Skip to content

Skip to table of contents

ਨਿਹਚਾ ਦੀ ਬਿਹਤਰੀਨ ਮਿਸਾਲ

ਨਿਹਚਾ ਦੀ ਬਿਹਤਰੀਨ ਮਿਸਾਲ

ਨਿਹਚਾ ਦੀ ਬਿਹਤਰੀਨ ਮਿਸਾਲ

ਕੁਝ 60 ਸਾਲ ਪਹਿਲਾਂ ਦੀ ਗੱਲ ਹੈ ਜਦੋਂ ਮੀਨਾ ਐੱਸ਼ ਦਾ ਪਤੀ ਪੇਟਰ ਬੁਕਨਵਾਲਡ ਨਜ਼ਰਬੰਦੀ-ਕੈਂਪ ਵਿਚ ਕੈਦ ਸੀ। ਨਾਜ਼ੀ ਸਰਕਾਰ ਨੇ ਉਸ ਨੂੰ ਯਹੋਵਾਹ ਦਾ ਇਕ ਗਵਾਹ ਹੋਣ ਕਰਕੇ ਉੱਥੇ ਸਜ਼ਾ ਕੱਟਣ ਲਈ ਭੇਜਿਆ ਸੀ। ਇਕ ਦਿਨ ਮੀਨਾ ਨੂੰ ਆਪਣੇ ਪਤੀ ਵੱਲੋਂ ਇਕ ਪੋਸਟਕਾਰਡ ਮਿਲਿਆ। ਕਾਰਡ ਤੇ ਲਿਖਿਆ ਹੋਇਆ ਛੋਟਾ ਜਿਹਾ ਸੁਨੇਹਾ ਸਮਝਣ ਵਿਚ ਥੋੜ੍ਹਾ ਮੁਸ਼ਕਲ ਲੱਗਦਾ ਸੀ। ਪਰ ਫਿਰ ਵੀ ਮੀਨਾ ਨੂੰ ਚਿੱਠੀ ਪੜ੍ਹ ਕੇ ਰਾਹਤ ਮਿਲੀ ਕਿ ਉਸ ਦਾ ਪਤੀ ਠੀਕ-ਠਾਕ ਸੀ। ਕਾਰਡ ਦੇ ਪਿਛਲੇ ਪਾਸੇ ਇਹ ਲਿਖਿਆ ਸੀ: “ਇਹ ਕੈਦੀ ਜੋ ਇਕ ਬਾਈਬਲ ਵਿਦਿਆਰਥੀ ਹੈ, [ਉਦੋਂ ਯਹੋਵਾਹ ਦੇ ਗਵਾਹਾਂ ਨੂੰ ਇਸੇ ਨਾਂ ਨਾਲ ਜਾਣਿਆ ਜਾਂਦਾ ਸੀ] ਲੱਖ ਸਮਝਾਉਣ ਦੇ ਬਾਵਜੂਦ ਵੀ ਆਪਣਾ ਧਰਮ ਛੱਡਣ ਲਈ ਤਿਆਰ ਨਹੀਂ ਹੈ . . . ਇਸੇ ਵਜ੍ਹਾ ਕਰਕੇ ਉਸ ਕੋਲੋਂ ਚਿੱਠੀ ਲਿਖਣ ਦਾ ਹੱਕ ਖੋਹ ਲਿਆ ਗਿਆ ਹੈ।” ਇਸ ਸੁਨੇਹੇ ਤੋਂ ਮੀਨਾ ਨੂੰ ਪਤਾ ਲੱਗਿਆ ਕਿ ਪੇਟਰ ਦੀ ਨਿਹਚਾ ਅਜੇ ਵੀ ਮਜ਼ਬੂਤ ਸੀ।

ਇਹ ਪੋਸਟਕਾਰਡ ਹੁਣ ਖ਼ਰਾਬ ਅਤੇ ਪੀਲਾ ਪੈ ਚੁੱਕਾ ਹੈ। ਇਸ ਨੂੰ ਨਿਊਯਾਰਕ ਸਿਟੀ ਦੇ ਬੈਟਰੀ ਪਾਰਕ ਵਿਚ ਸਥਿਤ ਜੂਇਸ਼ ਹੈੱਰਿਟਿਜ ਮਿਊਜ਼ੀਅਮ​—ਅ ਲਿਵਿੰਗ ਮੈਮੋਰੀਅਲ ਟੂ ਦ ਹਾਲੋਕਾਸਟ​—ਵਿਚ ਥੋੜ੍ਹੇ ਸਮੇਂ ਲਈ ਰੱਖਣ ਵਾਸਤੇ ਦਿੱਤਾ ਗਿਆ ਹੈ। ਪੇਟਰ ਐੱਸ਼ ਦੀ ਫ਼ੋਟੋ ਨਾਲ ਇਹ ਛੋਟਾ ਜਿਹਾ ਪੋਸਟਕਾਰਡ ਇਨਸਾਨੀ ਅਤਿਆਚਾਰ ਦੀ ਇਕ ਲੰਮੀ ਕਹਾਣੀ ਦੱਸਦਾ ਹੈ। ਇਸ ਅਤਿਆਚਾਰ ਵਿਚ 60 ਲੱਖ ਯਹੂਦੀਆਂ ਨੂੰ ਮਾਰਿਆ ਗਿਆ ਸੀ। ਇਸ ਮਿਊਜ਼ੀਅਮ ਵਿਚ 2000 ਤੋਂ ਜ਼ਿਆਦਾ ਫ਼ੋਟੋਆਂ ਅਤੇ 800 ਤੋਂ ਜ਼ਿਆਦਾ ਪੁਰਾਣੀਆਂ ਚੀਜ਼ਾਂ ਰੱਖੀਆਂ ਗਈਆਂ ਹਨ। ਇਹ ਚੀਜ਼ਾਂ 1880 ਦੇ ਦਹਾਕੇ ਤੋਂ ਲੈ ਕੇ ਹੁਣ ਤਕ ਦੇ ਯਹੂਦੀ ਸਮਾਜ ਦੇ ਇਤਿਹਾਸ ਅਤੇ ਸਭਿਆਚਾਰ ਉੱਤੇ ਚਾਨਣਾ ਪਾਉਂਦੀਆਂ ਹਨ। ਇਸ ਤੋਂ ਇਲਾਵਾ, ਇਹ ਨਾਜ਼ੀਆਂ ਦੁਆਰਾ ਯਹੂਦੀਆਂ ਉੱਤੇ ਕੀਤੇ ਗਏ ਅਤਿਆਚਾਰ ਬਾਰੇ ਵੀ ਦੱਸਦੀਆਂ ਹਨ। ਪਰ ਜੂਇਸ਼ ਹੈਰਿਟਿਜ ਮਿਊਜ਼ੀਅਮ ਵਿਚ ਪੇਟਰ ਐੱਸ਼ ਦੀ ਇਹ ਚਿੱਠੀ ਕਿਉਂ ਰੱਖੀ ਗਈ ਹੈ?

ਮਿਊਜ਼ੀਅਮ ਇਤਿਹਾਸਕਾਰ ਡਾ. ਜਡ ਨੂਬਾਰਨ ਨੇ ਦੱਸਿਆ ਕਿ “ਇਸ ਮਿਊਜ਼ੀਅਮ ਦਾ ਮੁੱਖ ਮਕਸਦ ਯਹੂਦੀ ਇਤਿਹਾਸ ਬਾਰੇ ਦੱਸਣਾ ਹੈ।” “ਯਹੋਵਾਹ ਦੇ ਗਵਾਹਾਂ ਨੂੰ ਉਨ੍ਹਾਂ ਦੇ ਧਾਰਮਿਕ ਵਿਸ਼ਵਾਸਾਂ ਕਰਕੇ, ਜਾਤ-ਪਾਤ ਨੂੰ ਨਾ ਮੰਨਣ ਕਰਕੇ, ਹਿਟਲਰ ਸਾਮ੍ਹਣੇ ਨਾ ਝੁਕਣ ਤੇ ਉਸ ਦਾ ਸਾਥ ਨਾ ਦੇਣ ਕਾਰਨ ਸਤਾਇਆ ਗਿਆ ਸੀ। . . . ਯਹੂਦੀਆਂ ਨੂੰ ਵੀ ਜੱਦੋ-ਜਹਿਦ ਕਰਨੀ ਪਈ। ਉਨ੍ਹਾਂ ਨੇ ਆਪਣੀਆਂ ਧਾਰਮਿਕ, ਸਮਾਜਕ ਅਤੇ ਸਭਿਆਚਾਰਕ ਪਰੰਪਰਾਵਾਂ ਨੂੰ ਬਚਾਈ ਰੱਖਣ ਲਈ ਘੋਰ ਅਤਿਆਚਾਰ ਸਹਿਆ। ਇਸ ਜੱਦੋ-ਜਹਿਦ ਬਾਰੇ ਲੋਕਾਂ ਨੂੰ ਦੱਸਣਾ ਇਸ ਮਿਊਜ਼ੀਅਮ ਦਾ ਮੁੱਖ ਮਕਸਦ ਹੈ। ਯਹੋਵਾਹ ਦੇ ਗਵਾਹਾਂ ਨੇ ਵੀ ਨਾਜ਼ੀਆਂ ਦੇ ਅਤਿਆਚਾਰ ਨੂੰ ਸਹਿੰਦੇ ਹੋਏ ਆਪਣੇ ਧਰਮ ਨੂੰ ਬਚਾਈ ਰੱਖਣ ਲਈ ਜੱਦੋ-ਜਹਿਦ ਕੀਤੀ ਸੀ। ਇਸੇ ਕਾਰਨ ਇਹ ਮਿਊਜ਼ੀਅਮ ਯਹੋਵਾਹ ਦੇ ਗਵਾਹਾਂ ਦੀ ਨਿਹਚਾ ਦੀ ਦਾਦ ਦਿੰਦਾ ਹੈ ਤੇ ਉਸ ਬਾਰੇ ਦੱਸਦਾ ਹੈ।”

ਜੂਇਸ਼ ਹੈਰਿਟਿਜ ਮਿਊਜ਼ੀਅਮ ਵਿਚ ਰੱਖਿਆ ਇਹ ਛੋਟਾ ਜਿਹਾ ਪੋਸਟਕਾਰਡ ਉਸ ਆਦਮੀ ਦੀ ਕਹਾਣੀ ਦੱਸਦਾ ਹੈ ਜਿਸ ਨੇ ਮਰਦੇ ਦਮ ਤਕ ਯਹੋਵਾਹ ਪ੍ਰਤੀ ਆਪਣੀ ਵਫ਼ਾਦਾਰੀ ਬਣਾਈ ਰੱਖਣ ਲਈ ਸਖ਼ਤ ਜੱਦੋ-ਜਹਿਦ ਕੀਤੀ। ਪੇਟਰ ਐੱਸ਼ ਨਾਜ਼ੀਆਂ ਤੋਂ ਬਚ ਗਿਆ ਤੇ ਅੰਤ ਤਕ ਵਫ਼ਾਦਾਰ ਰਿਹਾ। ਨਿਹਚਾ ਦੀ ਕਿੰਨੀ ਬਿਹਤਰੀਨ ਮਿਸਾਲ!

[ਸਫ਼ਾ 31 ਉੱਤੇ ਤਸਵੀਰ]

ਨਿਊਯਾਰਕ ਸਿਟੀ ਵਿਚ ਜੂਇਸ਼ ਹੈੱਰਿਟਿਜ ਮਿਊਜ਼ੀਅਮ

[ਸਫ਼ਾ 31 ਉੱਤੇ ਤਸਵੀਰਾਂ]

ਐੱਸ਼, ਯਹੋਵਾਹ ਦਾ ਇਕ ਗਵਾਹ ਜਿਸ ਨੂੰ ਆਪਣੇ ਵਿਸ਼ਵਾਸਾਂ ਦੀ ਖ਼ਾਤਰ 1938 ਤੋਂ 1945 ਤਕ ਨਜ਼ਰਬੰਦ ਰੱਖਿਆ ਗਿਆ