Skip to content

Skip to table of contents

ਰੇਗਿਸਤਾਨ ਦਾ ਸ਼ਿੰਗਾਰ

ਰੇਗਿਸਤਾਨ ਦਾ ਸ਼ਿੰਗਾਰ

ਰੇਗਿਸਤਾਨ ਦਾ ਸ਼ਿੰਗਾਰ

ਅਫ਼ਰੀਕਾ ਦੇ ਖ਼ੁਸ਼ਕ ਰੇਗਿਸਤਾਨ ਵਿਚ, ਜਿੱਥੇ ਬਹੁਤ ਘੱਟ ਵਰਖਾ ਹੁੰਦੀ ਹੈ, ਇਕ ਗਹਿਣਾ ਉੱਗਦਾ ਹੈ​—ਰੇਗਿਸਤਾਨੀ ਗੁਲਾਬ। ਵਿੰਗੀਆਂ-ਟੇਢੀਆਂ ਟਾਹਣੀਆਂ ਤੇ ਕੋਮਲ ਬਣਤਰ ਵਾਲਾ ਇਹ ਪੌਦਾ ਹੌਲੀ-ਹੌਲੀ ਵੱਧਦਾ ਹੈ ਅਤੇ ਕਿਹਾ ਜਾਂਦਾ ਹੈ ਕਿ ਇਹ ਸੈਂਕੜੇ ਸਾਲਾਂ ਤਕ ਜੀਉਂਦਾ ਰਹਿੰਦਾ ਹੈ। ਦਰਖ਼ਤ ਦਾ ਮੋਟਾ ਤਣਾ ਅਤੇ ਇਸ ਦੀਆਂ ਜੜ੍ਹਾਂ ਆਪਣੇ ਵਿਚ ਪਾਣੀ ਇਕੱਠਾ ਕਰ ਕੇ ਰੱਖਦੀਆਂ ਹਨ ਜੋ ਸੁੱਕੇ ਅਤੇ ਖ਼ੁਸ਼ਕ ਵਾਯੂਮੰਡਲ ਵਿਚ ਇਸ ਦੇ ਵੱਧਣ-ਫੁੱਲਣ ਲਈ ਇਸ ਨੂੰ ਪਾਣੀ ਪਹੁੰਚਾਉਂਦੀਆਂ ਹਨ।

ਇਸ ਪੌਦੇ ਦੇ ਦੁੱਧ, ਜੜ੍ਹਾਂ ਅਤੇ ਬੀਜਾਂ ਵਿਚ ਮਾਰੂ ਜ਼ਹਿਰ ਹੁੰਦਾ ਹੈ। ਇਸ ਦੇ ਬੀਜਾਂ ਵਿੱਚੋਂ ਜ਼ਹਿਰ ਕੱਢ ਕੇ ਤੀਰਾਂ ਦੀਆਂ ਨੋਕਾਂ ਉੱਤੇ ਲਾਇਆ ਜਾਂਦਾ ਹੈ। ਉੱਥੇ ਰਹਿੰਦੇ ਮਛੇਰੇ ਮੱਛੀਆਂ ਨੂੰ ਆਸਾਨੀ ਨਾਲ ਫੜਨ ਲਈ ਇਸ ਪੌਦੇ ਦੀਆਂ ਟਾਹਣੀਆਂ ਪਾਣੀ ਵਿਚ ਸੁੱਟਦੇ ਹਨ ਤਾਂਕਿ ਮੱਛੀਆਂ ਬੇਹੋਸ਼ ਹੋ ਜਾਣ। ਇਸ ਤੋਂ ਇਲਾਵਾ, ਚਰਵਾਹੇ ਆਪਣੇ ਊਠਾਂ ਅਤੇ ਪਸ਼ੂਆਂ ਦੇ ਵਾਲਾਂ ਵਿਚ ਪਏ ਚਿੱਚੜਾਂ ਅਤੇ ਜੂੰਆਂ ਨੂੰ ਮਾਰਨ ਲਈ ਇਸ ਪੌਦੇ ਤੋਂ ਜ਼ਹਿਰ ਤਿਆਰ ਕਰਦੇ ਹਨ। ਹੈਰਾਨੀ ਦੀ ਗੱਲ ਹੈ ਕਿ ਦਰਖ਼ਤ ਜ਼ਹਿਰੀਲਾ ਹੋਣ ਦੇ ਬਾਵਜੂਦ, ਜੰਗਲੀ ਜਾਨਵਰ ਇਸ ਦੇ ਪੱਤੇ ਖਾਂਦੇ ਹਨ ਤੇ ਉਨ੍ਹਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਦਾ।

ਪਰ ਇਸ ਜ਼ਹਿਰੀਲੇ ਰੇਗਿਸਤਾਨੀ ਗੁਲਾਬ ਨੂੰ ਗਹਿਣਾ ਕਿਵੇਂ ਕਿਹਾ ਜਾ ਸਕਦਾ ਹੈ? ਕੋਮਲ ਕਲੀਆਂ ਦੇ ਗੁੱਛਿਆਂ ਨਾਲ ਸ਼ਿੰਗਾਰਿਆ ਹੋਇਆ ਇਹ ਰੇਗਿਸਤਾਨੀ ਗੁਲਾਬ ਸ਼ੋਖ਼ ਹਲਕੇ ਗੁਲਾਬੀ ਰੰਗਾਂ ਤੋਂ ਲੈ ਕੇ ਗੂੜ੍ਹੇ ਕਿਰਮਚੀ ਰੰਗਾਂ ਦਾ ਹੁੰਦਾ ਹੈ ਜਿਸ ਕਰਕੇ ਇਹ ਬਹੁਤ ਹੀ ਖੂਬਸੂਰਤ ਦਿਖਾਈ ਦਿੰਦਾ ਹੈ। ਜਦੋਂ ਜ਼ਮੀਨ ਸੁੱਕੀ ਅਤੇ ਬੇਰੰਗ ਹੁੰਦੀ ਹੈ, ਤਾਂ ਇਹ ਸੁੰਦਰ ਰੇਗਿਸਤਾਨੀ ਗੁਲਾਬ ਸੂਰਜ ਦੀ ਰੌਸ਼ਨੀ ਵਿਚ ਆਪਣੇ ਫੁੱਲਾਂ ਦੀ ਬਹਾਰ ਬਿਖੇਰ ਕੇ ਰੇਗਿਸਤਾਨ ਨੂੰ ਰੰਗੀਨੀ ਬਖ਼ਸ਼ਦਾ ਹੈ।

ਰੇਗਿਸਤਾਨ ਵਿਚ ਅਜਿਹਾ ਮੋਹਿਤ ਕਰਨ ਵਾਲਾ ਸੁਹੱਪਣ ਸਾਨੂੰ ਉਸ ਸਮੇਂ ਦੀ ਯਾਦ ਕਰਾਉਂਦਾ ਹੈ ਜਦੋਂ “ਉਜਾੜ ਅਤੇ ਥਲ ਖੁਸ਼ੀ ਮਨਾਉਣਗੇ, ਰੜਾ ਮਦਾਨ ਬਾਗ ਬਾਗ ਹੋਵੇਗਾ, ਅਤੇ ਨਰਗਸ ਵਾਂਙੁ ਖਿੜੇਗਾ।” (ਯਸਾਯਾਹ 35:1) ਇਹ ਖ਼ੁਸ਼ੀਆਂ-ਖੇੜਿਆਂ ਭਰਿਆ ਵਾਅਦਾ ਅਸਲ ਵਿਚ ਆਉਣ ਵਾਲੇ ਪਰਮੇਸ਼ੁਰ ਦੇ ਰਾਜ ਦੀ ਹਕੂਮਤ ਅਧੀਨ ਸੱਚ ਹੋਵੇਗਾ। ਉਸ ਸਮੇਂ ਪੂਰੀ ਧਰਤੀ ਨਾ ਸਿਰਫ਼ ਸੁਹੱਪਣ ਦਾ ਫਿਰਦੌਸ ਬਣ ਕੇ ‘ਖ਼ੁਸ਼ੀ ਮਨਾਵੇਗੀ,’ ਸਗੋਂ ਸਾਰੇ ਇਨਸਾਨਾਂ ਲਈ ਸ਼ਾਂਤੀ ਦਾ ਸਥਾਨ ਵੀ ਹੋਵੇਗੀ।​—ਜ਼ਬੂਰ 37:29; ਯਸਾਯਾਹ 35:5, 6.

[ਸਫ਼ਾ 25 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]

© Mary Ann McDonald