Skip to content

Skip to table of contents

ਮੁੜ ਮਿਲੇ ਪਰਿਵਾਰ ਦਾ ਇਕ ਜੀਉਂਦਾ-ਜਾਗਦਾ ਸਬੂਤ

ਮੁੜ ਮਿਲੇ ਪਰਿਵਾਰ ਦਾ ਇਕ ਜੀਉਂਦਾ-ਜਾਗਦਾ ਸਬੂਤ

ਮੁੜ ਮਿਲੇ ਪਰਿਵਾਰ ਦਾ ਇਕ ਜੀਉਂਦਾ-ਜਾਗਦਾ ਸਬੂਤ

ਲਾਸ ਅਤੇ ਯੁਡਿਤ ਵੇਸਟਰਗਾਰ ਦੀ ਜ਼ਬਾਨੀ

ਡੈਨਮਾਰਕ ਦੇ ਇਕ ਸ਼ਾਂਤ ਪਿੰਡ ਵਿਚ ਇਕ ਖ਼ੁਸ਼ਹਾਲ ਪਰਿਵਾਰ ਰਹਿੰਦਾ ਹੈ। ਇਸ ਘਰ ਵਿਚ ਸਾਰੀਆਂ ਸੁੱਖ-ਸਹੂਲਤਾਂ ਹਨ ਤੇ ਇਕ ਸੋਹਣਾ ਬਗ਼ੀਚਾ ਵੀ ਹੈ। ਘਰ ਦੇ ਅੰਦਰ ਕੰਧ ਉੱਤੇ ਇਸ ਪਰਿਵਾਰ ਦੇ ਤਿੰਨ ਸਿਹਤਮੰਦ ਅਤੇ ਮੁਸਕਰਾਉਂਦੇ ਬੱਚਿਆਂ ਦੀ ਵੱਡੀ ਸਾਰੀ ਫ਼ੋਟੋ ਲੱਗੀ ਹੋਈ ਹੈ।

ਪਿਤਾ, ਜਿਸ ਦਾ ਨਾਂ ਲਾਸ ਹੈ ਯਹੋਵਾਹ ਦੇ ਗਵਾਹਾਂ ਦੀ ਕਲੀਸਿਯਾ ਵਿਚ ਇਕ ਬਜ਼ੁਰਗ ਹੈ। ਉਸ ਦੀ ਪਤਨੀ ਯੁਡਿਤ ਇਕ ਪਾਇਨੀਅਰ (ਪੂਰੇ ਸਮੇਂ ਦੀ ਪ੍ਰਚਾਰਕ) ਹੈ। ਇਹ ਦੋਵੇਂ ਪਤੀ-ਪਤਨੀ ਅੱਜ ਤੋਂ ਪਹਿਲਾਂ ਕਦੇ ਵੀ ਇੰਨੇ ਖ਼ੁਸ਼ ਨਹੀਂ ਸਨ। ਪਹਿਲਾਂ ਲਾਸ ਤੇ ਯੁਡਿਤ ਦੀ ਜ਼ਿੰਦਗੀ ਪਰੇਸ਼ਾਨੀਆਂ ਤੇ ਨਫ਼ਰਤ ਨਾਲ ਭਰੀ ਹੋਈ ਸੀ ਤੇ ਰੋਜ਼ ਉਨ੍ਹਾਂ ਦੇ ਘਰ ਕਲੇਸ਼ ਹੁੰਦਾ ਸੀ। ਇਸ ਵਜ੍ਹਾ ਕਰਕੇ ਉਨ੍ਹਾਂ ਦਾ ਪਰਿਵਾਰ ਟੁੱਟ ਕੇ ਬਿਖ਼ਰ ਚੁੱਕਾ ਸੀ। ਪਰ ਹੁਣ ਉਨ੍ਹਾਂ ਦਾ ਪਰਿਵਾਰ ਮੁੜ ਇਕੱਠਾ ਹੋ ਗਿਆ ਹੈ। ਉਹ ਕਿਵੇਂ? ਇਸ ਬਾਰੇ ਉਹ ਖ਼ੁਦ ਆਪਣਾ ਤਜਰਬਾ ਦੱਸਦੇ ਹਨ।

ਲਾਸ ਤੇ ਯੁਡਿਤ ਨੂੰ ਇਹ ਦੱਸਣ ਵਿਚ ਕੋਈ ਇਤਰਾਜ਼ ਨਹੀਂ ਹੈ ਕਿ ਉਨ੍ਹਾਂ ਦੀ ਵਿਆਹੁਤਾ ਜ਼ਿੰਦਗੀ ਵਿਚ ਕਿਹੜੇ-ਕਿਹੜੇ ਤੂਫ਼ਾਨ ਆਏ ਤੇ ਮੁੜ ਉਹ ਕਿਵੇਂ ਇਕ ਦੂਜੇ ਨੂੰ ਮਿਲੇ। ਇਨ੍ਹਾਂ ਨੂੰ ਲੱਗਦਾ ਹੈ ਕਿ ਇਨ੍ਹਾਂ ਦਾ ਇਹ ਤਜਰਬਾ ਦੂਜਿਆਂ ਦੀ ਮਦਦ ਕਰ ਸਕਦਾ ਹੈ।

ਵਿਆਹ ਦੀ ਚੰਗੀ ਸ਼ੁਰੂਆਤ

ਲਾਸ: ਅਪ੍ਰੈਲ 1973 ਵਿਚ ਜਦੋਂ ਸਾਡਾ ਵਿਆਹ ਹੋਇਆ, ਤਾਂ ਅਸੀਂ ਬਹੁਤ ਹੀ ਖ਼ੁਸ਼ ਸਾਂ। ਵਿਆਹ ਹੋਣ ਤੇ ਸਾਡੀ ਝੋਲੀ ਖ਼ੁਸ਼ੀਆਂ ਨਾਲ ਭਰ ਗਈ। ਉਸ ਵੇਲੇ ਅਸੀਂ ਨਾ ਤਾਂ ਕਦੇ ਬਾਈਬਲ ਪੜ੍ਹੀ ਸੀ ਤੇ ਨਾ ਹੀ ਅਸੀਂ ਯਹੋਵਾਹ ਦੇ ਗਵਾਹਾਂ ਨੂੰ ਜਾਣਦੇ ਸਾਂ। ਪਰ ਸਾਨੂੰ ਯਕੀਨ ਸੀ ਕਿ ਜੇ ਸਾਰੇ ਲੋਕ ਮਿਲ ਕੇ ਸਖ਼ਤ ਮਿਹਨਤ ਕਰਨ, ਤਾਂ ਅਸੀਂ ਇਸ ਧਰਤੀ ਨੂੰ ਸਵਰਗ ਬਣਾ ਸਕਦੇ ਹਾਂ। ਇਸ ਲਈ ਅਸੀਂ ਰਾਜਨੀਤਿਕ ਕੰਮਾਂ ਵਿਚ ਹਿੱਸਾ ਲੈਣ ਲੱਗ ਪਏ। ਅਸੀਂ ਉਦੋਂ ਖ਼ੁਸ਼ੀ ਨਾਲ ਫੁੱਲੇ ਨਹੀਂ ਸਮਾਏ ਜਦੋਂ ਸਾਡੇ ਪਰਿਵਾਰ ਵਿਚ ਤਿੰਨ ਸਿਹਤਮੰਦ ਮੁੰਡਿਆਂ​—ਮੌਰਟਿਨ, ਥੋਮਸ ਅਤੇ ਜੋਨਸ​—ਨੇ ਜਨਮ ਲਿਆ।

ਯੁਡਿਤ: ਮੈਂ ਸਿਵਲ ਸੇਵਾ ਦੀ ਇਕ ਸ਼ਾਖ਼ਾ ਵਿਚ ਅਫ਼ਸਰ ਲੱਗੀ ਹੋਈ ਸੀ। ਉਸ ਦੇ ਨਾਲ ਹੀ ਮੈਂ ਰਾਜਨੀਤੀ ਅਤੇ ਮਜ਼ਦੂਰ ਯੂਨੀਅਨ ਦੇ ਕੰਮ ਵੀ ਕਰਦੀ ਸੀ। ਹੌਲੀ-ਹੌਲੀ ਮੈਂ ਕਾਮਯਾਬੀ ਦੀਆਂ ਪੌੜੀਆਂ ਚੜ੍ਹਦੀ ਗਈ ਤੇ ਮੈਨੂੰ ਇਕ ਵੱਡਾ ਅਹੁਦਾ ਮਿਲ ਗਿਆ।

ਲਾਸ: ਮੈਂ ਇਕ ਬਹੁਤ ਵੱਡੀ ਮਜ਼ਦੂਰ ਯੂਨੀਅਨ ਵਿਚ ਨੌਕਰੀ ਕਰਦਾ ਸੀ ਤੇ ਹੌਲੀ-ਹੌਲੀ ਤਰੱਕੀ ਕਰਦੇ-ਕਰਦੇ ਉਸ ਯੂਨੀਅਨ ਦਾ ਵੱਡਾ ਅਫ਼ਸਰ ਬਣ ਗਿਆ। ਸਾਡੀ ਤਰੱਕੀ ਬੁਲੰਦੀਆਂ ਤੇ ਸੀ ਤੇ ਸਾਨੂੰ ਆਪਣੇ ਰਾਹ ਵਿਚ ਕੋਈ ਮੁਸ਼ਕਲ ਨਜ਼ਰ ਨਹੀਂ ਆ ਰਹੀ ਸੀ।

ਇਕ ਦੂਜੇ ਤੋਂ ਵੱਖ ਹੋਣਾ

ਲਾਸ: ਅਸੀਂ ਦੋਵੇਂ ਆਪਣੇ-ਆਪਣੇ ਕੰਮਾਂ ਵਿਚ ਇੰਨੇ ਰੁੱਝੇ ਹੋਏ ਸਾਂ ਕਿ ਸਾਡੇ ਕੋਲ ਇਕ ਦੂਜੇ ਨਾਲ ਘੜੀ-ਦੋ ਘੜੀ ਬੈਠਣ ਦੀ ਵੀ ਵਿਹਲ ਨਹੀਂ ਸੀ। ਅਸੀਂ ਇੱਕੋ ਰਾਜਨੀਤਿਕ ਪਾਰਟੀ ਲਈ ਕੰਮ ਕਰਦੇ ਸਾਂ, ਪਰ ਵੱਖੋ-ਵੱਖਰੇ ਇਲਾਕਿਆਂ ਵਿਚ। ਆਪਣੇ ਤਿੰਨਾਂ ਮੁੰਡਿਆਂ ਦੀ ਦੇਖ-ਭਾਲ ਕਰਨ ਲਈ ਜਾਂ ਤਾਂ ਅਸੀਂ ਕਿਸੇ ਨੂੰ ਘਰ ਰੱਖ ਲੈਂਦੇ ਸੀ ਜਾਂ ਅਸੀਂ ਉਨ੍ਹਾਂ ਨੂੰ ਬਾਲ-ਸੰਭਾਲ ਕੇਂਦਰ ਵਿਚ ਛੱਡ ਜਾਂਦੇ ਸਾਂ। ਸਾਨੂੰ ਸਿਰਫ਼ ਆਪਣੇ ਕੰਮਾਂ ਦੀ ਹੀ ਫ਼ਿਕਰ ਰਹਿੰਦੀ ਸੀ। ਇਸ ਕਰਕੇ ਸਾਡੀ ਪਰਿਵਾਰਕ ਜ਼ਿੰਦਗੀ ਖੇਰੂੰ-ਖੇਰੂੰ ਹੋ ਗਈ। ਨੌਬਤ ਇੱਥੇ ਤਕ ਪਹੁੰਚ ਗਈ ਕਿ ਜੇ ਕਿਸੇ ਦਿਨ ਅਸੀਂ ਦੋਵੇਂ ਘਰ ਹੁੰਦੇ ਸਾਂ, ਤਾਂ ਅਕਸਰ ਸਾਡੇ ਦੋਹਾਂ ਵਿਚ ਤੂੰ-ਤੂੰ ਮੈਂ-ਮੈਂ ਹੁੰਦੀ ਰਹਿੰਦੀ ਸੀ। ਫਿਰ ਮੈਂ ਆਪਣੇ ਆਪ ਨੂੰ ਸ਼ਾਂਤ ਕਰਨ ਲਈ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ।

ਯੁਡਿਤ: ਬੇਸ਼ੱਕ ਅਸੀਂ ਹਾਲੇ ਵੀ ਇਕ ਦੂਜੇ ਨੂੰ ਅਤੇ ਆਪਣੇ ਬੱਚਿਆਂ ਨੂੰ ਪਿਆਰ ਕਰਦੇ ਸਾਂ, ਪਰ ਸਾਡੇ ਵਿਚ ਇਹ ਪਿਆਰ ਇੰਨਾ ਨਹੀਂ ਵਧਿਆ ਜਿੰਨਾ ਵਧਣਾ ਚਾਹੀਦਾ ਸੀ। ਦਿਨੋਂ-ਦਿਨ ਸਾਡਾ ਇਕ ਦੂਜੇ ਪ੍ਰਤੀ ਪਿਆਰ ਘੱਟਦਾ ਹੀ ਗਿਆ। ਇਸ ਵਜ੍ਹਾ ਨਾਲ ਸਾਡੇ ਰਿਸ਼ਤੇ ਵਿਚ ਦਰਾਰ ਪੈ ਗਈ ਜਿਸ ਦਾ ਨਤੀਜਾ ਸਾਡੇ ਬੱਚਿਆਂ ਨੂੰ ਭੁਗਤਣਾ ਪਿਆ।

ਲਾਸ: ਆਪਣੇ ਪਰਿਵਾਰ ਨੂੰ ਮੁੜ ਇਕੱਠਾ ਕਰਨ ਲਈ ਮੈਂ ਪੂਰਾ ਜ਼ੋਰ ਲਾਉਣ ਦੀ ਖ਼ਾਤਰ ਆਪਣੀ ਨੌਕਰੀ ਛੱਡਣ ਦਾ ਫ਼ੈਸਲਾ ਕਰ ਲਿਆ। 1985 ਵਿਚ ਆਪਣਾ ਸ਼ਹਿਰ ਛੱਡ ਕੇ ਅਸੀਂ ਪਿੰਡ ਚਲੇ ਗਏ ਜਿੱਥੇ ਅਸੀਂ ਹੁਣ ਰਹਿੰਦੇ ਹਾਂ। ਇਸ ਨਾਲ ਸਾਡੇ ਹਾਲਾਤਾਂ ਵਿਚ ਥੋੜ੍ਹਾ ਜਿਹਾ ਸੁਧਾਰ ਤਾਂ ਜ਼ਰੂਰ ਆਇਆ, ਪਰ ਮੈਂ ਤੇ ਮੇਰੀ ਪਤਨੀ ਹਾਲੇ ਵੀ ਆਪਣੇ ਹੀ ਵੱਖੋ-ਵੱਖਰੇ ਮਸਲਿਆਂ ਬਾਰੇ ਸੋਚਦੇ ਰਹਿੰਦੇ ਸਾਂ। ਅਖ਼ੀਰ ਨੌਬਤ ਤਲਾਕ ਤਕ ਪਹੁੰਚ ਗਈ। ਵਿਆਹ ਤੋਂ 16 ਸਾਲ ਬਾਅਦ ਫਰਵਰੀ 1989 ਨੂੰ ਸਾਡਾ ਤਲਾਕ ਹੋ ਗਿਆ ਤੇ ਸਾਡਾ ਪਰਿਵਾਰ ਉਜੜ ਗਿਆ।

ਯੁਡਿਤ: ਆਪਣੇ ਬਿਖ਼ਰੇ ਹੋਏ ਪਰਿਵਾਰ ਨੂੰ ਅਤੇ ਦੁਖੀ ਬੱਚਿਆਂ ਨੂੰ ਦੇਖ ਕੇ ਮੇਰਾ ਦਿਲ ਰੋਂਦਾ ਹੁੰਦਾ ਸੀ। ਅਸੀਂ ਇਕ ਦੂਜੇ ਤੋਂ ਇੰਨੀ ਨਫ਼ਰਤ ਕਰਨ ਲੱਗ ਪਏ ਕਿ ਅਸੀਂ ਆਪਣੇ ਮੁੰਡਿਆਂ ਦੀ ਦੇਖ-ਭਾਲ ਕਰਨ ਦੀ ਜ਼ਿੰਮੇਵਾਰੀ ਵੀ ਨਹੀਂ ਵੰਡਣਾ ਚਾਹੁੰਦੇ ਸਾਂ। ਇਸ ਲਈ ਅਦਾਲਤ ਨੇ ਤਿੰਨਾਂ ਦੀ ਦੇਖ-ਭਾਲ ਕਰਨ ਦੀ ਜ਼ਿੰਮੇਵਾਰੀ ਮੈਨੂੰ ਦੇ ਦਿੱਤੀ।

ਲਾਸ: ਮੈਂ ਤੇ ਯੁਡਿਤ ਨੇ ਆਪਣੇ ਬਿਖ਼ਰੇ ਪਰਿਵਾਰ ਨੂੰ ਇਕੱਠਾ ਕਰਨ ਲਈ ਪੂਰਾ ਜ਼ੋਰ ਲਾਇਆ। ਅਸੀਂ ਮਦਦ ਲਈ ਪਰਮੇਸ਼ੁਰ ਨੂੰ ਵੀ ਪ੍ਰਾਰਥਨਾ ਕੀਤੀ। ਪਰ ਉਸ ਵੇਲੇ ਸਾਨੂੰ ਪਰਮੇਸ਼ੁਰ ਬਾਰੇ ਬਹੁਤ ਘੱਟ ਪਤਾ ਸੀ।

ਯੁਡਿਤ: ਸਾਡੀਆਂ ਪ੍ਰਾਰਥਨਾਵਾਂ ਦਾ ਜਵਾਬ ਨਾ ਮਿਲਣ ਤੇ ਸਾਨੂੰ ਲੱਗਾ ਕਿ ਪਰਮੇਸ਼ੁਰ ਸਾਡੀ ਨਹੀਂ ਸੁਣਦਾ। ਪਰ ਅਸੀਂ ਪਰਮੇਸ਼ੁਰ ਦੇ ਬਹੁਤ ਧੰਨਵਾਦੀ ਹਾਂ ਕਿ ਉਦੋਂ ਤੋਂ ਉਸ ਨੇ ਸਾਡੀਆਂ ਪ੍ਰਾਰਥਨਾਵਾਂ ਸੁਣੀਆਂ।

ਲਾਸ: ਸਾਨੂੰ ਦੋਵਾਂ ਨੂੰ ਬਿਲਕੁਲ ਪਤਾ ਨਹੀਂ ਸੀ ਕਿ ਸਾਨੂੰ ਆਪਣੇ-ਆਪ ਨੂੰ ਬਦਲਣ ਦੀ ਲੋੜ ਹੈ। ਜੇ ਅਸੀਂ ਆਪਣੇ ਵਿਚ ਕੁਝ ਤਬਦੀਲੀਆਂ ਕਰਦੇ ਤਾਂ ਸ਼ਾਇਦ ਨੌਬਤ ਤਲਾਕ ਤਕ ਨਾ ਪਹੁੰਚਦੀ।

ਲਾਸ ਦੀ ਜ਼ਿੰਦਗੀ ਵਿਚ ਅਚਾਨਕ ਹੀ ਇਕ ਮੋੜ

ਲਾਸ: ਜਦੋਂ ਮੈਂ ਇਕੱਲਾ ਰਹਿ ਰਿਹਾ ਸੀ, ਤਾਂ ਅਚਾਨਕ ਮੇਰੀ ਜ਼ਿੰਦਗੀ ਵਿਚ ਇਕ ਨਵਾਂ ਮੋੜ ਆਇਆ। ਇਕ ਦਿਨ ਮੈਂ ਯਹੋਵਾਹ ਦੇ ਗਵਾਹਾਂ ਕੋਲੋਂ ਦੋ ਰਸਾਲੇ ਲਏ। ਉਸ ਤੋਂ ਪਹਿਲਾਂ ਮੈਂ ਗਵਾਹਾਂ ਦੀ ਗੱਲ ਸੁਣੇ ਬਗੈਰ ਹੀ ਉਨ੍ਹਾਂ ਨੂੰ ਭੇਜ ਦਿੰਦਾ ਸੀ। ਪਰ ਰਸਾਲਿਆਂ ਨੂੰ ਪੜ੍ਹਨ ਤੇ ਮੈਨੂੰ ਪਤਾ ਲੱਗਾ ਕਿ ਯਹੋਵਾਹ ਦੇ ਗਵਾਹ ਪਰਮੇਸ਼ੁਰ ਅਤੇ ਯਿਸੂ ਮਸੀਹ ਦੋਹਾਂ ਵਿਚ ਸੱਚ-ਮੁੱਚ ਵਿਸ਼ਵਾਸ ਕਰਦੇ ਹਨ। ਇਸ ਗੱਲ ਨੇ ਮੈਨੂੰ ਹੈਰਾਨ ਕਰ ਦਿੱਤਾ। ਮੈਂ ਨਹੀਂ ਜਾਣਦਾ ਸੀ ਕਿ ਉਹ ਮਸੀਹੀ ਹਨ।

ਉਸ ਵੇਲੇ ਮੈਂ ਇਕ ਤੀਵੀਂ ਨਾਲ ਰਹਿ ਰਿਹਾ ਸੀ। ਬਾਅਦ ਵਿਚ ਮੈਨੂੰ ਪਤਾ ਲੱਗਾ ਕਿ ਉਹ ਤੀਵੀਂ ਪਹਿਲਾਂ ਇਕ ਯਹੋਵਾਹ ਦੀ ਗਵਾਹ ਸੀ। ਇਸ ਲਈ ਜਦੋਂ ਮੈਂ ਉਸ ਕੋਲੋਂ ਸਵਾਲ ਪੁੱਛਣੇ ਸ਼ੁਰੂ ਕੀਤੇ, ਤਾਂ ਉਸ ਨੇ ਮੈਨੂੰ ਬਾਈਬਲ ਵਿੱਚੋਂ ਦਿਖਾਇਆ ਕਿ ਪਰਮੇਸ਼ੁਰ ਦਾ ਨਾਂ ਯਹੋਵਾਹ ਹੈ। ਇਸ ਲਈ “ਯਹੋਵਾਹ ਦੇ ਗਵਾਹਾਂ” ਦਾ ਮਤਲਬ ਹੈ “ਪਰਮੇਸ਼ੁਰ ਦੇ ਗਵਾਹ!”

ਉਸ ਤੀਵੀਂ ਦੀ ਮਦਦ ਨਾਲ ਮੈਂ ਯਹੋਵਾਹ ਦੇ ਗਵਾਹਾਂ ਦੇ ਇਕ ਅਸੈਂਬਲੀ ਹਾਲ ਵਿਚ ਜਨਤਕ ਭਾਸ਼ਣ ਸੁਣਨ ਗਿਆ। ਉੱਥੇ ਜੋ ਕੁਝ ਮੈਂ ਦੇਖਿਆ ਸੀ, ਉਸ ਨੇ ਮੇਰੇ ਅੰਦਰ ਹੋਰ ਜਾਣਨ ਦੀ ਇੱਛਾ ਪੈਦਾ ਕਰ ਦਿੱਤੀ। ਮੈਂ ਹੋਰ ਜ਼ਿਆਦਾ ਸਿੱਖਣ ਲਈ ਉਸੇ ਸ਼ਹਿਰ ਦੇ ਕਿੰਗਡਮ ਹਾਲ ਵਿਚ ਗਿਆ ਅਤੇ ਮੇਰੀ ਬਾਈਬਲ ਸਟੱਡੀ ਸ਼ੁਰੂ ਹੋ ਗਈ। ਮੈਨੂੰ ਇਹ ਸਮਝਣ ਵਿਚ ਜ਼ਿਆਦਾ ਦੇਰ ਨਹੀਂ ਲੱਗੀ ਕਿ ਜਿਸ ਤਰ੍ਹਾਂ ਦੀ ਜ਼ਿੰਦਗੀ ਮੈਂ ਜੀ ਰਿਹਾ ਸੀ, ਉਹ ਗ਼ਲਤ ਸੀ। ਇਸ ਲਈ ਮੈਂ ਉਸ ਤੀਵੀਂ ਨੂੰ ਛੱਡ ਦਿੱਤਾ ਤੇ ਆਪਣੇ ਸ਼ਹਿਰ ਵਿਚ ਆ ਕੇ ਇਕੱਲਾ ਰਹਿਣ ਲੱਗ ਪਿਆ। ਗਵਾਹਾਂ ਨੂੰ ਮਿਲਣ ਤੋਂ ਮੈਂ ਥੋੜ੍ਹਾ ਝਿਜਕਦਾ ਸੀ। ਫਿਰ ਵੀ ਹਿੰਮਤ ਕਰ ਕੇ ਮੈਂ ਉਸ ਸ਼ਹਿਰ ਵਿਚ ਯਹੋਵਾਹ ਦੇ ਗਵਾਹਾਂ ਨੂੰ ਮਿਲਿਆ ਅਤੇ ਮੇਰੀ ਬਾਈਬਲ ਸਟੱਡੀ ਦੁਬਾਰਾ ਸ਼ੁਰੂ ਹੋ ਗਈ।

ਪਰ ਹਾਲੇ ਵੀ ਮੇਰੇ ਮਨ ਵਿਚ ਕੁਝ ਸ਼ੱਕ ਸਨ। ਕੀ ਯਹੋਵਾਹ ਦੇ ਗਵਾਹ ਸੱਚ-ਮੁੱਚ ਪਰਮੇਸ਼ੁਰ ਦੇ ਲੋਕ ਹਨ? ਕੀ ਜਿਹੜੀਆਂ ਗੱਲਾਂ ਮੈਂ ਬਚਪਨ ਵਿਚ ਸਿੱਖੀਆਂ ਸਨ, ਉਹ ਗ਼ਲਤ ਹਨ? ਕਿਉਂਕਿ ਮੈਨੂੰ ਬਚਪਨ ਵਿਚ ਸੈੱਵਨਥ-ਡੇ ਐਡਵੈਂਟਿਸਟ ਧਰਮ ਦੀ ਸਿੱਖਿਆ ਦਿੱਤੀ ਗਈ ਸੀ, ਇਸ ਲਈ ਮੈਂ ਇਕ ਐਡਵੈਂਟਿਸਟ ਪਾਦਰੀ ਕੋਲ ਗਿਆ। ਉਹ ਮੇਰੇ ਨਾਲ ਹਰ ਬੁੱਧਵਾਰ ਸਟੱਡੀ ਕਰਨ ਲਈ ਰਾਜ਼ੀ ਹੋ ਗਿਆ। ਪਰ ਯਹੋਵਾਹ ਦੇ ਗਵਾਹ ਹਰ ਸੋਮਵਾਰ ਮੈਨੂੰ ਸਟੱਡੀ ਕਰਾਉਂਦੇ ਸਨ। ਮੈਂ ਇਨ੍ਹਾਂ ਦੋਹਾਂ ਗਰੁੱਪਾਂ ਕੋਲੋਂ ਚਾਰ ਖ਼ਾਸ ਗੱਲਾਂ ਦੇ ਸਾਫ਼-ਸਾਫ਼ ਜਵਾਬ ਜਾਣਨਾ ਚਾਹੁੰਦਾ ਸਾਂ: ਮਸੀਹ ਦੀ ਵਾਪਸੀ, ਪੁਨਰ-ਉਥਾਨ, ਤ੍ਰਿਏਕ ਦਾ ਸਿਧਾਂਤ ਅਤੇ ਕਲੀਸਿਯਾ ਨੂੰ ਕਿਸ ਤਰ੍ਹਾਂ ਚਲਾਇਆ ਜਾਣਾ ਚਾਹੀਦਾ ਹੈ। ਇਨ੍ਹਾਂ ਸਾਰੇ ਸ਼ੱਕਾਂ ਨੂੰ ਦੂਰ ਕਰਨ ਲਈ ਮੈਨੂੰ ਸਿਰਫ਼ ਕੁਝ ਕੁ ਮਹੀਨੇ ਲੱਗੇ। ਯਹੋਵਾਹ ਦੇ ਗਵਾਹਾਂ ਦੇ ਵਿਸ਼ਵਾਸ ਨਾ ਸਿਰਫ਼ ਇਨ੍ਹਾਂ ਚਾਰ ਗੱਲਾਂ ਵਿਚ, ਸਗੋਂ ਹਰੇਕ ਗੱਲ ਵਿਚ ਪੂਰੀ ਤਰ੍ਹਾਂ ਬਾਈਬਲ ਉੱਤੇ ਆਧਾਰਿਤ ਸਨ। ਨਤੀਜੇ ਵਜੋਂ, ਮੈਂ ਖ਼ੁਸ਼ੀ-ਖ਼ੁਸ਼ੀ ਕਲੀਸਿਯਾ ਦੇ ਸਾਰੇ ਕੰਮ ਕਰਨ ਲੱਗ ਪਿਆ ਤੇ ਜਲਦੀ ਹੀ ਮੈਂ ਯਹੋਵਾਹ ਨੂੰ ਆਪਣਾ ਸਮਰਪਣ ਕਰ ਦਿੱਤਾ। ਮਈ 1990 ਵਿਚ ਮੈਂ ਬਪਤਿਸਮਾ ਲੈ ਲਿਆ।

ਯੁਡਿਤ ਬਾਰੇ ਕੀ?

ਯੁਡਿਤ: ਵਿਆਹ ਟੁੱਟਣ ਤੋਂ ਬਾਅਦ ਮੈਂ ਫਿਰ ਚਰਚ ਜਾਣ ਲੱਗ ਪਈ। ਜਦੋਂ ਮੈਂ ਸੁਣਿਆ ਕਿ ਲਾਸ ਇਕ ਯਹੋਵਾਹ ਦਾ ਗਵਾਹ ਬਣ ਗਿਆ ਹੈ, ਤਾਂ ਮੈਨੂੰ ਇਹ ਗੱਲ ਬਿਲਕੁਲ ਵੀ ਚੰਗੀ ਨਹੀਂ ਲੱਗੀ। ਸਾਡਾ ਸਭ ਤੋਂ ਛੋਟਾ ਮੁੰਡਾ 10 ਸਾਲ ਦਾ ਜੋਨਸ ਕਦੀ-ਕਦੀ ਆਪਣੇ ਪਿਤਾ ਕੋਲ ਜਾਂਦਾ ਹੁੰਦਾ ਸੀ। ਪਰ ਮੈਂ ਲਾਸ ਨੂੰ ਸਾਫ਼ ਮਨ੍ਹਾ ਕਰ ਦਿੱਤਾ ਕਿ ਉਹ ਜੋਨਸ ਨੂੰ ਗਵਾਹਾਂ ਦੀ ਕਿਸੇ ਵੀ ਸਭਾ ਵਿਚ ਨਾ ਲੈ ਕੇ ਜਾਵੇ। ਇਸ ਲਈ ਲਾਸ ਨੇ ਅਦਾਲਤ ਨੂੰ ਅਪੀਲ ਕੀਤੀ ਤੇ ਅਦਾਲਤ ਨੇ ਮੇਰੇ ਹੱਕ ਵਿਚ ਫ਼ੈਸਲਾ ਕੀਤਾ।

ਇਸ ਦੌਰਾਨ ਮੈਂ ਵੀ ਇਕ ਆਦਮੀ ਨੂੰ ਮਿਲਦੀ-ਗਿਲਦੀ ਹੁੰਦੀ ਸੀ। ਫਿਰ ਮੈਂ ਰਾਜਨੀਤਿਕ ਅਤੇ ਹਰ ਤਰ੍ਹਾਂ ਦੇ ਸਮਾਜਕ ਕੰਮਾਂ ਵਿਚ ਪਹਿਲਾਂ ਨਾਲੋਂ ਵੀ ਜ਼ਿਆਦਾ ਰੁੱਝ ਗਈ। ਇਸ ਲਈ ਉਸ ਵੇਲੇ ਜੇ ਕੋਈ ਸਾਡੇ ਪਰਿਵਾਰ ਦੇ ਮੁੜ ਇਕੱਠੇ ਹੋਣ ਦੀ ਗੱਲ ਕਰਦਾ, ਤਾਂ ਇਹ ਗੱਲ ਮੈਨੂੰ ਨਾਮੁਮਕਿਨ ਲੱਗਦੀ ਸੀ।

ਯਹੋਵਾਹ ਦੇ ਗਵਾਹਾਂ ਵਿਰੁੱਧ ਕੋਈ ਠੋਸ ਸਬੂਤ ਲੱਭਣ ਦੀ ਤਾੜ ਵਿਚ ਮੈਂ ਪਾਦਰੀ ਕੋਲ ਗਈ। ਉਸ ਨੇ ਮੈਨੂੰ ਸਾਫ਼ ਹੀ ਕਹਿ ਦਿੱਤਾ ਕਿ ਉਹ ਗਵਾਹਾਂ ਬਾਰੇ ਕੁਝ ਵੀ ਨਹੀਂ ਜਾਣਦਾ ਤੇ ਨਾ ਹੀ ਉਨ੍ਹਾਂ ਬਾਰੇ ਉਸ ਕੋਲ ਕੋਈ ਕਿਤਾਬ ਜਾਂ ਰਸਾਲਾ ਹੈ। ਉਸ ਨੇ ਮੈਨੂੰ ਸਿਰਫ਼ ਇਹੀ ਕਿਹਾ ਕਿ ਮੇਰੀ ਭਲਾਈ ਇਸੇ ਗੱਲ ਵਿਚ ਹੈ ਕਿ ਮੈਂ ਉਨ੍ਹਾਂ ਤੋਂ ਦੂਰ ਰਹਾਂ। ਪਰ ਇਸ ਗੱਲ ਨੇ ਯਹੋਵਾਹ ਦੇ ਗਵਾਹਾਂ ਪ੍ਰਤੀ ਮੇਰੇ ਗ਼ਲਤ ਨਜ਼ਰੀਏ ਨੂੰ ਜ਼ਰਾ ਵੀ ਨਹੀਂ ਬਦਲਿਆ। ਅਖ਼ੀਰ ਇਕ ਵਾਰ ਉਨ੍ਹਾਂ ਨਾਲ ਮੇਰੀ ਮੁਲਾਕਾਤ ਹੋ ਹੀ ਗਈ ਜਿਸ ਬਾਰੇ ਮੈਂ ਕਦੀ ਸੋਚਿਆ ਵੀ ਨਹੀਂ ਸੀ।

ਸਵੀਡਨ ਵਿਚ ਰਹਿੰਦਾ ਮੇਰਾ ਭਰਾ ਇਕ ਯਹੋਵਾਹ ਦਾ ਗਵਾਹ ਬਣ ਗਿਆ ਸੀ। ਉਸ ਨੇ ਮੈਨੂੰ ਕਿੰਗਡਮ ਹਾਲ ਵਿਚ ਆਪਣੇ ਵਿਆਹ ਤੇ ਸੱਦਿਆ! ਉੱਥੇ ਜਾਣ ਨਾਲ ਗਵਾਹਾਂ ਪ੍ਰਤੀ ਮੇਰਾ ਨਜ਼ਰੀਆ ਬਿਲਕੁਲ ਹੀ ਬਦਲ ਗਿਆ। ਉਨ੍ਹਾਂ ਲੋਕਾਂ ਨੂੰ ਦੇਖ ਕੇ ਮੈਨੂੰ ਬੜੀ ਹੈਰਾਨੀ ਹੋਈ ਕਿ ਉਹ ਕੋਈ ਬੋਰ ਕਰਨ ਵਾਲੇ ਲੋਕ ਨਹੀਂ ਸਨ ਜਿੱਦਾਂ ਮੈਂ ਸੋਚਦੀ ਸੀ। ਉਹ ਬੜੇ ਦਿਆਲੂ ਅਤੇ ਖ਼ੁਸ਼ ਲੋਕ ਹਨ, ਇੱਥੋਂ ਤਕ ਕਿ ਉਹ ਹਾਸਾ-ਮਜ਼ਾਕ ਵੀ ਕਰਦੇ ਹਨ।

ਇਸ ਸਮੇਂ ਦੌਰਾਨ ਮੇਰਾ ਪਹਿਲਾ ਪਤੀ ਲਾਸ ਪੂਰੀ ਤਰ੍ਹਾਂ ਬਦਲ ਚੁੱਕਾ ਸੀ। ਉਹ ਪਹਿਲਾਂ ਨਾਲੋਂ ਕਾਫ਼ੀ ਸਮਝਦਾਰ ਆਦਮੀ ਬਣ ਚੁੱਕਾ ਸੀ। ਉਹ ਹੁਣ ਬੱਚਿਆਂ ਨਾਲ ਸਮਾਂ ਬਿਤਾਉਂਦਾ ਤੇ ਉਨ੍ਹਾਂ ਨੂੰ ਪਿਆਰ ਕਰਦਾ ਸੀ। ਨਾਲੇ ਬੜੀ ਚੰਗੀ ਤਰ੍ਹਾਂ ਗੱਲ-ਬਾਤ ਕਰਦਾ ਤੇ ਪਹਿਲਾਂ ਵਾਂਗ ਜ਼ਿਆਦਾ ਸ਼ਰਾਬ ਨਹੀਂ ਪੀਂਦਾ ਸੀ। ਉਹ ਹੁਣ ਕਿੰਨੀ ਵਧੀਆ ਸ਼ਖ਼ਸੀਅਤ ਦਾ ਮਾਲਕ ਬਣ ਚੁੱਕਾ ਸੀ! ਉਹ ਹੁਣ ਉਸ ਤਰ੍ਹਾਂ ਦਾ ਇਨਸਾਨ ਬਣ ਚੁੱਕਾ ਸੀ ਜਿਸ ਤਰ੍ਹਾਂ ਦਾ ਮੈਂ ਹਮੇਸ਼ਾ ਚਾਹੁੰਦੀ ਸੀ। ਉਸ ਵੇਲੇ ਮੈਂ ਇਹ ਸੋਚ ਕੇ ਬੜੀ ਉਦਾਸ ਹੋ ਜਾਂਦੀ ਸੀ ਕਿ ਮੈਂ ਹੁਣ ਉਸ ਦੀ ਪਤਨੀ ਨਹੀਂ ਹਾਂ ਤੇ ਕਿਸੇ ਦਿਨ ਸ਼ਾਇਦ ਕੋਈ ਹੋਰ ਤੀਵੀਂ ਉਸ ਨਾਲ ਵਿਆਹ ਕਰਾ ਲਵੇਗੀ!

ਫਿਰ ਮੈਂ ਚਲਾਕੀ ਨਾਲ “ਹਮਲਾ” ਕਰਨ ਦੀ ਸੋਚੀ। ਇਕ ਵਾਰ ਜਦੋਂ ਜੋਨਸ ਆਪਣੇ ਪਿਤਾ ਨਾਲ ਰਹਿ ਰਿਹਾ ਸੀ, ਤਾਂ ਮੈਂ ਲਾਸ ਨੂੰ ਮਿਲਣ ਲਈ ਆਪਣੀਆਂ ਦੋ ਭੈਣਾਂ ਨੂੰ ਨਾਲ ਲੈ ਕੇ ਉਸ ਦੇ ਘਰ ਗਈ। ਮੈਂ ਇਹ ਬਹਾਨਾ ਲਾਇਆ ਕਿ ਜੋਨਸ ਦੀਆਂ ਦੋਵੇਂ ਮਾਸੀਆਂ ਆਪਣੇ ਭਾਣਜੇ ਨੂੰ ਮਿਲਣਾ ਚਾਹੁੰਦੀਆਂ ਸਨ। ਅਸੀਂ ਬੱਚਿਆਂ ਦੇ ਪਾਰਕ ਵਿਚ ਮਿਲੇ। ਜਦੋਂ ਦੋਵੇਂ ਮਾਸੀਆਂ ਆਪਣੇ ਭਾਣਜੇ ਨਾਲ ਖੇਡ ਰਹੀਆਂ ਸਨ, ਉਸ ਵੇਲੇ ਮੈਂ ਤੇ ਲਾਸ ਇਕ ਬੈਂਚ ਉੱਤੇ ਬੈਠ ਗਏ।

ਜਿਉਂ ਹੀ ਮੈਂ ਆਪਣੇ ਭਵਿੱਖ ਬਾਰੇ ਗੱਲ ਸ਼ੁਰੂ ਕੀਤੀ, ਤਾਂ ਲਾਸ ਨੇ ਆਪਣੀ ਜੇਬ ਵਿੱਚੋਂ ਇਕ ਕਿਤਾਬ ਕੱਢੀ। ਇਸ ਕਿਤਾਬ ਦਾ ਨਾਂ ਸੀ ਆਪਣਾ ਪਰਿਵਾਰਕ ਜੀਵਨ ਸੁਖੀ ਬਣਾਉਣਾ (ਅੰਗ੍ਰੇਜ਼ੀ)। * ਉਸ ਨੇ ਮੈਨੂੰ ਕਿਤਾਬ ਦਿੰਦੇ ਹੋਏ ਸਲਾਹ ਦਿੱਤੀ ਕਿ ਇਸ ਵਿੱਚੋਂ ਮੈਂ ਪਰਿਵਾਰ ਵਿਚ ਪਤੀ ਅਤੇ ਪਤਨੀ ਦੀਆਂ ਜ਼ਿੰਮੇਵਾਰੀਆਂ ਵਾਲੇ ਪਾਠਾਂ ਨੂੰ ਪੜ੍ਹਾਂ। ਉਸ ਨੇ ਮੈਨੂੰ ਇਕ ਹੋਰ ਖ਼ਾਸ ਸਲਾਹ ਦਿੱਤੀ ਕਿ ਮੈਂ ਪਾਠਾਂ ਵਿਚ ਦਿੱਤੇ ਗਏ ਸ਼ਾਸਤਰਵਚਨਾਂ ਨੂੰ ਵੀ ਪੜ੍ਹਾਂ।

ਫਿਰ ਜਦੋਂ ਲਾਸ ਤੇ ਮੈਂ ਬੈਂਚ ਤੋਂ ਉੱਠੇ, ਤਾਂ ਮੈਂ ਉਸ ਦੀ ਬਾਂਹ ਫੜਨੀ ਚਾਹੀ। ਪਰ ਉਸ ਨੇ ਪਿਆਰ ਨਾਲ ਮੈਨੂੰ ਮਨ੍ਹਾ ਕਰ ਦਿੱਤਾ। ਲਾਸ ਆਪਣੇ ਨਵੇਂ ਵਿਸ਼ਵਾਸ ਬਾਰੇ ਮੇਰੀ ਰਾਇ ਜਾਣੇ ਬਗੈਰ ਮੁੜ ਮੇਰੇ ਨਾਲ ਕੋਈ ਰਿਸ਼ਤਾ ਨਹੀਂ ਜੋੜਨਾ ਚਾਹੁੰਦਾ ਸੀ। ਇਸ ਗੱਲ ਤੋਂ ਪਹਿਲਾਂ ਤਾਂ ਮੈਨੂੰ ਕਾਫ਼ੀ ਧੱਕਾ ਲੱਗਾ। ਪਰ ਬਾਅਦ ਵਿਚ ਮੈਂ ਸਮਝ ਗਈ ਕਿ ਉਸ ਨੇ ਜੋ ਵੀ ਕੀਤਾ ਠੀਕ ਹੀ ਕੀਤਾ। ਫਿਰ ਵੀ ਮੈਂ ਸੋਚਦੀ ਹੁੰਦੀ ਸੀ ਕਿ ਜੇ ਕਦੀ ਉਹ ਮੁੜ ਮੇਰੇ ਨਾਲ ਵਿਆਹ ਕਰ ਲਏ, ਤਾਂ ਇਸ ਵਿਚ ਮੇਰਾ ਹੀ ਫ਼ਾਇਦਾ ਹੋਵੇਗਾ।

ਇਸ ਗੱਲ ਨੇ ਮੇਰੇ ਅੰਦਰ ਯਹੋਵਾਹ ਦੇ ਗਵਾਹਾਂ ਬਾਰੇ ਹੋਰ ਜਾਣਨ ਦੀ ਇੱਛਾ ਪੈਦਾ ਕੀਤੀ। ਅਗਲੇ ਦਿਨ ਮੈਂ ਇਕ ਗਵਾਹ ਨੂੰ ਮਿਲੀ। ਮੈਂ ਉਸ ਨੂੰ ਤੇ ਉਸ ਦੇ ਪਤੀ ਨੂੰ ਕਿਹਾ ਕਿ ਮੈਂ ਉਨ੍ਹਾਂ ਦੇ ਧਰਮ ਬਾਰੇ ਜਾਣਨਾ ਚਾਹੁੰਦੀ ਹਾਂ। ਉਨ੍ਹਾਂ ਨੇ ਬਾਈਬਲ ਵਿੱਚੋਂ ਮੇਰੇ ਸਾਰੇ ਸਵਾਲਾਂ ਦੇ ਜਵਾਬ ਦਿੱਤੇ। ਹੁਣ ਮੈਂ ਚੰਗੀ ਤਰ੍ਹਾਂ ਜਾਣ ਗਈ ਸੀ ਕਿ ਯਹੋਵਾਹ ਦੇ ਗਵਾਹ ਸਭ ਕੁਝ ਪੂਰੀ ਤਰ੍ਹਾਂ ਬਾਈਬਲ ਵਿੱਚੋਂ ਹੀ ਸਿਖਾਉਂਦੇ ਹਨ। ਸਾਰੀਆਂ ਗੱਲਾਂ ਸਮਝਣ ਤੋਂ ਬਾਅਦ, ਮੈਨੂੰ ਸੱਚਾਈ ਅੱਗੇ ਝੁਕਣਾ ਹੀ ਪਿਆ।

ਇਸ ਸਮੇਂ ਦੌਰਾਨ ਮੈਂ ਈਵੈਂਜੈਲੀਕਲ ਲੂਥਰਨ ਚਰਚ ਜਾਣਾ ਛੱਡ ਦਿੱਤਾ ਤੇ ਰਾਜਨੀਤਿਕ ਕੰਮ ਕਰਨੇ ਵੀ ਛੱਡ ਦਿੱਤੇ। ਮੈਂ ਸਿਗਰਟ ਪੀਣੀ ਵੀ ਛੱਡ ਦਿੱਤੀ। ਸਿਗਰਟ ਛੱਡਣੀ ਮੇਰੇ ਲਈ ਸਭ ਤੋਂ ਔਖੀ ਗੱਲ ਸੀ। ਅਗਸਤ 1990 ਵਿਚ ਮੈਂ ਸਟੱਡੀ ਸ਼ੁਰੂ ਕੀਤੀ ਤੇ ਅਪ੍ਰੈਲ 1991 ਵਿਚ ਬਪਤਿਸਮਾ ਲੈ ਕੇ ਯਹੋਵਾਹ ਦੀ ਇਕ ਗਵਾਹ ਬਣ ਗਈ।

ਸਾਡਾ ਦੂਜਾ ਵਿਆਹ

ਯੁਡਿਤ: ਹੁਣ ਅਸੀਂ ਦੋਵੇਂ ਬਪਤਿਸਮਾ ਪ੍ਰਾਪਤ ਗਵਾਹ ਸਾਂ। ਭਾਵੇਂ ਅਸੀਂ ਵੱਖੋ-ਵੱਖਰੇ ਰਾਹਾਂ ਤੇ ਤੁਰਦੇ ਰਹੇ, ਪਰ ਅਸੀਂ ਦੋਹਾਂ ਨੇ ਹੀ ਬਾਈਬਲ ਸਟੱਡੀ ਕੀਤੀ। ਬਾਈਬਲ ਦੀ ਖਰੀ ਸਿੱਖਿਆ ਨੇ ਸਾਡੀ ਜ਼ਿੰਦਗੀ ਹੀ ਬਦਲ ਕੇ ਰੱਖ ਦਿੱਤੀ। ਹੁਣ ਅਸੀਂ ਪਹਿਲਾਂ ਨਾਲੋਂ ਜ਼ਿਆਦਾ ਇਕ ਦੂਜੇ ਦੀ ਦੇਖ-ਭਾਲ ਕਰਦੇ ਹਾਂ। ਹੁਣ ਅਸੀਂ ਦੁਬਾਰਾ ਵਿਆਹ ਕਰਨ ਲਈ ਵੀ ਬਿਲਕੁਲ ਆਜ਼ਾਦ ਸਾਂ ਤੇ ਅਖ਼ੀਰ ਅਸੀਂ ਵਿਆਹ ਕਰਾ ਲਿਆ। ਅਸੀਂ ਇਕ ਦੂਜੇ ਦਾ ਸਾਥ ਨਿਭਾਉਣ ਦੀ ਦੂਸਰੀ ਵਾਰ ਸਹੁੰ ਖਾਧੀ। ਸਹੁੰ ਤਾਂ ਅਸੀਂ ਪਹਿਲਾਂ ਵੀ ਖਾਧੀ ਸੀ, ਪਰ ਇਸ ਵਾਰੀ ਯਹੋਵਾਹ ਦੇ ਗਵਾਹਾਂ ਦੇ ਕਿੰਗਡਮ ਹਾਲ ਵਿਚ ਖਾਧੀ।

ਲਾਸ: ਸਾਨੂੰ ਜੋ ਨਾਮੁਮਕਿਨ ਲੱਗਦਾ ਸੀ, ਉਹ ਮੁਮਕਿਨ ਹੋ ਗਿਆ। ਕਹਿਣ ਦਾ ਮਤਲਬ ਸਾਡਾ ਪਰਿਵਾਰ ਮੁੜ ਇਕੱਠਾ ਹੋ ਗਿਆ! ਹੁਣ ਸਾਡੀ ਜ਼ਿੰਦਗੀ ਵਿਚ ਖ਼ੁਸ਼ੀਆਂ ਹੀ ਖ਼ੁਸ਼ੀਆਂ ਹਨ!

ਯੁਡਿਤ: ਸਾਡੇ ਵਿਆਹ ਵਿਚ ਸਾਡੇ ਮੁੰਡੇ, ਕਈ ਰਿਸ਼ਤੇਦਾਰ ਅਤੇ ਕਈ ਨਵੇਂ ਤੇ ਪੁਰਾਣੇ ਦੋਸਤ-ਮਿੱਤਰ ਆਏ। ਸਾਡੇ ਲਈ ਇਹ ਬਹੁਤ ਹੀ ਸ਼ਾਨਦਾਰ ਤਜਰਬਾ ਰਿਹਾ। ਵਿਆਹ ਤੇ ਆਏ ਮਹਿਮਾਨਾਂ ਵਿਚ ਅਜਿਹੇ ਵਿਅਕਤੀ ਵੀ ਸਨ ਜਿਹੜੇ ਸਾਨੂੰ ਸਾਡੇ ਪਹਿਲੇ ਵਿਆਹ ਤੋਂ ਜਾਣਦੇ ਸਨ। ਉਹ ਸਾਨੂੰ ਮੁੜ ਇਕੱਠੇ ਦੇਖ ਕੇ ਬਹੁਤ ਖ਼ੁਸ਼ ਸਨ। ਯਹੋਵਾਹ ਦੇ ਗਵਾਹਾਂ ਵਿਚ ਸੱਚੀ ਖ਼ੁਸ਼ੀ ਦੇਖ ਕੇ ਉਹ ਵੀ ਬਹੁਤ ਹੈਰਾਨ ਹੋਏ।

ਬੱਚਿਆਂ ਬਾਰੇ ਕੀ?

ਲਾਸ: ਅਸੀਂ ਆਪਣੇ ਬਪਤਿਸਮੇ ਤੋਂ ਬਾਅਦ ਇਹ ਦੇਖ ਕੇ ਬਹੁਤ ਖ਼ੁਸ਼ ਹਾਂ ਕਿ ਸਾਡੇ ਦੋ ਮੁੰਡਿਆਂ ਨੇ ਆਪਣੀਆਂ ਜ਼ਿੰਦਗੀਆਂ ਯਹੋਵਾਹ ਨੂੰ ਸਮਰਪਿਤ ਕੀਤੀਆਂ ਹਨ।

ਯੁਡਿਤ: ਜੋਨਸ ਉਦੋਂ ਤੋਂ ਹੀ ਬਾਈਬਲ ਸੱਚਾਈ ਦੀ ਕਦਰ ਕਰਨ ਲੱਗ ਪਿਆ ਸੀ ਜਦੋਂ ਉਹ ਛੋਟਾ ਹੁੰਦਾ ਆਪਣੇ ਪਿਤਾ ਨੂੰ ਮਿਲਣ ਜਾਂਦਾ ਹੁੰਦਾ ਸੀ ਤੇ ਉਸ ਦੇ ਪਿਤਾ ਜੀ ਉਸ ਨੂੰ ਸੱਚਾਈ ਬਾਰੇ ਦੱਸਦੇ ਹੁੰਦੇ ਸਨ। ਜਦੋਂ ਉਹ ਹਾਲੇ ਦਸਾਂ ਸਾਲਾਂ ਦਾ ਹੀ ਸੀ, ਤਾਂ ਉਸ ਨੇ ਮੈਨੂੰ ਕਿਹਾ ਕਿ ਉਹ ਆਪਣੇ ਡੈਡੀ ਨਾਲ ਰਹਿਣਾ ਚਾਹੁੰਦਾ ਹੈ, ਕਿਉਂਕਿ “ਡੈਡੀ ਬਾਈਬਲ ਮੁਤਾਬਕ ਚੱਲਦੇ ਹਨ।” ਜੋਨਸ ਨੇ 14 ਸਾਲ ਦੀ ਉਮਰ ਵਿਚ ਬਪਤਿਸਮਾ ਲੈ ਲਿਆ। ਹੁਣ ਉਹ ਆਪਣੀ ਪੜ੍ਹਾਈ ਖ਼ਤਮ ਕਰ ਕੇ ਪੂਰੇ ਸਮੇਂ ਦੀ ਸੇਵਕਾਈ ਕਰਦਾ ਹੈ।

ਲਾਸ: ਸਾਡਾ ਸਭ ਤੋਂ ਵੱਡਾ ਪੁੱਤਰ, ਮੌਰਟਿਨ ਹੁਣ 27 ਸਾਲ ਦਾ ਹੈ। ਸਾਡੀ ਜ਼ਿੰਦਗੀ ਵਿਚ ਆਈਆਂ ਤਬਦੀਲੀਆਂ ਨੇ ਉਸ ਨੂੰ ਗੰਭੀਰਤਾ ਨਾਲ ਸੋਚਣ ਲਈ ਮਜਬੂਰ ਕੀਤਾ। ਉਹ ਘਰ ਛੱਡ ਕੇ ਦੂਸਰੀ ਜਗ੍ਹਾ ਰਹਿੰਦਾ ਹੈ। ਉੱਥੇ ਦੋ ਸਾਲ ਪਹਿਲਾਂ ਉਸ ਨੇ ਯਹੋਵਾਹ ਦੇ ਗਵਾਹਾਂ ਦੀ ਕਲੀਸਿਯਾ ਦੇ ਇਕ ਭਰਾ ਨਾਲ ਬਾਈਬਲ ਸਟੱਡੀ ਸ਼ੁਰੂ ਕੀਤੀ। ਸਟੱਡੀ ਕਰਨ ਤੋਂ ਸਿਰਫ਼ ਪੰਜ ਮਹੀਨਿਆਂ ਬਾਅਦ ਹੀ ਉਹ ਬਪਤਿਸਮਾ ਲੈਣ ਲਈ ਤਿਆਰ ਹੋ ਗਿਆ। ਭਵਿੱਖ ਵਿਚ ਇਕ ਮਸੀਹੀ ਵਜੋਂ ਜ਼ਿੰਦਗੀ ਬਸਰ ਕਰਨ ਲਈ ਉਸ ਨੇ ਕਾਫ਼ੀ ਕੁਝ ਸੋਚ ਕੇ ਰੱਖਿਆ ਹੋਇਆ ਹੈ।

ਸਾਡਾ ਵਿਚਕਾਰਲਾ ਪੁੱਤਰ ਥੋਮਸ ਅਜੇ ਯਹੋਵਾਹ ਦਾ ਗਵਾਹ ਨਹੀਂ ਹੈ। ਯਕੀਨਨ ਅਸੀਂ ਅਜੇ ਵੀ ਉਸ ਨੂੰ ਪਿਆਰ ਕਰਦੇ ਹਾਂ ਤੇ ਸਾਡਾ ਉਸ ਨਾਲ ਚੰਗਾ ਰਿਸ਼ਤਾ ਹੈ। ਉਹ ਆਪਣੇ ਪਰਿਵਾਰ ਵਿਚ ਆਈਆਂ ਤਬਦੀਲੀਆਂ ਨੂੰ ਦੇਖ ਕੇ ਬਹੁਤ ਖ਼ੁਸ਼ ਹੈ। ਅਸੀਂ ਸਾਰੇ ਹੀ ਇਸ ਗੱਲ ਨਾਲ ਸਹਿਮਤ ਹਾਂ ਕਿ ਮਾਤਾ-ਪਿਤਾ ਹੋਣ ਕਰਕੇ ਅਸੀਂ ਜਿਹੜੇ ਸਿਧਾਂਤ ਸਿੱਖੇ ਸਨ, ਉਨ੍ਹਾਂ ਸਦਕਾ ਹੀ ਸਾਡਾ ਪਰਿਵਾਰ ਇਕੱਠਾ ਹੋਇਆ ਹੈ। ਸਾਡੇ ਲਈ ਇਹ ਕਿੰਨੀ ਵੱਡੀ ਬਰਕਤ ਹੈ ਕਿ ਹੁਣ ਅਸੀਂ ਸਾਰੇ​—ਮਾਪੇ ਅਤੇ ਤਿੰਨੋਂ ਮੁੰਡੇ​—ਇੱਕੋ ਛੱਤ ਹੇਠਾਂ ਅਕਸਰ ਮਿਲਦੇ ਹਾਂ!

ਅੱਜ ਸਾਡੀ ਜ਼ਿੰਦਗੀ

ਲਾਸ: ਅਸੀਂ ਇਹ ਨਹੀਂ ਕਹਿ ਰਹੇ ਕਿ ਅਸੀਂ ਬਿਲਕੁਲ ਮੁਕੰਮਲ ਹੋ ਗਏ ਹਾਂ। ਪਰ ਅਸੀਂ ਸਿੱਖਿਆ ਹੈ ਕਿ ਪਿਆਰ ਅਤੇ ਇਕ ਦੂਸਰੇ ਦਾ ਆਦਰ ਕਰਨਾ ਇਕ ਸਫ਼ਲ ਵਿਆਹ ਦੇ ਦੋ ਮਹੱਤਵਪੂਰਣ ਪਹਿਲੂ ਹਨ। ਹੁਣ ਸਾਡੇ ਵਿਆਹ ਦੀ ਦੀਵਾਰ ਪੱਕੀ ਨੀਂਹ ਉੱਤੇ ਟਿਕੀ ਹੋਈ ਹੈ, ਨਾ ਕਿ ਪਹਿਲਾਂ ਦੀ ਤਰ੍ਹਾਂ ਕੱਚੀ ਨੀਂਹ ਉੱਤੇ। ਹੁਣ ਅਸੀਂ ਦੋਹਾਂ ਨੇ ਆਪਣੇ ਨਾਲੋਂ ਇਕ ਵੱਡੀ ਸ਼ਖ਼ਸੀਅਤ ਯਹੋਵਾਹ ਨੂੰ ਅਪਣਾ ਲਿਆ ਹੈ। ਅਸੀਂ ਜਾਣ ਲਿਆ ਹੈ ਕਿ ਅਸੀਂ ਦੋਵੇਂ ਯਹੋਵਾਹ ਲਈ ਜੀ ਰਹੇ ਹਾਂ। ਮੈਂ ਤੇ ਯੁਡਿਤ ਅਸੀਂ ਦੋਵੇਂ ਇਕ ਦੂਜੇ ਦੇ ਬਹੁਤ ਕਰੀਬ ਮਹਿਸੂਸ ਕਰਦੇ ਹਾਂ। ਅਸੀਂ ਵਿਸ਼ਵਾਸ ਨਾਲ ਆਉਣ ਵਾਲੇ ਭਵਿੱਖ ਦੀ ਉਡੀਕ ਕਰ ਰਹੇ ਹਾਂ।

ਯੁਡਿਤ: ਮੈਨੂੰ ਯਕੀਨ ਹੈ ਕਿ ਯਹੋਵਾਹ ਹੀ ਵਿਆਹ ਅਤੇ ਪਰਿਵਾਰ ਦੇ ਮਾਮਲੇ ਵਿਚ ਸਲਾਹ ਦੇਣ ਵਾਲਾ ਸਭ ਤੋਂ ਵਧੀਆ ਸਲਾਹਕਾਰ ਹੈ। ਅਸੀਂ ਇਸ ਗੱਲ ਦਾ ਇਕ ਜੀਉਂਦਾ-ਜਾਗਦਾ ਸਬੂਤ ਹਾਂ।

[ਫੁਟਨੋਟ]

^ ਪੈਰਾ 30 1978 ਵਿਚ ਵਾਚਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਦੁਆਰਾ ਪ੍ਰਕਾਸ਼ਿਤ ਇਸ ਕਿਤਾਬ ਦੀ ਛਪਾਈ ਹੁਣ ਬੰਦ ਹੋ ਗਈ ਹੈ।

[ਸਫ਼ਾ 12 ਉੱਤੇ ਤਸਵੀਰ]

1973 ਵਿਚ ਆਪਣੇ ਪਹਿਲੇ ਵਿਆਹ ਦੇ ਮੌਕੇ ਤੇ ਲਾਸ ਤੇ ਯੁਡਿਤ

[ਸਫ਼ਾ 13 ਉੱਤੇ ਤਸਵੀਰ]

ਤਿੰਨਾਂ ਮੁੰਡਿਆਂ ਨੇ ਪਹਿਲਾਂ ਆਪਣੇ ਸੰਗਠਿਤ ਪਰਿਵਾਰ ਨੂੰ ਗੁਆਇਆ ਤੇ ਫਿਰ ਪਾਇਆ

[ਸਫ਼ਾ 15 ਉੱਤੇ ਤਸਵੀਰ]

ਅੱਜ ਲਾਸ ਤੇ ਯੁਡਿਤ—ਬਾਈਬਲ ਸਿਧਾਂਤਾਂ ਮੁਤਾਬਕ ਚੱਲ ਕੇ ਮੁੜ ਇਕੱਠੇ ਹੋਏ