Skip to content

Skip to table of contents

ਕੀ ਝੂਠ ਬੋਲਣਾ ਕਦੇ ਠੀਕ ਹੁੰਦਾ ਹੈ?

ਕੀ ਝੂਠ ਬੋਲਣਾ ਕਦੇ ਠੀਕ ਹੁੰਦਾ ਹੈ?

ਬਾਈਬਲ ਦਾ ਦ੍ਰਿਸ਼ਟੀਕੋਣ

ਕੀ ਝੂਠ ਬੋਲਣਾ ਕਦੇ ਠੀਕ ਹੁੰਦਾ ਹੈ?

‘ਥੋੜ੍ਹਾ-ਬਹੁਤਾ ਝੂਠ ਕਿਸੇ ਦਾ ਕੀ ਵਿਗਾੜਦਾ ਹੈ?’

ਇਸ ਵਿਚਾਰ ਤੋਂ ਸਾਫ਼-ਸਾਫ਼ ਜ਼ਾਹਰ ਹੁੰਦਾ ਹੈ ਕਿ ਲੋਕ ਝੂਠ ਬੋਲਣ ਬਾਰੇ ਕੀ ਸੋਚਦੇ ਹਨ। ਉਹ ਇਹ ਸਮਝਦੇ ਹਨ ਕਿ ਝੂਠ ਬੋਲਣਾ ਗ਼ਲਤ ਨਹੀਂ ਹੈ ਜੇਕਰ ਕਿਸੇ ਨੂੰ ਉਸ ਤੋਂ ਨੁਕਸਾਨ ਨਾ ਪਹੁੰਚੇ। ਲੋਕਾਂ ਦਾ ਕਹਿਣਾ ਹੈ ਕਿ ਸਭ ਤੋਂ ਵੱਡੀ ਗੱਲ ਪਿਆਰ ਹੈ, ਚਾਹੇ ਕੋਈ ਝੂਠ ਬੋਲੇ ਜਾਂ ਨਾ। ਲੇਖਕ ਡਾਇਐਨ ਕੌਂਪ ਦੂਸਰਿਆਂ ਸ਼ਬਦਾਂ ਵਿਚ ਸਮਝਾਉਂਦੀ ਹੈ ਕਿ ‘ਜੇਕਰ ਤੁਹਾਡਾ ਇਰਾਦਾ ਨੇਕ ਹੋਵੇ ਅਤੇ ਤੁਹਾਡਾ ਦਿਲ ਸਾਫ਼ ਹੋਵੇ, ਤਾਂ ਤੁਹਾਡੇ ਝੂਠ ਬੋਲਣ ਵਿਚ ਕੋਈ ਗ਼ਲਤੀ ਨਹੀਂ।’

ਅੱਜ-ਕੱਲ੍ਹ ਇਸ ਤਰ੍ਹਾਂ ਸੋਚਣਾ ਆਮ ਹੈ। ਜਦੋਂ ਮਸ਼ਹੂਰ ਸਿਆਸਤਦਾਨਾਂ ਅਤੇ ਦੂਸਰੇ ਵਿਸ਼ਵ ਨੇਤਾਵਾਂ ਦੀਆਂ ਝੂਠੀਆਂ ਗੱਲਾਂ ਲੋਕਾਂ ਦੇ ਕੰਨੀ ਪੈਂਦੀਆਂ ਹਨ ਤਾਂ ਲੋਕ ਹੈਰਾਨ ਹੁੰਦੇ ਹਨ। ਅਜਿਹੇ ਮਾਹੌਲ ਦੇ ਕਾਰਨ ਕਈ ਲੋਕ ਸੱਚ ਬੋਲਣਾ ਜ਼ਰੂਰੀ ਨਹੀਂ ਸਮਝਦੇ। ਕੁਝ ਥਾਂਵਾਂ ਵਿਚ ਝੂਠ ਬੋਲਣਾ ਆਮ ਹੋ ਗਿਆ ਹੈ। ਦੁਕਾਨ ਵਿਚ ਕੰਮ ਕਰਨ ਵਾਲੀ ਇਕ ਔਰਤ ਇਹ ਸ਼ਿਕਾਇਤ ਕਰਦੀ ਹੈ ਕਿ “ਮੈਨੂੰ ਝੂਠ ਬੋਲਣ ਲਈ ਤਾਂ ਤਨਖ਼ਾਹ ਮਿਲਦੀ ਹੈ। ਝੂਠ ਬੋਲ ਕੇ ਹੀ ਮੈਂ ਸੌਦਾ ਵੇਚਣ ਵਿਚ ਕਾਮਯਾਬ ਹੁੰਦੀ ਹਾਂ ਅਤੇ ਇਸ ਲਈ ਹੀ ਮੇਰੀ ਕੰਪਨੀ ਮੇਰੀ ਤਾਰੀਫ਼ ਕਰਦੀ ਹੈ। . . . ਇਸ ਤਰ੍ਹਾਂ ਲੱਗਦਾ ਹੈ ਕਿ ਮਾਲ ਵੇਚਣ ਦੇ ਹਰ ਛੋਟੇ-ਮੋਟੇ ਧੰਦੇ ਵਿਚ ਝੂਠ ਬੋਲਣਾ ਸਿਖਲਾਇਆ ਜਾਂਦਾ ਹੈ।” ਕਈ ਲੋਕ ਇਹ ਸਮਝਦੇ ਹਨ ਕਿ ਮਾਮੂਲੀ ਝੂਠ ਬੋਲਣ ਵਿਚ ਕਿਸੇ ਦਾ ਕੁਝ ਨਹੀਂ ਵਿਗੜਦਾ। ਕੀ ਇਹ ਸੱਚ ਹੈ? ਕੀ ਅਜਿਹੇ ਕੋਈ ਮੌਕੇ ਹਨ ਜਦੋਂ ਮਸੀਹੀਆਂ ਲਈ ਝੂਠ ਬੋਲਣਾ ਠੀਕ ਹੁੰਦਾ ਹੈ?

ਬਾਈਬਲ ਦੇ ਉੱਚੇ ਮਿਆਰ

ਬਾਈਬਲ ਹਰ ਕਿਸਮ ਦੇ ਝੂਠ ਦੀ ਸਾਫ਼-ਸਾਫ਼ ਨਿੰਦਿਆ ਕਰਦੀ ਹੈ। ਜ਼ਬੂਰਾਂ ਦਾ ਲਿਖਾਰੀ ਦੱਸਦਾ ਹੈ ਕਿ ‘ਪਰਮੇਸ਼ੁਰ ਝੂਠ ਮਾਰਨ ਵਾਲਿਆਂ ਦਾ ਨਾਸ ਕਰੇਗਾ।’ (ਜ਼ਬੂਰ 5:6. ਪਰਕਾਸ਼ ਦੀ ਪੋਥੀ 22:15 ਦੇਖੋ।) ਕਹਾਉਤਾਂ 6:16-19 ਵਿਚ ਸੱਤ ਗੱਲਾਂ ਦਰਜ ਕੀਤੀਆਂ ਗਈਆਂ ਹਨ ਜੋ ਯਹੋਵਾਹ ਨੂੰ ਘਿਣਾਉਣੀਆਂ ਲੱਗਦੀਆਂ ਹਨ। ਇਨ੍ਹਾਂ ਵਿਚ “ਝੂਠੀ ਜੀਭ” ਅਤੇ “ਝੂਠਾ ਗਵਾਹ ਜਿਹੜਾ ਝੂਠ ਮਾਰਦਾ ਹੈ” ਸ਼ਾਮਲ ਹਨ। ਯਹੋਵਾਹ ਇਨ੍ਹਾਂ ਨੂੰ ਘਿਣਾਉਣੀਆਂ ਕਿਉਂ ਸਮਝਦਾ ਹੈ? ਕਿਉਂਕਿ ਉਹ ਨਹੀਂ ਚਾਹੁੰਦਾ ਕਿ ਅਸੀਂ ਉਹ ਦੁੱਖ ਝੱਲੀਏ ਜੋ ਝੂਠ ਬੋਲਣ ਦੁਆਰਾ ਆਉਂਦਾ ਹੈ। ਇਹ ਇਕ ਕਾਰਨ ਹੈ ਜਿਸ ਕਰਕੇ ਯਿਸੂ ਨੇ ਸ਼ਤਾਨ ਨੂੰ ਝੂਠਾ ਅਤੇ ਖ਼ੂਨੀ ਸੱਦਿਆ ਸੀ। ਉਸ ਦੀਆਂ ਝੂਠੀਆਂ ਗੱਲਾਂ ਦੇ ਕਾਰਨ ਮਨੁੱਖ ਦੁੱਖ ਭੋਗਦੇ ਹਨ ਅਤੇ ਫਿਰ ਅੰਤ ਵਿਚ ਮਰ ਜਾਂਦੇ ਹਨ।​—ਉਤਪਤ 3:4, 5; ਯੂਹੰਨਾ 8:44; ਰੋਮੀਆਂ 5:12.

ਹਨਾਨਿਯਾ ਅਤੇ ਸਫ਼ੀਰਾ ਨਾਲ ਜੋ ਹੋਇਆ ਉਸ ਤੋਂ ਅਸੀਂ ਸਾਫ਼ ਦੇਖ ਸਕਦੇ ਹਾਂ ਕਿ ਯਹੋਵਾਹ ਦੀਆਂ ਨਜ਼ਰਾਂ ਵਿਚ ਝੂਠ ਬੋਲਣਾ ਕਿੰਨੀ ਗੰਭੀਰ ਗੱਲ ਹੈ। ਉਨ੍ਹਾਂ ਦੋਹਾਂ ਨੇ ਜਾਣ-ਬੁੱਝ ਕੇ ਰਸੂਲਾਂ ਨਾਲ ਝੂਠ ਬੋਲਿਆ ਅਤੇ ਘੱਟ ਚੜ੍ਹਾਵਾ ਦੇ ਕਿ ਜ਼ਿਆਦਾ ਚੜ੍ਹਾਵਾ ਦੇਣ ਦਾ ਪਖੰਡ ਕੀਤਾ। ਉਨ੍ਹਾਂ ਨੇ ਜੋ ਕੀਤਾ ਉਹ ਸੋਚ-ਸਮਝ ਕੇ ਕੀਤਾ ਗਿਆ ਸੀ। ਇਸ ਲਈ ਪਤਰਸ ਨੇ ਹਨਾਨਿਯਾ ਨੂੰ ਕਿਹਾ ਕਿ “ਤੂੰ ਮਨੁੱਖਾਂ ਨਾਲ ਨਹੀਂ ਸਗੋਂ ਪਰਮੇਸ਼ੁਰ ਨਾਲ ਝੂਠ ਬੋਲਿਆ ਹੈ।” ਇਸ ਗ਼ਲਤੀ ਦੇ ਕਾਰਨ ਉਹ ਦੋਵੇਂ ਪਰਮੇਸ਼ੁਰ ਦੇ ਹੱਥੀਂ ਮਾਰੇ ਗਏ ਸਨ।​—ਰਸੂਲਾਂ ਦੇ ਕਰਤੱਬ 5:1-10.

ਕਈ ਸਾਲ ਬਾਅਦ ਪੌਲੁਸ ਰਸੂਲ ਨੇ ਮਸੀਹੀਆਂ ਨੂੰ ਇਹ ਸਲਾਹ ਦਿੱਤੀ ਸੀ ਕਿ “ਇੱਕ ਦੂਏ ਨਾਲ ਝੂਠ ਨਾ ਮਾਰੋ।” (ਕੁਲੁੱਸੀਆਂ 3:9) ਇਹ ਸਲਾਹ ਖ਼ਾਸ ਕਰਕੇ ਕਲੀਸਿਯਾ ਵਿਚ ਜ਼ਰੂਰੀ ਹੈ। ਯਿਸੂ ਨੇ ਕਿਹਾ ਸੀ ਕਿ ਉਸ ਦੇ ਚੇਲਿਆਂ ਦੀ ਪਛਾਣ ਉਨ੍ਹਾਂ ਦੇ ਆਪਸੀ ਪਿਆਰ ਤੋਂ ਕੀਤੀ ਜਾਵੇਗੀ। (ਯੂਹੰਨਾ 13:34, 35) ਅਜਿਹਾ ਪਿਆਰ ਪਖੰਡੀ ਨਹੀਂ ਹੁੰਦਾ। ਇਹ ਸਿਰਫ਼ ਈਮਾਨਦਾਰ ਲੋਕਾਂ ਵਿਚਕਾਰ ਵੱਧ-ਫੁੱਲ ਸਕਦਾ ਹੈ ਜੋ ਇਕ ਦੂਸਰੇ ਉੱਤੇ ਭਰੋਸਾ ਰੱਖਦੇ ਹਨ। ਕਿਉਂਕਿ ਉਸ ਵਿਅਕਤੀ ਨਾਲ ਪਿਆਰ ਕਰਨਾ ਬਹੁਤ ਔਖਾ ਹੁੰਦਾ ਹੈ ਜਿਸ ਦੀ ਗੱਲ ਉੱਤੇ ਅਸੀਂ ਵਿਸ਼ਵਾਸ ਨਹੀਂ ਕਰ ਸਕਦੇ।

ਹਰ ਕਿਸਮ ਦਾ ਝੂਠ ਗ਼ਲਤ ਹੈ, ਪਰ ਕੁਝ ਝੂਠ ਜ਼ਿਆਦਾ ਗੰਭੀਰ ਹੁੰਦੇ ਹਨ। ਮਿਸਾਲ ਲਈ, ਇਕ ਵਿਅਕਤੀ ਸ਼ਾਇਦ ਡਰ ਦੇ ਮਾਰੇ ਜਾਂ ਸ਼ਰਮ ਕਰਕੇ ਝੂਠ ਬੋਲੇ। ਕੋਈ ਹੋਰ ਵਿਅਕਤੀ ਸ਼ਾਇਦ ਹਰ ਵੇਲੇ ਝੂਠ ਬੋਲੇ ਤਾਂਕਿ ਉਹ ਦੂਸਰਿਆਂ ਨੂੰ ਦੁੱਖ ਜਾਂ ਨੁਕਸਾਨ ਪਹੁੰਚਾ ਸਕੇ। ਅਜਿਹਾ ਖੁਣਸੀ ਇਨਸਾਨ ਦੂਸਰਿਆਂ ਲਈ ਖ਼ਤਰਾ ਪੇਸ਼ ਕਰ ਸਕਦਾ ਹੈ। ਇਸ ਲਈ ਜੇਕਰ ਉਹ ਆਪਣੀ ਗ਼ਲਤੀ ਕਬੂਲ ਕਰ ਕੇ ਤੋਬਾ ਨਾ ਕਰੇ, ਤਾਂ ਉਸ ਨੂੰ ਕਲੀਸਿਯਾ ਵਿੱਚੋਂ ਬਾਹਰ ਕੱਢਿਆ ਜਾਂਦਾ ਹੈ। ਪਰ ਹਰ ਝੂਠ ਖੁਣਸੀ ਇਰਾਦੇ ਨਾਲ ਨਹੀਂ ਬੋਲਿਆ ਜਾਂਦਾ। ਇਸ ਲਈ ਜਦ ਕੋਈ ਝੂਠ ਬੋਲੇ ਤਾਂ ਉਸ ਉੱਤੇ ਬਿਨਾਂ ਸੋਚੇ-ਸਮਝੇ ਦੋਸ਼ ਲਾਉਣ ਤੋਂ ਪਹਿਲਾਂ ਪੂਰੀ ਗੱਲ ਜਾਣਨ ਦੀ ਕੋਸ਼ਿਸ਼ ਕਰੋ ਕਿ ਉਸ ਨੇ ਝੂਠ ਕਿਉਂ ਬੋਲਿਆ।​—ਯਾਕੂਬ 2:13.

“ਸੱਪਾਂ ਵਰਗੇ ਹੁਸ਼ਿਆਰ”

ਸੱਚ ਬੋਲਣ ਦਾ ਮਤਲਬ ਇਹ ਨਹੀਂ ਹੈ ਕਿ ਸਾਨੂੰ ਹਰ ਕਿਸੇ ਨੂੰ ਪੂਰੀ ਗੱਲ ਦੱਸਣੀ ਚਾਹੀਦੀ ਹੈ। ਮੱਤੀ 7:6 ਵਿਚ ਯਿਸੂ ਨੇ ਚੇਤਾਵਨੀ ਦਿੱਤੀ ਸੀ ਕਿ “ਪਵਿੱਤ੍ਰ ਵਸਤ ਕੁੱਤਿਆਂ ਨੂੰ ਨਾ ਪਾਓ ਅਤੇ ਆਪਣੇ ਮੋਤੀ ਸੂਰਾਂ ਅੱਗੇ ਨਾ ਸੁੱਟੋ ਕਿਤੇ ਐਉਂ ਨਾ ਹੋਵੇ ਜੋ ਓਹ . . . ਮੁੜ ਕੇ ਤੁਹਾਨੂੰ ਪਾੜਨ।” ਮਿਸਾਲ ਲਈ, ਬੁਰਾ ਇਰਾਦਾ ਰੱਖਣ ਵਾਲੇ ਵਿਅਕਤੀਆਂ ਨੂੰ ਸ਼ਾਇਦ ਕੁਝ ਗੱਲਾਂ ਜਾਣਨ ਦਾ ਕੋਈ ਹੱਕ ਨਾ ਹੋਵੇ। ਮਸੀਹੀ ਜਾਣਦੇ ਹਨ ਕਿ ਇਹ ਸੰਸਾਰ ਮਸੀਹੀਆਂ ਦਾ ਵੈਰੀ ਹੈ। ਇਸ ਲਈ ਤਾਂ ਯਿਸੂ ਨੇ ਆਪਣੇ ਚੇਲਿਆਂ ਨੂੰ ਇਹ ਸਲਾਹ ਦਿੱਤੀ ਸੀ ਕਿ “ਤੁਸੀਂ ਸੱਪਾਂ ਵਰਗੇ ਹੁਸ਼ਿਆਰ” ਹੁੰਦੇ ਹੋਏ “ਕਬੂਤਰਾਂ ਵਰਗੇ ਭੋਲੇ ਹੋਵੋ।” (ਮੱਤੀ 10:16; ਯੂਹੰਨਾ 15:19) ਯਿਸੂ ਨੇ ਹਰ ਵੇਲੇ ਪੂਰੀ ਗੱਲ ਨਹੀਂ ਸੀ ਦੱਸੀ, ਖ਼ਾਸ ਕਰਕੇ ਜਦ ਉਸ ਨੂੰ ਪਤਾ ਸੀ ਕਿ ਪੂਰੀ ਗੱਲ ਦੱਸਣ ਦੁਆਰਾ ਉਸ ਨੂੰ ਜਾਂ ਉਸ ਦੇ ਚੇਲਿਆਂ ਨੂੰ ਵਾਧੂ ਦਾ ਖ਼ਤਰਾ ਹੋ ਸਕਦਾ ਸੀ। ਲੇਕਿਨ, ਫਿਰ ਵੀ ਉਸ ਨੇ ਕਦੇ ਝੂਠ ਨਹੀਂ ਸੀ ਬੋਲਿਆ। ਇਸ ਦੀ ਬਜਾਇ, ਉਸ ਨੇ ਜਾਂ ਤਾਂ ਜਵਾਬ ਵਿਚ ਕੁਝ ਨਹੀਂ ਕਿਹਾ, ਜਾਂ ਉਸ ਨੇ ਹੋਰ ਕਿਸੇ ਚੀਜ਼ ਬਾਰੇ ਗੱਲ ਛੇੜੀ ਸੀ।​—ਮੱਤੀ 15:1-6; 21:23-27; ਯੂਹੰਨਾ 7:3-10.

ਬਾਈਬਲ ਵਿਚ ਅਬਰਾਹਾਮ, ਇਸਹਾਕ, ਰਾਹਾਬ, ਅਤੇ ਦਾਊਦ ਵਰਗੇ ਕਈ ਵਫ਼ਾਦਾਰ ਆਦਮੀ-ਤੀਵੀਆਂ ਸਨ ਜਿਨ੍ਹਾਂ ਨੇ ਯਿਸੂ ਵਾਂਗ ਉਨ੍ਹਾਂ ਨਾਲ ਸਮਝਦਾਰੀ ਅਤੇ ਹੁਸ਼ਿਆਰੀ ਵਰਤੀ ਸੀ ਜੋ ਉਨ੍ਹਾਂ ਦੇ ਦੁਸ਼ਮਣ ਸਾਬਤ ਹੋ ਸਕਦੇ ਸਨ। (ਉਤਪਤ 20:11-13; 26:9; ਯਹੋਸ਼ੁਆ 2:1-6; 1 ਸਮੂਏਲ 21:10-14) ਬਾਈਬਲ ਇਨ੍ਹਾਂ ਨੂੰ ਵਫ਼ਾਦਾਰ ਸੇਵਕ ਸੱਦਦੀ ਹੈ ਕਿਉਂਕਿ ਇਨ੍ਹਾਂ ਲਈ ਪਰਮੇਸ਼ੁਰ ਦੇ ਆਗਿਆਕਾਰ ਹੋਣਾ ਵੱਡੀ ਗੱਲ ਸੀ। ਇਸ ਲਈ ਸਾਨੂੰ ਇਨ੍ਹਾਂ ਦੀ ਰੀਸ ਕਰਨੀ ਚਾਹੀਦੀ ਹੈ।​—ਰੋਮੀਆਂ 15:4; ਇਬਰਾਨੀਆਂ 11:8-10, 20, 31-39.

ਇਹ ਸੱਚ ਹੈ ਕਿ ਸਾਨੂੰ ਆਪਣਾ ਬਚਾਅ ਕਰਨ ਵਾਸਤੇ ਸ਼ਾਇਦ ਕਦੇ-ਕਦੇ ਝੂਠ ਬੋਲਣਾ ਸੌਖਾ ਲੱਗੇ। ਪਰ ਮਸੀਹੀਆਂ ਨੂੰ ਯਿਸੂ ਦੀ ਰੀਸ ਕਰਨੀ ਚਾਹੀਦੀ ਹੈ ਅਤੇ ਖ਼ਾਸ ਤੌਰ ਤੇ ਔਖਿਆਂ ਸਮਿਆਂ ਵਿਚ ਆਪਣੀ ਜ਼ਮੀਰ ਦੇ ਅਨੁਸਾਰ ਫ਼ੈਸਲੇ ਕਰਨੇ ਚਾਹੀਦੇ ਹਨ, ਜੋ ਬਾਈਬਲ ਦੁਆਰਾ ਸਿਖਾਈ ਗਈ ਹੈ।​—ਇਬਰਾਨੀਆਂ 5:14.

ਬਾਈਬਲ ਸਾਨੂੰ ਸੱਚ ਬੋਲਣ ਅਤੇ ਈਮਾਨਦਾਰ ਬਣਨ ਲਈ ਪ੍ਰੇਰਿਤ ਕਰਦੀ ਹੈ। ਝੂਠ ਬੋਲਣਾ ਗ਼ਲਤ ਹੈ, ਅਤੇ ਸਾਨੂੰ ਬਾਈਬਲ ਦੀ ਸਲਾਹ ਉੱਤੇ ਚੱਲਣਾ ਚਾਹੀਦਾ ਹੈ ਕਿ “ਹਰੇਕ ਆਪਣੇ ਗੁਆਂਢੀ ਨਾਲ ਸੱਚ ਬੋਲੋ।” (ਅਫ਼ਸੀਆਂ 4:25) ਇਸ ਤਰ੍ਹਾਂ ਕਰਨ ਨਾਲ ਸਾਡੀ ਜ਼ਮੀਰ ਸ਼ੁੱਧ ਹੋਵੇਗੀ ਅਤੇ ਅਸੀਂ ਕਲੀਸਿਯਾ ਵਿਚ ਸ਼ਾਂਤੀ ਅਤੇ ਪਿਆਰ ਵਧਾਵਾਂਗੇ। ਇਸ ਦੇ ਨਾਲ-ਨਾਲ ਅਸੀਂ “ਸਚਿਆਈ ਦੇ ਪਰਮੇਸ਼ੁਰ” ਦੀ ਹਮੇਸ਼ਾ ਲਈ ਵਡਿਆਈ ਵੀ ਕਰ ਸਕਾਂਗੇ।​—ਜ਼ਬੂਰ 31:5; ਇਬਰਾਨੀਆਂ 13:18.

[ਸਫ਼ਾ 28 ਉੱਤੇ ਤਸਵੀਰ]

ਹਨਾਨਿਯਾ ਅਤੇ ਸਫ਼ੀਰਾ ਝੂਠ ਬੋਲ ਕੇ ਆਪਣੀ ਜਾਨ ਗੁਆ ਬੈਠੇ