Skip to content

Skip to table of contents

ਕੀ ਮੈਨੂੰ ਵਿਦੇਸ਼ ਜਾ ਕੇ ਰਹਿਣਾ ਚਾਹੀਦਾ ਹੈ?

ਕੀ ਮੈਨੂੰ ਵਿਦੇਸ਼ ਜਾ ਕੇ ਰਹਿਣਾ ਚਾਹੀਦਾ ਹੈ?

ਨੌਜਵਾਨ ਪੁੱਛਦੇ ਹਨ . . .

ਕੀ ਮੈਨੂੰ ਵਿਦੇਸ਼ ਜਾ ਕੇ ਰਹਿਣਾ ਚਾਹੀਦਾ ਹੈ?

“ਮੈਂ ਹੋਰ ਕਿਤੇ ਰਹਿਣਾ ਚਾਹੁੰਦਾ ਸੀ।”​—ਸੈਮ।

“ਮੈਂ ਕੁਝ ਨਵੀਆਂ ਚੀਜ਼ਾਂ ਦੇਖਣ ਲਈ ਉਤਸੁਕ ਸੀ।”​—ਮੈਰਨ।

“ਮੇਰੇ ਇਕ ਦੋਸਤ ਨੇ ਮੈਨੂੰ ਇਹ ਸਲਾਹ ਦਿੱਤੀ ਕਿ ਕੁਝ ਸਮੇਂ ਲਈ ਘਰ ਛੱਡ ਕੇ ਜਾਣਾ ਮੇਰੇ ਵਾਸਤੇ ਚੰਗਾ ਹੋਵੇਗਾ।​—ਆਂਡ੍ਰੈਅਸ।

“ਮੈਂ ਦਿਲਚਸਪ ਦੌਰਾ ਕਰਨ ਲਈ ਬੇਚੈਨ ਸੀ।​—ਹੇਗਨ।

ਕੀ ਤੁਸੀਂ ਵਿਦੇਸ਼ ਰਹਿਣ ਦੇ ਕਦੇ ਸੁਪਨੇ ਦੇਖੇ ਹਨ? ਲੰਬੇ ਸਮੇਂ ਦੀ ਬਜਾਇ, ਤੁਸੀਂ ਸ਼ਾਇਦ ਥੋੜ੍ਹੇ ਹੀ ਸਮੇਂ ਲਈ ਵਿਦੇਸ਼ ਜਾਣ ਬਾਰੇ ਸੋਚਿਆ ਹੋਵੇ। ਹਰ ਸਾਲ ਹਜ਼ਾਰਾਂ ਹੀ ਨੌਜਵਾਨਾਂ ਨੂੰ ਇਸ ਤਰ੍ਹਾਂ ਵਿਦੇਸ਼ ਜਾਣ ਦਾ ਮੌਕਾ ਮਿਲਦਾ ਹੈ। ਆਂਡ੍ਰੈਅਸ ਵਿਦੇਸ਼ ਜਾਣ ਬਾਰੇ ਕਹਿੰਦਾ ਹੈ ਕਿ “ਮੇਰਾ ਦੁਬਾਰਾ ਜਾਣ ਨੂੰ ਬਹੁਤ ਜੀਅ ਕਰਦਾ ਹੈ।”

ਕੁਝ ਨੌਜਵਾਨ ਥੋੜ੍ਹੇ ਸਮੇਂ ਲਈ ਵਿਦੇਸ਼ ਜਾ ਕੇ ਪੈਸੇ ਕਮਾਉਣ ਜਾਂ ਉਸ ਦੇਸ਼ ਦੀ ਬੋਲੀ ਸਿੱਖਣ ਜਾਂਦੇ ਹਨ। ਮਿਸਾਲ ਲਈ, ਕਈਆਂ ਦੇਸ਼ਾਂ ਵਿਚ ਨੌਜਵਾਨਾਂ ਵਾਸਤੇ ਅਜਿਹੇ ਪ੍ਰਬੰਧ ਬਣਾਏ ਗਏ ਹਨ ਜਿਸ ਨਾਲ ਉਹ ਵਿਦੇਸ਼ ਜਾ ਕੇ ਕਿਸੇ ਪਰਿਵਾਰ ਨਾਲ ਕੁਝ ਸਮੇਂ ਲਈ ਰਹਿ ਸਕਦੇ ਹਨ। ਉਨ੍ਹਾਂ ਨੂੰ ਰਹਿਣ ਲਈ ਕਮਰਾ ਅਤੇ ਰੋਟੀ ਦਿੱਤੀ ਜਾਂਦੀ ਹੈ, ਜਿਸ ਬਦਲੇ ਉਹ ਉਸ ਪਰਿਵਾਰ ਦੇ ਘਰ-ਬਾਰ ਦੀ ਦੇਖ-ਭਾਲ ਕਰਦੇ ਹਨ ਅਤੇ ਉਨ੍ਹਾਂ ਨੂੰ ਆਪਣੇ ਵਿਹਲੇ ਸਮੇਂ ਵਿਚ ਉਸ ਦੇਸ਼ ਦੀ ਬੋਲੀ ਸਿੱਖਣ ਦਾ ਮੌਕਾ ਵੀ ਮਿਲਦਾ ਹੈ। ਕਈ ਨੌਜਵਾਨ ਪੜ੍ਹਾਈ ਕਰਨ ਵਾਸਤੇ ਵਿਦੇਸ਼ ਜਾਂਦੇ ਹਨ। ਦੂਸਰੇ ਆਪਣੇ ਪਰਿਵਾਰ ਨੂੰ ਸਹਾਰਾ ਦੇਣ ਵਾਸਤੇ ਕੰਮ ਦੀ ਤਲਾਸ਼ ਵਿਚ ਜਾਂਦੇ ਹਨ। ਲੇਕਿਨ ਕੁਝ ਨੌਜਵਾਨ, ਜਿਨ੍ਹਾਂ ਨੇ ਸਕੂਲ ਛੱਡਣ ਤੋਂ ਬਾਅਦ ਕੁਝ ਕਰਨ ਦਾ ਹਾਲੇ ਫ਼ੈਸਲਾ ਨਹੀਂ ਕੀਤਾ ਹੁੰਦਾ, ਸਿਰਫ਼ ਛੁੱਟੀਆਂ ਮਨਾਉਣ ਵਾਸਤੇ ਵਿਦੇਸ਼ ਜਾਂਦੇ ਹਨ।

ਦਿਲਚਸਪੀ ਦੀ ਗੱਲ ਹੈ ਕਿ ਕੁਝ ਮਸੀਹੀ ਨੌਜਵਾਨ ਪ੍ਰਚਾਰ ਦੇ ਕੰਮ ਵਿਚ ਵੱਡਾ ਹਿੱਸਾ ਲੈਣ ਵਾਸਤੇ ਉਨ੍ਹਾਂ ਦੇਸ਼ਾਂ ਨੂੰ ਗਏ ਹਨ ਜਿੱਥੇ ਥੋੜ੍ਹੇ ਪ੍ਰਚਾਰਕ ਹਨ। ਵਿਦੇਸ਼ ਜਾਣ ਦੇ ਤੁਹਾਡੇ ਜੋ ਵੀ ਕਾਰਨ ਹੋਣ ਇਸ ਦੇ ਨਤੀਜੇ ਚੰਗੇ ਹੋ ਸਕਦੇ ਹਨ। ਵਿਦੇਸ਼ ਵਿਚ ਰਹਿਣ ਨਾਲ ਜ਼ਿੰਮੇਵਾਰੀ ਸਿੱਖੀ ਜਾ ਸਕਦੀ ਹੈ ਅਤੇ ਦੂਸਰਿਆਂ ਦੀ ਰਹਿਣੀ-ਬਹਿਣੀ ਬਾਰੇ ਜ਼ਿਆਦਾ ਜਾਣਕਾਰੀ ਮਿਲ ਸਕਦੀ ਹੈ। ਤੁਸੀਂ ਸ਼ਾਇਦ ਹੋਰ ਭਾਸ਼ਾ ਸਿੱਖਣ ਵਿਚ ਵੀ ਕਾਮਯਾਬ ਹੋ ਸਕੋ। ਇਸ ਨਾਲ ਤੁਹਾਨੂੰ ਸ਼ਾਇਦ ਚੰਗੀ ਨੌਕਰੀ ਮਿਲਣ ਵਿਚ ਵੀ ਮਦਦ ਮਿਲੇ।

ਫਿਰ ਵੀ ਵਿਦੇਸ਼ ਜਾਣ ਨਾਲ ਮੁਸ਼ਕਲਾਂ ਵੀ ਆ ਸਕਦੀਆਂ ਹਨ। ਮਿਸਾਲ ਲਈ, ਸੁਜ਼ਨ ਨੇ ਪੜ੍ਹਾਈ ਕਰਨ ਵਾਸਤੇ ਇਕ ਸਾਲ ਵਿਦੇਸ਼ ਗੁਜ਼ਾਰਿਆ ਸੀ। ਉਹ ਦੱਸਦੀ ਹੈ ਕਿ “ਮੈਨੂੰ ਪੂਰਾ ਯਕੀਨ ਸੀ ਕਿ ਵਿਦੇਸ਼ ਜਾਣ ਦਾ ਸਾਰਾ ਪ੍ਰੋਗ੍ਰਾਮ ਕਾਮਯਾਬ ਹੋਵੇਗਾ। ਲੇਕਿਨ ਇਸ ਤਰ੍ਹਾਂ ਨਹੀਂ ਹੋਇਆ।” ਕਈ ਨੌਜਵਾਨ ਲੁੱਟੇ ਗਏ ਹਨ ਜਾਂ ਉਨ੍ਹਾਂ ਨੂੰ ਖ਼ਤਰਿਆਂ ਦਾ ਸਾਮ੍ਹਣਾ ਕਰਨਾ ਪਿਆ ਹੈ। ਇਸ ਲਈ ਕਾਹਲੀ ਕਰਨ ਦੀ ਬਜਾਇ, ਵਿਦੇਸ਼ ਜਾਣ ਦੇ ਫ਼ਾਇਦਿਆਂ ਅਤੇ ਖ਼ਤਰਿਆਂ ਬਾਰੇ ਸੋਚ ਕੇ ਤੁਹਾਨੂੰ ਫ਼ੈਸਲਾ ਕਰਨਾ ਚਾਹੀਦਾ ਹੈ। ਇਸ ਵਿਚ ਤੁਹਾਡਾ ਭਲਾ ਹੋਵੇਗਾ।

ਤੁਸੀਂ ਵਿਦੇਸ਼ ਕਿਉਂ ਜਾਣਾ ਚਾਹੁੰਦੇ ਹੋ?

ਤੁਹਾਨੂੰ ਵਿਦੇਸ਼ ਜਾਣ ਦੇ ਫ਼ਾਇਦਿਆਂ ਅਤੇ ਖ਼ਤਰਿਆਂ ਬਾਰੇ ਸੋਚਦੇ ਹੋਏ ਆਪਣੇ ਇਰਾਦਿਆਂ ਨੂੰ ਪਰਖਣਾ ਚਾਹੀਦਾ ਹੈ। ਰੂਹਾਨੀ ਕਾਰਨਾਂ ਵਾਸਤੇ ਜਾਂ ਪਰਿਵਾਰਕ ਜ਼ਿੰਮੇਵਾਰੀਆਂ ਪੂਰੀਆਂ ਕਰਨ ਵਾਸਤੇ ਜਾਣਾ ਤਾਂ ਇਕ ਗੱਲ ਹੈ। ਪਰ ਇਸ ਲੇਖ ਦੇ ਸ਼ੁਰੂ ਵਿਚ ਜ਼ਿਕਰ ਕੀਤੇ ਗਏ ਨੌਜਵਾਨਾਂ ਵਾਂਗ, ਕਈ ਤਾਂ ਸਿਰਫ਼ ਇਕ ਦਿਲਚਸਪ ਦੌਰਾ ਕਰਨ, ਆਜ਼ਾਦੀ ਲਈ, ਜਾਂ ਛੁੱਟੀਆਂ ਮਨਾਉਣ ਵਾਸਤੇ ਵਿਦੇਸ਼ ਜਾਂਦੇ ਹਨ। ਇਸ ਤਰ੍ਹਾਂ ਕਰਨਾ ਗ਼ਲਤ ਨਹੀਂ ਹੈ। ਆਖ਼ਰਕਾਰ, ਉਪਦੇਸ਼ਕ ਦੀ ਪੋਥੀ 11:9 ਨੌਜਵਾਨਾਂ ਨੂੰ ਇਹ ਕਹਿੰਦੀ ਹੈ ਕਿ ‘ਆਪਣੀ ਜੁਆਨੀ ਵਿੱਚ ਮੌਜ ਕਰੋ।’ ਲੇਕਿਨ 10ਵੀਂ ਆਇਤ ਇਹ ਚੇਤਾਵਨੀ ਦਿੰਦੀ ਹੈ: “ਚਿੰਤਾ ਨੂੰ ਆਪਣੇ ਮਨ ਤੋਂ ਦੂਰ ਕਰ, ਅਤੇ ਬੁਰਿਆਈ ਆਪਣੇ ਸਰੀਰ ਤੋਂ ਕੱਢ ਸੁੱਟ।”

ਜੇਕਰ ਤੁਸੀਂ ਆਪਣੇ ਮਾਪਿਆਂ ਦੀਆਂ ਪਾਬੰਦੀਆਂ ਤੋਂ ਆਜ਼ਾਦ ਹੋਣ ਲਈ ਵਿਦੇਸ਼ ਜਾਣਾ ਚਾਹੁੰਦੇ ਹੋ, ਤਾਂ ਹੋ ਸਕਦਾ ਹੈ ਕਿ ਤੁਸੀਂ ਆਪਣੇ ਆਪ ਨੂੰ ਖ਼ਤਰੇ ਵਿਚ ਪਾਓ। ਕੀ ਤੁਹਾਨੂੰ ਉਜਾੜੂ ਪੁੱਤਰ ਬਾਰੇ ਯਿਸੂ ਦਾ ਦ੍ਰਿਸ਼ਟਾਂਤ ਯਾਦ ਹੈ? ਉਸ ਵਿਚ ਇਕ ਗੱਭਰੂ ਸੀ ਜੋ ਆਜ਼ਾਦੀ ਪਾਉਣ ਲਈ ਖ਼ੁਦਗਰਜ਼ੀ ਨਾਲ ਵਿਦੇਸ਼ ਚੱਲਾ ਗਿਆ। ਲੇਕਿਨ ਥੋੜ੍ਹੇ ਹੀ ਸਮੇਂ ਬਾਅਦ ਉਹ ਬਰਬਾਦ ਹੋ ਗਿਆ। ਉਹ ਇਕ ਭੁੱਖਾ-ਪਿਆਸਾ ਕੰਗਾਲ ਬਣ ਗਿਆ ਅਤੇ ਉਸ ਨੂੰ ਰੂਹਾਨੀ ਤੌਰ ਤੇ ਵੀ ਮਦਦ ਦੀ ਜ਼ਰੂਰਤ ਸੀ।​—ਲੂਕਾ 15:11-16.

ਫਿਰ ਉਹ ਵੀ ਨੌਜਵਾਨ ਹਨ ਜੋ ਘਰੇਲੂ ਮੁਸ਼ਕਲਾਂ ਤੋਂ ਛੁਟਕਾਰਾ ਪਾਉਣ ਲਈ ਵਿਦੇਸ਼ ਜਾਣਾ ਚਾਹੁੰਦੇ ਹਨ। ਪਰ ਹਾਇਕੀ ਬੇਰਗ ਨਾਂ ਦੀ ਤੀਵੀਂ ਨੇ ਆਪਣੀ ਕਿਤਾਬ ਕੀ ਹੋ ਰਿਹਾ ਹੈ (ਜਰਮਨ) ਵਿਚ ਲਿਖਿਆ: “ਜੇਕਰ ਤੁਸੀਂ ਹੋਰ ਕੀਤੇ ਸਿਰਫ਼ ਇਸ ਲਈ ਜਾਣਾ ਚਾਹੁੰਦੇ ਹੋ ਕਿਉਂਕਿ ਤੁਸੀਂ ਖ਼ੁਸ਼ ਨਹੀਂ . . . ਅਤੇ ਤੁਸੀਂ ਸੋਚਦੇ ਹੋ ਕਿ ਉੱਥੇ ਜਾ ਕੇ ਸਭ ਕੁਝ ਠੀਕ ਹੋ ਜਾਵੇਗਾ, ਤਾਂ ਇਹ ਤੁਹਾਡੀ ਵੱਡੀ ਗ਼ਲਤਫ਼ਹਿਮੀ ਹੈ!” ਸਾਡੇ ਹੱਥ ਕੁਝ ਨਹੀਂ ਲੱਗਦਾ ਜਦੋਂ ਅਸੀਂ ਉਨ੍ਹਾਂ ਹਾਲਤਾਂ ਤੋਂ ਭੱਜਣ ਦੀ ਕੋਸ਼ਿਸ਼ ਕਰਦੇ ਹਾਂ ਜੋ ਸਾਨੂੰ ਪਸੰਦ ਨਹੀਂ। ਅਸਲ ਵਿਚ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਬਿਹਤਰ ਹੈ।

ਨਵੀਆਂ-ਨਵੀਆਂ ਚੀਜ਼ਾਂ ਇਕੱਠੀਆਂ ਕਰਨ ਦਾ ਲਾਲਚ ਵੀ ਖ਼ਤਰਾ ਪੇਸ਼ ਕਰ ਸਕਦਾ ਹੈ। ਅਮੀਰ ਬਣਨ ਦੇ ਇਰਾਦੇ ਨਾਲ ਕਈਆਂ ਨੌਜਵਾਨਾਂ ਨੇ ਪਰਦੇਸ ਜਾਣ ਦੇ ਵੱਡੇ-ਵੱਡੇ ਸੁਪਨੇ ਦੇਖੇ ਹਨ। ਅਜਿਹੇ ਸੁਪਨੇ ਕਦੇ ਸੱਚ ਨਹੀਂ ਹੁੰਦੇ। ਕਈ ਇਹ ਸੋਚਦੇ ਹਨ ਕਿ ਪੱਛਮ ਵਿਚ ਰਹਿਣ ਵਾਲਾ ਹਰ ਆਦਮੀ ਅਮੀਰ ਹੈ। ਪਰ ਇਹ ਬਿਲਕੁਲ ਝੂਠ ਹੈ। ਵਿਦੇਸ਼ ਜਾਣ ਤੋਂ ਬਾਅਦ ਕਈਆਂ ਨੌਜਵਾਨਾਂ ਨੇ ਗ਼ਰੀਬੀ ਦਾ ਸਾਮ੍ਹਣਾ ਕੀਤਾ ਹੈ। * ਬਾਈਬਲ ਚੇਤਾਵਨੀ ਦਿੰਦੀ ਹੈ ਕਿ “ਮਾਇਆ ਦਾ ਲੋਭ ਹਰ ਪਰਕਾਰ ਦੀਆਂ ਬੁਰਿਆਈਆਂ ਦੀ ਜੜ੍ਹ ਹੈ ਅਤੇ ਕਈ ਲੋਕ ਉਹ ਨੂੰ ਲੋਚਦਿਆਂ ਨਿਹਚਾ ਦੇ ਰਾਹੋਂ ਘੁੱਥ ਗਏ ਅਤੇ ਆਪਣੇ ਆਪ ਨੂੰ ਅਨੇਕ ਗਮਾਂ ਦਿਆਂ ਤੀਰਾਂ ਨਾਲ ਵਿੰਨ੍ਹਿਆ ਹੈ।”​—1 ਤਿਮੋਥਿਉਸ 6:10.

ਕੀ ਤੁਸੀਂ ਵਿਦੇਸ਼ ਜਾਣ ਲਈ ਤਿਆਰ ਹੋ?

ਤੁਹਾਨੂੰ ਇਕ ਹੋਰ ਗੱਲ ਉੱਤੇ ਵਿਚਾਰ ਕਰਨਾ ਚਾਹੀਦਾ ਹੈ: ਕੀ ਤੁਸੀਂ ਵਿਦੇਸ਼ ਵਿਚ ਜੋ ਮੁਸੀਬਤਾਂ, ਮੁਸ਼ਕਲਾਂ, ਅਤੇ ਤੰਗੀਆਂ ਆਉਣਗੀਆਂ, ਉਨ੍ਹਾਂ ਦਾ ਸਹੀ ਤਰ੍ਹਾਂ ਸਾਮ੍ਹਣਾ ਕਰ ਸਕੋਗੇ? ਹੋ ਸਕਦਾ ਹੈ ਕਿ ਤੁਹਾਨੂੰ ਕਿਸੇ ਨਾਲ ਇਕ ਕਮਰੇ ਵਿਚ ਰਹਿਣਾ ਪਵੇ ਜਾਂ ਕਿਸੇ ਹੋਰ ਪਰਿਵਾਰ ਨਾਲ ਰਹਿਣਾ ਪਵੇ ਅਤੇ ਉਨ੍ਹਾਂ ਦੀ ਰਹਿਣੀ-ਬਹਿਣੀ ਸਿੱਖਣੀ ਪਵੇ। ਤਾਂ ਫਿਰ, ਜ਼ਰਾ ਸੋਚੋ: ਆਪਣੇ ਪਰਿਵਾਰ ਦੇ ਜੀਆਂ ਨਾਲ ਤੁਹਾਡੀ ਹੁਣ ਕਿਹੋ ਜਿਹੀ ਬਣਦੀ ਹੈ? ਕੀ ਤੁਹਾਡੇ ਮਾਪੇ ਤੁਹਾਨੂੰ ਲਾਪਰਵਾਹ ਅਤੇ ਖ਼ੁਦਗਰਜ਼ ਸਮਝਦੇ ਹਨ? ਕੀ ਖਾਣ-ਪੀਣ ਦੇ ਮਾਮਲੇ ਵਿਚ ਤੁਹਾਡੀ ਨਖਰੇ ਕਰਨ ਦੀ ਆਦਤ ਹੈ? ਤੁਸੀਂ ਘਰ ਦੇ ਕੰਮ ਵਿਚ ਕਿੰਨਾ ਕੁ ਹੱਥ ਵਟਾਉਂਦੇ ਹੋ? ਜੇਕਰ ਇਹ ਗੱਲਾਂ ਤੁਹਾਨੂੰ ਹੁਣ ਔਖੀਆਂ ਲੱਗਦੀਆਂ ਹਨ, ਵਿਦੇਸ਼ ਜਾ ਕੇ ਤੁਸੀਂ ਕੀ ਕਰੋਗੇ? ਉੱਥੇ ਰਹਿਣਾ ਤਾਂ ਇਸ ਨਾਲੋਂ ਵੀ ਔਖਾ ਹੋਵੇਗਾ!

ਇਕ ਮਸੀਹੀ ਵਜੋਂ, ਕੀ ਤੁਸੀਂ ਰੂਹਾਨੀ ਤੌਰ ਤੇ ਆਪਣੀ ਦੇਖ-ਭਾਲ ਖ਼ੁਦ ਕਰ ਸਕਦੇ ਹੋ? ਜਾਂ ਕੀ ਤੁਹਾਡੇ ਮਾਪਿਆਂ ਨੂੰ ਹਰ ਵੇਲੇ ਤੁਹਾਨੂੰ ਯਾਦ ਕਰਵਾਉਣਾ ਪੈਂਦਾ ਹੈ ਕਿ ਤੁਸੀਂ ਬਾਈਬਲ ਦੀ ਪੜ੍ਹਾਈ ਕਰੋ, ਮਸੀਹੀ ਮੀਟਿੰਗਾਂ ਵਿਚ ਜਾਓ, ਅਤੇ ਪ੍ਰਚਾਰ ਦੇ ਕੰਮ ਵਿਚ ਹਿੱਸਾ ਲਓ? ਜਿਨ੍ਹਾਂ ਦਬਾਵਾਂ ਦਾ ਤੁਹਾਨੂੰ ਆਪਣੇ ਦੇਸ਼ ਵਿਚ ਸਾਮ੍ਹਣਾ ਨਹੀਂ ਕਰਨਾ ਪੈਂਦਾ, ਕੀ ਤੁਸੀਂ ਉਨ੍ਹਾਂ ਦਾ ਵਿਦੇਸ਼ ਜਾ ਕੇ ਸਾਮ੍ਹਣਾ ਕਰਨ ਲਈ ਤਿਆਰ ਹੋ? ਪੜ੍ਹਾਈ ਕਰਨ ਵਾਸਤੇ ਵਿਦੇਸ਼ ਗਏ ਇਕ ਮਸੀਹੀ ਨੌਜਵਾਨ ਨੂੰ ਸਕੂਲ ਦੇ ਪਹਿਲੇ ਦਿਨ ਤੇ ਦੱਸਿਆ ਗਿਆ ਕਿ ਉਸ ਨੂੰ ਡ੍ਰੱਗਜ਼ ਕਿੱਥੋਂ ਮਿਲ ਸਕਦੇ ਹਨ। ਬਾਅਦ ਵਿਚ ਇਕ ਕੁੜੀ ਨੇ ਉਸ ਨਾਲ ਦੋਸਤੀ ਕਰਨੀ ਚਾਹੀ। ਉਸ ਦੇ ਆਪਣੇ ਦੇਸ਼ ਵਿਚ ਕੁੜੀਆਂ ਕਦੇ ਨਹੀਂ ਇੰਨੀ ਖੁੱਲ੍ਹ ਨਾਲ ਗੱਲਬਾਤ ਕਰਦੀਆਂ ਸਨ। ਯੂਰਪ ਵਿਚ ਰਹਿੰਦੇ ਇਕ ਅਫ਼ਰੀਕੀ ਗੱਭਰੂ ਨੇ ਕਿਹਾ: “ਮੇਰੇ ਦੇਸ਼ ਵਿਚ ਤੁਸੀਂ ਸੜਕਾਂ ਤੇ ਚੱਲਦੇ ਹੋਏ ਕਦੇ ਨਹੀਂ ਗੰਦੀਆਂ ਤਸਵੀਰਾਂ ਦੇਖੋਗੇ। ਪਰ ਇੱਥੇ ਤਾਂ ਇਹ ਹਰ ਜਗ੍ਹਾ ਲੱਗੀਆਂ ਹੋਈਆਂ ਹਨ।” ਇਸ ਲਈ ਜੇਕਰ ਤੁਸੀਂ “ਨਿਹਚਾ ਵਿੱਚ ਤਕੜੇ” ਨਹੀਂ ਹੋ ਤਾਂ ਵਿਦੇਸ਼ ਜਾ ਕੇ ਤੁਸੀਂ ਰੂਹਾਨੀ ਤੌਰ ਤੇ ਡੁੱਬ ਸਕਦੇ ਹੋ।​—1 ਪਤਰਸ 5:9.

ਪੂਰੀ ਜਾਣਕਾਰੀ ਹਾਸਲ ਕਰੋ!

ਦੂਸਰਿਆਂ ਤੋਂ ਸੁਣੀ ਹੋਈ ਗੱਲ ਉੱਤੇ ਵਿਸ਼ਵਾਸ ਕਰ ਕੇ ਵਿਦੇਸ਼ ਨਾ ਜਾਓ। ਜਾਣ ਤੋਂ ਪਹਿਲਾਂ ਤੁਹਾਨੂੰ ਖ਼ੁਦ ਉਸ ਜਗ੍ਹਾ ਬਾਰੇ ਪੂਰੀ ਜਾਣਕਾਰੀ ਹਾਸਲ ਕਰਨ ਦੀ ਲੋੜ ਹੈ। ਮਿਸਾਲ ਲਈ, ਜੇਕਰ ਤੁਸੀਂ ਪੜ੍ਹਾਈ ਕਰਨ ਵਾਸਤੇ ਵਿਦੇਸ਼ ਜਾਣਾ ਚਾਹੁੰਦੇ ਹੋ, ਤਾਂ ਤੁਹਾਡਾ ਕਿੰਨਾ ਖ਼ਰਚਾ ਹੋਵੇਗਾ? ਤੁਸੀਂ ਸ਼ਾਇਦ ਹੈਰਾਨ ਹੋਵੋਗੇ ਕਿ ਅਕਸਰ ਪਰਦੇਸ ਜਾ ਕੇ ਪੜ੍ਹਨ ਲਈ ਹਜ਼ਾਰਾਂ ਹੀ ਡਾਲਰ ਲੱਗਦੇ ਹਨ। ਤੁਹਾਨੂੰ ਇਹ ਵੀ ਪਤਾ ਕਰਨਾ ਪਵੇਗਾ ਕਿ ਵਿਦੇਸ਼ ਵਿਚ ਕੀਤੀ ਗਈ ਪੜ੍ਹਾਈ ਤੁਹਾਡੇ ਦੇਸ਼ ਵਿਚ ਸਵੀਕਾਰ ਕੀਤੀ ਜਾਵੇਗੀ ਕਿ ਨਹੀਂ। ਉਸ ਦੇਸ਼ ਦੇ ਕਾਨੂੰਨਾਂ, ਸਭਿਆਚਾਰ, ਅਤੇ ਰੀਤਾਂ-ਰਿਵਾਜਾਂ ਬਾਰੇ ਜਿੰਨੀ ਜਾਣਕਾਰੀ ਤੁਸੀਂ ਹਾਸਲ ਕਰ ਸਕਦੇ ਹੋ ਕਰੋ। ਉੱਥੇ ਰਹਿਣ ਲਈ ਕਿੰਨੇ ਕੁ ਪੈਸੇ ਲੱਗਣਗੇ? ਤੁਹਾਨੂੰ ਕਿਹੜੇ-ਕਿਹੜੇ ਟੈਕਸ ਭਰਨੇ ਪੈਣਗੇ? ਕੀ ਉੱਥੇ ਰਹਿਣ ਨਾਲ ਤੁਹਾਡੀ ਸਿਹਤ ਨੂੰ ਕੋਈ ਖ਼ਤਰਾ ਹੋ ਸਕਦਾ ਹੈ? ਉਨ੍ਹਾਂ ਲੋਕਾਂ ਨਾਲ ਗੱਲ ਕਰਨ ਵਿਚ ਸ਼ਾਇਦ ਤੁਹਾਡੀ ਮਦਦ ਹੋਵੇ ਜੋ ਵਿਦੇਸ਼ ਰਹਿ ਚੁੱਕੇ ਹਨ।

ਤੁਹਾਨੂੰ ਇਹ ਵੀ ਸੋਚਣਾ ਪਵੇਗਾ ਕਿ ਤੁਸੀਂ ਕਿੱਥੇ ਰਹੋਗੇ। ਜੇਕਰ ਤੁਸੀਂ ਪੜ੍ਹਾਈ ਕਰਨ ਵਿਦੇਸ਼ ਜਾ ਕੇ ਇਕ ਪਰਿਵਾਰ ਨਾਲ ਰਹੋਗੇ ਜਿਨ੍ਹਾਂ ਦਾ ਬੱਚਾ ਤੁਹਾਡੇ ਦੇਸ਼ ਜਾ ਕੇ ਤੁਹਾਡੇ ਪਰਿਵਾਰ ਨਾਲ ਰਹੇਗਾ, ਤਾਂ ਉਹ ਆਮ ਤੌਰ ਤੇ ਤੁਹਾਡੇ ਤੋਂ ਖ਼ਰਚਾ ਨਹੀਂ ਮੰਗਣਗੇ। ਪਰ ਉਨ੍ਹਾਂ ਲੋਕਾਂ ਨਾਲ ਰਹਿਣਾ, ਜੋ ਬਾਈਬਲ ਸਿਧਾਂਤਾਂ ਅਨੁਸਾਰ ਨਹੀਂ ਚੱਲਦੇ, ਤੁਹਾਡੇ ਉੱਤੇ ਬਹੁਤ ਦਬਾਅ ਅਤੇ ਬੋਝ ਪਾ ਸਕਦਾ ਹੈ। ਇਸ ਦੀ ਬਜਾਇ ਤੁਸੀਂ ਸ਼ਾਇਦ ਆਪਣੇ ਦੋਸਤਾਂ ਜਾਂ ਰਿਸ਼ਤੇਦਾਰਾਂ ਨਾਲ ਰਹਿਣ ਦਾ ਫ਼ੈਸਲਾ ਕਰੋ। ਪਰ ਧਿਆਨ ਰੱਖੋ ਕਿ ਤੁਸੀਂ ਉਨ੍ਹਾਂ ਲਈ ਬੋਝ ਨਾ ਬਣ ਜਾਓ, ਭਾਵੇਂ ਉਹ ਤੁਹਾਡੇ ਉੱਤੇ ਰਹਿਣ ਲਈ ਜ਼ੋਰ ਪਾਉਣ। ਨਹੀਂ ਤਾਂ ਉਨ੍ਹਾਂ ਨਾਲ ਤੁਹਾਡਾ ਰਿਸ਼ਤਾ ਵਿਗੜ ਜਾਂ ਟੁੱਟ ਵੀ ਸਕਦਾ ਹੈ।​—ਕਹਾਉਤਾਂ 25:17.

ਜੇਕਰ ਤੁਸੀਂ ਪੈਸੇ ਕਮਾਉਣ ਲਈ ਵਿਦੇਸ਼ ਜਾਣਾ ਚਾਹੁੰਦੇ ਹੋ, ਤਾਂ ਸਰਕਾਰੀ ਅਧਿਕਾਰੀਆਂ ਦੇ ਅਧੀਨ ਰਹਿਣ ਦੀ ਆਪਣੀ ਮਸੀਹੀ ਜ਼ਿੰਮੇਵਾਰੀ ਨੂੰ ਨਾ ਭੁੱਲੋ। (ਰੋਮੀਆਂ 13:1-7) ਕੀ ਉਸ ਦੇਸ਼ ਦੇ ਕਾਨੂੰਨ ਤੁਹਾਨੂੰ ਕੰਮ ਕਰਨ ਦੀ ਇਜਾਜ਼ਤ ਦੇਣਗੇ? ਜੇਕਰ ਦੇਣਗੇ, ਤਾਂ ਉਸ ਦੀਆਂ ਸ਼ਰਤਾਂ ਕੀ ਹਨ? ਚੋਰੀ ਕੰਮ ਕਰਨ ਨਾਲ ਤੁਸੀਂ ਇਕ ਮਸੀਹੀ ਵਜੋਂ ਈਮਾਨਦਾਰ ਹੋਣ ਦੀ ਬਜਾਇ ਬੇਈਮਾਨ ਬਣ ਸਕਦੇ ਹੋ। ਇਹ ਵੀ ਹੋ ਸਕਦਾ ਹੈ ਕਿ ਤੁਹਾਨੂੰ ਕਿਸੇ ਹਾਦਸੇ ਤੋਂ ਬਾਅਦ ਬੀਮੇ ਦੀ ਰਕਮ ਵਰਗੀ ਹੋਰ ਵੀ ਕੋਈ ਜ਼ਰੂਰੀ ਮਦਦ ਨਾ ਮਿਲੇ। ਭਾਵੇਂ ਦੇਸ਼ ਦੇ ਕਾਨੂੰਨ ਤੁਹਾਨੂੰ ਕੰਮ ਕਰਨ ਲਈ ਇਜਾਜ਼ਤ ਦੇਣ, ਤੁਹਾਨੂੰ ਫਿਰ ਵੀ ਹੁਸ਼ਿਆਰੀ ਅਤੇ ਸਮਝਦਾਰੀ ਨਾਲ ਕਦਮ ਚੁੱਕਣੇ ਚਾਹੀਦੇ ਹਨ। (ਕਹਾਉਤਾਂ 14:15) ਬੇਈਮਾਨ ਮਾਲਕ ਅਕਸਰ ਵਿਦੇਸ਼ੀ ਲੋਕਾਂ ਨੂੰ ਧੋਖਾ ਦੇ ਕੇ ਉਨ੍ਹਾਂ ਦਾ ਨਾਜਾਇਜ਼ ਫ਼ਾਇਦਾ ਉਠਾਉਂਦੇ ਹਨ।

ਸਮਝਦਾਰ ਫ਼ੈਸਲਾ ਕਰਨਾ

ਇਹ ਸੱਚ ਹੈ ਕਿ ਵਿਦੇਸ਼ ਜਾਣ ਦਾ ਫ਼ੈਸਲਾ ਬਹੁਤ ਵੱਡਾ ਹੁੰਦਾ ਹੈ, ਅਤੇ ਸੋਚ-ਸਮਝ ਕੇ ਕੀਤਾ ਜਾਣਾ ਚਾਹੀਦਾ ਹੈ। ਆਪਣੇ ਮਾਪਿਆਂ ਨਾਲ ਬੈਠ ਕੇ ਵਿਦੇਸ਼ ਜਾਣ ਬਾਰੇ ਗੱਲਬਾਤ ਕਰੋ ਕਿ ਤੁਸੀਂ ਉੱਥੇ ਕੀ-ਕੀ ਲਾਭ ਹਾਸਲ ਕਰਨਾ ਚਾਹੁੰਦੇ ਹੋ, ਅਤੇ ਤੁਹਾਡੇ ਸਾਮ੍ਹਣੇ ਕਿਹੜੇ ਖ਼ਤਰੇ ਆਉਣਗੇ। ਭਾਵੇਂ ਤੁਹਾਨੂੰ ਵਿਦੇਸ਼ ਜਾਣ ਦੀ ਬਹੁਤ ਚਾਹ ਹੋਵੇ, ਫਿਰ ਵੀ ਸੋਚ-ਸਮਝ ਕੇ ਕਦਮ ਚੁੱਕਿਓ। ਆਪਣੇ ਜਾਣ ਦੇ ਇਰਾਦਿਆਂ ਨੂੰ ਸਹੀ ਤਰ੍ਹਾਂ ਪਰਖੋ। ਆਪਣੇ ਮਾਪਿਆਂ ਦੀ ਗੱਲ ਧਿਆਨ ਨਾਲ ਸੁਣੋ। ਆਖ਼ਰਕਾਰ, ਭਾਵੇਂ ਤੁਸੀਂ ਹਜ਼ਾਰਾਂ ਹੀ ਮੀਲ ਦੂਰ ਹੋਵੋਗੇ, ਫਿਰ ਵੀ ਉਹ ਤੁਹਾਡੀ ਦੇਖ-ਭਾਲ ਕਰਨ ਲਈ ਆਪਣੇ ਆਪ ਨੂੰ ਜ਼ਿੰਮੇਵਾਰ ਸਮਝਣਗੇ। ਹੋ ਸਕਦਾ ਹੈ ਕਿ ਤੁਹਾਨੂੰ ਗੁਜ਼ਾਰਾ ਕਰਨ ਲਈ ਉਨ੍ਹਾਂ ਦੀ ਜ਼ਰੂਰਤ ਪਵੇ।

ਸਾਰੀਆਂ ਗੱਲਾਂ ਉੱਤੇ ਵਿਚਾਰ ਕਰਨ ਤੋਂ ਬਾਅਦ, ਹੋ ਸਕਦਾ ਹੈ ਕਿ ਤੁਹਾਡਾ ਵਿਦੇਸ਼ ਜਾਣਾ ਹਾਲੇ ਠੀਕ ਨਾ ਹੋਵੇ। ਨਿਰਾਸ਼ ਨਾ ਹੋਵੋ ਕਿਉਂਕਿ ਤੁਸੀਂ ਹੋਰ ਵੀ ਬਹੁਤ ਕੁਝ ਕਰ ਸਕਦੇ ਹੋ। ਮਿਸਾਲ ਲਈ, ਕੀ ਤੁਸੀਂ ਆਪਣੇ ਦੇਸ਼ ਵਿਚ ਸੋਹਣੇ-ਸੋਹਣੇ ਥਾਂਵਾਂ ਨੂੰ ਜਾਣ ਬਾਰੇ ਸੋਚਿਆ ਹੈ? ਜਾਂ ਵਿਦੇਸ਼ ਜਾਣ ਦੀ ਤਿਆਰੀ ਵਿਚ, ਕੀ ਤੁਸੀਂ ਹੋਰ ਭਾਸ਼ਾ ਸਿੱਖਣ ਬਾਰੇ ਸੋਚਿਆ ਹੈ? ਹੋ ਸਕਦਾ ਹੈ ਕਿ ਕੁਝ ਸਮੇਂ ਬਾਅਦ ਤੁਹਾਨੂੰ ਵਿਦੇਸ਼ ਜਾਣ ਦਾ ਮੌਕਾ ਮਿਲ ਜਾਵੇ।

ਪਰ ਜੇਕਰ ਤੁਸੀਂ ਜਾਣ ਦਾ ਫ਼ੈਸਲਾ ਕਰ ਚੁੱਕੇ ਹੋ, ਫਿਰ ਕੀ? ਅੰਗ੍ਰੇਜ਼ੀ ਵਿਚ ਇਸ ਰਸਾਲੇ ਦਾ ਇਕ ਅਗਲਾ ਲੇਖ ਤੁਹਾਨੂੰ ਸਮਝਾਏਗਾ ਕਿ ਤੁਸੀਂ ਵਿਦੇਸ਼ ਰਹਿਣ ਵਿਚ ਕਾਮਯਾਬ ਕਿਸ ਤਰ੍ਹਾਂ ਹੋ ਸਕਦੇ ਹੋ।

[ਫੁਟਨੋਟ]

^ ਪੈਰਾ 15 ਵਾਚਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਦੁਆਰਾ ਪ੍ਰਕਾਸ਼ਿਤ 1 ਅਪ੍ਰੈਲ 1991 ਦੇ ਪਹਿਰਾਬੁਰਜ (ਅੰਗ੍ਰੇਜ਼ੀ) ਦਾ ਲੇਖ, “ਅਮੀਰ ਦੇਸ਼ ਵਿਚ ਰਹਿਣ ਦਾ ਫ਼ੈਸਲਾ ਸੋਚ-ਸਮਝ ਕੇ ਕਰਨਾ,” ਦੇਖੋ।

[ਸਫ਼ਾ 20 ਉੱਤੇ ਤਸਵੀਰ]

ਕੁਝ ਨੌਜਵਾਨ ਰਾਜ ਦੇ ਪ੍ਰਚਾਰ ਵਿਚ ਵੱਡਾ ਹਿੱਸਾ ਲੈਣ ਲਈ ਵਿਦੇਸ਼ ਜਾਂਦੇ ਹਨ

[ਸਫ਼ਾ 21 ਉੱਤੇ ਤਸਵੀਰ]

ਆਪਣੇ ਮਾਪਿਆਂ ਨਾਲ ਵਿਦੇਸ਼ ਜਾਣ ਦੇ ਫ਼ਾਇਦਿਆਂ ਅਤੇ ਖ਼ਤਰਿਆਂ ਬਾਰੇ ਗੱਲਬਾਤ ਕਰੋ