ਸੰਸਾਰ ਉੱਤੇ ਨਜ਼ਰ
ਸੰਸਾਰ ਉੱਤੇ ਨਜ਼ਰ
ਜਪਾਨ ਵਿਚ ਆਤਮ-ਹੱਤਿਆ ਦਾ ਵਾਧਾ
ਦ ਡੇਲੀ ਯੋਮੀਉਰੀ ਰਿਪੋਰਟ ਕਰਦੀ ਹੈ ਕਿ ਪਹਿਲਾਂ ਕਿਸੇ ਵੀ ਸਾਲ ਨਾਲੋਂ, 1998 ਵਿਚ ਜਪਾਨ ਵਿਚ ਆਤਮ-ਹੱਤਿਆ ਦਾ ਦਰ ਜ਼ਿਆਦਾ ਸੀ। ਜਪਾਨ ਦੀ ਰਾਸ਼ਟਰੀ ਪੁਲਸ ਏਜੰਸੀ ਦੇ ਅਨੁਸਾਰ 1998 ਵਿਚ 32,863 ਲੋਕਾਂ ਨੇ ਆਤਮ-ਹੱਤਿਆ ਕੀਤੀ। ਇਹ ਗਿਣਤੀ ਟ੍ਰੈਫਿਕ ਹਾਦਸਿਆਂ ਵਿਚ ਮਰਨ ਵਾਲਿਆਂ ਲੋਕਾਂ ਨਾਲੋਂ ਤਿੰਨ ਗੁਣਾ ਜ਼ਿਆਦਾ ਸੀ। ਜਪਾਨ ਦੇ ਵਿਗੜ ਰਹੇ ਆਰਥਿਕ ਹਾਲਾਤਾਂ ਦੇ ਨਤੀਜੇ ਵਜੋਂ ਬੇਰੋਜ਼ਗਾਰੀ ਵੱਧ ਗਈ ਹੈ ਅਤੇ ਇਸ ਲਈ ਕਈਆਂ ਨੂੰ ਪੈਸਿਆਂ ਦੀਆਂ ਸਮੱਸਿਆਵਾਂ ਆਈਆਂ ਹਨ। ਇਸੇ ਕਰਕੇ ਆਤਮ-ਹੱਤਿਆ ਵਿਚ ਵਾਧਾ ਹੋਇਆ ਹੈ। ਜਪਾਨ ਵਿਚ ਮੌਤ ਦੇ ਮੁੱਖ ਕਾਰਨਾਂ ਵਿੱਚੋਂ ਆਤਮ-ਹੱਤਿਆ ਛੇਵਾਂ ਹੈ।
ਕੀ ਤੁਹਾਨੂੰ ਪੂਰੀ ਨੀਂਦ ਮਿਲ ਰਹੀ ਹੈ?
ਟੋਰੌਂਟੋ ਸਟਾਰ ਅਖ਼ਬਾਰ ਦੇ ਅਨੁਸਾਰ, ਜਿਨ੍ਹਾਂ ਲੋਕਾਂ ਨੇ “ਦਿਨ ਵਿਚ ਸੌਣ ਦੀ ਆਦਤ ਪਾਈ ਹੈ, ਜਾਂ ਮੀਟਿੰਗਾਂ ਦੇ ਦੌਰਾਨ ਸੌਂ ਜਾਂਦੇ ਹਨ, ਜਾਂ ਜਿਨ੍ਹਾਂ ਨੂੰ ਧਿਆਨ ਦੇਣਾ ਮੁਸ਼ਕਲ ਲੱਗਦਾ ਹੈ,” ਉਹ ਰਾਤ ਨੂੰ ਆਪਣੀ ਨੀਂਦ ਪੂਰੀ ਨਹੀਂ ਕਰ ਰਹੇ। ਆਪਣੇ ਦਿਨ ਦੇ ਕੰਮਾਂ ਨੂੰ ਪੂਰੇ ਕਰਨ ਲਈ, ਆਮ ਕਰਕੇ ਲੋਕਾਂ ਨੂੰ ਲਗਾਤਾਰ ਸੱਤ ਤੋਂ ਨੌਂ ਘੰਟਿਆਂ ਲਈ ਸੌਣਾ ਚਾਹੀਦਾ ਹੈ। ਨੀਂਦ ਪੂਰੀ ਕਰਨ ਦੇ ਲਈ ਮਾਹਰ ਇਹ ਸਲਾਹ ਦਿੰਦੇ ਹਨ: ਸੌਣਾ ਜ਼ਰੂਰੀ ਸਮਝੋ। ਸੌਣ ਤੋਂ ਪਹਿਲਾਂ ਆਪਣੇ ਕੰਮਾਂ ਤੋਂ ਕੁਝ ਆਰਾਮ ਕਰੋ। ਸਹਿਜੇ-ਸਹਿਜੇ ਨਾਲ ਪੈਦਲ ਚੱਲਣਾ ਸ਼ਾਇਦ ਚੰਗਾ ਹੋਵੇ, ਪਰ ਸੌਣ ਤੋਂ ਪਹਿਲਾਂ ਅਖ਼ੀਰਲੇ ਤਿੰਨ ਘੰਟਿਆਂ ਦੌਰਾਨ ਜ਼ੋਰਦਾਰ ਕਸਰਤ ਨਾ ਕਰੋ। ਹਰ ਦਿਨ, ਇੱਕੋ ਹੀ ਸਮੇਂ ਤੇ ਉੱਠੋ ਅਤੇ ਸੌਵੋਂ। ਜੇਕਰ ਤੁਸੀਂ ਸ਼ਾਇਦ ਕਿਸੇ ਚਿੰਤਾ ਦੇ ਕਾਰਨ ਰਾਤ ਨੂੰ ਜਾਗ ਪੈਂਦੇ ਹੋ ਤਾਂ ਫ਼ਿਕਰ ਨਾ ਕਰੋ ਅਤੇ ਨਾ ਹੀ ਉਸ ਦਾ ਹੱਲ ਲੱਭਣ ਦੀ ਕੋਸ਼ਿਸ਼ ਕਰੋ। ਇਸ ਦੀ ਬਜਾਇ ਆਪਣੇ ਮਨ ਨੂੰ ਸੁਹਾਵਣੇ ਵਿਚਾਰਾਂ ਤੇ ਲਾਓ। ਜੇਕਰ ਅੱਧੇ ਘੰਟੇ ਬਾਅਦ ਤੁਸੀਂ ਹਾਲੇ ਵੀ ਜਾਗਦੇ ਹੋ, ਤਾਂ ਉੱਠ ਕੇ ਕੋਈ ਹਲਕਾ ਕੰਮ ਕਰੋ, ਸ਼ਾਇਦ ਕਿਤਾਬ ਪੜ੍ਹੋ। ਸੌਣ ਤੋਂ ਪਹਿਲਾਂ ਜ਼ਿਆਦਾ ਖਾਣਾ ਪੀਣਾ ਚੰਗਾ ਨਹੀਂ ਹੈ, ਅਤੇ ਨਾ ਹੀ ਭੁੱਖੇ ਸੌਣਾ ਚਾਹੀਦਾ ਹੈ।
ਦਵਾਈ ਤੋਂ ਸਿਰਦਰਦ!
ਜਿਹੜੇ ਲੋਕ ਹਫ਼ਤੇ ਵਿਚ ਤਿੰਨ ਜਾਂ ਜ਼ਿਆਦਾ ਵਾਰੀ ਸਿਰਦਰਦ ਲਈ ਦਵਾਈ ਖਾਂਦੇ ਹਨ ਉਨ੍ਹਾਂ ਦੇ ਸਿਰ ਸ਼ਾਇਦ ਦਵਾਈਆਂ ਦੀ ਗ਼ਲਤ ਵਰਤੋਂ ਦੇ ਕਾਰਨ ਦੁਖਦੇ ਹਨ। ਸੋਚਿਆ ਜਾਂਦਾ ਹੈ ਕਿ ਅਜਿਹੀ ਸਿਰਦਰਦ 50 ਲੋਕਾਂ ਵਿੱਚੋਂ 1 ਨੂੰ ਹੁੰਦੀ ਹੈ। ਇਹ ਸਿਰਦਰਦ ਸਾਧਾਰਣ ਇਲਾਜਾਂ ਦੇ ਕਾਰਨ ਹੁੰਦੀ ਹੈ, ਜਿਵੇਂ ਕਿ ਐਸਪਰੀਨ ਅਤੇ ਹੋਰ ਦਵਾਈਆਂ। ਜਦੋਂ ਦਵਾਈ ਦਾ ਅਸਰ ਉੱਤਰ ਜਾਂਦਾ ਹੈ ਤਾਂ ਇਹ ਸਿਰ ਵਿਚ ਦਰਦ ਸ਼ੁਰੂ ਕਰ ਸਕਦੀ ਹੈ ਅਤੇ ਮਰੀਜ਼ ਸੋਚਦਾ ਹੈ ਕਿ ਇਹ ਆਮ ਸਿਰਦਰਦ ਹੈ। ਮਰੀਜ਼ ਜ਼ਿਆਦਾ ਗੋਲੀਆਂ ਖਾਂਦਾ ਹੈ ਅਤੇ ਚੱਕਰ ਫਿਰ ਤੋਂ ਸ਼ੁਰੂ ਹੋ ਜਾਂਦਾ ਹੈ। ਲੰਡਨ ਵਿਚ ਇੰਪੀਰੀਅਲ ਕਾਲਜ ਦਾ ਡਾ. ਟਿਮ ਸਟਾਈਨਰ ਸਮਝਾਉਂਦਾ ਹੈ ਕਿ “ਜਿਨ੍ਹਾਂ ਲੋਕਾਂ ਨੂੰ ਹਰ ਦਿਨ ਸਿਰਦਰਦ ਹੁੰਦੀ ਹੈ, ਮੰਨਿਆ ਜਾ ਸਕਦਾ ਹੈ ਕਿ ਉਨ੍ਹਾਂ ਨੂੰ ਦਵਾਈਆਂ ਦੀ ਗ਼ਲਤ ਵਰਤੋਂ ਦੇ ਕਾਰਨ ਸਿਰਦਰਦ ਹੈ।” ਲੰਡਨ ਦੇ ਸੰਡੇ ਟੈਲੀਗ੍ਰਾਫ਼ ਵਿਚ ਇਸ ਡਾਕਟਰ ਨੇ ਅੱਗੇ ਕਿਹਾ ਕਿ ਕਈ ਸਾਲਾਂ ਤੋਂ ਇਹ ਬੀਮਾਰੀ ਪਛਾਣੀ ਗਈ ਹੈ ਪਰ ਫਿਰ ਵੀ, ਜ਼ਿਆਦਾ ਫੈਮਲੀ ਡਾਕਟਰ ਇਸ ਨਾਲ ਜਾਣੂ ਨਹੀਂ ਹਨ। ਇਸ ਲਈ ਜਦ ਮਰੀਜ਼ ਉਨ੍ਹਾਂ ਕੋਲ ਆਉਂਦੇ ਹਨ ਤਾਂ ਉਹ ਹੋਰ ਅਸਰਦਾਰ ਦਵਾਈ ਦਿੰਦੇ ਹਨ, ਜਦ ਕਿ ਅਸਲ ਵਿਚ ਮਰੀਜ਼ ਨੂੰ ਸਿਰਫ਼ ਦਵਾਈ ਖਾਣੀ ਬੰਦ ਕਰਨੀ ਚਾਹੀਦੀ ਹੈ।
ਹਵਾ ਵਿਚ ਘਾਤਕ ਪ੍ਰਦੂਸ਼ਣ
ਰੋਈਟਰਜ਼ ਨਿਊਜ਼ ਸਰਵਿਸ ਰਿਪੋਰਟ ਦੇ ਅਨੁਸਾਰ “ਯੂਰਪ ਵਿਚ ਸਭ ਤੋਂ ਜ਼ਿਆਦਾ ਪ੍ਰਦੂਸ਼ਣ ਟ੍ਰੈਫਿਕ ਕਰਕੇ ਹੈ। ਕਈ ਦੇਸ਼ਾਂ ਵਿਚ [ਟ੍ਰੈਫਿਕ] ਹਾਦਸਿਆਂ ਨਾਲੋਂ ਇਹ ਪ੍ਰਦੂਸ਼ਣ ਜ਼ਿਆਦਾ ਜਾਨਾਂ ਲੈ ਰਿਹਾ ਹੈ। ਵਿਸ਼ਵ ਸਿਹਤ ਸੰਗਠਨ ਦੇ ਅਨੁਸਾਰ ਆਸਟ੍ਰੀਆ, ਫਰਾਂਸ, ਅਤੇ ਸਵਿਟਜ਼ਰਲੈਂਡ ਵਿਚ 21,000 ਲੋਕ ਹਰ ਸਾਲ ਹਵਾ ਦੇ ਪ੍ਰਦੂਸ਼ਣ ਕਰਕੇ ਸਾਹ ਜਾਂ ਦਿਲ ਦੀਆਂ ਬੀਮਾਰੀਆਂ ਤੋਂ ਕੁਵੇਲੇ ਮਰ ਜਾਂਦੇ ਹਨ। ਇਕ ਹੋਰ ਰਿਪੋਰਟ ਦੇ ਅਨੁਸਾਰ, ਅੰਦਾਜ਼ਾ ਲਾਇਆ ਜਾਂਦਾ ਹੈ ਕਿ 36 ਭਾਰਤੀ ਸ਼ਹਿਰਾਂ ਵਿਚ ਹਰ ਦਿਨ 110 ਲੋਕ ਪ੍ਰਦੂਸ਼ਣ ਕਰਕੇ ਮਰ ਜਾਂਦੇ ਹਨ।
ਕੀ ਤੁਸੀਂ ਜ਼ੁਕਾਮ ਤੋਂ ਬਚ ਸਕਦੇ ਹੋ?
ਦ ਨਿਊਯਾਰਕ ਟਾਈਮਜ਼ ਕਹਿੰਦਾ ਹੈ ਕਿ ਭਾਵੇਂ ਤੁਸੀਂ ਜ਼ੁਕਾਮ ਤੋਂ ਪੂਰੀ ਤਰ੍ਹਾਂ ਨਹੀਂ ਬਚ ਸਕਦੇ, ਅਜਿਹੀਆਂ ਕੁਝ ਚੀਜ਼ਾਂ ਹਨ ਜੋ ਤੁਸੀਂ ਬਚਣ ਲਈ ਕਰ ਸਕਦੇ ਹੋ। ਹੇਠਲੀਆਂ ਗੱਲਾਂ ਸਭ ਤੋਂ ਜ਼ਰੂਰੀ ਹਨ: ਜਿੱਥੇ ਤਕ ਸੰਭਵ ਹੋਵੇ, ਭੀੜਾਂ ਤੋਂ ਦੂਰ ਰਹੋ ਅਤੇ ਉਨ੍ਹਾਂ ਲੋਕਾਂ ਨਾਲ ਹੱਥ ਨਾ ਮਿਲਾਓ ਜਿਨ੍ਹਾਂ ਨੂੰ ਜ਼ੁਕਾਮ ਹੋਇਆ ਹੈ। ਇਸ ਤੋਂ ਇਲਾਵਾ, ਆਪਣੀਆਂ ਅੱਖਾਂ ਅਤੇ ਆਪਣਾ ਨੱਕ ਨਾ ਮਲੋ, ਅਤੇ ਆਪਣੇ ਹੱਥ ਵਾਰ-ਵਾਰ ਧੋਵੋ। ਇਸ ਤਰ੍ਹਾਂ ਕਰਨਾ ਮਦਦ ਕਰਦਾ ਹੈ ਕਿਉਂਕਿ ਹੱਥਾਂ ਰਾਹੀਂ ਜ਼ੁਕਾਮ ਦੇ ਵਾਇਰਸ ਅੱਖਾਂ ਅਤੇ ਨੱਕ ਤਕ ਫੈਲ ਸਕਦੇ ਹਨ। ਹੱਥਾਂ ਉੱਪਰ ਜ਼ੁਕਾਮ ਦੇ ਵਾਇਰਸ ਕਾਫ਼ੀ ਘੰਟਿਆਂ ਲਈ ਰਹਿੰਦੇ ਹਨ ਅਤੇ ਜਿਸ ਵਿਅਕਤੀ ਨੂੰ ਜ਼ੁਕਾਮ ਹੋਇਆ ਹੈ ਉਸ ਤੋਂ ਛੂਤ ਲੱਗ ਸਕਦੀ ਹੈ ਭਾਵੇਂ ਕਿ ਬੀਮਾਰੀ ਦੇ ਲੱਛਣ ਨਜ਼ਰ ਨਹੀਂ ਆਉਂਦੇ। ਇਕ ਹੋਰ ਜ਼ਰੂਰੀ ਗੱਲ ਚੰਗੀ ਖ਼ੁਰਾਕ ਖਾਣੀ ਹੈ। ਉਦੋਂ ਵੀ ਸਾਵਧਾਨ ਰਹਿਣ ਦੀ ਜ਼ਰੂਰਤ ਹੁੰਦੀ ਹੈ ਜਦੋਂ ਬੱਚੇ ਆਸ-ਪਾਸ ਹੋਣ। ਕਿਉਂ? ਕਿਉਂਕਿ ਸਾਲ ਵਿਚ ਬੱਚਿਆਂ ਨੂੰ ਪੰਜ ਤੋਂ ਅੱਠ ਵਾਰ ਜ਼ੁਕਾਮ ਹੁੰਦਾ ਹੈ!