕਰ ਸਕਦੇ ਹੋ ਅਤੇ ਉਹ ਤੁਹਾਨੂੰ ਸਹਾਰਾ ਦੇ ਸਕਦੇ ਹਨ, ਖ਼ਾਸ ਕਰਕੇ ਜਦੋਂ ਤੁਸੀਂ ਇਕ ਦੂਜੇ ਦਾ ਧਿਆਨ ਰੱਖਦੇ ਹੋ, ਉਨ੍ਹਾਂ ਉੱਤੇ ਵਿਸ਼ਵਾਸ ਕਰਦੇ ਹੋ, ਅਤੇ ਉਨ੍ਹਾਂ ਦੀ ਇੱਜ਼ਤ ਕਰਦੇ ਹੋ। ਪਰ, ਇਸ ਤਰ੍ਹਾਂ ਦੀ ਦੋਸਤੀ ਵਿਚ ਵੀ ਕਦੇ-ਕਦੇ ਮੁਸ਼ਕਲਾਂ ਆ ਸਕਦੀਆਂ ਹਨ। ਬਾਈਬਲ ਸਾਫ਼-ਸਾਫ਼ ਦੱਸਦੀ ਹੈ ਕਿ “ਬਹੁਤ ਸਾਰੇ ਮਿੱਤ੍ਰ ਨੁਕਸਾਨ ਦੇ ਕਾਰਨ ਹਨ।” (ਕਹਾਉਤਾਂ 18:24) ਜਦੋਂ ਤੁਹਾਨੂੰ ਪਤਾ ਲੱਗਦਾ ਹੈ ਕਿ ਤੁਹਾਨੂੰ ਧੋਖਾ ਦਿੱਤਾ ਗਿਆ ਹੈ, ਇਸ ਦਾ ਕਾਰਨ ਜੋ ਵੀ ਹੋਵੇ, ਤਾਂ ਤੁਹਾਡਾ ਦਿਲ ਟੁੱਟ ਸਕਦਾ ਹੈ। ਇਸ ਤਰ੍ਹਾਂ ਕਿਉਂ ਹੁੰਦਾ ਹੈ?

ਦੋਸਤੀ ਕਮਜ਼ੋਰ ਕਿਉਂ ਹੁੰਦੀ ਹੈ

ਇਨਸਾਨ ਦਾ ਕੋਈ ਵੀ ਰਿਸ਼ਤਾ ਮੁਸ਼ਕਲਾਂ ਤੋਂ ਬਗੈਰ ਨਹੀਂ ਹੁੰਦਾ, ਚਾਹੇ ਉਹ ਨੌਜਵਾਨ ਜਾਂ ਸਿਆਣਾ ਹੋਵੇ। ਅਸਲ ਵਿਚ, ਇਹ ਬਿਲਕੁਲ ਉਸੇ ਤਰ੍ਹਾਂ ਹੈ ਜਿਵੇਂ ਬਾਈਬਲ ਦੇ ਲਿਖਾਰੀ ਯਾਕੂਬ ਨੇ ਲਿਖਿਆ ਸੀ: “ਅਸੀਂ ਸੱਭੇ ਬਹੁਤ ਭੁੱਲਣਹਾਰ ਹਾਂ। ਜੇ ਕੋਈ ਬਚਨ ਵਿੱਚ ਨਾ ਭੁੱਲੇ ਤਾਂ ਉਹ ਸਿੱਧ ਪੁਰਸ਼ ਹੈ ਅਤੇ ਸਾਰੀ ਦੇਹੀ ਨੂੰ ਭੀ ਲਗਾਮ ਦੇ ਸੱਕਦਾ ਹੈ।” (ਯਾਕੂਬ 3:2; 1 ਯੂਹੰਨਾ 1:8) ਸਾਰੇ ਗ਼ਲਤੀਆਂ ਕਰਦੇ ਹਨ। ਇਸ ਲਈ ਸਾਨੂੰ ਪਤਾ ਹੈ ਕਿ ਕਦੇ-ਨ-ਕਦੇ ਸਾਡਾ ਕੋਈ ਦੋਸਤ ਜ਼ਰੂਰ ਅਜਿਹਾ ਕੁਝ ਕਹੇਗਾ ਜਾਂ ਕਰੇਗਾ ਜਿਸ ਕਾਰਨ ਸਾਨੂੰ ਦੁੱਖ ਪਹੁੰਚੇਗਾ। ਤੁਹਾਨੂੰ ਸ਼ਾਇਦ ਉਹ ਸਮਾਂ ਵੀ ਯਾਦ ਹੋਵੇ ਜਦ ਤੁਸੀਂ ਵੀ ਉਨ੍ਹਾਂ ਨੂੰ ਦੁੱਖ ਪਹੁੰਚਾਇਆ ਸੀ। (ਉਪਦੇਸ਼ਕ ਦੀ ਪੋਥੀ 7:22) ਵੀਹ ਸਾਲਾਂ ਦੀ ਲੀਸਾ ਕਹਿੰਦੀ ਹੈ ਕਿ “ਅਸੀਂ ਸਾਰੇ ਦੋਸ਼ੀ ਹਾਂ, ਅਤੇ ਕਦੇ-ਨ-ਕਦੇ ਅਸੀਂ ਜ਼ਰੂਰ ਇਕ ਦੂਜੇ ਨੂੰ ਖਿਝਾਵਾਂਗੇ।”

ਮਨੁੱਖੀ ਅਪੂਰਣਤਾ ਦੇ ਬਾਵਜੂਦ, ਦੋਸਤੀ ਦੇ ਕਮਜ਼ੋਰ ਰਿਸ਼ਤੇ ਦੇ ਕਈ ਹੋਰ ਕਾਰਨ ਵੀ ਹੋ ਸਕਦੇ ਹਨ। ਯਾਦ ਰੱਖੋ ਕਿ ਜਿਉਂ-ਜਿਉਂ ਤੁਸੀਂ ਵੱਡੇ ਹੁੰਦੇ ਹੋ, ਤੁਹਾਨੂੰ ਅਤੇ ਤੁਹਾਡੇ ਦੋਸਤਾਂ ਨੂੰ ਉਹ ਚੀਜ਼ਾਂ ਹੁਣ ਚੰਗੀਆਂ ਨਹੀਂ ਲੱਗਦੀਆਂ ਜੋ ਪਹਿਲਾਂ ਲੱਗਦੀਆਂ ਸਨ। ਇਸ ਲਈ ਦੋ ਜਣੇ ਜਿਹੜੇ ਪਹਿਲਾਂ ਇਕੱਠੇ ਬਹੁਤ ਕੁਝ ਕਰਦੇ ਸਨ ਹੁਣ ਸ਼ਾਇਦ ਆਪਣੇ-ਆਪਣੇ ਕੰਮਾਂ ਵਿਚ ਰੁੱਝੇ ਹੋਣ। ਉਨ੍ਹਾਂ ਦੀਆਂ ਦਿਲਚਸਪੀਆਂ ਅਤੇ ਉਨ੍ਹਾਂ ਦੇ ਖ਼ਿਆਲ ਬਦਲ ਗਏ ਹਨ। ਇਕ ਮੁਟਿਆਰ ਨੇ ਆਪਣੀ ਪੱਕੀ ਸਹੇਲੀ ਬਾਰੇ ਇਹ ਕਿਹਾ: “ਅਸੀਂ ਇਕ ਦੂਜੀ ਨੂੰ ਬਹੁਤ ਘੱਟ ਟੈਲੀਫ਼ੋਨ ਕਰਦੀਆਂ ਹਾਂ, ਜਦੋਂ ਕਰਦੀਆਂ ਵੀ ਹਾਂ ਤਾਂ ਬਹੁਤੀਆਂ ਗੱਲਾਂ ਬਾਰੇ ਸਾਡੇ ਵਿਚਾਰ ਵੱਖਰੇ-ਵੱਖਰੇ ਹੁੰਦੇ ਹਨ।”

ਆਪਣੇ-ਆਪਣੇ ਕੰਮਾਂ-ਕਾਰਾਂ ਵਿਚ ਰੁੱਝੇ ਰਹਿਣਾ ਤਾਂ ਇਕ ਗੱਲ ਹੈ, ਪਰ ਕੁਝ ਲੋਕ ਆਪਣਿਆਂ ਦੋਸਤਾਂ ਨੂੰ ਦੁਖੀ ਕਿਉਂ ਕਰਦੇ ਹਨ? ਅਕਸਰ ਇਸ ਦਾ ਕਾਰਨ ਈਰਖਾ ਹੁੰਦਾ ਹੈ। ਉਦਾਹਰਣ ਲਈ, ਤੁਹਾਡੀਆਂ ਯੋਗਤਾਵਾਂ ਜਾਂ ਤੁਹਾਡੀ ਕਾਮਯਾਬੀ ਦੇ ਕਾਰਨ ਤੁਸੀਂ ਸ਼ਾਇਦ ਆਪਣੇ ਦੋਸਤ ਦੀ ਅੱਖ ਵਿਚ ਰੜਕਣ ਲੱਗੋ। (ਉਤਪਤ 37:4; 1 ਸਮੂਏਲ 18:7-9 ਦੀ ਤੁਲਨਾ ਕਰੋ।) ਜਿਵੇਂ ਬਾਈਬਲ ਕਹਿੰਦੀ ਹੈ: “ਖ਼ੁਣਸ ਹੱਡੀਆਂ ਦਾ ਸਾੜ ਹੈ।” (ਕਹਾਉਤਾਂ 14:30) ਇਸ ਕਾਰਨ ਜਲਣ ਅਤੇ ਝਗੜੇ ਪੈਦਾ ਹੁੰਦੇ ਹਨ। ਈਰਖਾ ਦਾ ਕਾਰਨ ਜੋ ਮਰਜ਼ੀ ਹੋਵੇ, ਜਦੋਂ ਇਕ ਦੋਸਤ ਤੁਹਾਨੂੰ ਦੁੱਖ ਪਹੁੰਚਾਉਂਦਾ ਹੈ ਤੁਸੀਂ ਕੀ ਕਰ ਸਕਦੇ ਹੋ?

ਸੁਲ੍ਹਾ ਕਰਨੀ

ਰੇਚਲ ਕਹਿੰਦੀ ਹੈ ਕਿ “ਪਹਿਲਾਂ ਮੈਂ ਸੋਚ ਕੇ ਇਹ ਨਿਸ਼ਚਿਤ ਕਰਦੀ ਹਾਂ ਕਿ ਮੇਰੀ ਸਹੇਲੀ ਨੇ ਜੋ ਕੀਤਾ ਉਹ ਜਾਣ-ਬੁੱਝ ਕੇ ਕੀਤਾ ਸੀ ਕਿ ਨਹੀਂ।” ਜਦੋਂ ਕੋਈ ਤੁਹਾਨੂੰ ਕੁਝ ਅਜਿਹਾ ਕਹੇ ਜਾਂ ਕਰੇ ਜਿਸ ਦੁਆਰਾ ਤੁਹਾਨੂੰ ਲੱਗੇ ਕਿ ਤੁਹਾਡੀ ਬੇਇੱਜ਼ਤੀ ਕੀਤੀ ਗਈ ਹੈ, ਤਾਂ ਇਕਦਮ ਲਾਲ-ਪੀਲ਼ੇ ਨਾ ਹੋਵੋ। ਇਸ ਦੀ ਬਜਾਇ, ਧੀਰਜ ਰੱਖੋ ਅਤੇ ਮਾਮਲੇ ਬਾਰੇ ਠੰਢੇ ਸੁਭਾਅ ਨਾਲ ਸੋਚੋ। (ਕਹਾਉਤਾਂ 14:29) ਕੀ ਤੁਹਾਡੇ ਛੇਤੀ ਗੁੱਸੇ ਹੋਣ ਨਾਲ ਮਾਮਲਾ ਸੁਲਝਾਇਆ ਜਾਵੇਗਾ? ਸੋਚ-ਸਮਝ ਕੇ ਤੁਸੀਂ ਸ਼ਾਇਦ ਜ਼ਬੂਰ 4:4 ਵਿਚ ਦਿੱਤੀ ਗਈ ਸਲਾਹ ਲਾਗੂ ਕਰ ਸਕਦੇ ਹੋ: “ਕੰਬ ਜਾਓ ਅਰ ਪਾਪ ਨਾ ਕਰੋ, ਆਪਣਿਆਂ ਬਿਸਤਰਿਆਂ ਉੱਤੇ ਆਪਣੇ ਮਨਾਂ ਵਿੱਚ ਸੋਚੋ ਅਤੇ ਚੁੱਪ ਰਹੋ।” ਫਿਰ ਤੁਸੀਂ ਸ਼ਾਇਦ ‘ਪ੍ਰੇਮ ਨਾਲ ਬਾਹਲਿਆਂ ਪਾਪਾਂ ਨੂੰ ਢੱਕ’ ਸਕਦੇ ਹੋ।​—1 ਪਤਰਸ 4:8.

ਉਦੋਂ ਕੀ ਜੇਕਰ ਤੁਹਾਨੂੰ ਇਵੇਂ ਲੱਗਦਾ ਹੈ ਕਿ ਤੁਸੀਂ ਆਪਣੇ ਦੋਸਤ ਦੀ ਦੁਖਦਾਇਕ ਹਰਕਤ ਨੂੰ ਭੁਲਾ ਨਹੀਂ ਸਕਦੇ? ਇਸ ਮਾਮਲੇ ਵਿਚ ਸ਼ਾਇਦ ਚੰਗਾ ਹੋਵੇਗਾ ਜੇਕਰ ਤੁਸੀਂ ਉਸ ਦੇ ਨਾਲ ਗੱਲ ਕਰੋ। ਤੇਰਾਂ ਸਾਲਾਂ ਦਾ ਫ਼ਰੈਂਕ ਕਹਿੰਦਾ ਹੈ ਕਿ “ਹੋਰ ਕਿਸੇ ਨਾਲ ਗੱਲ ਕਰਨ ਤੋਂ ਬਿਨਾਂ ਆਪਣੇ ਦੋਸਤ ਤੋਂ ਪੁੱਛੋ ਕਿ ਕੀ ਹੋਇਆ ਸੀ। ਜੇਕਰ ਤੁਸੀਂ ਇਸ ਤਰ੍ਹਾਂ ਨਹੀਂ ਕਰਦੇ ਤਾਂ ਤੁਹਾਡੇ ਮਨ ਵਿਚ ਗੱਲ ਵੱਧ ਜਾਵੇਗੀ।” ਸੋਲਾਂ ਸਾਲਾਂ ਦੀ ਸੁਜ਼ਨ ਨੇ ਵੀ ਇਸੇ ਤਰ੍ਹਾਂ ਮਹਿਸੂਸ ਕੀਤਾ। ਉਹ ਕਹਿੰਦੀ ਹੈ ਕਿ “ਸਭ ਤੋਂ ਵਧਿਆ ਗੱਲ ਇਹ ਹੋਵੇਗੀ ਜੇ ਤੁਸੀਂ ਆਪਣੀ ਸਹੇਲੀ ਨੂੰ ਦੱਸੋ ਕਿ ਤੁਸੀਂ ਤਾਂ ਉਸ ਉੱਤੇ ਵਿਸ਼ਵਾਸ ਕੀਤਾ ਸੀ ਅਤੇ ਉਸ ਨੇ ਤੁਹਾਨੂੰ ਧੋਖਾ ਦਿੱਤਾ ਹੈ।” ਜੈਕਲਿਨ ਵੀ ਦੂਜੇ ਜਣੇ ਨਾਲ ਆਮ੍ਹੋ-ਸਾਮ੍ਹਣੇ ਗੱਲ ਕਰਨੀ ਪਸੰਦ ਕਰਦੀ ਹੈ। ਉਹ ਕਹਿੰਦੀ ਹੈ ਕਿ “ਮੈਂ ਖੁੱਲ੍ਹ ਕੇ ਗੱਲ ਕਰਨ ਦੀ ਕੋਸ਼ਿਸ਼ ਕਰਦੀ ਹਾਂ। ਆਮ ਤੌਰ ਤੇ ਤੁਹਾਡੀ ਸਹੇਲੀ ਵੀ ਤੁਹਾਡੇ ਨਾਲ ਖੁੱਲ੍ਹ ਕੇ ਗੱਲ ਕਰੇਗੀ ਅਤੇ ਤੁਸੀਂ ਮਾਮਲੇ ਨੂੰ ਉਸੇ ਵੇਲੇ ਨਿਬੇੜ ਸਕਦੇ ਹੋ।”

ਤੁਹਾਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਤੁਸੀਂ ਗੁੱਸੇ ਵਿਚ ਆ ਕੇ ਆਪਣੇ ਦੋਸਤ ਦਾ ਸਾਮ੍ਹਣਾ ਨਾ ਕਰੋ। ਬਾਈਬਲ ਕਹਿੰਦੀ ਹੈ ਕਿ “ਕ੍ਰੋਧੀ ਛੇੜ ਖਾਨੀ ਕਰਦਾ ਹੈ, ਪਰ ਜਿਹੜਾ ਗੁੱਸੇ ਵਿੱਚ ਧੀਮਾ ਹੈ ਉਹ ਝਗੜੇ ਨੂੰ ਮਿਟਾਉਂਦਾ ਹੈ।” (ਕਹਾਉਤਾਂ 15:18) ਇਸ ਲਈ ਮਾਮਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਉਦੋਂ ਕਰਨੀ ਚਾਹੀਦੀ ਹੈ ਜਦੋਂ ਤੁਹਾਡਾ ਸੁਭਾਅ ਠੰਢਾ ਹੋ ਜਾਵੇ। ਲੀਸਾ ਮੰਨਦੀ ਹੈ ਕਿ “ਪਹਿਲਾਂ ਤੁਸੀਂ ਗੁੱਸੇ ਨਾਲ ਪਾਗਲ ਹੁੰਦੇ ਹੋ, ਪਰ ਤੁਹਾਨੂੰ ਸ਼ਾਂਤ ਹੋਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਤੁਹਾਨੂੰ ਉਦੋਂ ਤਕ ਉਡੀਕ ਕਰਨੀ ਚਾਹੀਦੀ ਹੈ ਜਦ ਤਕ ਤੁਹਾਡਾ ਗੁੱਸਾ ਠੰਢਾ ਨਹੀਂ ਹੋ ਜਾਂਦਾ। ਫਿਰ ਤੁਸੀਂ ਦੂਜੇ ਵਿਅਕਤੀ ਕੋਲ ਜਾ ਕੇ ਸ਼ਾਂਤੀ ਨਾਲ ਬੈਠ ਕੇ ਗੱਲਬਾਤ ਕਰ ਸਕਦੇ ਹੋ।”

ਸਭ ਤੋਂ ਵੱਡੀ ਗੱਲ “ਸ਼ਾਂਤੀ” ਹੈ। ਯਾਦ ਰੱਖੋ ਕਿ ਤੁਸੀਂ ਆਪਣੇ ਦੋਸਤ ਨੂੰ ਝਾੜਨਾ ਨਹੀਂ ਚਾਹੁੰਦੇ। ਤੁਸੀਂ ਸ਼ਾਂਤੀ ਨਾਲ ਮਾਮਲੇ ਨੂੰ ਸੁਲਝਾਉਣਾ ਚਾਹੁੰਦੇ ਹੋ ਅਤੇ ਜੇ ਹੋ ਸਕੇ ਤਾਂ ਆਪਣੀ ਦੋਸਤੀ ਜਾਰੀ ਰੱਖਣੀ ਚਾਹੁੰਦੇ ਹੋ। (ਜ਼ਬੂਰ 34:14) ਇਸ ਲਈ ਦਿਲੋਂ ਗੱਲ ਕਰੋ। ਲੀਸਾ ਸਲਾਹ ਦਿੰਦੀ ਹੈ ਕਿ “ਤੁਸੀਂ ਇਸ ਤਰ੍ਹਾਂ ਕਹਿ ਸਕਦੇ ਹੋ, ‘ਮੈਂ ਤੇਰੀ ਸਹੇਲੀ ਹਾਂ, ਅਤੇ ਤੂੰ ਮੇਰੀ, ਇਸ ਲਈ ਮੈਂ ਸਿਰਫ਼ ਇਹ ਜਾਣਨਾ ਚਾਹੁੰਦੀ ਹਾਂ ਕਿ ਹੋਇਆ ਕੀ ਸੀ।’ ਜੋ ਉਸ ਨੇ ਕੀਤਾ ਉਸ ਦੀ ਵਜ੍ਹਾ ਜਾਣਨੀ ਤੁਹਾਡੇ ਲਈ ਜ਼ਰੂਰੀ ਹੈ। ਜਦ ਤੁਹਾਨੂੰ ਪਤਾ ਲੱਗ ਜਾਂਦਾ ਹੈ, ਤਾਂ ਤੁਸੀਂ ਆਸਾਨੀ ਨਾਲ ਗੱਲ ਨਿਬੇੜ ਸਕਦੇ ਹੋ।”

ਦੂਸਰਿਆਂ ਕੋਲ ਉਸ ਵਿਅਕਤੀ ਦੀ ਚੁਗ਼ਲੀ ਕਰਨੀ ਤਾਂਕਿ ਉਹ ਤੁਹਾਡਾ ਪੱਖ ਲੈਣ ਅਤੇ ਤੁਸੀਂ ਬਦਲਾ ਲੈ ਸਕੋ ਬਿਲਕੁਲ ਗ਼ਲਤ ਹੋਵੇਗਾ। ਪੌਲੁਸ ਰਸੂਲ ਨੇ ਰੋਮੀਆਂ ਨੂੰ ਲਿਖਿਆ: “ਬੁਰਿਆਈ ਦੇ ਵੱਟੇ ਕਿਸੇ ਨਾਲ ਬੁਰਿਆਈ ਨਾ ਕਰੋ।” (ਰੋਮੀਆਂ 12:17) ਸਾਨੂੰ ਜਿੰਨਾ ਮਰਜ਼ੀ ਦੁੱਖ ਲੱਗਾ ਹੋਵੇ ਫਿਰ ਵੀ ਜੇ ਅਸੀਂ ਬਦਲਾ ਲੈਣ ਦੀ ਕੋਸ਼ਿਸ਼ ਕਰੀਏ ਤਾਂ ਮਾਮਲਾ ਜ਼ਿਆਦਾ ਵਿਗੜ ਜਾਂਦਾ ਹੈ। “ਬਦਲਾ ਲੈਣ ਦਾ ਕੋਈ ਫ਼ਾਇਦਾ ਨਹੀਂ,” ਨੋਰਾ ਕਹਿੰਦੀ ਹੈ, “ਕਿਉਂਕਿ ਤੁਹਾਡੀ ਦੋਸਤੀ ਫਿਰ ਕਦੇ ਨਹੀਂ ਬਣੇਗੀ।” ਇਸ ਦੇ ਬਦਲੇ, ਉਹ ਅੱਗੇ ਕਹਿੰਦੀ ਹੈ ਕਿ ਜਦੋਂ ਤੁਸੀਂ ਸੁਲ੍ਹਾ ਕਰਨ ਦੀ ਕੋਸ਼ਿਸ਼ ਕਰਦੇ ਹੋ “ਤੁਹਾਡਾ ਦਿਲ ਬਹੁਤ ਖ਼ੁਸ਼ ਹੋਵੇਗਾ ਕਿਉਂਕਿ ਤੁਸੀਂ ਸਹੀ ਕਦਮ ਚੁੱਕ ਰਹੇ ਹੋ।”

ਪਰ ਫਿਰ ਕੀ ਜੇਕਰ ਤੁਹਾਡਾ ਦੋਸਤ ਤੁਹਾਡੀ ਸੁਲ੍ਹਾ ਕਰਨ ਦੀ ਕੋਸ਼ਿਸ਼ ਨੂੰ ਸਵੀਕਾਰ ਨਹੀਂ ਕਰਦਾ? ਯਾਦ ਰੱਖੋ ਕਿ ਤਰ੍ਹਾਂ-ਤਰ੍ਹਾਂ ਦੀਆਂ ਦੋਸਤੀਆਂ ਹੁੰਦੀਆਂ ਹਨ। ਪਰਿਵਾਰਕ ਸਲਾਹਕਾਰ ਜੂਡਿਥ ਮੱਕਲੀਸ ਕਹਿੰਦੀ ਹੈ ਕਿ “ਹਰ ਦੋਸਤ ਜਿਗਰੀ ਦੋਸਤ ਨਹੀਂ ਹੁੰਦਾ। ਇਹ ਸਿੱਖੋ ਕਿ ਹਰੇਕ ਦੋਸਤ ਨਾਲ ਤੁਹਾਡੀ ਦੋਸਤੀ ਵੱਖਰੀ ਹੋਵੇਗੀ।” ਫਿਰ ਵੀ ਤੁਹਾਨੂੰ ਤਸੱਲੀ ਮਿਲੇਗੀ ਕਿ ਤੁਸੀਂ ਸੁਲ੍ਹਾ ਕਰਨ ਦੀ ਕੋਸ਼ਿਸ਼ ਕੀਤੀ ਸੀ। ਪੌਲੁਸ ਰਸੂਲ ਨੇ ਇਹ ਲਿਖਿਆ ਕਿ “ਜੇ ਹੋ ਸਕੇ ਤਾਂ ਆਪਣੀ ਵਾਹ ਲੱਗਦਿਆਂ ਸਾਰੇ ਮਨੁੱਖਾਂ ਦੇ ਨਾਲ ਮੇਲ ਰੱਖੋ।” (ਟੇਢੇ ਟਾਈਪ ਸਾਡੇ।)​—ਰੋਮੀਆਂ 12:18.

ਮੁਸ਼ਕਲਾਂ ਤਾਂ ਜਿਗਰੀ ਦੋਸਤਾਂ ਦੇ ਆਪਸ ਵਿਚ ਵੀ ਆਉਣਗੀਆਂ। ਜੇਕਰ ਤੁਸੀਂ ਆਪਣੀ ਦੋਸਤੀ ਨੂੰ ਤੋੜਨ ਤੋਂ ਬਿਨਾਂ ਜਾਂ ਆਪਣੇ ਆਪ ਨਾਲ ਨਿਰਾਸ਼ ਹੋਣ ਤੋਂ ਬਿਨਾਂ ਇਨ੍ਹਾਂ ਮੁਸ਼ਕਲਾਂ ਨੂੰ ਸੁਲਝਾ ਸਕਦੇ ਹੋ ਤਾਂ ਤੁਸੀਂ ਇਕ ਚੰਗੇ ਇਨਸਾਨ ਬਣੋਗੇ। ਭਾਵੇਂ ਕਿ ਕਈ ਲੋਕ “ਨੁਕਸਾਨ ਦੇ ਕਾਰਨ ਹਨ,” ਬਾਈਬਲ ਸਾਨੂੰ ਭਰੋਸਾ ਦਿੰਦੀ ਹੈ ਕਿ “ਅਜੇਹਾ ਵੀ ਹਿੱਤਕਾਰੀ ਹੈ ਜੋ ਭਰਾ ਨਾਲੋਂ ਵੀ ਵੱਧ ਕੇ ਚਿਪਕਦਾ ਹੈ।”​—ਕਹਾਉਤਾਂ 18:24.

[ਫੁਟਨੋਟ]

^ ਪੈਰਾ 3 ਇਸ ਲੇਖ ਵਿਚ ਕੁਝ ਨਾਂ ਬਦਲੇ ਗਏ ਹਨ।

[ਸਫ਼ਾ 23 ਉੱਤੇ ਤਸਵੀਰਾਂ]

ਮਾਮਲੇ ਬਾਰੇ ਗੱਲਬਾਤ ਕਰਨ ਦੁਆਰਾ ਸ਼ਾਇਦ ਤੁਸੀਂ ਦੋਸਤੀ ਜਾਰੀ ਰੱਖ ਸਕਦੇ ਹੋ