Skip to content

Skip to table of contents

ਇਕ ਸੁਖੀ ਭਵਿੱਖ ਜ਼ਰੂਰ ਆਵੇਗਾ!

ਇਕ ਸੁਖੀ ਭਵਿੱਖ ਜ਼ਰੂਰ ਆਵੇਗਾ!

ਇਕ ਸੁਖੀ ਭਵਿੱਖ ਜ਼ਰੂਰ ਆਵੇਗਾ!

“ਸਾਰੀ ਧਰਤੀ ਚੈਨ ਅਤੇ ਅਰਾਮ ਕਰਦੀ ਹੈ, ਓਹ ਖੁੱਲ੍ਹ ਕੇ ਜੈਕਾਰੇ ਗਜਾਉਂਦੇ ਹਨ।”​—ਯਸਾਯਾਹ 14:7.

ਅਮਰੀਕੀ ਫ਼ੌਜ ਦੇ ਇਕ ਜਨਰਲ ਨੇ 1948 ਵਿਚ ਇਹ ਗੱਲ ਕਹੀ ਸੀ ਕਿ “ਸਾਡਾ ਸੰਸਾਰ ਅਜਿਹੇ ਲੋਕਾਂ ਨਾਲ ਭਰਿਆ ਹੋਇਆ ਹੈ ਜੋ ਹਥਿਆਰ ਅਤੇ ਬੰਬਾਂ ਦੀ ਜਾਣਕਾਰੀ ਵਿਚ ਮਾਹਰ ਹਨ ਪਰ ਨੈਤਿਕ ਗੱਲਾਂ ਵਿਚ ਬੱਚਿਆਂ ਵਰਗੇ ਹਨ। ਅਸੀਂ ਸ਼ਾਂਤੀ ਨਾਲੋਂ ਯੁੱਧ ਬਾਰੇ ਜ਼ਿਆਦਾ ਜਾਣਦੇ ਹਾਂ ਅਤੇ ਜ਼ਿੰਦਗੀ ਨਾਲੋਂ ਮੌਤ ਬਾਰੇ ਜ਼ਿਆਦਾ ਜਾਣਦੇ ਹਾਂ।” ਇਹ ਸ਼ਬਦ ਸਾਨੂੰ ਬਾਈਬਲ ਦੀ ਇਹ ਗੱਲ ਯਾਦ ਕਰਵਾਉਂਦੇ ਹਨ ਕਿ “ਇੱਕ ਜਣਾ ਦੂਜੇ ਉੱਤੇ ਆਗਿਆ ਤੋਰ ਕੇ ਆਪਣਾ ਹੀ ਨੁਕਸਾਨ ਕਰਦਾ ਹੈ।” (ਉਪਦੇਸ਼ਕ ਦੀ ਪੋਥੀ 8:9) ਬੰਦੇ ਯੁੱਧ ਦੇ ਹਥਿਆਰਾਂ ਨਾਲ ਲੈਸ ਹੋ ਕੇ ਦੂਸਰਿਆਂ ਦਾ ਬਹੁਤ ਨੁਕਸਾਨ ਕਰ ਸਕਦੇ ਹਨ। ਉਹ ਉਨ੍ਹਾਂ ਨੂੰ ਸਿਰਫ਼ ਜ਼ਖ਼ਮੀ ਹੀ ਨਹੀਂ ਪਰ ਜਾਨੋਂ ਵੀ ਮਾਰ ਸਕਦੇ ਹਨ!

ਕਈ ਲੋਕ ਇਸ ਗੱਲ ਨਾਲ ਸਹਿਮਤ ਹਨ ਕਿ ਯੁੱਧ ਦੇ ਹਥਿਆਰ ਰੱਖਣੇ ਅਤੇ ਉਨ੍ਹਾਂ ਦੀ ਵਰਤੋਂ ਕਰਨੀ ਨੈਤਿਕ ਤੌਰ ਤੇ ਬਿਲਕੁਲ ਗ਼ਲਤ ਹੈ। ਮਿਸਾਲ ਲਈ, ਯੂ. ਐੱਸ. ਹਵਾਈ ਸੈਨਾ ਦੇ ਰੀਟਾਇਰ ਹੋਏ ਇਕ ਜਨਰਲ, ਜੋਰਜ ਲੀ ਬਟਲਰ ਨੇ ਕਿਹਾ: ‘ਯੁੱਧ ਦੇ ਹਥਿਆਰਾਂ ਨੂੰ ਜਮ੍ਹਾ ਕਰਨਾ ਇਸ ਗੱਲ ਦਾ ਸੰਕੇਤ ਹੈ ਕਿ ਕਿਸੇ-ਨ-ਕਿਸੇ ਦਿਨ ਜਾਂ ਸਮੇਂ ਤੇ ਅਸੀਂ ਉਨ੍ਹਾਂ ਦੀ ਵਰਤੋਂ ਨੂੰ ਜਾਇਜ਼ ਬਣਾਉਣ ਦੀ ਕੋਸ਼ਿਸ਼ ਕਰਾਂਗੇ। ਸਾਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ।’

ਫਿਰ ਵੀ, ਅਖ਼ਬਾਰ ਦੇ ਇਕ ਲੇਖਕ, ਮਾਰਟਿਨ ਵੁਲਾਕਾਟ ਨੇ ਕਿਹਾ: “ਨੇਕ ਲੋਕ ਯੁੱਧ ਦੇ ਹਥਿਆਰਾਂ ਦੀ ਵਿਅਰਥਤਾ ਅਤੇ ਬੁਰਾਈ ਬਾਰੇ ਜੋ ਮਰਜ਼ੀ ਕਹਿਣ, ਫਿਰ ਵੀ ਸਰਕਾਰਾਂ ਹਥਿਆਰ ਜਮ੍ਹਾ ਕਰਨ ਦੀ ਕੋਸ਼ਿਸ਼ ਵਿਚ ਲੱਗੀਆਂ ਰਹਿੰਦੀਆਂ ਹਨ। ਸਰਕਾਰਾਂ ਇਹ ਮੰਨਦੀਆਂ ਹਨ ਕਿ ਸੁਰੱਖਿਆ ਵਾਸਤੇ ਉਨ੍ਹਾਂ ਨੂੰ ਹਥਿਆਰਾਂ ਦੀ ਜ਼ਰੂਰਤ ਹੈ; ਉਹ ਇਨ੍ਹਾਂ ਨੂੰ ਇਸ ਲਈ ਵੀ ਜਮ੍ਹਾ ਕਰਦੀਆਂ ਹਨ ਕਿਉਂਕਿ ਇਹ ਅਜਿਹੀ ਮਹਾਂ-ਸ਼ਕਤੀ ਨੂੰ ਦਰਸਾਉਂਦੇ ਹਨ ਜਿਸ ਨੂੰ ਨੀਤੀਵਾਨ ਅਤੇ ਸਿਪਾਹੀ ਪਛਾਣਦੇ ਹਨ ਅਤੇ ਹਾਸਲ ਕਰਨੀ ਚਾਹੁੰਦੇ ਹਨ।”

ਇਹ ਸੱਚ ਹੈ ਕਿ ਪਿਛਲੇ ਪੰਜਾਹ ਸਾਲਾਂ ਲਈ ਬੰਦਿਆਂ ਨੇ ਕਿਸੇ-ਨ-ਕਿਸੇ ਤਰੀਕੇ ਵਿਚ ਨਿਊਕਲੀ ਯੁੱਧ ਨੂੰ ਟਾਲਿਆ ਹੈ। ਪਰ ਉਸ ਸਮੇਂ ਦੌਰਾਨ, ਹਜ਼ਾਰਾਂ ਹੀ ਲੋਕ ਸਾਧਾਰਣ ਹਥਿਆਰਾਂ ਨਾਲ ਮਾਰੇ ਗਏ ਹਨ। ਇਨਸਾਨਾਂ ਦਿਆਂ ਪਿਛਲਿਆਂ ਕੰਮਾਂ ਨੂੰ ਦੇਖਦੇ ਹੋਏ, ਇਹ ਗੱਲ ਸੋਚਣੀ ਜਾਇਜ਼ ਹੈ ਕਿ ਕਦੀ-ਨ-ਕਦੀ ਯੁੱਧ ਦੇ ਇਹ ਡਰਾਉਣੇ ਹਥਿਆਰ ਵਰਤੇ ਜਾਣਗੇ।

ਯੁੱਧ ਦੇ ਮੁੱਖ ਕਾਰਨ

ਕੀ ਇਨਸਾਨਾਂ ਦੇ ਲੜਾਕੇ ਸੁਭਾਅ ਬਦਲੇ ਜਾ ਸਕਦੇ ਹਨ? ਕੁਝ ਲੋਕ ਬਹਿਸ ਕਰਦੇ ਹਨ ਕਿ ਇਨਸਾਨ ਮੂਰਖਤਾ, ਖ਼ੁਦਗਰਜ਼ੀ, ਅਤੇ ਤਰੱਕੀ ਕਰਨ ਲਈ ਯੁੱਧ ਲੜਦੇ ਹਨ। ਇਕ ਵਿਦਵਾਨ, ਕੇਨੱਥ ਵੌਲਟਜ਼ ਨੇ ਕਿਹਾ: “ਜੇਕਰ ਯੁੱਧ ਦੇ ਇਹ ਮੁੱਖ ਕਾਰਨ ਹਨ ਤਾਂ ਯੁੱਧ ਖ਼ਤਮ ਕਰਨ ਲਈ ਇਨਸਾਨਾਂ ਨੂੰ ਸੁਧਾਰਨ ਅਤੇ ਉਨ੍ਹਾਂ ਨੂੰ ਸਹੀ ਸਿੱਖਿਆ, ਖ਼ਾਸ ਕਰਕੇ ਰੂਹਾਨੀ ਸਿੱਖਿਆ ਦੀ ਜ਼ਰੂਰਤ ਹੈ।”

ਦੂਸਰੇ ਲੋਕ ਕਹਿੰਦੇ ਹਨ ਕਿ ਯੁੱਧ ਅੰਤਰਰਾਸ਼ਟਰੀ ਰਾਜਨੀਤੀ ਦੇ ਕਾਰਨ ਲੜੇ ਜਾਂਦੇ ਹਨ। ਹਰੇਕ ਸਰਕਾਰ ਆਪਣੀ ਹੀ ਕੌਮੀ ਭਲਾਈ ਬਾਰੇ ਸੋਚਦੀ ਹੈ, ਇਸ ਲਈ ਮਤਭੇਦ ਪੈਦਾ ਹੋ ਜਾਂਦੇ ਹਨ। ਇਨ੍ਹਾਂ ਮਤਭੇਦਾਂ ਜਾਂ ਝਗੜਿਆਂ ਨੂੰ ਸੁਲਝਾਉਣ ਦਾ ਕੋਈ ਪੱਕਾ ਤਰੀਕਾ ਨਾ ਹੋਣ ਕਰਕੇ ਯੁੱਧ ਸ਼ੁਰੂ ਹੋ ਜਾਂਦੇ ਹਨ। ਵਿਲਿਅਮ ਈ. ਬਰੋਜ਼ ਅਤੇ ਰੌਬਰਟ ਵਿੰਡਰੇਮ ਨੇ ਆਪਣੀ ਕਿਤਾਬ ਕ੍ਰਿਟੀਕਲ ਮੈਸ ਵਿਚ ਲਿਖਿਆ ਕਿ “ਗੜਬੜ ਸਰਕਾਰਾਂ ਕਰਕੇ ਹੁੰਦੀ ਹੈ। ਜਿੰਨਾ ਚਿਰ ਰਾਜਨੀਤੀ ਦੇ ਲੋਕ ਖ਼ੁਦ ਹਥਿਆਰਾਂ ਨੂੰ ਘਟਾਉਣ ਦਾ ਫ਼ੈਸਲਾ ਨਹੀਂ ਕਰਦੇ ਜਾਂ ਇਨ੍ਹਾਂ ਨੂੰ ਬਣਾਉਣਾ ਬੰਦ ਨਹੀਂ ਕਰਦੇ ਕੋਈ ਵੀ ਸੁਲ੍ਹਾ ਨਹੀਂ ਕੀਤੀ ਜਾ ਸਕਦੀ।”

ਨਿਊਕਲੀ ਹਥਿਆਰਾਂ ਦੇ ਟੈੱਸਟਾਂ ਉੱਤੇ ਪਾਬੰਦੀ ਲਾਉਣ ਦੀ ਇਕ ਨਵੀਂ ਸੰਧੀ ਉੱਤੇ ਗੌਰ ਕਰੋ। ਗਾਰਡੀਅਨ ਵੀਕਲੀ ਅਖ਼ਬਾਰ ਨੇ ਇਸ ਸੰਧੀ ਨੂੰ ਲਾਗੂ ਕਰਨ ਦੇ ਸਮਝੌਤਿਆਂ ਬਾਰੇ ਇਹ ਕਿਹਾ: “ਇਨ੍ਹਾਂ ਮੌਕਿਆਂ ਤੇ ਵੱਡੇ-ਵੱਡੇ ਸਮਝੌਤੇ ਕੀਤੇ ਜਾਂਦੇ ਹਨ ਜਿਨ੍ਹਾਂ ਵਿਚ ਉਹ ਦੇਸ਼ ਸ਼ਾਮਲ ਹੁੰਦੇ ਹਨ ਜਿਨ੍ਹਾਂ ਕੋਲ ਨਿਊਕਲੀ ਹਥਿਆਰ ਹੁੰਦੇ ਹਨ, ਅਤੇ ਉਹ ਦੇਸ਼ ਵੀ ਜਿਨ੍ਹਾਂ ਕੋਲ ਪਹਿਲਾਂ ਹੀ ਗੁਪਤ ਵਿਚ ਇਹ ਹਥਿਆਰ ਹੁੰਦੇ ਹਨ ਜਾਂ ਜਿਨ੍ਹਾਂ ਨੂੰ ਪਤਾ ਹੈ ਕਿ ਉਹ ਕਿਸ ਜ਼ਰੀਏ ਇਨ੍ਹਾਂ ਹਥਿਆਰਾਂ ਨੂੰ ਜਲਦੀ-ਜਲਦੀ ਹਾਸਲ ਕਰ ਸਕਦੇ ਹਨ।” ਇਹ ਲੇਖ ਅੱਗੇ ਕਹਿੰਦਾ ਹੈ ਕਿ “ਇਨ੍ਹਾਂ ਸਾਰਿਆਂ ਦੇਸ਼ਾਂ ਵਿੱਚੋਂ ਕੋਈ ਵੀ ਆਪਣੇ ਹਥਿਆਰ ਜਾਂ ਆਪਣੀ ਨਿਊਕਲੀ ਯੋਗਤਾ, ਜਾਂ ਇਨ੍ਹਾਂ ਦੋਹਾਂ ਚੀਜ਼ਾਂ ਨੂੰ ਬਿਹਤਰ ਬਣਾਉਣ ਦੇ ਤਰੀਕਿਆਂ ਨੂੰ ਤਿਆਗਣ ਦਾ ਇਰਾਦਾ ਨਹੀਂ ਰੱਖਦਾ।”

ਇਹ ਗੱਲ ਸਪੱਸ਼ਟ ਹੈ ਕਿ ਯੁੱਧ ਦੇ ਖ਼ਤਰੇ ਨੂੰ ਮਿਟਾਉਣ ਲਈ ਸੰਸਾਰ ਭਰ ਏਕਤਾ ਲਿਆਉਣ ਦੀ ਜ਼ਰੂਰਤ ਹੈ। ਕਿਤਾਬ ਕ੍ਰਿਟੀਕਲ ਮੈਸ ਕਹਿੰਦੀ ਹੈ ਕਿ ‘ਦੁਨੀਆਂ ਦੇ ਦੇਸ਼ ਇਕ ਦੂਜੇ ਨੂੰ ਧਮਕੀਆਂ ਦੇ ਕੇ ਨਿਊਕਲੀ ਤਬਾਹੀ ਟਾਲਦੇ ਹਨ, ਪਰ ਇਸ ਦੀ ਬਜਾਇ ਉਨ੍ਹਾਂ ਨੂੰ ਇਕ ਦੂਜੇ ਵਿਚ ਭਰੋਸਾ ਰੱਖਣ ਦੀ ਲੋੜ ਹੈ, ਨਹੀਂ ਤਾਂ ਕਦੀ-ਨ-ਕਦੀ ਤਬਾਹੀ ਆ ਹੀ ਜਾਵੇਗੀ।’ ਅਫ਼ਸੋਸ ਦੀ ਗੱਲ ਹੈ ਕਿ ਅੱਜ-ਕੱਲ੍ਹ ਦੇ ਅੰਤਰਰਾਸ਼ਟਰੀ ਸਮਝੌਤੇ ਉਸ ਗੱਲ ਨੂੰ ਦਰਸਾਉਂਦੇ ਹਨ ਜੋ ਦਾਨੀਏਲ ਨਬੀ ਨੇ ਕੁਝ 26 ਸਦੀਆਂ ਪਹਿਲਾਂ ਕਹੀ ਸੀ ਕਿ “ਉਹ ਇਕ ਦੂਜੇ ਨਾਲ ਝੂਠ ਬੋਲਨਗੇ।”​—ਦਾਨੀਏਲ 11:27, ਪਵਿੱਤਰ ਬਾਈਬਲ ਨਵਾਂ ਅਨੁਵਾਦ।

ਇਕ ਵਿਸ਼ਵ ਸਰਕਾਰ ਅਧੀਨ ਸੰਸਾਰ ਭਰ ਏਕਤਾ

ਪਰ ਬਾਈਬਲ ਸਾਨੂੰ ਭਰੋਸਾ ਦਿੰਦੀ ਹੈ ਕਿ ਪਰਮੇਸ਼ੁਰ ਦੇ ਮਕਸਦ ਅਨੁਸਾਰ ਇਕ ਬਹੁਤ ਹੀ ਪ੍ਰਭਾਵਕਾਰੀ ਵਿਸ਼ਵ ਸਰਕਾਰ ਅਧੀਨ ਸੰਸਾਰ ਭਰ ਏਕਤਾ ਲਿਆਈ ਜਾਵੇਗੀ। ਲੱਖਾਂ ਲੋਕਾਂ ਨੇ ਪ੍ਰਭੂ ਦੀ ਪ੍ਰਾਰਥਨਾ ਕਰਦੇ ਹੋਏ ਅਣਜਾਣੇ ਵਿਚ ਇਸ ਸਰਕਾਰ ਦੀ ਮੰਗ ਕੀਤੀ ਹੈ: “ਤੇਰਾ ਰਾਜ ਆਵੇ, ਤੇਰੀ ਮਰਜ਼ੀ ਜਿਹੀ ਸੁਰਗ ਵਿੱਚ ਪੂਰੀ ਹੁੰਦੀ ਹੈ ਜਮੀਨ ਉੱਤੇ ਵੀ ਹੋਵੇ।” (ਮੱਤੀ 6:10) ਰਾਜ ਦਾ ਮਤਲਬ ਸਰਕਾਰ ਹੁੰਦਾ ਹੈ। ਇਸ ਰਾਜ ਸਰਕਾਰ ਦਾ ਪ੍ਰਧਾਨ, ਸ਼ਾਂਤੀ ਦਾ ਰਾਜ ਕੁਮਾਰ, ਯਿਸੂ ਮਸੀਹ ਹੈ। ਪਰਮੇਸ਼ੁਰ ਦਾ ਬਚਨ ਸਾਨੂੰ ਤਸੱਲੀ ਦਿੰਦਾ ਹੈ ਕਿ “ਉਹ ਦੇ ਰਾਜ ਦੀ ਤਰੱਕੀ, ਅਤੇ ਸਲਾਮਤੀ ਦੀ ਕੋਈ ਹੱਦ ਨਾ ਹੋਵੇਗੀ, . . . ਸੈਨਾਂ ਦੇ ਯਹੋਵਾਹ ਦੀ ਅਣਖ ਏਹ ਕਰੇਗੀ।” (ਯਸਾਯਾਹ 9:6, 7) ਯਿਸੂ ਅਧੀਨ ਉਸ ਸਰਕਾਰ ਦੇ ਸੰਬੰਧ ਵਿਚ ਬਾਈਬਲ ਵਾਅਦਾ ਕਰਦੀ ਹੈ ਕਿ ਉਹ ਸਰਕਾਰੀ ਰਾਜ “ਏਹਨਾਂ ਸਾਰੀਆਂ ਪਾਤਸ਼ਾਹੀਆਂ,” ਜਾਂ ਮਨੁੱਖੀ ਸਰਕਾਰਾਂ, “ਨੂੰ ਚੂਰ ਚੂਰ ਕਰ ਕੇ ਸਤਿਆ ਨਾਸ ਕਰੇਗਾ।”​—ਦਾਨੀਏਲ 2:44.

ਇਹ ਸਰਕਾਰ ਸੱਚੀ ਸ਼ਾਂਤੀ ਅਤੇ ਸੁੱਖ-ਚੈਨ ਲਿਆਵੇਗੀ। ਲੇਕਿਨ ਇਹ ਹਥਿਆਰ ਜਮ੍ਹਾ ਕਰਨ ਦੁਆਰਾ ਜਾਂ ਹਥਿਆਰਾਂ ਉੱਤੇ ਪਾਬੰਦੀਆਂ ਲਾਉਣ ਵਾਲੀਆਂ ਅਜਿਹੀਆਂ ਸੰਧੀਆਂ ਦੁਆਰਾ ਨਹੀਂ ਆਵੇਗੀ ਜਿਨ੍ਹਾਂ ਉੱਤੇ ਭਰੋਸਾ ਨਹੀਂ ਕੀਤਾ ਜਾ ਸਕਦਾ। ਜ਼ਬੂਰ 46:9 ਵਿਚ ਭਵਿੱਖਬਾਣੀ ਕੀਤੀ ਗਈ ਹੈ ਕਿ ਯਹੋਵਾਹ ਪਰਮੇਸ਼ੁਰ “ਧਰਤੀ ਦੇ ਬੰਨਿਆਂ ਤੀਕੁਰ ਲੜਾਈਆਂ ਨੂੰ ਮੁਕਾ ਦਿੰਦਾ ਹੈ, ਉਹ ਧਣੁਖ ਨੂੰ ਭੰਨ ਸੁੱਟਦਾ ਅਤੇ ਬਰਛੀ ਦੇ ਟੋਟੇ ਟੋਟੇ ਕਰ ਦਿੰਦਾ ਹੈ, ਉਹ ਰਥਾਂ ਨੂੰ ਅੱਗ ਨਾਲ ਸਾੜ ਸੁੱਟਦਾ ਹੈ!” ਇਨ੍ਹਾਂ ਨੂੰ ਖ਼ਤਮ ਕਰਨ ਲਈ ਸਿਰਫ਼ ਇਕ-ਦੋ ਕਦਮ ਚੁੱਕਣੇ ਕਾਫ਼ੀ ਨਹੀਂ ਹਨ। ਮਸੀਹ ਦੇ ਅਧੀਨ ਪਰਮੇਸ਼ੁਰ ਦਾ ਰਾਜ ਯੁੱਧ ਦੇ ਹਥਿਆਰਾਂ ਦੇ ਭੰਡਾਰ ਨੂੰ ਘਟਾਉਣ ਤੋਂ ਕੁਝ ਜ਼ਿਆਦਾ ਕਰੇਗਾ। ਇਹ ਯੁੱਧ ਵਿਚ ਵਰਤੇ ਜਾਣ ਵਾਲੇ ਸਾਰੇ ਹਥਿਆਰਾਂ ਨੂੰ ਬਿਲਕੁਲ ਖ਼ਤਮ ਕਰ ਦੇਵੇਗਾ।

ਕੋਈ ਵੀ ਨਿਊਕਲੀ ਖ਼ਤਰਾ ਨਹੀਂ ਹੋਵੇਗਾ ਕਿਉਂਕਿ ਨਾ ਸ਼ਕਤੀਸ਼ਾਲੀ ਦੇਸ਼ ਹੋਣਗੇ, ਨਾ ਬੇਈਮਾਨ ਦੇਸ਼, ਅਤੇ ਨਾ ਆਤੰਕਵਾਦੀ ਹੋਣਗੇ। ਸੱਚੀ ਸ਼ਾਂਤੀ ਧਰਤੀ ਉੱਤੇ ਛਾ ਜਾਵੇਗੀ: “ਪਰ ਓਹ ਆਪੋ ਆਪਣੀਆਂ ਅੰਗੂਰੀ ਬੇਲਾਂ ਅਤੇ ਹਜੀਰ ਦੇ ਬਿਰਛ ਹੇਠ ਬੈਠਣਗੇ, ਅਤੇ ਕੋਈ ਓਹਨਾਂ ਨੂੰ ਨਹੀਂ ਡਰਾਏਗਾ, ਕਿਉਂ ਜੋ ਸੈਨਾਂ ਦੇ ਯਹੋਵਾਹ ਦਾ ਮੁਖ ਵਾਕ ਹੈ।” ਇਹ ਪਰਮੇਸ਼ੁਰ ਦੇ ਸ਼ਬਦ ਹਨ ਅਤੇ ਉਹ ਕਦੇ ਝੂਠ ਨਹੀਂ ਬੋਲ ਸਕਦਾ।​—ਮੀਕਾਹ 4:4; ਤੀਤੁਸ 1:2.

ਜ਼ਬੂਰ 4:8 ਦੇ ਅਨੁਸਾਰ, ਸੱਚੀ ਸ਼ਾਂਤੀ ਸਿਰਫ਼ ਯਹੋਵਾਹ ਪਰਮੇਸ਼ੁਰ ਦੇ ਪ੍ਰਬੰਧ ਤੋਂ ਮਿਲ ਸਕਦੀ ਹੈ: “ਮੈਂ ਸ਼ਾਂਤੀ ਨਾਲ ਲੇਟਦਿਆਂ ਹੀ ਸੌਂ ਜਾਵਾਂਗਾ, ਕਿਉਂ ਜੋ ਹੇ ਯਹੋਵਾਹ, ਤੂੰ ਹੀ ਮੈਨੂੰ ਅਮਨ ਵਿੱਚ ਵਸਾਉਂਦਾ ਹੈਂ।” ਮਨੁੱਖ ਦੇ ਇਤਿਹਾਸ ਨੇ ਦੁੱਖ ਦੀ ਇਹ ਗੱਲ ਸਾਬਤ ਕੀਤੀ ਹੈ ਕਿ ਉਨ੍ਹਾਂ ਦੇ ਵਾਅਦੇ ਸੱਚੇ ਨਹੀਂ ਹਨ, ਪਰ ਯਹੋਵਾਹ ਦੇ ਰਾਜ ਦੁਆਰਾ ਕੀਤੇ ਗਏ “ਅਮਨ ਚੈਨ ਅਤੇ ਸੁਖ ਸਾਂਦ” ਦੇ ਵਾਅਦੇ ਬਿਲਕੁਲ ਸੱਚੇ ਹਨ।​—1 ਥੱਸਲੁਨੀਕੀਆਂ 5:3 ਦੀ ਤੁਲਨਾ ਕਰੋ।

“ਚੈਨ ਅਤੇ ਆਸ਼ਾ”

ਪਰ ਇਨਸਾਨਾਂ ਦੇ ਲੜਾਕੇ ਸੁਭਾਅ ਬਾਰੇ ਕੀ? ‘ਜਗਤ ਦੇ ਵਾਸੀ ਧਰਮ ਸਿੱਖਣਗੇ।’ (ਯਸਾਯਾਹ 26:9) ਧਰਮ ਦੀ ਇਸ ਸਿੱਖਿਆ ਕਾਰਨ ਇਨਸਾਨਾਂ ਦੇ ਸੁਭਾਅ ਅਤੇ ਸੰਸਾਰ ਦੇ ਹਾਲਾਤਾਂ ਉੱਤੇ ਡੂੰਘਾ ਅਸਰ ਪਵੇਗਾ: “ਧਰਮ ਦਾ ਕੰਮ ਸ਼ਾਂਤੀ ਹੋਵੇਗਾ, ਧਰਮ ਦਾ ਫਲ ਸਦੀਪਕ ਚੈਨ ਅਤੇ ਆਸ਼ਾ ਹੋਵੇਗਾ।” (ਯਸਾਯਾਹ 32:17) ਲੜਾਕੇ ਸੁਭਾਅ ਦੀ ਥਾਂ ਦੂਸਰਿਆਂ ਲਈ ਪ੍ਰੇਮ ਅਤੇ ਦੂਸਰਿਆਂ ਦੀ ਭਲਾਈ ਦੀ ਚਿੰਤਾ ਹੋਵੇਗੀ। ਧਰਤੀ ਦੇ ਵਾਸੀਆਂ ਨੂੰ ‘ਆਪਣੀਆਂ ਤਲਵਾਰਾਂ ਕੁੱਟ ਕੇ ਫਾਲੇ ਬਣਾਉਣੇ ਪੈਣਗੇ, ਅਤੇ ਆਪਣੇ ਬਰਛਿਆਂ ਨੂੰ ਦਾਤ। ਕੌਮ ਕੌਮ ਉੱਤੇ ਤਲਵਾਰ ਨਹੀਂ ਚੁੱਕੇਗੀ, ਅਤੇ ਓਹ ਫੇਰ ਕਦੀ ਵੀ ਲੜਾਈ ਨਾ ਸਿੱਖਣਗੇ।’​—ਯਸਾਯਾਹ 2:4.

ਭਵਿੱਖਬਾਣੀ ਵਿਚ ਯਸਾਯਾਹ ਨੇ ਦੱਸਿਆ ਸੀ ਕਿ ਵਹਿਸ਼ੀ ਸੁਭਾਅ ਵਾਲੇ ਲੋਕ ਬਦਲ ਜਾਣਗੇ। ਉਸ ਨੇ ਅਜਿਹੇ ਸਮੇਂ ਦੀ ਗੱਲ ਕੀਤੀ ਸੀ ਜਦੋਂ “ਧਰਤੀ ਯਹੋਵਾਹ ਦੇ ਗਿਆਨ ਨਾਲ ਭਰੀ ਹੋਈ ਹੋਵੇਗੀ।” ਇਸ ਦੇ ਨਤੀਜੇ ਵਜੋਂ, “ਬਘਿਆੜ ਲੇਲੇ ਨਾਲ ਰਹੇਗਾ, ਅਤੇ ਚਿੱਤਾ ਮੇਮਣੇ ਨਾਲ ਬੈਠੇਗਾ, ਵੱਛਾ, ਜੁਆਨ ਸ਼ੇਰ ਤੇ ਪਾਲਤੂ ਪਸੂ ਇਕੱਠੇ ਰਹਿਣਗੇ, ਅਤੇ ਇੱਕ ਛੋਟਾ ਮੁੰਡਾ ਓਹਨਾਂ ਨੂੰ ਲਈ ਫਿਰੇਗਾ। . . . ਮੇਰੇ ਸਾਰੇ ਪਵਿੱਤ੍ਰ ਪਰਬਤ ਵਿੱਚ ਓਹ ਨਾ ਸੱਟ ਲਾਉਣਗੇ ਨਾ ਨਾਸ ਕਰਨਗੇ।”​—ਯਸਾਯਾਹ 11:6-9.

ਪਰਮੇਸ਼ੁਰ ਦੇ ਇਨ੍ਹਾਂ ਵਾਅਦਿਆਂ ਨੇ ਉਸ ਦੇ ਲੋਕਾਂ ਨੂੰ ਜ਼ਿੰਦਗੀ ਵਿਚ ਉਮੀਦ ਰੱਖਣ ਦਾ ਕਾਰਨ ਦਿੱਤਾ ਹੈ। ਜਦੋਂ ਅਸੀਂ ਭਵਿੱਖ ਬਾਰੇ ਸੋਚਦੇ ਹਾਂ ਤਾਂ ਅਸੀਂ ਯੁੱਧ ਦੁਆਰਾ ਤਬਾਹ ਕੀਤੀ ਹੋਈ ਧਰਤੀ ਨਹੀਂ ਦੇਖਦੇ। ਇਸ ਦੀ ਬਜਾਇ, ਅਸੀਂ ਬਾਈਬਲ ਦੇ ਵਾਅਦੇ ਦੀ ਪੂਰਤੀ ਦੇਖਦੇ ਹਾਂ ਜਦੋਂ “ਧਰਮੀ ਧਰਤੀ ਦੇ ਵਾਰਸ ਹੋਣਗੇ, ਅਤੇ ਸਦਾ ਉਸ ਉੱਤੇ ਵੱਸਣਗੇ।” (ਜ਼ਬੂਰ 37:29) ਕਈ ਲੋਕ ਸ਼ਾਇਦ ਅਜਿਹੀਆਂ ਗੱਲਾਂ ਨੂੰ ਬੇਕਾਰ ਸਮਝਣ ਅਤੇ ਇਨ੍ਹਾਂ ਉੱਤੇ ਵਿਸ਼ਵਾਸ ਕਰਨ ਵਾਲਿਆਂ ਨੂੰ ਬਹੁਤ ਭੋਲ਼ੇ ਸਮਝਣ। ਪਰ, ਅਸਲ ਵਿਚ ਭੋਲ਼ਾ ਕੌਣ ਹੈ? ਉਹ ਜੋ ਪਰਮੇਸ਼ੁਰ ਦੇ ਵਾਅਦਿਆਂ ਵਿਚ ਨਿਹਚਾ ਰੱਖਦਾ ਹੈ, ਜਾਂ ਉਹ ਜੋ ਸਰਕਾਰੀ ਲੋਕਾਂ ਦੇ ਝੂਠੇ ਵਾਅਦਿਆਂ ਨੂੰ ਝਟਪਟ ਮੰਨ ਲੈਂਦਾ ਹੈ? ਸ਼ਾਂਤੀ ਦੇ ਪ੍ਰੇਮੀਆਂ ਲਈ ਇਸ ਸਵਾਲ ਦਾ ਜਵਾਬ ਸਾਫ਼ ਹੈ। *

[ਫੁਟਨੋਟ]

^ ਪੈਰਾ 20 ਯਹੋਵਾਹ ਦੇ ਗਵਾਹ ਲੋਕਾਂ ਦੇ ਘਰ ਜਾ ਕੇ ਉਨ੍ਹਾਂ ਨਾਲ ਬਿਨਾਂ ਖ਼ਰਚ ਬਾਈਬਲ ਦਾ ਅਧਿਐਨ ਕਰਦੇ ਹਨ। ਇਸ ਤਰ੍ਹਾਂ ਕਰਨ ਦੁਆਰਾ ਉਨ੍ਹਾਂ ਨੇ ਲੱਖਾਂ ਹੀ ਲੋਕਾਂ ਨੂੰ ਬਾਈਬਲ ਦੇ ਸੁਨੇਹੇ ਨੂੰ ਸਵੀਕਾਰ ਕਰਨ ਵਿਚ ਮਦਦ ਦਿੱਤੀ ਹੈ। ਜੇਕਰ ਤੁਸੀਂ ਚਾਹੁੰਦੇ ਹੋ ਕਿ ਉਹ ਤੁਹਾਡੇ ਘਰ ਆ ਕੇ ਤੁਹਾਨੂੰ ਮਿਲਣ ਤਾਂ ਇਸ ਰਸਾਲੇ ਦੇ ਪ੍ਰਕਾਸ਼ਕਾਂ ਨਾਲ ਸੰਪਰਕ ਕਰੋ ਜਾਂ ਆਪਣੇ ਘਰ ਦੇ ਲਾਗੇ, ਯਹੋਵਾਹ ਦੇ ਗਵਾਹਾਂ ਦੇ ਕਿੰਗਡਮ ਹਾਲ ਨੂੰ ਜਾਓ।

[ਸਫ਼ਾ 27 ਉੱਤੇ ਸੁਰਖੀ]

“ਕੌਮ ਕੌਮ ਉੱਤੇ ਤਲਵਾਰ ਨਹੀਂ ਚੁੱਕੇਗੀ, ਅਤੇ ਓਹ ਫੇਰ ਕਦੀ ਵੀ ਲੜਾਈ ਨਾ ਸਿੱਖਣਗੇ।”​—ਯਸਾਯਾਹ 2:4

[ਸਫ਼ਾ 25 ਉੱਤੇ ਤਸਵੀਰਾਂ]

ਪਰਮੇਸ਼ੁਰ ਦੇ ਨਵੇਂ ਸੰਸਾਰ ਵਿਚ ਸਾਰੇ ਪਰਿਵਾਰ ‘ਅਮਨ ਵਿੱਚ ਵਸਣਗੇ’ ਅਤੇ ਹਰੇਕ ਤਰ੍ਹਾਂ ਦੇ ਹਥਿਆਰ ਖ਼ਤਮ ਕੀਤੇ ਜਾਣਗੇ

[ਸਫ਼ਾ 26 ਉੱਤੇ ਤਸਵੀਰ]

ਜਿਉਂ-ਜਿਉਂ ਲੋਕ ਪਰਮੇਸ਼ੁਰ ਦੇ ਬਚਨ ਤੋਂ ਸਿੱਖਦੇ ਹਨ ਅਤੇ ਉਸ ਨੂੰ ਲਾਗੂ ਕਰਦੇ ਹਨ, ਉਨ੍ਹਾਂ ਵਿਚ ਲੜਾਈ ਕਰਨ ਦੀ ਇੱਛਾ ਖ਼ਤਮ ਹੁੰਦੀ ਜਾਂਦੀ ਹੈ