ਲੋਈਡਾ ਦਾ ਖਾਮੋਸ਼ੀ ਤੋੜਨ ਤਕ ਦਾ ਸਫ਼ਰ
ਲੋਈਡਾ ਦਾ ਖਾਮੋਸ਼ੀ ਤੋੜਨ ਤਕ ਦਾ ਸਫ਼ਰ
ਲੋਈਡਾ ਦੀ ਮਾਂ ਦੀ ਜ਼ਬਾਨੀ
ਹਰ ਮਾਂ ਵਾਂਗ ਮੈਂ ਵੀ ਸੋਚਦੀ ਸੀ ਕਿ ਮੇਰੇ ਹੋਣ ਵਾਲੇ ਬੱਚੇ ਵਿਚ ਕੋਈ ਨੁਕਸ ਹੋਵੇਗਾ। ਪਰ ਮੈਂ ਇਹ ਕਦੇ ਨਹੀਂ ਸੋਚਿਆ ਸੀ ਕਿ ਮੈਨੂੰ ਆਪਣੀ ਲਾਡਲੀ ਧੀ ਲੋਈਡਾ ਦੀਆਂ ਦਿਲ-ਚੀਰਵੀਆਂ ਚੀਕਾਂ ਉਸ ਦੇ ਜਨਮ ਸਮੇਂ ਸੱਚੀ-ਮੁੱਚੀ ਸੁਣਨੀਆਂ ਪੈਣਗੀਆਂ। ਡਾਕਟਰ ਕੋਲੋਂ ਗ਼ਲਤੀ ਨਾਲ ਲੋਈਡਾ ਦੀ ਹੰਸਲੀ (collarbone) ਟੁੱਟ ਗਈ ਸੀ। ਇਸ ਨੂੰ ਠੀਕ ਕਰਨ ਲਈ ਉਸ ਦਾ ਓਪਰੇਸ਼ਨ ਕੀਤਾ ਗਿਆ ਤੇ ਕੁਝ ਹਫ਼ਤਿਆਂ ਬਾਅਦ ਲੋਈਡਾ ਨੂੰ ਹਸਪਤਾਲੋਂ ਛੁੱਟੀ ਮਿਲ ਗਈ। ਅਸੀਂ ਉਸ ਨੂੰ ਖ਼ੁਸ਼ੀ-ਖ਼ੁਸ਼ੀ ਘਰ ਲੈ ਆਏ, ਪਰ ਸਾਡੀ ਇਹ ਖ਼ੁਸ਼ੀ ਬਹੁਤੀ ਦੇਰ ਨਾ ਰਹੀ।
ਜਿਉਂ-ਜਿਉਂ ਦਿਨ ਬੀਤਦੇ ਗਏ, ਤਿਉਂ-ਤਿਉਂ ਲੋਈਡਾ ਦੀ ਹਾਲਤ ਕਾਫ਼ੀ ਖ਼ਰਾਬ ਹੋਣੀ ਸ਼ੁਰੂ ਹੋ ਗਈ। ਦਵਾਈਆਂ ਨੇ ਵੀ ਉਸ ਦੀ ਹਾਲਤ ਸੁਧਾਰਨ ਦੀ ਬਜਾਇ ਉਲਟਾ ਅਸਰ ਕਰਨਾ ਸ਼ੁਰੂ ਕਰ ਦਿੱਤਾ। ਉਸ ਨੂੰ ਬੁਖ਼ਾਰ ਅਤੇ ਦਸਤ ਲੱਗ ਗਏ। ਇਸ ਤੋਂ ਇਲਾਵਾ ਉਸ ਨੂੰ ਅਕੜਾਅ ਦੇ ਦੌਰੇ (convulsions) ਪੈਣੇ ਸ਼ੁਰੂ ਹੋ ਗਏ। ਇਨ੍ਹਾਂ ਸਾਰੀਆਂ ਬੀਮਾਰੀਆਂ ਦੇ ਇਲਾਜ ਨਾਲ ਲੋਈਡਾ ਦੀ ਹਾਲਤ ਪਹਿਲਾਂ ਨਾਲੋਂ ਵੀ ਖ਼ਰਾਬ ਹੋ ਗਈ। ਲੋਈਡਾ ਦਾ ਸਰੀਰ ਹਿਲਣੋਂ-ਜੁਲਣੋਂ ਵੀ ਰਹਿ ਗਿਆ। ਅਖ਼ੀਰ ਡਾਕਟਰਾਂ ਨੇ ਸਾਨੂੰ ਕਿਹਾ ਕਿ ਉਸ ਨੂੰ ਦਿਮਾਗ਼ੀ ਅਧਰੰਗ ਹੋ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਉਹ ਸਾਰੀ ਉਮਰ ਨਾ ਤਾਂ ਬੋਲ ਸਕੇਗੀ ਤੇ ਨਾ ਹੀ ਤੁਰ-ਫਿਰ ਸਕੇਗੀ। ਉਨ੍ਹਾਂ ਨੇ ਕਿਹਾ ਕਿ ਹੋ ਸਕਦਾ ਹੈ ਕਿ ਉਹ ਸਾਡੀ ਗੱਲ-ਬਾਤ ਵੀ ਨਾ ਸਮਝ ਪਾਵੇ।
ਲੋਈਡਾ ਨਾਲ ਗੱਲ-ਬਾਤ ਕਰਨ ਦੀਆਂ ਕੋਸ਼ਿਸ਼ਾਂ
ਲੋਈਡਾ ਦੀ ਇਸ ਨਾਮੁਰਾਦ ਬੀਮਾਰੀ ਦਾ ਪਤਾ ਹੋਣ ਦੇ ਬਾਵਜੂਦ ਵੀ ਮੈਂ ਸੋਚਿਆ ਕਿ ਉਹ ਬਹੁਤ ਸਾਰੀਆਂ ਗੱਲਾਂ ਸਮਝ ਸਕਦੀ ਹੈ। ਮੈਂ ਸੌਖੀਆਂ ਜਿਹੀਆਂ ਕਿਤਾਬਾਂ ਵਿੱਚੋਂ ਉਸ ਨੂੰ ਪੜ੍ਹ ਕੇ ਸੁਣਾਉਂਦੀ ਹੁੰਦੀ ਸੀ। ਇਸ ਦੌਰਾਨ ਮੈਂ ਉਸ ਨੂੰ ਅੱਖਰਾਂ ਦੀ ਪਛਾਣ ਕਰਨੀ ਸਿਖਾਉਣ ਦੀ ਕੋਸ਼ਿਸ਼ ਕੀਤੀ। ਪਰ ਮੁਸ਼ਕਲ ਇਹ ਸੀ ਕਿ ਨਾ ਤਾਂ ਲੋਈਡਾ ਬੋਲ ਸਕਦੀ ਤੇ ਨਾ ਹੀ ਕਿਸੇ ਤਰ੍ਹਾਂ ਮੈਨੂੰ ਦੱਸ ਸਕਦੀ ਸੀ ਕਿ ਜੋ ਕੁਝ ਮੈਂ ਉਸ ਨੂੰ ਸਮਝਾਉਂਦੀ ਹਾਂ, ਉਸ ਨੂੰ ਸਮਝ ਆਉਂਦਾ ਹੈ ਜਾਂ ਨਹੀਂ।
ਸਾਲ ਬੀਤਦੇ ਗਏ, ਪਰ ਲੋਈਡਾ ਨੂੰ ਪੜ੍ਹਾਉਣ ਦੀਆਂ ਮੇਰੀਆਂ ਕੋਸ਼ਿਸ਼ਾਂ ਦਾ ਕੋਈ ਫ਼ਾਇਦਾ ਨਹੀਂ ਹੋਇਆ। ਫਿਰ ਵੀ, ਮੈਂ ਕਈ-ਕਈ ਘੰਟੇ ਬੈਠ ਕੇ ਉਸ ਨੂੰ ਪੜ੍ਹ ਕੇ ਸੁਣਾਉਂਦੀ ਹੁੰਦੀ ਸੀ। ਅਸੀਂ ਆਪਣੀ ਸਭ ਤੋਂ ਛੋਟੀ ਧੀ ਨੋਈਮੀ ਨਾਲ ਮਹਾਨ ਸਿੱਖਿਅਕ ਦੀ ਸੁਣੋ (ਅੰਗ੍ਰੇਜ਼ੀ) ਅਤੇ ਬਾਈਬਲ ਕਹਾਣੀਆਂ ਦੀ ਮੇਰੀ ਕਿਤਾਬ ਦਾ ਪਰਿਵਾਰਕ ਬਾਈਬਲ ਅਧਿਐਨ ਕਰਦੇ ਸਾਂ। * ਅਸੀਂ ਲੋਈਡਾ ਨੂੰ ਵੀ ਇਸ ਸਟੱਡੀ ਵਿਚ ਬਿਠਾਉਂਦੇ ਸਾਂ। ਮੈਂ ਇਨ੍ਹਾਂ ਦੋਹਾਂ ਕਿਤਾਬਾਂ ਦੇ ਕਈ ਪਾਠ ਵਾਰ-ਵਾਰ ਲੋਈਡਾ ਨੂੰ ਪੜ੍ਹ ਕੇ ਸੁਣਾਉਂਦੀ ਹੁੰਦੀ ਸੀ।
ਆਪਣੀ ਜਾਨ ਤੋਂ ਵੀ ਵੱਧ ਪਿਆਰੇ ਵਿਅਕਤੀ ਨਾਲ ਗੱਲ-ਬਾਤ ਨਾ ਕਰ ਸਕਣ ਤੇ ਕਿੰਨਾ ਦੁੱਖ ਲੱਗਦਾ ਹੈ, ਇਸ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਜਦੋਂ ਮੈਂ ਲੋਈਡਾ ਨੂੰ ਪਾਰਕ ਵਿਚ ਲੈ ਕੇ ਜਾਂਦੀ ਹੁੰਦੀ ਸੀ, ਤਾਂ ਉਹ ਉੱਚੀ-ਉੱਚੀ ਰੋਣ ਲੱਗ ਪੈਂਦੀ ਸੀ। ਕਿਉਂ? ਮੈਨੂੰ ਲੱਗਦਾ ਸੀ ਕਿ ਸ਼ਾਇਦ ਉਹ ਇਸ ਲਈ ਰੋਣ ਲੱਗ ਪੈਂਦੀ ਸੀ ਕਿਉਂਕਿ ਉਹ ਬਾਕੀ ਬੱਚਿਆਂ ਵਾਂਗ ਨੱਠ ਖੇਲ ਕੇ ਮਸਤੀ ਨਹੀਂ ਕਰ ਸਕਦੀ। ਇਕ ਵਾਰ, ਜਦੋਂ ਉਸ ਦੀ ਭੈਣ ਆਪਣੀ ਸਕੂਲ ਦੀ ਕਿਤਾਬ ਵਿੱਚੋਂ ਮੈਨੂੰ ਪੜ੍ਹ ਕੇ ਸੁਣਾਉਂਦੀ ਪਈ ਸੀ, ਤਾਂ ਉਸ ਨੂੰ ਦੇਖ ਕੇ ਲੋਈਡਾ ਫੁੱਟ-ਫੁੱਟ ਕੇ ਰੋਣ ਲੱਗੀ। ਉਸ ਦੇ ਹੰਝੂਆਂ ਤੋਂ ਸਾਫ਼ ਪਤਾ ਲੱਗਦਾ ਸੀ ਕਿ ਉਸ ਨੂੰ ਕੋਈ ਦੁੱਖ ਹੈ। ਭਾਵੇਂ ਕਿ ਮੈਂ ਲੋਈਡਾ ਦੀ ਮਾਂ ਹਾਂ, ਪਰ ਉਸ ਵੇਲੇ ਮੈਂ ਬੇਜ਼ੁਬਾਨ ਲੋਈਡਾ ਦੇ ਦਿਲ ਦਾ ਦੁੱਖ ਨਾ ਸਮਝ ਸਕੀ। ਉਹ ਮੂੰਹ ਵਿੱਚੋਂ ਸਿਰਫ਼ ਆ-ਆ ਦੀਆਂ ਕੁਝ ਆਵਾਜ਼ਾਂ ਹੀ ਕੱਢ ਸਕਦੀ ਸੀ ਜਿਸ ਤੋਂ ਸਾਨੂੰ ਇਹ ਪਤਾ ਲੱਗਦਾ ਸੀ ਕਿ ਉਸ ਨੂੰ ਭੁੱਖ ਜਾਂ ਪਿਆਸ ਲੱਗੀ ਹੈ ਜਾਂ ਫਿਰ ਉਸ ਨੂੰ ਨੀਂਦ ਆਈ ਹੈ ਤੇ ਜਾਂ ਉਸ ਨੇ ਗੁਸਲਖਾਨੇ ਜਾਣਾ ਹੈ।
ਨੌ ਸਾਲਾਂ ਦੀ ਹੋਣ ਤੇ ਅਸੀਂ ਲੋਈਡਾ ਨੂੰ ਇਕ ਖ਼ਾਸ ਸਕੂਲ ਵਿਚ ਦਾਖ਼ਲਾ ਦਿਵਾ ਦਿੱਤਾ ਜਿੱਥੇ ਇਸ ਤਰ੍ਹਾਂ ਦੇ ਬੱਚਿਆਂ ਦੀ ਖ਼ਾਸ ਦੇਖ-ਭਾਲ ਕੀਤੀ ਜਾਂਦੀ ਸੀ। ਪਰ ਅਗਲੇ ਤਿੰਨਾਂ ਸਾਲਾਂ ਵਿਚ ਉਸ ਦੀ ਹਾਲਤ ਹੋਰ
ਵੀ ਖ਼ਰਾਬ ਹੋ ਗਈ। ਹੁਣ ਉਹ ਬਿਨਾਂ ਕਿਸੇ ਸਹਾਰੇ ਤੋਂ ਕੁਝ ਕੁ ਲਾਂਘਾਂ ਪੁੱਟਣ ਤੋਂ ਵੀ ਡਰਨ ਲੱਗ ਪਈ। ਪਹਿਲਾਂ ਜੋ ਉਹ ਥੋੜ੍ਹੀਆਂ ਬਹੁਤ ਆਵਾਜ਼ਾਂ ਮੂੰਹੋਂ ਕੱਢਣ ਦੀ ਕੋਸ਼ਿਸ਼ ਕਰਦੀ ਸੀ, ਹੁਣ ਤਕਰੀਬਨ ਉਹ ਵੀ ਬੰਦ ਹੋ ਗਈਆਂ। ਇਸ ਲਈ ਮੈਂ ਅਤੇ ਮੇਰੇ ਪਤੀ ਨੇ ਲੋਈਡਾ ਨੂੰ ਘਰ ਹੀ ਪੜ੍ਹਾਉਣ ਦਾ ਫ਼ੈਸਲਾ ਕੀਤਾ।ਅਗਲੇ ਛੇ ਸਾਲਾਂ ਤਕ, ਮੈਂ ਲੋਈਡਾ ਨੂੰ ਪੜ੍ਹਾਉਣ ਲਈ ਆਪਣੀ ਪੂਰੀ ਵਾਹ ਲਾ ਦਿੱਤੀ। ਮੈਂ ਇਹ ਸੋਚ ਕੇ ਬਲੈਕ-ਬੋਰਡ ਉੱਤੇ ਅੱਖਰ ਲਿਖ ਦਿੰਦੀ ਸੀ ਕਿ ਲੋਈਡਾ ਇਨ੍ਹਾਂ ਅੱਖਰਾਂ ਨੂੰ ਦੇਖ ਕੇ ਲਿਖੇ। ਪਰ ਮੇਰੀਆਂ ਸਾਰੀਆਂ ਕੋਸ਼ਿਸ਼ਾਂ ਬੇਕਾਰ ਸਨ। ਕੀ ਲੋਈਡਾ ਨੂੰ ਸਮਝ ਨਹੀਂ ਆਉਂਦਾ? ਜਾਂ ਕੀ ਉਸ ਦੇ ਹੱਥਾਂ ਵਿਚ ਇੰਨੀ ਤਾਕਤ ਨਹੀਂ ਸੀ ਕਿ ਉਹ ਦੇਖ ਕੇ ਲਿਖ ਸਕੇ? ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਆਖ਼ਰ ਲੋਈਡਾ ਨੂੰ ਮੁਸ਼ਕਲ ਕੀ ਸੀ।
ਅਠਾਰਾਂ ਸਾਲਾਂ ਦੀ ਉਮਰ ਵਿਚ ਲੋਈਡਾ ਦੀ ਦੇਖ-ਭਾਲ ਕਰਨੀ ਬਹੁਤ ਹੀ ਮੁਸ਼ਕਲ ਹੋ ਗਈ। ਮਦਦ ਲਈ ਮੈਂ ਰੋ-ਰੋ ਕੇ ਯਹੋਵਾਹ ਨੂੰ ਪ੍ਰਾਰਥਨਾ ਕੀਤੀ ਤੇ ਉਸ ਨੂੰ ਕਿਹਾ ਕਿ ਉਹ ਮੈਨੂੰ ਮੇਰੀ ਧੀ ਨਾਲ ਗੱਲ ਕਰਨ ਦਾ ਕੋਈ ਨਾ ਕੋਈ ਰਾਹ ਦੱਸੇ। ਯਹੋਵਾਹ ਨੇ ਮੇਰੀ ਸੁਣੀ ਤੇ ਉਸ ਨੇ ਮੇਰੀ ਇਸ ਪ੍ਰਾਰਥਨਾ ਦਾ ਜਵਾਬ ਬੜੇ ਹੀ ਹੈਰਾਨੀਜਨਕ ਤਰੀਕੇ ਨਾਲ ਦਿੱਤਾ।
ਅਖ਼ੀਰ ਲੋਈਡਾ ਨੇ ਖਾਮੋਸ਼ੀ ਤੋੜੀ
ਇਕ ਦਿਨ ਜਦੋਂ ਮੇਰੀਆਂ ਕੁੜੀਆਂ ਸਾਡੇ ਸੌਣ ਵਾਲੇ ਕਮਰੇ ਨੂੰ ਨਵੇਂ ਸਿਰਿਓਂ ਸਜਾ ਰਹੀਆਂ ਸਨ, ਤਾਂ ਇਕ ਖ਼ਾਸ ਘਟਨਾ ਵਾਪਰੀ। ਉਨ੍ਹਾਂ ਨੇ ਕਮਰੇ ਦੀ ਕੰਧ ਦਾ ਪੁਰਾਣਾ ਵਾਲ-ਪੇਪਰ (ਸਜਾਵਟੀ ਕਾਗਜ਼) ਲਾਹ ਕੇ ਨਵਾਂ ਲਾਉਣਾ ਸੀ। ਪੁਰਾਣਾ ਕਾਗਜ਼ ਉਤਾਰਨ ਤੋਂ ਪਹਿਲਾਂ ਨੋਈਮੀ ਨੇ ਬਾਈਬਲ ਵਿੱਚੋਂ ਕੁਝ ਨਾਂ, ਘਰ ਦੇ ਕੁਝ ਮੈਂਬਰਾਂ ਦੇ ਨਾਂ ਅਤੇ ਆਪਣੀਆਂ ਸਹੇਲੀਆਂ ਦੇ ਕੁਝ ਨਾਂ ਕੰਧ ਉੱਤੇ ਲਿਖ ਦਿੱਤੇ। ਬੜੀ ਤਾਂਘ ਨਾਲ ਮੇਰੀ ਧੀ ਰੂਤ ਨੇ ਲੋਈਡਾ ਨੂੰ ਪੁੱਛਿਆ: “ਚੰਗਾ ਦੱਸ, ਯਹੋਵਾਹ ਦਾ ਨਾਂ ਕਿੱਥੇ ਲਿਖਿਆ ਹੈ?” ਹੈਰਾਨੀ ਦੀ ਗੱਲ ਕਿ ਲੋਈਡਾ ਕੰਧ ਕੋਲ ਗਈ ਅਤੇ ਉਸ ਨੇ ਉੱਥੇ ਸਿਰ ਰੱਖ ਦਿੱਤਾ ਜਿੱਥੇ ਪਰਮੇਸ਼ੁਰ ਦਾ ਨਾਂ ਲਿਖਿਆ ਸੀ। ਰੂਤ ਦੀਆਂ ਅੱਖਾਂ ਅੱਡੀਆਂ ਰਹਿ ਗਈਆਂ। ਉਸ ਨੇ ਇਹ ਪਤਾ ਲਾਉਣ ਲਈ ਕਿ ਲੋਈਡਾ ਬਾਕੀ ਦੇ ਨਾਂ ਪਛਾਣਦੀ ਹੈ ਜਾਂ ਨਹੀਂ, ਉਸ ਨੇ ਉਸ ਤੋਂ ਹੋਰ ਨਾਂ ਪੁੱਛੇ। ਰੂਤ ਇਹ ਜਾਣ ਕੇ ਬਹੁਤ ਹੈਰਾਨ ਹੋਈ ਕਿ ਲੋਈਡਾ ਨੇ ਸਾਰੇ ਨਾਂ ਪਛਾਣ ਲਏ। ਇਸ ਤੋਂ ਇਲਾਵਾ, ਉਸ ਨੇ ਉਹ ਨਾਂ ਵੀ ਪੜ੍ਹ ਲਏ ਜਿਹੜੇ ਉਸ ਨੇ ਪਹਿਲਾਂ ਕਦੇ ਲਿਖੇ ਹੋਏ ਦੇਖੇ ਵੀ ਨਹੀਂ ਸਨ! ਅੱਖੀਂ ਦਿਖਾਉਣ ਲਈ ਰੂਤ ਨੇ ਸਾਰੇ ਪਰਿਵਾਰ ਨੂੰ ਇਕੱਠਾ ਕਰ ਲਿਆ। ਲੋਈਡਾ ਪੜ੍ਹ ਸਕਦੀ ਸੀ। ਇਸ ਗੱਲ ਤੋਂ ਸਾਰਾ ਪਰਿਵਾਰ ਹੈਰਾਨ ਹੋ ਗਿਆ!
ਕੁਝ ਸਮੇਂ ਬਾਅਦ ਅਸੀਂ ਸਾਰਿਆਂ ਨੇ ਇਕ ਤਰੀਕਾ ਲੱਭਿਆ ਜਿਸ ਦੀ ਮਦਦ ਨਾਲ ਲੋਈਡਾ ਸਾਡੇ ਨਾਲ “ਗੱਲ” ਕਰ ਸਕੇ। ਅਸੀਂ ਆਪਣੇ ਲੰਮੇ ਵਰਾਂਡੇ ਦੀ ਕੰਧ ਤੇ ਅੰਗ੍ਰੇਜ਼ੀ ਦੇ ਅੱਖਰ ਲਿਖ ਦਿੱਤੇ। ਸਲੇਟ ਉੱਤੇ ਅੱਖਰ ਲਿਖਣ ਦਾ ਕੋਈ ਫ਼ਾਇਦਾ ਨਹੀਂ ਸੀ ਕਿਉਂਕਿ ਹਰੇਕ ਅੱਖਰ ਵੱਲ ਇਸ਼ਾਰਾ ਕਰਨ ਲਈ ਲੋਈਡਾ ਦੇ ਹੱਥਾਂ ਵਿਚ ਜ਼ਿਆਦਾ ਤਾਕਤ ਨਹੀਂ ਸੀ। ਇਸ ਲਈ, ਹੁਣ ਲੋਈਡਾ ਨੇ ਸਾਨੂੰ ਜਦੋਂ ਵੀ ਕੁਝ ਕਹਿਣਾ ਹੁੰਦਾ ਸੀ, ਤਾਂ ਉਹ ਆਪਣੀ ਗੱਲ ਸਮਝਾਉਣ ਲਈ ਇਕ-ਇਕ ਅੱਖਰ ਕੋਲ ਜਾਂਦੀ ਸੀ ਤੇ ਉਨ੍ਹਾਂ ਨੂੰ ਜੋੜਨ ਤੇ ਅਸੀਂ ਉਸ ਦੀ ਗੱਲ ਸਮਝ ਜਾਂਦੇ ਸਾਂ। ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਇੰਜ ਕਰਨ ਨਾਲ ਉਹ ਕਿੰਨਾ ਥੱਕ ਜਾਂਦੀ ਹੋਵੇਗੀ। ਅਸਲ ਵਿਚ, ਉਸ ਵਿਚਾਰੀ ਨੂੰ ਇਕ ਛੋਟੀ ਜਿਹੀ ਗੱਲ ਕਹਿਣ ਲਈ ਕਈ ਮੀਲ ਤੁਰਨਾ ਪੈਂਦਾ ਸੀ ਅਤੇ ਇਸ ਨੂੰ ਪੂਰਾ ਕਰਨ ਲਈ ਉਸ ਨੂੰ ਕਈ-ਕਈ ਘੰਟੇ ਲੱਗਦੇ ਸਨ!
ਪਰ, ਇੰਨਾ ਥੱਕ ਜਾਣ ਦੇ ਬਾਵਜੂਦ ਵੀ ਉਹ ਸਾਡੇ ਨਾਲ “ਗੱਲਾਂ” ਕਰ ਕੇ ਹੱਦੋਂ ਵੱਧ ਖ਼ੁਸ਼ ਹੈ। ਉਸ ਨੇ ਸਭ ਤੋਂ ਪਹਿਲਾਂ ਸਾਨੂੰ ਇਹ ਗੱਲ ਕਹੀ ਸੀ: “ਮੈਂ ਹੱਦੋਂ ਵੱਧ ਖ਼ੁਸ਼ ਹਾਂ ਕਿ ਮੈਂ ਆਪਣੀ ਖ਼ੁਸ਼ੀ ਬਿਆਨ ਨਹੀਂ ਕਰ ਸਕਦੀ। ਸ਼ੁਕਰ ਹੈ ਯਹੋਵਾਹ ਦਾ ਕਿ ਮੈਂ ਹੁਣ ਤੁਹਾਡੇ ਨਾਲ ਗੱਲ ਕਰ ਸਕਦੀ ਹਾਂ।” ਅਸੀਂ ਸਾਰਿਆਂ ਨੇ ਹੈਰਾਨ ਹੋ ਕੇ ਲੋਈਡਾ ਨੂੰ ਪੁੱਛਿਆ: “ਤੂੰ ਸਾਰਾ ਦਿਨ ਬੈਠ ਕੇ ਕੀ ਕਰਦੀ ਹੁੰਦੀ ਸੀ?” ਉਸ ਨੇ ਸਾਨੂੰ ਦੱਸਿਆ ਕਿ ਉਹ ਬੈਠ ਕੇ ਸੋਚਦੀ ਹੁੰਦੀ ਸੀ ਕਿ ਉਹ ਸਾਨੂੰ ਕੀ-ਕੀ ਕਹੇਗੀ। ਲੋਈਡਾ ਨੇ ਦੱਸਿਆ ਕਿ ਉਹ 18 ਸਾਲਾਂ ਤਕ ਸਾਡੇ ਨਾਲ ਗੱਲ ਕਰਨ ਲਈ ਤਰਸਦੀ ਰਹੀ। ਉਸ ਨੇ ਸਾਨੂੰ ਦੱਸਿਆ ਕਿ “ਜਦੋਂ ਰੂਤ ਨੇ ਸਕੂਲ ਜਾਣਾ ਸ਼ੁਰੂ ਕੀਤਾ, ਤਾਂ ਉਦੋਂ ਤੋਂ ਮੈਂ ਆਪਣੇ ਆਪ ਹੀ ਸਕੂਲ ਦੀਆਂ ਕਿਤਾਬਾਂ ਪੜ੍ਹਨੀਆਂ ਸ਼ੁਰੂ ਕਰ ਦਿੱਤੀਆਂ। ਮੈਂ ਆਪਣਾ ਮੂੰਹ ਹਿਲਾ ਕੇ ਤੇ ਕੁਝ ਆਵਾਜ਼ਾਂ ਕੱਢ ਕੇ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ, ਪਰ ਤੁਸੀਂ ਮੈਨੂੰ ਸਮਝ ਨਾ ਸਕੇ। ਇਸੇ ਲਈ ਅਕਸਰ ਮੇਰੀਆਂ ਅੱਖਾਂ ਭਰ ਆਉਂਦੀਆਂ ਸਨ।”
ਲੋਈਡਾ ਦੀ ਗੱਲ ਸੁਣ ਕੇ ਮੈਂ ਵੀ ਆਪਣੇ ਹੰਝੂ ਨਾ ਰੋਕ ਸਕੀ। ਮੈਂ ਉਸ ਨੂੰ ਗਲ ਨਾਲ ਲਾ ਕੇ ਕਿਹਾ: “ਧੀਏ ਮੈਂ ਤੈਨੂੰ ਚੰਗੀ ਤਰ੍ਹਾਂ ਸਮਝ ਨਾ ਸਕੀ, ਇਸ ਲਈ ਮੈਨੂੰ ਮਾਫ਼ ਕਰ ਦੇ।” ਲੋਈਡਾ ਨੇ ਜਵਾਬ ਦਿੱਤਾ: “ਮੰਮੀ ਜੀ, ਤੁਸੀਂ ਇਕ ਚੰਗੀ ਮਾਂ ਹੋ ਜਿਸ ਨੇ ਕਦੇ ਹੌਸਲਾ ਨਹੀਂ ਹਾਰਿਆ। ਮੈਨੂੰ ਤੁਹਾਡੇ ਨਾਲ ਕੋਈ ਸ਼ਿਕਾਇਤ ਨਹੀਂ, ਸਗੋਂ ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਹਾਂ। ਇਸ ਲਈ ਤੁਸੀਂ ਰੋਵੋ ਨਾ। ਠੀਕ ਹੈ?”
ਅਧਿਆਤਮਿਕ ਤਰੱਕੀ
ਲੋਈਡਾ ਨੂੰ ਬਾਈਬਲ ਦਾ ਪਹਿਲਾਂ ਹੀ ਗਿਆਨ ਸੀ। ਉਸ ਨੇ ਬਾਈਬਲ ਵਿੱਚੋਂ ਕੁਝ ਆਇਤਾਂ ਵੀ ਯਾਦ ਕੀਤੀਆਂ ਹੋਈਆਂ ਸਨ। ਪਰ ਥੋੜ੍ਹੇ ਹੀ ਸਮੇਂ ਬਾਅਦ ਉਸ ਨੇ ਸਾਨੂੰ ਕਿਹਾ ਕਿ ਉਹ ਹਰ ਹਫ਼ਤੇ ਹੋਣ ਵਾਲੇ ਪਹਿਰਾਬੁਰਜ ਅਧਿਐਨ ਵਿਚ ਜਵਾਬ ਦੇਣਾ ਚਾਹੁੰਦੀ ਹੈ। ਪਰ ਮੁਸ਼ਕਲ ਇਹ ਸੀ ਕਿ ਉਹ ਕਿਵੇਂ ਜਵਾਬ ਦੇਵੇਗੀ? ਅਸੀਂ ਇਹ
ਤਰਕੀਬ ਬਣਾਈ ਕਿ ਸਾਡੇ ਵਿੱਚੋਂ ਇਕ ਜਣਾ ਪੂਰਾ ਲੇਖ ਉਸ ਲਈ ਪੜ੍ਹੇਗਾ। ਇਸ ਤੋਂ ਬਾਅਦ ਲੋਈਡਾ ਉਹ ਸਵਾਲ ਚੁਣੇਗੀ ਜਿਸ ਦਾ ਉਹ ਜਵਾਬ ਦੇਣਾ ਚਾਹੁੰਦੀ ਹੈ। ਫਿਰ ਲੋਈਡਾ ਤਰਤੀਬਵਾਰ ਉਨ੍ਹਾਂ ਅੱਖਰਾਂ ਨੂੰ ਦੱਸੇਗੀ ਜਿਨ੍ਹਾਂ ਨੂੰ ਜੋੜ ਕੇ ਅਸੀਂ ਉਸ ਦਾ ਜਵਾਬ ਲਿਖ ਲਵਾਂਗੇ। ਉਸ ਦੇ ਇਸ ਜਵਾਬ ਨੂੰ ਸਾਡੇ ਵਿੱਚੋਂ ਇਕ ਜਣਾ ਸਭਾ ਵਿਚ ਪੜ੍ਹ ਕੇ ਸੁਣਾ ਦੇਵੇਗਾ। ਇਕ ਵਾਰ ਲੋਈਡਾ ਨੇ ਸਾਨੂੰ ਦੱਸਿਆ ਕਿ “ਇਸ ਤਰੀਕੇ ਨਾਲ ਸਭਾਵਾਂ ਵਿਚ ਜਵਾਬ ਦੇ ਕੇ ਮੈਨੂੰ ਇੰਨੀ ਖ਼ੁਸ਼ੀ ਹੁੰਦੀ ਹੈ ਕਿ ਮੈਂ ਇਸ ਨੂੰ ਬਿਆਨ ਨਹੀਂ ਕਰ ਸਕਦੀ। ਇਸ ਤਰ੍ਹਾਂ ਕਰਨ ਨਾਲ ਮੈਨੂੰ ਇੰਜ ਲੱਗਦਾ ਹੈ ਕਿ ਮੈਂ ਵੀ ਕਲੀਸਿਯਾ ਦਾ ਇਕ ਹਿੱਸਾ ਹਾਂ।”ਜਦੋਂ ਲੋਈਡਾ ਵੀਹਾਂ ਸਾਲਾਂ ਦੀ ਸੀ, ਤਾਂ ਉਸ ਨੇ ਸਾਨੂੰ ਦੱਸਿਆ ਕਿ ਉਹ ਬਪਤਿਸਮਾ ਲੈਣਾ ਚਾਹੁੰਦੀ ਹੈ। ਜਦੋਂ ਲੋਈਡਾ ਨੂੰ ਇਹ ਪੁੱਛਿਆ ਗਿਆ ਕਿ ਕੀ ਉਸ ਨੂੰ ਯਹੋਵਾਹ ਨੂੰ ਸਮਰਪਣ ਕਰਨ ਦਾ ਮਤਲਬ ਪਤਾ ਹੈ, ਤਾਂ ਉਸ ਨੇ ਜਵਾਬ ਦਿੱਤਾ ਕਿ ਉਹ ਤਾਂ 13 ਸਾਲਾਂ ਦੀ ਉਮਰ ਵਿਚ ਯਾਨੀ ਸੱਤ ਸਾਲ ਪਹਿਲਾਂ ਹੀ ਯਹੋਵਾਹ ਨੂੰ ਆਪਣਾ ਸਮਰਪਣ ਕਰ ਚੁੱਕੀ ਹੈ। ਉਸ ਨੇ ਦੱਸਿਆ: “ਮੈਂ ਯਹੋਵਾਹ ਨੂੰ ਪ੍ਰਾਰਥਨਾ ਕੀਤੀ ਸੀ ਤੇ ਉਸ ਨੂੰ ਕਿਹਾ ਸੀ ਕਿ ਮੈਂ ਉਮਰ ਭਰ ਲਈ ਉਸ ਦੀ ਸੇਵਾ ਕਰਨੀ ਚਾਹੁੰਦੀ ਹਾਂ।” ਲੋਈਡਾ ਨੇ 2 ਅਗਸਤ 1997 ਵਿਚ ਬਪਤਿਸਮਾ ਲੈ ਲਿਆ। ਉਸ ਨੇ ਕਿਹਾ: “ਮੈਂ ਯਹੋਵਾਹ ਦਾ ਧੰਨਵਾਦ ਕਰਦੀ ਹਾਂ ਕਿ ਮੇਰੀ ਸਭ ਤੋਂ ਵੱਡੀ ਖ਼ਾਹਸ਼ ਅੱਜ ਪੂਰੀ ਹੋ ਗਈ!
ਲੋਈਡਾ ਰਿਸ਼ਤੇਦਾਰਾਂ ਅਤੇ ਗੁਆਂਢੀਆਂ ਨੂੰ ਪਰਮੇਸ਼ੁਰ ਦੇ ਰਾਜ ਬਾਰੇ ਦੱਸ ਕੇ ਬਹੁਤ ਖ਼ੁਸ਼ ਹੁੰਦੀ ਹੈ। ਜਦੋਂ ਅਸੀਂ ਗਲੀਆਂ ਵਿਚ ਪ੍ਰਚਾਰ ਕਰਨ ਲਈ ਜਾਂਦੇ ਹਾਂ, ਤਾਂ ਕਈ ਵਾਰ ਉਹ ਵੀ ਸਾਡੇ ਨਾਲ ਜਾਂਦੀ ਹੈ। ਉਸ ਨੇ ਇਕ ਚਿੱਠੀ ਵੀ ਤਿਆਰ ਕੀਤੀ ਹੋਈ ਹੈ ਜੋ ਅਸੀਂ ਉਨ੍ਹਾਂ ਘਰਾਂ ਵਿਚ ਰੱਖ ਦਿੰਦੇ ਹਾਂ ਜਿੱਥੇ ਜਿੰਦੇ ਲੱਗੇ ਹੁੰਦੇ ਹਨ। ਲੋਈਡਾ ਬਜ਼ੁਰਗਾਂ ਅਤੇ ਬੀਮਾਰਾਂ ਦਾ ਬਹੁਤ ਫ਼ਿਕਰ ਕਰਦੀ ਹੈ। ਮਿਸਾਲ ਵਜੋਂ, ਸਾਡੀ ਕਲੀਸਿਯਾ ਦੀ ਇਕ ਭੈਣ ਦੀ ਲੱਤ ਕੱਟੀ ਹੋਈ ਹੈ। ਲੋਈਡਾ ਨੇ ਸਾਨੂੰ ਕਿਹਾ: “ਮੈਂ ਸਮਝ ਸਕਦੀ ਹਾਂ ਕਿ ਚਲ-ਫਿਰ ਨਾ ਸਕਣ ਤੇ ਕਿੰਨਾ ਦੁੱਖ ਹੁੰਦਾ ਹੈ।” ਉਸ ਨੇ ਇਸ ਭੈਣ ਦੀ ਹੌਸਲਾ-ਅਫ਼ਜਾਈ ਕਰਨ ਲਈ ਇਕ ਚਿੱਠੀ ਲਿਖੀ ਹੈ। ਇਕ ਹੋਰ ਕਲੀਸਿਯਾ ਵਿਚ ਹਾਈਰੋ ਨਾਂ ਦਾ ਇਕ ਜਵਾਨ ਮੁੰਡਾ ਹੈ ਜਿਸ ਦੇ ਸਿਰ ਨੂੰ ਛੱਡ ਬਾਕੀ ਦਾ ਪੂਰਾ ਧੜ ਲਕਵੇ ਦਾ ਸ਼ਿਕਾਰ ਹੈ। ਲੋਈਡਾ ਨੇ ਜਦੋਂ ਉਸ ਦੀ ਬੀਮਾਰੀ ਬਾਰੇ ਸੁਣਿਆ, ਤਾਂ ਉਸ ਨੇ ਉਸ ਨੂੰ ਹੌਸਲਾ ਦੇਣ ਲਈ ਇਕ ਚਿੱਠੀ ਲਿਖੀ। ਉਸ ਚਿੱਠੀ ਦੀਆਂ ਕੁਝ ਲਾਈਨਾਂ ਇਸ ਤਰ੍ਹਾਂ ਸਨ: “ਜਲਦੀ ਹੀ ਯਹੋਵਾਹ ਸਾਨੂੰ ਠੀਕ ਕਰ ਦੇਵੇਗਾ। ਸੋਹਣੇ ਬਾਗ਼ ਵਰਗੀ ਧਰਤੀ ਉੱਤੇ ਕੋਈ ਬੀਮਾਰੀ ਨਹੀਂ ਰਹੇਗੀ। ਉਦੋਂ ਦੇਖੀਂ ਮੈਂ ਤੈਨੂੰ ਆਪਣੇ ਨਾਲ ਦੌੜ ਲਾਉਣ ਲਈ ਕਹਾਂਗੀ। ਮੈਂ ਹੱਸ ਰਹੀ ਹਾਂ ਕਿਉਂਕਿ ਸੱਚੀਂ ਉਦੋਂ ਸਾਨੂੰ ਬਹੁਤ ਮਜ਼ਾ ਆਵੇਗਾ। ਜ਼ਰਾ ਤੂੰ ਵੀ ਸੋਚ ਕਿ ਅਸੀਂ ਉਦੋਂ ਉਸੇ ਤਰ੍ਹਾਂ ਦੇ ਹੋਵਾਂਗੇ ਜਿੱਦਾਂ ਦਾ ਯਹੋਵਾਹ ਨੇ ਸਾਨੂੰ ਪਹਿਲਾਂ ਬਣਾਇਆ ਸੀ, ਬਿਨਾਂ ਕਿਸੇ ਬੀਮਾਰੀ ਦੇ . . . ਸੱਚੀਂ, ਉਹ ਦਿਨ ਕਿੰਨੀ ਹੈਰਾਨੀ ਭਰਿਆ ਹੋਵੇਗਾ। ਹੈ ਨਾ?”
ਸਹਿਣ ਕਰਨ ਵਿਚ ਮਦਦ
ਲੋਈਡਾ ਬਾਰੇ ਮੈਨੂੰ ਕਾਫ਼ੀ ਸਾਰੀਆਂ ਗੱਲਾਂ ਹੁਣ ਸਮਝ ਆਈਆਂ ਹਨ ਜਿਨ੍ਹਾਂ ਕਰਕੇ ਪਹਿਲਾਂ ਮੈਂ ਬਹੁਤ ਪਰੇਸ਼ਾਨ ਹੋ ਜਾਂਦੀ ਸੀ। ਮਿਸਾਲ ਵਜੋਂ, ਲੋਈਡਾ ਕਹਿੰਦੀ ਹੈ ਕਿ ਛੋਟੇ ਹੁੰਦਿਆਂ ਉਹ ਬਹੁਤ ਉਦਾਸ ਰਹਿੰਦੀ ਸੀ, ਇਸ ਲਈ ਜੇਕਰ ਉਸ ਨੂੰ ਕੋਈ ਗਲ ਨਾਲ ਲਾਉਂਦਾ, ਤਾਂ ਉਸ ਨੂੰ ਚੰਗਾ ਨਹੀਂ ਲੱਗਦਾ ਸੀ। ਉਸ ਨੇ ਦੱਸਿਆ: “ਮੈਂ ਸੋਚਦੀ ਹੁੰਦੀ ਸੀ ਕਿ ਮੇਰੀਆਂ ਭੈਣਾਂ ਬੋਲ ਸਕਦੀਆਂ ਹਨ, ਸਿੱਖ ਸਕਦੀਆਂ ਹਨ, ਪਰ ਮੈਂ ਕਿਉਂ ਨਹੀਂ। ਮੈਨੂੰ ਬਹੁਤ ਗੁੱਸਾ ਆਉਂਦਾ ਹੁੰਦਾ ਸੀ। ਉਹ ਵੀ ਸਮਾਂ ਸੀ ਜਦੋਂ ਮੈਂ ਇੱਦਾਂ ਦੀ ਜ਼ਿੰਦਗੀ ਨਾਲੋਂ ਮਰ ਜਾਣਾ ਚੰਗਾ ਸਮਝਦੀ ਸੀ।”
ਹਾਲਾਂਕਿ ਲੋਈਡਾ ਸਾਡੇ ਨਾਲ ਗੱਲ-ਬਾਤ ਕਰ ਸਕਦੀ ਹੈ, ਪਰ ਉਸ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ। ਮਿਸਾਲ ਵਜੋਂ, ਹਰ ਮਹੀਨੇ ਜਾਂ ਮਹੀਨੇ ਵਿਚ ਕਈ ਵਾਰੀ ਉਸ ਦੇ ਸਰੀਰ ਵਿਚ ਕੜਵੱਲਾਂ ਪੈਂਦੀਆਂ ਹਨ। ਉਸ ਵੇਲੇ ਉਸ ਦਾ ਸਾਹ ਘੁੱਟ ਹੁੰਦਾ ਹੈ ਅਤੇ ਉਸ ਦੀਆਂ ਲੱਤਾਂ ਲੜਖੜਾਉਣ ਲੱਗ ਪੈਂਦੀਆਂ ਹਨ। ਇਸ ਤੋਂ ਇਲਾਵਾ, ਜ਼ਰਾ ਜਿਹਾ ਇਨਫ਼ੈਕਸ਼ਨ ਹੋ ਜਾਣ ਜਾਂ ਮਾਮੂਲੀ ਜਿਹਾ ਜ਼ੁਕਾਮ ਹੋਣ ਤੇ ਵੀ ਉਸ ਵਿਚ ਬਹੁਤ ਜ਼ਿਆਦਾ ਕਮਜ਼ੋਰੀ ਆ ਜਾਂਦੀ ਹੈ। ਇਸ ਤੋਂ ਇਲਾਵਾ, ਕਈ ਵਾਰ ਲੋਈਡਾ ਆਪਣੀ ਹਾਲਤ ਕਰਕੇ ਬਹੁਤ ਜ਼ਿਆਦਾ ਉਦਾਸ ਹੋ ਜਾਂਦੀ ਹੈ। ਪਰ ਇਹ ਸਭ ਕੁਝ ਉਹ ਕਿਵੇਂ ਸਹਿੰਦੀ ਹੈ? ਆਓ ਆਪਾਂ ਉਸ ਦੀ ਜ਼ਬਾਨੀ ਸੁਣੀਏ:
“ਪ੍ਰਾਰਥਨਾ ਨੇ ਮੇਰੀ ਸਭ ਤੋਂ ਜ਼ਿਆਦਾ ਮਦਦ ਕੀਤੀ ਹੈ। ਯਹੋਵਾਹ ਨਾਲ ਗੱਲਾਂ ਕਰ ਕੇ ਅਤੇ ਉਸ ਨੂੰ ਹਰ ਪਲ ਆਪਣੇ ਨੇੜੇ ਮਹਿਸੂਸ ਕਰ ਕੇ ਮੈਨੂੰ ਬਹੁਤ ਖ਼ੁਸ਼ੀ ਹੁੰਦੀ ਹੈ। ਕਿੰਗਡਮ ਹਾਲ ਵਿਚ ਸੱਚਾ ਪਿਆਰ ਦਿਖਾਉਣ ਵਾਲੇ ਭੈਣ-ਭਰਾਵਾਂ ਦੀ ਵੀ ਮੈਂ ਬਹੁਤ ਕਦਰ ਕਰਦੀ ਹਾਂ। ਮੈਨੂੰ ਇਸ ਗੱਲ ਦੀ ਵੀ ਬਹੁਤ ਖ਼ੁਸ਼ੀ ਹੈ ਕਿ ਮੇਰੀ ਬੀਮਾਰੀ ਦੇ ਬਾਵਜੂਦ ਵੀ ਮੇਰੇ ਮੰਮੀ-ਡੈਡੀ ਨੇ ਮੈਨੂੰ ਬਹੁਤ ਪਿਆਰ ਨਾਲ ਪਾਲਿਆ ਹੈ। ਮੇਰੀਆਂ ਭੈਣਾਂ ਨੇ ਵੀ ਮੇਰੇ ਲਈ ਜੋ ਕੁਝ ਕੀਤਾ, ਮੈਂ ਉਸ ਨੂੰ ਕਦੇ ਵੀ ਨਹੀਂ ਭੁੱਲ ਸਕਦੀ। ਕੰਧ ਤੇ ਲਿਖੇ ਉਨ੍ਹਾਂ ਕੁਝ ਅੱਖਰਾਂ ਨੇ ਮੇਰੀ ਜਾਨ ਬਚਾਈ। ਯਹੋਵਾਹ ਅਤੇ ਆਪਣੇ ਪਰਿਵਾਰ ਦੇ ਪਿਆਰ ਤੋਂ ਬਗੈਰ ਮੇਰੀ ਜ਼ਿੰਦਗੀ ਪੂਰੀ ਤਰ੍ਹਾਂ ਬੇਕਾਰ ਹੁੰਦੀ।”
[ਫੁਟਨੋਟ]
^ ਪੈਰਾ 7 ਇਹ ਕਿਤਾਬਾਂ ਵਾਚ ਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਦੁਆਰਾ ਪ੍ਰਕਾਸ਼ਿਤ ਕੀਤੀਆਂ ਗਈਆਂ ਹਨ। ਮਹਾਨ ਸਿੱਖਿਅਕ ਦੀ ਸੁਣੋ ਨਾਮਕ ਕਿਤਾਬ ਹੁਣ ਛਾਪੀ ਨਹੀਂ ਜਾਂਦੀ।
[ਸਫ਼ਾ 24 ਉੱਤੇ ਤਸਵੀਰ]
ਲੋਈਡਾ ਅਤੇ ਉਸ ਦਾ ਪਰਿਵਾਰ