Skip to content

Skip to table of contents

ਕੀ ਅੱਜ-ਕੱਲ੍ਹ ਲੋਕਾਂ ਦੇ ਚਾਲ-ਚਲਣ ਅੱਗੇ ਨਾਲੋਂ ਘਟੀਆ ਹਨ?

ਕੀ ਅੱਜ-ਕੱਲ੍ਹ ਲੋਕਾਂ ਦੇ ਚਾਲ-ਚਲਣ ਅੱਗੇ ਨਾਲੋਂ ਘਟੀਆ ਹਨ?

ਕੀ ਅੱਜ-ਕੱਲ੍ਹ ਲੋਕਾਂ ਦੇ ਚਾਲ-ਚਲਣ ਅੱਗੇ ਨਾਲੋਂ ਘਟੀਆ ਹਨ?

ਜੇਕਰ ਤੁਸੀਂ ਇਤਿਹਾਸਕਾਰਾਂ ਨੂੰ ਪੁੱਛੋ ਕਿ “ਕੀ ਅੱਜ-ਕੱਲ੍ਹ ਲੋਕਾਂ ਦੇ ਚਾਲ-ਚਲਣ ਅੱਗੇ ਨਾਲੋਂ ਘਟੀਆ ਹਨ ਜਾਂ ਬਿਹਤਰ?” ਤਾਂ ਕੁਝ ਸ਼ਾਇਦ ਇਹ ਕਹਿਣ ਕਿ ਇਸ ਸਵਾਲ ਦਾ ਜਵਾਬ ਦੇਣਾ ਮੁਸ਼ਕਲ ਹੈ। ਹਰ ਯੁਗ ਦੇ ਆਪੋ-ਆਪਣੇ ਹਾਲਾਤ ਹੁੰਦੇ ਹਨ ਅਤੇ ਇਨ੍ਹਾਂ ਦੀ ਤੁਲਨਾ ਇਕ ਦੂਜੇ ਨਾਲ ਨਹੀਂ ਕੀਤੀ ਜਾ ਸਕਦੀ।

ਮਿਸਾਲ ਲਈ, ਯੂਰਪ ਵਿਚ 16ਵੀਂ ਸਦੀ ਤੋਂ ਲੈ ਕੇ ਹੁਣ ਤਕ ਹਿੰਸਕ ਜੁਰਮ ਦੇ ਵਾਧੇ ਉੱਤੇ ਗੌਰ ਕਰੋ। ਕੁਝ 400 ਸਾਲ ਪਹਿਲਾਂ ਕਤਲ ਆਮ ਹੁੰਦੇ ਸਨ। ਲੋਕ ਕਾਨੂੰਨ ਦੀ ਕੋਈ ਪਰਵਾਹ ਨਹੀਂ ਕਰਦੇ ਸਨ ਅਤੇ ਖ਼ਾਨਦਾਨੀ ਦੁਸ਼ਮਣੀਆਂ ਆਮ ਹੁੰਦੀਆਂ ਸਨ।

ਪਰ ਫਿਰ ਵੀ, ਇਤਿਹਾਸਕਾਰ ਆਰਨ ਯੋਰਿਕ ਅਤੇ ਯੋਹਾਨ ਸੁਡਰਬਰ ਆਪਣੀ ਸਵੀਡਿਸ਼ ਪੁਸਤਕ ਮਨੁੱਖੀ ਮਾਣ ਅਤੇ ਸ਼ਕਤੀ ਵਿਚ ਲਿਖਦੇ ਹਨ ਕਿ 1600 ਅਤੇ 1850 ਦੇ ਸਮੇਂ ਦੌਰਾਨ ਕਈਆਂ ਇਲਾਕਿਆਂ ਵਿਚ “ਰਹਿਣੀ-ਬਹਿਣੀ ਕਾਫ਼ੀ ਵਧੀਆ” ਹੁੰਦੀ ਸੀ। ਲੋਕ ਇਕ ਦੂਜੇ ਦਾ ਧਿਆਨ ਰੱਖਦੇ ਹੁੰਦੇ ਸਨ ਅਤੇ ਹਮਦਰਦ ਸਨ। ਦੂਜੇ ਇਤਿਹਾਸਕਾਰ ਕਹਿੰਦੇ ਹਨ ਕਿ ਅੱਜ-ਕੱਲ੍ਹ ਨਾਲੋਂ 16ਵੀਂ ਸਦੀ ਵਿਚ ਘੱਟ ਚੋਰੀਆਂ ਅਤੇ ਜੁਰਮ ਹੁੰਦੇ ਸਨ। ਚੋਰਾਂ-ਲੁਟੇਰਿਆਂ ਦੀਆਂ ਟੋਲੀਆਂ ਖ਼ਾਸ ਤੌਰ ਤੇ ਪਿੰਡਾਂ ਵਿਚ ਘੱਟ ਹੀ ਹੁੰਦੀਆਂ ਸੀ।

ਇਹ ਗੱਲ ਸੱਚ ਹੈ ਕਿ ਉਸ ਜ਼ਮਾਨੇ ਵਿਚ ਗ਼ੁਲਾਮੀ ਜ਼ਰੂਰ ਹੁੰਦੀ ਸੀ ਜਿਸ ਕਾਰਨ ਇਤਿਹਾਸ ਵਿਚ ਸਭ ਤੋਂ ਬੁਰੇ ਜੁਰਮ ਹੋਏ ਸਨ। ਯੂਰਪੀ ਵਪਾਰੀਆਂ ਨੇ ਅਫ਼ਰੀਕੀ ਲੋਕਾਂ ਨੂੰ ਜ਼ਬਰਦਸਤੀ ਨਾਲ ਆਪਣੇ ਦੇਸ਼ਾਂ ਵਿਚ ਲਿਜਾ ਕੇ ਉਨ੍ਹਾਂ ਨਾਲ ਬੁਰਾ ਸਲੂਕ ਕੀਤਾ ਸੀ।

ਫਿਰ, ਜੇ ਅਸੀਂ ਸਦੀਆਂ ਪਹਿਲਾਂ ਦੇ ਚਾਲ-ਚਲਣ ਵੱਲ ਦੇਖਦੇ ਹਾਂ, ਤਾਂ ਸਾਨੂੰ ਇਤਿਹਾਸ ਤੋਂ ਪਤਾ ਲੱਗਦਾ ਹੈ ਕਿ ਕੁਝ ਹਾਲਾਤ ਬਿਹਤਰ ਸਨ ਜਦ ਕਿ ਦੂਜੇ ਘਟੀਆ। ਪਰ 20ਵੀਂ ਸਦੀ ਵਿਚ ਕੁਝ ਬਹੁਤ ਹੀ ਅਨੋਖੀਆਂ ਅਤੇ ਗੰਭੀਰ ਘਟਨਾਵਾਂ ਵਾਪਰਣ ਲੱਗ ਪਈਆਂ। ਪਹਿਲਾਂ ਕਦੇ ਵੀ ਅਜਿਹੀਆਂ ਘਟਨਾਵਾਂ ਨਹੀਂ ਵਾਪਰੀਆਂ ਸੀ ਅਤੇ ਅਸੀਂ ਇਨ੍ਹਾਂ ਨੂੰ ਹੁਣ ਵੀ ਹੋ ਰਹੀਆਂ ਦੇਖ ਸਕਦੇ ਹਾਂ।

ਵੀਹਵੀਂ ਸਦੀ ਵਿਚ ਵੱਡੀ ਤਬਦੀਲੀ

ਇਤਿਹਾਸਕਾਰ ਯੋਰਿਕ ਅਤੇ ਸੁਡਰਬਰ ਕਹਿੰਦੇ ਹਨ ਕਿ “1930 ਦੇ ਦਹਾਕੇ ਵਿਚ ਕਤਲਾਂ ਦੀ ਗਿਣਤੀ ਫਿਰ ਤੋਂ ਵੱਧ ਗਈ, ਅਤੇ ਅਫ਼ਸੋਸ ਦੀ ਗੱਲ ਹੈ ਕਿ ਇਹ ਪਿੱਛਲੇ ਪੰਜਾਹ ਸਾਲਾਂ ਤੋਂ ਵਧਦੀ ਜਾ ਰਹੀ ਹੈ।”

ਕਈਆਂ ਟੀਕਾਕਾਰਾਂ ਅਨੁਸਾਰ 20ਵੀਂ ਸਦੀ ਦੌਰਾਨ ਚਾਲ-ਚਲਣ ਬਹੁਤ ਹੀ ਘਟੀਆ ਬਣ ਗਏ। ਚਾਲ-ਚਲਣ ਬਾਰੇ ਇਕ ਲੇਖ ਵਿਚ ਲਿਖਿਆ ਗਿਆ ਹੈ ਕਿ “ਇਹ ਸਾਫ਼-ਸਾਫ਼ ਦੇਖਿਆ ਜਾ ਸਕਦਾ ਹੈ ਕਿ ਪਿੱਛਲੇ 30 ਤੋਂ 40 ਸਾਲਾਂ ਦੌਰਾਨ ਸੈਕਸ ਅਤੇ ਆਮ ਚਾਲ-ਚਲਣ ਬਾਰੇ ਸਮਾਜ ਦੇ ਖ਼ਿਆਲ ਕਾਫ਼ੀ ਬਦਲ ਗਏ ਹਨ। ਪਹਿਲਾਂ ਸਮਾਜ ਦੇ ਸਖ਼ਤ ਅਸੂਲਾਂ ਕਰਕੇ ਇਹ ਸਪੱਸ਼ਟ ਹੁੰਦਾ ਸੀ ਕਿ ਨੈਤਿਕ ਤੌਰ ਤੇ ਕੀ ਸਹੀ ਜਾਂ ਕੀ ਗ਼ਲਤ ਹੈ, ਪਰ ਹੁਣ ਖੁੱਲ੍ਹੀ ਆਜ਼ਾਦੀ ਹੈ ਅਤੇ ਲੋਕੀ ਆਪੋ-ਆਪਣੇ ਵਿਚਾਰਾਂ ਅਨੁਸਾਰ ਰਹਿੰਦੇ ਹਨ।”

ਇਸ ਦਾ ਅਰਥ ਹੈ ਕਿ ਲੋਕਾਂ ਨੂੰ ਹੁਣ ਅਸੂਲਾਂ ਦੀ ਪਰਵਾਹ ਨਹੀਂ ਹੈ, ਪਰ ਉਹ ਸੈਕਸ ਅਤੇ ਨੈਤਿਕਤਾ ਦੀਆਂ ਹੋਰ ਗੱਲਾਂ ਬਾਰੇ ਖ਼ੁਦ ਫ਼ੈਸਲੇ ਕਰਦੇ ਹਨ। ਮਿਸਾਲ ਲਈ, ਇਸ ਲੇਖ ਨੇ ਦਿਖਾਇਆ ਕਿ 1960 ਵਿਚ ਅਮਰੀਕਾ ਵਿਚ ਸਿਰਫ਼ 5.3 ਫੀ ਸਦੀ ਬੱਚੇ ਕੁਆਰੀਆਂ ਕੁੜੀਆਂ ਨੂੰ ਪੈਦਾ ਹੋਏ ਸੀ। ਪਰ 1990 ਵਿਚ ਇਨ੍ਹਾਂ ਦੀ ਗਿਣਤੀ 28 ਫੀ ਸਦੀ ਸੀ।

ਅਮਰੀਕੀ ਸੈਨੇਟਰ ਜੋਅ ਲੀਬਰਮੈਨ ਨੇ ਨੌਤਰ ਦੇਮ ਦੀ ਯੂਨੀਵਰਸਿਟੀ ਵਿਚ ਲੈਕਚਰ ਦਿੰਦੇ ਹੋਏ ਕਿਹਾ ਕਿ ਸਾਡੇ ਸਮੇਂ ਵਿਚ ਲੋਕਾਂ ਦੀਆਂ ‘ਕਦਰਾਂ-ਕੀਮਤਾਂ ਖ਼ਤਮ ਹੋ ਗਈਆਂ ਹਨ। ਪੁਰਾਣੇ ਜ਼ਮਾਨੇ ਵਿਚ ਲੋਕਾਂ ਨੂੰ ਭਲੇ ਅਤੇ ਬੁਰੇ ਵਿਚ ਫ਼ਰਕ ਪਤਾ ਹੁੰਦਾ ਸੀ, ਪਰ ਹੁਣ ਉਨ੍ਹਾਂ ਨੂੰ ਨਹੀਂ ਪਤਾ।’ ਲੀਬਰਮੈਨ ਦੇ ਅਨੁਸਾਰ ਐਸਾ ਰਵੱਈਆ “ਘੱਟ ਤੋਂ ਘੱਟ ਦੋ ਪੀੜ੍ਹੀਆਂ ਤੋਂ ਵਧਦਾ ਆਇਆ ਹੈ।”

ਰੱਬ ਤੋਂ ਦੂਰ

ਇਤਿਹਾਸਕਾਰ ਅਤੇ ਹੋਰ ਪੜ੍ਹੇ-ਲਿਖੇ ਵਿਅਕਤੀ 20ਵੀਂ ਸਦੀ ਵਿਚ ਇੰਨੀਆਂ ਵੱਡੀਆਂ ਬਦਲੀਆਂ ਦੇ ਕੀ ਕਾਰਨ ਦੱਸਦੇ ਹਨ? ਮਨੁੱਖੀ ਮਾਣ ਅਤੇ ਸ਼ਕਤੀ ਪੁਸਤਕ ਅਨੁਸਾਰ, “ਪਿੱਛਲੀਆਂ ਦੋ ਸਦੀਆਂ ਵਿਚ ਸਭ ਤੋਂ ਵੱਡੀ ਬਦਲੀ ਇਹ ਹੋਈ ਹੈ ਕਿ ਲੋਕ ਰੱਬ ਤੋਂ ਦੂਰ ਹੋ ਗਏ ਹਨ।” ਇਸ ਦਾ ਨਤੀਜਾ ਇਹ ਹੋਇਆ ਕਿ ‘ਵੱਖਰਿਆਂ-ਵੱਖਰਿਆਂ ਵਿਸ਼ਿਆਂ ਤੇ ਲੋਕੀ ਆਪੋ-ਆਪਣੇ ਹੀ ਫ਼ੈਸਲੇ ਕਰਦੇ ਹਨ। ਇਸ ਤਰ੍ਹਾਂ ਦੇ ਵਿਚਾਰ 18ਵੀਂ ਸਦੀ ਦੇ ਫ਼ਿਲਾਸਫ਼ਰਾਂ ਨੇ ਸ਼ੁਰੂ ਕੀਤੇ ਸਨ। ਉਨ੍ਹਾਂ ਨੇ ਸਭ ਤੋਂ ਪਹਿਲਾਂ ਇਹ ਵਿਚਾਰ ਫੈਲਾਇਆ ਕਿ ਸੱਚਾਈ ਸਿਰਫ਼ ਬਾਈਬਲ ਤੋਂ ਹੀ ਨਹੀਂ ਮਿਲ ਸਕਦੀ।’ ਇਸ ਕਰਕੇ ਲੋਕ ਨੇਕ ਚਾਲ-ਚਲਣ ਬਾਰੇ ਸਿੱਖਿਆ ਲੈਣ ਲਈ ਹੁਣ ਆਪਣੇ ਮਜ਼ਹਬ, ਖ਼ਾਸ ਕਰਕੇ ਈਸਾਈ-ਜਗਤ ਉੱਤੇ ਪਹਿਲਾਂ ਵਾਂਗ ਇੰਨਾ ਭਰੋਸਾ ਨਹੀਂ ਰੱਖਦੇ ਹਨ।

ਪਰ ਸਵਾਲ ਇਹ ਪੁੱਛਿਆ ਜਾ ਸਕਦਾ ਹੈ ਕਿ 18ਵੀਂ ਸਦੀ ਵਿਚ ਸ਼ੁਰੂ ਹੋ ਕੇ ਇਸ ਫ਼ਲਸਫ਼ੇ ਨੂੰ ਫੈਲਣ ਲਈ 200 ਸਾਲ ਕਿਉਂ ਲੱਗੇ? ਉੱਪਰ ਜ਼ਿਕਰ ਕੀਤੀ ਹੋਈ ਪੁਸਤਕ ਕਹਿੰਦੀ ਹੈ ਕਿ “ਇਨ੍ਹਾਂ ਵਿਚਾਰਾਂ ਨੂੰ ਅਪਣਾਉਣ ਲਈ ਪਬਲਿਕ ਨੂੰ ਸਮਾਂ ਲੱਗਾ।”

ਭਾਵੇਂ ਕਿ ਪਹਿਲਾਂ ਵਰਗੇ ਨੇਕ ਚਲਣ ਛੱਡ ਕੇ ਬੁਰੇ ਚਲਣ ਅਪਣਾਉਣ ਵਿਚ ਤਕਰੀਬਨ 200 ਸਾਲ ਲੱਗੇ, 20ਵੀਂ ਸਦੀ ਵਿਚ ਅਤੇ ਖ਼ਾਸ ਕਰਕੇ ਪਿੱਛਲੇ ਕੁਝ ਦਹਾਕਿਆਂ ਵਿਚ ਲੋਕਾਂ ਨੇ ਇਨ੍ਹਾਂ ਚਲਣਾਂ ਨੂੰ ਬਹੁਤ ਜਲਦੀ ਅਪਣਾ ਲਿਆ ਹੈ। ਇਹ ਕਿਉਂ?

ਖ਼ੁਦਗਰਜ਼ੀ ਅਤੇ ਲੋਭ

ਇਕ ਵੱਡਾ ਕਾਰਨ ਇਹ ਹੈ ਕਿ 20 ਵੀਂ ਸਦੀ ਦੌਰਾਨ ਤਕਨਾਲੋਜੀ ਇੰਨੀ ਤਰੱਕੀ ਕਰ ਗਈ ਹੈ ਕਿ ਲੋਕਾਂ ਕੋਲ ਹੁਣ ਅੱਗੇ ਨਾਲੋਂ ਜ਼ਿਆਦਾ ਪੈਸਾ ਹੈ। ਇਕ ਜਰਮਨ ਅਖ਼ਬਾਰ ਦੇ ਇਕ ਲੇਖ ਨੇ ਦੱਸਿਆ ਕਿ ‘ਅਸੀਂ ਪਹਿਲਾਂ ਵਰਗੇ ਸਮਿਆਂ ਵਿਚ ਨਹੀਂ ਰਹਿ ਰਹੇ ਜਦੋਂ ਘੱਟ ਹੀ ਅਦਲੀਆਂ-ਬਦਲੀਆਂ ਹੁੰਦੀਆਂ ਸੀ, ਪਰ ਅਸੀਂ ਤੇਜ਼ ਤਰੱਕੀ ਵਾਲੇ ਸਮਿਆਂ ਵਿਚ ਰਹਿ ਰਹੇ ਹਾਂ।’ ਇਸ ਲੇਖ ਨੇ ਦੱਸਿਆ ਕਿ ਲੋਕ ਕੰਮ-ਧੰਦੇ ਅਤੇ ਸੌਦੇਬਾਜ਼ੀ (ਫ਼ਰੀ ਮਾਰਕੀਟ) ਦੇ ਹਰ ਮੌਕੇ ਦਾ ਫ਼ਾਇਦਾ ਉਠਾਉਂਦੇ ਹਨ ਜਿਸ ਤੋਂ ਖ਼ੁਦਗਰਜ਼ੀ ਅਤੇ ਮੁਕਾਬਲੇ ਪੈਦਾ ਹੁੰਦੇ ਹਨ।

ਇਹੀ ਲੇਖ ਅੱਗੇ ਕਹਿੰਦਾ ਹੈ ਕਿ ‘ਐਸੀ ਖ਼ੁਦਗਰਜ਼ੀ ਨੂੰ ਕੋਈ ਚੀਜ਼ ਨਹੀਂ ਰੋਕ ਸਕਦੀ ਹੈ। ਨਤੀਜਾ ਇਹ ਹੁੰਦਾ ਹੈ ਕਿ ਰੋਜ਼ ਕਠੋਰਤਾ ਅਤੇ ਹੇਰਾ-ਫੇਰੀਆਂ ਦੇਖੀਆਂ ਜਾਂਦੀਆਂ ਹਨ। ਸਰਕਾਰਾਂ ਵਿਚ ਵੀ ਐਸੀਆਂ ਬੁਰਾਈਆਂ ਦੇਖੀਆਂ ਜਾਂਦੀਆਂ ਹਨ। ਲੋਕ ਬਹੁਤ ਹੀ ਮਤਲਬੀ ਹਨ।’

ਪ੍ਰਿੰਸਟਨ ਯੂਨੀਵਰਸਿਟੀ ਦੇ ਇਕ ਸਮਾਜ-ਵਿਗਿਆਨੀ ਨੇ ਇਕ ਸਰਵੇਖਣ ਕਰਨ ਤੋਂ ਬਾਅਦ ਦੱਸਿਆ ਕਿ ਅੱਜ-ਕੱਲ੍ਹ ਦੇ ਅਮਰੀਕੀ ਲੋਕ ਪਿੱਛਲੀ ਪੀੜ੍ਹੀ ਨਾਲੋਂ ਪੈਸੇ ਉੱਤੇ ਜ਼ਿਆਦਾ ਜ਼ੋਰ ਦਿੰਦੇ ਹਨ। ਇਸ ਸਰਵੇਖਣ ਅਨੁਸਾਰ, “ਕਈਆਂ ਅਮਰੀਕੀ ਲੋਕਾਂ ਨੇ ਵੀ ਇਸ ਬਾਰੇ ਚਿੰਤਾ ਪ੍ਰਗਟ ਕੀਤੀ ਹੈ ਕਿ ਦੂਜਿਆਂ ਲਈ ਆਦਰ, ਨੌਕਰੀ ਤੇ ਈਮਾਨਦਾਰੀ, ਅਤੇ ਭਾਈਵਾਲਤਾ ਨਾਲੋਂ ਲੋਕਾਂ ਨੂੰ ਪੈਸਾ ਜ਼ਿਆਦਾ ਪਿਆਰਾ ਹੈ।”

ਸਮਾਜ ਵਿਚ ਲੋਭ ਹੋਰ ਵੀ ਵੱਧ ਗਿਆ ਹੈ। ਕੰਪਨੀਆਂ ਦੇ ਕਈ ਮੈਨੇਜਰ ਆਪਣੇ ਆਪ ਨੂੰ ਵੱਡੀਆਂ-ਵੱਡੀਆਂ ਤਨਖ਼ਾਹਾਂ ਸੌਂਪਦੇ ਹਨ ਅਤੇ ਆਪਣੀ ਰੀਟਾਇਰਮੈਂਟ ਲਈ ਵੀ ਵਧੀਆ ਪ੍ਰਬੰਧ ਬਣਾਉਂਦੇ ਹਨ। ਪਰ ਉਹ ਆਪਣੇ ਕਾਮਿਆਂ ਉੱਤੇ ਜ਼ੋਰ ਪਾਉਂਦੇ ਹਨ ਕਿ ਉਹ ਹੋਰ ਜ਼ਿਆਦਾ ਤਨਖ਼ਾਹ ਨਾ ਮੰਗਣ। ਸਵੀਡਨ ਵਿਚ ਇਕ ਪ੍ਰੋਫ਼ੈਸਰ ਨੇ ਕਿਹਾ ਕਿ ‘ਪੁਆੜੇ ਦੀ ਜੜ੍ਹ ਬਿਜ਼ਨਿਸ ਲੀਡਰ ਹਨ ਜੋ ਨਫ਼ੇ ਬਾਰੇ ਹੀ ਸੋਚਦੇ ਹਨ ਅਤੇ ਉਨ੍ਹਾਂ ਦਾ ਰਵੱਈਆ ਆਮ ਲੋਕਾਂ ਵਿਚ ਵੀ ਫੈਲ ਜਾਂਦਾ ਹੈ। ਫਿਰ ਸਾਰਾ ਸਮਾਜ ਉਨ੍ਹਾਂ ਦੀ ਰੀਸ ਕਰਨ ਲੱਗ ਪੈਂਦਾ ਹੈ।’

ਟੈਲੀਵਿਯਨ ਦਾ ਬੁਰਾ ਅਸਰ

ਪਿੱਛਲੇ ਪੰਜਾਹਾਂ ਸਾਲਾਂ ਵਿਚ ਟੈਲੀਵਿਯਨ ਦੇ ਬੁਰੇ ਅਸਰ ਕਰਕੇ ਲੋਕਾਂ ਦਾ ਚਾਲ-ਚਲਣ ਬਹੁਤ ਘਟੀਆ ਬਣ ਗਿਆ ਹੈ। ਸੈਨੇਟਰ ਲੀਬਰਮੈਨ ਨੇ ਕਿਹਾ ਕਿ ‘ਟੈਲੀਵਿਯਨ ਲਈ ਫ਼ਿਲਮਾਂ ਬਣਾਉਣ ਵਾਲੇ, ਨਵੇਂ ਤੋਂ ਨਵੇਂ ਫੈਸ਼ਨ ਚਲਾਉਣ ਵਾਲੇ, ਰੈਪ ਦੇ ਸੰਗੀਤਕਾਰ, ਅਤੇ ਇਸ ਤਰ੍ਹਾਂ ਦੇ ਹੋਰ ਪ੍ਰਭਾਵਕਾਰੀ ਬੰਦੇ ਅੱਜ-ਕੱਲ੍ਹ ਦੀਆਂ ਕਦਰਾਂ-ਕੀਮਤਾਂ ਸਥਾਪਿਤ ਕਰਦੇ ਹਨ। ਇਹ ਲੋਕ ਸਾਡੇ ਸਭਿਆਚਾਰ ਉੱਤੇ, ਖ਼ਾਸ ਕਰਕੇ ਸਾਡੇ ਬੱਚਿਆਂ ਉੱਤੇ ਬਹੁਤ ਅਸਰ ਪਾਉਂਦੇ ਹਨ। ਪਰ ਉਹ ਇਸ ਨੁਕਸਾਨ ਦੀ ਜ਼ਿੰਮੇਵਾਰੀ ਨਹੀਂ ਲੈਂਦੇ ਹਨ।’

ਮਿਸਾਲ ਲਈ, ਲੀਬਰਮੈਨ ਇਕ ਹੈਵੀ ਮੈਟਲ ਬੈਂਡ ਦੁਆਰਾ ਰਿਲੀਸ ਕੀਤੇ ਗਏ ਇਕ ਗਾਣੇ ਬਾਰੇ ਦੱਸਦਾ ਹੈ। ਇਸ ਗਾਣੇ ਦੇ ਨਾਂ ਵਿਚ ਕਿਸੇ ਦੀ ਲਾਸ਼ ਨੂੰ ਖਾਣ ਦਾ ਅਰਥ ਸ਼ਾਮਲ ਹੈ। ਗਾਣੇ ਵਿਚ ਇਕ ਔਰਤ ਦੀ ਇੱਜ਼ਤ ਲੁੱਟਣ ਬਾਰੇ ਗਾਇਆ ਜਾਂਦਾ ਹੈ। ਔਰਤ ਨੂੰ ਚਾਕੂ ਨਾਲ ਮਾਰਨ ਦੀ ਧਮਕੀ ਦਿੱਤੀ ਜਾਂਦੀ ਹੈ। ਲੀਬਰਮੈਨ ਅਤੇ ਉਸ ਦੇ ਇਕ ਸਾਥੀ ਨੇ ਰਿਕਾਰਡ ਬਣਾਉਣ ਵਾਲੀ ਕੰਪਨੀ ਨੂੰ ਵਾਰ-ਵਾਰ ਕਿਹਾ ਕਿ ਉਹ ਇਸ ਨੂੰ ਨਾ ਵੇਚਣ। ਪਰ ਉਨ੍ਹਾਂ ਦੀ ਗੱਲ ਕਿਸੇ ਨੇ ਨਹੀਂ ਸੁਣੀ।

ਕਈ ਮਾਂ-ਬਾਪ ਆਪਣੇ ਬੱਚਿਆਂ ਦੀ ਪਰਵਰਿਸ਼ ਦਾ ਬਹੁਤ ਖ਼ਿਆਲ ਰੱਖਦੇ ਹਨ ਪਰ ਟੈਲੀਵਿਯਨ ਬੱਚਿਆਂ ਨੂੰ ਆਪਣੀ ਵੱਲ ਖਿੱਚਦਾ ਹੈ। ਇਸ ਤਰ੍ਹਾਂ ਫ਼ਿਲਮਾਂ ਬਣਾਉਣ ਵਾਲਿਆਂ ਦੇ ਵਿਚਾਰ ਅਤੇ ਮਾਂ-ਬਾਪ ਦੇ ਵਿਚਾਰ ਟਕਰਾਉਂਦੇ ਹਨ। ਫਿਰ ਉਨ੍ਹਾਂ ਮਾਪਿਆਂ ਬਾਰੇ ਕੀ ਕਿਹਾ ਜਾ ਸਕਦਾ ਹੈ ਜੋ ਆਪਣੇ ਬੱਚਿਆਂ ਦਾ ਇੰਨਾ ਧਿਆਨ ਨਹੀਂ ਰੱਖਦੇ ਹਨ? ਲੀਬਰਮੈਨ ਨੇ ਕਿਹਾ ਕਿ, ‘ਇਨ੍ਹਾਂ ਬੱਚਿਆਂ ਬਾਰੇ ਕੋਈ ਵੀ ਨਹੀਂ ਪਰਵਾਹ ਕਰਦਾ ਕਿ ਉਨ੍ਹਾਂ ਨੂੰ ਕੌਣ ਸਿਖਲਾ ਰਿਹਾ ਹੈ। ਇਸ ਲਈ ਟੈਲੀਵਿਯਨ ਅਤੇ ਫ਼ਿਲਮਾਂ ਹੀ ਬੱਚਿਆਂ ਨੂੰ ਸਿਖਾਉਂਦੀਆਂ ਹਨ ਕਿ ਕੀ ਸਹੀ ਅਤੇ ਕੀ ਗ਼ਲਤ ਹੈ। ਉਹ ਟੈਲੀਵਿਯਨ, ਫ਼ਿਲਮਾਂ, ਅਤੇ ਗਾਣਿਆਂ ਤੋਂ ਹੀ ਸਿੱਖਦੇ ਹਨ ਕਿ ਜ਼ਿੰਦਗੀ ਵਿਚ ਕਿਹੜੀਆਂ ਚੀਜ਼ਾਂ ਜ਼ਿਆਦਾ ਮਹੱਤਤਾ ਰੱਖਦੀਆਂ ਹਨ।’ ਹਾਲ ਹੀ ਵਿਚ ਇੰਟਰਨੈੱਟ ਨੇ ਵੀ ਬੱਚਿਆਂ ਦਾ ਧਿਆਨ ਖਿੱਚਣਾ ਸ਼ੁਰੂ ਕਰ ਦਿੱਤਾ ਹੈ।

‘ਅੱਗੇ ਵਧਣ ਦੀ ਬਜਾਇ ਪਿੱਛੇ ਨੂੰ ਮੁੜਨਾ’

ਬੱਚਿਆਂ ਵਿਚ ਇਹ ਬੁਰੇ ਅਸਰ ਕਿਸ ਤਰ੍ਹਾਂ ਜ਼ਾਹਰ ਹੁੰਦੇ ਹਨ? ਉਨ੍ਹਾਂ ਦੇ ਜੁਰਮਾਂ ਤੋਂ। ਹਾਲ ਹੀ ਵਿਚ ਕਾਫ਼ੀ ਬੱਚਿਆਂ ਨੇ ਦੂਜਿਆਂ ਬੱਚਿਆਂ ਅਤੇ ਸਿਆਣਿਆਂ ਵਿਰੁੱਧ ਹਿੰਸਕ ਜੁਰਮ ਕੀਤੇ ਹਨ।

ਸੰਨ 1998 ਵਿਚ ਸਵੀਡਨ ਵਿਚ ਹੈਰਾਨ ਕਰਨ ਵਾਲੀ ਇਕ ਦੁਰਘਟਨਾ ਉੱਤੇ ਗੌਰ ਕਰੋ। ਪੰਜ ਅਤੇ ਸੱਤ ਸਾਲ ਦੇ ਦੋ ਮੁੰਡਿਆਂ ਨੇ ਇਕ ਚਾਰ ਸਾਲ ਦੇ ਮੁੰਡੇ ਦਾ ਗਲ਼ਾ ਘੁੱਟ ਕੇ ਉਸ ਨੂੰ ਮਾਰ ਦਿੱਤਾ! ਉਹ ਇਕੱਠੇ ਖੇਡਦੇ ਹੁੰਦੇ ਸੀ। ਕਈਆਂ ਨੇ ਇਹ ਸਵਾਲ ਪੁੱਛਿਆ ਹੈ: ਕੀ ਬੱਚਿਆਂ ਨੂੰ ਆਪ ਹੀ ਨਹੀਂ ਪਤਾ ਹੁੰਦਾ ਕਿ ਉਨ੍ਹਾਂ ਨੂੰ ਐਸੀ ਜ਼ਬਰਦਸਤੀ ਨਹੀਂ ਕਰਨੀ ਚਾਹੀਦੀ? ਮਾਨਸਿਕ ਰੋਗਾਂ ਦੀ ਇਕ ਡਾਕਟਰਨੀ ਨੇ ਦੱਸਿਆ ਕਿ ‘ਬੱਚਿਆਂ ਨੂੰ ਆਪਣੇ ਆਪ ਹੀ ਇਹ ਨਹੀਂ ਪਤਾ ਹੁੰਦਾ ਕਿ ਉਹ ਹੱਦੋਂ ਵੱਧ ਜਾ ਰਹੇ ਹਨ ਪਰ ਉਨ੍ਹਾਂ ਨੂੰ ਇਹ ਸਿੱਖਣਾ ਪੈਂਦਾ ਹੈ। ਬੱਚੇ ਐਸੀਆਂ ਗੱਲਾਂ ਦੂਸਰਿਆਂ ਦੀ ਮਿਸਾਲ ਤੋਂ ਸਿੱਖਦੇ ਹਨ, ਉਹ ਖ਼ਾਸ ਕਰਕੇ ਸਿਆਣਿਆਂ ਤੋਂ ਸਿੱਖਦੇ ਹਨ।’

ਹਿੰਸਕ ਅਪਰਾਧੀਆਂ ਵਿਚ ਵੀ ਇਹ ਚੀਜ਼ ਦੇਖੀ ਜਾ ਸਕਦੀ ਹੈ ਕਿ ਉਹ ਜ਼ਬਰਦਸਤੀ ਦੀਆਂ ਹੱਦਾਂ ਨਹੀਂ ਪਛਾਣਦੇ। ਮਨੋਰੋਗ ਦੇ ਇਕ ਪ੍ਰੋਫ਼ੈਸਰ ਦੇ ਅਨੁਸਾਰ ਜੇਲ੍ਹਾਂ ਵਿਚ 15 ਤੋਂ 20 ਫੀ ਸਦੀ ਕੈਦੀ ਕਿਸੇ-ਨ-ਕਿਸੇ ਤਰ੍ਹਾਂ ਮਨੋਰੋਗੀ ਹਨ। ਅਜਿਹੇ ਲੋਕ ਬੜੇ ਖ਼ੁਦਗਰਜ਼ ਅਤੇ ਬੇਰਹਿਮ ਹੁੰਦੇ ਹਨ, ਅਤੇ ਉਹ ਸਹੀ ਜਾਂ ਗ਼ਲਤ ਵਿਚ ਫ਼ਰਕ ਨਹੀਂ ਪਛਾਣ ਸਕਦੇ, ਜਾਂ ਪਛਾਣਨਾ ਨਹੀਂ ਚਾਹੁੰਦੇ ਹਨ। ਠੀਕ-ਠਾਕ ਲੱਗਦੇ ਬੱਚਿਆਂ ਅਤੇ ਨੌਜਵਾਨਾਂ ਵਿਚ ਵੀ ਐਸੀ ਬੇਸਮਝੀ ਦੇਖੀ ਜਾਂਦੀ ਹੈ। ਫ਼ਲਸਫ਼ੇ ਦੀ ਪ੍ਰੋਫ਼ੈਸਰਨੀ ਕ੍ਰੀਸਟੀਨਾ ਹੌਫ਼ ਸਮਰਜ਼ ਕਹਿੰਦੀ ਹੈ ਕਿ ‘ਅਸੀਂ ਅੱਗੇ ਵਧਣ ਦੀ ਬਜਾਇ ਪਿੱਛੇ ਨੂੰ ਮੁੜ ਰਹੇ ਹਾਂ।’ ਉਸ ਨੇ ਦੱਸਿਆ ਕਿ ਜਦੋਂ ਉਸ ਦੇ ਵਿਦਿਆਰਥੀਆਂ ਨੂੰ ਸਹੀ ਜਾਂ ਗ਼ਲਤ ਵਿਚ ਫ਼ਰਕ ਪੁੱਛਿਆ ਜਾਂਦਾ ਹੈ, ਤਾਂ ਉਹ ਆਲਾ-ਦੁਆਲਾ ਦੇਖਦੇ ਹਨ। ਫਿਰ ਉਹ ਕਹਿੰਦੇ ਹਨ ਕਿ ਸਹੀ ਜਾਂ ਗ਼ਲਤ ਵਰਗੀ ਕੋਈ ਚੀਜ਼ ਹੀ ਨਹੀਂ ਹੈ। ਉਨ੍ਹਾਂ ਦਾ ਵਿਚਾਰ ਹੈ ਕਿ ਹਰੇਕ ਵਿਅਕਤੀ ਨੂੰ ਆਪਣੇ ਆਪ ਲਈ ਹੀ ਫ਼ੈਸਲਾ ਕਰਨਾ ਚਾਹੀਦਾ ਹੈ ਕਿ ਉਸ ਲਈ ਸਭ ਤੋਂ ਵਧੀਆ ਕੀ ਹੈ।

ਹਾਲ ਹੀ ਦੇ ਸਮੇਂ ਉਸ ਦੇ ਕਈਆਂ ਵਿਦਿਆਰਥੀਆਂ ਨੇ ਇਤਰਾਜ਼ ਕੀਤਾ ਜਦੋਂ ਉਨ੍ਹਾਂ ਨੂੰ ਸਮਝਾਇਆ ਗਿਆ ਕਿ ਮਾਨਵੀ ਜੀਵਨ ਕਿੰਨਾ ਅਨਮੋਲ ਹੈ। ਮਿਸਾਲ ਲਈ, ਜਦੋਂ ਵਿਦਿਆਰਥੀਆਂ ਨੂੰ ਪੁੱਛਿਆ ਗਿਆ ਕਿ ਜੇ ਉਨ੍ਹਾਂ ਨੂੰ ਆਪਣੇ ਕੁੱਤੇ ਜਾਂ ਬਿੱਲੀ ਦੀ ਜਾਨ ਬਚਾਉਣ ਜਾਂ ਕਿਸੇ ਅਣਜਾਣੇ ਬੰਦੇ ਦੀ ਜਾਨ ਬਚਾਉਣ ਵਿਚਕਾਰ ਫ਼ੈਸਲਾ ਕਰਨਾ ਪਵੇ, ਤਾਂ ਉਹ ਕੀ ਕਰਨਗੇ, ਕਈਆਂ ਨੇ ਕਿਹਾ ਕਿ ਉਹ ਜਾਨਵਰ ਨੂੰ ਬਚਾਉਣਗੇ।

ਪ੍ਰੋਫ਼ੈਸਰਨੀ ਸਮਰਜ਼ ਨੇ ਕਿਹਾ ਕਿ ‘ਇਸ ਦਾ ਇਹ ਮਤਲਬ ਨਹੀਂ ਕਿ ਬੱਚੇ ਅਣਜਾਣ ਹਨ, ਜਾਂ ਉਨ੍ਹਾਂ ਦਾ ਯਕੀਨ ਨਹੀਂ ਕੀਤਾ ਜਾ ਸਕਦਾ, ਜਾਂ ਉਹ ਨਿਰਦਈ, ਜਾਂ ਧੋਖੇਬਾਜ਼ ਹਨ। ਪਰ ਸੱਚੀ ਗੱਲ ਇਹ ਹੈ ਕਿ ਉਹ ਸਹੀ ਜਾਂ ਗ਼ਲਤ ਵਿਚ ਕੋਈ ਫ਼ਰਕ ਨਹੀਂ ਦੇਖ ਸਕਦੇ।’ ਉਸ ਨੇ ਦੱਸਿਆ ਕਿ ਅੱਜ-ਕੱਲ੍ਹ ਦੇ ਕਈਆਂ ਨੌਜਵਾਨਾਂ ਨੂੰ ਸ਼ੱਕ ਹੈ ਕਿ ਅਸਲ ਵਿਚ ਕੋਈ ਚੀਜ਼ ਸਹੀ ਜਾਂ ਗ਼ਲਤ ਹੋ ਸਕਦੀ ਹੈ, ਅਤੇ ਉਸ ਦੇ ਅਨੁਸਾਰ ਐਸਾ ਵਿਚਾਰ ਸਮਾਜ ਲਈ ਬਹੁਤ ਖ਼ਤਰਨਾਕ ਹੈ।

ਇਸ ਕਰਕੇ, ਅਸਲੀਅਤ ਇਹ ਹੈ ਕਿ ਸਾਡੇ ਜ਼ਮਾਨੇ ਵਿਚ ਚਾਲ-ਚਲਣ ਵਿਗੜ ਗਏ ਹਨ। ਕਈਆਂ ਨੂੰ ਚਿੰਤਾ ਹੈ ਕਿ ਇਸ ਦਾ ਨਤੀਜਾ ਭਿਆਨਕ ਹੋਵੇਗਾ। ਡੀ ਟਸਾਈਟ ਅਖ਼ਬਾਰ ਵਿਚ ਪਹਿਲਾਂ ਜ਼ਿਕਰ ਕੀਤੇ ਗਏ ਲੇਖ ਨੇ ਦੱਸਿਆ ਕਿ ਅੱਜ-ਕੱਲ੍ਹ ਦੇ ਕੰਮ-ਧੰਦੇ ਅਤੇ ਫ਼ਰੀ-ਮਾਰਕੀਟ ਸਹਿਜੇ ਸਹਿਜੇ ‘ਵਿਗੜ ਕੇ ਕਮਿਊਨਿਸਟ ਪ੍ਰਬੰਧ ਵਾਂਗ ਇਕ ਦਿਨ ਖ਼ਤਮ ਹੋ ਸਕਦੇ ਹਨ।’

ਇਨ੍ਹਾਂ ਸਾਰੀਆਂ ਗੱਲਾਂ ਦਾ ਕੀ ਅਰਥ ਹੈ? ਸਾਡਾ ਭਵਿੱਖ ਕਿਸ ਤਰ੍ਹਾਂ ਦਾ ਹੋਵੇਗਾ?

[ਸਫ਼ੇ 6, 7 ਉੱਤੇ ਤਸਵੀਰਾਂ]

‘ਟੈਲੀਵਿਯਨ ਲਈ ਫ਼ਿਲਮਾਂ ਬਣਾਉਣ ਵਾਲੇ, ਨਵੇਂ ਤੋਂ ਨਵੇਂ ਫੈਸ਼ਨ ਚਲਾਉਣ ਵਾਲੇ, ਅਤੇ ਰੈਪ ਦੇ ਸੰਗੀਤਕਾਰ ਅੱਜ-ਕੱਲ੍ਹ ਦੀਆਂ ਕਦਰਾਂ-ਕੀਮਤਾਂ ਸਥਾਪਿਤ ਕਰਦੇ ਹਨ’