Skip to content

Skip to table of contents

ਖਾਰੇ ਪਾਣੀ ਵਾਲਾ ਮਗਰਮੱਛ—ਰੀਂਗਣ ਵਾਲੇ ਜੀਵਾਂ ਦਾ ਸਰਦਾਰ

ਖਾਰੇ ਪਾਣੀ ਵਾਲਾ ਮਗਰਮੱਛ—ਰੀਂਗਣ ਵਾਲੇ ਜੀਵਾਂ ਦਾ ਸਰਦਾਰ

ਖਾਰੇ ਪਾਣੀ ਵਾਲਾ ਮਗਰਮੱਛ​—ਰੀਂਗਣ ਵਾਲੇ ਜੀਵਾਂ ਦਾ ਸਰਦਾਰ

ਪਲਾਓ ਵਿਚ ਜਾਗਰੂਕ ਬਣੋ! ਦੇ ਪੱਤਰਕਾਰ ਦੁਆਰਾ

ਫ਼ਿਲਪੀਨ ਦੇ ਪੂਰਬ ਵੱਲ ਕੁਝ 550 ਮੀਲ ਦੀ ਦੂਰੀ ਤੇ ਪਲਾਓ ਨਾਂ ਦਾ ਦੀਪ-ਸਮੂਹ ਟਿਕਿਆ ਹੋਇਆ ਹੈ। ਸ਼ਾਂਤ ਮਹਾਂਸਾਗਰ ਵਿਚ ਇਨ੍ਹਾਂ ਗਰਮ-ਗਰਮ ਟਾਪੂਆਂ ਦੀ ਹਕੂਮਤ ਨੂੰ ਅਕਸਰ ਵੰਗਾਰਿਆ ਗਿਆ ਹੈ। ਇਨ੍ਹਾਂ ਉੱਤੇ ਹਕੂਮਤ ਕਰਨ ਵਾਲੀ ਪਹਿਲੀ ਤਾਕਤ ਸਪੇਨ ਸੀ। ਸਪੇਨ ਤੋਂ ਬਾਅਦ ਜਰਮਨੀ ਅਤੇ ਜਰਮਨੀ ਤੋਂ ਬਾਅਦ ਜਪਾਨ ਨੇ ਇਨ੍ਹਾਂ ਤੇ ਹਕੂਮਤ ਕੀਤੀ। ਜਪਾਨ ਤੋਂ ਬਾਅਦ ਅਮਰੀਕਾ ਨੇ ਇਨ੍ਹਾਂ ਟਾਪੂਆਂ ਉੱਤੇ ਕਬਜ਼ਾ ਕਰ ਲਿਆ ਅਤੇ 1994 ਤਕ ਹਕੂਮਤ ਕਰਦਾ ਰਿਹਾ ਜਿਸ ਸਮੇਂ ਪਲਾਓ ਗਣਰਾਜ ਇਕ ਆਜ਼ਾਦ ਰਾਜ ਬਣ ਗਿਆ।

ਫਿਰ ਵੀ ਇਨ੍ਹਾਂ ਸਾਰੇ ਝਗੜਿਆਂ ਦੌਰਾਨ, ਟਾਪੂਆਂ ਉੱਤੇ ਇਕ ਵੱਖਰੀ ਕਿਸਮ ਦੀ ਹਕੂਮਤ ਨੂੰ ਕਦੇ ਨਹੀਂ ਵੰਗਾਰਿਆ ਗਿਆ। ਉਹ ਕਿਹੜੀ ਹਕੂਮਤ ਸੀ? ਪਲਾਓ ਵਿਚ ਰੀਂਗਣ ਵਾਲੇ ਜੀਵਾਂ ਦੇ ਮੰਨੇ-ਪ੍ਰਮੰਨੇ ਸਰਦਾਰ ਯਾਨੀ ਕਿ ਖਾਰੇ ਪਾਣੀ ਵਾਲੇ ਮਗਰਮੱਛ ਦੀ ਹਕੂਮਤ। ਪਰ ਅੱਜ ਇਹ ਮਗਰਮੱਛ ਖ਼ਤਰੇ ਵਿਚ ਹਨ। ਖੋਜਕਾਰ ਕਹਿੰਦੇ ਹਨ ਕਿ ‘ਜੇ ਇਨ੍ਹਾਂ ਜੀਵਾਂ ਦੀ ਰੱਖਿਆ ਲਈ ਲੋੜੀਂਦੇ ਅਤੇ ਸਖ਼ਤ ਕਦਮ ਨਾ ਚੁੱਕੇ ਗਏ, ਤਾਂ ਖਾਰੇ ਪਾਣੀ ਵਾਲਾ ਮਗਰਮੱਛ ਜਲਦੀ ਹੀ ਪਲਾਓ ਵਿੱਚੋਂ ਮਿਟਾਇਆ ਜਾਵੇਗਾ।’

ਪਲਾਓ ਦੇ ਮਗਰਮੱਛਾਂ ਨੂੰ ਕਿਹੜਾ ਖ਼ਤਰਾ ਹੈ? ਅਤੇ ਉਨ੍ਹਾਂ ਨੂੰ ਰੀਂਗਣ ਵਾਲੇ ਜੀਵਾਂ ਦਾ ਸਰਦਾਰ ਕਿਉਂ ਕਿਹਾ ਜਾਂਦਾ ਹੈ?

ਜਬਾੜ੍ਹੇ!

ਖਾਰੇ ਪਾਣੀ ਵਾਲੇ ਮਗਰਮੱਛ ਦਾ ਵਿਗਿਆਨਕ ਨਾਂ ਕਰਾਕੋਡਾਇਲਸ ਪੋਰੋਸਸ ਹੈ ਜਿਸ ਦਾ ਅਰਥ ਹੈ ‘ਚਮੜੀ ਤੇ ਗੱਠਾਂ ਨਾਲ ਭਰਿਆ ਹੋਇਆ ਮਗਰਮੱਛ।’ * ਇਹ ਨਾਂ ਇਸ ਦੀ ਥੁਥਨੀ ਉੱਪਰ ਗੱਠਾਂ ਅਤੇ ਭੌਰੀਆਂ ਵੱਲ ਧਿਆਨ ਖਿੱਚਦਾ ਹੈ ਜੋ ਉਸ ਦੀਆਂ ਅੱਖਾਂ ਤੋਂ ਨਾਸਾਂ ਤਕ ਦਿੱਸਦੀਆਂ ਹਨ। ਇਸ ਦੀ ਥੁਥਨੀ ਤਿਕੋਣੇ ਆਕਾਰ ਦੀ ਹੈ ਅਤੇ ਪੂਰੇ ਸਰੀਰ ਦੀ ਲੰਬਾਈ ਦਾ ਸੱਤਵਾਂ ਹਿੱਸਾ ਹੈ। ਪਲਾਓ ਮਿਊਜ਼ੀਅਮ ਦੇ ਸ਼ੋ-ਕੇਸ ਵਿਚ ਰੱਖੇ ਇਕ ਮਗਰਮੱਛ ਦਾ ਸਿਰ 18 ਇੰਚ ਚੌੜਾ ਹੈ!

ਜਦੋਂ ਮਗਰਮੱਛ ਦੇ ਜਬਾੜ੍ਹੇ ਖੁੱਲ੍ਹੇ ਹੁੰਦੇ ਹਨ, ਤਾਂ ਤੁਸੀਂ ਉਨ੍ਹਾਂ ਵਿਚ ਜਕੜੇ ਕੈਂਚੀ ਵਰਗੇ ਤਿੱਖੇ ਦੰਦਾਂ ਨੂੰ ਦੇਖ ਸਕਦੇ ਹੋ। ਇਨ੍ਹਾਂ ਜ਼ਬਾੜ੍ਹਿਆਂ ਨੂੰ ਜ਼ਬਰਦਸਤ ਤਾਕਤ ਨਾਲ ਬੰਦ ਕੀਤਾ ਜਾ ਸਕਦਾ ਹੈ। ਦਰਅਸਲ ਜਬਾੜ੍ਹਿਆਂ ਦਾ ਇੱਕੋ ਹਿੱਸਾ ਕਮਜ਼ੋਰ ਹੈ​—ਉਸ ਨੂੰ ਖੋਲ੍ਹਣ ਵਾਲੀਆਂ ਮਾਸਪੇਸ਼ੀਆਂ। ਇਕ ਕਿਤਾਬ ਕਹਿੰਦੀ ਹੈ ਕਿ ਸੱਤ ਫੁੱਟ ਲੰਬੇ ਮਗਰਮੱਛ ਦਾ ਮੂੰਹ ਬੰਦ ਕਰਨ ਲਈ ਸਿਰਫ਼ ਇਕ ਰਬੜ ਬੈਂਡ ਹੀ ਕਾਫ਼ੀ ਹੈ।

ਵਧੀਆ ਢੰਗ ਨਾਲ ਰਚਿਆ

ਮਗਰਮੱਛ ਦਾ ਸਿਰ ਨਾ ਸਿਰਫ਼ ਵੱਡਾ ਹੈ, ਸਗੋਂ ਪਾਣੀ ਵਿਚ ਰਹਿਣ ਲਈ ਵਧੀਆ ਢੰਗ ਨਾਲ ਰਚਿਆ ਗਿਆ ਹੈ। ਜੇ ਤੁਸੀਂ ਧਿਆਨ ਨਾਲ ਦੇਖੋਗੇ ਤਾਂ ਤੁਸੀਂ ਨੋਟ ਕਰੋਗੇ ਕਿ ਉਸ ਦੇ ਕੰਨ, ਅੱਖਾਂ ਅਤੇ ਨਾਸਾਂ ਉਸ ਦੇ ਸਿਰ ਉੱਪਰ ਸਭ ਤੋਂ ਉੱਤਲੀਆਂ ਥਾਂਵਾਂ ਤੇ ਹਨ। ਜਦੋਂ ਮਗਰਮੱਛ ਤੈਰਦਾ ਹੈ, ਤਾਂ ਇਹ ਅੰਗ ਪਾਣੀ ਦੇ ਤਲ ਦੇ ਉੱਪਰ-ਉੱਪਰ ਰਹਿੰਦੇ ਹਨ। ਲੇਕਿਨ, ਹੈਰਾਨੀ ਦੀ ਗੱਲ ਹੈ ਕਿ ਮੂੰਹ ਬੰਦ ਕਰਨ ਦੇ ਬਾਵਜੂਦ ਮਗਰਮੱਛ ਪਾਣੀ ਨੂੰ ਮੂੰਹ ਤੋਂ ਬਾਹਰ ਨਹੀਂ ਰੱਖ ਸਕਦਾ ਕਿਉਂਕਿ ਉਸ ਦੇ ਭੁੱਲ ਨਹੀਂ ਹਨ। ਫਿਰ ਵੀ ਮੂੰਹ ਵਿਚ ਜਾਣ ਵਾਲਾ ਪਾਣੀ ਉਸ ਦੇ ਗਲੇ ਵਿਚ ਨਹੀਂ ਜਾਂਦਾ ਕਿਉਂਕਿ ਇਕ ਵਾਲਵ ਪਾਣੀ ਨੂੰ ਅੰਦਰ ਜਾਣ ਤੋਂ ਰੋਕਦਾ ਹੈ। ਮੂੰਹ ਵਿਚ ਪਾਣੀ ਹੋਣ ਦੇ ਬਾਵਜੂਦ ਵੀ ਮਗਰਮੱਛ ਸਾਹ ਲੈ ਸਕਦਾ ਹੈ ਕਿਉਂਕਿ ਉਹ ਨਾਸਾਂ ਰਾਹੀਂ ਸਾਹ ਲੈਂਦਾ ਹੈ ਅਤੇ ਹਵਾ ਇਸ ਵਾਲਵ ਦੇ ਪਿੱਛਿਓਂ ਦੀ ਸਰੀਰ ਵਿਚ ਜਾਂਦੀ ਹੈ।

ਕੀ ਮਗਰਮੱਛ ਪਾਣੀ ਦੇ ਹੇਠਾਂ ਚੰਗੀ ਤਰ੍ਹਾਂ ਦੇਖ ਸਕਦਾ ਹੈ? ਹਾਂ, ਉਸ ਨੂੰ ਪਾਣੀ ਹੇਠਾਂ ਕੋਈ ਮੁਸ਼ਕਲ ਨਹੀਂ ਆਉਂਦੀ। ਜਦੋਂ ਮਗਰਮੱਛ ਪਾਣੀ ਦੇ ਥੱਲੇ ਜਾਂਦਾ ਹੈ, ਤਾਂ ਉਹ ਆਪਣੀਆਂ ਅੱਖਾਂ ਨੂੰ ਇਕ ਪਤਲੀ ਜਿਹੀ ਪਾਰਦਰਸ਼ੀ ਝਿੱਲੀ ਜਾਂ ਅੱਖ ਦੇ ਤੀਸਰੇ ਪਰਦੇ ਨਾਲ ਢੱਕ ਲੈਂਦਾ ਹੈ। ਇਸ ਤਰ੍ਹਾਂ ਉਹ ਪਾਣੀ ਦੇ ਥੱਲੇ ਵੀ ਸਾਫ਼-ਸਾਫ਼ ਦੇਖ ਸਕਦਾ ਹੈ। ਇਹ ਝਿੱਲੀ ਉਸ ਦੀ ਨਜ਼ਰ ਨੂੰ ਨੁਕਸਾਨ ਪਹੁੰਚਾਏ ਬਿਨਾਂ ਉਸ ਦੀਆਂ ਅੱਖਾਂ ਦੀ ਰੱਖਿਆ ਕਰਦੀ ਹੈ।

ਵੱਡਾ ਆਕਾਰ

ਖਾਰੇ ਪਾਣੀ ਵਾਲਾ ਮਗਰਮੱਛ ਦੁਨੀਆਂ ਦੇ ਰੀਂਗਣ ਵਾਲੇ ਜਾਨਵਰਾਂ ਵਿੱਚੋਂ ਸਭ ਤੋਂ ਵੱਡਾ ਹੈ। ਭਾਵੇਂ ਕਿ ਨਰ ਮਗਰਮੱਛ ਸਾਢੇ ਦਸ ਫੁੱਟ ਦੀ ਲੰਬਾਈ ਤਕ ਪਹੁੰਚ ਕੇ ਵੱਡਾ ਸਮਝਿਆ ਜਾਂਦਾ ਹੈ, ਫਿਰ ਵੀ ਉਹ ਅਗਲੇ ਕਈ ਸਾਲਾਂ ਤਕ ਵੱਧਦਾ ਰਹਿੰਦਾ ਹੈ। ਦ ਗਿਨਿਸ ਬੁੱਕ ਆਫ਼ ਐਨਿਮਲ ਰਿਕਾਰਡਸ ਦਾ ਲੇਖਕ ਮਾਰਕ ਕਾਵਰਡੀਨ ਬਿਆਨ ਕਰਦਾ ਹੈ ਕਿ ਭਾਰਤ ਵਿਚ ਜੰਗਲੀ ਜਾਨਵਰਾਂ ਦੀ ਰੱਖਿਆ ਲਈ ਬਣਾਈ ਗਈ ਇਕ ਥਾਂ ਵਿਚ 23 ਫੁੱਟ ਲੰਬਾ ਨਰ ਮਗਰਮੱਛ ਹੈ!

ਮਗਰਮੱਛ ਇਕ ਬਹੁਤ ਵੱਡੇ ਇਲਾਕੇ ਵਿਚ ਰਹਿੰਦਾ ਹੈ। ਇਹੀ ਕਿਤਾਬ ਕਹਿੰਦੀ ਹੈ ਕਿ ਇਸ ਮਗਰਮੱਛ ਦਾ ਘਰ ਦੂਸਰੇ ਸਾਰੇ ਮਗਰਮੱਛਾਂ ਨਾਲੋਂ ਵੱਡਾ ਹੁੰਦਾ ਹੈ। ਇਹ ਮਗਰਮੱਛ ਏਸ਼ੀਆ ਅਤੇ ਸ਼ਾਂਤ ਮਹਾਂਸਾਗਰ ਦੇ ਗਰਮ ਖੇਤਰਾਂ ਵਿਚ ਰਹਿੰਦਾ ਹੈ। ਇਹ ਪੂਰਾ ਖੇਤਰ ਭਾਰਤ ਤੋਂ ਆਸਟ੍ਰੇਲੀਆ ਅਤੇ ਪਲਾਓ ਦੀਪ-ਸਮੂਹ ਤਕ ਹੈ।

ਅਚਾਨਕ ਇਕ ਬਦਲਾਉ

ਪਲਾਓ ਦੇ ਟਾਪੂਆਂ ਉੱਤੇ ਦਰਖ਼ਤਾਂ ਵਾਲੇ ਦਲਦਲੀ ਇਲਾਕੇ ਪਾਏ ਜਾਂਦੇ ਹਨ। ਇਨ੍ਹਾਂ ਤੋਂ ਮਗਰਮੱਛਾਂ ਨੂੰ ਛਾਂ, ਰੱਖਿਆ ਅਤੇ ਖਾਣਾ ਮਿਲਦਾ ਹੈ। ਤਾਂ ਫਿਰ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਇਨ੍ਹਾਂ ਮਗਰਮੱਛਾਂ ਨੇ ਵਧਣ-ਫੁੱਲਣ ਲਈ ਆਪਣੀ ਮਨਪਸੰਦ ਥਾਂ ਪਲਾਓ ਦੀਪ-ਸਮੂਹ ਨੂੰ ਚੁਣਿਆ। ਅੰਦਾਜ਼ਾ ਲਾਇਆ ਗਿਆ ਹੈ ਕਿ 1960 ਦੇ ਦਹਾਕੇ ਵਿਚ ਇਨ੍ਹਾਂ ਟਾਪੂਆਂ ਤੇ 1,500 ਤੋਂ ਲੈ ਕੇ 5,000 ਮਗਰਮੱਛ ਰਹਿੰਦੇ ਸਨ।

ਪਰ ਦਸੰਬਰ 1965 ਵਿਚ ਪਲਾਓ ਦੇ ਮਗਰਮੱਛਾਂ ਵਿਚ ਅਚਾਨਕ ਇਕ ਬਦਲੀ ਆਈ। ਉਸ ਮਹੀਨੇ ਖਾਰੇ ਪਾਣੀ ਦੇ ਇਕ ਮਗਰਮੱਛ ਨੇ ਪਲਾਓ ਦੇ ਇਕ ਮਛੇਰੇ ਤੇ ਹਮਲਾ ਕਰ ਕੇ ਉਸ ਨੂੰ ਮਾਰ ਦਿੱਤਾ। ਕੁਝ ਹਫ਼ਤਿਆਂ ਬਾਅਦ ਉਸ ਮਗਰਮੱਛ ਨੂੰ ਫੜ ਕੇ ਲੋਕਾਂ ਦੇ ਸਾਮ੍ਹਣੇ ਰੱਖਿਆ ਗਿਆ ਸੀ ਤਾਂਕਿ ਉਹ ਇਸ ਨੂੰ ਦੇਖ ਸਕਣ। ਲੋਕ ਗੁੱਸੇ ਵਿਚ ਇੰਨਾ ਭੜਕ ਪਏ ਕਿ ਉਨ੍ਹਾਂ ਨੇ ਉਸ ਮਗਰਮੱਛ ਨੂੰ ਮਾਰ ਦਿੱਤਾ।

“ਜਾਨਵਰਾਂ ਵਿਰੁੱਧ ਲੜਾਈ”

ਹੈਰੀ ਮੇਸਲ ਅਤੇ ਐੱਫ਼. ਵੇਨ ਕਿੰਗ, ਮਗਰਮੱਛਾਂ ਦੇ ਮਾਹਰਾਂ ਨੇ ਕਿਹਾ ਕਿ ਇਸ ਤੋਂ ਜਲਦੀ ਬਾਅਦ ਸਰਕਾਰ ਨੇ “ਪਲਾਓ ਵਿਚ ਮਗਰਮੱਛਾਂ ਨੂੰ ਮਾਰ-ਮੁਕਾਣ ਦੀ ਮੁਹਿੰਮ ਚਲਾਈ ਚਾਹੇ ਉਹ ਜਿੱਥੇ ਕਿਤੇ ਵੀ ਮਿਲਣ। ਅਸਲ ਵਿਚ ਇਹ ਇਨ੍ਹਾਂ ਜਾਨਵਰਾਂ ਵਿਰੁੱਧ ਲੜਾਈ ਸੀ।” ਇਸ ਕੰਮ ਲਈ ਪੈਸੇ ਦਿੱਤੇ ਗਏ, ਫੰਧੇ ਲਾਏ ਗਏ ਅਤੇ ਮਗਰਮੱਛਾਂ ਦਾ ਪਿੱਛਾ ਕਰਨ ਲਈ ਸ਼ਿਕਾਰੀਆਂ ਨੇ ਕਿਸ਼ਤੀਆਂ ਨੂੰ ਵਰਤਿਆ। ਸਾਲ 1979 ਤੋਂ ਲੈ ਕੇ 1981 ਤਕ ਸ਼ਿਕਾਰੀਆਂ ਨੇ 500 ਤੋਂ 1,000 ਮਗਰਮੱਛਾਂ ਨੂੰ ਮਾਰ ਦਿੱਤਾ। ਸ਼ਿਕਾਰੀਆਂ ਨੇ ਇਨ੍ਹਾਂ ਮਗਰਮੱਛਾਂ ਦੀਆਂ ਚਮੜੀਆਂ ਲਾਹ ਕੇ ਵੇਚ ਦਿੱਤੀਆਂ।

ਵੱਡੇ ਮਗਰਮੱਛਾਂ ਦੀ ਚਮੜੀ ਵੱਡੀ ਹੋਣ ਕਰਕੇ ਉਨ੍ਹਾਂ ਦਾ ਜ਼ਿਆਦਾ ਸ਼ਿਕਾਰ ਕੀਤਾ ਗਿਆ। ਪਰ ਜਦੋਂ ਵੀ ਸ਼ਿਕਾਰੀ ਵੱਡੀਆਂ ਮਾਦਾ ਮਗਰਮੱਛਾਂ ਨੂੰ ਮਾਰਦੇ ਸਨ ਤਾਂ ਇਸ ਤਰ੍ਹਾਂ ਉਹ ਹਜ਼ਾਰਾਂ ਦੀ ਗਿਣਤੀ ਵਿਚ ਅਣਜੰਮੇ ਮਗਰਮੱਛਾਂ ਨੂੰ ਮਾਰ ਦਿੰਦੇ ਸਨ ਜੋ ਮਾਦਾ ਆਪਣੇ ਪੂਰੇ ਜੀਵਨ-ਕਾਲ ਦੌਰਾਨ ਪੈਦਾ ਕਰ ਸਕਦੀ ਸੀ। ਨਤੀਜੇ ਵਜੋਂ, ਮਗਰਮੱਛਾਂ ਦੀ ਗਿਣਤੀ ਹੌਲੀ-ਹੌਲੀ ਘੱਟ ਗਈ ਹੈ। ਮੇਸਲ ਅਤੇ ਕਿੰਗ ਨੇ ਪਾਇਆ ਕਿ ਲਗਭਗ 1990 ਵਿਚ “ਪਲਾਓ ਦੇ ਵਿਚ 150 ਤੋਂ ਵੀ ਘੱਟ ਮਗਰਮੱਛ ਬਾਕੀ ਬਚੇ ਹਨ।”

ਇਹ ਸੱਚ ਹੈ ਕਿ ਇਨਸਾਨ ਨੂੰ ਇਨ੍ਹਾਂ ਮਗਰਮੱਛਾਂ ਤੋਂ ਬਚ ਕੇ ਰਹਿਣਾ ਚਾਹੀਦਾ ਹੈ ਕਿਉਂਕਿ ਉਹ ਜਾਨਲੇਵਾ ਹਮਲਾ ਕਰ ਸਕਦੇ ਹਨ। ਫਿਰ ਵੀ, ਲੇਖਕ ਕਾਵਰਡੀਨ ਕਹਿੰਦਾ ਹੈ: “ਦੇਖਿਆ ਜਾਵੇ ਤਾਂ ਜੋ ਨੁਕਸਾਨ ਉਹ ਸਾਨੂੰ ਪਹੁੰਚਾਉਂਦੇ ਹਨ, ਉਹ ਉਸ ਤਬਾਹੀ ਦੇ ਅੱਗੇ ਕੁਝ ਵੀ ਨਹੀਂ ਹੈ ਜੋ ਅਸੀਂ ਉਨ੍ਹਾਂ ਉੱਤੇ ਮਚਾਈ ਹੈ।”

ਸਾਲ 1997 ਵਿਚ ਪਲਾਓ ਵਿਚ ਐਂਗਾਰਡਕ ਝੀਲ ਦੇ ਆਲੇ-ਦੁਆਲੇ ਜਾਨਵਰਾਂ ਲਈ ਰਾਖਵੀਂ ਥਾਂ ਬਣਾਈ ਗਈ। ਭਾਵੇਂ ਇਹ ਜਗ੍ਹਾ ਖ਼ਾਸ ਕਰਕੇ ਮਗਰਮੱਛਾਂ ਦੀ ਰੱਖਿਆ ਲਈ ਹੀ ਨਹੀਂ ਰੱਖੀ ਗਈ ਸੀ, ਫਿਰ ਵੀ ਉਨ੍ਹਾਂ ਨੂੰ ਇਸ ਜਗ੍ਹਾ ਵਿਚ ਰਹਿਣ ਦਾ ਫ਼ਾਇਦਾ ਹੈ। ਐਂਗਾਰਡਕ ਝੀਲ ਦੇ ਆਲੇ-ਦੁਆਲੇ ਦੀ ਦਲਦਲ ਮਗਰਮੱਛਾਂ ਨੂੰ ਲੁਕਣ ਅਤੇ ਵਧਣ-ਫੁੱਲਣ ਲਈ ਜਗ੍ਹਾ ਦਿੰਦੀ ਹੈ।

ਇਹ ਗੱਲ ਠੀਕ ਹੈ ਕਿ ਤੁਸੀਂ ਖਾਰੇ ਪਾਣੀ ਵਾਲੇ ਮਗਰਮੱਛ ਨੂੰ ਆਪਣਾ ਮਿੱਤਰ ਬਣਾਉਣ ਬਾਰੇ ਸੋਚ ਵੀ ਨਹੀਂ ਸਕਦੇ, ਪਰ ਕੀ ਤੁਸੀਂ ਸਹਿਮਤ ਨਹੀਂ ਹੁੰਦੇ ਕਿ ਇਹ ਮਗਰਮੱਛ ਜ਼ਰੂਰ ਇਕ ਤਾਕਤਵਾਰ ਸਰਦਾਰ ਹੈ?

[ਫੁਟਨੋਟ]

^ ਪੈਰਾ 7 ਪੋਰੋਸਸ ਸ਼ਬਦ ਯੂਨਾਨੀ ਸ਼ਬਦ ਪੋਰੋਸਿਸ ਤੋਂ ਆਉਂਦਾ ਹੈ ਜਿਸ ਦਾ ਅਰਥ ਹੈ “ਚਮੜੀ ਉੱਤੇ ਗੱਠ” ਅਤੇ ਲਾਤੀਨੀ ਭਾਸ਼ਾ ਵਿਚ ਪਿਛੇਤਰ -ਓਸਸ ਦਾ ਅਰਥ ਹੈ “ਨਾਲ ਭਰਿਆ।”

[ਸਫ਼ਾ 18 ਉੱਤੇ ਡੱਬੀ]

ਮਗਰਮੱਛ ਦੇ ਹੰਝੂ

ਅੰਗ੍ਰੇਜ਼ੀ ਵਿਚ ਕਿਹਾ ਜਾਂਦਾ ਹੈ ਕਿ ਜੇ ਕੋਈ ਮਗਰਮੱਛ ਦੇ ਹੰਝੂ ਵਹਾਉਂਦਾ ਹੈ ਤਾਂ ਇਸ ਦਾ ਅਰਥ ਹੈ ਕਿ ਉਹ ਝੂਠਾ ਦੁੱਖ ਜਾਂ ਝੂਠੀ ਹਮਦਰਦੀ ਦਿਖਾਉਂਦਾ ਹੈ। ਪਰ ਮਗਰਮੱਛਾਂ ਨੂੰ ਪਖੰਡੀ ਕਿਉਂ ਸੱਦਿਆ ਗਿਆ ਹੈ? ਦ ਇੰਟਰਨੈਸ਼ਨਲ ਵਾਈਲਡਲਾਈਫ਼ ਐਨਸਾਈਕਲੋਪੀਡੀਆ ਦੇ ਮੁਤਾਬਕ ਇਸ ਕਹਾਵਤ ਦਾ ਇਕ ਕਾਰਨ ਇਹ ਹੋ ਸਕਦਾ ਹੈ ਕਿ ਮਗਰਮੱਛ ਹਮੇਸ਼ਾ ਆਪਣੀਆਂ ਅੱਖਾਂ ਨੂੰ ਗਿੱਲੀਆਂ ਰੱਖਦੇ ਹਨ। ਇਸ ਤਰ੍ਹਾਂ “ਹੰਝੂ ਜਾਂ ਪਾਣੀ ਉਨ੍ਹਾਂ ਦੀਆਂ ਅੱਖਾਂ ਦੇ ਛੱਪਰਾਂ ਵਿਚ ਰੁੱਕ ਜਾਂਦਾ ਹੈ ਅਤੇ ਸ਼ਾਇਦ ਉਨ੍ਹਾਂ ਦੀਆਂ ਅੱਖਾਂ ਦੇ ਕੋਨਿਆਂ ਤੋਂ ਵਹੇ। ਇਸ ਦੇ ਨਾਲ-ਨਾਲ ਉਨ੍ਹਾਂ ਦੇ ਦੰਦਾਂ ਦੇ ਫਿੱਕੇ ਹਾਸੇ ਕਾਰਨ ਪੁਰਾਣੇ ਜ਼ਮਾਨੇ ਤੋਂ ਹੀ ਉਨ੍ਹਾਂ ਨੂੰ ਇਹ ਪਖੰਡੀ ਨਾਂ ਦਿੱਤਾ ਗਿਆ।”

[ਸਫ਼ਾ 18 ਉੱਤੇ ਡੱਬੀ/​ਤਸਵੀਰਾਂ]

ਮਗਰਮੱਛ ਜਾਂ ਘੜਿਆਲ?

ਇਕ ਮਗਰਮੱਛ ਅਤੇ ਇਕ ਘੜਿਆਲ ਵਿਚ ਕੀ ਫ਼ਰਕ ਹੈ? ਸਭ ਤੋਂ ਵੱਡਾ ਫ਼ਰਕ ਇਨ੍ਹਾਂ ਦੇ ਦੰਦਾਂ ਵਿਚ ਹੈ। ਜਦੋਂ ਮਗਰਮੱਛ ਆਪਣੇ ਜਬਾੜ੍ਹਿਆਂ ਨੂੰ ਬੰਦ ਕਰਦਾ ਹੈ, ਤਾਂ ਤੁਸੀਂ ਉਸ ਦੇ ਹੇਠਲੇ ਜਬਾੜ੍ਹੇ ਦਾ ਇਕ ਵੱਡਾ ਸਾਰਾ ਚੌਥਾ ਦੰਦ ਦੇਖ ਸਕਦੇ ਹੋ। ਪਰ ਘੜਿਆਲ ਦਾ ਉੱਪਰਲਾ ਜਬਾੜ੍ਹਾ ਇਸ ਦੰਦ ਨੂੰ ਢੱਕ ਲੈਂਦਾ ਹੈ।

[ਤਸਵੀਰਾਂ]

ਮਗਰਮੱਛ

ਘੜਿਆਲ

[ਕ੍ਰੈਡਿਟ ਲਾਈਨ]

F. W. King photo

[ਸਫ਼ੇ 17 ਉੱਤੇ ਤਸਵੀਰਾਂ]

ਉਨ੍ਹਾਂ ਦੰਦਾਂ ਵੱਲ ਦੇਖੋ!

[ਕ੍ਰੈਡਿਟ ਲਾਈਨਾਂ]

By courtesy of Koorana Crocodile Farm, Rockhampton, Queensland, Australia

© Adam Britton, http://crocodilian.com

[ਸਫ਼ਾ 16 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]

By courtesy of Australian International Public Relations