ਅੱਜ-ਕੱਲ੍ਹ ਲੋਕਾਂ ਦਾ ਚਾਲ-ਚਲਣ ਕਿਸ ਤਰ੍ਹਾਂ ਦਾ ਹੈ?
ਅੱਜ-ਕੱਲ੍ਹ ਲੋਕਾਂ ਦਾ ਚਾਲ-ਚਲਣ ਕਿਸ ਤਰ੍ਹਾਂ ਦਾ ਹੈ?
ਪਿੱਛਲੇ ਸਾਲ ਅਪ੍ਰੈਲ ਦੇ ਮਹੀਨੇ, ਅਮਰੀਕਾ ਵਿਚ ਲਿੱਟਲਟਨ ਨਾਂ ਦੇ ਇਕ ਸ਼ਹਿਰ ਵਿਚ ਵੱਡੀ ਹਲਚਲ ਮੱਚ ਉੱਠੀ। ਇਹ ਸ਼ਹਿਰ ਕੋਲੋਰਾਡੋ ਵਿਚ ਡੈਨਵਰ ਦੇ ਲਾਗੇ ਹੈ। ਦੋ ਛੋਕਰੇ, ਜਿਨ੍ਹਾਂ ਨੇ ਲੰਬੇ-ਲੰਬੇ ਕਾਲੇ ਕੋਟ ਪਹਿਨੇ ਹੋਏ ਸਨ, ਇਕ ਹਾਈ ਸਕੂਲ ਵਿਚ ਵੜੇ ਅਤੇ ਉਨ੍ਹਾਂ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਉਨ੍ਹਾਂ ਨੇ ਬੰਬ ਵੀ ਚਲਾਏ। ਇਸ ਦੁਰਘਟਨਾ ਵਿਚ ਇਕ ਅਧਿਆਪਕ ਅਤੇ ਬਾਰਾਂ ਵਿਦਿਆਰਥੀ ਮਾਰੇ ਗਏ ਅਤੇ 20 ਤੋਂ ਜ਼ਿਆਦਾ ਜ਼ਖ਼ਮੀ ਹੋਏ। ਅਖ਼ੀਰ ਵਿਚ ਇਨ੍ਹਾਂ ਮੁੰਡਿਆਂ ਨੇ ਆਪਣੀਆਂ ਜਾਨਾਂ ਖ਼ੁਦ ਲੈ ਲਈਆਂ। ਉਹ ਸਿਰਫ਼ 17 ਅਤੇ 18 ਸਾਲ ਦੀ ਉਮਰ ਦੇ ਸਨ। ਉਹ ਦੋਵੇਂ ਦੂਜੀਆਂ ਜਾਤਾਂ ਦੇ ਲੋਕਾਂ ਨਾਲ ਨਫ਼ਰਤ ਕਰਦੇ ਸਨ।
ਅਫ਼ਸੋਸ ਦੀ ਗੱਲ ਹੈ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਅੱਜ-ਕੱਲ੍ਹ ਬਹੁਤ ਆਮ ਹਨ। ਸੰਸਾਰ ਭਰ ਵਿਚ ਅਖ਼ਬਾਰ, ਰੇਡੀਓ, ਅਤੇ ਟੈਲੀਵਿਯਨ ਐਸੀਆਂ ਘਟਨਾਵਾਂ ਬਾਰੇ ਰਿਪੋਰਟਾਂ ਦਿੰਦੇ ਹਨ। ਵਿਦਿਆ ਦੇ ਇਕ ਸੈਂਟਰ ਅਨੁਸਾਰ, 1997 ਵਿਚ ਅਮਰੀਕੀ ਸਕੂਲਾਂ ਵਿਚ ਤਕਰੀਬਨ 11,000 ਮਾਰ-ਕੁਟਾਈਆਂ ਵਾਪਰੀਆਂ ਜਿਨ੍ਹਾਂ ਵਿਚ ਹਥਿਆਰ ਵਰਤੇ ਗਏ ਸਨ। ਇਸੇ
ਸਾਲ ਦੇ ਦੌਰਾਨ ਜਰਮਨੀ ਦੇ ਹੈਮਬਰਗ ਸ਼ਹਿਰ ਵਿਚ ਹਿੰਸਾ ਦੀਆਂ ਰਿਪੋਰਟਾਂ 10 ਫੀ ਸਦੀ ਵੱਧ ਗਈਆਂ ਸਨ। ਅਪਰਾਧੀ ਨੌਜਵਾਨਾਂ ਵਿੱਚੋਂ 44 ਫੀ ਸਦੀ ਦੀ ਉਮਰ ਸਿਰਫ਼ 21 ਸਾਲ ਸੀ।ਸਰਕਾਰੀ ਕਰਮਚਾਰੀਆਂ ਵਿਚਕਾਰ ਰਿਸ਼ਵਤ ਜਾਂ ਹੇਰਾ-ਫੇਰੀ ਇਕ ਸਾਧਾਰਣ ਗੱਲ ਹੈ। ਸੰਨ 1998 ਵਿਚ ਯੂਰਪੀ ਸੰਘ ਦੀ ਕਮਿਸ਼ਨਰ ਅਨੀਟਾ ਗ੍ਰਾਡਿਨ ਨੇ ਇਕ ਰਿਪੋਰਟ ਵਿਚ ਦੱਸਿਆ ਕਿ 1997 ਦੌਰਾਨ ਹੇਰਾ-ਫੇਰੀਆਂ ਕਰਕੇ ਇਸ ਸੰਘ ਦਾ ਤਕਰੀਬਨ 140 ਕਰੋੜ ਡਾਲਰ ਨੁਕਸਾਨ ਹੋਇਆ। ਕਰਮਚਾਰੀ ਗ਼ਲਤ ਥਾਹਾਂ ਤੇ ਗੱਡੀਆਂ ਖੜ੍ਹੀਆਂ ਕਰਨ ਤੋਂ ਬਾਅਦ ਜੁਰਮਾਨੇ ਭਰਨ ਤੋਂ ਇਨਕਾਰ ਕਰਦੇ ਸਨ। ਕਈਆਂ ਨੇ ਖੇਤੀਬਾੜੀ ਅਤੇ ਪੈਸਿਆਂ ਦੇ ਮਾਮਲੇ ਵਿਚ ਵੱਢੀਆਂ ਵੀ ਲਈਆਂ ਸਨ। ਇਸ ਸੰਘ ਦੀਆਂ ਨਜ਼ਰਾਂ ਸਾਮ੍ਹਣੇ ਹਥਿਆਰਾਂ ਅਤੇ ਡ੍ਰਗਜ਼ ਦੀ ਸਮਗਲਿੰਗ ਕੀਤੀ ਗਈ। ਗ਼ੈਰ-ਕਾਨੂੰਨੀ ਸੰਸਥਾਵਾਂ ਨੇ ਇਸ ਸੰਘ ਦੇ ਕਰਮਚਾਰੀਆਂ ਨੂੰ ਚੁੱਪ ਰੱਖਣ ਲਈ ਇਨ੍ਹਾਂ ਦੀਆਂ ਮੁੱਠੀਆਂ ਰਿਸ਼ਵਤਾਂ ਨਾਲ ਗਰਮ ਕੀਤੀਆਂ ਹਨ। ਸੰਨ 1999 ਵਿਚ ਯੂਰਪੀ ਸੰਘ ਦੇ ਕਮਿਸ਼ਨ ਦੇ ਸਾਰਿਆਂ ਮੈਂਬਰਾਂ ਨੇ ਅਸਤੀਫ਼ਾ ਦੇ ਦਿੱਤਾ।
ਪਰ ਲੋਕਾਂ ਦੇ ਹੱਥ ਹੇਰਾ-ਫੇਰੀਆਂ ਨਾਲ ਸਮਾਜ ਦੇ ਇਸ ਉੱਚੇ ਦਰਜੇ ਤੇ ਹੀ ਨਹੀਂ ਰੰਗੇ ਹੋਏ। ਗ਼ੈਰ-ਕਾਨੂੰਨੀ ਕਾਮਿਆਂ ਬਾਰੇ ਯੂਰਪੀ ਸੰਘ ਦੀ ਇਕ ਰਿਪੋਰਟ ਅਨੁਸਾਰ ਇਸ ਸੰਘ ਦੀ 16 ਫੀ ਸਦੀ ਆਮਦਨ ਉਨ੍ਹਾਂ ਬਿਜ਼ਨਿਸਾਂ ਤੋਂ ਆਉਂਦੀ ਹੈ ਜੋ ਸਰਕਾਰੀ ਤੌਰ ਤੇ ਰਜਿਸਟਰ ਨਹੀਂ ਹੋਈਆਂ ਹਨ ਅਤੇ ਟੈਕਸ ਵੀ ਨਹੀਂ ਭਰਦੀਆਂ। ਰੂਸ ਦੀ 50 ਫੀ ਸਦੀ ਆਮਦਨ ਗ਼ੈਰ-ਕਾਨੂੰਨੀ ਹੈ। ਇਸ ਤੋਂ ਇਲਾਵਾ, ਅਮਰੀਕਾ ਦੀ ਇਕ ਸੰਸਥਾ ਦੇ ਇਨਸਪੈਕਟਰਾਂ ਨੇ ਅਜਿਹੀਆਂ ਹੇਰਾ-ਫੇਰੀਆਂ ਦੀ ਛਾਣਬੀਣ ਕੀਤੀ ਹੈ। ਉਨ੍ਹਾਂ ਨੇ ਦੱਸਿਆ ਕਿ ਹਰ ਸਾਲ ਅਮਰੀਕਾ ਦੀਆਂ ਕੰਪਨੀਆਂ ਦਾ 400 ਅਰਬ ਡਾਲਰ ਨੁਕਸਾਨ ਹੁੰਦਾ ਹੈ ਕਿਉਂਕਿ ਉਨ੍ਹਾਂ ਦੇ ਕਰਮਚਾਰੀ ਪੈਸੇ ਜਾਂ ਚੀਜ਼ਾਂ ਚੋਰੀ ਕਰਦੇ ਰਹਿੰਦੇ ਹਨ।
ਬੱਚਿਆਂ ਨਾਲ ਬਦਫ਼ੈਲੀ ਕਰਨ ਵਾਲੇ ਕਈ ਬੰਦਿਆਂ ਨੇ ਇੰਟਰਨੈੱਟ ਇਸਤੇਮਾਲ ਕੀਤਾ ਹੈ। ਉਨ੍ਹਾਂ ਨੇ ਇਸ ਜ਼ਰੀਏ ਬੱਚਿਆਂ ਨੂੰ ਗ਼ੈਰ-ਕਾਨੂੰਨੀ ਸੈਕਸ ਲਈ ਲੁਭਾਉਣ ਦੀ ਕੋਸ਼ਿਸ਼ ਕੀਤੀ ਹੈ। ਸਵੀਡਨ ਵਿਚ ਬੱਚਿਆਂ ਦੀ ਦੇਖ-ਭਾਲ ਕਰਨ ਵਾਲੀ ਇਕ ਸੰਸਥਾ ਨੇ ਬੱਚਿਆਂ ਨਾਲ ਸੈਕਸ ਬਾਰੇ ਇੰਟਰਨੈੱਟ ਤੇ ਵੱਧ ਰਹੇ ਗੰਦ-ਮੰਦ ਬਾਰੇ ਚਿੰਤਾ ਪ੍ਰਗਟ ਕੀਤੀ ਹੈ। ਸੰਨ 1997 ਵਿਚ ਇਸੇ ਸੰਸਥਾ ਨੂੰ ਨਾਰਵੇ ਵਿਚ ਇੰਟਰਨੈੱਟ ਤੇ ਬੱਚਿਆਂ ਨਾਲ ਗੰਦੇ ਕੰਮਾਂ ਬਾਰੇ 1,883 ਸ਼ਿਕਾਇਤਾਂ ਮਿਲੀਆਂ। ਅਗਲੇ ਸਾਲ ਉਨ੍ਹਾਂ ਨੂੰ ਤਕਰੀਬਨ 5,000 ਹੋਰ ਸ਼ਿਕਾਇਤਾਂ ਮਿਲੀਆਂ! ਐਸਾ ਗੰਦ-ਮੰਦ ਉਨ੍ਹਾਂ ਦੇਸ਼ਾਂ ਤੋਂ ਸ਼ੁਰੂ ਹੁੰਦਾ ਹੈ ਜਿੱਥੇ ਸਰਕਾਰਾਂ ਇਨ੍ਹਾਂ ਬੁਰੇ ਕੰਮਾਂ ਬਾਰੇ ਕੁਝ ਨਹੀਂ ਕਰ ਸਕਦੀਆਂ ਹਨ।
ਕੀ ਪਹਿਲਾਂ ਇੱਦਾਂ ਨਹੀਂ ਸੀ ਹੁੰਦਾ?
ਕਈ ਲੋਕ ਅੱਜ-ਕੱਲ੍ਹ ਦੇ ਬੁਰੇ ਚਾਲ-ਚਲਣ ਦੇਖ ਕੇ ਬਹੁਤ ਚਿੰਤਾ ਕਰਦੇ ਹਨ। ਉਹ ਆਪਣੇ ਮਾਪਿਆਂ ਜਾਂ ਦਾਦਿਆਂ-ਪੜਦਾਦਿਆਂ ਦੇ ਜ਼ਮਾਨੇ ਬਾਰੇ ਗੱਲਾਂ ਕਰਦੇ ਹਨ ਜਦੋਂ ਲੋਕ ਇਕ ਦੂਜੇ ਦੀ ਕਦਰ ਕਰਦੇ ਹੁੰਦੇ ਸੀ। ਸ਼ਾਇਦ ਉਨ੍ਹਾਂ ਨੇ ਸੁਣਿਆਂ ਹੋਵੇ ਕਿ ਉਦੋਂ ਲੋਕਾਂ ਦੇ ਆਪਸ ਵਿਚ ਕਾਫ਼ੀ ਸਤ-ਸੰਤੋਖ ਹੁੰਦਾ ਸੀ ਅਤੇ ਲੋਕ ਈਮਾਨਦਾਰ ਹੁੰਦੇ ਸਨ ਅਤੇ ਸਾਰਾ ਸਮਾਜ ਨੇਕ ਚਾਲ-ਚਲਣ ਦੀ ਕਦਰ ਕਰਦਾ ਸੀ। ਸਿਆਣੇ ਸ਼ਾਇਦ ਉਸ ਜ਼ਮਾਨੇ ਬਾਰੇ ਗੱਲਾਂ ਕਰਦੇ ਹਨ ਜਦੋਂ ਮਿਹਨਤੀ ਲੋਕ ਇਕ ਦੂਜੇ ਦੀ ਮਦਦ ਕਰਦੇ ਸੀ, ਪਰਿਵਾਰਾਂ ਦੇ ਆਪਸ ਵਿਚ ਬਹੁਤ ਪਿਆਰ ਹੁੰਦਾ ਸੀ, ਅਤੇ ਨੌਜਵਾਨ ਆਵਾਰਾ ਫਿਰਨ ਦੀ ਬਜਾਇ ਆਪਣੇ ਮਾਪਿਆਂ ਦੇ ਕਾਰਖ਼ਾਨਿਆਂ ਜਾਂ ਖੇਤਾਂ ਵਿਚ ਹੱਥ ਵਟਾਉਂਦੇ ਹੁੰਦੇ ਸੀ।
ਫਿਰ ਇਹ ਸਵਾਲ ਪੁੱਛੇ ਜਾ ਸਕਦੇ ਹਨ: ਕੀ ਪਿੱਛਲੇ ਜ਼ਮਾਨੇ ਵਿਚ ਲੋਕਾਂ ਦਾ ਚਾਲ-ਚਲਣ ਸੱਚ-ਮੁੱਚ ਹੀ ਬਿਹਤਰ ਹੁੰਦਾ ਸੀ? ਜਾਂ ਕੀ ਇਹ ਬੀਤੇ ਸਮੇਂ ਦੀਆਂ ਭੁੱਲੀਆਂ-ਵਿੱਸਰੀਆਂ ਯਾਦਾਂ ਹੀ ਹਨ? ਆਓ ਅਸੀਂ ਦੇਖੀਏ ਕਿ ਕੁਝ ਇਤਿਹਾਸਕਾਰ ਅਤੇ ਦੂਜੇ ਪੜ੍ਹੇ-ਲਿਖੇ ਲੋਕ ਇਸ ਮਾਮਲੇ ਬਾਰੇ ਕੀ ਕਹਿੰਦੇ ਹਨ।
[ਸਫ਼ਾ 3 ਉੱਤੇ ਡੱਬੀ]
ਚਾਲ-ਚਲਣਾਂ ਦਾ ਮਤਲਬ
ਇਨ੍ਹਾਂ ਲੇਖਾਂ ਵਿਚ “ਚਾਲ-ਚਲਣ” ਸ਼ਬਦ ਕਈ ਵਾਰ ਵਰਤਿਆ ਗਿਆ ਹੈ। ਇਹ ਇਨਸਾਨਾਂ ਦੇ ਆਪਸ ਵਿਚ ਸਹੀ ਜਾਂ ਗ਼ਲਤ ਸਲੂਕ ਵਿਚ ਫ਼ਰਕ ਦਿਖਾਉਣ ਲਈ ਵਰਤਿਆ ਗਿਆ ਹੈ। ਚਾਲ-ਚਲਣਾਂ ਵਿਚ ਈਮਾਨਦਾਰੀ, ਸੈਕਸ ਨਾਲੇ ਹੋਰਨਾਂ ਮਾਮਲਿਆਂ ਬਾਰੇ ਚਰਚਾ ਕੀਤੀ ਗਈ ਹੈ।