Skip to content

Skip to table of contents

ਇਨ੍ਹਾਂ ਸਾਰੀਆਂ ਗੱਲਾਂ ਦਾ ਅਰਥ ਕੀ ਹੈ?

ਇਨ੍ਹਾਂ ਸਾਰੀਆਂ ਗੱਲਾਂ ਦਾ ਅਰਥ ਕੀ ਹੈ?

ਇਨ੍ਹਾਂ ਸਾਰੀਆਂ ਗੱਲਾਂ ਦਾ ਅਰਥ ਕੀ ਹੈ?

ਜੇਕਰ ਤੁਸੀਂ ਹਾਲ ਹੀ ਦੇ ਚਾਲ-ਚਲਣਾਂ ਦੀ ਜਾਂਚ ਕਰੋਂ, ਤਾਂ ਤੁਹਾਨੂੰ ਸਾਫ਼-ਸਾਫ਼ ਇਕ ਨਮੂਨਾ ਦਿਖਾਈ ਦੇਵੇਗਾ। ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਬਹੁਤਿਆਂ ਲੋਕਾਂ ਦਾ ਚਾਲ-ਚਲਣ ਵਿਗੜ ਰਿਹਾ ਹੈ। ਇਨ੍ਹਾਂ ਗੱਲਾਂ ਦਾ ਅਸਲੀ ਅਰਥ ਕੀ ਹੈ?

ਕੁਝ ਲੋਕ ਦਾਅਵਾ ਕਰਦੇ ਹਨ ਕਿ ਇਸ ਸਮੇਂ ਵਿਚ ਸਾਡੀ ਸਾਰੀ ਸਭਿਅਤਾ ਨਾਲੇ ਸਾਰੀ ਮਨੁੱਖਜਾਤੀ ਹਮੇਸ਼ਾ ਲਈ ਨਾਸ਼ ਹੋ ਜਾਵੇਗੀ। ਕੀ ਇਹ ਸੱਚ ਹੈ? ਜਾਂ ਕੀ ਇਤਿਹਾਸ ਅਨੁਸਾਰ ਐਸੇ ਯੁਗ ਆਉਂਦੇ ਜਾਂਦੇ ਰਹਿਣਗੇ?

ਕਈਆਂ ਲੋਕਾਂ ਦਾ ਇਹ ਵਿਚਾਰ ਹੈ ਕਿ ਐਸੇ ਯੁਗ ਆਉਂਦੇ ਜਾਂਦੇ ਰਹਿਣਗੇ। ਉਹ ਇਹ ਸੋਚਦੇ ਹਨ ਕਿ ਸਾਡੇ ਸਮੇਂ ਦੀ ਖ਼ਰਾਬੀ ਫ਼ੈਸ਼ਨ ਵਾਂਗ ਹੈ ਜੋ ਅੱਜ ਆਇਆ ਅਤੇ ਕੱਲ੍ਹ ਪੁਰਾਣਾ ਬਣ ਗਿਆ। ਉਹ ਇਹ ਉਮੀਦ ਰੱਖਦੇ ਹਨ ਕਿ ਅੰਤ ਵਿਚ ਸਭ ਕੁਝ ਆਪੇ ਹੀ ਠੀਕ-ਠਾਕ ਹੋ ਜਾਵੇਗਾ, ਮਤਲਬ ਕਿ ਲੋਕ ਆਪੇ ਹੀ ਨੇਕ ਬਣ ਜਾਣਗੇ। ਕੀ ਉਹ ਸਹੀ ਹਨ?

‘ਅੰਤ ਦੇ ਦਿਨ’

ਆਓ ਅਸੀਂ ਪਰਮਾਤਮਾ ਦੇ ਸ਼ਬਦ, ਬਾਈਬਲ ਦੇ ਅਨੁਸਾਰ ਹਕੀਕਤਾਂ ਉੱਤੇ ਗੌਰ ਕਰੀਏ। ਸਦੀਆਂ ਤੋਂ ਲੋਕ ਸਹੀ ਅਤੇ ਗ਼ਲਤ ਵਿਚ ਫ਼ਰਕ ਜਾਣਨ ਲਈ ਇਸ ਪੁਸਤਕ ਦੀ ਸਲਾਹ ਭਾਲਦੇ ਆਏ ਹਨ। ਜੇ ਤੁਸੀਂ ਅੱਜ-ਕੱਲ੍ਹ ਦੇ ਸੰਸਾਰ ਦਿਆਂ ਹਾਲਾਤਾਂ ਨਾਲ ਬਾਈਬਲ ਵਿਚ ਦਿੱਤੀ ਭਵਿੱਖਬਾਣੀ ਦੀ ਤੁਲਨਾ ਕਰੋ, ਤਾਂ ਤੁਸੀਂ ਬਹੁਤ ਹੀ ਹੈਰਾਨ ਹੋਵੋਗੇ। ਇਸ ਸਮੇਂ ਨੂੰ ‘ਅੰਤ ਦੇ ਦਿਨ’ ਜਾਂ ‘ਜੁਗ ਦਾ ਅੰਤ’ ਸੱਦਿਆ ਗਿਆ ਹੈ। (2 ਤਿਮੋਥਿਉਸ 3:1; ਮੱਤੀ 24:3) ਜਿਸ ਤਰ੍ਹਾਂ ਇਹ ਸ਼ਬਦ ਸੰਕੇਤ ਕਰਦੇ ਹਨ ਇਕ ਯੁਗ ਦਾ ਅੰਤ ਆਵੇਗਾ ਅਤੇ ਫਿਰ ਦੂਜਾ ਯੁਗ ਸ਼ੁਰੂ ਹੋਵੇਗਾ।

ਪਰਮਾਤਮਾ ਦੇ ਸ਼ਬਦ ਨੇ ਪਹਿਲਾਂ ਹੀ ਦੱਸਿਆ ਸੀ ਕਿ ਅੰਤ ਦਿਆਂ ਦਿਨਾਂ ਵਿਚ “ਭੈੜੇ ਸਮੇਂ” ਹੋਣਗੇ। ਬਾਈਬਲ ਸੋਚ-ਸਮਝ ਵਾਲਿਆਂ ਲੋਕਾਂ ਨੂੰ ਅੰਤ ਦੇ ਦਿਨਾਂ ਦੀ ਪਛਾਣ ਕਰ ਸਕਣ ਲਈ ਕਾਫ਼ੀ ਗੱਲਾਂ ਦੱਸਦੀ ਹੈ। ਇਹ ਸਾਰੀਆਂ ਗੱਲਾਂ ਰਲ-ਮਿਲ ਕੇ ਇਕ ਨਿਸ਼ਾਨੀ ਹਨ ਕਿ ਅਸੀਂ ਬਹੁਤ ਹੀ ਨਿਰਾਲੇ ਸਮੇਂ ਵਿਚ ਰਹਿ ਰਹੇ ਹਾਂ।

ਲੋਕਾਂ ਦੇ ਔਗੁਣ

ਇਕ ਨਿਸ਼ਾਨੀ ਵੱਲ ਧਿਆਨ ਦਿਓ ਜੋ ਅੱਜ ਦੇਖੀ ਜਾ ਸਕਦੀ ਹੈ ਕਿ ‘ਮਨੁੱਖ ਭਗਤੀ ਦਾ ਰੂਪ ਧਾਰ ਕੇ ਉਹ ਦੀ ਸ਼ਕਤੀ ਦੇ ਇਨਕਾਰੀ ਹੋਣਗੇ।’ (2 ਤਿਮੋਥਿਉਸ 3:2, 5) ਇਤਿਹਾਸ ਦੇ ਕਿਸੇ ਹੋਰ ਸਮੇਂ ਵਿਚ ਲੋਕੀਂ ਰੱਬ ਤੋਂ ਇੰਨੇ ਦੂਰ ਨਹੀਂ ਹੋਏ ਜਿੰਨੇ ਕਿ ਅੱਜ ਹੋਏ ਹਨ। ਲੋਕ ਰੱਬ ਦੀ ਨਹੀਂ ਸੁਣਨਾ ਚਾਹੁੰਦੇ ਅਤੇ ਬਹੁਤੇ ਹੁਣ ਇਹ ਮੰਨਦੇ ਹਨ ਕਿ ਸੱਚਾਈ ਸਿਰਫ਼ ਬਾਈਬਲ ਵਿਚ ਹੀ ਨਹੀਂ ਪਾਈ ਜਾਂਦੀ ਹੈ। ਮਹਜ਼ਬ ਤਾਂ ਅਜੇ ਵੀ ਕਾਫ਼ੀ ਹਨ ਪਰ ਲੋਕਾਂ ਉੱਤੇ ਉਨ੍ਹਾਂ ਦਾ ਅਸਰ ਹੁਣ ਅੱਗੇ ਨਾਲੋਂ ਘੱਟ ਗਿਆ ਹੈ।

ਬਾਈਬਲ ਇਕ ਹੋਰ ਨਿਸ਼ਾਨੀ ਵੀ ਦਿੰਦੀ ਹੈ ਕਿ ‘ਮਨੁੱਖ ਅਸੰਜਮੀ ਅਤੇ ਕਰੜੇ ਹੋਣਗੇ’ ਅਤੇ “ਕੁਧਰਮ ਦੇ ਵਧਣ ਕਰਕੇ ਬਹੁਤਿਆਂ ਦੀ ਪ੍ਰੀਤ ਠੰਢੀ ਹੋ ਜਾਵੇਗੀ।” (2 ਤਿਮੋਥਿਉਸ 3:2, 3; ਮੱਤੀ 24:12) “ਕਰੜੇ” ਤਰਜਮਾ ਕੀਤੇ ਗਏ ਯੂਨਾਨੀ ਸ਼ਬਦ ਦਾ ਮਤਲਬ “ਬੇਰਹਿਮੀ” ਵੀ ਹੋ ਸਕਦਾ ਹੈ। ਅੱਜ-ਕੱਲ੍ਹ ਨਿਆਣੇ ਵੀ ਖ਼ਰਾਬ ਤੋਂ ਖ਼ਰਾਬ ਜ਼ੁਲਮ ਕਰਦੇ ਹਨ ਅਤੇ ਆਪਣੇ ਆਪ ਨੂੰ “ਕਰੜੇ” ਸਾਬਤ ਕਰਦੇ ਹਨ।

ਇਸ ਤੋਂ ਇਲਾਵਾ, ਅੱਜ-ਕੱਲ੍ਹ ਦੀ ਤਕਨਾਲੋਜੀ ਵਿਚ ਬਹੁਤ ਤਰੱਕੀ ਦੇ ਕਾਰਨ ਲੋਕਾਂ ਕੋਲ ਅੱਗੇ ਨਾਲੋਂ ਜ਼ਿਆਦਾ ਪੈਸਾ ਹੈ। ਕਾਫ਼ੀ ਲੋਭ ਵੀ ਦੇਖਿਆ ਜਾਂਦਾ ਹੈ। ਇਨ੍ਹਾਂ ਚੀਜ਼ਾਂ ਦੇ ਕਾਰਨ ਲੋਕਾਂ ਦੀਆਂ ਕਦਰਾਂ-ਕੀਮਤਾਂ ਪਹਿਲਾਂ ਵਾਲੀਆਂ ਨਹੀਂ ਰਹੀਆਂ। ਉਹ ਦੂਜਿਆਂ ਦੀ ਪਰਵਾਹ ਨਹੀਂ ਕਰਦੇ। ਉਨ੍ਹਾਂ ਨੂੰ ਚਾਹੇ ਬੇਈਮਾਨ ਵੀ ਬਣਨਾ ਪਵੇ, ਉਹ ਆਪਣੀਆਂ ਸੁਆਰਥੀ ਇੱਛਾਵਾਂ ਜ਼ਰੂਰ ਪੂਰੀਆਂ ਕਰਦੇ ਹਨ। ਅੱਜ ਬਹੁਤ ਸਾਰੇ ਲੋਕ ਜੁਆ ਵੀ ਖੇਡਣ ਲੱਗ ਪਏ ਹਨ। ਇਹ ਖ਼ੁਦਗਰਜ਼ੀ ਦੀ ਇਕ ਹੋਰ ਨਿਸ਼ਾਨੀ ਹੈ। ਪਿੱਛਲੇ ਕੁਝ ਦਹਾਕਿਆਂ ਵਿਚ ਵਧੇ ਹੋਏ ਜੁਰਮ ਵੀ ਸੁਆਰਥ ਦਾ ਸਬੂਤ ਦਿੰਦੇ ਹਨ।

ਸਾਡੇ ਸਮੇਂ ਦੀ ਇਕ ਖ਼ਾਸ ਨਿਸ਼ਾਨੀ ਹੈ ਕਿ ‘ਮਨੁੱਖ ਪਰਮੇਸ਼ੁਰ ਦੇ ਨਹੀਂ ਸਗੋਂ ਭੋਗ ਬਿਲਾਸ ਦੇ ਪ੍ਰੇਮੀ ਹਨ।’ (2 ਤਿਮੋਥਿਉਸ 3:2, 4) ਇਸ ਦੀ ਇਕ ਮਿਸਾਲ ਹੈ ਕਿ ਲੋਕ ਕਾਮ-ਵਾਸ਼ਨਾ ਚਾਹੁੰਦੇ ਹਨ, ਪਰ ਉਹ ਇੱਕੋ ਜੀਵਨ ਸਾਥੀ ਨਾਲ ਜ਼ਿੰਦਗੀ-ਭਰ ਉਮਰ ਬਤੀਤ ਕਰਨ ਦੀ ਜ਼ਿੰਮੇਵਾਰੀ ਨਹੀਂ ਚਾਹੁੰਦੇ। ਇਸ ਕਰਕੇ ਬਹੁਤ ਸਾਰੇ ਪਰਿਵਾਰਕ ਰਿਸ਼ਤੇ ਟੁੱਟ ਗਏ ਹਨ ਅਤੇ ਪਰਿਵਾਰਾਂ ਵਿਚ ਕੋਈ ਪਿਆਰ ਨਹੀਂ ਰਿਹਾ ਹੈ। ਅੱਜ-ਕੱਲ੍ਹ ਬਹੁਤ ਸਾਰੇ ਇਕੱਲੇ ਮਾਪੇ ਵੀ ਹਨ ਜਿਨ੍ਹਾਂ ਦੇ ਜੀਵਨ ਸਾਥੀ ਉਨ੍ਹਾਂ ਨੂੰ ਛੱਡ ਗਏ ਹਨ। ਕਈ ਬੱਚੇ ਉਦਾਸ ਹਨ। ਲਿੰਗੀ ਤੌਰ ਤੇ ਸੰਚਾਰਿਤ ਰੋਗ ਵੀ ਫੈਲੇ ਹੋਏ ਹਨ।

ਇਕ ਹੋਰ ਨਿਸ਼ਾਨੀ ਹੈ ਕਿ “ਮਨੁੱਖ ਆਪ ਸੁਆਰਥੀ, ਮਾਇਆ ਦੇ ਲੋਭੀ” ਹਨ। (2 ਤਿਮੋਥਿਉਸ 3:2) ਡੀ ਟਸਾਈਟ ਨਾਂ ਦੇ ਜਰਮਨ ਅਖ਼ਬਾਰ ਦੇ ਅਨੁਸਾਰ, “ਸੁਆਰਥ ਦਾ ਇੰਜਣ [ਅੱਜ-ਕੱਲ੍ਹ ਦੇ ਮਾਲੀ] ਪ੍ਰਬੰਧਾਂ ਨੂੰ ਚਲਾਉਂਦਾ ਹੈ।” ਲੋਕਾਂ ਦੇ ਜੀਵਨ ਵਿਚ ਪੈਸਾ ਅੱਜ-ਕੱਲ੍ਹ ਸਭ ਤੋਂ ਵੱਡੀ ਚੀਜ਼ ਹੈ। ਪੈਸੇ ਦੇ ਮਗਰ ਲੱਗ ਕੇ ਦੂਜੀਆਂ ਕਦਰਾਂ-ਕੀਮਤਾਂ ਭੁਲਾ ਦਿੱਤੀਆਂ ਜਾਂਦੀਆਂ ਹਨ।

ਸੰਸਾਰਕ ਘਟਨਾਵਾਂ

ਇਹ ਦੱਸਣ ਤੋਂ ਸਿਵਾਇ ਕਿ ਮਨੁੱਖੀ ਕਦਰਾਂ-ਕੀਮਤਾਂ ਵਿਗੜ ਜਾਣਗੀਆਂ, ਬਾਈਬਲ ਇਹ ਵੀ ਭਵਿੱਖਬਾਣੀ ਕਰਦੀ ਹੈ ਕਿ ਅੰਤ ਦੇ ਦਿਨਾਂ ਵਿਚ ਦੁਨੀਆਂ ਵਿਚ ਬਹੁਤ ਹੀ ਹਲਚਲ ਹੋਵੇਗੀ। ਮਿਸਾਲ ਲਈ, ਬਾਈਬਲ ਕਹਿੰਦੀ ਹੈ ਕਿ “ਕੌਮ ਕੌਮ ਉੱਤੇ ਅਤੇ ਪਾਤਸ਼ਾਹੀ ਪਾਤਸ਼ਾਹੀ ਉੱਤੇ ਚੜ੍ਹਾਈ ਕਰੇਗੀ। ਅਤੇ ਵੱਡੇ ਭੁਚਾਲ ਅਰ ਥਾਂ ਥਾਂ ਕਾਲ ਅਤੇ ਮਰੀਆਂ ਪੈਣਗੀਆਂ।”—ਲੂਕਾ 21:10, 11.

ਸਾਰੇ ਇਤਿਹਾਸ ਦੌਰਾਨ ਸਿਰਫ਼ 20ਵੀਂ ਸਦੀ ਵਿਚ ਹੀ ਇੰਨੇ ਜ਼ਿਆਦਾ ਲੋਕਾਂ ਉੱਪਰ ਇੰਨੀਆਂ ਜ਼ਿਆਦਾ ਬਿਪਤਾਵਾਂ ਆਈਆਂ ਹਨ। ਉਦਾਹਰਣ ਦੇ ਤੌਰ ਤੇ ਉਸ ਸਦੀ ਵਿਚ ਦਸ ਕਰੋੜ ਤੋਂ ਜ਼ਿਆਦਾ ਲੋਕ ਯੁੱਧਾਂ ਵਿਚ ਮਾਰੇ ਗਏ ਸਨ। ਪਿੱਛਲੀਆਂ ਕਈਆਂ ਸਦੀਆਂ ਦੀਆਂ ਲੜਾਈਆਂ ਦੀ ਕੁਲ ਗਿਣਤੀ ਇਸ ਗਿਣਤੀ ਦਾ ਮੁਕਾਬਲਾ ਨਹੀਂ ਕਰਦੀ। ਵੀਹਵੀਂ ਸਦੀ ਵਿਚ ਦੋ ਬਹੁਤ ਵੱਖਰੀਆਂ ਲੜਾਈਆਂ ਹੋਈਆਂ ਸਨ ਜਿਨ੍ਹਾਂ ਨੂੰ ਵਿਸ਼ਵ ਯੁੱਧ ਸੱਦਿਆ ਗਿਆ ਹੈ। ਇਸ ਤਰ੍ਹਾਂ ਦੇ ਵਿਸ਼ਵ-ਭਰ ਯੁੱਧ ਅੱਗੇ ਕਦੇ ਨਹੀਂ ਲੜੇ ਗਏ।

ਦੁਸ਼ਟਤਾ ਪਿੱਛੇ ਇਕ ਸ਼ਕਤੀ ਦਾ ਹੱਥ

ਬਾਈਬਲ ਇਕ ਸ਼ਕਤੀਸ਼ਾਲੀ, ਦੁਸ਼ਟ ਆਤਮਿਕ ਜੰਤੂ ਬਾਰੇ ਵੀ ਦੱਸਦੀ ਹੈ ਜੋ “ਇਬਲੀਸ ਅਤੇ ਸ਼ਤਾਨ ਕਰਕੇ ਸਦਾਉਂਦਾ ਹੈ।” ਸ਼ਤਾਨ ਚਾਹੁੰਦਾ ਹੈ ਕਿ ਲੋਕ ਚੰਗੀਆਂ ਕਦਰਾਂ-ਕੀਮਤਾਂ ਨੂੰ ਭੁੱਲ ਜਾਣ ਅਤੇ ਨੈਤਿਕ ਤੌਰ ਤੇ ਬੁਰੇ ਕੰਮ ਕਰਨ। ਬਾਈਬਲ ਦੱਸਦੀ ਹੈ ਕਿ ਇਨ੍ਹਾਂ ਅੰਤ ਦਿਆਂ ਦਿਨਾਂ ਵਿਚ ਉਹ ਹੁਣ ਧਰਤੀ ਤੇ ਉੱਤਰ ਆਇਆ ਹੈ ਅਤੇ “ਉਹ ਨੂੰ ਵੱਡਾ ਕ੍ਰੋਧ ਹੈ ਕਿਉਂ ਜੋ ਉਹ ਜਾਣਦਾ ਹੈ ਭਈ ਮੇਰਾ ਸਮਾ ਥੋੜਾ ਹੀ ਰਹਿੰਦਾ ਹੈ।”​—ਪਰਕਾਸ਼ ਦੀ ਪੋਥੀ 12:9, 12.

ਬਾਈਬਲ ਵਿਚ ਸ਼ਤਾਨ ਨੂੰ ‘ਹਵਾਈ ਇਖ਼ਤਿਆਰ ਦਾ ਸਰਦਾਰ’ ਸੱਦਿਆ ਗਿਆ ਹੈ। ਇਹ ‘ਰੂਹ ਹੁਣ ਅਣਆਗਿਆਕਾਰੀ ਦੇ ਪੁੱਤ੍ਰਾਂ ਵਿੱਚ ਅਸਰ ਕਰਦੀ ਹੈ।’ (ਅਫ਼ਸੀਆਂ 2:2) ਇਹ ਸੰਕੇਤ ਕਰਦਾ ਹੈ ਕਿ ਸ਼ਤਾਨ ਬਹੁਤਿਆਂ ਲੋਕਾਂ ਉੱਤੇ ਵੱਡਾ ਅਸਰ ਪਾਉਂਦਾ ਹੈ। ਇਹ ਚੀਜ਼ ਆਮ ਤੌਰ ਤੇ ਲੋਕਾਂ ਦੇ ਮਨ-ਚਿੱਤ ਵਿਚ ਵੀ ਨਹੀਂ ਹੁੰਦੀ ਕਿ ਉਹ ਸ਼ਤਾਨ ਦੇ ਪ੍ਰਭਾਵ ਹੇਠ ਹਨ। ਇਹ ਉਸੇ ਤਰ੍ਹਾਂ ਹੈ ਜਿਵੇਂ ਕਿ ਸਾਨੂੰ ਹਵਾ ਵਿਚ ਕਿਸੇ ਜ਼ਹਿਰੀਲੇ ਗੈਸ ਦੇ ਹੋਣ ਬਾਰੇ ਕੁਝ ਪਤਾ ਨਹੀਂ ਹੁੰਦਾ।

ਮਿਸਾਲ ਲਈ, ਸ਼ਤਾਨ ਦਾ ਪ੍ਰਭਾਵ ਵਿਡਿਓ, ਫ਼ਿਲਮਾਂ, ਟੈਲੀਵਿਯਨ, ਇੰਟਰਨੈੱਟ, ਇਸ਼ਤਿਹਾਰਾਂ, ਕਿਤਾਬਾਂ, ਰਸਾਲਿਆਂ, ਅਤੇ ਅਖ਼ਬਾਰਾਂ ਵਿਚ ਦੇਖਿਆ ਜਾ ਸਕਦਾ ਹੈ। ਇਨ੍ਹਾਂ ਦੁਆਰਾ ਖ਼ਾਸ ਕਰਕੇ ਭੋਲ਼ੇ ਨੌਜਵਾਨਾਂ ਦੇ ਮਨਾਂ ਵਿਚ ਘਿਣਾਉਣੇ ਵਿਚਾਰ ਪੇਸ਼ ਕੀਤੇ ਜਾਂਦੇ ਹਨ ਜਿਵੇਂ ਕਿ ਜਾਤ-ਪਾਤ, ਜਾਦੂ-ਟੂਣੇ, ਅਨੈਤਿਕਤਾ, ਅਤੇ ਅਨੋਖੀ ਤਰ੍ਹਾਂ ਦੀ ਹਿੰਸਾ ਜਿਸ ਵਿਚ ਦੂਜਿਆਂ ਦੇ ਦੁੱਖ ਤੋਂ ਖ਼ੁਸ਼ੀ ਮਨੰਾਈ ਜਾਂਦੀ ਹੈ।

ਕਈ ਨੇਕ ਲੋਕ ਇਹ ਚੀਜ਼ ਦੇਖ ਕੇ ਬੜੇ ਹੈਰਾਨ ਹੋਏ ਹਨ ਕਿ ਬਾਈਬਲ ਵਿਚ ਅੰਤ ਦੇ ਦਿਨਾਂ ਦੀਆਂ ਨਿਸ਼ਾਨੀਆਂ ਸੰਸਾਰ ਦੇ ਅੱਜ-ਕੱਲ੍ਹ ਦੇ ਹਾਲਾਤਾਂ ਨਾਲ ਕਿੰਨੀਆਂ ਮਿਲਦੀਆਂ-ਜੁਲਦੀਆਂ ਹਨ। ਇਹ ਗੱਲ ਸੱਚ ਹੈ ਕਿ 20ਵੀਂ ਸਦੀ ਤੋਂ ਪਹਿਲਾਂ ਇਤਿਹਾਸ ਦੀਆਂ ਕੁਝ ਘਟਨਾਵਾਂ ਬਾਈਬਲ ਦੀਆਂ ਭਵਿੱਖਬਾਣੀਆਂ ਨਾਲ ਰਲਦੀਆਂ-ਮਿਲਦੀਆਂ ਸੀ ਪਰ ਪੂਰੀ ਤਰ੍ਹਾਂ ਨਹੀਂ। ਇਹ ਤਮਾਮ ਨਿਸ਼ਾਨੀਆਂ ਸਿਰਫ਼ 20ਵੀਂ ਸਦੀ ਅਤੇ ਹੁਣ 21ਵੀਂ ਸਦੀ ਦੌਰਾਨ ਹੀ ਦੇਖੀਆਂ ਗਈਆਂ ਹਨ।

ਨਵਾਂ ਯੁਗ

ਉਹ ਲੋਕ ਵੀ ਸਹੀ ਨਹੀਂ ਹਨ ਜੋ ਇਹ ਮੰਨਦੇ ਹਨ ਕਿ ਮਨੁੱਖਜਾਤੀ ਸਦਾ ਲਈ ਨਾਸ਼ ਕੀਤੀ ਜਾਵੇਗੀ, ਅਤੇ ਨਾ ਹੀ ਉਹ ਸਹੀ ਹਨ ਜੋ ਇਹ ਕਹਿੰਦੇ ਹਨ ਕਿ ਦੁਨੀਆਂ ਪਹਿਲਾਂ ਵਾਂਗ ਚੱਲਦੀ ਰਹੇਗੀ। ਇਸ ਦੀ ਬਜਾਇ, ਬਾਈਬਲ ਸਾਫ਼-ਸਾਫ਼ ਕਹਿੰਦੀ ਹੈ ਕਿ ਸੰਸਾਰ ਭਰ ਵਿਚ ਅੱਜ-ਕੱਲ੍ਹ ਦੇ ਸਮਾਜ ਦੀ ਥਾਂ ਇਕ ਬਿਲਕੁਲ ਨਵਾਂ ਸਮਾਜ ਹੋਵੇਗਾ।

ਅੰਤ ਦੇ ਦਿਨਾਂ ਦੀਆਂ ਕਈ ਨਿਸ਼ਾਨੀਆਂ ਦੱਸਣ ਤੋਂ ਬਾਅਦ, ਯਿਸੂ ਨੇ ਕਿਹਾ ਕਿ “ਇਸੇ ਤਰਾਂ ਨਾਲ ਜਾਂ ਤੁਸੀਂ ਵੇਖੋ ਭਈ ਏਹ ਗੱਲਾਂ ਹੁੰਦੀਆਂ ਹਨ ਤਾਂ ਜਾਣੋ ਜੋ ਪਰਮੇਸ਼ੁਰ ਦਾ ਰਾਜ ਨੇੜੇ ਹੈ।” (ਲੂਕਾ 21:31) ਪਰਮਾਤਮਾ ਦਾ ਸਵਰਗੀ ਰਾਜ ਯਿਸੂ ਦੇ ਪ੍ਰਚਾਰ ਦਾ ਮੁੱਖ ਵਿਸ਼ਾ ਸੀ। (ਮੱਤੀ 6:9, 10) ਪਰਮਾਤਮਾ ਨੇ ਯਿਸੂ ਨੂੰ ਇਸ ਰਾਜ ਦਾ ਰਾਜਾ ਠਹਿਰਾਇਆ ਹੈ। ਹੁਣ ਜਲਦੀ ਹੀ ਇਹ ਰਾਜ ਸਾਰੀ ਧਰਤੀ ਉੱਤੇ ਹਕੂਮਤ ਕਰੇਗਾ।​—ਲੂਕਾ 8:1; ਪਰਕਾਸ਼ ਦੀ ਪੋਥੀ 11:15; 20:1-6.

ਅੰਤ ਦੇ ਦਿਨਾਂ ਦੇ ਅਖ਼ੀਰ ਵਿਚ ਪਰਮਾਤਮਾ ਦੇ ਰਾਜ ਨੇ ਉਸ ਦੇ ਸਾਰਿਆਂ ਦੁਸ਼ਮਣਾਂ, ਅਰਥਾਤ ਸ਼ਤਾਨ ਅਤੇ ਉਸ ਦੇ ਸਾਥੀਆਂ ਨੂੰ ਖ਼ਤਮ ਕਰ ਦੇਣਾ ਹੈ। ਫਿਰ ਇਸ ਗੰਦੇ ਸਮਾਜ ਦੀ ਥਾਂ ਇਕ ਨਵਾਂ ਧਰਮੀ ਸੰਸਾਰ ਹੋਵੇਗਾ। (ਦਾਨੀਏਲ 2:44) ਇਸ ਨਵੇਂ ਸੰਸਾਰ ਵਿਚ ਨੇਕ ਲੋਕ ਬਾਗ਼ ਵਰਗੀ ਸੋਹਣੀ ਧਰਤੀ ਉੱਤੇ ਸਦਾ ਦੀ ਜ਼ਿੰਦਗੀ ਦਾ ਆਨੰਦ ਮਾਣਨਗੇ।​—ਲੂਕਾ 23:43; 2 ਪਤਰਸ 3:13; ਪਰਕਾਸ਼ ਦੀ ਪੋਥੀ 21:3, 4.

ਜੋ ਲੋਕ ਅੱਜ-ਕੱਲ੍ਹ ਦੇ ਚਾਲ-ਚਲਣ ਦੇਖ ਕੇ ਦਿੱਲੋਂ ਦੁਖੀ ਹੁੰਦੇ ਹਨ ਅਤੇ ਸਿਆਣਦੇ ਹਨ ਕਿ ਅੰਤ ਦੇ ਦਿਨਾਂ ਦੀਆਂ ਨਿਸ਼ਾਨੀਆਂ ਪੂਰੀਆਂ ਹੋ ਰਹੀਆਂ ਹਨ, ਉਹ ਬਹੁਤ ਅੱਛੇ ਭਵਿੱਖ ਦੀ ਉਮੀਦ ਰੱਖ ਸਕਦੇ ਹਨ। ਅਸੀਂ ਸਰਬਸ਼ਕਤੀਮਾਨ ਪਰਮਾਤਮਾ ਦਾ ਧੰਨਵਾਦ ਕਰਦੇ ਹਾਂ ਕਿ ਉਹ ਇਨਸਾਨਾਂ ਦੀ ਪਰਵਾਹ ਕਰਦਾ ਹੈ ਅਤੇ ਕਿ ਉਸ ਨੇ ਇਸ ਧਰਤੀ ਲਈ ਇਕ ਬਹੁਤ ਸ਼ਾਨਦਾਰ ਮਕਸਦ ਰੱਖਿਆ ਹੈ।​—ਜ਼ਬੂਰ 37:10, 11, 29; 1 ਪਤਰਸ 5:6, 7.

ਯਹੋਵਾਹ ਦੇ ਗਵਾਹ ਚਾਹੁੰਦੇ ਹਨ ਕਿ ਤੁਸੀਂ ਆਪਣੇ ਪ੍ਰੇਮ-ਭਰੇ ਸ੍ਰਿਸ਼ਟੀਕਰਤਾ ਬਾਰੇ ਹੋਰ ਗਿਆਨ ਲਵੋ। ਉਹ ਤੁਹਾਨੂੰ ਨੈਤਿਕ ਤੌਰ ਤੇ ਸਾਫ਼ ਸੰਸਾਰ ਵਿਚ ਰਹਿਣ ਬਾਰੇ ਦੱਸਣਾ ਚਾਹੁੰਦੇ ਹਨ। ਖੋਜ ਕਰ ਰਹੇ ਇਨਸਾਨਾਂ ਸਾਮ੍ਹਣੇ ਪਰਮਾਤਮਾ ਇਹ ਭਵਿੱਖ ਰੱਖਦਾ ਹੈ। ਇਸ ਵਿਸ਼ੇ ਬਾਰੇ ਬਾਈਬਲ ਸਾਨੂੰ ਦੱਸਦੀ ਹੈ ਕਿ “ਸਦੀਪਕ ਜੀਉਣ ਇਹ ਹੈ ਕਿ ਓਹ ਤੈਨੂੰ ਜੋ ਸੱਚਾ ਵਾਹਿਦ ਪਰਮੇਸ਼ੁਰ ਹੈ ਅਤੇ ਯਿਸੂ ਮਸੀਹ ਨੂੰ ਜਿਹ ਨੂੰ ਤੈਂ ਘੱਲਿਆ ਜਾਣਨ।” (ਯੂਹੰਨਾ 17:3)

[ਸਫ਼ਾ 10 ਉੱਤੇ ਤਸਵੀਰ]

ਨੇਕ ਲੋਕ ਬਾਗ਼ ਵਰਗੀ ਸੋਹਣੀ ਧਰਤੀ ਉੱਤੇ ਸਦਾ ਦੀ ਜ਼ਿੰਦਗੀ ਦਾ ਆਨੰਦ ਮਾਣਨਗੇ